੨੨ ਭਾਦਰੋਂ ੨੦੧੮ ਬਿਕ੍ਰਮੀ ਮਾਧਾ ਸਿੰਘ, ਦਿਆਲ ਸਿੰਘ ਦੇ ਗ੍ਰਹਿ ਦਇਆ ਹੋਈ ਨਵਾ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਦਰ ਗੁਰਸਿਖ ਡੇਰਾ, ਦਰ ਸਾਚਾ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਖੇੜਾ, ਸਾਚਾ ਖੇੜਾ ਆਪ ਵਸਾਇੰਦਾ। ਦੋਹਾਂ ਪੈਂਡਾ ਨੇਰਨ ਨੇਰਾ, ਇਕ ਦੂਜਾ ਪੰਧ ਮੁਕਾਇੰਦਾ। ਜੁਗਾ ਜੁਗੰਤਰ ਚਾਓ ਘਨੇਰਾ, ਆਪੇ ਆਸ ਰਖਾਇੰਦਾ। ਚੌਕੜ ਚੌਕੜੀ ਦੇਵੇ ਗੇੜਾ, ਪਾਂਧੀ ਪੰਧ ਮੁਕਾਇੰਦਾ। ਲਹਿਣਾ ਦੇਣਾ ਚੁੱਕੇ ਮੇਰਾ, ਮੇਰਾ ਮੇਰਾ ਆਪਣੇ ਨਾਲ ਮਿਲਾਇੰਦਾ। ਲੇਖਾ ਚੁੱਕੇ ਸੰਞ ਸਵੇਰਾ, ਏਕਾ ਚੰਦ ਚੜ੍ਹਾਇੰਦਾ। ਲੱਖ ਚੁਰਾਸੀ ਕੱਟੇ ਫੇਰਾ, ਫੇਰਾ ਫੇਰੇ ਵਿਚ ਦੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਇਆ ਕਮਾਇੰਦਾ। ਸਤਿਗੁਰ ਗ੍ਰਹਿ ਗੁਰਸਿਖ ਰਹੇ, ਰੰਗ ਰੰਗੀਲਾ ਰੰਗ ਆਪ ਚੜ੍ਹਾਈਆ। ਗੁਰਸਿਖ ਮੰਦਰ ਸਤਿਗੁਰ ਬਹੇ, ਵਾਹ ਵਾਹ ਵਜਦੀ ਰਹੇ ਵਧਾਈਆ। ਇਕ ਸੁਹਾਏ ਸਾਚਾ ਥਾਂਏ, ਥਾਨ ਥਨੰਤਰ ਦਏ ਵਡਿਆਈਆ। ਇਕ ਜਣਾਏ ਸਾਚਾ ਨਾਂਏ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਏਕਾ ਪਕੜ ਉਠਾਏ ਬਾਂਹੇ, ਆਪਣੀ ਸੇਵ ਕਮਾਈਆ। ਏਕਾ ਦੇਵੇ ਠੰਡੀ ਛਾਂਏ, ਸਿਰ ਆਪਣਾ ਹੱਥ ਟਿਕਾਈਆ। ਏਕਾ ਕੱਟੇ ਜੰਮ ਕੀ ਫਾਹੇ, ਫਾਸੀ ਜੰਮ ਰਹਿਣ ਨਾ ਪਾਈਆ। ਸਤਿਗੁਰ ਹੋਏ ਗੁਰਸਿਖ ਸਹਾਏ, ਭਿਆਨਕ ਆਪਣਾ ਰੂਪ ਵਟਾਈਆ। ਗੁਰਸਿਖ ਆਏ ਗੁਰੂ ਪ੍ਰਥਾਏ, ਪ੍ਰਿਥਮ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸੋਭਾ ਪਾਈਆ। ਸਤਿਗੁਰ ਘਰ ਗੁਰਸਿਖ ਵਾਸਾ, ਦਰ ਦਰ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਨਿਰਗੁਣ ਸਰਗੁਣ ਕਰੇ ਪੂਰੀ ਆਸਾ, ਏਕਾ ਵਸਤ ਨਾਮ ਵਰਤਾਇੰਦਾ। ਸੇਵਾ ਕਰੇ ਬਣ ਬਣ ਦਾਸਾ, ਦਾਸੀ ਦਾਸ ਖੇਲ ਖਿਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਸਤਿਗੁਰ ਘਰ ਵੇਖੇ ਗੁਰਸਿਖ ਤਮਾਸ਼ਾ, ਸਾਚੇ ਮੰਡਲ ਰਾਸ ਰਚਾਇੰਦਾ। ਗੁਰਸਿਖ ਘਰ ਸਤਿਗੁਰ ਵਸੇ ਪਾਸਾ, ਵਿਛੜ ਕਦੇ ਨਾ ਜਾਇੰਦਾ। ਗੁਰਸਿਖ ਗੁਰ ਗੁਰ ਕਰੇ ਬੰਦ ਖ਼ੁਲਾਸਾ, ਬੰਦੀ ਤੋੜ ਆਪ ਹੋ ਜਾਇੰਦਾ। ਗੁਰਸਿਖ ਗੁਰ ਚਰਨ ਕਰੇ ਨਿਵਾਸਾ, ਦਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਇੰਦਾ। ਸਤਿਗੁਰ ਘਰ ਗੁਰਸਿਖ ਮੰਦਰ, ਸਾਚੇ ਮੰਦਰ ਆਪ ਵਡਿਆਈਆ। ਸਤਿਗੁਰ ਘਰ ਗੁਰਸਿਖ ਅੰਦਰ, ਸਚ ਸਿੰਘਾਸਣ ਆਸਣ ਲਾਈਆ। ਗੁਰਸਿਖ ਘਰ ਸਤਿਗੁਰ ਤੋੜੇ ਜੰਦਰ, ਆਪਣਾ ਦਰ ਲਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਘਰ ਵਸਾਈਆ। ਸਤਿਗੁਰ ਘਰ ਗੁਰਸਿਖ ਮੇਲਾ, ਮੇਲ ਮਿਲਾਵਾ ਆਪ ਕਰਾਈਆ। ਗੁਰਸਿਖ ਘਰ ਵਸੇ ਸੱਜਣ ਸੁਹੇਲਾ, ਸਤਿਗੁਰ ਸੱਚਾ ਬੇਪਰਵਾਹੀਆ। ਰਾਏ ਧਰਮ ਦੀ ਕੱਟੇ ਜੇਲਾ, ਜਮ ਕਾ ਦੰਡ ਰਹੇ ਨਾ ਰਾਈਆ। ਆਪਣੇ ਰੰਗ ਰੰਗਾਏ ਗੁਰੂ ਗੁਰ ਚੇਲਾ, ਗੁਰ ਗੁਰ ਚੇਲਾ ਵਿਚ ਸਮਾਈਆ। ਸਾਹਿਬ ਸੁਲਤਾਨ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਖੇੜਾ ਭਾਗ ਲਗਾਈਆ। ਗੁਰਮੁਖ ਖੇੜਾ ਸਾਚਾ ਕੋਟ, ਹਰਿ ਸੱਜਣ ਵੇਖ ਵਖਾਇੰਦਾ। ਸਤਿਗੁਰ ਖੇੜਾ ਜਗੇ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਖੇੜਾ ਸ਼ਬਦ ਨਗਾਰੇ ਲਗੇ ਚੋਟ, ਅਨਾਦੀ ਨਾਦ ਵਜਾਇੰਦਾ। ਸਤਿਗੁਰ ਖੇੜਾ ਗੁਰਮੁਖ ਦੁਰਮਤ ਮੈਲ ਧੋਤ, ਪਤਿਤ ਪੁਨੀਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੇਲ ਖਿਲਾਇੰਦਾ। ਸਤਿਗੁਰ ਖੇੜਾ ਗੁਰਸਿਖ ਹਵਨ, ਹਵਨੀ ਹਵਨ ਜਣਾਇੰਦਾ। ਗੁਰਸਿਖ ਖੇੜਾ ਸਤਿਗੁਰ ਪਵਣ, ਠੰਡੀ ਠਾਰ ਆਪ ਚਲਾਇੰਦਾ। ਕੱਟਣਹਾਰਾ ਅਵਨ ਗਵਨ, ਆਪਣੇ ਰੰਗ ਰੰਗਾਇੰਦਾ। ਮੇਲ ਮਿਲਾਏ ਜਿਉਂ ਦੁਸ਼ਟ ਦਮਨ, ਦਾਮਨਗੀਰ ਆਪ ਅਖਵਾਇੰਦਾ। ਆਪੇ ਹੋਏ ਸਾਚਾ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਇੰਦਾ। ਆਪ ਫੜਾਇਆ ਆਪਣਾ ਦਾਮਨ, ਅੰਤਮ ਪੱਲੂ ਆਪਣੇ ਹੱਥ ਰਖਾਇੰਦਾ। ਗੁਰਸਿਖ ਖੇੜਾ ਸਚ ਗਰਾਮਨ, ਸਾਚਾ ਮੰਦਰ ਆਪ ਸੁਹਾਇੰਦਾ। ਸਤਿਗੁਰ ਦਿਸੇ ਆਮ੍ਹਣ ਸਾਮ੍ਹਣ, ਮੁਖ ਪਰਦਾ ਨਾ ਕੋਇ ਰਖਾਇੰਦਾ। ਬ੍ਰਹਮ ਰੂਪ ਨਾ ਕੋਇ ਬ੍ਰਹਿਮਣ ਪਾਰਬ੍ਰਹਮ ਰੂਪ ਜਣਾਇੰਦਾ। ਸਤਿਗੁਰ ਗੁਰਸਿਖ ਇਕ ਦੂਜੇ ਨੂੰ ਜਾਨਣ, ਦੂਸਰ ਭੇਵ ਕੋਇ ਨਾ ਪਾਇੰਦਾ। ਏਕਾ ਪ੍ਰੇਮ ਬ੍ਰਹਮ ਗਿਆਨਨ, ਸਾਚੀ ਵਿਦਿਆ ਇਕ ਪੜ੍ਹਾਇੰਦਾ। ਮੇਟੇ ਰੈਣ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇੰਦਾ। ਜਗਤ ਤ੍ਰਿਸਨਾ ਮਿਟੇ ਕਾਮਨ, ਤ੍ਰੈਗੁਣ ਅਤੀਤਾ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਗੁਰਸਿਖ ਘਰ, ਸਤਿਗੁਰ ਮੰਦਰ ਆਪ ਵਡਿਆਇੰਦਾ। ਸਤਿਗੁਰ ਮੰਦਰ ਗੁਰਸਿਖ ਦਰਵਾਜ਼ਾ, ਏਕਾ ਏਕ ਖੁਲ੍ਹਾਈਆ। ਗੁਰਸਿਖ ਅੰਦਰ ਵਸੇ ਗ਼ਰੀਬ ਨਿਵਾਜ਼ਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸ਼ਬਦ ਅਗੰਮੀ ਏਕਾ ਤਾਜਾ, ਸਾਚਾ ਅਸਵ ਰਿਹਾ ਦੌੜਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਸਾਚੀ ਰੱਯਤ ਵੇਖ ਵਖਾਈਆ। ਆਪਣਾ ਰਚ ਰਚ ਆਪੇ ਕਾਜਾ, ਆਪੇ ਖੁਸ਼ੀ ਮਨਾਈਆ। ਆਪੇ ਰੱਖੇ ਸਾਚੀ ਲਾਜਾ, ਗੁਰ ਸਤਿਗੁਰ ਹੋਏ ਸਹਾਈਆ। ਗੁਰ ਗੁਰ ਦੇਵੇ ਸਾਚਾ ਦਾਜਾ, ਸਾਚੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲਾਜਾ ਆਪ ਰਖਾਈਆ। ਸਤਿਗੁਰ ਗ੍ਰਹਿ ਗੁਰ ਰੱਖੇ ਲਾਜ, ਗੁਰ ਆਪਣਾ ਖੇਲ ਖਿਲਾਇੰਦਾ। ਗੁਰਸਿਖ ਗ੍ਰਹਿ ਸਤਿਗੁਰ ਸਾਜਣ ਸਾਜ, ਸਤਿਗੁਰ ਆਪਣਾ ਆਸਣ ਲਾਇੰਦਾ। ਆਪ ਚਲਾਏ ਆਪਣਾ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਇੰਦਾ। ਪਾਹਰੂ ਪੱਤਣ ਬਣ ਗ਼ਰੀਬ ਨਿਵਾਜ਼, ਏਕਾ ਘਾਟ ਡੇਰਾ ਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਮਾਰੇ ਵਾਜ, ਜਗਤ ਸੋਏ ਆਪ ਉਠਾਇੰਦਾ। ਗੁਰਸਿਖ ਤੇਰਾ ਸੀਸ ਮੇਰਾ ਤਾਜ, ਸਤਿਗੁਰ ਖ਼ੁਸ਼ੀ ਮਨਾਇੰਦਾ। ਤੇਰਾ ਰੰਗ ਮੇਰਾ ਰਾਜ, ਤੇਰਾ ਰੂਪ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਘਰ ਆਪ ਸਮਝਾਇੰਦਾ। ਸਤਿਗੁਰ ਘਰ ਸਚ ਨਿਸ਼ਾਨ, ਗੁਰਸਿਖ ਗੁਰ ਗੁਰ ਜਣਾਈਆ। ਗੁਰਸਿਖ ਘਰ ਵਸੇ ਸ੍ਰੀ ਭਗਵਾਨ, ਆਪਣਾ ਡੇਰਾ ਲਾਈਆ। ਲੇਖਾ ਜਾਣੇ ਦੋ ਜਹਾਨ, ਅਨਭਵ ਪਰਕਾਸ਼ ਕਰਾਈਆ। ਚਾਰ ਜੁਗ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਕਾਇਆ ਮਾਟੀ ਫੋਲ ਫੁਲਾਈਆ। ਨਿਸ਼ਅੱਖਰ ਪਾਏ ਦਾਨ, ਹੰ ਬ੍ਰਹਮ ਇਕ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਕਿਰਪਾਨ, ਕਾਇਆ ਗਾਤਰੇ ਆਪ ਟਿਕਾਈਆ। ਅੰਮ੍ਰਿਤ ਦੇਵੇ ਪੀਣ ਖਾਣ, ਨਿਝਰ ਝਿਰਨਾ ਰਸ ਝਿਰਾਈਆ। ਸਤਿਗੁਰ ਘਰ ਗੁਰ ਗੋਬਿੰਦ ਵੇਖੇ ਆਣ, ਆਪ ਆਪਣਾ ਰੂਪ ਛੁਪਾਈਆ। ਗੁਰਸਿਖ ਗੁਰ ਕਰੇ ਪਰਵਾਨ, ਆਪਣਾ ਬੰਧਨ ਪਾਈਆ। ਆਪ ਵਸਾਏ ਇਕ ਮਕਾਨ, ਏਕਾ ਖੇੜਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਸੋਭਾ ਪਾਈਆ। ਗੁਰਸਿਖ ਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਗੁਰਸਿਖ ਦਰ ਮਿਲੇ ਮੇਲਾ ਨਾਰੀ ਕੰਤ, ਨਰ ਨਰਾਇਣ ਮੇਲ ਮਿਲਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸੋ ਸੱਜਣ ਸੋ ਸੱਚਾ ਸੰਤ, ਜਿਸ ਆਪਣੇ ਦਰ ਬਹਾਇੰਦਾ। ਦੂਜੇ ਦਰ ਨਾ ਜਾਏ ਮੰਗਤ, ਸਾਚੀ ਭਿਛਿਆ ਝੋਲੀ ਪਾਇੰਦਾ । ਨਾਤਾ ਤੋੜ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਇੰਦਾ। ਲੱਖ ਚੁਰਾਸੀ ਕਰੇ ਖੰਡਤ, ਏਕਾ ਖੰਡਾ ਨਾਮ ਫਿਰਾਇੰਦਾ। ਗੁਰਸਿਖ ਗਿਆਨ ਬੋਧੀ ਸਾਚਾ ਪੰਡਤ, ਜਿਸ ਜਨ ਸੋਹੰ ਅੱਖਰ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਸਣ ਲਾਇੰਦਾ। ਘਰ ਮੇਲਾ ਜਗਦੀਸ ਜਗਦੀਸਰ, ਸਾਚੀ ਦਿਸ਼ਾ ਵੇਖ ਵਖਾਈਆ। ਗੁਰਸਿਖ ਵੱਡਾ ਤਪੀ ਤਪੀਸ਼ਰ, ਜਿਸ ਮਿਲਿਆ ਬੇਪਰਵਾਹੀਆ। ਗੁਰਸਿਖ ਵੱਡਾ ਰਿਖੀ ਰਿਖੀਸ਼ਰ, ਰਿਖ ਮੁਨ ਰਹੇ ਧਿਆਈਆ। ਗੁਰਸਿਖ ਵੱਡਾ ਸਤਿਗੁਰ ਮਿਲਿਆ ਈਸ਼ਰ, ਮਿਲ ਸਤਿਗੁਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਵਡਿਆਈਆ। ਸਤਿਗੁਰ ਵੱਡਾ ਘਰ ਵੱਡੀ ਵਡਿਆਈ, ਵਡ ਵੱਡਾ ਖੇਲ ਖਿਲਾਇੰਦਾ। ਗੁਰਸਿਖ ਵੱਡਾ ਗੁਰ ਪਕੜੇ ਬਾਹੀਂ, ਗੁਰ ਗੁਰ ਸਾਚਾ ਸੰਗ ਨਿਭਾਇੰਦਾ। ਦੋਹਾਂ ਮੇਲਾ ਏਕਾ ਥਾਈਂ, ਸਾਚਾ ਬੰਕ ਆਪ ਉਪਾਇੰਦਾ। ਇਕ ਦੂਜੇ ਨੂੰ ਵੇਖਣ ਚਾਈਂ ਚਾਈਂ, ਨੇਤਰ ਨੈਣ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਧਰ, ਆਪਣੇ ਗਲੇ ਲਗਾਇੰਦਾ। ਹਰਿਜਨ ਗੋਦੀ ਆਪੇ ਚੁੱਕ, ਆਪਣੇ ਨਾਲ ਮਿਲਾਈਆ। ਆਪ ਜਗਾਏ ਨਿਰਮਲ ਜੋਤ, ਅੰਧ ਅੰਧੇਰ ਮਿਟਾਈਆ। ਆਪੇ ਕੱਢੇ ਵਾਸਨਾ ਖੋਟ, ਦੁਰਮਤ ਮੈਲ ਧਵਾਈਆ। ਆਪ ਵਖਾਏ ਸਾਚਾ ਕੋਟ, ਕਾਇਆ ਮੰਦਰ ਗੜ੍ਹ ਵਡਿਆਈਆ। ਆਪ ਵਖਾਏ ਏਕਾ ਓਟ, ਚਰਨ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਸੰਗ ਬਨ੍ਹਾਈਆ। ਗੁਰਸਿਖ ਸੰਗ ਸਤਿਗੁਰ ਸਾਥ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਮੁਸਾਫ਼ਰ ਸਤਿਗੁਰ ਰਾਥ, ਫੜ ਬਾਹੋਂ ਆਪ ਚੜ੍ਹਾਇੰਦਾ। ਗੁਰਸਿਖ ਆਰਫ਼ ਸਤਿਗੁਰ ਗਾਥ, ਏਕਾ ਮੰਤਰ ਨਾਮ ਪੜ੍ਹਾਇੰਦਾ। ਗੁਰਸਿਖ ਤੇਰੀ ਕੋਈ ਨਾ ਕਰੇ ਸਿਫ਼ਾਰਸ਼, ਤੇਰੇ ਅੱਗੇ ਵਿਸ਼ਨ ਬ੍ਰਹਮ ਸ਼ਿਵ ਸੀਸ ਝੁਕਾਇੰਦਾ। ਤੇਰੀ ਤੇਰਾ ਸਤਿਗੁਰ ਬੰਧਾਏ ਢਾਰਸ, ਤੇਰਾ ਡੇਰਾ ਕੋਇ ਨਾ ਢਾਹਿੰਦਾ। ਤੇਰੇ ਕੋਲੋਂ ਰਾਏ ਧਰਮ ਨਾ ਮੰਗੇ ਕੋਈ ਆੜ੍ਹਤ, ਲੇਖਾ ਚਿਤਰ ਗੁਪਤ ਨਾ ਕੋਇ ਜਣਾਇੰਦਾ। ਤੇਰਾ ਲੇਖਾ ਲਿਖੇ ਸਤਿਗੁਰ ਆਪਣੀ ਇਬਾਰਤ, ਲਿਖ ਲਿਖ ਲੇਖਾ ਜਗਤ ਸਮਝਾਇੰਦਾ। ਤੇਰਾ ਰੂਪ ਸਚ ਸੁੱਚਾ ਹੋਏ ਠਗ ਬਨਾਰਸ, ਠੱਗੀ ਠੱਗੀ ਲੇਖੇ ਪਾਇੰਦਾ। ਜਨਮ ਜਨਮ ਜਨਮ ਘੜਿਆ ਘਾੜਤ, ਘੜ ਘੜ ਭੰਨ ਭੰਨ ਵੇਖ ਵਖਾਇੰਦਾ। ਤੇਰੀ ਤੇਰਾ ਗੁਰਸਿਖ ਸਤਿਗੁਰ ਆਏ ਕਰਨ ਵਜ਼ਾਰਤ, ਕਾਇਆ ਮਜ਼ਾਰ ਇਕ ਸੁਹਾਇੰਦਾ। ਤੇਰੇ ਦਵਾਰ ਡੌਰੂ ਵਜਾਏ ਨਾਰਦ, ਆਪਣਾ ਨਾਚ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਗੁਰਸਿਖ ਘਰ, ਸਤਿਗੁਰ ਸੱਜਣ ਲੜ ਲਏ ਫੜ, ਫੜਿਆ ਲੜ ਨਾ ਕੋਇ ਛੁਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਵਾਰੇ ਆਏ ਚਲ, ਸੋ ਦਵਾਰਾ ਲੋਕਮਾਤ ਸੋਭਾ ਪਾਇੰਦਾ। ਠਗ ਬਨਾਰਸ ਬਣ ਭਗਵਾਨ, ਗੰਗਾ ਵਿਚ ਸਮਾਈਆ। ਰਵਦਾਸ ਕਸੀਰਾ ਕਰ ਪਰਵਾਨ, ਆਪਣੀ ਖ਼ੁਸ਼ੀ ਮਨਾਈਆ। ਆਪਣਾ ਕੰਗਣ ਦੇ ਗੁਣ ਨਿਧਾਨ, ਸੁਰਤੀ ਸੁਰਤ ਭਵਾਈਆ। ਪੰਡਤ ਪਾਂਧਾ ਹੋਇਆ ਬੇਈਮਾਨ, ਬ੍ਰਹਮ ਵਿਦਿਆ ਸੰਗ ਨਾ ਕੋਇ ਰਖਾਈਆ। ਦੰਡ ਦਵਾਰ ਦਏ ਰਾਜ ਰਾਜਾਨ, ਜੀਵ ਜੀਵ ਰਿਹਾ ਕੁਰਲਾਈਆ। ਕਵਣ ਵੇਲਾ ਰਵਦਾਸ ਚਮਾਰਾ ਮਿਲੇ ਆਣ, ਮੇਰੀ ਬੰਦੀ ਦਏ ਕਟਾਈਆ। ਇਕ ਦੂਜੇ ਦਾ ਹੋਏ ਗਿਆਨ, ਕਵਣ ਠਗ ਕਵਣ ਠੱਗੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
