੨੧ ਮੱਘਰ ੨੦੧੮ ਬਿਕਰਮੀ ਬਖ਼ਸ਼ੀਸ਼ ਸਿੰਘ ਬਚਨ ਸਿੰਘ ਅਜੀਤ ਸਿੰਘ ਜੇਠੂਵਾਲ ਦਰਬਾਰ ਵਿਚ
ਪਾਰਬ੍ਰਹਮ ਪ੍ਰਭ ਛੈਲ ਛਬੀਲ, ਛਹਿਬਰ ਨਾਮ ਲਗਾਇੰਦਾ। ਬਸਨ ਬਨਵਾਰੀ ਬਸਤਰ ਨੀਲ, ਅੰਬਰ ਸਵੰਬਰ ਆਪ ਰਚਾਇੰਦਾ। ਦੇਵੇ ਦਾਤ ਬਣ ਵਕੀਲ, ਸਚ ਵਕਾਲਤ ਆਪ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਸੱਚਾ ਖੇਲ, ਅਪਰੰਪਰ ਆਪਣਾ ਮੇਲ ਮਿਲਾਇੰਦਾ। ਅਰਜਨ ਮਾਣ ਗਵਾਇਆ ਭੀਲ, ਬਿਨ ਕ੍ਰਿਸ਼ਨ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਗੁਰਮੁਖ ਮੰਗਣਾ ਦਰ ਦਵਾਰ, ਦਰ ਦਰਵਾਜ਼ਾ ਹਰਿ ਖੁਲ੍ਹਾਈਆ। ਜਨਮ ਜਨਮ ਦਾ ਲਹਿਣਾ ਦਏ ਉਤਾਰ, ਦੇਣਾ ਕੋਇ ਰਹਿਣ ਨਾ ਪਾਈਆ। ਡੁੱਬਦੇ ਪਾਥਰ ਲਾਏ ਪਾਰ, ਪਾਹਨ ਚਰਨ ਛੁਹਾਈਆ। ਅਗਨੀ ਸੜਦੇ ਦੇਵੇ ਠਾਰ, ਅੰਮ੍ਰਿਤ ਮੇਘ ਬਰਸਾਈਆ। ਬਿਨ ਨੈਣਾਂ ਦੇਵੇ ਦਰਸ ਦੀਦਾਰ, ਨੇਤਰ ਨੈਣ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਹੱਥ ਰਖਾਈਆ। ਗੁਰਸਿਖ ਮੰਗ ਹਰਿ ਕਾ ਨਾਉਂ, ਹਰਿ ਸਾਚਾ ਆਪ ਵਰਤਾਇੰਦਾ। ਅਲਖ ਅਗੋਚਰ ਅਗੰਮ ਅਥਾਹੋ, ਬੇਪਰਵਾਹ ਖੇਲ ਕਰਾਇੰਦਾ । ਜੁਗ ਜਨਮ ਦੇ ਵਿਛੜੇ ਫੜ ਫੜ ਮੇਲੇ ਬਾਹੋਂ, ਜਗਤ ਵਿਛੋੜਾ ਪੰਧ ਮੁਕਾਇੰਦਾ। ਨਿਰਧਨ ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਸਾਚਾ ਧਾਮ ਸੁਹਾਇੰਦਾ । ਸਦਾ ਸੁਹੇਲਾ ਇਕ ਇਕੇਲਾ ਪੁਰਖ ਅਗੰਮ ਸਿਰ ਰੱਖੇ ਠੰਡੀ ਛਾਉਂ, ਸਮਰਥ ਆਪਣਾ ਹੱਥ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਉਠੋ ਸਿਖੋ ਮੰਗੋ ਰਾਗ, ਹਰਿ ਰਾਗੀ ਆਪ ਜਣਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਤ੍ਰੈਗੁਣ ਅਗਨੀ ਬੁਝੇ ਆਗ, ਹਵਨ ਹਵਨਾ ਨਾ ਕੋਇ ਵਖਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਰੱਖੇ ਲਾਜ, ਪਾਰਬ੍ਰਹਮ ਵਡੀ ਵਡਿਆਈਆ। ਸ੍ਰਿਸ਼ਟ ਸਬਾਈ ਕਰ ਤਿਆਗ, ਹਰਿਜਨ ਸਾਚੇ ਲਏ ਪਰਨਾਈਆ। ਪੁਰਖ ਪੁਰਖੋਤਮ ਗਿਆ ਜਾਗ, ਭਗਤ ਭਗਵੰਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਈਆ। ਉਠ ਗੁਰਸਿਖ ਮੰਗ ਦਾਤ, ਮਿਹਰਵਾਨ ਆਪ ਵਰਤਾਇੰਦਾ। ਲੱਖ ਚੁਰਾਸੀ ਵਿਚੋਂ ਉਤਮ ਕਰੇ ਜਾਤ, ਜਾਤ ਆਪਣੀ ਨਾਲ ਮਿਲਾਇੰਦਾ। ਕਾਇਆ ਡੂੰਘਰ ਭਰੇ ਖਾਤ, ਸਚ ਖ਼ਜ਼ਾਨਾ ਇਕ ਵਰਤਾਇੰਦਾ। ਨਿਰਵੈਰ ਕਰਾਏ ਪਾਰ ਘਾਟ, ਅੱਧਵਿਚਕਾਰ ਨਾ ਕੋਇ ਰਖਾਇੰਦਾ। ਸਾਚੀ ਸੇਜ ਸੁਹਾਏ ਖਾਟ, ਆਤਮ ਅੰਤਰ ਆਪ ਵਿਛਾਇੰਦਾ। ਸਰਨ ਸਰਨਾਈ ਸਾਚਾ ਨਾਤ, ਸਾਕ ਸੱਜਣ ਸੈਣ ਆਪ ਬੰਧਾਇੰਦਾ। ਅੰਤ ਅੰਤ ਪੁੱਛੇ ਵਾਤ, ਆਦਿ ਆਦਿ ਵੇਖ ਵਖਾਇੰਦਾ। ਨਾਮ ਨਿਧਾਨ ਸੁਣਾਏ ਗਾਥ, ਗੋਬਿੰਦ ਆਪਣਾ ਗੀਤ ਅਲਾਇੰਦਾ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਿਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਇਕ ਇਕੱਲਾ ਮਿਲੇ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਉਠ ਸਿੱਖ ਝੋਲੀ ਡਾਹ, ਸਤਿਗੁਰ ਪੂਰਾ ਦਇਆ ਕਮਾਈਆ। ਅਨਮੁਲੜੀ ਦਾਤ ਰਿਹਾ ਵਰਤਾ, ਦਿਸ ਕਿਸੇ ਨਾ ਆਈਆ। ਜਨਮ ਜਨਮ ਦੇ ਬਖ਼ਸ਼ੇ ਗੁਨਾਹ, ਪਤਤ ਪਾਪੀ ਪਾਰ ਕਰਾਈਆ। ਏਕਾ ਦੇਵੇ ਸਤਿ ਸਲਾਹ, ਸਲਾਹਗੀਰ ਰੂਪ ਵਟਾਈਆ। ਹਰਿ ਜੂ ਮਿਲੇ ਸਾਚੇ ਥਾਂ, ਥਾਨ ਥਨੰਤਰ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਖੁਲ੍ਹਾਈਆ। ਗੁਰਸਿਖ ਉਠ ਮੰਗ ਭੰਡਾਰ, ਹਰਿ ਭੰਡਾਰੀ ਆਪ ਵਰਤਾਇੰਦਾ। ਲੱਖ ਚੁਰਾਸੀ ਦਏ ਨਵਾਰ, ਗੇੜਾ ਗੇੜਾ ਆਪ ਦਵਾਇੰਦਾ। ਤ੍ਰੈਗੁਣ ਅਤੀਤਾ ਪਾਵੇ ਸਾਰ, ਤ੍ਰੈ ਭਵਨ ਧਨੀ ਵੇਖ ਵਖਾਇੰਦਾ। ਠਾਂਡਾ ਸੀਤਾ ਇਕ ਦਰਬਾਰ, ਸਚ ਦੁਆਰੇ ਸੋਭਾ ਪਾਇੰਦਾ। ਕਰਮ ਕਾਂਡ ਦਏ ਨਿਵਾਰ, ਬ੍ਰਹਮ ਬ੍ਰਹਿਮਾਂਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਇਹ ਸਮਝਾਇੰਦਾ। ਗੁਰਮੁਖ ਸੱਜਣ ਰਹੇ ਸੁਣ, ਹਰਿ ਸਾਚਾ ਸਚ ਜਣਾਈਆ। ਇਕੋ ਰਾਗ ਇਕੋ ਧੁਨ, ਏਕਾ ਨਾਦ ਵਜਾਈਆ। ਪਾਰਬ੍ਰਹਮ ਤੇਰੇ ਕੌਣ ਜਾਣੇ ਗੁਣ, ਗੁਣਵੰਤ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਕਰ ਛਾਣ ਪੁਣ, ਹਰਿਜਨ ਸਾਚੇ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਸੁਹਾਈਆ। ਗੁਰਮੁਖ ਅੱਗੋਂ ਕਹਿੰਦੇ ਬੋਲ, ਏਕਾ ਬਚਨ ਸੁਣਾਇਆ। ਤੂੰ ਪਹਿਲੋਂ ਤੋਲ ਆਪਣਾ ਤੋਲ, ਸਾਡਾ ਤੋਲ ਨਜ਼ਰ ਕਿਸੇ ਨਾ ਆਇਆ। ਜੁਗ ਜੁਗ ਆਪਣਾ ਮੰਦਰ ਲੋਕਮਾਤ ਗਿਆ ਖੋਲ੍ਹ, ਸ੍ਰਿਸ਼ਟ ਸਬਾਈ ਰਾਹ ਚਲਾਇਆ। ਲੁਕ ਲੁਕ ਬੈਠੇਂ ਸਦਾ ਅਡੋਲ, ਦਿਸ ਕਿਸੇ ਨਾ ਆਇਆ। ਤੇਰੇ ਪਿੱਛੇ ਕਰਦੇ ਕੋਟਨ ਕੋਟੀ ਘੋਲ, ਤੇਰਾ ਪੰਧ ਨਾ ਕੋਇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਇਆ। ਪੁਰਖ ਅਬਿਨਾਸ਼ੀ ਦਇਆਵਾਨ, ਏਕਾ ਵਾਰ ਜਣਾਈਆ। ਮੈਂ ਦੇਵਣਹਾਰ ਸ੍ਰੀ ਭਗਵਾਨ, ਜੁਗ ਜੁਗ ਰਿਹਾ ਵਰਤਾਈਆ। ਲੱਖ ਚੁਰਾਸੀ ਵੇਖਾਂ ਮਾਰ ਧਿਆਨ, ਪੁਰੀਆਂ ਲੋਆਂ ਫੇਰਾ ਪਾਈਆ। ਗੁਰਮੁਖ ਵਿਰਲੇ ਕਰ ਪਰਵਾਨ, ਆਪਣੇ ਨਾਲ ਮਿਲਾਈਆ। ਨਾਮ ਨਿਧਾਨਾ ਦੇ ਗਿਆਨ, ਅੰਤਰ ਕਰਾਂ ਪੜ੍ਹਾਈਆ। ਸਤਿ ਨਿਸ਼ਾਨਾ ਦੋ ਜਹਾਨ, ਏਕਾ ਦਿਆਂ ਵਖਾਈਆ। ਗ੍ਰਹਿ ਮੰਦਰ ਮਹੱਲ ਮਕਾਨ, ਉਚ ਅਟੱਲ ਵਡ ਵਡਿਆਈਆ। ਤਖ਼ਤ ਨਿਵਾਸੀ ਬਣ ਬਲਵਾਨ, ਸਾਚੇ ਤਖ਼ਤ ਸੋਭਾ ਪਾਈਆ। ਆਦਿ ਜੁਗਾਦੀ ਹੁਕਮਰਾਨ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਦੋ ਜਹਾਨਾਂ ਰੱਖਾਂ ਆਣ, ਭੁੱਲ ਕੋਇ ਨਾ ਜਾਈਆ। ਗੁਰ ਅਵਤਾਰਾਂ ਦੇ ਦੇ ਮਾਣ, ਲੋਕਮਾਤ ਕਰਾਂ ਪੜ੍ਹਾਈਆ। ਏਕਾ ਬਖ਼ਸ਼ਾਂ ਚਰਨ ਧਿਆਨ, ਚਰਨ ਸ਼ਰਨ ਸੱਚੀ ਸ਼ਰਨਾਈਆ। ਕਰ ਕਿਰਪਾ ਦੇਵਾਂ ਦਾਨ, ਦਾਤ ਅਨਮੁਲੜੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਮੰਗੋ ਦਾਤ ਸਾਚਾ ਵਰ, ਅਬਿਨਾਸ਼ੀ ਕਰਤਾ ਆਪ ਜਣਾਇੰਦਾ। ਜਨਮ ਕਰਮ ਦਾ ਚੁੱਕੇ ਡਰ, ਭੈ ਅਵਰ ਨਾ ਕੋਇ ਵਖਾਇੰਦਾ। ਏਕਾ ਅੱਖਰ ਲੈਣਾ ਪੜ੍ਹ, ਸਾਚਾ ਮੰਤਰ ਆਪ ਸਮਝਾਇੰਦਾ। ਏਕਾ ਮੰਦਰ ਜਾਣਾ ਵੜ, ਦੂਜੇ ਦਰ ਨਾ ਫੇਰਾ ਪਾਇੰਦਾ। ਏਕਾ ਨਿਰਗੁਣ ਫੜਨਾ ਲੜ, ਦੂਜਾ ਨਜ਼ਰ ਕੋਇ ਨਾ ਆਇੰਦਾ। ਏਕਾ ਪੌੜੇ ਜਾਣਾ ਚੜ੍ਹ, ਪੁਰਖ ਅਬਿਨਾਸ਼ੀ ਆਪ ਚੜ੍ਹਾਇੰਦਾ। ਏਕਾ ਕੰਤ ਫੜਨਾ ਲੜ, ਨਾਰ ਸੁਹਾਗਣ ਆਪ ਬਣਾਇੰਦਾ। ਨਿਹਕਰਮੀ ਕਰਮ ਦਏ ਕਰ, ਕੁਕਰਮੀ ਪਾਰ ਕਰਾਇੰਦਾ। ਗੁਰਮੁਖ ਮਰਨੀ ਨਾ ਜਾਏ ਮਰ, ਜੀਵਣ ਮੁਕਤ ਆਪ ਵਖਾਇੰਦਾ। ਮੁਕਤੀ ਆਪਣੇ ਚਰਨਾਂ ਹੇਠਾਂ ਧਰ, ਗੁਰਸਿਖ ਆਪਣੇ ਨਾਲ ਰਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮੇਰਾ ਭਾਣਾ ਰਹੇ ਜਰ, ਭਾਣੇ ਵਿਚ ਸਰਬ ਵਖਾਇੰਦਾ। ਮੇਰੇ ਅੱਗੇ ਕੋਈ ਨਾ ਗਿਆ ਅੜ, ਕਾਇਆ ਭਾਂਡੇ ਸਰਬ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਗੁਰਮੁਖ ਸੱਜਣ ਕਰਨ ਦਲੀਲ, ਮਨ ਮਨਸਾ ਮਾਤ ਰਖਾਈਆ । ਕਵਣ ਬਣੇ ਜਗਤ ਵਕੀਲ, ਸਾਡੀ ਮਿਸਲ ਦਏ ਚਲਾਈਆ। ਅੰਤ ਅਰਜਨ ਲੁੱਟਿਆ ਫੜ ਕੇ ਭੀਲ, ਸੂਰਬੀਰ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਮੰਗ ਮੰਗਾਈਆ। ਗੁਰਸਿਖ ਮੰਗਣ ਸਾਚੀ ਮੰਗ, ਏਕਾ ਵਾਰ ਜਣਾਈਆ। ਜੇ ਤੁਠਾਂ ਤੇ ਕਾਇਆ ਰੰਗ, ਰੰਗ ਆਪਣਾ ਨਾਮ ਚੜ੍ਹਾਈਆ। ਦਿਵਸ ਰੈਣ ਇਕ ਅਨੰਦ, ਅੱਠੇ ਪਹਿਰ ਵੱਜੇ ਵਧਾਈਆ। ਜਗਤ ਤ੍ਰਿਸ਼ਨਾ ਮੁੱਕੇ ਗੰਦ, ਵਾਸ਼ਨਾ ਕੋਇ ਨਜ਼ਰ ਨਾ ਆਈਆ। ਪੰਚ ਵਿਕਾਰਾ ਕਰ ਖੰਡ ਖੰਡ, ਖੰਡਾ ਖੜਗ ਹੱਥ ਫੜਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧਿਆਨ ਰਿਹਾ ਲਗਾਈਆ। ਗੁਰਮੁਖ ਤੇਰੀ ਸਚ ਅਰਦਾਸ, ਹਰਿ ਹਰਿ ਆਪਣੀ ਝੋਲੀ ਪਾਇੰਦਾ। ਕਰੇ ਖੇਲ ਖੇਲ ਤਮਾਸ਼, ਖੇਲਣਹਾਰਾ ਵੇਸ ਵਟਾਇੰਦਾ। ਮਾਤ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣੇ ਬੇ ਬੇ ਆਸ, ਪਾਰ ਕਿਨਾਰਾ ਆਪ ਵਖਾਇੰਦਾ। ਲੱਖ ਚੁਰਾਸੀ ਕਰ ਤਲਾਸ਼, ਗੁਰਮੁਖ ਸਾਚੇ ਮੇਲ ਮਿਲਾਇੰਦਾ। ਆਪੇ ਦੇਵੇ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਭਗਤਨ ਮੇਲਾ ਏਕਾ ਘਾਟ, ਏਕਾ ਤੱਟ ਸੁਹਾਇੰਦਾ। ਪੰਧ ਮੁਕਾਏ ਝੂਠੀ ਵਾਟ, ਸਿਰ ਆਪਣਾ ਹੱਥ ਰਖਾਇੰਦਾ। ਨਿਰਗੁਣ ਸਰਗੁਣ ਵੇਖੇ ਮਾਰ ਝਾਤ, ਝਾਕੀ ਆਪਣੀ ਆਪੇ ਪਾਇੰਦਾ। ਕਰੇ ਪ੍ਰਕਾਸ਼ ਅੰਧੇਰੀ ਰਾਤ, ਅੰਧ ਅੰਧੇਰ ਆਪ ਗਵਾਇੰਦਾ। ਲਹਿਣਾ ਦੇਣਾ ਤੋੜ ਜ਼ਾਤ ਪਾਤ, ਸ਼ਰਅ ਬੰਧਨ ਨਾ ਕੋਇ ਵਖਾਇੰਦਾ। ਦਰਸ ਦਿਖਾਏ ਇਕ ਇਕਾਂਤ, ਅਕਲ ਕਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਸਮਝਾਇੰਦਾ। ਗੁਰਮੁਖ ਸੱਜਣ ਰੱਖਦੇ ਤਾਂਘ, ਏਕਾ ਓਟ ਤਕਾਈਆ। ਤੂੰ ਨਿਰਗੁਣ ਰਚਿਆ ਆਪਣਾ ਸਾਂਗ, ਸਵਾਂਗੀ ਖੇਲ ਵਖਾਈਆ। ਸਾਚੀ ਵਸਤ ਰਹੇ ਮਾਂਗ, ਤੇਰੇ ਅੱਗੇ ਝੋਲੀ ਡਾਹੀਆ। ਲੱਖ ਚੁਰਾਸੀ ਵਿਚੋਂ ਕਾਢ, ਗਰਭ ਹਵਨ ਨਾ ਕੋਇ ਤਪਾਈਆ। ਸਰਨ ਸਰਨਾਈ ਮਿਲੇ ਦਾਦ, ਦੂਸਰ ਓਟ ਨਾ ਕੋਇ ਰਖਾਈਆ। ਮੇਲਾ ਰਹੇ ਆਦਿ ਜੁਗਾਦਿ, ਜੁਗ ਜੁਗ ਵੇਖ ਵਖਾਈਆ। ਏਕਾ ਤੇਰਾ ਨਾਉਂ ਲਏ ਅਰਾਧ, ਦੂਜਾ ਇਸ਼ਟ ਨਾ ਕੋਇ ਮਨਾਈਆ। ਪਾਰ ਕਿਨਾਰਾ ਕਰਨੀ ਹਾਦ, ਸਾਚੇ ਮੰਦਰ ਲੈ ਚੜ੍ਹਾਈਆ। ਵੇਲੇ ਅੰਤ ਨਾ ਜਾਣਾ ਛਾਡ, ਏਕਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਕੌਲ ਪੂਰ ਨਿਭਾਈਆ। ਪੁਰਖ ਅਬਿਨਾਸ਼ੀ ਨੇਤਰ ਖੋਲ੍ਹ, ਏਕਾ ਵਾਰ ਤਕਾਇਆ। ਹਰਿਜਨ ਸਾਚੇ ਲਵਾਂ ਵਿਰੋਲ, ਨਾਮ ਮਧਾਣਾ ਪਾਇਆ। ਏਕਾ ਕੰਡੇ ਦੇਵਾਂ ਤੋਲ, ਬਣ ਤੋਲਾ ਸੇਵ ਕਮਾਇਆ। ਗੁਰਮੁਖਾਂ ਰੱਖਾਂ ਸਦਾ ਅਡੋਲ, ਲੋਕਮਾਤ ਵੇਖ ਵਖਾਇਆ। ਸਚ ਵਸਤ ਜੋ ਮੇਰੇ ਕੋਲ, ਦੇਵਾਂ ਆਪ ਵਰਤਾਇਆ। ਸੋਹੰ ਢੋਲਾ ਏਕਾ ਬੋਲ, ਆਤਮ ਪਰਮਾਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰਸਿਖ ਅੱਗੋਂ ਰਿਹਾ ਸੁਣਾ, ਸੁਣ ਮੇਰੇ ਸੱਚੇ ਮਾਹੀਆ। ਸੋਹੰ ਗਾ ਚੜ੍ਹੇ ਨਾ ਚਾਅ, ਰਸਨਾ ਜਿਹਵਾ ਹਿਲਾਇਆ। ਜਿੰਨਾਂ ਚਿਰ ਨਾ ਪਕੜੇਂ ਬਾਂਹ, ਸਾਂਤਕ ਸਤਿ ਨਾ ਕੋਇ ਵਰਤਾਇਆ। ਜੇ ਤੁਠਾ ਪ੍ਰਭ ਦਰਸ ਦਿਖਾ, ਤੇਰਾ ਦਰਸ਼ਨ ਮੋਹੇ ਭਾਇਆ। ਜਨਮ ਜਨਮ ਦੀ ਹਿਰਸ ਮਿਟਾ, ਅੰਮ੍ਰਿਤ ਮੇਘ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਰਿਹਾ ਸਮਝਾਇਆ। ਗੁਰਸਿਖ ਸਾਚੇ ਰੱਖ ਧੀਰ, ਧੀਰਜਵਾਨ ਜਣਾਇੰਦਾ। ਤੇਰਾ ਲੇਖਾ ਅੰਤ ਅਖ਼ੀਰ, ਆਖਰ ਹਰਿ ਜੂ ਆਪ ਮੁਕਾਇੰਦਾ। ਤੇਰੀ ਆਪਣੇ ਅੰਦਰ ਰੱਖੇ ਤਸਵੀਰ, ਮਸੱਵਰ ਬਣ ਬਣ ਸੇਵ ਕਮਾਇੰਦਾ। ਇਕੇ ਵਾਰ ਸਭ ਦੀ ਬਦਲੇ ਤਕਦੀਰ, ਜਿਸ ਜਨ ਆਪਣੇ ਚਰਨ ਲਗਾਇੰਦਾ। ਕਰ ਕਿਰਪਾ ਕੱਟੇ ਭੀੜ, ਔਖਾ ਰਾਹ ਨਾ ਕੋਇ ਵਖਾਇੰਦਾ। ਏਕਾ ਰੰਗ ਰੰਗਾਏ ਸ਼ਾਹ ਹਕੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਕਿਰਪਾ ਕਰ ਗੁਣ ਨਿਧਾਨ, ਗੁਰਸਿਖ ਮੰਗ ਮੰਗਾਈਆ। ਕਵਣ ਵੇਲਾ ਦੇਵੇਂ ਦਾਨ, ਦਇਆਵਾਨ ਦਇਆ ਕਮਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਹਿਨਸ਼ਾਹ ਵਡੀ ਵਡਿਆਈਆ। ਹਉਂ ਬਾਲਕ ਬਾਲ ਨਾਦਾਨ, ਤੇਰੀ ਸਾਰ ਨਾ ਪਾਈਆ। ਜੁਗ ਜੁਗ ਤੇਰਾ ਖੇਲ ਮਹਾਨ, ਗੁਰ ਅਵਤਾਰ ਸੇਵ ਕਮਾਈਆ। ਤੂੰ ਸਰਬ ਜੀਆਂ ਦਾ ਸੱਚਾ ਕਾਹਨ, ਲੱਖ ਚੁਰਾਸੀ ਰਿਹਾ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਏਕਾ ਰੰਗ ਵਖਾਇੰਦਾ। ਲੱਖ ਚੁਰਾਸੀ ਕੋਲੋਂ ਰਿਹਾ ਨੱਸ, ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਹਿਰਦੇ ਜਾਵਾਂ ਵਸ, ਸਚ ਸਿੰਘਾਸਣ ਆਪ ਬਣਾਇੰਦਾ। ਕਰ ਕਰ ਆਪਣਾ ਪ੍ਰਕਾਸ਼, ਪ੍ਰਕਾਸ਼ ਪ੍ਰਕਾਸ਼ ਨਾਲ ਮਿਲਾਇੰਦਾ। ਕਰ ਕਰ ਸਾਚਾ ਭੋਗ ਬਲਾਸ, ਭਸਮੜ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਰੂਪ ਅਨੂਪ ਆਪ ਪਰਗਟਾ, ਪਰਮ ਪੁਰਖ ਵੇਸ ਵਟਾਈਆ। ਕਲਜੁਗ ਅੰਤਮ ਸੇਵ ਕਮਾ, ਸੇਵਕ ਬਣ ਬਣ ਫੇਰਾ ਪਾਈਆ। ਭਗਤ ਦੁਆਰਾ ਲਏ ਸਜਾ, ਸਾਜਣ ਬਣੇ ਸੱਚਾ ਮਾਹੀਆ। ਹਰਿਜਨ ਸਾਚੇ ਲਏ ਬੁਲਾ, ਆਪ ਆਪਣੇ ਦਰ ਸੁਹਾਈਆ। ਵਸਤ ਅਮੋਲਕ ਇਕੋ ਵਾਰ ਝੋਲੀ ਦੇਵੇ ਪਾ, ਸਾਚੀ ਝੋਲੀ ਸਰਬ ਭਰਾਈਆ। ਛੱਬੀ ਪੋਹ ਦਿਵਸ ਸੁਹਾ, ਦੋਏ ਦੋਏ ਲੇਖਾ ਆਪ ਚੁਕਾਈਆ। ਜਨ ਭਗਤਾਂ ਕੱਟੇ ਜਮ ਕਾ ਫਾਹ, ਜਗਤ ਫਾਸੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਨੀ ਦਾਤ ਦਾਤਾ ਇਕ ਵਰਤਾਈਆ। ਅੱਠ ਤੱਤ ਜਿਸ ਪਾਈ ਸਾਰ, ਸਰਬ ਸੁਖ ਉਪਜਾਇਆ। ਦਸਵੇਂ ਘਰ ਕਰ ਪਿਆਰ, ਪੁਰਖ ਅਬਿਨਾਸ਼ੀ ਦਰਸ ਕਰਾਇਆ। ਅੱਠ ਦਸ ਜੋੜ ਸੰਸਾਰ, ਅੰਕ ਅੰਕ ਨਾਲ ਮਿਲਾਇਆ। ਇਕ ਇਕੱਲਾ ਏਕੰਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੇਲ ਖਲਾਇਆ। ਜਿਸ ਜਨ ਬਖ਼ਸ਼ੇ ਚਰਨ ਦੁਆਰ, ਸੋ ਜਨ ਲੋਕਮਾਤ ਵਡਿਆਇਆ। ਜਿਸ ਜਨ ਖੋਲ੍ਹੇ ਬੰਦ ਕਵਾੜ, ਆਤਮ ਤਾਕੀ ਕੁੰਡਾ ਲਾਹਿਆ। ਜਿਸ ਜਨ ਬਾਹੋਂ ਪਕੜ ਲਏ ਉਠਾਲ, ਆਪ ਆਪਣੀ ਗੋਦ ਬਹਾਇਆ। ਜਿਸ ਜਨ ਚਲੇ ਨਾਲ ਨਾਲ, ਸਾਚਾ ਸੰਗ ਨਿਭਾਇਆ। ਜਿਸ ਜਨ ਸ਼ਾਹੋਂ ਕਰੇ ਕੰਗਾਲ, ਨਾਮ ਖ਼ਜ਼ਾਨਾ ਇਕ ਵਰਤਾਇਆ। ਜਿਸ ਜਨ ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇਆ। ਜਿਸ ਜਨ ਦਰਗਹਿ ਸਾਚੀ ਦੇਵੇ ਮਾਣ, ਦਰ ਘਰ ਸਾਚੇ ਆਪ ਬਹਾਇਆ। ਜਿਸ ਜਨ ਦੇਵੇ ਧੁਰ ਫ਼ਰਮਾਣ, ਸਤਿ ਸੰਦੇਸ਼ਾ ਇਕ ਸੁਣਾਇਆ। ਸੋ ਭਗਤ ਮਿਲੇ ਭਗਵਾਨ, ਭਗਤੀ ਰੰਗ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਉਪਾਇਆ। ਪਹਿਲਾ ਭਗਤ ਭਗਤ ਪ੍ਰਹਿਲਾਦ, ਪਰਲੋ ਨੇੜ ਕਦੇ ਨਾ ਆਈਆ। ਦੂਜੇ ਧਰੂ ਦਿਤੀ ਦਾਦ, ਨਾਨਕ ਦਾਦਕ ਨਾ ਕੋਇ ਵਡਿਆਈਆ । ਤੀਜੇ ਬਲ ਦਿਤਾ ਸਾਥ, ਸਗਲਾ ਸੰਗ ਨਿਭਾਈਆ। ਚੌਥੇ ਅਮਰੀਕ ਰੱਖਿਆ ਹਾਥ, ਸਿਰ ਆਪਣਾ ਹੱਥ ਟਿਕਾਈਆ। ਪੰਜਵੇਂ ਜਨਕ ਲੇਖਾ ਇਕਾਂਤ, ਅਕਲ ਕਲਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਭਗਵਨ ਸੰਗ ਰਖਾਈਆ। ਛੇਵੇਂ ਹਰੀ ਚੰਦ ਉਜਿਆਰ, ਸਤਵੇਂ ਤਾਰਾ ਰਾਣੀ ਯਾਰ, ਅੱਠਵੇਂ ਬਿਦਰ ਕਰੇ ਸੁਧਾਰ, ਨਾਵੇਂ ਸੁਦਾਮਾ ਜਾਏ ਤਾਰ, ਦਸਵੇਂ ਦਰੋਪਦ ਕਰੇ ਵਿਚਾਰ, ਯਾਰਵੇਂ ਜੈ ਦੇਵ ਲਾਏ ਪਾਰ, ਬਾਰਵੇਂ ਰਵਦਾਸ ਬਣਾਏ ਯਾਰ, ਤੇਰਵੇਂ ਸੈਣ ਲਏ ਉਠਾਲ, ਚੌਧਵਂੇ ਕਬੀਰ ਕਰੇ ਪ੍ਰਿਤਪਾਲ, ਪੰਦਰਵੇਂ ਧੰਨਾ ਜੱਟ ਦਏ ਵਖਾਲ, ਸੋਲਵੇਂ ਤਰਲੋਚਣ ਸ਼ਾਹ ਬਣਾਏ ਕੰਗਾਲ, ਸਤਾਰਵੇਂ ਅਜਾਮਲ ਦੇਵੇ ਠਾਰ, ਅਠਾਰਵੇਂ ਬੈਣੀ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਨਕਾ ਪੂਤਨਾ ਬੱਧਕ ਜਗਤ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਦਸ ਦਸ ਅੱਠ ਨੱਠ ਨੱਠ ਜੁਗ ਜੁਗ ਸਤਿ ਸਤਿ ਏਕਾ ਤੱਤ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਛੁੱਟਿਆ ਸਾਥ, ਸਗਲਾ ਸੰਗ ਤਜਾਇਆ । ਰਾਮ ਕ੍ਰਿਸ਼ਨ ਤਜਿਆ ਤ੍ਰਲੋਕੀ ਨਾਥ, ਨਿਰਗੁਣ ਖੇਲ ਖਲਾਇਆ। ਰਵ ਸਸ ਭੁੱਲਿਆ ਦਿਵਸ ਰਾਤ, ਚੰਦ ਚਾਂਦਨੀ ਮੁਖ ਛੁਪਾਇਆ। ਲੇਖਾ ਚੁੱਕਿਆ ਪੂਜਾ ਪਾਠ, ਪੜ੍ਹ ਪੜ੍ਹ ਧੀਰ ਨਾ ਕੋਇ ਧਰਾਇਆ। ਪੁਰਖ ਅਬਿਨਾਸ਼ ਖੇਲ ਤਮਾਸ਼, ਲੋਕਮਾਤ ਆਪ ਕਰਾਇਆ। ਵੇਸ ਵਟਾ ਪ੍ਰਿਥਮੀ ਆਕਾਸ਼, ਗਗਨ ਮੰਡਲ ਰਿਹਾ ਸੁਹਾਇਆ । ਕਲਜੁਗ ਅੰਤਮ ਸਭ ਕੋਲੋਂ ਹੋ ਉਦਾਸ, ਭਗਤਾਂ ਦੁਆਰੇ ਫੇਰੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਖਲਾ, ਵੇਖੇ ਚਾਈਂ ਚਾਈਂਆ। ਰਾਤੀਂ ਸੁਤਿਆਂ ਗੁਰਸਿਖ ਲਏ ਜਗਾ, ਜੁਗਤੀ ਆਪਣੇ ਹੱਥ ਵਖਾਈਆ। ਆਪਣੀ ਪ੍ਰੇਮ ਰੱਤ ਨਾਲ ਦਏ ਨੁਹਾ, ਜਗਤ ਨੀਰ ਨਾ ਕੋਇ ਰਖਾਈਆ। ਕਰ ਕਰ ਸੇਵਾ ਚੜ੍ਹਿਆ ਸਾਹ, ਦਿਵਸ ਰੈਣ ਸੇਵ ਕਮਾਈਆ। ਲੱਖ ਚੁਰਾਸੀ ਕੋਈ ਵੇਖੇ ਨਾ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਖੇੜਾ ਆਪੇ ਗਿਆ ਢਾਹ, ਗੁਰਮੁਖਾਂ ਖੇੜਾ ਰਿਹਾ ਬਣਾਈਆ। ਏਸੇ ਕਾਰਨ ਸਿੰਘ ਪੂਰਨ ਲਿਆ ਪਰਨਾ, ਪੂਰਨ ਪਰਮੇਸ਼ਵਰ ਵਿਚ ਸਮਾਈਆ। ਪੁੱਤਰ ਧੀਆਂ ਨਾਤਾ ਲਿਆ ਤੁੜਾ, ਜਗਤ ਮੋਹ ਨਾ ਲਿਆ ਵਧਾਈਆ। ਗੁਰਮੁਖਾਂ ਫੜ ਫੜ ਬਾਂਹ, ਆਪਣੇ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। ਸੇਵਾ ਕਰਨ ਦਾ ਇਕੋ ਮੌਕਾ, ਛੱਤੀ ਦਿਨ ਜਣਾਇਆ। ਬਿਨ ਭਗਤੀ ਤਰਨਾ ਸੌਖਾ, ਮਾਰਗ ਇਕ ਲਗਾਇਆ। ਗੁਰਸਿਖ ਜੇ ਇਸ ਨੂੰ ਜਾਣੇ ਔਖਾ, ਔਖਾ ਘਾਟ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਇਆ। ਸੇਵਾ ਕਰਨ ਦਾ ਸਾਚਾ ਵਕਤ, ਛੱਤੀ ਦਿਨ ਵੰਡ ਵੰਡਾਈਆ। ਪਾਲ ਸਿੰਘ ਫਸਿਆ ਮੋਹ ਜਗਤ, ਜੁਗਤ ਗਿਆ ਭੁਲਾਈਆ। ਪ੍ਰਭ ਲੇਖੇ ਲਾਈ ਰਕਤ, ਪੂਰਬ ਲਹਿਣਾ ਝੋਲੀ ਪਾਈਆ। ਆਪ ਸੁਹਾਇਆ ਉਸ ਦਾ ਵਕਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹੋਏ ਸਹਾਈਆ। ਪਾਲ ਸਿੰਘ ਦੀ ਕਰ ਪ੍ਰਿਤਪਾਲ, ਆਪਣੀ ਦਇਆ ਕਮਾਇੰਦਾ। ਰਾਤੀਂ ਸੁਤਿਆਂ ਦਏ ਨੁਹਾਲ, ਦੁਰਮਤ ਮੈਲ ਧੁਵਾਇੰਦਾ। ਮਾਇਆ ਝੂਠੀ ਜਗਤ ਜੰਜਾਲ, ਜੀਵ ਜੰਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਦਿਵਸ ਦਾ ਸਾਚਾ ਫਲ, ਗੁਰਸਿਖਾਂ ਝੋਲੀ ਪਾਇੰਦਾ। ਸੇਵਾ ਕਰੇ ਜੋ ਆ ਦੁਆਰ, ਜੁਗ ਛੱਤੀ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਬਣਿਆ ਰਹੇ ਮਿੱਤਰ ਯਾਰ, ਯਾਰੜਾ ਸੱਥਰ ਆਪ ਹੰਢਾਈਆ। ਗੁਰਸਿਖ ਭੁੱਲੇ ਜੋ ਵਿਚ ਸੰਸਾਰ, ਮੂਰਖ ਮੁਗਧ ਰੂਪ ਵਟਾਈਆ। ਤਿਸ ਕਰੇ ਆਪ ਪ੍ਰਿਤਪਾਲ, ਹੋਏ ਸੰਗ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਬਣਾਈਆ। ਪੰਜ ਪਿਆਰੇ ਹਰਿ ਕਾ ਅੰਗ, ਅੰਗੀਕਾਰ ਬਣਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਵੇਸ ਵਟਾਇੰਦਾ। ਲੇਖਾ ਜਾਣੇ ਬ੍ਰਹਿਮੰਡ ਖੰਡ, ਲੋਕਮਾਤ ਰਚਨ ਰਚਾਇੰਦਾ। ਜਗਤ ਜੁਗ ਪ੍ਰਭ ਟੁੱਟੀ ਗੰਢ, ਸਾਚਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਦਰ ਸੁਹਾਇੰਦਾ। ਪੰਜ ਪਿਆਰੇ ਵਕਤ ਸੁਹੌਣਾ, ਵਕਤ ਵਕਤ ਰਿਹਾ ਵਿਹਾਈਆ। ਹਰਿ ਜੂ ਵਿਹਾਰ ਬਿਵਹਾਰ ਦਰਸੌਣਾ, ਬਿਵਹਾਰੀ ਸੇਵ ਕਮਾਈਆ। ਜਿਸ ਦੁਆਰੇ ਹਰਿ ਆਪਣੀ ਕਾਰ ਕਮੌਣਾ, ਸੋ ਕਾਰ ਸਭ ਨੂੰ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪੇ ਰਿਹਾ ਸੁਹਾਈਆ। ਸਤਿਗੁਰ ਪੂਰਾ ਇਕ ਗ਼ੁਲਾਮ, ਜੁਗ ਜੁਗ ਸੇਵ ਕਮਾਈਆ। ਜਨ ਭਗਤਾਂ ਅੰਦਰ ਵੜ ਵੜ ਕਰੇ ਪਰਨਾਮ, ਆਪਣਾ ਸੀਸ ਝੁਕਾਈਆ। ਬਿਨ ਜਾਣਿਆਂ ਹੋਵੇ ਜਾਣੀ ਜਾਣ, ਬਿਨ ਪੁਛਿਆਂ ਲਏ ਬੁਲਾਈਆ। ਜੇ ਗੁਰਸਿਖ ਨਾ ਕਰੇ ਪਛਾਣ, ਆਪ ਆਪਣਾ ਦਰਸ ਵਖਾਈਆ। ਕਦੇ ਧਰੇ ਰੂਪ ਬਿਰਧ ਕਦੇ ਬਾਲ ਜਵਾਨ, ਕਦੇ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਈਆ। ਭਗਤਨ ਸੇਵਾ ਸਾਚੀ ਕਿਰਤ, ਕਰਤਾ ਕਿਰਤ ਕਮਾਇੰਦਾ। ਕੋਈ ਕਹੇ ਸੁਰਤ ਨਿਰਤ, ਨਿਰਗੁਣ ਆਪਣਾ ਭੇਵ ਛੁਪਾਇੰਦਾ । ਕੋਈ ਕਹੇ ਅਕਾਲ ਮੂਰਤ, ਮੂਰਤ ਅਕਾਲ ਆਪਣੀ ਧਾਰ ਜਣਾਇੰਦਾ। ਭਗਵਾਨ ਕਹੇ ਮੈਂ ਭਗਤਾਂ ਮੇਟੀ ਹਰਸ, ਹਰਸ ਹੋਰ ਨਾ ਕੋਇ ਵਧਾਇੰਦਾ। ਜੁਗ ਜੁਗ ਕਰਾਂ ਤਰਸ, ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਗੁਰਸਿਖ ਮਾਲਕ ਸਚ ਘਰ ਦਾ, ਨਿਰਗੁਣ ਝਾੜੂ ਬਰਦਾਰ ਅਖਵਾਈਆ। ਘੱਟਾ ਹੂੰਝੇ ਆਪਣੇ ਦਰ ਦਾ, ਆਪਣੀ ਹੱਥੀਂ ਸੇਵ ਕਮਾਈਆ। ਜੁਗ ਜੁਗ ਭਗਤਾਂ ਕੋਲੋਂ ਡਰਦਾ, ਭਗਤ ਦੁਆਰੇ ਫੇਰਾ ਪਾਈਆ। ਭਗਤਾਂ ਪਿਛੇ ਲੱਖ ਚੁਰਾਸੀ ਨਾਲ ਲੜਦਾ, ਨਾਮ ਖੰਡਾ ਹੱਥ ਉਠਾਈਆ। ਬਿਨ ਸੱਦਿਆਂ ਘਰ ਵਿਚ ਵੜਦਾ, ਆਪਣਾ ਪੰਧ ਮੁਕਾਈਆ। ਗੁਰਸਿੱਖ ਆਤਮ ਪੌੜੇ ਆਪੇ ਚੜ੍ਹਦਾ, ਆਪਣਾ ਪੰਧ ਮੁਕਾਈਆ। ਅੰਦਰ ਬਹਿ ਬਹਿ ਇਕੋ ਅੱਖਰ ਪੜ੍ਹਦਾ, ਕਰੇ ਸਚ ਪੜ੍ਹਾਈਆ। ਨਾ ਜਨਮੇ ਨਾ ਕਦੇ ਮਰਦਾ, ਭਗਤਾਂ ਸੰਗ ਰਖਾਈਆ। ਸਦਾ ਸੁਹੇਲਾ ਇਕ ਇਕੇਲਾ ਬਣਿਆ ਰਹੇ ਬਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ।
