ਸ੍ਰੀ ਗੁਰ ਨਾਨਕ ਦੇਵ ਜੀ ਨੂੰ ਸੱਟਾਂ ਕਿਸ ਤਰਾਂ ਲੱਗੀਆਂ
ਕਲਜੁਗ ਅੰਤਮ ਗੁਰ ਨਾਨਕ ਲੱਗੀ ਸੱਟ, ਗੁਰਮੁਖ ਕੋਇ ਨਜ਼ਰ ਨਾ ਆਈਆ। ਜਿਨ੍ਹਾਂ ਦੇ ਕੇ ਆਇਆ ਨਾਮ ਸਤਿ, ਨਾਮ ਸਤਿ ਗਏ ਭੁਲਾਈਆ। ਜਿਨ੍ਹਾਂ ਜਣਾਈ ਬ੍ਰਹਮ ਮਤ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਜਿਨ੍ਹਾਂ ਅੰਦਰ ਰਖਾਇਆ ਧੀਰਜ ਸਤਿ, ਸਤਿਵਾਦ ਨੀਂਹ ਰਖਾਈਆ। ਤਿਨ੍ਹਾਂ ਭੁਲਿਆ ਕਮਲਾਪਤ, ਬੈਠੇ ਮੁਖ ਛੁਪਾਈਆ। ਮੈਂ ਕਹਿ ਕੇ ਆਇਆ ਕਲਜੁਗ ਔਣਾ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਜੋ ਸਰਨੀ ਜਾਏ ਢੱਠ, ਵੇਲੇ ਅੰਤ ਲਏ ਬਚਾਈਆ। ਜੋ ਦਰ ਤੋਂ ਜਾਏ ਨੱਠ, ਗੁਰ ਨਾਨਕ ਨਾ ਦਏ ਗਵਾਹੀਆ। ਗੋਬਿੰਦ ਆਪਣੀ ਲਾਈ ਲੇਖੇ ਰਤ, ਗੁਰਸਿਖ ਰਤੀ ਮੁੱਲ ਨਾ ਪਾਈਆ। ਘਰ ਘਰ ਆਈ ਮਨਮਤ, ਗੁਰਮਤ ਗਏ ਭੁਲਾਈਆ। ਆਪਣਾ ਬੈਠੇ ਸੱਥਰ ਘਤ, ਯਾਰੜਾ ਸਥਰ ਗਏ ਭੁਲਾਈਆ। ਅੰਤਮ ਖੇੜਾ ਹੋਣਾ ਭੱਠ, ਨਾ ਸਕੇ ਕੋਇ ਬਚਾਈਆ। ਮੈਂ ਦੂਈ ਦਵੈਤ ਮੇਟ ਕੇ ਆਇਆ ਫਟ, ਮੇਰਿਆਂ ਸਿੱਖਾਂ ਮੇਰਾ ਫਟ ਦਿਤਾ ਚਰਾਈਆ। ਮੈਂ ਖੋਲ੍ਹ ਕੇ ਆਇਆ ਸਾਚਾ ਹੱਟ, ਰਾਮ ਦਾਸ ਸੇਵਾ ਲਾਈਆ। ਓਥੇ ਨਫ਼ਾ ਸਕੇ ਨਾ ਕੋਈ ਖਟ, ਜੋ ਆਏ ਜਾਏ ਪਤ ਗਵਾਈਆ। ਮੇਰੇ ਪ੍ਰੇਮ ਪਿਆਰ ਜ਼ਖ਼ਮ ਉਤੇ ਵਿਕਾਰ ਲੂਣ ਰਹੇ ਘਤ, ਕੁਕਰਮੀ ਆਪਣਾ ਕਰਮ ਕਮਾਈਆ। ਜੇ ਕੋਈ ਸੱਚੀ ਦੇਵੇ ਦੱਸ, ਅਗੋਂ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਮਿਲਿਆ ਹਰਿ, ਹਰਿ ਨਾਨਕ ਰੂਪ ਵਟਾਈਆ। ਨਾਨਕ ਫੱਟ ਲਗਾ ਘਾ, ਘਾਓ ਸਕੇ ਨਾ ਕੋਇ ਮਿਟਾਈਆ। ਲੋਕਮਾਤ ਆਇਆ ਬੇਪਰਵਾਹ, ਪਰਵਾਹ ਨਾ ਕੋਇ ਰਖਾਈਆ। ਜਿਸ ਚਲਾਏ ਆਪਣੇ ਰਾਹ, ਸੋ ਰਾਹ ਗਏ ਭੁਲਾਈਆ। ਅੰਤ ਕੌਣ ਪਕੜੇ ਬਾਂਹ, ਬਿਨ ਹਰਿ ਨਾ ਕੋਇ ਛੁਡਾਈਆ। ਜੋ ਹਰਿ ਗਏ ਭੁੱਲਾ, ਨਾਨਕ ਗੁਰ ਨਾ ਦਏ ਸਫ਼ਾਈਆ। ਕਲਜੁਗ ਅੰਤ ਫੱਟ ਲਗਾ ਆ, ਮਨਮੁਖਤਾ ਆਪਣਾ ਵਾਰ ਰਹੀ ਚਲਾਈਆ। ਗੁਰਮੁਖ ਵੇਖ ਚੜ੍ਹਿਆ ਚਾ, ਸਤਿਗੁਰ ਨਾਨਕ ਖ਼ੁਸ਼ੀ ਮਨਾਈਆ। ਸਿੰਘ ਗਿਰਧਾਰ ਸੇਵ ਰਿਹਾ ਕਮਾ, ਜਿਸ ਦੀ ਸਾਰ ਕਿਸੇ ਨਾ ਪਾਈਆ। ਅੰਤ ਕੰਤ ਭਗਵੰਤ ਸੀਸ ਆਪਣੇ ਲਏ ਉਠਾ, ਬਿਨ ਹੱਥਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ਾ ਆਪ ਜਣਾਈਆ।
