Granth 10 Likhat 214: 22 Assu 2018 Bikarmi Jethuwal Darbar wich

੨੨ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਵ ਚਾਰ ਬੰਧਨ ਪੌਣਾ, ਸਮਰਥ ਪੁਰਖ ਹੁਕਮ ਜਣਾਇੰਦਾ। ਸਾਚਾ ਮਾਰਗ ਇਕ ਲਗੌਣਾ, ਬ੍ਰਹਿਮੰਡ ਖੰਡ ਰਾਹ ਤਕਾਇੰਦਾ। ਦੋ ਜਹਾਨ ਵੇਖ ਵਖੌਣਾ, ਲੋਆਂ ਪੁਰੀਆਂ ਪਰਦਾ ਲਾਹਿੰਦਾ। ਗੁਰ ਅਵਤਾਰਾਂ ਆਪ ਸਮਝੌਣਾ, ਏਕਾ ਅੱਖਰ ਨਿਸ਼ ਪੜ੍ਹਾਇੰਦਾ। ਚਾਰ ਜੁਗ ਦਾ ਖੇੜਾ ਢੌਣਾ, ਗੇੜਾ ਆਪਣੇ ਹੱਥ ਰਖਾਇੰਦਾ। ਅਗੰਮ ਰੂਪ ਘੇਰਾ ਪੌਣਾ, ਸ਼ਬਦੀ ਫੇਰਾ ਆਪਣੇ ਹੱਥ ਵਖਾਇੰਦਾ। ਹੋ ਦਲੇਰਾ ਖੇਲ ਕਰੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪ ਵਰਤਾਈਆ। ਸਚਖੰਡ ਨਿਵਾਸੀ ਹੋ ਪਰਧਾਨ, ਸਚ ਦਵਾਰਾ ਦਏ ਸੁਹਾਈਆ । ਛੱਤੀ ਜੁਗ ਦੀ ਚੁੱਕੇ ਆਣ, ਜੁਗ ਚੌਕੜੀ ਵੇਖ ਵਖਾਈਆ। ਨਵ ਚਾਰ ਮਿਟੇ ਮਾਣ, ਅਭਿਮਾਣ ਨਾ ਕੋਇ ਵਖਾਈਆ। ਗੁਰ ਅਵਤਾਰ ਜੋ ਦੇ ਦੇ ਗਏ ਦਾਨ, ਦਾਤਾ ਦਾਨੀ ਆਪਣੀ ਵਸਤ ਆਪਣੇ ਵਿਚ ਫੇਰ ਮਿਲਾਈਆ। ਲਹਿਣਾ ਚੁਕਾਏ ਗੋਪੀ ਕਾਹਨ, ਰਾਮ ਰਾਮਾ ਝੋਲੀ ਡਾਹੀਆ। ਲੇਖਾ ਜਾਣੇ ਇਲਾਹੀ ਕਲਾਮ, ਕਲਮਾ ਆਪਣੇ ਵਿਚ ਸਮਾਈਆ। ਭੇਵ ਮੁੱਕੇ ਸਤਿਨਾਮ, ਨਾਮ ਸਤਿ ਆਪਣਾ ਬੰਦ ਰਖਾਈਆ। ਏਕਾ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਰਹੇ ਸਾਲਾਹੀਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਸਾਚੇ ਕਰ ਪਹਿਚਾਨ, ਭੇਵ ਅਭੇਦਾ ਦਏ ਖੁਲ੍ਹਾਈਆ। ਤੀਰ ਨਿਰਾਲਾ ਮਾਰੇ ਬਾਣ, ਮਾਰਨਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਜਣਾਇੰਦਾ। ਲੇਖਾ ਜਾਣੇ ਦੋ ਜਹਾਂ, ਦੋਏ ਦੋਏ ਰੂਪ ਆਪ ਧਰਾਇੰਦਾ। ਜੁਗ ਚੌਕੜੀ ਪੰਧ ਮੁਕਾ, ਪਾਂਧੀ ਆਪਣਾ ਪੰਧ ਆਪਣੇ ਹੱਥ ਰਖਾਇੰਦਾ। ਸ਼ਬਦ ਅਨਾਦੀ ਸਚ ਸੁਣਾ, ਆਪਣਾ ਗੀਤ ਆਪ ਅਲਾਇੰਦਾ। ਲੱਖ ਚੁਰਾਸੀ ਮਾਰਗ ਪਾ, ਏਕਾ ਰਾਹ ਵਖਾਇੰਦਾ। ਚਾਰ ਵਰਨ ਦਾ ਕੱਟੇ ਫਾਹ, ਬਰਨ ਵਰਨ ਨਾ ਕੋਇ ਵਖਾਇੰਦਾ। ਏਕਾ ਮੰਦਰ ਦਏ ਵਖਾ, ਸਾਚਾ ਮੰਦਰ ਆਪ ਸੁਹਾਇੰਦਾ। ਡੂੰਘੀ ਕੰਦਰ ਜੋਤ ਜਗਾ, ਜੋਤੀ ਜਾਤਾ ਡਗਮਗਾਇੰਦਾ। ਨੌਂ ਦਵਾਰੇ ਵੇਖ ਵਖਾ, ਨਵ ਨੌਂ ਆਪੇ ਡੇਰਾ ਢਾਹਿੰਦਾ। ਚੌਥੇ ਪਦ ਰਿਹਾ ਸਮਾ, ਚੌਥੇ ਜੁਗ ਖੇਲ ਖਿਲਾਇੰਦਾ। ਚਾਰ ਵੇਦ ਵੇਖੇ ਥਾਉਂ ਥਾਂ, ਕਤੇਬ ਆਪਣੇ ਰੰਗ ਰੰਗਾਇੰਦਾ। ਭੇਵ ਅਭੇਦ ਆਪ ਖੁਲ੍ਹਾ, ਅਛਲ ਅਛੇਦ ਵੇਸ ਵਟਾਇੰਦਾ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਪਣੀ ਕੀਤੀ ਆਪੇ ਲਏ ਉਲਟਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਗੋਬਿੰਦ ਲੇਖਾ ਪੂਰ ਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਰਾਓ ਭੂਪ, ਸ਼ਾਹ ਸੁਲਤਾਨ ਆਪ ਜਣਾਈਆ। ਏਕਾ ਨਾਉਂ ਚਾਰੋਂ ਕੂਟ, ਦਹਿ ਦਿਸ਼ਾ ਦਏ ਵਡਿਆਈਆ। ਦੀਨ ਦਿਆਲ ਠਾਕਰ ਗਿਆ ਤੁਠ, ਅਤੁਟ ਬੇਪਰਵਾਹੀਆ। ਨਿਰਗੁਣ ਹੋ ਹੋ ਗਿਆ ਉਠ, ਨਿਰਵੈਰ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਬਿਨ ਕਾਇਆ ਬੁਤ, ਪੰਜ ਤਤ ਨਾ ਕੋਇ ਵਡਿਆਈਆ। ਜਿਸ ਨੂੰ ਕਹਿੰਦੇ ਗੋਬਿੰਦ ਪੁਰਖ ਅਕਾਲ ਦਾ ਸੁਤ, ਸੋ ਸੁਤ ਲਿਆ ਜਗਾਈਆ। ਆਪ ਸੁਹਾਏ ਆਪਣੀ ਰੁੱਤ, ਸੰਬਲ ਦੇਵੇ ਮਾਣ ਵਡਿਆਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਠਗੌਰੀ ਜਗਤ ਨਾ ਕੋਇ ਰਖਾਈਆ। ਲੇਖਾ ਜਾਣੇ ਛੱਤੀ ਫ਼ੁਟ, ਆਪ ਆਪਣਾ ਬੰਧਨ ਪਾਈਆ। ਜਗਤ ਵਿਦਿਆ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਈਆ। ਸਚ ਦਵਾਰਿਉਂ ਜੋ ਬੈਠੇ ਰੁਠ, ਵੇਲੇ ਅੰਤ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੌਣਾ ਹਰਿ, ਹਰਿ ਜੂ ਸਾਚਾ ਸਚ ਜਣਾਇੰਦਾ। ਜਨ ਭਗਤ ਚੁਕਾਏ ਏਕਾ ਡਰ, ਨਿਰਭੌ ਭੈ ਨਾ ਕੋਇ ਰਖਾਇੰਦਾ। ਨਿਰਾਕਾਰ ਵਖਾਏ ਸਾਚਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗ਼ਰੀਬ ਨਿਵਾਜ਼ਾ ਪੱਲੂ ਫੜ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਰਗੁਣ ਅੰਦਰ ਆਪੇ ਵੜ, ਆਪਣਾ ਪਰਦਾ ਆਪ ਚੁਕਾਇੰਦਾ। ਜਗਤ ਮਹੱਲੇ ਜਾਵੇ ਚੜ੍ਹ, ਬੰਕ ਦਵਾਰਾ ਸੋਭਾ ਪਾਇੰਦਾ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣੀ ਧਾਰ ਬੰਧਾਇੰਦਾ। ਚਾਰ ਜੁਗ ਦਾ ਦਿਤਾ ਵਰ, ਕਲਜੁਗ ਅੰਤਮ ਪੂਰ ਕਰਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਸਰ ਸਰਵੋਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪ ਹੋ ਆਇੰਦਾ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਦੂਸਰ ਅਵਰ ਨਾ ਕੋਇ ਜਣਾਈਆ। ਸਾਚੇ ਤਖ਼ਤ ਬੈਠ ਨੌਜਵਾਨਾ, ਨਿਰਗੁਣ ਆਪਣਾ ਖੇਲ ਕਰਾਈਆ। ਨਾਮ ਸਤਿ ਇਕ ਤਰਾਨਾ, ਤੁਰੀਆ ਰਾਗ ਆਪ ਅਲਾਈਆ। ਸ਼ਬਦ ਅਗੰਮੀ ਗਾਏ ਗਾਨਾ, ਅਨਹਦ ਤਾਲ ਵਜਾਈਆ। ਲੱਖ ਚੁਰਾਸੀ ਜਾਣੀ ਜਾਣਾ, ਵਿਸ਼ਨ ਬ੍ਰਹਮਾ ਸ਼ਿਵ ਭੇਵ ਖੁਲ੍ਹਾਈਆ। ਆਪੇ ਵਰਤੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਈਆ। ਲੇਖਾ ਜਾਣੇ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਜੇਰਜ ਅੰਡ ਦਏ ਪਰਵਾਨਾ, ਉਤਭੁਜ ਸੇਤਜ ਕਰੇ ਸ਼ਨਵਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋ ਪਰਧਾਨਾ, ਸਚ ਪਰਧਾਨਗੀ ਦਏ ਜਣਾਈਆ। ਨਵ ਨੌਂ ਪਾਏ ਆਣਾਂ, ਹੁਕਮੀ ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੰਦੜਾ, ਇਕ ਇਕੱਲਾ ਏਕੰਕਾਰ। ਕਲਜੁਗ ਅੰਤਮ ਵੇਸ ਵਟੰਦੜਾ, ਨਿਹਕਲੰਕ ਨਰਾਇਣ ਨਰ ਅਵਤਾਰ। ਸ਼ਬਦ ਖੰਡਾ ਹੱਥ ਉਠੰਦੜਾ, ਆਪੇ ਤਿਖੀ ਰੱਖੇ ਧਾਰ। ਦੋ ਜਹਾਨਾਂ ਵੇਖ ਵਖੰਦੜਾ, ਜ਼ਿਮੀਂ ਅਸਮਾਨਾਂ ਪਾਵੇ ਸਾਰ। ਵਿਸ਼ਨ ਬ੍ਰਹਮਾ ਸ਼ਿਵ ਉਠੰਦੜਾ, ਕਰੋੜ ਤੇਤੀਸਾ ਕਰੇ ਖ਼ਵਾਰ। ਏਕਾ ਸਾਚਾ ਨਾਮ ਜਪੰਦੜਾ, ਆਤਮ ਪਰਮਾਤਮ ਮੇਲਾ ਨਾਰ ਕੰਤ ਭਤਾਰ। ਏਕਾ ਸਾਚਾ ਧਾਮ ਸੁਹੰਦੜਾ, ਆਪ ਸੁਹਾਏ ਬੰਕ ਦਵਾਰ। ਜਿਸ ਦਵਾਰੇ ਚਰਨ ਛੁਹੰਦੜਾ, ਸੋ ਦਵਾਰਾ ਹੋਏ ਪਰਵਾਨ। ਗੁਰਮੁਖ ਸਾਚੇ ਮੇਲ ਮਿਲੰਦੜਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸਚ ਨਿਸ਼ਾਨਾ ਇਕ ਝੁਲੰਦੜਾ, ਚਵ੍ਹੀ ਹੱਥ ਦੇਵੇ ਦਾਨ। ਦਾਤਾ ਦਾਨੀ ਆਪ ਅਖਵੰਦੜਾ, ਆਦਿ ਜੁਗਾਦੀ ਮਿਹਰਵਾਨ। ਵਿਸ਼ਨੂੰ ਵਿਸ਼ਵ ਵੇਖ ਵਖੰਦੜਾ, ਵੇਖਣਹਾਰਾ ਨੌਂਜਵਾਨ। ਬ੍ਰਹਮਾ ਅੰਤਮ ਪੰਧ ਮੁਕੰਦੜਾ, ਲੇਖਾ ਮੁੱਕੇ ਵਿਚ ਜਹਾਨ। ਸ਼ੰਕਰ ਨੇਤਰ ਰੋ ਰੋ ਨੀਰ ਵਹੰਦੜਾ, ਚੌਥੇ ਜੁਗ ਹੋਇਆ ਹੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹੁਕਮਰਾਨ। ਹੁਕਮਰਾਨ ਰਾਜਨ ਰਾਜਾ, ਏਕੰਕਾਰ ਵਡੀ ਵਡਿਆਈਆ। ਆਦਿ ਜੁਗਾਦੀ ਰਚ ਰਚ ਕਾਜਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜਨ ਭਗਤਾਂ ਰੱਖੇ ਜੁਗ ਜੁਗ ਲਾਜਾ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦ ਅਗੰਮੀ ਮਾਰੇ ਵਾਜਾ, ਤਾਰ ਸਿਤਾਰ ਆਪ ਹਿਲਾਈਆ। ਦਰ ਦਰਵੇਸ਼ ਨਰ ਨਰੇਸ਼ ਹਰਿਜਨ ਦਵਾਰੇ ਆਵੇ ਭਾਜਾ, ਪਾਂਧੀ ਆਪਣਾ ਪੰਧ ਮੁਕਾਈਆ। ਅਨਹਦ ਸੁਣਾਏ ਸਾਚਾ ਵਾਜਾ, ਛੱਤੀ ਰਾਗ ਭੇਵ ਨਾ ਰਾਈਆ। ਜਿਸ ਜਨ ਦੇਵੇ ਆਪਣਾ ਤਾਜਾ, ਸ਼ਬਦ ਘੋੜੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ੍ਰੀ ਭਗਵੰਤ, ਆਪਣੀ ਖੇਲ ਕਰਾਇੰਦਾ। ਹਰਿਜਨ ਵੇਖੇ ਸਾਚੇ ਸੰਤ, ਲੋਕਮਾਤ ਆਪ ਜਗਾਇੰਦਾ। ਨਾਮ ਜਣਾਏ ਮਣੀਆ ਮੰਤ, ਨਿਜ ਆਤਮ ਮੇਲ ਮਿਲਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਖੇਲ ਖਿਲਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਸਾਚੀ ਸੰਗਤ ਸੰਗ ਨਿਭਾਇੰਦਾ। ਹਰਿਜਨ ਹੋਏ ਨਾ ਕਦੇ ਮੰਗਤ, ਜਿਸ ਜਨ ਆਪਣੀ ਭਿਛਿਆ ਪਾਇੰਦਾ। ਨਾਮ ਨਿਧਾਨਾ ਚਾੜ੍ਹੇ ਰੰਗਤ, ਰੰਗਿਆ ਰੰਗ ਉਤਰ ਨਾ ਜਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣਾ ਹੁਕਮ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨ, ਦੋ ਜਹਾਨਾਂ ਆਪ ਜਣਾਈਆ। ਜੁਗ ਚੌਕੜੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਬੇਅੰਤ ਬੇਅੰਤ ਬੇਅੰਤ ਗੁਰ ਅਵਤਾਰ ਸਰਬ ਗਾਣ, ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਸਚਖੰਡ ਵਸੇ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਥਿਰ ਘਰ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਕਮਾਈਆ। ਸ਼ਬਦੀ ਸੁਤ ਕਰ ਪਰਵਾਨ, ਸੀਸ ਆਪਣਾ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਗੁਰ ਅਵਤਾਰ ਕਰ ਪਰਧਾਨ, ਲੋਕਮਾਤ ਦਏ ਵਡਿਆਈਆ। ਅੰਤਮ ਆਪੇ ਵੇਖੇ ਆਣ, ਨਿਰਵੈਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਪਰਦਾ ਚੁੱਕੇ ਹਰਿ ਭਗਵਾਨਾ, ਭਗਵਨ ਆਪਣੀ ਦਇਆ ਕਮਾਇੰਦਾ। ਕਲਜੁਗ ਕੂੜਾ ਮਿਟੇ ਨਿਸ਼ਾਨਾ, ਕੂੜੀ ਕਿਰਿਆ ਆਪ ਮਿਟਾਇੰਦਾ। ਸਤਿਜੁਗ ਖੇਲ ਕਰੇ ਮਹਾਨਾ, ਸਤਿ ਸਤਿਵਾਦੀ ਧਾਰ ਚਲਾਇੰਦਾ। ਸਰਬ ਜੀਆਂ ਦਾ ਏਕਾ ਕਾਹਨਾ, ਨੌਂ ਖੰਡ ਪ੍ਰਿਥਮੀ ਆਪ ਅਖਵਾਇੰਦਾ। ਲੱਖ ਚੁਰਾਸੀ ਬੰਨ੍ਹੇ ਗਾਨਾ, ਨਾਮ ਤੰਦ ਹੱਥ ਵਖਾਇੰਦਾ। ਅਨਹਦ ਰਾਗ ਸੁਣਾਏ ਗਾਣਾ, ਘਰ ਘਰ ਵਿਚ ਤਾਰ ਹਿਲਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਲਜੁਗ ਅੰਤਮ ਦਏ ਦੁਹਾਈਆ। ਨਿਰਗੁਣ ਪਰਗਟ ਹੋ ਵਿਚ ਸੰਸਾਰ, ਸਰਗੁਣ ਸੱਜਣ ਲਏ ਮਿਲਾਈਆ। ਭਗਤ ਭਗਵੰਤ ਕਰੇ ਪਿਆਰ, ਨਿਤ ਨਵਿਤ ਵੇਸ ਵਟਾਈਆ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਆਪ ਆਪਣਾ ਦਰਸ ਦਿਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਏਕਾ ਗੁਣ ਦਏ ਸਮਝਾਈਆ। ਹਰਿਜਨ ਨੇੜ ਨਾ ਆਏ ਕਾਲ, ਮਹਾਕਾਲ ਮੁਖ ਸ਼ਰਮਾਈਆ। ਲੋਕਮਾਤ ਵਖਾਏ ਸੱਚੀ ਧਰਮਸਾਲ, ਛੱਤੀ ਜੁਗ ਦਾ ਪੰਧ ਮੁਕਾਈਆ। ਹਰਿਜਨ ਬਹਾਏ ਸਾਚੇ ਲਾਲ, ਸਿਰ ਆਪਣਾ ਹੱਥ ਰਖਾਈਆ। ਆਪੇ ਰਿਹਾ ਸੁਰਤ ਸਭਾਲ, ਸੁਰਤੀ ਸ਼ਬਦ ਬੰਧਨ ਪਾਈਆ। ਗੁਰ ਅਵਤਾਰਾਂ ਹਲ ਕਰੇ ਸਵਾਲ, ਬਣ ਬਣ ਸਵਾਲੀ ਜੋ ਅੱਗੇ ਗਏ ਟਿਕਾਈਆ। ਜਗਤ ਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਵੱਡੀ ਵਡਿਆਈ ਰੱਖੀ ਹੱਥ, ਹਰਿ ਕਾ ਭੇਵ ਕਿਸੇ ਨਾ ਆਇਆ। ਜੁਗ ਜੁਗ ਚਲਾਏ ਆਪਣਾ ਰਥ, ਗੁਰ ਅਵਤਾਰ ਸੇਵ ਲਗਾਇਆ। ਨਾਮ ਡੋਰੀ ਪਾਵੇ ਨੱਥ, ਚਾਰੋਂ ਕੁੰਟ ਭਵਾਇਆ। ਜਿਸ ਜਨ ਦੇਵੇ ਆਪਣੀ ਵਥ, ਏਕਾ ਮੰਤਰ ਨਾਮ ਪੜ੍ਹਾਇਆ। ਸਾਹਿਬ ਸੁਲਤਾਨ ਸੁਣਾਏ ਗਾਥ, ਵਾਹ ਵਾ ਆਪਣਾ ਰਾਗ ਅਲਾਇਆ। ਆਪਣਾ ਮਾਰਗ ਆਪੇ ਦੱਸ, ਸਾਚਾ ਧੰਦਾ ਇਕ ਜਣਾਇਆ। ਹਿਰਦੇ ਅੰਤਰ ਆਪੇ ਵਸ, ਸਾਚਾ ਮੰਤਰ ਇਕ ਪੜ੍ਹਾਇਆ। ਤੀਰ ਨਿਰਾਲਾ ਮਾਰੇ ਕਸ, ਦੂਈ ਦਵੈਤੀ ਪਰਦਾ ਲਾਹਿਆ। ਜਨ ਭਗਤਾਂ ਆਪੇ ਹੋਏ ਵਸ, ਘਰ ਘਰ ਆਪਣਾ ਰੂਪ ਧਰਾਇਆ। ਮੇਲ ਮਿਲਾਵਾ ਨੱਸ ਨੱਸ, ਪਾਂਧੀ ਆਪਣਾ ਪੰਧ ਮੁਕਾਇਆ। ਭਗਤ ਭਗਵਾਨ ਇਕ ਦੂਜੇ ਦਾ ਕਰਨ ਜਸ, ਗੁਰ ਗੁਰ ਲੇਖ ਇਕ ਸਮਝਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇਆ। ਗੁਰਮੁਖ ਜਨਮ ਜਨਮ ਦੀ ਬੁਝਾਏ ਪਿਆਸ, ਅੰਮ੍ਰਿਤ ਮੇਘ ਮੁਖ ਚੁਆਇਆ। ਨਾਤਾ ਤੋੜ ਪ੍ਰਿਥਮੀ ਆਕਾਸ਼, ਗਗਨ ਮੰਡਲ ਪੰਧ ਮੁਕਾਇਆ। ਆਪੇ ਕਰੇ ਬੰਦ ਖ਼ੁਲਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਜਿਸ ਮਿਲਾਇਆ। ਸਚ ਦਵਾਰਾ ਸਾਚਾ ਮੇਲਾ, ਸਤਿਗੁਰ ਸੱਜਣ ਆਪ ਮਿਲਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਖੇਲ ਖਿਲਾਇੰਦਾ। ਆਦਿ ਜੁਗਾਦੀ ਸੱਜਣ ਸਹੇਲਾ, ਸਦਾ ਸਦ ਸੰਗ ਨਿਭਾਇੰਦਾ। ਵਸਣਹਾਰਾ ਇਕ ਇਕੇਲਾ, ਲੋਕਮਾਤ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਇੰਦਾ । ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਵੇਦ ਕਤੇਬ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰਾ ਠਾਕਰ ਘਰ, ਹਰਿ ਠਾਕਰ ਆਪ ਬਣਾਈਆ। ਕਲਜੁਗ ਅੰਤਰ ਦੇਵੇ ਧਰ, ਵਸਤ ਅਮੋਲਕ ਆਪ ਵਰਤਾਈਆ। ਕਿਰਪਾਨਿਧ ਕਰਨੀ ਕਰ, ਕਰਤਾ ਪੁਰਖ ਖੇਲ ਖਿਲਾਈਆ। ਜੋ ਜਨ ਭਾਣਾ ਰਹੇ ਜਰ, ਅਜਰ ਵਸਤ ਇਕ ਵਰਤਾਈਆ। ਭਗਤ ਭਗਵੰਤ ਲਏ ਫੜ, ਏਕਾ ਡੋਰ ਨਾਮ ਬੰਧਾਈਆ। ਦਰਸ ਦਿਖਾਏ ਅਗੇ ਖੜ, ਸਵਛ ਸਰੂਪ ਰੂਪ ਧਰਾਈਆ। ਨਾ ਜਨਮੇ ਨਾ ਜਾਏ ਮਰ, ਸਤਿਗੁਰ ਪੂਰਾ ਸੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੰਦਰ ਲਏ ਬਹਾਈਆ। ਸਾਚਾ ਮੰਦਰ ਸਚਖੰਡ, ਸਤਿ ਪੁਰਖ ਨਿਰੰਜਣ ਆਪ ਬਣਾਇੰਦਾ। ਆਪੇ ਜਾਣੇ ਆਪਣੀ ਕੰਧ, ਆਪਣਾ ਪਰਦਾ ਆਪ ਵਖਾਇੰਦਾ। ਆਪੇ ਬਹੇ ਸੇਜ ਪਲੰਘ, ਸਚ ਸਿੰਘਾਸਣ ਆਪ ਸੁਹਾਇੰਦਾ। ਆਪੇ ਰੰਗੇ ਆਪਣਾ ਰੰਗ, ਰੰਗ ਰੰਗੀਲਾ ਆਪ ਹੋ ਜਾਇੰਦਾ। ਆਪੇ ਚਾੜ੍ਹੇ ਆਪਣਾ ਚੰਦ, ਨਿਰਗੁਣ ਜੋਤ ਡਗਮਗਾਇੰਦਾ। ਆਪੇ ਗਾਏ ਆਪਣਾ ਛੰਦ, ਬੋਧ ਅਗਾਧੀ ਆਪ ਅਖਵਾਇੰਦਾ। ਆਪੇ ਪਾਵੇ ਆਪਣਾ ਬੰਧਨ ਬੰਧ, ਬੰਦੀਖਾਨਾ ਆਪ ਸੁਹਾਇੰਦਾ। ਆਪੇ ਹੋਏ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਡਿਆਇੰਦਾ। ਸਚ ਦਵਾਰਾ ਭਗਤਨ ਦਾਤ, ਦਾਤਾ ਦਾਨੀ ਆਪ ਵਰਤਾਈਆ। ਬਹੱਤਰ ਸਿੱਖਾਂ ਜਣਾਏ ਪਿਛਲੀ ਗਾਥ, ਪੂਰਬ ਲਹਿਣਾ ਮੁਕਾਈਆ। ਲਹਿਣਾ ਮੁਕਾਏ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਬੰਧਨ ਰਹੇ ਨਾ ਰਾਈਆ। ਆਪ ਬੰਧਾਏ ਸਾਚਾ ਨਾਤ, ਸੁਰਤੀ ਸ਼ਬਦ ਮੇਲ ਮਿਲਾਈਆ। ਮੇਲ ਮਿਲਾਵਾ ਕਮਲਾਪਾਤ, ਘਰ ਸਾਚੇ ਵੱਜੇ ਵਧਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਚਾਰ ਵਰਨ ਤੇਰੀ ਮੁਕੀ ਵਾਟ, ਬਾਕੀ ਨਜ਼ਰ ਕੋਈ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲਾ ਵਿਕੇ ਨਾ ਕੋਈ ਕਿਸੇ ਮਠ, ਬਿਨ ਹਰਿ ਇਸ਼ਟ ਨਾ ਕੋਇ ਜਣਾਈਆ। ਕਲਰ ਕੰਧ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਗੇੜੇ ਲਠ, ਜੁਗ ਗੇੜਾ ਆਪ ਦਿਵਾਈਆ। ਲਹਿਣਾ ਮੁਕੇ ਤੀਰਥ ਅਠਸਠ, ਜਗਤ ਸਰੋਵਰ ਨਾ ਕੋਇ ਵਖਾਈਆ। ਏਕਾ ਪੂਜਾ ਪੁਰਖ ਸਮਰਥ, ਸਤਿਜੁਗ ਆਪਣੀ ਆਪ ਜਣਾਈਆ। ਚਾਰ ਵਰਨ ਦਾ ਸਾਚਾ ਮੰਦਰ ਹੋਏ ਚਵ੍ਹੀ ਹੱਥ, ਚਾਰੋਂ ਕੁੰਟ ਵੰਡ ਵੰਡਾਈਆ। ਸਗਲ ਵਿਸੂਰੇ ਜਾਇਣ ਲਥ, ਜੋ ਜਨ ਅੰਦਰ ਵੜ ਦਰਸਨ ਪਾਈਆ। ਪੁਰਖ ਅਕਾਲ ਮਹਿਮਾ ਸੁਣਾਏ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਨਿਉਂ ਨਿਉਂ ਸੀਸ ਝੁਕਾਏ ਰਾਮ ਦੁਲਾਰਾ ਦਸਰਥ, ਨੇਤਰ ਨੈਣਾਂ ਨੀਰ ਵਹਾਈਆ । ਕਾਹਨਾ ਕ੍ਰਿਸ਼ਨਾ ਚਰਨੀ ਡਿਗੇ ਢੱਠ, ਕਵਲ ਨੈਣ ਨੈਣ ਮਟਕਾਈਆ। ਈਸਾ ਮੂਸਾ ਸੰਗ ਮੁਹੰਮਦ ਦੂਰ ਦੁਰਾਡੇ ਜਾਣੇ ਢੱਠ, ਗਲ ਵਿਚ ਪੱਲੂ ਏਕਾ ਪਾਈਆ। ਨਾਨਕ ਗੋਬਿੰਦ ਭਾਣਾ ਮੰਨੇ ਸਤਿ, ਸਤਿ ਪੁਰਖ ਅਬਿਨਾਸ਼ੀ ਅਗੇ ਸੀਸ ਝੁਕਾਈਆ। ਸਚ ਦਵਾਰਾ ਕਰ ਉਤਪਤ, ਪਿਛਲਾ ਲੇਖਾ ਪੂਰ ਵਖਾਈਆ। ਨੌਂ ਖੰਡ ਪ੍ਰਿਥਮੀ ਦੇਣੀ ਏਕਾ ਮਤ, ਬ੍ਰਹਮ ਮਤ ਇਕ ਸਮਝਾਈਆ। ਬੀਜ ਬੀਜਣਾ ਸਾਚੇ ਵਤ, ਕਾਇਆ ਖੇਤ ਹਲ ਚਲਾਈਆ। ਨਾੜ ਬਹੱਤਰ ਨਾ ਉਬਲੇ ਰਤ, ਬਹੱਤਰ ਸਿੱਖਾਂ ਦਏ ਸਮਝਾਈਆ। ਤੂੰ ਵਸਣਹਾਰਾ ਘਟ ਘਟ, ਬੇਅੰਤ ਤੇਰੀ ਵਡਿਆਈਆ। ਤੇਰਾ ਦਵਾਰਾ ਆਦਿ ਜੁਗਾਦਿ ਨਾ ਜਾਏ ਢੱਠ, ਸਚ ਨਿਸ਼ਾਨਾ ਇਕ ਝੁਲਾਈਆ। ਚਾਰ ਜੁਗ ਚਾਰ ਵਰਨ ਇਕ ਦੂਜੇ ਨਾਲੋਂ ਜੋ ਕੀਤੇ ਅੱਡ ਅੱਡ, ਅੰਤਮ ਆਪੇ ਲਏ ਮਿਲਾਈਆ। ਜਿਉਂ ਗੋਬਿੰਦ ਕਰਿਆ ਸਾਚਾ ਲਡ, ਪੂਤ ਸਪੂਤਾ ਗੋਦ ਸੁਹਾਈਆ। ਤੇਰੀ ਪਰਗਟ ਹੋਏ ਯਦ, ਤੇਰੇ ਨਾਮ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਤੇਰੀ ਇਕੋ ਹੱਦ, ਅਧਵਿਚਕਾਰ ਨਾ ਕੋਇ ਅਟਕਾਈਆ। ਕੋਟਨ ਕੋਟ ਗੁਰ ਅਵਤਾਰ ਸਾਧ ਸੰਤ ਜੁਗ ਜੁਗ ਆਪਣਾ ਭਾਰ ਗਏ ਲਦ, ਥਿਰ ਕੋਇ ਰਹਿਣ ਨਾ ਪਾਈਆ। ਜਿਸ ਭੇਜੇਂ ਤਿ਼ਸ ਲਵੇਂ ਸਦ, ਬਚਿਆ ਕੋਈ ਰਹਿਣ ਨਾ ਪਾਈਆ। ਪੰਜ ਤਤ ਕਾਇਆ ਚੋਲਾ ਜਾਣ ਛਡ, ਛੱਤੀ ਛੱਤੀ ਮੁਖ ਭਵਾਈਆ। ਤੇਰਾ ਖੇਲ ਸਦਾ ਬ੍ਰਹਿਮਾਦਿ, ਬ੍ਰਹਮ ਤੇਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦੇਣਾ ਵਸਾਈਆ। ਸਾਚਾ ਘਰ ਇਕ ਵਸੌਣਾ, ਪੁਰਖ ਅਕਾਲ ਆਪ ਜਣਾਇੰਦਾ। ਬਹੱਤਰ ਭਗਤਾਂ ਮਾਤ ਪਰਗਟੌਣਾ, ਆਪ ਆਪਣਾ ਹੁਕਮ ਮਨਾਇੰਦਾ। ਪਿਛਲਾ ਲਹਿਣਾ ਮੂਲ ਚੁਕੌਣਾ, ਅਗੇ ਕ਼ਰਜ਼ ਨਾ ਕੋਇ ਰਖਾਇੰਦਾ। ਸਾਚਾ ਮੰਦਰ ਇਕ ਸੁਹੌਣਾ, ਮੰਡਲ ਆਪਣਾ ਰੰਗ ਰੰਗਾਇੰਦਾ। ਸਚ ਸਿੰਘਾਸਣ ਡੇਰਾ ਲੌਣਾ, ਆਸਣ ਸਾਚੇ ਸੋਭਾ ਪਾਇੰਦਾ। ਮੰਡਲ ਰਾਸਨ ਰਾਸ ਰਚੌਣਾ, ਗੋਪੀ ਕਾਹਨ ਆਪ ਨਚਾਇੰਦਾ। ਪ੍ਰਿਥਮੀ ਆਕਾਸ਼ ਫੇਰਾ ਪੌਣਾ, ਗਗਨ ਗਗਨੰਤਰ ਵੇਖ ਵਖਾਇੰਦਾ। ਕਾਗਦ ਕ਼ਲਮ ਮੁਖ ਸ਼ਰਮੌਣਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਗੋਬਿੰਦ ਲੇਖਾ ਆਪਣੇ ਲੇਖੇ ਲੌਣਾ, ਆਪ ਆਪਣੇ ਵਿਚ ਛੁਪਾਇੰਦਾ। ਛੱਤੀ ਛੱਤੀ ਧਾਰ ਰਖੌਣਾ, ਛੱਤੀ ਉਚ ਮੁਨਾਰ ਸੁਹੌਣਾ, ਬਹੱਤਰ ਫੜ ਦਰ ਬਹੌਂਣਾ, ਸੰਬਲ ਨਾਉਂ ਫੇਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਅੰਦਰ ਰਿਹਾ ਵੜ, ਦਿਸ ਕਿਸੇ ਨਾ ਆਇੰਦਾ। ਸੰਬਲ ਰੱਖਿਆ ਸਾਢੇ ਤਿੰਨ ਹੱਥ, ਘਰ ਘਰ ਵਿਚ ਆਪ ਪਰਗਟਾਈਆ। ਉਪਰ ਬਹੇ ਪੁਰਖ ਸਮਰਥ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ । ਛੱਤੀ ਜੁਗ ਚਲਾਇਆ ਰਥ, ਬਹੱਤਰ ਭਗਤ ਲਏ ਪਰਗਟਾਈਆ। ਨਾਨਕ ਪੂਰੀ ਕਰੇ ਆਸ, ਜੋ ਆਸ ਗਿਆ ਰਖਾਈਆ। ਗ੍ਰਹਿ ਆਪਣੇ ਕਰ ਕਰ ਵਾਸ, ਸਾਚਾ ਮੰਦਰ ਸੋਭਾ ਪਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਦੀਵਾ ਬਾਤੀ ਨਾ ਕੋਇ ਰਖਾਈਆ। ਸਤਿਗੁਰ ਪੂਰਾ ਸ਼ਾਹ ਪਾਤਸ਼ਾਹ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਚੋਲਾ ਸਰਗੁਣ ਲਿਬਾਸ, ਨਿਰਗੁਣ ਢੋਲਾ ਸਰਗੁਣ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਦੇਵੇ ਮਾਣ ਵਡਿਆਈਆ। ਸੰਬਲ ਤੇਰਾ ਉਪਜੇ ਧਾਮ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਆਪਣਾ ਕਰੇ ਪੂਰਾ ਕਾਮ, ਕਰਤਾ ਪੁਰਖ ਦਇਆ ਕਮਾਇੰਦਾ। ਭਗ਼ਤਾਂ ਪਕੜੇ ਆਪੇ ਦਾਮ, ਦਾਮਨਗੀਰ ਆਪ ਅਖਵਾਇੰਦਾ। ਆਪੇ ਮੇਲੇ ਸਾਚੇ ਰਾਮ, ਰਾਮ ਰੂਪ ਆਪ ਵਟਾਇੰਦਾ। ਆਪ ਪਿਆਏ ਸਾਚਾ ਜਾਮ, ਨਾਮ ਪਿਆਲਾ ਹੱਥ ਰਖਾਇੰਦਾ । ਆਪੇ ਕਰੇ ਪਰਕਾਸ਼ ਕੋਟਨ ਭਾਨ, ਜੋਤੀ ਨੂਰ ਡਗਮਗਾਇੰਦਾ। ਆਪ ਸੁਹਾਏ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਪ ਉਠਾਏ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਆਪੇ ਸ਼ਾਹ ਪਾਤਸ਼ਾਹ ਬਣੇ ਹੁਕਮਰਾਨ, ਰਾਜ ਰਾਜਾਨਾ ਆਪਣਾ ਨਾਉਂ ਪਰਗਟਾਇੰਦਾ। ਆਪੇ ਜਨ ਭਗਤਾਂ ਦੇਵੇ ਮਾਣ, ਜਗਤ ਨਿਮਾਣੇ ਆਪਣੇ ਗਲੇ ਲਗਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਆਪ ਆਪਣਾ ਦਰਸ ਦਿਖਾਇੰਦਾ। ਮੇਲ ਮਿਲਾਵਾ ਹਾਣੀ ਹਾਣ, ਸ਼ਬਦੀ ਸੁਰਤੀ ਬੰਧਨ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਉਪਾਇੰਦਾ। ਸਚ ਦਵਾਰਾ ਉਪਮਾ ਯੋਗ, ਪੁਰਖ ਅਬਿਨਾਸ਼ੀ ਆਪ ਸੁਣਾਈਆ। ਜਿਸ ਦਾ ਰਾਹ ਤੱਕਣ ਚੌਦਾਂ ਲੋਕ, ਪਰਲੋਕ ਨੈਣ ਉਠਾਈਆ। ਜਿਸ ਦਵਾਰੇ ਗੁਰ ਅਵਤਾਰ ਚਲ ਆਇਣ ਸੁਣਨ ਸਲੋਕ, ਪਤਿਪਰਮੇਸ਼ਵਰ ਏਕਾ ਗਾਈਆ। ਜਿਸ ਦਾ ਭਾਣਾ ਸਕੇ ਨਾ ਕੋਈ ਰੋਕ, ਤਿਸ ਦਾ ਦਰਸ਼ਨ ਬ੍ਰਹਮਾ ਵਿਸ਼ਨ ਸ਼ਿਵ ਨੇਤਰ ਨੈਣਾਂ ਵੇਖ ਵਖਾਈਆ। ਜਿਸ ਦਾ ਕੋਈ ਰੋਮ ਨਾ ਦਿਸੇ ਸੋਤ, ਘਟ ਘਟ ਬੈਠਾ ਆਸਣ ਲਾਈਆ। ਸਚ ਦਵਾਰਾ ਇਕ ਬਣਾਏ ਕਿਲਾ ਕੋਟ, ਚਾਰ ਦੀਵਾਰ ਨਾ ਕੋਇ ਵਡਿਆਈਆ। ਜਿਸ ਦਾ ਜਸ ਨਾ ਗਾਇਣ ਰਸਨਾ ਹੋਂਟ, ਕ਼ਲਮ ਸ਼ਾਹੀ ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਸੋ ਸਾਹਿਬ ਆਪੇ ਜਾਣੇ ਆਪਣਾ ਓਤ ਪੋਤ, ਗੁਰ ਅਵਤਾਰ ਪੋਤਰੇ ਰੂਪ ਖਿਡਾਈਆ। ਆਦਿ ਜੁਗਾਦੀ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਬਖ਼ਸ਼ੇ ਏਕਾ ਓਟ, ਦੂਸਰ ਅਵਰ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਲਏ ਪਰਗਟਾਈਆ। ਪਰਗਟੌਣਾ ਦਵਾਰਾ ਲੋਕਮਾਤ, ਤ੍ਰੈ ਪੰਜ ਮੇਲਾ ਸਹਿਜ ਸੁਭਾਇਆ। ਪਾਰਬ੍ਰਹਮ ਪ੍ਰਭ ਖੋਲ੍ਹੇ ਤਾਕ, ਤ੍ਰੈਗੁਣ ਅਤੀਤਾ ਸੇਵ ਕਮਾਇਆ। ਜੁਗ ਜੁਗ ਦਾ ਪੂਰਾ ਕਰੇ ਭਵਿਖਤ ਵਾਕ, ਗੁਰ ਅਵਤਾਰਾਂ ਜੋ ਜਸ ਗਾਇਆ। ਸੱਜਣ ਸੁਹੇਲੇ ਲਏ ਰਾਖ, ਭਗਤ ਭਗਵੰਤ ਮੇਲ ਮਿਲਾਇਆ। ਆਪੇ ਹੋਏ ਪਾਕੀ ਪਾਕ, ਪਤਿਤ ਪੁਨੀਤ ਬੇਪਰਵਾਹਿਆ। ਸੰਤਾਂ ਬਣੇ ਸੱਜਣ ਸਾਕ, ਸਗਲਾ ਸੰਗ ਆਪ ਨਿਭਾਇਆ। ਆਪੇ ਖੋਲ੍ਹੇ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਇਆ। ਏਕਾ ਮੰਦਰ ਵਖਾਏ ਸਾਚਾ ਹਾਟ, ਸਤਿਗੁਰ ਬੈਠਾ ਆਸਣ ਲਾਇਆ। ਨਿਰਗੁਣ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜਨ ਭਗਤਾਂ ਵਸੇ ਸਦਾ ਸਾਥ, ਵਿਛੜ ਕਦੇ ਨਾ ਜਾਇਆ। ਜੋਤ ਜਗਾਏ ਮਸਤਕ ਲਲਾਟ, ਨੂਰ ਨੁਰਾਨਾ ਡਗਮਗਾਇਆ। ਆਤਮ ਸੇਜਾ ਸੁਹਾਏ ਸਾਚੀ ਖਾਟ, ਸਚ ਸਿੰਘਾਸਣ ਸੋਭਾ ਪਾਇਆ। ਜੁਗਾ ਜੁਗੰਤਰ ਪੁਛੇ ਵਾਤ, ਜੁਗ ਵਿਛੜੇ ਲਏ ਮਿਲਾਇਆ। ਅੰਤਮ ਮੇਟੇ ਅੰਧੇਰੀ ਰਾਤ, ਨਿਰਗੁਣ ਜੋਤ ਕਰ ਰੁਸ਼ਨਾਇਆ। ਦਰਸ ਦਿਖਾਏ ਇਕ ਇਕਾਂਤ, ਇਕ ਇਕੱਲਾ ਰੂਪ ਧਰਾਇਆ। ਹਰਿਜਨ ਵੇਖੇ ਜਿਉਂ਼ ਬਾਲਕ ਮਾਤ, ਪਿਤਾ ਪੂਤ ਗੋਦ ਸੁਹਾਇਆ। ਏਕਾ ਬੰਧੇ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਇਆ। ਦਰਗਹਿ ਸਾਚੀ ਦੇਵੇ ਦਾਤ, ਨਾਮ ਵੰਡਣ ਵੰਡ ਵੰਡਾਇਆ। ਅੰਤਮ ਵਖਾਏ ਏਕਾ ਘਾਟ, ਜਿਸ ਦਾ ਕਿਨਾਰਾ ਨਜ਼ਰ ਕਿਸੇ ਨਾ ਆਇਆ। ਸਾਹਿਬ ਦਿਆਲ ਪੁਰਖ ਸਮਰਾਥ, ਅਬਿਨਾਸ਼ੀ ਆਪਣਾ ਰੂਪ ਵਟਾਇਆ। ਸੰਬਲ ਲੇਖਾ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚਮਿਆਰਾ ਗਿਆ ਸਮਝਾਇਆ। ਜਿਸ ਦਾ ਕਰਦੇ ਪੂਜਾ ਪਾਠ, ਸੋ ਪੁਰਖ ਨਿਰੰਜਣ ਮਾਤ ਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਜਗੌਣਾ ਕਿਰਪਾ ਧਾਰ, ਹਰਿ ਆਪਣੀ ਬੂਝ ਬੁਝਾਈਆ। ਮਾਣਸ ਜਨਮ ਦੇਵੇ ਪੈਜ ਸੁਆਰ, ਮਾਨੁਖ ਆਪਣੇ ਲੇਖੇ ਲਾਈਆ। ਰਾਤੀਂ ਸੁਤਿਆਂ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਖਿਲਾਈਆ। ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਕ਼ਾਦਰ ਖੇਲ ਕਰੇ ਕਰਤਾਰ, ਕ਼ੁਦਰਤ ਵੇਖੇ ਚਾਈਂ ਚਾਈਂਆ। ਮੁਕਾਮੇ ਹਕ ਮੀਤ ਮੁਰਾਰ, ਸਾਂਝਾ ਯਾਰ ਲਏ ਮਿਲਾਈਆ। ਏਕਾ ਹਕ ਬੋਲ ਜੈਕਾਰ, ਲਾਸ਼ਰੀਕ ਦਏ ਵਡਿਆਈਆ। ਤਾਲਬ ਤਲਬ ਨਾ ਕੋਇ ਤਲਬਗਾਰ, ਤਾਲਬ ਤੁਲਬਾ ਆਪ ਪੜ੍ਹਾਈਆ। ਆਲਮ ਉਲਮਾ ਖੇਲ ਕਰੇ ਅਪਾਰ, ਆਲਮੀਨ ਵੇਸ ਵਟਾਈਆ। ਸੋਹਬਤ ਜਾਣੇ ਸਰਬ ਸੰਸਾਰ, ਅਭੁਲ ਭੁਲ ਕਦੇ ਨਾ ਜਾਈਆ। ਗ਼ਫ਼ਲਤ ਵੇਖੇ ਜੀਵ ਗਵਾਰ, ਆਲਸ ਨਿੰਦਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਨਵ ਨੌਂ ਦਰ, ਦਰ ਦਰਵੇਸ਼ ਸੁਹਾਈਆ। ਸਾਢੇ ਤਿੰਨ ਤਿੰਨ ਦੇਵੇ ਵਰ, ਘਰ ਘਰ ਵੱਜੇ ਵਧਾਈਆ। ਸਤ ਸਤ ਵੇਖੇ ਆਪੇ ਖੜ, ਰੂਪ ਅਨੂਪ ਵਟਾਈਆ। ਨਿਰਗੁਣ ਅੰਦਰ ਸਰਗੁਣ ਵੜ, ਸਰਗੁਣ ਅੰਦਰ ਨਿਰਗੁਣ ਧਾਰ ਚਲਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਕ਼ੀਮਤ ਆਪ ਮੁਕਾਈਆ। ਏਕਾ ਘਾੜਨ ਲਏ ਘੜ, ਘੜਨ ਭੰਨਣਹਾਰ ਹੱਥ ਵਡਿਆਈਆ। ਲੇਖਾ ਜਾਣੇ ਚੋਟੀ ਜੜ੍ਹ, ਜਗਤ ਨੀਂਹ ਆਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਫੜ, ਏਕਾ ਹੁਕਮ ਸੁਣਾਈਆ। ਸੇਵ ਕਮੌਣੀ ਔਣਾ ਦਰ, ਏਕਾ ਘਰ ਵਖਾਈਆ। ਛੱਤੀ ਜੁਗ ਜਿਸ ਦਾ ਰੱਖਦੇ ਰਹੇ ਡਰ, ਸੋ ਡਰ ਰਿਹਾ ਮਿਟਾਈਆ। ਮੇਰੇ ਭਗਤਾਂ ਸਰਨ ਸਰਨਾਈ ਜਾਓ ਪੜ, ਵੇਲੇ ਅੰਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸੁਣੋ ਸੰਦੇਸ਼ਾ ਏਕਾ ਕੰਨ, ਏਕਾ ਵਾਰ ਜਣਾਇੰਦਾ। ਧੁਰ ਫ਼ਰਮਾਨਾ ਲੈਣਾ ਮੰਨ, ਧੁਰਦਰਗਾਹੀ ਆਪ ਸੁਣਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਇੰਦਾ। ਕੋਟਨ ਕੋਟ ਵੇਸ ਵਟਾਏ ਸੂਰਜ ਚੰਨ, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਏਕਾ ਦਿਵਸ ਰਸਨਾ ਕਹਿਣਾ ਧੰਨ ਧੰਨ, ਵਡ ਧਨੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਸਲਾਹ, ਸੁਣਿਆ ਹਰਿ ਪਰਵਾਨਾ। ਕਲਜੁਗ ਅੰਤਮ ਪਰਗਟ ਹੋਇਆ, ਨਾਉਂ ਧਰਾ ਵਿਸ਼ਨੂੰ ਭਗਵਾਨਾ। ਵਿਸ਼ਨੂੰ ਪਹਿਲਾਂ ਡਿਗੀਂ ਚਰਨੀ ਆ, ਸੁਣਨਾ ਸਚ ਤਰਾਨਾ। ਬ੍ਰਹਮੇ ਦਰਸ਼ਨ ਲੈਣਾ ਪਾ, ਵੇਲਾ ਗਿਆ ਹੱਥ ਨਾ ਆਣਾ। ਸ਼ੰਕਰ ਧੂੜੀ ਟਿੱਕਾ ਮਸਤਕ ਲੈਣਾ ਲਾ, ਤੁੱਟੇ ਮਾਣ ਅਭਿਮਾਨਾ। ਪੁਰਖ ਅਬਿਨਾਸ਼ੀ ਖੇਲ ਰਿਹਾ ਕਰਾ, ਲੋਕਮਾਤ ਹੋ ਪਰਧਾਨਾ। ਸਚਖੰਡ ਦਵਾਰਾ ਦਏ ਬਣਾ, ਇਕ ਝੁਲਾਏ ਸਚ ਨਿਸ਼ਾਨਾ। ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਸੀਸ ਤਾਜ ਨਾ ਕੋਇ ਟਿਕਾਨਾ। ਏਕਾ ਹੁਕਮ ਦਏ ਵਰਤਾ, ਨੌਂ ਖੰਡ ਪ੍ਰਿਥਮੀ ਹੋ ਪਰਧਾਨਾ। ਚਾਰ ਵਰਨਾਂ ਦਏ ਖਪਾ, ਦੀਨ ਮਜ਼੍ਹਬ ਨਾ ਕੋਇ ਈਮਾਨਾ। ਸਾਚੀ ਸ਼ਰਅ ਦਏ ਵਖਾ, ਏਕਾ ਇਸ਼ਟ ਸ੍ਰੀ ਭਗਵਾਨਾ। ਸਾਚਾ ਮੰਦਰ ਦਏ ਬਣਾ, ਲੇਖਾ ਜਾਣੇ ਗੁਣ ਨਿਧਾਨਾ। ਚਲ ਕੇ ਦਰਸ਼ਨ ਆਈਏ ਪਾ, ਲੈ ਕੇ ਆਈਏ ਧੁਰ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੀਸ ਰਹੇ ਝੁਕਾ। ਝੁਕਿਆ ਸੀਸ ਅਗੇ ਜਗਦੀਸ, ਜਗਦੀਸਰ ਦਇਆ ਕਮਾਇੰਦਾ। ਨਵ ਨੌਂ ਚਾਰ ਪੀਸਣ ਲਿਆ ਪੀਸ, ਜੁਗ ਚੌਕੜੀ ਪੰਧ ਮੁਕਾਇੰਦਾ। ਜੁਗਾ ਜੁਗੰਤਰ ਆਪ ਜਣਾਵਾਂ ਸਚ ਹਦੀਸ, ਮੰਤਰ ਅੰਤਰ ਨਾਮ ਪੜ੍ਹਾਇੰਦਾ। ਕਲਜੁਗ ਲਹਿਣਾ ਦੇਣਾ ਚੁੱਕਣਾ ਬੀਸ ਇਕੀਸ, ਬੀਸ ਬੀਸਾ ਮੋਹ ਮਿਟਾਇੰਦਾ। ਕਿਸੇ ਤਾਜ ਨਾ ਰੱਖਣਾ ਸੀਸ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰਾ ਹਰਿ ਬਣੌਣਾ, ਹਰਿਜਨ ਸਾਚੀ ਸੇਵ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗੌਣਾ, ਏਕਾ ਹੁਕਮ ਸੁਣਾਈਆ। ਨਿਉਂ ਨਿਉਂ ਸਭ ਨੇ ਸੀਸ ਝੁਕੌਣਾ, ਨੇਤਰ ਨੈਣ ਸ਼ਰਮਾਈਆ। ਮਸਤਕ ਟਿੱਕਾ ਏਕਾ ਲੌਣਾ, ਚਰਨ ਧੂੜ ਵਡੀ ਵਡਿਆਈਆ। ਤੇਰਿਆਂ ਭਗਤਾਂ ਦਾ ਦਰਸ਼ਨ ਪੌਣਾ, ਚਲ ਕੇ ਆਏ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖੌਣੇ ਸਾਚੇ ਘਰ, ਤੇਰੇ ਹੱਥ ਤੇਰੀ ਵਡਿਆਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਵਾਰ ਸਮਝਾਇੰਦਾ। ਨੇਤਰ ਨੈਣ ਲਓ ਉਠਾ, ਨੈਣ ਨੈਣਾਂ ਨਾਲ ਮਿਲਾਇੰਦਾ। ਜੋ ਸੋਹੰ ਢੋਲਾ ਰਹੇ ਗਾ, ਸੋ ਭਗਤ ਭਗਵੰਤ ਬਣਾਇੰਦਾ। ਜਿਸ ਦਾ ਤੋਲਾ ਬਣਿਆ ਬੇਪਰਵਾਹ, ਸਾਚੇ ਕੰਡੇ ਤੋਲ ਤੁਲਾਇੰਦਾ। ਗੁਰਸਿਖਾਂ ਦਾ ਕਾਇਆ ਚੋਲਾ ਲਿਆ ਬਦਲਾ, ਆਪਣਾ ਚੋਲਾ ਆਪ ਛੁਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਰਦਾ ਉਹਲਾ ਲਿਆ ਉਠਾ, ਗੁਰਸਿਖਾਂ ਨਾਲ ਮਿਲਾਇੰਦਾ। ਚਰਨ ਧੂੜੀ ਲਵੋ ਲਾ, ਏਕਾ ਦਾਤ ਝੋਲੀ ਪਾਇੰਦਾ। ਸਾਚਾ ਮੰਗਲ ਲੈਣਾ ਗਾ, ਗੀਤ ਗੋਬਿੰਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਵਣ ਜਾਵਣ ਜਾਵਣ ਆਵਣ ਆਪਣਾ ਖੇਲ ਕਰਾਇੰਦਾ। ਜਗਤ ਸਿਆਸਤ ਝੂਠੀ ਧਾਰ, ਰਾਜ ਰਾਜਾਨ ਰੁੜ੍ਹਾਈਆ। ਆਤਮ ਬ੍ਰਹਮ ਨਾ ਕੋਇ ਗਿਆਨ, ਜਗਤ ਵਿਦਿਆ ਹੋਏ ਸ਼ੌਦਾਈਆ। ਇਕ ਦੂਜੇ ਦਾ ਕਰਨ ਮਾਣ, ਮਾਣ ਅਭਿਮਾਨ ਵਧਾਈਆ। ਵੀਹ ਸੌ ਵੀਹ ਬਿਕ੍ਰਮੀ ਸਰਬ ਪਛਤਾਨ, ਮੰਤਰੀ ਪਰਧਾਨ ਨਾ ਕੋਈ ਅਖਵਾਈਆ। ਕਰੇ ਖੇਲ ਸ੍ਰੀ ਭਗਵਾਨ, ਜਿਸ ਦਾ ਕੀਤਾ ਨਾ ਕੋਇ ਉਲਟਾਈਆ। ਇਕੋ ਸਾਹਿਬ ਸੱਚਾ ਹੁਕਮਰਾਨ, ਕੋਟਨ ਕੋਟ ਰਾਜ ਭੂਪਤ ਰਿਹਾ ਚਲਾਈਆ। ਏਕਾ ਹੁਕਮ ਇਕ ਫ਼ਰਮਾਨ, ਇਕ ਸੰਦੇਸ਼ਾ ਰਿਹਾ ਜਣਾਈਆ। ਸਿਆਸਤ ਵਰਾਸਤ ਹੋਏ ਵੈਰਾਨ, ਸਿਆਸਤ ਸਿਆਸਤ ਨਾਲ ਟਕਰਾਈਆ। ਜਿਉਂ ਐਹਰਨ ਨਾਲ ਵੱਜੇ ਵਦਾਣ, ਸਾਰ ਸਾਰ ਨਾਲ ਮਿਲਾਈਆ। ਤਿਉਂ ਨਾਤਾ ਤੁੱਟੇ ਬੇਈਮਾਨ, ਬੇਵਾ ਦਿਸੇ ਸਰਬ ਲੋਕਾਈਆ। ਖ਼ਾਵੰਦ ਸਕੇ ਨਾ ਕੋਇ ਪਹਿਚਾਨ, ਖ਼ਲਕਤ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਸਿਆਸਤ ਦਏ ਮਿਟਾਈਆ । ਜਗਤ ਸਿਆਸਤ ਜਾਏ ਖਪ, ਸੋ ਪੁਰਖ ਨਿਰੰਜਣ ਆਪ ਖਪਾਇੰਦਾ। ਅੱਠੇ ਪਹਿਰ ਜੋ ਤਨ ਅਗਨੀ ਰਹੇ ਤਪ, ਸੋਚ ਸਮਝ ਨਾ ਕੋਇ ਰਖਾਇੰਦਾ। ਅੰਤ ਕਿਸੇ ਨਾ ਔਣਾ ਕਿਛ ਹੱਥ, ਖ਼ਾਲੀ ਹੱਥ ਸਰਬ ਫਿਰਾਇੰਦਾ। ਜਗਤ ਸਿਆਸਤ ਜਗਤ ਪਾਏ ਨੱਥ, ਵਾਂਗ ਬੰਦਰ ਆਪ ਨਚਾਇੰਦਾ। ਅੰਤਮ ਵਿਕਣਾ ਝੂਠੇ ਹੱਟ, ਕੌਡੀ ਮੁੱਲ ਨਾ ਕੋਇ ਰਖਾਇੰਦਾ। ਜੋਧੇ ਸੂਰਬੀਰ ਸੁਲਤਾਨ ਬਿਨ ਮਾਰਿਆਂ ਜਾਣ ਢੱਠ, ਹਰਿ ਸ਼ਬਦੀ ਖੇਲ ਵਰਤਾਇੰਦਾ। ਕੋਈ ਨਾ ਰੱਖੇ ਕਿਸੇ ਦੀ ਪਤ, ਪੀਤੰਬਰ ਸੀਸ ਨਾ ਕੋਇ ਟਿਕਾਇੰਦਾ । ਸਭ ਦਾ ਖੇੜਾ ਹੋਣਾ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਿਆਸਤ ਵੇਖ ਵਖਾਇੰਦਾ। ਜਗਤ ਸਿਆਸਤ ਜਗਤ ਖੇੜਾ, ਚਾਰ ਕੁੰਟ ਪਰਧਾਨਿਆਂ । ਪਾਰਬ੍ਰਹਮ ਪ੍ਰਭ ਦੇਵੇ ਏਕਾ ਗੇੜਾ, ਨਵ ਨੌਂ ਕਰੇ ਵੈਰਾਨਿਆਂ। ਅੰਦਰ ਵੜ ਛੇੜਨਹਾਰਾ ਛੇੜਾਂ, ਕਰੇ ਖੇਲ ਸ੍ਰੀ ਭਗਵਾਨਿਆਂ। ਅੰਤਮ ਧਰਤ ਮਾਤ ਦਾ ਖੁਲ੍ਹਾ ਕਰੇ ਵੇਹੜਾ, ਏਕਾ ਮਾਰੇ ਨਾਮ ਤੀਰ ਨਿਸ਼ਾਨਿਆਂ। ਹਰਿ ਕੀ ਸਿਆਸਤ ਜਾਣੇ ਕਿਹੜਾ, ਜੁਗ ਜੁਗ ਚਲੇ ਚਲਾਵੇ ਆਪਣੇ ਭਾਣਿਆਂ। ਜਗਤ ਵਡਿਆਈ ਪਾਇਆ ਜੇੜਾ, ਜਗਤ ਸਿਆਸਤ ਬੰਨ੍ਹੇ ਗਾਨਿਆਂ। ਅੰਤਮ ਵੇਲਾ ਆਇਆ ਨੇੜਾ, ਮਿਟੇ ਸਰਬ ਨਿਸ਼ਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਜੋਧਾ ਸੂਰਬੀਰ ਬਲੀ ਬਲਵਾਨਿਆਂ। ਹਰਿ ਸਿਆਸਤ ਰੱਖੇ ਅਪਰ ਅਪਾਰ, ਜੁਗ ਜੁਗ ਖੇਲ ਖਿਲਾਈਆ। ਏਸ ਸਿਆਸਤ ਅੰਦਰ ਘੱਲੇ ਗੁਰ ਅਵਤਾਰ, ਗੁਰ ਅਵਤਾਰ ਸੇਵਾ ਲਾਈਆ । ਸਾਧ ਸੰਤ ਕਰ ਕਰ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸਾਚੇ ਤਖ਼ਤ ਬਹੇ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਏਕਾ ਹੁਕਮ ਵਰਤੇ ਏਕਾ ਵਾਰ, ਏਕਾ ਵਾਰ ਕਰੇ ਜਣਾਈਆ। ਕੋਈ ਮੋੜ ਨਾ ਸਕੇ ਵਿਚ ਸੰਸਾਰ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਪ੍ਰਭ ਕੀ ਸਿਆਸਤ ਨਾ ਜਾਏ ਹਾਰ, ਜਗਤ ਸਿਆਸਤ ਖ਼ਾਕੀ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਆਸਤ ਸਿਆਸਤ ਨਾਲ ਟਕਰਾਈਆ। ਸਿਆਸਤ ਨਾਲ ਸਿਆਸਤ ਲਾਏ ਟੱਕਰ, ਜਗ ਟੋਟੇ ਆਪ ਕਰਾਇੰਦਾ। ਨਿਰਗੁਣ ਨਿਰਾਕਾਰ ਚਾਰੋਂ ਕੁੰਟ ਫਿਰੇ ਬਣ ਬਣ ਫੱਕਰ, ਫ਼ਿਕਰ ਹੋਰ ਨਾ ਕੋਇ ਰਖਾਇੰਦਾ। ਜਿਸ ਦਾ ਜੁਗ ਚੌਕੜੀ ਕਰ ਕੇ ਆਏ ਜ਼ਿਕਰ, ਜ਼ਰੇ ਜ਼ਰੇ ਵਿਚ ਸਮਾਇੰਦਾ। ਸੋ ਸਾਹਿਬ ਸਤਿਗੁਰ ਪੂਰਾ ਸੂਰਬੀਰ ਬਲਵਾਨ ਕਲਜੁਗ ਅੰਤਮ ਆਪਣੇ ਅਖਾੜੇ ਆਏ ਨਿਤਰ, ਤੀਰ ਤਲਵਾਰ ਹੱਥ ਨਾ ਕੋਇ ਰਖਾਇੰਦਾ। ਨਾਮ ਨਿਧਾਨਾ ਫੜੇ ਛਿਤਰ, ਸ਼ਰਅ ਸ਼ਰੀਅਤ ਸਰਬ ਮਿਟਾਇੰਦਾ। ਲੇਖਾ ਜਾਣੇ ਜਗਤ ਪਿਤਰ, ਪਿਤਾ ਪੂਤ ਖੇਲ ਖਿਲਾਇੰਦਾ। ਜਗਤ ਸਿਆਸੀ ਵੇਂਹਦੇ ਰਹਿ ਜਾਣ ਬਿਟਰ ਬਿਟਰ, ਬੀਤਿਆ ਹਾਲ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾਮ ਸਿਆਸਤ ਆਪ ਵਡਿਆਇੰਦਾ। ਜਿਸ ਸਿਆਸਤ ਦਾ ਰਖਣ ਮਾਣ, ਸੋ ਸਿਆਸਤ ਖਾਣ ਨੂੰ ਆਈਆ। ਬਹੱਤਰ ਸਿੱਖਾਂ ਲੌਹਣੀ ਏਕਾ ਵਾਰ ਮੁਕਾਣ, ਜਗਤ ਸੱਥਰ ਦਏ ਵਿਛਾਈਆ ।