Granth 11 Likhat 018: 19 Maghar 2018 Bikarmi Kishan Singh de Navit Pind Allarh Pindi Jila Gurdaspur

੧੯ ਮੱਘਰ ੨੦੧੮ ਬਿਕਰਮੀ ਕਿਸ਼ਨ ਸਿੰਘ ਦੇ ਨਵਿਤ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਫੜਿਆ ਦਾਮਨ ਜਾਏ ਛੁੱਟ, ਛੁੱਟੀ ਜਗਤ ਵਲੋਂ ਦਵਾਈਆ। ਸਚਖੰਡ ਦਾ ਬੂਟਾ ਪੁੱਟ, ਲੋਕਮਾਤ ਲਹਿਰਾਈਆ। ਸਾਹਿਬ ਸਤਿਗੁਰ ਆਪੇ ਤੁਠ, ਪੂਰਨ ਬੂਝ ਬੁਝਾਈਆ। ਗੰਗਾ ਕੰਗਣ ਜੋ ਖ਼ਾਦਾ ਲੁੱਟ, ਲੁੱਟੀ ਵਸਤ ਲਏ ਕਢਾਈਆ। ਰਵਦਾਸ ਚੁਮਿਆਰਾ ਆਸਣ ਪੁੱਟ, ਸਚ ਖ਼ਜ਼ਾਨਾ ਦਏ ਵਖਾਈਆ। ਸ਼ਾਹ ਪਾਤਸ਼ਾਹ ਰਹੇ ਕੁੱਟ, ਖਲੜੀ ਖੱਲ ਲੁਹਾਈਆ। ਬਿਨ ਹਰਿ ਨਾਮੇ ਖ਼ਾਲੀ ਬੁੱਤ, ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੱਲੂ ਨਾਮ ਫੜਾਈਆ। ਸਾਚਾ ਪੱਲੂ ਫੜਿਆ ਲੜ, ਬੰਧਨ ਏਕਾ ਇਕੋ ਪਾਈਆ। ਠੱਗ ਚੋਰ ਯਾਰ ਚੁੱਕੇ ਡਰ, ਭੈ ਭਿਆਨਕ ਨਜ਼ਰ ਨਾ ਆਈਆ। ਅਗਨੀ ਗਿਆ ਸੜ, ਹਵਨ ਕੁੰਡ ਤਪਾਈਆ। ਜਨਮ ਜਨਮ ਲੋਕਮਾਤ ਗਿਆ ਮਰ, ਮਰ ਮਰ ਜਨਮ ਵਿਚ ਬਦਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ, ਪੜ੍ਹ ਪੜ੍ਹ ਆਪਣਾ ਵਕਤ ਲੰਘਾਈਆ। ਆਵਣ ਜਾਵਣ ਖੇਲ ਕਰ, ਜੂਨ ਅਜੂਨ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਮਨ ਇਕ ਵਖਾਈਆ। ਸਾਚਾ ਦਾਮਨ ਦਾਮਨਗੀਰ, ਦਰਦੀ ਦਰਦ ਵੰਡਾਇੰਦਾ। ਚੋਰਾਂ ਯਾਰਾਂ ਠੱਗਾਂ ਕੱਟੇ ਭੀੜ, ਔਜੜ ਰਾਹ ਪੰਧ ਮੁਕਾਇੰਦਾ। ਨਾਮ ਅਨਡਿਠੜਾ ਮਾਰ ਜ਼ੰਜੀਰ, ਆਪਣਾ ਬੰਧਨ ਬੰਦ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਮਨ ਆਪ ਫੜਾਇੰਦਾ। ਦਾਮਨ ਫੜਿਆ ਕਵਣ ਜੋਰ, ਜ਼ੋਰੂ ਨਾਲ ਰਲਾਈਆ। ਪੂਰਬ ਜਾਮਾ ਠੱਗ ਚੋਰ, ਨੌਂ ਨੌਂ ਜਨਮ ਰਿਹਾ ਧਿਆਈਆ। ਮਾਤ ਗਰਭ ਡਰ ਡਰ ਅੰਧ ਘੋਰ, ਧੂਣੀ ਅਗਨ ਤਪਾਈਆ। ਕਰੇ ਪੁਕਾਰ ਮੇਰੀ ਤੋਹੇ ਲੋੜ, ਤੁਧ ਬਿਨ ਅਵਰ ਨਾ ਕੋਈ ਸਹਾਈਆ। ਮੈਂ ਪਤੰਗਾ ਤੂੰ ਸਾਚੀ ਡੋਰ, ਤੁਧ ਬਿਨ ਅਵਰ ਨਾ ਕੋਈ ਉਡਾਈਆ। ਮੈਂ ਠੱਗ ਨਿਮਾਣਾ ਝੂਠਾ ਚੋਰ, ਚੋਰੀ ਤੇਰਾ ਕੰਗਨ ਕਰਾਈਆ। ਗ਼ਰੀਬਾਂ ਨਾਲ ਨਾ ਰੱਖਿਆ ਖੋਰ, ਨਿਥਾਵਿਆਂ ਦਿਤੀ ਨਾ ਕੋਈ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਾਮਨ ਵੇਖ ਵਖਾਈਆ। ਨਾ ਕੋਈ ਕੀਤਾ ਕੂੜ ਵਿਹਾਰਾ, ਕੂੜੀ ਕਿਰਿਆ ਨਾ ਕੋਈ ਕਮਾਈਆ। ਤੇਰਾ ਕੰਗਨ ਲੁਟਿਆ ਦਿਨ ਦਿਹਾੜਾ, ਆਪ ਆਪਣਾ ਬਲ ਰਖਾਈਆ । ਗੰਗਾ ਗੰਗੋਤਰੀ ਕਰਿਆ ਪਿਆਰਾ, ਚੁਮਿਆਰਾ ਰਿਹਾ ਸੁਣਾਈਆ। ਓਸ ਇਕ ਕਸੀਰਾ ਦਿਤਾ ਕਰ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਚੁਮਿਆਰ ਕਸੀਰਾ ਦਿਤਾ ਹੱਥ, ਬਹਿ ਆਪਣਾ ਆਸਣ ਲਾਇਆ। ਮੈਂ ਗੰਗਾ ਮਾਤਾ ਦਿਤਾ ਦੱਸ, ਅੱਗੇ ਭੇਟ ਚੜ੍ਹਾਇਆ। ਉਸ ਅੱਗੋਂ ਕੱਢਿਆ ਆਪਣਾ ਹੱਥ, ਸਮਰਥ ਖੇਲ ਕਰਾਇਆ। ਨੱਕ ਵੇਖ ਸੁਹਾਗ ਨੱਥ, ਸੋਹਣਾ ਜੋਬਨ ਮੈਂ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇਆ। ਗੰਗਾ ਹੱਥ ਦਿਤਾ ਉਲਾਰ, ਜੋਬਨ ਆਪਣਾ ਆਪ ਪਰਗਟਾਈਆ। ਮੇਰੇ ਭਗਤ ਦਾ ਇਕ ਪਿਆਰ, ਮੇਰੇ ਤਨ ਸਮਾਈਆ। ਮੇਰੇ ਤਨ ਦਾ ਸਚ ਸ਼ਿੰਗਾਰ, ਭਗਤ ਰੰਗ ਵਖਾਈਆ। ਤੂੰ ਵਿਚੋਲਾ ਬਣਿਆ ਵਿਚ ਸੰਸਾਰ, ਸਾਚੀ ਸਿਖਿਆ ਇਕ ਸਮਝਾਈਆ। ਬਨਾਰਸ ਥੇਟਾ ਪੌਣੀ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਬ੍ਰਹਿਮਣ ਕਹੇ ਸੁਣ ਗੰਗਾ ਮਾਤ, ਏਕਾ ਵਾਰ ਸੁਣਾਇਆ। ਚੁਮਿਆਰ ਦਿਤੀ ਕਸੀਰਾ ਦਾਤ, ਸੋ ਤੇਰੀ ਝੋਲੀ ਪਾਇਆ। ਮੈਂ ਦੂਰ ਦੁਰਾਡੀ ਕੱਟ ਕੇ ਆਇਆ ਵਾਟ, ਤੇਰਾ ਪੰਧ ਮੁਕਾਇਆ। ਮੇਰਾ ਪੂਰਾ ਕਰੇ ਕਵਣ ਘਾਟ, ਪਿਛੇ ਪੁੱਤਰ ਧੀਆਂ ਰਿਹਾ ਤਰਸਾਇਆ। ਮੈਂ ਮੰਗਾ ਤੇਰੀ ਨੱਥ ਦਾ ਇਕ ਬਲਾਕ, ਦਰ ਸਾਚਾ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸ਼ਾਂਗ ਆਪ ਵਰਤਾਇਆ। ਮੇਰੇ ਬਲਾਕ ਮੇਰੀ ਨੱਥ, ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਮੈਂ ਭਗਤਾਂ ਵਸ, ਆਦਿ ਸ਼ਕਤ ਰੂਪ ਵਟਾਈਆ। ਤੂੰ ਆਪਣੀ ਇਛਿਆ ਆਇਆ ਦੱਸ, ਜਗਤ ਵਾਸ਼ਨਾ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਵਸਤ ਤੇਰੀ ਝੋਲੀ ਪਾਈਆ। ਕਵਣ ਵਸਤ ਮੇਰੀ, ਮੋਹੇ ਦੇਣਾ ਬਤਲਾਈਆ। ਜਗਤ ਮਾਤ ਨਾ ਕਰ ਡੇਰੀ, ਢਹਿ ਪਿਆ ਸ਼ਰਨਾਈਆ। ਰਵਦਾਸ ਚੁਮਿਆਰੇ ਕੌਡੀ ਇਕ ਬਥੇਰੀ, ਕੰਗਨ ਕੰਮ ਕਿਸੇ ਨਾ ਆਈਆ। ਢੋਏ ਢੋਰ ਚਮੜੀ ਰਿਹਾ ਉਧੇੜੀ, ਪਾਣਾ ਗੰਢਣ ਸੇਵ ਕਮਾਈਆ। ਉਸ ਦੀ ਗੱਲ ਦੱਸਾਂ ਕਿਹੜੀ ਕਿਹੜੀ, ਮੂੰਹ ਚਮੜੇ ਨਾਲ ਛੁਹਾਈਆ। ਦੰਦਾਂ ਨਾਲ ਖਿੱਚੇ ਡੋਰੀ, ਖਿੱਚ ਖਿੱਚ ਤੋਪਾ ਲਾਈਆ। ਮੈਂ ਵਾਰਨੇ ਗਿਆ ਕਰ ਕੇ ਆਇਆ ਢੇਰੀ, ਲਹਿਣਾ ਦੇਣਾ ਹਿਸਾਬ ਮੁਕਾਈਆ। ਮੈਂ ਆਪਣੇ ਪਿਛੇ ਮਾਰੀ ਫੇਰੀ, ਰਵਦਾਸ ਪਿਛੇ ਨਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਗੰਗਾ ਕਹੇ ਤੂੰ ਦੱਸਿਆ ਸੱਚ, ਮੈਂ ਤੇਰਾ ਸ਼ੁਕਰ ਮਨਾਇਆ। ਧੰਨ ਭਾਗ ਮੇਰੀ ਪੂਰੀ ਕਰੀ ਆਸ, ਭਗਤ ਕਸੀਰਾ ਮੇਰੀ ਝੋਲੀ ਪਾਇਆ। ਮੈਂ ਜੁਗ ਜੁਗ ਰੱਖਾਂ ਆਪਣੇ ਪਾਸ, ਤਨ ਆਪਣੇ ਨਾਲ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧੰਦਾ ਆਪ ਵਖਾਇਆ। ਭਗਤ ਕਸੀਰਾ ਤੇਰੇ ਹੱਥ, ਤੇਰੀ ਝੋਲੀ ਦਿਤੀ ਭਰਾਈਆ। ਕੰਗਣ ਭਗਤ ਵਾਸਤੇ ਦਿਤਾ ਰੱਖ, ਮੇਰੇ ਹੱਥ ਫੜਾਈਆ। ਮੈਂ ਮੰਗਿਆ ਇਕ ਬਲਾਕ, ਤੂੰ ਨਾ ਨਾ ਕਰ ਕਰ ਨੈਣ ਸ਼ਰਮਾਈਆ। ਰਵਦਾਸ ਚੁਮਾਰਾ ਕਵਣ ਸਾਕ, ਚਮਰੇਟਾ ਕੁਲ ਨੀਚ ਅਖਵਾਈਆ। ਮੈਂ ਬ੍ਰਹਿਮਣ ਸੱਚਾ ਪਾਕੀ ਪਾਕ, ਪਵਿਤ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਚੁਮਿਆਰ ਚੰਮੜੀ ਮੇਰਾ ਚੰਮ, ਚਮਕ ਰੰਗ ਨਾ ਕੋਇ ਵਖਾਈਆ। ਮੇਰਾ ਕਹਿਣਾ ਰਿਹਾ ਮੰਨ, ਮੰਨ ਮੰਨ ਖ਼ੁਸ਼ੀ ਮਨਾਈਆ। ਦਿਵਸ ਰੈਣ ਕਹੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਕਰੇ ਵਸੇਰਾ ਛੱਪਰ ਛੰਨ, ਮਹੱਲ ਅਟੱਲ ਨਾ ਆਸ ਰਖਾਈਆ। ਪਾਣਾ ਗੰਢੇ ਘੜੀ ਘੜੀ ਪਲ ਪਲ, ਆਪਣੀ ਟੁੱਟੀ ਗੰਢ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਰਤਾਈਆ। ਆਪਣਾ ਖੇਲ ਕਰੇ ਕਰਤਾਰ, ਏਕਾ ਗੁਣ ਜਣਾਇਆ। ਕੰਗਣ ਲੈ ਜਾ ਕਰ ਪਿਆਰ, ਰਵਦਾਸ ਚੁਮਿਆਰ ਰਿਹਾ ਤਕਾਇਆ। ਜੁਗ ਜੁਗ ਦਾ ਮੇਰਾ ਉਧਾਰ, ਮੈਂ ਅੰਤ ਰਿਹਾ ਮੁਕਾਇਆ। ਬਣ ਵਿਚੋਲਾ ਵਿਚ ਸੰਸਾਰ, ਗੰਗਾ ਮਾਤ ਏਹ ਸਮਝਾਇਆ। ਪਰਦਾ ਉਹਲਾ ਨਾ ਕੋਇ ਵਿਚਾਰ, ਸਾਚਾ ਢੋਲਾ ਏਕਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੰਗਣ ਹੱਥ ਫੜਾਇਆ। ਕੰਗਣ ਫੜਿਆ ਹੱਥ, ਆਪਣੇ ਦਾਮਨ ਨਾਲ ਬੰਧਾਈਆ। ਗੰਗਾ ਮਾਤਾ ਦਿਤਾ ਦੱਸ, ਤੇਰੀ ਵਸਤ ਆਪਣੀ ਝੋਲੀ ਪਾਈਆ। ਰਵਦਾਸ ਕੋਲ ਨਾ ਜਾਵਾਂ ਨੱਸ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਗੰਗਾ ਕਹੇ ਨਿਰਗੁਣ ਧਾਰ, ਏਕਾ ਸ਼ਬਦ ਜਣਾਈਆ। ਪੰਡਤ ਭੁੱਲ ਨਾ ਬਣ ਗਵਾਰ, ਬ੍ਰਹਮ ਰੂਪ ਨਾ ਕੋਇ ਛੁਪਾਈਆ। ਅਵਗੁਣ ਕਰ ਨਾ ਵਿਚ ਸੰਸਾਰ, ਗੁਣ ਆਪਣਾ ਮੂਲ ਚੁਕਾਈਆ। ਮਾਣਸ ਜਨਮ ਜਨਮ ਨਾ ਹਾਰ, ਵੇਲਾ ਗਿਆ ਹੱਥ ਨਾ ਆਈਆ। ਮੇਰਾ ਕਰਜ਼ਾ ਦੇਣਾ ਉਤਾਰ, ਰਵਦਾਸ ਚੁਮਾਰੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸੁਣਾਈਆ। ਪੰਡਤ ਕਹੇ ਹੱਥ ਆਇਆ ਕੰਗਣ, ਆਪਣਾ ਬਲ ਜਣਾਈਆ। ਤੇਰੇ ਕੋਲੋਂ ਨਾ ਆਇਆ ਮੰਗਣ, ਤੂੰ ਆਪੇ ਹੱਥ ਫੜਾਈਆ। ਕੰਗਨ ਦੇ ਨਾ ਹੋਈ ਨਗਣ, ਘਾਟਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ । ਗੰਗਾ ਕਹੇ ਸੁਣ ਲੈ ਗੱਲ, ਬ੍ਰਹਿਮਣ ਬ੍ਰਹਿਮਣੀ ਜਾਇਆ। ਭਗਤ ਨਾਲ ਨਾ ਕਰਨਾ ਵਲ ਛਲ, ਛਲ ਹਰਿ ਜੂ ਕਦੇ ਨਾ ਭਾਇਆ। ਅੰਤਮ ਦੇਣਾ ਪਏ ਫਲ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਜਣਾਇਆ। ਸੁਣਿਆ ਹੁਕਮ ਤੇਰਾ ਫ਼ਰਮਾਣਾ, ਆਪਣਾ ਕੰਨ ਲਗਾਈਆ। ਮੈਂ ਲੁੱਟਿਆ ਵੱਡਾ ਘਰਾਣਾ, ਲੁੱਟ ਮੇਰੇ ਹੱਥ ਆਈਆ। ਦੂਰ ਦੁਰਾਡਾ ਮੇਰਾ ਟਿਕਾਣਾ, ਗੰਗਾ ਮੁੜ ਕੇ ਫੇਰ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣਾ ਵੇਸ ਵਖਾਈਆ। ਇਕੋ ਕੰਗਣ ਲਿਆ ਲੁੱਟ, ਲੁੱਟਿਆ ਵੱਡਾ ਘਰ ਬਾਰ। ਹੱਥ ਵਿਚੋਂ ਨਾ ਜਾਏ ਛੁੱਟ, ਮੈਂ ਮਾਰੀ ਪਹਿਲੀ ਮਾਰ। ਮਾਣਸ ਜਨਮ ਸੁਹਾਏ ਰੁੱਤ, ਦੁੱਖ ਆਵੇ ਨਾ ਦੂਜੀ ਵਾਰ। ਸੁਖ ਭੋਗਣ ਧੀਆਂ ਪੁੱਤ, ਮੇਰਾ ਚਲੇ ਸਚ ਰੁਜ਼ਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਕੰਗਣ ਚੋਰ ਮਾਰਿਆ ਡਾਕਾ, ਗੰਗਾ ਮਾਤ ਰਹੀ ਕੁਰਲਾਈਆ। ਓਧਰ ਰਵਿਦਾਸ ਤੱਕੇ ਵਾਟਾਂ, ਕਵਣ ਵੇਲਾ ਸੰਦੇਸ਼ਾ ਦੇਵੇ ਮੇਰੀ ਮਾਈਆ। ਬ੍ਰਹਿਮਣ ਪਾਇਆ ਦੋਹਾਂ ਘਾਟਾ, ਆਪਣਾ ਬਲ ਵਖਾਈਆ। ਆਪਣੇ ਗ੍ਰਹਿ ਆਇਆ ਨਾਠਾ, ਮਿਸ਼ਰਾਣੀ ਲਏ ਜਗਾਈਆ। ਆ ਵੇਖ ਗੰਗਾ ਮਾਤਾ ਦਿਤਾ ਅੰਮ੍ਰਿਤ ਬਾਟਾ, ਸਾਚਾ ਕੰਗਣ ਹੱਥ ਵਖਾਈਆ। ਜਨਮ ਜਨਮ ਦਾ ਪੂਰਾ ਕੀਤਾ ਘਾਟਾ, ਵਸਤ ਅਮੋਲਕ ਝੋਲੀ ਪਾਈਆ। ਲੋਕੀ ਕੱਟ ਕੇ ਔਂਦੇ ਵਾਟਾਂ, ਮੈਂ ਖੱਟੀ ਖੱਟ ਕੇ ਆਇਆ ਤੇਰਾ ਮਾਹੀਆ। ਤੂੰ ਡੂੰਘਾ ਖੋਦ ਖਾਤਾ, ਇਕੇ ਵਾਰ ਦਿਆਂ ਭਰਾਈਆ। ਤੇਰਾ ਮੰਦਰ ਸੋਹੇ ਹਾਤਾ, ਹੱਦ ਸਾਚੀ ਦਿਆਂ ਬਣਾਈਆ। ਤੂੰ ਬ੍ਰਹਿਮਣੀ ਉਚੀ ਜਾਤਾ, ਮੈਂ ਬ੍ਰਹਿਮਣ ਰੂਪ ਵਟਾਈਆ। ਮੈਂ ਵੇਦ ਸ਼ਾਸਤਰ ਸਿਮਰਤ ਪੜ੍ਹ ਪੜ੍ਹ ਸੁਣਾਵਾਂ ਗਾਥਾ, ਤੂੰ ਗੰਗਾ ਮਾਈ ਧਿਆਈਆ। ਦੋਹਾਂ ਬਣਿਆ ਸਾਚਾ ਸਾਥਾ, ਘਰ ਸਾਚੇ ਖ਼ੁਸ਼ੀ ਵਖਾਈਆ। ਆ ਰਲ ਮਿਲ ਗਾਈਏ ਇਕੋ ਪਾਠਾ, ਵਾਹ ਵਾ ਵਡੀ ਤੇਰੀ ਵਡਿਆਈਆ। ਸਾਡੇ ਪਿਛੇ ਖੋਲ੍ਹਿਆ ਹਾਟਾ, ਰਵਦਾਸ ਚੁਮਿਆਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਈਆ। ਪੰਡਤ ਪੁੱਛੇ ਘਰ ਮਿਸ਼ਰਾਣੀ, ਮਿਸਰ ਜੀ ਹਾਲ ਸੁਣਾਓ। ਪਿਛਲੀ ਦੱਸੋ ਸਚ ਕਹਾਣੀ, ਕਵਣ ਬਿਧ ਏਹ ਵਸਤੂ ਪਾਓ। ਪੰਡਤ ਕਹੇ ਮੈਂ ਨਿਤ ਉਠ ਪੜ੍ਹਦਾ ਬਾਣੀ, ਪ੍ਰਭ ਮਿਲਿਆ ਅਗੰਮ ਅਥਾਹੋ। ਰਵਦਾਸ ਚੁਮਿਆਰਾ ਪਾਣਾ ਗੰਢੇ ਕੂਨੇ ਪਾ ਪਾਣੀ, ਮੈਨੂੰ ਲਾਵਣ ਲੱਗਾ ਦਾਓ। ਮੈਂ ਜੋਬਨਵੰਤ ਗੰਗਾ ਵੇਖਿਆ ਸੱਚਾ ਹਾਣੀ, ਮੈਨੂੰ ਵੇਖ ਚੜ੍ਹਿਆ ਚਾਓ। ਅੱਗੋਂ ਕਹੇ ਮੈਂ ਬਣਾਂ ਤੇਰੀ ਰਾਣੀ, ਤੂੰ ਫੜ ਲਾ ਮੇਰੀ ਬਾਹੋਂ। ਮੈਂ ਤੈਥੋਂ ਡਰਦਿਆਂ ਕਿਹਾ ਮੇਰੇ ਘਰ ਵਸੇ ਮਿਸ਼ਰਾਣੀ, ਅੱਗੇ ਤੈਨੂੰ ਮਿਲੇ ਨਾ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੋ। ਮਿਸ਼ਰਾਣੀ ਕਹੇ ਦੱਸ ਪ੍ਰੀਤਮ ਪਿਆਰੇ, ਗੰਗਾ ਕਵਣ ਰੂਪ ਵਟਾਈਆ। ਗੰਗਾ ਵਹੇ ਸਦਾ ਜਲ ਧਾਰੇ, ਰੂਪ ਰੇਖ ਨਾ ਕੋਇ ਵਖਾਈਆ। ਕੋਟਨ ਕੋਟ ਜੀਵ ਜਾ ਜਾ ਕਰਨ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਕੋਟਨ ਕੋਟ ਸੂਰਯਾ ਦੇਵ ਛੱਟੇ ਰਹੇ ਮਾਰੇ, ਚੁਲੀਆਂ ਨਾਲ ਜਲ ਚੜ੍ਹਾਈਆ। ਕੋਟਨ ਕੋਟ ਕਰਨ ਹਾੜੇ, ਸਾਧ ਸੰਤ ਧੂਣੀਆਂ ਤਾਈਆ। ਕੋਟਨ ਕੋਟ ਖੁਬੇ ਗਾਰੇ, ਨਾ ਕੋਈ ਸਕੇ ਬਾਹਰ ਕਢਾਈਆ। ਕੋਟਨ ਕੋਟੀ ਬਣ ਬਣ ਬੈਠੇ ਲਾੜੇ, ਗੰਗਾ ਮਾਈ ਨਾ ਕਿਸੇ ਪਰਨਾਈਆ। ਤੂੰ ਦੱਸ ਕਿਸ ਬਿਧ ਮੇਲ ਮਿਲਿਆ ਤੇਰਾ ਕਿਨਾਰੇ, ਤੱਟ ਕਵਣ ਮਿਲੀ ਵਡਿਆਈਆ। ਕਵਣ ਰੂਪ ਕਰੇ ਸ਼ਿੰਗਾਰੇ, ਕਵਣ ਨੈਣ ਨੈਣ ਮਿਲਾਈਆ। ਕਵਣ ਰਸਨਾ ਵਾਜਾਂ ਮਾਰੇ, ਕਵਣ ਬੱਤੀ ਦੰਦ ਸਲਾਹੀਆ। ਕਵਣ ਕਹੇ ਮੇਰੇ ਕੰਤ ਪਿਆਰੇ, ਆ ਮਿਲ ਸਾਚੇ ਮਾਹੀਆ । ਮੈਂ ਤੇਰੇ ਪੰਡਤ ਜੀ ਕੰਮ ਜਾਣਾ ਸਾਰੇ, ਭੁੱਲ ਰਹੇ ਨਾ ਰਾਈਆ। ਤੂੰ ਘਰ ਘਰ ਜ਼ਜ਼ਮਾਨਾਂ ਦੇ ਪੌਂਦਾ ਰਿਹਾ ਛੁਹਾਰੇ, ਕੋਟੀ ਕੋਟ ਸਗਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਮਿਹਰ ਨਜ਼ਰ ਤੇਰੇ ਉਤੇ ਪਾਈਆ। ਕੀ ਦੱਸਾਂ ਤੈਨੂੰ ਸੱਚ, ਮੈਂ ਸੱਚਾ ਸਚ ਸੁਣਾਇੰਦਾ। ਮੈਂ ਪੰਧ ਮੁਕਾਇਆ ਨੱਸ ਨੱਸ, ਇਕੋ ਆਸ ਰਖਾਇੰਦਾ। ਮੈਨੂੰ ਗੰਗਾ ਮਿਲੇ ਹੱਸ ਹੱਸ, ਦਰ ਇਕੋ ਖ਼ੁਸ਼ੀ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਪੰਡਤ ਜੀ ਮੈਂ ਵੇਖਾਂ ਤੇਰਾ ਰੰਗ, ਰੰਗ ਤੇਰਾ ਨਾ ਮੋਹੇ ਭਾਈਆ। ਜਗਤ ਸਮਾਜੇ ਜੋੜਿਆ ਸੰਗ, ਇਕ ਦੂਜਾ ਬੰਧਨ ਦਿਤਾ ਪਾਈਆ। ਤੂੰ ਕਹੇਂ ਗੰਗਾ ਮੰਗੇ ਤੇਰਾ ਕਾਰਜ ਅਨੰਦ, ਤੇਰਾ ਕਾਰਜ ਨਾ ਮੋਹੇ ਭਾਈਆ। ਤੂੰ ਝੂਠੀ ਪੌਂਦਾ ਡੰਡ, ਡੰਡਾਵਤ ਤੇਰੀ ਨਜ਼ਰ ਨਾ ਆਈਆ। ਏਥੇ ਬੱਚਿਆਂ ਫੁਲੀਆਂ ਰਿਹਾ ਵੰਡ, ਖ਼ਾਲੀ ਹੱਥ ਰਿਹਾ ਵਖਾਈਆ। ਕਵਣ ਬਿਧ ਗੰਗਾ ਮਾਤਾ ਗਈ ਮੰਨ, ਕੰਗਣ ਤੇਰੇ ਹੱਥ ਫੜਾਈਆ। ਫੜ ਕੰਗਣ ਤੂੰ ਕਿਸ ਬਿਧ ਕਰਿਆ ਧੰਨ ਧੰਨ, ਰਸਨਾ ਜਿਹਵਾ ਗਾਈਆ। ਮੈਂ ਜਾਣਾ ਗੰਗਾ ਨੇਤਰ ਅੰਨ੍ਹ, ਜਿਨ ਤੇਰੀ ਸਾਰ ਨਾ ਪਾਈਆ। ਮੈਂ ਤੇਰੀ ਨਾਰ ਚਾਹੁੰਦੀ ਤੈਨੂੰ ਦੇਵਾਂ ਡੰਨ, ਜੋ ਮੇਰਾ ਰਿਹਾ ਤਕਾਈਆ। ਇਕੋ ਸੁਣ ਲੈ ਲਾ ਕੇ ਕੰਨ, ਮੈਂ ਸਾਚੀ ਰਹੀ ਸੁਣਾਈਆ। ਏਹ ਨਹੀਂ ਸਾਡੇ ਘਰ ਦਾ ਧੰਨ, ਰਾਜਿਆਂ ਘਰ ਸੋਭਾ ਪਾਈਆ। ਕਿਰਪਨ ਦੀ ਇਕੋ ਮੰਨ, ਨਿਰਧਨ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੰਡਤ ਜੀ ਜਾਓ ਪਾਓ ਮੁੱਲ, ਕੀਮਤ ਕਵਣ ਚੁਕਾਈਆ । ਜਗਤ ਸਰਾਫ਼ ਦੁਆਰਾ ਗਿਆ ਖੁਲ੍ਹ, ਕਸਵੱਟੀ ਹੱਥ ਉਠਾਈਆ। ਦਰ ਦਰ ਫਿਰੇ ਮਾਇਆ ਮਮਤਾ ਗਿਆ ਭੁੱਲ, ਤੋਲੇ ਮਾਸੇ ਤੋਲ ਤੁਲਾਈਆ। ਨਾਮ ਕੰਗਣ ਜਾਏ ਰੁਲ, ਮੂਰਖ ਥਾਏਂ ਨਾ ਕੋਇ ਟਿਕਾਈਆ। ਅੱਗੋਂ ਸਾਰੇ ਕਹਿੰਦੇ ਬੋਲ, ਦੋਏ ਜੋੜ ਕਰਨ ਸ਼ਰਨਾਈਆ। ਸਾਡੇ ਕੋਲ ਨਾ ਕੋਈ ਤੋਲ, ਜੋ ਇਸ ਤੋਲਾ ਦਏ ਬਣਾਈਆ । ਰਾਜ ਰਾਜਾਨ ਦੁਵਾਰਾ ਫੋਲ, ਤੇਰਾ ਹਿਸਾਬ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਲ ਛਲ ਆਪਣੀ ਧਾਰ ਚਲਾਈਆ। ਬ੍ਰਹਿਮਣ ਗਿਆ ਰਾਜ ਦਰਬਾਰ, ਦਰ ਅੱਗੇ ਸੀਸ ਝੁਕਾਇੰਦਾ। ਦੋਏ ਜੋੜ ਕਰੇ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤੇਰਾ ਦਰ ਮੋਹੇ ਭਾਇੰਦਾ। ਸੁਦਾਗਰ ਬਣ ਸੇਵਾ ਕਰਾਂ ਅਪਰ ਅਪਾਰ, ਸਾਚਾ ਕੰਗਣ ਭੇਟ ਚੜ੍ਹਾਇੰਦਾ। ਤੁਸੀ ਕੀਮਤ ਪੌਣੀ ਇਕੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖੇਲ ਕਰਾਇੰਦਾ। ਰਾਜਨ ਵੇਖ ਹੋਇਆ ਦਿਆਲ, ਕੰਗਣ ਸ਼ਕੰਗਣ ਰੂਪ ਵਟਾਈਆ। ਕੋਟਨ ਕੋਟ ਹੀਰੇ ਲਾਲ, ਪੋਹ ਨਾ ਸਕਣ ਰਾਈਆ । ਨਾ ਕੋਈ ਪਰਖੇ ਬਣ ਦਲਾਲ, ਜਗਤ ਦਲਾਲੀ ਨਾ ਕੋਇ ਕਮਾਈਆ। ਨਾ ਕੋਈ ਲਪੇਟੇ ਵਿਚ ਰੁਮਾਲ, ਨੂਰ ਨੂਰ ਨਾ ਕੋਇ ਛੁਪਾਈਆ। ਸਾਰੀ ਮਜਲਸ ਹੋਈ ਖ਼ੁਸ਼ਹਾਲ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਪੂਰ ਕਰਾਈਆ। ਜਗਤ ਤ੍ਰਿਸ਼ਨਾ ਹੋਏ ਪੂਰ, ਧੰਨ ਦੌਲਤ ਝੋਲੀ ਪਾਇਆ। ਤੇਰਾ ਕੰਗਣ ਹੋਇਆ ਮਨਜ਼ੂਰ, ਮਜ਼ਦੂਰੀ ਦਏ ਚੁਕਾਇਆ। ਤੂੰ ਬੜਾ ਸੂਰਾ ਸੂਰਬੀਰ, ਬੀਰਤਾ ਤੇਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਾਚਾ ਕੰਗਣ ਲਿਆ ਰੱਖ, ਕੀਮਤ ਆਪ ਚੁਕਾਈਆ। ਆਪਣੇ ਕੋਲ ਰੱਖਿਆ ਵੱਖ, ਵੱਖਰੀ ਧਾਰ ਵਖਾਈਆ। ਘਰ ਆ ਦਿਤਾ ਦੱਸ, ਮੋਹਣੀ ਰਿਹਾ ਸਮਝਾਈਆ। ਇਸ ਵਿਚ ਨਾ ਕੋਈ ਸ਼ੱਕ, ਸ਼ਕਾਇਤ ਹੋਰ ਨਾ ਕੋਇ ਲਗਾਈਆ। ਦਰਗਹਿ ਸਾਚੀ ਦਾ ਸਾਚਾ ਹੱਕ, ਹੱਕ ਤੇਰੇ ਹੱਥ ਫੜਾਈਆ। ਤੂੰ ਪੌਣਾ ਆਪਣੇ ਹੱਥ, ਲਾਲ ਮਹਿੰਦੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਫੜਿਆ ਕੰਗਣ ਨੇਤਰ ਵੇਖ, ਮਨ ਹੋਇਆ ਚਾਓ ਘਨੇਰਾ। ਉਸ ਵਣਜਾਰੇ ਲਵਾਂ ਪੇਖ, ਜਿਸ ਨਗਰੀ ਪਾਇਆ ਫੇਰਾ। ਮੈਂ ਇਸ ਦਾ ਲਵਾਂ ਭੇਤ, ਇਸ ਘੜਨਹਾਰਾ ਕਿਹੜਾ। ਕਵਣ ਰਾਜਨ ਨਾਲ ਕਰੇ ਹੇਤ, ਆਪਣਾ ਬੰਨ੍ਹੇ ਬੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਹੇਰਾ ਫੇਰਾ। ਰਾਣੀ ਕਹੇ ਸੁਣ ਰਾਜਾ, ਤੇਰੀ ਰੱਯਤ ਵਡੀ ਵਡਿਆਈਆ। ਜਿਸ ਨੇ ਕਰਿਆ ਤੇਰਾ ਕਾਜਾ, ਤੇਰੇ ਨਾਲ ਖ਼ੁਸ਼ੀ ਮਨਾਈਆ। ਮੈਂ ਨੇਤਰ ਪੇਖਾਂ ਜਿਸ ਨੇ ਸਾਜਣ ਸਾਜਾ, ਕੰਗਣ ਘਾੜਤ ਲਿਆ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਵੇਖ ਵਖਾਈਆ। ਮੈਂ ਵੇਖਾਂ ਕਵਣ ਮਜ਼ਦੂਰ, ਮਜ਼ਦੂਰੀ ਰਿਹਾ ਕਮਾਈਆ। ਜੋ ਚਲ ਕੇ ਆਇਆ ਹਜ਼ੂਰ, ਸਾਚੀ ਵਸਤ ਭੇਟ ਚੜ੍ਹਾਈਆ। ਏਹਦਾ ਨੂਰ ਵੱਡਾ ਕੋਹਤੂਰ, ਨੁਰਾਨਾ ਨੂਰ ਨੂਰ ਰੁਸ਼ਨਾਈਆ। ਮੈਂ ਉਸ ਦਾ ਖ਼ਜ਼ਾਨਾ ਕਰਾਂ ਭਰਪੂਰ, ਜੋ ਜੋੜੀ ਦਏ ਮਿਲਾਈਆ। ਮੈਂ ਦਰਸ ਕਰਾਂ ਜ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਮੁਕਾਈਆ। ਰਾਣੀ ਕਹੇ ਸੁਣ ਸਾਚੇ ਭੂਪ, ਤੇਰੀ ਭੂਮੀ ਮਿਲੇ ਵਡਿਆਈਆ। ਤੇਰਾ ਹੁਕਮ ਰਹੇ ਚਾਰ ਕੂਟ, ਦਹਿ ਦਿਸ਼ਾ ਵੱਜੇ ਵਧਾਈਆ। ਮੈਂ ਉਸ ਦਾ ਵੇਖਣਾ ਰੂਪ, ਜੋ ਕੰਗਣ ਰਿਹਾ ਘੜਾਈਆ। ਮੈਂ ਆਪਣਾ ਬਣਾਵਾਂ ਪੂਤ, ਜੇ ਦੂਜਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪਰਦਾ ਆਪ ਚੁਕਾਈਆ। ਰਾਜਾ ਕਹੇ ਸੁਣ ਧਿਆਨ, ਧਿਆਨ ਨਾਲ ਮਿਲਾਈਆ। ਇਕੋ ਇਕ ਕਰ ਪਰਵਾਨ, ਸਾਚੀ ਵਸਤ ਤੇਰੇ ਹੱਥ ਫੜਾਈਆ। ਦੂਜਾ ਦਿਸੇ ਨਾ ਕੋਇ ਨਿਸ਼ਾਨ, ਘਾੜਤ ਘੜ ਨਾ ਕੋਇ ਵਖਾਈਆ। ਮੈਂ ਤੇਰਾ ਰੱਖਿਆ ਵੱਡਾ ਮਾਣ, ਆਪਣੇ ਤਨ ਨਾ ਮੂਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਰਾਣੀ ਕਹੇ ਮੇਰਾ ਕੋਈ ਨਾ ਵਸ, ਮੇਰੇ ਮਨ ਚੈਨ ਨਾ ਆਈਆ। ਜਿੰਨਾਂ ਚਿਰ ਨਾ ਦੇਵੇਂ ਦੱਸ, ਮੋਹੇ ਨਿੰਦਰਾ ਮੂਲ ਨਾ ਭਾਈਆ। ਤੇਰੇ ਨਾਲ ਨਾ ਬੋਲਾਂ ਹੱਸ, ਆਪਣੀ ਕਰਵਟ ਲਵਾਂ ਬਦਲਾਈਆ। ਜੇ ਗੁਸੇ ਹੋਵੇਂ ਤਾਂ ਜਾਵਾਂ ਨੱਠ, ਤੇਰੀ ਮਾਟੀ ਖ਼ਾਕ ਮਿਲਾਈਆ। ਜੇ ਅੱਗੋਂ ਕਰੇਂ ਹਠ, ਬਣ ਵਜ਼ੀਰ ਕਰਾਂ ਲੜਾਈਆ। ਜਿੰਨਾ ਚਿਰ ਨਾ ਦੇਵੇਂ ਦੱਸ, ਮੈਂ ਬਣੀ ਰਹਾਂ ਸੌਦਾਈਆ। ਮੇਰੀ ਪੂਰੀ ਹੋਵੇ ਆਸ, ਮੇਰੀ ਬਹੀਆ ਰਹੀ ਕੁਰਲਾਈਆ। ਮੈਂ ਦੋਹਾਂ ਬਾਹਵਾਂ ਨਾ ਕਰਾਂ ਨਿਰਾਸ, ਇਕੋ ਰੰਗ ਵਖਾਈਆ। ਸੱਜਾ ਖੱਬਾ ਮੇਰਾ ਹਾਥ, ਪੰਜ ਉਂਗਲਾਂ ਮਿਲੀ ਵਡਿਆਈਆ। ਇਕ ਦੂਜੇ ਦਾ ਰੱਖਣ ਸਾਥ, ਵਿਛੜ ਕਦੇ ਨਾ ਜਾਈਆ। ਜੇ ਮੈਂ ਰਾਣੀ ਵਸਾਂ ਨਾ ਤੇਰੇ ਪਾਸ, ਤੂੰ ਰਾਜਾ ਬਣ ਮੇਰੇ ਕੰਮ ਕਿਸੇ ਨਾ ਆਈਆ। ਮੈਨੂੰ ਮੇਰਿਆਂ ਦੋਹਾਂ ਹੱਥਾਂ ਦਾ ਸੱਚਾ ਸਾਥ, ਘਰ ਮੰਦਰ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਰਾਜਨ ਅੰਤਰ ਕਰ ਵਿਚਾਰ, ਸੁੱਧ ਬੁੱਧ ਭੁਲਾਈਆ । ਇਕ ਲਵਾਵਾਂ ਸਚ ਦਰਬਾਰ, ਸਭ ਨੂੰ ਦਿਆਂ ਸੁਣਾਈਆ। ਜੋ ਕੰਗਣ ਲਿਆਵੇ ਬਣ ਸੁਨਿਆਰ, ਕੀਮਤ ਦਿਆਂ ਮੁਕਾਈਆ। ਮੇਰਾ ਘਰ ਦਾ ਬਣਿਆ ਰਹੇ ਸ਼ਿੰਗਾਰ, ਘਰ ਵੱਜਦੀ ਰਹੇ ਵਧਾਈਆ। ਮੇਰੀ ਰੁਠ ਨਾ ਜਾਏ ਨਾਰ, ਦੁਹਾਗਣ ਰੂਪ ਨਾ ਮਾਤ ਵਟਾਈਆ। ਮੇਰੇ ਸੀਸ ਨਾ ਰਹੇ ਦਸਤਾਰ, ਮੇਰਾ ਨੇਤਰ ਨੈਣ ਸ਼ਰਮਾਈਆ। ਵਜ਼ੀਰ ਅਮੀਰ ਸਾਰੇ ਲਿਆਓ ਭਾਲ, ਜੋ ਕੰਗਣ ਦਏ ਲਿਆਈਆ। ਕੋਇ ਨਾ ਛੱਡੋ ਸ਼ਾਹ ਕੰਗਾਲ, ਘਰ ਘਰ ਫੇਰਾ ਪਾਈਆ। ਅੱਗੋਂ ਕਹੇ ਸਨਾਮ ਬ੍ਰਹਿਮਣ ਬਾਲ, ਪਿਛਲੀ ਗੱਲ ਸਮਝਾਈਆ। ਜੋ ਦੇ ਕੇ ਗਿਆ ਵਿਚ ਰੁਮਾਲ, ਤਿਸ ਬ੍ਰਹਿਮਣ ਲਓ ਮੰਗਾਈਆ। ਉਹ ਹੱਲ ਕਰੇ ਸਵਾਲ, ਦੂਜਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਰਦੰਗ ਵਜਾਈਆ। ਰਾਜਨ ਕਿਹਾ ਵਾਹ ਵਾ, ਵਾਹ ਵਾ ਖ਼ੁਸ਼ੀ ਮਨਾਇਆ। ਜਾਓ ਪਕੜੋ ਬਾਂਹ, ਬਾਹੋਂ ਪਕੜ ਦਰ ਮੰਗਾਇਆ। ਜੇ ਅੱਗੋਂ ਕਰੇ ਨਾਹ, ਫੜ ਫੜ ਦਿਓ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗਤ ਵੇਖ ਵਖਾਇਆ। ਗੰਗਾ ਮਾਈ ਫੜਾਇਆ ਗੰਗੂ ਬ੍ਰਹਿਮਣ, ਗੰਗਾ ਰਾਮ ਸਾਰ ਨਾ ਆਈਆ। ਰਵਦਾਸ ਵਿਚੋਲਾ ਬਣਾਇਆ ਜ਼ਾਮਨ, ਜ਼ਾਮਨੀ ਅੰਤ ਨਾ ਤੋੜ ਨਿਭਾਈਆ । ਮਾਰੀ ਮਾਰ ਕਾਮਨੀ ਕਾਮਨ, ਕਾਮ ਹਿਰਸ ਇਕ ਵਖਾਈਆ। ਹਰਿ ਜੂ ਫੜਿਆ ਨਾ ਸੱਚਾ ਦਾਮਨ, ਦਾਮਨਗੀਰ ਨਾ ਕੋਇ ਅਖਵਾਈਆ। ਨੇਤਰ ਰੋਵੇ ਪੰਡਤ ਬ੍ਰਹਿਮਣ, ਦਰ ਦਰਬਾਰ ਬੈਠਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਸਜ਼ਾਈਆ। ਜਗਤ ਬ੍ਰਹਿਮਣ ਕਰ ਵਿਚਾਰ, ਰਾਜਨ ਆਖ ਸੁਣਾਇੰਦਾ। ਰਾਣੀ ਕਰੇ ਗਿਰਿਆਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਕੰਗਣ ਦੂਜਾ ਦੇ ਦੇ ਏਕਾ ਵਾਰ, ਹੋਰ ਮੰਗ ਨਾ ਕੋਇ ਮੰਗਾਇੰਦਾ। ਧਨ ਦਿਆਂ ਅਤੁਟ ਭੰਡਾਰ, ਤੇਰਾ ਘਰ ਭਰਾਇੰਦਾ। ਮੁਖ ਮੋੜ ਜੇ ਜਾਏ ਹਾਰ, ਤਨ ਸੀਸ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਝੋਲੀ ਪਾਇੰਦਾ। ਪੰਡਤ ਬ੍ਰਹਿਮਣ ਗਿਆ ਡਰ, ਆਪਣਾ ਆਪ ਵੇਖ ਵਖਾਈਆ। ਰਾਜ ਰਾਜਾਨ ਲਿਆ ਫੜ, ਨਾ ਸਕੇ ਕੋਇ ਛੁਡਾਈਆ। ਬਿਨ ਮੌਤੋਂ ਜਾਣਾ ਮਰ, ਮੌਤ ਰਹੀ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਮਾਣ ਵਡਿਆਈਆ। ਬ੍ਰਹਿਮਣ ਡਰਿਆ ਕਰ ਖਿਆਲ, ਧਿਆਨ ਧਿਆਨ ਨਾਲ ਮਿਲਾਇੰਦਾ। ਮੇਰੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਸੀਸ ਵਜਾਇੰਦਾ। ਮੇਰਾ ਹੱਲ ਨਾ ਹੋਏ ਸਵਾਲ, ਸਵਾਲੀ ਬਣ ਬਣ ਝੋਲੀ ਡਾਹਿੰਦਾ। ਕੋਇ ਨਾ ਬਣੇ ਸਚ ਦਲਾਲ, ਜਗਤ ਦਲਾਲੀ ਨਾ ਕੋਇ ਕਮਾਇੰਦਾ। ਬਿਨ ਛੁਰੀਉਂ ਹੋਇਆ ਹਲਾਲ, ਹਲਵਾ ਖ਼ੀਰ ਨਾ ਕੋਇ ਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮੀ ਹੁਕਮ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਬ੍ਰਹਿਮਣ ਦਿਸੇ ਨਾ ਕੋਇ ਕਿਨਾਰਾ, ਚਾਰੋਂ ਕੁੰਟ ਵੇਖ ਵਖਾਈਆ। ਨੇਤਰ ਰੋਵੇ ਜ਼ਾਰੋ ਜ਼ਾਰਾ, ਨੈਣ ਨੈਣ ਨੈਣ ਸ਼ਰਮਾਈਆ। ਦੋਏ ਜੋੜ ਕਰੇ ਨਿਮਸਕਾਰਾ, ਧੂੜੀ ਖ਼ਾਕ ਮਸਤਕ ਲਾਈਆ। ਮੈਂ ਮੂਰਖ ਮੁਗਧ ਬਣ ਗਵਾਰਾ, ਆਪਣੀ ਪਤ ਲਈ ਗਵਾਈਆ। ਦੱਸਾਂ ਸਚ ਇਕ ਵਿਹਾਰਾ, ਪਿਛਲਾ ਭੇਵ ਰਿਹਾ ਖੁਲ੍ਹਾਈਆ। ਬਨਾਰਸ ਬੈਠਾ ਰਵਦਾਸ ਚੁਮਿਆਰਾ, ਪਾਣੇ ਗੰਢੇ ਸੇਵ ਕਮਾਈਆ। ਓਨ ਕਸੀਰਾ ਦਿਤਾ ਇਕੋ ਵਾਰਾ, ਮੈਂ ਗੰਗਾ ਭੇਟ ਚੜ੍ਹਾਈਆ। ਗੰਗਾ ਮਾਤਾ ਕੀਤਾ ਸਚ ਵਿਹਾਰਾ, ਹੱਥ ਸ਼ਕੰਗਣ ਦਏ ਫੜਾਈਆ। ਜਾ ਕੇ ਦੇਣਾ ਰਵਦਾਸ ਚੁਮਾਰਾ, ਏਕਾ ਵਾਰ ਸੁਣਾਈਆ। ਮੈਂ ਲੈ ਕੇ ਆਇਆ ਤੇਰੇ ਦੁਆਰਾ, ਹਰਿ ਕਾ ਭੇਵ ਨਾ ਪਾਈਆ। ਬਿਨ ਰਵਦਾਸ ਨਾ ਕਰੇ ਕੋਈ ਛੁਟਕਾਰਾ, ਨਾ ਕੋਈ ਕੰਗਣ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦਏ ਵਡਿਆਈਆ। ਰਾਜਾ ਕਹੇ ਕਵਣ ਚੁਮਿਆਰ, ਰਵਦਾਸ ਨਾਉਂ ਧਰਾਇੰਦਾ। ਕਵਣ ਕੂਟ ਕਰੇ ਪਿਆਰ, ਕਵਣ ਧਾਮ ਡੇਰਾ ਲਾਇੰਦਾ। ਮੈਂ ਚਲ ਕੇ ਕਰਾਂ ਦੀਦਾਰ, ਨੇਤਰ ਦਰਸ਼ਨ ਪਾਇੰਦਾ। ਮੇਰਾ ਕਾਰਜ ਦਏ ਸੁਵਾਰ, ਦੁੱਖ ਸੁਖ ਵਿਚ ਬਦਲਾਇੰਦਾ। ਮੈਂ ਡੰਡੌਤ ਕਰਾਂ ਨਿਮਸਕਾਰ, ਚਰਨੀ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਇੰਦਾ। ਪੰਡਤ ਕਹੇ ਮੇਰੇ ਨਾਲ ਚਲ, ਏਕਾ ਚਲਤ ਵਖਾਇਆ। ਭਗਤ ਦੁਆਰਾ ਲਈਏ ਮੱਲ, ਆਪਣਾ ਪੰਧ ਮੁਕਾਇਆ। ਢੋਰਾਂ ਲੌਂਹਦਾ ਵੇਖੀਏ ਖੱਲ, ਆਪਣੀ ਹੱਥੀਂ ਸੇਵ ਕਮਾਇਆ। ਹਰਿ ਜੂ ਭੁੱਲੇ ਨਾ ਘੜੀ ਪਲ, ਅੱਠੇ ਪਹਿਰ ਰਿਹਾ ਧਿਆਇਆ। ਸ੍ਰਿਸ਼ਟ ਸਬਾਈ ਕਰ ਕਰ ਵਲ ਛਲ, ਆਪਣਾ ਆਪ ਰਿਹਾ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤੀ ਮਾਰਗ ਏਕਾ ਲਾਇਆ। ਆਏ ਚਲ ਭਗਤ ਦੁਆਰ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਰਹੇ ਸਲਾਹੀਆ। ਦਰ ਦਰਵੇਸ਼ ਬਣੇ ਭਿਖਾਰ, ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਧ ਨਾਤਾ ਜੋੜ ਜੁੜਾਈਆ। ਰਵਦਾਸ ਅੱਗੋਂ ਪਿਆ ਹੱਸ, ਹੰਸ ਮੁਖ ਸਲਾਹਿਆ। ਮੈਂ ਨਿਮਾਣਾ ਮੇਰਾ ਕੋਈ ਨਾ ਚਲੇ ਵਸ, ਰਾਜ ਰਾਜਾਨਾ ਸੀਸ ਝੁਕਾਇਆ। ਮੇਰੀ ਸੇਵਾ ਦਿਓ ਦੱਸ, ਜੇ ਕੋਈ ਮਰਿਆ ਢੋਰ ਲਵਾਂ ਉਠਾਇਆ। ਚਰਨ ਦੁਆਰੇ ਗਿਆ ਢੱਠ, ਗੱਲ ਵਿਚ ਪੱਲੂ ਪਾਇਆ। ਰਾਜਨ ਮੇਰੀ ਰੱਖੀਂ ਪਤ, ਮੈਂ ਤੇਰੀ ਭੇਟ ਕੁੱਛ ਕਰ ਨਾ ਸਕਿਆ ਰਾਇਆ। ਮੈਂ ਚਾਰ ਪਹਿਰ ਅੰਦਰ ਪੰਜ ਪੈਸੇ ਲਵਾਂ ਵੱਟ, ਆਪਣੇ ਬੱਚਿਆਂ ਝੱਟ ਲੰਘਾਇਆ। ਜੇ ਕੋਈ ਪੈਸਾ ਰਹਿ ਜਾਏ ਘੱਟ, ਕਿਸੇ ਕੋਲ ਮੰਗਣ ਕਦੇ ਨਾ ਜਾਇਆ। ਮੈਂ ਸੌਦਾ ਲਵਾਂ ਇਕੋ ਹੱਟ, ਬਣ ਵਣਜਾਰਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਰਖਾਇਆ। ਐ ਰਾਜਨ ਮੈਂ ਜਗਤ ਕੰਗਾਲ, ਕੰਗਾਲੀ ਮੇਰੇ ਮਨ ਵਿਚ ਭਾਈਆ। ਜਗਤ ਕੰਗਾਲੀ ਬਣ ਦਲਾਲ, ਮੇਰਾ ਸੰਗ ਨਿਭਾਈਆ। ਮੇਰਾ ਸੌਦਾ ਹੱਕ ਹਲਾਲ, ਦੂਜੀ ਵਸਤ ਨਾ ਕੋਈ ਉਠਾਈਆ। ਮੈਂ ਤੇਰੀ ਸੇਵਾ ਲਵਾਂ ਘਾਲ, ਆਪਣੀ ਹੱਥੀਂ ਤੇਰੇ ਚਰਨਾਂ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਿਮਾ ਗ਼ਰੀਬੀ ਸੰਤਾਂ ਭਗਤਾਂ ਵਿਚ ਟਿਕਾਈਆ। ਗ਼ਰੀਬੀ ਵੇਖ ਰਾਜਨ ਰਾਜ, ਆਪਣਾ ਮਾਣ ਤਜਾਇਆ। ਸਿਰ ਤੋਂ ਲਾਹ ਕੇ ਆਪਣਾ ਤਾਜ, ਚਰਨਾਂ ਵਿਚ ਰਖਾਇਆ। ਤੇਰੇ ਪਾਟੇ ਚੀਥੜੇ ਰੱਖਣ ਮੇਰੀ ਲਾਜ, ਲਾਜਾਵੰਤ ਹੋਏ ਸ਼ਰਮਾਇਆ। ਤੂੰ ਕਰਨਾ ਸਾਡਾ ਕਾਜ, ਦਰ ਤੇਰੇ ਫੇਰਾ ਪਾਇਆ। ਤੂੰ ਮੰਨਦਾ ਗੁਰੂ ਮਹਾਰਾਜ, ਮੈਂ ਤੈਨੂੰ ਗੁਰੂ ਮੰਨਾਇਆ। ਮੇਰਾ ਟੁੱਟਦਾ ਜਾਏ ਸਾਕ, ਮੇਰੀ ਨਾਰੀ ਦਏ ਦੁਹਾਇਆ। ਮੇਰੀ ਸੁੰਞੀ ਦਿਸੇ ਖਾਟ, ਆਸਣ ਕੋਈ ਨਾ ਸੋਭਾ ਪਾਇਆ। ਮੈਂ ਕੱਟ ਕੇ ਆਇਆ ਵਾਟ, ਤੇਰੀ ਓਟ ਤਕਾਇਆ। ਮੇਰਾ ਪੂਰਾ ਕਰ ਦੇ ਘਾਟ, ਤੂੰ ਦੇਵਣਹਾਰ ਸਬਾਇਆ। ਮੇਰਾ ਖ਼ਾਲੀ ਭਰਦੇ ਖਾਤ, ਖਾਤਾ ਆਪਣੇ ਦੇ ਵਖਾਇਆ। ਇਕ ਵਾਰ ਵੇਖ ਮਾਰ ਝਾਤ, ਮੈਂ ਰਾਜਨ ਤੇਰੇ ਦਰ ਤੇ ਸੀਸ ਝੁਕਾਇਆ। ਮੇਰਾ ਟੁੱਟਦਾ ਜਾਏ ਸਾਥ, ਮੇਰੀ ਨਾਰੀ ਦੇ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਰਵਦਾਸ ਕਹੇ ਸੁਣ ਰਾਜਨ ਸ਼ਾਹ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੈਂ ਤੱਪੜ ਫੂੜੀ ਬੈਠਾ ਵਿਛਾ, ਆਪਣੀ ਆਰ ਹੱਥ ਉਠਾਈਆ। ਜੁੱਤੇ ਗੰਢਾਂ ਬਣ ਮਲਾਹ, ਪਤਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਰਖਾਈਆ। ਮੇਰੀ ਸੇਵਾ ਟੁੱਟੀ ਗੰਢਾਂ, ਟੁੱਟੇ ਜੁਤਿਆਂ ਪ੍ਰੀਤ ਲਗਾਈਆ। ਦਿਵਸ ਰੈਣ ਮੰਗ ਇਕੋ ਮੰਗਾਂ, ਪ੍ਰਭ ਤੇਰੀ ਸ਼ਰਨ ਸ਼ਰਨਾਈਆ। ਤੇਰੇ ਭਗਤਾਂ ਚਰਨ ਧੂੜੀ ਤਨ ਆਪਣਾ ਰੰਗਾਂ, ਰੰਗ ਰੰਗੀਲਾ ਰੰਗ ਚੜ੍ਹਾਈਆ। ਇਕ ਬ੍ਰਹਿਮਣ ਆਇਆ ਬਨਾਰਸ ਸੰਗਾ, ਆਪਣਾ ਸੰਗ ਨਿਭਾਈਆ। ਮੈਂ ਇਕ ਕਸੀਰਾ ਕਰ ਕੇ ਦਿਤਾ ਨੰਗਾ, ਕੌਡੀ ਰੂਪ ਵਟਾਈਆ। ਭੇਟਾ ਦੇਣਾ ਜਾ ਕੇ ਗੰਗਾ, ਮੇਰੀ ਖ਼ੁਸ਼ੀ ਹੋਵੇ ਮਾਈਆ। ਲੋਕਾਂ ਵਾਸਤੇ ਮੈਂ ਮਾੜਾ ਬੰਦਾ, ਤੈਨੂੰ ਕਬੂਲ ਕਰੇ ਮੇਰਾ ਮਾਹੀਆ। ਜੇ ਮੈਂ ਚਲ ਕੇ ਜਾਵਾਂ ਮੁਕਾ ਕੇ ਪੈਂਡਾ, ਪਿੱਛੇ ਧੀਆਂ ਪੁੱਤਰ ਰਹੇ ਕੁਰਲਾਈਆ। ਮੇਰਾ ਸਾਹਿਬ ਦਿਆਲ ਦੂਰ ਦੁਰਾਡਿਆਂ ਬੈਠਿਆਂ ਸੁਣਦਾ, ਜੋ ਆਪਣੀ ਰਹੇ ਸੁਣਾਈਆ। ਲੇਖਾ ਜਾਣੇ ਗੁਣ ਅਵਗੁਣ ਦਾ, ਭੇਵ ਨਾ ਕੋਈ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ । ਗੰਗਾ ਰਾਮ ਮਾਰ ਕੇ ਧਾਹ, ਧਰਨੀ ਨੀਰ ਵਹਾਇੰਦਾ। ਮੇਰੇ ਮਸਤਕ ਲੱਗੀ ਛਾਹ, ਲੱਗੀ ਛਾਹ ਨਾ ਕੋਈ ਮਿਟਾਇੰਦਾ। ਮੈਂ ਭੁਲਿਆ ਤੇਰਾ ਰਾਹ, ਤੇਰੀ ਓਟ ਨਾ ਕੋਈ ਤਕਾਇੰਦਾ। ਮੈਂ ਤੇਰਾ ਕੰਗਣ ਲਿਆ ਲੁਕਾ, ਰਾਜਨ ਹੱਥ ਫੜਾਇੰਦਾ। ਰਾਜਣ ਰਾਣੀ ਆਂਦੀ ਵਿਆਹ, ਪ੍ਰੇਮ ਪਿਆਰ ਦਰਸਾਇੰਦਾ। ਤਿਸ ਹੱਥੀਂ ਦਿਤਾ ਪਾ, ਆਪਣੀ ਖ਼ੁਸ਼ੀ ਮਨਾਇੰਦਾ। ਅੱਗੋਂ ਕਰ ਗਈ ਨਾ, ਇਕ ਜੋੜਾ ਮੋਹੇ ਭਾਇੰਦਾ। ਜਿੰਨਾਂ ਚਿਰ ਨਾ ਲਏਂ ਮਿਲਾ, ਸਾਚਾ ਸੁਖ ਨਜ਼ਰ ਕੋਇ ਨਾ ਆਇੰਦਾ। ਮੈਨੂੰ ਫੜ ਕੇ ਲਿਆ ਬੁਲਾ, ਜਲਾਦ ਖੰਜ਼ਰ ਹੱਥ ਉਠਾਇੰਦਾ। ਮੈਂ ਡਰ ਕੇ ਤੇਰਾ ਰਾਹ ਦਿਤਾ ਬਤਾ, ਚਲ ਦੁਵਾਰੇ ਤੇਰੇ ਆਇੰਦਾ। ਮੇਰੇ ਪਿਛਲੇ ਬਖ਼ਸ਼ ਗੁਨਾਹ, ਅੱਗੇ ਏਕਾ ਮੰਗ ਮੰਗਾਇੰਦਾ। ਮੈਨੂੰ ਉਸ ਦਾ ਪੱਲੂ ਦੇਣਾ ਫੜਾ, ਜੋ ਪੱਲੂ ਤੇਰੇ ਨਾਲ ਬੰਧਾਇੰਦਾ। ਰਾਜਨ ਪੂਰੀ ਆਸ ਦੇਣੀ ਕਰਾ, ਨਿਰਾਸਾ ਦਰ ਨਾ ਕੋਈ ਜਣਾਇੰਦਾ। ਰਵਦਾਸ ਚੁਮਿਆਰ ਦਏ ਸਲਾਹ, ਦੋਹਾਂ ਇਕੋ ਗੁਣ ਵਖਾਇੰਦਾ। ਮੇਰੀ ਤਪੜੀ ਫੂੜੀ ਪੱਲੂ ਦੇਓ ਉਠਾ, ਸਾਚੀ ਸੇਵ ਸਮਝਾਇੰਦਾ। ਥੱਲੇ ਗੰਗਾ ਵਗੇ ਬੇਪਰਵਾਹ, ਕੋਟਨ ਕੋਟ ਕੰਗਣ ਵਿਚ ਰਲਾਇੰਦਾ। ਜਿਹੜਾ ਮਿਲਦਾ ਲਓ ਮਿਲਾ, ਦੂਜੇ ਆਪਣੇ ਹੇਠ ਦਬਾਇੰਦਾ। ਆਪਣੀ ਹੱਥੀਂ ਕਿਰਤ ਕਮਾ, ਆਪਣੇ ਘਰ ਘਰ ਬਹਿ ਬਹਿ ਖਾਇੰਦਾ। ਗੰਗਾ ਰਾਮ ਦਏ ਸਮਝਾ, ਏਕਾ ਨਾਮ ਦ੍ਰਿੜਾਇੰਦਾ। ਅੱਗੇ ਮਾਰਗ ਦੇਵੇ ਪਾ, ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪ ਵਧਾਇੰਦਾ। ਰਵਦਾਸ ਫੜਾਇਆ ਪੰਡਤ ਦਾਮਨ, ਦਾਮਨਗੀਰ ਇਕ ਅਖਵਾਈਆ। ਕਲਜੁਗ ਅੰਤਮ ਹੋਵਾਂ ਜਾਮਨ, ਜ਼ਾਮਨੀ ਪੂਰ ਕਰਾਈਆ। ਰੈਣ ਅੰਧੇਰੀ ਮੇਟ ਸ਼ਾਮਨ, ਸਾਚਾ ਚੰਦ ਚੜ੍ਹਾਈਆ। ਕਰੇ ਪਰਕਾਸ਼ ਕੋਟਨ ਭਾਨਨ, ਅੰਧ ਅੰਧੇਰ ਗਵਾਈਆ। ਜਗਤ ਨਾਤਾ ਤੋੜ ਅਭਿਮਾਨਨ, ਮਾਣ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਮਨ ਇਕ ਵਖਾਈਆ। ਦਾਮਨਗੀਰ ਬਣ ਚੁਮਿਆਰ, ਚੋਆ ਚੰਦਨ ਇਕ ਵਖਾਇੰਦਾ । ਤੇਰਾ ਲੇਖਾ ਵਿਚ ਸੰਸਾਰ, ਲਿਖ ਲਿਖ ਪਾਤੀ ਆਪ ਜਣਾਇੰਦਾ। ਕਲਜੁਗ ਅੰਤਮ ਹੋਏ ਆਧਾਰ, ਅੰਧ ਅੰਧੇਰ ਨਾ ਫੇਰਾ ਪਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਜਮ ਕੀ ਫਾਸੀ ਫੰਦ ਕਟਾਇੰਦਾ। ਪੰਡਤ ਕਾਂਸ਼ੀ ਗਿਆ ਹਾਰ, ਜਗਤ ਵਿਦਿਆ ਜਗਤ ਰੁੜ੍ਹਾਇੰਦਾ। ਮਨ ਉਦਾਸੀ ਹੋਈ ਛਾਰ, ਸ਼ਾਹੀ ਮਸਤਕ ਨਾ ਕੋਈ ਧੁਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਨਾਲ ਮਿਲਾਇੰਦਾ। ਕਹੇ ਰਵਦਾਸ ਹੌਸਲਾ ਰੱਖ, ਹੌਲੀ ਹੌਲੀ ਸਮਝਾਈਆ। ਕਲਜੁਗ ਅੰਤਮ ਕਰੇ ਸਾਡਾ ਪੱਖ, ਦੋਹਾਂ ਲਏ ਮਿਲਾਈਆ। ਮੇਰਾ ਤੇਰਾ ਲਹਿਣਾ ਚੁਕਾਏ ਤੇਰੀ ਕੁੱਲੀ ਕੱਖ, ਘਰ ਤੇਰੇ ਫੇਰਾ ਪਾਈਆ। ਨੌਂ ਜਨਮ ਮਾਤ ਗਰਭ, ਫਿਰ ਫਿਰ ਜਨਮ ਦਵਾਈਆ। ਅੰਤਮ ਕਲ ਹੋ ਪਰਗਟ, ਪ੍ਰਭ ਆਪਣੇ ਨਾਲ ਮਿਲਾਈਆ। ਜਨਮ ਜਨਮ ਦਾ ਮੇਟੇ ਫੱਟ, ਦੂਈ ਦੁਰਮਤ ਦਏ ਗਵਾਈਆ। ਆਪੇ ਚੁੱਕੇ ਆਪਣੇ ਹੱਥ, ਸਾਚੀ ਗੋਦੀ ਲਏ ਬਹਾਈਆ। ਗੰਗਾ ਮਾਤਾ ਬੁਲਾਕ ਜੇ ਨਾ ਦਿਤਾ ਨੱਥ, ਅੰਤਮ ਆਪਣੀ ਹੱਥੀਂ ਨੱਥ ਸੁਹਾਗ ਦਏ ਤੁੜਾਈਆ। ਤ੍ਰਬੈਣੀ ਨੈਣੀ ਆਏ ਨੱਠ, ਰਵਦਾਸ ਚੁਮਿਆਰਾ ਨਾਲ ਮਿਲਾਈਆ। ਆਪੇ ਬਹਿ ਕੇ ਸਾਚੇ ਘਾਟ, ਆਪਣਾ ਖੇਲ ਦਏ ਵਖਾਈਆ। ਰਵਦਾਸ ਧੋਵੇ ਚਰਨ ਨਾਥ, ਪੁਰਖ ਅਬਿਨਾਸ਼ੀ ਆਪ ਧੁਆਈਆ। ਗੰਗਾ ਰਾਣੀ ਮੰਗੇ ਸਾਥ, ਭਗਤਾਂ ਅੱਗੇ ਝੋਲੀ ਡਾਹੀਆ। ਪ੍ਰਭ ਜੀ ਬਣਿਆ ਨਟੂਆ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਮੈਂ ਤੱਕਦੀ ਰਹੀ ਅੱਗੇ ਘਾਟ, ਆਪਣਾ ਨੈਣ ਉਠਾਈਆ। ਮੈਂ ਭੁੱਲੀ ਪ੍ਰਭ ਦੇ ਭਗਤਾਂ ਸਾਥ, ਮੇਰੇ ਉਤੇ ਨਜ਼ਰ ਨਾ ਪਾਈਆ। ਮੈਂ ਰਾਹ ਤੱਕਾਂ ਕਮਲਾਪਾਤ, ਕਮਲੀ ਹੋਏ ਦਿਆਂ ਦੁਹਾਈਆ। ਮੇਰੀ ਪੁੱਛੇ ਆ ਕੇ ਵਾਤ, ਵਾਤਾਵਰਨ ਦਿਆਂ ਸੁਣਾਈਆ। ਓਹ ਇਕੀ ਸਿਖਾਂ ਨਾਲ ਬੰਨ ਕੇ ਬੈਠਾ ਨਾਤ, ਓਹ ਨਾਤਾ ਗਿਆ ਤੁੜਾਈਆ। ਮੈਂ ਬਣੀ ਨਾਰ ਕਮਜ਼ਾਤ, ਆਪ ਆਪਣਾ ਸਕੀ ਨਾ ਭੇਟ ਚੜ੍ਹਾਈਆ। ਇਕ ਕਸੀਰਾ ਦੇ ਕੇ ਦਾਤ, ਆਪਣਾ ਮਾਣ ਵਖਾਈਆ। ਤਿਸ ਕਸੀਰੇ ਪਿੱਛੇ ਤਿੰਨਾਂ ਦਾ ਹੋਇਆ ਨਾਸ, ਰਾਜਾ ਰਾਣੀ ਰਹੇ ਕੁਰਲਾਈਆ। ਭਗਤ ਪੁੱਛੇ ਸਾਚੀ ਬਾਤ, ਸਚ ਸਚ ਇਕ ਜਣਾਈਆ। ਲੜ ਫੜਾਇਆ ਕਮਲਾਪਾਤ, ਬੰਧਨ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਮਨ ਦਾਮਨ ਨਾਲ ਫੜਾਈਆ। ਦਾਮਨ ਫੜਿਆ ਦਾਮਨਗੀਰ, ਦਿਲਦਾਰ ਦਇਆ ਕਮਾਇੰਦਾ। ਲੇਖਾ ਚੁਕਿਆ ਜਗਤ ਫਕੀਰ, ਹਰਕਤ ਆਪਣੀ ਆਪ ਸਮਝਾਇੰਦਾ। ਬਦਲੀ ਲੋਕਮਾਤ ਤਕਦੀਰ, ਤਦਬੀਰ ਆਪਣੀ ਆਪ ਵਖਾਇੰਦਾ। ਦਰਸ ਦੇਵੇ ਬੇਨਜ਼ੀਰ, ਨਜ਼ਰ ਮਿਹਰ ਆਪੇ ਪਾਇੰਦਾ। ਚੋਟੀ ਚਾੜ੍ਹੇ ਫੜ ਅਖ਼ੀਰ, ਆਖਰ ਆਪਣਾ ਮੇਲ ਵਿਖਾਇੰਦਾ। ਗੁਰਸਿਖ ਨਾ ਹੋਏ ਦਿਲਗੀਰ, ਦਿਲ ਦੀ ਦਰਦ ਆਪ ਮਿਟਾਇੰਦਾ। ਲਿਖ ਲਿਖ ਚਿੱਟੇ ਉਤੇ ਮਾਰੇ ਕਾਲੀ ਲਕੀਰ, ਜਗਤ ਜੰਜ਼ੀਰ ਆਪ ਕਟਾਇੰਦਾ। ਏਥੇ ਓਥੇ ਕੱਟੇ ਭੀੜ, ਸਗਲਾ ਸੰਗ ਨਿਭਾਇੰਦਾ। ਦਸ ਗੁਰੂ ਗੁਰੂ ਗਰੰਥ ਬੰਨ੍ਹ ਕੇ ਗਏ ਬੀੜ, ਪੁਰਖ ਅਕਾਲ ਗੁਰਸਿਖਾਂ ਬੀੜ ਬਨਾਇੰਦਾ। ਭਗਤ ਭਗਵੰਤ ਮਿਲ ਮਿਲ ਕੱਟਣ ਭੀੜ, ਸਗਲਾ ਸੰਗ ਨਿਭਾਇੰਦਾ। ਇਕ ਦੂਜੇ ਨੂੰ ਮਿਲਣ ਪੈਂਡਾ ਚੀਰ, ਚੇਤਨ ਆਪਣਾ ਆਪ ਜਣਾਇੰਦਾ। ਜਿਸ ਨੂੰ ਕਹਿੰਦੇ ਉਚ ਦਾ ਪੀਰ, ਹੋ ਹੋ ਨੀਵਾਂ ਸੇਵ ਕਮਾਇੰਦਾ। ਮਾਲਵਾ ਕਹੇ ਗੁਰਸਿੱਖ ਮੇਰਾ ਬੀਰ, ਮਾਝਾ ਕਹੇ ਵੀਰ ਵੀਰਾਂ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਆਬਾ ਵੇਖੇ ਦੋ ਦੋ ਆਬਾ ਐਹਬਾਬ ਰਬਾਬ ਇਕ ਸੁਣਾਇੰਦਾ। ਵੱਜੇ ਰਬਾਬ ਬਿਨ ਤੰਦੀ ਤੰਦ, ਤਾਰ ਸਤਾਰ ਨਾ ਕੋਈ ਵਿਖਾਈਆ । ਰਵਦਾਸ ਗਾਇਆ ਭਗਵੰਤ ਛੰਦ, ਭਗਵਨ ਰਵਦਾਸ ਰਿਹਾ ਵਡਿਆਈਆ। ਬ੍ਰਹਿਮਣ ਟੁੱਟੀ ਦੇਵੇ ਗੰਢ, ਗੰਢ ਡੋਰੀ ਨਾਲ ਬੰਧਾਈਆ। ਆਪਣੀ ਆਰ ਰੰਬੀ ਆਪੇ ਚੰਡ, ਚੰਡਕਾ ਰੂਪ ਵਖਾਈਆ। ਕੱਢੇ ਵਾਸਨਾ ਝੂਠੀ ਮੰਦ, ਕੂੜੀ ਕਿਰਿਆ ਦਏ ਖਪਾਈਆ। ਇਕ ਵਖਾਏ ਪਰਮਾਨੰਦ, ਪਰਮ ਪੁਰਖ ਵਖਾਈਆ। ਦਾਮਨਗੀਰ ਸਾਹਿਬ ਬਖ਼ਸ਼ੰਦ, ਪਲੂ ਹੱਥ ਫੜਾਈਆ। ਤਾਰਾ ਸਿੰਘ ਗਾਇਆ ਛੰਦ, ਪ੍ਰਭ ਛੰਦ ਨਾਲ ਛੰਦ ਮਿਲਾਈਆ। ਵੱਜਣ ਦਿਤਾ ਨਾ ਕੋਈ ਡੰਡ, ਨਾਰ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਕਰਤੂਤ ਕੰਮ ਕੀਤਾ ਸੂਤ, ਬਣ ਤਰਖਾਣ ਸ੍ਰੀ ਭਗਵਾਨ ਸੂਤਰ ਇਕੋ ਵਾਰ ਲਗਾਈਆ। ਸੂਤਰ ਲਾ ਕੇ ਫੇਰਿਆ ਆਰਾ, ਤਿੱਖੇ ਦੰਦ ਆਪ ਰਖਾਇੰਦਾ। ਇਕੋ ਮਾਰਿਆ ਫੜ ਕੁਹਾੜਾ, ਦੋ ਦੋ ਫਾੜ ਕਰਾਇੰਦਾ। ਕਰਿਆ ਖੇਲ ਅਪਰ ਅਪਾਰਾ, ਆਪਣੀ ਵਾਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਤਾਰਾ ਤਾਰ ਵਖਾਇੰਦਾ। ਸਿੰਘ ਤਾਰਾ ਸਾਚਾ ਸੁਤ, ਸੁਤ ਸੁਤ ਬੰਧਨ ਪਾਇਆ। ਜਗਤ ਨਾਤਾ ਜਾਏ ਤੁਟ, ਸਤਿਗੁਰ ਆਪਣਾ ਆਪ ਬੰਧਾਇਆ। ਪੰਜ ਤੱਤ ਕਾਇਆ ਚੋਲਾ ਜੇ ਜਾਏ ਛੁੱਟ, ਮੁੜ ਕੇ ਲਏ ਨਾ ਕੋਇ ਮਿਲਾਇਆ। ਪੁਰਖ ਅਬਿਨਾਸ਼ੀ ਸੁਹਾਇਆ ਕੋਟ, ਕਿਲਾ ਕਾਇਆ ਗੜ੍ਹ ਬਣਾਇਆ। ਉਪਰ ਚੜ੍ਹ ਲਗਾਈ ਚੋਟ, ਨਾਮ ਨਗਾਰਾ ਇਕ ਸੁਣਾਇਆ। ਭਗਵੰਤ ਭਗਤ ਭਾਵਨੀ ਓਤ ਪੋਤ, ਪੁੱਤਰ ਧੀ ਕੰਮ ਕਿਸੇ ਨਾ ਆਇਆ। ਅੰਤਮ ਮਿਲਣਾ ਨਿਰਮਲ ਜੋਤ, ਦੂਜੀ ਵੰਡ ਨਾ ਕੋਇ ਵੰਡਾਇਆ। ਹਰਿ ਜੂ ਭਗਤਾਂ ਰੱਖੇ ਓਟ, ਭਗਤਾਂ ਆਪਣੀ ਓਟ ਰਿਹਾ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਾਮਨ ਨਾਮ ਫੜਾਇਆ। ਗੁਰੂ ਉਤੇ ਰੁਮਾਲਾ ਧਰ, ਬਿਨ ਨੇਤਰ ਵੇਖਿਆਂ ਰਹੇ ਗਾਈਆ। ਗੁਰੂ ਉਤੇ ਰੱਖ ਰੁਮਾਲ, ਰਸਨਾ ਜਿਹਵਾ ਰਹੇ ਹਿਲਾਈਆ। ਚਾਰੋਂ ਕੁੰਟ ਵੇਖ ਵੇਖ ਆਪਣੇ ਆਪ ਨੂੰ ਕਹਿਣ ਕਮਾਲ, ਮੈਂ ਵਿਦਿਆ ਬੜੀ ਪਾਈਆ। ਚਵਰ ਫੜ ਕੇ ਬੈਠੇ ਧਰਮਸਾਲ, ਸੱਜੇ ਖੱਬੇ ਚਵਰ ਝੁਲਾਈਆ। ਗੁਰੂ ਦੱਸੇ ਸੁਖਾਲ ਹਾਲ, ਸਿਖ ਸਤਿਗੁਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਨਾਲ ਬੰਧਾਈਆ। ਕਿਸ਼ਨ ਸਿੰਘ ਤੇਰਾ ਤੁਰੀਆ ਪ੍ਰੇਮ, ਤੁਰਤ ਤੁਰਤ ਕਰਾਇੰਦਾ। ਆਦਿ ਜੁਗਾਦੀ ਸੱਚਾ ਨੇਮ, ਨਿਯਤ ਵੇਖ ਨਿਭਾਇੰਦਾ। ਭੁੱਲ ਨਾ ਜਾਏ ਕੁੰਟ ਹੇਮ, ਬਹਿ ਬਹਿ ਆਸਣ ਧਿਆਇੰਦਾ। ਵੇਖਣਹਾਰਾ ਨੇਤਰ ਨੈਣ, ਨੈਨਣ ਨੈਣ ਵਖਾਇੰਦਾ। ਗ਼ਰੀਬ ਨਿਮਾਣਿਆਂ ਬਣ ਬਣ ਸੈਣ, ਕੋਧਰਾ ਭੋਗ ਲਗਾਇੰਦਾ। ਸ਼ਬਦ ਅਗੰਮੀ ਗਾ ਗਾ ਗਾਇਨ, ਤਾਰ ਸਤਾਰ ਵਜਾਇੰਦਾ। ਭਗਤ ਭਗਵੰਤ ਇਕੱਠੇ ਬਹਿਣ, ਏਕਾ ਘਰ ਸੁਹਾਇੰਦਾ। ਇਕ ਦੂਜੇ ਦਾ ਲਹਿਣ ਦੇਣ, ਹਿਸਾਬ ਕਿਤਾਬ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਵਿਚ ਬੰਧਾਇੰਦਾ। ਪ੍ਰੇਮ ਅੰਦਰ ਪਿਆਰ ਗਿਆ ਬੱਝ, ਹਰਿ ਜੂ ਨਾਤਾ ਆਪ ਬੰਧਾਇਆ। ਇਕ ਦੂਜੇ ਦਾ ਪਰਦਾ ਬੈਠੇ ਕੱਜ, ਨਜ਼ਰ ਕੋਇ ਨਾ ਆਇਆ। ਭਗਤ ਭਗਵਾਨ ਇਕ ਦੂਜੇ ਦਾ ਕਰਨ ਹੱਜ, ਹਾਜੀ ਨਜ਼ਰ ਕੋਇ ਨਾ ਆਇਆ। ਇਕ ਦੂਜੇ ਅੱਗੇ ਬਹਿਣ ਸਜ, ਨੇਤਰ ਨੈਣਾਂ ਨਾਲ ਮਿਲਾਇਆ । ਸਿਫ਼ਤੀ ਸਿਫ਼ਤ ਨਗਾਰਾ ਜਾਏ ਵੱਜ, ਵਾਹਵਾ ਆਪਣਾ ਗੀਤ ਗਾਇਆ। ਅਰਸ਼ ਫ਼ਰਸ਼ ਦੋਵੇਂ ਤਜ, ਅੱਧਵਿਚਕਾਰੇ ਮੇਲ ਮਿਲਾਇਆ। ਇਕ ਦੂਜੇ ਉਤੇ ਕਰ ਕਰ ਤਰਸ, ਆਪਣਾ ਵਿਛੋੜਾ ਆਪ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਰੂਪ ਆਪ ਅਖਵਾਇਆ। ਪਿਆਰ ਰੂਪ ਹਰਿ ਪਰਵਾਰਾ, ਪਾਰਬ੍ਰਹਮ ਬਣਾਈਆ। ਭਗਤਾਂ ਵਖਾਏ ਇਕ ਦੁਆਰਾ, ਏਕਾ ਘਰ ਵਡਿਆਈਆ। ਤਿੰਨਾਂ ਲੋਕਾਂ ਪਾਰ ਕਿਨਾਰਾ, ਚੌਥਾ ਘਰ ਰਿਹਾ ਸਮਝਾਈਆ। ਮਿਲ ਮਿਲ ਸਖੀਆਂ ਮੰਗਲਾਚਾਰਾ, ਗੀਤ ਗੋਬਿੰਦ ਅਲਾਈਆ। ਹਰਿਜਨ ਹਰਿ ਜੂ ਵਰ ਪਾਇਆ ਕੰਤ ਭਤਾਰਾ, ਕਵਲ ਨੈਣ ਸੱਚਾ ਮਾਹੀਆ। ਸੁਹਾਏ ਬੰਕ ਸੋਹੇ ਦੁਆਰਾ, ਦੁਤਰ ਤਰਿਆ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਭਗਤਾਂ ਅੰਦਰ ਪਿਆਰ ਰੱਖ, ਆਪਣਾ ਮਾਰਗ ਆਪੇ ਦੱਸ, ਸੁਤਿਆਂ ਲਿਆ ਉਠਾਈਆ। ਪਿਆਰ ਅੰਤਰ ਖੋਲ੍ਹ ਜਾਗ, ਜੁਗਤ ਨਾ ਕਿਸੇ ਜਣਾਇੰਦਾ। ਬਿਨ ਵੇਖਿਆਂ ਆਏ ਵੈਰਾਗ, ਗੁਰਸਿਖ ਰੋ ਰੋ ਨੀਰ ਵਹਾਇੰਦਾ। ਬਿਨ ਸੱਜਣੋ ਬਣਿਆਂ ਸਾਕ, ਆਪਣਾ ਸੰਗ ਨਿਭਾਇੰਦਾ। ਫੜ ਬਾਹੋਂ ਖੋਲ੍ਹਿਆ ਤਾਕ, ਆਪਣਾ ਘਰ ਵਖਾਇੰਦਾ। ਜੋ ਜਨ ਚਰਨ ਕਵਲ ਲਏ ਝਾਕ, ਝਾਕੀ ਜਗਤ ਸਰਬ ਗਵਾਇੰਦਾ। ਜਿਸ ਜਨ ਮਸਤਕ ਧੂੜੀ ਲਾਏ ਖ਼ਾਕ, ਤਿਸ ਖ਼ਾਲਕ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਆਪਣਾ ਨੇਮ ਰਖਾਇੰਦਾ। ਪ੍ਰੇਮ ਨੇਮ ਭਗਤ ਦੁਆਰ, ਨੌਂ ਖੰਡ ਪ੍ਰਿਥਮੀ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵੇਖੇ ਗੁਰੂਦੁਆਰ, ਦੂਸਰ ਗ੍ਰਹਿ ਨਾ ਕੋਇ ਵਡਿਆਈਆ। ਸੰਤ ਵੇਖੇ ਕਰ ਪਿਆਰ, ਸਤਿਗੁਰ ਸਰਨ ਸੱਚੀ ਸ਼ਰਨਾਈਆ। ਗੁਰਸਿਖ ਆਏ ਚਲ ਦੁਆਰ, ਆਪਣਾ ਪੰਧ ਮੁਕਾਈਆ। ਸਤਿਗੁਰ ਪੂਰਾ ਅੱਗੋਂ ਕਰੇ ਪਿਆਰ, ਆਪਣੀ ਗੋਦੀ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਜ ਦਏ ਸਵਾਰ, ਪ੍ਰੇਮ ਨੀਤੀ ਇਕ ਰਖਾਈਆ। ਸਾਲ ਬਤਾਲੀ ਸੱਤ ਦਿਨ, ਪਹਿਲੀ ਆਰਜੂ ਰਿਹਾ ਸਮਝਾਈਆ। ਸੇਵ ਕਰਾਈ ਗਿਣ ਗਿਣ, ਆਪਣੀ ਦਇਆ ਕਮਾਈਆ। ਦਰਸ ਦਖਾਇਆ ਭਿੰਨ ਭਿੰਨ, ਰੂਪ ਅਨੂਪ ਵਟਾਈਆ। ਨਜ਼ਰ ਨਾ ਆਏ ਕੋਈ ਚੰਨ, ਚਿਖਾ ਜਗਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਵਖਾਈਆ। ਦਿਨ ਸੱਤ ਬਤਾਲੀ ਸਾਲ, ਪੂਰਬ ਲਹਿਣਾ ਆਪ ਜਣਾਇੰਦਾ। ਮਾਣਸ ਜਨਮ ਘਾਲੀ ਘਾਲ, ਗੋਬਿੰਦ ਰੰਗ ਰੰਗਾਇੰਦਾ। ਗੜ੍ਹੀ ਚਮਕੌਰ ਮਾਰ ਧਿਆਨ, ਗੁਰ ਸਤਿਗੁਰ ਵੇਖ ਵਖਾਇੰਦਾ। ਗੁਰਸਿਖੀ ਵਿਚੋਂ ਬਣਾਇਆ ਕਾਹਨ, ਇਕੋ ਨਜ਼ਰੀ ਆਇੰਦਾ। ਆਪਣੇ ਤਨ ਨਾਲੋਂ ਲਾਹ ਕਿਰਪਾਨ, ਤੇਰੇ ਤਨ ਪਹਿਨਾਇੰਦਾ। ਫੇਰ ਦਿਤਾ ਇਕ ਗਿਆਨ, ਇਕੋ ਸ਼ਬਦ ਸੁਣਾਇੰਦਾ। ਤੇਰੇ ਸੀਸ ਤਾਜ ਧਰਾਂ ਮਹਾਨ, ਆਪਣਾ ਰੂਪ ਵਟਾਇੰਦਾ। ਤੇਰਾ ਵੇਖਾਂ ਸਚ ਨਿਸ਼ਾਨ, ਲੋਕਮਾਤ ਝੁਲਾਇੰਦਾ। ਖੇਲ ਕਰਾਂ ਵਿਚ ਮੈਦਾਨ, ਰਣ ਭੂਮੀ ਵੇਖ ਵਖਾਇੰਦਾ। ਲੇਖੇ ਲਾਵਾਂ ਬਾਲ ਨਾਦਾਨ, ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਸੰਗਤ ਸਿੰਘ ਨੇਤਰ ਰੋ, ਗੁਰ ਗੋਬਿੰਦ ਅੱਗੇ ਸੀਸ ਝੁਕਾਇੰਦਾ। ਮੈਂ ਚਰਨ ਤੇਰੇ ਨਾਲ ਗਿਆ ਛੋਹ, ਦੂਜੀ ਓਟ ਨਾ ਕੋਇ ਤਕਾਇੰਦਾ। ਤਖ਼ਤ ਤਾਜ ਨਾਲ ਨਾ ਮੇਰਾ ਮੋਹ, ਮਮਤਾ ਮੋਹ ਨਾ ਕੋਇ ਵਖਾਇੰਦਾ। ਦਿਲ ਚਾਹੁੰਦਾ ਤੇਰੇ ਪਿਛੇ ਤਨ ਮਨ ਆਪਣਾ ਦੇਵਾਂ ਕੋਹ, ਰੱਤੀ ਰੱਤ ਤੇਰੇ ਲੇਖੇ ਲਾਇੰਦਾ। ਤੇਰੇ ਵਿਛੋੜੇ ਵਿਚ ਨਾ ਜਾਵਾਂ ਸੌਂ, ਸੁਖ ਹੋਰ ਨਾ ਕੋਈ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਸਤਿਗੁਰ ਪੂਰਾ ਹੋ ਮਿਹਰਵਾਨ, ਆਪਣੀ ਦਇਆ ਕਮਾਈਆ । ਤੇਰੀ ਸੇਵਾ ਕਰਾਂ ਫੇਰ ਪਰਵਾਨ, ਲੋਕਮਾਤ ਮਿਲੇ ਵਡਿਆਈਆ। ਹੁਣ ਦੇਵਾਂ ਸੱਚਾ ਦਾਨ, ਸੀਸ ਤੇਰੇ ਤਾਜ ਟਿਕਾਈਆ। ਮੈਂ ਆਪਣਾ ਗੁਰਸਿਖ ਵੇਖਾਂ ਕਾਹਨ, ਕੋਟਨ ਕਾਹਨ ਰਹੇ ਸ਼ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਨਾਮ, ਬੈਠੇ ਸੀਸ ਝੁਕਾਈਆ। ਤੇਰੇ ਹੱਥ ਫੜਾਇਆ ਬਾਣ, ਤੀਰ ਚਿੱਲਾ ਇਕ ਉਠਾਈਆ। ਤੇਰਾ ਰਹਾਂ ਨਿਗਹਬਾਨ, ਸਿਰ ਤੇਰੇ ਹੱਥ ਰਖਾਈਆ। ਕਲਜੁਗ ਖੇਲ ਕਰਾਂ ਮਹਾਨ, ਭੇਵ ਕੋਇ ਨਾ ਪਾਈਆ। ਵਲ ਛਲ ਲੁੱਟਿਆ ਸਰਬ ਜਹਾਨ, ਲੁਕਵੀਂ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਸਿੰਘ ਸੰਗਤ ਦੋਏ ਜੋੜ, ਪੱਲੂ ਗਲ ਵਿਚ ਪਾਇਆ। ਤੂੰ ਸਾਹਿਬ ਸ਼ਾਹ ਸਵਾਰ ਚੜ੍ਹੇ ਘੋੜ, ਮੈਂ ਤੇਰੇ ਘੋੜ ਰਾਸਾਂ ਹੱਥ ਉਠਾਇਆ। ਤੇਰੇ ਨਾਲ ਜਾਵਾਂ ਦੌੜ, ਦੌੜ ਆਪਣਾ ਪੰਧ ਮੁਕਾਇਆ। ਤੇਰਾ ਘੋੜਾ ਸੰਤ ਮਾਰੇ ਪੌੜ, ਮੈਂ ਧੂੜੀ ਖ਼ਾਕ ਰਮਾਇਆ। ਬਿਨ ਤੇਰੇ ਦਰਸ ਬੁੱਝੇ ਨਾ ਮੇਰੀ ਔੜ, ਤ੍ਰਿਪਤ ਨਾ ਕੋਇ ਕਰਾਇਆ। ਮੈਂ ਵੇਖਿਆ ਕਰ ਕੇ ਗੌਰ, ਤੁਧ ਬਿਨ ਨਜ਼ਰ ਨਾ ਕੋਇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਤਾ ਆਪ ਬੰਧਾਇਆ। ਗੋਬਿੰਦ ਕਹੇ ਸੁਣ ਪਿਆਰੇ, ਪਿਆਰ ਪਿਆਰ ਨਾਲ ਵਟਾਈਆ। ਤੇਰੇ ਸਾਲ ਜੋ ਬੀਤੇ ਵਿਚ ਸੰਸਾਰੇ, ਪੰਜ ਤੱਤ ਕਾਇਆ ਚੋਲਾ ਹੰਢਾਈਆ। ਕਰਾਂ ਖੇਲ ਅਪਰ ਅਪਾਰੇ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਆਏ ਕਿਨਾਰੇ, ਬੈਠੇ ਪੰਧ ਮੁਕਾਈਆ। ਤੇਰੀ ਪੈਜ ਫੇਰ ਸੁਵਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਕਵਣ ਰੰਗ ਗੁਰ ਰੰਗੌਣਾ, ਸਤਿਗੁਰ ਦੇ ਸਮਝਾਇਆ। ਕਵਣ ਰੂਪ ਵੇਸ ਵਟੌਣਾ, ਲੋਕਮਾਤ ਫੇਰਾ ਪਾਇਆ। ਕਵਣ ਘਰ ਆਸ ਰਖੌਣਾ, ਨੇਤਰ ਨੈਣ ਰਾਹ ਤਕਾਇਆ। ਕਵਣ ਬਿਧ ਪੂਰੀ ਕਰੇਂ ਭੌਣਾ, ਭਾਵਣੀ ਹੋਰ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਗੋਬਿੰਦ ਅੰਤਮ ਔਣਾ ਮਾਤ, ਮਾਣਸ ਰੂਪ ਵਟਾਈਆ। ਉਨੀ ਸਾਲ ਨਾ ਰਲਣਾ ਕਿਸੇ ਜਮਾਤ, ਬਾਲੀ ਬੁੱਧ ਵੇਖ ਵਖਾਈਆ। ਬਤਾਲੀ ਸਾਥ ਉਤਰਨਾ ਘਾਟ, ਆਪਣਾ ਘਾਟ ਦਏ ਸਮਝਾਈਆ। ਪੰਧ ਮੁਕੌਣਾ ਨਾਠ ਨਾਠ, ਪਾਂਧੀ ਸਾਚੇ ਰਾਹ ਚਲਾਈਆ। ਆਪਣਾ ਕਾਇਆ ਕਰ ਕਰ ਘਾਤ, ਘਾਲੀ ਘਾਲ ਸੇਵ ਕਮਾਈਆ। ਜੰਗਲ ਵਿਚ ਕੱਟਣੀ ਰਾਤ, ਜੂਹਾਂ ਵਿਚ ਸੀਸ ਛੁਪਾਈਆ। ਅੰਤਮ ਆਪੇ ਪੁੱਛੇ ਵਾਤ, ਬਾਹੋਂ ਪਕੜ ਲਏ ਉਠਾਈਆ। ਜਿਸ ਸੀਸ ਰੱਖਿਆ ਤਾਜ, ਦੇਵੇ ਮਾਣ ਵਡਿਆਈਆ। ਜਨਮ ਜਨਮ ਦੀ ਰੱਖੇ ਲਾਜ, ਲਾਜਾਵੰਤ ਆਪ ਹੋ ਜਾਈਆ। ਮਾਣਸ ਮਾਨੁਖ ਸਾਜਣ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਵੇਸ ਵਟਾਏ ਆਪ ਨਿਰੰਕਾਰਾ, ਨਿਰਗੁਣ ਖੇਲ ਕਰਾਈਆ। ਗੋਬਿੰਦ ਸ਼ਬਦ ਬੋਲ ਜੈਕਾਰਾ, ਨਾਮ ਗੋਬਿੰਦ ਰੂਪ ਵਟਾਈਆ। ਏਕਾ ਘਰ ਖੇਲ ਨਿਆਰਾ, ਗੁਰ ਚੇਲਾ ਆਪ ਜਣਾਈਆ। ਮੇਲ ਮਿਲਾਵਾ ਸੁਤ ਦੁਲਾਰਾ, ਪੁਰਖ ਅਕਾਲ ਹੋਏ ਸਹਾਈਆ। ਫੇਰ ਪਾਵੇ ਤੇਰੀ ਸਾਰਾ, ਜਨਮ ਅਜਨਮ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵੇਖ ਵਖਾਈਆ। ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਵੇਖ ਵਖਾਈਆ। ਗੋਬਿੰਦ ਦੇ ਕੇ ਚਲਿਆ ਦਾਨ, ਅੰਤਮ ਗੋਬਿੰਦ ਝੋਲੀ ਪਾਈਆ। ਨਾਲ ਰਖਾਏ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਦਰ ਦੁਆਰੇ ਦੇਵੇ ਮਾਣ, ਕੀਤਾ ਕੌਲ ਭੁੱਲ ਨਾ ਜਾਈਆ। ਸੱਠ ਇਕ ਨਾ ਕੋਇ ਨਿਸ਼ਾਨ, ਕੋਟਨ ਕੋਟ ਜੁਗ ਰਹੇ ਵਿਹਾਈਆ। ਜੁਗ ਚੌਕੜੀ ਕਰ ਪਰਵਾਨ, ਜਨ ਭਗਤਾਂ ਸੰਗ ਰਖਾਈਆ। ਕਲਜੁਗ ਅੰਤਮ ਆਪਣੀ ਕਿਰਪਾਨ ਰੱਖ ਮਿਆਨ, ਕਾਇਆ ਗਾਤਰੇ ਵਿਚ ਟਿਕਾਈਆ। ਅੰਮ੍ਰਿਤ ਆਤਮ ਪੀਣ ਖਾਣ, ਸਚ ਭੰਡਾਰ ਰਿਹਾ ਵਰਤਾਈਆ। ਸਤਿ ਸੰਤੋਖੀ ਫੜ ਨਿਸ਼ਾਨ, ਦਰ ਘਰ ਸਾਚੇ ਰਿਹਾ ਝੁਲਾਈਆ। ਜਨਮ ਜਨਮ ਦੇ ਵਿਛੜੇ ਮੇਲੇ ਆਣ, ਜਗਤ ਵਿਛੋੜਾ ਦਏ ਕਟਾਈਆ। ਬਿਰਧ ਬਾਲ ਜਵਾਨ ਵੇਖੇ ਮਾਰ ਧਿਆਨ, ਅਭੁੱਲ ਭੁੱਲ ਕਦੇ ਨਾ ਜਾਈਆ। ਮਨ ਹੰਕਾਰ ਤੋੜ ਦਿਤਾ ਗਿਆਨ, ਪੂਜਾ ਪਾਠ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਲਏ ਮਿਲਾਈਆ। ਆਪਣੀ ਇਛਿਆ ਕਰਿਆ ਮੇਲਾ, ਪੂਰਬ ਲਹਿਣਾ ਚੁਕਾਇਆ। ਵਸਿਆ ਘਰ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਖਲਾਇਆ। ਤਖ਼ਤ ਨਿਵਾਸੀ ਇਕ ਇਕੇਲਾ, ਕਲਜੁਗ ਵੇਲਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਹੱਥ ਟਿਕਾਇਆ। ਹੱਥ ਰੱਖਿਆ ਤਾਜ, ਦਇਆ ਕਮਾਈਆ। ਕਰਿਆ ਖੇਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਲਏ ਮਿਲਾਈਆ। ਜਗਤ ਸੁਤਿਆਂ ਮਾਰੀ ਵਾਜ, ਸੋਇਆ ਆਪ ਉਠਾਈਆ। ਫੜ ਫੜ ਬਾਹੋਂ ਰਚਿਆ ਕਾਜ, ਕਾਜ਼ੀ ਗ੍ਰੰਥੀ ਨਾ ਕੋਇ ਮਨਾਈਆ। ਆਪਣੇ ਹੱਥੀਂ ਸਾਜਣ ਸਾਜ, ਹਰਿ ਸੱਜਣ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਸੱਠ ਏਕਾ ਵਾਰ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਛਰਤ ਲਏ ਮਿਲਾਈਆ।