੧੯ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸਚਖੰਡ ਵੱਜੀ ਵਧਾਈ, ਹਰਿ ਹਰਿ ਖੇਲ ਖਿਲਾਇੰਦਾ। ਜੁਲਾਹਾ ਉਠੇ ਚਾਈਂ ਚਾਈਂ, ਕਬੀਰ ਖ਼ੁਸ਼ੀ ਮਨਾਇੰਦਾ। ਉਠੋ ਭਗਤੋ ਲਓ ਅੰਗੜਾਈ, ਏਕਾ ਹੁਕਮ ਸੁਣਾਇੰਦਾ। ਜਿਸ ਨੇ ਅੰਤ ਕਰੀ ਮੇਰੀ ਕੁੜਮਾਈ, ਸੋ ਸਾਹਿਬ ਵੇਸ ਵਟਾਇੰਦਾ। ਜਿਸ ਨੂੰ ਕਹਿ ਕਹਿ ਆਏ ਬੇਅੰਤ ਗੋਸਾਈਂ, ਸੋ ਆਪਣੀ ਖੇਲ ਖਿਲਾਇੰਦਾ। ਜਿਸ ਨੇ ਲਾਜ ਰਖਾਈ ਸੈਣ ਨਾਈ, ਸ਼ਾਹ ਪਾਤਸ਼ਾਹ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਕਬੀਰ ਜੁਲਾਹੇ ਚੜ੍ਹਿਆ ਚਾ, ਨੇਤਰ ਨੈਣ ਉਠਾਇਆ। ਗੰਗਾ ਸਾਗਰ ਜੋ ਮੇਰਾ ਬਣਿਆ ਮਲਾਹ, ਬੇੜਾ ਮਾਤ ਤਰਾਇਆ। ਜਿਸ ਜਪਾਇਆ ਆਪਣਾ ਨਾਂ, ਅੱਖਰ ਹੋਰ ਨਾ ਕੋਇ ਪੜ੍ਹਾਇਆ। ਅੰਤ ਕੰਤ ਜਿਸ ਪਕੜੀ ਬਾਂਹ, ਸੋ ਭਗਵਨ ਵੇਸ ਵਟਾਇਆ। ਜਿਸ ਦੀ ਮੰਗਾਂ ਛਤਰ ਛਾਂ, ਸੋ ਸੀਸ ਜਗਦੀਸ ਰਿਹਾ ਹੱਥ ਟਿਕਾਇਆ। ਜਿਸ ਦਾ ਗੌਂਦਾ ਆਇਆ ਨਾਂ, ਸੋ ਆਪਣਾ ਨਾਉਂ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਖਾਇਆ। ਕਬੀਰ ਜੁਲਾਹਿਆ ਰਿਹਾ ਹਸ, ਆਪਣੀ ਖ਼ੁਸ਼ੀ ਮਨਾਈਆ। ਧਰੂ ਪ੍ਰਹਿਲਾਦ ਰਿਹਾ ਦੱਸ, ਬਾਵਨ ਨਾਲ ਮਿਲਾਈਆ। ਬਾਵਨ ਤੇਰੇ ਹੋਇਆ ਵਸ, ਤੇਰਾ ਸਾਹਿਬ ਸੱਚਾ ਮਾਹੀਆ। ਜੁਗ ਜੁਗ ਦੀ ਪੂਰੀ ਕਰੇ ਆਸ, ਨਿਰਾਸ ਕੋਇ ਨਜ਼ਰ ਨਾ ਆਈਆ। ਜਿਸ ਨੂੰ ਜਪਦੇ ਰਹੇ ਸਵਾਸ ਸਵਾਸ, ਲਿਵ ਅੰਤਰ ਏਕਾ ਲਾਈਆ। ਸੋ ਨਿਰਗੁਣ ਹੋ ਪਰਕਾਸ਼, ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਨੇਹੜਾ ਰਿਹਾ ਸਮਝਾਈਆ। ਕਬੀਰ ਜੁਲਾਹਾ ਰਿਹਾ ਬੋਲ, ਅਮਰੀਕ ਆਪ ਜਣਾਇੰਦਾ। ਜਿਸ ਦੇ ਪਿਛੇ ਜਨਕ ਰਿਹਾ ਅਡੋਲ, ਸੋ ਜਾਨਣਹਾਰਾ ਵੇਸ ਵਟਾਇੰਦਾ। ਜਿਸ ਕਾਰਨ ਹਰੀ ਚੰਦ ਕਰਾਏ ਮਖੌਲ, ਬਿਦਰ ਆਪਣਾ ਰੰਗ ਰੰਗਾਇੰਦਾ। ਸੋ ਬੀਰ ਤੇਰਾ ਤੋਲਣਹਾਰਾ ਤੋਲ, ਜਗਤ ਦਲਿਦ੍ਰੀ ਗਲੇ ਲਗਾਇੰਦਾ। ਜਿਸ ਜੈ ਦੇਵ ਦਿਤੀ ਵਸਤ ਅਨਮੋਲ, ਸਚ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਬੀਰ ਜੁਲਾਹਾ ਕਹੇ ਪੁਕਾਰ, ਉਠ ਨਾਮੇ ਵੱਜੀ ਵਧਾਈਆ। ਜਿਸ ਗਾਏ ਦਿਤੀ ਜਵਾਲ, ਸੋ ਗੁਸਾਈਂ ਫੇਰਾ ਪਾਈਆ। ਉਠ ਧੰਨੇ ਸੁਰਤ ਸੰਭਾਲ, ਜੱਟ ਜੱਟਾਂ ਵਿਚ ਫੇਰਾ ਪਾਈਆ। ਜਿਨ ਸ਼ਾਹੋਂ ਕਰਿਆ ਕੰਗਾਲ, ਸੋ ਸ਼ਹਿਨਸ਼ਾਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਈਆ। ਕਬੀਰ ਜੁਲਾਹਾ ਪਾ ਪਾ ਫੇਰੇ, ਆਪਣੀ ਸੇਵਾ ਆਪ ਲਗਾਈਆ। ਆਓ ਰਵਦਾਸ ਦੇ ਵਸੋ ਨੇੜੇ, ਜੋ ਪਾਨਹਾ ਗੰਢ ਵਕ਼ਤ ਲੰਘਾਈਆ। ਜਿਨ ਗੰਗਾ ਚੁਕਾਏ ਝੇੜੇ, ਠਗ ਬ੍ਰਹਿਮਣ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਬੀਰ ਜੁਲਾਹਾ ਦੇਵੇ ਸੱਦਾ, ਏਕਾ ਹੁਕਮ ਜਣਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਲੱਧਾ, ਦੂਸਰ ਓਟ ਨਾ ਕੋਇ ਤਕਾਇੰਦਾ। ਜਿਸ ਨੇ ਪਾਰ ਕਰਾਈ ਹੱਦਾ, ਸਚ ਦਵਾਰਾ ਇਕ ਵਖਾਇੰਦਾ। ਜਿਸ ਦੇ ਹੁਕਮੇ ਅੰਦਰ ਬੱਧਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਹਰਿ ਜਣਾ, ਏਕਾ ਨਾਦ ਸੁਣਾਈਆ। ਕਬੀਰ ਜੁਲਾਹੇ ਲੈਣਾ ਗਾ, ਗਾਵਨ ਏਕਾ ਏਕ ਵਖਾਈਆ। ਪਤਿਤ ਪਾਪੀ ਦੇ ਸਮਝਾ, ਅਜਾਮਲ ਵਡਿਆਈਆ। ਗਨਕਾ ਨਾਲ ਦੇ ਰਲਾ, ਪੂਤਨਾ ਮੇਲ ਵਖਾਈਆ। ਬੱਧਕ ਲੜ ਦਏ ਫੜਾ, ਫੜਿਆ ਲੜ ਛੁੱਟ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਈਆ। ਕਬੀਰ ਜੁਲਾਹਾ ਸੁਣ ਸੰਦੇਸਾ, ਏਕਾ ਵਾਰ ਜਣਾਈਆ। ਜਿਸ ਨੂੰ ਕਰਦੇ ਰਹੇ ਆਦੇਸਾ, ਸੋ ਸਾਹਿਬ ਹੁਕਮ ਸਮਝਾਈਆ। ਜਿਸ ਨੂੰ ਮੰਨਿਆ ਨਰ ਨਰੇਸ਼ਾ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਸਾਚੀ ਧਾਰ, ਹਰਿ ਸਾਚਾ ਸਚ ਜਣਾਇੰਦਾ। ਆਪਣੀ ਦਿਸ਼ਾ ਆਪੇ ਪਾਵੇ ਸਾਰ, ਦੂਸਰ ਭੇਵ ਨਾ ਕੋਇ ਰਖਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਾਂਗ ਆਪ ਵਰਤਾਇੰਦਾ। ਸਚਖੰਡ ਸੋਭਾਵੰਤ, ਹਰਿ ਸਾਚੇ ਸਚ ਸੁਹਾਇਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਰੂਪ ਵਟਾਇਆ। ਲੇਖਾ ਜਾਣੇ ਆਦਿ ਅੰਤ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਲਏ ਸਮਝਾਇਆ। ਸਾਚਾ ਭਗਤ ਕਰੇ ਅਰਦਾਸ, ਦੋਏ ਜੋੜ ਸੀਸ ਝੁਕਾਈਆ। ਤੇਰੀ ਵਸਤ ਤੇਰੇ ਪਾਸ, ਦੂਸਰ ਅਵਰ ਨਾ ਕੋਇ ਰਖਾਈਆ। ਆਦਿ ਜੁਗਾਦਿ ਕਰੇਂ ਪੂਰੀ ਆਸ, ਆਸਾ ਆਸਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਮੰਗ ਮੰਗਾਈਆ। ਏਕਾ ਮੰਗ ਦੇ ਦਾਤਾਰ, ਕਬੀਰਾ ਸੀਸ ਝੁਕਾਇੰਦਾ। ਕਲਜੁਗ ਅੰਤਮ ਬਣ ਭਿਖਾਰ, ਅਗੇ ਝੋਲੀ ਡਾਹਿੰਦਾ। ਜੇ ਤੇਰਾ ਨਾਉਂ ਲਈਏ ਦੁੱਖ ਦੇਵੇ ਸੰਸਾਰ, ਸੁਖ ਕੋਇ ਨਜ਼ਰ ਨਾ ਆਇੰਦਾ। ਮੈਂ ਦੱਸ ਕੇ ਆਇਆ ਕਿਰਪਾ ਕਰੇ ਸਿਰਜਣਹਾਰ, ਜੋ ਜਨ ਓਟ ਤਕਾਇੰਦਾ। ਭੁਲ ਨਾ ਜਾਣਾ ਬਣ ਗਵਾਰ, ਅਭੁਲ ਤੇਰੇ ਅੱਗੇ ਵਾਸਤਾ ਪਾਇੰਦਾ। ਕਲਜੁਗ ਤੇਰਿਆਂ ਭਗਤਾਂ ਨਾਲ ਕਰੇ ਖਾਰ, ਆਪਣਾ ਹੁਕਮ ਮਾਤ ਵਰਤਾਇੰਦਾ। ਤੇਰੇ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਵਰ ਦੇ ਦੇ ਮੇਰੇ ਭਗਵਾਨ, ਭਗਤ ਦਇਆ ਕਮਾਈਆ। ਮੈਂ ਮੰਗਾਂ ਸੇਵਕ ਦਾਨ, ਝੋਲੀ ਅੱਗੇ ਡਾਹੀਆ। ਹਉ ਪੂਤ ਕਪੂਤ ਬਾਲ ਅੰਞਾਣ, ਨਾ ਕੋਈ ਚਲੇ ਚਤੁਰਾਈਆ। ਤੂੰ ਦਾਤਾ ਸੁਘੜ ਸੁਜਾਨ, ਤੇਰੇ ਹੱਥ ਵਡਿਆਈਆ। ਏਕਾ ਬਖ਼ਸ਼ ਚਰਨ ਧਿਆਨ, ਦੂਸਰ ਨੈਣ ਨਾ ਕੋਇ ਮਿਲਾਈਆ। ਆਪਣਿਆਂ ਭਗਤਾਂ ਆਪ ਕਰੀਂ ਪਛਾਣ, ਕਲਜੁਗ ਭਗਤੀ ਕਰ ਕਰ ਥਹੁ ਤੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਸਾਚਾ ਗੁਣ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਆਪਣਾ ਆਪ ਜਣਾਇਆ। ਜਾ ਕੇ ਪੁਛ ਸਾਚੇ ਮੀਤ ਮੁਰਾਰ, ਜੋ ਸੱਜਣ ਇਕ ਮਨਾਇਆ। ਸਦ ਮੰਗੇ ਚਰਨ ਧੂੜੀ ਛਾਰ, ਥਲੇ ਮਸਤਕ ਆਪ ਟਿਕਾਇਆ। ਏਕਾ ਗਾਏ ਸਤਿ ਕਰਤਾਰ, ਆਪਣੀ ਤਾਰ ਸਤਾਰ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਜੁਲਾਹਾ ਮਾਰਗ ਪਾਇਆ। ਕਬੀਰ ਜੁਲਾਹੇ ਮਾਰਗ ਲਾ, ਹਰਿ ਹਰਿ ਹੁਕਮ ਜਣਾਇੰਦਾ। ਨਾਨਕ ਨਿਰਗੁਣ ਕੋਲੋਂ ਪੁਛ ਸਲਾਹ, ਸਾਚਾ ਸੰਗ ਵਖਾਇੰਦਾ। ਜਿਸ ਨੂੰ ਪੱਲੂ ਆਇਆ ਫੜਾ, ਸੋ ਪੱਲੂ ਨਾ ਮਾਤ ਤੁੜਾਇੰਦਾ। ਸ਼ਬਦ ਵਿਚੋਲਾ ਨਾਮ ਭਿਖਾਰੀ ਬਣ ਕੇ ਆਇਆ ਮਲਾਹ, ਸਾਚਾ ਬੇੜਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਵਿਹਾਰਾ ਆਪਣਾ ਆਪ ਕਰਾਇੰਦਾ। ਕਬੀਰ ਜੁਲਾਹਾ ਨਿਰਗੁਣ ਨਾਨਕ ਪਾਸ, ਉਠ ਉਠ ਆਪੇ ਜਾਈਆ। ਦੂਰੋਂ ਕਰ ਡੰਡੌਤ ਅਰਦਾਸ, ਕਰ ਪਰਨਾਮ ਸੀਸ ਝੁਕਾਈਆ। ਹਉਂ ਸੇਵਕ ਹਉਂ ਦਾਸੀ ਦਾਸ, ਹਉਂ ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਆਪਣੀ ਖ਼ੁਸ਼ੀ ਜਣਾਈਆ। ਨਿਰਗੁਣ ਨਾਨਕ ਕਰ ਪਿਆਰ, ਕਬੀਰ ਕਬੀਰ ਗਲੇ ਚੁੱਕ ਲਾਇਆ। ਆਪਣਾ ਦੱਸ ਸਚ ਵਿਹਾਰ, ਕਵਣ ਇਛਿਆ ਇਛਿਆ ਲਏ ਪਰਗਟਾਇਆ। ਮੇਰਾ ਮਿਤਰ ਇਕ ਪਿਆਰ, ਸਾਚਾ ਯਾਰ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਕਬੀਰ ਜੁਲਾਹਾ ਰਿਹਾ ਦੱਸ, ਆਪਣੀ ਆਸ ਆਸ ਪਰਗਟਾਈਆ। ਮੈਂ ਤੇਰੇ ਦਵਾਰੇ ਆਇਆ ਨੱਸ, ਦੇ ਮਤ ਇਕ ਸਮਝਾਈਆ। ਪੁਰਖ ਅਬਿਨਾਸ਼ੀ ਏਕਾ ਗੁਣ ਕਹਿ ਕੇ ਗਿਆ ਹੱਸ ਹੱਸ, ਭੇਵ ਅਭੇਦ ਛੁਪਾਈਆ। ਬਿਨ ਭਗਤਾਂ ਕਦੇ ਨਾ ਹੋਇਆ ਵਸ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਵਖਾਈਆ। ਸਾਚਾ ਗੁਣ ਨਿਰਗੁਣ ਨਾਨਕ, ਨਾਨਾ ਰੂਪ ਸਮਝਾਇਆ। ਏਕੋ ਓਟ ਏਕਾ ਆਣਿਤ, ਏਕਾ ਹੁਕਮ ਸੀਸ ਰਖਾਇਆ। ਏਕਾ ਜਾਣੇ ਇਕ ਪਹਿਚਾਨਤ, ਏਕਾ ਮੇਲਾ ਮੇਲ ਮਿਲਾਇਆ। ਏਕਾ ਨਾਮ ਦੇਵੇ ਜ਼ਮਾਨਤ, ਵੇਲੇ ਅੰਤ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਚੁਕਾਇਆ। ਏਕਾ ਨਾਮ ਸਾਚੀ ਦਾਤ, ਨਿਰਗੁਣ ਨਾਨਕ ਆਪ ਜਣਾਈਆ। ਲੇਖਾ ਚੁਕਾਏ ਲੋਕਮਾਤ, ਆਦਿ ਅੰਤ ਵਡਿਆਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਨਾ ਕੋਈ ਸਗਲਾ ਸੰਗ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਨਾ ਸਰੋਵਰ ਕੋਇ ਵਡਿਆਈਆ। ਨਾ ਕੋਈ ਵਣਜਾਰਾ ਨਾ ਦਿਸੇ ਹਾਟ, ਵਸਤ ਅਮੋਲਕ ਨਾ ਕੋਇ ਰਖਾਈਆ। ਬਿਨ ਹਰਿ ਨਾਮੇ ਕੋਇ ਨਾ ਉਤਰੇ ਆਪਣੇ ਘਾਟ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਕਬੀਰ ਜੁਲਾਹਾ ਪਿਆ ਰੋ, ਨੇਤਰ ਨੀਰ ਵਹਾਇਆ। ਲੋਕਮਾਤ ਤੇਰਾ ਨਾਉਂ ਕਲਜੁਗ ਲਿਆ ਖੋਹ, ਹੱਥ ਕਿਸੇ ਰਹਿਣ ਨਾ ਪਾਇਆ। ਤੇਰੇ ਭਗਤਾਂ ਤੇਰੇ ਨਾਮ ਪਿਛੇ ਦੇਣ ਕੋਹ, ਵਾਂਗ ਬਕਰੇ ਸੀਸ ਕਟਾਇਆ। ਜੇਹੜਾ ਸੁਣਾਵੇ ਤੇਰਾ ਢੋਆ ਢੋ, ਤਿਸ ਧੱਕਾ ਦੇਣ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਕਬੀਰ ਜੁਲਾਹਾ ਮਾਰੇ ਧਾਹ, ਨਿਰਗੁਣ ਨਾਨਕ ਆਪ ਸੁਣਾਈਆ। ਜੋ ਜਨ ਚਲੇ ਸਾਚੇ ਰਾਹ, ਤਿਸ ਕਲਜੁਗ ਦਏ ਸਜ਼ਾਈਆ। ਮੈਂ ਕੱਟ ਕੇ ਆਇਆ ਪੰਜ ਤਤ ਜਗਤ ਚੁਰਾਸੀ ਫਾਹ, ਆਪਣਾ ਮੂਲ ਮੁਕਾਈਆ। ਧੰਨ ਭਾਗ ਮੇਰਾ ਪੱਲਾ ਲਿਆ ਛੁਡਾ, ਨਾਤਾ ਤੁਟਾ ਜਗਤ ਲੋਕਾਈਆ। ਭੁਲ ਕੇ ਲੋਕਮਾਤ ਕਦੀ ਨਾ ਜਾਂ, ਦੋਏ ਜੋੜ ਸੀਸ ਝੁਕਾਈਆ। ਜੇ ਹੁਕਮ ਦੇ ਭੇਜੇਂ ਆਪਣੇ ਥਾਂ, ਫਿਰ ਭੀ ਬੈਠਾਂ ਮੁਖ ਛੁਪਾਈਆ। ਰਸਨਾ ਨਾਲ ਤੇਰਾ ਕਦੇ ਨਾ ਲਵਾਂ ਨਾਂ, ਅੰਤਰ ਅੰਤਰ ਆਪ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਾਨਕ ਕਬੀਰ ਦੇਵੇ ਧੀਰ, ਏਕਾ ਗੁਣ ਸਮਝਾਇਆ। ਆ ਮਿਲ ਮੇਰੇ ਛੋਟੇ ਵੀਰ, ਪੀਰਨ ਪੀਰ ਗਲੇ ਲਗਾਇਆ। ਮੁਖ ਪਿਆਲਾ ਦੇਵੇ ਸੀਰ, ਅੰਮ੍ਰਿਤ ਰਸ ਚਖਾਇਆ। ਡੋਰੀ ਨਾਲ ਬੰਧ ਜ਼ੰਜੀਰ, ਆਪਣਾ ਬੰਧਨ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਕ਼ਤ ਲਏ ਸੁਹਾਇਆ। ਆ ਕਬੀਰ ਤੇਰਾ ਦੇਵਾਂ ਸਾਥ, ਨਾਨਕ ਨਿਰਗੁਣ ਆਪ ਸਮਝਾਇਆ। ਛੱਤੀ ਜੁਗ ਜਿਸ ਦੀ ਗਾ ਗਾ ਆਏ ਗਾਥ, ਸੋ ਸਾਹਿਬ ਆਪਣੇ ਦਰ ਰਿਹਾ ਬਹਾਇਆ। ਜਿਸ ਲੋਕਮਾਤ ਚਲਾਇਆ ਰਾਥ, ਰਥ ਰਥਵਾਹੀ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਮਿਟਾਇਆ। ਨਾਨਕ ਕਬੀਰ ਹੋ ਇਕੱਠੇ, ਪ੍ਰਭ ਅਗੇ ਸੀਸ ਝੁਕਾਇਆ। ਲੋਕਮਾਤ ਵੇਖੇ ਤੇਰੇ ਮਾਰਗ ਦੱਸੇ, ਜੂਨ ਅਜੂਨ ਭਵਾਇਆ। ਤੂੰ ਨਿਰਗੁਣ ਸਚਖੰਡ ਬਹਿ ਬਹਿ ਹੱਸੇਂ, ਤੇਰਾ ਅੰਤ ਕਿਸੇ ਨਾ ਪਾਇਆ। ਤੇਰੇ ਭਗਤ ਤੇਰਾ ਨਾਉਂ ਲੈ ਲੈ ਲੋਕਮਾਤ ਫਸੇ, ਰਾਜ ਰਾਜਾਨ ਦੇਣ ਸਜ਼ਾਇਆ। ਤੇਰੇ ਪਿਛੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫਿਰਦੇ ਨੱਠੇ, ਤੂੰ ਆਪਣਾ ਮੁਖ ਛੁਪਾਇਆ। ਤੇਰੇ ਜੀਵ ਕਰਨ ਠੱਠੇ, ਡੌਰੂ ਡੰਕਾ ਮਗਰ ਲਗਾਇਆ। ਅਸੀਂ ਕਲਜੁਗ ਅੰਤਮ ਵੇਖ ਕੇ ਆਏ, ਕੋਈ ਨਾ ਉਤਰੇ ਪਾਰ ਬਿਨ ਤੇਰੇ ਚਰਨ ਢੱਠੇ, ਏਕਾ ਤੇਰੀ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਏਕਾ ਏਕ ਵਖਾਇਆ। ਪੁਰਖ ਅਬਿਨਾਸ਼ੀ ਦਇਆਵਾਨ, ਆਪਣੀ ਦਇਆ ਕਮਾਈਆ। ਨਾਨਕ ਨਿਰਗੁਣ ਕਰ ਪਰਵਾਨ, ਸਚ ਪਰਵਾਨਾ ਦਏ ਫੜਾਈਆ। ਤੇਰਾ ਮੇਰਾ ਇਕ ਨਿਸ਼ਾਨ, ਏਕਾ ਘਰ ਝੁਲਾਈਆ। ਆ ਆ ਭਗਤ ਮਿਲੇ ਭਗਵਾਨ, ਰੂਪ ਅਨੂਪ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਬੰਧਨ ਪਾਏ ਭਗਵੰਤ, ਆਪਣੀ ਦਇਆ ਕਮਾਈਆ। ਕਲਜੁਗ ਆਏ ਅੰਤਮ ਅੰਤ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਬਣਾਏ ਆਪਣੀ ਬਣਤ, ਨਿਰਵੈਰ ਕਲ ਧਰਾਈਆ। ਲੱਖ ਚੁਰਾਸੀ ਵੇਖੇ ਜੰਤ, ਘਟ ਘਟ ਫੋਲ ਫੁਲਾਈਆ। ਆਪਣਾ ਨਾਉਂ ਆਪਣੇ ਕੋਲ ਰੱਖੇ ਆਪੇ ਮੰਤ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਵਖਾਈਆ। ਆਪਣਾ ਗੁਣ ਆਪੇ ਜਾਣ, ਹਰਿ ਨਿਰਗੁਣ ਨਿਰਗੁਣ ਆਪ ਜਣਾਇੰਦਾ। ਕਬੀਰ ਜੁਲਾਹੇ ਕਰ ਧਿਆਨ, ਤੇਰੀ ਕੀਤੀ ਨਾ ਹਰਿ ਉਲਟਾਇੰਦਾ। ਨਾਨਕ ਨਿਰਗੁਣ ਕਰ ਪਰਵਾਨ, ਸਾਚੇ ਦਰ ਸੁਹਾਇੰਦਾ। ਅੰਤਮ ਸੇਵਾ ਕਰੇ ਸ੍ਰੀ ਭਗਵਾਨ, ਲੋਕਮਾਤ ਵੇਸ ਵਟਾਇੰਦਾ। ਬਿਨ ਨਾਮ ਜਪਿਆਂ ਆਪਣੇ ਕਰੇ ਪਹਿਚਾਨ, ਪੂਰਬ ਲੇਖਾ ਲੇਖ ਵਖਾਇੰਦਾ। ਬਿਨ ਭਗਤੀ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਭੁਲਿਆਂ ਕਰੇ ਆਪ ਪਹਿਚਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਆਪਣਾ ਨਾਉਂ ਰੱਖ ਸ੍ਰੀ ਭਗਵਾਨ, ਵਿਸ਼ਨੂੰ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਕਬੀਰ ਯਾਦ ਰੱਖ, ਸਚਖੰਡ ਦਵਾਰੇ ਹਰਿ ਹਰਿ ਆਪ ਜਣਾਈਆ। ਕਲਜੁਗ ਅੰਤ ਹੋਣਾ ਪਰਤੱਖ, ਨਿਰਗੁਣ ਰੂਪ ਅਨੂਪ ਧਰਾਈਆ। ਜਨ ਭਗਤਾਂ ਕਰਨਾ ਆਪੇ ਪੱਖ, ਦੂਸਰ ਦੇਵੇ ਨਾ ਕੋਇ ਸਜ਼ਾਈਆ। ਹਰਿਜਨ ਰੁਲੇ ਨਾ ਕੁੱਲੀ ਕੱਖ, ਦੁੱਖ ਭੁੱਖ ਨਾ ਕੋਇ ਵਖਾਈਆ। ਬਿਨ ਭਗਤੀ ਖੋਲ੍ਹੇ ਅੱਖ, ਆਪ ਆਪਣਾ ਦਰਸ ਦਿਖਾਈਆ। ਘਰ ਜਾ ਜਾ ਮਾਰਗ ਦੇਵੇ ਦੱਸ, ਆਪਣਾ ਨਾਮ ਨਾਮ ਜਣਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਆਪਣਾ ਕਦੇ ਨਾ ਛੱਡੇ ਹਠ, ਔਦਾਂ ਜਾਂਦਾ ਡੇਰ ਨਾ ਲਾਈਆ। ਜੁਗ ਜੁਗ ਵਿਛੋੜੇ ਆਪਣੀ ਕਿਰਪਾ ਜੋੜੇ ਲੋਕਮਾਤ ਕਰੇ ਇਕੱਠ, ਏਕਾ ਦਰ ਵਖਾਈਆ। ਜਨਮ ਜਨਮ ਦੀ ਰੱਖੇ ਪਤ, ਗੁਰ ਗਿਆਨ ਦੇਵੇ ਮਤ, ਤਤ ਤਤ ਨਾਲ ਮਿਲਾਈਆ। ਆਪਣੀ ਲੇਖੇ ਲਾਏ ਰਤ, ਫੇਰ ਉਪਜਾਏ ਡਾਲ੍ਹੀ ਪੱਤ, ਫੁਲ ਫਲਵਾੜੀ ਆਪ ਮਹਿਕਾਈਆ। ਨਾਨਕ ਕਬੀਰ ਦੋਵੇਂ ਪਏ ਹੱਸ, ਸ਼ਾਹ ਪਾਤਸ਼ਾਹ ਤੇਰੀ ਵਡੀ ਵਡਿਆਈਆ। ਏਥੇ ਓਥੇ ਅਸੀਂ ਗਾਈਏ ਤੇਰਾ ਜਸ, ਦੋ ਜਹਾਨ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਨਾਨਕ ਕਬੀਰ ਕਰ ਨਿਮਸਕਾਰ, ਆਪਣਾ ਸ਼ੁਕਰ ਮਨਾਇਆ। ਵਾਹ ਵਾ ਤੇਰੀ ਕ਼ੁਦਰਤ ਮੇਰੇ ਯਾਰ, ਤੂੰ ਕ਼ੁਦਰਤ ਵਿਚ ਸਮਾਇਆ। ਤੇਰਾ ਨਾਉਂ ਸਾਡਾ ਮਦਦਗਾਰ, ਏਕਾ ਬੈਠੇ ਮੰਗ ਮੰਗਾਇਆ। ਤੇਰਾ ਖੇਲ ਕੌਣ ਜਾਣੇ ਕਰਤਾਰ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਸੁਤੇ ਠਾਂਡੇ ਦਰਬਾਰ, ਫੇਰ ਸਕੇ ਨਾ ਕੋਇ ਜਗਾਇਆ। ਜਿਉਂ ਭਾਵੇ ਤਿਉਂ ਕਰ ਵਿਹਾਰ, ਤੂੰ ਸਾਹਿਬ ਸਦਾ ਦਿਆਲ ਠਾਕਰ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਆਪ ਪਰਗਟਾਇਆ। ਆਪਣੀ ਖ਼ੁਸ਼ੀ ਆਪ ਪਰਗਟਾ, ਆਪਣੇ ਘਰ ਸੋਭਾ ਪਾਇੰਦਾ। ਆਪਣਾ ਬੰਸ ਆਪੇ ਵੇਖਾਂ ਜਾ, ਆਪ ਆਪਣਾ ਹੁਕਮ ਸੁਣਾਇੰਦਾ। ਪਹਿਲੋਂ ਛੋਟਾ ਪੁੱਤ ਲਵਾਂ ਮਨਾ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇੰਦਾ। ਥਿਰ ਘਰ ਸਾਚੇ ਹਰਿ ਜੂ ਆਇਆ, ਆਪਣੀ ਕਿਰਪਾ ਧਾਰ। ਆਪਣਾ ਮੰਦਰ ਆਪ ਖੁਲ੍ਹਾਇਆ, ਆਪੇ ਵੇਖੇ ਵੇਖਣਹਾਰ। ਸਾਚਾ ਸੂਰਾ ਏਕਾ ਨਜ਼ਰੀ ਆਇਆ, ਜੋਧਾ ਸੂਰਬੀਰ ਬਲਕਾਰ। ਕਲਗੀ ਤੋੜਾ ਜਿਸ ਸੀਸ ਟਿਕਾਇਆ, ਮਹਿਮਾ ਅਪਰ ਅਪਾਰ। ਧੁਰ ਫ਼ਰਮਾਨਾ ਜਿਸ ਸੁਣਾਇਆ, ਉਚੀ ਕੂਕ ਕੂਕ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਕਰੇ ਸਚ ਪਿਆਰ। ਥਿਰ ਘਰ ਵੇਖਿਆ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਗੋਬਿੰਦ ਲੱਗਾ ਇਕ ਪਿਆਰਾ, ਆਪਣਾ ਆਪ ਗਿਆ ਭੁਲਾਈਆ। ਪੁਰਖ ਅਬਿਨਾਸ਼ੀ ਦੇ ਸਹਾਰਾ, ਆਪਣੀ ਗੋਦ ਉਠਾਈਆ। ਉਠਿਆ ਜੋਧਾ ਵਡ ਬਲਕਾਰਾ, ਏਕਾ ਫ਼ਤਹਿ ਰਿਹਾ ਗਜਾਈਆ। ਤੇਰਾ ਡੰਕਾ ਫੜਿਆ ਮੈਂ ਪਰਵਰਦਿਗਾਰਾ, ਭੁੱਲ ਕਦੇ ਨਾ ਜਾਈਆ। ਤੂੰ ਪਿਤਾ ਤੂੰ ਮਾਤ ਹਮਾਰਾ, ਹਉਂ ਬਾਲਕ ਰੂਪ ਸਖਾਈਆ। ਮੈਂ ਇਕੋ ਜਾਣਾਂ ਸਚ ਵਿਹਾਰਾ, ਦੂਸਰ ਧਾਰ ਨਾ ਕੋਇ ਬੰਧਾਈਆ। ਤੇਰਿਆਂ ਭਗਤਾਂ ਸਦਾ ਪਿਆਰਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਗੋਬਿੰਦ ਧਾਰ, ਥਿਰ ਘਰ ਖੇਲ ਖਿਲਾਇਆ। ਪੂਤ ਸਪੂਤ ਸੁਤ ਦੁਲਾਰ, ਹਉਂ ਤੋਹੇ ਵੇਖਣ ਆਇਆ। ਤੂੰ ਗਹਿਰ ਗੰਭੀਰ ਵੱੱਡਾ ਸਰਦਾਰ, ਸਿਦਕ ਸਬੂਰੀ ਨਾਲ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਦਵਾਰੇ ਤੇਰੇ ਆਇਆ। ਗੁਰੂ ਗੋਬਿੰਦ ਕਹੇ ਬੋਲ, ਏਕਾ ਬੇਨੰਤੀ ਰਿਹਾ ਸੁਣਾਈਆ। ਪਿਤਾ ਪੁਤਰ ਸੰਗ ਵਸੇ ਕੋਲ, ਤੇਰੀ ਵੱਡੀ ਨਾ ਕੋਇ ਵਡਿਆਈਆ। ਮੈਂ ਕਲਜੁਗ ਅੰਤਮ ਵਜਾ ਕੇ ਆਇਆ ਢੋਲ, ਮੇਰਾ ਔਣਾ ਸੱਚਾ ਮਾਹੀਆ। ਜਿਸ ਤੋਲਣਾ ਪੂਰਾ ਤੋਲ, ਨਾਨਕ ਕੰਡਾ ਹੱਥ ਉਠਾਈਆ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਜੋ ਨੀਹਾਂ ਥੱਲੇ ਰੱਖ ਕੇ ਆਇਆ ਲਾਲ ਅਨਮੋਲ, ਆਪਣੀ ਸੇਵ ਕਮਾਈਆ। ਜਿਸ ਦੇ ਪਿਛੇ ਅਸੀਂ ਕਰਦੇ ਫਿਰਦੇ ਘੋਲ, ਦੀਨ ਮਜ਼੍ਹਬ ਪਈ ਲੜਾਈਆ। ਉਹ ਮੇਰਾ ਸਾਹਿਬ ਸਦਾ ਅਨਭੋਲ, ਅਨਭੁਲੜੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੰਗੇ ਏਕਾ ਵਰ, ਮੇਰਾ ਪਿਆਰ ਨਾ ਤੇਰੀ ਕੋਈ ਚਤੁਰਾਈਆ। ਮੇਰੇ ਨਾਲ ਜੇ ਕਰਨਾ ਪਿਆਰ, ਲੋਕਮਾਤ ਵੇਖ ਵਖਾ। ਤੇਰੇ ਭਗਤ ਕਰਨ ਪੁਕਾਰ, ਘਰ ਘਰ ਬੈਠੇ ਰੋਵਣ ਮਾਰਨ ਧਾਹ। ਕਲਜੁਗ ਕੂੜ ਹੋਇਆ ਸਿਕਦਾਰ, ਅੰਤਮ ਪਕੜੇ ਕੋਇ ਨਾ ਬਾਂਹ। ਮੈਂ ਦੁਖੀਆਂ ਦਾ ਦੁਖਿਆਰ, ਸੁਖ ਆਪਣਾ ਜਾਣਾਂ ਕੋਈ ਨਾ। ਜਿਨ੍ਹਾਂ ਉਤੋਂ ਪੂਤ ਸਪੂਤ ਆਇਆ ਵਾਰ, ਬਣ ਕੇ ਓਨਾਂ ਦਾ ਪਿਤਾ ਮਾਂ। ਕਰ ਕਿਰਪਾ ਪੈਜ ਸੁਆਰ, ਤੇਰੇ ਅਗੇ ਮੇਰੀ ਨਿਮਸਕਾਰ, ਮੈਂ ਪੱਲੂ ਤੇਰਾ ਆਇਆ ਫੜਾ। ਅੰਤ ਨਿਹਕਲੰਕ ਆਏ ਅਵਤਾਰ, ਜੋਧਾ ਸੂਰਬੀਰ ਬਲੀ ਬਲਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣੀ ਸਚ ਸਲਾਹ। ਸਚ ਸਲਾਹ ਦੇਵੇ ਕਰਤਾਰਾ, ਸਾਚੀ ਬਣਤ ਬਣਾਇੰਦਾ। ਗੋਬਿੰਦ ਤੇਰਾ ਖੇਲ ਅਪਾਰਾ, ਨਿਰਾਕਾਰਾ ਆਪ ਕਰਾਇੰਦਾ। ਸਚਖੰਡ ਅੰਦਰ ਬਣਾਇਆ ਥਿਰ ਘਰ ਦਵਾਰਾ, ਤੇਰਾ ਮਹੱਲ ਅਟਲ ਸੁਹਾਇੰਦਾ। ਲੋਕਮਾਤ ਹੋਏ ਉਜਿਆਰਾ, ਕਰੇ ਖੇਲ ਅਗੰਮ ਅਪਾਰਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਘਰ ਵਿਚ ਘਰ ਕਰ ਤਿਆਰਾ, ਸੰਬਲ ਨਾਉਂ ਖੇਲ ਨਿਆਰਾ, ਪੁਰਖ ਅਬਿਨਾਸ਼ੀ ਪਾਵੇ ਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਤੇਰੇ ਭਗਤਾਂ ਦਏ ਸਹਾਰਾ, ਤੇਰੇ ਸਿੱਖਾਂ ਕਰੇ ਪਿਆਰਾ, ਸਾਚੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ ਆਪ ਸੁਣਾਇੰਦਾ। ਗੋਬਿੰਦ ਬੋਲ ਜੈਕਾਰਾ, ਪ੍ਰਭ ਅਗੇ ਇਕ ਜਣਾਇੰਦਾ। ਚਾਰ ਵਰਨ ਮੇਰਾ ਸਿੱਖ ਪਿਆਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਹਿੰਦੂ ਮੁਸਲਿਮ ਨਾ ਕੋਇ ਕਿਨਾਰਾ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਘਟ ਘਟ ਅੰਦਰ ਮੇਰੀ ਧਾਰਾ, ਤੇਰਾ ਰੂਪ ਘਟ ਘਟ ਨਜ਼ਰੀ ਆਇੰਦਾ। ਲੱਖ ਚੁਰਾਸੀ ਤੇਰਾ ਪਸਾਰਾ, ਗੋਬਿੰਦ ਖੇਲ ਕਰਾਇੰਦਾ। ਜੁਗਾ ਜੁਗੰਤਰ ਤੇਰਾ ਵਰਤਾਰਾ, ਗੁਰ ਅਵਤਾਰ ਸੇਵ ਵਖਾਇੰਦਾ। ਜੋ ਤੇਰਾ ਰਾਹ ਤੱਕੇ ਪਰਵਰਦਿਗਾਰਾ, ਤਿਸ ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖਣਹਾਰਾ, ਆਪਣੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਗੋਬਿੰਦ ਧਾਰ ਪਰਗਟਾਈਆ। ਲੇਖਾ ਜਾਣੇ ਅਗੰਮ ਅਪਾਰ, ਅਗੋਚਰ ਵੇਖੇ ਸੱਚੀ ਸ਼ਹਿਨਸ਼ਾਹੀਆ। ਨਵ ਨੌਂ ਖੋਲ੍ਹੇ ਆਪ ਕਿਵਾੜ, ਚਾਰ ਚਾਰ ਪਰਦਾ ਲਾਹੀਆ। ਜਨਮ ਜਨਮ ਕਰੇ ਵਿਚਾਰ, ਪੂਰਬ ਲੇਖਾ ਭੁਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਹਰਿ ਗੋਬਿੰਦ ਆਪ ਜਣਾਇੰਦਾ। ਤੇਰਾ ਲੇਖਾ ਆਪ ਮੁਕੌਣਾ, ਲੇਖਾ ਆਪਣੇ ਵਿਚ ਸਮਾਇੰਦਾ। ਕਲਜੁਗ ਭੇਖ ਅੰਤ ਮਿਟੌਣਾ, ਕੂੜੀ ਕਿਰਿਆ ਆਪ ਖਪਾਇੰਦਾ। ਸਾਚਾ ਮੰਦਰ ਇਕ ਜਣੌਣਾ, ਸਾਚਾ ਰਾਹ ਚਲਾਇੰਦਾ। ਸਾਚਾ ਇਸ਼ਟ ਇਕ ਪਰਗਟੌਣਾ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪੇ ਲਾਇੰਦਾ। ਗੋਬਿੰਦ ਸੇਵਾ ਨੌਂ ਖੰਡ, ਪੁਰਖ ਅਬਿਨਾਸ਼ੀ ਆਪ ਜਣਾਈਆ। ਨਾਨਕ ਨਿਰਗੁਣ ਮੰਗੀ ਮੰਗ, ਚਾਰ ਵਰਨ ਇਕ ਸਰਨਾਈਆ। ਕਬੀਰ ਜੁਲਾਹੇ ਗਾਇਆ ਛੰਦ, ਏਕਾ ਓਟ ਤਕਾਈਆ। ਰਵਦਾਸ ਪਾਇਆ ਪਰਮਾਨੰਦ, ਨਿਜ ਆਤਮ ਕਰ ਰਸਾਈਆ। ਬਲ ਬਾਵਨ ਟੁੱਟੀ ਦੇਵੇ ਗੰਢ, ਆਪਣੀ ਗੰਢ ਆਪ ਬੰਧਾਈਆ। ਤਿੰਨ ਜੁਗ ਕੱਟਿਆ ਰੰਡੇਪਾ ਰੰਡ, ਹਰਿ ਕੰਤ ਨਜ਼ਰ ਨਾ ਆਈਆ। ਚੌਥੇ ਜੁਗ ਮੁੱਕਿਆ ਪੰਧ, ਲੋਕਮਾਤ ਵੱਜੀ ਵਧਾਈਆ। ਦੀਨ ਦਿਆਲ ਹੋਇਆ ਬਖ਼ਸ਼ੰਦ, ਆਪਣੇ ਗਲੇ ਲਗਾਈਆ। ਸਿੰਘ ਗੁਰਦਿਆਲ ਚੜ੍ਹਿਆ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਲਹਿਣਾ ਚੁਕਾਏ ਗੁਜਰੀ ਚੰਦ, ਸ਼ਬਦੀ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖ ਵਖਾਈਆ। ਸਚਖੰਡ ਖੇਲ ਅਪਾਰਾ, ਉਨੀ ਕੱਤਕ ਦਿਵਸ ਸੁਹਾਇੰਦਾ। ਪਹਿਲੋਂ ਲਗਾ ਓਥੇ ਦਰਬਾਰਾ, ਭਗਤ ਭਗਵੰਤ ਦਰ ਬਹਾਇੰਦਾ। ਨਾਲ ਮਿਲਾ ਗੁਰ ਅਵਤਾਰਾ, ਸਾਚਾ ਸੰਗ ਰਖਾਇੰਦਾ। ਮੰਗਣ ਮੰਗ ਬਣ ਭਿਖਾਰਾ, ਸਭ ਅਗੇ ਝੋਲੀ ਡਾਹਿੰਦਾ। ਤੇਰਾ ਖੇਲ ਆਦਿ ਅੰਤ ਨਿਆਰਾ, ਭੇਵ ਕੋਇ ਨਾ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਨਿਰਗੁਣ ਲਿਆ ਅਵਤਾਰਾ, ਸਰਗੁਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਗੋਬਿੰਦ ਮਿਲਿਆ ਸੁਤ ਦੁਲਾਰਾ, ਸੰਬਲ ਆਸਣ ਇਕ ਸੁਹਾਇੰਦਾ। ਸਾਚੇ ਭਗਤਾਂ ਲਾਇਆ ਅਖਾੜਾ, ਪੁਰਖ ਅਬਿਨਾਸ਼ੀ ਨਾਚ ਨਚਾਇੰਦਾ। ਸਾਚੀ ਸੇਵਾ ਸਚ ਦਵਾਰਾ, ਸਚਖੰਡ ਵਾਸੀ ਲੇਖੇ ਲਾਇੰਦਾ। ਜਿਸ ਦਾ ਬਣਿਆ ਪ੍ਰਸਾਦ ਪ੍ਰਸਾਦੀ ਭੋਗ ਲਗਾਏ ਵਿਚ ਸੰਸਾਰਾ, ਸੋ ਪ੍ਰਸਾਦਿ ਸਚਖੰਡ ਗੁਰ ਅਵਤਾਰ ਮੰਗ ਮੰਗਾਇੰਦਾ। ਉਂਨੀ ਕਤਕ ਪਹਿਲੋਂ ਕੀਆ ਇਹ ਵਿਹਾਰਾ, ਭੇਵ ਕੋਇ ਨਾ ਪਾਇੰਦਾ। ਏਥੇ ਓਥੇ ਦੋ ਜਹਾਨਾਂ ਇਕ ਵਰਤਾਰਾ, ਹਰਿ ਸੰਗਤ ਤੇਰੀ ਰਸਦ ਸਚਖੰਡ ਆਪ ਪੁਚਾਇੰਦਾ। ਅੱਗੇ ਨਾਨਕ ਤੋਲਾ ਬੈਠਾ ਬਣ ਵਣਜਾਰਾ, ਆਪਣਾ ਛਾਬਾ ਅੱਗੇ ਡਾਹਿੰਦਾ। ਪਹਿਲੀ ਵਾਰ ਭਰਿਆ ਭੰਡਾਰਾ, ਫਿਰ ਮੁਕ ਕਦੇ ਨਾ ਜਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰਾ, ਲੋਕਮਾਤ ਨੈਣ ਉਠਾਇੰਦਾ। ਪਰਗਟ ਹੋਇਆ ਹਰਿ ਕਰਤਾਰਾ, ਆਪਣਾ ਰੰਗ ਆਪ ਵਖਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਸਾਚੇ ਭਗਤਾਂ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲਾਹੀ ਸਲਾਹ ਰਖਾਇੰਦਾ। ਆਓ ਭਗਤੋ ਸਚਖੰਡ ਵਾਸੀਓ, ਹਰਿ ਸਾਚਾ ਸਚ ਬੁਲਾਇੰਦਾ। ਆਓ ਕੱਟੋ ਜਮ ਕੀ ਫਾਸੀਓ, ਫਾਂਦੀ ਫੰਦ ਆਪ ਮਿਟਾਇੰਦਾ। ਆਓ ਮੰਡਲ ਬਹਿ ਬਹਿ ਪਾਓ ਰਾਸੀਓ, ਹਰਿ ਸਾਚੀ ਰਾਸ ਆਪ ਰਚਾਇੰਦਾ। ਆਓ ਧੱਕਾ ਦੇਵੋ ਪੰਡਤ ਕਾਂਸੀਓ, ਜਗਤ ਵਿਦਿਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤ ਆਪ ਬੁਲਾਇੰਦਾ। ਆਪਣੀ ਕਿਰਪਾ ਕਲਜੁਗ ਧਾਰ, ਅੰਤ ਅੰਤ ਵਖਾਈਆ। ਸਤਿ ਸਤਿਵਾਦੀ ਕਰ ਪਿਆਰ, ਸਤਿ ਪੁਰਖਾਂ ਲਏ ਬੁਲਾਈਆ। ਸਚਖੰਡ ਵੇਖੇ ਆਪ ਨਿਰੰਕਾਰ, ਲੋਕਮਾਤ ਖ਼ੁਸ਼ੀ ਮਨਾਈਆ। ਪਹਿਲਾਂ ਸਨੇਹੜਾ ਦੇਵੇ ਆਪਣੀ ਵਾਰ, ਤਾਰ ਸਤਾਰ ਨਾ ਕੋਇ ਹਿਲਾਈਆ। ਸਿੰਘ ਪਾਲ ਆਏ ਦਵਾਰ, ਏਕਾ ਧਾਮ ਮਿਲੇ ਵਡਿਆਈਆ । ਸਵਰਨ ਸਰਨੀ ਢਹਿ ਕਰੇ ਨਿਮਸਕਾਰ, ਪ੍ਰਭ ਤੇਰੀ ਸਚ ਸਰਨਾਈਆ। ਮਨਜੀਤਾ ਨੈਣ ਖੋਲ੍ਹ ਕਿਵਾੜ, ਨੈਣ ਨੈਣਾਂ ਨਾਲ ਮਿਲਾਈਆ। ਛੋਟੇ ਬਾਲਿਆਂ ਨਾਲ ਕਰੇਂ ਪਿਆਰ, ਤੇਰੀ ਵਡ ਵਡਿਆਈਆ। ਤੇਰਾ ਨੀਹਾਂ ਦਾ ਚੁੱਕਿਆ ਆਪਣੇ ਉਤੇ ਭਾਰ, ਤੇਰੀ ਸੇਵ ਕਮਾਈਆ। ਜਗਤ ਜਗਦੀਸ਼ ਲਿਆ ਉਠਾਲ, ਆਪਣਾ ਹੁਕਮ ਵਰਤਾਈਆ। ਜਿਨ ਸ਼ਾਹੋਂ ਕਰੇ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਜਿਸ ਨੇ ਸੁਣਿਆ ਮੁਰੀਦਾਂ ਹਾਲ, ਸੋ ਮੁਰਸ਼ਦ ਵੇਖੇ ਚਾਈਂ ਚਾਈਆ। ਨਾਲ ਰਲਾਇਆ ਗੁਰਦਿਆਲ ਲਾਲ, ਆਪ ਆਪਣਾ ਰੰਗ ਵਖਾਈਆ। ਪੰਜਾਂ ਹੱਲ ਕਰੇ ਸਵਾਲ, ਪੰਚਮ ਅਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਆਓ ਪੰਜ ਦਿਓ ਸਲਾਹ, ਹਰਿ ਜੂ ਆਖ ਸੁਣਾਇਆ। ਪਹਿਲਾਂ ਤੁਹਾਨੂੰ ਲਿਆ ਬੁਲਾ, ਆਪਣਾ ਘਰ ਵਸਾਇਆ। ਪੰਜਾਂ ਆਪਣੀ ਡੋਰ ਫੜਾ, ਆਪਣਾ ਰੰਗ ਚੜ੍ਹਾਇਆ। ਚਾਰੇ ਕੁੰਟਾਂ ਦਵਾਂ ਬਹਾ, ਚਾਰੇ ਜੁਗ ਵੇਖ ਵਖਾਇਆ। ਪੰਜਵਾਂ ਆਪਣੀ ਸੇਵਾ ਲਾ, ਸਾਚਾ ਛਤਰ ਝੁਲਾਇਆ। ਪਿਛਲਾ ਲੇਖਾ ਦਿਆਂ ਮੁਕਾ, ਵੇਦ ਪੁਰਾਨ ਸ਼ਾਸਤਰ ਸਿਮਰਤ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਭੇਵ ਰਿਹਾ ਖੁਲ੍ਹਾਇਆ। ਨਾਨਕ ਗਾਇਆ ਪੰਚ ਪਰਵਾਨ, ਪੰਚ ਮਿਲੇ ਵਡਿਆਈਆ। ਪੰਚਮ ਦਰਗਹਿ ਬੈਠੇ ਆਣ, ਪੰਚਮ ਪਾਇਆ ਸੱਚਾ ਸ਼ਹਿਨਸ਼ਾਹੀਆ। ਪੰਚਮ ਮਿਲਿਆ ਰਾਜ ਰਾਜਾਨ, ਸ਼ਾਹੋ ਭੂਪ ਵਡੀ ਵਡਿਆਈਆ। ਪੰਚਮ ਦੇਵੇ ਇਕ ਫ਼ਰਮਾਨ, ਧੁਰ ਸੰਦੇਸ਼ਾ ਆਪ ਸੁਣਾਈਆ। ਪੰਚਮ ਲਿਆ ਕਰ ਪਰਵਾਨ, ਪ੍ਰਭ ਅਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਪੰਚ ਪਰਵਾਨਾ ਕਰ ਪਰਵਾਨ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਸ਼ਾਹ ਪਤਸ਼ਾਹ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਇਆ। ਹਉਂ ਬਾਲੇ ਮੰਗੀਏ ਦਾਨ, ਦਾਤਾ ਦਾਨ ਦੇਣਾ ਵਰਤਾਇਆ। ਲੋਕਮਾਤ ਵੇਖ ਮਾਰ ਧਿਆਨ, ਗੁਰਮੁਖ ਤੇਰਾ ਰਾਹ ਰਹੇ ਤਕਾਇਆ। ਤੁਧ ਬਿਨ ਕਰੇ ਨਾ ਕੋਇ ਪਛਾਣ, ਜਗਤ ਰੰਡੇਪਾ ਰਿਹਾ ਸਤਾਇਆ। ਲੱਖ ਚੁਰਾਸੀ ਨਾ ਛੁਟੇ ਕਾਣ, ਜੂਨੀ ਜੂਨ ਨਾ ਕੋਇ ਤੁੜਾਇਆ। ਕਰ ਕਿਰਪਾ ਦੇਣਾ ਮਾਣ, ਗੁਰਸਿਖ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਣੀ ਕਰ, ਹਉਂ ਏਕਾ ਮੰਗ ਮੰਗਾਇਆ। ਕਿਰਪਾ ਕਰਨੀ ਆਪਣੀ ਠਾਕਰ, ਠੱਗੀ ਠਗ ਨਾ ਕੋਇ ਰਖਾਈਆ। ਕਲਜੁਗ ਵੇਖਣਾ ਡੂੰਘਾ ਸਾਗਰ, ਕੂੜੀ ਕਿਰਿਆ ਭਵਰ ਰੂਪ ਵਟਾਈਆ। ਚਾਰ ਵਰਨ ਚਾਰ ਕੂਟ ਕੋਈ ਨਾ ਦੇਵੇ ਆਦਰ, ਦਰ ਦਰ ਘਰ ਘਰ ਪਈ ਲੜਾਈਆ। ਤੇਰੇ ਪਿਛੇ ਸੀਸ ਕਟਾਇਆ ਤੇਗ਼ ਬਹਾਦਰ, ਆਪ ਆਪਣਾ ਭੇਟ ਚੜ੍ਹਾਈਆ। ਤੈਨੂੰ ਮੰਨਿਆ ਕਰੀਮ ਕ਼ਾਦਰ, ਕ਼ੁਦਰਤ ਭੁੱਲੀ ਤੇਰਾ ਰਾਹ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਲੋਕਮਾਤ ਖੇਲ ਕਰਾਂ ਮਹਾਨ, ਭੇਵ ਕੋਇ ਨਾ ਪਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਸਤਿਜੁਗ ਸਾਚਾ ਬਣੇ ਵਿਧਾਨ, ਸਾਚੀ ਧਾਰਾ ਆਪ ਰਖਾਇੰਦਾ। ਏਕਾ ਹੁਕਮ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕ ਸੁਣਾਇੰਦਾ। ਲੱਖ ਚੁਰਾਸੀ ਮੰਨੇ ਆਣ, ਲੋਕਮਾਤ ਨਾ ਕੋਈ ਅਟਕਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਸਾਇੰਦਾ। ਏਕਾ ਭੂਮਕਾ ਇਕ ਅਸਥਾਨ, ਏਕਾ ਗੀਤ ਗੋਬਿੰਦ ਗਾਇੰਦਾ। ਇਕ ਸਰੋਵਰ ਇਕ ਅਸ਼ਨਾਨ, ਏਕਾ ਦੁਰਮਤ ਮੈਲ ਧੁਆਇੰਦਾ। ਏਕਾ ਨੂਰ ਕੋਟਨ ਭਾਨ, ਜੋਤੀ ਜੋਤ ਡਗਮਗਾਇੰਦਾ। ਏਕਾ ਨਾਦ ਸ਼ਬਦ ਧੁਨਕਾਨ, ਏਕਾ ਰਾਗੀ ਰਾਗ ਅਲਾਇੰਦਾ। ਏਕਾ ਇਸ਼ਟ ਦੇਵ ਭਗਵਾਨ, ਦੂਸਰ ਨਜ਼ਰ ਕੋਈ ਨਾ ਆਇੰਦਾ। ਜਿਸ ਦੇ ਚਰਨਾ ਹੇਠ ਕੋਟਨ ਕੋਟ ਰਾਮ ਕਰਨ ਪਰਨਾਮ, ਕੋਟਨ ਕੋਟ ਕ੍ਰਿਸ਼ਨ ਸੀਸ ਝੁਕਾਇੰਦਾ। ਜਿਸ ਦਾ ਕੋਟਨ ਕੋਟ ਪੀਰ ਪੈਗ਼ੰਬਰ ਸੁਣਨ ਕਲਾਮ, ਸੋ ਕਲਮਾ ਆਪ ਪੜ੍ਹਾਇੰਦਾ। ਜਿਸ ਨੂੰ ਕੋਟਨ ਕੋਟ ਕਰਨ ਸਲਾਮ, ਸੋ ਸਹੀ ਸਲਾਮਤ ਰੂਪ ਵਟਾਇੰਦਾ। ਜਿਸ ਨੂੰ ਆਦਿ ਜੁਗਾਦਿ ਮਨਮੁਖ ਲਗੌਂਦੇ ਰਹੇ ਅਲਜ਼ਾਮ, ਸੋ ਆਪਣੀ ਅਜ਼ਮਤ ਆਪ ਵਖਾਇੰਦਾ। ਜੋ ਜੁਗ ਜੁਗ ਜਨ ਭਗਤਾਂ ਬਣਿਆ ਰਿਹਾ ਗ਼ੁਲਾਮ, ਬਣ ਬਰਦਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ। ਸਾਚੀ ਧਾਰਾ ਹਰਿ ਕਰਤਾਰਾ, ਲੋਕਮਾਤ ਟਿਕਾਈਆ। ਆਪਣਾ ਗੁਣ ਆਪ ਵਿਚਾਰਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਸਚਖੰਡ ਬਣੇ ਇਕ ਦਵਾਰਾ, ਨੌਂ ਖੰਡ ਪ੍ਰਿਥਮੀ ਰੁਸ਼ਨਾਈਆ। ਮੰਦਰ ਮਸੀਤ ਪਾਰ ਕਿਨਾਰਾ, ਗੁਰੂਦਵਾਰ ਨਾ ਕੋਈ ਵਡਿਆਈਆ। ਅਠਸਠ ਤੀਰਥ ਨਾ ਕੋਈ ਸਹਾਰਾ, ਸਾਚਾ ਨੀਰ ਨਾ ਕੋਈ ਪਿਆਈਆ। ਬਿਨ ਹਰਿ ਨਾਮੇ ਹੋਇਆ ਖਾਰਾ, ਅੰਮ੍ਰਿਤ ਰਸ ਨਾ ਕੋਈ ਵਖਾਈਆ। ਹਰਿ ਕਾ ਮੰਦਰ ਬਣਿਆ ਬਿਨ ਇੱਟਾਂ ਗਾਰਾ, ਬਾਢੀ ਕੋਇ ਨਾ ਜੜਤ ਜੜਾਈਆ। ਲੋਕਮਾਤ ਸਚ ਵਿਹਾਰਾ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਜਨ ਭਗਤਾਂ ਬਣਾਏ ਆਪ ਦਵਾਰਾ, ਨਿਰਗੁਣ ਹੋ ਹੋ ਸੇਵ ਕਮਾਈਆ। ਪੰਚਾਂ ਮੇਲ ਇਕ ਦਵਾਰਾ, ਪੂਰੀ ਇਛਿਆ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੈਜ ਰੱਖ ਰੱਖੇ ਯਾਦ, ਹਰਿ ਸਾਚਾ ਸਚ ਸੁਣਾਇੰਦਾ। ਤੁਹਾਡੇ ਪਿਛੇ ਲੋਕਮਾਤ ਸੁਣ ਫ਼ਰਯਾਦ, ਜਨ ਭਗਤਾਂ ਗਲੇ ਲਗਾਇੰਦਾ। ਬਿਨ ਨਾਮੇ ਦੇਵੇ ਆਪਣੀ ਦਾਦ, ਆਪਣਾ ਨਾਉਂ ਆਪ ਵਰਤਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰੇ ਸਾਚਾ ਲਾਡ, ਆਪਣੀ ਗੋਦ ਸੁਹਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਅੰਗ ਲਗਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਸਾਚੀ ਸਾਂਝ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚੋਂ ਲਾਧ, ਹਰਿਜਨ ਆਪਣਾ ਆਪ ਪਰਗਟਾਇੰਦਾ। ਸਾਚਾ ਖੇਲ ਹਰਿ ਕਰੌਣਾ, ਉਂਨੀ ਕੱਤਕ ਵਡ ਵਡਿਆਈਆ। ਬੀਸ ਅਠਾਰਾਂ ਰੰਗ ਰੰਗੌਣਾ, ਸਚਖੰਡ ਵੱਜੀ ਵਧਾਈਆ। ਲੋਕਮਾਤ ਸੋਭਾ ਪੌਣਾ, ਸਚ ਸੰਦੇਸ਼ਾ ਰਿਹਾ ਜਣਾਈਆ। ਗੁਰ ਅਵਤਾਰਾਂ ਚਲ ਕੇ ਔਣਾ, ਬਣ ਬਣ ਪਾਂਧੀ ਰਾਹੀਆ। ਕਬੀਰ ਆਪਣਾ ਸੰਗ ਵਖੌਣਾ, ਭਗਤਾਂ ਨਾਲ ਮਿਲਾਈਆ। ਚਾਰ ਵਰਨ ਦਰ ਡੇਰਾ ਢਾਉਣਾ, ਝੂਠੀ ਕਿਰਪਾ ਦਏ ਖਪਾਈਆ। ਸਾਚਾ ਮੰਦਰ ਇਕ ਬਣੌਣਾ, ਨਾ ਕੋਈ ਵੰਡ ਵੰਡਾਈਆ। ਹਿੰਦੂ ਸਿੱਖ ਈਸਾਈ ਫੜ ਫੜ ਗਲੇ ਲਗੌਣਾ, ਬਖ਼ਸ਼ੇ ਚਰਨ ਸਰਨ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਲੇਖਾ ਪੂਰ ਕਰ, ਬਹੱਤਰ ਭਗਤ ਦਏ ਵਡਿਆਈਆ। ਬਹੱਤਰਾਂ ਦੇਵੇ ਏਕਾ ਮਾਣ, ਹਰਿ ਸੰਗਤ ਨਾਲ ਮਿਲਾਇਆ। ਬਲ ਤੇਰਾ ਇਕ ਮਕਾਨ, ਲੋਕਮਾਤ ਆਪ ਸੁਹਾਇਆ। ਸਤਰਾਂ ਕਰੇ ਆਪ ਪਹਿਚਾਨ, ਸਤਿ ਸਤਿਵਾਦੀ ਪਰਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਸੱਤਰਾਂ ਅੰਦਰ ਸਤਿ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਸੱਤਰ ਸੱਤਰ ਜਨਮ ਦਾ ਗੇੜ ਨਿਵਾਰ, ਆਪਣੀ ਗੰਢ ਪੁਆਈਆ। ਸੱਤਰ ਸੱਤਰ ਕੁਲਾਂ ਕਰੇ ਪਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖ ਵਖਾਈਆ। ਸੱਤਰ ਸੱਤਰ ਦਏ ਅਧਾਰ, ਸਤਿ ਸੰਤੋਖ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸੱਤਰ ਸਾਤਾ ਸਿਫ਼ਰਾ ਮੂਲ, ਹਰਿ ਆਪਣਾ ਆਪ ਬਣਾਇਆ। ਸੱਤਰਾਂ ਅੰਦਰ ਸੁੱਤਾ ਬਿਨ ਪਾਵਾ ਚੂਲ, ਪਲੰਘ ਨਜ਼ਰ ਕੋਇ ਨਾ ਆਇਆ। ਬਿਨ ਬਰਖਾ ਬਰਖੇ ਫੂਲ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਚੁਕਾਇਆ। ਸਾਚੀ ਸੇਵਾ ਕਰੇ ਗੋਬਿੰਦ, ਪੂਰਾ ਕਰੇ ਕੀਤਾ ਕੌਲ ਇਕ਼ਰਾਰਾ। ਭੁੱਲ ਨਾ ਜਾਏ ਗੁਣੀ ਗਹਿੰਦ, ਸਰਸੇ ਤੇਰਾ ਅੰਤ ਕਿਨਾਰਾ। ਸੱਤਰਾਂ ਮੰਗੀ ਇਕੋ ਓਟ ਹਉਂ ਗੋਬਿੰਦ ਤੇਰੀ ਬਿੰਦ, ਦੂਜਾ ਅਵਰ ਨਾ ਕੋਈ ਸਹਾਰਾ। ਮੰਗਦੇ ਸੇਵਾ ਵਿਚ ਸਾਗਰ ਸਿੰਧ, ਜਿਥੇ ਤੇਰਾ ਭੇਖ ਨਿਆਰਾ। ਸਾਨੂੰ ਵੇਖ ਨਾ ਸਕੇ ਰਾਜਾ ਇੰਦ, ਸ਼ਿਵ ਆਏ ਨਾ ਚਲ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਅਗੰਮ ਅਪਾਰਾ। ਗੋਬਿੰਦ ਅੰਤ ਸੁਣਾਇੰਦਾ, ਨਿਸ਼ਅੱਖਰ ਆਪੇ ਬੋਲ। ਪੁਰਖ ਅਕਾਲ ਦੀ ਝੋਲੀ ਪਾਇੰਦਾ, ਕੀਤਾ ਸੱਚਾ ਕੌਲ। ਸਰਸਾ ਭੇਟ ਚੜ੍ਹਾਇੰਦਾ, ਰਹਿਣਾ ਇਕ ਅਡੋਲ। ਅੰਤਮ ਮੇਲਾ ਮੇਲ ਮਿਲਾਇੰਦਾ, ਤੋਲਾਂ ਪੂਰਾ ਤੋਲ। ਪੁਰਖ ਅਬਿਨਾਸ਼ੀ ਨਾਲ ਲਿਆਇੰਦਾ, ਨਾ ਮਾਰੇ ਕਦੇ ਰੋਲ। ਚਰਨ ਪ੍ਰੀਤ਼ੀ ਜੋ ਘੋਲ ਘੁਮਾਇੰਦਾ, ਅੰਤਮ ਪਰਦਾ ਦੇਵੇ ਖੋਲ੍ਹ। ਸਚ ਦਵਾਰੇ ਸੋਲਾਂ ਕਲਾ ਕ੍ਰਿਸ਼ਨ ਨੈਣ ਸ਼ਰਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਨਮੋਲ। ਖੇਲ ਅਵੱਲਾ ਗੁਰ ਗੁਰ ਧਾਰ, ਆਪਣਾ ਆਪ ਜਣਾਇੰਦਾ। ਪਹਿਲਾਂ ਸਿੱਖ ਕਰ ਅਰਦਾਸ, ਗੁਰ ਅਗੇ ਸੀਸ ਝੁਕਾਇੰਦਾ। ਕਵਣ ਵੇਲਾ ਕਰੇ ਬੰਦ ਖ਼ੁਲਾਸ, ਨਿਤ ਨਿਤ ਤੇਰਾ ਅਰਦਾਸਾ ਕਰਿਆ ਨਾ ਜਾਇੰਦਾ। ਮੈਂ ਵਸਾਂ ਤੇਰੇ ਪਾਸ, ਦੂਜਾ ਘਰ ਨਾ ਮੋਹੇ ਭਾਇੰਦਾ। ਵੇਲੇ ਅੰਤ ਨਾ ਕਰੀਂ ਨਿਰਾਸ, ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰ ਨਜ਼ਰ ਆਪ ਟਿਕਾਇੰਦਾ। ਪੁਰਖ ਅਬਿਨਾਸ਼ੀ ਮਿਹਰਵਾਨ, ਗੁਰ ਗੋਬਿੰਦ ਵਿਚ ਸਮਾਈਆ। ਗੋਬਿੰਦ ਬਣ ਬਣ ਦੇਵੇ ਦਾਨ, ਭੇਵ ਕੋਇ ਨਾ ਪਾਈਆ। ਆਪੇ ਪਿਤਾ ਆਪੇ ਪੁਤ ਕਰੇ ਖੇਲ ਸ੍ਰੀ ਭਗਵਾਨ, ਵਲ ਛਲ ਖੇਲ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਈਆ। ਸਚ ਸੰਦੇਸ਼ਾ ਗੋਬਿੰਦ ਪੂਰਾ, ਗੁਰ ਸਤਿਗੁਰ ਆਪ ਸੁਣਾਇੰਦਾ। ਤੇਰਾ ਅਰਦਾਸਾ ਹੋਏ ਪੂਰਾ, ਵੇਲਾ ਵਕ਼ਤ ਸਮਝਾਇੰਦਾ। ਤੇਰੇ ਅੰਦਰ ਆਏ ਜੋਤੀ ਨੂਰਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਚਨ ਆਪ ਜਣਾਇੰਦਾ। ਸਾਚਾ ਬਚਨ ਅੰਤਮ ਕੌਲ, ਗੁਰ ਗੋਬਿੰਦ ਆਪ ਜਣਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਭਾਗ ਲਗਾਈਆ। ਪੰਜ ਤੱਤ ਤੇਰੇ ਅੰਦਰ ਜਾਏ ਮੌਲ, ਆਪਣੀ ਖੇਲ ਖਿਲਾਈਆ। ਪੁਰਖ ਅਬਿਨਾਸ਼ੀ ਆਪਣਾ ਅੰਮ੍ਰਿਤ ਦੇਵੇ ਸਾਚੀ ਪਾਹੁਲ, ਪਿਆਵਣਹਾਰ ਨਜ਼ਰ ਨਾ ਆਈਆ। ਅਠਾਈ ਸਾਲ ਰਹਿਣਾ ਅਨਭੋਲ, ਅਠਾਈ ਕੁੰਡਾ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਆਪਣਾ ਤੋਲੇ ਫੇਰ ਤੋਲ, ਸਾਚਾ ਕੰਡਾ ਹੱਥ ਉਠਾਈਆ। ਨਿਰਗੁਣ ਸਰਗੁਣ ਅੰਦਰ ਵਜਾਏ ਢੋਲ, ਮਾਤ ਪੂਤ ਕਰੇ ਰੁਸ਼ਨਾਈਆ। ਤੇਰਾ ਪੂਤ ਅਰਦਾਸਾ ਕਰੇ ਨਾ ਕਿਸੇ ਕੋਲ, ਘਰ ਬੈਠਾ ਰਹੇ ਸੱਚਾ ਸ਼ਹਿਨਸ਼ਾਹੀਆ। ਸੱਤਰਾਂ ਰੱਖੇ ਤੇਰਾ ਮੂਲ, ਸਤਿ ਸਤਿਵਾਦੀ ਹੋਏ ਸਹਾਈਆ। ਏਕਾ ਬੰਨ ਕੇ ਚਲਿਆ ਅਸੂਲ, ਅਸਲ ਆਪਣਾ ਵਿਚ ਛੁਪਾਈਆ। ਕਲਜੁਗ ਅੰਤਮ ਮਿਲੇ ਮਾਸੂਲ, ਚੁੰਗੀਖ਼ਾਨਾ ਤੇਰਾ ਗੜ੍ਹ ਬਣਾਈਆ। ਜੋ ਤੇਰੇ ਸੁਤ ਕਰੇ ਕ਼ਬੂਲ, ਤਿਸ ਸ਼ਾਹ ਪਾਤਸ਼ਾਹ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸਾ ਕਿਨਾਰੇ ਦਿਤਾ ਵਰ, ਸਿੰਘ ਵੀਰ ਨਾ ਜਾਣਾ ਡਰ, ਲੋਕਮਾਤ ਤੇਰਾ ਉਪਜੇ ਪੰਜ ਤੱਤ ਕਾਇਆ ਗੜ੍ਹ, ਗੜ੍ਹ ਸਾਚਾ ਆਪ ਬਣਾਈਆ। ਨਾਰੀ ਰੂਪ ਹੋਏ ਮਿਲੇ ਵਰ, ਗੁਣ ਅਵਗੁਣ ਨਾ ਕੋਈ ਜਣਾਈਆ। ਬਿਸ਼ਨ ਕੌਰ ਨਾਮ ਧਰ, ਸਿੰਘ ਪੂਰਨ ਕੁੱਖ ਸੁਹਾਈਆ। ਸੱਤਰਾਂ ਫੜਾਏ ਏਕਾ ਲੜ, ਬਸੰਤ ਕੌਰ ਨਾਲ ਵਡਿਆਈਆ। ਜੀਵਣ ਸਿੰਘ ਭੁੱਲਾ ਜਾਏ ਤਰ, ਭੁੱਲਿਆਂ ਮਾਰਗ ਪਾਈਆ। ਸਿੰਘ ਜਸਬੀਰ ਛੋਟਾ ਬਾਲਾ ਲਏ ਫੜ, ਟੁਟੀ ਗੰਢ ਵਖਾਈਆ। ਭਗਵਾਨ ਸਿੰਘ ਦੇਵੇ ਵਰ, ਜ਼ਾਤ ਪਾਤ ਨਾ ਕੋਈ ਰਖਾਈਆ। ਸਿੰਘ ਹਰਭਜਨ ਬੰਨ੍ਹੇ ਲੜ, ਬਚਨ ਸਿੰਘ ਮੇਲ ਮਿਲਾਈਆ। ਸਿੰਘ ਅਮਰੀਕ ਜਾਏ ਤਰ, ਸਿੰਘ ਮੱਸਾ ਖ਼ੁਸ਼ੀ ਮਨਾਈਆ। ਸਿੰਘ ਸਰੈਣ ਮਿਲਿਆ ਨਰ, ਇੰਦਰ ਸਿੰਘ ਰੰਗ ਚੜ੍ਹਾਈਆ। ਸਿੰਘ ਮੋਹਣ ਚੁੱਕੇ ਡਰ, ਊਧਮ ਸਿੰਘ ਸਿੰਘ ਰੁਸ਼ਨਾਈਆ। ਸਿੰਘ ਗੁਰਬਚਨ ਤਰਨੀ ਜਾਏ ਤਰ, ਤੇਜਾ ਸਿੰਘ ਖ਼ੁਸ਼ੀ ਮਨਾਈਆ। ਹੀਰਾ ਨੰਦ ਮਰਨੀ ਨਾ ਜਾਏ ਮਰ, ਸਿੰਘ ਈਸ਼ਰ ਗੀਤ ਗੋਬਿੰਦ ਅਲਾਈਆ। ਸਮੁੰਦ ਸਿੰਘ ਮਿਲੇ ਵਰ, ਮਨੀ ਰਾਮ ਰੰਗ ਚੜ੍ਹਾਈਆ। ਹਰਬੰਸ ਕੌਰ ਏਕਾ ਅੱਖਰ ਲਿਆ ਪੜ੍ਹ, ਅੱਠੇ ਪਹਿਰ ਖ਼ੁਸ਼ੀ ਮਨਾਈਆ। ਸਿੰਘ ਦਲੀਪ ਲਗਾਈ ਜੜ੍ਹ, ਸਿੰਘ ਦਲੀਪ ਹੋਏ ਰੁਸ਼ਨਾਈਆ। ਸਿੰਘ ਕਰਤਾਰ ਕਿਰਪਾ ਕਰ, ਮੰਗਲ ਸਿੰਘ ਗੋਦ ਬਹਾਈਆ। ਸਿੰਘ ਹਰਬੰਸ ਨੁਹਾਏ ਸਾਚੇ ਸਰ, ਸਿੰਘ ਬਲਵੰਤ ਨਾਲ ਮਿਲਾਈਆ। ਸਿੰਘ ਸਵਰਨ ਚੁੱਕੇ ਡਰ, ਮਹਿੰਦਰ ਸਿੰਘ ਭੇਵ ਨਾ ਕੋਈ ਰਖਾਈਆ। ਚਰਨ ਸਿੰਘ ਚਰਨ ਸੀਸ ਲਏ ਧਰ, ਬਚਨ ਸਿੰਘ ਬਚਨ ਅਮੋਲਕ ਏਕਾ ਗਾਈਆ। ਮੇਲਾ ਸਿੰਘ ਨਾ ਜਾਏ ਮਰ, ਦਿਦਾਰ ਸਿੰਘ ਦਰਸ ਚਾਈਂ ਚਾਈਂਆ। ਦਲੀਪ ਸਿੰਘ ਲੱਗੀ ਜੜ੍ਹ, ਪਿਆਰਾ ਸਿੰਘ ਹੋਈ ਕੁੜਮਾਈਆ। ਮਾਝੇ ਤੇਰੀ ਟੁੱਟੀ ਗੰਢੀ, ਅੱਧੀ ਵੰਡ ਤੇਰੀ ਝੋਲੀ ਪਾਈਆ। ਉਂਨੀ ਕਤਕ ਜਿਸ ਦਾ ਫੜਿਆ ਲੜ, ਛੁੱਟ ਕਦੇ ਨਾ ਜਾਈਆ। ਪਾਰ ਕਿਨਾਰਾ ਦੇਵੇ ਕਰ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚਾ ਮੇਲਿਆ, ਸਿੰਘ ਸੀਤਲ ਸੀਤਲ ਧਾਰ। ਅਰਜਨ ਸਿੰਘ ਆਵਣ ਜਾਵਣ ਚੁਕਿਆ ਗੇੜਿਆ, ਕਰਮ ਸਿੰਘ ਕਰ ਪਿਆਰ। ਮੁਕੰਦ ਸਿੰਘ ਚਾਓ ਘਨੇਰਿਆ, ਸਿੰਘ ਦਰਬਾਰਾ ਨਾ ਆਏ ਹਾਰ। ਭਾਗ ਸਿੰਘ ਵਸੇ ਖੇੜਿਆ, ਸਿੰਘ ਮੁਖਤਿਆਰ ਕਰੇ ਪਿਆਰ। ਸਿੰਘ ਮਾਧੋ ਗੇੜਾ ਗੇੜਿਆ, ਸਿੰਘ ਨਿਰੰਜਣ ਕਰੇ ਉਜਿਆਰ। ਸਿੰਘ ਧੰਨਾ ਨਾ ਢਾਏ ਢੇਰਿਆ, ਹਰਬੰਸ ਸਿੰਘ ਦੇਵੇ ਇਕ ਸਹਾਰ। ਹਰਬੰਸ ਸਿੰਘ ਚੁਕੇ ਮੇਰਾ ਤੇਰਿਆ, ਮਿਹਰ ਸਿੰਘ ਕਰ ਵਿਚਾਰ। ਸਰਵਣ ਸਿੰਘ ਲੱਖ ਚੁਰਾਸੀ ਵਿਚੋਂ ਆਪ ਨਿਖੇੜਿਆ, ਆਪ ਆਪਣੀ ਕਿਰਪਾ ਧਾਰ। ਪੁਰਖ ਅਬਿਨਾਸ਼ੀ ਬੱਧਾ ਬੇੜਿਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਸਚ ਖੇਲ ਹਰਿ ਕਰਤਾਰ, ਆਪਣੀ ਆਪ ਕਰਾਇੰਦਾ। ਕੁਲਦੀਪ ਕੌਰ ਕਰ ਤਿਆਰ, ਸਚ ਸਪੁਤ੍ਰੀ ਨਾਲ ਮਿਲਾਇੰਦਾ। ਸਿੰਘ ਸੇਵਾ ਦਏ ਅਧਾਰ, ਆਪ ਆਪਣੀ ਬੂਝ ਬੁਝਾਇੰਦਾ। ਹਰਚਰਨ ਸਿੰਘ ਇਕ ਪਿਆਰ, ਹਰਿ ਚਰਨ ਸਿੰਘ ਰੰਗ ਰੰਗਾਇੰਦਾ। ਸਤਵੰਤ ਕੌਰ ਉਤਰੇ ਪਾਰ, ਸਿੰਘ ਪਾਲ ਗੰਢ ਰਖਾਇੰਦਾ। ਪ੍ਰੀਤਮ ਸਿੰਘ ਵਣਜ ਵਪਾਰ, ਲਾਲ ਸਿੰਘ ਹੱਟ ਵਿਕਾਇੰਦਾ। ਮੱਸਾ ਸਿੰਘ ਕਰ ਸ਼ਿੰਗਾਰ, ਖਿਆਲ ਸਿੰਘ ਜੋਬਨ ਆਪ ਹੰਢਾਇੰਦਾ। ਕਰੇ ਖੇਲ ਸੱਚੀ ਸਰਕਾਰ, ਸਾਕੀ ਬਣ ਬਣ ਜਾਮ ਪਿਆਇੰਦਾ। ਸਾਚਾ ਮੰਦਰ ਕਰ ਤਿਆਰ, ਸਾਚੇ ਸੱਜਣ ਸੇਵ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਨਿਰੰਕਾਰ, ਪਰਕਾਸ਼ ਚੰਦ ਦਏ ਵਡਿਆਈਆ। ਰਾਮ ਚੰਦ ਦਏ ਅਧਾਰ, ਪ੍ਰੇਮ ਚੰਦ ਨਾਲ ਮਿਲਾਈਆ। ਸਿੰਘ ਸ਼ਿਵ ਉਤਰੇ ਪਾਰ, ਗੂੜਾ ਰਾਮ ਰੰਗ ਵਖਾਈਆ। ਸਿੰਘ ਬੇਲਾ ਬੇਲੀ ਬਣਿਆ ਆਪ ਕਰਤਾਰ, ਅੰਗਰੇਜ ਸਿੰਘ ਆਪਣੇ ਰੰਗ ਵਖਾਈਆ। ਗਿਆਨ ਚੰਦ ਡੁੱਬਦਾ ਬੇੜਾ ਲਾਏ ਪਾਰ, ਸਿੰਘ ਸਰਦਾਰਾ ਹੋਏ ਸਹਾਈਆ। ਅਵਤਾਰ ਸਿੰਘ ਸਚ ਵਿਹਾਰ, ਹਰਿ ਸਾਚਾ ਸਚ ਸਮਝਾਈਆ। ਹਰਦਿਤ ਸਿੰਘ ਮਿਲੇ ਆਪ ਨਿਰੰਕਾਰ, ਬਿਨ ਨੇਤਰ ਦਰਸਨ ਪਾਈਆ। ਸਤਰਾਂ ਨਾਲ ਇਕ ਪਿਆਰ, ਸਤਿ ਸਤਿਵਾਦੀ ਆਪ ਰਖਾਈਆ। ਸੱਤਰਾਂ ਸੱਤਰ ਸਚ ਵਿਹਾਰ, ਸਾਚੀ ਸੇਵਾ ਬੂਝ ਬੁਝਾਈਆ। ਛੱਬੀ ਪੋਹ ਉਚੇ ਮੰਦਰ ਚੜ੍ਹ ਮਿਨਾਰ, ਚੁਹੱਤਰਾਂ ਲਏ ਮਾਤ ਪਰਗਟਾਈਆ। ਪੰਜਾਂ ਪਿਆਰਿਆਂ ਰਹਿਣਾ ਖ਼ਬਰਦਾਰ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ। ਨਾਲ ਰਲੌਣਾ ਸਿੰਘ ਗਿਰਧਾਰਾ ਯਾਰ, ਤਾਰਾ ਸਿੰਘ ਮੇਲ ਮਿਲਾਈਆ। ਕਿਸ਼ਨ ਸਿੰਘ ਕਰ ਵਿਚਾਰ, ਪੱਲੂ ਸਿੰਘ ਨਾਜ਼ਰ ਹੱਥ ਫੜਾਈਆ। ਪੰਚਾਂ ਬਾਡੀਆਂ ਦੇਵੇ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਪੰਜੇ ਰਖਾਏ ਸਲਾਹਕਾਰ, ਲੋਕਮਾਤ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ।
