Granth 10 Likhat 210: 7 Assu 2018 Bikarmi Jethuwal Darbar wich

੭ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਈਆ। ਨਿਰਗੁਣ ਖੇਲ ਸਰਗੁਣ ਧਾਰਾ, ਸਤਿ ਸਤਿਵਾਦੀ ਆਪ ਚਲਾਈਆ। ਜੋਤੀ ਜਾਤਾ ਹੋ ਉਜਿਆਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਜੁਗ ਚੌਕੜੀ ਵੇਖ ਵਖਾਈਆ। ਨਾਮ ਸਤਿ ਬੋਲ ਜੈਕਾਰਾ, ਬ੍ਰਹਮ ਮਤ ਦਏ ਜਣਾਈਆ। ਕਮਲਾਪਤ ਹਰਿ ਗਿਰਧਾਰਾ, ਨਿਰਾਕਾਰ ਸਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਹੁਕਮ ਜਣਾਈਆ। ਆਦਿ ਅੰਤ ਰਹੇ ਨਿਆਰਾ, ਨਿਰਵੈਰ ਖੇਲ ਖਿਲਾਈਆ। ਸ਼ਬਦ ਅਨਾਦ ਏਕਾ ਨਾਅਰਾ, ਨਾਮ ਨਿਧਾਨਾ ਆਪੇ ਗਾਈਆ। ਧਰਨੀ ਧਵਲ ਦੇ ਸਹਾਰਾ, ਧਰਤ ਦਏ ਵਡਿਆਈਆ। ਜਲ ਜਲ ਰੂਪ ਠੰਡੀ ਠਾਰਾ, ਤੀਰਥ ਤਟ ਸੁਹਾਈਆ। ਗੁਰ ਅਵਤਾਰ ਦੇ ਸਹਾਰਾ, ਭੇਵ ਅਭੇਦ ਖੁਲ੍ਹਾਈਆ। ਕਰੇ ਕਰਾਏ ਆਪਣੀ ਕਾਰਾ, ਕਰਤਾ ਪੁਰਖ ਵਡ ਵਡਿਆਈਆ। ਸਤਿਜੁਗ ਤਰੇਤਾ ਵੇਖ ਅਖਾੜਾ, ਦਵਾਪਰ ਫੇਰਾ ਪਾਈਆ। ਕਲਜੁਗ ਸੁਣੇ ਆਪ ਪੁਕਾਰਾ, ਅਭੁਲ ਭੁੱਲ ਕਦੇ ਨਾ ਜਾਈਆ। ਜੀਵ ਜੰਤ ਹਾਹਾਕਾਰਾ, ਮਛ ਕਛ ਰਿਹਾ ਕੁਰਲਾਈਆ। ਗਗਨ ਮੰਡਲ ਧੂਆਂਧਾਰਾ, ਰਵ ਸਸ ਨਾ ਕੋਇ ਰੁਸ਼ਨਾਈਆ। ਨਵ ਨੌਂ ਡੂੰਘੀ ਗਾਰਾ, ਸਤਿ ਸਤਿਵਾਦੀ ਚੰਦ ਨਾ ਕੋਈ ਚੜ੍ਹਾਈਆ। ਪਾਰਬ੍ਰਹਮ ਨਾ ਕੋਇ ਪਿਆਰਾ, ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਚ ਮਹੱਲ ਨਾ ਕੋਇ ਮੁਨਾਰਾ, ਜਗਤ ਵਾਸਨਾ ਫਿਰੇ ਲੋਕਾਈਆ। ਮੰਦਰ ਮਸਜਦ ਗੁਰੂਦਵਾਰਾ, ਸ਼ਿਵਦਵਾਲਾ ਮਠ ਜਗਤ ਲੜਾਈਆ। ਪੁਰਖ ਅਬਿਨਾਸ਼ੀ ਵਸੇ ਬਾਹਰਾ, ਹੱਥ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਵਡ ਵਡਿਆਈਆ। ਨਿਹਕਲੰਕ ਲੈ ਅਵਤਾਰਾ, ਸੰਬਲ ਆਪਣਾ ਧਾਮ ਸੁਹਾਈਆ। ਗੋਬਿੰਦ ਮੇਲਾ ਮੀਤ ਮੁਰਾਰਾ, ਗੁਰ ਚੇਲਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਬੰਧਨ ਪਾਏ ਹਰਿ ਨਿਰੰਕਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਚੌਕੜੀ ਖੇਲ ਅਪਾਰ, ਰੂਪ ਅਨੂਪ ਧਰਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਸਰਗੁਣ ਸਰਗੁਣ ਲਏ ਸਮਝਾਈਆ। ਸਰਗੁਣ ਮੀਤ ਬਣ ਮੁਰਾਰ, ਸਗਲਾ ਸੰਗ ਨਿਭਾਈਆ। ਸਰਗੁਣ ਇਸ਼ਟ ਵਿਚ ਸੰਸਾਰ, ਦ੍ਰਿਸ਼ਟ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਾਚਾ ਖੇਲ ਹਰਿ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਵੇਖੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਗੁਰ ਅਵਤਾਰ ਦੇ ਸਹਾਰਾ, ਲੋਕਮਾਤ ਪਰਗਟਾਇੰਦਾ। ਆਪੇ ਜਾਣੇ ਅਗੰਮੀ ਧਾਰਾ, ਨਾਮ ਸਤਾਰਾ ਇਕ ਵਜਾਇੰਦਾ। ਸ਼ਬਦ ਅਨਾਦ ਅਨਾਦੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਨਿਰਗੁਣ ਦੀਆ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਕਾਇਆ ਮੰਦਰ ਸਚ ਮਨਾਰਾ, ਮਹੱਲ ਅਟਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਨੇਯੋਗ, ਯੁਗਤ ਆਪਣੇ ਹੱਥ ਰਖਾਈਆ। ਲੇਖਾ ਜਾਣੇ ਲੋਕ ਪਰਲੋਕ, ਬ੍ਰਹਿਮੰਡ ਖੰਡ ਭੇਵ ਚੁਕਾਈਆ। ਨਾਮ ਜਣਾਏ ਸਚ ਸਲੋਕ, ਜੁਗਾ ਜੁਗੰਤਰ ਜਗਤ ਪੜ੍ਹਾਈਆ। ਭਾਗ ਲਗਾਏ ਸਾਚੇ ਕੋਟ, ਕਾਇਆ ਬੰਕ ਸੋਭਾ ਪਾਈਆ। ਨਾਮ ਭੰਡਾਰਾ ਦੇ ਅਤੋਟ, ਅਤੁਟ ਆਪ ਵਰਤਾਈਆ। ਕੱਢਣਹਾਰਾ ਵਾਸਨਾ ਖੋਟ, ਸਚ ਸੁਚ ਵਿਚ ਸਮਾਈਆ। ਇਕ ਜਣਾਏ ਸਾਚੀ ਓਟ, ਪੁਰਖ ਅਕਾਲ ਇਸ਼ਟ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਹੁਕਮੀ ਹੁਕਮ ਆਪ ਮਨਾਇੰਦਾ। ਦੇਵਣਹਾਰਾ ਦਾਨੀ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਰਬ ਘਟਾਂ ਘਟ ਜਾਣੀ ਜਾਣ, ਜਾਨਣਹਾਰ ਭੇਵ ਖੁਲ੍ਹਾਇੰਦਾ। ਪਰਗਟ ਹੋ ਵਿਚ ਜਹਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸ਼ਬਦ ਉਡਾਏ ਇਕ ਬਬਾਣ, ਪੁਰੀਆਂ ਲੋਆਂ ਆਪ ਫਿਰਾਇੰਦਾ। ਆਪੇ ਵੇਖੇ ਮਾਰ ਧਿਆਨ, ਵੇਖਣਹਾਰਾ ਦਿਸ ਨਾ ਆਇੰਦਾ। ਸਤ ਰੰਗਾਏ ਇਕ ਨਿਸ਼ਾਨ, ਦੋ ਜਹਾਨਾ ਆਪ ਝੁਲਾਇੰਦਾ। ਪਰਮ ਪੁਰਖ ਹੋ ਮਿਹਰਵਾਨ, ਦੀਨ ਦਿਆਲ ਦਇਆ ਕਮਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਲੋਕਮਾਤ ਉਠਾਇੰਦਾ। ਆਤਮ ਅੰਤਰ ਇਕ ਗਿਆਨ, ਆਪਣਾ ਦਰਸ ਕਰਾਇੰਦਾ। ਨਾਤਾ ਤੋੜ ਜੀਵ ਜਹਾਨ, ਏਕਾ ਬੰਧਨ ਪਾਇੰਦਾ। ਏਕਾ ਰਾਗ ਸੁਣਾਏ ਕਾਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨ, ਨੌਂ ਦਵਾਰ ਖੋਲ੍ਹ ਖੁਲ੍ਹਾਇੰਦਾ। ਏਕਾ ਘਰ ਮਿਲੇ ਭਗਵਾਨ, ਦੂਜੇ ਦਰ ਨਾ ਮੰਗਣ ਜਾਇੰਦਾ। ਇਕ ਵਖਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਇਕ ਜਣਾਏ ਆਪਣੀ ਆਣ, ਦੂਸਰ ਓਟ ਨਾ ਕੋਇ ਵਖਾਇੰਦਾ। ਆਪੇ ਹੋਏ ਬੇਪਹਿਚਾਨ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲ ਕਰ ਪੁਰਖ ਸਮਰਥ, ਆਪਣੀ ਬਣਤ ਆਪ ਬਣਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਈਆ। ਆਪੇ ਜਾਣੇ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਲਏ ਲਗਾਈਆ। ਆਪਣੇ ਮੰਦਰ ਆਪੇ ਵਸ, ਆਪੇ ਸੋਭਾ ਪਾਈਆ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਸਾਚਾ ਮਾਹੀਆ। ਆਪਣਾ ਆਪੇ ਹੋਏ ਆਪਣੇ ਵਸ, ਆਪਣੀ ਆਸ ਆਪ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਖੇਲਣਹਾਰਾ ਇਕ ਅਖਵਾਇੰਦਾ। ਸਚਖੰਡ ਦਵਾਰੇ ਭਾਗ ਲਗੌਣਾ, ਸਚਖੰਡ ਦਵਾਰ ਸੋਭਾ ਪਾਇੰਦਾ। ਨਿਰਗੁਣ ਹੋ ਹੋ ਵੇਸ ਵਟੌਣਾ, ਰੂਪ ਅਨੂਪ ਧਰਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਸਤਿ ਸਤਿਵਾਦੀ ਮਾਰਗ ਲੌਣਾ, ਵੇਦ ਕਤੇਬ ਭੇਵ ਨਾ ਆਇੰਦਾ। ਸਤਿਜੁਗ ਸਾਚਾ ਰਾਹ ਚਲੌਣਾ, ਸਾਚੀ ਸਿਖਿਆ ਇਕ ਸਮਝਾਇੰਦਾ। ਨੌਂ ਦਵਾਰੇ ਖੋਲ੍ਹ ਖੁਲ੍ਹੌਣਾ, ਦਰ ਆਪਣਾ ਬੰਦ ਵਖਾਇੰਦਾ। ਸਾਚਾ ਸਗਨ ਆਪ ਮਨੌਣਾ, ਆਪ ਆਪਣਾ ਦਿਨ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਸੰਗ ਰਲਾਇੰਦਾ। ਨਾ ਕੋਈ ਸੰਗ ਨਾ ਕੋਈ ਸੰਗੀ, ਸਗਲਾ ਸੰਗ ਨਾ ਕੋਇ ਰਖਾਈਆ। ਜਨ ਭਗਤਾਂ ਦੇਵੇ ਦਾਤ ਅਨਮੰਗੀ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਜਨਮ ਜਨਮ ਦੀ ਕੱਟੇ ਤੰਗੀ, ਰੋਗ ਸੋਗ ਗਵਾਈਆ। ਵਿਚੋਂ ਕੱਢੇ ਵਾਸਨਾ ਗੰਦੀ, ਸੋਹੰ ਅੱਖਰ ਇਕ ਪੜ੍ਹਾਈਆ। ਰਾਏ ਧਰਮ ਨਾ ਪਾਏ ਫੰਦੀ, ਜਗਤ ਜੰਜਾਲਾ ਦਏ ਮਿਟਾਈਆ। ਸ੍ਰਿਸ਼ਟ ਸਬਾਈ ਹੋਈ ਅੰਧੀ, ਹਰਿ ਕਾ ਰੂਪ ਨਜ਼ਰ ਨਾ ਆਈਆ। ਲੱਖ ਚੁਰਾਸੀ ਖੜੀ ਕੰਧੀ, ਕਲਜੁਗ ਏਕਾ ਧੱਕਾ ਲਾਈਆ। ਸਚ ਸਿੰਘਾਸਣ ਬਹਿ ਬਹਿ ਪਾਏ ਵੰਡੀ, ਵੰਡਣਹਾਰਾ ਇਕ ਅਖਵਾਈਆ। ਗੋਬਿੰਦ ਲੈ ਕੇ ਆਏ ਗੰਢੀ, ਆਪਣੀ ਗੰਢ ਏਕਾ ਪਾਈਆ। ਜਨ ਭਗਤਾਂ ਦੇਵੇ ਪਵਣ ਠੰਡੀ, ਨਾਮ ਸੁਗੰਧੀ ਵਿਚ ਰਲਾਈਆ। ਬਿਨ ਰਸਨਾ ਜਿਹਵਾ ਚਲਾਏ ਤੰਦੀ, ਤਾਰ ਸਿਤਾਰ ਆਪ ਹਿਲਾਈਆ। ਲੱਖ ਚੁਰਾਸੀ ਵਹੇ ਵਹਿੰਦੀ ਨਦੀ, ਪਾਰ ਕਿਨਾਰਾ ਨਾ ਕੋਇ ਰਖਾਈਆ। ਲਹਿਣਾ ਮੁੱਕੇ ਚੌਧਵੀਂ ਸਦੀ, ਸਦ ਸਦ ਸਨੇਹੜਾ ਰਿਹਾ ਪੁਚਾਈਆ। ਆਪੇ ਵੰਡਣਹਾਰਾ ਹੱਦੀ, ਅੰਤ ਹਦੂਦ ਦਏ ਵਖਾਈਆ। ਚਾਰ ਜੁਗ ਦਾ ਪਿਛਲਾ ਲੇਖਾ ਹੋਇਆ ਰੱਦੀ, ਅੱਗੇ ਕ਼ੀਮਤ ਕੋਇ ਨਾ ਪਾਈਆ। ਨਾ ਕੋਈ ਸੁਦੀ ਨਾ ਕੋਈ ਵਦੀ, ਥਿਤ ਵਾਰ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਜਣਾਈਆ। ਸਾਚਾ ਮਾਰਗ ਹਰਿ ਲਗੌਣਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਸਾਲ ਸਤਵੇਂ ਖੇਲ ਖਿਲੌਣਾ, ਸਤ ਸਤ ਆਪਣਾ ਬੰਧਨ ਪਾਇੰਦਾ। ਸਾਚੀ ਰਤ ਰੰਗ ਚੜ੍ਹੌਣਾ, ਰੰਗਿਆ ਰੰਗ ਉਤਰ ਨਾ ਜਾਇੰਦਾ। ਜਨ ਭਗਤਾਂ ਪਰਮਾਨੰਦ ਵਖੌਣਾ, ਅਨੰਦ ਅਨੰਦ ਆਪਣਾ ਰੂਪ ਵਟਾਇੰਦਾ। ਗ੍ਰਹਿ ਗ੍ਰਹਿ ਆਪਣਾ ਚੰਦ ਚੜ੍ਹੌਣਾ, ਨਿਰਗੁਣ ਜੋਤ ਡਗਮਗਾਇੰਦਾ। ਗੀਤ ਸੁਹਾਗੀ ਛੰਦ ਸੁਣੌਣਾ, ਗੋਬਿੰਦ ਆਪ ਅਲਾਇੰਦਾ। ਜਨਮ ਜਨਮ ਦਾ ਪੰਧ ਮੁਕੌਣਾ, ਜਗਤ ਖੇੜਾ ਆਪੇ ਢਾਹਿੰਦਾ। ਆਪਣੇ ਖੇੜੇ ਸਦ ਬਹੌਣਾ, ਸਾਚਾ ਖੇੜਾ ਆਪ ਵਸਾਇੰਦਾ। ਨੇਰਨ ਨੇਰੇ ਹੋ ਹੋ ਦਰਸ ਦਿਖੌਣਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੁਗ ਜੁਗ ਟੁੱਟੀ ਗੰਢ ਪਵੌਣਾ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਲਜੁਗ ਤੇਰਾ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਧਰਤ ਧਵਲ ਹੋ ਉਜਿਆਰ, ਰੂਪ ਅਨੂਪ ਵਟਾਈਆ। ਭਗਤ ਭਗਵੰਤ ਕਰ ਪਿਆਰ, ਦਰ ਸਾਚੇ ਮੇਲ ਮਿਲਾਈਆ। ਕਾਇਆ ਭਾਂਡੇ ਕਾਚੇ ਕਰੇ ਠੰਡੇ ਠਾਰ, ਸੀਤਲ ਧਾਰ ਅੰਮ੍ਰਿਤ ਮੁਖ ਚੁਆਈਆ। ਏਕਾ ਰੰਗ ਰੰਗਾਏ ਪੁਰਖ ਨਾਰ, ਜੋ ਜਨ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਏ ਵਡਿਆਈਆ। ਦਰ ਘਰ ਸਾਚਾ ਸਚ ਸੁਹੌਣਾ, ਸੋਭਾਵੰਤ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਆਪ ਉਪਜੌਣਾ, ਆਪਣਾ ਹੁਕਮ ਆਪ ਮਨਾਇੰਦਾ। ਸੰਮਤ ਪੰਦਰਾਂ ਚੇਤੇ ਕਰੌਣਾ, ਪਹਿਲੀ ਪੋਹ ਹੁਕਮ ਸੁਣਾਇੰਦਾ। ਨੌਂ ਸਿੱਖ ਨੌ ਦਰ ਬਹੌਣਾ, ਨੌਂ ਨੌਂ ਜੋੜੇ ਨਾਲ ਰਲਾਇੰਦਾ। ਨਵ ਨੌਂ ਬਸਤਰ ਇਕ ਵਖੌਣਾ, ਏਕਾ ਰੰਗ ਚੜ੍ਹਾਇੰਦਾ । ਸਾਚੀ ਇਕੀ ਏਕਾ ਘਰ ਪੌਣਾ, ਸਾਚੀ ਸਿਖੀ ਮੂਲ ਮੁਕਾਇੰਦਾ। ਧਾਰੋਂ ਤਿਖੀ ਆਪ ਜਣੌਣਾ, ਵਾਲੋਂ ਨਿੱਕੀ ਆਪਣੇ ਵਿਚ ਛੁਪਾਇੰਦਾ। ਅਨਡਿਠੀ ਖੇਲ ਆਪ ਕਰੌਣਾ, ਚਾਰ ਜੁਗ ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ।