Granth 10 Likhat 202: 23 Bhadron 2018 Bikarmi Ujagar Singh de Greh Nava Ramu Wala Jila Ferozepur

੨੩ ਭਾਦਰੋਂ ੨੦੧੮ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਨਵਾਂ ਰਾਮੂ ਵਾਲਾ ਜ਼ਿਲਾ ਫਿਰੋਜ਼ਪੁਰ

ਗੁਰਮੁਖ ਆਸਾ ਰਹੀ ਪੁਕਾਰ, ਏਕਾ ਓਟ ਰਖਾਈਆ। ਕਵਣ ਰੂਪ ਧਰੇਂ ਨਿਰੰਕਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਕਵਣ ਮੰਦਰ ਹੋਏ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਕਵਣ ਸ਼ਬਦ ਵੱਜੇ ਧੁਨਕਾਰ, ਸਾਚਾ ਨਾਦ ਕਵਣ ਸੁਣਾਈਆ। ਕਵਣ ਖੋਲ੍ਹੇ ਬੰਦ ਕਿਵਾੜ, ਬੰਦ ਤਾਕੀ ਪਰਦਾ ਲਾਹੀਆ। ਕਵਣ ਮੇਟੇ ਅਗਨੀ ਤੱਤੀ ਹਾੜ, ਸਾਂਤਕ ਸਤਿ ਵਰਤਾਈਆ। ਕਵਣ ਕਰੇ ਪਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਗਵਾਈਆ। ਕਵਣ ਕਰੇ ਸ਼ਬਦੀ ਵਾੜ, ਮਾਨਸ ਜਨਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਸਮਝਾਈਆ। ਕਵਣ ਵੇਲਾ ਆਈਂ ਘਰ, ਹਉਂ ਨੱਢੀ ਰਾਹ ਤਕਾਈਆ। ਕਵਣ ਵੇਲਾ ਮਿਲੇ ਵਰ, ਮੈਂ ਬਾਲੀ ਲਏ ਪਰਨਾਈਆ। ਕਵਣ ਵੇਲਾ ਚੁੱਕੇ ਡਰ, ਨਿਰਭੌ ਹੋਏ ਸਹਾਈਆ। ਕਵਣ ਵੇਲਾ ਲਈਂ ਫੜ, ਆਪਣੀ ਗੋਦ ਬਹਾਈਆ। ਕਵਣ ਵੇਲਾ ਮੰਦਰ ਬਹੇਂ ਚੜ੍ਹ, ਮੇਰੇ ਘਰ ਵੱਜੇ ਵਧਾਈਆ। ਕਵਣ ਵੇਲਾ ਆਪਣਾ ਅੱਖਰ ਲਈਂ ਪੜ੍ਹ, ਸਾਚਾ ਨਾਉਂ ਪਰਗਟਾਈਆ। ਕਵਣ ਵੇਲਾ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਆਈਆ। ਕਵਣ ਵੇਲਾ ਲੇਖੇ ਲਾਏ ਸੀਸ ਧੜ, ਆਪਣਾ ਲੇਖਾ ਲਏ ਮੁਕਾਈਆ। ਕਵਣ ਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਕਵਣ ਵੇਲਾ ਆਏਂ ਜਗ, ਹਉਂ ਤੇਰਾ ਰਾਹ ਤਕਾਈਆ। ਕਵਣ ਰੂਪ ਧਰੇਂ ਸਰਬੱਗ, ਸੂਰਬੀਰ ਵਡੀ ਵਡਿਆਈਆ। ਹੰਸ ਬਣਾਏਂ ਫੜ ਫੜ ਕੱਗ, ਕਾਗੋਂ ਹੰਸ ਉਡਾਈਆ। ਮੇਰੇ ਮੰਦਰ ਬਹੇਂ ਸਜ, ਸਚ ਸਿੰਘਾਸਣ ਸੋਭਾ ਪਾਈਆ। ਮੈਂ ਦਰਸ਼ਨ ਕਰਾਂ ਰੱਜ ਰੱਜ, ਜਨਮ ਜਨਮ ਦੀ ਤ੍ਰਿਖਾ ਬੁਝਾਈਆ। ਮੇਰਾ ਪਰਦਾ ਲੈਣਾ ਕੱਜ, ਕਮਲੀ ਕੋਝੀ ਨੇਤਰ ਨੈਣਾਂ ਨੀਰ ਵਹਾਈਆ। ਨਾ ਕੋਇ ਆਚਾਰ ਨਾ ਕੋਇ ਚੱਜ, ਜਗਤ ਕੁਲੱਖਣੀ ਆਪਾ ਆਪ ਰਹੀ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਈਆ। ਕਵਣ ਵੇਲਾ ਵਜਾਏਂ ਡੰਕ, ਸੋਈ ਸੁਰਤੀ ਲਏ ਉਠਾਈਆ। ਕਵਣ ਵੇਲਾ ਸੁਹਾਈਂ ਬੰਕ, ਮੈਂ ਨਿਮਾਣੀ ਏਕਾ ਆਸ ਤਕਾਈਆ। ਕਵਣ ਵੇਲਾ ਲਾਏਂ ਤਨਕ, ਜੋਤੀ ਜੋਤ ਜੋਤ ਮਿਲਾਈਆ। ਕਵਣ ਵੇਲਾ ਗੁਰਮੁਖ ਬਣਾਏਂ ਜਨਕ, ਜਨਕ ਸਪੁੱਤਰੀ ਸੀਤਾ ਸੁਰਤੀ ਲਏਂ ਪਰਨਾਈਆ। ਕਵਣ ਵੇਲਾ ਖੇਲੇਂ ਖੇਲ ਵਾਰ ਅਨਕ, ਅਨਕ ਕਲ ਆਪਣਾ ਰੂਪ ਧਰਾਈਆ। ਕਵਣ ਵੇਲਾ ਆਪਣਾ ਨਾਮ ਚੁਕੇਂ ਧਨੱਖ, ਮੈਂ ਵੇਖਾਂ ਚਾਈਂ ਚਾਈਂਆ । ਕਵਣ ਵੇਲਾ ਆਪਣੀ ਪੂਰੀ ਕਰੇਂ ਅਣਖ, ਅਣਖੀਲੇ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਇਕ ਪਿਆਸ ਬੁਝਾਈਆ। ਕਵਣ ਵੇਲਾ ਹੋਏਂ ਪਰਧਾਨ, ਸਚ ਪਰਧਾਨਗੀ ਆਪਣੇ ਹੱਥ ਰਖਾਇੰਦਾ। ਕਵਣ ਵੇਲਾ ਉਠਾਏਂ ਨਿਸ਼ਾਨ, ਦੋ ਜਹਾਨਾਂ ਇਕ ਵਖਾਇੰਦਾ। ਕਵਣ ਵੇਲਾ ਹੋਏਂ ਰਾਜ ਰਾਜਾਨ, ਸ਼ਾਹ ਪਾਤਸ਼ਾਹ ਹੁਕਮ ਚਲਾਇੰਦਾ। ਕਵਣ ਵੇਲਾ ਵੇਖੇਂ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਇੰਦਾ। ਕਵਣ ਵੇਲਾ ਦੇਵੇਂ ਇਕ ਗਿਆਨ, ਆਪਣੀ ਗਿਆਤਾ ਆਪ ਕਰਾਇੰਦਾ। ਕਵਣ ਵੇਲਾ ਕਰ ਪਛਾਣ, ਜੁਗ ਵਿਛੜੀ ਮੇਲ ਮਿਲਾਇੰਦਾ। ਕਵਣ ਵੇਲਾ ਦੇਵੇਂ ਮਾਣ, ਦਰ ਆਪਣੇ ਆਪ ਬਹਾਇੰਦਾ। ਕਵਣ ਵੇਲਾ ਬਣਾਏਂ ਚਤੁਰ ਸੁਘੜ ਸੁਜਾਨ, ਮਨ ਮਤ ਦਰ ਦੁਰਕਾਇੰਦਾ। ਕਵਣ ਵੇਲਾ ਬਲ ਦੇਵਾਂ ਸੂਰਬੀਰ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਕਵਣ ਵੇਲਾ ਫੜੇਂ ਤੀਰ ਕਮਾਨ, ਸਾਚਾ ਚਿੱਲਾ ਹੱਥ ਉਠਾਇੰਦਾ। ਕਵਣ ਵੇਲਾ ਨਿਰਗੁਣ ਰੂਪ ਧਰੇਂ ਭਗਵਾਨ, ਸਰਗੁਣ ਤੇਰਾ ਦਰਸ਼ਨ ਪਾਇੰਦਾ। ਕਵਣ ਵੇਲਾ ਮੇਰੇ ਸਾਢੇ ਤਿੰਨ ਹੱਥ ਵਸੇਂ ਮਕਾਨ, ਜਿਸ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਰਾਹ ਤਕਾਇੰਦਾ। ਗੁਰਸਿਖ ਸੁਆਣੀ ਨੱਢੀ ਬਾਲੀ, ਬਾਲੀ ਬੁਧ ਰਹੀ ਕੁਰਲਾਈਆ। ਤੂੰ ਸ਼ਹਿਨਸ਼ਾਹ ਦੋ ਜਹਾਨਾਂ ਵਾਲੀ, ਮੈਂ ਖ਼ਾਲੀ ਝੋਲੀ ਤੇਰੇ ਅੱਗੇ ਡਾਹੀਆ। ਤੂੰ ਕਰਦਾ ਸਚ ਦਲਾਲੀ, ਦਿਲਬਰ ਬਣ ਬਣ ਸੱਚਾ ਮਾਹੀਆ। ਤੇਰੀ ਜੋਤ ਇਕ ਅਕਾਲੀ, ਅਕਲ ਕਲਾ ਅਖਵਾਈਆ। ਮੈਂ ਘਾਲ ਤੇਰੀ ਘਾਲੀ, ਤੇਰੇ ਚਰਨਾਂ ਸੇਵ ਕਮਾਈਆ। ਤੁਧ ਬਿਨ ਚੜ੍ਹੇ ਨਾ ਸੱਚੀ ਲਾਲੀ, ਲਾਲ ਗੁਲਾਲਾ ਰੰਗ ਨਾ ਕੋਇ ਵਖਾਈਆ। ਕਲਜੁਗ ਅੰਤ ਹੋਈ ਬੇਹਾਲੀ, ਮੇਰੀ ਸਾਰ ਕੋਇ ਨਾ ਪਾਈਆ। ਫਲ ਦਿਸੇ ਨਾ ਮੇਰੀ ਡਾਲ੍ਹੀ, ਸਿਮਲ ਬੂਟਾ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਔਣਾ ਘਰ, ਹਉਂ ਬੈਠੀ ਰਾਹ ਤਕਾਈਆ। ਰਾਹ ਤੱਕਾਂ ਮੀਤ ਮੁਰਾਰ, ਕਵਣ ਵੇਲਾ ਘਰ ਆਏ। ਮੇਰਾ ਦੁੱਖੜਾ ਦਏ ਨਿਵਾਰ, ਸਿਰ ਆਪਣਾ ਹੱਥ ਟਿਕਾਏ। ਮੇਰਾ ਡੁਬਦਾ ਬੇੜਾ ਲਾਏ ਪਾਰ, ਏਕਾ ਚੱਪੂ ਨਾਮ ਲਗਾਏ। ਮੈਂ ਦੁਹਾਗਣ ਕਰੇ ਪਿਆਰ, ਸਚ ਸੁਹਾਗਣ ਲਏ ਬਣਾਏ। ਬਣ ਵੈਰਾਗਣ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਔਣਾ ਦਰ, ਦਰ ਦਰਵਾਜ਼ਾ ਰਹੀ ਖੁਲ੍ਹਾਏ। ਦਰ ਦਰਵਾਜ਼ਾ ਖੋਲ੍ਹਿਆ, ਅੰਤਰ ਇਕ ਵਿਚਾਰ। ਕਵਣ ਵੇਲਾ ਘਰ ਆਏ ਮੇਰਾ ਮੌਲਿਆ, ਆਪ ਆਪਣੀ ਕਿਰਪਾ ਧਾਰ। ਮੈਂ ਅੰਮ੍ਰਿਤ ਭਰਿਆ ਵੇਖਾਂ ਕੌਲਿਆ, ਘਰ ਮਿਲੇ ਸਚ ਭੰਡਾਰ। ਮਿਲੇ ਵਡਿਆਈ ਧਰਤ ਧੌਲਿਆ, ਧਰਨੀ ਧਰਤ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਸਾ ਰਹੀ ਵਿਚਾਰ। ਗੁਰਸਿਖ ਆਸਾ ਏਕਾ ਓਟ, ਆਦਿ ਜੁਗਾਦਿ ਰਖਾਈਆ। ਕਵਣ ਵੇਲਾ ਮੇਰਾ ਸੁਹਾਏਂ ਕੋਟ, ਸਾਚੇ ਬੰਕ ਦਏਂ ਵਡਿਆਈਆ। ਕਵਣ ਵੇਲਾ ਲਗਾਏਂ ਚੋਟ, ਤਨ ਨਗਾਰਾ ਮੇਰਾ ਵਜਾਈਆ। ਕਵਣ ਵੇਲਾ ਕੱਢੇਂ ਖੋਟ, ਮੇਰੀ ਦੁਰਮਤ ਮੈਲ ਧੁਆਈਆ। ਕਵਣ ਵੇਲਾ ਜਗਾਏਂ ਜੋਤ, ਕਵਣ ਘਿਰਤ ਦੇਵੇ ਪਾਈਆ। ਕਵਣ ਵੇਲਾ ਆਪਣਾ ਨਾਮ ਲਗਾਏਂ ਮੇਰੇ ਹੋਂਟ, ਰਸ ਰਸ ਵਿਚ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਮੇਰੀ ਆਸਾ ਤੇਰਾ ਚਾਓ, ਤੇਰਾ ਚਾਓ ਮੇਰੀ ਵਡਿਆਈਆ। ਤੇਰਾ ਮੰਦਰ ਮੇਰਾ ਥਾਉਂ, ਤੇਰਾ ਥਾਉਂ ਮੇਰਾ ਘਰ ਸੋਭਾ ਪਾਈਆ। ਆਦਿ ਜੁੁਗਾਦਿ ਜੁਗਾ ਜੁਗੰਤਰ ਪਕੜੇ ਸਦ ਬਾਂਹੋਂ, ਆਪ ਆਪਣੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸਾਚਾ ਵਰ, ਨਿਰਾਸ ਕੋਇ ਨਜ਼ਰ ਨਾ ਆਈਆ। ਗੁਰਸਿਖ ਨਾਰ ਜਗਤ ਸੁਹਾਗਣ, ਨੇਤਰ ਨੈਣ ਰਹੀ ਮਟਕਾਈਆ। ਦਰ ਘਰ ਆਏ ਪੁਰਖ ਅਬਿਨਾਸ਼ਣ, ਮੈਂ ਵੇਖਾਂ ਚਾਈਂ ਚਾਈਂਆ। ਸੁਹਾਏ ਬੰਕ ਸਰਬ ਗੁਣ ਤਾਸਨ, ਮਹੱਲ ਅਟਲ ਹੋਏ ਰੁਸ਼ਨਾਈਆ। ਮੇਰੇ ਦੁੱਖੜੇ ਸਰਬ ਵਿਨਾਸਨ, ਦੁੱਖ ਸੁਖ ਪਕੜੇ ਮੇਰੀ ਬਾਹੀਂਆ। ਪੂਰੀ ਕਰੇ ਮੇਰੀ ਆਸਣ, ਆਸਾ ਆਸਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਹੋਏਂ ਸਹਾਈਆ। ਕਵਣ ਵੇਲਾ ਬਣੇਂ ਸਹਾਇਕ, ਸੋਭਾਵੰਤ ਮੇਰੇ ਕਰਤਾਰ। ਕਵਣ ਵੇਲਾ ਬਣੇਂ ਨਾਇਕ, ਮੇਰੇ ਪਰਵਰਦਿਗਾਰ। ਕਵਣ ਵੇਲਾ ਇਕ ਸੁਣਾਏਂ ਸ਼ਰਾਇਤ, ਸ਼ਰਅ ਸ਼ਰੀਅਤ ਗੇੜ ਨਿਵਾਰ। ਕਵਣ ਵੇਲਾ ਪੜ੍ਹਾਏਂ ਏਕਾ ਆਇਤ, ਏਕਾ ਏਕ ਕਰੇਂ ਗੁਫ਼ਤਾਰ। ਕਵਣ ਵੇਲਾ ਵਖਾਏਂ ਇਕ ਜਮਾਤ, ਅਵੱਲ ਅੱਲਾ ਨੂਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਘਰ ਆਏਂ ਸੱਜਣ ਯਾਰ। ਕਵਣ ਵੇਲਾ ਸੱਜਣ ਮੀਤ, ਥਿਤ ਵਾਰ ਕਵਣ ਵਖਾਈਆ। ਮੈਂ ਨਿਤ ਨਿਤ ਰੱਖਾਂ ਤੇਰੀ ਉਡੀਕ, ਨੇਤਰ ਨੈਣਾਂ ਰਾਹ ਤਕਾਈਆ। ਕਦ ਆਵੇ ਲਾਸ਼ਰੀਕ, ਬੇਐਬ ਪਰਵਰਦਿਗਾਰ ਮੇਰਾ ਖ਼ੁਦਾਈਆ। ਜਿਸ ਨੂੰ ਆਦਿ ਜੁਗਾਦਿ ਇਕ ਤੌਫ਼ੀਕ਼, ਦੂਜਾ ਸ਼ਰੀਕ ਨਾ ਕੋਇ ਵਖਾਈਆ। ਮੈਂ ਸੁਣਿਆ ਲੋਕਮਾਤ ਆਇਆ ਨਜ਼ਦੀਕ, ਆਪਣਾ ਪੈਂਡਾ ਆਪ ਮੁਕਾਈਆ। ਆਪਣਾ ਪਤਾ ਦੱਸ ਦੇ ਠੀਕ, ਕਵਣ ਖੇੜਾ ਰਿਹਾ ਵਸਾਈਆ। ਮੈਨੂੰ ਦੇਣੀਂ ਇਕ ਤਰੀਕ, ਲੋਕਮਾਤ ਨਾ ਮੂਲ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਔਣਾ ਮੇਰੇ ਘਰ ਤੇਰੇ ਘਰ ਦਾ ਰਸਤਾ ਬਾਰੀਕ, ਚੜ੍ਹ ਚੜ੍ਹ ਡਿਗੇ ਪਾਂਧੀ ਰਾਹੀਆ। ਕੋਟਨ ਕੋਟ ਪਾਂਧੀ ਰਾਹੀ, ਦਰ ਦਰ ਤੇਰੇ ਆਇੰਦਾ। ਅੱਗੇ ਲੱਗੀ ਦਿਸਦੀ ਫਾਹੀ, ਪਾਰ ਚਰਨ ਨਾ ਕੋਇ ਟਿਕਾਇੰਦਾ। ਜਨਮ ਜਨਮ ਦੀ ਲੱਗੀ ਸ਼ਾਹੀ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਔਣਾ ਘਰ, ਏਕਾ ਰਾਹ ਵਖਾਇੰਦਾ। ਘਰ ਆਵੀਂ ਮੈਂਡੇ ਸਾਈਆਂ, ਮੈਂ ਕਰਾਂ ਨਿਤ ਪੁਕਾਰ। ਮੈਂ ਦੋਵਾਂ ਭੁਜਾਂ ਉਠਾਈਆਂ, ਚਤੁਰਭੁਜ ਕਰ ਪਿਆਰ। ਮੈਂ ਸਾਚੀ ਸੇਜ ਸੁਹਾਈਆ, ਸੂਲਾਂ ਸੱਥਰ ਸੇਜ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖੌਣਾ ਸੱਥਰ ਮੈਂਡੇ ਯਾਰ। ਸੱਥਰ ਮੈਂਡਾ ਜਗਤ ਮਾਤ, ਖ਼ਾਕੀ ਖ਼ਾਕ ਸਮਾਈਆ। ਤੂੰ ਸਾਹਿਬ ਮੇਰਾ ਕਮਲਾਪਾਤ, ਕਵਲ ਨੈਣ ਮਟਕਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਤੇਰਾ ਨੂਰ ਨਜ਼ਰ ਨਾ ਆਈਆ। ਮੈਂ ਦੁਹਾਗਣ ਨਾਰ ਕਮਜ਼ਾਤ, ਦਰ ਦਰ ਫਿਰਦੀ ਵਾਹੋ ਦਾਹੀਆ। ਤੁਧ ਬਿਨ ਪੁੱਛੇ ਕੋਇ ਨਾ ਵਾਤ, ਸਿਰ ਹੱਥ ਨਾ ਕੋਇ ਟਿਕਾਈਆ। ਨਾਤਾ ਤੁਟਾ ਪਿਤਾ ਮਾਤ, ਭੈਣ ਭਾਈ ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਏਕਾ ਚੜ੍ਹਨਾ ਤੇਰੇ ਰਾਥ, ਸਾਚੀ ਡੋਲੀ ਇਕ ਸੁਹਾਈਆ। ਚਾਰ ਜੁਗ ਚਾਰ ਕਹਾਰ ਬਣਾਉਣੇ ਨਿਭਾਉਣ ਮੇਰਾ ਸਾਥ, ਚਲਣ ਵਾਹੋ ਦਾਹੀਆ। ਮੇਰਾ ਦੂਲ੍ਹਾ ਆਏ ਪੁਰਖ ਸਮਰਾਥ, ਰੂਪ ਅਨੂਪ ਧਰਾਈਆ। ਮੈਂ ਮਹਿੰਦੀ ਰੰਗੇ ਹਾਥ, ਸੂਹਾ ਵੇਸ ਰਹੀ ਵਟਾਈਆ। ਮੈਂ ਪੜ੍ਹ ਪੜ੍ਹ ਥੱਕੀ ਤੇਰੀ ਗਾਥ, ਤੇਰਾ ਕਲਮਾ ਨਬੀ ਸਲਾਹੀਆ। ਤੂੰ ਮੇਰੀ ਮੇਟਣੀ ਜ਼ਾਤ, ਆਪਣੀ ਜ਼ਾਤ ਵਿਚ ਮਿਲਾਈਆ। ਸੌਹਰੇ ਪੇਈਏ ਦੇਣੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਮੇਰੇ ਸੁਲਤਾਨ ਵਿਛੜ ਨਾ ਜਾਏ ਤੇਰਾ ਸਾਥ, ਤੇਰੀ ਸਰਨ ਮੰਗਾਂ ਸਰਨਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਘਰ ਦੇਣਾ ਵਸਾਈਆ। ਨਿਤ ਨਵਿਤ ਕਰਾਂ ਲਾਡ, ਹਿਤ ਹਿਤ ਨਾਲ ਮਿਲਾਈਆ। ਅਬਿਨਾਸ਼ੀ ਅਚੁਤ ਤੇਰਾ ਨਾਉਂ ਸੁਣਾਂ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਜੁਗ ਜੁਗ ਵੇਖਾਂ ਤੇਰੇ ਸੰਤ ਸਾਧ, ਦਰ ਤੇਰੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਆਉਣਾ ਘਰ ਮੇਰਾ ਦੁੱਖੜਾ ਦੇ ਗਵਾਈਆ। ਮੇਰਾ ਦੁਖੜਾ ਦੇਣਾ ਕੱਟ, ਕੱਟਣਹਾਰ ਸਵਾਮੀ। ਤੂੰ ਵਸਣਹਾਰਾ ਘਟ ਘਟ, ਨਿਹਕਰਮ ਵੱਡਾ ਨਿਹਕਾਮੀ। ਸਰਬ ਕਲਾ ਆਪੇ ਸਮਰਥ, ਆਪ ਸੁਣਾਏ ਆਪਣੀ ਬਾਣੀ। ਮੈਂ ਪੱਲੂ ਤੇਰਾ ਫੜਿਆ ਹੱਥ, ਰੂਪ ਵਟਾਵਾਂ ਆਦਿ ਸ਼ਕਤ ਭਵਾਨੀ। ਮੇਰਾ ਸਗਲ ਵਿਸੂਰਾ ਗਿਆ ਲੱਥ, ਦਰ ਸੁਣੀ ਤੇਰੀ ਕਹਾਣੀ। ਮੇਰੀ ਪੂਰੀ ਕਰਨੀ ਆਸ, ਦਰ ਬੈਠੀ ਬਣ ਨਿਮਾਣੀ। ਤੇਰਾ ਇਕ ਜੋਤ ਪਰਕਾਸ਼, ਤੇਰੀ ਜੋਤ ਸੱਚੀ ਰਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਡ ਦਾਤੇ ਵਡ ਮਿਹਰਵਾਨੀ। ਮਿਹਰਵਾਨ ਹੋਣਾ ਮਿਹਰਵਾਨ, ਏਕਾ ਮੰਗ ਮੰਗਾਈਆ। ਆਪਣਾ ਪ੍ਰੇਮ ਦੇਣਾ ਦਾਨ, ਦੂਜੀ ਵਸਤ ਨਾ ਮੋਹੇ ਭਾਈਆ। ਆਦਿ ਜੁਗਾਦਿ ਰਹੇ ਤੇਰਾ ਧਿਆਨ, ਤੇਰੇ ਚਰਨ ਓਟ ਇਕ ਰਖਾਈਆ। ਸਦ ਵਸਾਂ ਤੇਰੇ ਮਕਾਨ, ਸਾਚੀ ਕੁੱਲੀ ਭਾਗ ਲਗਾਈਆ। ਨਿਤ ਨਵਿਤ ਸੁਣਾ ਫ਼ਰਮਾਨ, ਧੁਰ ਫ਼ਰਮਾਨਾ ਜੋ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਆਉਂਣਾ ਘਰ ਗੁਰਮੁਖ ਸੁਰਤੀ ਨੱਢੀ ਰਕ਼ਾਨ ਬੈਠੀ ਰਾਹ ਤਕਾਈਆ। ਗੁਰਮੁਖ ਸੁਰਤੀ ਤੱਕੇ ਰਾਹ, ਘਰ ਆਏ ਦਾਮਨਗੀਰ। ਸਤਿਗੁਰ ਬਣ ਬਣੇ ਮਲਾਹ, ਮੇਰੇ ਕੱਟੇ ਤਨ ਜ਼ੰਜੀਰ। ਏਕਾ ਦੇਵੇ ਨਾਮ ਸਲਾਹ, ਫੜ ਚੋਟੀ ਚਾੜ੍ਹੇ ਅਖ਼ੀਰ। ਆਪਣਾ ਪੱਲਾ ਲਏ ਫੜਾ, ਵਡ ਦਾਤਾ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਧੀਰ। ਦੇਵੇ ਧੀਰ ਹਰਿ ਭਰਵਾਸਾ ਸਤਿ ਸੰਤੋਖ ਗਿਆਨ ਦ੍ਰਿੜਾਈਆ। ਗੁਰਸਿਖ ਤੇਰੀ ਪੂਰੀ ਕਰੇ ਆਸਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਵੇਖ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰਿਹਾ ਰੁਲਾਈਆ। ਚਾਰੋਂ ਕੁੰਟ ਭੋਗ ਬਿਲਾਸਾ, ਕੂੜੀ ਕਿਰਿਆ ਜਗਤ ਦੁਹਾਈਆ। ਅੰਤਮ ਹੋਣਾ ਸਭ ਦਾ ਨਾਸਾ, ਥਿਰ ਕੋਇ ਰਹਿਣ ਨਾ ਪਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨਾਂ ਖ਼ਾਲੀ ਦਿਸੇ ਕਾਸਾ, ਮੰਗਿਆਂ ਭਿਖ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਹੋਏ ਸਹਾਈਆ। ਗੁਰਮੁਖ ਸੱਚੇ ਸੱਜਣ ਆਉਣਾ, ਨਿਰਗੁਣ ਰੂਪ ਧਰਾ। ਸਾਚਾ ਵੇਲਾ ਵਕ਼ਤ ਸੁਹਾਉਣਾ, ਪੁਰਖ ਅਬਿਨਾਸ਼ੀ ਬੇਪਰਵਾਹ। ਸਾਚੇ ਅਸਵ ਤੰਗ ਕਸਾਉਣਾ, ਸਚ ਸਿੰਘਾਸਣ ਸੋਭਾ ਪਾ। ਨਵ ਸੱਤ ਫੇਰਾ ਆਪ ਵਖਾਉਣਾ, ਰੂਪ ਅਨੂਪ ਵਟਾ। ਹਰਿਜਨ ਸਾਚੇ ਆਪ ਜਗਾਉਣਾ, ਏਕਾ ਠੋਕਰ ਨਾਮ ਲਗਾ। ਜਗਤ ਵਿਛੋੜਾ ਪੰਧ ਮੁਕਾਉਣਾ, ਝੂਠਾ ਬੰਧਨ ਦਏ ਤੁੜਾ। ਸਾਚਾ ਵੇਲਾ ਆਪ ਸੁਹਾਉਣਾ, ਸਾਚੀ ਰੁੱਤ ਦਏ ਵਖਾ। ਕਲਜੁਗ ਅੰਤਮ ਏਕਾ ਸਾਹ ਸੁਧਾਉਣਾ, ਨਾ ਕੋਈ ਸਕੇ ਫੇਰ ਬਦਲਾ। ਪੁਰਖ ਅਬਿਨਾਸ਼ੀ ਦੂਲ੍ਹਾ ਬਣ ਕੇ ਆਉਣਾ, ਸੀਸ ਜਗਦੀਸ ਤਾਜ ਟਿਕਾ। ਸਾਚੇ ਮੰਦਰ ਚਰਨ ਟਿਕਾਉਣਾ, ਆਪ ਆਪਣਾ ਕ਼ਦਮ ਉਠਾ। ਆਪਣਾ ਸਗਨ ਆਪ ਮਨਾਉਣਾ, ਆਪੇ ਵੇਖੇ ਆਪਣਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਅੰਤਮ ਪਕੜੇ ਤੇਰੀ ਬਾਂਹ। ਪਕੜੇ ਬਾਂਹ ਪੁਰਖ ਕਰਤਾਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਆਈ ਅੰਤਮ ਵਾਰ, ਦੁੱਖ ਦਲਿਦ੍ਰ ਦਏ ਗਵਾਈਆ। ਸੁਖ ਨਾਲ ਸੁਖ ਕਰੇ ਪਿਆਰ, ਘਰ ਘਰ ਵਿਚ ਸੁਖ ਵਖਾਈਆ। ਕੁੱਖ ਨਾਲ ਕੁੱਖ ਹੋਏ ਉਜਿਆਰ, ਪਿਤਾ ਪੂਤ ਦਏ ਵਡਿਆਈਆ। ਸਿਮਲ ਰੁੱਖ ਨਾ ਰਹੇ ਵਿਚ ਸੰਸਾਰ, ਜੂਠੀ ਝੂਠੀ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਤੇਰਾ ਅੰਤਮ ਨਾਤਾ, ਨਰ ਨਰਾਇਣ ਬੰਧਾਇੰਦਾ। ਮੇਲ ਮਿਲਾਵਾ ਕਮਲਾਪਾਤਾ, ਆਪਣਾ ਆਪ ਕਰਾਇੰਦਾ। ਆਪੇ ਲਾੜਾ ਜਾਂਞੀ ਬਣ ਬਰਾਤਾ, ਸਾਚੀ ਖੇਲ ਖਿਲਾਇੰਦਾ। ਚੌਥੇ ਜੁਗ ਆਪੇ ਗਾਏ ਆਪਣੀ ਗਾਥਾ, ਚੌਥੀ ਲਾਂਵ ਪੂਰ ਕਰਾਇੰਦਾ। ਜਿਸ ਜਨ ਮਿਲੇ ਪੁਰਖ ਅਬਿਨਾਸ਼ਾ, ਸੋ ਜਨ ਸਚ ਵਿਵਾਹ ਜਗਤ ਰਚਾਇੰਦਾ। ਲੱਖ ਚੁਰਾਸੀ ਦੇਵੇ ਫਾਸਾ, ਝੂਠਾ ਧੰਦਾ ਜੋ ਜਗਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਅੰਤਮ ਮੇਲਾ ਆਪ ਕਰਾਇੰਦਾ। ਮੇਲਾ ਅੰਤਮ ਕਰੇ ਭਗਵਾਨ, ਭਗਵਨ ਭਗਤਨ ਦਇਆ ਕਮਾਈਆ। ਬੀਸ ਬੀਸ ਕਰ ਪਰਵਾਨ, ਆਪ ਆਪਣੇ ਦਰ ਬਹਾਈਆ। ਏਕਾ ਨਜ਼ਰੀ ਆਏ ਸਾਚਾ ਕਾਹਨ, ਗੁਰਮੁਖ ਸਖ਼ੀਆਂ ਸੋਭਾ ਪਾਈਆ। ਗੀਤ ਗੋਬਿੰਦ ਏਕਾ ਗਾਣ, ਸਾਚਾ ਮੰਗਲ ਆਪ ਅਲਾਈਆ। ਘਰ ਮਿਲੇ ਰਾਜ ਰਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਮਕਾਨ, ਸਾਚਾ ਮੰਦਰ ਆਪ ਵਡਿਆਈਆ। ਸਾਚਾ ਮੰਦਰ ਉਚਾ ਟਿੱਲਾ, ਤਖ਼ਤ ਨਿਵਾਸੀ ਆਪ ਬਣਾਇੰਦਾ। ਆਦਿ ਜੁਗਾਦੀ ਏਕਾ ਕਿਲ੍ਹਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਕੋਈ ਪੱਥਰ ਨਾ ਕੋਈ ਸਿਲਾ, ਇੱਟ ਗਾਰਾ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਘਰ ਆਪ ਬਣਾਇੰਦਾ। ਗੁਰਮੁਖ ਤੇਰਾ ਘਰ ਅਮੁੱਲਾ, ਅਮੁਲ ਅਮੁਲ ਬਣਾਈਆ। ਅੰਤਮ ਬਣੇ ਤੇਰਾ ਤੋਲਾ, ਤੇਰੀ ਧਾਰ ਆਪਣੇ ਹੱਥ ਰਖਾਈਆ। ਤੇਰਾ ਬਦਲੇ ਆਪੇ ਚੋਲਾ, ਚੋਲੀ ਆਪਣੀ ਤਨ ਪਹਿਨਾਈਆ। ਆਪ ਵਖਾਏ ਸਾਚਾ ਡੋਲਾ, ਸਾਚੀ ਘਾੜਨ ਆਪ ਘੜਾਈਆ। ਆਪ ਉਠਾਏ ਪਰਦਾ ਓਹਲਾ, ਮੁਖ ਘੁੰਘਟ ਦਏ ਖੁਲ੍ਹਾਈਆ। ਆਪ ਸੁਣਾਏ ਆਪਣਾ ਬੋਲਾ, ਸੋਹੰ ਅੱਖਰ ਸਚ ਪੜ੍ਹਾਈਆ। ਪੂਰਾ ਕਰੇ ਕੀਤਾ ਕੌਲਾ, ਕੀਤਾ ਕੌਲ ਭੁਲ ਨਾ ਜਾਈਆ। ਨਾ ਕੋਈ ਜਾਣੇ ਪੰਡਤ ਰੌਲਾ, ਜਗਤ ਵਿਦਿਆ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਬ੍ਰਹਮ ਬ੍ਰਹਮਾਦਿ ਹਰਿਜਨ ਹਰਿ ਹਰਿ ਪੂਰੀ ਆਸ ਕਰਾਈਆ। ਪੂਰੀ ਆਸ ਮਨਸਾ ਪੂਰ, ਮਨ ਮਨ ਹੀ ਮਾਹੇਂ ਕਰਾਇੰਦਾ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਿਰਸ ਹਵਸ ਸਰਬ ਮਿਟਾਇੰਦਾ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਘਿਰਤ ਵਖਾਇੰਦਾ। ਚਤੁਰ ਬਣਾ ਮੂਰਖ ਮੂੜ੍ਹ, ਸਾਚੇ ਧੰਦੇ ਆਪੇ ਲਾਇੰਦਾ। ਕਾਇਆ ਚੋਲੀ ਚਾੜ੍ਹ ਰੰਗ ਗੂੜ੍ਹ, ਰੰਗ ਰਤੜੀ ਸੇਜ ਸੁਹਾਇੰਦਾ। ਏਕਾ ਬਖ਼ਸ਼ ਜੋਤੀ ਨੂਰ, ਘਰ ਦੀਆ ਦੀਪਕ ਆਪ ਜਗਾਇੰਦਾ। ਏਕਾ ਨਾਦ ਧੁੰਨ ਸਚ ਤੂਰ, ਰਾਗੀ ਰਾਗ ਅਲਾਇੰਦਾ। ਆਸਾ ਮਨਸਾ ਮਨਸਾ ਆਸਾ ਗੁਰਮੁਖ ਗੁਰ ਗੁਰ ਪੂਰ, ਜਗਤ ਤ੍ਰਿਸਨਾ ਸਰਬ ਮਿਟਾਇੰਦਾ । ਆਵੇ ਨੇੜੇ ਜੋ ਵਸੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਰਬ ਕਲਾ ਭਰਪੂਰ, ਸੋ ਸਵਾਮੀ ਸਤਿਗੁਰ ਨਾਉਂ ਰਖਾਇੰਦਾ। ਗੁਰਸਿਖ ਵਿਰਲੇ ਕਰੇ ਮਨਜ਼ੂਰ, ਜਿਸ ਆਪਣਾ ਪਰਵਾਨਾ ਨਾਮ ਹੱਥ ਫੜਾਇੰਦਾ। ਜਨਮ ਜਨਮ ਦੇ ਕਰੇ ਮੁਆਫ਼ ਕ਼ਸੂਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਕਾਇਆ ਤਪੇ ਨਾ ਜਗਤ ਤੰਦੂਰ, ਅਗਨੀ ਅੱਗ ਆਪ ਬੁਝਾਇੰਦਾ। ਰੋਗ ਸੋਗ ਦੁੱਖੜਾ ਚੂਰ ਚੂਰ, ਸਾਚਾ ਅੰਮ੍ਰਿਤ ਜਾਮ ਪਿਆਇੰਦਾ। ਜਿਸ ਦੀ ਆਸ ਰੱਖੀ ਮੁਹੰਮਦ ਵਿਚ ਬਹਿਸ਼ਤਾਂ ਹੂਰ, ਮੁਹੰਮਦ ਹੂਰ ਗੁਰਸਿਖਾਂ ਦਰ ਫਿਰਾਇੰਦਾ। ਮੁਹੰਮਦ ਆਸਾ ਸਾਚੀ ਹੂਰ, ਮੇਲ ਮਿਲਾਏ ਨੂਰ ਨਾਲ ਨੂਰ, ਨੂਰ ਨੁਰਾਨਾ ਖੇਲ ਖਿਲਾਇੰਦਾ। ਗੁਰਸਿਖ ਤੇਰਾ ਮੇਲਾ ਕਰੇ ਜ਼ਰੂਰ, ਆਪਣੀ ਜ਼ਰੂਰਤ ਪੂਰੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਾਲੀ ਨੱਢੀ ਲਾਏ ਅੰਗ, ਸਿਰ ਹੱਥ ਰੱਖ ਸੂਰਾ ਸਰਬੰਗ, ਆਪਣੇ ਘਰ ਬਹਾਇੰਦਾ । ਘਰ ਬਹਿਣਾ ਦਰਸਨ ਨੈਣਾ, ਮੁਖੜਾ ਨੂਰ ਨੂਰ ਦਰਸਾਈਆ। ਗੁਰਸਿਖ ਮੰਨਣਾ ਗੁਰ ਕਾ ਕਹਿਣਾ, ਭੁਲ ਕਦੇ ਨਾ ਜਾਈਆ। ਸਾਧ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਸੰਗਤ ਹਰਿ ਕਾ ਰੂਪ ਵਖਾਈਆ। ਗੁਰ ਚਰਨ ਪ੍ਰੀਤੀ ਸਾਚਾ ਗਹਿਣਾ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ। ਆਦਿ ਅੰਤ ਭਾਣਾ ਸਹਿਣਾ, ਹਰਿ ਭਾਣੇ ਵਿਚ ਸਮਾਈਆ। ਆਪੇ ਦੇਵੇ ਲਹਿਣਾ ਦੇਣਾ, ਪੂਰਬ ਲੇਖਾ ਝੋਲੀ ਪਾਈਆ। ਆਦਿ ਅੰਤ ਭਗਤ ਭਗਵੰਤ ਧਾਮ ਇਕੱਠੇ ਰਹਿਣਾ, ਏਕਾ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸੱਜਣ ਰਹਿਣਾ ਤਿਆਰ, ਜਗਤ ਤਿਆਰੀ ਆਪ ਕਰਾਇੰਦਾ। ਆਪੇ ਮੇਲਾ ਕਰੇ ਮੇਲਣਹਾਰ, ਮਿਲ ਮਿਲ ਆਪਣੇ ਅੰਗ ਲਗਾਇੰਦਾ। ਘਰ ਘਰ ਦਰ ਦਰ ਪਾਵੇ ਸਾਰ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਸੁਰਤੀ ਸੁਰਤ ਲਏ ਉਠਾਲ, ਜਗਤ ਨਿਮਾਣੀ ਆਪ ਜਗਾਇੰਦਾ। ਹਾਣੀ ਹਾਣੀ ਮੇਲੀ ਗੁਰ ਕਰਤਾਰ, ਸ਼ਬਦੀ ਸ਼ਬਦ ਬੰਧਨ ਪਾਇੰਦਾ। ਮੰਦਰ ਵਖਾਏ ਇਕ ਦਵਾਰ, ਸਚ ਦਵਾਰਾ ਆਪ ਵਡਿਆਇੰਦਾ। ਗੁਰਸਿਖ ਭੁਲ ਨਾ ਜਾਏ ਵਿਚ ਸੰਸਾਰ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲਗਾਇੰਦਾ। ਨਿਹਕਲੰਕ ਨਰਾਇਣ ਨਰ ਲਏ ਅਵਤਾਰ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ । ਲੱਖ ਚੁਰਾਸੀ ਵਿਚੋਂ ਲਏ ਨਿਕਾਲ, ਨਿੱਕਾ ਵੱਡਾ ਬਿਰਧ ਬਾਲ ਨਾ ਵੰਡ ਵੰਡਾਇੰਦਾ। ਆਪ ਆਪਣਿਆਂ ਕਰੇ ਆਪ ਸੰਭਾਲ, ਬਣ ਸੇਵਕ ਸੇਵ ਕਮਾਇੰਦਾ। ਸਦਾ ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾਇੰਦਾ। ਗੁਰਸਿਖ ਚਲੇ ਤੇਰੇ ਨਾਲ ਨਾਲ, ਚਲਣਹਾਰਾ ਦਿਸ ਨਾ ਆਇੰਦਾ। ਪਾਵੇ ਸਾਰ ਸ਼ਾਹ ਕੰਗਾਲ, ਜਗਤ ਕੰਗਾਲੀ ਆਪਣੀ ਝੋਲੀ ਪਾਇੰਦਾ। ਆਪ ਮੁਰੀਦਾਂ ਸੁਣੇ ਹਾਲ, ਆਪਣਾ ਹਾਲ ਮੁਰੀਦਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਵਰ, ਘਰ ਸਾਚੇ ਆਪ ਬਹਾਇੰਦਾ। ਗੁਰਸਿਖ ਵਸਣਾ ਹਰੀ ਦਵਾਰ, ਹਰਿ ਮੰਦਰ ਆਪ ਬਣਾਇਆ। ਝੂਠਾ ਨਾਤਾ ਸਰਬ ਸੰਸਾਰ, ਹਉਮੇਂ ਰੋਗ ਰਿਹਾ ਸਤਾਇਆ। ਘਰ ਘਰ ਦਿਸੇ ਜਗਤ ਵਿਭਚਾਰ, ਨਾਰ ਹਰਿ ਕੰਤ ਨਾ ਕੋਇ ਹੰਢਾਇਆ। ਸੁਰਤੀ ਸ਼ਬਦ ਨਾ ਕਰੇ ਪਿਆਰ, ਰਸਨਾ ਜਿਹਵਾ ਕਾਗ ਰਹੀ ਕੁਰਲਾਇਆ। ਮਨ ਉਪਜੇ ਨਾ ਕੋਇ ਵੈਰਾਗ, ਜਗਤ ਤ੍ਰਿਸਨਾ ਮੂਲ ਰਖਾਇਆ। ਜਿਸ ਜਨ ਤੇਰਾ ਸਾਜਨ ਲਿਆ ਸਾਜ, ਸੋ ਸਾਹਿਬ ਕਿਉਂ ਮਨੋਂ ਭੁਲਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਰੱਖੇ ਲਾਜ, ਜਨ ਭਗਤਾਂ ਰਖਦਾ ਆਇਆ। ਕਲਜੁਗ ਅੰਤਮ ਮਾਰੀ ਇਕ ਆਵਾਜ਼, ਸੋਹੰ ਢੋਲਾ ਗਾਇਆ। ਹੰ ਬ੍ਰਹਮ ਪਾਰਬ੍ਰਹਮ ਨਿਰਗੁਣ ਸਰਗੁਣ ਰਚਿਆ ਕਾਜ, ਨਾਰੀ ਕੰਤ ਰੂਪ ਵਟਾਇਆ। ਵਡਿ ਭਾਗਣ ਮਿਲਿਆ ਕੰਤ ਸੁਹਾਗ, ਕੰਤ ਕੰਤੂਹਲਾ ਨਜ਼ਰੀ ਆਇਆ। ਜਗਤ ਰਸਨਾ ਮੇਟੇ ਸਰਬ ਸਵਾਦ, ਆਤਮ ਰਸ ਏਕਾ ਪਾਇਆ। ਜਿਸ ਸ੍ਰਿਸ਼ਟ ਸਬਾਈ ਉਪਾਈ ਆਦਿ, ਅੰਤਮ ਆਪੇ ਵੇਖਣ ਆਇਆ। ਜਿਸ ਨੂੰ ਗਾਉਂਦੇ ਬ੍ਰਹਮ ਬ੍ਰਹਿਮਾਦ, ਸੋ ਪੁਰਖ ਨਿਰੰਜਣ ਰੂਪ ਧਰਾਇਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਯਾਦ, ਬੈਠੇ ਸੀਸ ਝੁਕਾਇਆ। ਜਿਸ ਅੱਗੇ ਗੁਰ ਅਵਤਾਰ ਕਰਨ ਫ਼ਰਯਾਦ, ਸੋ ਮਾਹੀ ਆਪਣਾ ਖੇਲ ਰਿਹਾ ਕਰਾਇਆ। ਜਿਸ ਦੀ ਬਾਣੀ ਬੋਧ ਅਗਾਧ, ਜਸ ਵੇਦ ਪੁਰਾਨ ਗਾਇਆ। ਸੋ ਪੁਰਖ ਗੁਰਸਿਖਾਂ ਕਰੇ ਸੱਚਾ ਲਾਡ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇਆ। ਆਪੇ ਮਾਈ ਆਪੇ ਬਾਪ, ਗੁਰਸਿਖ ਪਿਤਾ ਪੂਤ ਗੋਦ ਸੁਹਾਇਆ। ਗੁਰਸਿਖਾਂ ਦੀ ਰੱਖੀ ਆਪ ਯਾਦ, ਘਰ ਘਰ ਦਰ ਦਰ ਜਾ ਜਾ ਰਿਹਾ ਉਠਾਇਆ। ਭੁਲ ਨਾ ਜਾਏ ਪੂਰਬ ਜਨਮ ਦਾ ਕੀਤਾ ਲਾਡ, ਜਨਮ ਜਨਮ ਕਰਮ ਕਰਮ ਧਰਮ ਧਰਮ ਆਪਣੇ ਹੱਥ ਰਖਾਇਆ। ਕਲਜੁਗ ਅੰਤ ਗੁਰਮੁਖ ਸੱਚਾ ਸੰਤ ਸਾਧ, ਜਿਸ ਜਨ ਆਪਣੇ ਚਰਨ ਲਗਾਇਆ। ਚਾਰ ਕੁੰਟ ਵੇਖੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਹਿਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਏਕਾ ਦਾਨ, ਅੰਤਮ ਆਸਾ ਪੂਰ ਦਏ ਕਰਾਇਆ।