Granth 11 Likhat 022: 23 Maghar 2018 Bikarmi Surjan Singh Lal Singh Jethuwal Darbar wich

੨੩ ਮੱਘਰ ੨੦੧੮ ਬਿਕ੍ਰਮੀ ਸੁਰਜਣ ਸਿੰਘ, ਲਾਲ ਸਿੰਘ ਜੇਠੂਵਾਲ ਦਰਬਾਰ ਵਿਚ

ਜੁਗ ਜੁਗ ਦੀ ਸਾਚੀ ਘਾਲ, ਸੋ ਪੁਰਖ ਨਿਰੰਜਣ ਆਪ ਕਮਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਨਿਰਵੈਰ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਬ੍ਰਹਿਮੰਡ ਖੰਡ ਆਪੇ ਭਾਲ, ਪੁਰੀਆਂ ਲੋਆਂ ਵੇਖ ਵਖਾਇੰਦਾ। ਹਰਿ ਭਗਤ ਮੇਲੇ ਸਾਚੇ ਲਾਲ, ਲਾਲ ਅਨਮੁਲੜੇ ਆਪ ਉਠਾਇੰਦਾ। ਜਗਤ ਜੁਗ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਆਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਖੇਲ ਕਰਾਇੰਦਾ। ਏਥੇ ਓਥੇ ਦੋ ਜਹਾਨਾਂ ਚਲੇ ਨਾਲ ਨਾਲ, ਬਣ ਸੇਵਕ ਸੇਵ ਕਮਾਇੰਦਾ। ਏਕਾ ਨਾਦ ਏਕਾ ਤਾਲ, ਸ਼ਬਦੀ ਰਾਗ ਇਕ ਸੁਣਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਸੋਭਾ ਪਾਇੰਦਾ। ਏਕਾ ਨੂਰ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਇੰਦਾ। ਏਕਾ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੂਪ ਆਪ ਧਰਾਇੰਦਾ। ਏਕਾ ਸਾਚੇ ਸੰਤਾਂ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਗੁਰਮੁਖਾਂ ਦੇਵੇ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਗੁਰਸਿਖ ਕਰੇ ਪਹਿਚਾਨ, ਬੇਪਹਿਚਾਨ ਆਪਣਾ ਰੂਪ ਵਟਾਇੰਦਾ। ਏਕਾ ਗ਼ਰੀਬ ਨਿਮਾਣਿਆਂ ਦੇਵੇ ਮਾਣ, ਨਿਤਾਣਿਆਂ ਗੋਦ ਬਹਾਇੰਦਾ। ਏਕਾ ਜਮ ਕੀ ਕੱਟੇ ਕਾਣ, ਰਾਏ ਧਰਮ ਨੇੜ ਨਾ ਆਇੰਦਾ। ਏਕਾ ਅੰਮ੍ਰਿਤ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਏਕਾ ਨਿਰਗੁਣ ਜੋਤ ਨੂਰ ਕਰੇ ਪਰਧਾਨ, ਰੂਪ ਅਨੂਪ ਆਪ ਵਖਾਇੰਦਾ। ਏਕਾ ਬਣ ਬਣ ਬਹੇ ਸਾਚਾ ਕਾਹਨ, ਗੁਰਮੁਖ ਸਖੀ ਆਪ ਪਰਨਾਇੰਦਾ। ਏਕਾ ਮਾਰੇ ਤੀਰ ਨਿਰਾਲਾ ਬਾਣ, ਅਣਯਾਲਾ ਆਪ ਚਲਾਇੰਦਾ। ਏਕਾ ਵੇਖੇ ਭੂਮਕਾ ਅਸਥਾਨ, ਭੂਪਤ ਭੂਪੀ ਵੰਡ ਵੰਡਾਇੰਦਾ। ਏਕਾ ਨਰ ਹਰਿ ਵੇਖੇ ਆਣ, ਵੇਖਣਹਾਰਾ ਦਿਸ ਨਾ ਆਇੰਦਾ। ਏਕਾ ਘਟ ਘਟ ਜਾਣੀ ਜਾਣ, ਏਕਾ ਆਪਣਾ ਮੁਖ ਛੁਪਾਇੰਦਾ। ਏਕਾ ਵੇਖੇ ਹਾਣੀ ਹਾਣ, ਸਾਚਾ ਮੇਲਾ ਆਪ ਕਰਾਇੰਦਾ। ਇਕ ਵਖਾਏ ਪਦ ਨਿਰਬਾਣ, ਸਚ ਦੁਆਰਾ ਆਪ ਖੁਲ੍ਹਾਇੰਦਾ। ਭਗਤਾਂ ਸੇਵਾ ਕਰ ਭਗਵਾਨ, ਆਪਣੀ ਸੇਵਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਘਾਲ ਥਾਏਂ ਪਾਇੰਦਾ। ਘਾਲੇ ਘਾਲ ਪੁਰਖ ਕਰਤਾਰ, ਅਚਰਜ ਖੇਲ ਰਚਾਈਆ। ਨਿਰਗੁਣ ਨਿਰਵੈਰ ਲੈ ਅਵਤਾਰ, ਅਜੂਨੀ ਰਹਿਤ ਵੇਸ ਵਟਾਈਆ। ਵਸਣਹਾਰਾ ਸਚਖੰਡ ਸੱਚੇ ਦਵਾਰ, ਥਿਰ ਘਰ ਆਪਣੀ ਬਣਤ ਬਣਾਈਆ। ਸੁੰਨ ਅਗੰਮੀ ਕਰ ਕਰ ਪਾਰ, ਵਿਸ਼ਨ ਬ੍ਰਹਮਾ ਸ਼ਿਵ ਜਗਾਈਆ। ਸੁਰਪਤ ਰਾਜਾ ਦਏ ਹੁਲਾਰ, ਕਰੋੜ ਤਤੀਸਾ ਲਏ ਉਠਾਈਆ। ਜੁਗ ਚੌਕੜੀ ਹੋ ਨਿਆਰ, ਨਵ ਨੌਂ ਆਪਣਾ ਰੂਪ ਵਟਾਈਆ। ਲੇਖਾ ਜਾਣੇ ਗੁਰ ਅਵਤਾਰ, ਹੁਕਮੀ ਹੁਕਮ ਸਰਬ ਭੁਵਾਈਆ। ਭਗਤ ਭਗਵੰਤ ਦਰ ਬਣ ਭਿਖਾਰ, ਬੈਠੇ ਸੀਸ ਝੁਕਾਈਆ। ਸੰਤ ਨਿਉਂ ਨਿਉਂ ਕਰਨ ਨਿਮਸਕਾਰ, ਨਿਵਣ ਸੁ ਅੱਖਰ ਇਕ ਵਡਿਆਈਆ। ਗੁਰਮੁਖ ਚਰਨ ਧੂੜੀ ਮੰਗਣ ਖ਼ਾਕ, ਖ਼ਾਕੀ ਤਨ ਗਵਾਈਆ। ਗੁਰਸਿਖ ਵੇਖਣ ਸੱਚਾ ਸਾਕ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤਾਂ ਖੋਲ੍ਹੇ ਆਪੇ ਤਾਕ, ਆਪਣਾ ਕੁੰਡਾ ਆਪੇ ਲਾਹੀਆ। ਆਪੇ ਸੇਜਾ ਸੋਏ ਖਾਟ, ਆਸਣ ਸਿੰਘਾਸਣ ਸੋਭਾ ਪਾਈਆ। ਆਪੇ ਦੂਰ ਦੁਰਾਡਾ ਪੰਧ ਕੱਟੇ ਵਾਟ, ਆਪਣਾ ਪੈਂਡਾ ਆਪ ਮੁਕਾਈਆ। ਆਪੇ ਲੇਖਾ ਜਾਣੇ ਦਿਵਸ ਰਾਤ, ਘੜੀ ਪਲ ਨਾ ਕੋਇ ਸਮਝਾਈਆ। ਜੁਗਾ ਜੁਗੰਤਰ ਜਨ ਭਗਤਾਂ ਪੁੱਛੇ ਵਾਤ, ਵਾਸਤਕ ਆਪਣਾ ਰੂਪ ਵਟਾਈਆ। ਸ਼ਬਦ ਅਨਾਦ ਧੁਨ ਸੁਣਾਏ ਸਾਚੀ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਇਕ ਜਣਾਏ ਸਾਚਾ ਪਾਠ, ਬਿਨ ਰਸਨਾ ਜਿਹਵਾ ਗਾਈਆ। ਇਕ ਕਿਨਾਰਾ ਤੀਰਥ ਤਾਟ, ਸਰ ਸਰੋਵਰ ਇਕ ਨੁਹਾਈਆ। ਏਕਾ ਪੱਤਣ ਏਕਾ ਘਾਟ, ਏਕਾ ਬੈਠਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਾਲ ਆਪੇ ਲੇਖੇ ਪਾਈਆ। ਮੇਰੀ ਘਾਲ ਪਏ ਲੇਖੇ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਲੱਖ ਚੁਰਾਸੀ ਭਰਮ ਭੁਲੇਖੇ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਸਾਹਿਬ ਸੁਲਤਾਨ ਨਰ ਨਰੇਸ਼ੇ, ਨਰ ਨਰਾਇਣ ਖੇਲ ਕਰਾਇੰਦਾ। ਲੇਖਾ ਜਾਣੇ ਓਥੇ ਏਥੇ, ਦੋ ਜਹਾਨਾਂ ਫੇਰੀ ਪਾਇੰਦਾ। ਜੁਗ ਜੁਗ ਜਨ ਭਗਤਾਂ ਰੱਖੇ ਚੇਤੇ, ਚੇਤਨ ਆਪਣਾ ਰੰਗ ਰੰਗਾਇੰਦਾ। ਲੱਖ ਚੁਰਾਸੀ ਵੱਢੇ ਖੇਤੇ, ਬਣ ਕਿਰਸਾਣ ਫੇਰਾ ਪਾਇੰਦਾ। ਬਣ ਤਰਖਾਣ ਲਾਏ ਵੇਂਤੇ, ਇਕੋ ਸੂਤਰ ਹੱਥ ਉਠਾਇੰਦਾ। ਨੇਤਰ ਰੋਵਣ ਵਿਸ਼ਨ ਬ੍ਰਹਮਾ ਸ਼ਿਵ ਪੁੱਤ ਜੇਠੇ, ਧੀਰਜ ਧੀਰ ਨਾ ਕੋਇ ਧਰਾਇੰਦਾ। ਆਦਿ ਜੁਗਾਦਿ ਨਾ ਆਇਆ ਤੇਰਾ ਭੇਤੇ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੇ ਲੇਖੇ, ਆਪਣਾ ਲੇਖਾ ਭਗਤਾਂ ਝੋਲੀ ਪਾਇੰਦਾ। ਕੀਤੀ ਘਾਲ ਹੋਏ ਮਨਜ਼ੂਰ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜੁਗ ਚੌਕੜੀ ਮੈਂ ਕਰਦਾ ਰਿਹਾ ਕਸੂਰ, ਜਨ ਭਗਤਾਂ ਦੇ ਸਜਾਈਆ। ਜਾ ਕੇ ਪੁੱਛੋ ਕੋਲੋਂ ਮਨਸੂਰ, ਕਿਉਂ ਪੁੱਠੜੀ ਖੱਲ ਲੁਹਾਈਆ। ਜਿਸ ਨੂੰ ਲੋਕੀ ਕਹਿੰਦੇ ਦੂਰ, ਸੋ ਦੂਰ ਦੁਰਾਡਾ ਨੇੜੇ ਆਈਆ। ਆਪਣਾ ਭਰੇ ਸਾਚਾ ਪੂਰ, ਬਣ ਮਲਾਹ ਸੇਵ ਕਮਾਈਆ। ਗੁਰਸਿਖ ਜੇ ਕੋਈ ਅੱਗੋਂ ਦੇਵੇ ਘੂਰ, ਨਿਉਂ ਨਿਉਂ ਆਪਣਾ ਵਕਤ ਲੰਘਾਈਆ। ਮੈਂ ਆਪਣਾ ਲੇਖਾ ਲੌਣਾ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਨਾ ਕੋਈ ਮਾਣ ਤੇ ਨਾ ਗ਼ਰੂਰ, ਬਣ ਦਰਵੇਸ਼ ਫੇਰਾ ਪਾਈਆ। ਜਨ ਭਗਤਾਂ ਕੱਟਣ ਆਇਆ ਜੂੜ, ਦੂਜੀ ਜੋੜੀ ਨਾ ਕੋਇ ਜੁੜਾਈਆ। ਸਾਧਾਂ ਸੰਤਾਂ ਤਨ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅੰਦਰ ਵੜ ਵੜ ਰਹੇ ਝੂਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਆਤਮ ਮਿਲੇ ਨਾ ਸਾਚਾ ਨੂਰ, ਪ੍ਰਕਾਸ਼ ਪ੍ਰਕਾਸ਼ ਨਾ ਕੋਇ ਵਡਿਆਈਆ। ਜੂਠ ਝੂਠ ਵਿਹਾਝਿਆ ਮੂਰਖ ਮੂੜ, ਕੰਚਨ ਸਚ ਨਾ ਕੋਇ ਰਖਾਈਆ। ਅੰਤਮ ਨਾਤਾ ਕੂੜੋ ਕੂੜ, ਕੂੜੀ ਕਿਰਿਆ ਰਹੇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਾਲ ਭਗਤਾਂ ਕੋਲੋਂ ਪੂਰ ਕਰਾਈਆ। ਪੁਰਖ ਅਬਿਨਾਸ਼ੀ ਆਪਣੀ ਘਾਲ, ਜਨ ਭਗਤਾਂ ਕੋਲੋਂ ਪੂਰ ਕਰਾਇੰਦਾ। ਨਿਰਗੁਣ ਆ ਆ ਕਰੇ ਸਵਾਲ, ਆਪਣੀ ਝੋਲੀ ਅੱਗੇ ਡਾਹਿੰਦਾ। ਲੋਕਮਾਤ ਮੈਂ ਕੰਗਾਲ, ਬਿਨ ਗੁਰਮੁਖਾਂ ਮੇਰੀ ਸਾਰ ਕੋਇ ਨਾ ਪਾਇੰਦਾ। ਗੁਰਦਰ ਮੰਦਰ ਮਸਜਿਦ ਮੱਠ ਹੋਇਆ ਬੇਹਾਲ, ਮੇਰਾ ਅੰਗ ਨਾ ਕੋਇ ਛੁਹਾਇੰਦਾ। ਤੀਰਥ ਤੱਟ ਵੇਖ ਕਿਨਾਰ, ਨੇਤਰ ਨੈਣ ਮੇਰਾ ਸ਼ਰਮਾਇੰਦਾ। ਪੁਰਖ ਨਾਰ ਕਰਨ ਵਿਭਚਾਰ, ਹਰਿ ਕਾ ਰੂਪ ਨਾ ਕੋਇ ਜਣਾਇੰਦਾ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਵਖਾਇੰਦਾ। ਮੰਨ ਮੰਨ ਥੱਕੇ ਗੁਰ ਅਵਤਾਰ, ਸਿਰ ਹੱਥ ਨਾ ਕੋਇ ਰਖਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਚਾਰ, ਪੁਰਾਨ ਅਠਾਰਾਂ ਰਸਨਾ ਜਿਹਵਾ ਸਾਲਾਹਿੰਦਾ। ਗੀਤਾ ਗਿਆਨ ਕਰ ਪੁਕਾਰ, ਦਸ ਅੱਠ ਮੇਲ ਮਿਲਾਇੰਦਾ। ਅੰਜੀਲ ਕੁਰਾਨ ਨਾ ਸਕੇ ਕੋਇ ਵਿਚਾਰ, ਕਾਇਆ ਕੁਰਾ ਨਾ ਫੋਲ ਫੁਲਾਇੰਦਾ। ਖਾਣੀ ਬਾਣੀ ਵਸੇ ਸਭ ਤੋਂ ਬਾਹਰ, ਸ਼ਬਦ ਹਾਣੀ ਨਾ ਕੋਇ ਮਿਲਾਇੰਦਾ। ਸਾਧਾਂ ਸੰਤਾਂ ਭਰ ਭਰ ਥੱਕੇ ਪਾਣੀ ਸਰਬ ਸੰਸਾਰ, ਜਾਣੀ ਜਾਣ ਨਜ਼ਰ ਨਾ ਆਇੰਦਾ। ਸੁਣ ਸੁਣ ਕਹਾਣੀ ਹੋਏ ਅਵਾਜ਼ਾਰ, ਸੁਰਤੀ ਰਾਣੀ ਸ਼ਬਦ ਸ਼ਾਹ ਨਾ ਕੋਇ ਮਿਲਾਇੰਦਾ। ਗੁਰਮੁਖ ਵਿਰਲੇ ਹਰਿ ਸਤਿਗੁਰ ਕਰੇ ਆਪ ਪਰਵਾਨੀ, ਪਰਮ ਪੁਰਖ ਫੇਰਾ ਪਾਇੰਦਾ। ਜਨ ਭਗਤਾਂ ਬਣਿਆ ਸੱਚਾ ਦਿਲ ਜਾਨੀ, ਆਪ ਆਪਣੇ ਰੰਗ ਰੰਗਾਇੰਦਾ। ਨਾਤਾ ਤੋੜ ਚਾਰੇ ਖਾਣੀ, ਚਾਰੇ ਬਾਣੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਾਲ ਆਪੇ ਪੂਰ ਕਰਾਇੰਦਾ। ਮੇਰੀ ਘਾਲ ਭਗਤ ਦੁਆਰ, ਪੁਰਖ ਅਬਿਨਾਸ਼ੀ ਰਿਹਾ ਜਣਾਈਆ। ਸਾਚੇ ਸੰਤੋ ਕਰੋ ਵਿਚਾਰ, ਸਤਿ ਸਤਿਵਾਦੀ ਵੇਖ ਵਖਾਈਆ। ਗੁਰਮੁਖ ਖੋਲ੍ਹੋ ਨੈਣ ਕਿਵਾੜ, ਅੰਧ ਅੰਧੇਰ ਮਿਟਾਈਆ। ਗੁਰਸਿਖ ਕਰੋ ਸਚ ਪਿਆਰ, ਜਗਤ ਪਿਆਰ ਦਿਉ ਤਜਾਈਆ। ਹਰਿ ਜੂ ਆਇਆ ਚਲ ਦੁਆਰ, ਬਣ ਦਰਵੇਸ਼ ਫੇਰਾ ਪਾਈਆ। ਕਾਗਦ ਕਲਮ ਨਾ ਲਿਖਣਹਾਰ, ਸੱਤ ਸਮੁੰਦਰ ਮਸ ਰਹੀ ਕੁਰਲਾਈਆ। ਜੁਗ ਚੌਕੜੀ ਰੋਵੇ ਜ਼ਾਰੋ ਜ਼ਾਰ, ਵੇਲਾ ਗਿਆ ਹੱਥ ਨਾ ਆਈਆ । ਗੁਰ ਅਵਤਾਰ ਨਾ ਸਕਣ ਸੁਰਤ ਸੰਭਾਲ, ਪੁਰਖ ਅਬਿਨਾਸ਼ੀ ਖੇਲ ਖਲਾਈਆ। ਜੀਵ ਜੰਤ ਲੋਕਮਾਤ ਨਾ ਕੋਈ ਵੇਖੇ ਮਾਰ ਧਿਆਨ, ਨਾਮ ਗਿਆਨ ਨਾ ਕੋਇ ਸਮਝਾਈਆ । ਰਸਨਾ ਪੜ੍ਹ ਪੜ੍ਹ ਕਰਨ ਕਲਿਆਨ, ਕਾਇਆ ਕਾਅਬਾ ਨਾ ਕੋਇ ਜਣਾਈਆ। ਨਿਰਧਨ ਹੋਇਆ ਆਪ ਭਗਵਾਨ, ਸਰਧਨ ਗੁਰਮੁਖ ਰੂਪ ਪ੍ਰਗਟਾਈਆ। ਅੰਤਮ ਕਲ ਚਰਨੀ ਡਿੱਗਾ ਆਣ, ਮੰਗੇ ਸਰਨ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਾਲ ਆਪ ਵਖਾਈਆ। ਮੇਰੀ ਘਾਲ ਜੁਗੋ ਜੁਗ, ਜੁਗ ਕਰਤਾ ਆਪ ਜਣਾਇੰਦਾ। ਲੱਖ ਚੁਰਾਸੀ ਵਿਚੋਂ ਚੁਗ, ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਮਨ ਮਤ ਬੁਧ, ਬੁੱਧ ਬਬੇਕੀ ਆਪ ਕਰਾਇੰਦਾ। ਕਾਰਜ ਕਰੇ ਆਪੇ ਸੁੱਧ, ਸਿਰ ਆਪਣਾ ਹੱਥ ਰਖਾਇੰਦਾ। ਠੱਗ ਚੋਰ ਯਾਰ ਨਾ ਕੋਇ ਲਏ ਲੁੱਟ, ਨਾਮ ਧਨ ਇਕ ਵਰਤਾਇੰਦਾ। ਮਾਣਸ ਭਾਗ ਨਾ ਜਾਏ ਨਿਖੁੱਟ, ਮਾਨਵ ਆਪਣੀ ਗੋਦ ਬਹਾਇੰਦਾ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਇਕ ਵਖਾਏ ਸਾਚੀ ਓਟ, ਚਰਨ ਕਵਲ ਧਿਆਨ ਜਣਾਇੰਦਾ। ਸਾਚਾ ਭਗਤ ਇਕੋ ਬਹੁਤ, ਲੱਖ ਚੁਰਾਸੀ ਕੰਮ ਕਿਸੇ ਨਾ ਆਇੰਦਾ। ਕਲਜੁਗ ਅੰਤ ਆਪ ਬਣਾਇਆ ਆਪਣਾ ਓਤ ਪੋਤ, ਛੱਤੀ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਆਪਣੀ ਸ਼ਾਖ਼ ਆਪੇ ਪਿਆ ਫੁੱਟ, ਪੱਤ ਡਾਲੀ ਆਪ ਲਹਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾ ਘਾਲ ਖ਼ੁਸ਼ੀ ਮਨਾਇੰਦਾ। ਖ਼ੁਸ਼ੀ ਮਨਾਏ ਸ੍ਰੀ ਭਗਵੰਤ, ਜਨ ਭਗਤ ਦੁਆਰੇ ਫੇਰਾ ਪਾਈਆ। ਧੰਨ ਭਾਗ ਮੇਰੀ ਬਣੀ ਬਣਤ, ਗੁਰਮੁਖ ਮਿਲਿਆ ਚਾਈਂ ਚਾਈਂਆ। ਗੁਰਸਿੱਖ ਸੱਚਾ ਸਾਜਣ ਸੰਤ, ਜਿਸ ਜਨ ਆਪਣਾ ਦਰਸ ਕਰਾਈਆ। ਜੰਗਲ ਜੂਹ ਉਜਾੜ ਪਹਾੜ ਫਿਰਦੇ ਕੋਟਨ ਕੋਟ ਅਨੰਤ, ਅਨਨ ਪਰਕਾਰ ਰੂਪ ਵਟਾਈਆ। ਗੜ੍ਹ ਤੁਟਾ ਨਾ ਹਉਂਮੇ ਹੰਗਤ, ਹਰਿ ਮਿਲੀ ਨਾ ਸਚ ਸਰਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰਦੇ ਜੰਗਤ, ਆਸਾ ਤ੍ਰਿਸ਼ਨਾ ਨਾਲ ਬੰਧਾਈਆ। ਕਿਸੇ ਹੱਥ ਨਾ ਆਏ ਪੰਡਤ, ਪੜ੍ਹ ਪੜ੍ਹ ਵਿਦਿਆ ਵਕਤ ਗਵਾਈਆ। ਦੀਨ ਦਿਆਲ ਇਕ ਅਖੰਡਤ, ਅਖੰਡ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਰ ਘਾਲ ਖ਼ੁਸ਼ੀ ਮਨਾਈਆ। ਖ਼ੁਸ਼ੀ ਮਨਾਏ ਹਰਿ ਕਰਤਾਰਾ, ਬਣ ਸੇਵਕ ਸੇਵ ਕਮਾਈਆ। ਲੋਕਮਾਤ ਬਣਿਆ ਵਣਜਾਰਾ, ਏਕਾ ਹੱਟ ਖੁਲ੍ਹਾਈਆ। ਚੌਦਾਂ ਲੋਕ ਕਰਨ ਨਿਮਸਕਾਰਾ, ਚੌਦਾਂ ਤਬਕ ਸੀਸ ਝੁਕਾਈਆ। ਚੌਦਾਂ ਵਿਦਿਆ ਨੈਣ ਸ਼ਰਮਸਾਰਾ, ਲੋਚਣ ਸਕੇ ਨਾ ਕੋਇ ਉਠਾਈਆ। ਪਾਰਬ੍ਰਹਮ ਸੁਣਾਇਆ ਇਕ ਜੈਕਾਰਾ, ਜੈ ਜੈ ਆਪਣਾ ਨਾਉਂ ਪਰਗਟਾਈਆ। ਸੋ ਪੁਰਖ ਨਿਰੰਜਣ ਹੋ ਤਿਆਰਾ, ਨਿਰਵੈਰ ਖੇਲ ਕਰਾਈਆ। ਹੰ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਹਰਿ ਵੇਸ ਵਟਾਈਆ। ਜਨ ਭਗਤਾਂ ਪਾਵੇ ਲੋਕਮਾਤ ਸਾਰਾ, ਮਹਾਂਸਾਰਥੀ ਆਪ ਹੋ ਆਈਆ। ਕਲਜੁਗ ਅੰਤਮ ਪਾਰ ਕਿਨਾਰਾ, ਤੱਟ ਤੀਰਥ ਦਏ ਦੁਹਾਈਆ। ਰਾਓ ਰੰਕ ਹੋਏ ਖ਼ੁਵਾਰਾ, ਸਾਂਤਕ ਸਤਿ ਨਾ ਕੋਇ ਰਖਾਈਆ। ਇਕੋ ਭਗਤ ਕਰੇ ਹਰਿ ਪਿਆਰਾ, ਦੂਜੀ ਓਟ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਆਏ ਦਵਾਰਾ, ਦਰਦੀਆਂ ਦਰਦ ਵੰਡਾਈਆ। ਡੁਬਦਿਆਂ ਲਾਏ ਪਾਰ ਕਿਨਾਰਾ, ਪੱਤਣ ਬੈਠਾ ਸੱਚਾ ਮਾਹੀਆ। ਗੋਬਿੰਦ ਸੱਥਰ ਹੰਢਾਇਆ ਇਕੋ ਯਾਰਾ, ਪੁਰਖ ਅਕਾਲ ਸੇਜ ਵਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਘਾਲ ਸੱਥਰ ਰਿਹਾ ਵਖਾਈਆ। ਆਪਣੀ ਘਾਲ ਭੂਮੀ ਸੱਥਰ, ਭੂਪਤ ਭੂਪ ਜਣਾਇੰਦਾ। ਗੁਰਸਿਖ ਨੇਤਰ ਵਰੋਲੇ ਆਪੇ ਅੱਥਰ, ਨਾਮ ਮਧਾਣਾ ਇਕੋ ਪਾਇੰਦਾ। ਹਰਿਜਨ ਬਣਾਏ ਸਾਚੀ ਬਣਤਰ, ਬਸਨ ਬਨਵਾਰੀ ਖੇਲ ਕਰਾਇੰਦਾ। ਆਦਿ ਜੁਗਾਦਿ ਸਾਚਾ ਮੰਤਰ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੇਖਾ ਜਾਣ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਭਗਤ ਪਿਆਰ ਬੁਝਾਏ ਬਸੰਤਰ, ਸਾਂਤਕ ਸਤਿ ਕਰਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਆਤਮ ਅੰਤਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ। ਭਗਤ ਜਨਾਂ ਦਰ ਸਾਚੀ ਸੇਵਾ, ਬਣ ਸੇਵਕ ਆਪ ਕਮਾਈਆ। ਜੁਗ ਜੁਗ ਦਾ ਅੰਮ੍ਰਿਤ ਮੇਵਾ, ਜਨ ਭਗਤ ਦੁਆਰੇ ਖਾਈਆ। ਅਲਖ ਅਗੋਚਰ ਅਗੰਮ ਅਭੇਵਾ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਕਰੇ ਖੇਲ ਭਗਤ ਭਗਵਾਨ, ਭਾਵੀ ਆਪਣੇ ਸਿਰ ਰਖਾਇੰਦਾ। ਭਗਤਾਂ ਦੇਵੇ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਜੁਗ ਚੌਕੜੀ ਕਰ ਪਰਵਾਨ, ਕਲਜੁਗ ਅੰਤਮ ਮੇਲ ਮਿਲਾਇੰਦਾ। ਸਚ ਧਰਮ ਦਾ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ । ਛੱਤੀ ਜੁਗ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਛੱਤੀ ਰਾਗ ਕਰਨ ਧਿਆਨ, ਹਰਿ ਧਿਆਨ ਵਿਚ ਨਾ ਆਇੰਦਾ। ਪੈਂਤੀ ਅੱਖਰ ਕਰਨ ਕਲਿਆਣ, ਕਰਤਾ ਆਪਣੀ ਸੇਵ ਸਮਝਾਇੰਦਾ। ਛੱਤੀਆਂ ਅੱਖਰ ਆਪ ਕਰੇ ਪਰਵਾਨ, ਸ਼ਾਸਤਰ ਸਿਮਰਤ ਨਾ ਗਣਤ ਗਣਾਇੰਦਾ। ਛੱਤੀਆਂ ਅੱਖਰ ਜਨ ਭਗਤਾਂ ਦੇਵੇ ਦਾਨ, ਆਪਣੀ ਵਸਤ ਆਪ ਵਰਤਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਗਿਆਨ ਗਰੂ ਆਪ ਹੋ ਜਾਇੰਦਾ। ਜਨ ਭਗਤ ਦੁਆਰੇ ਬਣੇ ਮਹਿਮਾਨ, ਪੁਰਖ ਅਬਿਨਾਸ਼ੀ ਫੇਰਾ ਪਾਇੰਦਾ। ਗੁਰਸਿਖ ਵੇਖੇ ਸੱਚਾ ਕਾਹਨ, ਨੇਤਰ ਨੈਣ ਨੈਣ ਮਟਕਾਇੰਦਾ। ਸੋਹੰ ਧੁੰਨ ਮਧੁਰ ਗਾਇਣ, ਮਧ ਮਾਤਾ ਆਪ ਸੁਣਾਇੰਦਾ। ਨਾਨਕ ਦਾਦਕ ਸਾਕ ਸੈਣ, ਸੌਹਰੇ ਪੇਈਏ ਵੇਖ ਵਖਾਇੰਦਾ। ਮਾਤ ਪਿਤ ਭਾਈ ਭੈਣ, ਪਿਤਾ ਪੂਤ ਖੇਲ ਕਰਾਇੰਦਾ। ਆਪੇ ਜਾਣੇ ਨੁਕਤਾ ਗ਼ੈਨ, ਐਨ ਆਪਣੀ ਅੱਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਵੇਖ ਵਖਾਇੰਦਾ। ਭਗਤਨ ਵੇਖ ਚੜ੍ਹੇ ਹਰਿ ਚਾਅ, ਚਾਤਰਕ ਆਪਣੀ ਤ੍ਰਿਸ਼ਨ ਬੁਝਾਈਆ। ਆਪਣਾ ਸਿੰਘਾਸਣ ਦਏ ਤਜਾ, ਭਗਤ ਸਿੰਘਾਸਣ ਦਏ ਸੁਹਾਈਆ। ਭਗਤਾਂ ਕਾਜਨ ਆਪ ਰਚਾ, ਨੱਠ ਨੱਠ ਸੇਵ ਕਮਾਈਆ। ਗ਼ਰੀਬ ਨਿਵਾਜ਼ਨ ਆਪਣਾ ਆਪ ਕਰ ਫ਼ਿਦਾ, ਫ਼ਿਤਰਤ ਆਪਣੀ ਦਏ ਗਵਾਈਆ। ਇਕੋ ਰਾਹ ਵਖਾਇਆ ਸਿੱਧਾ, ਸੁਖਮਨ ਟੇਡੀ ਬੰਕ ਨਾ ਕੋਇ ਜਾਈਆ। ਦਸਮ ਦਵਾਰੀ ਬਹਿ ਬਹਿ ਪਾਏ ਗਿੱਧਾ, ਆਪਣਾ ਤਾਲ ਵਜਾਈਆ। ਗੁਰਸਿਖ ਤੇਰੇ ਜਿਹਾ ਨਾ ਕੋਈ ਵੱਡਾ, ਪ੍ਰਭ ਤੇਰੀ ਰਹੇ ਸ਼ਰਨਾਈਆ। ਤੇਰਾ ਭਾਰ ਆਪਣੇ ਸੀਸ ਲੱਦਾ, ਸਿਰ ਆਪਣੇ ਗੱਠੜੀ ਰਿਹਾ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਜ਼ਿਦਾ, ਭਗਤ ਭਗਵਾਨ ਦੇ ਸਜ਼ਾਈਆ। ਕਲਜੁਗ ਅੰਤਮ ਆਪਣੇ ਹੱਥ ਰਖਾਈ ਆਪਣੀ ਬਿੱਧਾ, ਕਰ ਕਿਰਪਾ ਲਏ ਮਿਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਦਾ ਭੋਜਨ ਰਿੱਧਾ, ਜਨ ਭਗਤਾਂ ਦਏ ਖੁਆਈਆ। ਨਾ ਕੋਇ ਜਾਣੇ ਆਟਾ ਮੈਦਾ, ਜੌਂ ਛੋਲੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਸੇਵ ਕਮਾਈਆ। ਨੌਂ ਸੌ ਚਰਾਨਵੇਂ ਚੌਕੜੀ ਜੁਗ ਦਾ ਭੋਜਨ, ਹਰਿ ਭਗਵਨ ਭਗਤਾਂ ਆਪ ਖੁਵਾਇੰਦਾ । ਕੋਈ ਨਾ ਚੜ੍ਹ ਕੇ ਵੇਖੇ ਜੋਜਨ, ਚੜ੍ਹ ਚੜ੍ਹ ਪੰਧ ਨਾ ਕੋਇ ਮੁਕਾਇੰਦਾ। ਕੋਟਨ ਕੋਟ ਸਾਧ ਸੰਤ ਸੋਚਣ, ਹਰਿ ਸੋਚ ਵਿਚ ਨਾ ਆਇੰਦਾ। ਕੋਟਨ ਕੋਟ ਬੰਨ੍ਹ ਬੰਨ੍ਹ ਲੰਗੋਟਣ, ਤੀਰਥ ਤੱਟ ਡੇਰਾ ਲਾਇੰਦਾ। ਕੋਟਨ ਕੋਟ ਭੰਗ ਪਿਆਲੇ ਘੋਟਣ, ਜਗਤ ਰਗੜਾ ਇਕ ਵਖਾਇੰਦਾ। ਕੋਟਨ ਕੋਟ ਫਿਰ ਫਿਰ ਥੱਕੇ ਕਪਾਲ ਮੋਚਨ, ਆਪਣਾ ਕਪਾਲ ਨਾ ਕੋਇ ਖੁਲ੍ਹਾਇੰਦਾ। ਕੋਟਨ ਕੋਟ ਫਿਰਦੇ ਪ੍ਰਭ ਦਾ ਭਾਣਾ ਰੋਕਣ, ਨਾ ਕੋਈ ਰੋਕੇ ਰੋਕ ਰੁਕਾਇੰਦਾ। ਜਨ ਭਗਤ ਰੱਖੇ ਇਕੋ ਓਟਨ, ਪ੍ਰਭ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਸੇਵ ਕਮਾਇੰਦਾ। ਮੇਰੀ ਕਰੋ ਪੂਰੀ ਆਸ, ਪਾਰਬ੍ਰਹਮ ਰਿਹਾ ਜਣਾਈਆ। ਮੇਰਾ ਭਗਤ ਮੇਰਾ ਪ੍ਰਕਾਸ਼, ਬਿਨ ਭਗਤ ਨਾ ਕੋਇ ਰੁਸ਼ਨਾਈਆ। ਮੇਰਾ ਸੰਤ ਮੇਰੀ ਰਾਸ, ਹੋਰ ਵਸਤ ਨਾ ਕੋਇ ਜਣਾਈਆ। ਮੇਰਾ ਗੁਰਸਿਖ ਮੇਰਾ ਦਾਸ, ਮਿਲ ਮਿਲ ਸਾਚਾ ਵਕਤ ਲੰਘਾਈਆ।ਮੇਰਾ ਗੁਰਸਿਖ ਮੇਰੀ ਸ਼ਾਖ਼, ਲੋਕਮਾਤ ਰਿਹਾ ਮਹਿਕਾਈਆ। ਜੁਗ ਜੁਗ ਮੇਰਾ ਪਰਦਾ ਭਗਤ ਲੈਣ ਢਾਕ, ਜੋ ਮੇਰਾ ਨਾਉਂ ਧਿਆਈਆ। ਮੈਂ ਪਰਗਟ ਹੋਵਾਂ ਸਾਖਯਾਤ, ਨਿਰਗੁਣ ਸਰਗੁਣ ਫੇਰਾ ਪਾਈਆ। ਕਲਜੁਗ ਅੰਤਮ ਖੇਲ ਤਮਾਸ਼, ਤ੍ਰੈਗੁਣ ਅਤੀਤਾ ਆਪ ਕਰਾਈਆ। ਸਾਚੇ ਭਗਤ ਬਣਾਈ ਇਕ ਜਮਾਤ, ਜਮਾ ਮਾਈਨਸ ਨਾ ਕੋਇ ਵਖਾਈਆ। ਉਨੀ ਕੱਤਕ ਦਿਤੀ ਦਾਤ, ਵਸਤ ਅਮੋਲਕ ਆਪ ਵਰਤਾਈਆ। ਕਰ ਦਰਸ਼ਨ ਨਾਤਾ ਤੁਟਿਆ ਪੂਜਾ ਪਾਠ, ਪਾਠਸ਼ਾਲਾ ਨਾ ਕੋਇ ਪੜ੍ਹਾਈਆ। ਬਿਨ ਨੱਯਾ ਪਾਰ ਉਤਾਰੇ ਘਾਟ, ਸਾਚਾ ਸੱਯਾ ਹੋਏ ਸਹਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦੁਆਰੇ ਫੇਰਾ ਪਾਈਆ। ਭਗਤ ਦੁਆਰੇ ਆਇਆ, ਕਰ ਕਿਰਪਾ ਗੁਣ ਨਿਧਾਨ। ਆਪਣਾ ਭੇਖ ਆਪ ਵਟਾਇਆ, ਨਿਰਗੁਣ ਆਪ ਬਣ ਸ਼ੈਤਾਨ। ਸ਼ਰਅ ਸ਼ਰੀਅਤ ਦਏ ਤੁੜਾਇਆ, ਚਾਰ ਜੁਗ ਦੀ ਚੁੱਕੇ ਕਾਣ। ਗੁਰ ਅਵਤਾਰ ਲਏ ਬੁਲਾਇਆ, ਦੇਵੇ ਧੁਰ ਫ਼ਰਮਾਣ। ਪਿਛਲਾ ਲੇਖਾ ਲਏ ਬਕਾਇਆ, ਭੁੱਲ ਨਾ ਜਾਏ ਗੁਣ ਨਿਧਾਨ। ਸਾਚਾ ਬੰਕ ਇਕ ਸੁਹਾਇਆ, ਮਹੱਲ ਅਟੱਲ ਉਚ ਮਕਾਨ। ਭਗਤ ਦੁਆਰਾ ਨਾਉਂ ਰਖਾਇਆ, ਚੌਦਾਂ ਤਬਕ ਕਰਨ ਸਲਾਮ। ਪੀਰ ਪੈਗ਼ੰਬਰਾਂ ਰਿਹਾ ਜਗਾਇਆ, ਪਰਗਟ ਹੋਇਆ ਵੱਡਾ ਅਮਾਮ। ਕਾਇਨਾਤ ਵੇਖ ਵਖਾਇਆ, ਲੱਖ ਚੁਰਾਸੀ ਕਰੇ ਗੁਲਾਮ। ਹਰਿਜਨ ਸਾਚੇ ਲਏ ਜਗਾਇਆ, ਆਪੇ ਪਾਏ ਆਪਣੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਵਸਾਏ ਸਾਚੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਮੁਖ ਬਸਤਰ ਰੱਖੇ ਬੰਨ੍ਹ, ਹਰਿ ਗਠੜੀ ਆਪ ਉਠਾਈਆ। ਮਿਲਿਆ ਭਾਰ ਕਹੇ ਧੰਨ ਧੰਨ, ਧੰਨ ਧੰਨ ਜਣੇਂਦੀ ਮਾਈਆ। ਹਰਿਜਨ ਚੜ੍ਹੇ ਸਾਚਾ ਚੰਨ, ਚੰਦ ਚਾਂਦਨੀ ਰਹੀ ਸ਼ਰਮਾਈਆ। ਰਾਗ ਸੁਣਾਏ ਇਕੋ ਕੰਨ, ਅਨਾਦੀ ਨਾਦ ਵਜਾਈਆ। ਮਨਸਾ ਅੰਦਰ ਗਿਆ ਮੰਨ, ਮਨ ਭਾਵਨਾ ਪੂਰ ਕਰਾਈਆ। ਬਣ ਬਣ ਹਰਿ ਜੂ ਜਨਨੀ ਜਨ, ਹਰਿਜਨ ਸਾਚੇ ਲਏ ਉਪਾਈਆ। ਲੇਖਾ ਜਾਣੇ ਪੰਜ ਤੱਤ ਕਾਇਆ ਮਾਟੀ ਤਨ, ਤਨ ਮਾਟੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਸਤਰ ਆਪ ਉਠਾਈਆ। ਸਾਚਾ ਬਸਤਰ ਕਾਇਆ ਕਪੜ, ਸਤਿਗੁਰ ਪੂਰਾ ਆਪ ਉਠਾਇੰਦਾ। ਛੱਤੀ ਜੁਗ ਨਾ ਸਕਣ ਅੱਪੜ, ਹਰਿ ਕਾ ਭੇਵ ਨਾ ਕੋਈ ਪਾਇੰਦਾ। ਆਦਿ ਜੁਗਾਦੀ ਮਾਈ ਬਪੜ, ਪਿਤਾ ਪੂਤ ਵੇਸ ਵਟਾਇੰਦਾ। ਜੁਗ ਜੁਗ ਲਿਖ ਲਿਖ ਦੇਂਦਾ ਰਿਹਾ ਪੱਤਰ, ਸ਼ਬਦ ਨਿਧਾਨ ਸੁਣਾਇੰਦਾ। ਕਲਜੁਗ ਅੰਤਮ ਵੇਖਿਆ ਇਕੋ ਵੱਤਰ, ਬਣ ਕਿਰਸਾਣਾ ਹੱਲ ਚਲਾਇੰਦਾ। ਰਾਓ ਰੰਕ ਗ਼ਰੀਬ ਨਿਮਾਣੇ ਫੜ ਫੜ ਕੀਤੇ ਪੱਧਰ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਜਨਮ ਜਨਮ ਦੀ ਪੂਰੀ ਕਰੇ ਸੱਧਰ, ਸਾਦਾ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਖੰਡ ਭਦਰ, ਭਾਵੀ ਭੌ ਹਰਿ ਸਮਝਾਇੰਦਾ। ਗੁਰਮੁਖ ਤੇਰਾ ਪ੍ਰੇਮ ਖੱਦਰ, ਤੰਦੀ ਤੰਦ ਨਾਲ ਬੰਧਾਇੰਦਾ। ਤਾਣੇ ਅੰਦਰ ਪੇਟਾ ਪੇਟੇ ਅੰਦਰ ਤਾਣਾ, ਸਾਚਾ ਮੰਦਰ ਆਪ ਸੁਹਾਇੰਦਾ। ਕਰ ਕਿਰਪਾ ਖੋਲ੍ਹਿਆ ਜੰਦਰ, ਕਾਇਆ ਤਾਕ ਆਪੇ ਲਾਹਿੰਦਾ। ਆਪੇ ਵੜ ਕੇ ਬੈਠਾ ਡੂੰਘੇ ਖੰਡਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਸਤਰ ਆਪ ਸੁਹਾਇੰਦਾ। ਸਾਚਾ ਬਸਤਰ ਸੁਹਾਏ ਸੂਸਾ, ਸੂਸੀ ਆਪਣੇ ਤਨ ਪਹਿਨਾਈਆ। ਲੇਖਾ ਜਾਣੇ ਈਸਾ ਮੂਸਾ, ਸੰਗ ਮੁਹੰਮਦ ਲਏ ਜਗਾਈਆ। ਗੁਰ ਅਵਤਾਰਾਂ ਕਰੇ ਖ਼ਾਲੀ ਖ਼ੀਸਾ, ਜਨ ਭਗਤਾਂ ਦਏ ਭਰਾਈਆ। ਨੇੜੇ ਔਂਦਾ ਜਾਏ ਬੀਸਾ, ਆਪਣਾ ਪੰਧ ਮੁਕਾਈਆ। ਨੇਤਰ ਰੋਵਣ ਰਾਗ ਛਤੀਸਾ, ਦਿਵਸ ਰੈਣ ਦੇਣ ਦੁਹਾਈਆ। ਸਾਚਾ ਤਨ ਨਾ ਧੋਵੇ ਕੋਈ ਛੀਂਬਾ, ਸਾਚੀ ਖੁੰਬ ਨਾ ਕੋਇ ਚੜ੍ਹਾਈਆ। ਕਾਇਆ ਮਾਟੀ ਝੂਠਾ ਤੂੰਬਾ, ਸਚ ਤੂੰਬੜੀ ਨਾ ਕੋਇ ਵਖਾਈਆ। ਅੰਦਰ ਕਵਲ ਹੋਇਆ ਮੂਧਾ, ਨਾ ਦੇਵੇ ਕੋਇ ਉਲਟਾਈਆ। ਚਾਰ ਕੁੰਟ ਹਰਿ ਜੂ ਢੂੰਡਾ, ਦਿਸ ਕਿਸੇ ਨਾ ਆਈਆ। ਸਰਗੁਣ ਬਣ ਕੇ ਹੱਥ ਵਿਚ ਰੱਖਿਆ ਖੂੰਡਾ, ਆਪ ਆਪਣਾ ਖੇਲ ਕਰਾਈਆ। ਨਿਰਗੁਣ ਬਣ ਕੇ ਬੈਠਾ ਰਿਹਾ ਊਂਧਾ, ਆਪਣਾ ਨੈਣ ਨਾ ਕਿਸੇ ਚਮਕਾਈਆ। ਨਾ ਮਰਿਆ ਨਾ ਜੀਊਂਦਾ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਸਿਖ ਤੇਰੇ ਖੱਦਰ ਆਪਣਾ ਕਪੜ ਸੀਉਂਦਾ, ਸੀਂ ਸੀਂ ਆਪਣੀ ਖ਼ੁਸ਼ੀ ਮਨਾਈਆ। ਕਰੇ ਕਰਾਏ ਜੋ ਮਨ ਭੌਂਦਾ, ਭਾਵੀ ਆਪਣੇ ਹੱਥ ਰਖਾਈਆ। ਦਿਵਸ ਰੈਣ ਜਨ ਭਗਤਾਂ ਢੋਲੇ ਗੌਂਦਾ, ਤਾਲ ਸੁਰ ਨਾ ਕੋਇ ਰਖਾਈਆ। ਰਾਤੀਂ ਸੁਤਿਆਂ ਘਰ ਘਰ ਭੌਂਦਾ, ਬਣ ਬਣ ਸੇਵਕ ਸੇਵ ਕਮਾਈਆ। ਗੁਰਮੁਖ ਤੇਰੇ ਪਿਆਰ ਅੰਦਰ ਹਰਿ ਜੂ ਆਪੇ ਨੁਹੌਂਦਾ, ਆਪਣੇ ਪਿਆਰ ਤੇਰਾ ਅਸ਼ਨਾਨ ਕਰਾਈਆ। ਤੇਰੇ ਕਾਇਆ ਮੰਦਰ ਅੰਦਰ ਆਪਣੀ ਸੇਜ ਵਛੌਂਦਾ, ਉਤੇ ਤੇਰਾ ਕੱਪੜ ਦਏ ਵਛਾਈਆ। ਆਪੇ ਵੇਖੇ ਔਂਦਾ ਜਾਂਦਾ, ਸਦਾ ਸੁਹੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਪੜ ਆਪ ਬਣਾਈਆ। ਸਾਚਾ ਕਪੜ ਤਣਿਆਂ ਤਾਣਾ, ਬਣ ਪੌਲੀ ਸੇਵ ਕਮਾਇੰਦਾ। ਸਖੀਆਂ ਨਾਲ ਗਾਵੇ ਗਾਣਾ, ਕਾਨਾ ਕੰਨ ਨਾਲ ਲਗਾਇੰਦਾ। ਆਪੇ ਜਾਣੇ ਆਪਣਾ ਆਵਣ ਜਾਣਾ, ਏਧਰ ਓਧਰ ਫੇਰਾ ਪਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਗੁਰਮੁਖ ਏਕਾ ਰੰਗ ਚੜ੍ਹਾਇੰਦਾ। ਤੰਦ ਤੰਦ ਤੰਦ ਕਰ ਪਰਵਾਨਾ, ਬੰਦ ਬੰਦ ਖ਼ੁਸ਼ੀ ਕਰਾਇੰਦਾ। ਅਨੰਦ ਅਨੰਦ ਅਨੰਦ ਇਕ ਮਕਾਨਾ, ਚੰਦ ਚੰਦ ਚੰਦ ਆਪ ਚਮਕਾਇੰਦਾ। ਟੁੱਟੀ ਗੰਢ ਗੰਢ ਗੰਢ ਦਏ ਪਰਵਾਨਾ, ਨਾਮ ਨਿਧਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਤਾਣਾ ਪੇਟਾ ਖੇਵਟ ਖੇਟਾ ਆਪਣਾ ਆਪ ਜਣਾਇੰਦਾ। ਹਰਿ ਜੂ ਖੱਦਰ ਲਏ ਖ਼ਰੀਦ, ਆਪਣੀ ਕੀਮਤ ਪਾਈਆ । ਏਕਾ ਕੱਟ ਕੇ ਦਏ ਰਸੀਦ, ਜਨਮ ਮਰਨ ਦਏ ਚੁਕਾਈਆ। ਅੱਠੇ ਪਹਿਰ ਦਰਸ਼ਨ ਦੀਦ, ਨੇਤਰ ਨੈਣਾਂ ਨਜ਼ਰੀ ਆਈਆ। ਗੁਰਸਿਖ ਗੁਰ ਸ਼ਬਦ ਹੋਇਆ ਸ਼ਹੀਦ, ਸ਼ਰਅ ਕੋਇ ਨੇੜ ਨਾ ਆਈਆ। ਸਾਹਿਬ ਸੁਲਤਾਨ ਵਸੇ ਨਜ਼ਦੀਕ, ਨਜ਼ਰ ਨਜ਼ਰ ਨਾਲ ਮਿਲਾਈਆ। ਜਿਸ ਦੀ ਗੁਰ ਅਵਤਾਰ ਰੱਖਦੇ ਗਏ ਉਡੀਕ, ਸੋ ਸਾਹਿਬ ਫੇਰਾ ਪਾਈਆ। ਛੱਤੀ ਜੁਗ ਦੀ ਇਕ ਤਾਰੀਕ, ਹਰਿ ਭਗਤਾਂ ਰਿਹਾ ਸਮਝਾਈਆ। ਕੋਈ ਨਾ ਬਣੇ ਦੂਜਾ ਸ਼ਰੀਕ, ਲਾਸ਼ਰੀਕ ਖੇਲ ਵਖਾਈਆ। ਝੂਠੀ ਮੇਟੇ ਸ੍ਰਿਸ਼ਟ ਤਰੀਕ, ਅੰਧ ਅੰਧੇਰਾ ਦਏ ਗਵਾਈਆ। ਜਨ ਭਗਤ ਦੁਆਰੇ ਅੰਦਰ ਰੱਖੇ ਆਪਣੀ ਜੀਤ, ਉਚ ਮਹੱਲੇ ਬਣਤ ਬਣਾਈਆ। ਗੁਰਸਿਖ ਸੌਣ ਅੰਦਰ ਹਰਿ ਜੂ ਮਰੇ ਉਤੇ ਸੀਤ, ਪਾਲਾ ਪੋਹ ਪੋਹ ਨਾ ਸਕੇ ਰਾਈਆ। ਛੱਬੀ ਪੋਹ ਵੇਖਣਾ ਠੀਕ, ਠੀਕਰਾ ਭਰਮ ਦਏ ਭੰਨਾਈਆ। ਬਿਨ ਅਗਨੀ ਤੱਤ ਹੋਇਆ ਵਾਂਗ ਸੀਖ, ਸਿਖਰ ਚੋਟੀ ਚੜ੍ਹ ਕੇ ਅਲਖ ਜਗਾਈਆ। ਭਗਤ ਭਗਵਾਨ ਇਕ ਦੂਜੇ ਦੇ ਗੌਣ ਗੀਤ, ਘਰ ਸਾਚੇ ਵੱਜੇ ਵਧਾਈਆ। ਜਨ ਭਗਤਾਂ ਤੁਟੇ ਨਾਤਾ ਮੰਦਰ ਮਸੀਤ, ਘਰ ਮਿਲੇ ਸੱਚਾ ਮਾਹੀਆ। ਸਤਿਜੁਗ ਚਲੇ ਸਾਚੀ ਰੀਤ, ਸਤਿਗੁਰ ਪੂਰਾ ਆਪ ਚਲਾਈਆ। ਕਰੇ ਖੇਲ ਇਕ ਅਨਡੀਠ, ਚਾਰ ਬਾਣੀ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਆਪ ਕਰਾਈਆ। ਸਾਚਾ ਖੱਦਰ ਲਏ ਮੁੱਲ, ਕਰਤਾ ਕੀਮਤ ਆਪੇ ਪਾਇੰਦਾ। ਆਪੇ ਰੱਖੇ ਆਪਣੇ ਤੁਲ, ਦੂਜੇ ਹੱਟ ਨਾ ਕਿਸੇ ਵਿਕਾਇੰਦਾ। ਜਨ ਭਗਤਾਂ ਬਣਾਈ ਇਕੋ ਕੁਲ, ਦੂਜਾ ਬੰਸ ਨਾ ਕੋਇ ਵਧਾਇੰਦਾ। ਪੁਰਖ ਅਕਾਲ ਨਿਰਗੁਣ ਨੂਰ ਹੋਇਆ ਸੁਲਹਕੁਲ, ਚਾਰ ਜੁਗ ਦੇ ਵਿਛੜਿਆਂ ਸੁਲਹ ਆਪ ਕਰਾਇੰਦਾ। ਦਰ ਦਵਾਰੇ ਜੋ ਆਏ ਭੁੱਲ, ਤਿਸ ਆਪਣੇ ਰੰਗ ਰੰਗਾਇੰਦਾ। ਸਤਿਜੁਗ ਫੁਲਵਾੜੀ ਰਹੀ ਫੁਲ, ਹਰਿ ਜੂ ਬੂਟਾ ਆਪ ਉਗਾਇੰਦਾ। ਭਗਤ ਦੁਆਰਾ ਗਿਆ ਖੁਲ੍ਹ, ਹਰਿ ਜੂ ਭਗਤਾਂ ਪਿਛੇ ਫੇਰੀ ਪਾਇੰਦਾ। ਗੁਰਮੁਖ ਸੱਜਣ ਨਾ ਜਾਏ ਰੁਲ, ਲੋਕਮਾਤ ਆਪ ਉਠਾਇੰਦਾ। ਆਦਿ ਜੁਗਾਦਿ ਰਹੇ ਅਡੁਲ, ਨਾ ਡੋਲੇ ਨਾ ਕੋਇ ਡੁਲਾਇੰਦਾ। ਜਗਤ ਅੰਧੇਰ ਝੱਖੜ ਰਿਹਾ ਝੁਲ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਕੀਮਤ ਆਪੇ ਪਾਇੰਦਾ। ਖ਼ਰੀਦ ਖੱਦਰ ਕਰੇ ਪਰਖ, ਪਾਰਖੂ ਹਰਿ ਜੀ ਆਇਆ। ਨਾ ਕੋਈ ਸੋਗ ਨਾ ਕੋਈ ਹਰਖ, ਖੋਟੇ ਖਰੇ ਆਪਣੀ ਗੋਦ ਬਹਾਇਆ । ਜਿਸ ਜਨ ਉਪਰ ਕੀਤਾ ਤਰਸ, ਤਾਰ ਸਤਾਰ ਇਕ ਸੁਣਾਇਆ। ਜਨਮ ਜਨਮ ਦੀ ਮੇਟੀ ਹਰਸ, ਆਪਣਾ ਦਰਸ ਕਰਾਇਆ। ਅੰਮ੍ਰਿਤ ਮੇਘ ਇਕੋ ਬਰਸ, ਤ੍ਰਿਸ਼ਨਾ ਭੁੱਖ ਮਿਟਾਇਆ। ਗੁਰਸਿਖਾਂ ਪੂਰਾ ਕਰੇ ਹਰਜ, ਹਰਜਾਨਾ ਇਕੇ ਵਾਰ ਭਰਾਇਆ। ਆਪਣੇ ਕੋਲ ਲਿਆਂਦੇ ਕਲਜੁਗ ਮਾਇਆ ਵਿਚੋਂ ਵਰਜ, ਦਰ ਆਪਣਾ ਇਕ ਰਖਾਇਆ । ਨਿਰਗੁਣ ਕਰਨ ਆਇਆ ਆਪਣਾ ਪੂਰਾ ਫ਼ਰਜ਼, ਫ਼ਰਦ ਜ਼ੁਰਮ ਨਾ ਕੋਇ ਰਖਾਇਆ। ਵੇਖੋ ਖੇਲ ਕਰੇ ਅਸਚਰਜ, ਆਪਣਾ ਮਾਣ ਭਗਤਾਂ ਹੱਥ ਫੜਾਇਆ। ਆਪਣੇ ਖਾਤੇ ਕੀਤੇ ਦਰਜ, ਦਰਦੀ ਦਰਦ ਵੰਡਾਇਆ। ਜੁਗ ਚੌਕੜੀ ਦਾ ਲਾਹਿਆ ਕਰਜ਼, ਮਕਰੂਜ਼ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਕੀਮਤ ਇਕ ਵਖਾਇਆ। ਖੱਦਰ ਖ਼ਰੀਦ ਰੱਖੇ ਕੋਲ, ਹੱਟੋ ਹੱਟ ਨਾ ਕਦੇ ਵਿਕਾਈਆ। ਪੂਰਬ ਜਨਮ ਦਾ ਕੀਤਾ ਕੌਲ, ਇਕਰਾਰ ਰਿਹਾ ਨਿਭਾਈਆ । ਦੇਵੇ ਵਡਿਆਈ ਉਪਰ ਧੌਲ, ਧਰਨੀ ਚਰਨਾਂ ਹੇਠ ਰਖਾਈਆ। ਕਰ ਕਿਰਪਾ ਆਤਮ ਅੰਤਰ ਜਾਏ ਮੌਲ, ਮੌਲਾ ਆਪਣਾ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਮੰਦਰ ਬਣਾਇਆ ਭਗਤਨ ਬਸਤੀ, ਬਿਸਤਰਾ ਇਕ ਵਿਛਾਈਆ। ਆਪਣੀ ਮਿਟਾਏ ਹਰਿ ਜੂ ਹਸਤੀ, ਗੁਰਮੁਖਾਂ ਦਏ ਵਡਿਆਈਆ। ਗੁਰਸਿਖ ਤੇਰੀ ਮਾਇਆ ਸਸਤੀ, ਹਰਿ ਸੰਗਤ ਉੱਤੇ ਦਏ ਵਰਤਾਈਆ। ਸਦਾ ਸਦਾ ਚੜ੍ਹਾਏ ਮਸਤੀ, ਮਸਤ ਰੰਗ ਵਖਾਈਆ। ਸਾਹਿਬ ਠਾਕਰ ਇਕੋ ਸ਼ਕਤੀ, ਸ਼ਾਕਰ ਹੋ ਸਮਝਾਈਆ। ਸਤਿਜੁਗ ਚੁੱਕੇ ਕੋਇ ਨਾ ਅਰਥੀ, ਅਥਵਾ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਸਾਚੀ ਮਾਇਆ, ਆਪਣੀ ਬਰਸੀ ਉਤੇ ਲਗਾਈਆ। ਅੱਧੀ ਮਾਇਆ ਛੱਬੀ ਪੋਹ, ਜਨ ਭਗਤਾਂ ਭੋਜਨ ਆਪ ਛਕਾਇੰਦਾ। ਅੱਧੀ ਮਾਇਆ ਬਸਤਰ ਢੋ, ਢੋਆ ਚੰਦਨ ਆਪ ਮਹਿਕਾਇੰਦਾ। ਜਗਤ ਵਿਚੋਲਾ ਆਪੇ ਹੋ, ਸਾਚੀ ਸੇਵ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਬਣਾਇੰਦਾ। ਗੁਰਮੁਖ ਮਾਇਆ ਬਣੇ ਸਿੰਘਾਸਣ, ਸੰਖ ਆਪਣੇ ਹੱਥ ਰਖਾਈਆ। ਕਰੇ ਖੇਲ ਸ਼ਾਹੋ ਸ਼ਾਬਾਸਨ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜਨਮ ਜਨਮ ਦੀ ਪੂਰੀ ਕਰੇ ਆਸਨ, ਆਸ਼ਾ ਮਨਸ਼ਾ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਾਇਆ ਅੱਧ ਅੱਧ ਹਿੱਸਾ ਵੇਖੇ ਚਾਈਂ ਚਾਈਂਆ।