Granth 10 Likhat 215: 23 Assu 2018 Bikarmi Jethuwal Darbar wich dayea hoyi

੨੩ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਹੁਕਮੇ ਅੰਦਰ ਧੁਰ ਫ਼ਰਮਾਨਾ, ਧੁਰ ਧਾਮੀ ਹਰਿ ਜਣਾਇੰਦਾ। ਸਤਿ ਪੁਰਖ ਨਿਰੰਜਣ ਸਾਚਾ ਰਾਣਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਅਲਖ ਅਗੋਚਰ ਬੇਮੁਹਾਣਾ, ਅਗੰਮ ਅਥਾਹ ਭੇਵ ਨਾ ਆਇੰਦਾ। ਜੁਗਾ ਜੁਗੰਤਰ ਵਰਤੇ ਭਾਣਾ, ਸਦ ਭਾਣੇ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਜਾਣੇ ਆਵਣ ਜਾਣਾ, ਆਵਣ ਜਾਵਣ, ਵੇਸ ਵਟਾਇੰਦਾ। ਸ਼ਬਦ ਅਗੰਮੀ ਏਕਾ ਗਾਣਾ, ਨਿਰਵੈਰ ਪੁਰਖ ਅਲਾਇੰਦਾ। ਭਗਤਾਂ ਦੇਵੇ ਸਾਚਾ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਸਤਿ ਸੰਤੋਖੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਅੰਤਰ ਆਤਮ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਸਾਚਾ ਦੇਵੇ ਪੀਣਾ ਖਾਣਾ, ਅੰਮ੍ਰਿਤ ਰਸ ਆਪ ਚਖਾਇੰਦਾ। ਲੇਖਾ ਜਾਣੇ ਮਰਨਾ ਜੀਣਾ, ਜੀਵਣ ਮਰਨ ਆਪਣੇ ਹੱਥ ਰਖਾਇੰਦਾ। ਜਿਸ ਜਨ ਬਖ਼ਸ਼ੇ ਸਾਚੀ ਸਰਨਾ, ਸਰਨਗਤ ਆਪ ਹੋ ਜਾਇੰਦਾ। ਨੇਤਰ ਖੋਲੇ ਹਰਨਾ ਫਰਨਾ, ਰੂਪ ਅਨੂਪ ਆਪ ਦਰਸਾਇੰਦਾ। ਆਪੇ ਹੋਏ ਕਰਨੀ ਕਰਨਾ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਆਪਣਾ ਅੱਖਰ ਆਪੇ ਪੜ੍ਹਨਾ, ਜਗਤ ਵਿਦਿਆ ਆਪ ਪੜ੍ਹਾਇੰਦਾ। ਨਿਰਭੌ ਚੁਕਾਏ ਦੂਜਾ ਡਰਨਾ, ਭੈ ਅਵਰ ਨਾ ਕੋਇ ਰਖਾਇੰਦਾ। ਸਾਚਾ ਘਾੜਨ ਆਪੇ ਘੜਨਾ, ਆਪੇ ਘੜ ਘੜ ਆਪੇ ਭੰਨ ਧਰਾਇੰਦਾ। ਜਿਸ ਦਵਾਰੇ ਹਰਿ ਜੂ ਵੜਨਾ, ਸੋ ਮੰਦਰ ਸੋਭਾ ਪਾਇੰਦਾ। ਸਾਚੇ ਪੌੜੇ ਏਕਾ ਚੜ੍ਹਨਾ, ਔਂਦਾ ਜਾਂਦਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਧੁਰ ਧਾਮੀ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਖੇਲਣਹਾਰਾ ਆਪ ਖਿਲਾਇੰਦਾ। ਆਪੇ ਜਾਣੇ ਆਪਣੀ ਧਾਰਾ, ਆਦਿ ਜੁਗਾਦਿ ਚਲਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਪੀਰ ਆਪ ਪੜ੍ਹਾਇੰਦਾ। ਏਕਾ ਨਾਮ ਦਏ ਸਹਾਰਾ, ਸਾਚੀ ਸਿਖਿਆ ਸਿੱਖ ਸਮਝਾਇੰਦਾ। ਚਰਨ ਕਵਲ ਦੇ ਸਹਾਰਾ, ਲੋਕਮਾਤ ਪਰਗਟਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਜੋਤੀ ਜਾਤਾ ਵੇਖ ਵਖਾਇੰਦਾ। ਰਾਗੀ ਨਾਦੀ ਖੇਲ ਅਪਾਰਾ, ਅਨਹਦ ਨਾਦੀ ਨਾਦ ਵਜਾਇੰਦਾ। ਅਲਖ ਅਗੋਚਰ ਆਪੇ ਜਾਣੇ ਆਪਣੀ ਧਾਰਾ, ਦੂਜੀ ਧਾਰ ਨਾ ਕੋਇ ਬਣਾਇੰਦਾ। ਜਿਸ ਜਨ ਖੋਲ੍ਹੇ ਬੰਦ ਕਿਵਾੜਾ, ਸੋ ਜਨ ਸੋਝੀ ਪਾਇੰਦਾ। ਗੁਰ ਅਵਤਾਰ ਆਦਿ ਜੁਗਾਦਿ ਜੁਗਾ ਜੁਗੰਤਰ ਨਿਉਂ ਨਿਉਂ ਸੀਸ ਜਗਦੀਸ ਅਗੇ ਕਰਨ ਹਾੜਾ, ਨੇਤਰ ਨੈਣ ਨੀਰ ਸਰਬ ਵਹਾਇੰਦਾ। ਤੇਰੇ ਹੁਕਮੇ ਸਾਡੀ ਕਾਰਾ, ਸਾਡੀ ਕਾਰ ਤੇਰੀ ਸੇਵਾ ਵਿਚ ਰਖਾਇੰਦਾ। ਤੂੰ ਸਾਹਿਬ ਸੱਚਾ ਮੀਤ ਮੁਰਾਰਾ, ਤੁਧ ਬਿਨ ਧਾਮ ਨਾ ਕੋਇ ਸੁਹਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕ ਅਖਵਾਇੰਦਾ। ਸਚਖੰਡ ਸੋਹੇ ਤੇਰਾ ਮਨਾਰਾ, ਉਚ ਅਟੱਲਾ ਆਪ ਵਡਿਆਇੰਦਾ। ਨਿਰਮਲ ਜੋਤ ਜਗੇ ਅਪਾਰਾ, ਜੋਤੀ ਜਾਤਾ ਡਗਮਗਾਇੰਦਾ। ਰੂਪ ਰੰਗ ਤੇ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਵੇਸ ਅਵੱਲਾ ਏਕੰਕਾਰ, ਆਦਿ ਜੁਗਾਦਿ ਧਰਾਈਆ। ਜੁਗ ਚੌਕੜੀ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਈਆ। ਭਗਤ ਭਗਵੰਤ ਦਏ ਆਧਾਰ, ਸੰਤ ਸੁਹੇਲੇ ਗਲੇ ਲਗਾਈਆ। ਗੁਰਮੁਖਾਂ ਕਰੇ ਸਚ ਪਿਆਰ, ਗੁਰਸਿਖ ਸਾਚੇ ਸਦਾ ਸਾਲਾਹੀਆ। ਨਿਰਗੁਣ ਸਰਗੁਣ ਖੇਲ ਸੱਚੀ ਸਰਕਾਰ, ਸ਼ਾਹੋ ਭੂਪ ਆਪ ਕਰਾਈਆ। ਨਾਮ ਵਣਜ ਕਰਾਏ ਇਕ ਵਪਾਰ, ਲੋਕਮਾਤ ਹੱਟ ਖੁਲ੍ਹਾਈਆ। ਚੌਦਾਂ ਲੋਕ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਗਗਨ ਮੰਡਲ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਗਿਆ ਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਕਰਨ ਪੁਕਾਰ, ਅੰਤਰ ਏਕਾ ਓਟ ਰਖਾਈਆ। ਕਲਜੁਗ ਆਏ ਆਪਣੀ ਵਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਵਜਾਏ ਅਗੰਮ ਅਪਾਰ, ਨੌਬਤ ਆਪਣਾ ਨਾਉਂ ਵਜਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਪੁਰੀਆਂ ਲੋਆਂ ਆਪ ਹਿਲਾਈਆ। ਰਵ ਸਸ ਦਏ ਆਧਾਰ, ਸੂਰਜ ਚੰਨ ਵੇਖ ਵਖਾਈਆ। ਗੁਰਮੁਖ ਸੱਜਣ ਲਏ ਉਠਾਲ, ਜਿਸ ਜਨ ਆਪਣੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਏਕਾ ਤੱਤ ਦਏ ਸਮਝਾਈਆ। ਮਾਰਗ ਦੱਸੇ ਹਰਿ ਸੁਖਾਲ, ਨਿਸ਼ ਅੱਖਰ ਕਰ ਪੜ੍ਹਾਈਆ। ਹੰ ਬ੍ਰਹਮ ਕਰੇ ਪ੍ਰਿਤਪਾਲ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਇਕ ਬਣਾਏ ਸੱਚੀ ਧਰਮਸਾਲ, ਧਰਮ ਦਵਾਰਾ ਦਏ ਵਡਿਆਈਆ। ਏਕਾ ਘਰ ਬਹਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਈਆ। ਧਰਮਸਾਲ ਹਰਿ ਧਰਮ ਦਵਾਰਾ, ਏਕਾ ਏਕ ਜਣਾਇੰਦਾ। ਵਰਨ ਬਰਨ ਨਾ ਕੋਇ ਅਖਾੜਾ, ਜ਼ਾਤ ਪਾਤ ਨਾ ਨਾਚ ਨਚਾਇੰਦਾ। ਦੀਨ ਮਜ਼੍ਹਬ ਨਾ ਕੋਇ ਜੈਕਾਰਾ, ਏਕਾ ਪੁਰਖ ਅਕਾਲ ਅਲਾਇੰਦਾ। ਚਾਰ ਜੁਗ ਦਾ ਹੋਏ ਛੁਟਕਾਰਾ, ਪਿਛਲਾ ਕੀਤਾ ਆਪਣੀ ਝੋਲੀ ਪਾਇੰਦਾ। ਗੁਰ ਅਵਤਾਰ ਜੋ ਦੇ ਦੇ ਗਏ ਲਾਰਾ, ਅੰਤਮ ਹਰਿ ਜੂ ਆਪ ਪੂਰ ਕਰਾਇੰਦਾ। ਗੁਰਮੁਖ ਕਦੇ ਨਾ ਰਹੇ ਕਵਾਰਾ, ਜਿਸ ਪਾਰਬ੍ਰਹਮ ਪਰਨਾਇੰਦਾ। ਸੋ ਸੁਹੰਜਣੀ ਹੋਏ ਨਾਰਾ, ਜਿਸ ਹਰਿ ਕੰਤ ਗਲੇ ਲਗਾਇੰਦਾ। ਆਪ ਬਹਾਏ ਸੱਚੇ ਦਰਬਾਰਾ, ਸਚਖੰਡ ਸਿੰਘਾਸਣ ਸੋਭਾ ਪਾਇੰਦਾ। ਅੱਠੇ ਪਹਿਰ ਵਜਾਏ ਪ੍ਰੇਮ ਸਤਾਰਾ, ਸੁਰ ਤਾਲ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਸੁਣਾਏ ਸੱਚੀ ਧੁਨਕਾਰਾ, ਛੱਤੀ ਰਾਗ ਭੇਵ ਨਾ ਆਇੰਦਾ। ਇਕ ਵਖਾਏ ਠਾਕਰ ਦਵਾਰਾ, ਹਰਿ ਠਾਕਰ ਆਪ ਖੁਲ੍ਹਾਇੰਦਾ। ਭਗਤਾਂ ਦੇਵੇ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਮਾਣਸ ਜਨਮ ਨਾ ਆਏ ਹਾਰਾ, ਜਨਮ ਅਜਨਮ ਆਪਣੇ ਲੇਖੇ ਪਾਇੰਦਾ। ਪੂਰਾ ਕਰੇ ਕੌਲ ਇਕ਼ਰਾਰਾ, ਕੀਤਾ ਕੌਲ ਭੁਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਰੂਪ ਧਰਾਏ ਧਰਨੀ ਧਰ, ਧਰਤ ਧਵਲ ਵਡਿਆਈਆ। ਸਾਚੇ ਮੰਦਰ ਬਹੇ ਵੜ, ਸੰਬਲ ਏਕਾ ਨਾਉਂ ਰਖਾਈਆ। ਗੋਬਿੰਦ ਸੂਰਾ ਲਏ ਫੜ, ਗੁਰ ਚੇਲਾ ਮੇਲ ਮਿਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਇ ਰਖਾਈਆ। ਜਗਤ ਵਿਦਿਆ ਨਾ ਲਏ ਪੜ੍ਹ, ਆਪਣੀ ਕਰੇ ਸਚ ਪੜ੍ਹਾਈਆ। ਚਾਰ ਜੁਗ ਦੇ ਵਿਛੜੇ ਲਾਏ ਆਪਣੇ ਲੜ, ਏਕਾ ਬੰਧਨ ਨਾਮ ਪਾਈਆ। ਦਰਸ ਦਿਖਾਏ ਅਗੇ ਖੜ, ਸਵਛ ਰੂਪ ਵਟਾਈਆ। ਪੁਰਖ ਅਬਿਨਾਸ਼ੀ ਦੇਵੇ ਵਰ, ਵਰ ਦਾਤਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੋਭਾ ਪਾਈਆ। ਸਚ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਬਣਾਏ ਬਣਤ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਸੋਭਾਵੰਤ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਪਾਰਬ੍ਰਹਮ ਆਪ ਜਣਾਏ ਆਪਣਾ ਮਣੀਆ ਮੰਤ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨਾਮ ਨਾਮਾ ਵੇਖੇ ਸਾਚੇ ਸੰਤ, ਭਗਤ ਭਗਵੰਤ ਆਪ ਉਠਾਇੰਦਾ। ਦੇਵੇ ਵਡਿਆਈ ਵਿਚੋਂ ਜੀਵ ਜੰਤ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਹਰਿ ਕਾ ਰੰਗ ਉਤਰ ਕਦੇ ਨਾ ਜਾਇੰਦਾ । ਜਿਸ ਨੂੰ ਕਹਿੰਦੇ ਬੇਅੰਤ ਬੇਅੰਤ ਬੇਅੰਤ, ਸੋ ਸਾਹਿਬ ਵੇਖ ਵਖਾਇੰਦਾ। ਸਰਬ ਜੀਆਂ ਦਾ ਏਕਾ ਕੰਤ, ਲੱਖ ਚੁਰਾਸੀ ਆਪ ਪਰਨਾਇੰਦਾ। ਜਨ ਭਗਤ ਬਣਾਏ ਤੇਰੀ ਬਣਤ, ਬੰਧਨ ਆਪਣੇ ਹੱਥ ਰਖਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਨਾਤਾ ਤੋੜ ਭੁੱਖ ਨੰਗਤ, ਨਾਮ ਭੰਡਾਰਾ ਇਕ ਵਰਤਾਇੰਦਾ। ਮੇਲ ਮਿਲਾਵਾ ਸਾਚੀ ਸੰਗਤ, ਸੰਗ ਆਪਣਾ ਆਪ ਰਖਾਇੰਦਾ। ਗੁਰਸਿਖ ਤੇਰਾ ਰਾਹ ਜੁਗ ਜੁਗ ਤੱਕਣ ਜੱਨਤ, ਸਵਰਗ ਤੇਰੇ ਚਰਨ ਧੂੜ ਰਮਾਇੰਦਾ। ਤੇਰਾ ਮੇਲਾ ਸ੍ਰੀ ਭਗਵੰਤ, ਜਿਥੇ ਵੇਖਣ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਹਰਿ ਸੁਹੌਣਾ, ਨਿਰਗੁਣ ਸਰਗੁਣ ਬਣਤ ਬਣਾਈਆ। ਭਗਤ ਭਗਵੰਤ ਮੇਲ ਮਿਲੌਣਾ, ਭਗੌਤੀ ਸੇਵ ਕਮਾਈਆ। ਭਗਵਤੀ ਨਿਉਂ ਨਿਉਂ ਸੀਸ ਝੁਕੌਣਾ, ਵਾਹ ਵਾ ਵੱਜਦੀ ਰਹੇ ਵਧਾਈਆ। ਆਦਿ ਸ਼ਕਤ ਨਾਲ ਮਿਲੌਣਾ, ਮਿਲ ਸਖ਼ੀਆਂ ਮੰਗਲ ਗਾਈਆ। ਚਤੁਰਭੁਜ ਸੀਸ ਝੁਕੌਣਾ, ਨਿਉਂ ਨਿਉਂ ਪਏ ਸਰਨਾਈਆ। ਗੁਰ ਅਵਤਾਰਾਂ ਗਲ ਵਿਚ ਪੱਲੂ ਪੌਣਾ, ਨੇਤਰ ਨੈਣ ਨਾ ਸਕੇ ਕੋਇ ਉਠਾਈਆ। ਚਾਰ ਜੁਗ ਦਾ ਲੇਖਾ ਸਭ ਦੇ ਅਗੇ ਧਰੌਣਾ, ਅਭੁਲ ਭੁਲ ਕਦੇ ਨਾ ਜਾਈਆ। ਅਪਣਿਆਂ ਵੇਖ ਸਰਬ ਸ਼ਰਮੌਣਾ, ਆਪਾ ਕਿਸੇ ਕੋਲ ਨਜ਼ਰ ਨਾ ਆਈਆ। ਰਾਮ ਕ੍ਰਿਸ਼ਨ ਨਾ ਕਿਸੇ ਮਨੌਣਾ, ਈਸਾ ਮੂਸਾ ਨਾ ਕੋਇ ਵਡਿਆਈਆ। ਮੁਹੰਮਦ ਲੇਖ ਨਾ ਕਿਸੇ ਚੁਕੌਣਾ, ਰਾਣੀ ਅੱਲਾ ਮੁਖ ਭੁਆਈਆ। ਨਾਨਕ ਪੱਲੂ ਨਾ ਕਿਸੇ ਫੜੌਣਾ, ਦਰ ਦੇਵੇ ਧੱਕਾ ਲਾਈਆ। ਗੋਬਿੰਦ ਅੰਮ੍ਰਿਤ ਜਾਮ ਨਾ ਕਿਸੇ ਪਲੌਣਾ, ਕਲਜੁਗ ਜੀਵ ਭੁੱਲੇ ਪਾਂਧੀ ਰਾਹੀਆ। ਮੁਰਸ਼ਦ ਮੁਰੀਦਾਂ ਕੋਲੋਂ ਪੱਲੂ ਛਡੌਣਾ, ਗੁਰੂ ਸਿੱਖ ਕਿਸੇ ਨਾ ਹੋਏ ਸਹਾਈਆ। ਸਭ ਨੇ ਪਾਰਬ੍ਰਹਮ ਅੱਗੇ ਨਿਉਂ ਨਿਉਂ ਸੀਸ ਝੁਕੌਣਾ, ਤੇਰੀ ਮੰਨਦੇ ਰਹੇ ਸਰਨਾਈਆ। ਆਪੇ ਕਰ ਜੋ ਤੁਧ ਭੌਣਾ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਹੁਕਮ ਵਰਤਾਏ ਸ੍ਰੀ ਭਗਵਾਨਾ, ਭਗੌਤੀ ਆਪ ਜਣਾਇੰਦਾ। ਭਗਵਤੀ ਬੰਨ੍ਹੇ ਏਕਾ ਗਾਨਾ, ਏਕਾ ਸਗਨ ਮਨਾਇੰਦਾ। ਏਕਾ ਵਾਰ ਕਰੇ ਪਰਵਾਨਾ, ਸਿਰ ਆਪਣਾ ਹੱਥ ਰਖਾਇੰਦਾ। ਦਾਤਾ ਦਾਨੀ ਦੇਵੇ ਦਾਨਾ, ਦਇਆ ਨਿਧ ਆਪਣੀ ਦਇਆ ਕਮਾਇੰਦਾ। ਆਪੇ ਹੋਇਆ ਜਾਣੀ ਜਾਣਾ, ਭੇਵ ਅਭੇਦ ਖੁਲ੍ਹਾਇੰਦਾ। ਨਵ ਨੌਂ ਹੋਏ ਪਰਧਾਨਾ, ਰੂਪ ਅਨੂਪ ਜਣਾਇੰਦਾ। ਨਾਦ ਅਨਾਦੀ ਸਚ ਤਰਾਨਾ, ਏਕਾ ਵਾਰ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਆਇੰਦਾ। ਲੋਕਮਾਤ ਕਰੇ ਖੇਲ ਮਹਾਨਾ, ਨਿਰਵੈਰ ਧਾਰ ਚਲਾਇੰਦਾ। ਚਾਰ ਜੁਗ ਦਾ ਮੰਦਰ ਮਸਜਿਦ ਮਠ ਸ਼ਿਵਦਵਾਲਾ ਵੇਖੇ ਮਕਾਨਾ, ਖ਼ਾਲੀ ਸਰਬ ਕਰਾਇੰਦਾ। ਦੀਨ ਮਜ਼੍ਹਬ ਹੋਇਆ ਦੀਵਾਨਾ, ਦਰ ਦਰ ਘਰ ਘਰ ਧੱਕਾ ਲਾਇੰਦਾ। ਸਤਿਗੁਰ ਸ਼ਬਦ ਬੈਠ ਮਸਤਾਨਾ, ਮੁਖ ਸੱਭ ਤੋਂ ਆਪ ਭੁਆਇੰਦਾ। ਜੇ ਕੋਈ ਦੂਰ ਦੁਰਾਡਾ ਕਰੇ ਸਲਾਮਾ, ਲੁਕ ਲੁਕ ਆਪਣਾ ਵਕ਼ਤ ਲੰਘਾਇੰਦਾ। ਜੇ ਕੋਈ ਕੂਕ ਕੂਕ ਗਾਏ ਰਾਮਾ, ਮੰਦਰ ਟਲ ਖੜਕਾਇੰਦਾ। ਜੇ ਕੋਈ ਸੀਸ ਤਾਜ ਰੱਖ ਬਣੇ ਕਾਹਨਾ, ਤਿਸ ਆਪਣਾ ਰੂਪ ਨਾ ਕਦੇ ਵਖਾਇੰਦਾ। ਜੋ ਨਾਮ ਸਤਿ ਝੂਠਾ ਗਾਇਣ ਗਾਨਾ, ਅੰਤਰ ਵਿਕਾਰ ਨਾ ਕੋਇ ਕਢਾਇੰਦਾ। ਨਾਨਕ ਕਰੇ ਨਾ ਦਰ ਪਰਵਾਨਾ, ਦੂਰ ਦੁਰਾਡਾ ਧੱਕਾ ਲਾਇੰਦਾ। ਜੇ ਕੋਈ ਫ਼ਤਿਹ ਡੰਕਾ ਕਹੇ ਵਜਾਨਾ, ਗੋਬਿੰਦ ਰੂਪ ਨਾ ਕੋਇ ਵਖਾਇੰਦਾ। ਕਲਜੁਗ ਕੂੜ ਹੋਇਆ ਬਲਵਾਨਾ, ਸਭ ਨੂੰ ਧੱਕਾ ਲਾਇੰਦਾ। ਏਕਾ ਭੁੱਲਿਆ ਸ੍ਰੀ ਭਗਵਾਨਾ, ਜੋ ਘਟ ਘਟ ਆਸਣ ਲਾਇੰਦਾ। ਜਿਸ ਦੀ ਗੁਰ ਅਵਤਾਰ ਮੰਨਦੇ ਰਹੇ ਆਣਾ, ਸੀਸ ਅਗੇ ਜਗਦੀਸ ਨਾ ਕੋਇ ਉਠਾਇੰਦਾ। ਸੋ ਕਲਜੁਗ ਅੰਤਮ ਲੈ ਕੇ ਆਏ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨਾ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਦੇਵੇ ਦਰਸ ਸ੍ਰੀ ਭਗਵਾਨਾ, ਜਗਤ ਤ੍ਰਿਸ਼ਨਾ ਹਰਸ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨਾ, ਧੁਨ ਅਨਾਦੀ ਨਾਦ ਵਜਾਇੰਦਾ। ਆਤਮ ਸੇਜਾ ਸੋਭਾ ਪਾਣਾ, ਬ੍ਰਹਮ ਪਾਰਬ੍ਰਹਮ ਖੇਲ ਖਿਲਾਇੰਦਾ। ਭਾਗ ਲਗਾਏ ਸਾਚੇ ਮੰਦਰ ਸਚ ਮਕਾਨਾ, ਸਾਢੇ ਤਿੰਨ ਹੱਥ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਰਵਦਾਸ ਚਮਿਆਰਾ, ਚਮੜੀ ਆਪਣੇ ਹੱਟ ਵਿਕਾਈਆ। ਨਿਰਗੁਣ ਸਰਗੁਣ ਕਰ ਪਿਆਰਾ, ਸਰਗੁਣ ਨਿਰਗੁਣ ਧਾਰ ਵਖਾਈਆ। ਕਾਗਦ ਕ਼ਲਮ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜਗਤ ਜੁਗ ਦਾ ਪਾਰ ਕਿਨਾਰਾ, ਜੁਗਤ ਕਰੇ ਬੇਪਰਵਾਹੀਆ। ਏਕਾ ਬਣੇ ਸਚ ਮਨਾਰਾ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਨਵ ਚਾਰ ਲੱਗੇ ਅਖਾੜਾ, ਛੱਤੀ ਛੱਤੀ ਨਾਚ ਨਚਾਈਆ। ਨਾਨਕ ਨਿਰਗੁਣ ਸਰਗੁਣ ਕਰੇ ਪੁਕਾਰਾ, ਏਕਾ ਓਟ ਤਕਾਈਆ। ਤੇਰਾ ਰੂਪ ਅਗੰਮ ਅਪਾਰਾ, ਵਡ ਵੱਡੀ ਤੇਰੀ ਵਡਿਆਈਆ। ਤੇਰਾ ਧਾਮ ਸਚਖੰਡ ਨਿਆਰਾ, ਦਿਸ ਕਿਸੇ ਨਾ ਆਈਆ। ਆਦਿ ਜੁਗਾਦਿ ਇਕ ਇਕੱਲਾ ਸਚਖੰਡ ਬੈਠਾ ਰਹੇ ਕਵਾਰਾ, ਤੇਰਾ ਸੰਗ ਨਾ ਕੋਇ ਦਸਾਈਆ। ਤੇਰਾ ਏਕਾ ਵੇਖਾਂ ਜਗਤ ਵਿਹਾਰਾ, ਲੋਕਮਾਤ ਵੇਸ ਵਟਾਈਆ। ਭਗਵਨ ਦੇਣਾ ਨਾਮ ਆਧਾਰਾ, ਭਗਤਨ ਏਕਾ ਦਾਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਦਏ ਸਮਝਾਈਆ। ਆਪਣਾ ਗੁਣ ਹਰਿ ਸਮਝਾਇਆ, ਨਿਸ਼ਅੱਖਰ ਹਰਿ ਹਰਿ ਬੋਲ। ਆਪਣਾ ਆਪ ਲਏ ਪਰਨਾਇਆ, ਆਦਿ ਜੁਗਾਦੀ ਆਪੇ ਰੱਖੇ ਕੋਲ। ਲੋਕਮਾਤ ਲਏ ਵੇਸ ਵਟਾਇਆ, ਪਾਰਬ੍ਰਹਮ ਅਤੁਲ ਅਤੋਲ। ਹਰਿਜਨ ਸਾਚੇ ਲਏ ਜਗਾਇਆ, ਘਰ ਘਰ ਵਿਚ ਕੁੰਡਾ ਖੋਲ੍ਹ। ਆਪਣਾ ਰੂਪ ਦਏ ਦਰਸਾਇਆ, ਨਿਜ ਆਤਮ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧਰਨੀ ਧਰਤ ਧੌਲ। ਧੌਲ ਉਪਰ ਭਾਗ ਲਗੌਣਾ, ਹਰਿ ਸਾਚਾ ਸਚ ਜਣਾਇੰਦਾ। ਸਚਖੰਡ ਦਵਾਰਾ ਆਪ ਪਰਗਟੌਣਾ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਦੀਨ ਮਜ਼੍ਹਬ ਦਾ ਡੇਰਾ ਢੌਣਾ, ਜ਼ਾਤ ਪਾਤ ਪੰਧ ਮੁਕਾਇੰਦਾ। ਗੁਰ ਅਵਤਾਰਾਂ ਦਾ ਹਿੱਸਾ ਅੰਤਮ ਸਭ ਦਾ ਸਭ ਦੀ ਝੋਲੀ ਪੌਣਾ, ਬਾਕੀ ਅਵਰ ਨਾ ਕੋਇ ਰਖਾਇੰਦਾ। ਪੁਰਖ ਅਕਾਲ ਦੀਨ ਦਿਆਲ ਦੋ ਜਹਾਨ ਏਕਾ ਨਜ਼ਰੀ ਔਣਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਜਗਤ ਦਵਾਰਾ ਡੇਰਾ ਢੌਣਾ, ਖ਼ਾਕੀ ਖ਼ਾਕ ਖ਼ਾਕ ਮਿਲਾਇੰਦਾ। ਭਗਤ ਦਵਾਰਾ ਇਕ ਉਪਜੌਣਾ, ਹਰਿਜਨ ਸਾਚੇ ਵਿਚ ਬਹਾਇੰਦਾ। ਸੀਸ ਜਗਦੀਸ ਛਤਰ ਝੁਲੌਣਾ, ਛੱਤੀ ਰਾਗਾਂ ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਹਰਿ ਨਿਰੰਕਾਰ, ਨਿਰਗੁਣ ਆਪਣੇ ਹੱਥ ਰਖਾਈਆ। ਵੰਡੇ ਵੰਡ ਅਗੰਮ ਅਪਾਰ, ਹਿਸਾਬ ਕਿਤਾਬ ਨਾ ਕੋਇ ਰਖਾਈਆ। ਲਿਖਤ ਲੇਖ ਨਾ ਸਕੇ ਵਿਚਾਰ, ਵਿਦਿਆ ਗੁਣ ਨਾ ਕੋਇ ਵਖਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਪੁਕਾਰ, ਗੁਰ ਅਵਤਾਰ ਰਹੇ ਜਸ ਗਾਈਆ। ਸੋ ਸਾਹਿਬ ਆਪਣਾ ਕਰੇ ਆਪ ਵਿਹਾਰ, ਥਿਤ ਵਾਰ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਵਸਣਹਾਰਾ ਸਚਖੰਡ ਦਵਾਰ, ਸਚਖੰਡ ਲੋਕਮਾਤ ਪਰਗਟਾਈਆ। ਜਿਸ ਗ੍ਰਹਿ ਨਿਰਗੁਣ ਜੋਤ ਕਰੇ ਉਜਿਆਰ, ਸੋ ਗ੍ਰਹਿ ਆਪਣੇ ਰੰਗ ਰੰਗਾਈਆ। ਜਿਸ ਦਰ ਬੋਲੇ ਨਾਮ ਜੈਕਾਰ, ਤਿਸ ਘਰ ਵੱਜੇ ਵਧਾਈਆ। ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਸੋਹੰ ਸ਼ਬਦ ਸਚ ਪਿਆਰ, ਆਤਮ ਪਰਮਾਤਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਿਸਾ ਏਕਾ ਵੰਡ, ਪਾਵਣਹਾਰਾ ਉਤਭੁਜ ਸੇਤਜ ਜੇਰਜ ਅੰਡ, ਲਹਿਣਾ ਦੇਣਾ ਮੁਕਾਏ ਲੋਆਂ ਪੁਰੀਆਂ ਬ੍ਰਹਿਮੰਡ ਖੰਡ, ਗੁਰਮੁਖਾਂ ਵਖਾਏ ਇਕ ਅਨੰਦ, ਪਰਮਾਨੰਦ ਆਪਣਾ ਰੂਪ ਦਰਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਰਹੇ ਬੇਪਹਿਚਾਨ, ਪਹਿਚਾਨ ਵਿਚ ਕਦੇ ਨਾ ਆਈਆ। ਜਗਤ ਸਿਆਸਤ ਨਾਤਾ ਕੂੜ, ਕੂੜੇ ਤੰਦ ਨਾਲ ਬੰਧਾਈਆ। ਜਨ ਭਗਤਾਂ ਅੰਦਰ ਸੱਚਾ ਨੂਰ, ਨੂਰ ਨੁਰਾਨਾ ਆਪ ਧਰਾਈਆ। ਸਿਆਸਤ ਕਰੇ ਮੂਰਖ ਮੂੜ੍ਹ, ਚਤੁਰ ਸੁਘੜ ਦਏ ਭੁਲਾਈਆ। ਗੁਰਸਿਖਾਂ ਮਿਲੇ ਚਰਨ ਧੂੜ, ਦੁਰਮਤ ਮੈਲ ਧੁਆਈਆ। ਬਹੱਤਰ ਭਗਤ ਕੱਠੇ ਹੋਣ ਜ਼ਰੂਰ, ਕਲਜੁਗ ਤੇਰੀ ਜ਼ਰੂਰਤ ਪੂਰੀ ਦੇਣੀ ਕਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪ ਕਰਾਏ ਮਹੂਰਤ ਮਹੂਰ, ਥਿਤ ਵਾਰ ਆਪਣੇ ਹੱਥ ਰਖਾਈਆ। ਜਿਸ ਦਾ ਪੈਂਡਾ ਤੱਕਦੇ ਰਹੇ ਦੂਰ, ਸੋ ਨੇੜੇ ਗਿਆ ਆਈਆ। ਜਿਸ ਨੂੰ ਕਹਿੰਦੇ ਸੱਚਾ ਹਜ਼ੂਰ, ਹਾਜ਼ਰ ਹੋ ਹੋ ਦਰਸ ਦਿਖਾਈਆ। ਜਗਤ ਸਿਆਸਤ ਡੋਬੇ ਪੂਰ, ਧੱਕਾ ਏਕਾ ਵਾਰ ਲਗਾਈਆ। ਸ਼ਾਹ ਪਾਤਸ਼ਾਹ ਰਹੇ ਝੂਰ, ਰਾਤੀਂ ਸੁਤਿਆਂ ਨੀਂਦ ਨਾ ਆਈਆ। ਅੰਤਮ ਆਪਣਾ ਮੰਨਣ ਆਪ ਕ਼ਸੂਰ, ਏਕਾ ਭੁੱਲਿਆ ਬੇਪਰਵਾਹੀਆ। ਮਨ ਵਾਸਨਾ ਕਰਦੇ ਰਹੇ ਗ਼ਰੂਰ, ਗ਼ੁਰਬਤ ਕਾਇਆ ਵਿਚ ਟਿਕਾਈਆ। ਮਨ ਹੰਗਤਾ ਕਰਿਆ ਫ਼ਤੂਰ, ਫ਼ਤਵਾ ਇਕ ਦੂਜੇ ਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ । ਹਰਿਜਨ ਵੱਡਾ ਕੋਲ ਸਾਚੀ ਵਸਤ, ਹਰਿ ਏਕਾ ਏਕ ਫੜਾਇੰਦਾ। ਏਕਾ ਰੰਗ ਵਖਾਏ ਕੀਟ ਹਸਤ, ਊਚ ਨੀਚ ਨਾ ਕੋਇ ਜਣਾਇੰਦਾ। ਨਾਮ ਖ਼ੁਮਾਰੀ ਰੱਖੇ ਮਸਤ, ਧਨ ਦੌਲਤ ਪੱਲੇ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਾਲਾਹਿੰਦਾ। ਜਗਤ ਸਿਆਸਤ ਮੰਗੇ ਮੰਗ, ਦਿਵਸ ਰੈਣ ਕੁਰਲਾਈਆ। ਸ਼ਾਹ ਪਾਤਸ਼ਾਹ ਬਣੇ ਰਹਿਣ ਨੰਗ, ਸੀਸ ਪੱਲੂ ਨਾ ਕੋਇ ਟਿਕਾਈਆ। ਜਗਤ ਤ੍ਰਿਸ਼ਨਾ ਭਰਿਆ ਗੰਦ, ਝੂਠੀ ਵਾਸਨਾ ਨਾ ਕੋਇ ਮੁਕਾਈਆ। ਪਿਉ ਦਾਦਾ ਪੁਤ ਪੋਤਰੇ ਦੀ ਬੰਨ੍ਹਦੇ ਗਏ ਗੰਢ, ਅੰਤਮ ਖ਼ਾਲੀ ਹੱਥ ਵਖਾਈਆ। ਵੇਖੋ ਸਿਆਸਤ ਹੁੰਦੀ ਰੰਡ, ਰੰਡੀ ਦੁਹਾਗਣ ਚਾਰੋਂ ਕੁੰਟ ਦਏ ਦੁਹਾਈਆ। ਨਠ ਨਠ ਥੱਕੀ ਮੁਕਿਆ ਨਾ ਪੰਧ, ਜਗਤ ਭੁੱਲੀ ਰਹੀ ਕੁਰਲਾਈਆ। ਚਾਰ ਕੁੰਟ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦੀ ਏਕਾ ਵਾਰ ਲਾਹੇ ਡੰਡ, ਡੰਡ ਫੇਰ ਕੋਇ ਨਾ ਪਾਈਆ। ਸਿਆਸਤ ਰੋਵੇ ਜਗਤ ਕੁਰਲਾਵੇ, ਕੂਕ ਕੂਕ ਜਣਾਇਆ। ਇਕ ਦੂਜੇ ਦੇ ਮਰਨ ਹਾਵੇ, ਹਾਹਾਕਾਰ ਮਚਾਇਆ। ਪਰਧਾਨ ਮੰਤਰੀ ਕੋਈ ਨਜ਼ਰ ਨਾ ਆਵੇ, ਹੁਕਮੀ ਹੁਕਮ ਨਾ ਕੋਇ ਸੁਣਾਇਆ। ਦਰ ਦਰਵੇਸ਼ ਹੋਣ ਨਿਥਾਵੇਂ, ਨਿਥਾਵਿਆਂ ਥਾਂਵ ਨਾ ਕੋਇ ਦਸਾਇਆ। ਕਰੇ ਕਰਾਏ ਜੋ ਪ੍ਰਭ ਭਾਵੇ, ਪ੍ਰਭ ਭਾਣਾ ਆਪ ਵਰਤਾਇਆ। ਗੁਰਮੁਖ ਆਪਣੇ ਤੋਲ ਤੁਲ ਰਹਿਣ ਸਾਂਵੇਂ, ਏਥੇ ਉਥੇ ਦੋ ਜਹਾਨਾਂ ਏਕਾ ਕੰਢਾ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸ੍ਰੀ ਭਗਵੰਤ, ਸਭ ਦਾ ਕਰੇ ਸਫ਼ਾਇਆ। ਜ਼ੀਰੋ ਸਿਫ਼ਰਾ ਜਾਏ ਲਥ, ਏਕਾ ਕਦੇ ਨਾ ਮੁਖ ਛੁਪਾਈਆ। ਏਕੇ ਨਾਲ ਕਹਾਣੀ ਅਕਥ, ਕੋਟਨ ਕੋਟ ਇਕਾਈ ਨਾਲ ਮਿਲਾਈਆ। ਇਕਾਈ ਦਹਾਈ ਸੈਂਕੜਿਆਂ ਆਪਣਾ ਮਾਰਗ ਦੱਸ, ਆਪਣਾ ਰਾਹ ਦਏ ਵਖਾਈਆ। ਕਰ ਖੇਲ ਪੁਰਖ ਸਮਰਥ, ਅੰਤਮ ਸਭ ਦੀ ਕਰੇ ਸਫ਼ਾਈਆ। ਜਿਉਂ ਭਾਵੇ ਤਿਉਂ ਕਰੇ ਇਕੱਠ, ਮੁੜ ਮੁੜ ਫੇਰ ਮਿਲਾਈਆ। ਕੋਟਨ ਕੋਟ ਜੁਗ ਚੌਕੜੀ ਗਏ ਢੱਠ, ਢਾ ਢਾ ਆਪਣੀ ਢੇਰੀ ਫੇਰ ਬਣਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਲੈ ਲੈ ਵਥ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਉਠਾ ਉਠਾ ਹੱਥ, ਲੋਕਮਾਤ ਗਏ ਤਾਲ ਵਜਾਈਆ। ਕੋਟਨ ਕੋਟ ਭਗਤ ਸੰਤ ਗਾ ਗਾ ਗਾਥ, ਉਚੀ ਕੂਕ ਕੂਕ ਗਏ ਸੁਣਾਈਆ। ਆਦਿ ਜੁਗਾਦਿ ਕਿਸੇ ਨਾ ਆਈ ਹਾਥ, ਡੂੰਘੇ ਸਾਗਰ ਸਾਚੀ ਭਵਰ ਅੰਦਰ ਗਏ ਤਾਰੀਆਂ ਲਾਈਆ। ਆਪ ਵੇਂਹਦਾ ਰਿਹਾ ਖੇਲ ਤਮਾਸ਼, ਸਚਖੰਡ ਸਾਚੇ ਆਸਣ ਲਾਈਆ। ਜਿਸ ਜਨ ਦੇਵੇ ਆਪਣਾ ਕਿਰਨ ਜੋਤ ਪਰਕਾਸ਼, ਸੋ ਗੁਰੂ ਰੂਪ ਮਾਤ ਅਖਵਾਈਆ। ਆਪਣੀ ਕਿਰਨ ਖਿਚੇ ਆਪਣੇ ਪਾਸ, ਪੰਜ ਤਤ ਖ਼ਾਕੀ ਖ਼ਾਕ ਮਿਲਾਈਆ। ਗਿਆਂ ਪਿਛੋਂ ਗੌਦੇ ਗਾਥ, ਨਾ ਏਥੇ ਨਾ ਉਥੇ ਹੋਏ ਕੋਇ ਸਹਾਈਆ। ਜੋ ਆਇਆ ਸੋ ਚੜ੍ਹ ਕੇ ਗਿਆ ਹਰਿ ਕੇ ਰਾਥ, ਹਰਿ ਆਪਣਾ ਆਪ ਰਥਵਾਹੀਆ। ਅੰਤਮ ਲੈ ਕੇ ਗਿਆ ਸਾਥ, ਪਿਛੇ ਛੱਡ ਕੋਈ ਨਾ ਜਾਈਆ। ਜਿਸ ਨੂੰ ਕਹਿੰਦੇ ਤ੍ਰੈਲੋਕੀ ਨਾਥ, ਕੋਟਨ ਕੋਟ ਤ੍ਰੈਲੋਕੀ ਨਾਥ ਚਰਨਾਂ ਵਿਚ ਸੇਵ ਕਮਾਈਆ । ਜਿਸ ਨੂੰ ਕਹਿੰਦੇ ਰਾਮ ਵਸੇ ਪਾਸ, ਸੋ ਰਾਮ ਸਾਚੇ ਰਾਮ ਰਾਹ ਤਕਾਈਆ। ਜਿਸ ਨੂੰ ਕਹਿੰਦੇ ਈਸਾ ਮੂਸਾ ਦਏ ਪੈਗ਼ਾਮ, ਸੋ ਪੈਗ਼ੰਬਰ ਇਕ ਮਨਾਈਆ। ਸਭ ਨੂੰ ਦੇਂਦਾ ਰਿਹਾ ਕਲਾਮ, ਆਪਣੀ ਕਲਾਮ ਨਾ ਕਿਸੇ ਜਣਾਈਆ। ਆਪਣਾ ਇਸ਼ਾਰਾ ਦਏ ਇਲਹਾਮ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਆਪਣੀ ਧੂੜ ਦੇਵੇ ਸਤਿਨਾਮ, ਚਰਨ ਚਰਨਾਂ ਉਪਰ ਰਗੜਾਈਆ। ਨਾਨਕ ਨਿਰਗੁਣ ਸਰਗੁਣ ਕਰ ਪਰਨਾਮ, ਘਰ ਸਾਚੇ ਖ਼ੁਸ਼ੀ ਮਨਾਈਆ। ਪੰਜ ਤੱਤ ਕਾਇਆ ਮਾਟੀ ਲੇਖੇ ਲੱਗੇ ਚਾਮ, ਜਿਸ ਮਿਲਿਆ ਸੱਚਾ ਮਾਹੀਆ। ਗੋਬਿੰਦ ਨਿਉਂ ਨਿਉਂ ਕਰੇ ਪਰਨਾਮ, ਪੁਰਖ ਅਕਾਲ ਇਕ ਮਨਾਈਆ। ਅੰਤਮ ਸਭ ਦਾ ਪਕੜੇ ਦਾਮ, ਦਾਮਨਗੀਰ ਫੇਰਾ ਪਾਈਆ। ਬਣ ਕੇ ਆਏ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਆਪਣੀ ਸਿਆਸਤ ਆਪ ਚਲਾਈਆ। ਨੇਤਰ ਨੈਣ ਅਲਕ ਪਲਕ, ਕ਼ਦਮ ਕ਼ਦਮ ਕ਼ਦਮ ਨਾਲ ਮਿਲਾਈਆ। ਮਖ਼ਲੂਕ ਵੇਖੇ ਹਰਿ ਜੂ ਖ਼ਲਕ, ਖ਼ਾਲਕ ਖ਼ਲਕ ਬੇਪਰਵਾਹੀਆ। ਲੇਖਾ ਜਾਣੇ ਅਰਸ਼ ਫ਼ਰਸ਼, ਕੁਰਸ਼ ਕੁਰਾ ਫੋਲ ਫੁਲਾਈਆ। ਨੂਰ ਨੁਰਾਨਾ ਦੇਵੇ ਦਰਸ, ਬਾਤਨ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਲਕ ਏਕਾ ਕ਼ਦਮ ਨਾਲ ਮਿਲਾਈਆ।