੨੫ ਮੱਘਰ ੨੦੧੮ ਬਿਕਰਮੀ ਠਾਕਰ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਨਿਰਗੁਣ ਰਚਿਆ ਆਪਣਾ ਕਾਜ, ਜਨ ਭਗਤਾਂ ਪੈਜ ਸਵਾਰ। ਨਾਮੇ ਤੇਰੀ ਰੱਖੀ ਲਾਜ, ਕਲਜੁਗ ਅੰਤਮ ਵਾਰ। ਵੇਸ ਵਟਾਇਆ ਗ਼ਰੀਬ ਨਿਵਾਜ਼, ਹਰਿਜਨ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਨਾਮੇ ਹਰਿ ਜੂ ਦਿਤਾ ਦੱਸ, ਦਹਿ ਦਿਸ਼ਾ ਦਏ ਵਖਾਈਆ। ਤੇਰੀ ਕਰੇ ਪੂਰੀ ਆਸ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਾਚੀ ਦਿਤੀ ਇਕੋ ਰਾਸ, ਨਿਰਗੁਣ ਆਪ ਵਰਤਾਈਆ। ਜਨ ਭਗਤਾਂ ਕਰੇ ਬੰਦ ਖ਼ੁਲਾਸ, ਬੰਧਨ ਆਪਣਾ ਆਪੇ ਪਾਈਆ। ਜਨਮ ਜਨਮ ਦੀ ਮਿਟਾਏ ਪਿਆਸ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮੇ ਝੋਲੀ ਪਾਈਆ। ਨਾਮੇ ਉਠ ਮਾਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਛੱਪਰੀ ਜਗਤ ਨਿਸ਼ਾਨ, ਭਗਤ ਦੁਆਰਾ ਆਪ ਸੁਹਾਇੰਦਾ। ਨਿਰਗੁਣ ਵੇਖੇ ਆਪੇ ਆਣ, ਭੇਵ ਕੋਇ ਨਾ ਪਾਇੰਦਾ। ਜਿਸ ਜਨ ਦੇਵੇ ਆਪ ਗਿਆਨ, ਤਿਸ ਆਪਣੀ ਬੂਝ ਬੁਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਆਇੰਦਾ। ਚਾਰੇ ਖਾਣੀ ਬਾਣੀ ਨੈਣ ਸ਼ਰਮਾਣ, ਨੇਤਰ ਨੈਣ ਨਾ ਕੋਈ ਉਠਾਇੰਦਾ। ਮਾਣ ਤੁਟਾ ਜਗਤ ਗਿਆਨ, ਧਿਆਨ ਧਿਆਨ ਨਾ ਕੋਈ ਜਣਾਇੰਦਾ। ਰਸਨਾ ਬੋਲੇ ਨਾ ਕੋਈ ਜ਼ਬਾਨ, ਜ਼ਰਾ ਜ਼ਰਾ ਸਰਬ ਕਟਾਇੰਦਾ। ਅੰਤਮ ਸਭ ਦੀ ਵੇਖੇ ਕਲਿਆਣ, ਦੋ ਜਹਾਨਾਂ ਫੋਲ ਫੁਲਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਆਪਣੇ ਦਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਇੰਦਾ। ਦਰਦੀਆਂ ਦਰਦ ਵੰਡੇ ਆਣ, ਦੁੱਖ ਦਰਦ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਛੱਪਰ ਲੇਖੇ ਲਾਇੰਦਾ। ਨਾਮੇ ਤੇਰਾ ਇਕੋ ਛੱਪਰ, ਤੈਨੂੰ ਦਏ ਵਡਿਆਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਆਪਣਾ ਵੇਖੇ ਏਕਾ ਟੱਬਰ, ਬਹੱਤਰ ਭਗਤ ਮੇਲ ਮਿਲਾਈਆ। ਨਾਲ ਰਲਾ ਕੇ ਸਿੰਘ ਸ਼ੇਰ ਬੱਬਰ, ਏਕਾ ਭਬਕ ਰਿਹਾ ਲਗਾਈਆ। ਨੇਤਰ ਰੋਵਣ ਜ਼ਿਮੀਂ ਅਸਮਾਨ ਅੰਬਰ, ਨੀਰ ਨੀਰ ਵਹਾਈਆ। ਧੀਰਜ ਕਰੇ ਨਾ ਕੋਈ ਸਬਰ, ਸਫ਼ਾ ਸਭ ਦੀ ਰਿਹਾ ਉਠਾਈਆ। ਨਿਰਗੁਣ ਹੋ ਕੇ ਲੱਗਾ ਮਗਰ, ਨਜ਼ਰ ਕਿਸੇ ਨਾ ਆਈਆ। ਉਚੇ ਟਿਬਿਉਂ ਕਰੇ ਪੱਧਰ, ਜਨ ਭਗਤਾਂ ਕਰੇ ਸਫਾਈਆ। ਜਨ ਭਗਤਾਂ ਪੂਰੀ ਕਰੇ ਸਧਰ, ਸਾਖਯਾਤ ਦਰਸ ਦਿਖਾਈਆ। ਦਰ ਘਰ ਆਇਆਂ ਦੇਵੇ ਆਦਰ, ਆਦਰਸ਼ ਇਕ ਜਣਾਈਆ। ਲੇਖੇ ਲੱਗਾ ਖੂਨ ਤੇਗ ਬਹਾਦਰ ਹਰਿ ਬਹਾਦਰੀ ਰਿਹਾ ਵਖਾਈਆ। ਗੋਬਿੰਦ ਸੂਰਾ ਬਣ ਬਣ ਸਾਗਰ, ਗੁਰਮੁਖ ਸਰੋਵਰ ਰਿਹਾ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਉਠ ਨਾਮੇ ਨੇਤਰ ਖੋਲ੍ਹ, ਨੈਣ ਨੈਣਾਂ ਆਪ ਜਣਾਈਆ। ਚਾਰੋਂ ਕੁੰਟ ਵੱਜਾ ਢੋਲ, ਲੱਖ ਚੁਰਾਸੀ ਰਿਹਾ ਸੁਣਾਈਆ। ਪਾਰਬ੍ਰਹਮ ਪ੍ਰਭ ਬੋਲਿਆ ਬੋਲ, ਜਨ ਭਗਤਾਂ ਰਿਹਾ ਸੁਣਾਈਆ। ਜਿਸ ਦੇ ਪਿਛੇ ਸ੍ਰਿਸ਼ਟ ਸਬਾਈ ਨਾਲ ਕਰਦੇ ਰਹੇ ਘੋਲ, ਸੋ ਗੁਰਮੁਖਾਂ ਉਤੋਂ ਆਪਾ ਆਪ ਘੋਲ ਵਖਾਈਆ। ਨਿਰਗੁਣ ਬਣ ਬਣ ਵਸੇ ਕੋਲ, ਸਰਗੁਣ ਲਏ ਮਿਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਦਾ ਰਿਹਾ ਪਰਦਾ ਓਹਲ, ਕਲਜੁਗ ਦੇਵੇ ਲਾਹੀਆ। ਲੱਖ ਚੁਰਾਸੀ ਆਪ ਵਿਰੋਲ, ਹਰਿਜਨ ਸਾਚੇ ਲਏ ਕਢਾਈਆ। ਏਥੇ ਓਥੇ ਰੱਖੇ ਅਡੋਲ, ਅਡੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਏਕਾ ਗੁਣ ਜਣਾਈਆ। ਨਾਮਾ ਅੱਗੋਂ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਤੂੰ ਜੁਗ ਜੁਗ ਭਗਤਾਂ ਕੋਲੋਂ ਆਇਆ ਨੱਸ, ਛਿੰਨ ਛਿੰਨ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਗਿਆ ਫਸ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਆਪਣੀ ਕਰਨੀ ਗਿਆ ਢੱਠ, ਕਰਤਾ ਪੁਰਖ ਆਪਣਾ ਜ਼ੋਰ ਨਾ ਕੋਇ ਜਣਾਇੰਦਾ। ਜੁਗ ਜੁਗ ਕਰਦਾ ਰਿਹਾ ਹਠ, ਸਗਲਾ ਸੰਗ ਨਾ ਕਦੇ ਨਿਭਾਇੰਦਾ। ਭਗਤ ਤੇਰੀ ਮਾਲਾ ਰਹੇ ਰਟ, ਰਟ ਰਟ ਪੰਧ ਨਾ ਕੋਇ ਮੁਕਾਇੰਦਾ। ਕਲਜੁਗ ਖੇਲ ਕੀਆ ਸਮਰਥ, ਸਮਰਥ ਧਾਰ ਚਲਾਇੰਦਾ। ਜੁਗ ਜਨਮ ਦੇ ਵਿਛੜੇ ਲਏ ਰੱਖ, ਆਪ ਆਪਣਾ ਰੰਗ ਰੰਗਾਇੰਦਾ। ਕਰ ਕਿਰਪਾ ਮੇਲਿਆ ਹੱਥ ਨਾਲ ਹੱਥ, ਹੱਥੋ ਹੱਥ ਖੇਲ ਕਰਾਇੰਦਾ। ਇਕ ਸੁਣਾਈ ਸਾਚੀ ਗਾਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਇਕ ਵਖਾਇਆ ਤੀਰਥ ਤਟ, ਸਰ ਸਰੋਵਰ ਆਪ ਨੁਹਾਇੰਦਾ। ਨਿਰਗੁਣ ਰੂਪ ਹੋ ਪਰਗਟ, ਪ੍ਰਭ ਆਪਣਾ ਵੇਸ ਵਟਾਇੰਦਾ । ਜਨ ਭਗਤ ਦੁਆਰਾ ਖੋਲ੍ਹ ਹੱਟ, ਸਾਚਾ ਵਣਜ ਨਾਮ ਕਰਾਇੰਦਾ। ਗੁਰ ਦਰ ਮੰਦਰ ਮਸਜਿਦ ਜਾਣੇ ਢੱਠ, ਵੇਲੇ ਅੰਤ ਨਾ ਕੋਇ ਬਚਾਇੰਦਾ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਅੰਤਮ ਬਣਨੇ ਸਾਰੇ ਜੱਟ, ਜਾਬਰ ਆਪਣਾ ਜੋਰ ਵਖਾਇੰਦਾ। ਮਣਕਾ ਮਣਕਾ ਮਾਲਾ ਕੋਈ ਨਾ ਲਏ ਰਟ, ਅਠੋਤਰੀ ਇਕੋਤਰੀ ਨਾ ਗਣਤ ਗਣਾਇੰਦਾ। ਡੂੰਘੇ ਖਾਤੇ ਦੇਵੇ ਸੱਟ, ਫੇਰ ਬਾਹਰ ਨਾ ਕੋਇ ਕਢਾਇੰਦਾ। ਏਕਾ ਨਾਮ ਦੇਵੇ ਵੱਥ, ਆਤਮ ਪਰਮਾਤਮ ਰੰਗ ਰੰਗਾਇੰਦਾ। ਚਾਰ ਜੁਗ ਚਲੇ ਜਸ, ਜਸ ਵੇਦ ਪੁਰਾਨ ਅਲਾਇੰਦਾ। ਸਭ ਦੀ ਕਰਨੀ ਲਏ ਖਸ, ਕਰਤਾ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਕਹਿ ਕਹਿ ਗਏ ਬਸ ਬਸ, ਬਸਤਾ ਸਭ ਦਾ ਆਪ ਬੰਧਾਇੰਦਾ। ਲਿਖ ਲਿਖ ਮਾਰਗ ਗਏ ਦੱਸ, ਅੱਗੇ ਹੋ ਨਾ ਕੋਇ ਉਠਾਇੰਦਾ। ਪੰਜ ਤੱਤ ਕਾਇਆ ਚੋਲਾ ਛੱਡ ਕੇ ਗਏ ਨੱਠ, ਮੁੜ ਕੇ ਫੇਰ ਕੋਇ ਨਾ ਆਇੰਦਾ। ਨਾਨਕ ਕਹਿ ਕੇ ਗਿਆ ਅੰਗਦ ਚਰਨੀ ਜਾਣਾ ਢੱਠ, ਅੰਗਦ ਅਮਰਦਾਸ ਰਾਹ ਵਖਾਇੰਦਾ। ਅਮਰਦਾਸ ਰਾਮਦਾਸ ਵਸੇ ਘਟ ਘਟ, ਜੋਤੀ ਜੋਤ ਜੋਤ ਜਗਾਇੰਦਾ। ਰਾਮ ਦਾਸ ਅਰਜਣ ਲਾਈ ਅਨਹਦ ਸੱਟ, ਸ਼ਬਦੀ ਸ਼ਬਦ ਤਾਲ ਵਜਾਇੰਦਾ। ਅਰਜਨ ਗੋਬਿੰਦ ਅੰਦਰ ਹੋ ਪਰਤੱਖ, ਹਰਿ ਗੋਬਿੰਦ ਖੇਲ ਕਰਾਇੰਦਾ। ਹਰਿਗੋਬਿੰਦ ਹਰਿਰਾਏ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਹਰਿਰਾਏ ਹਰਿਕ੍ਰਿਸ਼ਨ ਹੋਇਆ ਵਸ, ਪੰਜ ਤੱਤ ਕਾਇਆ ਵੰਡ ਵੰਡਾਇੰਦਾ। ਹਰਿਕ੍ਰਿਸ਼ਨ ਤੇਗ਼ ਬਹਾਦਰ ਅੰਦਰ ਗਿਆ ਡਟ, ਸ੍ਰਿਸ਼ਟ ਸਬਾਈ ਰਾਹ ਚਲਾਇੰਦਾ। ਤੇਗ਼ ਬਹਾਦਰ ਆਪਣੀ ਵਸਤ ਪੁਰਖ ਅਕਾਲ ਦੀ ਝੋਲੀ ਘੱਤ, ਲੱਖ ਲੱਖ ਸ਼ੁਕਰ ਮਨਾਇੰਦਾ। ਗੋਬਿੰਦ ਕਹੇ ਪੁਰਖ ਸਮਰਥ, ਅਜੂਨੀ ਰਹਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚਾ ਖੇਲ ਵੇਖ ਨਾਮੇ, ਨਿਰਗੁਣ ਆਪ ਵਖਾਈਆ। ਤੇਰੇ ਪਿਛੇ ਬਹੱਤਰ ਜਾਮੇ, ਜਨ ਭਗਤ ਲਏ ਉਠਾਈਆ। ਆਪੇ ਰੱਖੇ ਆਪਣੇ ਖਾਨੇ, ਦਰ ਆਪਣੇ ਬੰਦ ਕਰਾਈਆ। ਆਪ ਸੁਣਾਏ ਆਪਣੇ ਗਾਣੇ, ਗਾਵਣਹਾਰ ਆਪ ਹੋ ਜਾਈਆ। ਇਕ ਸਤਾਰ ਵਜਾਏ ਜਿਉਂ ਨਾਨਕ ਸੰਗ ਮਰਦਾਨੇ, ਮਰਦ ਮਰਦਾਨਗੀ ਆਪ ਵਖਾਈਆ। ਗੋਬਿੰਦ ਸੁੱਟ ਕੇ ਗਿਆ ਤਿੰਨ ਕਾਂਨੇ, ਤਿੰਨਾਂ ਤੱਤਾਂ ਅਗਨੀ ਲਾਈਆ। ਵੇਲੇ ਅੰਤ ਨਾ ਕੋਇ ਪਛਾਣੇ, ਨਦੇੜ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵਾਨੇ, ਕਲਜੁਗ ਅੰਤਮ ਵੇਸ ਵਟਾਈਆ। ਮੇਰਾ ਰੱਖੇ ਸੱਚਾ ਮਾਣੇ, ਅਭਿਮਾਨ ਦਏ ਗਵਾਈਆ। ਤਖ਼ਤੋਂ ਲਾਹੇ ਰਾਜੇ ਰਾਣੇ, ਸਭ ਰੱਯਤ ਲਏ ਬਣਾਈਆ। ਗੁਰ ਅਵਤਾਰ ਚਲਾਏ ਆਪਣੇ ਭਾਣੇ, ਜੁਗ ਜੁਗ ਲੇਖਾ ਵੇਖ ਵਖਾਈਆ। ਜਨ ਭਗਤਾਂ ਕਰੇ ਆਪ ਪਛਾਣੇ, ਵੇਖਣਹਾਰਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਨਾਮਾ ਕਹੇ ਤੂੰ ਬੇਪਰਵਾਹ, ਤੇਰਾ ਅੰਤ ਕੋਇ ਨਾ ਪਾਇੰਦਾ। ਜਲ ਥਲ ਖੇਲ ਤੇਰਾ ਅਸਗਾਹ, ਸਮੁੰਦ ਸਾਗਰ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਵਟਾ, ਰੂਪ ਅਨੂਪ ਆਪ ਧਰਾਇੰਦਾ। ਗਗਨ ਗਗਨੰਤਰ ਸੋਭਾ ਪਾ, ਰਵ ਸਸ ਨੂਰ ਚਮਕਾਇੰਦਾ। ਬ੍ਰਹਿਮੰਡ ਖੰਡ ਵਸਾ, ਆਪਣਾ ਆਸਣ ਲਾਇੰਦਾ। ਲੋਕਮਾਤ ਜੋਤ ਜਗਾ, ਵਰਭੰਡੀ ਵੇਖ ਵਖਾਇੰਦਾ। ਜੇਰਜ ਅੰਡੀ ਫੇਰਾ ਪਾ, ਉਤਭੁਜ ਸੇਤਜ ਰੰਗ ਚੜ੍ਹਾਇੰਦਾ। ਜਨ ਭਗਤਾਂ ਵਾਸਨਾ ਗੰਦੀ ਦਏ ਕਢਾ, ਏਕਾ ਆਪਣਾ ਨਾਮ ਪੜ੍ਹਾਇੰਦਾ। ਸਾਚੀ ਚੰਡੀ ਇਕ ਚਮਕਾ, ਚੰਡ ਚੰਡੋਲ ਮੁਕਾਇੰਦਾ। ਆਤਮਾ ਰੰਡੀ ਲਏ ਪਰਨਾ, ਆਪਣੇ ਅੰਗ ਲਗਾਇੰਦਾ। ਡੂੰਘੀ ਕੰਢੀ ਪਾਰ ਕਰਾ, ਡੂੰਘਾ ਸਾਗਰ ਵੇਖ ਵਖਾਇੰਦਾ। ਥੱਕੀ ਮਾਂਦੀ ਗਲੇ ਲਗਾ, ਜਨਮ ਜਨਮ ਦੇ ਰੋਗ ਗਵਾਇੰਦਾ। ਬਣ ਬਣ ਪਾਂਧੀ ਪੰਧ ਮੁਕਾ, ਆਪਣੀ ਮੰਜ਼ਲ ਆਪ ਵਖਾਇੰਦਾ। ਜਗਤ ਸੁਹਾਗੀ ਛੰਦ ਏਕਾ ਗਾ, ਸੰਸਾ ਰੋਗ ਮਿਟਾਇੰਦਾ। ਬੰਦੀਖ਼ਾਨਾ ਆਪ ਤੁੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਬਹਾਇੰਦਾ। ਨਾਮੇ ਵੇਖ ਸਚ ਮਹੱਲਾ, ਹਰਿ ਸਾਚੇ ਆਪ ਬਣਾਇਆ। ਭਗਤਾਂ ਜੋਤੀ ਆਪੇ ਰਲਾ, ਜੋਤੀ ਜੋਤ ਜੋਤ ਸਮਾਇਆ। ਸਚ ਸੰਦੇਸ਼ ਇਕੋ ਘੱਲਾ, ਨਰ ਨਰੇਸ਼ ਆਪ ਸੁਣਾਇਆ। ਕਲਜੁਗ ਅੰਤਮ ਫੜ ਫੜ ਪੱਲਾ, ਆਪਣੇ ਨਾਲ ਬੰਧਾਇਆ। ਜਨਮ ਜਨਮ ਦਾ ਮੇਟਿਆ ਸਲਾ, ਸੰਸਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਵਖਾਇਆ। ਸਾਚਾ ਦਰ ਖੋਲ੍ਹ ਦੁਆਰ, ਦਾਮਨਗੀਰ ਦਇਆ ਕਮਾਈਆ। ਆਲਮਗੀਰ ਨਾ ਕਰੇ ਕੋਇ ਵਿਚਾਰ, ਉਲਮਾ ਇਲਮ ਨਾ ਕੋਇ ਵਖਾਈਆ। ਕਰੇ ਖੇਲ ਆਪ ਕਰਤਾਰ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਸਚ ਮਹੱਲਾ ਕਰ ਤਿਆਰ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਹਰਿਜਨ ਸਾਚੇ ਵਿਚ ਬਠਾਲ, ਪਹਿਰੇਦਾਰ ਆਪ ਹੋ ਜਾਈਆ। ਨੇੜ ਨਾ ਆਏ ਕਿਸੇ ਕਾਲ, ਜਮ ਕਾਲ ਨਾ ਕੋਇ ਸਜਾਈਆ। ਸਦਾ ਸਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਆਪ ਸਫਾਈਆ। ਜਨ ਭਗਤਾਂ ਦੇਵੇ ਆਪ ਜ਼ਮਾਨਤ, ਸਾਚੀ ਜ਼ਿਮਨੀ ਆਪ ਭਰਾਇੰਦਾ। ਕੂੜੀ ਕਿਰਿਆ ਨਾ ਕੋਇ ਅਲਾਮਤ, ਜੂਠ ਝੂਠ ਨਾ ਕੋਇ ਵਖਾਇੰਦਾ। ਚਾਰ ਜੁਗ ਦੀ ਕਰੀ ਨਾ ਕੋਈ ਖਿਆਨਤ, ਸਾਚੀ ਵਸਤ ਆਪ ਵਖਾਇੰਦਾ। ਲੱਖ ਚੁਰਾਸੀ ਦੇਵੇ ਲਾਹਨਤ, ਲਾਹਨਤ ਤੌਕ ਗਲ ਬੰਧਾਇੰਦਾ। ਮਨਮੁਖ ਜੀਵ ਹੋਏ ਬੇਪਹਿਚਾਨਤ, ਪਹਿਚਾਨ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਭਗਤਾਂ ਦੇਵੇ ਆਪ ਸਫ਼ਾਈ, ਸਫ਼ਾ ਸਭ ਦੀ ਰਿਹਾ ਉਠਾਈਆ। ਆਪਣੀ ਅਦਾਲਤ ਆਪੇ ਦੇਵੇ ਗਵਾਹੀ, ਕੋਈ ਲਿਖੇ ਨਾ ਕਲਮ ਸ਼ਾਹੀਆ। ਇਕੋ ਵਾਰ ਲਹਿਣਾ ਦਏ ਚੁਕਾਈ, ਪਿਛਲਾ ਜੁਰਮ ਨਾ ਕੋਈ ਵਖਾਈਆ। ਜਨਮ ਜਨਮ ਦੀ ਫਾਂਸੀ ਦਏ ਕਟਾਈ, ਰੱਸਾ ਆਪਣੀ ਹੱਥੀਂ ਆਪ ਵਢਾਈਆ। ਬਹੱਤਰ ਸੱਤਰ ਚੁਹੱਤਰ ਮੇਲ ਮਿਲਾਵਾ ਸਕੇ ਭਾਈ, ਇਕੋ ਪਿਤਾ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਨਾਲ ਮਿਲਾਈਆ। ਜਨ ਭਗਤਾਂ ਅੰਤਮ ਕਰੇ ਇਨਸਾਫ, ਵਾਅਦਾ ਖਲਾਫ਼ ਨਾ ਕਦੇ ਅਖਵਾਇੰਦਾ। ਲੱਖ ਚੁਰਾਸੀ ਦੋ ਜਹਾਨਾਂ ਅੰਦਰ ਕਰਕੇ ਆਇਆ ਸ਼ਗਾਫ਼, ਆਪਣਾ ਰਾਹ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਸਾਧ ਸੰਤ ਜੀਵ ਜੰਤ ਕਿਸੇ ਨਾ ਆਵੇ ਭਾਖਿਆ ਭਾਖ, ਅਨੁਭਵ ਦ੍ਰਿਸ਼ਟੀ ਕੋਇ ਨਾ ਵੇਖ ਵਖਾਇੰਦਾ। ਸਾਰੇ ਵਿਕੇ ਕਲਜੁਗ ਹਾਟ, ਕੀਮਤ ਕਰਤਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤਾਂ ਕਰੇ ਸਾਚਾ ਅਦਲ, ਅਦਲੀ ਅਦਲ ਕਮਾਇਆ। ਜੁਗ ਜੁਗ ਔਂਦਾ ਰਿਹਾ ਬਦਲ ਬਦਲ, ਆਪਣੀ ਬਦਲੀ ਆਪਣੇ ਹੱਥ ਰਖਾਇਆ। ਆਪੇ ਜਾਣੇ ਆਪਣੀ ਮੰਜ਼ਲ, ਮਕਸੂਦ ਆਪਣਾ ਡੇਰਾ ਲਾਇਆ। ਕਰ ਕਿਰਪਾ ਜਿਸ ਨੂੰ ਪਾਵੇ ਆਪਣਾ ਕੱਜਲ, ਤਿਸ ਨੇਤਰ ਦਏ ਖੁਲ੍ਹਾਇਆ। ਕੋਟਨ ਕੋਟ ਕਰ ਕੇ ਪਜ਼ਲ, ਅੰਤਮ ਮੂੰਹ ਦੇ ਭਾਰ ਸੁਟਾਇਆ। ਖ਼ਾਲੀ ਕੀਤੇ ਵਾਂਗ ਵੰਝਲ, ਸਾਚਾ ਨਾਅਰਾ ਨਾ ਕੋਇ ਸੁਣਾਇਆ। ਇਕੋ ਰੱਖੀ ਆਪਣੀ ਆਂਝਲ, ਮਾਇਆ ਮਮਤਾ ਮੋਹ ਵਧਾਇਆ। ਆਪਣੇ ਘਰ ਲਾਗੇ ਝੂਠੀ ਕਿਰਿਆ ਰਹਿਣ ਨਾ ਦੇਵੇ ਗਵਾਂਢਣ, ਦੂਰ ਦੁਰਾਡੀ ਦਏ ਧਕਾਇਆ। ਗੁਰਮੁਖ ਨਾਰ ਹੋਏ ਸੁਹਾਗਣ, ਜਿਸ ਪਤਿਪਰਮੇਸ਼ਵਰ ਇਕ ਪਰਨਾਇਆ। ਅੱਠੇ ਪਹਿਰ ਰਹੇ ਵੈਰਾਗਣ, ਬਿਰਹੋਂ ਤੱਤ ਇਕ ਜਣਾਇਆ। ਗੀਤ ਗਾਏ ਸਦਾ ਸੁਹਾਗਣ, ਗੋਬਿੰਦ ਢੋਲਾ ਇਕ ਅਲਾਇਆ। ਮੇਰਾ ਸਾਹਿਬ ਸੁਣੇ ਮੇਰੀ ਫ਼ਰਯਾਦਨ, ਨਿਰਗੁਣ ਨਿਉਂ ਨਿਉਂ ਚਰਨਾਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਲਏ ਸਾਲਾਹਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਇਆ।
