Granth 10 Likhat 213: 21 Assu 2018 Bikarmi Jethuwal Darbar wich

੨੧ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਹਰਿ ਸਤਿਗੁਰ ਖੋਲ੍ਹੇ ਤਾਕ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਜੁਗ ਜੁਗ ਪੂਰਾ ਕਰੇ ਵਾਕ, ਭਵਿਖਤ ਲੇਖ ਲੇਖ ਸਮਝਾਈਆ। ਜਨ ਭਗਤਾਂ ਪੁਛੇ ਵਾਤ, ਵਾਤਾਵਰਨ ਆਪਣੇ ਹੱਥ ਰਖਾਈਆ। ਜਗ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਸੁਣਾਏ ਗਾਥ, ਆਤਮ ਪਰਮਾਤਮ ਮੇਲ ਮਿਲਾਈਆ। ਲਹਿਣਾ ਚੁੱਕੇ ਜ਼ਾਤ ਪਾਤ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਨਵ ਨੌਂ ਜਣਾਏ ਘਾਟ, ਏਕਾ ਪਤਣ ਸੱਚਾ ਮਾਹੀਆ। ਬ੍ਰਹਿਮੰਡ ਖੰਡ ਵਖਾਏ ਹਾਟ, ਹਟ ਹਟਵਾਣਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਪੂਰਬ ਲਹਿਣਾ ਵੇਖੇ ਮਾਥ, ਮਸਤਕ ਲੇਖਾ ਆਪ ਚੁਕਾਈਆ। ਕਿਨਾਰਾ ਵਖਾਏ ਏਕਾ ਘਾਟ, ਤਟ ਤੀਰਥ ਇਕ ਦਰਸਾਈਆ। ਹਰਿਜਨ ਪੁਛੇ ਆਪੇ ਵਾਤ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰਖਾਈਆ। ਖੋਲ੍ਹੇ ਤਾਕ ਹੋਏ ਪਰਕਾਸ਼, ਪਰਮ ਪੁਰਖ ਦਇਆ ਕਮਾਈਆ । ਰਾਹ ਤੱਕੇ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਨੈਣ ਉਠਾਈਆ। ਸੰਤ ਸਾਜਣ ਲੱਗੀ ਆਸ, ਦਿਵਸ ਰੈਣ ਰਾਹ ਤਕਾਈਆ। ਜਨ ਭਗਤਾਂ ਪ੍ਰਭ ਮਿਲਣ ਦੀ ਪਿਆਸ, ਤ੍ਰਿਖਾਵੰਤ ਏਕਾ ਓਟ ਤਕਾਈਆ। ਕਵਣ ਵੇਲਾ ਕਰੇ ਬੰਦ ਖ਼ੁਲਾਸ, ਬੰਦੀ ਆਪਣਾ ਨਾਮ ਪਾਈਆ। ਗ੍ਰਹਿ ਮੰਦਰ ਪਾਵੇ ਰਾਸ, ਮੰਡਲ ਸਾਚੀ ਰਾਸ ਰਚਾਈਆ। ਸਖਾ ਸਹੇਲਾ ਵਸੇ ਪਾਸ, ਸਦ ਮੇਲਾ ਚਾਈਂ ਚਾਈਂਆ। ਆਦਿ ਜੁਗਾਦਿ ਨਾ ਹੋਏ ਉਦਾਸ, ਏਕਾ ਰੰਗ ਸਮਾਈਆ। ਸ਼ਾਹੋ ਭੂਪ ਸ਼ਾਹ ਸ਼ਬਾਸ, ਸ਼ਹਿਨਸ਼ਾਹ ਬੇਪਰਵਾਹੀਆ। ਹਰਿਜਨ ਕਰੇ ਨਾ ਕਦੇ ਨਿਰਾਸ, ਸਿਰ ਆਪਣਾ ਹੱਥ ਟਿਕਾਈਆ। ਨਿਜ ਆਤਮ ਕਰ ਕਰ ਵਾਸ, ਘਰ ਘਰ ਲੇਖਾ ਦਏ ਚੁਕਾਈਆ। ਲਹਿਣਾ ਚੁਕਾਏ ਪਵਣ ਸਵਾਸ, ਸਵਾਸ ਪਵਣ ਨਾਲ ਸਮਾਈਆ। ਸੇਵਾ ਕਰੇ ਬਣ ਬਣ ਦਾਸ, ਦਾਸੀ ਦਾਸ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਕ ਆਪ ਖੁਲ੍ਹਾਈਆ। ਖੁਲ੍ਹੇ ਤਾਕ ਹੋਏ ਚਾਨਣ, ਨਿਰਗੁਣ ਨੂਰ ਨੂਰ ਧਰਾਇੰਦਾ। ਲਹਿਣਾ ਚੁੱਕੇ ਜ਼ਿਮੀਂ ਅਸਮਾਨਨ, ਇਸਮ ਆਪਣਾ ਇਕ ਵਖਾਇੰਦਾ। ਨਿਰਵੈਰ ਪੁਰਖ ਪਕੜਾਏ ਦਾਮਨ, ਦਾਮਨਗੀਰ ਆਪ ਹੋ ਜਾਇੰਦਾ। ਦੋ ਜਹਾਨਾਂ ਬਣੇ ਜ਼ਾਮਨ, ਸਾਚੀ ਜ਼ਾਮਨੀ ਆਪ ਕਮਾਇੰਦਾ। ਵੇਖ ਵਖਾਏ ਛੱਤ੍ਰੀ ਸ਼ੂਦਰ ਵੈਸ਼ ਬ੍ਰਾਹਮਣ, ਬ੍ਰਹਮ ਨਾਤਾ ਜੋੜ ਜੁੜਾਇੰਦਾ। ਨਿਰਗੁਣ ਨੂਰ ਕੋਟਨ ਭਾਨਣ, ਨੂਰ ਨੂਰਾਨਾ ਡਗਮਗਾਇੰਦਾ। ਸ਼ਬਦ ਨਿਸ਼ਾਨਾ ਮਾਰੇ ਏਕਾ ਕਾਨਨ, ਤੀਰ ਨਿਰਾਲਾ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਤਾਕੀ ਆਪ ਖੁਲ੍ਹਾਇੰਦਾ। ਬੰਦ ਤਾਕ ਦੇਵੇ ਖੋਲ੍ਹ, ਖੋਲ੍ਹਣਹਾਰਾ ਇਕ ਅਖਵਾਈਆ। ਸਾਚੇ ਮੰਦਰ ਆਪੇ ਬੋਲ, ਸਚ ਜੈਕਾਰਾ ਦਏ ਸੁਣਾਈਆ। ਸਾਚੇ ਘਰ ਵਜਾਏ ਢੋਲ, ਨਾਮ ਢੋਲਾ ਏਕਾ ਗਾਈਆ। ਸਾਚੇ ਗ੍ਰਹਿ ਜਾਏ ਮੌਲ, ਨਿਰਗੁਣ ਨਿਰਗੁਣ ਖੇਲ ਖਿਲਾਈਆ। ਆਪ ਚੁਕਾਏ ਆਪਣਾ ਪੜਦਾ ਓਹਲ, ਦੂਈ ਦਵੈਤ ਦਏ ਮਿਟਾਈਆ। ਹਰਿਜਨ ਉਠਾਏ ਆਪ ਅਨਭੋਲ, ਅਭੁਲ ਆਪਣੀ ਦਇਆ ਕਮਾਈਆ। ਸਚ ਵਸਤ ਵਖਾਵੇ ਕੋਲ, ਏਕਾ ਵਾਰ ਦਏ ਵਰਤਾਈਆ। ਏਕਾ ਕੰਡੇ ਤੋਲੇ ਤੋਲ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਲਏ ਵਰੋਲ, ਚਾਰ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਤਾਕ ਆਪ ਖੁਲ੍ਹਾਈਆ। ਖੋਲ੍ਹੇ ਤਾਕ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਸਰਗੁਣ ਆਪਣੇ ਰੰਗ ਰੰਗਾਇੰਦਾ। ਇਕ ਵਖਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਰੂਪ ਆਪ ਧਰਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਏਕਾ ਬੰਸਰੀ ਨਾਮ ਵਜਾਇੰਦਾ। ਏਕਾ ਰੂਪ ਰਮੱਯਾ ਰਾਮ, ਰਾਮ ਰਾਮਾ ਖੇਲ ਖਿਲਾਇੰਦਾ। ਏਕਾ ਨਿਉਂ ਨਿਉਂ ਕਰੇ ਸਲਾਮ, ਅਲੈਕਮ ਆਪਣੀ ਧਾਰ ਚਲਾਇੰਦਾ। ਏਕਾ ਜੈਕਾਰਾ ਬੋਲੇ ਸਤਿਨਾਮ, ਨਾਮ ਸਤਿ ਆਪਣਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਕ ਆਪ ਖੁਲ੍ਹਾਇੰਦਾ। ਸਾਚਾ ਤਾਕ ਸਚਖੰਡ, ਸਚਖੰਡ ਨਿਵਾਸੀ ਆਪ ਖੁਲ੍ਹਾਈਆ। ਨਿਰਾਕਾਰ ਪਾਵੇ ਵੰਡ, ਵੰਡਣਹਾਰ ਆਪ ਹੋ ਆਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਭੇਵ ਨਾ ਰਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਕਰੇ ਖੇਲ ਬੇਪਰਵਾਹੀਆ। ਹਰਿਜਨ ਵੇਖੇ ਸਾਚੇ ਚੰਦ, ਚੰਦ ਚਾਦਨੀ ਮੁਖ ਭਵਾਈਆ। ਇਕ ਜਣਾਏ ਪਰਮਾਨੰਦ, ਅਨੰਦ ਅਨੰਦ ਦਏ ਵਡਿਆਈਆ। ਇਕ ਸੁਣਾਏ ਸੁਹਾਗੀ ਛੰਦ, ਗੀਤ ਗੋਬਿੰਦ ਆਪ ਜਣਾਈਆ। ਜੁਗ ਚੌਕੜੀ ਮੁਕਾਏ ਪੰਧ, ਕਲਜੁਗ ਅੰਤਮ ਵੇਖ ਵਖਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਇਕ ਹੋ ਜਾਈਆ। ਜਨ ਭਗਤਾਂ ਪਾਏ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਕ ਆਪੇ ਲਾਹੀਆ। ਸਾਚਾ ਤਾਕ ਜਾਏ ਲਥ, ਨਵ ਨੌਂ ਖੇਲ ਖਿਲਾਇੰਦਾ। ਕਰੇ ਖੇਲ ਪੁਰਖ ਸਮਰਥ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਆਪੇ ਮਥ, ਗੇੜਾ ਗੇੜੇ ਵਿਚ ਰਖਾਇੰਦਾ। ਕਲਜੁਗ ਗੇੜਨਹਾਰਾ ਲੱਠ, ਆਪ ਆਪਣਾ ਖੇਲ ਕਰਾਇੰਦਾ। ਹਰਿ ਸੱਜਣ ਸਾਚੇ ਲਏ ਰੱਖ, ਲੋਕਮਾਤ ਉਠਾਇੰਦਾ। ਲੇਖਾ ਜਾਣੇ ਕਾਇਆ ਰਤ, ਰਤੀ ਰਤ ਮੇਲ ਮਿਲਾਇੰਦਾ। ਨਾਤਾ ਜੋੜ ਕਮਲਾਪਤ, ਕਵਲ ਨੈਣ ਵੇਖ ਵਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਤਿ ਸੰਤੋਖ ਧੀਰਜ ਜਤ, ਸਤਿ ਆਪਣਾ ਰੰਗ ਰੰਗਾਇੰਦਾ। ਮੇਲ ਮਿਲਾਵਾ ਨੱਸ ਨੱਸ, ਜੁਗ ਜੁਗ ਆਪਣਾ ਪੰਧ ਮੁਕਾਇੰਦਾ। ਗੁਰਮੁਖ਼ਾਂ ਕਰੇ ਪੂਰੀ ਆਸ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਏਕਾ ਵਾਰ ਕਰੇ ਬੰਦ ਖ਼ੁਲਾਸ, ਜਗਤ ਜ਼ੰਜੀਰ ਨਾ ਬੰਧਨ ਪਾਇੰਦਾ। ਮੇਲ ਮਿਲਾਵਾ ਸ਼ਾਹੋ ਸ਼ਾਬਾਸ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਹਰਿਜਨ ਪੂਰੀ ਕਰੇ ਆਸ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਕ ਆਪ ਖੁਲ੍ਹਾਇੰਦਾ। ਖੁਲ੍ਹੇ ਤਾਕ ਸਚ ਮਹੱਲਾ, ਮਹੱਲਾ ਕੋਇ ਰਹਿਣ ਨਾ ਪਾਈਆ। ਕਰੇ ਖੇਲ ਇਕ ਇਕੱਲਾ, ਅਕਲ ਸਭ ਦੀ ਰਿਹਾ ਗਵਾਈਆ। ਏਕਾ ਫੜਿਆ ਨਾਮ ਪੱਲਾ, ਭਾਲ ਸਭ ਦੀ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਕ ਦਏ ਸਮਝਾਈਆ। ਸਾਚਾ ਤਾਕ ਨੌਂ ਦਵਾਰ, ਨਵ ਨੌਂ ਆਪ ਖੁਲ੍ਹਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਵੇਸ ਵਟਾਇਆ। ਜੁਗ ਚੌਕੜੀ ਲਾਏ ਪਾਰ, ਗੁਰ ਅਵਤਾਰਾਂ ਸੀਸ ਉਠਾਇਆ। ਭਗਤਾਂ ਕਰਜ਼ਾ ਦਏ ਉਤਾਰ, ਸਾਲਸ ਬਣਕੇ ਹਰਿ ਹਰਿ ਆਇਆ। ਸਾਚੀ ਵਸਤ ਝੋਲੀ ਦੇਵੇ ਡਾਰ, ਨਾਮ ਅਮੋਲਕ ਆਪ ਵਰਤਾਇਆ। ਏਥੇ ਉਥੇ ਨਾ ਆਏ ਹਾਰ, ਹਰਿ ਕੇ ਪੌੜੇ ਦਏ ਚੜ੍ਹਾਇਆ। ਮਾਣਸ ਜਨਮ ਪੈਜ ਸੁਆਰ, ਮਾਨੁਖ ਆਪਣੇ ਲੇਖੇ ਲਾਇਆ। ਏਕਾ ਕਰੇ ਸਚ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਖੁਲ੍ਹਾਇਆ। ਸਾਚਾ ਮੰਦਰ ਜਾਏ ਖੁਲ੍ਹ, ਖੋਲ੍ਹਣਹਾਰ ਆਪ ਅਖਵਾਈਆ। ਚਾਰ ਜੁਗ ਜੋ ਬੈਠੇ ਭੁੱਲ, ਵੇਲੇ ਅੰਤਮ ਲਏ ਮਿਲਾਈਆ। ਆਪੇ ਹੋਏ ਸੁਲਹਕੁਲ, ਸਭ ਦੀ ਸੁਲਾਹ ਦਏ ਕਰਾਾਈਆ। ਗੁਰਮੁਖ ਸੱਜਣ ਲਏ ਵਰੋਲ, ਨਵ ਖੰਡ ਫੋਲ ਫੁਲਾਈਆ। ਆਪੇ ਤੋਲੇ ਆਪਣੇ ਤੋਲ, ਨਾਮ ਕੰਡਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਲਏ ਮਿਲਾਈਆ। ਭਗਤਨ ਮੇਲਾ ਭਗਵੰਤ ਦਵਾਰ, ਦਰ ਦਰਬਾਰੀ ਆਪ ਕਰਾਇੰਦਾ। ਜੁਗ ਚੌਕੜੀ ਉਤਰੇ ਪਾਰ, ਕੋਟਨ ਕਾਲ ਖੇਲ ਖਿਲਾਇੰਦਾ। ਤ੍ਰੈਭਵਨ ਧਨੀ ਹੋ ਤਿਆਰ, ਮੂਰਤ ਅਕਾਲ ਰੂਪ ਵਟਾਇੰਦਾ। ਅਜੂਨੀ ਰਹਿਤ ਸ਼ਾਹ ਸਵਾਰ, ਸ਼ਾਹ ਸੁਲਤਾਨਾ ਫੇਰਾ ਪਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਭੇਵ ਨਾ ਆਇੰਦਾ। ਗੁਰ ਅਵਤਾਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਜੁਗ ਚੌਕੜੀ ਬੀਤੇ ਚਾਰ, ਚਾਰ ਨਵ ਨੌਂ ਮਿਲਾਇੰਦਾ। ਨਵ ਚਾਰ ਕਰ ਪਸਾਰ, ਆਪਣੀ ਧਾਰ ਆਪ ਵਖਾਇੰਦਾ। ਕਲਜੁਗ ਖੇਲ ਕਰੇ ਅਪਾਰ, ਲੇਖਾ ਆਪਣੇ ਹੱਥ ਰਖਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਤਾ ਵੇਸ ਵਟਾਇੰਦਾ। ਨਾਮ ਖੰਡਾ ਇਕ ਹਥਿਆਰ, ਸਾਚਾ ਸ਼ਸਤਰ ਹੱਥ ਵਖਾਇੰਦਾ। ਤ੍ਰੈਗੁਣ ਮਾਰਨਹਾਰਾ ਮਾਰ, ਪੰਜ ਤੱਤ ਸਰਬ ਕੁਰਲਾਇੰਦਾ। ਲੱਖ ਚੁਰਾਸੀ ਕਰੇ ਵਿਚਾਰ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਹਰਿਜਨ ਸਾਚੇ ਲਏ ਉਠਾਲ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਲੇਖੇ ਲਾਏ ਘਾਲੀ ਘਾਲ, ਘਾਲੀ ਘਾਲ ਵੇਖ ਵਖਾਇੰਦਾ। ਆਪੇ ਕਰੇ ਹਲ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਕ ਆਪ ਵਖਾਇੰਦਾ। ਹਰਿ ਕਾ ਤਾਕ ਸਦਾ ਅਨਡਿਠ, ਦਿਸ ਕਿਸੇ ਨਾ ਆਇਆ। ਜੋ ਜਨ ਸਤਿਗੁਰ ਕਰੇ ਹੇਤ, ਤਿਸ ਸਤਿਗੁਰ ਲਏ ਮਿਲਾਇਆ। ਕਾਇਆ ਵੇਖੇ ਸਾਚਾ ਖੇਤ, ਆਪ ਆਪਣਾ ਫੇਰਾ ਪਾਇਆ। ਜਨ ਭਗਤਾਂ ਖੋਲ੍ਹੇ ਭੇਤ ਅਭੇਤ, ਦੂਈ ਪਰਦਾ ਆਪ ਚੁਕਾਇਆ। ਆਪਣੇ ਨੇਤਰ ਆਪੇ ਪੇਖ, ਨੈਣ ਨੈਣ ਨਾਲ ਮਿਲਾਇਆ। ਜੁਗ ਜੁਗ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਇਆ। ਕਲਜੁਗ ਬਾਲੂ ਤਪੇ ਰੇਤ, ਚਾਰੋਂ ਕੁੰਟ ਰੰਗ ਰੰਗਾਇਆ। ਜਨ ਭਗਤ ਰਹੇ ਵੇਖ, ਕਵਣ ਵੇਲਾ ਹੋਏ ਸਹਾਇਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਇ ਕੇਸ, ਸੋ ਪੁਰਖ ਨਿਰੰਜਣ ਹੋਏ ਅੰਤ ਸਹਾਇਆ। ਜਿਸ ਦਾ ਸੱਚਾ ਇਕੋ ਦੇਸ, ਸਚਖੰਡ ਬੈਠਾ ਆਸਣ ਲਾਇਆ। ਜਿਸ ਦਾ ਨੂਰ ਇਕ ਪਰਵੇਸ, ਘਟ ਘਟ ਜੋਤ ਕਰੇ ਰੁਸ਼ਨਾਇਆ। ਜਿਸ ਦਾ ਜੁਗ ਜੁਗ ਅਵੱਲੜਾ ਭੇਸ, ਗੁਰ ਅਵਤਾਰ ਰਹੇ ਜਸ ਗਾਇਆ। ਕਲਜੁਗ ਅੰਤਮ ਔਣਾ ਮਾਝਾ ਦੇਸ, ਗੋਬਿੰਦ ਸੰਬਲ ਨਗਰ ਨਾਉਂ ਵਡਿਆਇਆ। ਨਾਨਕ ਨਿਰਗੁਣ ਕਰੇ ਆਦੇਸ਼, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਕ ਦਏ ਵਡਿਆਇਆ। ਸਾਚਾ ਤਾਕ ਦਰ ਦਰਵਾਜ਼ਾ, ਦਰਦੀ ਦਰਦ ਆਪ ਸਮਝਾਇੰਦਾ। ਕਰੇ ਖੇਲ ਗ਼ਰੀਬ ਨਿਵਾਜ਼ਾ, ਗਿਰਹਾ ਆਪਣੀ ਖੋਲ੍ਹ ਖੁਲ੍ਹਾਇੰਦਾ। ਜਨ ਭਗਤਾਂ ਮਾਰੇ ਵਾਜਾਂ, ਦਿਵਸ ਰੈਣ ਸੇਵ ਕਮਾਇੰਦਾ। ਕਲਜੁਗ ਅੰਤਮ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਨਿਰਗੁਣ ਨਿਰਗੁਣ ਰਚਿਆ ਕਾਜਾ, ਸਰਗੁਣ ਸਰਗੁਣ ਬੰਧਨ ਪਾਇੰਦਾ। ਜਿਸ ਨੂੰ ਨਿਉਂ ਨਿਉਂ ਕਰਨ ਨਿਮਾਜ਼ਾਂ, ਸੋ ਨਿਮਾਜ਼ੀ ਵੇਖ ਵਖਾਇੰਦਾ। ਜਿਸ ਨੂੰ ਕੂਕ ਕੂਕ ਮਾਰਨ ਵਾਜਾਂ, ਸੋ ਵਾਜਾਂ ਮਾਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਸੋਭਾ ਪਾਇੰਦਾ। ਮੰਦਰ ਸਹੌਣਾ ਸਤਿ ਪੁਰਖ, ਸਤਿ ਸਤਿਵਾਦੀ ਮੀਤ ਬਣਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਹਰਖ ਸੋਗ ਨਾ ਕੋਇ ਜਣਾਈਆ। ਚਾਰ ਜੁਗ ਦੀ ਕਰੇ ਪਰਖ, ਪ੍ਰੀਖੀਆ ਆਪਣੇ ਹੱਥ ਜਣਾਈਆ। ਗੁਰਮੁਖ ਵਿਰਲੇ ਦੇਵੇ ਦਰਸ, ਜਿਸ ਜਨ ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਵਧਾਈਆ। ਗ਼ਰੀਬ ਨਿਮਾਣਿਆਂ ਉਪਰ ਕਰ ਕਰ ਤਰਸ, ਜਗਤ ਜਲੰਦੇ ਲਏ ਤਰਾਈਆ। ਲਹਿਣਾ ਚੁਕਾਏ ਅਰਸ਼ ਫ਼ਰਸ਼, ਬਿਰਹੋਂ ਰੋਗ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਵਾਰਾ ਇਕ ਵਖਾਈਆ। ਹਰਿ ਦਵਾਰਾ ਸਚ ਮਨਾਰਾ, ਤਪੀ ਤਪੀਸ਼ਰ ਰਾਹ ਤਕਾਇੰਦਾ। ਕੋਟਨ ਕੋਟ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਸਰਬ ਨਿਵਾਇੰਦਾ। ਚੜ੍ਹ ਚੜ੍ਹ ਥੱਕੇ ਜੀਵ ਸੰਸਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਉਚੀ ਕੂਕ ਕੂਕ ਕਰਨ ਪੁਕਾਰਾ, ਨਾਅਰਾ ਹਕ ਹਕ ਜਣਾਇੰਦਾ। ਵਸਣਹਾਰਾ ਧਾਮ ਨਿਆਰਾ, ਧਾਮ ਅਵੱਲੜੇ ਸੋਭਾ ਪਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਨਾਉਂ ਰੱਖ ਆਪ ਨਿਰੰਕਾਰਾ, ਸਚਖੰਡ ਸਾਚੇ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚਾ ਤਾਜ ਸੀਸ ਟਿਕਾਇੰਦਾ। ਹੁਕਮੀ ਹੁਕਮ ਬਣ ਵਰਤਾਰਾ, ਸਾਚਾ ਹੁਕਮ ਇਕ ਸੁਣਾਇੰਦਾ। ਜੁਗ ਜੁਗ ਲੋਕਮਾਤ ਲਏ ਅਵਤਾਰਾ, ਗੁਰ ਸਤਿਗੁਰ ਖੇਲ ਖਿਲਾਇੰਦਾ। ਕਲਜੁਗ ਅੰਤਮ ਕਰ ਪਸਾਰਾ, ਨਿਰਾਧਾਰਾ ਕਾਰ ਕਮਾਇੰਦਾ। ਜੋਤੀ ਜੋਤ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦੀ ਸ਼ਬਦ ਨਾਦ ਧੁੰਨਕਾਰਾ, ਅਨਾਦੀ ਨਾਦ ਨਾਦ ਵਜਾਇੰਦਾ। ਬ੍ਰਹਮ ਬ੍ਰਹਿਮਾਦਿ ਖੋਲ੍ਹ ਕਿਵਾੜਾ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰਾ, ਜਨ ਭਗਤਾਂ ਮੇਲ ਮਿਲਾਇੰਦਾ। ਸਤ ਸਤ ਬਣੇ ਵਣਜਾਰਾ, ਬਹੱਤਰ ਆਪਣੀ ਗੰਢ ਪਵਾਇੰਦਾ। ਵਾਹ ਵਾ ਸੋਹੇ ਬੰਕ ਦਵਾਰਾ, ਜਿਸ ਦਵਾਰੇ ਬੰਕ ਹਰਿਜਨ ਸਾਚੇ ਆਪ ਬਹਾਇੰਦਾ। ਛੱਤੀ ਛੱਤੀ ਪਾਰ ਕਿਨਾਰਾ, ਛੱਤੀ ਛੱਤੀ ਆਪਣਾ ਬੰਧਨ ਪਾਇੰਦਾ। ਛੱਤੀ ਬਣੇ ਸਚ ਮਿਨਾਰਾ, ਸਾਢੇ ਤਿੰਨ ਹੱਥ ਰੰਗ ਰੰਗਾਇੰਦਾ। ਕਰੇ ਖੇਲ ਅਗੰਮ ਅਪਾਰਾ, ਗੋਬਿੰਦ ਹੁਕਮ ਇਕ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਖੇਲ ਆਪਣੀ ਵਾਰਾ, ਪਿਛਲਾ ਖੇਲ ਨਾ ਕੋਇ ਜਣਾਇੰਦਾ।