੧੧ ਮੱਘਰ ੨੦੧੮ ਬਿਕਰਮੀ ਦਿਦਾਰ ਸਿੰਘ ਸੰਤਾ ਸਿੰਘ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਇਕ ਇਕ ਖੇਲ ਸਮਰਥ, ਸਾਹਿਬ ਸਾਹਿਬ ਖੇਲ ਖਿਲਾਇਆ। ਇਕ ਇਕ ਮਹਿਮਾ ਅਕੱਥ, ਸਾਹਿਬ ਸਾਹਿਬ ਗੁਣ ਗਾਇਆ। ਇਕ ਇਕ ਹਰਿ ਮਾਰਗ ਦੱਸ, ਸਾਹਿਬ ਸਾਹਿਬ ਰਾਹ ਚਲਾਇਆ। ਇਕ ਇਕ ਹਰਿ ਦੇਵੇ ਵੱਥ, ਸਾਹਿਬ ਸਾਹਿਬ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਇਕ ਇਕ ਪੁਰਖ ਅਕਾਲ, ਏਕਾ ਇਕ ਅਖਵਾਈਆ। ਇਕ ਇਕ ਸਾਹਿਬ ਦੀਨ ਦਿਆਲ, ਇਕੋ ਇਕ ਵਡੀ ਵਡਿਆਈਆ। ਇਕ ਇਕ ਵਸੇ ਧਾਮ ਨਿਰਾਲ, ਇਕੋ ਇਕ ਸੋਭਾ ਪਾਈਆ। ਇਕ ਇਕ ਅਵੱਲੜੀ ਚਾਲ, ਇਕੋ ਇਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਈਆ। ਇਕੋ ਇਕ ਹਰਿ ਦੁਆਰਾ, ਏਕਾ ਇਕ ਆਪ ਪਰਗਟਾਇੰਦਾ। ਇਕੋ ਇਕ ਵੇਖਣਹਾਰਾ, ਇਕ ਇਕ ਵੇਖ ਵਖਾਇੰਦਾ। ਇਕੋ ਇਕ ਸੇਵਾਦਾਰਾ, ਇਕੋ ਇਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਇਕ ਸੇਵਾ ਚਾਕਰ ਬਣੇ ਪਾਖ਼ਾਕ, ਖ਼ਾਕੀ ਖ਼ਾਕ ਸਮਾਈਆ। ਇਕ ਸਾਹਿਬ ਸੁਲਤਾਨ ਬਣੇ ਦਾਸੀ ਦਾਸ, ਆਪਣੀ ਉਦਾਸੀ ਆਪ ਗਵਾਈਆ। ਇਕ ਮਿਹਰਵਾਨ ਸਦ ਰੱਖੇ ਆਸ, ਭਗਤ ਵਛਲ ਵਡੀ ਵਡਿਆਈਆ। ਇਕ ਸਤਿਗੁਰ ਪਾਵੇ ਸਾਚੀ ਰਾਸ, ਸਚ ਦੁਆਰਾ ਆਪ ਸੁਹਾਈਆ। ਇਕ ਨਿਰਗੁਣ ਸਦ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਇਕ ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਇਕ ਲੇਖਾ ਸਰਬ ਮੁਕਾਈਆ। ਇਕ ਮਨ ਜੋਤ ਕਰ ਪਰਕਾਸ਼, ਦੋ ਜਹਾਨ ਕਰੇ ਰੁਸ਼ਨਾਈਆ। ਇਕ ਵੇਖੇ ਖੇਲ ਤਮਾਸ਼, ਇਕ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਇਕ ਪੁਰਖ ਇਕ ਅਬਿਨਾਸ਼, ਏਕਾ ਘਰ ਸੁਹਾਇੰਦਾ। ਏਕਾ ਸਾਹਿਬ ਸਰਬ ਗੁਣਤਾਸ, ਏਕਾ ਰੂਪ ਹਰਿ ਦੂਸਰ ਹੋਰ ਨਾ ਕੋਈ ਰਖਾਇੰਦਾ। ਇਕ ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਇਕ ਖ਼ਾਲੀ ਹੱਥ ਫਿਰਾਇੰਦਾ। ਇਕ ਇਕ ਘਟ ਘਟ ਅੰਦਰ ਰੱਖੇ ਵਾਸ, ਇਕ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਰਿ ਇਕ ਇਕ ਨਾਲ ਮਿਲਾਇੰਦਾ। ਇਕ ਨਾਲ ਏਕਾ ਮੇਲ, ਏਕਾ ਗੁਣ ਜਣਾਈਆ। ਏਕਾ ਬਾਤੀ ਏਕਾ ਤੇਲ, ਏਕਾ ਗੁਰ ਕਰੇ ਰੁਸ਼ਨਾਈਆ। ਏਕਾ ਸੱਜਣ ਇਕ ਸੁਹੇਲ, ਏਕਾ ਸਗਲਾ ਸੰਗ ਨਿਭਾਈਆ। ਏਕਾ ਵਸੇ ਸਦ ਨਵੇਲ, ਬੇਅੰਤ ਬੇਪਰਵਾਹੀਆ। ਏਕਾ ਗੁਰੂ ਏਕਾ ਚੇਲ, ਏਕਾ ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਏਕਾ ਦਾਤਾ ਏਕਾ ਦਾਤ, ਦੇਵਣਹਾਰ ਇਕ ਅਖਵਾਇੰਦਾ। ਏਕਾ ਸੰਗ ਏਕਾ ਸਾਥ, ਸਗਲਾ ਸੰਗ ਇਕ ਹੋ ਆਇੰਦਾ। ਏਕਾ ਪਿਤਾ ਏਕਾ ਮਾਤ, ਏਕਾ ਪੂਤ ਸੋਭਾ ਪਾਇੰਦਾ। ਏਕਾ ਬਸਤਰ ਏਕਾ ਖਾਟ, ਏਕਾ ਆਸਣ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਏਕਾ ਹਰਿ ਏਕਾ ਦਰ, ਏਕਾ ਸਗਲਾ ਸੰਗ ਰਖਾਈਆ। ਇਕ ਨਰਾਇਣ ਇਕ ਨਰ, ਇਕ ਘਰ ਬੈਠਾ ਸੋਭਾ ਪਾਈਆ। ਏਕਾ ਘਾੜਨ ਰਿਹਾ ਘੜ, ਏਕਾ ਘੜ੍ਹ ਘੜ੍ਹ ਭੰਨ ਵਖਾਈਆ। ਏਕਾ ਚੋਟੀ ਬੈਠਾ ਚੜ੍ਹ, ਏਕਾ ਡੂੰਘੀ ਭਵਰ ਸਮਾਈਆ। ਏਕਾ ਵਿਦਿਆ ਰਿਹਾ ਪੜ੍ਹ, ਏਕਾ ਪੜ੍ਹ ਪੜ੍ਹ ਰਿਹਾ ਗਾਈਆ। ਏਕਾ ਹਵਨ ਰਿਹਾ ਸੜ, ਏਕਾ ਅਗਨ ਤੱਤ ਬੁਝਾਈਆ। ਏਕਾ ਜੰਮੇ ਪਏ ਮਰ, ਏਕਾ ਜਨਮ ਮਰਨ ਵਿਚ ਨਾ ਆਈਆ। ਏਕਾ ਵਸੇ ਸਾਚੇ ਘਰ, ਏਕਾ ਏਕ ਘਰ ਘਰ ਅਲਖ ਜਗਾਈਆ। ਏਕਾ ਨਿਰਭੌ ਰਖਾਏ ਸਰਬ ਡਰ, ਏਕਾ ਭੈ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਇਕ ਗੁਰ ਇਕ ਅਵਤਾਰ, ਇਕ ਸ਼ਬਦ ਰੂਪ ਸਮਾਇੰਦਾ। ਇਕ ਹੁਕਮ ਇਕ ਵਰਤਾਰ, ਇਕ ਹੁਕਮੀ ਹੁਕਮ ਭੁਵਾਇੰਦਾ। ਇਕੋ ਲੇਖ ਇਕ ਲਿਖਾਰ, ਏਕਾ ਲਿਖ ਲਿਖ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਏਕਾ ਧਾਰ ਏਕਾ ਜੋਤ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਕਿਲਾ ਏਕਾ ਕੋਟ, ਏਕਾ ਆਸਣ ਸੋਭਾ ਪਾਈਆ। ਏਕਾ ਮਾਤ ਏਕਾ ਪੂਤ, ਏਕਾ ਪਿਤਾ ਪੂਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਨਾਲ ਮਿਲਾਈਆ। ਇਕ ਨਾਲ ਮਿਲਿਆ ਇਕ, ਅੰਕ ਅੰਕ ਮਿਲਾਇਆ। ਦੋ ਜਹਾਨਾਂ ਦੇਵੇ ਏਕੋ ਟੇਕਾ, ਟੇਕ ਆਪਣੀ ਦਏ ਸਮਝਾਇਆ। ਆਦਿ ਜੁਗਾਦੀ ਸਾਚਾ ਲੇਖਾ, ਲਿਖ ਲਿਖ ਆਪਣਾ ਦਏ ਸਮਝਾਇਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਪੇਸ਼ਾ, ਦੂਸਰ ਭੇਵ ਕੋਇ ਨਾ ਰਾਇਆ। ਇਕੋ ਠਾਕਰ ਇਕ ਕਰੇ ਆਦੇਸਾ, ਏਕਾ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਇਕੋ ਕਰਤਾ ਇਕੋ ਕਰੀਮ ਏਕਾ ਕਰਮ ਕਾਂਡ ਬਣਾਈਆ। ਇਕੋ ਦਾਤਾ ਰਾਜ਼ਕ ਰਿਜ਼ਕ ਰਹੀਮ, ਇਕੋ ਘਰ ਘਰ ਰਿਹਾ ਪੁਚਾਈਆ। ਇਕੋ ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਤਕਸੀਮ, ਸਾਚੀ ਵੰਡ ਇਕ ਵੰਡਾਈਆ। ਏਕਾ ਕਰੇ ਖੇਲ ਅਜ਼ੀਮ, ਏਕਾ ਅਜਮਤ ਆਪ ਪਰਗਟਾਈਆ। ਏਕਾ ਦੇਵਣਹਾਰਾ ਤਾਲੀਮ, ਤਾਜ਼ੀਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਇਕੋ ਪੀਰ ਇਕ ਪਰਵਰਦਿਗਾਰਾ, ਇਕ ਮੁਰਸ਼ਦ ਨਾਉਂ ਧਰਾਇੰਦਾ। ਇਕ ਗਹਿਰ ਗੰਭੀਰ ਸਾਂਝਾ ਯਾਰ, ਇਕ ਨਜ਼ਰ ਕਿਸੇ ਨਾ ਆਇੰਦਾ। ਇਕ ਜਾਹਿਰ ਇਕ ਜ਼ਹੂਰ ਇਕ ਸ਼ਾਹ ਗਫ਼ੂਰ, ਇਕ ਬੇਐਬ ਨਾਉਂ ਧਰਾਇੰਦਾ। ਇਕ ਸਰਬ ਕਲਾ ਭਰਪੂਰ, ਇਕ ਗੁਣ ਅਵਗੁਣ ਨਾ ਕੋਈ ਜਣਾਇੰਦਾ। ਇਕ ਨੇੜੇ ਇਕ ਵਸੇ ਦੂਰ, ਇਕ ਘਟ ਘਟ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੋ ਇਕ ਅਖਵਾਇੰਦਾ। ਇਕੋ ਇਕ ਹਰਿ ਅਖਵਾ, ਆਖਰ ਆਪਣੇ ਹੱਥ ਰਖਾਈਆ। ਜੁਗ ਚੌਕੜੀ ਵੇਸ ਵਟਾ, ਵੇਸਵਾ ਜਗਤ ਲਏ ਨਚਾਈਆ। ਲੱਖ ਚੁਰਾਸੀ ਮੁਜਰਾ ਵੇਖੇ ਸ਼ਹਿਨਸ਼ਾਹ, ਬਹੱਤਰ ਨਾੜ ਤਾਰ ਸਤਾਰ ਵਜਾਈਆ। ਪੰਜ ਵਿਕਾਰ ਜਗਤ ਸੰਗਾਰ ਤਬਲਾ ਦਏ ਵਜਾ, ਤਾਲ ਤਾਲ ਨਾਲ ਵਜਾਈਆ। ਮਾਇਆ ਮਮਤਾ ਘੁੰਘਟ ਦਏ ਉਠਾ, ਨੇਤਰ ਨੈਣ ਨਾ ਕੋਈ ਸ਼ਰਮਾਈਆ। ਜਗਤ ਹਵਸ ਕੱਜਲ ਦੇਵੇ ਪਾ, ਕਾਲੀ ਧਾਰ ਚਲਾਈਆ। ਮੋਹ ਮਮਤਾ ਸਭ ਦੇ ਅੱਗੇ ਪੱਲੂ ਦੇਵੇ ਡਾਹ, ਮਨ ਮਨਸਾ ਨਾਲ ਮਿਲਾਈਆ। ਘਰ ਘਰ ਦਰ ਦਰ ਫੇਰਾ ਪਾ, ਜਗਤ ਢੋਲਾ ਦਏ ਸੁਣਾਈਆ। ਜੋ ਦੀਸੇ ਤਿਸ ਨੂੰ ਸੱਜਣ ਲਏ ਮਨਾ, ਸਗਲਾ ਸਗਲਾ ਸੰਗ ਨਾ ਕਿਸੇ ਸੰਗ ਨਿਭਾਈਆ। ਇਕ ਵੇਸਵਾ ਲੱਖ ਚੁਰਾਸੀ ਪਾਏ ਫਾਹ, ਨਾਰ ਬਣ ਨਾ ਸੇਵ ਕਮਾਈਆ। ਬਿਨ ਅਗਨੀ ਦੇਵੇ ਦਾਹ, ਏਕਾ ਅੱਗ ਲਗਾਈਆ। ਅੰਤਮ ਹੱਡੀਆਂ ਕਰੇ ਸਵਾਹ, ਖ਼ਾਕੀ ਖ਼ਾਕ ਮਿਲਾਈਆ। ਝੂਠਾ ਯਾਰ ਨਾ ਬਣੇ ਕੋਈ ਗਵਾਹ, ਪੱਲੂ ਸਰਬ ਜਾਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾਂਗੀ ਆਪਣਾ ਖੇਲ ਰਚਾਈਆ। ਸਵਾਂਗੀ ਨਟੂਆ ਬਣ ਬਣ ਨਟ, ਹਰਿ ਹਰਿ ਖੇਲ ਖਲਾਇੰਦਾ। ਸਾਧਾਂ ਸੰਤਾਂ ਹੱਥਾਂ ਉਤੇ ਮਾਰੇ ਹੱਥ, ਆਪਣਾ ਹੱਥ ਨਾ ਕਿਸੇ ਫੜਾਇੰਦਾ। ਜੁਗ ਚੌਕੜੀ ਕੋਟਨ ਕੋਟ ਰਾਹ ਦੱਸ ਦੱਸ, ਲੱਖ ਚੁਰਾਸੀ ਆਪ ਫਸਾਇੰਦਾ। ਸਭ ਦੇ ਕੋਲੋਂ ਆਪ ਗਿਆ ਨੱਸ, ਹੱਥ ਕਿਸੇ ਨਾ ਆਇੰਦਾ। ਕਿਸੇ ਮੰਦਰ ਮਸਜਿਦ ਗੁਰੂਦੁਆਰ ਮੱਠ ਸ਼ਿਵਦੁਆਲੇ ਨਾ ਜਾਏ ਫਸ, ਫਾਂਦੀ ਬਣ ਫੰਦ ਨਾ ਕੋਈ ਪਾਇੰਦਾ। ਸਭ ਦੀ ਚੋਟੀ ਗਿਆ ਝੱਸ, ਏਕਾ ਰਗੜਾ ਨਾਮ ਲਗਾਇੰਦਾ। ਲੱਖ ਚੁਰਾਸੀ ਨਾਲੋਂ ਹੋਇਆ ਅੱਡ, ਆਪਣਾ ਵੱਖਰਾ ਧਾਮ ਬਣਾਇੰਦਾ। ਸਚ ਨਿਸ਼ਾਨਾ ਬੈਠਾ ਗੱਡ, ਇਕੋ ਇਕ ਝੁਲਾਇੰਦਾ। ਨਾ ਕੋਈ ਜਾਣੇ ਪਾਰ ਹੱਦ, ਅੱਧਵਿਚਕਾਰ ਸਰਬ ਕੁਰਲਾਇੰਦਾ। ਜੇ ਕੋਈ ਕਹੇ ਪਾਰਬ੍ਰਹਮ ਪੁਰਖ ਅਬਿਨਾਸ਼ੀ ਦਰ ਘਰ ਸਾਚੇ ਲਏ ਸੱਦ, ਲਖ ਲਖ ਸ਼ੁਕਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਆਪਣੇ ਨਾਲ ਸੁਹਾਇੰਦਾ। ਇਕ ਇਕੱਲਾ ਇਕ ਕਰਤਾਰ, ਅਨਕ ਕਲਾ ਇਕ ਅਖਵਾਈਆ। ਇਕ ਮੰਦਰ ਇਕ ਦੁਆਰ, ਏਕਾ ਨਗਰ ਸੋਭਾ ਪਾਈਆ। ਏਕਾ ਭੂਪ ਇਕ ਸਿਕਦਾਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਇਕ ਹੁਕਮ ਇਕ ਵਰਤਾਰ, ਏਕਾ ਹੁਕਮੇ ਹੁਕਮ ਭੁਵਾਈਆ। ਏਕਾ ਪੁਰਖ ਏਕਾ ਨਾਰ, ਏਕਾ ਸਾਚੀ ਸੇਜ ਹੰਢਾਈਆ। ਏਕਾ ਰੰਗ ਰਲੀਆਂ ਮਾਣੇ ਬਣ ਭਤਾਰ, ਏਕਾ ਆਪਣੀ ਖ਼ੁਸ਼ੀ ਮਨਾਈਆ। ਏਕਾ ਨੂਰ ਜੋਤ ਉਜਿਆਰ, ਏਕਾ ਸ਼ਬਦ ਨਾਦ ਸੁਣਾਈਆ। ਏਕਾ ਪਾਵੇ ਸਭ ਦੀ ਸਾਰ, ਏਕਾ ਏਕ ਆਪਣਾ ਆਪ ਜਪਾਈਆ। ਜੁਗ ਚੌਕੜੀ ਖੇਲ ਅਪਾਰ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਨੌਂ ਨੌਂ ਕਰ ਵਿਹਾਰ, ਬ੍ਰਹਮਾ ਵਿਸ਼ਨ ਸ਼ਿਵ ਦਏ ਸਮਝਾਈਆ। ਸੁਰਪਤ ਇੰਦ ਕਰ ਖ਼ਬਰਦਾਰ, ਸਾਚਾ ਮਾਰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਵੱਜੇ ਵਧਾਈਆ। ਏਕਾ ਘਰ ਵੱਜਿਆ ਨਾਦ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਏਕਾ ਘਰ ਉਪਜਿਆ ਰਾਗ, ਚਾਰ ਕੁੰਟ ਕਰੇ ਸ਼ਨਵਾਈਆ। ਏਕਾ ਹਰਿ ਪਲਟਿਆ ਸ਼ਾਂਗ, ਸਵਾਂਗੀ ਸਭ ਦਾ ਸ਼ਾਂਗ ਖਪਾਈਆ। ਏਕਾ ਭਗਤ ਮੰਗੀ ਮਾਂਗ, ਏਕਾ ਭਗਵਨ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਧਾਰ ਚਲਾਏ ਅੰਤਮ ਕਲ, ਕਲਕਾਤੀ ਆਪ ਮਿਟਾਈਆ। ਨੌਂ ਨੌਂ ਚਾਰ ਕਰੇ ਵਲ ਛਲ, ਅਛਲ ਅਛਲ ਭੇਵ ਨਾ ਰਾਈਆ। ਚੌਥੇ ਯੁਗ ਵਡ ਪਰਬਲ, ਆਪਣਾ ਬਲ ਲਏ ਪਰਗਟਾਈਆ। ਹਰਿ ਸੱਜਣ ਜਨ ਭਗਤ ਬੂਟਾ ਗਿਆ ਫਲ, ਪੱਤ ਡਾਲੀ ਆਪ ਮਹਿਕਾਈਆ । ਬਣ ਸੁਗੰਧੀ ਅੰਦਰ ਗਿਆ ਰਲ, ਲੁਕਵੀਂ ਖੇਲ ਵਖਾਈਆ। ਲੋਕੀ ਪੁੱਛਣ ਕੀ ਗੱਲ, ਗੱਲ ਦੱਸਣ ਵਿਚ ਨਾ ਆਈਆ। ਬਿਨ ਦੀਪਕ ਜੋਤੀ ਗਈ ਬਲ, ਤੇਲ ਬਾਤੀ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਅੰਤਮ ਲਹਿਣਾ ਸਭ ਦਾ ਚੁੱਕੇ, ਚੂਕ ਰਹੇ ਨਾ ਰਾਈਆ। ਲੱਗੀ ਜੜ੍ਹ ਸਭ ਦੀ ਪੁੱਟੇ, ਪੁੱਟ ਪੁੱਟ ਆਪਣੇ ਹੱਥ ਰਖਾਈਆ। ਗੁਰਮੁਖ ਵਿਰਲਾ ਮਾਤ ਉਠੇ, ਜਿਸ ਸਤਿਗੁਰ ਆਪ ਉਠਾਈਆ। ਭਗਤ ਵਛਲ ਜਨ ਸੰਤਾਂ ਉਪਰ ਤੁਠੇ, ਦੇਵੇ ਮਾਣ ਵਡਿਆਈਆ। ਕਰੇ ਪਰਕਾਸ਼ ਸਾਚੀ ਕੂਟੇ, ਕੂੜ ਕੁਟੰਬ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਨਾਲ ਮਿਲਾਈਆ। ਇਕ ਨਾਲ ਮਿਲਿਆ ਇਕ, ਇਕ ਇਕ ਨਾਲ ਤਰਾਈਆ। ਗਿਆਰਾਂ ਮੱਘਰ ਲੇਖ ਲਿਖ, ਭਗਤ ਦਏ ਵਡਿਆਈਆ। ਲੇਖੇ ਲੱਗਾ ਸਾਚਾ ਸਿੱਖ, ਜਿਸ ਸਿਖਿਆ ਹਰਿ ਮਨ ਭਾਈਆ। ਜਨਮ ਜਨਮ ਦੀ ਮਿਟੇ ਤ੍ਰਿਖ, ਤ੍ਰਿਸ਼ਨਾ ਰਹੇ ਨਾ ਰਾਈਆ। ਨਾਮ ਦਾਨ ਪਾਏ ਭਿੱਖ, ਸਾਚੀ ਭਿਛਿਆ ਆਪ ਵਰਤਾਈਆ। ਆਪ ਵੰਡਾਏ ਆਪਣਾ ਹਿੱਸ, ਸਾਚਾ ਹਿੱਸਾ ਆਪਣੀ ਝੋਲੀ ਪਾਈਆ। ਨੇਤਰ ਕਿਸੇ ਨਾ ਆਵੇ ਦਿਸ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਰਾਂ ਮੱਘਰ ਦਏ ਵਡਿਆਈਆ। ਗਿਆਰਾਂ ਮੱਘਰ ਪੁਰਖ ਸਮਰਥ, ਹਰਿ ਹਰਿ ਕਾਜ ਕਰਾਇਆ। ਇੰਦਰ ਨੇਤਰ ਰੋਵੇ ਅੱਥ, ਕਣੀ ਕਣੀ ਬਰਸਾਇਆ। ਕਰੋੜ ਤਤੀਸਾ ਮੇਰਾ ਟੁੱਟਾ ਸਾਥ, ਸੰਗ ਕੋਈ ਰਹਿਣ ਨਾ ਪਾਇਆ। ਲੋਕਮਾਤ ਜਨ ਭਗਤ ਦੁਆਰਾ ਗਿਆ ਵਸ, ਹਰਿ ਜੂ ਆਪ ਵਸਾਇਆ। ਅੱਠੇ ਪਹਿਰ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਜੁਗ ਜੁਗ ਦੀ ਸਾਡੀ ਕਰਨੀ ਕੀਤੀ ਨਾਸ, ਸਾਡਾ ਬਲ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਕਰਾਇਆ। ਭਗਤ ਦੁਆਰੇ ਪਾਈ ਛੱਤ, ਛੱਤੀ ਜੁਗ ਪੰਧ ਮੁਕਾਇਆ। ਗੋਬਿੰਦ ਤੇਰੀ ਲੇਖੇ ਲੱਗੀ ਰੱਤ, ਰੱਤ ਰੱਤ ਨਾਲ ਮਿਲਾਇਆ। ਤੇਰਾ ਵਿਚੋਲਾ ਕਮਲਾਪਤ, ਪੁਰਖ ਅਕਾਲ ਬੇਪਰਵਾਹਿਆ। ਭਗਤਾਂ ਪੱਤ ਲੈਣੀ ਰੱਖ, ਸਿਰ ਆਪਣਾ ਹੱਥ ਟਿਕਾਇਆ। ਰਵਿਦਾਸ ਚੁਮਾਰੇ ਤੇਰਾ ਲਹਿਣਾ ਸੀਆਂ ਸਾਢੇ ਤਿੰਨ ਹੱਥ, ਹੱਥ ਹੱਥ ਨਾਲ ਮਿਣਾਇਆ। ਏਕਾ ਵਾਰ ਕਰ ਇਕੱਠ, ਜੁਗ ਜੁਗ ਦਾ ਲਹਿਣਾ ਆਪ ਮੁਕਾਇਆ। ਸਾਚਾ ਸੂਤਰ ਤੰਦ ਪਟ, ਤਾਣਾ ਪੇਟਾ ਇਕੋ ਪਾਇਆ। ਕਬੀਰ ਜੁਲਾਹਾ ਰਿਹਾ ਹੱਸ, ਵਾਹ ਵਾਹ ਹਰਿ ਜੂ ਖੇਲ ਰਚਾਇਆ। ਆਪਣੀ ਹੱਥੀਂ ਪਾਣਾ ਦੇਵਾਂ ਝੱਟ, ਸਾਚੀ ਪਾਣ ਦਏ ਵਖਾਇਆ। ਆਪਣੀ ਖੱਡੀ ਵਿਚ ਲਏ ਰੱਖ, ਆਪਣਾ ਹੱਥਾ ਨਾਮ ਫੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇਆ । ਤੰਦ ਨਾਲ ਬੰਧਾ ਤੰਦ, ਵੱਟ ਏਕਾ ਏਕ ਚੜ੍ਹਾਈਆ। ਭਗਤਾਂ ਸੰਗ ਗਿਆਨ ਤੰਦ, ਸੋਹੰ ਮੇਲਾ ਮੇਲ ਮਿਲਾਈਆ। ਅੰਤਰ ਅੰਤਰ ਇਕੋ ਛੰਦ, ਏਕਾ ਏਕ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਦਏ ਵਡਿਆਈਆ। ਮਨ ਵਾਸਨਾ ਕੱਢੇ ਬਾਹਰ, ਤਨ ਵਿਚ ਰਹਿਣ ਨਾ ਪਾਇਆ। ਸੇਵਾ ਕਰਾਂ ਸਚ ਵਿਚਾਰ, ਸਾਚਾ ਰਾਹ ਵਖਾਇਆ। ਸਿਰ ਤੇ ਚੁਕਿਆ ਇੱਟਾਂ ਗਾਰਾ ਭਾਰ, ਦੁਰਮਤ ਮੈਲ ਪਾਰ ਕਰਾਇਆ। ਅੰਦਰ ਵੜਿਆ ਨਿਰਾਕਾਰ, ਆਪਣਾ ਰੰਗ ਵਖਾਇਆ । ਸਿੰਘ ਸੰਗਤ ਕੀਤਾ ਖ਼ਬਰਦਾਰ, ਖ਼ੁਸ਼ੀ ਆਪਣੇ ਹੱਥ ਰਖਾਇਆ। ਤੇਰੇ ਸੀਸ ਧਰਿਆ ਤਾਜ, ਗੁਰੂ ਮਹਾਰਾਜ ਵੇਸ ਵਟਾਇਆ। ਸੋ ਸਾਹਿਬ ਰਚ ਰਚ ਕਾਜ, ਹਰਿ ਭਗਤਾਂ ਕਾਰ ਕਮਾਇਆ। ਗੋਬਿੰਦ ਲਹਿਣਾ ਦੇਣਾ ਚੁਕਾਏ ਦੇਸ ਮਾਝ, ਮਜ਼ਦੂਰੀ ਸਭ ਦੇ ਹੱਥ ਫੜਾਇਆ। ਰਾਤੀਂ ਸੁਤਿਆਂ ਰੱਖੇ ਲਾਜ, ਗ਼ਰੀਬ ਨਿਵਾਜ਼ ਦਇਆ ਕਮਾਇਆ। ਮਨ ਵਾਸਨਾ ਜੋ ਚਲੇ ਜਹਾਜ, ਹਰਿ ਸੰਗਤ ਵਿਚੋਂ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਮਨ ਆਸ਼ਾ ਜਗ ਤ੍ਰਿਸ਼ਨਾ ਦੂਰ, ਤ੍ਰਿਖਾ ਰਹੇ ਨਾ ਰਾਈਆ। ਜਿਸ ਗੋਬਿੰਦ ਪਿਛੇ ਮਰ ਗਏ ਜੀਵ ਝੂਰ ਝੂਰ, ਸੋ ਗੋਬਿੰਦ ਮਿਲਿਆ ਮਾਹੀਆ। ਜਿਸ ਮਨ ਮਾਰਿਆ ਤਨ ਤੋੜਿਆ ਗਰੂਰ, ਹਾਜ਼ਰ ਹਜ਼ੂਰ ਦਰਸ ਦਿਖਾਈਆ। ਸਤਿਗੁਰ ਸਭ ਦੇ ਮੁਆਫ ਕਰੇ ਕਸੂਰ, ਕਸਰ ਕੋਇ ਰਹਿਣ ਨਾ ਪਾਈਆ। ਸਿੰਘ ਨਰਾਇਣ ਸੇਵਾ ਕੀਤੀ ਬਣ ਮਜ਼ਦੂਰ, ਉਜਰਤ ਸਭ ਦੀ ਹੱਥੋ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸਹਾਈਆ ।
