Granth 10 Likhat 212: 17 Assu 2018 Bikarmi Thekedar Thakar Singh de Greh Jethuwal

੧੭ ਅਸੂ ੨੦੧੮ ਬਿਕ੍ਰਮੀ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ ਜੇਠੂਵਾਲ

ਸੱਚ ਨਿਸ਼ਾਨਾ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸਤਿ ਰਖਾਇੰਦਾ। ਸਚਖੰਡ ਸੁਹਾਏ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਭੂਪਤ ਆਪਣੀ ਖੇਲ ਖਿਲਾਇੰਦਾ। ਸ਼ਬਦ ਅਨਾਦੀ ਧੁਰ ਫ਼ਰਮਾਨ, ਬ੍ਰਹਿਮਾਦੀ ਬ੍ਰਹਮ ਜਣਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਲੋਕਮਾਤ ਖੇਲ ਖਿਲਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਵੇਸ ਅਨੇਕਾ ਆਪ ਵਟਾਇੰਦਾ। ਜੁਗ ਚੌਕੜੀ ਵੇਖੇ ਆਣ, ਗੇੜਾ ਗੇੜੇ ਵਿਚ ਭਵਾਇੰਦਾ। ਸਤਿ ਸਰੂਪੀ ਨਿਗਹਵਾਨ, ਨਿਰਵੈਰ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਖੇਲ ਕਰਾਇੰਦਾ। ਜੋਤੀ ਜਾਤਾ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਨਿਰਗੁਣ ਨਿਰਗੁਣ ਲੈ ਅਵਤਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਉਪਾਏ ਸਚ ਦਵਾਰਾ, ਦਰ ਘਰ ਸਾਚਾ ਆਪ ਸੁਹਾਈਆ। ਨਿਰਗੁਣ ਬਣ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਨਾਉਂ ਧਰਾਈਆ। ਨਿਰਗੁਣ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਜਣਾਈਆ। ਨਿਰਗੁਣ ਖੇਲ ਕਰੇ ਸੰਸਾਰਾ, ਵੇਦ ਕਤੇਬ ਭੇਵ ਨਾ ਰਾਈਆ। ਪਰਗਟ ਹੋ ਨਿਹਕਲੰਕ ਨਰ ਅਵਤਾਰਾ, ਹਰਿਜਨ ਸਾਚੇ ਲਏ ਤਰਾਈਆ। ਬਾਲ ਬਾਲੀ ਕਰ ਪਿਆਰਾ, ਪ੍ਰੇਮ ਪਿਆਲਾ ਆਪ ਪਿਆਈਆ। ਆਪੇ ਬੰਨ੍ਹੇ ਸਾਚੀ ਧਾਰਾ, ਦਰਗਹਿ ਸਾਚੀ ਦਏ ਵਡਿਆਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਗਾ ਗਾ ਥੱਕੇ ਪੀਰ ਪੈਗ਼ੰਬਰ ਗੁਰ ਅਵਤਾਰਾ, ਸਾਧ ਸੰਤ ਧਿਆਨ ਲਗਾਈਆ। ਹਰਿ ਕਾ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਕਹੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਖੇਲ ਆਪਣੇ ਹੱਥ ਰਖਾਇੰਦਾ। ਵੀਹ ਸੌ ਦਸ ਬਿਕ੍ਰਮੀ ਸਤਾਰਾਂ ਮੱਘਰ ਪਿਛਲਾ ਚੇਤਾ ਫੇਰ ਕਰੌਣਾ, ਅਭੁਲ ਭੁਲ ਕਦੇ ਨਾ ਜਾਇੰਦਾ। ਜਿਸ ਦਵਾਰੇ ਬਹਿ ਬਹਿ ਆਪਣਾ ਲੇਖ ਲਿਖੌਣਾ, ਸੋ ਲੇਖਾ ਆਪਣੇ ਹੱਥ ਰਖਾਇੰਦਾ। ਚਵ੍ਹੀ ਹੱਥ ਨਿਸ਼ਾਨ ਜਿਸ ਪਰਗਟੌਣਾ, ਪਰਗਟ ਹੋ ਹੋ ਆਪਣਾ ਰੂਪ ਧਰਾਇੰਦਾ। ਛੱਤੀ ਫ਼ੁਟ ਰੰਗ ਰੰਗੌਣਾ, ਛੱਤੀ ਰਾਗ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਵੀਹ ਸੌ ਦਸ ਬਿਕ੍ਰਮੀ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਸੱਤ ਰੰਗ ਨਿਸ਼ਾਨਾ ਲੇਖ ਨਿਆਰਾ, ਨਿਰਗੁਣ ਨਿਰਵੈਰ ਆਪ ਲਿਖਾਈਆ। ਲੇਖਾ ਜਾਣੇ ਸਚ ਦਵਾਰਾ, ਬੰਕ ਦਵਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਦੂਸਰ ਕੋਇ ਨਾ ਜਗਤ ਵਡਿਆਈ, ਵਡ ਵਡਾ ਨਾ ਕੋਇ ਅਖਵਾਇੰਦਾ। ਕਰੇ ਖੇਲ ਬੇਪਰਵਾਹੀ, ਪਰਵਾਹ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਬਣ ਮਲਾਹੀ, ਜਨ ਭਗਤਾਂ ਬੇੜਾ ਆਪ ਚਲਾਇੰਦਾ। ਏਕਾ ਦੇਵੇ ਨਾਮ ਸਲਾਹੀ, ਸਾਚੀ ਸਿਖਿਆ ਇਕ ਸਮਝਾਇੰਦਾ। ਪਕੜ ਉਠਾਏ ਫੜ ਫੜ ਬਾਹੀਂ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਕਰੇ ਪਿਆਰ ਜਿਉਂ ਬਾਲਕ ਮਾਈ, ਪਿਤਾ ਪੂਤ ਗੋਦ ਸੁਹਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹੀ, ਅਛਲ ਅਛੱਲ ਰੂਪ ਧਰਾਇੰਦਾ। ਬਲ ਬਾਵਨ ਵੇਖੇ ਚਾਈਂ ਚਾਈਂ, ਨੇਤਰ ਨੈਣ ਇਕ ਖੁਲ੍ਹਾਇੰਦਾ। ਸਰਬ ਜੀਆਂ ਦਾ ਹਰਿ ਗੋਸਾਈਂ, ਗੋਬਿੰਦ ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਆਪਣਾ ਵੇਸ ਆਪੇ ਰਖ, ਆਪਣੀ ਖੇਲ ਖਿਲਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋ ਪਰਤੱਖ, ਪਰਮ ਪੁਰਖ ਖੇਲ ਖਿਲਾਈਆ। ਲੇਖਾ ਜਾਣੇ ਦੋ ਚਾਰ ਚਵੀ ਹੱਥ, ਤਿੰਨ ਛੇ ਬੰਧਨ ਪਾਈਆ। ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਵਡ ਵਡਿਆਈਆ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰਾਂ ਮਾਰਗ ਦੱਸ, ਜੁਗ ਜੁਗ ਆਪਣਾ ਪੰਥ ਵਖਾਈਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕਾ ਪੌੜਾ ਆਪ ਚੜ੍ਹਾਈਆ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਦਰਸਨ ਦੇਵੇ ਹੱਸ ਹੱਸ, ਹੰਸ ਮੁਖ ਸੱਚਾ ਸ਼ਹਿਨਸ਼ਾਹੀਆ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਚਲਾਈਆ। ਜਨ ਭਗਤਾਂ ਹੋਏ ਸਦਾ ਵਸ, ਪ੍ਰੇਮ ਬੰਧਨ ਏਕਾ ਪਾਈਆ। ਧੁਰ ਦਰਗਾਹੀ ਲੋਕਮਾਤ ਆਏ ਨੱਸ, ਰੂਪ ਅਨੂਪ ਆਪ ਵਟਾਈਆ। ਪੂਰੀ ਕਰੇ ਸਾਹਿਬ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ, ਜਨ ਭਗਤਾਂ ਦਰਸ ਦਿਖਾਏ ਨੇਤਰ ਨੈਣਾਂ, ਤ੍ਰਿਸ਼ਨਾ ਭੁੱਖ ਗਵਾਈਆ। ਤ੍ਰਿਸ਼ਨਾ ਭੁੱਖ ਹੋਏ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਪਰਗਟ ਹੋਏ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਰੂਪ ਧਰਾਇੰਦਾ। ਜੋਤੀ ਜਾਤਾ ਸਾਚਾ ਨੂਰ, ਨਿਰਾਕਾਰ ਆਪ ਵਖਾਇੰਦਾ। ਸ਼ਬਦ ਅਨਾਦੀ ਏਕਾ ਤੂਰ, ਅਨਹਦ ਰਾਗ ਸੁਣਾਇੰਦਾ। ਸਰਬ ਕਲ ਆਪੇ ਭਰਪੂਰ, ਪਰਮ ਪੁਰਖ ਨਾਉਂ ਧਰਾਇੰਦਾ। ਵਸਣਹਾਰਾ ਨੇੜੇ ਦੂਰ, ਜਨ ਭਗਤਾਂ ਆਪਣਾ ਮੇਲ ਮਿਲਾਇੰਦਾ। ਲਹਿਣਾ ਦੇਣਾ ਲੇਖੇ ਲਾਏ ਜ਼ਰੂਰ, ਆਪਣੀ ਜ਼ਰੂਰਤ ਪੂਰੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਬਣਤ ਆਪ ਬਣਾਇੰਦਾ। ਸਾਚੀ ਬਣਤ ਸ੍ਰੀ ਭਗਵੰਤ, ਆਦਿ ਅੰਤ ਬਣਾਈਆ। ਸਰਬ ਜੀਆਂ ਦਾ ਏਕਾ ਕੰਤ, ਨਿਰਵੈਰ ਪੁਰਖ ਸੱਚਾ ਸ਼ਹਿਨਸ਼ਾਹੀਆ। ਏਕਾ ਗੁਣ ਏਕਾ ਮੰਤ, ਏਕਾ ਸ਼ਬਦ ਕਰੇ ਪੜ੍ਹਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਘਟ ਘਟ ਅੰਦਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਈਆ। ਦਰ ਘਰ ਸਾਚਾ ਹਰਿ ਸੁਹੌਣਾ, ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਰੂਪ ਧਰੌਣਾ, ਲੋਕ ਪਰਲੋਕ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਦਰਸਨ ਪੌਣਾ, ਨੇਤਰ ਨੈਣਾਂ ਰਾਹ ਤਕਾਈਆ। ਭਗਤ ਭਗਵਾਨ ਦਰ ਬਹੌਣਾ, ਵੇਲਾ ਵਕ਼ਤ ਦਏ ਸੁਹਾਈਆ। ਸਾਚੇ ਸੰਤਾਂ ਗਲੇ ਲਗੌਣਾ, ਆਪ ਆਪਣੇ ਅੰਗ ਲਗਾਈਆ। ਗੁਰਮੁਖਾਂ ਭੇਵ ਆਪ ਖੁਲ੍ਹੌਣਾ, ਅਨਬੋਲਤ ਕਰੇ ਪੜ੍ਹਾਈਆ। ਗੁਰਸਿਖਾਂ ਮਾਰਗ ਇਕ ਦਰਸੌਣਾ, ਨਿਵਣ ਸੁ ਅੱਖਰ ਇਕ ਸਮਝਾਈਆ। ਸਰਬ ਜੀਆਂ ਦਾ ਦਾਤਾ ਏਕਾ ਨਜ਼ਰੀ ਔਣਾ, ਦੂਸਰ ਇਸ਼ਟ ਨਾ ਕੋਇ ਮਨਾਈਆ। ਪੁਰਖ ਅਕਾਲ ਸਭ ਨੇ ਗੌਣਾ, ਨਵ ਖੰਡ ਵੱਜੇ ਵਧਾਈਆ। ਸਤਿ ਸਤਿਵਾਦੀ ਸਤ ਰੰਗ ਨਿਸ਼ਾਨਾ ਇਕ ਚੜ੍ਹੌਣਾ, ਲੋਆਂ ਪੁਰੀਆਂ ਆਣ ਉਠਾਈਆ। ਲੋਕਮਾਤ ਸਚਖੰਡ ਬਣੌਣਾ, ਬ੍ਰਹਿਮੰਡ ਵੇਖੇ ਚਾਈਂ ਚਾਈਂਆ। ਜੇਰਜ ਅੰਡ ਪੰਧ ਮੁਕੌਣਾ, ਉਤਭੁਜ ਸੇਤਜ ਲਹਿਣਾ ਦਏ ਮੁਕਾਈਆ। ਗੀਤ ਸੁਹਾਗੀ ਛੰਦ ਏਕਾ ਗੌਣਾ, ਸਤਿਜੁਗ ਕਰੇ ਸਚ ਪੜ੍ਹਾਈਆ। ਪਰਮਾਨੰਦ ਇਕ ਦਰਸੌਣਾ, ਨਿਜਾਨੰਦ ਕਰੇ ਰਸਾਈਆ। ਦਵੈਤੀ ਕੰਧ ਆਪੇ ਢੌਣਾ, ਭਰਮ ਗੜ੍ਹ ਦਏ ਤੁੜਾਈਆ। ਸਚ ਦਵਾਰਾ ਇਕ ਸੁਹੌਣਾ, ਭਗਤ ਭਗਵੰਤ ਮੇਲ ਮਿਲਾਈਆ। ਪਿਛਲਾ ਲੇਖਾ ਪੂਰ ਕਰੌਣਾ, ਗੁਰ ਅਵਤਾਰਾਂ ਗਿਆ ਸਮਝਾਈਆ। ਸਤਿ ਸਤਿਵਾਦੀ ਏਕਾ ਸਾਤਾ ਅੱਖਰ ਪੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੂਆ ਸਾਤੇ ਨਾਲ ਮਿਲਾਈਆ। ਬਹੱਤਰ ਰੂਪ ਮਾਤ ਪਰਗਟੌਣਾ, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰਾ ਇਕ ਸੁਹੌਣਾ, ਸੋਭਾਵੰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿ ਜੂ ਲਏ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਾਣੇ ਮਹਾਨ, ਭਗਤਾਂ ਅੰਦਰ ਵਸ ਭਗਵਾਨ, ਆਪਣਾ ਵਸ ਨਾ ਕੋਇ ਰਖਾਈਆ।