੯ ਮੱਘਰ ੨੦੧੫ ਬਿਕ੍ਰਮੀ ਗੁਰ ਨਾਨਕ ਬਗੀਚੀ ਗੁਰਦਵਾਰਾ ਮਥਰਾ ਸ਼ਹਿਰ
ਪਾਰਬ੍ਰਹਮ ਸਰਬ ਸੁਖਦਾਤਾ, ਏਕਾ ਏਕ ਅਖਵਾਇੰਦਾ। ਆਪੇ ਪਿਤਾ ਆਪੇ ਮਾਤਾ, ਗੁਰਸਿਖ ਬਾਲ ਅਞਾਣੇ ਗੋਦ ਉਠਾਇੰਦਾ। ਆਪੇ ਦੇਵਣਹਾਰਾ ਨਾਮ ਦਾਤਾ, ਦਾਨੀ ਦਾਤਾ ਝੋਲੀ ਪਾਇੰਦਾ। ਆਪੇ ਬਣਿਆ ਭੈਣ ਭਰਾਤਾ, ਸਗਲਾ ਸੰਗ ਆਪ ਨਿਭਾਇੰਦਾ। ਆਪੇ ਬਖ਼ਸ਼ਣਹਾਰਾ ਚਰਨ ਨਾਤਾ, ਚਰਨ ਕਵਲ ਮਸਤਕ ਧੂੜ ਇਕ ਵਖਾਇੰਦਾ। ਆਪੇ ਮੇਟਣਹਾਰਾ ਅੰਧੇਰੀ ਰਾਤਾ, ਕਾਇਆ ਮੰਦਰ ਅੰਦਰ ਖੋਜ ਖੁਜਾਇੰਦਾ। ਆਪੇ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤਾ, ਜਗਤ ਤ੍ਰਿਸ਼ਨਾ ਆਪ ਮਿਟਾਇੰਦਾ। ਆਪੇ ਦੱਸੇ ਧੁਨੀ ਨਾਦ ਅਨਹਦ ਸਾਚੀ ਗਾਥਾ, ਆਪ ਆਪਣਾ ਤਾਲ ਵਜਾਇੰਦਾ। ਆਪੇ ਲਹਿਣ ਦੇਣ ਚੁਕਾਏ ਮਸਤਕ ਮਾਥਾ, ਪੂਰਬ ਪੂਰਬ ਵੇਖ ਵਖਾਇੰਦਾ। ਆਪ ਨਿਭਾਏ ਸਗਲਾ ਸਾਥਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਰੱਖੇ ਦੇ ਕਰ ਹਾਥਾ, ਆਪ ਆਪਣੀ ਦਇਆ ਕਮਾਇੰਦਾ। ਸਰਬ ਕਲਾ ਆਪੇ ਸਮਰਥਾ, ਸਮਰਥ ਪੁਰਖ ਨਾਉਂ ਧਰਾਇੰਦਾ। ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇੰਦਾ। ਲਹਿਣਾ ਦੇਣ ਚੁਕਾਏ ਆਣ ਬਾਟਾ, ਲੱਖ ਚੁਰਾਸੀ ਫੰਦ ਕਟਾਇੰਦਾ। ਨਾਮ ਵਣਜ ਕਰਾਏ ਸਾਚੇ ਹਾਟਾ, ਚੌਦਾਂ ਲੋਕ ਫੋਲ ਫੁਲਾਇੰਦਾ। ਸਰ ਸਰੋਵਰ ਵਖਾਏ ਇਕ ਤੀਰਥ ਤਾਟਾ, ਕਾਇਆ ਡੂੰਘੀ ਕੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਜਗਤ ਵਿਛੋੜਾ ਜੁਗ ਜੁਗ, ਹਰਿ ਹਰਿ ਆਪ ਕਰਾਈਆ। ਬੰਧਨ ਭਾਈ ਸੁਤ ਸੈਣ ਸਾਕ, ਭਗਤ ਸਗਲਾ ਸੰਗ ਨਾ ਕੋਈ ਨਿਭਾਈਆ। ਲੱਖ ਚੁਰਾਸੀ ਵੇਖੇ ਮਾਰ ਝਾਤ, ਆਦਿ ਜੁਗਾਦਿ ਵੱਡੀ ਵਡਿਆਈਆ। ਜੋ ਜਨ ਦਿਵਸ ਰੈਣ ਰਹੇ ਅਰਾਧ, ਮਾਨਸ ਮਾਨੁੱਖ ਲੇਖੇ ਲਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਈਆ। ਜਿਸ ਜਨ ਮਿਲਿਆ ਕਮਲਾਪਾਤ, ਕਲਜੁਗ ਸਹਿੰਸਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨ ਸਾਜਣ ਵੇਖ ਵਖਾਈਆ। ਕਿਰਪਾ ਕਰ ਹਰਿ ਭਗਵਾਨ, ਜਗਤ ਦੁੱਖ ਮੇਟ ਮਿਟਾਇੰਦਾ। ਇਕ ਵਖਾਏ ਸਚ ਨਿਸ਼ਾਨ, ਧਰਮ ਦਵਾਰੇ ਆਪ ਝੁਲਾਇੰਦਾ। ਨਾਮ ਭੰਡਾਰ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਭਗਤ ਭਗਵੰਤ ਏਕਾ ਥਾਨ, ਥਾਨ ਥਨੰਤਰ ਇਕ ਸੁਹਾਇੰਦਾ। ਜਿਸ ਜਨ ਬਖ਼ਸ਼ੇ ਆਤਮ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਲੇਖਾ ਚੁੱਕੇ ਜੀਵ ਜਹਾਨ, ਜੋਤੀ ਜੋਤ ਜਗਾਇੰਦਾ। ਅਨਹਦ ਰਾਗ ਸੁਣਾਏ ਕਾਨ, ਤਾਲ ਤਲਵਾੜਾ ਆਪ ਵਜਾਇੰਦਾ। ਸ਼ਬਦ ਨਿਰਾਲਾ ਮਾਰੇ ਬਾਣ, ਬਜ਼ਰ ਕਪਾਟੀ ਚੀਰ ਚਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਹੋਇਆ ਨਿਗਹਬਾਨ, ਵੇਖ ਵਖਾਏ ਦੋ ਜਹਾਨ, ਲੋਆਂ ਪੁਰੀਆਂ ਹੋ ਪ੍ਰਧਾਨ, ਗੁਰਮੁਖ ਗੁਰਸਿਖ ਗੁਰ ਪੂਰਾ ਵੇਖ ਵਖਾਇੰਦਾ।
