Granth 11 Likhat 026: 27 Maghar 2018 Bikarmi Sohan Singh Mahinder Singh de Navit Jethuwal

੨੭ ਮੱਘਰ ੨੦੧੮ ਬਿਕਰਮੀ ਸੋਹਣ ਸਿੰਘ, ਮਹਿੰਦਰ ਸਿੰਘ ਦੇ ਨਵਿਤ ਜੇਠੂਵਾਲ

ਹਰਿ ਭਗਤਾਂ ਸਦਾ ਇਕੋ ਮਾਣ, ਪਰਮ ਪੁਰਖ ਸ਼ਰਨਾਈਆ। ਚਰਨ ਕਵਲ ਸਚ ਧਿਆਨ, ਆਤਮ ਅੰਤਰ ਇਕ ਲਿਵ ਲਾਈਆ। ਸ਼ਬਦ ਅਨਾਦੀ ਇਕੋ ਗਾਨ, ਅਨਹਦ ਤਾਰ ਹਿਲਾਈਆ। ਨੇਤਰ ਨੈਣ ਦਰਸ ਭਗਵਾਨ, ਏਕਾ ਮੰਗ ਮੰਗਾਈਆ। ਨਾਤਾ ਤੋੜ ਜਗਤ ਜਹਾਨ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਮਾਇਆ ਮਮਤਾ ਮੋਹ ਛੋੜ ਅਭਿਮਾਨ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਇਕੋ ਰਾਗ ਸੁਣ ਸੁਣ ਕਾਨ, ਮਨਸਾ ਮਨ ਖਪਾਈਆ। ਧੁਰ ਸੰਦੇਸ਼ਾ ਬ੍ਰਹਮ ਗਿਆਨ, ਪਾਰਬ੍ਰਹਮ ਕਰੇ ਪੜ੍ਹਾਈਆ। ਏਥੇ ਓਥੇ ਦੋ ਜਹਾਨ, ਇਕੋ ਆਸ ਤਕਾਈਆ। ਸਚਖੰਡ ਮਿਲੇ ਸਚ ਮਕਾਨ, ਦਰਗਹਿ ਸਾਚੀ ਧਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤਨ ਮੀਤ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਸਚਖੰਡ ਸੋਹੇ ਬੰਕ ਦੁਆਰਾ, ਨਿਰਾਕਾਰ ਨੂਰ ਧਰਾਇੰਦਾ। ਅਨੁਭਵ ਪ੍ਰਕਾਸ਼ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਹੁਕਮੀ ਹੁਕਮ ਇਕ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਬੋਧ ਅਗਾਧ ਅਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਭਗਤਨ ਕਰੇ ਸਤਿ ਪਿਆਰਾ, ਸਤਿ ਸਤਿਵਾਦੀ ਭੇਵ ਜਣਾਇੰਦਾ। ਬਜ਼ਰ ਕਪਾਟੀ ਖੋਲ੍ਹ ਕਵਾੜਾ, ਧੂਆਂਧਾਰ ਸਰਬ ਮਿਟਾਇੰਦਾ। ਪੰਚਮ ਵਖਾਏ ਇਕ ਅਖਾੜਾ, ਏਕਾ ਘਰ ਸੋਭਾ ਪਾਇੰਦਾ। ਸੱਜਣ ਮੀਤ ਬਣ ਮੁਰਾਰਾ, ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰਨਹਾਰਾ ਇਕ, ਇਕੋ ਇਕ ਵਡਿਆਈਆ। ਧੁਰ ਸੰਜੋਗੀ ਲੇਖ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਨਾਮ ਨਿਧਾਨਾ ਪਾਏ ਸਾਚੀ ਭਿੱਖ, ਵਸਤ ਅਮੋਲਕ ਆਪ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਨਿਰਵੈਰ ਆਏ ਦਿਸ, ਘਟ ਘਟ ਆਪਣਾ ਰੂਪ ਵਖਾਈਆ। ਗੁਰਮੁਖ ਸੱਜਣ ਵੇਖੇ ਸਾਚਾ ਸਿੱਖ, ਜਿਸ ਜਨ ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਤ੍ਰਿਖ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰ, ਜੁਗ ਜੁਗ ਵੇਖ ਵਖਾਇੰਦਾ। ਕਲਜੁਗ ਪਾਵਣਹਾਰਾ ਸਾਰ, ਕਾਇਆ ਕਪੜ ਫੋਲ ਫੋਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਗਾ ਗਾ ਥੱਕੇ ਵਿਚ ਸੰਸਾਰ, ਰਾਗੀ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਸਮਾਇੰਦਾ। ਭਗਤਨ ਸੰਗ ਰਿਹਾ ਸਮਾ, ਸਾਂਤਕ ਸਤਿ ਸਤਿ ਵਰਤਾਈਆ। ਰਹਿਮਤ ਰਹੀਮ ਆਪ ਕਮਾ, ਆਪਣੇ ਹੱਥ ਰੱਖੇ ਵਡਿਆਈਆ। ਏਕਾ ਕਲਮਾ ਦਏ ਪੜ੍ਹਾ, ਬਣ ਸਚ ਅਮਾਮ ਭੇਵ ਖੁਲ੍ਹਾਈਆ। ਇਕ ਮਹੱਲਾ ਦਏ ਵਸਾ, ਮੁਕਾਮੇ ਹੱਕ ਸ਼ਹਿਨਸ਼ਾਹੀਆ। ਏਕਾ ਨੌਬਤ ਦਏ ਵਜਾ, ਏਕਾ ਡੰਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਮੁਰੀਦ ਵੇਖ ਵਖਾਈਆ। ਮੁਰਸ਼ਦ ਮੁਰੀਦ ਦੇ ਸਹਾਰਾ, ਦਰਦੀ ਦਰਦ ਵੰਡਾਇੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਆਪ ਆਪਣਾ ਭੇਵ ਜਣਾਇੰਦਾ। ਪੀਰ ਪੈਗ਼ੰਬਰ ਵੇਖ ਪਰਵਰਦਿਗਾਰਾ, ਨੂਰ ਨੁਰਾਨਾ ਡਗਮਗਾਇੰਦਾ। ਹੱਕ ਹਕ਼ੀਕ਼ਤ ਬੋਲ ਜੈਕਾਰਾ, ਲਾਸ਼ਰੀਕ ਖੇਲ ਖਲਾਇੰਦਾ। ਇਕ ਤੌਫ਼ੀਕ ਇਕ ਦੁਆਰਾ, ਏਕਾ ਘਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਭਗਤ ਵਖਾਏ ਸਾਚਾ ਰੰਗ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਤਮ ਸੇਜਾ ਵੇਖ ਪਲੰਘ, ਹਰਿ ਪੁਰਖ ਨਿਰੰਜਣ ਸੇਜ ਸੁਹਾਈਆ। ਡੂੰਘੀ ਕਵਰੀ ਆਪੇ ਲੰਘ, ਏਕੰਕਾਰ ਸੋਭਾ ਪਾਈਆ। ਆਪੇ ਜਾਣੇ ਆਪਣਾ ਅਨੰਦ, ਆਦਿ ਨਿਰੰਜਣ ਬੇਪਰਵਾਹੀਆ। ਨਿਰਗੁਣ ਨਿਰਾਕਾਰ ਗਾਏ ਛੰਦ, ਅਬਿਨਾਸ਼ੀ ਕਰਤਾ ਰਾਗ ਅਲਾਈਆ। ਦਾਤਾ ਜੋਧਾ ਸੂਰਾ ਬਣ ਆਪ ਸਰਬੰਗ, ਸ੍ਰੀ ਭਗਵਾਨ ਬਲ ਵਖਾਈਆ। ਕਰ ਪ੍ਰਕਾਸ਼ ਬਿਨ ਸੂਰਜ ਚੰਦ, ਪਾਰਬ੍ਰਹਮ ਨੂਰ ਵਖਾਈਆ। ਜੁਗ ਜੁਗ ਬੇੜਾ ਦੇਵੇ ਬੰਨ੍ਹ, ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਈਸ਼ ਜੀਵ ਜਾਣੇ ਕੰਮ, ਜਗਦੀਸ਼ ਵਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਵੇਖ ਵਖਾਈਆ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਬੇੜਾ ਆਪੇ ਬੰਨ੍ਹ, ਜਗ ਸਾਗਰ ਪਾਰ ਕਰਾਈਆ। ਲੇਖਾ ਜਾਣੇ ਪੰਜ ਤੱਤ ਤਨ, ਮਨ ਮਤ ਬੁਧ ਭੇਵ ਖੁਲ੍ਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇ ਦੇ ਡੰਨ, ਆਸ਼ਾ ਤ੍ਰਿਸ਼ਨਾ ਦਏ ਮਿਟਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਈਆ। ਆਪ ਵਸੇ ਹਰਿ ਛੱਪਰ ਛੰਨ, ਜਨ ਭਗਤਾਂ ਸਾਚੇ ਘਰ ਬਹਾਈਆ। ਜੁਗ ਜੁਗ ਭਾਣਾ ਆਪਣਾ ਮੰਨ, ਹਰਿਜਨ ਸਾਚੀ ਸੇਵ ਕਮਾਈਆ। ਦਿਸ ਨਾ ਆਏ ਨੇਤਰ ਅੰਨ੍ਹ, ਗਿਆਨ ਨੇਤਰ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਜਨ ਭਗਤਾਂ ਲਏ ਤਰਾਈਆ। ਜੁਗਾ ਜੁਗੰਤਰ ਭਗਤਨ ਮਿੱਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਨਿਤ ਨਵਿਤ ਕਰੇ ਹਿੱਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਪਰਗਟ ਹੋ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰੰਗ ਵਖਾਇੰਦਾ। ਲੇਖਾ ਜਾਣੇ ਪੰਜ ਤੱਤ ਕਾਇਆ ਬੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਇੰਦਾ। ਆਪੇ ਵਸੇ ਧਾਮ ਅਨਡਿਠ, ਜਗਤ ਨੈਣ ਨਜ਼ਰ ਨਾ ਆਇੰਦਾ। ਗੁਰਮੁਖ ਵਿਰਲਾ ਲਏ ਪੇਖ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਆਪੇ ਮੇਟਣਹਾਰਾ ਲਿਖੀ ਰੇਖ, ਲੇਖਾ ਆਪਣਾ ਆਪ ਜਣਾਇੰਦਾ। ਆਤਮ ਪਰਮਾਤਮ ਖੋਲ੍ਹੇ ਭੇਤ, ਦਵੈਤੀ ਪਰਦਾ ਆਪੇ ਲਾਹਿੰਦਾ। ਦਰਸ ਦਖਾਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਫੁੱਲ ਫੁਲਵਾੜੀ ਰੁੱਤ ਬਸੰਤ ਵਖਾਏ ਚੇਤ, ਅਗਨੀ ਜੇਠ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤ ਵਡਿਆਈ ਸ੍ਰੀ ਭਗਵਾਨ, ਜੁਗ ਜੁਗ ਮਾਤ ਕਰਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜਾਤਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰ ਅਵਤਾਰ ਦੇ ਦੇ ਮਾਣ, ਲੋਕਮਾਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਸਤਿ ਬਬਾਣ, ਬ੍ਰਹਿਮੰਡ ਖੰਡ ਉਡਾਈਆ। ਭਗਤ ਭਗਵੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਏਕਾ ਰਾਗ ਸੁਣਾਏ ਕਾਨ, ਦੂਜੀ ਸੁਰ ਨਾ ਕੋਇ ਅਲਾਈਆ। ਏਕਾ ਮੰਦਰ ਇਕ ਮਕਾਨ, ਏਕਾ ਦੀਪਕ ਦਏ ਜਗਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਦੂਜੀ ਦ੍ਰਿਸ਼ਟ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਈਆ। ਜਨ ਭਗਤਨ ਮੇਲਣਹਾਰਾ ਹਰਿ, ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਦੇਵੇ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਟਾਇੰਦਾ। ਦਰਸ ਦਖਾਏ ਅੱਗੇ ਖੜ੍ਹ, ਸਵੱਛ ਸਰੂਪੀ ਰੂਪ ਧਰਾਇੰਦਾ। ਭਗਤ ਜਨਾਂ ਹਰਿ ਬਾਹੋਂ ਫੜ, ਆਪਣੇ ਸੰਗ ਚਲਾਇੰਦਾ। ਡੂੰਘੀ ਭਵਰੀ ਆਪੇ ਵੜ, ਘਰ ਘਰ ਆਪਣਾ ਆਸਣ ਲਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਦਸਮ ਦਵਾਰੀ ਸੋਭਾ ਪਾਇੰਦਾ। ਨਿਰਗੁਣ ਅੱਖਰ ਇਕੋ ਪੜ੍ਹ, ਸਰਗੁਣ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਭਗਤਾਂ ਦੇਵੇ ਇਕੋ ਤੱਤ, ਤਤਵ ਇਕ ਜਣਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਤ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਵਖਾਇੰਦਾ। ਮੇਲ ਮਿਲਾਵਾ ਕਮਲਾਪਤ, ਕਵਲ ਨੈਣ ਵੇਖ ਵਖਾਇੰਦਾ। ਨਾਤਾ ਤੋੜ ਜ਼ਾਤ ਪਾਤ, ਸਾਚੀ ਯਾਤਰਾ ਨਾਮ ਕਰਾਇੰਦਾ। ਪੰਚ ਵਿਕਾਰਾ ਕਰ ਕਰ ਘਾਤ, ਪੰਚਮ ਨਾਦ ਸ਼ਬਦ ਧੁਨ ਸੁਣਾਇੰਦਾ। ਪੰਚਮ ਮੀਤਾ ਇਕੋ ਗਾਥ, ਸਾਚਾ ਅੱਖਰ ਆਪ ਪੜ੍ਹਾਇੰਦਾ। ਕਰੇ ਖੇਲ ਪੁਰਖ ਸਮਰਾਥ, ਹਰਿਜਨ ਸਾਚੇ ਆਪ ਉਠਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟ, ਲਹਿਣਾ ਦੇਣਾ ਝੋਲੀ ਪਾਇੰਦਾ। ਕਲਜੁਗ ਅੰਤਮ ਮੁੱਕੇ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਹਰਿ ਭਗਤ ਲਗਾਏ ਆਪਣੇ ਘਾਟ, ਸਚ ਕਿਨਾਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨੱਯਾ ਨਾਮ ਚਲਾਇੰਦਾ। ਇਕੋ ਨੱਯਾ ਨਾਮ ਨੌਕਾ, ਨਿਰਗੁਣ ਮਾਤ ਚਲਾਈਆ। ਜਨ ਭਗਤਾਂ ਨਾਲ ਕਰੇ ਨਾ ਧੋਖਾ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਹਰਿਜਨ ਮਿਲਣ ਦਾ ਇਕੋ ਮੌਕਾ, ਦੂਜਾ ਫੇਰ ਜਗਤ ਨਾ ਆਈਆ। ਪ੍ਰਭ ਮਿਲਣ ਦਾ ਮਾਰਗ ਸੌਖਾ, ਪੁਰਖ ਅਬਿਨਾਸ਼ੀ ਆਪ ਜਣਾਈਆ। ਕਿਸੇ ਹੱਥ ਨਾ ਆਏ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਲੱਖ ਚੁਰਾਸੀ ਖਾਏ ਚੋਟਾਂ, ਦਰ ਦਰ ਦਏ ਦੁਹਾਈਆ। ਜਨ ਭਗਤ ਰਖਾਈ ਇਕੋ ਓਟਾ, ਪ੍ਰਭ ਮਿਲੇ ਸੱਚਾ ਮਾਹੀਆ। ਨਿਰਮਲ ਜੋਤ ਜਗਾਏ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਭਵ ਸਾਗਰ ਖਾਏ ਨਾ ਗੋਤਾ, ਡੂੰਘੀ ਭਵਰੀ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਭਗਤ ਜਨਾਂ ਹਰਿ ਆਪ ਉਠੌਣਾ, ਕਲਜੁਗ ਅੰਤਮ ਵਾਰ। ਜੁਗ ਜਨਮ ਦਾ ਲੇਖ ਮੁਕੌਣਾ, ਜੁਗ ਚੌਕੜੀ ਪਾਵੇ ਸਾਰ। ਨਿਹਕਰਮੀ ਵਡ ਕਰਮ ਕਮੌਣਾ, ਕਰਮ ਕਾਂਡ ਤੋਂ ਵਸੇ ਬਾਹਰ। ਵਰਨ ਬਰਨੀ ਡੇਰਾ ਢੌਣਾ, ਚਾਰ ਵਰਨ ਕਰੇ ਖ਼ੁਵਾਰ। ਹਰਨ ਫਰਨ ਨੇਤਰ ਖਲੌਣਾ, ਨੇਤਨ ਨੇਤ ਦਰਸ ਦੀਦਾਰ। ਗੀਤ ਗੋਬਿੰਦ ਇਕੋ ਗੌਣਾ, ਏਕਾ ਏਕੰਕਾਰ। ਸਾਚਾ ਮੰਦਰ ਇਕ ਵਖੌਣਾ, ਕਾਇਆ ਬੰਕ ਖੋਲ੍ਹ ਕਵਾੜ, ਦੀਪਕ ਦੀਆ ਇਕ ਜਗੌਣਾ, ਨਿਰਗੁਣ ਜੋਤ ਅਗੰਮ ਅਪਾਰ। ਧੁਨ ਅਨਾਦੀ ਸ਼ਬਦ ਸੁਣੌਣਾ, ਅਨਹਦ ਵਜਾਏ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਅਧਾਰ। ਭਗਤ ਉਧਾਰੇ ਆਪ ਪ੍ਰਭ, ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਬੰਧਨ ਪਾਈਆ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਤਿ ਸੰਤੋਖੀ ਨਾਮ ਮਦਿ, ਇਕੋ ਵਾਰ ਪਿਆਈਆ। ਸਚ ਨਿਸ਼ਾਨਾ ਇਕੋ ਗੱਡ, ਦਰ ਦੁਆਰ ਦਏ ਝੁਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਹਰਿ ਭਗਤ ਲਏ ਮਿਲਾਈਆ। ਨਾਤਾ ਤੋੜ ਅੰਧੇਰੀ ਖੱਡ, ਗ੍ਰਹਿ ਮੰਦਰ ਦਏ ਬਹਾਈਆ। ਜਗਤ ਤ੍ਰਿਸ਼ਨਾ ਝੂਠੀ ਵੱਢ, ਏਕਾ ਕਰੇ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਸੱਚਾ ਸਹਾਈਆ। ਸਤਿ ਪੁਰਖ ਨਿਰੰਜਣ ਹੋਇਆ ਖ਼ਬਰਦਾਰ, ਨਿਰਗੁਣ ਆਪਣੀ ਲਏ ਅੰਗੜਾਈਆ। ਸਚਖੰਡ ਮਹੱਲੇ ਹੋ ਉਜਿਆਰ, ਥਿਰ ਘਰ ਆਪਣਾ ਫੇਰਾ ਪਾਈਆ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਆਪਣਾ ਰੰਗ ਵਖਾਈਆ। ਚਰਨ ਕਵਲ ਕਵਲ ਚਰਨ ਕੱਢ ਕੱਢ ਬਾਹਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਸੁੰਨ ਅਗੰਮੀ ਖੇਲ ਅਪਾਰ, ਬੇਐਬ ਆਪ ਕਰਾਈਆ। ਆਪਣੀ ਇਛਿਆ ਕਰ ਵਿਚਾਰ, ਸ਼ਬਦ ਸੁਤ ਵਡਿਆਈਆ। ਸ਼ਬਦੀ ਸ਼ਬਦ ਦਏ ਸਹਾਰ, ਏਕਾ ਗੁਣ ਵਖਾਈਆ। ਏਕਾ ਗੁਣ ਅਗੰਮ ਅਪਾਰ, ਅਪਰੰਪਰ ਵੇਖ ਵਖਾਈਆ । ਅਲਖ ਅਗੋਚਰ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਅਲੱਖ ਅਗੋਚਰ ਹੋ ਤਿਆਰਾ, ਘਰ ਸਾਚੇ ਸੋਭਾ ਪਾਇੰਦਾ। ਭਗਤਨ ਮੀਤਾ ਬਣ ਵਣਜਾਰਾ, ਲੋਕਮਾਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸ਼ਕਾਰਾ। ਕੋਟਨ ਕੋਟ ਨਿਉਂ ਨਿਉਂ ਸੀਸ ਝੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਜੁਗ ਜੁਗ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪੈਂਡਾ ਗਿਆ ਮੁੱਕ, ਕਲਜੁਗ ਕੂਕੇ ਦਏ ਦੁਹਾਈਆ। ਪੰਚ ਵਿਕਾਰਾ ਰਿਹਾ ਬੁੱਕ, ਆਪਣਾ ਬਲ ਰਖਾਈਆ। ਸੰਤ ਸਾਧ ਬੈਠੇ ਲੁਕ, ਸਿਰ ਸਕੇ ਨਾ ਕੋਇ ਉਠਾਈਆ। ਜੂਠ ਝੂਠ ਜੜ੍ਹ ਰਿਹਾ ਪੁੱਟ, ਬੂਟਾ ਸਕੇ ਨਾ ਕੋਇ ਲਗਾਈਆ। ਕਾਮ ਕਰੋਧ ਰਿਹਾ ਕੁੱਟ, ਮੂੰਹ ਦੇ ਭਾਰ ਸੁਟਾਈਆ। ਠੱਗ ਚੋਰ ਰਹੇ ਲੁੱਟ, ਦਿਵਸ ਰੈਣ ਪਈ ਲੜਾਈਆ। ਗੁਰਮੁਖ ਵਿਰਲਾ ਇਕੋ ਰੱਖੇ ਸਾਚੀ ਓਟ, ਪ੍ਰਭ ਚਰਨ ਧਿਆਨ ਲਗਾਈਆ। ਜਗਤ ਤ੍ਰਿਸ਼ਨਾ ਕੱਢ ਖੋਟ, ਆਸ਼ਾ ਇਕੋ ਇਕ ਵਧਾਈਆ। ਨਿਰਮਲ ਅੰਤਰ ਜਗੇ ਜੋਤ, ਹਰਿ ਜੋਤ ਹੋਏ ਰੁਸ਼ਨਾਈਆ। ਨਾਤਾ ਟੁੱਟੇ ਵਰਨ ਗੋਤ, ਬ੍ਰਹਮ ਇਕੋ ਨਜ਼ਰੀ ਆਈਆ। ਸਤਿ ਧੀਰਜ ਨਾਮ ਲੰਗੋਟ, ਗੁਰ ਸਤਿਗੁਰ ਦਏ ਬੰਧਾਈਆ। ਆਤਮ ਤ੍ਰਿਸ਼ਨਾ ਭਰੇ ਪੋਟ, ਸਾਂਤਕ ਸਤਿ ਸਤਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਗੋਦ ਉਠਾਈਆ। ਜਨ ਭਗਤਾਂ ਰੱਖੇ ਸਾਚੀ ਗੋਦ, ਆਪਣੀ ਦਇਆ ਕਮਾਇੰਦਾ। ਸਾਚਾ ਨਾਮ ਅਗਾਧ ਬੋਧ, ਬੋਧ ਅਗਾਧਾ ਆਪ ਪੜ੍ਹਾਇੰਦਾ। ਹਰਿ ਜੂ ਹਿਰਦਾ ਆਪੇ ਸੋਧ, ਸੁਧ ਵਾਸ਼ਨਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾਰ ਕਰਾਇੰਦਾ। ਜਨ ਭਗਤਾਂ ਬੇੜਾ ਕਰੇ ਪਾਰ, ਮੰਝਧਾਰ ਨਾ ਕੋਈ ਰੁੜ੍ਹਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਹੋ ਸੇਵ ਕਮਾਈਆ। ਸਰਗੁਣ ਕਰਿਆ ਖ਼ਬਰਦਾਰ, ਏਕਾ ਸ਼ਬਦ ਧੁਨ ਸ਼ਨਵਾਈਆ। ਜੁਗ ਜੁਗ ਭਗਤ ਲਏ ਉਭਾਰ, ਲੁਕ ਲੁਕ ਲਏੇ ਮਿਲਾਈਆ। ਉਠ ਉਠ ਮੇਰੇ ਵਿਛੜੇ ਯਾਰ, ਜੁਗ ਚੌਕੜੀ ਗਈ ਵਿਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਈਆ। ਲਹਿਣਾ ਦੇਣਾ ਮੁਕੇ ਗੁਰ ਅਵਤਾਰ, ਬਚਿਆ ਕੋਇ ਰਹਿਣ ਨਾ ਪਾਈਆ। ਪੀਰ ਪੈਗ਼ੰਬਰ ਔਲੀਏ ਹਾਰ, ਦਸਤਗੀਰ ਨਾ ਕੋਈ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਵੱਡ ਅਮਾਮਾ ਹੋ ਤਿਆਰ, ਵਡ ਦਮਾਮਾ ਦਏ ਵਜਾਈਆ। ਪੜ੍ਹੇ ਕਲਮਾ ਅਪਰ ਅਪਾਰ, ਹਜਾਰਾ ਦਰੂਦ ਭੇਵ ਨਾ ਰਾਈਆ। ਸਚ ਸਲਾਮਾ ਦੱਸ ਸੰਸਾਰ, ਅਲੈਕਮ ਆਪਣੀ ਖੇਲ ਵਖਾਈਆ। ਬੈਤਲ ਹੋ ਪਰਵਰਦਿਗਾਰ, ਮਕੱਦਸ ਪਰਦਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਉਠਾਇਆ ਕਿਰਪਾ ਕਰ, ਕਿਰਪਨ ਦਇਆ ਕਮਾਇੰਦਾ। ਜਨਮ ਜਨਮ ਦਾ ਲਹਿਣਾ ਦਿਤਾ ਘਰ, ਘਰ ਘਰ ਵਿਚ ਫੇਰਾ ਪਾਇੰਦਾ। ਮਾਨਸ ਜਨਮ ਨਾ ਜਾਏ ਹਰ, ਲੱਖ ਚੁਰਾਸੀ ਲੇਖੇ ਪਾਇੰਦਾ। ਆਪ ਬੰਧਾਏ ਆਪਣੇ ਲੜ, ਏਕਾ ਪੱਲੂ ਨਾਮ ਫੜਾਇੰਦਾ। ਸੋਹੰ ਅੱਖਰ ਜਾਣਾ ਪੜ੍ਹ, ਆਤਮ ਪਰਮਾਤਮ ਮੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਮਝਾਇੰਦਾ। ਸਾਚੇ ਭਗਤ ਸਾਚਾ ਨਾਉਂ, ਹਰਿ ਨਿਰੰਕਾਰਾ ਆਪ ਜਣਾਈਆ। ਹੋਏ ਸਹਾਈ ਸਭਨੀਂ ਥਾਉਂ, ਥਾਨ ਥਨੰਤਰ ਵੇਖ ਵਖਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਕਰੇ ਕਰਾਏ ਸਚ ਨਿਆਉਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿਜਨ ਮੇਲੇ ਫੜ ਫੜ ਬਾਹੋਂ, ਦੂਰ ਦੁਰਾਡਾ ਪੰਧ ਮੁਕਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤਾਂ ਗੋਦ ਬਹਾਈਆ। ਹਰਿ ਭਗਤ ਦਇਆ ਆਪ ਕਮਾ, ਕਾਮਲ ਮੇਲ ਮਿਲਾਇਆ। ਰਹਿਮਤ ਇਕ ਕਰ ਖ਼ੁਦਾ, ਸਹੀ ਸਲਾਮਤ ਲਏ ਬਚਾਇਆ। ਦੋ ਜਹਾਨਾਂ ਨਾ ਹੋਏ ਜੁਦਾ, ਆਪ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਸੰਗ ਰਖਾਇਆ। ਹਰਿ ਭਗਤ ਅੱਗੋਂ ਕਰੇ ਪੁਕਾਰ, ਪ੍ਰਭ ਸਾਚੇ ਸਚ ਜਣਾਈਆ। ਅੰਤਮ ਵੇਲਾ ਤੇਰੇ ਨਾਲ, ਵਿਛੜ ਕਦੇ ਨਾ ਜਾਈਆ। ਲੋਕਮਾਤ ਕਵਣ ਨਿਸ਼ਾਨ, ਕਵਣ ਗ੍ਰਹਿ ਮਿਲੇ ਵਡਿਆਈਆ। ਕਵਣ ਵੇਖੇ ਮਾਰ ਧਿਆਨ, ਨੇਤਰ ਨੈਣ ਉਠਾਈਆ। ਕਵਣ ਬਿਧ ਜਿਸ ਗਾਣ, ਰਸਨਾ ਜਿਹਵਾ ਹਲਾਈਆ। ਕਵਣ ਮੰਦਰ ਮਿਲੇ ਮਕਾਨ, ਜਿਸ ਘਰ ਦਏ ਬਹਾਈਆ। ਕਵਣ ਵੇਲਾ ਦਰਸ ਦੇਵੇ ਆਣ, ਮਿਟੇ ਸਰਬ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਆਪਣਾ ਭੇਵ ਦੱਸ ਭਗਵਾਨ, ਏਕਾ ਏਕ ਜਣਾਈਆ। ਲੋਕਮਾਤ ਬਣਾਵਾਂ ਸਚ ਨਿਸ਼ਾਨ, ਵੇਖੇ ਸਰਬ ਲੋਕਾਈਆ। ਤਿੰਨਾਂ ਲੋਕਾਂ ਪਾਵਾਂ ਆਣ, ਤ੍ਰਲੋਕੀ ਚਰਨਾਂ ਹੇਠ ਦਬਾਈਆ। ਸਾਚਾ ਮੰਦਰ ਇਕ ਨਿਸ਼ਾਨ, ਚਾਰ ਵਰਨ ਦਿਆਂ ਵਖਾਈਆ। ਆਤਮ ਪਰਮਾਤਮ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਭਗਤ ਦੁਆਰਾ ਇਕ ਪਰਵਾਨ, ਛੱਤੀ ਜੁਗ ਦਾ ਪੰਧ ਮੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਮਹਾਨ, ਜੁਗ ਜੁਗ ਆਪਣਾ ਵੇਖ ਵਖਾਈਆ। ਕੋਟਨ ਕੋਟ ਸੀਤਾ ਰਾਮ, ਗਏ ਫੇਰੀ ਪਾਈਆ। ਕੋਟਨ ਕੋਟ ਗੋਪੀ ਕਾਹਨ, ਮੰਡਲ ਰਾਸ ਗਏ ਰਚਾਈਆ। ਕੋਟਨ ਕੋਟ ਰਵ ਸਸ ਭਾਨ, ਬੈਠੇ ਮੁਖ ਛੁਪਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਹੋ ਪਰਧਾਨ, ਗਏ ਪੰਧ ਮੁਕਾਈਆ। ਗੁਰ ਅਵਤਾਰ ਦੇ ਦੇ ਗਿਆਨ, ਲਿਖ ਲਿਖ ਲੇਖਾ ਗਏ ਸਮਝਾਈਆ। ਕੋਟਨ ਕੋਟ ਜੁਗ ਬੀਤੇ ਵਿਚ ਜਹਾਨ, ਕੋਹਲੂ ਚਰਖਾ ਚੱਕੀ ਚੱਕ ਭੁਵਾਈਆ। ਕਰੇ ਖੇਲ ਸ੍ਰੀ ਭਗਵਾਨ, ਸਚਖੰਡ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਭਗਤਾਂ ਹਰਿ ਜੂ ਵੇਖੇ ਆਣ, ਭੇਵ ਕੋਇ ਨਾ ਪਾਈਆ। ਦਰ ਘਰ ਸਾਚੇ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਲੱਖ ਚੁਰਾਸੀ ਵਿਚੋਂ ਕਰ ਪਛਾਣ, ਫੜ ਬਾਹੋਂ ਬਾਹਰ ਕਢਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਘਰ ਵਖਾਈਆ। ਏਕਾ ਘਰ ਹਰਿ ਚਰਨ, ਸ਼ਰਨ ਸੱਚੀ ਸ਼ਰਨਾਇਆ। ਨਾਤਾ ਟੁੱਟੇ ਮਰਨ ਡਰਨ, ਜਨਮ ਮਰਨ ਵਿਚ ਨਾ ਆਇਆ। ਸਾਹਿਬ ਸੁਲਤਾਨ ਤਰਨੀ ਤਰਨ, ਗੁਰਮੁਖ ਸਾਚੇ ਲਏ ਤਰਾਇਆ। ਕਰਤਾ ਪੁਰਖ ਕਰਨੀ ਕਰਨ, ਕੁਦਰਤ ਕਾਦਰ ਵੇਖ ਵਖਾਈਆ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਇਕੋ ਘਰ ਬਹਾਇਆ। ਮਾਨਸ ਮਨੁੱਖ ਮਾਨਵ, ਜਗਤ ਜੁਗ ਚਤੁਰਾਈਆ। ਦੇਵੀ ਦੇਵ ਦਾਨਵ, ਏਕਾ ਖੇਲ ਵਖਾਈਆ। ਮਾਨਸ ਵਸੇ ਪੰਜ ਤੱਤ ਗਰਾਮਨ, ਕਾਇਆ ਖੇੜਾ ਸੋਭਾ ਪਾਈਆ। ਮਾਨੁੱਖ ਮੇਟੇ ਅੰਧੇਰੀ ਸ਼ਾਮਨ, ਮਨ ਮਤ ਮੋਹ ਚੁਕਾਈਆ। ਮਾਨਵ ਹੋਏ ਸਤਿਗੁਰ ਜ਼ਾਮਨ, ਆਪ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਮਾਨਸ਼ ਪੰਜ ਤੱਤ ਕਾਇਆ ਰੰਗ, ਰੰਗ ਰੱਤਾ ਆਪ ਚੜ੍ਹਾਈਆ। ਮਨੁਖ ਆਤਮ ਸੇਜ ਪਲੰਘ, ਘਰ ਘਰ ਵਿਚ ਰਿਹਾ ਹੰਢਾਈਆ। ਮਾਨਵ ਸ਼ਬਦੀ ਡੋਰ ਪਤੰਗ, ਅਕਾਸ਼ ਪ੍ਰਕਾਸ਼ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਮਾਨਸ ਕਾਇਆ ਪੰਜ ਤੱਤ ਨਾਤਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਇੰਦਾ। ਮਨੁੱਖ ਨਿਰਗੁਣ ਮਿਲੀ ਦਾਤਾ, ਸਰਗੁਣ ਬੰਧਨ ਪਾਇੰਦਾ। ਮਾਨਵ ਨੂਰ ਪੁਰਖ ਬਿਧਾਤਾ, ਘਰ ਘਰ ਵਿਚ ਆਪ ਸੁਹਾਇੰਦਾ। ਇਕੋ ਘਰ ਖੇਲ ਤਮਾਸ਼ਾ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਸੰਗ ਆਪ ਹੋ ਜਾਇੰਦਾ। ਬਾਨਰ ਭਾਓ ਬੇਮੁਖ, ਬੇਦਰਦੀ ਦਰਦ ਨਾ ਕੋਇ ਰਖਾਇੰਦਾ। ਉਲਟਾ ਚੜ੍ਹੇ ਗਰਭ ਰੁਖ, ਰੁਖ਼ ਸੱਚਾ ਨਾ ਕੋਈ ਬਦਲਾਇੰਦਾ। ਦਸ ਦਸ ਮਾਸ ਧੂਆਂ ਧੁਖ, ਅਗਨੀ ਹਵਨ ਤਪਾਇੰਦਾ। ਅੰਦਰ ਬਾਹਰ ਨਾ ਮਿਲੇ ਸੁਖ, ਸਾਂਤਕ ਸਤਿ ਸਤਿ ਕਰਾਇੰਦਾ। ਸਾਹਿਬ ਸਤਿਗੁਰ ਬੈਠਾ ਲੁਕ, ਦਰਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਨਰ ਮਾਨਸ ਰੂਪ ਵਖਾਇੰਦਾ।