੮ ਮੱਘਰ ੨੦੧੮ ਬਿਕਰਮੀ ਗੁਰਬਖ਼ਸ਼ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਹਰਿ ਕਾ ਨਾਮ ਨਿਧਾਨ, ਦਿਸ ਕਿਸੇ ਨਾ ਆਇੰਦਾ। ਹਰਿ ਕਾ ਨਾਉਂ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਹਰਿ ਕਾ ਨਾਉਂ ਆਦਿ ਜੁਗਾਦਿ ਖੇਲ ਮਹਾਨ, ਪਾਰਬ੍ਰਹਮ ਪ੍ਰਭ ਆਪ ਖਲਾਇੰਦਾ। ਜੁਗ ਚੌਕੜੀ ਕਰ ਕਰ ਗਏ ਪਹਿਚਾਨ, ਭੇਵ ਅਭੇਵ ਨਾ ਕੋਇ ਖੁਲਾਇੰਦਾ। ਗਾ ਗਾ ਥੱਕੇ ਗਾਨ, ਰਸਨਾ ਜਿਹਵਾ ਸਰਬ ਹਿਲਾਇੰਦਾ। ਜਿਸ ਜਨ ਕਿਰਪਾ ਕਰੇ ਆਪ ਭਗਵਾਨ, ਤਿਸ ਆਪਣੀ ਬੂਝ ਬੁਝਾਇੰਦਾ। ਨਾਮ ਅਨਮੁਲਾ ਦੇਵੇ ਦਾਨ, ਵਸਤ ਅਨਡਿਠੜੀ ਆਪ ਵਰਤਾਇੰਦਾ। ਰਾਗ ਸੁਣਾਏ ਆਪਣਾ ਕਾਨ, ਅਨਾਦੀ ਨਾਦ ਵਜਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਇੰਦਾ। ਨਾਮ ਨਿਧਾਨਾ ਨਿਰਗੁਣ ਧਾਰ, ਧਾਰ ਧਾਰ ਵਿਚ ਸਮਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਅਲੱਖ ਅਗੋਚਰ ਆਪ ਕਰਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਦਿ ਨਿਰੰਜਣ ਭੇਵ ਨਿਆਰ, ਅਨੁਭਵ ਆਪਣੀ ਖੇਲ ਖਲਾਈਆ। ਅਬਿਨਾਸ਼ੀ ਕਰਤਾ ਨਿਰਾਕਾਰ, ਨਿਰਵੈਰ ਨਾਉਂ ਧਰਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਆਦਿ ਜੁਗਾਦਿ ਵਡੀ ਵਡਿਆਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਬੋਲ ਆਪ ਜੈਕਾਰ, ਨਾਉਂ ਨਿਰੰਕਾਰ ਆਪ ਪਰਗਟਾਈਆ। ਸਾਚੇ ਘਰ ਖੇਲ ਕਰੇ ਅਪਾਰ, ਸਚਖੰਡ ਵਾਸੀ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਈਆ। ਆਪਣਾ ਨਾਉਂ ਆਪੇ ਰੱਖ, ਨਿਰਗੁਣ ਆਪਣਾ ਖੇਲ ਖਲਾਇੰਦਾ। ਜੁਗਾ ਜੁਗੰਤਰ ਆਪੇ ਦੱਸ, ਗੁਰ ਅਵਤਾਰ ਸੇਵ ਲਗਾਇੰਦਾ। ਅੰਤਰ ਆਤਮ ਆਪੇ ਵਸ, ਆਪ ਆਪਣੀ ਬੂਝ ਬੁਝਾਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਯਾਲਾ ਆਪ ਚਲਾਇੰਦਾ। ਨੂਰੋ ਨੂਰ ਕਰੇ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਲਾਹਿੰਦਾ। ਸਾਚਾ ਨਾਮ ਸਿਫ਼ਤ ਸਲਾਹ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਆਪਣਾ ਬੇੜਾ ਆਪ ਉਠਾਈਆ। ਏਕੰਕਾਰਾ ਬੇਪਰਵਾਹ, ਨਿਰਗੁਣ ਦਾਤਾ ਵੇਖ ਵਖਾਈਆ। ਆਦਿ ਨਿਰੰਜਣ ਹੋ ਰੁਸ਼ਨਾ, ਨੂਰੋ ਨੂਰ ਨੂਰ ਪਰਗਟਾਈਆ। ਅਬਿਨਾਸ਼ੀ ਕਰਤਾ ਪਕੜੇ ਬਾਂਹ, ਆਪ ਆਪਣਾ ਸੰਗ ਨਿਭਾਈਆ। ਸ੍ਰੀ ਭਗਵਾਨ ਹੋਏ ਸਹਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਪ੍ਰਭ ਕਰੇ ਨਿਆਂ, ਭੂਪਤ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ ਇਕ ਅਖਵਾਈਆ। ਇਕ ਜਣਾਏ ਆਪਣਾ ਨਾਉਂ, ਨਾ ਮਰੇ ਨਾ ਜਾਈਆ। ਵਸਣਹਾਰਾ ਹਰ ਘਟ ਥਾਉਂ, ਘਰ ਘਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਆਪ ਵਡਿਆਈਆ। ਹਰਿ ਕਾ ਨਾਉਂ ਵਡ ਪਰਤਾਪ, ਹਰਿ ਵੱਡਾ ਵੱਡ ਰਖਾਇੰਦਾ। ਆਦਿ ਜੁਗਾਦੀ ਆਪੇ ਜਾਣੇ ਆਪਣਾ ਜਾਪ, ਜਪਣਹਾਰ ਆਪ ਅਖਵਾਇੰਦਾ। ਦੋ ਜਹਾਨਾਂ ਲੇਖਾ ਜਾਣੇ ਮਾਈ ਬਾਪ, ਪਿਤਾ ਪੂਤ ਖੇਲ ਖਲਾਇੰਦਾ। ਲੇਖਾ ਵੇਖੇ ਦਿਵਸ ਰਾਤ, ਸੂਰਜ ਚੰਦ ਪੰਧ ਮੁਕਾਇੰਦਾ । ਅੱਖਰ ਵੱਖਰ ਗਾ ਗਾ ਗਾਥ ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਲੱਖ ਚੁਰਾਸੀ ਦੇ ਦੇ ਦਾਤ, ਗੁਰ ਅਵਤਾਰ ਮਾਤ ਪਰਗਟਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਇਕ ਰਖਾਇੰਦਾ। ਲਹਿਣਾ ਜਾਣੇ ਮਸਤਕ ਮਾਥ, ਲੇਖਾ ਆਪਣੇ ਹੱਥ ਵਖਾਇੰਦਾ। ਦੇਵਣਹਾਰਾ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਜਣਾਏ ਆਪਣਾ ਪਾਠ, ਸਾਚੀ ਪੂਜਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਰਖਾਇੰਦਾ। ਹਰਿ ਕਾ ਨਾਉਂ ਸਦਾ ਅਭੁੱਲ, ਭੁੱਲ ਕਦੇ ਨਾ ਜਾਈਆ। ਹਰਿ ਕਾ ਨਾਉਂ ਸਦਾ ਅਤੁਲ, ਤੋਲ ਸਕੇ ਨਾ ਕੋਇ ਰਾਈਆ। ਹਰਿ ਕਾ ਨਾਉਂ ਸਦਾ ਅਡੁਲ, ਨਾ ਡੋਲੇ ਨਾ ਕੋਇ ਡੁਲਾਈਆ । ਹਰਿ ਕਾ ਨਾਉਂ ਨਾ ਜਾਏ ਰੁਲ, ਆਦਿ ਜੁਗਾਦਿ ਵਡੀ ਵਡਿਆਈਆ। ਜੁਗ ਜੁਗ ਭੰਡਾਰਾ ਜਾਏ ਖੁਲ੍ਹ, ਹਰਿ ਆਪਣਾ ਨਾਉਂ ਖੁਲ੍ਹਾਈਆ। ਕਰਤਾ ਕੀਮਤ ਨਾ ਜਾਣੇ ਕੋਈ ਮੁਲ, ਹੱਟੋ ਹੱਟ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਸਾਲਾਹੀਆ। ਆਪਣਾ ਨਾਉਂ ਆਪੇ ਦੱਸ, ਲੋਕਮਾਤ ਖੇਲ ਖਲਾਇੰਦਾ। ਜੁਗਾ ਜੁਗੰਤਰ ਹੋ ਪਰਗਟ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਅਮੋਲਕ ਝੋਲੀ ਪਾਇੰਦਾ। ਅੰਤਰ ਆਤਮ ਇਕੋ ਰਸ, ਰਸਨਾ ਜਿਹਵਾ ਨਾ ਕੋਇ ਚਖਾਇੰਦਾ। ਕੋਟਨ ਕੋਟ ਪਰਕਾਸ਼ ਕਰ ਰਵ ਸਸ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਉਪਜਾਇੰਦਾ। ਆਪਣਾ ਨਾਉਂ ਨਾਦ ਧੁਨ, ਧੁਨ ਆਤਮਕ ਆਪ ਜਣਾਈਆ। ਗੁਰਮੁਖ ਵਿਰਲਾ ਲਏ ਸੁਣ, ਜਿਸ ਹਰਿ ਹਰਿ ਆਪ ਬੁਝਾਈਆ। ਲੱਖ ਚੁਰਾਸੀ ਛਾਣ ਪੁਣ, ਭਗਵਨ ਭਗਤ ਲਏ ਮਿਲਾਈਆ। ਆਪੇ ਜਾਣੇ ਸਾਚੇ ਗੁਣ, ਅਵਗੁਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਰਤਾਈਆ। ਸਾਚਾ ਨਾਉਂ ਸਾਚੀ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਲੱਖ ਚੁਰਾਸੀ ਵੇਖੇ ਮਾਰ ਝਾਤ, ਨਵ ਨੌਂ ਫੋਲ ਫੁਲਾਇੰਦਾ। ਭਗਤਨ ਦੇਵੇ ਸਾਚਾ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਦਰਸ ਦਿਖਾਏ ਸੁਤਿਆਂ ਰਾਤ, ਰਾਤੀਂ ਰੁਤੀ ਥਿਤ ਵਡਿਆਇੰਦਾ। ਨਾਮ ਅਗੰਮਾ ਦੇਵੇ ਵੱਡ ਕਰਾਮਾਤ, ਕਰਨੀ ਕਰਤਾ ਆਪ ਜਣਾਇੰਦਾ। ਬੰਦ ਕਵਾੜੀ ਖੋਲ੍ਹ ਤਾਕ, ਦੀਪਕ ਦੀਆ ਇਕ ਜਗਾਇੰਦਾ। ਨਿਰਗੁਣ ਸਰਗੁਣ ਬਣ ਬਣ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਆਤਮ ਪਰਮਾਤਮ ਕਰੇ ਪਾਕੀ ਪਾਕ, ਪਤਤ ਪੁਨੀਤ ਦਇਆ ਕਮਾਇੰਦਾ। ਇਕ ਸੁਣਾਏ ਸਾਚੀ ਗਾਥ, ਨਾਮ ਨਿਧਾਨਾ ਢੋਲਾ ਗਾਇੰਦਾ। ਲਹਿਣਾ ਚੁਕੇ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਪੰਧ ਮੁਕਾਇੰਦਾ। ਹਰਿ ਕਾ ਨਾਉਂ ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਬਰਨ ਨਾ ਵੰਡ ਵੰਡਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਸਰ ਨਾ ਸੋਭਾ ਪਾਇੰਦਾ। ਨਾ ਕੋਈ ਮੰਦਰ ਨਾ ਕੋਈ ਮੱਠ, ਮਸਜਿਦ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਕਿਨਾਰਾ ਨਾ ਕੋਈ ਤੱਟ, ਚਾਰ ਦੀਵਾਰੀ ਬੰਦ ਨਾ ਕੋਇ ਕਰਾਇੰਦਾ। ਜਨ ਭਗਤਾਂ ਅੰਦਰ ਰਿਹਾ ਵਸ, ਆਪ ਆਪਣਾ ਆਸਣ ਲਾਇੰਦਾ। ਦਿਵਸ ਰੈਣ ਹੱਸ ਹੱਸ, ਸਾਚੀ ਖ਼ੁਸ਼ੀ ਮਨਾਇੰਦਾ। ਜੁਗ ਜੁਗ ਪੂਰੀ ਕਰੇ ਆਸ, ਆਪ ਆਪਣਾ ਨਾਉਂ ਸਮਝਾਇੰਦਾ। ਸੇਵਾ ਕਰੇ ਬਣ ਦਾਸੀ ਦਾਸ, ਸੇਵਕ ਸੇਵ ਆਪ ਕਮਾਇੰਦਾ। ਅੰਤਮ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਲੇਖਾ ਜਾਣੇ ਪਵਣ ਸਵਾਸ, ਰਸਨਾ ਜਿਹਵਾ ਨਾਲ ਮਿਲਾਇੰਦਾ। ਜਗਤ ਵਿਕਾਰਾ ਕਰੇ ਪਾਸ਼ ਪਾਸ਼, ਜਿਸ ਜਨ ਆਪਣਾ ਨਾਉਂ ਸਮਝਾਇੰਦਾ। ਬਿਨ ਗੋਪੀ ਕਾਹਨ ਪਾਏ ਰਾਸ, ਮੰਡਲ ਮੰਡਪ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਵਖਾਇੰਦਾ। ਜੁਗ ਜੁਗ ਨਾਉਂ ਅਨਕ ਕਲ ਧਾਰ, ਅਨਕ ਕਲਾ ਵਰਤਾਈਆ। ਗੁਰ ਅਵਤਾਰ ਕਰਨ ਪੁਕਾਰ, ਰਸਨਾ ਜਿਹਵਾ ਨਾਲ ਸਾਲਾਹੀਆ। ਭਗਤ ਭਗਵੰਤ ਬੋਲ ਜੈਕਾਰ, ਇਕੋ ਨਾਅਰਾ ਲਾਈਆ। ਸੰਤ ਸਾਜਣ ਰੋਵਣ ਜ਼ਾਰੋ ਜ਼ਾਰ, ਹਰਿ ਕਾ ਨਾਉਂ ਵਿਛੜ ਨਾ ਜਾਈਆ। ਗੁਰਮੁਖ ਢਹਿ ਢਹਿ ਧੂੜੀ ਮੰਗਣ ਚਰਨ ਛਾਰ, ਮਸਤਕ ਟਿੱਕਾ ਇਕ ਲਗਾਈਆ। ਗੁਰਸਿਖ ਢਹਿ ਢਹਿ ਪਏ ਦਵਾਰ, ਦਰ ਦਰ ਆਪਣਾ ਸੀਸ ਝੁਕਾਈਆ। ਕਿਰਪਾ ਕਰ ਆਪ ਨਿਰੰਕਾਰ, ਏਕਾ ਮੰਗ ਮੰਗਾਈਆ। ਤੇਰਾ ਨਾਉਂ ਸਚ ਭੰਡਾਰ, ਸਾਚੀ ਵਸਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਏਕਾ ਮੰਤਰ ਨਾਮ ਪੜ੍ਹਾਈਆ। ਨਾਮ ਮੰਤਰ ਜਗਤ ਪੜ੍ਹਾਇਆ, ਜੁਗ ਜੁਗ ਰੀਤ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇਆ, ਕਰੋੜ ਤੇਤੀਸਾ ਬੰਧਨ ਪਾਇੰਦਾ। ਗਣਪਤ ਗਣੇਸ਼ ਰਿਹਾ ਸਾਲਾਹਿਆ, ਅਸ਼ਟਭੁਜ ਰੂਪ ਵਟਾਇੰਦਾ। ਚਤੁਰਭੁਜ ਨਾਲ ਰਲਾਇਆ, ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਰਹੇ ਸਾਲਾਹਿਆ, ਜੁਗ ਚੌਕੜੀ ਖੇਲ ਖਲਾਇੰਦਾ। ਵੇਦ ਕਤੇਬ ਰਹੇ ਜਸ ਗਾਇਆ, ਬ੍ਰਹਮਾ ਵੇਤਾ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪਣੇ ਵਿਚ ਛੁਪਾਇੰਦਾ। ਹਰਿ ਹਰਿ ਨਾਉਂ ਅੰਦਰ ਰੱਖ, ਜੁਗ ਜੁਗ ਖੇਲ ਕਰਾਈਆ। ਜਨ ਭਗਤਾਂ ਕਰੇ ਆਪ ਪਰਤੱਖ, ਨਿਰਗੁਣ ਸਰਗੁਣ ਰੂਪ ਵਟਾਈਆ। ਸਦਾ ਸੁਹੇਲਾ ਕਰੇ ਪੱਖ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਨਾਉਂ ਵਖਾਏ ਇਕੋ ਜਸ, ਜਸ ਵੇਦ ਪੁਰਾਨ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਰੰਗ ਵਖਾਈਆ। ਆਦਿ ਆਦਿ ਪੁਰਖ ਪਰਮਾਤਮ, ਪਰਮ ਪੁਰਖ ਖੇਲ ਖਲਾਇਆ। ਥਿਰ ਘਰ ਦੁਆਰ ਖੇਲ ਰਚਾਇਆ ਆਤਮ, ਆਪ ਆਪਣੀ ਵੰਡ ਵੰਡਾਇਆ। ਹਰਖ਼ ਸੋਗ ਨਾ ਕੋਇ ਮਾਤਮ, ਚਿੰਤਾ ਰੋਗ ਨਾ ਕੋਇ ਜਣਾਇਆ। ਆਦਿ ਅੰਤ ਨਾ ਹੋਏ ਘਾਤਮ, ਘਾਉ ਮੂਲ ਨਾ ਕੋਇ ਲਗਾਇਆ। ਲੇਖਾ ਜਾਣੇ ਨੂਰ ਬਾਤਨ, ਜ਼ਹੂਰ ਆਪਣਾ ਖੇਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਨਾਉਂ ਆਪ ਧਰਾਇਆ। ਆਦਿ ਨਾਉਂ ਪਾਰਬ੍ਰਹਮ, ਸੋ ਪੁਰਖ ਨਿਰੰਜਣ ਵਡਿਆਈਆ। ਆਪਣੀ ਕੁਖੋਂ ਆਪੇ ਜੰਮ, ਆਪੇ ਬਣਿਆ ਪਿਤਾ ਮਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪ ਛੁਹਾਏ ਆਪਣੀ ਛੱਪਰੀ ਛੰਨ, ਘਰ ਸਾਚੇ ਸੋਭਾ ਪਾਈਆ। ਆਪੇ ਜਨਨੀ ਆਪੇ ਜਨ, ਆਪੇ ਜਨ ਜਣੇਂਦੀ ਮਾਈਆ। ਆਪੇ ਨਾਉਂ ਸੁਣਿਆਂ ਆਪਣੇ ਕੰਨ, ਨਾਉਂ ਨਿਰੰਕਾਰਾ ਆਪ ਸਾਲਾਹੀਆ। ਆਪੇ ਘੜੇ ਆਪੇ ਦੇਵੇ ਭੰਨ, ਘੜਨ ਭੰਨਣਹਾਰ ਆਪ ਅਖਵਾਈਆ। ਆਪੇ ਸੂਰਜ ਆਪੇ ਚੰਨ, ਆਪੇ ਕਰੇ ਸਚ ਰੁਸ਼ਨਾਈਆ। ਆਪੇ ਕਾਇਆ ਆਪੇ ਤਨ, ਆਪੇ ਮਾਟੀ ਖ਼ਾਕ ਸਮਾਈਆ। ਆਪੇ ਰਾਗ ਆਪੇ ਕੰਨ, ਆਪੇ ਗੀਤ ਗੋਬਿੰਦ ਅਲਾਈਆ। ਆਪੇ ਮਨਸ਼ਾ ਆਪੇ ਮਨ, ਆਪੇ ਵਾਸ਼ਨਾ ਵਿਚ ਰਖਾਈਆ। ਆਪੇ ਨੇਤਰ ਆਪੇ ਅੰਨ੍ਹ, ਆਪੇ ਅੰਧ ਅੰਧੇਰ ਸਮਾਈਆ। ਆਪੇ ਦੇਵਣਹਾਰਾ ਡੰਨ, ਆਪਣਾ ਬੰਧਨ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਈਆ। ਆਤਮ ਪਰਮਾਤਮ ਸਾਚਾ ਨਾਂ, ਆਦਿ ਪੁਰਖ ਜਣਾਇਆ। ਆਪੇ ਪਿਤਾ ਆਪੇ ਮਾਂ, ਆਪੇ ਪੂਤ ਸਪੂਤਾ ਵੇਸ ਵਟਾਇਆ। ਆਪੇ ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਆਦਿ ਆਦਿ ਆਪਣਾ ਨਾਉਂ ਧਰਾ, ਸੋਹੰ ਢੋਲਾ ਇਕੋ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਵਿਚ ਰਖਾਇਆ। ਪਰਦਾ ਉਹਲਾ ਹਰਿ ਹਰਿ ਧਾਰ, ਆਤਮ ਪਰਮਾਤਮ ਵਿਚ ਰਖਾਈਆ। ਤ੍ਰੈਗੁਣ ਮਾਇਆ ਕਰ ਸ਼ਿੰਗਾਰ, ਅੱਧਵਿਚਕਾਰ ਆਪ ਬਿਠਾਈਆ। ਪੰਜ ਚੋਰ ਕਰਨ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਸ਼ਾ ਤ੍ਰਿਸ਼ਨਾ ਨਾਰ ਮੁਟਿਆਰ, ਮਨ ਮਨੂਆ ਲਏ ਪਰਨਾਈਆ। ਜੂਠ ਝੂਠ ਅਹਾਰ, ਮਾਇਆ ਮਮਤਾ ਸੰਗ ਨਿਭਾਈਆ । ਕੂੜੀ ਕਿਰਿਆ ਜਗਤ ਵਿਹਾਰ, ਜੁਗਤੀ ਜੋਗ ਨਾ ਕੋਇ ਕਮਾਈਆ। ਸ਼ਕਤੀ ਭਗਤੀ ਕਰਨ ਵਿਚਾਰ, ਬੂੰਦ ਰਕਤੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਤਮ ਪਰਮਾਤਮ ਅੰਤਰ ਮਾਇਆ, ਰੂਪ ਰੰਗ ਨਜ਼ਰ ਨਾ ਆਇੰਦਾ। ਨਾ ਕੋਈ ਵੇਖੇ ਹਰਿ ਕੀ ਛਾਇਆ, ਸਾਇਆ ਕੋਇ ਨਾ ਵੇਖ ਵਖਾਇੰਦਾ। ਜੋ ਆਇਆ ਤਿਸ ਰਸਨਾ ਗਾਇਆ, ਗਾ ਗਾ ਗੀਤ ਨਾ ਕੋਇ ਮੁਕਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਸੁਣਾਇਆ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਜਿਸ ਜਨ ਆਪਣਾ ਨਾਮ ਬੁਝਾਇਆ, ਸੋ ਢੋਲਾ ਸਚ ਅਲਾਇੰਦਾ। ਜੁਗ ਚੌਕੜੀ ਖੇਲ ਵਖਾਇਆ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਆਪੇ ਬਣ ਬਣ ਦਾਈ ਦਾਇਆ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਰਾਹ ਚਲਾਇਆ, ਸਾਚੇ ਮਾਰਗ ਆਪੇ ਲਾਇੰਦਾ। ਗੁਰ ਅਵਤਾਰ ਨਾਲ ਮਿਲਾਇਆ, ਸਚ ਸੰਦੇਸ਼ਾ ਨਾਮ ਸੁਣਾਇੰਦਾ। ਕੋਟਨ ਕੋਟ ਨਾਉਂ ਲਏ ਪਰਗਟਾਇਆ, ਲਿਖ ਲਿਖ ਲੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪਣੇ ਸੰਗ ਰਖਾਇੰਦਾ। ਜੁਗ ਜੁਗ ਗਾਇਣ ਹਰਿ ਹਰਿ ਗੀਤ, ਗੀਤ ਗੋਬਿੰਦ ਅਲਾਈਆ। ਆਦਿ ਜੁਗਾਦਿ ਹਰਿ ਹਰਿ ਰੀਤ, ਅਵਲੜੀ ਆਪ ਵਖਾਈਆ। ਕੋਇ ਮੰਦਰ ਕੋਇ ਮੱਠ ਕੋਇ ਮਸੀਤ, ਕੋਇ ਗੁਰੂਦੁਆਰ ਵਡਿਆਈਆ। ਅਬਿਨਾਸ਼ੀ ਕਰਤਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਧਾਮ ਅਵੱਲੜਾ ਠਾਂਡਾ ਸੀਤ, ਸਚਖੰਡ ਸਾਚੇ ਸੋਭਾ ਪਾਈਆ। ਗੁਰਮੁਖ ਵਿਰਲੇ ਵਸੇ ਚੀਤ, ਜਿਸ ਜਨ ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਪਰਖੇ ਨੀਤ, ਘਟ ਘਟ ਬੈਠਾ ਸੱਚਾ ਮਾਹੀਆ। ਭੁੱਲ ਨਾ ਜਾਏ ਹਸਤ ਕੀਟ, ਸ਼ਾਹ ਸੁਲਤਾਨਾ ਵੇਖ ਵਖਾਈਆ। ਆਪਣਾ ਨਾਉਂ ਰੱਖੇ ਅਨਡੀਠ, ਦਿਸ ਕਿਸੇ ਨਾ ਆਈਆ। ਚਾਰ ਵੇਦ ਪੁਰਾਨ ਅਠਾਰਾਂ ਸ਼ਾਸਤਰ ਛੇ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਥੱਕੀ ਗੀਤ, ਗਹਿਰ ਗੰਭੀਰ ਭੇਵ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਈਆ। ਹਰਿ ਕਾ ਨਾਉਂ ਨਾ ਕੋਈ ਸਕੇ ਸਮਝ, ਸਮਝ ਵਿਚ ਕਿਸੇ ਨਾ ਆਇਆ । ਭਗਤਾਂ ਮਾਰੇ ਇਕੋ ਰਮਜ਼, ਰਹਿਬਰ ਬਣ ਬੇਪਰਵਾਹਿਆ। ਝੂਠੀ ਕੱਢੇ ਮਾਇਆ ਮਰਜ਼, ਰੋਗ ਦੁੱਖ ਦਏ ਗਵਾਇਆ। ਜਨ ਭਗਤਾਂ ਪਿਛੇ ਆਪਣਾ ਕਰੇ ਹਰਜ਼, ਲੋਕਮਾਤ ਫੇਰਾ ਪਾਇਆ। ਜਗਤ ਵਿਕਾਰਾਂ ਦੇਵੇ ਵਰਜ, ਨਾਮ ਖੰਡਾ ਇਕ ਚਮਕਾਇਆ। ਆਪਣੇ ਲੇਖੇ ਵਿਚ ਕਰੇ ਦਰਜ, ਨਾ ਕੋਈ ਮੇਟੇ ਮੇਟ ਮਿਟਾਇਆ। ਪੁਰਖ ਅਬਿਨਾਸ਼ੀ ਪੂਰਾ ਕਰੇ ਫ਼ਰਜ਼, ਫ਼ਰਦ ਜ਼ੁਰਮ ਨਾ ਕੋਇ ਲਗਾਇਆ। ਜੁਗ ਜੁਗ ਲਹਿਣਾ ਦੇਣਾ ਚੁਕਾਏ ਕਰਜ਼, ਮਕਰੂਜ਼ ਆਪਣਾ ਨਾਉਂ ਠਹਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇਆ। ਆਪਣਾ ਨਾਉਂ ਸਾਚੀ ਟੇਕ, ਏਕਾ ਏਕ ਰਖਾਈਆ। ਜਨ ਭਗਤਾਂ ਕਰੇ ਬੁੱਧ ਬਬੇਕ, ਰੂਪ ਆਪ ਹੋ ਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤੱਤ ਨਾ ਕੋਇ ਲੜਾਈਆ। ਕਰ ਕਿਰਪਾ ਖੋਲ੍ਹੇ ਭੇਤ, ਭਾਂਡਾ ਭਰਮ ਭੌ ਭੰਨਾਈਆ। ਜਗਤ ਦਿਸੇ ਬਾਲੂ ਰੇਤ, ਕਲਰ ਕੰਧ ਦੇਵੇ ਢਾਹੀਆ। ਜਨ ਭਗਤਾਂ ਕਰੇ ਸਾਚਾ ਹੇਤ, ਜੁਗ ਜੁਗ ਵਡੀ ਵਡਿਆਈਆ। ਦਰਸ ਕਰਾਏ ਨੇਤਨ ਨੇਤ, ਲੋਚਣ ਨੈਣ ਆਪ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਵੇਖ, ਆਪਣੇ ਨਾਉਂ ਕਰੇ ਪੜ੍ਹਾਈਆ। ਪੂਰਬ ਲਹਿਣਾ ਪਿਛਲੀ ਮੇਟੇ ਰੇਖ, ਅਗਲਾ ਲੇਖਾ ਆਪ ਲਿਖਾਈਆ। ਗੁਰਮੁਖ ਝੂਜੇ ਗੁਰ ਕੇ ਖੇਤ, ਗੁਰ ਚਰਨ ਸਰਨ ਸ਼ਰਨਾਈਆ। ਸਤਿਗੁਰ ਪੂਰਾ ਦੀਨ ਦਿਆਲ ਸ਼ਬਦ ਦੁਸ਼ਾਲੇ ਲਏ ਲਪੇਟ, ਆਪਣੇ ਨਾਉਂ ਕਰੇ ਸਫ਼ਾਈਆ। ਏਥੇ ਓਥੇ ਦੋ ਜਹਾਨ ਰੱਖੇ ਸਾਇਆ ਹੇਠ, ਰਾਏ ਧਰਮ ਨਾ ਦਏ ਸਜਾਈਆ। ਸੋਹੇ ਰੁੱਤ ਬਸੰਤੀ ਚੇਤ, ਫ਼ਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਉਂ ਸਮਝਾਈਆ। ਨਾਮ ਅਨਮੁਲਾ ਖੋਲ੍ਹੇ ਭੇਵ, ਅਨੁਭਵ ਕਰੇ ਰੁਸ਼ਨਾਈਆ। ਜਿਸ ਜਨ ਲਗਾਏ ਆਪਣੀ ਸੇਵ, ਤਿਸ ਮਿਲੇ ਮਾਤ ਵਡਿਆਈਆ। ਪਾਰਬ੍ਰਹਮ ਅਲੱਖ ਅਭੇਵ, ਅਗੋਚਰ ਸੱਚਾ ਸ਼ਹਿਨਸ਼ਾਹੀਆ। ਨਾਮ ਦ੍ਰਿੜਾਏ ਰਸਨਾ ਜੇਹਵ, ਜੇਹਵਾ ਰਸਨਾ ਨਾਲ ਮਿਲਾਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਆਸਣ ਲਾਈਆ। ਜਨ ਭਗਤਾਂ ਆਪਣਾ ਨਾਉਂ ਦੇਵੇ ਸਾਚਾ ਮੇਵ, ਮਿੱਠਾ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਦਏ ਵਡਿਆਈਆ। ਜੁਗ ਜੁਗ ਨਾਉਂ ਮਾਤ ਚਲਾਇਆ, ਸਤਿਜੁਗ ਤ੍ਰੇਤਾ ਦੁਆਪਰ ਮਾਤ ਹੰਢਾਈਆ। ਕਲਜੁਗ ਅੰਤਮ ਵੇਖ ਵਖਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਜੋਤੀ ਜਾਮਾ ਆਪੇ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇਆ, ਦੋ ਜਹਾਨ ਵੱਜੀ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਗੁਰ ਅਵਤਾਰ ਨਾਲ ਮਿਲਾਈਆ। ਨਵ ਨੌਂ ਚਾਰ ਭੇਵ ਚੁਕਾਇਆ, ਦਹਿ ਦਿਸ਼ਾ ਭੇਵ ਖੁਲ੍ਹਾਈਆ। ਰਵ ਸਸ ਧੰਦਾ ਨੇਤਰ ਨੈਣ ਵਖਾਇਆ, ਕੋਹ ਕਰੋੜੀ ਚਲਤ ਨਾ ਪੰਧ ਮੁਕਾਈਆ। ਆਪਣਾ ਛੰਦਾ ਆਪੇ ਗਾਇਆ, ਬ੍ਰਹਿਮੰਡਾਂ ਆਪ ਸੁਣਾਈਆ। ਜੇਰਜ ਅੰਡਾਂ ਪਰਦਾ ਲਾਹਿਆ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਰਤਾਈਆ। ਆਪਣਾ ਨਾਉਂ ਕਲਜੁਗ ਅੰਤ, ਏਕਾ ਏਕ ਵਰਤਾਈਆ। ਹਰਿਜਨ ਵੇਖੇ ਸਾਚੇ ਸੰਤ, ਹਰਿ ਸੱਜਣ ਲਏ ਮਿਲਾਈਆ। ਮੇਲ ਮਿਲਾਵਾ ਨਾਰੀ ਕੰਤ, ਗ੍ਰਹਿ ਮੰਦਰ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਅਨਹਦ ਨਾਦੀ ਨਾਦ ਮੰਤ, ਧੁਨ ਆਤਮਕ ਆਪ ਸ਼ਨਵਾਈਆ। ਮਾਣ ਦਿਵਾਏ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੜ੍ਹ ਤੋੜੇ ਹਉਂਮੇ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਮੇਲ ਮਿਲਾਏ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਈਆ। ਨਾਤਾ ਤੋੜੇ ਭੁੱਖ ਨੰਗਤ, ਵਸਤ ਅਮੋਲਕ ਝੋਲੀ ਪਾਈਆ। ਮਾਣਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਦਏ ਕਟਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਇਕੋ ਨਾਮ ਸਮਝਾਈਆ। ਇਕੋ ਨਾਮ ਲੈਣਾ ਸਿੱਖ, ਜਨ ਭਗਤਾਂ ਆਪ ਪੜ੍ਹਾਇੰਦਾ। ਜਨਮ ਜਨਮ ਦੀ ਮੇਟੇ ਤ੍ਰਿਖ, ਤ੍ਰਿਸ਼ਨਾ ਹੋਰ ਨਾ ਕੋਇ ਵਧਾਇੰਦਾ। ਏਕਾ ਪਾਏ ਸਾਚੀ ਭਿਛ, ਭਿਖਕ ਝੋਲੀ ਆਪ ਭਰਾਇੰਦਾ। ਬਿਨ ਨੇਤਰ ਜਾਏ ਦਿਸ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਪੜ੍ਹਾਇੰਦਾ। ਸਾਚਾ ਨਾਉਂ ਗੁਰਮੁਖ ਪੜ੍ਹ, ਏਕਾ ਅੱਖਰ ਵਡ ਵਡਿਆਈਆ। ਸਚ ਦੁਆਰੇ ਜਾਣਾ ਚੜ੍ਹ, ਦਰ ਦਰਵਾਜਾ ਇਕ ਖੁਲ੍ਹਾਈਆ। ਦਰਸ਼ਨ ਪੌਣਾ ਇਕੋ ਹਰਿ, ਦੂਸਰ ਓਟ ਨਾ ਕੋਇ ਰਖਾਈਆ। ਸਚਖੰਡ ਦੁਆਰਾ ਸਾਚਾ ਘਰ, ਜਨ ਭਗਤਾਂ ਮਿਲੇ ਵਡਿਆਈਆ। ਪੁਰਖ ਅਕਾਲ ਇਕੋ ਨਰ, ਸਾਚੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਵਖਾਈਆ। ਹਰਿ ਕਾ ਨਾਮ ਸਦਾ ਅਨਡਿਠ, ਲਿਖਣ ਪੜ੍ਹਨ ਵਿਚ ਨਾ ਆਇਆ। ਜਨ ਭਗਤਾਂ ਕਰੇ ਹਿੱਤ, ਨਿਤ ਨਵਿਤ ਵੇਸ ਵਟਾਇਆ। ਨਾ ਕੋਈ ਵਾਰ ਨਾ ਕੋਈ ਥਿਤ, ਬਰਸ ਮਾਸ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਵਰਤਾਇਆ। ਵਰਤੇ ਨਾਮ ਸ੍ਰੀ ਭਗਵਾਨ, ਆਪਣੀ ਦਇਆ ਆਪ ਕਮਾਈਆ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਰਬ ਜੀਆਂ ਦਾ ਇਕੋ ਕਾਹਨ, ਲੱਖ ਚੁਰਾਸੀ ਵੇਖ ਵਖਾਈਆ। ਗੁਰਮੁਖ ਸਖੀਆਂ ਲਏ ਪਛਾਣ, ਘਟ ਘਟ ਆਪਣਾ ਫੇਰਾ ਪਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਚਰਨ ਧੂੜ ਕਰਾਏ ਅਸ਼ਨਾਨ, ਦੁਰਮਤ ਮੈਲ ਧੁਵਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਸਾਂਤਕ ਸਤਿ ਵਰਤਾਈਆ। ਏਕਾ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਈਆ। ਸ਼ਬਦ ਅਗੰਮੀ ਇਕ ਬਬਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਸਚਖੰਡ ਵਖਾਏ ਸਚ ਮਕਾਨ, ਹਰਿ ਭੂਮਿਕਾ ਆਪ ਬਣਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਇਕ ਇਕੱਲਾ ਸ੍ਰੀ ਭਗਵਾਨ, ਨਿਰਗੁਣ ਬੈਠਾ ਆਸਣ ਲਾਈਆ। ਗੁਰਮੁਖ ਵਿਰਲਾ ਚਰਨ ਡਿਗੇ ਆਣ, ਜਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਦ੍ਰਿੜਾਈਆ। ਆਪਣਾ ਨਾਮ ਹਰਿ ਦ੍ਰਿੜਾ, ਦ੍ਰਿਸ਼ਟੀ ਆਪ ਖੁਲ੍ਹਾਇੰਦਾ। ਜੁਗ ਚੌਕੜੀ ਵਿਰੜਾ ਗਏ ਪਾ, ਨੇਤਰ ਨੀਰ ਸਰਬ ਵਹਾਇੰਦਾ। ਬਿਰਧ ਬਾਲ ਰੂਪ ਵਟਾ, ਜੋਬਨ ਨਾਲ ਨਾ ਕੋਇ ਲੈ ਜਾਇੰਦਾ। ਅੰਤ ਢੇਰੀ ਗਏ ਢਾਹ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਰਾਮ ਕ੍ਰਿਸ਼ਨ ਅਖਵਾ, ਲੰਕਾ ਗੜ੍ਹ ਕੋਟ ਤੁੜਾਇੰਦਾ। ਰਥ ਰਥਵਾਹੀ ਬਣ ਬਣ ਸੇਵ ਕਮਾ, ਗੀਤਾ ਗਿਆਨ ਗਿਆਨ ਜਣਾਇੰਦਾ। ਕੋਟਨ ਕੋਟ ਈਸਾ ਮੂਸਾ ਕਾਲਾ ਸੂਸਾ ਰੰਗ ਰੰਗਾ, ਕਲਮਾ ਨਬੀ ਨਬੀ ਪੜ੍ਹਾਇੰਦਾ। ਕੋਟਨ ਕੋਟ ਮੁਹੰਮਦ ਸੀਸ ਗਏ ਝੁਕਾ, ਝੁਕ ਝੁਕ ਸਯਦਾ ਇਕ ਕਰਾਇੰਦਾ। ਕੋਟਨ ਕੋਟ ਕਹਿ ਕਹਿ ਗਏ ਇਕ ਖ਼ੁਦਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਕੋਟਨ ਕੋਟ ਤੱਕਣ ਰਾਹ, ਨੇਤਰ ਨੈਣ ਉਠਾਇੰਦਾ । ਕੋਟਨ ਕੋਟ ਕਹਿਣ ਬੇਐਬ ਪਰਵਰਦਿਗਾਰ ਖ਼ੁਦਾ, ਮੁਕਾਮੇ ਹੱਕ ਡੇਰਾ ਲਾਇੰਦਾ। ਕੋਟਨ ਕੋਟ ਕਹਿਣ ਨੂਰੀ ਜਲਵਾ ਬੇਪਰਵਾਹ, ਨੂਰੋ ਨੂਰ ਨੂਰ ਅਖਵਾਇੰਦਾ। ਨਾਨਕ ਨਿਰਗੁਣ ਕਹੇ ਸੱਚਾ ਸ਼ਹਿਨਸ਼ਾਹ, ਸਚਖੰਡ ਦੁਆਰੇ ਸੋਭਾ ਪਾਇੰਦਾ। ਗੋਬਿੰਦ ਓਟ ਇਕ ਤਕਾ, ਪੁਰਖ ਅਕਾਲ ਮਨਾਇੰਦਾ। ਪੂਤ ਸਪੂਤਾ ਨਾਉਂ ਧਰਾ, ਸੇਵਕ ਸਾਚੀ ਸੇਵ ਕਮਾਇੰਦਾ। ਅੰਤਮ ਮੰਗੇ ਇਕ ਪਨਾਹ, ਚਰਨ ਦੁਆਰਾ ਇਕ ਸਮਝਾਇੰਦਾ। ਏਕਾ ਡੰਕ ਦਏ ਵਜਾ, ਏਕਾ ਫਤਹਿ ਨਾਮ ਰਖਾਇੰਦਾ। ਸਭ ਦਾ ਫਾਤਿਆ ਦਏ ਪੜ੍ਹਾ, ਮਨਕ ਆਪਣਾ ਰੰਗ ਰੰਗਾਇੰਦਾ। ਸ਼ਰਅ ਸ਼ਰੀਅਤ ਕਰੇ ਜੁਦਾ, ਜ਼ਾਬਰ ਜਬਰ ਫੇਰਾ ਪਾਇੰਦਾ। ਆਪਣਾ ਕਰਤਬ ਦਏ ਵਖਾ, ਕਾਇਆ ਕੁਰਾ ਵੇਖ ਵਖਾਇੰਦਾ । ਜ਼ਿਮੀ ਅਸਮਾਨਾਂ ਡੇਰਾ ਢਾਹ, ਚੌਦਾਂ ਤਬਕਾਂ ਪੰਧ ਮੁਕਾਇੰਦਾ। ਨਬੀ ਰਸੂਲਾਂ ਲਏ ਉਠਾ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਲਏ ਜਗਾ, ਸੁਹਬਤ ਆਪਣੀ ਆਪ ਸਮਝਾਇੰਦਾ। ਕੋਇ ਅੱਲਾ ਰਾਣੀ ਕਰ ਕੇ ਰਿਹਾ ਬੁਲਾ, ਕੋਇ ਮੀਆਂ ਵਡ ਵਡਿਆਇੰਦਾ। ਨਾਨਕ ਸਤਿਨਾਮ ਕਹਿ ਕਹਿ ਰਿਹਾ ਸੁਣਾ, ਗੋਬਿੰਦ ਵਾਹਿਗੁਰੂ ਰੂਪ ਵਖਾਇੰਦਾ। ਹਰਿ ਕਾ ਨਾਂ ਲੋਕਮਾਤ ਕਿਸੇ ਦਿਸੇ ਨਾ, ਲਿਖ ਲਿਖ ਅੱਖਰ ਸਰਬ ਸਮਝਾਇੰਦਾ। ਕਲਜੁਗ ਅੰਤਮ ਸਾਰੇ ਫੜਨ ਪਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਚਾਰ ਜੁਗ ਦਾ ਜਗਤ ਵਿਹਾਰਾ, ਕੋਟਨ ਕੋਟ ਨਾਮ ਪਰਗਟਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰਾਕਾਰ ਆਪ ਕਰਾਈਆ। ਆਤਮ ਦੇਵੇ ਇਕ ਸਹਾਰਾ, ਪਰਮਾਤਮ ਲਏ ਮਿਲਾਈਆ। ਸੋਹੰ ਸ਼ਬਦ ਸਚ ਜੈਕਾਰਾ, ਦਰ ਘਰ ਸਾਚੇ ਆਪ ਸੁਣਾਈਆ । ਆਦਿ ਜੁਗਾਦਿ ਇਕ ਅਵਤਾਰਾ, ਏਕਾ ਗੁਰ ਅਖਵਾਈਆ। ਏਕਾ ਨਾਮ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਬੋਲੇ ਜੈਕਾਰਾ, ਜਨਮ ਮਰਨ ਵਿਚ ਨਾ ਆਈਆ। ਇਕੋ ਨਾਮ ਇਕ ਆਧਾਰਾ, ਏਕਾ ਇਕ ਨਾਲ ਮਿਲਾਈਆ। ਮਾਣਸ ਜਨਮ ਨਾ ਆਏ ਹਾਰਾ, ਹਾਰ ਜਿਤ ਰੂਪ ਵਟਾਈਆ। ਗੁਰਮੁਖ ਵਸੇ ਠਾਂਡੇ ਦਰਬਾਰਾ, ਦਰ ਦਰਵਾਜਾ ਇਕ ਖੁਲ੍ਹਾਈਆ। ਕਾਗਦ ਕਲਮ ਲਿਖ ਲਿਖ ਹਾਰਾ, ਲੇਖਾ ਲੇਖ ਨਾ ਕੋਇ ਜਣਾਈਆ। ਸਮੁੰਦ ਸਾਗਰ ਰੋਵੇ ਜ਼ਾਰੋ ਜ਼ਾਰਾ, ਮਸ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਮ ਆਪ ਵਖਾਈਆ। ਕਲਜੁਗ ਅੰਤਮ ਸੋਹੰ ਢੋਲਾ, ਸੋ ਪੁਰਖ ਨਿਰੰਜਣ ਗਾਇਆ। ਨਿਰਗੁਣ ਨਾਨਕ ਰੱਖ ਕੇ ਗਿਆ ਉਹਲਾ, ਅੰਤਮ ਪਰਦਾ ਦਏ ਚੁਕਾਇਆ। ਜਿਸ ਨੂੰ ਕਹਿੰਦੇ ਰਹੇ ਮੌਲਾ, ਸੋ ਮੌਲਾ ਵੇਸ ਵਟਾਇਆ। ਆਪਣਾ ਪੂਰਾ ਕਰੇ ਕੌਲਾ, ਕੀਤਾ ਕੌਲ ਭੁੱਲ ਨਾ ਜਾਇਆ। ਨਿਰਗੁਣ ਨਿਰਗੁਣ ਬਦਲਿਆ ਚੋਲਾ, ਨਾ ਕੋਈ ਪਿਤਾ ਨਾ ਕੋਈ ਮਾਇਆ। ਸਚ ਦੁਆਰਾ ਇਕੋ ਖੋਲ੍ਹਾ , ਖ਼ਾਲਕ ਖ਼ਲਕ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਲਏ ਧਰਾਇਆ। ਸੋਹੰ ਨਾਉਂ ਧਰਨੀ ਧਰ, ਧਵਲ ਮਿਲੇ ਵਡਿਆਈਆ। ਕਿਰਪਾ ਕਰੇ ਨਰਾਇਣ ਨਰ, ਨਰ ਨਾਰੀ ਬੂਝ ਬੁਝਾਈਆ। ਸਾਹਿਬ ਦਿਆਲ ਠਾਕਰ ਸਵਾਮੀ ਦੇਵੇ ਵਰ, ਨਿਹਕਾਮੀ ਨਿਹਕਰਮੀ ਆਪਣਾ ਕਰਮ ਕਮਾਈਆ। ਸੰਤ ਸੁਹੇਲੇ ਸੱਜਣ ਆਪੇ ਫੜ, ਜੁਗ ਵਿਛੜੇ ਲਏ ਮਿਲਾਈਆ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਵਖਾਈਆ। ਦਰਸ ਦਿਖਾਏ ਅੱਗੇ ਖੜ੍ਹ, ਸਵਛ ਸਰੂਪ ਵਟਾਈਆ। ਅੱਖਰ ਵੱਖਰ ਆਪੇ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਇ ਦਬਾਈਆ। ਜਨ ਭਗਤਾਂ ਵਖਾਏ ਇਕੋ ਘਰ, ਘਰ ਮੰਦਰ ਸੋਭਾ ਪਾਈਆ। ਸਚਖੰਡ ਦੁਆਰੇ ਜਾਣਾ ਚੜ੍ਹ, ਘਰ ਸਾਚੇ ਮਿਲੇ ਵਡਿਆਈਆ। ਅੱਧਵਿਚਕਾਰ ਨਾ ਜਾਣਾ ਅੜ, ਕਲਜੁਗ ਮਾਇਆ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸੁਣਾਈਆ। ਸੁਣਿਆਂ ਨਾਉਂ ਹਰਿ ਗੋਪਾਲ, ਗੋਬਿੰਦ ਮੇਲ ਮਿਲਾਇਆ। ਕਿਰਪਾ ਕਰੀ ਦੀਨ ਦਿਆਲ, ਦੀਨਨ ਹੋਏ ਸਹਾਇਆ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੇ ਰੰਗ ਰੰਗਾਇਆ। ਜਨਮ ਜਨਮ ਦੇ ਵਿਛੜੇ ਭਾਲ, ਹਉਂਮੇ ਮਮਤਾ ਮੋਹ ਚੁਕਾਇਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਇਆ। ਬਿਨ ਦਮਾਂ ਬਣੇ ਦਲਾਲ, ਦਿਲਬਰ ਆਪਣੀ ਸੇਵ ਕਮਾਇਆ। ਬਿਨ ਛੁਰੀਉਂ ਹੋਇਆ ਹਲਾਲ, ਐਨਲਹੱਕ ਨਾਅਰਾ ਸੁਣਾਇਆ । ਗੁਰਮੁਖ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਆਪ ਉਠਾਇਆ। ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇਆ। ਫਲ ਲਗਾਏ ਸਾਚੇ ਡਾਲ, ਪਤ ਡਾਲ੍ਹੀ ਆਪ ਮਹਿਕਾਇਆ। ਕਲਜੁਗ ਅੰਤਮ ਚਲੇ ਨਾਲ ਨਾਲ, ਨਿਰਗੁਣ ਸਰਗੁਣ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਆਪ ਵਖਾਇਆ। ਨਾਮ ਨਿਧਾਨਾ ਡੂੰਘਾ ਸਾਗਰ, ਭੇਵ ਕੋਇ ਨਾ ਪਾਇੰਦਾ। ਹਰਿ ਜੂ ਰੱਖਿਆ ਕਾਇਆ ਗਾਗਰ, ਗਹਿਰ ਗਵਰ ਖੇਲ ਖਲਾਇੰਦਾ। ਗੁਰਮੁਖ ਵਿਰਲਾ ਬਣੇ ਸੌਦਾਗਰ, ਜਿਸ ਜਨ ਸਾਚਾ ਵਣਜ ਕਰਾਇੰਦਾ। ਦਰ ਆਇਆਂ ਘਰ ਦੇਵੇ ਆਦਰ, ਆਪ ਆਪਣੀ ਬੂਝ ਬੁਝਾਇੰਦਾ। ਸਬਰ ਸਬੂਰੀ ਬਖ਼ਸ਼ੇ ਸਾਬਰ, ਸਿਦਕ ਆਪਣੇ ਨਾਲ ਰਖਾਇੰਦਾ। ਪਿਸਰ ਪਿਦਰ ਬਣ ਹਰਿ ਮਾਦਰ, ਪਿਤਾ ਪੂਤ ਗੋਦ ਉਠਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਜਨਮ ਜਨਮ ਦੀ ਮੈਲ ਧੁਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੇ ਨਾਮ ਰੰਗ ਰੰਗਾਇੰਦਾ। ਹਰਿ ਕਾ ਨਾਉਂ ਸਾਚਾ ਰੰਗ, ਗੁਰਮੁਖ ਵਿਰਲੇ ਮਾਤ ਚੜ੍ਹਾਇਆ। ਆਤਮ ਸੇਜਾ ਬੈਠ ਪਲੰਘ, ਹਰਿ ਸਤਿਗੁਰ ਕੰਤ ਹੰਢਾਇਆ। ਅੱਠੇ ਪਹਿਰ ਧੁਨ ਮਰਦੰਗ, ਅਨਹਦ ਨਾਦ ਵਜਾਇਆ। ਪੰਚ ਵਿਕਾਰਾਂ ਖੰਡ ਖੰਡ, ਜੂਠਾ ਝੂਠਾ ਮੋਹ ਮਿਟਾਇਆ । ਗੀਤ ਗਾਏ ਸੁਹਾਗੀ ਛੰਦ, ਸੋਹੰ ਅੱਖਰ ਇਕ ਪੜ੍ਹਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇਆ। ਆਤਮ ਕਰਾਏ ਪਰਮਾਨੰਦ, ਨਿਜਾਨੰਦ ਭੇਵ ਚੁਕਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਨਾਮ ਜਪਾਇਆ। ਜਪਿਆ ਨਾਮ ਜਪ ਗੁਰਮੁਖ, ਗੁਰ ਗੁਰ ਮਿਲੀ ਵਡਿਆਈਆ। ਪੰਜ ਤੱਤ ਕਾਇਆ ਮਿਟਿਆ ਦੁੱਖ, ਤੱਤਵ ਤੱਤ ਨਾ ਕੋਇ ਲੜਾਈਆ। ਨਾਤਾ ਤੁਟਿਆ ਉਲਟਾ ਰੁਖ, ਮਾਤ ਗਰਭ ਨਾ ਫੇਰਾ ਪਾਈਆ। ਉਜਲ ਹੋਇਆ ਮਾਤ ਮੁਖ, ਲੋਕ ਪਰਲੋਕ ਖ਼ੁਸ਼ੀ ਮਨਾਈਆ। ਪਾਇਆ ਦਰਸ਼ ਅਬਿਨਾਸ਼ੀ ਅਚੁਤ, ਚੇਤਨ ਰੂਪ ਸਮਾਈਆ। ਗੁਰ ਚਰਨ ਦਵਾਰੇ ਸੋਹੇ ਰੁੱਤ, ਸਾਚੀ ਰੁੱਤ ਆਪ ਮਹਿਕਾਈਆ। ਜਨ ਭਗਤਾਂ ਕੋਲੋਂ ਭਗਤ ਰਹੇ ਪੁੱਛ, ਹਰਿ ਜੂ ਕੀ ਖੇਲ ਵਰਤਾਈਆ। ਲੋਕਮਾਤ ਲੱਖ ਚੁਰਾਸੀ ਨਾਲੋਂ ਬੈਠਾ ਰੁੱਸ, ਗੁਰਮੁਖ ਵਿਰਲੇ ਰਿਹਾ ਮਿਲਾਈਆ। ਸਚਖੰਡ ਦੁਵਾਰਿਉਂ ਆਇਆ ਉਠ, ਬਣਿਆ ਪਾਂਧੀ ਹਰਿ ਜੂ ਰਾਹੀਆ। ਗੁਰਸਿਖਾਂ ਉਪਰ ਰਿਹਾ ਤੁਠ, ਦੀਨਨ ਆਪਣੀ ਦਇਆ ਕਮਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਇਕ ਝਿਰਾਈਆ। ਜਿਸ ਦੇਵੇ ਦਰਸ ਤਿਸ ਲੱਖ ਚੁਰਾਸੀ ਜਾਏ ਛੁੱਟ, ਜਨਮ ਮਰਨ ਵਿਚ ਨਾ ਆਈਆ। ਕਲਜੁਗ ਅੰਤਮ ਗੁਰਮੁਖ ਸਾਚਾ ਬੂਟਾ ਪੁੱਟ, ਸਚਖੰਡ ਦਏ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਰੰਗ ਚੜ੍ਹਾਈਆ। ਆਓ ਸੰਤੋ ਦੱਸੋ ਸੱਚ, ਹਰਿ ਸਾਚਾ ਖੇਲ ਖਲਾਇੰਦਾ। ਕਾਇਆ ਭਾਂਡੇ ਮਾਟੀ ਵੇਖ ਕੱਚ, ਕੰਚਨ ਰੰਗ ਵਖਾਇੰਦਾ। ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਮਨ ਵਾਸਨਾ ਰਹੀ ਨੱਚ, ਕਲਜੁਗ ਨਟੂਆ ਸਾਂਗ ਵਰਤਾਇੰਦਾ। ਗੁਰਮੁਖ ਵਿਰਲਾ ਜਾਏ ਬਚ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਹਿਰਦੇ ਅੰਦਰ ਜਾਏ ਰਚ, ਨਜ਼ਰ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਰਹੀ ਮੱਚ, ਤ੍ਰੈਗੁਣ ਅਗਨੀ ਅੱਗ ਲਗਾਇੰਦਾ । ਹਰਿ ਕਾ ਨਾਉਂ ਨਾ ਸਕੇ ਕੋਈ ਵਾਚ, ਰਸਨਾ ਪੜ੍ਹ ਪੜ੍ਹ ਸਰਬ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਤਰ ਦੋ ਜਹਾਨਾਂ ਜੰਤਰ ਸੋਹੰ ਆਤਮ ਪਰਮਾਤਮ ਅੰਤਰ, ਅੰਤਰ ਆਤਮਾ ਮੇਲ ਮਿਲਾਇੰਦਾ । ਬਣਿਆ ਬਾਢੀ ਹਰਿ ਨਿਰੰਕਾਰਾ, ਹਰਿ ਅਚਰਜ ਖੇਲ ਖਲਾਇੰਦਾ। ਆਪੇ ਬਣ ਬਣ ਲੱਕੜਹਾਰਾ, ਜੰਗਲ ਜੂਹ ਫੇਰਾ ਪਾਇੰਦਾ। ਆਪੇ ਚੀਰ ਕਰੇ ਦੋ ਫਾੜਾ, ਸਾਚਾ ਸੂਤਰ ਨਾਮ ਲਗਾਇੰਦਾ। ਆਪੇ ਖਿਚੇ ਆਪਣਾ ਆਰਾ, ਤਿੱਖੀ ਧਾਰ ਆਪ ਰਖਾਇੰਦਾ। ਆਪੇ ਕੱਢੇ ਚਾਰ ਦੀਵਾਰਾ, ਚਾਰੋਂ ਕੁੰਟ ਘੇਰਾ ਪਾਇੰਦਾ। ਆਪੇ ਲਾਏ ਇੱਟਾਂ ਗਾਰਾ, ਆਪਣੀ ਸੇਵ ਆਪ ਕਮਾਇੰਦਾ। ਆਪ ਸੁਹਾਏ ਬੰਕ ਦੁਆਰਾ, ਨਾਮ ਛੱਪਰੀ ਨਾਉਂ ਧਰਾਇੰਦਾ। ਨਾਮੇ ਬਣਾਇਆ ਮਹੱਲ ਮੁਨਾਰਾ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਨਾਮੇ ਖੋਲ੍ਹਿਆ ਆਪ ਕਿਵਾੜਾ, ਨੇਤਰ ਨੈਣ ਨੈਣ ਵਖਾਇੰਦਾ। ਚਾਰੋਂ ਕੁੰਟ ਇਕ ਨਿਰੰਕਾਰਾ, ਨਿਰਗੁਣ ਨੂਰ ਡਗਮਗਾਇੰਦਾ। ਉਪਰ ਆਕਾਸ਼ ਤਣਿਆਂ ਤਾਣਾ, ਸਾਚੀ ਛੱਤ ਮਾਤ ਵਖਾਇੰਦਾ। ਵਾਹਵਾ ਮੀਤਾ ਤੇਰਾ ਭਾਣਾ, ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਸਾਹਿਬ ਸੱਚਾ ਰਾਣਾ, ਤੇਰਾ ਤਖ਼ਤ ਇਕ ਸੁਹਾਇੰਦਾ । ਨਾਮਾ ਛੀਪੋ ਕਮਲਾ ਕੋਝਾ ਗਾਏ ਤੇਰਾ ਗਾਣਾ, ਤੇਰੀ ਓਟ ਤਕਾਇੰਦਾ। ਇਕੋ ਮੰਗਾਂ ਲੇਫ ਤਲਾਈ ਸਰ੍ਹਾਣਾ, ਜਿਸ ਉਪਰ ਤਨ ਟਿਕਾਇੰਦਾ। ਸ਼ਬਦ ਅਗੰਮੀ ਕਹੇ ਸ੍ਰੀ ਭਗਵਾਨਾ, ਹੁਕਮੀ ਹੁਕਮ ਸਮਝਾਇੰਦਾ। ਕਲਜੁਗ ਅੰਤਮ ਖੇਲ ਹੋਏ ਮਹਾਨਾ, ਮਿਹਰਵਾਨ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਛੱਪਰੀ ਆਪ ਸੁਹਾਇੰਦਾ। ਤੇਰੀ ਛੱਪਰੀ ਲੱਕੜੀ ਕਾਠ, ਪਾਤੀ ਡਾਲ ਨਾਲ ਮਿਲਾਈਆ। ਕਰਿਆ ਖੇਲ ਪੁਰਖ ਸਮਰਾਥ, ਆਪਣਾ ਭੇਵ ਜਣਾਈਆ। ਨਾਮੇ ਤੇਰੀ ਪੱਤ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਬਿਪਰਾਂ ਕੋਲੋਂ ਕੀਤਾ ਵੱਖ, ਤ੍ਰਿਪਤ ਆਪ ਬੁਝਾਈਆ। ਸਾਚੇ ਮੰਦਰ ਜਾਣਾ ਵਸ, ਸਾਚੀ ਛੱਪਰੀ ਦਏ ਸਮਝਾਈਆ। ਚਰਨ ਕਵਲ ਔਣਾ ਨੱਸ, ਮਿਲੇ ਸੱਚੀ ਸਰਨਾਈਆ। ਨਾ ਕੋਈ ਰਵ ਨਾ ਕੋਈ ਸਸ, ਨੂਰ ਨਜ਼ਰ ਕੋਇ ਨਾ ਆਈਆ। ਜਿਸ ਦੀ ਮਹਿਮਾ ਗਾਏ ਅਕੱਥ, ਸੋ ਸਮਰਥ ਤੇਰੀ ਸੇਵ ਕਮਾਈਆ। ਤੇਰੀ ਛਪਰੀ ਮੇਰਾ ਜਸ, ਮੇਰਾ ਜਸ ਤੇਰੀ ਵਡਿਆਈਆ। ਰਲ ਮਿਲ ਦੋਵੇਂ ਜਾਈਏ ਵਸ, ਭਰਮੇਂ ਭੁੱਲੀ ਸਰਬ ਲੋਕਾਈਆ । ਅਗਲਾ ਮਾਰਗ ਦੇਵਾਂ ਦੱਸ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਛੱਪਰੀ ਦਏ ਵਡਿਆਈਆ। ਧੰਨ ਭਾਗ ਮੇਰਾ ਛੋਹਿਆ ਛੱਪਰ, ਨਾਮੇ ਸੀਸ ਝੁਕਾਇਆ। ਗ਼ਰੀਬ ਨਿਮਾਣਿਆਂ ਗਿਆ ਅੱਪੜ, ਆਪਣਾ ਪੰਧ ਮੁਕਾਇਆ। ਤੂੰ ਮਾਈ ਤੂੰ ਬਪੜ, ਪਿਤਾ ਪੂਤ ਹੋਏਂ ਸਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਕਾਰਨ ਥਾਨ ਸੁਹਾਇਆ। ਕਿਸ ਕਾਰਨ ਮੇਰੀ ਛਪਰੀ ਛਾਈ, ਛਹਿਬਰ ਨਾਮ ਲਗਾਈਆ। ਚਾਰੋਂ ਕੁੰਟ ਵੇਖੇ ਲੋਕਾਈ, ਕਿਉਂ ਲੁਕਵੀਂ ਖੇਲ ਵਖਾਈਆ। ਤੂੰ ਭਗਤਾਂ ਸਦਾ ਗੁਸਾਈਂ, ਸਗਲਾ ਸੰਗ ਨਿਭਾਈਆ। ਮੈਂ ਤੇਰਾ ਦਰਸ ਵੇਖਾਂ ਚਾਈਂ ਚਾਈਂ, ਚਾਤਰਕ ਵਾਂਗ ਬਿਲਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸ਼ਰਨਾਈਆ। ਏਕਾ ਵਰ ਦੇਣਾ ਭਗਵਾਨ, ਨਾਮਾ ਮੰਗ ਮੰਗਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਕਿਵ ਲੋਕਮਾਤ ਫੇਰਾ ਪਾਇੰਦਾ। ਮੈਂ ਬਾਲਕ ਮੂਰਖ ਮੁਗਧ ਅੰਞਾਣ, ਤੇਰਾ ਭੇਵ ਕੋਇ ਨਾ ਆਇੰਦਾ। ਤੂੰ ਮੇਰਾ ਬਣਿਆ ਆਪ ਮਹਿਮਾਨ, ਘਰ ਮੇਰੇ ਫੇਰਾ ਪਾਇੰਦਾ। ਮੈਂ ਤੈਨੂੰ ਦੇਵਾਂ ਦਾਨ, ਤੂੰ ਪ੍ਰੋਹਤ ਰੂਪ ਵਟਾਇੰਦਾ। ਇਕ ਦੂਜੇ ਦੀ ਕਰੀਏ ਜਾਣ ਪਛਾਣ, ਸਾਚਾ ਵੇਲਾ ਵਕਤ ਸੁਹਾਇੰਦਾ। ਤੂੰ ਮੇਰਾ ਛੱਪਰ ਛਾਇਆ ਆਣ, ਮੈਂ ਤੇਰਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਏਕਾ ਗੁਣ ਵਖਾਇੰਦਾ। ਨਾਮੇ ਸੁਣ ਕਰ ਧਿਆਨ, ਹਰਿ ਜੂ ਆਪ ਸੁਣਾਇਆ। ਤੇਰਾ ਵਖਾਇਆ ਇਕ ਨਿਸ਼ਾਨ, ਆਪ ਆਪਣੀ ਦਇਆ ਕਮਾਇਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਚਾਰ ਜੁਗ ਲੇਖਾ ਜਾਣੇ ਜੀਵ ਜਹਾਨ, ਭੇਵ ਅਭੇਦ ਖੁਲ੍ਹਾਇਆ। ਛੱਤੀ ਜੁਗ ਕਰ ਪਰਵਾਨ, ਹਰਿਜਨ ਸਾਚੇ ਲਏ ਮਿਲਾਇਆ। ਲੋਕਮਾਤ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਨਾਲ ਰਲਾਇਆ। ਸਚਖੰਡ ਨਿਵਾਸੀ ਵੇਖੇ ਮਾਰ ਧਿਆਨ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਤੈਨੂੰ ਦਿਤਾ ਇਕੋ ਦਾਨ, ਕਲਜੁਗ ਵਰਤੇ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਕਲਜੁਗ ਅੰਤਮ ਜਾਏ ਆ, ਹਰਿ ਜੂ ਨਾਮੇ ਸਚ ਸੁਣਾਇੰਦਾ। ਪੁਰਖ ਅਬਿਨਾਸ਼ੀ ਮਿਲੇ ਮਲਾਹ, ਸਾਚਾ ਭਗਤਾਂ ਬੇੜਾ ਚਲਾਇੰਦਾ। ਹਰਿਜਨ ਸੱਜਣ ਲਏ ਜਗਾ, ਆਪ ਆਪਣਾ ਹੁਕਮ ਸੁਣਾਇੰਦਾ। ਸਤਿ ਸਤਿਵਾਦੀ ਰੰਗ ਚੜ੍ਹਾ, ਦੋ ਜਹਾਨਾਂ ਖੇਲ ਕਰਾਇੰਦਾ। ਸਾਤਾ ਦੂਏ ਨਾਲ ਮਿਲਾ, ਬਹੱਤਰ ਅੰਕ ਆਪ ਵਡਿਆਇੰਦਾ। ਭਗਤ ਦੁਆਰਾ ਇਕੋ ਵਾਰ ਦਏ ਬਣਾ, ਤੇਰੀ ਛੱਪਰੀ ਮਾਣ ਚੁਕਾਇੰਦਾ। ਤੇਰੇ ਪਿਛੇ ਪਹਿਲੋਂ ਗਿਆ ਸਮਝਾ, ਹਰਿ ਭਗਤਾਂ ਸੇਵ ਕਮਾਇੰਦਾ। ਕਲਜੁਗ ਅੰਤਮ ਸਚ ਸਿੰਘਾਸਣ ਲਏ ਵਿਛਾ, ਜਨ ਭਗਤਾਂ ਅੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਪਰ ਛੰਨ ਆਪ ਵਖਾਇੰਦਾ।
