੨੬ ਪੋਹ ੨੦੧੮ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ ਦਰਬਾਰ ਵਿਚ
ਸ੍ਰੀ ਭਗਵਾਨ ਰੱਖੀ ਯਾਦ, ਅਭੁੱਲ ਭੁੱਲ ਨਾ ਜਾਈਆ। ਸਤਿ ਸਚਖੰਡ ਦੁਆਰ ਸੁਣੀ ਫ਼ਰਿਯਾਦ, ਧਿਆਨ ਧਿਆਨ ਨਾਲ ਮਿਲਾਈਆ। ਨਿਰਗੁਣ ਖੇਲ ਜਾਣੇ ਆਦਿ, ਅੰਤ ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਾਦ ਅਨਾਦੀ ਵਜਾਏ ਨਾਦ, ਤਾਰ ਸਤਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਭੁੱਲ ਨਾ ਜਾਈਆ। ਹਰਿਜਨ ਤੇਰੀ ਰੱਖੀ ਯਾਦ, ਸਚਖੰਡ ਖੇਲ ਅਪਾਰਾ। ਲੇਖਾ ਜਾਣੇ ਜੁਗ ਜੁਗਾਦਿ, ਜੁਗਾ ਜੁਗੰਤਰ ਹੋ ਉਜਿਆਰਾ। ਪਾਵੇ ਸਾਰ ਸੰਤ ਸਾਧ, ਭਗਤਨ ਨਾਮ ਅਧਾਰਾ। ਮੋਹਣ ਮਾਧਵ ਹਰਿ ਜੂ ਮਾਧ, ਬੇਅੰਤ ਵਸੇ ਧਾਮ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਰੱਖੀ ਯਾਦ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਬੈਠ ਤਖ਼ਤ ਮਹਾਨ, ਤਖ਼ਤ ਨਿਵਾਸੀ ਦਇਆ ਕਮਾਈਆ। ਥਿਰ ਘਰ ਆਪਣਾ ਵੇਖੇ ਆਣ, ਮਹੱਲ ਅਟੱਲ ਕਰ ਰੁਸ਼ਨਾਈਆ। ਏਕਾ ਸ਼ਬਦ ਸੁਤ ਬਲਵਾਨ, ਪੂਤ ਸਪੂਤਾ ਨਾਲ ਰਖਾਈਆ। ਬੰਸ ਸਰਬੰਸ ਕਰ ਧਿਆਨ, ਆਪਣੀ ਕੁਲ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਮਾਣ, ਬਖ਼ਸ਼ੇ ਸ਼ਰਨ ਸੱਚੀ ਸ਼ਰਨਾਈਆ। ਤ੍ਰੈ ਤ੍ਰੈ ਮਾਇਆ ਕਰ ਪਰਧਾਨ, ਪੰਚਮ ਰੰਗ ਰੰਗ ਵਖਾਈਆ। ਲੇਖਾ ਜਾਣੇ ਦੋ ਜਹਾਨ, ਅਨਡਿਠੜਾ ਧਾਮ ਸੁਹਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ, ਭੂਪਤ ਭੂਪ ਵੇਖ ਵਖਾਈਆ। ਧੁਰ ਫ਼ਰਮਾਣਾ ਹੁਕਮਰਾਨ, ਏਕਾ ਏਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੁੱਲ ਨਾ ਜਾਈਆ। ਸੋ ਪੁਰਖ ਨਿਰੰਜਣ ਸਚਖੰਡ, ਸਚ ਦੁਆਰਾ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਆਪੇ ਹੋਏ ਪਰਮਾਨੰਦ, ਪਰਮ ਪੁਰਖ ਖੇਲ ਖਲਾਇੰਦਾ। ਆਪੇ ਗੀਤ ਆਪੇ ਛੰਦ, ਗਾ ਗਾ ਆਪਣੀ ਖ਼ੁਸ਼ੀ ਮਨਾਇੰਦਾ। ਆਪਣੇ ਮੰਦਰ ਆਪੇ ਹੋਏ ਬੰਦ, ਆਪ ਆਪਣਾ ਬੰਧਨ ਰਖਾਇੰਦਾ। ਆਪੇ ਸੂਰਜ ਆਪੇ ਚੰਦ, ਬਣ ਸੂਰਜ ਚੰਦ ਆਪ ਪਰਗਟਾਇੰਦਾ। ਆਪੇ ਸਾਹਿਬ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਯਾਦ ਨਾ ਕਦੇ ਭੁਲਾਇੰਦਾ। ਯਾਦ ਰੱਖੇ ਬੇਪਰਵਾਹ, ਆਪਣੀ ਦਇਆ ਕਮਾਇੰਦਾ। ਆਦਿ ਪੁਰਖ ਕਰ ਸਲਾਹ, ਆਪਣੀ ਖੇਲ ਕਰਾਇੰਦਾ। ਸ਼ਬਦ ਦੁਲਾਰਾ ਨਾਲ ਰਲਾ, ਸ਼ਬਦ ਧਾਰ ਪਰਗਟਾਇੰਦਾ। ਤ੍ਰੈ ਤ੍ਰੈ ਮੇਲਾ ਸਹਿਜ ਸੁਭਾ, ਤ੍ਰੈ ਤ੍ਰੈ ਰੰਗ ਵਖਾਇੰਦਾ। ਪੰਚਮ ਪੰਚਮ ਜੋੜ ਜੁੜਾ, ਚਾਰ ਚਾਰ ਵੇਖ ਵਖਾਇੰਦਾ। ਏਕਾ ਘਰ ਸੋਭਾ ਪਾ, ਸੋਭਾਵੰਤ ਡਗਮਗਾਇੰਦਾ। ਆਦਿ ਅੰਤਾ ਬਣ ਖ਼ੁਦਾ, ਨੂਰੋ ਨੂਰ ਨੂਰ ਸਮਾਇੰਦਾ। ਮੁਕਾਮੇ ਹੱਕ ਆਸਣ ਲਾ, ਸਚ ਸਿੰਘਾਸਣ ਆਪ ਵਡਿਆਇੰਦਾ। ਛਤਰ ਸੀਸ ਆਪ ਝੁਲਾ, ਤਖ਼ਤ ਨਿਵਾਸੀ ਤਖ਼ਤ ਆਸਣ ਲਾਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਹੁਕਮੀ ਹੁਕਮ ਖੇਲ ਖਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਜੁਗ ਚੌਕੜੀ ਬੰਧਨ ਪਾਇੰਦਾ। ਨਵ ਨੌਂ ਚਾਰ ਵੰਡ ਵੰਡਾ, ਜੇਰਜ ਅੰਡ ਮੋਹ ਵਧਾਇੰਦਾ। ਉਤਭੁਜ ਸੇਤਜ ਆਪ ਸਮਾ, ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਕੀਤਾ ਭੁੱਲ ਨਾ ਜਾਇੰਦਾ। ਕਦੇ ਨਾ ਭੁੱਲੇ ਕੀਤਾ ਕੌਲ, ਕਵਲ ਨੈਣ ਵਡੀ ਵਡਿਆਈਆ। ਜੋਤੀ ਜੋਤ ਰਿਹਾ ਮੌਲ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਿਆ ਪਰਦਾ ਓਹਲ, ਵਿਸ਼ਨ ਬ੍ਰਹਮਾ ਸ਼ਿਵ ਭੇਵ ਨਾ ਪਾਈਆ। ਕਰਿਆ ਖੇਲ ਉਪਰ ਧੌਲ, ਧਰਨੀ ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਅੰਦਰ ਮੌਲ, ਪੰਜ ਤੱਤ ਕਾਇਆ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਈਆ। ਸਾਚੀ ਧਾਰ ਹਰਿ ਨਿਰੰਕਾਰ, ਏਕਾ ਵਾਰ ਸੁਣਾਈਆ। ਜੁਗ ਚੌਕੜੀ ਖੇਲ ਅਪਾਰ, ਲੋਕਮਾਤ ਕਰਾਈਆ। ਪਾਰਬ੍ਰਹਮ ਬ੍ਰਹਮ ਦਏ ਅਧਾਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਈਸ਼ ਜੀਵ ਇਕ ਅਧਾਰ, ਜਗਦੀਸ਼ ਕਰੇ ਕੁੜਮਾਈਆ। ਸੀਸ ਤਾਜ ਸੱਚੀ ਸਰਕਾਰ, ਦੋ ਜਹਾਨਾਂ ਹੁਕਮ ਚਲਾਈਆ। ਬ੍ਰਹਿਮੰਡ ਖੰਡ ਕਰ ਤਿਆਰ, ਲੋਆਂ ਪੁਰੀਆਂ ਵੇਖੇ ਚਾਈਂ ਚਾਈਂਆ। ਰਵ ਸਸ ਕਰ ਉਜਿਆਰ, ਕਿਰਨ ਕਿਰਨ ਨਾਲ ਮਿਲਾਈਆ। ਨਾਮ ਨਾਦ ਸ਼ਬਦ ਧੁਨਕਾਰ, ਬ੍ਰਹਿਮਾਦ ਵੱਜੇ ਵਧਾਈਆ। ਆਦਿ ਜੁਗਾਦਿ ਸਾਚੀ ਕਾਰ, ਕਰਤਾ ਆਪਣੇ ਹੱਥ ਰਖਾਈਆ। ਸੇਵਾ ਲਾ ਗੁਰ ਅਵਤਾਰ, ਲੱਖ ਚੁਰਾਸੀ ਸੇਵ ਕਮਾਈਆ। ਸਾਚਾ ਵਣਜ ਕਰ ਵਪਾਰ, ਏਕਾ ਹੱਟ ਖੁਲ੍ਹਾਈਆ। ਤੀਰਥ ਤੱਟ ਵੇਖ ਕਿਨਾਰ, ਜਲ ਥਲ ਮਹੀਅਲ ਰਿਹਾ ਸਮਾਈਆ। ਘਟ ਘਟ ਵਸੇ ਵਸਣਹਾਰ, ਦਿਸ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਰਾਤੀ ਰੁੱਤ ਨਾ ਕੋਈ ਤਿਥੀ ਵਾਰ, ਘੜੀ ਪਲ ਨਾ ਕੋਈ ਸਮਝਾਈਆ। ਅਬਿਨਾਸ਼ੀ ਅਚੁੱਤ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਭੁੱਲ ਕਦੇ ਨਾ ਜਾਈਆ। ਆਦਿ ਅੰਤ ਨਾ ਭੁੱਲੇ ਭਗਵੰਤ, ਸਮਰਥ ਪੁਰਖ ਵਡੀ ਵਡਿਆਈਆ। ਜੁਗ ਚੌਕੜੀ ਦੇਵੇ ਨਾਮ ਏਕਾ ਵਸਤ, ਜੀਵ ਜੰਤ ਕਰ ਪੜ੍ਹਾਈਆ। ਲੇਖਾ ਜਾਣੇ ਸਾਧ ਸੰਤ, ਬੇਅੰਤ ਬੇਪਰਵਾਹੀਆ। ਆਪੇ ਮੇਲੇ ਨਾਰੀ ਕੰਤ, ਨਰ ਨਰਾਇਣ ਖ਼ੁਸ਼ੀ ਮਨਾਈਆ। ਏਕਾ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਦੋ ਜਹਾਨ ਬਣਾਏ ਬਣਤ, ਏਥੇ ਓਥੇ ਖ਼ੁਸ਼ੀ ਮਨਾਈਆ। ਏਕਾ ਜਾਣੇ ਆਦਿ ਅੰਤ, ਆਦਿ ਅੰਤ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਰੂਪ ਵਖਾਈਆ। ਅਭੁੱਲ ਰੂਪ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਵਾਹ ਵਾਹ ਖੇਲ ਕਰੇ ਸਚ ਵਿਹਾਰ, ਸੱਚਾ ਖੇਲ ਖਲਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰ, ਜੁਗ ਚੌਕੜੀ ਵੇਸ ਵਟਾਇੰਦਾ। ਗੁਰ ਅਵਤਾਰਾਂ ਦਏ ਅਧਾਰ, ਲੋਕਮਾਤ ਰਾਹ ਚਲਾਇੰਦਾ। ਨਾਮ ਸ਼ਬਦ ਵਣਜ ਵਪਾਰ, ਚੌਦਾਂ ਲੋਕ ਸ਼ਬਦ ਵਖਾਇੰਦਾ। ਚਾਰ ਕੁੰਟ ਪਾਵੇ ਸਾਰ, ਦਹਿ ਦਿਸ਼ਾ ਫੋਲ ਫੋਲਾਇੰਦਾ। ਨੱਠ ਨੱਠ ਜਾਏ ਪਾਰ ਕਿਨਾਰ, ਅਠਸਠ ਆਪਣਾ ਬੰਧਨ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੀਤਾ ਆਪ ਸਮਝਾਇੰਦਾ। ਆਦਿ ਪੁਰਖ ਹਰਿ ਕਰੇ ਕਾਰਾ, ਏਕਾ ਰੰਗ ਜਣਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਜੋਤ ਰੁਸ਼ਨਾਈਆ। ਪੰਜ ਤੱਤ ਲਗਾ ਅਖਾੜਾ, ਨਿਰਗੁਣ ਨਿਰਗੁਣ ਨਾਚ ਨਚਾਈਆ। ਨਾੜ ਬਹੱਤਰ ਵਜਾ ਤਲਵਾੜਾ, ਰਾਗ ਰਾਗ ਨਾਲ ਮਿਲਾਈਆ। ਛੱਤੀ ਰਾਗ ਜਗਤ ਵਣਜਾਰਾ, ਰਸਨਾ ਜਿਹਵਾ ਗਾਈਆ। ਹਰਿ ਕਾ ਖੇਲ ਸਭ ਤੋਂ ਨਿਆਰਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੂਪ ਸਮਝਾਈਆ। ਆਦਿ ਪੁਰਖ ਆਦਿ ਰਚਨਾ ਰਚ, ਆਪਣਾ ਖੇਲ ਖਲਾਇਆ। ਥਿਰ ਘਰ ਦੁਆਰ ਬਣਾਇਆ ਸੱਚ, ਸ਼ਬਦੀ ਸੁਤ ਬਹਾਇਆ। ਲੱਖ ਚੁਰਾਸੀ ਅੰਦਰ ਨੱਚ, ਬਣ ਨਟੂਆ ਸਵਾਂਗ ਵਖਾਇਆ। ਸਰਗੁਣ ਖੋਲ੍ਹ ਏਕਾ ਹੱਟ, ਏਕਾ ਬਣਤ ਦਏ ਬਣਾਇਆ। ਜੋਤ ਨਿਰੰਜਣ ਲਟ ਲਟ, ਪੁਰਖ ਅਬਿਨਾਸ਼ੀ ਕਰੇ ਰੁਸ਼ਨਾਇਆ। ਭਾਗ ਲਗਾਏ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮੇਲ ਮਿਲਾਇਆ। ਨਾਮ ਨਿਧਾਨਾ ਡੋਰੀ ਪਾਏ ਨੱਥ, ਹਰਿ ਬੰਧਨ ਇਕ ਰਖਾਇਆ। ਪੰਚਮ ਬਹਿ ਬਹਿ ਢੋਲਾ ਗਾਏ ਜਸ, ਜਸ ਆਪਣਾ ਆਪ ਸੁਣਾਇਆ। ਬਿਨ ਦੰਦਾਂ ਪਏ ਹੱਸ, ਪੁਰਖ ਅਬਿਨਾਸ਼ੀ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਰਿਹਾ ਸਮਝਾਇਆ। ਮੇਰਾ ਆਦਿ ਹਰਿ ਨਿਰੰਕਾਰ, ਏਕਾ ਰੂਪ ਸੁਣਾਈਆ । ਸਚਖੰਡ ਦੁਆਰ ਕਰ ਤਿਆਰ, ਸਚ ਸਿੰਘਾਸਣ ਸੋਭਾ ਪਾਈਆ। ਹਰਿਜਨ ਜੋਤ ਕਰ ਉਜਿਆਰ, ਤੇਲ ਬਾਤੀ ਨਾਲ ਲਗਾਈਆ। ਨਿਰਮਲ ਜੋਤ ਕਰ ਉਜਿਆਰ, ਸੂਰਜ ਚੰਦ ਨਾ ਕੋਈ ਰੁਸ਼ਨਾਈਆ। ਮੰਡਲ ਮੰਡਪ ਨਾ ਕੋਈ ਸਹਾਰ, ਗਗਨ ਗਗਨੰਤਰ ਨਾ ਕੋਈ ਵਡਿਆਈਆ। ਗੁਰ ਪੀਰ ਅਵਤਾਰ ਨਾ ਕੋਈ ਮਦਦਗਾਰ, ਧਰਤ ਧਵਲ ਨਾ ਕੋਈ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਈ ਪਸਾਰ, ਨਿਉਂ ਨਿਉਂ ਸੀਸ ਝੁਕਾਈਆ। ਸ਼ਬਦ ਨਾਦ ਨਾ ਕੋਈ ਧੁਨਕਾਰ, ਰਾਗੀ ਰਾਗ ਨਾ ਕੋਈ ਗਾਈਆ। ਸੀਸ ਤਾਜ ਨਾ ਕੋਈ ਦਸਤਾਰ, ਬਸਤਰ ਤਨ ਨਾ ਕੋਈ ਸੁਹਾਈਆ। ਧਰਨੀ ਕਰੇ ਨਾ ਕੋਈ ਪੁਕਾਰ, ਲੱਖ ਚੁਰਾਸੀ ਨਾ ਕੋਈ ਬਣਾਈਆ। ਪਰਤੱਖ ਹੋ ਆਪ ਨਿਰੰਕਾਰ, ਸਚਖੰਡ ਸਾਚਾ ਧਾਮ ਸੁਹਾਈਆ। ਆਪਣੇ ਨਾਲੋਂ ਆਪਾ ਵੱਖ ਕਰ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਗ੍ਰਹਿ ਦਏ ਵਡਿਆਈਆ। ਆਪ ਆਪਣੀ ਵੰਡੇ ਵੰਡ, ਵੰਡਣਹਾਰ ਗੋਪਾਲ। ਕਰੇ ਖੇਲ ਸੂਰਾ ਸਰਬੰਗ, ਦੀਨਾ ਨਾਥ ਦੀਨ ਦਿਆਲ। ਆਪਣੇ ਗ੍ਰਹਿ ਚੜ੍ਹਾਏ ਚੰਦ, ਚੰਨ ਨੂਰੋ ਨੂਰ ਉਜਿਆਰ। ਰਸਨਾ ਗੀਤ ਸੁਣਾਏ ਛੰਦ, ਬਿਨ ਤੰਦੀ ਤੰਦ ਸਤਾਰ। ਆਪੇ ਹੋਏ ਦਿਆਲ ਬਖ਼ਸ਼ੰਦ, ਪੁਰਖ ਅਬਿਨਾਸ਼ੀ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਜਾਣੇ ਸਚ ਵਿਹਾਰ। ਸਚ ਵਿਹਾਰ ਆਪੇ ਕਰ, ਹਰਿ ਕਰਤਾ ਕਰਮ ਕਮਾਈਆ। ਸ਼ਬਦ ਦੁਲਾਰੇ ਦੇ ਦੇ ਵਰ, ਏਕਾ ਸ਼ਬਦ ਮਾਣ ਰਖਾਈਆ। ਵਿਸ਼ਨੂੰ ਤੇਰੀ ਗੋਦ ਦਿਤਾ ਧਰ, ਬ੍ਰਹਮਾ ਵਿਸ਼ਨ ਲਏ ਪਰਗਟਾਈਆ। ਸੁੰਨ ਅਗੰਮੀ ਆਪੇ ਵੜ, ਸ਼ੰਕਰ ਰੰਗ ਵਖਾਈਆ। ਤਿੰਨੇ ਚੇਲੇ ਆਪੇ ਫੜ, ਆਪਣੀ ਇਛਿਆ ਮਾਈ ਦਏ ਬਣਾਈਆ। ਲੱਖ ਚੁਰਾਸੀ ਘਾੜਨ ਘੜ, ਬ੍ਰਹਮੇ ਝੋਲੀ ਪਾਈਆ। ਸਚਖੰਡ ਦੁਆਰੇ ਚੜ੍ਹ, ਵਿਸ਼ਨੂੰ ਦਏ ਸਮਝਾਈਆ। ਸ਼ੰਕਰ ਸੁਣੋ ਇਕ ਗੱਲ, ਗਲ ਫਾਸੀ ਰਿਹਾ ਲਗਾਈਆ। ਮੇਰਾ ਖੇਲ ਧਾਮ ਅਚਲ, ਅਟੱਲ ਮਿਲੇ ਵਡਿਆਈਆ। ਸਰਗੁਣ ਅੰਦਰ ਜੋਤ ਰਿਹਾ ਰਲ, ਆਦਿ ਜੁਗਾਦਿ ਜੁਗ ਜੁਗ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਸਮਝਾਈਆ। ਆਪਣਾ ਭੇਵ ਹਰਿ ਜੂ ਦੱਸ, ਏਕਾ ਵਾਰ ਜਣਾਇਆ। ਬ੍ਰਹਮਾ ਵਿਸ਼ਨੂੰ ਸ਼ਿਵ ਆਏ ਨੱਸ, ਨਿਉਂ ਨਿਉਂ ਸੀਸ ਝੁਕਾਈਆ। ਅਸੀਂ ਤੇਰੇ ਪਿਆਰ ਗਏ ਫਸ, ਬੰਧਨ ਸਕੇ ਨਾ ਕੋਈ ਤੁੜਾਇਆ। ਸਾਡੀ ਪੂਰੀ ਕਰਨੀ ਆਸ, ਖ਼ਾਲੀ ਝੋਲੀ ਮੰਗ ਮੰਗਾਇਆ। ਤੇਰੇ ਚਰਨਾਂ ਹੋਵੇ ਦਾਸ, ਦੂਜਾ ਦਰ ਨਾ ਕੋਈ ਸੁਹਾਇਆ। ਤੇਰੀ ਜੋਤ ਹੋਏ ਪ੍ਰਕਾਸ਼, ਨੂਰੋ ਨੂਰ ਆਪਣਾ ਡਗਮਗਾਇਆ। ਵੇਲਾ ਅੰਤ ਦੱਸ ਮੇਰੇ ਮਾਹੀ ਕਵਣ ਵੇਲੇ ਕਰੇਂ ਬੰਦ ਖ਼ਲਾਸ, ਸਾਡਾ ਲਹਿਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਉਂ ਨਿਉਂ ਸੀਸ ਝੁਕਾਇਆ। ਦੇਵੇ ਵਰ ਸ੍ਰੀ ਭਗਵੰਤ, ਪਾਰਬ੍ਰਹਮ ਵਡੀ ਵਡਿਆਈਆ। ਮੇਰਾ ਖੇਲ ਸਦਾ ਬੇਅੰਤ, ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਵੇਖਾਂ ਜੁਗਾ ਜੁਗੰਤ, ਜੁਗ ਚੌਕੜੀ ਨਾਲ ਮਿਲਾਈਆ। ਗੁਰ ਅਵਤਾਰ ਮੇਲਾ ਸੰਤ, ਭਗਵੰਤ ਕਰ ਕਰ ਧਾਈਆ। ਆਪਣਾ ਨਾਮ ਸੁਣਾਵਾਂ ਛੰਤ, ਰਸਨਾ ਜਿਹਵਾ ਹਰਿ ਜਸ ਗਾਈਆ। ਹਰਿਜਨ ਮੇਲਾ ਸਾਚੇ ਕੰਤ, ਨਾਰੀ ਕੰਤ ਖ਼ੁਸ਼ੀ ਮਨਾਈਆ। ਲੇਖਾ ਜਾਣਾ ਆਦਿ ਅੰਤ, ਮਧ ਆਪਣੀ ਧਾਰ ਚਲਾਈਆ । ਗੁਰ ਅਵਤਾਰ ਬਣਾ ਬਣਾ ਬਣਤ, ਸੇਵਾ ਸੇਵਕ ਇਕ ਸਮਝਾਈਆ। ਲੱਖ ਚੁਰਾਸੀ ਤੋੜੇ ਗੜ੍ਹ ਹਉਂਮੇ ਹੰਗਤ, ਮਾਇਆ ਮਮਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰ, ਹਰਿ ਸ਼ਬਦੀ ਇਕ ਸਮਝਾਈਆ। ਵੰਡਾਂ ਵੰਡ ਬਣ ਨਿਗਹਬਾਨ, ਆਪਣੀ ਵੰਡ ਆਪ ਕਰਾਈਆ। ਜੇਰਜ ਅੰਡ ਕਰ ਪਰਧਾਨ, ਉਤਭੁਜ ਸੇਤਜ ਖੇਲ ਖਿਲਾਈਆ। ਚਾਰੇ ਖਾਣੀ ਦੇਵਾਂ ਮਾਣ, ਚਾਰੇ ਬਾਣੀ ਲਵਾਂ ਪੜ੍ਹਾਈਆ। ਚਾਰੇ ਵੇਦ ਕਰ ਪਰਵਾਨ, ਚਾਰ ਕੁੰਟ ਡੰਕ ਵਜਾਈਆ। ਚਾਰ ਵਰਨ ਖੇਲ ਮਹਾਨ, ਲੋਕਮਾਤ ਵੇਖ ਵਖਾਈਆ। ਚਾਰ ਜੁਗ ਇਕ ਨਿਸ਼ਾਨ, ਨਿਰਗੁਣ ਸਰਗੁਣ ਦਏ ਝੁਲਾਈਆ। ਜੁਗ ਜੁਗ ਆਪੇ ਵੇਖੇ ਆਣ, ਰੂਪ ਅਨੂਪ ਵੇਸ ਵਟਾਈਆ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਈਆ। ਸੁਣਨਾ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਆਪ ਲਗਾਇਆ ਨਿਰਗੁਣ ਆਦਿ, ਅੰਤ ਲਹਿਣਾ ਦਏ ਮੁਕਾਈਆ। ਲੋਕਮਾਤ ਸੁਣੇ ਫਰਿਯਾਦ, ਨਿਰਵੈਰ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਅੰਤਮ ਲੇਖਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਜੁਗ ਚੌਕੜੀ ਖੇਲ ਮਹਾਨ, ਵੰਡਣ ਵੰਡ ਵੰਡਾਇੰਦਾ। ਗੁਰ ਅਵਤਾਰਾਂ ਦੇ ਦੇ ਦਾਨ, ਲੋਕਮਾਤ ਪਰਗਟਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਖੇਲ ਅਞਾਣ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਭਗਤਾਂ ਦੇਵੇ ਸਦਾ ਦਾਨ, ਸਾਚੀ ਭਗਤੀ ਇਕ ਸਮਝਾਇੰਦਾ। ਸਤਿ ਦੁਆਰੇ ਕਰ ਪਰਵਾਨ, ਸਚਖੰਡ ਆਪ ਬਣਾਇੰਦਾ। ਪਰਮ ਪੁਰਖ ਹਰਿਜਨ ਘਰ ਸੁਹਾਨ, ਮੂਰਖ ਮੂੜ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਆਪ ਰੰਗੌਣਾ, ਹਰਿ ਸਾਚਾ ਸਚ ਜਣਾਈਆ। ਨਵ ਨੌਂ ਚਾਰ ਪੰਧ ਮੁਕੌਣਾ, ਸਰਗੁਣ ਸੇਵਾ ਲਾਈਆ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਕਰੇ ਖੇਲ ਬੇਪਰਵਾਹੀਆ। ਆਪਣਾ ਬਲ ਆਪ ਧਰੌਣਾ, ਬਲ ਆਪਣਾ ਆਪ ਜਣਾਈਆ। ਸਚਖੰਡ ਦੁਆਰੇ ਬਹਿ ਕੇ ਮਤਾ ਪਕੌਣਾ, ਦੂਜਾ ਸੰਗ ਨਾ ਕੋਇ ਰਲਾਈਆ। ਸਾਚਾ ਤਾਜ ਸੀਸ ਟਿਕੌਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦਾ ਸਚ ਨਿਸ਼ਾਨ ਸਤਿ ਸਤਿਵਾਦੀ ਆਪ ਝਲੌਣਾ, ਦਰ ਘਰ ਸਾਚਾ ਆਪ ਸੁਹਾਈਆ। ਬ੍ਰਹਮ ਬ੍ਰਹਿਮਾਦੀ ਵੇਖ ਵਖੌਣਾ, ਨਾਦ ਅਨਾਦੀ ਨਾਦ ਸੁਣਾਈਆ। ਬਣ ਪਾਂਧੀ ਪੰਧ ਮੁਕੌਣਾ, ਆਪ ਆਪਣਾ ਅੰਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਅੰਤਮ ਵੇਲਾ ਜਾਏ ਆ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਤੇਰਾ ਲੇਖਾ ਆਪਣੇ ਵਿਚ ਲਏ ਲੁਕਾ, ਆਪ ਆਪਣਾ ਮੂਲ ਮੁਕਾਇੰਦਾ। ਬ੍ਰਹਮੇ ਤੇਰਾ ਬ੍ਰਹਮ ਜਾਏ ਸਮਾ, ਪਾਰਬ੍ਰਹਮ ਗੋਦ ਬਹਾਇੰਦਾ। ਸ਼ੰਕਰ ਤੇਰਾ ਸੰਸਾ ਦੇਵੇ ਲਾਹ, ਤਨ ਭਿਬੂਤੀ ਨਾ ਕੋਇ ਰਮਾਇੰਦਾ। ਚਾਰ ਜੁਗ ਦਾ ਏਕਾ ਚੌਕੜ ਏਕਾ ਵਾਰ ਵੇਖੇ ਏਕਾ ਥਾਂ, ਥਾਨ ਥਨੰਤਰ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੋ ਬਣਦਾ ਰਿਹਾ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਗੁਰ ਅਵਤਾਰਾਂ ਦਇਆ ਕਮਾ, ਫੜ ਫੜ ਮਾਰਗ ਆਪੇ ਪਾਇੰਦਾ। ਭਗਤਾਂ ਦੇਂਦਾ ਰਿਹਾ ਸਜ਼ਾ, ਲੋਕਮਾਤ ਅਗਨ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਅੰਤਮ ਵੇਲਾ ਔਣਾ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਪਰਗਟ ਹੋਏ ਸੂਰਾ ਸਰਬੱਗ, ਸਚਖੰਡ ਵੱਜੇ ਵਧਾਈਆ। ਸ਼ਬਦ ਅਨਾਦ ਵਜਾਏ ਨਦ, ਥਿਰ ਘਰ ਸਾਚੇ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਲਏ ਸੱਦ, ਚਾਰ ਜੁਗ ਜੋ ਸੇਵ ਕਮਾਈਆ। ਆਪ ਬਹਾਏ ਅੱਡੋ ਅੱਡ, ਵੰਡਣਹਾਰ ਸੱਚਾ ਸ਼ਹਿਨਸ਼ਾਹੀਆ। ਆਪਣਿਆਂ ਚਰਨਾਂ ਹੇਠੋਂ ਲਏ ਕੱਢ, ਡੂੰਘਾ ਖਾਤਾ ਲਏ ਫੋਲ ਫੁਲਾਈਆ। ਨਾ ਕੋਈ ਹੱਡ ਮਾਸ ਨਾੜੀ ਦਿਸੇ ਰੱਤ, ਪੰਜ ਤੱਤ ਨਾ ਕੋਇ ਜਣਾਈਆ। ਨਾ ਕੋਈ ਬੁੱਧ ਨਾ ਕੋਈ ਮੱਤ, ਬ੍ਰਹਮ ਮਤ ਨਾ ਕੋਇ ਜਣਾਈਆ। ਏਕਾ ਨੂਰ ਕਰ ਪ੍ਰਕਾਸ਼, ਘਰ ਏਕਾ ਆਪ ਵਖਾਈਆ। ਕਰੇ ਖੇਲ ਆਪ ਤਮਾਸ਼, ਪ੍ਰਿਥਮੀ ਚਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਭੇਦ ਭੇਵ ਰਿਹਾ ਸਮਝਾਈਆ। ਆਪਣਾ ਭੇਵ ਹਰਿ ਨਿਰੰਕਾਰ, ਆਦਿ ਪੁਰਖ ਜਣਾਇਆ। ਜੁਗ ਚੌਕੜੀ ਬੀਤੇ ਵਾਰੋ ਵਾਰ, ਥਿਰ ਕੋਇ ਰਹਿਣ ਨਾ ਪਾਇਆ। ਨੌਂ ਨੌਂ ਪੰਧ ਆਪ ਵਿਚਾਰ, ਚਾਰ ਚਾਰ ਖੇਲ ਖਲਾਇਆ। ਤ੍ਰੈ ਤ੍ਰੈ ਦੇਵੇ ਅਧਾਰ, ਪੰਚਮ ਪੰਚ ਮੋਹ ਰਖਾਇਆ। ਨਿਰਗੁਣ ਨਿਰਗੁਣ ਕਰ ਤਿਆਰ, ਸਰਗੁਣ ਸਰਗੁਣ ਰੰਗ ਚੜ੍ਹਾਇਆ। ਸਚਖੰਡ ਸੁਹਾਏ ਬੰਕ ਦੁਆਰ, ਸਚ ਸਿੰਘਾਸਣ ਸੋਭਾ ਪਾਇਆ। ਚਰਨ ਕਵਲ ਕਰ ਤਿਆਰ, ਥਿਰ ਘਰ ਸਾਚੇ ਆਪ ਟਿਕਾਇਆ। ਸ਼ਬਦੀ ਸ਼ਬਦ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਕਾਦਰ ਕਰਤਾ ਬੇਐਬ ਪਰਵਰਦਿਗਾਰ, ਤੇਰਾ ਜਲਵਾ ਮੋਹੇ ਭਾਇਆ। ਸਿਫ਼ਤ ਸਾਲਾਹੀ ਸਾਚਾ ਯਾਰ, ਸਿਫ਼ਤ ਵਿਚ ਕਦੇ ਨਾ ਆਇਆ। ਤੇਰੀ ਮੁਹੱਬਤ ਕਰਾਂ ਏਕਾ ਵਾਰ, ਅੰਤ ਤੁਟ ਕਦੇ ਨਾ ਜਾਇਆ। ਤੇਰੀ ਸੁਹਬਤ ਗਾਵਾਂ ਜੁਗ ਚਾਰ, ਜੁਗ ਚੌਕੜੀ ਨਾਲ ਮਿਲਾਇਆ। ਤੇਰਾ ਮੰਦਰ ਇਕ ਦੁਆਰ, ਗ੍ਰਹਿ ਬੈਠਾ ਸੋਭਾ ਪਾਇਆ। ਤੇਰਾ ਹੁਕਮ ਸੱਚੀ ਸਰਕਾਰ, ਜਗਦੀਸ਼ ਸੀਸ ਟਿਕਾਇਆ। ਮੈਂ ਵੇਖਾਂ ਖੇਲ ਸੰਸਾਰ, ਲੋਕਮਾਤ ਫੇਰਾ ਪਾਇਆ। ਗੁਰ ਅਵਤਾਰਾਂ ਬਣ ਯਾਰ, ਪੀਰ ਪੈਗ਼ੰਬਰਾਂ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਇਆ। ਖੋਲ੍ਹੇ ਭੇਵ ਅਭੇਦ ਹਰਿ, ਹਰਿ ਵੱਡਾ ਵਡ ਵਡਿਆਈਆ। ਸਚਖੰਡ ਦੁਆਰੇ ਬੈਠਾ ਚੜ੍ਹ, ਨਿਰਗੁਣ ਦਾਤਾ ਬੇਪਰਵਾਹੀਆ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਆਪ ਹੋ ਜਾਈਆ। ਆਪਣਾ ਅੱਖਰ ਆਪੇ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਆਪਣੀ ਮਰਨੀ ਆਪੇ ਮਰ, ਜਨਮ ਮਰਨ ਵਿਚ ਨਾ ਆਈਆ। ਆਪਣੀ ਤਰਨੀ ਆਪੇ ਤਰ, ਤਾਰਨਹਾਰ ਸ੍ਰਿਸ਼ਟ ਸਬਾਈਆ। ਆਪਣੀ ਸ਼ਰਨੀ ਆਪੇ ਪੜ੍ਹ, ਸ੍ਰਿਸ਼ਟ ਸਬਾਈ ਰਿਹਾ ਝੁਕਾਈਆ। ਆਪਣੀ ਚੋਟੀ ਆਪੇ ਖੜ, ਵੇਖੇ ਥਾਉਂ ਥਾਈਂਆ। ਸਚਖੰਡ ਦੁਆਰ ਕਿਲਾ ਗੜ੍ਹ, ਚਾਰ ਦੀਵਾਰ ਨਾ ਕੋਇ ਬਣਾਈਆ। ਨਿਰਮਲ ਜੋਤ ਇਕੋ ਧਰ, ਆਦਿ ਪੁਰਖ ਕਰੇ ਰੁਸ਼ਨਾਈਆ। ਨਿਰਭੌ ਨਾ ਰੱਖੇ ਕੋਈ ਡਰ, ਭੈ ਅਵਰ ਨਾ ਕੋਇ ਰਖਾਈਆ। ਮੂਰਤ ਅਕਾਲ ਇਕੋ ਹਰਿ, ਅਜੂਨੀ ਰਹਿਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਆਪਣਾ ਖੇਲ ਆਪੇ ਦੱਸਾਂ, ਹਰਿ ਹਰਿ ਆਪ ਜਣਾਇੰਦਾ। ਆਦਿ ਜੁਗਾਦਿ ਏਕਾ ਘਰ ਵਸਾਂ, ਘਰ ਆਪਣਾ ਆਪ ਸੁਹਾਇੰਦਾ। ਦੋ ਜਹਾਨ ਫਿਰਾਂ ਨੱਸਾਂ, ਬਣ ਪਾਂਧੀ ਪੰਧ ਮੁਕਾਇੰਦਾ। ਜਨ ਭਗਤਾਂ ਅੰਦਰ ਆਪੇ ਵਸਾਂ, ਮਹੱਲ ਅਟੱਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਵਾਂਗ ਆਪ ਸਮਝਾਇੰਦਾ। ਹਰਿ ਸਵਾਂਗੀ ਵਰਤੇ ਸਵਾਂਗ, ਆਪਣੀ ਬੂਝ ਬੁਝਾਈਆ। ਜੁਗ ਜੁਗ ਰੱਖੇ ਸਾਚੀ ਤਾਂਘ, ਲੋਕਮਾਤ ਰਾਹ ਤਕਾਈਆ। ਗੁਰਮੁਖ ਹਰਿਜਨ ਮੰਗਣ ਏਕਾ ਮਾਂਗ, ਨੇਤਰ ਨੈਣ ਨੈਣ ਸ਼ਰਮਾਈਆ। ਰਸਨਾ ਜਿਹਵਾ ਨਾ ਕੋਇ ਬੱਤੀ ਦੰਦ, ਮਨ ਵਾਸਨਾ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਵਖਾਈਆ। ਲੇਖਾ ਹਰਿ ਕਰਤਾਰ, ਕਰਨੀ ਕਰਤਾ ਆਪ ਜਣਾਇੰਦਾ। ਸਚਖੰਡ ਮੇਰਾ ਵਿਹਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਜੁਗ ਚੌਕੜੀ ਹੋ ਉਜਿਆਰ, ਲੱਖ ਚੁਰਾਸੀ ਰੰਗ ਰੰਗਾਇੰਦਾ। ਆਪਣੀ ਜੋਤ ਕਰ ਉਜਿਆਰ, ਪੰਜ ਤੱਤ ਕਾਇਆ ਵਿਚ ਟਿਕਾਇੰਦਾ। ਕੋਟਨ ਕੋਟ ਕੋਟ ਕਿਰਨਾਂ ਵਿਚੋਂ ਏਕਾ ਕਿਰਨ ਕੱਢਾਂ ਬਾਹਰ, ਗੁਰ ਅਵਤਾਰ ਨਾਉਂ ਧਰਾਇੰਦਾ। ਏਕਾ ਦੇਵਾਂ ਨਾਮ ਗ਼ੁਫ਼ਤਾਰ, ਦੀਦ ਸ਼ਨੀਦ ਖੇਲ ਵਖਾਇੰਦਾ। ਲੋਚਣ ਨੈਣ ਦਰਸ ਦੀਦਾਰ, ਦੀਦ ਈਦ ਇਕ ਸਮਝਾਇੰਦਾ। ਨਾਦ ਧੁਨ ਸ਼ਬਦ ਜੈਕਾਰ, ਸੁੰਨ ਮੁਨ ਆਪ ਖੁਲ੍ਹਾਇੰਦਾ। ਮੁਨ ਜਨ ਵਿਚ ਸੰਸਾਰ, ਆਪਣੀ ਗੋਦ ਬਹਾਇੰਦਾ। ਰਿਖ ਮੁਨ ਕਰ ਪਨਹਾਰ, ਚਾਕਰ ਚਾਕਰੀ ਖੇਲ ਖਲਾਇੰਦਾ। ਭਾਂਡੇ ਘੜ ਬਣ ਠਠਿਆਰ, ਭੰਨਣਹਾਰ ਆਪ ਹੋ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਹਿਰੇਦਾਰ, ਬ੍ਰਹਿਮੰਡ ਖੰਡ ਸੀਸ ਸਰਬ ਝੁਕਾਇੰਦਾ। ਪੀਰ ਪੈਗ਼ੰਬਰ ਕੱਢ ਕੱਢ ਗਏ ਵਗਾਰ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਜੁਗ ਜੁਗ ਆਵਣ ਵਾਰੋ ਵਾਰ, ਈਸਾ ਮੂਸਾ ਸੇਵ ਕਮਾਇੰਦਾ। ਕੋਟਨ ਕੋਟ ਵਾਰ ਆਏ ਤੇਈ ਅਵਤਾਰ, ਲਿਖ ਲਿਖ ਲੇਖ ਨਾ ਕੋਈ ਜਣਾਇੰਦਾ। ਕੋਈ ਤ੍ਰਲੋਕੀ ਕਰੇ ਪਿਆਰ, ਕੋਈ ਸ਼ਬਦ ਸ਼ਬਦ ਸੁਣਾਇੰਦਾ। ਕੋਈ ਮਛ ਕਛ ਜਲ ਧਾਰ ਤਾਰੀਆਂ ਰਹੇ ਮਾਰ, ਰੂਪ ਅਨੂਪ ਨਾ ਕੋਈ ਵਡਿਆਇੰਦਾ। ਕਰੇ ਖੇਲ ਅਗੰਮ ਅਪਾਰ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਬ੍ਰਹਮਾ ਲਿਖ ਲਿਖ ਥੱਕਾ ਵੇਦ ਚਾਰ, ਵੇਦ ਵਿਆਸਾ ਪੁਰਾਨ ਅਠਾਰਾਂ ਸੁਣਾਇੰਦਾ। ਸ਼ਾਸਤਰ ਸਿਮਰਤ ਗੀਤਾ ਗਿਆਨ, ਕਾਹਨਾ ਕ੍ਰਿਸ਼ਨਾ ਭਗਤ ਸਮਝਾਇੰਦਾ। ਚਾਰ ਕੁੰਟ ਬੀਆਬਾਨ ਦਿਸੇ ਨਾ ਰਾਹ, ਨਿਰਗੁਣ ਨਾਮ ਨਾ ਕੋਈ ਝੁਲਾਇੰਦਾ। ਸੋਲਾਂ ਸੋਲਾਂ ਗਿਆ ਸਮਝਾ, ਵਿਦਿਆ ਵਿਦਤ ਆਪਣੀ ਕਲ ਧਰਾਇੰਦਾ। ਈਸਾ ਮੂਸਾ ਕਹਿਣ ਮਹਿਬਾਂ, ਮਹਿਬਾਨ ਬੀਦੋ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਕਲਾਮ, ਇਕ ਕਲਾਮ ਏਕਾ ਇਸਮ ਇਕ ਅਮਾਮ, ਆਲਮੀਨ ਵੇਖ ਵਖਾਇੰਦਾ। ਇਸਮ ਆਜ਼ਮ ਅਲਾਹੀ ਨੂਰ, ਨੂਰ ਨੁਰਾਨਾ ਆਪ ਜਣਾਈਆ। ਪੀਰ ਪੈਗ਼ੰਬਰ ਬੈਠੇ ਦੂਰ, ਨੇੜੇ ਕੋਇ ਨਾ ਸਕੇ ਆਈਆ। ਚਾਰੋਂ ਕੁੰਟ ਪਿਆ ਫਤੂਰ, ਪ੍ਰਭ ਫਤਵਾ ਦਏ ਲਗਾਈਆ। ਨਾਨਕ ਨਿਰਗੁਣ ਹੋ ਮਜ਼ਬੂਰ, ਪ੍ਰਭ ਅੱਗੇ ਕਰ ਗਿਆ ਅਰਜ਼ੋਈਆ। ਤੁਧ ਬਿਨ ਕੋਈ ਨਾ ਕਰੇ ਮੁਆਫ ਕਸੂਰ, ਦੁਰਮਤ ਮੈਲ ਨਾ ਕੋਈ ਧੁਆਈਆ। ਕਲਜੁਗ ਅੰਤ ਔਣਾ ਜ਼ਰੂਰ, ਨਿਹਕਲੰਕ ਤੇਰੀ ਵਡਿਆਈਆ। ਤੇਰਾ ਭੰਡਾਰਾ ਸਦਾ ਭਰਪੂਰ, ਅਤੋਟ ਅਤੁਟ ਵਰਤਾਈਆ। ਤੇਰੇ ਪਿਛੇ ਸੂਲੀ ਚੜ੍ਹਿਆ ਮਨਸੂਰ, ਸ਼ਮਸ ਆਪਣੀ ਖੱਲ ਲੁਹਾਈਆ। ਕਬੀਰ ਡੁਬਾ ਗੰਗਾ ਪੂਰ, ਮਿਲੀ ਮਾਤ ਸਜ਼ਾਈਆ। ਪ੍ਰਹਿਲਾਦ ਮੰਗ ਦਰਸ ਹਜ਼ੂਰ, ਨੇਤਰ ਨੈਣ ਖੁਲ੍ਹਾਈਆ। ਤੂੰ ਸਭ ਦੀ ਆਸ਼ਾ ਕਰੀ ਪੂਰ, ਪੂਰੀ ਇਛਿਆ ਏਕਾ ਵਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਖ਼ੁਸ਼ੀ ਮਨਾਈਆ। ਸਚਖੰਡ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਨਿਰਗੁਣ ਮੱਲਿਆ ਸਚ ਮਹੱਲਾ, ਸਤਿ ਸਤਿਵਾਦੀ ਸੋਭਾ ਪਾਇੰਦਾ। ਆਪਣੀ ਜੋਤੀ ਆਪੇ ਰਲਾ, ਜੋਤੀ ਜੋਤ ਡਗਮਗਾਇੰਦਾ। ਏਕਾ ਫੜਾਇਆ ਆਪਣਾ ਪੱਲਾ, ਨਾਰੀ ਕੰਤ ਖੇਲ ਕਰਾਇੰਦਾ। ਆਪਣੇ ਨੂਰ ਰਹੇ ਬਿਸਮਿਲਾ, ਬਿਸਮਿਲ ਆਪਣਾ ਰੰਗ ਵਖਾਇੰਦਾ। ਏਕਾ ਨਾਦ ਸੁਨੇਹੁੜਾ ਘੱਲਾ, ਏਕਾ ਰਾਗ ਸੁਣਾਇੰਦਾ। ਨਾਮ ਸਤਿ ਏਕਾ ਮਿਲਾ, ਚਾਲ ਨਿਰਾਲੀ ਇਕ ਰਖਾਇੰਦਾ। ਆਪਣਾ ਘਰ ਆਪੇ ਮੱਲਾ, ਆਪਣਾ ਮੰਦਰ ਆਪ ਸੁਹਾਇੰਦਾ। ਥਿਰ ਘਰ ਸਾਚਾ ਹਰਿ ਬਣਿਆ ਟਿੱਲਾ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸ਼ਬਦੀ ਸ਼ਬਦ ਸੁਤ ਕਹੇ ਝੱਲਾ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦਿ ਕਦੇ ਨਾ ਹਿੱਲਾ, ਜੁਗ ਜੁਗ ਗੇੜਾ ਆਪ ਭੁਆਇੰਦਾ। ਕੋਈ ਰੰਗ ਨਾ ਜਾਣੇ ਕਾਲਾ ਪੀਲਾ, ਨੀਲਾ ਰੂਪ ਨਾ ਕੋਈ ਬਣਾਇੰਦਾ। ਆਦਿ ਜੁਗਾਦਿ ਸ਼ੈਲ ਛਬੀਲਾ, ਬਿਰਧ ਬਾਲ ਨਾ ਵੇਸ ਵਟਾਇੰਦਾ। ਆਪਣੇ ਮਿਲਣ ਦਾ ਆਪੇ ਹੀਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਆਪ ਸੁਹਾਏ ਆਪਣਾ ਸਚ ਕਬੀਲਾ, ਆਪੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪ ਵਡਿਆਇੰਦਾ। ਸਚਖੰਡ ਹਰਿ ਚੜ੍ਹਿਆ ਚਾਅ, ਆਪਣੀ ਖ਼ੁਸ਼ੀ ਮਨਾਈਆ। ਜਿਸ ਚੌਕੜੀ ਜਿਸ ਨਾਉਂ ਰਹੇ ਗਾ, ਕੋਟਨ ਕੋਟ ਰੂਪ ਵਟਾਈਆ। ਗੁਰ ਅਵਤਾਰ ਮੰਗਦੇ ਰਹੇ ਪਨਾਹ, ਨਿਉਂ ਨਿਉਂ ਸੀਸ ਝੁਕਾਈਆ। ਪੀਰ ਪੈਗ਼ੰਬਰ ਮੰਨਦੇ ਰਹੇ ਜਿਸ ਦੀ ਰਜਾ, ਰਾਜਕ ਰਹੀਮ ਇਕ ਖ਼ੁਦਾਈਆ। ਭਗਤ ਭਗਵੰਤ ਲਾਉਂਦੇ ਰਹੇ ਸਦਾ, ਇਕ ਆਵਾਜ਼ ਲਗਾਈਆ। ਸੰਤ ਤੱਕਦੇ ਰਹੇ ਰਾਹ, ਨੇਤਰ ਨੈਣ ਉਠਾਈਆ। ਗੁਰਮੁਖ ਤੇਰਾ ਧਿਆਨ ਰਹੇ ਲਗਾ, ਅੰਤਰ ਆਤਮ ਇਕ ਲਿਵ ਲਾਈਆ। ਗੁਰਸਿਖ ਮਸਤਕ ਧੂੜੀ ਟਿੱਕਾ ਰਹੇ ਲਾ, ਚਰਨ ਮਿਲੇ ਸੱਚੀ ਸ਼ਰਨਾਈਆ। ਰਹਿਮਤ ਕਰੇ ਬੇਪਰਵਾਹ, ਬੇਨਜ਼ੀਰ ਦਇਆ ਕਮਾਈਆ। ਗ਼ਫ਼ਲਤ ਵਿਚ ਆਏ ਨਾ ਕਦੇ ਖ਼ੁਦਾ, ਉਲਫ਼ਤ ਵਿਚ ਨਾ ਆਏ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਖ਼ੁਸ਼ੀ ਮਨਾਈਆ। ਸਚਖੰਡ ਦੁਆਰੇ ਤੇਰਾ ਰੰਗ, ਹਰਿ ਜੂ ਆਪ ਰੰਗਾਇਆ। ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਰਿਹਾ ਹੰਢਾਇਆ। ਨਿਰਗੁਣ ਨਾਰੀ ਬਣੇ ਕੰਤ, ਨਿਰਗੁਣ ਕੰਤ ਖ਼ੁਸ਼ੀ ਮਨਾਇਆ। ਨਿਰਗੁਣ ਨਾਮ ਨਿਰਗੁਣ ਮਰਦੰਗ, ਨਿਰਗੁਣ ਨਿਰਗੁਣ ਆਪਣਾ ਡੰਕ ਸੁਣਾਇਆ। ਨਿਰਗੁਣ ਨੂਰ ਨਿਰਗੁਣ ਚੰਦ, ਨਿਰਗੁਣ ਨੂਰ ਨੁਰਾਨਾ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਰਚਾਇਆ। ਰਚਿਆ ਖੇਲ ਹਰਿ ਜੂ ਹਰਿ, ਆਪਣੀ ਦਇਆ ਕਮਾਈਆ। ਜੁਗ ਚੌਕੜੀ ਦੇਂਦਾ ਰਿਹਾ ਵਰ, ਆਪਣਾ ਹੁਕਮ ਸੁਣਾਈਆ। ਅੰਤਮ ਸੱਦੇ ਸਾਚੇ ਘਰ, ਏਕਾ ਸਦਾ ਨਾਮ ਲਗਾਈਆ। ਵਾਰੋ ਵਾਰੀ ਪੁੱਛਾਂ ਰਿਹਾ ਕਰ, ਅਭੁਲ ਭੁਲ ਕਦੇ ਨਾ ਜਾਈਆ। ਲੋਕਮਾਤ ਆਪਣੀ ਜੋਤ ਧਰ, ਲੱਖ ਚੁਰਾਸੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਸਚ ਦਰਬਾਰ, ਹਰਿ ਜੂ ਹਰਿ ਲਗਾਇਆ। ਚਰਨੀ ਆਓ ਗੁਰ ਅਵਤਾਰ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਸਤਿਜੁਗ ਤ੍ਰੇਤਾ ਦੁਆਪਰ ਵਿਚ ਸੰਸਾਰ, ਕਲਜੁਗ ਕੀ ਕੀ ਹੁਕਮ ਚਲਾਇਆ। ਵਿਸ਼ਨ ਬ੍ਰਹਮਾ ਸ਼ਿਵ ਹੋਣਾ ਖਬਰਦਾਰ, ਸਚ ਸੰਦੇਸ਼ਾ ਰਿਹਾ ਜਣਾਇਆ। ਵਿਸ਼ਨੂੰ ਤੇਰਾ ਦਿਸੇ ਨਾ ਕੋਈ ਭੰਡਾਰ, ਸਚ ਭੰਡਾਰਾ ਨਜ਼ਰ ਕੋਇ ਨਾ ਆਇਆ। ਬ੍ਰਹਮੇ ਤੇਰਾ ਬ੍ਰਹਮ ਨਾ ਕੋਈ ਉਜਿਆਰ, ਨੂਰ ਨੁਰਾਨਾ ਮੁਖ ਸ਼ਰਮਾਇਆ। ਸ਼ੰਕਰ ਤੇਰੀ ਨੰਗੀ ਨਾ ਦਿਸੇ ਕਟਾਰ, ਮਨਮੁਖ ਜੀਵ ਨਾ ਕੋਇ ਮਿਟਾਇਆ। ਸੰਤ ਕੁਮਾਰ ਹੋਏ ਬੇਦਾਰ, ਪੁਰਖ ਅਬਿਨਾਸ਼ੀ ਆਪ ਜਗਾਇਆ। ਬਰਾਹ ਧਰਨੀ ਚੁੱਕਿਆ ਭਾਰ, ਤੇਰਾ ਭਾਰ ਸਕੇ ਨਾ ਕੋਈ ਹੌਲਾ ਕਰਾਇਆ। ਯਗੈ ਪੁਰਸ਼ ਕਰੇ ਵਿਚਾਰ, ਮੇਰਾ ਸੰਗ ਨਾ ਕੋਈ ਰਖਾਇਆ। ਹਾਵ ਗ਼ਰੀਵ ਆਈ ਹਾਰ, ਚੌਥਾ ਜੁਗ ਦਏ ਦੁਹਾਇਆ। ਨਿਰੰਕਾਰ ਹੋਇਆ ਉਜਿਆਰ, ਨਰਾਇਣ ਆਪਣਾ ਮੁਖ ਭੁਵਾਇਆ। ਕਪਲ ਮੁੰਨੀ ਕਰੇ ਪੁਕਾਰ, ਖਾਣੀ ਬਾਣੀ ਨਾ ਕੋਇ ਸਮਝਾਇਆ। ਦਤਾ ਤ੍ਰੈ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਰਿਖਭ ਢਹਿ ਢਹਿ ਕਰੇ ਨਿਮਸਕਾਰ, ਮੁਖ ਆਪਣਾ ਰਿਹਾ ਛੁਪਾਇਆ। ਪ੍ਰਿਥੂ ਕਹੇ ਤੇਰਾ ਪਨਿਹਾਰ, ਸਿਰ ਤੇਰੀ ਸੇਵ ਕਮਾਇਆ। ਮਤਸਯ ਕਹੇ ਤੇਰੇ ਹੁਕਮ ਅੰਦਰ ਫਿਰਾਂ ਯਾਰ, ਜਲ ਸਾਗਰ ਡੇਰਾ ਲਾਇਆ। ਕਛਪ ਕਵਣ ਦੇਵੇ ਆਧਾਰ, ਮਿੰਦਰਾ ਪਰਬਤ ਸੀਸ ਉਠਾਇਆ। ਮੋਹਣੀ ਕੀਤਾ ਖੇਲ ਅਪਾਰ, ਰੂਪ ਅਨੂਪ ਆਪ ਧਰਾਇਆ। ਹੰਸ ਬੋਲ ਇਕ ਜੈਕਾਰ, ਸੋਹੰ ਸੋ ਸਾਚਾ ਢੋਲਾ ਰਸਨਾ ਗਾਇਆ। ਨਰ ਸਿੰਘ ਖੇਲ ਕਰ ਅਪਾਰ, ਛੋਟੇ ਬਾਲੇ ਮਾਣ ਦੁਵਾਇਆ। ਅੰਤਮ ਉਹ ਵੀ ਗਿਆ ਹਾਰ, ਰਸਨਾ ਗੁਣ ਨਾ ਕੋਈ ਸਮਝਾਇਆ। ਧਰੂ ਕਰ ਧਿਆਨ, ਹਰੀ ਆਪਣਾ ਰੰਗ ਚੜ੍ਹਾਇਆ। ਨਰਾਇਣ ਦੇਵੇ ਇਕ ਧਿਆਨ, ਗਜ ਬੰਧਨ ਆਪ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਲ ਬਾਵਨ ਖੇਲ ਆਪੇ ਕਰ, ਸਚਖੰਡ ਦੁਆਰੇ ਸਾਚੇ ਰਿਹਾ ਬੁਲਾਇਆ। ਆਓ ਉਠੋ ਬਾਲ ਨਾਦਾਨ, ਹਰਿ ਸਾਚਾ ਸਚ ਜਣਾਈਆ। ਬ੍ਰਹਿਮਣ ਤੇਰਾ ਖੇਲ ਜਹਾਨ, ਏਕੰਕਾਰਾ ਨਜ਼ਰ ਨੈਣ ਨਾ ਆਈਆ। ਰਾਮ ਬਣਿਆ ਜੋਧਾ ਬਲਵਾਨ, ਬਾਣ ਏਕਾ ਤੀਰ ਚਲਾਈਆ। ਪੰਜ ਤੱਤ ਮਿਟਿਆ ਨਿਸ਼ਾਨ, ਲੋਕਮਾਤ ਨਜ਼ਰ ਨਾ ਆਈਆ। ਇਕ ਰਾਮ ਸਰਬ ਮਿਹਰਬਾਨ, ਜੋ ਘਟ ਘਟ ਰਿਹਾ ਸਮਾਈਆ। ਇਕ ਰਾਮ ਵਡ ਬਲਵਾਨ, ਸਚਖੰਡ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੇਦ ਵਿਆਸਾ ਤੇਰਾ ਲੇਖ, ਹਰਿ ਹਰਿ ਆਪ ਮੁਕਾਇਆ। ਕਾਹਨਾ ਕ੍ਰਿਸ਼ਨਾ ਕਰ ਕਰ ਭੇਖ, ਗੀਤਾ ਗਿਆਨ ਦ੍ਰਿੜਾਇਆ। ਅੰਤ ਮਿਟੀ ਸਭ ਦੀ ਰੇਖ, ਅੰਤ ਕੋਈ ਰਹਿਣ ਨਾ ਪਾਇਆ। ਹਰਿ ਕਾ ਰੂਪ ਮੁੱਛ ਦਾਹੜੀ ਨਾ ਕੇਸ, ਪੰਜ ਤੱਤ ਨਾ ਕੋਈ ਵਿਖਾਇਆ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਏ ਨਰੇਸ਼, ਏਕਾ ਨਾਮ ਸੱਚਾ ਸੰਦੇਸ਼ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਐਬ ਪਰਵਰਦਿਗਾਰਿਆ। ਬੇਐਬ ਪਰਵਰਦਿਗਾਰ, ਹੱਕ ਹੱਕ ਜਣਾਈਆ। ਲਾਸ਼ਰੀਕ ਹੋ ਤਿਆਰ, ਤਹਿਰੀਕ ਇਕ ਵਖਾਈਆ। ਹਕ਼ੀਕ਼ਤ ਜਾਣੇ ਸ਼ਾਹ ਅਸਵਾਰ, ਬੇਪਰਵਾਹ ਬੇਪਰਵਾਹੀਆ। ਤਾਰੀਫ਼ ਕਰੇ ਪਰਵਰਦਿਗਾਰ, ਤੁਆਰਫ਼ ਅਵਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸਾ ਮੂਸਾ ਇਕ ਸੁਣਾਏ ਹਦੀਸਾ, ਏਕਾ ਕਲਮਾ ਆਪ ਪੜ੍ਹਾਈਆ। ਏਕਾ ਕਲਮਾ ਪੜ੍ਹਾਏ ਅਮਾਮ, ਅਲੀ ਆਪਣਾ ਰੂਪ ਕਰਾਇੰਦਾ। ਲੇਖਾ ਜਾਣੇ ਦਿਵਸ ਸ਼ਾਮ, ਧੁਰ ਬਾਣੀ ਆਪਣਾ ਖੇਲ ਖਲਾਇੰਦਾ। ਜੋਤੀ ਨੂਰ ਅਲਾਹੀ ਕਲਾਮ, ਕਾਇਨਾਤ ਆਪ ਸੁਣਾਇੰਦਾ। ਆਪੇ ਦੇਵੇ ਸਚ ਪੈਗ਼ਾਮ, ਸਚ ਸੰਦੇਸ਼ਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਪੀਰ ਪੈਗ਼ੰਬਰ ਵੇਖ ਹਰਿ, ਬੇਦਰਦ ਰਿਹਾ ਸਮਝਾਈਆ। ਕਿਸੇ ਨਾ ਮਿਲੇ ਕੋਈ ਦਰ, ਬੇਦਰ ਫਿਰੇ ਲੋਕਾਈਆ। ਨਿਰਭੌ ਚੁਕਾਏ ਸਭ ਦਾ ਡਰ, ਏਕਾ ਆਪਣਾ ਆਪ ਵਖਾਈਆ। ਪੀਰ ਪੈਗ਼ੰਬਰ ਘਾੜਨ ਘੜ, ਮੁਲਾਂ ਸ਼ੇਖ਼ ਲਏ ਸਮਝਾਈਆ। ਏਕਾ ਅਲਫ ਅੰਦਰ ਪੜ੍ਹ, ਏਕਾ ਯੇ ਲਏ ਪੜ੍ਹਾਈਆ। ਨੁਕਤਾ ਨੂਨ ਏਕਾ ਘਰ, ਨੂਨ ਗੁੰਨਾ ਰੰਗ ਵਟਾਈਆ। ਹਮਜ਼ਾ ਸਭ ਨੂੰ ਕਰੇ ਸਰ, ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਪੜ੍ਹਾਈਆ। ਏਕਾ ਨਾਮ ਦੇਵੇ ਦਾਊਦ, ਏਕਾ ਵਾਰ ਦਇਆ ਕਮਾਈਆ। ਬੇਐਬ ਨਾ ਹੋਇਆ ਨੇਸ਼ਤੋ ਨਾਬੂਦ, ਘਰ ਸਾਚੇ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਸਦਾ ਮਹਿਬੂਬ, ਮੁਹੱਬਤ ਖ਼ਾਨਾ ਇਕ ਖੁਲ੍ਹਾਈਆ। ਜਿਸ ਦੀ ਕੋਈ ਨਾ ਜਾਣੇ ਹਦੂਦ, ਹੱਦ ਕਿਸੇ ਨਾ ਪਾਰ ਵੰਡਾਈਆ। ਆਪਣਾ ਜਾਣੇ ਸਚ ਅਰੂਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਹੁਜਰਾ ਕੋਇ ਨਜ਼ਰ ਨਾ ਆਈਆ। ਨਾ ਕੋਈ ਬੁੱਤ ਨਾ ਕੋਈ ਕਲਬੂਤ, ਰੂਹ ਪਾਕ ਨਾ ਕੋਇ ਰਖਾਈਆ। ਸਚਖੰਡ ਦੁਵਾਰੇ ਦੇਵੇ ਇਕ ਸਬੂਤ, ਸਾਖਯਾਤ ਆਪਣਾ ਨੂਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਈਸਾ ਮੂਸਾ ਖੇਲ ਅਵੱਲਾ, ਆਲਮੀਨ ਕਰਾਇੰਦਾ। ਮੁਹੰਮਦ ਫੜਾਇਆ ਆਪਣਾ ਪੱਲਾ, ਏਕਾ ਗੰਢ ਪੁਵਾਇੰਦਾ। ਚੌਦਾਂ ਤਬਕ ਏਕਾ ਮਹੱਲਾ, ਏਕਾ ਨੂਰ ਦਰਸਾਇੰਦਾ । ਦੀਪਕ ਜੋਤ ਏਕਾ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਿਰਿਆ ਆਪ ਸੁਣਾਇੰਦਾ। ਸਾਚੀ ਕਿਰਿਆ ਸਾਚਾ ਪੁਰਖ, ਪ੍ਰਖੋਤਮ ਆਪ ਬਣਾਈਆ। ਸ੍ਰਿਸ਼ਟ ਸਬਾਈ ਕਰ ਕਰ ਪਰਖ, ਵਡ ਪਾਰਖੂ ਵੇਸ ਵਟਾਈਆ। ਪੰਜ ਤੱਤ ਉਤੇ ਕਰੇ ਤਰਸ, ਨਿਰਗੁਣ ਸਰਗੁਣ ਜੋਤ ਕਰੀ ਰੁਸ਼ਨਾਈਆ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਵਰਤਾਈਆ। ਆਪਣਾ ਕੀਤਾ ਪੂਰਾ ਫ਼ਰਜ਼, ਬੇਪਰਵਾਹ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਗ ਏਕਾ ਤਰਜ਼, ਤਾਰ ਸਤਾਰ ਇਕ ਵਜਾਈਆ। ਏਕਾ ਤਰਜ਼ ਏਕਾ ਤੰਦੀ, ਇਕ ਸਿਤਾਰ ਹਿਲਾਇੰਦਾ। ਇਕ ਟਿਕਾਣਾ ਦੱਸੇ ਬੰਦੀ, ਬੰਦੀਖ਼ਾਨਾ ਆਪ ਤੁੜਾਇੰਦਾ। ਏਕਾ ਸਾਹਿਬ ਹੋਏ ਬਖ਼ਸ਼ੰਦੀ, ਬਖ਼ਸ਼ਿਸ਼ ਆਪਣੇ ਹੱਥ ਵਖਾਇੰਦਾ। ਏਕਾ ਰਾਹ ਏਕਾ ਪਗਡੰਡੀ, ਅੰਤਮ ਆਪਣੇ ਘਰ ਚੜ੍ਹਾਇੰਦਾ। ਏਕਾ ਦੇਵੇ ਪਵਣ ਠੰਡੀ, ਉਨੰਜਾ ਪਵਣ ਮੁਖ ਸ਼ਰਮਾਇੰਦਾ। ਏਕਾ ਦੇਵੇ ਨਾਮ ਸੁਗੰਧੀ, ਸਤਿਨਾਮ ਆਪ ਪ੍ਰਗਟਾਇੰਦਾ। ਲੇਖਾ ਚੁੱਕੇ ਜੇਰਜ ਅੰਡੀ, ਉਤਭੁਜ ਸੇਤਜ ਪੰਧ ਮੁਕਾਇੰਦਾ। ਪੀਆ ਪ੍ਰੀਤਮ ਪਾਏ ਫੰਦੀ, ਆਪਣੇ ਪ੍ਰੇਮ ਵਿਚ ਬੰਧਾਇੰਦਾ। ਲੱਖ ਚੁਰਾਸੀ ਆਤਮ ਗੰਦੀ, ਪਰਮਾਤਮ ਨਜ਼ਰ ਕਿਸੇ ਨਾ ਆਇੰਦਾ। ਬਿਨ ਹਰਿ ਲੱਖ ਚੁਰਾਸੀ ਰੰਡੀ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਏਕਾ ਗੁਰ ਚਲਾਏ ਡੰਡੀ, ਸਤਿਗੁਰ ਮਾਤ ਵਡਿਆਇੰਦਾ। ਗੁਰ ਗੋਬਿੰਦ ਅੰਤਮ ਮੇਟੇ ਭੇਖ ਪਖੰਡੀ, ਜੂਠ ਝੂਠ ਰਹਿਣ ਨਾ ਪਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਰੰਦੀ, ਏਕਾ ਰੰਦਾ ਹੱਥ ਉਠਾਇੰਦਾ। ਕਬੀਰ ਸੁਣਾਏ ਏਕਾ ਛੰਦੀ, ਸਾਚਾ ਢੋਲਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਗੁਰ ਅਵਤਾਰਾਂ ਹੋਇਆ ਇਕੱਠ, ਹਰਿ ਜੂ ਖ਼ੁਸ਼ੀ ਮਨਾਇੰਦਾ। ਚਾਰ ਜੁਗ ਬਿਨ ਢਾਹਿਉਂ ਗਏ ਢੱਠ, ਹਰਿ ਜੂ ਹਾਰ ਜਿਤ ਆਪਣੇ ਹੱਥ ਵਖਾਇੰਦਾ। ਜਿਸ ਦਾ ਨਾਉਂ ਗਾ ਗਾ ਆਏ ਗਾਥ, ਲੋਕਮਾਤ ਸਮਝਾਇੰਦਾ। ਜਿਸ ਦੇ ਚੜ੍ਹ ਕੇ ਆਏ ਰਥ, ਸੋ ਮਹਾਂਸਾਰਥੀ ਵੇਖ ਵਖਾਇੰਦਾ। ਆਓ ਵਸੋ ਮੇਰੇ ਪਾਸ, ਸਚ ਦੁਆਰਾ ਇਕ ਖੁਲ੍ਹਾਇੰਦਾ। ਜਿਸ ਦੀ ਗੋਪੀ ਕਾਹਨ ਪਾਉਂਦੇ ਰਾਸ, ਸੋ ਆਪਣਾ ਆਪਣਾ ਨਾਚ ਨਚਾਇੰਦਾ। ਜਿਸ ਦਾ ਲੇਖਾ ਪ੍ਰਿਥਮੀ ਅਕਾਸ਼, ਮੰਡਲ ਮੰਡਪ ਸੋਭਾ ਪਾਇੰਦਾ। ਜਿਸ ਦਾ ਨੂਰ ਹੋਏ ਪ੍ਰਕਾਸ਼, ਗਗਨ ਗਗਨੰਤਰ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਦਰ ਬੁਲਾਇੰਦਾ। ਗੁਰ ਅਵਤਾਰ ਆਏ ਦਰ, ਦੋਏ ਦੋਏ ਜੋੜ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਗਲ ਪੱਲੂ ਏਕਾ ਪਾਇਆ। ਤੇਰੇ ਹੁਕਮ ਅੰਦਰ ਫਿਰਦੇ ਰਹੇ ਘਰ ਘਰ, ਲੋਕਮਾਤ ਵੇਸ ਵਟਾਇਆ। ਇਕੋ ਰੱਖਿਆ ਤੇਰਾ ਡਰ, ਹੋਰ ਡਰ ਨਾ ਕੋਈ ਰਖਾਇਆ। ਤੇਰੇ ਚਰਨ ਦੁਆਰੇ ਡਿਗੇ ਦੜ, ਸਿਰ ਲੈਣਾ ਹੱਥ ਰਖਾਇਆ। ਕਰ ਕਿਰਪਾ ਲੈਣਾ ਫੜ, ਮੇਰੇ ਸਾਹਿਬ ਸੱਚੇ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਰ ਏਕਾ ਵਾਰ ਸੱਥਰ ਰਖਾਇਆ। ਗੁਰ ਅਵਤਾਰ ਕਰ ਵਿਚਾਰ, ਪ੍ਰਭ ਅੱਗੇ ਦੇਣ ਸਲਾਹੀਆ। ਤੇਰੀ ਸੇਵ ਕਰੀ ਜੁਗ ਚਾਰ, ਤੂੰ ਪੁਰਖ ਬਣ ਬਣ ਹਉਂ ਨਾਰ ਘੋਲੀ ਘੋਲ ਘੁਮਾਈਆ। ਤੇਰਾ ਅੰਤ ਨਾ ਪਾਰਾਵਾਰ, ਉਚੀ ਕੂਕ ਕੂਕ ਗਏ ਪੁਕਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਨਾਨਕ ਨਿਰਗੁਣ ਸਦਾ ਅਟੱਲੇ ਆਇਆ ਅੰਤਮ ਜਗ ਗੋਬਿੰਦ ਕਹੇ ਮੈਂ ਸਾਚਾ ਸੁਤ ਦੁਲਾਰ, ਮੇਰਾ ਇਕੋ ਪਿਤਾ ਮਾਈਆ। ਆਦਿ ਜੁਗਾਦਿ ਰਹੇ ਜੁਗ ਚਾਰ, ਜੁਗ ਚੌਕੜੀ ਖੇਲ ਰਚਾਈ ਨਾ ਮਰੇ ਨਾ ਜਾਈਆ। ਉਹਦਾ ਨਾਉਂ ਪੁਰਖ ਅਕਾਲ, ਸਦਾ ਸਦਾ ਕਰੇ ਪ੍ਰਿਤਪਾਲ, ਸੁਤ ਦੁਲਾਰੇ ਗੋਦ ਬਹਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਆਪ ਆਪਣੀ ਘਾਲ ਲਏ ਘਾਲ, ਹਰਿ ਕਾ ਭੇਵ ਕੋਇ ਨਾ ਪਾਈਆ। ਅਸੀਂ ਕਹਿੰਦੇ ਰਹੇ ਸੁਵਾਲੀ ਬਣ ਬਣ ਬੇਹਾਲ, ਬੇਹਾਲਾਂ ਉਪਰ ਆਪਣੀ ਦਇਆ ਕਮਾਈਆ । ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਨਾਨਕ ਕਹੇ ਪੁਰਖ ਖੇਲ ਕਰੇ ਕਮਾਲ, ਦਿਸ ਕਿਸੇ ਨਾ ਆਈਆ। ਭਗਤਾਂ ਵਸੇ ਸਦਾ ਨਾਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਖ਼ੁਸ਼ੀ ਮਨਾਈਆ। ਨਾਨਕ ਕੋਲੋਂ ਸਾਰੇ ਰਹੇ ਪੁੱਛ, ਏਕਾ ਮੰਗ ਮੰਗਾਈਆ। ਸਾਨੂੰ ਭੇਵ ਦੱਸ ਕੁਛ, ਕੀ ਭਗਤਾਂ ਕੋਲ ਰੱਖੇ ਪ੍ਰਭ ਸੱਚਾ ਸ਼ਹਿਨਸ਼ਾਹੀਆ। ਅਸੀਂ ਚਰਨਾਂ ਹੇਠ ਬੈਠੇ ਲੁਕ, ਸਾਡਾ ਜੋਰ ਨਾ ਕੋਈ ਜਾਈਆ। ਸਾਡਾ ਪੈਂਡਾ ਗਿਆ ਮੁੱਕ, ਕਲਜੁਗ ਵੇਲਾ ਅੰਤਮ ਆਈਆ। ਚਾਰ ਕੁੰਟ ਬੂਟਾ ਗਿਆ ਸੁੱਕ, ਹਰਾ ਸਿੰਚ ਨਾ ਕੋਈ ਕਰਾਈਆ। ਨੇਤਰ ਨੈਣ ਨਾ ਸਕਣ ਝੁਕ, ਜੀਵਾਂ ਜੰਤਾਂ ਵਲੋਂ ਸ਼ਰਮਾਈਆ। ਖ਼ਾਲੀ ਦਿਸਣ ਬਿਨ ਹਰਿ ਨਾਮੇ ਬੁੱਤ, ਪੰਜ ਵਿਕਾਰ ਕਰੇ ਲੜਾਈਆ। ਆਸ਼ਾ ਤ੍ਰਿਸ਼ਨਾ ਪਾਈ ਲੁੱਟ, ਮਾਇਆ ਮਮਤਾ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਨਿਰਗੁਣ ਕਹੇ, ਸੁਣੋ ਮੀਤ ਮੁਰਾਰ। ਭਗਤਾਂ ਮਿਲਣ ਦਾ ਸਦਾ ਚਾਅ, ਪ੍ਰਭ ਰੱਖੇ ਸਿਰਜਣਹਾਰ। ਜੁਗ ਜੁਗ ਬੇੜਾ ਲਏ ਤਰਾ, ਡੁੱਬੇ ਨਾ ਵਿਚ ਸੰਸਾਰ। ਕੋਟਨ ਕੋਟ ਰੂਪ ਵਟਾ, ਫੜ ਫੜ ਬਾਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਨਾਨਕ ਦੱਸ ਕਵਣ ਤੇਰਾ ਮੀਤ, ਗੁਰ ਅਵਤਾਰ ਰਹੇ ਜਣਾਈਆ। ਕਵਣ ਬਿਧ ਚਲੇ ਰੀਤ, ਭਗਤਾਂ ਮਿਲੇ ਵਡਿਆਈਆ। ਅਸੀਂ ਦੱਸ ਕੇ ਆਏ ਪ੍ਰਭ ਵਸੇ ਮੰਦਰ ਮਸੀਤ, ਗੁਰਦੁਆਰਾ ਡੇਰਾ ਲਾਈਆ। ਕਬੀਰ ਕਹੇ ਮੇਰਾ ਪ੍ਰਭ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਸਦਾ ਸੁਹੇਲਾ ਇਕ ਅਤੀਤ, ਨਾ ਮਰੇ ਨਾ ਜਾਈਆ। ਅੱਠੇ ਪਹਿਰ ਗਾਉਂਦਾ ਗੀਤ, ਕਬੀਰ ਕਬੀਰ ਕਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਉਠੋ ਭਾਈ ਕਰੋ ਪਿਆਰ, ਭਾਈਆਂ ਨਾਲ ਮਿਲਾਈਆ। ਭਾਈ ਭਗਤ ਸਦਾ ਸਚ ਦੁਆਰ, ਹੋਏ ਸ਼ਬਦ ਕੁੜਮਾਈਆ। ਰਲ ਮਿਲ ਕਰੀਏ ਇਕ ਪੁਕਾਰ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਪ੍ਰਭ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਿਹਰ ਨਜ਼ਰ ਇਕ ਉਠਾਈਆ। ਜੁਗ ਜੁਗ ਫੜ ਫੜ ਰਿਹਾ ਤਾਰ, ਤਾਰਨਹਾਰ ਦਇਆ ਕਮਾਈਆ। ਕਲਜੁਗ ਅੰਤਮ ਆਈ ਹਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਸਭ ਬੈਠੇ ਮੁਖ ਭਵਾਈਆ। ਨਾਨਕ ਨਾ ਕਰੇ ਕੋਈ ਵਿਚਾਰ, ਨਾਮ ਸਤਿ ਢੋਲਾ ਨਾ ਗਾਈਆ। ਹੰ ਬ੍ਰਹਮ ਨਾ ਕੋਈ ਧਾਰ, ਪਾਰਬ੍ਰਹਮ ਨਾ ਕੋਇ ਸ਼ਰਨਾਈਆ। ਐਨਲ ਹੱਕ ਨਾ ਕੋਈ ਪੁਕਾਰ, ਮੁਕਾਮੇ ਹੱਕ ਨਾ ਕੋਈ ਖ਼ੁਦਾਈਆ। ਰਾਮ ਰਾਮ ਨਾ ਕੋਈ ਸਤਾਰ, ਸੀਤਾ ਸੁਰਤ ਨਾ ਕੋਈ ਸ਼ਰਨਾਈਆ। ਰਾਧਾ ਕ੍ਰਿਸ਼ਨ ਨਾ ਕੋਈ ਦੀਦਾਰ, ਬੰਸਰੀ ਨਾਮ ਨਾ ਕੋਈ ਵਜਾਈਆ। ਗੁਫਤ ਸ਼ਨੀਦ ਨਾ ਕੋਈ ਗੁਫ਼ਤਾਰ, ਵੇਦ ਭੇਦ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸਾਰੇ ਸੱਦੇ ਏਕਾ ਘਰ, ਹਰਿ ਜੂ ਅਕੱਠ ਕਰਾਇਆ। ਆਪਣਾ ਭੇਵ ਦੇਵੇ ਵਰ, ਵਰ ਦਾਤਾ ਆਪ ਹੋ ਜਾਇਆ। ਬਿਨ ਮਰਨੀ ਗਿਆ ਮਰ, ਜਨਮ ਮਰਨ ਬੰਧਨ ਨਾ ਕੋਇ ਰਖਾਇਆ। ਲੱਖ ਚੁਰਾਸੀ ਅੰਦਰ ਵੜੇ ਘਰ ਘਰ, ਘਰ ਘਰ ਡੇਰਾ ਲਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰ, ਕਲਜੁਗ ਅੰਤਮ ਵੇਖਣ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਆਪਣਾ ਭੇਵ ਦੱਸੇ ਭਗਵੰਤ, ਪਰਦਾ ਆਪ ਉਠਾਈਆ। ਵੇਖਿਆ ਖੇਲ ਜੁਗਾ ਜੁਗੰਤ, ਹਰਿ ਨਜ਼ਰ ਕਿਸੇ ਨਾ ਆਈਆ। ਸਭ ਨੇ ਕਿਹਾ ਬੇਅੰਤ ਬੇਅੰਤ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨੂਰ ਨੂਰ ਨੁਰੰਤ, ਨਿਹਚਲ ਧਾਮ ਕਰੇ ਰੁਸ਼ਨਾਈਆ। ਕਲਜੁਗ ਵੇਲਾ ਆਇਆ ਅੰਤ, ਸਚਖੰਡ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਚਾਰ ਜੁਗ ਦੇ ਸੰਤ ਭਗਤ, ਹਰਿ ਭਗਤੀ ਮਾਰਗ ਲਾਇਆ। ਇਕ ਇਕ ਤਾਰਿਆ ਵੇਲੇ ਅੰਤ, ਵੇਲਾ ਆਪਣੇ ਹੱਥ ਜਣਾਇਆ। ਲੇਖੇ ਲਾਈ ਬੂੰਦ ਰਕਤ, ਰੱਤੀ ਰੱਤ ਰੰਗ ਚੜ੍ਹਾਇਆ। ਲੇਖਾ ਜਾਣੇ ਆਦਿ ਸ਼ਕਤ, ਸ਼ਕਤੀ ਸ਼ਕਤ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫਰਮਾਣਾ ਰਿਹਾ ਸੁਣਾਇਆ। ਗੁਰ ਅਵਤਾਰ ਬਹੱਤਰ ਨਾੜਾ, ਤਾਣਾ ਪੇਟਾ ਆਪ ਤਣਾਈਆ। ਪੰਜ ਤੱਤ ਅੰਦਰ ਖੇਲ ਮਹਾਨਾ, ਨਿਰਗੁਣ ਰੂਪ ਵਟਾਈਆ। ਸ਼ਬਦ ਨਾਮ ਸੱਚੀ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਖੇਲ ਖੇਲ ਖੇਲਿਆ ਵਿਚ ਜੁਗ ਚਾਰ, ਚੌਕੜੀ ਆਪਣਾ ਰੰਗ ਵਖਾਈਆ । ਵਾਰੋ ਵਾਰੀ ਤਾਰੇ ਵਿਚ ਸੰਸਾਰ, ਏਕਾ ਵਾਰ ਸਰਬ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰੂ ਪ੍ਰਹਿਲਾਦ ਵੇਖ ਵਖਾਈਆ। ਧਰੂ ਪ੍ਰਹਿਲਾਦ ਲਿਖਿਆ ਲੇਖਾ, ਲੇਖ ਅਪਰ ਅਪਾਰਾ। ਬਾਵਨ ਕੱਢਿਆ ਭਰਮ ਭੁਲੇਖਾ, ਬਲ ਖੇਲ ਨਿਰਾਲਾ। ਸਤਿਜੁਗ ਸਾਚੇ ਚਾੜ੍ਹੇ ਵੇਂਤਾ, ਪੁਰਖ ਅਬਿਨਾਸ਼ੀ ਦੀਨ ਦਿਆਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲੇ ਅਵੱਲੜੀ ਚਾਲਾ। ਧਰੂ ਪ੍ਰਹਿਲਾਦ ਕਰ ਕਰ ਪਾਰ, ਬਾਵਣ ਅੰਤ ਸਹਾਈਆ। ਬਾਵਣ ਮੰਗ ਮੰਗੀ ਏਕਾ ਵਾਰ, ਪ੍ਰਭ ਅੱਗੇ ਝੋਲੀ ਡਾਹੀਆ। ਤੇਰੇ ਚਰਨ ਜਾਵਾਂ ਬਲਿਹਾਰ, ਤੂੰ ਦਿਤਾ ਪਤਾਲ ਬਹਾਲ, ਅਤਲ ਵਿਤਲ ਸਿਤਲ ਕਰ ਖੁਵਾਰ, ਮੇਰੀ ਖ਼ੁਦੀ ਮਾਤ ਗਵਾਈਆ। ਮੈਂ ਜਾਣਾ ਉਚ ਮਨਾਰ, ਮਹੱਲ ਅਟੱਲ ਸਚਖੰਡ ਵਸੇ ਸੱਚਾ ਮਾਹੀਆ। ਧੰਨ ਭਾਗ ਤੇਰੇ ਚਰਨੀ ਧੂੜੀ ਮਿਲੀ ਛਾਰ, ਤੇਰੀ ਰੰਗਤ ਮੇਰੇ ਮਸਤਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਨੇਤਰ ਨੈਣ ਉਠਾਈਆ। ਤੇਰੀ ਚਰਨੀ ਡਿੱਗਾ ਦਰ, ਦਰ ਮਿਲੀ ਮਾਤ ਵਡਿਆਈਆ। ਰਾਜ ਭਾਗ ਤੇਰਾ ਸਭ, ਮੇਰੀ ਕਾਇਆ ਤੇਰੀ ਹਰਸ ਮਿਟਾਈਆ। ਤੇਰਾ ਅੰਮ੍ਰਿਤ ਮੇਰੀ ਨਭ, ਕਵਲ ਨੈਣ ਮੁਖ ਪਾਈਆ। ਕਵਨ ਵੇਲਾ ਦਰਸ਼ਨ ਦੇਵੇਂ ਫੇਰ ਝੱਬ, ਮੇਲਾ ਮਿਲੇ ਸਚ ਗੁਸਾਈਂਆ। ਆਪਣੇ ਦਰ ਲਵੇਂ ਸੱਦ, ਪਕੜ ਦੋਵੇਂ ਬਾਹੀਂਆ। ਜਗਤ ਜੀਵਾਂ ਪਾਰ ਕਰਨੀ ਹੱਦ, ਸਚਖੰਡ ਦੁਆਰਾ ਦੇਵੇ ਠੰਡੀ ਛਾਂਈਆ। ਇਕ ਲਡੌਣਾ ਸਾਚਾ ਲਡ, ਜਿਉਂ ਬਾਲਕ ਪਿਤਾ ਮਾਈਆ। ਮੇਰੇ ਖ਼ਾਲੀ ਦਿਸਣ ਹੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਗੁਣ ਰਿਹਾ ਸਮਝਾਈਆ। ਸੁਣ ਬਲ ਬਾਵਨ ਕਰ ਧਿਆਨ, ਧਰਨੀ ਧਰਤ ਧਵਲ ਵਡਿਆਇੰਦਾ। ਤਿੰਨ ਜੁਗ ਸੌਣਾ ਬਣ ਨਾਦਾਨ, ਜਨਮ ਜਨਮ ਨਾ ਕੋਈ ਵਖਾਇੰਦਾ। ਚੌਥੇ ਜੁਗ ਕਰਾਂ ਪਰਧਾਨ, ਲੋਕਮਾਤ ਪਰਗਟਾਇੰਦਾ। ਗੋਬਿੰਦ ਚੇਲਾ ਕਰੇ ਆਣ, ਪੁਰਖ ਅਕਾਲ ਮਿਲਾਇੰਦਾ। ਤੇਰਾ ਲੇਖਾ ਲਿਖੇ ਕਰ ਪਛਾਣ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਹਰਿ ਜੂ ਆਖ ਸੁਣਾਇਆ। ਭਗਤਾਂ ਵਿਚ ਮੇਲਾ ਮੇਲੇ ਨੌਂ ਦੁਆਰ, ਮੇਲ ਮਿਲਾਵਾ ਸਚ ਸਮਝਾਇਆ। ਅਮਰੀਕ ਦੇਵੇ ਅਧਾਰ, ਜਨਕ ਆਪਣੇ ਰੰਗ ਰੰਗਾਇਆ। ਬਿਦਰ ਪਾਵੇ ਆਪੇ ਸਾਰ, ਸੁਦਾਮਾ ਆਪਣੀ ਗੋਦ ਬਹਾਇਆ। ਹਰੀ ਚੰਦ ਦਏ ਅਧਾਰ, ਚੰਦ ਚਾਂਦਨਾ ਇਕ ਚਮਕਾਇਆ। ਜੈ ਦਿਓ ਪਾਵੇ ਸਾਰ, ਸਾਚਾ ਬੂਟਾ ਮਾਤ ਲਗਾਇਆ। ਧੰਨੇ ਵੇਖੇ ਤੇਰੀ ਫੁਲਵਾੜ, ਹਰਿ ਬਗੀਚਾ ਇਕ ਲਗਾਇਆ। ਤੂੰ ਮੰਗੀ ਵਸਤ ਅਪਾਰ, ਘਰ ਜੱਟਾਂ ਫੇਰਾ ਪਾਇਆ। ਨਿਰਗੁਣ ਆਇਆ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਢਾਡੀ ਗੌਂਦੇ ਜਿਸ ਦੀ ਵਾਰ, ਛੱਤੀ ਰਾਗ ਰਹੇ ਸਲਾਹਿਆ। ਨਾਨਕ ਵਜਾਈ ਜਿਸ ਦੀ ਸਤਾਰ, ਗੋਬਿੰਦ ਜਿਸ ਦਾ ਧਿਆਨ ਲਗਾਇਆ। ਜਿਸ ਨੂੰ ਕਹਿੰਦੇ ਪੁਰਖ ਅਕਾਲ, ਸੋ ਨਜ਼ਰ ਕਿਸੇ ਨਾ ਆਇਆ। ਨਾਲ ਚੁਮਿਆਰਾਂ ਕਰੇ ਪਿਆਰ, ਪਾਣਾ ਗੰਢਣ ਸੇਵ ਲਗਾਇਆ। ਗੋਦਾਵਰੀ ਗੰਗਾ ਪਾਵੇ ਸਾਰ, ਕੰਗਨ ਆਪਣੇ ਹੱਥ ਰਖਾਇਆ। ਸੈਣ ਨਾਈ ਪਾਏ ਸਾਰ, ਰੂਪ ਅਨੂਪ ਵੇਸ ਵਟਾਇਆ। ਨਾਮੇ ਛੱਪਰ ਛਾਈ ਨਿਰੰਕਾਰ, ਸਿਰ ਆਪਣਾ ਹੱਥ ਟਿਕਾਇਆ। ਕਬੀਰ ਵੇਖਿਆ ਇਕ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਸਦਨਾ ਦੇਵੇ ਆਪੇ ਤਾਰ, ਏਕਾ ਮੰਤਰ ਨਾਮ ਦ੍ਰਿੜਾਇਆ। ਅਜਾਮਲ ਕਿਰਪਾ ਕਰੀ ਅਪਾਰ, ਪੱਤਤ ਪੁਨੀਤ ਖੇਲ ਖਲਾਇਆ। ਪੂਤਨਾ ਸੁਟੀ ਪਛਾੜ, ਮੋਹਣ ਮੰਮੇ ਮੁਖ ਛੁਹਾਇਆ। ਗਨਕਾ ਦੇਵੇ ਅਧਾਰ, ਰੂਪ ਅਨੂਪ ਕਰ ਸਮਝਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲ ਕਰੇ ਕਰਤਾਰ, ਜੁਗ ਜੁਗ ਵੇਸ ਵਟਾਇਆ। ਭਗਤਾਂ ਸੰਤਾਂ ਤਾਰੇ ਵਾਰੋ ਵਾਰ, ਗੁਰ ਅਵਤਾਰ ਸੇਵ ਲਗਾਇਆ। ਖੇਲੇ ਖੇਲ ਅਗੰਮ ਅਪਾਰ, ਪੁਰਖ ਅਗੰਮੜਾ ਰਿਹਾ ਵਖਾਇਆ। ਸਚਖੰਡ ਲੱਗਾ ਇਕ ਦਰਬਾਰ, ਸਚ ਸੰਦੇਸ਼ਾ ਰਿਹਾ ਸੁਣਾਇਆ। ਸਾਰੇ ਕਰੋ ਬੈਠ ਵਿਚਾਰ, ਲੋਕਮਾਤ ਧਿਆਨ ਲਗਾਇਆ। ਕਵਣ ਤੁਹਾਡੇ ਨਾਲ ਕਰੇ ਪਿਆਰ, ਜੋ ਮਾਰਗ ਆਏ ਜਣਾਇਆ। ਲੋਕਾਈ ਭੁੱਲੀ ਬਣ ਗਵਾਰ, ਭੁਲਿਆ ਦਾਈ ਦਾਇਆ। ਜਿਸ ਉਪਜਿਆ ਵਿਚ ਸੰਸਾਰ, ਲੋਕਮਾਤ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭਨਾ ਰਿਹਾ ਸਮਝਾਇਆ। ਸਾਰਿਆਂ ਨੇਤਰ ਲਏ ਖੋਲ੍ਹ, ਲੋਕਮਾਤ ਧਿਆਨ ਲਗਾਈਆ। ਚਾਰੋਂ ਕੁੰਟ ਗਈ ਡੋਲ, ਹਰਿ ਕਾ ਨਾਮ ਨਾ ਕੋਈ ਧਿਆਈਆ। ਰਾਮ ਰਮਈਆ ਨਾ ਗਏ ਮੌਲ, ਰੂਪ ਅਨੂਪ ਨਾ ਕੋਇ ਵਖਾਈਆ। ਅੰਮ੍ਰਿਤ ਭਰਿਆ ਨਾ ਕਿਸੇ ਨਾਭੀ ਕਵਲ, ਨਾਭੀ ਕਵਲ ਨਾ ਕੋਈ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਵਖਾਈਆ। ਸਾਰੇ ਵੇਖੋ ਵੇਖ ਕਰਨ ਹਾਹਾਕਾਰ, ਹਾਏ ਪ੍ਰਭ ਕੀ ਖੇਲ ਰਚਾਇਆ। ਵਿਸ਼ਨੂੰ ਕਹੇ ਮੇਰਾ ਨਾਂ ਉਜਿਆਰ, ਬ੍ਰਹਮਾ ਕਹੇ ਮੇਰਾ ਬ੍ਰਹਮ ਬ੍ਰਹਮ ਸਮਾਇਆ। ਸ਼ੰਕਰ ਕਹੇ ਮੇਰੀ ਤਿਖੀ ਧਾਰ, ਭੋਲਾ ਨਾਥ ਰੂਪ ਵਟਾਈਆ। ਰਾਮ ਕਹੇ ਮੈਂ ਰਾਮ ਅਵਤਾਰ, ਰਾਵਣ ਅੰਤ ਮੁਕਾਇਆ। ਕ੍ਰਿਸ਼ਨ ਕਹੇ ਮੈਂ ਬੜਾ ਬਲਕਾਰ, ਕੰਸ ਕੇਸੀ ਪਕੜ ਗਿਰਾਇਆ। ਮੂਸਾ ਕਹੇ ਮੇਰਾ ਨੂਰ ਉਜਿਆਰ, ਕੋਹਤੂਰ ਜਲਵਾ ਇਕ ਤਕਾਇਆ। ਈਸਾ ਕਹੇ ਮੇਰਾ ਖ਼ੁਦਾਵੰਦ ਯਾਰ, ਸਿਰ ਮੇਰੇ ਹੱਥ ਟਿਕਾਇਆ। ਮੁਹੰਮਦ ਕਹੇ ਮੇਰਾ ਮਦਦਗਾਰ, ਚਾਰ ਯਾਰਾਂ ਨਾਲ ਰਲਾਇਆ। ਅੱਲਾ ਰਾਣੀ ਨੇਤਰ ਰੋਵਣ ਜ਼ਾਰੋ ਜ਼ਾਰ, ਖ਼ਾਵੰਦ ਕੋਇ ਨਜ਼ਰ ਨਾ ਆਇਆ। ਨਾਨਕ ਕਹੇ ਨਿਰੰਕਾਰ, ਸਚਖੰਡ ਬੈਠਾ ਆਸਣ ਲਾਇਆ। ਗੋਬਿੰਦ ਕਹੇ ਪੁਰਖ ਅਕਾਲ, ਦੂਜੀ ਓਟ ਨਾ ਕੋਈ ਜਣਾਇਆ। ਚਾਰੇ ਵੇਦ ਕਰਨ ਪੁਕਾਰ, ਚਾਰੇ ਜੁਗ ਵੇਖਣ ਨੈਣ ਉਘਾੜ, ਅਠਾਰਾਂ ਪੁਰਾਨ ਕਰਨ ਵਿਚਾਰ, ਹਰਿ ਵਿਚਾਰ ਵਿਚ ਨਾ ਆਇਆ। ਰਿਖ ਮੁਨ ਗਏ ਹਾਰ, ਹਰਿ ਕਾ ਅੰਤ ਕਿਸੇ ਨਾ ਪਾਇਆ। ਪੁਰਖ ਅਬਿਨਾਸ਼ੀ ਵਸੇ ਸਭ ਤੋਂ ਬਾਹਰ, ਸਚਖੰਡ ਬੈਠਾ ਆਸਣ ਲਾਇਆ। ਕਬੀਰ ਕਹੇ ਮੈਂ ਕੀਤਾ ਦੀਦਾਰ, ਚੜ੍ਹ ਮਹੱਲ ਵੇਖ ਵਖਾਇਆ। ਆਓ ਸੰਤੋ ਮੇਰੇ ਪਿੱਛੇ ਵਾਰੋ ਵਾਰ, ਲੋਕਮਾਤ ਮਾਰਗ ਗਿਆ ਜਣਾਇਆ। ਅੰਤਮ ਭੁੱਲੇ ਬਣ ਗਵਾਰ, ਸਾਚਾ ਰਾਹ ਨਾ ਕਿਸੇ ਜਣਾਇਆ। ਕਲਜੁਗ ਲੇਖਾ ਗਿਆ ਹਾਰ, ਲਹਿਣਾ ਸਭ ਦਾ ਰਿਹਾ ਮੁਕਾਇਆ। ਪ੍ਰਭ ਅੱਗੇ ਸਾਰੇ ਕਰਨ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਇਆ। ਸਾਡੀ ਕੀਤੀ ਚਲੀ ਨਾ ਵਿਚ ਸੰਸਾਰ, ਤੇਰੀ ਮਾਇਆ ਪਰਦਾ ਪਾਇਆ। ਕੋਇ ਕਹੇ ਰਾਮ ਪਿਆਰ, ਕੋਈ ਕ੍ਰਿਸ਼ਨ ਕ੍ਰਿਸ਼ਨ ਜਣਾਇਆ। ਕੋਈ ਕਹੇ ਅੱਲਾ ਯਾਰ, ਕੋਈ ਕਹੇ ਨਾਨਕ ਅੰਗ ਲਗਾਇਆ। ਕੋਈ ਗੋਬਿੰਦ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਸਭ ਤੋਂ ਵਸੇ ਬਾਹਰ, ਸਚਖੰਡ ਬੈਠਾ ਆਸਣ ਲਾਇਆ। ਕੋਈ ਕਹੇ ਨਾਮੇ ਪਾਇਆ ਮੀਤ, ਕਬੀਰ ਮਿਲੀ ਵਡਿਆਈਆ। ਕੋਈ ਕਹੇ ਤ੍ਰਲੋਚਨ ਕਰਿਆ ਠੰਡਾ ਸੀਤ, ਗੁਰ ਗੁਰ ਰੂਪ ਵਖਾਈਆ। ਕੋਈ ਕਹੇ ਸੈਣ ਪਾਇਆ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਕਬੀਰ ਕਹੇ ਪ੍ਰਭ ਵਸੇ ਹਸਤ ਕੀਟ, ਘਰ ਘਰ ਰਿਹਾ ਸਮਾਈਆ। ਜਿਸ ਨੇ ਬਣਾਇਆ ਦੇਹੁਰਾ ਮਸੀਤ, ਮੰਦਰ ਮੱਠ ਸ਼ਿਵਦੁਆਲੇ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਿਵਦੁਆਲੇ ਬਣਾਏ ਮੱਠ, ਮੰਦਰ ਮਸਜਿਦ ਮਾਣ ਗਵਾਇਆ। ਧਾਰ ਚਲਾਈ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਇਆ। ਸਰੋਵਰ ਬਣਾਏ ਕਿਨਾਰ ਤੱਟ, ਚਾਰ ਕੁੰਟ ਵੇਖ ਵਖਾਇਆ। ਚੌਦਾਂ ਲੋਕ ਖੁਲ੍ਹਾਏ ਹੱਟ, ਚੌਦਾਂ ਤਬਕਾਂ ਬੰਧਨ ਪਾਇਆ। ਕਰੇ ਖੇਲ ਪੁਰਖ ਸਮਰਥ, ਆਪਣੀ ਦਇਆ ਕਮਾਇਆ। ਜੁਗ ਜੁਗ ਦੇਵੇ ਸਾਚੀ ਵੱਥ, ਨਾਮ ਅਮੋਲਕ ਆਪ ਵਰਤਾਇਆ। ਮਹਿਮਾ ਜਣਾਏ ਅਕੱਥਨਾ ਅਕੱਥ, ਗੁਰ ਅਵਤਾਰ ਗਏ ਪੜ੍ਹਾਇਆ। ਆਪਣਾ ਲੇਖਾ ਕਦੇ ਨਾ ਕਰੇ ਬੱਸ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦੁਆਰੇ ਰਿਹਾ ਵਸ, ਦੋ ਜਹਾਨਾਂ ਵੇਖ ਵਖਾਇਆ। ਲੋਆਂ ਪੁਰੀਆਂ ਚਰਨਾਂ ਹੇਠ ਝੱਸ, ਲੋਕਮਾਤ ਫੇਰਾ ਪਾਇਆ। ਨਾਨਕ ਪੂਰੀ ਕਰੇ ਆਸ, ਵੇਦ ਵਿਆਸ ਨਾਲ ਮਿਲਾਇਆ। ਨਿਰਗੁਣ ਜੋਤ ਕਰ ਪ੍ਰਕਾਸ਼, ਨਿਰਵੈਰ ਵੇਸ ਵਟਾਇਆ। ਨੌਂ ਸੌ ਚੁਰਾਨਵੇ ਚੌਕੜੀ ਖੇਲ ਤਮਾਸ਼, ਜੁਗ ਚੌਕੜੀ ਪੰਧ ਮੁਕਾਇਆ। ਭਾਗ ਲਗਾਏ ਵਿਚ ਪ੍ਰਭਾਸ, ਵਿਚ ਜੰਗਲ ਡੇਰਾ ਲਾਇਆ। ਜਨ ਭਗਤਾਂ ਕਹੇ ਸਦਾ ਸ਼ਾਬਾਸ਼, ਸੋ ਪੁਰਖ ਨਿਰੰਜਣ ਦਏ ਦ੍ਰਿੜਾਇਆ। ਅੰਤਮ ਕਰਨਾ ਕੰਮ ਖ਼ਾਸ, ਕਰਤਾ ਆਪਣੀ ਕਾਰ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਖੇਲ ਕਰਾਇਆ। ਸਚ ਵਿਹਾਰਾ ਆਦਿ ਨਿਰੰਜਣ, ਆਦਿ ਪੁਰਖ ਕਰਵਾਈਆ। ਜੁਗਾਦਿ ਹੋਏ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਏਕਾ ਨੇਤਰ ਪਾਏ ਅੰਜਨ, ਨਾਮ ਨਿਧਾਨ ਕਰ ਰੁਸ਼ਨਾਈਆ। ਏਕਾ ਚਰਨ ਕਰਾਏ ਮਜਨ, ਦੁਰਮਤ ਮੈਲ ਧੁਵਾਈਆ। ਸਚਖੰਡ ਨਿਵਾਸੀ ਸਾਚਾ ਸੱਜਣ, ਸਾਚੀ ਰੰਗਤ ਰੰਗ ਰੰਗਾਈਆ। ਸਚ ਨਗਾਰੇ ਓਥੇ ਵੱਜਣ, ਗੁਰ ਅਵਤਾਰ ਰਹੇ ਵਜਾਈਆ। ਕਲਜੁਗ ਅੰਤਮ ਖੇਲ ਕਰੇ ਸੂਰਾ ਸਰਬੰਗਨ, ਸੂਰਬੀਰ ਬੇਪਰਵਾਹੀਆ। ਭਾਗ ਲਗਾਏ ਆਪਣੇ ਚੰਦਨ, ਚੰਦ ਚਾਂਦਨਾ ਰੂਪ ਵਟਾਈਆ। ਫੜ ਉਠਾਏ ਗੁਜ਼ਰੀ ਨੰਦਨ, ਨੰਦ ਗੁਜ਼ਰੀ ਅਵਰ ਨਾ ਕੋਈ ਵਡਿਆਈਆ। ਏਕਾ ਪਾਏ ਸ਼ਬਦੀ ਬੰਧਨ, ਜੋਤ ਨੂਰ ਰੁਸ਼ਨਾਈਆ। ਆਪ ਉਠਾਏ ਬੇੜਾ ਕੰਧਨ, ਮਲਾਹ ਬਣੇ ਬੇਪਰਵਾਹੀਆ। ਪ੍ਰਗਟ ਹੋਏ ਵਿਚ ਵਰਭੰਡਣ, ਵਰਭੰਡੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਰੰਗ ਰੰਗਾਈਆ। ਸਾਚੇ ਘਰ ਸਚਖੰਡ ਢੋਲ ਮਰਦੰਗ, ਰਾਗ ਰਤਨ ਰੰਗ ਰੰਗਾਇਆ। ਨਿਰਗੁਣ ਚੜ੍ਹਿਆ ਚੰਦ, ਘਰ ਸਾਚੇ ਹੋਏ ਰੁਸ਼ਨਾਇਆ। ਗੁਰ ਅਵਤਾਰਾਂ ਪੂਰੀ ਕਰੇ ਮੰਗ, ਜੋ ਬੈਠੇ ਸੀਸ ਝੁਕਾਇਆ। ਏਕਾ ਢੋਲਾ ਸੁਣਾਏ ਛੰਦ, ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਰੂਪ ਸੁਹਾਇਆ। ਹੰ ਬ੍ਰਹਮ ਤੇਰਾ ਮੇਰਾ ਅਨੰਦ, ਪਰਮ ਪੁਰਖ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਆਓ ਸਾਰੇ ਕਰੋ ਤਿਆਰੀ, ਹਰਿ ਸਾਚਾ ਸਚ ਜਣਾਇੰਦਾ। ਮੇਰੀ ਆਈ ਅੰਤਮ ਵਾਰੀ, ਸਭ ਦਾ ਲਹਿਣਾ ਮਾਤ ਚੁਕਾਇੰਦਾ। ਜਿਸ ਦਾ ਜੁਗ ਚਾਰ ਚਲਦਾ ਰਹੇ ਨਾਉਂ ਨਿਰੰਕਾਰੀ, ਸੋ ਨਿਰਾਕਾਰ ਖੇਲ ਖਲਾਇੰਦਾ। ਜਿਸ ਦੀ ਹੋਈ ਸਰਬ ਪਸਾਰੀ, ਘਟ ਘਟ ਵੇਖ ਵਖਾਇੰਦਾ। ਸੋ ਦਾਤਾ ਵਡ ਭੰਡਾਰੀ, ਅਤੋਟ ਅਤੁਟ ਭੰਡਾਰ ਵਰਤਾਇੰਦਾ। ਜਿਸ ਦੀ ਸਚਖੰਡ ਵਸੇ ਅਟਾਰੀ, ਥਿਰ ਘਰ ਆਪਣਾ ਚਰਨ ਟਿਕਾਇੰਦਾ। ਜੋ ਭਗਤਾਂ ਪੈਜ ਰਿਹਾ ਸਵਾਰੀ, ਸਿਰ ਆਪਣਾ ਹੱਥ ਰਖਾਇੰਦਾ। ਆਓ ਵਿਦਾ ਕਰੋ ਪਹਿਲੀ ਵਾਰੀ, ਦੂਜੀ ਵੰਡ ਨਾ ਕੋਈ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਓ ਉਠੋ ਦੇਵੋ ਤੋਰ, ਹਰਿ ਜੂ ਆਪ ਸੁਣਾਇਆ। ਜਿਸ ਨੂੰ ਲੱਭਦੇ ਅੰਧ ਘੋਰ, ਸੋ ਸਾਹਿਬ ਖੇਲ ਕਰਾਇਆ। ਜਿਸ ਦੀ ਫੜਦੇ ਆਏ ਡੋਰ, ਸਚਖੰਡ ਡੇਰਾ ਰਿਹਾ ਲਾਇਆ। ਜਿਸ ਨੂੰ ਵੇਖਿਆ ਕਰ ਕੇ ਗੌਰ, ਨੇਤਰ ਨੈਣ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਇਆ। ਏਕਾ ਹੁਕਮ ਹਰਿ ਜਗਦੀਸ਼, ਜਗਦੀਸ਼ਰ ਆਪ ਸੁਣਾਈਆ। ਏਕਾ ਛਤਰ ਝੁੱਲੇ ਹਰਿ ਸੀਸ, ਦੂਸਰ ਛਤਰ ਨਾ ਕੋਈ ਵਡਿਆਈਆ। ਏਕਾ ਰਾਗ ਚਲੇ ਬੀਸ ਇਕੀਸ, ਛੱਤੀ ਰਾਗ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਰੇ ਰਲ ਕੇ ਕਰਨ ਪੁਕਾਰ, ਨੈਣਾਂ ਨੀਰ ਵਹਾਇਆ। ਤੇਰਾ ਵਿਛੋੜਾ ਝੱਲਿਆ ਨਾ ਜਾਏ ਸਾਂਝੇ ਯਾਰ, ਤੁਧ ਬਿਨ ਹੋਰ ਨਾ ਕੋਈ ਸਹਾਇਆ। ਤੂੰ ਲੋਕਮਾਤ ਜਾ ਜਾ ਕਰੇਂ ਵਿਹਾਰ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਮੰਗਦੇ ਤੇਰਾ ਦੀਦਾਰ, ਤੇਰੇ ਚਰਨ ਧਿਆਨ ਲਗਾਇਆ। ਤੁਧ ਬਿਨ ਰੋਈਏ ਜ਼ਾਰੋ ਜ਼ਾਰ, ਤੇਰਾ ਸੱਥਰ ਇਕ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡੀ ਇਛਿਆ ਲਏ ਪਰਨਾਇਆ। ਸਾਡੀ ਇਛਿਆ ਲਏ ਪਰਨਾ, ਗੁਰ ਅਵਤਾਰ ਰਹੇ ਸੁਣਾਈਆ। ਤੂੰ ਕਲਜੁਗ ਅੰਤਮ ਵੇਖਣਾ ਜਾ, ਤੇਰੀ ਇਕੋ ਓਟ ਤਕਾਈਆ। ਤੇਰਾ ਛੋਟਾ ਬਾਲਾ ਦੋਏ ਜੋੜ ਪਿਆ ਸ਼ਰਨਾ, ਚਰਨੀ ਸੀਸ ਝੁਕਾਈਆ। ਮੈਂਨੂੰ ਉਂਗਲੀ ਲਿਆ ਲਾ, ਮੈਂ ਜਾਵਾਂ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਅੱਗੋਂ ਰਿਹਾ ਸੁਣਾ, ਏਕਾ ਗੁਣ ਸਮਝਾਈਆ। ਨਾਨਕ ਗਾ ਕੇ ਗਿਆ ਸਮਝਾ, ਪੰਚਾਂ ਮਿਲੇ ਮਾਣ ਵਡਿਆਈਆ। ਸੋ ਪੰਚ ਆਪਣੇ ਘਰ ਲਏ ਬਹਾ, ਦੇਵਾਂ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਫ਼ਰਮਾਣਾ ਰਿਹਾ ਸੁਣਾਈਆ। ਪੰਚ ਪਰਵਾਨ ਗਾਇਆ, ਰਸਨਾ ਜਿਹਵਾ ਹਿਲਾਈਆ। ਪੁਰਖ ਅਬਿਨਾਸ਼ੀ ਧਿਆਨ ਲਗਾਇਆ, ਵੇਖੇ ਥਾਉਂ ਥਾਈਂਆ। ਕਲਜੁਗ ਤੇਰਾ ਪੰਧ ਮੁਕਾਇਆ, ਆਪ ਉਠਾਏ ਫੜ ਫੜ ਬਾਹੀਂਆ। ਗੁਰਮੁਖ ਸਾਚੇ ਮਾਣ ਦਵਾਇਆ, ਸਿੰਘ ਪਾਲ ਮਿਲੀ ਵਡਿਆਈਆ। ਬ੍ਰਹਮੇ ਲੇਖਾ ਜਿਸ ਚੁਕਾਇਆ, ਅੰਤਮ ਰਹਿਣ ਨਾ ਪਾਈਆ। ਹਰਿਜਨ ਸਾਚੇ ਆਪ ਜਗਾਇਆ, ਜਾਗਰਤ ਜੋਤ ਕਰ ਰੁਸ਼ਨਾਈਆ। ਧਰੂ ਆਪਣੇ ਰੰਗ ਰੰਗਾਇਆ, ਸਵਰਨ ਖ਼ੁਸ਼ੀ ਵਿਖਾਈਆ। ਇਕ ਬਟਵਾਰੇ ਦਰ ਦਏ ਵਖਾਇਆ, ਚਮਰੇਟਾ ਲਿਖਤ ਲਿਖਾਈਆ। ਕਾਕਾ ਏਕਾ ਗੋਦ ਬਹਾਇਆ, ਮਨਜੀਤ ਸਿੰਘ ਜਿਸ ਜਿਤੀ ਸਰਬ ਲੋਕਾਈਆ। ਕਰੋੜ ਤਤੀਸਾ ਡੇਰਾ ਢਾਹਿਆ, ਸੁਰਪਤ ਇੰਦ ਮਾਣ ਗਵਾਈਆ। ਸਿੰਘ ਜਗਦੀਸ਼ ਆਪ ਤਰਾਇਆ, ਤਾਰਨਹਾਰ ਆਪ ਹੋ ਜਾਈਆ। ਆਪਣਾ ਲੇਖਾ ਲੇਖੇ ਪਾਇਆ, ਗੋਬਿੰਦ ਰੁੱਤ ਸੁਹਾਈਆ, ਛੋਟੇ ਬਾਲੇ ਨੀਹਾਂ ਹੇਠ ਦਬਾਇਆ, ਕਲਜੁਗ ਤੇਰੀ ਜੜ੍ਹ ਉਖੜਾਈਆ। ਨੌਂ ਦੁਆਰੇ ਖੋਲ੍ਹ ਵਖਾਇਆ, ਚੇਤਨ ਕਰੇ ਸਰਬ ਲੋਕਾਈਆ। ਜਿਸ ਨੂੰ ਲੱਭ ਲੱਭ ਵਕਤ ਗਵਾਇਆ, ਹੱਥ ਨਾ ਆਇਆ ਸੱਚਾ ਮਾਹੀਆ। ਜਿਸ ਦਾ ਜੋਗ ਅਭਿਆਸ ਕਮਾਇਆ, ਜਲ ਧਾਰ ਸੀਸ ਪਵਾਈਆ। ਜਿਸ ਦੇ ਪਿੱਛੇ ਖ਼ਾਕ ਰੁਮਾਇਆ, ਧੂਣੀ ਡੇਰਾ ਲਾਈਆ। ਜਿਸ ਦੇ ਪਿੱਛੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਆਸਣ ਲਾਇਆ, ਦਿਸ ਕਿਸੇ ਨਾ ਆਈਆ। ਸੋ ਸਾਹਿਬ ਕਲਜੁਗ ਵੇਖਣ ਆਇਆ, ਸਿੰਘ ਜਗਦੀਸ਼ ਦਏ ਵਡਿਆਈਆ। ਸਚਖੰਡ ਜਿਸ ਨਿਸ਼ਾਨ ਝੁਲਾਇਆ, ਸਤ ਸਤ ਰੰਗ ਵਟਾਈਆ। ਸੋ ਸਾਹਿਬ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਚਾਰੇ ਸੱਦੇ ਆਪਣੀ ਹੱਦ, ਬ੍ਰਹਮ ਖੇਲ ਕਰਾਇਆ। ਅੰਤਮ ਨੂਰ ਹੋ ਪ੍ਰਗਟ, ਸਾਚਾ ਹੱਟ ਖੁਲ੍ਹਾਇਆ । ਬਾਵਨ ਲੇਖੇ ਲੱਗਾ ਜਤ, ਬਲ ਰਾਣਾ ਆਪ ਤਰਾਇਆ। ਚੌਥੇ ਜੁਗ ਪ੍ਰਗਟਿਆ ਜੱਟ, ਜੱਟ ਜੱਟਾਂ ਨਾਲ ਰਲਾਇਆ। ਤਿੰਨ ਜੁਗ ਦਾ ਮਿਟਿਆ ਫੱਟ, ਏਕਾ ਪੱਟੀ ਨਾਮ ਬੰਧਾਇਆ। ਲੇਖੇ ਲਾਏ ਆਪਣੀ ਰੱਤ, ਰੱਤੀ ਰੱਤ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਵੇਸ ਵਟਾਇਆ। ਪੰਜੇ ਦਰ ਕਰ ਪਰਵਾਨ, ਸਚਖੰਡ ਆਪ ਬਹਾਈਆ। ਪੰਚਾਂ ਦੇਵੇ ਦਰਗਹਿ ਮਾਣ, ਦਰ ਸਾਚੇ ਖ਼ੁਸ਼ੀ ਮਨਾਈਆ। ਪੰਚਾ ਮਿਲਿਆ ਗੁਰ ਇਕ ਧਿਆਨ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਪੰਜੇ ਏਕਾ ਗੀਤ ਗਾਨ, ਸੋਹੰ ਢੋਲਾ ਗਾਈਆ। ਪੰਚਾਂ ਝੁਲਾਏ ਇਕ ਨਿਸ਼ਾਨ, ਸਚਖੰਡ ਦੁਆਰੇ ਆਪ ਉਠਾਈਆ। ਕਬੀਰ ਜੁਲਾਹਾ ਕਰੇ ਧਿਆਨ, ਵੇਖੋ ਹਰਿ ਕੀ ਖੇਲ ਰਚਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਜਨ ਭਗਤਾਂ ਰਿਹਾ ਉਠਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਜਗਤ ਵਿਦਿਆ ਧੱਕਾ ਲਾਈਆ। ਬਿਨ ਮੰਗਿਆਂ ਦੇਵੇ ਦਾਨ, ਨਾਮ ਭਗਤੀ ਝੋਲੀ ਪਾਈਆ। ਅਸੀਂ ਕਰਦੇ ਰਹੇ ਇਹਦੀ ਪਹਿਚਾਨ, ਪਹਿਚਾਨ ਵਿਚ ਕਦੇ ਨਾ ਆਈਆ। ਕਲਜੁਗ ਅੰਤਮ ਪ੍ਰਗਟ ਹੋ ਵਿਚ ਜਹਾਨ, ਆਪਣਾ ਭੇਵ ਦਏ ਖੁਲ੍ਹਾਈਆ। ਗੁਰਮੁਖ ਵੇਖੇ ਚਤਰ ਸੁਜਾਨ, ਹਰਿ ਜੂ ਵਿਛੜੇ ਲਏ ਮਿਲਾਈਆ। ਸਭ ਦੀ ਆਸਾ ਪੂਰੀ ਕਰੇ ਆਣ, ਨਿਰਾਸਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਲਾਏ, ਕਲਜੁਗ ਅੰਤਮ ਵਾਰ। ਹਰਿਜਨ ਸਾਚੇ ਲਏ ਜਗਾਏ, ਲੱਖ ਚੁਰਾਸੀ ਵਿਚੋਂ ਕੱਢੇ ਬਾਹਰ। ਆਪਣੇ ਮਾਰਗ ਆਪੇ ਲਾਏ, ਦੇਵੇ ਨਾਮ ਅਧਾਰ। ਸਾਚੀ ਸਿਖਿਆ ਇਕ ਸਮਝਾਏ, ਸੋਹੰ ਸ਼ਬਦ ਜੈਕਾਰ। ਰਾਗ ਨਾਦ ਕੋਈ ਨੇੜ ਨਾ ਆਏ, ਬ੍ਰਹਮ ਬ੍ਰਹਿਮਾਦ ਕਰੇ ਵਿਚਾਰ। ਰਾਤੀਂ ਸੁਤਿਆਂ ਲਏ ਜਗਾਏ, ਗ਼ਫ਼ਲਤ ਵਿਚ ਨਾ ਆਏ ਸਾਂਝਾ ਯਾਰ। ਚਾਰ ਵਰਨ ਦਾ ਡੇਰਾ ਢਾਹੇ, ਸ਼ੱਤਰੀ ਬ੍ਰਹਿਮਣ ਸ਼ੂਦ ਵੈਸ਼ ਦਏ ਅਧਾਰ। ਚਾਰ ਬਾਣੀ ਪੰਧ ਮੁਕਾਏ, ਪਰਾ ਪਸੰਤੀ ਮਧਮ ਬੈਖ਼ਰੀ ਕਰ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰ ਖੇਲ ਕਰਦਾ, ਵੇਖੇ ਸਰਬ ਲੋਕਾਈਆ। ਨਿਰਭੌ ਕਦੇ ਨਾ ਡਰਦਾ, ਭੈ ਆਪਣਾ ਸਰਬ ਜਣਾਈਆ। ਹਰਿਜਨ ਸਾਚੇ ਆਪੇ ਵਰਦਾ, ਵੇਖੇ ਥਾਉਂ ਥਾਈਂਆ। ਸਾਚੇ ਘੋੜੇ ਆਪੇ ਚੜ੍ਹਦਾ, ਸ਼ਾਹ ਅਸਵਾਰ ਸੱਚਾ ਸ਼ਹਿਨਸ਼ਾਹੀਆ। ਸਾਚੇ ਮੰਦਰ ਆਪੇ ਵੜਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਜੁਗ ਗੌਂਦੇ ਗਏ ਮੇਰੀ ਵਾਰ, ਹਰਿ ਸਾਚਾ ਸਚ ਜਣਾਇੰਦਾ। ਸੇਵਾ ਕਰ ਕਰ ਗਏ ਗੁਰ ਅਵਤਾਰ, ਭਗਤ ਭਗਤੀ ਰਾਹ ਵਖਾਇੰਦਾ। ਸੰਤ ਸੱਜਣ ਕਰ ਕਰ ਗਏ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਇੰਦਾ। ਗੁਰਮੁਖ ਮੰਗਦੇ ਗਏ ਦੁਆਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਗੁਰਸਿਖ ਲੈਂਦੇ ਗਏ ਧੂੜੀ ਛਾਰ, ਮਸਤਕ ਟਿੱਕਾ ਧੂੜ ਲਗਾਇੰਦਾ । ਕਲਜੁਗ ਅੰਤਮ ਖੇਲ ਅਪਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਜਨਮ ਜਨਮ ਦੇ ਵੇਖੇ ਵਿਛੜੇ ਯਾਰ, ਜਗਤ ਦਰ ਪੰਧ ਮੁਕਾਇੰਦਾ। ਸਚਖੰਡ ਬਣਾਏ ਇਕ ਦੁਆਰ, ਲੋਕਮਾਤ ਆਸਣ ਲਾਇੰਦਾ। ਸਭ ਦੀ ਸੁਣੇ ਆਪ ਪੁਕਾਰ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਦੋ ਆਪ ਮਿਲਾਇੰਦਾ। ਸਤਿ ਹਰਿ ਸਤਿ ਦਰਸਾਇਆ ਨਾਤਾ, ਦੋਏ ਦੋਏ ਜੋੜ ਜੁੜਾਇਆ। ਨਿਰਗੁਣ ਸਰਗੁਣ ਖੇਲ ਤਮਾਸ਼ਾ, ਜੁਗ ਜੁਗ ਕਰਦਾ ਆਇਆ। ਬਹੱਤਰ ਨਾੜੀ ਅੰਦਰ ਕਰ ਕਰ ਵਾਸਾ, ਆਪਣਾ ਰਾਗ ਸੁਣਾਇਆ। ਇਕ ਅਨੰਦ ਇਕ ਭਰਵਾਸਾ, ਇਕ ਨਾਮ ਜਪਾਇਆ। ਥੋੜਾ ਸੁਣੌਂਦਾ ਰਿਹਾ ਖ਼ੁਲਾਸਾ, ਖੁਲ ਕੇ ਹਾਲ ਨਾ ਕਿਸੇ ਸੁਣਾਇਆ। ਕਲਜੁਗ ਵੇਖੇ ਆਪ ਤਮਾਸ਼ਾ, ਜੋਤੀ ਜਾਮਾ ਵੇਸ ਵਟਾਇਆ। ਵਿਚ ਸਖੀਆਂ ਪਾਵੇ ਰਾਸਾ, ਬਣ ਬਣ ਕਾਹਨ ਆਪ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਇਆ। ਬਹੱਤਰ ਨਾੜੀ ਹੋਈ ਪਰਧਾਨ, ਗੁਰ ਅਵਤਾਰ ਮਾਣ ਦਵਾਈਆ। ਕਾਇਆ ਅੰਦਰ ਸੁੰਞ ਮਸਾਨ, ਘਰ ਘਰ ਵਿਚ ਰਿਹਾ ਵਖਾਈਆ। ਨਾਦ ਅਨਾਦ ਸ਼ਬਦ ਧੁਨ ਕਾਨ, ਗ੍ਰਹਿ ਮੰਦਰ ਆਪ ਵਜਾਈਆ। ਜੋਤੀ ਨੂਰ ਨੂਰ ਮਹਾਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਆ ਦਾਨ, ਦਾਨੀ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਹੋ ਮਿਹਰਵਾਨ, ਗੁਰਮੁਖ ਸਾਚੇ ਆਪ ਉਠਾਈਆ। ਬਹੱਤਰਾਂ ਕਰੇ ਇਕ ਗਿਆਨ, ਮੁਖ ਆਪਣਾ ਨਾਮ ਸੁਣਾਈਆ। ਆਤਮ ਅੰਤਰ ਇਕ ਧਿਆਨ, ਅੰਦਰ ਬਾਹਰ ਵੇਖ ਵਖਾਈਆ। ਛੱਤੀ ਰਾਗ ਹੋਏ ਹੈਰਾਨ, ਛੱਤੀ ਛੱਤੀ ਲਕੀਰ ਖਿਚਾਈਆ। ਛੱਤੀ ਫੁੱਟ ਉਪਰ ਨਿਸ਼ਾਨ, ਪੁਰਖ ਅਬਿਨਾਸ਼ੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੱਤਰ ਜਨ ਲਏ ਉਠਾਈਆ। ਬਹੱਤਰ ਭਗਤ ਸੁਣੋ ਅਰਦਾਸ, ਹਰਿ ਸਾਚਾ ਸਚ ਜਣਾਇੰਦਾ। ਮੈਂ ਚਲ ਕੇ ਆਇਆ ਤੁਹਾਡੇ ਪਾਸ, ਏਕਾ ਮੰਗ ਮੰਗਾਇੰਦਾ। ਆਪਣਿਆਂ ਚਰਨਾਂ ਦੇਣਾ ਨਿਵਾਸ, ਦੂਜਾ ਧਾਮ ਨਾ ਕੋਈ ਸੁਖਾਇੰਦਾ। ਮੇਰੀ ਪੂਰੀ ਕਰਨੀ ਆਸ, ਲੋਕਮਾਤ ਆਸ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਰਜੋਈ ਆਪ ਸੁਣਾਇੰਦਾ। ਮੇਰੀ ਅਰਜ਼ ਮੰਨੋ ਜ਼ਰੂਰ, ਸੋ ਪੁਰਖ ਨਿਰੰਜਣ ਆਖ ਸੁਣਾਇਆ। ਮੇਰਾ ਨੌਂ ਸੌ ਚੁਰਾਨਵੇ ਚੌਕੜੀ ਯੁਗ ਦਾ ਬਖ਼ਸ਼ੋ ਕਸੂਰ, ਜੁਗ ਜੁਗ ਰਿਹਾ ਭੁਲਾਇਆ। ਮੈਂ ਹਾਜ਼ਰ ਹੋਇਆ ਹਜ਼ੂਰ, ਵਿਛੜ ਕਦੇ ਨਾ ਜਾਇਆ। ਬਿਨਾਂ ਤੁਹਾਡੇ ਹੋਇਆ ਮਜ਼ਬੂਰ, ਮੇਰੀ ਮਜ਼ਬੂਰੀ ਨਾ ਕੋਇ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਪੱਲੂ ਰਿਹਾ ਵਖਾਇਆ। ਆਪਣੀ ਝੋਲੀ ਡਾਹ ਅਨਡਿਠ, ਅਨਡਿਠੜਾ ਖੇਲ ਕਰਾਈਆ। ਭਗਤੋ ਦੇਣੀ ਨਾ ਮੈਨੂੰ ਪਿੱਠ, ਮੈਂ ਇਕੋ ਆਸ ਰਖਾਈਆ। ਮੈਂ ਹਾਰਿਆ ਤੁਸੀਂ ਗਏ ਜਿੱਤ, ਤੁਹਾਡੀ ਜਿੱਤ ਮੇਰੀ ਵਡਿਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬਣਿਆ ਰਿਹਾ ਮਾਤ ਪਿਤ, ਅੰਤਮ ਬਰਦਾ ਬਣ ਬਣ ਸੇਵ ਕਮਾਈਆ। ਨਿਹਕਰਮੀ ਕਰਿਆ ਸਾਚਾ ਹਿੱਤ, ਕਰਮ ਕਾਂਡ ਨਾ ਕੋਈ ਰਖਾਈਆ। ਤੁਹਾਡੇ ਬਿਰਹੋਂ ਦੀ ਵੱਜੀ ਖਿੱਚ, ਸਚਖੰਡ ਦੁਆਰਾ ਤਜ ਕੇ ਆਇਆ ਮਾਹੀਆ। ਮੈਂ ਬਹਾਂ ਤੁਹਾਡੇ ਅੱਧਵਿਚਕਾਰਾ ਵਿਚ, ਚਾਰੋਂ ਕੁੰਟ ਘੇਰਾ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਬੇਨੰਤੀ ਰਿਹਾ ਸੁਣਾਈਆ। ਸੁਣ ਬੇਨੰਤੀ ਮੇਰੇ ਮੀਤ, ਮਿੱਤਰ ਪਿਆਰੇ ਸੱਜਣਾ। ਮੈਂ ਤੁਹਾਡੇ ਗਾਵਾਂ ਸਦਾ ਗੀਤ, ਤੁਸਾਂ ਮੇਰਾ ਪਰਦਾ ਕੱਜਣਾ। ਮੈਂ ਕਿਸੇ ਹੱਥ ਨਾ ਔਣਾ ਮੰਦਰ ਮਸੀਤ, ਗੁਰੂਦੁਆਰਾ ਅੰਤ ਸਭ ਨੇ ਤਜਨਾ। ਮੈਂ ਤੁਹਾਡੀ ਚਲੌਣੀ ਰੀਤ, ਸਚਖੰਡ ਦੁਆਰ ਕਰਾਉਣਾ ਮਜਨਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਕੋਈ ਨਾ ਕਰੇ ਬਚਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਸਾਚਾ ਸੱਜਣਾ। ਭਗਤੋ ਉਠੋ ਕਰੋ ਖਿਆਲ, ਹਰਿ ਸਾਚੇ ਸਚ ਸੁਣਾਇਆ। ਮੇਰੇ ਉਤੇ ਹੋਵੋ ਦਿਆਲ, ਤੁਹਾਡੀ ਦਿਆਲਤਾ ਮੇਰੀ ਰੁਸ਼ਨਾਇਆ। ਮੈਂ ਤੁਹਾਡੀ ਕਰਦਾ ਰਿਹਾ ਪ੍ਰਿਤਪਾਲ, ਜੁਗ ਜੁਗ ਸੇਵ ਕਮਾਇਆ। ਅੰਤ ਆਪਣਾ ਦੱਸਾਂ ਹਾਲ, ਹਾਲ ਮੁਰੀਦਾਂ ਆਪ ਸੁਣਾਇਆ। ਗੋਬਿੰਦ ਸੂਰਾ ਆਇਆ ਨਾਲ, ਆਪਣਾ ਪੰਧ ਮੁਕਾਇਆ। ਤੁਸੀਂ ਉਸ ਦੀਆਂ ਘਾਲਾਂ ਰਹੇ ਘਾਲ, ਉਹ ਤੁਹਾਡੇ ਉਤੋਂ ਘੋਲ ਘੁਮਾਇਆ। ਪਹਿਲਾਂ ਨੀਹਾਂ ਹੇਠ ਦਿਤੇ ਲਾਲ, ਹੁਣ ਨੀਹਾਂ ਹੇਠ ਆਪਣੀ ਰੱਤ ਚੁਆਇਆ। ਅੱਗੇ ਮਾਰਗ ਦੱਸੇ ਸੁਖਾਲ, ਏਕਾ ਮੰਤਰ ਨਾਮ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਗੇ ਆਪਣਾ ਸੀਸ ਆਪ ਝੁਕਾਇਆ। ਮੇਰਾ ਸੀਸ ਗਿਆ ਝੁਕ, ਹਰਿ ਜੂ ਆਖ ਸੁਣਾਇਆ। ਭਗਤੋ ਤੁਹਾਡਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਇਆ। ਮੈਨੂੰ ਵੇਖੋ ਵਜਾ ਕੇ ਠੋਕ, ਠੋਕ ਵਜਾਇਆਂ ਟੁੱਟ ਕਦੇ ਨਾ ਜਾਇਆ। ਮੇਰਾ ਇਕੋ ਇਕ ਸਲੋਕ, ਦੋ ਜਹਾਨਾਂ ਦਏ ਜਗਾਇਆ। ਲੱਖ ਚੁਰਾਸੀ ਦੇਵੇ ਝੋਕ, ਨਾ ਕੋਈ ਸਕੇ ਬਚਾਇਆ। ਧਰਮ ਰਾਏ ਦੇ ਹੱਥ ਦਏ ਥੋਕ, ਪਰਚੂਨ ਕਿਸੇ ਨਾ ਹੱਟ ਵਿਕਾਇਆ। ਜਨ ਭਗਤਾਂ ਅੱਗੇ ਮੇਰੀ ਮੋਖ, ਜਗਤ ਦੁਆਰ ਨਜ਼ਰ ਨਾ ਆਇਆ। ਮੈਂ ਚੜ੍ਹ ਕੇ ਆਇਆ ਬੋਟ, ਲੋਕਮਾਤ ਫੇਰਾ ਪਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਕੋਈ ਰਖਾਇਆ। ਅੰਤਮ ਸਭ ਦੇ ਕੱਢਣੇ ਖੋਟ, ਖੋਟੀ ਵਾਸਨਾ ਦਏ ਸੁਟਾਇਆ। ਸੋਹੰ ਬਿਨ ਸਾਰੇ ਸੋਤ, ਰਾਮ ਕ੍ਰਿਸ਼ਨ ਨਾ ਕੋਈ ਧਿਆਇਆ। ਗੋਬਿੰਦ ਵੇਖਿਆ ਪੋਤਰਾ ਪੋਤ, ਪੂਤ ਸਪੂਤਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪ ਵਸਾਇਆ। ਸਚਖੰਡ ਵੇਖੋ ਗਿਆ ਵਸ, ਹਰਿ ਜੂ ਆਪ ਵਸਾਇੰਦਾ। ਚਤੁਰਭੁਜ ਆਏ ਨੱਸ, ਆਪਣਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੀ ਕੂਕ ਸਰਬ ਸੁਣਾਇੰਦਾ। ਉਚੀ ਕੂਕ ਕਹੇ ਭਗਵਨ, ਲੱਖ ਚੁਰਾਸੀ ਆਪ ਜਣਾਈਆ। ਭਗਤਾਂ ਬਣਿਆ ਇਕ ਨਿਸ਼ਾਨ, ਜਗਤ ਨਿਸ਼ਾਨਾ ਦਏ ਮਿਟਾਈਆ। ਨਾ ਕੋਈ ਭੁੱਲੇ ਰਾਜ ਰਾਜਾਨ, ਅਭੁੱਲ ਰਿਹਾ ਸਮਝਾਈਆ। ਭਗਤ ਬਹੱਤਰ ਹੋਏ ਪਰਵਾਨ, ਹਰਿ ਜੂ ਪਰਵਾਨਾ ਦਿਤਾ ਲਿਖਾਈਆ। ਇਕੋ ਮਿਲਿਆ ਸੱਚਾ ਕਾਹਨ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜਿਸ ਨੀਂਹ ਲੋਕਮਾਤ ਰੱਖੀ ਆਣ, ਜਗਤ ਨੀਂਹ ਦਏ ਉਖੜਾਈਆ। ਛੱਬੀ ਪੋਹ ਦਿਵਸ ਮਹਾਨ, ਸਭ ਨੂੰ ਰਿਹਾ ਜਣਾਈਆ। ਭਗਤਨ ਖੇਲ ਕਰੇ ਭਗਵਾਨ, ਗੁਰ ਅਵਤਾਰ ਦਰ ਬੁਲਾਈਆ। ਈਸਾ ਮੂਸਾ ਮੁਹੰਮਦ ਦਰ ਕੁਰਲਾਣ, ਗੱਲ ਵਿਚ ਪੱਲੂ ਪਾਈਆ। ਭਗਤ ਜਨ ਮਿਲ ਖ਼ੁਸ਼ੀ ਮਨਾਣ, ਲੋਕਮਾਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਰਿਹਾ ਲਾਈਆ। ਬਹੱਤਰ ਭਗਤ ਹੋਏ ਖ਼ੁਸ਼, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਇੰਦਾ। ਚਾਰ ਜੁਗ ਜੋ ਬੈਠੇ ਰੁੱਸ, ਧੰਨ ਭਾਗ ਜੇ ਤੂੰ ਵਡਿਆਇੰਦਾ। ਤੇਰੀ ਕਿਰਪਾ ਪਏ ਉਠ, ਆਪਾ ਕਿਸੇ ਨਜ਼ਰ ਨਾ ਆਇੰਦਾ। ਚਾਰੋਂ ਕੁੰਟ ਲੁਕੇ ਗੁਠ, ਤੂੰ ਫੜ ਫੜ ਦਰ ਮੰਗਾਇੰਦਾ। ਤੇਰੇ ਲੇਖੇ ਮੇਰਾ ਬੁੱਤ, ਤੇਰੀ ਆਤਮ ਪਰਮਾਤਮ ਤੇਰੀ ਝੋਲੀ ਪਾਇੰਦਾ। ਤੂੰ ਸਾਡੀਆਂ ਪੁੱਛਾਂ ਰਿਹਾ ਪੁੱਛ, ਮੈਂ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੱਤਰ ਭਗਤਾਂ ਆਪ ਜਗਾਇੰਦਾ। ਆਓ ਸੁਣੋ ਮੇਰੇ ਸੁਤ, ਸੁਤਿਆਂ ਰੈਣ ਵਿਹਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਚਿਤਵਿਤ ਠਗੌਰੀ ਨਾ ਕੋਈ ਰਖਾਈਆ। ਛੱਬੀ ਪੋਹ ਸੁਹਾਈ ਰੁੱਤ, ਖ਼ਿਜ਼ਾਂ ਵਿਚ ਫੁਲਵਾੜ ਲਗਾਈਆ। ਸਚਖੰਡ ਦਾ ਬੂਟਾ ਲਾਇਆ ਸਿਤ, ਏਥੇ ਓਥੇ ਦਏ ਸੁਹਾਈਆ। ਅੰਮ੍ਰਿਤ ਸੋਮਾ ਗਿਆ ਫੁਟ, ਏਕਾ ਦਰ ਵਹਾਈਆ। ਬਿਨ ਹੱਥਾਂ ਬਾਹਾਂ ਲਓ ਲੁੱਟ, ਭੁੱਲੀ ਸਰਬ ਲੋਕਾਈਆ । ਆਵਣ ਜਾਵਣ ਜਾਏ ਛੁੱਟ, ਰਾਏ ਧਰਮ ਨਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਮੇਲੇ ਸੱਚਾ ਮਾਹੀਆ। ਮੇਲਣਹਾਰਾ ਆ ਗਿਆ, ਕਰ ਕਿਰਪਾ ਗੁਣ ਨਿਧਾਨ। ਜਨ ਭਗਤਾਂ ਰੰਗ ਰੰਗਾ ਲਿਆ, ਰੰਗ ਰੰਗੀਲਾ ਇਕ ਮਹਾਨ। ਸਾਚਾ ਮੰਦਰ ਆਪ ਸੁਹਾ ਲਿਆ, ਸੇਵਾ ਕਰ ਸ੍ਰੀ ਭਗਵਾਨ। ਤਿੰਨਾਂ ਲੋਕਾਂ ਪੰਧ ਮੁਕਾ ਲਿਆ, ਚੌਥੇ ਘਰ ਕਰੇ ਪਰਵਾਨ। ਚੌਥੇ ਪਦ ਆਪ ਬਹਾ ਲਿਆ, ਦਰ ਦਵਾਰਾ ਖੋਲ੍ਹ ਮਹਾਨ। ਦੀਪਕ ਦੀਆ ਇਕ ਜਗਾ ਲਿਆ, ਜੋਤੀ ਜੋਤ ਨੂਰ ਭਗਵਾਨ। ਕਮਲਾਪਾਤੀ ਦਰਸ ਦਿਖਾ ਲਿਆ, ਬਹੁਭਾਤੀ ਹੋ ਪਰਧਾਨ। ਏਕਾ ਮੰਤਰ ਨਾਮ ਪੜ੍ਹਾ ਲਿਆ, ਦੂਜਾ ਦੇਵੇ ਨਾ ਕੋਈ ਗਿਆਨ । ਚਾਰ ਵਰਨਾਂ ਪੰਧ ਮੁਕਾ ਲਿਆ, ਚਾਰੇ ਵੇਦ ਹੋਏ ਹੈਰਾਨ। ਅਠਾਰਾਂ ਬਰਨਾਂ ਖ਼ਾਕ ਮਿਲਾ ਲਿਆ, ਅਠਾਰਾਂ ਪੁਰਾਨ ਮੁਖ ਛੁਪਾਨ। ਚਾਰ ਜੁਗ ਢੇਰੀ ਢਾਹ ਲਿਆ, ਚਾਰੇ ਖਾਣੀ ਮੰਗੀ ਆਣ। ਚਾਰੇ ਬਾਣੀ ਆਪ ਸਮਾ ਲਿਆ, ਰਸਨਾ ਬੋਲ ਜ਼ਬਾਨ। ਸੋਹੰ ਢੋਲਾ ਆਪੇ ਗਾ ਲਿਆ, ਭਗਵਨ ਮਿਲਿਆ ਭਗਤਾਂ ਆਣ। ਜਗਤ ਵਿਚੋਲਾ ਵੇਸ ਵਟਾ ਲਿਆ, ਗੁਰ ਗੋਬਿੰਦ ਲੇਖ ਮਹਾਨ। ਨਾਨਕ ਤੋਲਾ ਤੋਲਣ ਆ ਗਿਆ, ਫੜ ਖੰਡਾ ਵਡ ਬਲਵਾਨ। ਗੁਰਮੁਖਾਂ ਉਹਲਾ ਆਪ ਮੁਕਾ ਲਿਆ, ਨੈਣੀ ਦੇਵੇ ਦਰਸ ਮਹਾਨ। ਸੀਸ ਤਾਜ ਆਪ ਲਗਾ ਲਿਆ, ਸ਼ਾਹ ਪਾਤਸ਼ਾਹ ਰਾਜ ਰਾਜਾਨ। ਨੌਂ ਖੰਡ ਏਕਾ ਡੰਕ ਵਜਾ ਲਿਆ, ਡੰਕਾ ਵੱਜੇ ਮਹਾਨ। ਸੱਤਾਂ ਦੀਪਾਂ ਫੇਰਾ ਪਾ ਲਿਆ, ਸ਼ਾਹ ਅਸਵਾਰਾ ਨੌਂਜਵਾਨ। ਏਕਾ ਖੰਡਾ ਸਚ ਚਮਕਾ ਲਿਆ, ਚੰਡੀ ਚਮਕੇ ਇਕ ਮਹਾਨ। ਜਗਤ ਪਖੰਡੀ ਇਕ ਮੁਕਾ ਲਿਆ, ਬ੍ਰਹਿਮੰਡੀ ਦਏ ਗਿਆਨ। ਬਹੱਤਰ ਭਗਤਾਂ ਗੋਦ ਬਹਾ ਲਿਆ, ਵੇਖੋ ਕੀ ਖੇਲ ਕਰੇ ਭਗਵਾਨ। ਸਭ ਦੀ ਅੱਖੀਂ ਘਟਾ ਪਾ ਲਿਆ, ਭੁੱਲੀ ਲੋਕਾਈ ਜਗਤ ਸ਼ਾਹ ਸੁਲਤਾਨ। ਨਜ਼ਰ ਕਿਸੇ ਨਾ ਆ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਬਹਾਲ। ਬਹੱਤਰ ਭਗਤ ਕਹਿਣ ਛੋਟੇ ਬਾਲੇ, ਨਿੱਕੀ ਨਿੱਕੀ ਗੁਫ਼ਤਾਰ ਸੁਣਾਈਆ। ਤੂੰ ਸਾਹਿਬ ਸਦਾ ਪ੍ਰਿਤਪਾਲੇ, ਤੇਰੇ ਹੱਥ ਵਡ ਵਡਿਆਈਆ। ਕਲਜੁਗ ਅੰਤਮ ਦੱਸੇ ਰਾਹ ਸੁਖਾਲੇ, ਏਕਾ ਮਾਰਗ ਲਾਈਆ। ਤੇਰੇ ਪਿਆਰ ਨਾਲ ਹੋਏ ਬੇਹਾਲੇ, ਚਾਰੋਂ ਕੁੰਟ ਪਈ ਦੁਹਾਈਆ। ਕੋਈ ਕਹੇ ਕਾਲ ਮਹਾਂਕਾਲ ਕਰੇ ਰਖਵਾਲੇ, ਕੋਈ ਕਹੇ ਕਾਇਆ ਮੰਦਰ ਅੰਦਰ ਵੇਖ ਵਖਾਈਆ। ਕੋਈ ਕਹੇ ਲੋਕਮਾਤ ਨਿਭੇ ਨਾਲੇ, ਸਾਚੇ ਮਾਰਗ ਪਾਈਆ। ਬਹੱਤਰ ਭਗਤ ਕਹਿਣ ਸਾਡਾ ਸਾਹਿਬ ਏਥੇ ਓਥੇ ਵਸੇ ਸਦ ਨਾਲੇ, ਵਿਛੜ ਕਦੇ ਨਾ ਜਾਈਆ। ਮੇਲ ਮਿਲਾਇਆ ਨਾਲ ਸਿੰਘ ਪਾਲੇ, ਹਰਿ ਜੂ ਪਾਲਕੀ ਵਿਚ ਬਿਠਾਈਆ। ਕਰਿਆ ਖੇਲ ਇਕ ਨਿਰਾਲੇ, ਨਿਰਾਕਾਰ ਧਾਰ ਚਲਾਈਆ। ਹਰਿ ਗੋਬਿੰਦ ਬਣਿਆ ਪੁਰਖ ਅਕਾਲੇ, ਅਕਾਲ ਪੁਰਖ ਗਿਆ ਆਈਆ। ਅੰਤਮ ਸਭ ਦੇ ਕੱਢੇ ਦੀਵਾਲੇ, ਅੰਤਮ ਆਪਣੀ ਹੱਥੀਂ ਲੇਖਾ ਲਿਖਾਈਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲੇ, ਆਪਣੀ ਛਾਤੀ ਉਪਰ ਟਿਕਾਈਆ। ਕਰੇ ਖੇਲ ਪ੍ਰਭ ਨਿਰਾਲੇ, ਬੇਅੰਤ ਬੇਪਰਵਾਹੀਆ। ਜਗੇ ਜੋਤ ਅਗੰਨਤ ਲਿਲਾਟ ਜਵਾਲੇ, ਜੋਤੀ ਜੋਤ ਨਾਲ ਮਿਲਾਈਆ। ਮਾਣ ਰਹੇ ਨਾ ਕਿਸੇ ਧਰਮਸਾਲੇ, ਗੁਰਦੁਆਰਾ ਨਾ ਕੋਈ ਵਖਾਈਆ। ਮੰਦਰ ਮਸਜਿਦ ਹੋਏ ਬੇਹਾਲੇ, ਮੱਠ ਬੈਠੇ ਮੁਖ ਭੁਆਈਆ। ਅੰਤ ਨਿਭੇ ਨਾ ਕਿਸੇ ਨਾਲੇ, ਚਰਨ ਪ੍ਰੀਤੀ ਦਏ ਤੁੜਾਈਆ। ਹਰਿਜਨ ਹਰਿ ਪੂਰਨ ਭਾਲੇ, ਜਗਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਬਹੱਤਰ ਭਗਤਾਂ ਮਾਰਿਆ ਤਾਹਨਾ, ਤੈਨੂੰ ਦਰਦੀ ਦਰਦ ਨਾ ਆਇੰਦਾ। ਤੂੰ ਦੇਵੇਂ ਵਡਿਆਈ ਦੋ ਜਹਾਨ ਰਾਣਾ, ਬਣ ਬਣ ਖੇਲ ਖਿਲਾਇੰਦਾ। ਕਦੀ ਰਾਮ ਭਗਵਾਨਾ, ਕਦੇ ਕ੍ਰਿਸ਼ਨ ਵੇਸ ਵਟਾਇੰਦਾ। ਕਦੇ ਵੇਦ ਵਿਆਸ ਗਾਏ ਗਾਣਾ, ਕਦੇ ਲਿਖ ਲਿਖ ਲਿਖ ਹੁਕਮ ਜਣਾਇੰਦਾ। ਕਦੇ ਈਸਾ ਮੂਸਾ ਖੇਲ ਮਹਾਨਾ, ਨੂਰ ਨੁਰਾਨਾ ਡਗਮਗਾਇੰਦਾ । ਕਦੀ ਮੁਹੰਮਦ ਦਏ ਪੈਗ਼ਾਮਾ, ਆਪਣਾ ਹੁਕਮ ਜਣਾਇੰਦਾ। ਕਦੇ ਨਕਾਬਪੋਸ਼ ਬਣਿਆ ਰਿਹਾ ਦੋ ਜਹਾਨਾਂ, ਸਭ ਦੇ ਉਤੇ ਦੋਸ਼ ਲਗਾਇੰਦਾ। ਕਦੇ ਅਹਿਬਾਬ ਰਬਾਬ ਵਜਾਏ ਤਰਾਨਾਂ, ਤਾਰ ਸਿਤਾਰ ਹਿਲਾਇੰਦਾ। ਕਦੇ ਗੋਬਿੰਦ ਕਹੇ ਮੇਰਾ ਪਿਤ ਸ੍ਰੀ ਭਗਵਾਨਾ, ਪੁਰਖ ਅਕਾਲ ਮਨਾਇੰਦਾ। ਗੁਰੂ ਗ੍ਰੰਥ ਬਣਾਇਆ ਵਿਧਾਨਾ, ਚਾਰੇ ਵੇਦ ਵੇਖ ਵਖਾਇੰਦਾ। ਅੰਤਮ ਭੁਲਿਆ ਸਰਬ ਜਹਾਨਾਂ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਸ਼ਬਦੀ ਰੰਗ ਨਾ ਕੋਈ ਵਖਾਨਾ, ਭਗਤੀ ਸਾਜ ਨਾ ਕੋਈ ਵਜਾਇੰਦਾ । ਨਜ਼ਰ ਨਾ ਆਏ ਸ੍ਰੀ ਭਗਵਾਨਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਭਗਤਾਂ ਆਪ ਮਿਲਾਇੰਦਾ। ਆਓ ਭਗਤੋ ਕਰੀਏ ਮੇਲਾ, ਮਿਲਣੀ ਕਰੇ ਰਘੁਰਾਈਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਗਿਆ ਸਮਝਾਈਆ। ਕਲਜੁਗ ਅੰਤਮ ਆਇਆ ਵੇਲਾ, ਭਗਤ ਦੁਆਰੇ ਦਏ ਵਡਿਆਈਆ। ਸਾਹਿਬ ਮਿਲਿਆ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਇਕ ਰਘੁਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਸਦਾ ਰਿਹਾ ਧਾਮ ਨਵੇਲਾ, ਅਨਡਿਠੜੇ ਧਾਮ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਸੰਗ ਮਿਲਾਈਆ। ਬਹੱਤਰ ਭਗਤ ਗਏ ਆ, ਅੰਤਮ ਮੇਲ ਮਿਲਾਇਆ। ਤੂੰ ਪਰਮਾਤਮ ਵੇਖਿਆ ਸਾਡਾ ਥਾਂ, ਸਾਚਾ ਬੰਕ ਬਣਾਇਆ। ਤੇਰਾ ਨਾਤਾ ਦੋ ਜਹਾਂ, ਨਾ ਕੋਇ ਤੋੜੇ ਤੋੜ ਤੁੜਾਇਆ। ਪੂਰਬ ਜਨਮ ਦੇ ਬਖ਼ਸ਼ ਗੁਨਾਹ, ਆਪਣੀ ਰਹਿਮਤ ਆਪ ਕਮਾਇਆ। ਸਚ ਦਰਬਾਰ ਆਪਣਾ ਲਗਾ, ਮੇਰੇ ਸ਼ਹਿਨਸ਼ਾਹ ਸ਼ਹਿਨਸ਼ਾਹਿਆ। ਏਕਾ ਅਹੂਤੀ ਕਰੀਏ ਸੀਸ ਝੁਕਾ, ਨੇਤਰ ਨੈਣਾਂ ਨੀਰ ਵਹਾਇਆ। ਨਾਨਕ ਨਿਰਗੁਣ ਗਿਆ ਸਮਝਾ, ਏਕਾ ਅੱਖਰ ਪੜ੍ਹਾਇਆ। ਨਿਹਕਲੰਕ ਜਾਵੇ ਆ, ਲੋਕਮਾਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਨਿਹਕਲੰਕ ਕਲ ਅੰਤਮ ਆਣਾ, ਅੰਤ ਮਿਲੇ ਵਡਿਆਈਆ। ਸੱਤਰ ਭਗਤ ਜਿਸ ਉਪਜਾਣਾ, ਚੌਦਾਂ ਗੁਰ ਗੁਰ ਵੇਖ ਵਖਾਈਆ। ਚੌਦਾਂ ਲੋਕ ਜਿਸ ਡੇਰਾ ਢਾਹਣਾ, ਚੌਦਾਂ ਤਬਕ ਕਰੇ ਸਫਾਈਆ। ਕਲਮਾ ਕਲਾਮ ਇਕ ਪੜ੍ਹਾਣਾ, ਏਕਾ ਨਾਮ ਜਣਾਈਆ। ਸਚ ਮਕਾਨ ਸਚ ਵਖਾਣਾ, ਚਾਰ ਵਰਨ ਸ਼ਰਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਿਸ ਦਰ ਬਹਾਣਾ, ਬਖ਼ਸ਼ੇ ਚਰਨ ਸੱਚੀ ਸ਼ਰਨਾਈਆ। ਦੋ ਜਹਾਨਾਂ ਜਿਸ ਰਾਜ ਕਮਾਣਾ, ਨਿਰਗੁਣ ਨਾਮ ਅਖਵਾਈਆ। ਸਾਚੇ ਭਗਤਾਂ ਆਪ ਜਗਾਣਾ, ਦੂਈ ਦਵੈਤੀ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੀਰ ਵੀਰਾਂ ਨਾਲ ਮਿਲਾਈਆ। ਸੱਤਰ ਸਿਖ ਸਾਡੇ ਭਾਈ, ਵਿਛੜੇ ਕਲਜੁਗ ਮਾਤ। ਵੇਲੇ ਅੰਤ ਕੰਤ ਮਿਲਾਈ, ਦੇਵੇ ਨਾਮ ਦਾਤ। ਤੇਰੇ ਨਾਲ ਹੋਏ ਕੁੜਮਾਈ, ਵੱਜੇ ਸਾਚਾ ਨਾਦ। ਏਕਾ ਘਰ ਵਸੇ ਧੀ ਜਵਾਈ, ਸੋਹਰੇ ਪੇਈਏ ਖੇਲ ਤਮਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਗਾਏ ਤੇਰੀ ਗਾਥ। ਸੱਤਰ ਭਗਤ ਗੁਰਮੁਖ ਗੁਰ, ਗੁਰ ਸਤਿਗੁਰ ਆਪ ਵਡਿਆਈਆ। ਲੇਖਾ ਜਾਣੇ ਪੂਰਬ ਧੁਰ, ਧੁਰ ਮਸਤਕ ਵੇਖ ਵਖਾਈਆ। ਪੂਰਨ ਆਸ਼ਾ ਆਪੇ ਪੂਰ, ਪੂਰ ਰਿਹਾ ਸਭ ਠਾਈਆ। ਜੋ ਵਸਣਹਾਰਾ ਦੂਰ ਦੂਰ, ਨੇੜੇ ਹੋ ਹੋ ਦਰਸ ਦਿਖਾਈਆ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਨਾਲ ਬੰਧਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਜੋ ਹਰਿ ਮੰਤਰ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਆਪਣੀ ਵਾਗ ਫੜਾਈਆ। ਸੱਤਰਾਂ ਦੇਵੇ ਮਾਣ ਵਡਿਆਈ, ਹਰਿ ਵੱਡਾ ਵਡਿਆਇੰਦਾ। ਪੁਰਖ ਅਬਿਨਾਸ਼ੀ ਕਰੀ ਕੁੜਮਾਈ, ਕੁੜਮ ਕੁੜਮੇਟਾ ਨਜ਼ਰ ਕੋਈ ਨਾ ਆਇੰਦਾ। ਆਪਣੇ ਹੱਥੀਂ ਸਗਨ ਰਿਹਾ ਪਾਈ, ਮੌਲੀ ਤੰਦ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੱਤਰ ਸਿਖ ਸੁਣਨ ਲਾ ਕੰਨ, ਹਰਿ ਸਾਚਾ ਆਪ ਸੁਣਾਈਆ। ਇਕੋ ਹੁਕਮ ਲੈਣਾ ਮੰਨ, ਦੂਜੀ ਅਵਰ ਨਾ ਕੋਈ ਸ਼ਰਨਾਈਆ। ਲੇਖੇ ਲੱਗਾ ਸਾਚਾ ਮਨ, ਤ੍ਰੈਗੁਣ ਮਾਇਆ ਨਾ ਦੇਵੇ ਸਜਾਈਆ। ਜੋ ਘੜਿਆ ਸੋ ਲੈਣਾ ਭੰਨ, ਥਿਰ ਕੋਇ ਨਜ਼ਰ ਨਾ ਆਈਆ। ਤਿਨ੍ਹਾਂ ਹਰਿ ਕੇ ਦੁਆਰੇ ਲਾਈ ਸੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸੱਤਰ ਸਿਖ ਉਠੋ ਬਲ ਧਾਰੋ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਮੇਰਾ ਭਾਰ ਅੰਤ ਉਤਾਰੋ, ਮੈਂ ਹੋਈ ਜਗਤ ਸ਼ੁਦਾਈਆ। ਮੇਰਾ ਦੁਖੜਾ ਸਰਬ ਨਿਵਾਰੋ, ਖੁਲੜੇ ਕੇਸ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਰਚਾਈਆ। ਬਹੱਤਰ ਸਿਖੋ ਕਰੋ ਧਿਆਨ, ਮੈਂ ਬਾਲੀ ਕੂਕ ਸੁਣਾਈਆ। ਮੇਰਾ ਕਿਸੇ ਨਾ ਚੁਕਿਆ ਬਿਬਾਣ, ਮੇਰਾ ਭਾਰ ਨਾ ਕੋਈ ਵੰਡਾਇਆ । ਕਲਜੁਗ ਜੀਵ ਹੋਏ ਬੇਈਮਾਨ, ਸਾਚਾ ਸੰਗ ਨਾ ਕੋਈ ਨਿਭਾਇਆ। ਚਾਰੇ ਕੁੰਟ ਬੀਆਬਾਨ, ਸਾਚਾ ਬਾਗ ਨਾ ਕੋਈ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡੀ ਵਡਿਆਇਆ। ਸੱਤਰ ਭਗਤ ਕਹਿੰਦੇ ਬੋਲ, ਏਕਾ ਵਾਰ ਸੁਣਾਈਆ। ਧਰਤ ਮਾਤ ਕਿਉਂ ਰਹੀ ਅਨਭੋਲ, ਦੁਖੜਾ ਕਿਉਂ ਸੁਣਾਈਆ। ਹਰਿ ਜੂ ਆਇਆ ਤੇਰੇ ਕੋਲ, ਤੇਰਾ ਦਰਦ ਵੰਡਾਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਡੋਲੇ ਕੋਈ ਡੁਲਾਈਆ। ਸਚਖੰਡ ਦੁਆਰਾ ਰਿਹਾ ਖੋਲ੍ਹ, ਤੇਰੇ ਭਗਤਾਂ ਮਾਣ ਦਵਾਈਆ। ਤੂੰ ਵੀ ਛਕਣੀ ਆ ਕੇ ਪਾਹੁਲ, ਧੂੜੀ ਰਸਨਾ ਟਿੱਕਾ ਲਾਈਆ। ਤੇਰੇ ਅੰਦਰ ਜਾਏ ਮੌਲ, ਮੌਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਵਰਤਾਈਆ। ਧਰਨੀ ਅੱਗੋਂ ਪਈ ਰੋ, ਰੋ ਰੋ ਹਾਲ ਸੁਣਾਇਆ। ਮੈਂ ਆਪਣੀ ਮੀਂਡੀ ਲਈ ਖੋਹ, ਸੀਸ ਨਾ ਕੋਇ ਗੁੰਦਾਇਆ। ਚਾਰ ਕੁੰਟ ਆਪਣੀ ਰੱਤ ਲਈ ਚੋ, ਸਾਚਾ ਰੰਗ ਨਾ ਕੋਈ ਚੜ੍ਹਾਇਆ। ਗੁਰ ਅਵਤਾਰ ਦੱਬਿਆ ਆਪਣੀ ਭੋਂ, ਆਪਣੇ ਵਿਚ ਛੁਪਾਇਆ । ਫਿਰ ਨਿਕਲ ਨਾ ਸਕੇ ਕੋ, ਜਿਸ ਉਤੇ ਪਰਦਾ ਪਾਇਆ। ਦੁਹਾਈ ਦੁਹਾਈ ਦੁਹਾਈ ਛੱਬੀ ਪੋਹ, ਧਰਤ ਮਾਤ ਰਹੀ ਕੁਰਲਾਇਆ। ਸਿੰਘ ਸ਼ੇਰ ਮੇਰਾ ਭਾਰ ਆਇਆ ਜੋਹ, ਆਪਣੀਆਂ ਭੁੱਜਾਂ ਬਲ ਰਖਾਇਆ। ਮੇਰੇ ਅੱਗੇ ਖਲੋਤਾ ਉਹ, ਜਿਸ ਦਾ ਭੇਵ ਕਿਸੇ ਨਾ ਪਾਇਆ। ਆਦਿ ਜੁਗਾਦਿ ਸਦਾ ਨਿਰਮੋਹ, ਪਿਆਰ ਕਿਸੇ ਨਾਲ ਨਾ ਵਧਾਇਆ। ਜੋ ਚਰਨ ਜਾਵੇ ਛੋਹ, ਤਿਸ ਬੇੜਾ ਪਾਰ ਕਰਾਇਆ। ਗੁਰ ਅਵਤਾਰ ਲੈ ਕੇ ਔਂਦੇ ਰਹੇ ਢੋਆ ਢੋ, ਲੋਕਮਾਤ ਵੇਸ ਵਟਾਇਆ। ਅੱਗੇ ਕਰੇ ਸੋਈ ਹੋ, ਵਸ ਚਲੇ ਨਾ ਕੋਈ ਚਤੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਧਰਨੀ ਕਹੇ ਮੈਂ ਦੱਸਾਂ ਹਾਲ, ਗੁਰਮੁਖਾਂ ਰਹੀ ਸੁਣਾਈਆ। ਮੈਂ ਦਰ ਤੇ ਡਿੱਗੀ ਆਣ, ਦਰ ਦਰਵੇਸ਼ ਪੱਲੂ ਗਲ ਵਿਚ ਪਾਈਆ। ਮੈਂ ਸੁਣਿਆ ਤੁਹਾਨੂੰ ਮਿਲਿਆ ਆਣ, ਨਿਰਗੁਣ ਆਪਣਾ ਰੂਪ ਵਟਾਈਆ। ਪਹਿਲੋਂ ਬਹੱਤਰਾਂ ਕਰੀ ਕਲਿਆਣ, ਬਹੱਤਰਾਂ ਸੱਤਰਾਂ ਸੱਤਰ ਮੰਗ ਮੰਗਾਈਆ। ਸਤੱਤਰ ਮੇਰੇ ਉਤੇ ਹੋ ਮਿਹਰਵਾਨ, ਮੇਰਾ ਦੁਖੜਾ ਦਿਓ ਗਵਾਈਆ। ਮੈਂ ਸੇਵਾ ਕਰਾਂ ਮਹਾਨ, ਬਣ ਸੇਵਕ ਸੇਵ ਕਮਾਈਆ। ਆਪਣੇ ਵਿਚ ਗੱਡਾਂ ਨਿਸ਼ਾਨ, ਉਪਰ ਦਿਆਂ ਝੁਲਾਈਆ। ਨਿਉਂ ਨਿਉਂ ਸੀਸ ਰਾਜ ਰਾਜਾਨ ਝੁਕਾਨ, ਚਾਰ ਜੁਗ ਮਿਲੇ ਵਡਿਆਈਆ । ਮੈਂ ਗਲ ਵਿਚ ਪੱਲੂ ਪਾ ਵਾਸਤਾ ਘੱਤਦੀ ਮੈਨੂੰ ਮੇਲੋ ਮੇਰਾ ਭਗਵਾਨ, ਛੱਡੀ ਸਰਬ ਲੋਕਾਈਆ। ਮੜ੍ਹੀ ਗੋਰ ਵੇਖਾਂ ਜੀਵ ਜਹਾਨ, ਉਤੇ ਬਹਿ ਬਹਿ ਖ਼ੁਸ਼ੀ ਮਨਾਈਆ । ਗੁਰਸਿਖ ਗੁਰਮੁਖ ਹਰਿ ਭਗਤ ਮੈਨੂੰ ਦਿਓ ਦਾਨ, ਤੁਹਾਡਾ ਪੁਰਖ ਚਤੁਰ ਸੁਜਾਨ, ਦੇਵੇ ਦਰ ਵਡੀ ਵਡਿਆਈਆ। ਚਾਰ ਜੁਗ ਦੇ ਵਿਛੜੇ ਮੇਲੇ ਆਣ, ਗੁਰ ਅਵਤਾਰਾਂ ਤੋਲਿਆ ਤੋਲ ਮਹਾਨ, ਲੋਕਮਾਤ ਬਣਾਏ ਫਿਰ ਵਿਧਾਨ, ਸਾਚੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਸੁਣ ਧਰਤੀ ਸਾਡੀ ਗੱਲ, ਗੁਰਮੁਖਾਂ ਆਖ ਸੁਣਾਇਆ। ਇਹ ਕਰਦਾ ਵਲ ਛਲ, ਹੱਥ ਕਿਸੇ ਨਾ ਆਇਆ। ਇਹਦਾ ਵਸੇ ਨਿਹਚਲ ਧਾਮ ਅਟੱਲ, ਸਚਖੰਡ ਡੇਰਾ ਲਾਇਆ। ਤੇਰੇ ਭਗਤਾਂ ਤੇਰਾ ਫਲ, ਸਾਚਾ ਬੂਟਾ ਰਿਹਾ ਲਗਾਇਆ। ਤੂੰ ਏਹਨਾਂ ਦੀ ਸਾਇਆ ਲੈਣੀ ਮਲ, ਤੇਰਾ ਦੁਖੜਾ ਦੇਣ ਗਵਾਇਆ। ਤੂੰ ਏਹਨਾਂ ਦੇ ਵਿਚ ਬਹਿਣਾ ਰਲ, ਤੇਰਾ ਨਾਤਾ ਲੈਣ ਜੁੜਾਇਆ। ਕਲਜੁਗ ਜਾਂਦਾ ਅੱਜ ਕੇ ਕਲ, ਪ੍ਰਭ ਦੇਵੇ ਧੱਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਸਾਲਾਹਿਆ। ਸਲਾਹਗੀਰ ਹੋਏ ਮਸਤਾਨਾ, ਮਸਤੀ ਏਕਾ ਨਾਮ ਰਖਾਈਆ। ਭਗਤਾਂ ਭਗਵੰਤ ਬੰਨੇ ਗਾਨਾ, ਸਾਚਾ ਸਗਨ ਮਨਾਈਆ । ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਰੂਪ ਵਟਾਈਆ। ਨਿਰਗੁਣ ਸਰਗੁਣ ਹੋ ਪਰਧਾਨਾ, ਸਰਗੁਣ ਲਏ ਮਿਲਾਈਆ। ਛੱਬੀ ਪੋਹ ਦਿਵਸ ਮਹਾਨਾ, ਸੱਤਰਾਂ ਦਏ ਮਾਣ ਵਡਿਆਈਆ। ਮੇਰਾ ਬਣਿਆ ਪਹਿਲੋਂ ਨਿਸ਼ਾਨਾ, ਜਗਤ ਜਗਦੀਸ਼ ਨੀਂਹ ਧਰਾਈਆ। ਭਗਤਾਂ ਕਰਿਆ ਫੇਰ ਪਰਵਾਨਾ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਦੀਨ ਦਿਆਲ ਦਇਆਨਿਧ ਠਾਕਰ, ਆਪਣੀ ਦਇਆ ਕਮਾਇੰਦਾ। ਸਰਗੁਣ ਰੂਪ ਸਹਿਜ ਸੁਖ ਸਾਗਰ, ਗੁਰ ਅੰਮ੍ਰਿਤ ਰੂਪ ਵਟਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਆਪ ਆਪਣੇ ਰੰਗ ਰੰਗਾਇੰਦਾ। ਨਾਮ ਵਣਜਾਰਾ ਬਣ ਸੁਦਾਗਰ, ਸਾਚਾ ਵਣਜ ਕਰਾਇੰਦਾ। ਦਰ ਆਇਆਂ ਘਰ ਦੇਵੇ ਆਦਰ, ਆਪਣੀ ਗੋਦ ਬਹਾਇੰਦਾ। ਲੇਖਾ ਜਾਣੇ ਤੇਗ ਬਹਾਦਰ, ਗੁਜ਼ਰੀ ਚੰਦ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਚਮਕਾਇੰਦਾ। ਗੁਜ਼ਰੀ ਚੰਦ ਤੇਰਾ ਚੰਦਨ ਚੰਦ, ਹਰਿ ਜੂ ਆਪ ਚਮਕਾਇਆ। ਕਰੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਵੇਖ ਵਖਾਇਆ। ਗੀਤ ਸੁਹਾਗੀ ਏਕਾ ਛੰਦ, ਦੋ ਜਹਾਨਾਂ ਰਿਹਾ ਜਣਾਇਆ। ਸੱਤਰਾਂ ਭਗਤਾਂ ਤੁਟੀ ਦਿਤੀ ਗੰਢ, ਤੁਟੀ ਗੰਢ ਵਿਖਾਈਆ। ਭਗਤਾਂ ਹੱਥ ਫੜਾਈ ਕਮੰਦ, ਚਿਲਾ ਆਪਣੇ ਹੱਥ ਰਖਾਇਆ। ਚਾਰ ਜੁਗ ਦੀ ਵੰਡੀ ਵੰਡ, ਚਾਰੇ ਚਾਰ ਵੇਖ ਵਖਾਇਆ। ਪੰਜੇ ਸ਼ਬਦ ਕੀਤੇ ਬੰਦ, ਸਾਧ ਸੰਤ ਕੋਇ ਸੁਣਨ ਨਾ ਪਾਇਆ। ਜੇ ਕੋਈ ਕਹੇ ਝੂਠੀ ਪਾਵੇ ਡੰਡ, ਹਰਿ ਨੇ ਸਭ ਦਾ ਮਾਣ ਗਵਾਇਆ। ਕੂੜੀ ਕਿਰਿਆ ਸਿਰ ਤੇ ਚੁੱਕੀ ਪੰਡ, ਰਾਏ ਧਰਮ ਦਏ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਗੁਜ਼ਰੀ ਚੰਦ ਵੇਖੋ ਲਾਲ, ਲਾਲਨ ਲਾਲਨ ਬਣ ਕੇ ਆਇਆ। ਜਿਸ ਦੇ ਨਾਲ ਪੁਰਖ ਅਕਾਲ, ਆਪਣਾ ਖੇਲ ਰਚਾਇਆ। ਗੁਰਮੁਖ ਉਠਾਏ ਆਪਣੇ ਬਾਲ, ਆਪਣੀ ਗੋਦ ਬਹਾਇਆ। ਆਪੇ ਕਰੇ ਹੱਲ ਸਵਾਲ, ਮਕਤਬ ਹੋਰ ਨਾ ਕੋਈ ਵਖਾਇਆ। ਗੁਰਸਿਖਾਂ ਪਿਛੇ ਘਾਲਨਾ ਘਾਲ, ਆਪਣਾ ਆਪ ਭੇਟ ਚੜ੍ਹਾਇਆ। ਫੇਰ ਬਣਿਆ ਮਾਤ ਦਲਾਲ, ਸ਼ਬਦੀ ਰੂਪ ਵਟਾਇਆ। ਵੇਖੋ ਖੇਲ ਕਰੇ ਕਮਾਲ, ਕਮਾਲਾ ਕਬੀਰ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਬਹੱਤਰ ਮਾਣ ਵਡਿਆਇਆ। ਸੱਤਰ ਬਹੱਤਰ ਫੁੱਲ ਫੁਲਵਾੜੀ, ਪਤ ਡਾਲੀ ਮਾਤ ਮਹਿਕਾਈਆ। ਪੁਰਖ ਅਬਿਨਾਸ਼ੀ ਲਾਈ ਕਿਆਰੀ, ਆਪਣੀ ਹੱਥੀਂ ਸੇਵ ਕਮਾਈਆ। ਜਗੀ ਜੋਤ ਇਕ ਨਿਰੰਕਾਰੀ, ਨਿਰਗੁਣ ਨਿਰਗੁਣ ਵੇਖ ਵਖਾਈਆ। ਮੰਦਰ ਬਣਿਆ ਉਚ ਅਟਾਰੀ, ਤਿੰਨਾਂ ਲੋਕਾਂ ਮਾਣ ਗਵਾਈਆ। ਆਪਣੇ ਸਿਰ ਤੇ ਚੁੱਕੀ ਤਿਗਾਰੀ, ਬਣ ਸੇਵਕ ਸੇਵ ਕਮਾਈਆ। ਕਰਿਆ ਖੇਲ ਇਕ ਵਿਹਾਰੀ, ਹਰਿ ਮੰਦਰ ਫੇਰਾ ਪਾਈਆ। ਭੁੱਲ ਗਿਆ ਨਰ ਨਾਰੀ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਗ਼ਰੀਬਾਂ ਨਾਲ ਲਾਈ ਯਾਰੀ, ਦੇਵੇ ਬਿਦਰ ਮਾਣ ਵਡਿਆਈਆ। ਪਹਿਲੋਂ ਸੱਦਿਆ ਵਡ ਵਡ ਸੰਸਾਰੀ, ਵਡ ਭੰਡਾਰੀ ਦਇਆ ਕਮਾਈਆ। ਮਾਂ ਜੰਮਿਆਂ ਛੋਟੀ ਜ਼ਾਤ ਘੁਮਿਆਰੀ, ਸਿੰਘ ਸੋਹਣ ਨਾਉਂ ਰਖਾਈਆ। ਕਲਜੁਗ ਅੰਤ ਮਿਲੀ ਸਰਦਾਰੀ, ਘਰ ਸਾਚੇ ਸੋਭਾ ਪਾਈਆ। ਸੱਤਰ ਸਿਖ ਉਠੋ ਬਣ ਬਲਕਾਰੀ, ਬਲ ਆਪਣਾ ਆਪ ਵਖਾਈਆ। ਪੰਜ ਮਿਸਤਰੀ ਕਰੋ ਤਿਆਰੀ, ਤੇਸੀ ਹਥੌੜੀ ਹੱਥ ਉਠਾਈਆ। ਜਗਤ ਮਹੱਲਾ ਢੌਣਾ ਆਪਣੀ ਵਾਰੀ, ਚਾਰੋਂ ਕੁੰਟ ਜੜ੍ਹ ਉਖੜਾਈਆ। ਸੱਤਰ ਇੱਟਾਂ ਲਾਹੋ ਗਾਓ ਸੋਹੰ ਜੈਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਸਾਚੇ ਮੰਦਰ ਇੱਟ ਦੇਣੀ ਉਖੇੜ, ਹਰਿ ਉਖੇੜਾ ਜਗਤ ਲਗਾਇੰਦਾ। ਇੱਟ ਇੱਟ ਨਾਲ ਇੱਟ ਦੇਣੀ ਭੇੜ, ਦੋ ਜਹਾਨਾਂ ਭੇੜ ਵਖਾਇੰਦਾ। ਲੋਆਂ ਪੁਰੀਆਂ ਛੇੜ ਦੇਣੀ ਛੇੜ, ਵੇਖੋ ਹਰਿ ਕੀ ਖੇਲ ਕਰਾਇੰਦਾ। ਸਤਰਵੀਂ ਇੱਟ ਉਤੋਂ ਦੇਣੀ ਰੇੜ, ਬ੍ਰਹਮਾ ਵਿਸ਼ਨ ਸ਼ਿਵ ਸ਼ਬਦੀ ਔਂਧ ਮੁਕਾਇੰਦਾ। ਲਹਿਣਾ ਦੇਣਾ ਦਏ ਨਿਬੇੜ, ਹਕ਼ੀਕ਼ਤ ਹੱਕ ਵੇਖ ਵਖਾਇੰਦਾ। ਇਕ ਇਕੱਲਾ ਸਿੰਘ ਸ਼ੇਰ ਹੋਇਆ ਦਲੇਰ, ਸ੍ਰਿਸ਼ਟ ਸਬਾਈ ਭੈ ਵਖਾਇੰਦਾ। ਸ਼ਾਹ ਪਾਤਸ਼ਾਹ ਕਰੋ ਨਾ ਡੇਰ, ਵੇਲਾ ਗਿਆ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸਿੱਖਾਂ ਉਪਰ ਆਪ ਚੜ੍ਹਾਇੰਦਾ। ਸਾਚੇ ਸਿੱਖ ਚੜ੍ਹ ਜਾਓ ਉਤੇ, ਹਰਿ ਜੂ ਆਪ ਸੁਣਾਇਆ। ਏਧਰ ਲਾਏ ਤੇ ਉਧਰੋਂ ਪੁੱਟੇ, ਭੇਵ ਕਿਸੇ ਨਾ ਪਾਇਆ। ਹਰਿ ਭਗਤ ਫੁਲਵਾੜੀ ਇਕੋ ਫੁੱਟੇ, ਲੋਕਮਾਤ ਮਾਤ ਮਹਿਕਾਇਆ। ਜੀਵ ਜੰਤ ਰਹਿ ਜਾਣ ਸੁੱਤੇ, ਸੁਤਿਆਂ ਰੈਣ ਵਿਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਰਤਾਇਆ। ਵੇਖੋ ਸਿਖਾਂ ਦਾ ਸੱਚਾ ਰਾਹ, ਹਰਿ ਜੂ ਆਪ ਚਲਾਇੰਦਾ। ਕਲਜੁਗ ਜੜ੍ਹ ਦਏ ਉਖੜਾ, ਚੌਥਾ ਜੁਗ ਅੰਤ ਕੁਰਲਾਇੰਦਾ। ਇੱਟ ਨਾਲ ਇੱਟ ਦਏ ਖੜਕਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਮਾਰਗ ਆਪੇ ਲਾਇੰਦਾ। ਅੱਗੇ ਮਾਰਗ ਹਰਿ ਜੂ ਲੌਣਾ, ਹਰਿ ਹਰਿ ਆਪ ਸੁਣਾਈਆ। ਸਾਤਾ ਚੌਕਾ ਮੇਲ ਮਿਲੌਣਾ, ਆਪਣਾ ਬੰਧਨ ਪਾਈਆ। ਪਹਿਲੀ ਚੇਤਰ ਦਿਵਸ ਸੁਹੌਣਾ, ਗੁਰ ਗੁਰ ਰੰਗ ਵਖਾਈਆ । ਪੁਰੀ ਅਨੰਦ ਆਪ ਸਮਝੌਣਾ, ਲਿਖ ਲਿਖ ਲੇਖ ਜਣਾਈਆ। ਆਓ ਜਾਓ ਜਿਸ ਨੇ ਦਰਸ਼ਨ ਪਾਉਣਾ, ਆਇਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਪਰਦਾ ਲਿਆ ਚੁੱਕ, ਗੁਰਸਿਖਾਂ ਦਏ ਵਡਿਆਈਆ। ਆਦਿ ਜੁਗਾਦਿ ਜੋ ਰਿਹਾ ਲੁਕ, ਅੰਤਮ ਨੂਰ ਕਰੇ ਰੁਸ਼ਨਾਈਆ। ਸਿੰਘ ਸ਼ੇਰ ਹੋ ਰਿਹਾ ਬੁੱਕ, ਆਪਣੀ ਭਬਕ ਵਿਖਾਈਆ। ਗੁਰਸਿਖ ਬਣਾਏ ਆਪਣੇ ਪੁੱਤ, ਆਪਣੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚੀ ਸੇਵਾ ਆਪ ਲਗਾਈਆ। ਸਾਚੀ ਸੇਵਾ ਹਰਿ ਨਰਾਇਣ, ਨਿਰਗੁਣ ਆਪ ਲਗਾਇੰਦਾ। ਧਰਨੀ ਪਾਵੇ ਝੂਠੇ ਵੈਣ, ਚਾਰੋਂ ਕੁੰਟ ਸਰਬ ਅਲਾਇੰਦਾ। ਗੁਰਮੁਖ ਮਿਲ ਅਕੱਠੇ ਬਹਿਣ, ਹਰਿ ਸੰਗਤ ਸੰਗ ਮਿਲਾਇੰਦਾ। ਲਾੜੀ ਮੌਤ ਨਾ ਖਾਏ ਡੈਣ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਨਾਤਾ ਜੁੜਿਆ ਭਾਈ ਭੈਣ, ਗੁਰਮੁਖ ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੁਆਰਾ ਆਪ ਸੁਹਾਇੰਦਾ। ਸਚ ਦੁਆਰਾ ਬਣਿਆ ਮੰਦਰ, ਹਰਿ ਜੂ ਆਸਣ ਲਾਈਆ। ਜੇ ਗੁਰਸਿਖ ਕਹਿਣ ਤੇ ਆਵਾਂ ਅੰਦਰ, ਨਹੀਂ ਤੇ ਉਤੇ ਬਹਿ ਬਹਿ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਮੰਗਾਈਆ। ਏਕਾ ਮੰਗ ਮੰਗੇ ਕਰਤਾਰ, ਆਪਣੀ ਖੇਲ ਕਰਾਇੰਦਾ। ਗੁਰਮੁਖ ਹੁਕਮ ਦੇਣਾ ਵਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਕਿਰਪਾ ਕਰੋ ਤੇ ਲੰਘਾਂ ਅੰਦਰ ਦੁਆਰ, ਬਿਨ ਭਗਤਾਂ ਸਾਰ ਕੋਇ ਨਾ ਪਾਇੰਦਾ। ਬਿਨਾਂ ਭਗਤਾਂ ਬਣਿਆਂ ਰਹਾਂ ਗਵਾਰ, ਮੂਰਖ ਮੁਗਧ ਅਖਵਾਇੰਦਾ। ਧੰਨ ਭਾਗ ਜੇ ਹੋਇਆ ਤੁਹਾਡਾ ਦੀਦਾਰ, ਕਰ ਦਰਸ ਖ਼ੁਸ਼ੀ ਮਨਾਇੰਦਾ। ਛੱਬੀ ਪੋਹ ਦਾ ਸਚ ਦਿਹਾੜ, ਹਰਿ ਸਾਜਨ ਆਪ ਸੁਹਾਇੰਦਾ। ਮਿਲ ਸੱਖੀਆਂ ਲੱਗਾ ਅਖਾੜ, ਵਾਹ ਵਾਹ ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਲੱਗੀ ਸੇਵਾ ਸਾਚੀ ਕਾਰ, ਅਕਾਲ ਪੁਰਖ ਆਪ ਲਗਾਈਆ। ਵੇਖੋ ਠੋਕਰ ਵੱਜਦੀ ਸੰਸਾਰ, ਸੂਰਬੀਰ ਆਪ ਲਗਾਈਆ। ਹੋਕੇ ਦੇਵੇ ਨਾਰੀ ਨਰ, ਕੂਕ ਕੂਕ ਸੁਣਾਈਆ। ਸਾਡੀ ਸੁਣੇ ਨਾ ਕੋਈ ਪੁਕਾਰ, ਸਾਧ ਸੰਤ ਰਹੇ ਕੁਰਲਾਈਆ। ਮੁਲਾਂ ਸ਼ੇਖ਼ ਮੁਸਾਇਕ ਵਾਜਾਂ ਰਹੇ ਮਾਰ, ਹੁਜਰੇ ਚੜ੍ਹ ਦੇਣ ਦੁਹਾਈਆ। ਇਕੋ ਪੈਂਦੀ ਦਿਸੇ ਮਾਰ, ਸਿਰ ਸਕੇ ਨਾ ਕੋਈ ਉਠਾਈਆ। ਚਾਰੋਂ ਕੁੰਟ ਤੂੰ ਹੀ ਤੂੰ ਰਹੇ ਪੁਕਾਰ, ਗੁਫ਼ਤ ਸ਼ਨੀਦ ਤੇਰੀ ਸ਼ਨਵਾਈਆ। ਐਹਬਾਬ ਰਬਾਬ ਵਜਾਏ ਸਤਾਰ, ਸਚ ਸਾਰੰਗਾ ਹੱਥ ਉਠਾਈਆ। ਨਾਨਕ ਨਿਰਗੁਣ ਗਾਇਆ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਜਨ ਭਗਤਾਂ ਲਏ ਉਠਾਲ, ਸਾਚੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਜੂ ਚੜ੍ਹਿਆ ਇਕੋ ਚਾਅ, ਚਾਉ ਘਨੇਰਾ ਰਿਹਾ ਵਖਾਈਆ। ਜਨ ਭਗਤਾਂ ਦਿਤੀ ਪਨਾਹ, ਦਰ ਦੁਆਰਾ ਇਕ ਖੁਲ੍ਹਾਈਆ। ਨਿੱਤ ਨਿੱਤ ਏਥੇ ਸਦਾ ਰਹਾਂ, ਵਿਛੜ ਕਦੇ ਨਾ ਜਾਈਆ। ਘਰ ਘਰ ਡੇਰਾ ਲਵਾਂ ਲਾ, ਸਿੰਘਾਸਣ ਆਸਣ ਸੋਭਾ ਪਾਈਆ। ਕਰਾਂ ਪਿਆਰ ਜਿਉਂ ਪੁਤਰਾਂ ਮਾਂ, ਬਾਲਕ ਗੋਦ ਵਡਿਆਈਆ। ਹੰਸ ਬਣਾਵਾਂ ਫੜ ਫੜ ਕਾਂ, ਕਾਗੋਂ ਹੰਸ ਉਡਾਈਆ। ਏਥੇ ਓਥੇ ਦੇਵਾਂ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਜਨ ਭਗਤਾਂ ਕੁੰਡਾ ਦਿਤਾ ਖੋਲ੍ਹ, ਆਪਣੀ ਖਿੜਕੀ ਆਪ ਖੁਲ੍ਹਾਇੰਦਾ। ਗ਼ਰੀਬ ਨਿਵਾਜ਼ ਅੰਦਰ ਵੜ ਵੜ ਵਜਾਏ ਢੋਲ, ਨਾਮ ਮਰਦੰਗਾ ਇਕ ਰਖਾਇੰਦਾ। ਕਰ ਕਿਰਪਾ ਜਾਏ ਮੌਲ, ਮੌਲਾ ਆਪਣਾ ਰੂਪ ਚੜ੍ਹਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਮੁਖ ਚੁਆਇੰਦਾ। ਦੇਵੇ ਵਡਿਆਈ ਉਪਰ ਧਵਲ, ਹੌਲਾ ਭਾਰ ਕਰਾਇੰਦਾ। ਵੇਖੋ ਜਿਨ੍ਹਾਂ ਨੂੰ ਲੋਕੀਂ ਕਰਦੇ ਰਹੇ ਮਖੌਲ, ਤਿਨ੍ਹਾਂ ਆਪਣੀ ਗੋਦ ਬਹਾਇੰਦਾ। ਬਿਨ ਖੰਡਿਉਂ ਦਿਤੀ ਪੌਹਲ, ਗੋਬਿੰਦ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੱਖ ਲੱਖ ਸ਼ੁਕਰ ਮਨਾਇੰਦਾ। ਲੱਖ ਲੱਖ ਗੁਰਸਿਖ ਤੇਰਾ ਕਰਾਂ ਸ਼ੁਕਰ, ਹਰਿ ਜੂ ਆਪ ਸੁਣਾਇੰਦਾ। ਐਸ ਵੇਲੇ ਜੇ ਜਾਉ ਮੁੱਕਰ, ਮੈਨੂੰ ਥਾਂ ਨਜ਼ਰ ਕੋਇ ਨਾ ਆਇੰਦਾ। ਗੋਬਿੰਦ ਬਣਾਇਆ ਤੁਹਾਨੂੰ ਪੁੱਤਰ, ਮੈਂ ਬਣ ਬਣ ਦਾਦਾ ਸੇਵ ਕਮਾਇੰਦਾ। ਬਿਨ ਮਾਤਾ ਗਰਭ ਤੋਂ ਉਤੋਂ ਆਇਆ ਉਤਰ, ਜੋ ਨਾਨਕ ਧਿਆਨ ਲਗਾਇੰਦਾ। ਆਪਣੇ ਹੱਥੀਂ ਫੜਿਆ ਸੂਤਰ, ਤੰਦੀ ਤੰਦ ਨਾਲ ਬੰਧਾਇੰਦਾ। ਚਾਰੋਂ ਕੁੰਟ ਵੇਖਿਆ ਉਤਰ, ਪੂਰਬ ਪੱਛਮ ਦੱਖਣ ਸਾਰੇ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਵਾਹ ਵਾਹ ਗੁਰਸਿਖ ਤੇਰੀ ਵਡਿਆਈ, ਤੇਰਾ ਜਸ ਵੇਦ ਪੁਰਾਨ ਕਹਿਣ ਨਾ ਜਾਇਆ। ਪੁਰਖ ਅਕਾਲ ਕਰੀ ਕੁੜਮਾਈ, ਘਰ ਸਾਚੇ ਰੰਗ ਚੜ੍ਹਾਇਆ। ਵੇਖਣ ਆਇਆ ਚਾਈਂ ਚਾਈਂ, ਨਿਰਗੁਣ ਆਪਣਾ ਰੂਪ ਧਰਾਇਆ। ਆਪ ਉਠਾਏ ਫੜ ਫੜ ਬਾਹੀਂ, ਬੇਪਰਵਾਹ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇਆ। ਗ਼ੈਰ ਹਾਜ਼ਰਾਂ ਪਿੱਛੇ ਹੋਇਆ ਆਪ ਹਾਜ਼ਰ, ਹਾਜ਼ਰੀ ਸਭ ਦੀ ਦਏ ਲਗਾਈਆ। ਆਪੇ ਬਣਿਆ ਪਿਸਰ ਪਿਦਰ ਮਾਦਰ, ਸਬਰ ਸਬੂਰੀ ਆਪ ਸਮਝਾਈਆ। ਕਰਤਾ ਕਰੀਮ ਬੇਐਬ ਕਾਦਰ, ਕੁਦਰਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਹਾਰ ਆਪਣੇ ਹੱਥ ਰਖਾਈਆ । ਹਾਜ਼ਰ ਹਜ਼ੂਰ ਹਰਿ ਦੁਵਾਰ, ਹਰਿ ਹਰਿ ਆਪ ਕਰਾਈਆ। ਗੁਰਮੁਖ ਸੁਰਤੀ ਖਿੱਚੇ ਕਰ ਪਿਆਰ, ਚਰਨ ਕਵਲ ਲਏ ਟਿਕਾਈਆ। ਦੂਰ ਦੁਰਾਡਿਆਂ ਦੁੱਖ ਨਿਵਾਰ, ਦੁੱਖ ਸੁਖ ਵਿਚ ਬਦਲਾਈਆ। ਗੁਰਸਿਖਾਂ ਪਿਛੇ ਕੱਟੇ ਆਪ ਵਗਾਰ, ਬਣ ਵਗਾਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੱਟ ਇੱਟ ਨਾਲ ਉਠਾਈਆ। ਇੱਟ ਨਾਲ ਚੁੱਕੇ ਇੱਟ, ਆਪਣੀ ਸੇਵ ਕਮਾਇੰਦਾ। ਚੇਤਨ ਰੂਪ ਰੱਖੇ ਚਿੱਤ, ਅਭੁਲ ਭੁੱਲ ਕਦੇ ਨਾ ਜਾਇੰਦਾ। ਨਿਹਕਰਮੀ ਕਰੇ ਸਾਚਾ ਹਿੱਤ, ਕਰਮ ਆਪਣਾ ਆਪ ਵਖਾਇੰਦਾ। ਕੋਈ ਨਾ ਜਾਣੇ ਡੂੰਘਾ ਭੇਤ, ਭੇਦ ਆਪਣਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੀ ਸੇਵ ਕਮਾਇੰਦਾ। ਸਾਚੀ ਸੇਵਾ ਕਰੇ ਕਰਨੇ ਯੋਗ, ਸੇਵਕ ਆਪਣੇ ਨਾਉਂ ਧਰਾਇੰਦਾ। ਲੋਕ ਪਰਲੋਕ ਰਹੇ ਵੇਖ, ਨੇਤਰ ਨੈਣ ਉਠਾਇੰਦਾ। ਪਹਿਲੋਂ ਬਣਾਇਆ ਆਪਣਾ ਕੋਟ, ਆਪਣੀ ਹੱਥੀਂ ਫੇਰ ਉਠਾਇੰਦਾ। ਭਗਤ ਦੁਆਰੇ ਧਰੇ ਜੋਤ, ਆਪਣਾ ਨੂਰ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਸਾਚੀ ਖੇਲ ਸ੍ਰੀ ਭਗਵਾਨ, ਆਪਣੀ ਆਪ ਕਰਾਈਆ। ਆਪਣਾ ਮਿਟਾਇਆ ਜਗਤ ਨਿਸ਼ਾਨ, ਤੇਰਾ ਭਗਤ ਨਿਸ਼ਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪਣਾ ਨਿਸ਼ਾਨਾ ਮੇਟਿਆ ਪੰਜ ਤੱਤ, ਮਿਟੀ ਖ਼ਾਕ ਮਿਲਾਈਆ। ਗੁਰਮੁਖਾਂ ਦਿਤੀ ਇਕੋ ਮਤ, ਏਕਾ ਕਰੇ ਪੜ੍ਹਾਈਆ। ਇਕੋ ਅਮਿਟ ਪੁਰਖ ਸਮਰਥ, ਹਰਿ ਸੱਚੀ ਸਚ ਸ਼ਰਨਾਈਆ। ਕਲਜੁਗ ਅੰਤਮ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਜੁਗ ਜੁਗ ਭਗਤਾਂ ਕਰਦਾ ਆਇਆ ਪੱਖ, ਨਿਰਵੈਰ ਦਇਆ ਕਮਾਈਆ। ਕਲਜੁਗ ਅੰਤਮ ਲਏ ਰੱਖ, ਸੱਤਰ ਬਹੱਤਰ ਕਰ ਕੁੜਮਾਈਆ। ਹਰਿ ਸੰਗਤ ਰੱਖੇ ਪੱਤ, ਬਚਿਆ ਕੋਇ ਰਹਿਣ ਨਾ ਪਾਈਆ। ਜੋ ਦਰਸ਼ਨ ਪਾਏ ਹੱਸ ਹੱਸ, ਹੱਸ ਹੱਸ ਗੋਦ ਬਹਾਈਆ। ਬਿਨ ਡੋਰੀਉਂ ਹੋਇਆ ਵਸ, ਜਨ ਭਗਤਾਂ ਅੰਦਰ ਗਿਆ ਸਮਾਈਆ। ਫਸਣਹਾਰਾ ਆਪੇ ਗਿਆ ਫਸ, ਆਪਣਾ ਫੰਦ ਨਾ ਕੋਈ ਵਛਾਈਆ। ਸਾਚੇ ਸੰਤਾਂ ਕਰ ਅਕੱਠ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਖੇੜਾ ਹੋਏ ਭੱਠ, ਭਗਤਾਂ ਦੁਆਰ ਵਸਾਈਆ। ਉਲਟੀ ਗੇੜੇ ਆਪੇ ਲੱਠ, ਜੁਗ ਚੌਕੜੀ ਆਪ ਭੁਵਾਈਆ। ਨਾਤਾ ਤੋੜ ਤੀਰਥ ਅਠਸਠ, ਘਰ ਸੱਚਾ ਇਕ ਵਖਾਈਆ। ਨਾ ਕੋਈ ਪੂਜਾ ਮਸਜਿਦ ਮੰਦਰ ਸ਼ਿਵਦੁਆਲਾ ਮੱਠ, ਸੀਸ ਅਵਰ ਨਾ ਕੋਈ ਝੁਕਾਈਆ। ਇਕੋ ਨਾਮ ਸੋਹੰ ਲੈਣਾ ਰਟ, ਦੂਜੀ ਹੋਰ ਨਾ ਕੋਈ ਪੜ੍ਹਾਈਆ। ਸਭ ਨੂੰ ਖਾਤੇ ਲਿਆ ਘੱਤ, ਡੂੰਘੇ ਖਾਤੇ ਲਏ ਪਾਈਆ। ਉਚੇ ਟਿੱਲੇ ਚੋਟੀ ਵੇਖੇ ਪਰਬਤ, ਸਮੁੰਦ ਸਾਗਰ ਫੋਲ ਫੁਲਾਈਆ। ਕਲਜੁਗ ਅੰਤਮ ਚੁੱਕੀ ਅਤ, ਮਨ ਮਤ ਨਾਲ ਰਲਾਈਆ। ਮੁਹੰਮਦ ਪਿੱਠ ਤੇ ਰੱਖੇ ਹੱਥ, ਆਪਣਾ ਬਲ ਰਿਹਾ ਜਣਾਈਆ। ਤੂੰ ਕਰਨਾ ਲੱਖੋਂ ਕੱਖ, ਕੱਖ ਖੇਹ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸੱਜਣ ਰੱਖੀ ਲਾਜ, ਇਕ ਜੈਕਾਰ ਲਾਇਆ। ਮੇਰਾ ਖੁਲ੍ਹਣ ਨਾ ਦਿਤਾ ਪਾਜ, ਉਪਰ ਮੇਰੇ ਪਰਦਾ ਪਾਇਆ। ਬਿਨ ਤੰਦੀਉਂ ਵੱਜੇ ਰਬਾਬ, ਕਾਇਆ ਕਿੰਗ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਵੇ ਖ਼ੁਸ਼ੀ ਮਨਾਇਆ। ਘਰ ਆਇਆ ਚੌਕੀਦਾਰ, ਚਾਰੇ ਜੁਗ ਨਾਲ ਲਿਆਈਆ। ਹੋਕਾ ਦੇਵੇ ਉਚੀ ਕੂਕ ਪੁਕਾਰ, ਚਾਰ ਕੁੰਟ ਸੁਣਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਮੇਰੇ ਸਿਖ ਮਿਲੇ ਵਡਿਆਈਆ। ਚਾਰੇ ਵੇਦ ਰੋਵੇ ਜ਼ਾਰੋ ਜ਼ਾਰ, ਤੇਰਾ ਹੁਕਮ ਨਾ ਮੰਨਿਆ ਜਾਈਆ। ਚਾਰ ਵਰਨ ਕਰਨ ਪੁਕਾਰ, ਹਾਹਾਕਾਰ ਸਰਬ ਲੋਕਾਈਆ। ਗੁਰਮੁਖ ਘਰ ਘਰ ਹੋਵੇ ਤਿਆਰ, ਚਲੋ ਮਿਲੀਏ ਸਾਚੇ ਮਾਹੀਆ। ਚਲ ਕੇ ਕਰੀਏ ਦਰਸ ਦੀਦਾਰ, ਤੇਰੇ ਨੈਣਾਂ ਨਾਲ ਨੈਣ ਮਿਲਾਈਆ। ਖ਼ੁਸ਼ੀਆਂ ਰਹਿ ਗਈਆਂ ਦਿਨ ਚਾਰ, ਅੰਤਮ ਸਭ ਨੂੰ ਹੋਏ ਜੁਦਾਈਆ। ਸਚਖੰਡ ਮਿਲੇ ਸਚ ਦੀ ਧਾਰ, ਜਿਥੇ ਵੱਜਦੀ ਰਹੇ ਵਧਾਈਆ। ਉਥੇ ਹਰਿ ਦਾ ਮੰਗਲਾਚਾਰ, ਰਾਮ ਕ੍ਰਿਸ਼ਨ ਨਾ ਕੋਈ ਪੜ੍ਹਾਈਆ। ਉਥੇ ਨਾਨਕ ਗੋਬਿੰਦ ਕਰੇ ਨਿਮਸਕਾਰ, ਬੈਠੇ ਸੀਸ ਝੁਕਾਈਆ। ਉਥੇ ਕੇਹੜਾ ਮੰਗੇ ਧੂੜੀ ਛਾਰ, ਮਸਤਕ ਟਿੱਕਾ ਲਾਈਆ। ਤਿਸ ਮਿਲੇ ਜਾ ਸਰਦਾਰ, ਜੋ ਸਾਹਿਬ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਰਿਹਾ ਪਾਈਆ। ਵੇਖੋ ਭਗਤੋ ਖੇਲ ਅਵੱਲਾ, ਹਰਿ ਜੂ ਆਪ ਕਰਾਇਆ। ਤੁਹਾਡੇ ਪਿੱਛੇ ਆਇਆ ਇਕ ਇਕੱਲਾ, ਨਿਰਗੁਣ ਵੇਸ ਵਟਾਇਆ। ਪਹਿਲੋਂ ਫੜਾਇਆ ਸ਼ਬਦੀ ਪੱਲਾ, ਫਿਰ ਜੋਤ ਕਰੇ ਰੁਸ਼ਨਾਇਆ। ਤੁਸਾਂ ਮਾਰਿਆ ਵੱਡਾ ਹੱਲਾ, ਏਕਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਇਆ। ਬਹੱਤਰ ਭਗਤ ਇਕ ਦੂਜੇ ਦੇ ਖੜੇ ਕੋਲ, ਕੰਨਾਂ ਨਾਲ ਕੰਨ ਮਿਲਾਈਆ। ਜੇ ਹੱਥ ਵੇਖੇ ਵਸਤ ਨਾ ਕੋਈ ਕੋਲ, ਪ੍ਰਭ ਕਿਹੜੀ ਗੱਲੇ ਰਿਹਾ ਮਨਾਈਆ। ਜੇ ਤੋਲ ਕੇ ਵੇਖੇ ਆਪਣਾ ਤੋਲ, ਸਾਚੀ ਵਸਤ ਨਜ਼ਰ ਨਾ ਆਈਆ। ਅਸੀਂ ਸੁੱਤੇ ਰਹੇ ਅਨਭੋਲ, ਭੋਲੀ ਮਤ ਰਖਾਈਆ। ਪੁਰਖ ਅਬਿਨਾਸ਼ੀ ਅੱਗੋਂ ਕਹੇ ਬੋਲ, ਏਕਾ ਸ਼ਬਦ ਜਣਾਈਆ। ਮੈਂ ਨਿਰਗੁਣ ਹੋਏ ਵਜਾਇਆ ਢੋਲ, ਤੁਹਾਡੇ ਤਨ ਰਬਾਬ ਵਖਾਈਆ। ਅੰਤਮ ਸਭ ਦਾ ਕੱਢਿਆ ਪੋਲ, ਆਪਣਾ ਪਰਦਾ ਦਿਤਾ ਮੁਕਾਈਆ। ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਹਿਸਾਬ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਣੀਆਂ ਲਾ ਕੇ ਲਿਆ ਮਿਣ, ਗੁਰਮੁਖ ਰੱਖਿਆ ਇਕ ਪੈਮਾਨਾ। ਤੇਰੇ ਤੁਲ ਨਾ ਕੋਈ ਤਨ, ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨਾ। ਕਰੇ ਖੇਲ ਸ੍ਰੀ ਭਗਵਾਨ, ਪਾਰਬ੍ਰਹਮ ਸ਼ਾਹ ਸੁਲਤਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨਾ। ਬਹੱਤਰ ਭਗਤ ਭਗਤ ਪਰਵਾਨ, ਹਰਿ ਸਾਚੇ ਮਾਣ ਰਖਾਇਆ। ਅੰਦਰ ਵੜ ਬਹੇ ਸ੍ਰੀ ਭਗਵਾਨ, ਘਰ ਘਰ ਵਿਚ ਡੇਰਾ ਲਾਇਆ। ਸੁਖਮਨ ਟੇਡੀ ਬੰਕ ਨੈਣ ਸ਼ਰਮਾਣ, ਈੜਾ ਪਿੰਗਲ ਰਹਿਣ ਨਾ ਪਾਇਆ। ਅੰਮ੍ਰਿਤ ਸਰੋਵਰ ਨਾ ਕੋਈ ਦੁਕਾਨ, ਜੋਤ ਨਿਰੰਜਣ ਨਾ ਕੋਈ ਰੁਸ਼ਨਾਇਆ। ਨਾਭ ਕਵਲ ਨਾ ਦੇਵੇ ਮਾਣ, ਝਿਰਨਾ ਨਿਝਰ ਨਿਝਰ ਝਿਰਾਇਆ। ਕਿਰਪਾ ਕਰੀ ਸ੍ਰੀ ਭਗਵਾਨ, ਏਕਾ ਵਾਰ ਮੇਲ ਮਿਲਾਇਆ। ਨਾ ਕੋਈ ਪੜ੍ਹੇ ਗੀਤਾ ਗਿਆਨ, ਖਾਣੀ ਬਾਣੀ ਨਾ ਕੋਈ ਵਡਿਆਇਆ। ਨਾ ਕੋਈ ਅੰਦਰ ਵੜ ਵੜ ਲਾਏ ਧਿਆਨ, ਇਸ਼ਟ ਦੇਵ ਨਾ ਕੋਈ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਾਨਾ ਦਿਤਾ ਮਾਣ ਉਠਾਇਆ। ਵੇਖੋ ਨਿਸ਼ਾਨ ਗਿਆ ਲੱਥ, ਸਾਢੇ ਤਿੰਨ ਤਿੰਨ ਹੱਥ ਚੜ੍ਹਾਇਆ। ਹਰਿ ਸੰਗਤ ਕਰਿਆ ਪ੍ਰਤੱਖ, ਗੁਰਮੁਖਾਂ ਦਏ ਵਡਿਆਇਆ। ਹਰਿਜਨ ਆਏ ਵਹੀਰਾਂ ਘੱਤ, ਦੂਰ ਦੁਰਾਡਾ ਪੰਧ ਮੁਕਾਇਆ। ਨਾਲ ਨਿਸ਼ਾਨਾ ਲਿਆਏ ਸਾਢੇ ਤਿੰਨ ਹੱਥ, ਉਪਰ ਉਪਰ ਲੇਖ ਲਿਖਾਇਆ। ਦੋ ਜਹਾਨਾਂ ਰੱਖੇ ਪੱਤ, ਲੋਕਮਾਤ ਆਪ ਝੁਲਾਇਆ। ਏਕਾ ਵਾਰ ਗੁਰਸਿਖਾਂ ਦੁਆਰਾ ਗਿਆ ਵਸ, ਪੁਰਖ ਅਬਿਨਾਸ਼ੀ ਆਪ ਵਸਾਇਆ। ਆਪ ਦੋਹਾਂ ਦੇ ਵਿਚ ਗਿਆ ਫਸ, ਨਿਕਲ ਕਿਤੇ ਨਾ ਜਾਇਆ। ਬਣ ਨਿਮਾਣਾ ਕਰੇ ਜਸ, ਜਨ ਭਗਤਾਂ ਢੋਲਾ ਗਾਇਆ। ਆਓ ਵੇਖੋ ਹੋਇਆ ਵਸ, ਬੇਮੁਹਾਣਾ ਬੇਪਰਵਾਹਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਸੁਣਾਇਆ। ਸੱਤਰ ਸਿੱਖ ਥੱਲੇ ਆਵਣਾ, ਇਕ ਇਕ ਨਾਲ ਡੋਰ ਬੰਧਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਨੇ ਗਾਵਨਾ, ਗੀਤ ਗੋਬਿੰਦ ਅਲਾਈਆ। ਪੂਰਬ ਜਨਮ ਦਾ ਲੇਖਾ ਝੋਲੀ ਪਾਵਣਾ, ਪ੍ਰਭ ਕਰਜਾ ਰਿਹਾ ਮੁਕਾਈਆ। ਜੇ ਕੋਈ ਹੋਵੇ ਹਰਜ ਤੇ ਦੱਸ ਵਖਾਵਨਾ, ਲਗਾਨ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੌੜੀ ਪੌੜੀ ਆਪ ਉਤਰਾਈਆ। ਪੌੜੀ ਪੌੜੀ ਵੇਖੋ ਵੰਡ, ਹਰਿ ਹਰਿ ਲੋਕਮਾਤ ਕਰਾਇਆ। ਅੰਤਮ ਔਣਾ ਨੀਚੇ ਕੰਡ, ਜਿਸ ਧਰਤ ਰਹੀ ਉਠਾਇਆ। ਜਿਸ ਦੇ ਉਤੇ ਵਸੇ ਬ੍ਰਹਿਮੰਡ, ਪਾਰਬ੍ਰਹਮ ਵੇਸ ਵਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸੱਤਰ ਇੱਟਾਂ ਉਤੇ ਦੇਣੀਆਂ ਰੱਖ, ਹਰਿ ਜੂ ਆਪ ਸੁਣਾਇੰਦਾ। ਕਰੇ ਖੇਲ ਪੁਰਖ ਸਮਰਥ, ਆਪਣੀ ਧਾਰ ਬੰਧਾਇੰਦਾ। ਆਪੇ ਦੇਵਣਹਾਰਾ ਵੱਥ, ਆਪੇ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਇੱਟਾਂ ਲਾਏ ਆਉ ਵਾਰੀ, ਬਾਰ ਬਾਰ ਆਪ ਜਣਾਇੰਦਾ। ਸਿੰਘ ਭਜਨ ਚੜ੍ਹੇ ਉਤੇ ਉਚ ਇਟਾਰੀ, ਹਰਿ ਜੂ ਸਾਚਾ ਆਪ ਚੜਾਇੰਦਾ। ਸੱਤਰ ਇੱਟਾਂ ਰੱਖੇ ਕਰ ਪ੍ਰੇਮ ਪਿਆਰੀ, ਪਿਆਰ ਪਿਆਰ ਨਾਲ ਠੁਕਰਾਇੰਦਾ। ਵੇਖੋ ਠੋਕਰ ਲਾਏ ਵਡ ਸੰਸਾਰੀ, ਏਕਾ ਧੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਾਲਾਹਿੰਦਾ। ਸੱਤਰ ਸਿੱਖ ਚੜ੍ਹਿਆ ਚੰਦ, ਬਹੱਤਰ ਕਰਨ ਰੁਸ਼ਨਾਈਆ। ਸਾਧ ਸੰਗਤ ਇਕੋ ਰੰਗ, ਹਰਿ ਜੂ ਆਪ ਰੰਗਾਈਆ । ਆਤਮ ਸੇਜਾ ਵੇਖ ਪਲੰਘ, ਬੈਠਾ ਆਸਣ ਲਾਈਆ। ਏਕਾ ਨਾਦ ਵਜਾਏ ਅਨਹਦ, ਤਾਰ ਸਿਤਾਰ ਨਾ ਕੋਈ ਹਿਲਾਈਆ। ਏਕਾ ਜਾਣੇ ਆਦਿ ਜੁਗਾਦਿ, ਜੁਗ ਜੁਗ ਵਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਕਾਢ, ਗੁਰਮੁਖ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਪੌੜੇ ਆਪ ਚੜ੍ਹਾਈਆ। ਸਾਚੇ ਪੌੜੇ ਗੁਰਮੁਖ ਚੜ੍ਹਨਾ, ਆਈ ਤੇਰੀ ਵਾਰ। ਸਚਖੰਡ ਦੁਆਰੇ ਅੰਤਮ ਵੜਨਾ, ਮਿਲਣਾ ਮੇਲ ਹਰਿ ਨਿਰੰਕਾਰ। ਤ੍ਰੈਗੁਣ ਮਾਇਆ ਕਦੇ ਨਾ ਸੜਨਾ, ਪੰਜ ਤੱਤ ਨਾ ਹੋਏ ਖਵਾਰ। ਅੱਧਵਿਚਕਾਰ ਕਦੇ ਨਾ ਅੜਨਾ, ਉਚਾ ਡੰਡਾ ਲਾਇਆ ਕਰਤਾਰ। ਸੋਹੰ ਅੱਖਰ ਇਕੋ ਪੜ੍ਹਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਪਾਰ। ਪੁਰਖ ਅਕਾਲ ਲੜ ਫੜਨਾ, ਬੇੜਾ ਕਰੇ ਪਾਰ। ਬਿਨ ਚੱਪੂ ਬਿਨ ਮਲਾਹ ਦਰ ਆਏ ਤਰਨਾ, ਦੇਵੇ ਇਕ ਸਹਾਰ। ਏਥੇ ਉਥੇ ਘਾੜਨ ਘੜਨਾ, ਬਣੇ ਆਪ ਠਠਿਆਰ। ਸਾਚੇ ਪਲੰਘ ਆਪੇ ਚੜ੍ਹਨਾ, ਕਰੇ ਖੇਲ ਹਰਿ ਕਰਤਾਰ। ਸੀਸ ਤਾਜ ਇਕੋ ਧਰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਸਚ ਵਿਹਾਰ। ਕਰੇ ਵਿਹਾਰ ਸਚ ਮਹੱਲਾ, ਮਹੱਲ ਮਿਲੇ ਵਡਿਆਈਆ। ਭਗਤਾਂ ਅੰਦਰ ਆਪੇ ਰਲਾ, ਆਪਣਾ ਮੂਲ ਦਏ ਮੁਕਾਈਆ। ਸਚ ਸੰਦੇਸ਼ਾ ਇਕੋ ਘੱਲਾ, ਏਕਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਲਏ ਤਰਾਈਆ। ਤਾਰਨਹਾਰਾ ਇਕੋ ਏਕ, ਏਕਾ ਪੁਰਖ ਅਖਵਾਇਆ। ਸਤਿਜੁਗ ਸਾਚੀ ਦੇਵੇ ਟੇਕ, ਸਾਚਾ ਬਿਰਦ ਧਰਾਇਆ। ਚਾਰ ਵਰਨ ਕਰੇ ਬਿਬੇਕ, ਏਕਾ ਅੱਖਰ ਪੜ੍ਹਾਇਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਸਾਂਤਕ ਸਤਿ ਸਤਿ ਵਰਤਾਇਆ। ਨਿਰਗੁਣ ਸਰਗੁਣ ਖੋਲ੍ਹੇ ਭੇਤ, ਆਪਣਾ ਪਰਦਾ ਦਏ ਮਿਟਾਇਆ। ਰੁੱਤ ਬਸੰਤੀ ਵੇਖੇ ਚੇਤ, ਫੁੱਲ ਫੁਲਵਾੜੀ ਆਪ ਮਹਿਕਾਇਆ। ਗੁਰਮੁਖਾਂ ਕਰੇ ਹੇਤ, ਸਾਤਾ ਚੌਕਾ ਵੰਡ ਵੰਡਾਇਆ। ਬਾਲਾ ਬਣ ਬਣ ਰਿਹਾ ਖੇਡ, ਰੂਪ ਅਨੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਤਾਰੇ ਹਰਿ, ਹਰਿ ਹਰਿ ਆਪ ਸੁਣਾਇੰਦਾ। ਵੇਸ ਧਰੇ ਹਰਿ ਨਰ ਨਰਾਇਣ ਅਛਲ ਅਛੱਲ, ਆਪੇ ਕਰ ਵਲ ਛਲ, ਆਪਣੀ ਖੇਲ ਕਰਾਇੰਦਾ। ਲੱਖ ਚੁਰਾਸੀ ਆਪੇ ਹਰ, ਹਾਰ ਜਿਤ ਨਾ ਕੋਈ ਜਣਾਇੰਦਾ। ਮਨਮੁਖ ਜੀਵ ਆਪਣਾ ਕੀਤਾ ਲੈਣ ਭਰ, ਅੱਗੇ ਹੋ ਨਾ ਕੋਈ ਛੁਡਾਇੰਦਾ। ਗੁਰਮੁਖ ਵਿਰਲਾ ਕੰਤ ਇਕੋ ਵਰ, ਜਿਸ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰੇ ਪਹਿਲੀ ਛੱਤ, ਛਤਰਧਾਰੀ ਆਪ ਪੁਵਾਈਆ। ਜਨ ਭਗਤਾਂ ਦੇਵੇ ਇਕੋ ਮਤ, ਏਕਾ ਵਾਰ ਦਰ ਵਖਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਨਾ ਕੋਇ ਜਣਾਈਆ। ਸਰਬ ਜੀਆਂ ਦਾ ਇਕੋ ਕਮਲਾਪਤ, ਏਕਾ ਏਕ ਰਘੁਰਾਈਆ। ਏਥੇ ਉਥੇ ਵਸੇ ਸਾਥ, ਡੁੱਬਦੇ ਲਏ ਤਰਾਈਆ। ਆਉ ਰਲ ਮਿਲ ਗਾਈਏ ਗਾਥ, ਸੋਹੰ ਕਰੀ ਪੜ੍ਹਾਈਆ। ਜਿਸ ਸੇਵਾ ਲਾਏ ਤ੍ਰਲੋਕੀ ਨਾਥ, ਸੋ ਸੇਵਾ ਰਿਹਾ ਕਮਾਈਆ। ਸਦਾ ਵਸੀਏ ਉਸ ਦੇ ਪਾਸ, ਜਿਸ ਦੀ ਵਡੀ ਸ਼ਹਿਨਸ਼ਾਹੀਆ। ਕਲਜੁਗ ਅੰਤ ਨਾ ਹੋਏ ਗੁਸਤਾਖ, ਗੁੱਸਾ ਕੰਮ ਕਿਸੇ ਨਾ ਆਈਆ। ਜਿਸ ਆਪਣੀ ਕੀਤੀ ਪਹਿਲੋਂ ਰਾਖ, ਸਾਡੀ ਰਾਖ ਲਏ ਧਰਾਈਆ। ਜਿਸ ਨੂੰ ਭਗਤ ਰਹੇ ਝਾਕ, ਸੋ ਸਾਨੂੰ ਝਾਕ ਰਿਹਾ ਮਾਹੀਆ। ਜਿਸ ਦਾ ਕਿਸੇ ਨਾ ਖੋਲ੍ਹਿਆ ਤਾਕ, ਸੋ ਸਾਡਾ ਤਾਕ ਰਿਹਾ ਖੁਲ੍ਹਾਈਆ। ਜਿਸ ਦਾ ਗੋਬਿੰਦ ਗਾਏ ਭਵਿਖਤ ਵਾਕ, ਪੁਰਖ ਅਕਾਲ ਮਨਾਈਆ। ਜਿਸ ਨੂੰ ਨਾਨਕ ਕਿਹਾ ਪਰਦਾ ਲਏ ਢਾਕ, ਢਾਕਨ ਕੋ ਪਤ ਇਕ ਅਖਵਾਈਆ। ਜਿਸ ਨੂੰ ਈਸਾ ਕਿਹਾ ਮੇਰਾ ਬਾਪ, ਸੋ ਆਇਆ ਨੂਰ ਇਲਾਹੀਆ। ਜਿਸ ਨੂੰ ਮੁਹੰਮਦ ਕਰਦਾ ਗਿਆ ਯਾਦ, ਆਪਣੀ ਯਾਦ ਤਾਜਾ ਦਏ ਕਰਾਈਆ। ਜਿਸ ਨੂੰ ਕਹਿੰਦੇ ਇਕੋ ਵਾਹਿਦ, ਗਾਡ ਇਕੋ ਨੂਰ ਅਲਾਹੀਆ। ਉਸ ਨੇ ਇਕੋ ਸ਼ਬਦ ਫਿਰਾਈ ਰਾਡ, ਚਾਰੋਂ ਕੁੰਟ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਉ ਸਿਖੋ ਵੇਖੋ ਰੰਗ, ਬੇਰੰਗਾ ਆਪ ਚੜ੍ਹਾਇੰਦਾ। ਆਉ ਵੇਖੋ ਕੱਟੋ ਭੁੱਖ ਨੰਗ, ਦੁੱਖ ਦਰਦ ਮਿਟਾਇੰਦਾ। ਆਉ ਵੇਖੋ ਵੱਜੇ ਮਰਦੰਗ, ਤਾਰ ਸਿਤਾਰ ਨਾ ਕੋਈ ਹਿਲਾਇੰਦਾ। ਆਉ ਬਿਨ ਖੰਡਿਉਂ ਕਰੇ ਖੰਡ, ਗੀਤ ਸੁਹਾਗੀ ਇਕ ਪੜ੍ਹਾਇੰਦਾ। ਵੇਖੋ ਲੱਖ ਚੁਰਾਸੀ ਕਰੇ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਗੁਰਸਿਖਾਂ ਅੰਦਰ ਸੁੱਟੇ ਕਮੰਦ, ਨਾਮ ਡੋਰੀ ਇਕ ਉਠਾਇੰਦਾ। ਕੱਟ ਕੇ ਆਇਆ ਹਰਿ ਜੂ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ । ਕੀ ਮਿਲਿਆ ਮੇਰਾ ਹੋਏ ਵਾਧਾ, ਹਰਿ ਜੂ ਆਖ ਸੁਣਾਇੰਦਾ। ਨਾ ਕੋਈ ਮੇਰਾ ਪਿਉ ਦਾਦਾ, ਮਾਤ ਪਿਤ ਨਾ ਕੋਈ ਬਣਾਇੰਦਾ। ਨਾ ਕੋਈ ਗੋਦ ਬਹਾ ਲਡਾਵੇ ਲਾਡਾ, ਸਿਰ ਹੱਥ ਨਾ ਕੋਈ ਟਿਕਾਇੰਦਾ। ਆਦਿ ਜੁਗਾਦਿ ਕਿਸੇ ਅੱਗੇ ਨਾ ਕਰਾਂ ਫਰਿਯਾਦਾ, ਆਪਣਾ ਹਾਲ ਨਾ ਕਿਸੇ ਸੁਣਾਇੰਦਾ। ਜਨ ਭਗਤਾਂ ਜੁਗ ਜੁਗ ਦੇਵਾਂ ਦਾਦਾਂ, ਬਣ ਰਹੀਮ ਰਹਿਮਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਨਾਇੰਦਾ। ਆਓ ਮੰਨੋ ਮੇਰੇ ਲਾਲ, ਲਾਲਨ ਆਪ ਮਨਾਈਆ। ਜੋਤ ਅਕਾਲਣ ਕਰੇ ਸਵਾਲ, ਏਕਾ ਗੁਣ ਸਮਝਾਈਆ। ਬਣ ਕੇ ਮਾਲਣ ਆਈ ਵਿਚ ਜਹਾਨ, ਸਿਰ ਖਾਰੀ ਆਪ ਉਠਾਈਆ। ਕੰਡਿਆਂ ਵਿਚੋਂ ਗੁਰਮੁਖ ਸਾਚੇ ਲਏ ਭਾਲ, ਲੱਖ ਚੁਰਾਸੀ ਵੇਖੇ ਚਾਈਂ ਚਾਈਂਆ। ਅੰਤਮ ਗੁੰਦਿਆ ਇਕੋ ਹਾਰ, ਸੂਈ ਤੰਦ ਨਾਲ ਮਿਲਾਈਆ। ਸੋਲਾਂ ਕਰੇ ਸਚ ਸ਼ਿੰਗਾਰ, ਏਕਾ ਤੰਦ ਚੜ੍ਹਾਈਆ। ਪਨ ਘਟ ਬਣ ਕੇ ਆਵਾਂ ਪਨਿਹਾਰ, ਬਣ ਗਵਾਲਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਰੰਗ ਰੰਗਾਈਆ। ਗੁਰਮੁਖ ਵੇਖੋ ਆਪਣਾ ਦੁਆਰ, ਹਰਿ ਸਤਿਗੁਰ ਆਪ ਬਣਾਇਆ। ਜੁਗ ਜੁਗ ਜੋ ਰਿਹਾ ਕੁਵਾਰ, ਕਲਜੁਗ ਅੰਤ ਗੁਰਸਿਖਾਂ ਲਿਆ ਪਰਨਾਇਆ। ਗੁਰ ਅਵਤਾਰਾਂ ਦੇਂਦਾ ਰਿਹਾ ਸਹਾਰ, ਤੁਹਾਡਾ ਸਹਾਰਾ ਰਿਹਾ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਛੁਪਾਇਆ। ਹਰਿਜਨ ਅੰਦਰ ਜਾਣਾ ਛੁਪ, ਹਰਿ ਆਪਣੀ ਖੇਲ ਵਖਾਈਆ। ਬਾਹਰੋਂ ਜੇ ਕੋਈ ਲਏ ਪੁੱਛ, ਕਿਸ ਰੰਗ ਵਸੇ ਸੱਚਾ ਮਾਹੀਆ। ਏਥੇ ਕੁਛ ਉਥੇ ਕੁਛ, ਕੋਈ ਕਹੇ ਪੂਰਨ ਕੋਈ ਕਹੇ ਗੋਬਿੰਦ ਪੁਰਖ ਅਕਾਲ ਹਰਿ ਹਰਿ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇੜਾ ਰਿਹਾ ਵਸਾਈਆ। ਗੁਰਸਿਖ ਤੇਰਾ ਖੇੜਾ ਸੁਫਲ, ਸੰਬਲ ਸੰਭਲ ਵਸਾਇਆ। ਬਿਨ ਨਸ਼ਿਉਂ ਆਇਆ ਅਮਲ, ਹਰਿ ਜੂ ਆਪਣਾ ਰੰਗ ਚੜ੍ਹਾਇਆ। ਤੂੰ ਚਲਣਾ ਏਥੇ ਸੰਭਲ, ਚਰਨ ਚਰਨਾਂ ਨਾਲ ਮਿਲਾਇਆ। ਗੁਰ ਕੇ ਬਚਨਾਂ ਉਤੇ ਕਰਨਾ ਅਮਲ, ਗੁਰ ਸਤਿਗੁਰ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਦਾ ਸਚ ਵਿਹਾਰ, ਕਰੇ ਕਰਾਏ ਕਰਨੇਹਾਰ, ਏਕਾ ਰਿਹਾ ਜਣਾਇਆ। ਸਚ ਵਿਹਾਰ ਸਤਿਗੁਰ ਸਿੱਖ, ਹਰਿ ਸਾਚਾ ਸਚ ਜਣਾਇੰਦਾ। ਵੇਖੋ ਗੁਰਦਾਸ ਲੇਖਾ ਰਿਹਾ ਲਿਖ, ਰਵਦਾਸ ਖ਼ੁਸ਼ੀ ਮਨਾਇੰਦਾ। ਜਨ ਭਗਤਾਂ ਵੰਡਿਆ ਹਿੱਸ, ਕਬੀਰ ਢੋਲਾ ਅਲਾਇੰਦਾ। ਜਿਸ ਨੂੰ ਕਹਿੰਦੇ ਰਹੇ ਅੱਖਰ ਨਿਸ਼, ਨਿਸ਼ਅੱਖਰ ਸੋ ਪ੍ਰਗਟਾਇੰਦਾ। ਜਿਹੜਾ ਕਿਸੇ ਨਾ ਪਿਆ ਦਿਸ, ਸੋ ਰੂਪ ਅਨੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦੁਆਰੇ ਬੰਦ ਕਰਾਇੰਦਾ। ਨੌਂ ਦੁਆਰੇ ਬੰਦ ਕਰਤਾਰ, ਹਰਿ ਕਰਤਾ ਆਪ ਕਰਾਈਆ। ਅੱਗੇ ਸਿੰਘਾਸਣ ਕਰ ਉਜਿਆਰ, ਪਿਛੇ ਡੇਰਾ ਲਾਈਆ। ਚਾਰ ਸਿੱਖ ਹੋਣ ਸੇਵਾਦਾਰ, ਚਾਰੋਂ ਕੁੰਟ ਸੇਵ ਕਮਾਈਆ। ਪੰਜਵਾਂ ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਅੱਠੇ ਦੁਆਰੇ ਕੋਈ ਨਾ ਜਾਏ ਬਾਹਰੋਂ ਅੰਦਰ ਬਣ ਗਵਾਰ, ਹੁਕਮੀ ਹੁਕਮ ਆਪ ਜਣਾਈਆ। ਜਿਸ ਨੇ ਕਰਨਾ ਦਰਸ ਦੀਦਾਰ, ਪਹਿਲਾ ਦੁਆਰਾ ਲਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਦੁਆਰੇ ਹਰਿਜਨ ਜਾਣਾ, ਹਰਿ ਕੇ ਦੁਆਰ। ਅੱਗੇ ਮਿਲੇ ਸ੍ਰੀ ਭਗਵਾਨਾ, ਸਾਚੇ ਤਖ਼ਤ ਸੱਚੀ ਸਰਕਾਰ। ਅੰਦਰੇ ਅੰਦਰ ਸੋਹੰ ਗਾਣਾ, ਨਾਮ ਸ਼ਬਦ ਜੈਕਾਰ। ਚਰਨ ਕਵਲ ਧਿਆਨ ਲਗਾਣਾ, ਨੇਤਰ ਨੈਣ ਖੁਮਾਰ। ਜਿਸ ਮਿਲੇ ਹੋ ਮਿਹਰਵਾਨਾ, ਬੁੱਢਾ ਨੱਢਾ ਨਾ ਕੋਈ ਵਿਚਾਰ। ਭੈਣ ਭਾਈ ਸੰਗ ਬਣਾਨਾ, ਨਾਤਾ ਜੋੜ ਸਰਬ ਸੰਸਾਰ। ਰਾਤੀਂ ਸੁਤਿਆਂ ਗਲੇ ਲਗਾਣਾ, ਆਪ ਆਪਣੀ ਕਿਰਪਾ ਧਾਰ। ਏਕਾ ਇਕ ਇਕ ਫ਼ਰਮਾਣਾ, ਇਕ ਸਚ ਗ਼ੁਫ਼ਤਾਰ। ਰਸਨਾ ਜਿਹਵਾ ਨਾ ਕੋਈ ਅਲਾਣਾ, ਬੱਤੀ ਦੰਦ ਨਾ ਕੋਈ ਵਿਹਾਰ। ਆਲਸ ਨਿੰਦਰਾ ਵਿਚ ਨਾ ਆਣਾ, ਜੂਠ ਝੂਠ ਨਾ ਕੋਇ ਅਧਾਰ। ਸਵਾ ਪਹਿਰ ਜਿਸ ਧਿਆਨ ਲਗਾਨਾ, ਸੋ ਬੇੜੇ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਪਾਰ ਕਿਨਾਰ। ਹਰਿ ਸੰਗਤ ਤੇਰਾ ਸਾਚਾ ਰਾਹ, ਇਕ ਇਕੇਲਾ ਆਪ ਲਗਾਈਆ। ਪੁਰਖ ਅਬਿਨਾਸ਼ੀ ਬਣ ਮਲਾਹ, ਕਰੇ ਖੇਲ ਬੇਪਰਵਾਹੀਆ। ਰਹਿਬਰ ਬਣ ਕੇ ਦਏ ਸੁਣਾ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਤ ਵਡਿਆਈਆ। ਪੰਜ ਮਿਸਤਰੀ ਹੋਏ ਇਕੱਠੇ, ਸੱਜੇ ਪਾਸੇ ਲਏ ਬਹਾਈਆ। ਅੰਤਮ ਪਾਵਣਾ ਏਕਾ ਖਤੇ, ਹਰਿ ਖਾਤਾ ਦਏ ਵੰਡਾਈਆ। ਜੋ ਮੇਰੀ ਲਾਜ ਰਹੇ ਰੱਖੇ, ਤਿਸ ਲੱਜਿਆ ਮਾਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਪੰਜ ਪਿਆਰੇ ਪੰਜ ਬਸਤਰ, ਏਕਾ ਰੰਗ ਵਖਾਈਆ। ਹਰਿ ਕਾ ਘੋੜਾ ਇਕੋ ਅਸਤਰ, ਅਸਵ ਆਪ ਦੁੜਾਈਆ। ਸ਼ਬਦ ਸਰੂਪੀ ਸਾਚਾ ਸਸ਼ਤਰ, ਤਨ ਗਾਤਰੇ ਆਪ ਲਟਕਾਈਆ। ਇਕੋ ਗੌਣਾ ਸੋਹੰ ਮੰਤਰ, ਏਕਾ ਕਰੇ ਪੜ੍ਹਾਈਆ। ਲੋਕਮਾਤ ਬਣਾਏ ਬਣਤਰ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬਹੱਤਰ ਭਗਤ ਖੱਬੇ ਪਾਸੇ, ਆਪਣਾ ਆਸਣ ਰਿਹਾ ਸਮਝਾਈਆ। ਆਪੇ ਕਰੇ ਖੇਲ ਤਮਾਸ਼ੇ, ਲੁਕਵੀਂ ਖੇਲ ਆਪ ਰਚਾਈਆ। ਆਵੇ ਜਾਵੇ ਪ੍ਰਿਥਮੀ ਆਕਾਸ਼ੇ, ਆਵਣ ਜਾਵਣ ਬਣਤ ਬਣਾਈਆ। ਮੰਡਲ ਮੰਡਪ ਪਾਵੇ ਰਾਸੇ, ਗੋਪੀ ਕਾਹਨ ਨਚਾਈਆ। ਗੁਰਮੁਖਾਂ ਕਹੇ ਸ਼ਾਬਾਸ਼ੇ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਮਨਮੁਖਾਂ ਵਕਤ ਗਵਾਇਆ ਹਾਸੇ, ਭੁੱਲੀ ਸਰਬ ਲੋਕਾਈਆ। ਏਧਰ ਓਧਰ ਵੇਖਣ ਆਸ ਪਾਸੇ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤਰ ਸਿਖ ਅੱਗੇ ਰੱਖ, ਅਗਲਾ ਬੰਧ ਜਣਾਇੰਦਾ। ਆਪੇ ਕਰੇ ਲੱਖੋਂ ਕੱਖ, ਕੱਖੋਂ ਲੱਖ ਆਪ ਬਣਾਇੰਦਾ। ਨਿਰਗੁਣ ਹੋ ਆਪ ਪ੍ਰਤੱਖ, ਜਨ ਭਗਤਾਂ ਦਰਸ ਦਿਖਾਇੰਦਾ। ਆਪਣੇ ਅੰਦਰ ਰੱਖੇ ਢਕ, ਅੰਤਮ ਪਰਦਾ ਲਾਹਿੰਦਾ। ਭਗਤ ਦੁਆਰਾ ਖੋਲ੍ਹ ਹੱਟ, ਪਹਿਲੀ ਵਾਰ ਪਹਿਲੋਂ ਨਾਮ ਆਪਣਾ ਆਪ ਵਰਤਾਇੰਦਾ । ਬਜ਼ਰ ਕਪਾਟੀ ਉਤੇ ਮਾਰੇ ਸੱਟ, ਠੋਕਰ ਏਕਾ ਏਕ ਵਖਾਇੰਦਾ। ਦੁਰਮਤ ਮੈਲ ਦੇਵੇ ਕੱਟ, ਸਾਂਤਕ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਇੰਦਾ। ਹਰਿ ਸੰਗਤ ਸੁਣ ਕਰ ਪ੍ਰੀਤ, ਪ੍ਰੀਤੀਵਾਨ ਆਪ ਸਮਝਾਈਆ। ਛੱਬੀ ਪੋਹ ਅਵੱਲੜੀ ਰੀਤ, ਹਰਿ ਜੂ ਆਪ ਚਲਾਈਆ । ਦਰ ਬੈਠਿਆਂ ਸਭ ਦੀ ਪਰਖੇ ਨੀਤ, ਭੁੱਲ ਕੋਈ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਗਤ ਪ੍ਰਸਾਦਿ ਅੰਮ੍ਰਿਤ ਰਸ, ਰਸ ਰਸੀਆ ਦਏ ਵਡਿਆਈਆ। ਹਰਿ ਕਾ ਪ੍ਰਸਾਦਿ ਜੋਤ ਪ੍ਰਕਾਸ਼, ਘਰ ਘਰ ਦਏ ਟਿਕਾਈਆ। ਕਰੇ ਖੇਲ ਹਰਿ ਸ਼ਾਹੋ ਸ਼ਾਬਾਸ਼, ਸਾਖ਼ਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਈਆ। ਹਰਿ ਸੰਗਤ ਹਰਿ ਪ੍ਰਸਾਦਿ ਹਰਿ ਕੀ ਭੇਟਾ, ਪ੍ਰੇਮ ਪਿਆਰ ਜਣਾਇੰਦਾ। ਹਰਿ ਕਾ ਪ੍ਰਸਾਦਿ ਗੁਰਮੁਖ ਖੇਵਟ ਖੇਟਾ, ਲੋਕਮਾਤ ਬੇੜਾ ਪਾਰ ਕਰਾਇੰਦਾ। ਏਕਾ ਘਰ ਵਸਣ ਪਿਤਾ ਪੂਤ ਪਿਤ ਬੇਟਾ, ਸਾਚਾ ਮੰਦਰ ਇਕ ਸੁਹਾਇੰਦਾ। ਜੁਗ ਚੌਕੜੀ ਨਾ ਭੁੱਲਾ ਚੇਤਾ, ਚੇਤਨ ਆਪਣੇ ਨਾਲ ਬੰਧਾਇੰਦਾ। ਸਾਢੇ ਤਿੰਨ ਹੱਥ ਰੱਖੀ ਵੇਂਤਾ, ਲੋਕਮਾਤ ਨੀਂਹ ਧਰਾਇੰਦਾ। ਕਲਜੁਗ ਅੰਤਮ ਦੱਸਣ ਆਇਆ ਭੇਤਾ, ਭੇਤ ਆਪਣਾ ਆਪ ਖੁਲ੍ਹਾਇੰਦਾ। ਜਿਸ ਨੂੰ ਕਬੀਰ ਇਕੋ ਦੇਖਾ, ਸੋ ਗੁਰਮੁਖਾਂ ਦਰਸ ਵਿਖਾਇੰਦਾ। ਆਦਿ ਜੁਗਾਦਿ ਜਾਣੇ ਲੇਖਾ, ਲਿਖ ਲਿਖ ਲੇਖ ਆਪ ਮੁਕਾਇੰਦਾ। ਕਿਸੇ ਹੱਥ ਨਾ ਆਵੇ ਧਾਰੀ ਕੇਸਾ, ਮੂੰਡ ਮੁੰਡਾਇਆ ਨਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜੋੜ ਆਪ ਜੁੜਾਇੰਦਾ। ਗੁਰਸਿਖ ਪ੍ਰਸਾਦਿ ਬ੍ਰਹਮ ਰੰਗ, ਰੰਗਣ ਰੰਗ ਵਿਖਾਈਆ। ਹਰਿ ਕਾ ਪ੍ਰਸਾਦਿ ਆਤਮ ਮੰਗ, ਪਰਮਾਨੰਦ ਦਏ ਜਣਾਈਆ। ਗੀਤ ਸੁਹਾਗੀ ਸਾਚਾ ਛੰਦ, ਅਨਹਦ ਨਾਦ ਸੁਣਾਈਆ। ਨਾਤਾ ਜੀਉ ਇੰਡ ਪਿੰਡ ਬ੍ਰਹਿਮੰਡ, ਏਕਾ ਘਰ ਮੇਲਾ ਰਿਹਾ ਮਿਲਾਈਆ। ਹਰਿ ਸੰਗਤ ਪ੍ਰਸਾਦਿ ਸਾਚੀ ਦਾਦ, ਹਰਿ ਦਾਤਾ ਵੇਖ ਵਿਖਾਇੰਦਾ। ਗੁਰ ਕਾ ਪ੍ਰਸਾਦਿ ਬੋਧ ਅਗਾਧ, ਅੱਖਰ ਵੱਖਰ ਆਪ ਪੜ੍ਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਨਿਵਣ ਸੁ ਅੱਖਰ ਇਕ ਸਮਝਾਇੰਦਾ । ਕਲਜੁਗ ਅੰਤਮ ਰੱਖੀ ਲਾਜ, ਹਰਿਜਨ ਆਪ ਜਗਾਇੰਦਾ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪਣੇ ਘਰ ਬਹਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਗੁਰ ਸਤਿਗੁਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਇਆ ਕਮਾਇੰਦਾ। ਸੰਗਤ ਪ੍ਰਸਾਦਿ ਹਰਿ ਕੀ ਸੇਵਾ, ਸੇਵਾ ਸਾਚੀ ਹਰਿ ਜਣਾਈਆ। ਗੁਰ ਪ੍ਰਸਾਦਿ ਅੰਮ੍ਰਿਤ ਮੇਵਾ, ਰਸ ਰਸਨਾ ਆਪ ਚਖਾਈਆ। ਆਦਿ ਨਿਰੰਜਣ ਅਲਖ ਅਭੇਵਾ, ਇਕੋ ਬੇਪਰਵਾਹੀਆ। ਕੌਸਤਕ ਮਣੀਆ ਲਾਵੇ ਥੇਵਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਗਾਏ ਗੀਤ ਬਿਨ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣੇ ਵਿਚੋਲਾ ਬੇਪਰਵਾਹੀਆ। ਹਰਿ ਸੰਗਤ ਪ੍ਰਸਾਦਿ ਸਚ ਸੱਚ, ਹਰਿ ਸਾਜਣ ਆਪ ਬਣਾਇੰਦਾ। ਹਰਿ ਕਾ ਪ੍ਰਸਾਦਿ ਏਕਾ ਘਰ, ਭੇਵ ਕੋਈ ਨਾ ਪਾਇੰਦਾ। ਗੁਰਮੁਖ ਵਿਰਲਾ ਮਹੱਲ ਅਟੱਲ, ਮਿਨਾਰ ਕੋਟ ਕਿਲਾ ਗੜ੍ਹ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਏਕਾ ਦਰ ਵਖਾਇੰਦਾ। ਗੁਰ ਪ੍ਰਸਾਦਿ ਖੁਲ੍ਹਿਆ ਦਰਵਾਜ਼ਾ, ਦਰ ਦਰਬਾਨ ਮਿਲੀ ਵਡਿਆਈਆ। ਇਕ ਭਿਖਾਰੀ ਇਕ ਰਾਜਾ, ਇਕ ਸ਼ਹਿਨਸ਼ਾਹ ਅਖਵਾਈਆ। ਇਕ ਦਰ ਦਰ ਘਰ ਘਰ ਫਿਰੇ ਭਾਜਾ, ਇਕ ਬੈਠਾ ਮੁਖ ਛੁਪਾਈਆ। ਇਕ ਰਾਤੀਂ ਸੁਤਿਆਂ ਮਾਰੇ ਵਾਜਾਂ, ਇਕ ਸੁਤਿਆਂ ਕਰਵਟ ਨਾ ਸਕੇ ਬਦਲਾਈਆ। ਇਕ ਲੋਕਮਾਤ ਰੱਖੇ ਲਾਜਾ, ਇਕ ਰਿਹਾ ਪਤ ਗਵਾਈਆ। ਕਲਜੁਗ ਅੰਤ ਖੇਲ ਕੀਆ ਵਿਚ ਮਾਝਾ, ਮਾਝਾ ਦੇਸ ਮਿਲੀ ਵਡਿਆਈਆ। ਇਕੋ ਗੋਬਿੰਦ ਸੂਰਾ ਰਿਹਾ ਭਾਜਾ, ਪੁਰਖ ਅਕਾਲ ਨਾਲ ਮਿਲਾਈਆ। ਸਤਿਜੁਗ ਚਲਾਏ ਸਚ ਜਹਾਜਾ, ਸਾਚੀ ਸੇਵ ਕਮਾਈਆ। ਸਚਖੰਡ ਨਿਵਾਸੀ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਸ਼ਾਹ ਸੁਲਤਾਨਾਂ ਖੋਲ੍ਹੇ ਪਾਜਾ, ਕੂੜੀ ਕਿਰਿਆ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਬੇੜਾ ਆਪ ਚਲਾਈਆ। ਹਰਿ ਸੰਗਤ ਪ੍ਰਸਾਦਿ ਸਚ ਦੁਆਰੀ, ਆਸਾ ਆਸ ਪੁਜਾਈਆ। ਗੁਰ ਪ੍ਰਸਾਦਿ ਮਿਲੇ ਧੁਰ ਦਰਬਾਰੀ, ਦਰਗਹਿ ਸਾਚੀ ਵਡ ਵਡਿਆਈਆ। ਨਾ ਕੋਈ ਮੰਦਰ ਨਾ ਕੋਈ ਅਟਾਰੀ, ਕਿਲਾ ਕੋਟ ਨਾ ਕੋਈ ਰਖਾਈਆ। ਨਾ ਕੋਈ ਪੰਡਤ ਪਾਂਧਾ ਕਰੇ ਵਿਚਾਰੀ, ਮੁਲਾਂ ਸ਼ੇਖ਼ਾਂ ਨਾ ਕੋਇ ਜਣਾਈਆ। ਨਾ ਕੋਈ ਗਰੰਥੀ ਪੰਥੀ ਗਾਏ ਗਾਥਾ, ਬਾਵਨ ਅੱਖਰ ਨਾ ਕੋਈ ਸੁਣਾਈਆ। ਜਿਸ ਜਨ ਮਿਲਿਆ ਪੁਰਖ ਸਮਰਥ, ਤਿਸ ਨਾਤਾ ਤੁਟਾ ਜਗਤ ਲੋਕਾਈਆ। ਏਥੇ ਓਥੇ ਇਕੋ ਵੱਥ, ਇਕ ਦੁਆਰ ਨਾ ਕੋਈ ਵਰਤਾਈਆ। ਦੇ ਪ੍ਰਸਾਦਿ ਕਰੇ ਨਾ ਬਸ, ਆਪਣਾ ਪ੍ਰਸਾਦਿ ਜੁਗ ਜੁਗ ਰਿਹਾ ਵਰਤਾਈਆ। ਬਿਨ ਰਸੋਂ ਦੇਵੇ ਰਸ, ਰਸ ਰਸੀਆ ਆਪਣਾ ਰਸ ਵਖਾਈਆ। ਜਨਮ ਜਨਮ ਦੀ ਪੂਰੀ ਕੀਤੀ ਆਸ, ਚੌਥੇ ਜੁਗ ਹੋਇਆ ਸਹਾਈਆ। ਗੁਰ ਅਵਤਾਰ ਸਾਰੇ ਕਹਿਣ ਪ੍ਰਭ ਨੂੰ ਕੰਮ ਕੋਈ ਖ਼ਾਸ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਿਚੋਲਾ ਆਪ ਅਖਵਾਈਆ। ਹਰਿ ਸੰਗਤ ਤੇਰਾ ਪ੍ਰਸਾਦਿ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪ ਵਰਤਾਈਆ। ਹਰਿ ਪ੍ਰਸਾਦਿ ਠੰਡਾ ਸੀਤਾ, ਅਗਨੀ ਤੱਤ ਬੁਝਾਈਆ। ਸਤਿਜੁਗ ਚਲੇ ਸਾਚੀ ਰੀਤਾ, ਸਤਿ ਸਤਿਵਾਦੀ ਆਪ ਚਲਾਈਆ। ਭਗਤ ਭਗਵੰਤ ਪਤਤ ਪੁਨੀਤਾ, ਪਤਤ ਪਾਪੀ ਲਏ ਤਰਾਈਆ। ਪਿਛਲਾ ਵੇਲਾ ਸੁਤਿਆਂ ਬੀਤਾ, ਅੱਗੇ ਅੱਖ ਰਿਹਾ ਖੁਲ੍ਹਾਈਆ। ਵੇਖੋ ਧਾਮ ਇਕ ਅਨਡੀਠਾ, ਲੋਕਮਾਤ ਲਿਆ ਪ੍ਰਗਟਾਈਆ। ਕਲਜੁਗ ਅੰਤ ਵੇਖੇ ਕੌੜਾ ਰੀਠਾ, ਚਾਰੋਂ ਕੁੰਟ ਫੇਰਾ ਪਾਈਆ। ਪੁਰਖ ਅਬਿਨਾਸ਼ੀ ਬੀਠਲੋ ਬੀਠਾ, ਨਰ ਨਾਰੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਰਿਹਾ ਸਮਾਈਆ। ਗੁਰ ਪ੍ਰਸਾਦਿ ਦੇਵੇ ਆਦਰ, ਹਰਿ ਸੰਗਤ ਮਾਣ ਵਡਿਆਈਆ। ਗੁਰ ਤੇਗ ਬਹਾਦਰ ਚਿੱਟੀ ਚਾਦਰ, ਸਾਚੀ ਸਿਖਿਆ ਇਕ ਸਮਝਾਈਆ। ਗੁਰ ਗੋਬਿੰਦ ਚਿਲਾ ਤੀਰ ਕਮਾਨ ਇਕ ਉਠਾਈਆ। ਏਕਾ ਆਖ ਕੇ ਗਿਆ ਸਾਬਰ, ਸਬਰ ਸਬੂਰੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਤੇਰਾ ਪ੍ਰਸਾਦਿ ਆਪਣੇ ਲੇਖੇ ਲਾਈਆ। ਹਰਿ ਸੰਗਤ ਪ੍ਰਸਾਦਿ ਬੜਾ ਅਨਮੁਲ, ਅਨਮੁਲੜੇ ਹੱਟ ਵਿਕਾਈਆ। ਹਰਿ ਪ੍ਰਸਾਦਿ ਬੜਾ ਅਤੁਲ, ਤੋਲ ਨਾ ਤੋਲਿਆ ਜਾਈਆ। ਸਚ ਭੰਡਾਰਾ ਗਿਆ ਖੁਲ੍ਹ, ਵੇਖੇ ਸਰਬ ਲੋਕਾਈਆ। ਹਰਿ ਸੰਗਤ ਨਾ ਜਾਏ ਰੁਲ, ਕਰਤਾ ਕੀਮਤ ਆਪੇ ਪਾਈਆ। ਦਰ ਜੋ ਆਏ ਭੁੱਲ, ਜਨਮ ਮਰਨ ਦਏ ਕਟਾਈਆ। ਹਰਿ ਸੰਗਤ ਨਾ ਜਾਏ ਹੁਲ, ਸਿੰਮਲ ਰੂਪ ਨਾ ਕੋਈ ਵਖਾਈਆ । ਸੋਹੰ ਗਾਏ ਰਸਨਾ ਬੁਲ, ਆਤਮ ਪਰਮਾਤਮ ਕਰੇ ਕੁੜਮਾਈਆ। ਭਾਗ ਲਗਾਏ ਸਾਚੀ ਕੁਲ, ਕੁਲਵੰਤ ਫੇਰਾ ਪਾਈਆ। ਗੋਬਿੰਦ ਫੁਲਵਾੜੀ ਜਾਏ ਫੁੱਲ, ਗੋਬਿੰਦ ਬੂਟਾ ਆਪੇ ਲਾਈਆ। ਘੋਲ ਘੁਮਾ ਆਪੇ ਘੁਲ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰਸਾਦਿ ਆਪ ਵਖਾਈਆ। ਵੇਖੋ ਹਰਿ ਦਾ ਸਚ ਪ੍ਰਸਾਦਿ, ਹਰਿ ਜੂ ਆਪ ਵਿਖਾਇੰਦਾ। ਸਦਾ ਸੁਹੇਲਾ ਵਸੇ ਆਦਿ ਜੁਗਾਦਿ, ਆਪਣੇ ਰੰਗ ਰੰਗਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤ, ਦੇਵਣਹਾਰ ਇਕ ਅਖਵਾਇੰਦਾ। ਆਪੇ ਜਾਣੇ ਆਪਣੀ ਹਾਦ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਇੰਦਾ। ਵੇਖੋ ਪ੍ਰਸਾਦਿ ਲੱਗਾ ਢੇਰ, ਢਹਿ ਢੇਰੀ ਖ਼ਾਕ ਗਵਾਈਆ। ਕਰ ਕਿਰਪਾ ਹਰਿ ਜੂ ਤਾਰੇ ਮਿਹਰ, ਮਿਹਰ ਨਜ਼ਰ ਏਕਾ ਪਾਈਆ। ਪ੍ਰਗਟ ਹੋਇਆ ਇਕੋ ਕੇਹਰ, ਸ਼ੇਰ ਰੂਪ ਵਟਾਈਆ। ਲੱਖ ਚੁਰਾਸੀ ਲਏ ਘੇਰ, ਬਚਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਈਆ। ਹਰਿ ਪ੍ਰਸਾਦਿ ਜਿਸ ਨੇ ਖਾਣਾ, ਖਾਨਾ ਆਪਣਾ ਲਏ ਖੁਲਾਈਆ। ਦਰਗਹਿ ਸਾਚੀ ਮਿਲੇ ਮਾਣਾ, ਹਰਿ ਸਤਿਗੁਰ ਹੋਏ ਸਹਾਈਆ। ਧਰਮ ਰਾਏ ਨੇੜ ਨਾ ਆਣਾ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਬੰਨ੍ਹੇ ਗਾਨਾ, ਵੇਲੇ ਅੰਤ ਨਾ ਲਏ ਪ੍ਰਨਾਈਆ। ਸਤਿਗੁਰ ਦੇਵੇ ਸ਼ਬਦ ਬਿਬਾਣਾ, ਗੁਰਮੁਖ ਸਾਚੇ ਲਏ ਚੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਧਿਆਨ ਲਗਾਉਣਾ, ਨੇਤਰ ਨੈਣ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਹਰਿਜਨ ਆਪਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਸਮਾਈਆ। ਜੋਤੀ ਜੋਤ ਸ੍ਰੀ ਭਗਵਾਨਾ, ਮਿਲ ਜੋਤੀ ਜੋਤ ਮਿਲਾਈਆ। ਸਚਖੰਡ ਸਚ ਮਕਾਨਾ, ਥਿਰ ਘਰ ਆਪਣਾ ਨਾਮ ਟਿਕਾਈਆ। ਲਹਿਣਾ ਦੇਣਾ ਚੁੱਕੇ ਆਵਣ ਜਾਵਣਾ, ਲੱਖ ਚੁਰਾਸੀ ਨਾ ਕੋਈ ਭੁਵਾਈਆ। ਰਾਗ ਨਾਦ ਨਾ ਕੋਈ ਗਾਣਾ, ਤੁਰੀਆ ਰਾਗ ਨਾ ਕੋਈ ਸੁਣਾਈਆ। ਏਕਾ ਪਾਉਣਾ ਪਦ ਨਿਰਬਾਣਾ, ਪਰਮ ਪੁਰਖ ਵਡੀ ਵਡਿਆਈਆ। ਜੋ ਜਨ ਮੰਨੇ ਹਰਿ ਕਾ ਭਾਣਾ, ਹਰਿ ਭਾਣੇ ਰਿਹਾ ਸਮਾਈਆ। ਵੇਖੋ ਤਖ਼ਤੋਂ ਲਹਿਣਾ ਰਾਜਾ ਰਾਣਾ, ਰੋਵੇ ਸਰਬ ਲੋਕਾਈਆ। ਕਿਸੇ ਨਾ ਸੁੱਝੇ ਪੀਣਾ ਖਾਣਾ, ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪ੍ਰਸਾਦਿ ਜਨ ਭਗਤਾਂ ਆਪ ਵਰਤਾਈਆ। ਗੁਰ ਪ੍ਰਸਾਦਿ ਗੁਰਸਿਖਾਂ ਖਾਦਾ, ਖਾ ਖਾ ਸ਼ੁਕਰ ਮਨਾਈਆ। ਘਰ ਬੈਠਿਆਂ ਹਰਿ ਦਰਸ਼ਨ ਪਾਇਆ, ਹਰਿ ਜੂ ਦਰ ਦਰ ਦਇਆ ਕਮਾਇਆ। ਆਦਿ ਅੰਤ ਇਕ ਦਾ ਭੈ ਮਨਾਓ, ਡਰ ਅਵਰ ਨਾ ਕੋਈ ਜਣਾਇਆ। ਅਮਰਾ ਪਦ ਏਕਾ ਪਾਓ, ਘਰ ਮਿਲੇ ਸਹਿਜ ਸੁਖਦਾਇਆ। ਗੀਤ ਗੋਬਿੰਦ ਏਕਾ ਗਾਓ, ਸ਼ਬਦੀ ਮੰਗਲ ਗਾਇਆ। ਜਗਤ ਦੁਆਰਾ ਡੇਰਾ ਢਾਹੋ, ਸਚਖੰਡ ਆਸਣ ਲਾਇਆ। ਪਰਮਾਨੰਦ ਵਿਚ ਸਮਾਓ, ਨਿਜਾ ਨੰਦ ਰਿਹਾ ਸ਼ਰਮਾਇਆ। ਹਰਿ ਸੰਗਤ ਫੂਲ ਕੰਦ ਖਾਓ, ਅੰਮ੍ਰਿਤ ਫਲ ਰਿਹਾ ਵਖਾਇਆ। ਖ਼ੁਸ਼ੀ ਬੰਦ ਬੰਦ ਕਰਾਓ, ਬੰਦੀਖ਼ਾਨਾ ਦਏ ਤੁੜਾਇਆ। ਜੋਤ ਨਿਰੰਜਣ ਚੰਦ ਚੜ੍ਹਾਓ, ਅੰਧ ਅੰਧੇਰ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਪ੍ਰਸਾਦਿ ਆਪਣੇ ਲੇਖੇ ਲਾਇਆ। ਲੇਖੇ ਲੱਗਾ ਆਇਆ ਦਰ, ਹਰਿ ਦਰਦੀ ਦਰਦ ਵੰਡਾਈਆ। ਖ਼ੁਸ਼ੀ ਹੋਏ ਨਾਰੀ ਨਰ, ਨਰ ਨਰਾਇਣ ਵੇਖ ਵਖਾਈਆ। ਬਾਲ ਬਿਰਧ ਜਵਾਨ ਆਪੇ ਫੜ, ਆਪਣੀ ਗੋਦ ਬਹਾਈਆ। ਬਿਨ ਪੌੜੀਉਂ ਆਪੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਈਆ। ਅੰਦਰ ਬਹਿ ਬਹਿ ਰਿਹਾ ਪੜ੍ਹ, ਸੋਹੰ ਅੱਖਰ ਕਰੇ ਪੜ੍ਹਾਈਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਈਆ। ਭਗਤ ਦੁਆਰ ਬਣਾਇਆ ਓਹ, ਏਕੰਕਾਰ ਸੇਵ ਕਮਾਈਆ। ਆਦਿ ਜੁਗਾਦਿ ਨਾ ਸਕੇ ਕੋਈ ਖੋਹ, ਗੁਰ ਅਵਤਾਰ ਦੇਣ ਵਡਿਆਈਆ। ਲੋਕਮਾਤ ਬੀਜ ਦਿਤਾ ਬੋ, ਸਚਖੰਡ ਫੁਲਵਾੜੀ ਦਏ ਮਹਿਕਾਈਆ। ਛੱਬੀ ਪੋਹ ਲੈ ਕੇ ਆਇਆ ਢੋਆ ਢੋ, ਆਪਣਾ ਪ੍ਰੇਮ ਭੇਟ ਚੜ੍ਹਾਈਆ। ਜਿਸ ਦੇ ਪਿਛੇ ਆਪਣਾ ਆਪ ਗਏ ਖੋਹ, ਸੋ ਆਪਣਾ ਆਪ ਜਨ ਭਗਤਾਂ ਭੇਟ ਚੜ੍ਹਾਈਆ। ਦੋ ਜਹਾਨਾਂ ਆਇਆ ਢੋ, ਲੋਆਂ ਪੁਰੀਆਂ ਫੇਰੀ ਪਾਈਆ। ਬ੍ਰਹਿਮੰਡ ਖੰਡ ਰਹੇ ਰੋ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤਜਿਆ ਮੋਹ, ਲੋਕਮਾਤ ਭਗਤ ਲਏ ਪ੍ਰਨਾਈਆ। ਏਕਾ ਨਾਮ ਜਣਾਏ ਆਪਣਾ ਸੋ, ਹੰ ਵੇਖੇ ਹਰ ਘਟ ਥਾਈਂਆ । ਹਰਿ ਕਾ ਭੇਵ ਨਾ ਜਾਣੇ ਕੋ, ਖਾਣੀ ਬਾਣੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਬਣਾਈਆ। ਸਚ ਦੁਆਰਾ ਸਚਖੰਡ, ਹਰਿ ਸਾਚੇ ਸਚ ਬਣਾਇਆ। ਕੋਟਨ ਕੋਟ ਕੋਟ ਬ੍ਰਹਿਮੰਡ, ਪ੍ਰਭ ਚਰਨਾਂ ਹੇਠ ਦਬਾਇਆ। ਲੇਖਾ ਜਾਣੇ ਖਾਣੀ ਬਾਣੀ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਇਆ। ਤ੍ਰੈਗੁਣ ਨਾਤਾ ਤੁਟਾ ਤੰਦ, ਗੀਤ ਸੁਹਾਗੀ ਏਕਾ ਗਾਇਆ। ਏਥੇ ਓਥੇ ਕੱਟਿਆ ਪੰਧ, ਬਣ ਪਾਂਧੀ ਫੇਰਾ ਪਾਇਆ। ਇਕੋ ਢੋਲਾ ਗਾਏ ਛੰਦ, ਸੋਹੰ ਸੋਹਲਾ ਆਪ ਅਲਾਇਆ। ਗੁਰ ਅਵਤਾਰ ਜੋ ਆਪਣੇ ਅੰਦਰ ਕੀਤੇ ਬੰਦ, ਅੰਤਮ ਪਰਦਾ ਦਏ ਚੁਕਾਇਆ। ਸਾਚੀ ਵੰਡਣ ਏਕਾ ਵੰਡ, ਲੋਕਮਾਤ ਦਏ ਵਖਾਇਆ । ਜਨ ਭਗਤਾਂ ਮਿਲਿਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੇਸ ਵਟਾਇਆ। ਨਿਰਗੁਣ ਨੂਰ ਚੜ੍ਹਿਆ ਚੰਦ, ਜੋਤੀ ਜੋਤ ਡਗਮਗਾਇਆ। ਏਕਾ ਨਾਮ ਤੇਜ ਚੰਡ, ਪਰਚੰਡ ਆਪ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇਆ। ਸਚਖੰਡ ਦੁਆਰ ਬਣਿਆ ਮਾਤ, ਲੱਗ ਮਾਤਰ ਭੇਵ ਕਿਸੇ ਨਾ ਆਇਆ। ਪੈਂਤੀ ਅੱਖਰ ਨਾ ਜਾਣੇ ਜ਼ਾਤ, ਹਰਿ ਕਾ ਘਰ ਦਿਸ ਨਾ ਆਇਆ। ਗੁਰ ਅਵਤਾਰ ਬਣਾਈ ਜਮਾਤ, ਜੁਗ ਜੁਗ ਸਬਕ ਪੜ੍ਹਾਇਆ। ਸੇਵਾ ਲਾਏ ਵਿਚ ਕਾਇਨਾਤ, ਦਰ ਦਰਵੇਸ਼ ਹੁਕਮ ਸੁਣਾਇਆ। ਆਪਣਾ ਲੇਖਾ ਰੱਖੇ ਆਪਣੇ ਹਾਥ, ਸਮਰਥ ਪੁਰਖ ਬੇਪਰਵਾਹਿਆ। ਨਾਦ ਅਗੰਮੀ ਏਕਾ ਗਾਥ, ਨਿਸ਼ਅੱਖਰ ਆਪ ਪੜ੍ਹਾਇਆ। ਸਰਗੁਣ ਨਿਰਗੁਣ ਵਸੇ ਸਾਥ, ਏਕਾ ਸੰਗ ਨਿਭਾਇਆ। ਆਪਣਾ ਨਾਉਂ ਸਾਚਾ ਪੂਜਾ ਪਾਠ, ਪੂਜਾ ਜਗਤ ਇਕ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਬਣਾਇਆ। ਸਾਚੇ ਮੰਦਰ ਗਿਆ ਚੜ੍ਹ, ਚੜ੍ਹਨਹਾਰ ਕਰਤਾਰਾ। ਸਚਖੰਡ ਦੁਆਰੇ ਬੈਠੇ ਵੜ, ਨਿਰਗੁਣ ਨੂਰ ਨੂਰ ਉਜਿਆਰਾ। ਆਪ ਸੁਹਾਏ ਕੰਚਨ ਗੜ੍ਹ, ਅਟੱਲ ਅਚਲ ਮੁਨਾਰਾ। ਦਰਸ ਦਿਖਾਏ ਉਪਰ ਖੜ੍ਹ, ਜੋਤੀ ਜੋਤ ਚਮਤਕਾਰਾ। ਸ਼ਬਦ ਅਨਾਦੀ ਏਕਾ ਪੜ੍ਹ, ਬੋਲੇ ਸਚ ਜੈਕਾਰਾ। ਨਾ ਕੋਈ ਸੀਸ ਨਾ ਕੋਈ ਧੜ, ਆਦਿ ਜੁਗਾਦੀ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਣਾਏ ਸਚ ਮੁਨਾਰਾ। ਸਚ ਮੁਨਾਰੇ ਸਾਚੀ ਦਾਤ, ਸੋ ਪੁਰਖ ਨਿਰੰਜਣ ਝੋਲੀ ਪਾਈਆ। ਹਰਿ ਪੁਰਖ ਨਿਰੰਜਣ ਇਕ ਇਕਾਂਤ, ਸਤਿ ਸਤਿਵਾਦੀ ਆਸਣ ਲਾਈਆ। ਏਕੰਕਾਰਾ ਪੁਛੇ ਵਾਤ, ਆਪਣੀ ਸੇਵ ਕਮਾਈਆ। ਆਦਿ ਨਿਰੰਜਣ ਮਾਰੇ ਝਾਤ, ਆਪਣੀ ਤਾਕੀ ਆਪ ਖੁਲ੍ਹਾਈਆ। ਸ੍ਰੀ ਭਗਵਾਨ ਵਸੇ ਸਾਥ, ਵਿਛੜ ਕਦੇ ਨਾ ਜਾਈਆ। ਅਬਿਨਾਸ਼ੀ ਕਰਤਾ ਗਾਵੇ ਗਾਥ, ਏਕਾ ਕਰ ਪੜ੍ਹਾਈਆ। ਪਾਰਬ੍ਰਹਮ ਪ੍ਰਭ ਪੁੱਛੇ ਵਾਤ, ਵਰਨ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਬਣਾਈਆ। ਸਚ ਦੁਆਰਾ ਹਰਿ ਬਣਾਇਆ, ਆਪਣੀ ਸੇਵ ਕਮਾਈਆ। ਲੋਕਮਾਤ ਫੇਰਾ ਪਾਇਆ, ਤ੍ਰੈਭਵਨ ਧਨੀ ਵਡ ਵਡਿਆਈਆ। ਅਵਨ ਗਵਨ ਡੇਰਾ ਢਾਇਆ, ਕਰੇ ਖੇਲ ਇਕ ਰਘੁਰਾਈਆ। ਨਿਰਗੁਣ ਨੂਰ ਨੂਰ ਰੁਸ਼ਨਾਇਆ, ਸੂਰਜ ਚੰਦ ਨੈਣ ਸ਼ਰਮਾਈਆ। ਦਰ ਦਰਵਾਜਾ ਇਕ ਖੁਲ੍ਹਾਇਆ, ਦਰ ਦਰਵੇਸ਼ ਅਲਖ ਜਗਾਈਆ। ਵੇਸ ਅਵੇਸਾ ਆਪ ਵਟਾਇਆ, ਭੇਵ ਕੋਇ ਨਾ ਪਾਈਆ। ਨਰ ਨਰੇਸ਼ਾ ਨਾਉਂ ਧਰਾਇਆ, ਸਚਖੰਡ ਵਸਣਹਾਰਾ ਸਾਚਾ ਮਾਹੀਆ। ਸਾਚਾ ਤਖ਼ਤ ਇਕ ਵਡਿਆਇਆ, ਤਖ਼ਤ ਨਿਵਾਸੀ ਆਸਣ ਲਾਈਆ। ਹੁਕਮੀ ਹੁਕਮ ਇਕ ਸੁਣਾਇਆ, ਹਾਕਮ ਹੁਕਮੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰਾ, ਭੇਵ ਕੋਇ ਨਾ ਪਾਇੰਦਾ। ਨੌਂ ਨੌਂ ਚਾਰ ਪਾਰ ਕਿਨਾਰਾ, ਲੇਖਾ ਲਿਖਤ ਨਾ ਕੋਇ ਸਮਝਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਧਾਰ ਚਲਾਇੰਦਾ। ਸਚਖੰਡ ਵਸੇ ਸਚ ਦੁਆਰਾ, ਸਚ ਸਿੰਘਾਸਣ ਇਕ ਵਡਿਆਇੰਦਾ। ਸਚ ਨਿਸ਼ਾਨਾ ਆਪੇ ਚਾੜ੍ਹਾ, ਏਕਾ ਘਰ ਵਡਿਆਇੰਦਾ। ਰਚਨ ਰਚੇ ਬਣ ਵਣਜਾਰਾ, ਭੂਪ ਭੂਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਕਰੇ ਕਰਤਾ ਪੁਰਖ, ਕਾਦਰ ਕਰਤਾ ਬੇਪਰਵਾਹੀਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਜਣਾਈਆ। ਗੁਰ ਅਵਤਾਰ ਨਾ ਸਕਣ ਪਰਖ, ਬੈਠੇ ਸੀਸ ਝੁਕਾਈਆ। ਕਰ ਕਰਦਾ ਰਹਿੰਦਾ ਰਿਹਾ ਦੱਸ, ਨੂਰੀ ਨੂਰ ਨੂਰ ਰੁਸ਼ਨਾਈਆ। ਚਰਨ ਧੂੜ ਲਿਆ ਬਰਖ਼, ਅੰਮ੍ਰਿਤ ਮੇਘ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਦੇਵੇ ਖੋਲ੍ਹ, ਖੋਲ੍ਹਣਹਾਰ ਏਕੰਕਾਰ। ਸਚਖੰਡ ਦੁਆਰਾ ਆਪੇ ਬੋਲ, ਨਾਦ ਸ਼ਬਦ ਧੁਨਕਾਰ। ਥਿਰ ਘਰ ਕੁੰਡਾ ਆਪੇ ਖੋਲ੍ਹ, ਆਪ ਉਠਾਏ ਸੁਤ ਦੁਲਾਰਾ। ਆਪਣੇ ਮੰਦਰ ਆਪੇ ਮੌਲ, ਕਰੇ ਖੇਲ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਣੇ ਆਪ ਵਣਜਾਰਾ। ਆਪ ਵਣਜਾਰਾ ਆਪੇ ਸੁਤ, ਅਖ਼ੀਰ ਅਖ਼ੀਰ ਕਲ ਆਪ ਕਰਾਈਆ। ਐਥੇ ਅੰਤਮ ਹੋ ਪ੍ਰਗਟ, ਆਪਣਾ ਨੂਰ ਧਰਾਈਆ। ਆਪਣੇ ਨਾਦ ਮਾਰੇ ਸੱਟ, ਆਪਣਾ ਰਾਕ ਉਡਾਈਆ। ਨਿਆਰਾ ਸੁਤ ਰਹੇ , ਆਪੇ ਲਏ ਚਲਾਈਆ। ਆਪੇ ਸੋਏ ਆਪਣੀ ਖਾਟ, ਸਚ ਸਿੰਘਾਸਣ ਆਪ ਬਣਾਈਆ। ਆਪੇ ਨਿਰਗੁਣ ਜੋਤ ਲਾਟ, ਨੂਰ ਨੁਰਾਨਾ ਆਪ ਅਖਵਾਈਆ। ਆਪੇ ਹੋਏ ਪੁਰਖ ਸਮਰਥ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਜਾਣੇ ਆਪਣੀ ਗਾਥ, ਕੱਥ ਕੱਥ ਆਪਣਾ ਆਪ ਸੁਣਾਈਆ। ਆਪੇ ਚਲਾਏ ਆਪਣਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਆਪੇ ਵਸੇ ਆਪਣੇ ਸਾਥ, ਸਾਚਾ ਸੰਗ ਨਿਭਾਈਆ। ਆਪੇ ਪੜ੍ਹੇ ਆਪਣਾ ਪਾਠ, ਆਪੇ ਪੜ੍ਹ ਪੜ੍ਹ ਰਿਹਾ ਸੁਣਾਈਆ। ਆਪੇ ਜਾਣੇ ਆਪਣਾ ਘਾਟ, ਤੱਟ ਕਿਨਾਰਾ ਆਪ ਹੋ ਜਾਈਆ। ਆਪੇ ਜਾਣੇ ਆਪਣੀ ਵਾਟ, ਆਪੇ ਪਾਂਧੀ ਬਣ ਬਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਦਏ ਵਡਿਆਈਆ। ਸਚ ਦੁਆਰੇ ਤੇਰੀ ਬਣਤ, ਹਰਿ ਸਤਿਗੁਰ ਆਪ ਬਣਾਇੰਦਾ। ਨੌਂ ਨੌਂ ਚਾਰ ਚੌਕੜੀ ਜੁਗ ਸਾਰੇ ਕਹਿ ਕਹਿ ਗਏ ਬੇਅੰਤ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਗਾ ਗਾ ਗਏ ਸੰਤ, ਨੇਤਰ ਨੈਣ ਧਿਆਨ ਲਗਾਇੰਦਾ। ਗੁਰ ਅਵਤਾਰ ਪੜ੍ਹ ਪੜ੍ਹ ਗਏ ਮੰਤ, ਮੰਤਰ ਅੰਤਰ ਇਕ ਸਮਝਾਇੰਦਾ। ਕੋਟਨ ਕੋਟ ਲੱਭ ਲੱਭ ਗਏ ਕੰਤ, ਹਰਿ ਕੰਤ ਨਾ ਕਿਸੇ ਪ੍ਰਨਾਇੰਦਾ। ਕੋਟਨ ਕੋਟ ਬੀਤੀ ਰੁੱਤ ਬਸੰਤ, ਪਤ ਡਾਲੀ ਨਾ ਕੋਇ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਸਮਝਾਇੰਦਾ। ਆਪਣੀ ਬਣਤ ਬਣਾਈ ਆਦਿ, ਨਿਰਗੁਣ ਰੂਪ ਧਰਾਇਆ। ਆਪਣੇ ਅੰਤਰ ਇਕ ਸਵਾਦ, ਆਪਣਾ ਰਸ ਵਖਾਇਆ। ਆਪੇ ਖੇਲੇ ਖੇਲ ਤਮਾਸ਼, ਨਿਰਗੁਣ ਰੂਪ ਧਰਾਇਆ। ਆਪੇ ਵਸੇ ਆਪਣੇ ਪਾਸ, ਨਾਰੀ ਕੰਤ ਸੇਜ ਹਢਾਇਆ। ਆਪੇ ਦਾਈ ਦਾਇਆ ਬਣੇ ਪੁਰਖ ਅਬਿਨਾਸ਼, ਸਾਚੀ ਸੇਵਕ ਸੇਵ ਕਮਾਇਆ। ਆਪੇ ਬਾਲੀ ਬਾਲਾ ਪੂਰੀ ਕਰੇ ਆਸ, ਸੁਤ ਦੁਲਾਰਾ ਏਕਾ ਜਾਇਆ। ਆਪੇ ਨਿਰਗੁਣ ਨੂਰ ਕਰੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਇਆ । ਆਪੇ ਸਚਖੰਡ ਦਏ ਧਰਵਾਸ, ਛੱਪਰ ਛੰਨ ਨਾ ਕੋਇ ਸੁਹਾਇਆ। ਆਪੇ ਚਰਨ ਕਵਲ ਹੋਏ ਦਾਸ, ਦਾਸੀ ਬਣ ਬਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਦਏ ਸਮਝਾਇਆ। ਆਪਣਾ ਆਦਿ ਦੇਵੇ ਦੱਸ, ਹਰਿ ਵੱਡਾ ਵਡ ਵਡਿਆਈਆ। ਸਚਖੰਡ ਦੁਆਰੇ ਗਿਆ ਵਸ, ਚਾਰ ਦੀਵਾਰ ਨਾ ਕੋਇ ਰਖਾਈਆ। ਆਪਣੀ ਕਰੇ ਪੂਰੀ ਆਸ, ਆਪ ਆਪਣਾ ਬੰਧਨ ਪਾਈਆ। ਆਪੇ ਬਹਿ ਬਹਿ ਪਾਵੇ ਰਾਸ, ਮੰਡਲ ਮੰਡਪ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਹਰਿ ਜੂ ਕਰ, ਹਰਿ ਜੂ ਵੇਸ ਵਟਾਇਆ। ਆਪਣਾ ਨੂਰ ਆਪੇ ਧਰ, ਆਪੇ ਵੇਖ ਵਖਾਇਆ। ਆਪਣਾ ਕੰਤ ਆਪੇ ਵਰ, ਆਪੇ ਸੇਜ ਹੰਢਾਇਆ। ਆਪੇ ਜਨਣੀ ਆਪੇ ਜਨ, ਜਨ ਜਨੇਂਦੀ ਹੋਏ ਮਾਇਆ। ਸੁਤ ਦੁਲਾਰਾ ਆਪੇ ਬਣ, ਗੋਦੀ ਗੋਦ ਸੁਹਾਇਆ। ਆਪੇ ਰਾਗ ਸੁਣਾਏ ਕੰਨ, ਨਾਦੀ ਨਾਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਦਏ ਸਮਝਾਇਆ। ਆਦਿ ਆਪਣੀ ਬਣਤ ਬਣਾਏ, ਹਰਿ ਸਾਚਾ ਬਣਤ ਬਣਾਇੰਦਾ। ਆਪਣੀ ਇਛਿਆ ਲਏ ਪ੍ਰਗਟਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣੀ ਸਿਖਿਆ ਆਪ ਸਿਖਾ, ਗੁਰ ਚੇਲਾ ਰੂਪ ਧਰਾਇੰਦਾ। ਆਪਣਾ ਰੂਪ ਮਿਥਿਆ ਆਪ ਬਣਾ, ਦਿਸ ਕਿਸੇ ਨਾ ਆਇੰਦਾ। ਆਪਣਾ ਲਿਖਿਆ ਆਪ ਪੜ੍ਹਾ, ਆਪੇ ਲਿਖ ਲਿਖ ਲੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨ ਰਚਾਇੰਦਾ। ਆਦਿ ਪੁਰਖ ਖੇਲ ਅਪਾਰਾ, ਆਦਿ ਆਦਿ ਕਰਾਈਆ। ਆਪਣਾ ਨਾਉਂ ਰੱਖ ਅਪਾਰਾ, ਸੋ ਪੁਰਖ ਨਿਰੰਜਣ ਵੇਸ ਵਟਾਈਆ। ਹਰਿ ਪੁਰਖ ਨਿਰੰਜਣ ਸਾਚੀ ਧਾਰਾ, ਧਾਰ ਧਾਰ ਵਿਚੋਂ ਕਢਾਈਆ। ਏਕੰਕਾਰਾ ਦਏ ਸਹਾਰਾ, ਆਪਣਾ ਬਲ ਵਖਾਈਆ। ਆਦਿ ਨਿਰੰਜਣ ਕਰ ਵਿਚਾਰਾ, ਨੂਰ ਨੁਰਾਨਾ ਡਗਮਗਾਈਆ। ਸ੍ਰੀ ਭਗਵਾਨ ਸਚ ਨਿਸ਼ਾਨਾ, ਸੁਤ ਦੁਲਾਰੇ ਆਪ ਉਠਾਈਆ। ਅਬਿਨਾਸ਼ੀ ਕਰਤਾ ਹੋ ਮਿਹਰਬਾਨਾ, ਆਪਣੀ ਮਿਹਰ ਕਮਾਈਆ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨਾ, ਘਰ ਸਾਚੇ ਸੋਭਾ ਪਾਈਆ। ਕਰੇ ਖੇਲ ਇਕ ਮਹਾਨਾ, ਆਪਣੀ ਇਛਿਆ ਪੂਰ ਕਰਾਈਆ। ਆਪਣਾ ਬੰਨੇ ਆਪੇ ਗਾਨਾ, ਆਪੇ ਸਗਨ ਮਨਾਈਆ। ਆਪੇ ਬਣੇ ਰਈਅਤ ਰਾਜ ਰਾਜਾਨਾ, ਸ਼ਾਹ ਸੁਲਤਾਨ ਆਪ ਹੋ ਜਾਈਆ। ਆਪੇ ਘੜਤ ਘੜੇ ਸੁਘੜ ਸੁਜਾਨਾ, ਬੇਅੰਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਆਪਣਾ ਘਾੜਤ ਆਪੇ ਘੜ, ਹਰਿ ਜੂ ਖੇਲ ਕਰਾਇਆ। ਆਪਣੇ ਮੰਦਰ ਆਪੇ ਵੜ, ਆਪਣਾ ਧਾਮ ਸੁਹਾਇਆ। ਆਪੇ ਨਾਰੀ ਆਪੇ ਵਰ, ਆਪੇ ਕੰਤ ਮਨਾਇਆ। ਆਪਣਾ ਪਿਆਰ ਅੱਗੇ ਧਰ, ਆਪੇ ਰੰਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਦਏ ਸਮਝਾਇਆ। ਆਦਿ ਪੁਰਖ ਖੇਲ ਅਵੱਲਾ, ਹਰਿ ਜੂ ਆਪ ਕਰਾਇਆ। ਸਚਖੰਡ ਵਸੇ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਇਆ। ਜੋਤੀ ਨੂਰ ਆਪੇ ਰਲਾ, ਦੀਪਕ ਦੀਪਕ ਡਗਮਗਾਇਆ। ਆਪਣਾ ਫੜਿਆ ਆਪੇ ਪੱਲਾ, ਆਪਣਾ ਸੰਗ ਨਿਭਾਇਆ। ਆਪਣਾ ਕੀਤਾ ਇਕੋ ਹੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਰਿਹਾ ਵਖਾਇਆ। ਆਦਿ ਪੁਰਖ ਹੋ ਤਿਆਰ, ਆਪਣਾ ਭੇਵ ਜਣਾਈਆ। ਸ਼ਾਹੋ ਭੂਪ ਬਣ ਸਿਕਦਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਸੋ ਪੁਰਖ ਨਿਰੰਜਣ ਕਰੇ ਵਿਚਾਰ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਏਕੰਕਾਰ ਬਣਾਏ ਸੱਚੀ ਸਰਕਾਰ, ਆਦਿ ਨਿਰੰਜਣ ਨਾਲ ਮਿਲਾਈਆ। ਅਬਿਨਾਸ਼ੀ ਕਰਤਾ ਬਣੇ ਚੋਬਦਾਰ, ਸ੍ਰੀ ਭਗਵਾਨ ਨਿਸ਼ਾਨ ਝੁਲਾਈਆ। ਪਾਰਬ੍ਰਹਮ ਨਿਉਂ ਨਿਉਂ ਕਰੇ ਨਿਮਸਕਾਰ, ਆਪਣੇ ਅੱਗੇ ਆਇਆ ਰਿਹਾ ਝੁਕਾਈਆ। ਸਾਚਾ ਕਰੇ ਇਕ ਵਿਹਾਰ, ਸਚਖੰਡ ਵੱਜੇ ਵਧਾਈਆ। ਆਪੇ ਰਾਓ ਰੰਕ ਰਈਅਤ ਬਣ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪੇ ਰਾਓ ਰੰਕ ਬਣ ਰਾਜਾ, ਹਰਿ ਸਾਚਾ ਖੇਲ ਕਰਾਇੰਦਾ। ਆਪੇ ਹੋ ਗ਼ਰੀਬ ਨਿਵਾਜਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪਣਾ ਸਾਜਨ ਆਪੇ ਸਾਜਾ, ਸਾਜ ਸਾਜ ਵੇਖ ਵਖਾਇੰਦਾ। ਆਪਣੀ ਘਾੜਤ ਬਣਾਏ ਸਾਚਾ ਤਾਜਾ, ਸਚ ਸਨਿਆਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਇੰਦਾ। ਸਾਚਾ ਤਾਜ ਕਰ ਤਿਆਰ, ਹਰਿ ਸਾਚਾ ਖ਼ੁਸ਼ੀ ਮਨਾਇੰਦਾ। ਆਪਣੀ ਪੈਜ ਆਪ ਸਵਾਰ, ਆਪੇ ਵੇਖ ਵਖਾਇੰਦਾ। ਆਪਣਾ ਬਲ ਆਪੇ ਧਾਰ, ਮਹਾਂਬਲੀ ਆਪ ਹੋ ਜਾਇੰਦਾ। ਆਪਣਾ ਵਲ ਛਲ ਕਰ ਕਰਤਾਰ, ਅਛਲ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਾਚਾ ਰਾਹ ਆਪੇ ਲਾ, ਹਰਿ ਰਹਿਮਤ ਆਪ ਕਮਾਈਆ। ਮੁਕਾਮੇ ਹੱਕ ਇਕ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਏਕਾ ਨਾਦ ਇਕ ਸਦਾ ਏਕਾ ਨਾਅਰਾ ਰਿਹਾ ਲਾ, ਏਕਾ ਹੁਜਰਾ ਸਚ ਬਣਾ, ਮੁਕਾਮੇ ਹੱਕ ਨਾਉਂ ਧਰਾਈਆ। ਏਕਾ ਮਹਿਬੂਬ ਹੋਏ ਮਿਹਰਵਾਨ, ਮਹਿਬਾਨ ਵਡੀ ਵਡਿਆਈਆ। ਏਕਾ ਬੀਵੀ ਏਕਾ ਖਾਵੰਦ ਏਕਾ ਵਸੇ ਥਾਂ, ਦਰਗਹਿ ਸਾਚੀ ਮੁਕਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚਾ ਸੋਹਿਆ ਜਗਤ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਏਕਾ ਬਣਾਈ ਆਪਣੀ ਬਣਤ, ਆਪੇ ਸੇਵ ਕਮਾਇਆ। ਆਪੇ ਆਦਿ ਆਪੇ ਅੰਤ, ਆਪੇ ਹਰਿ ਜੂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ ਆਪਣਾ ਨਾਦ ਢੋਲ ਮਰਦੰਗ, ਸੂਰੇ ਸਰਬੰਗ ਆਪ ਵਜਾਇਆ। ਵੱਜਾ ਢੋਲ ਇਕ ਮਰਦੰਗ ਨਗਾਰਾ, ਦਰ ਸਾਚੇ ਹੋਈ ਸ਼ਨਵਾਈਆ। ਦਰਗਹਿ ਸਾਚੀ ਧਾਮ ਸੁਹਾ, ਪਰਵਰਦਿਗਾਰ ਆਪ ਸੁਹਾਈਆ। ਏਕਾ ਹੱਕ ਲਾਏ ਨਾਅਰਾ, ਆਪਣਾ ਹੱਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖੋਲ੍ਹ ਸ੍ਰੀ ਭਗਵਾਨ, ਆਪਣਾ ਆਪ ਜਣਾਇੰਦਾ। ਸੀਸ ਰੱਖ ਤਾਜ ਮਹਾਨ, ਪੰਚਮ ਮੁਖ ਸੁਹਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਪਾਰਬ੍ਰਹਮ ਝੁਲਾਇੰਦਾ। ਤਖ਼ਤ ਨਿਵਾਸੀ ਹੁਕਮਰਾਨ, ਸ਼ਾਹ ਪਾਤਸ਼ਾਹ ਖੇਲ ਕਰਾਇੰਦਾ। ਆਪੇ ਜਾਣੇ ਖਾਨਾ ਦੀਵਾਨ, ਬਣ ਸੇਵਕ ਸੇਵ ਕਮਾਇੰਦਾ। ਆਪੇ ਦੇਵਣਹਾਰ ਪਰਵਾਨ, ਸਚ ਪਰਵਾਨਾ ਆਪ ਫੜਾਇੰਦਾ। ਆਪੇ ਹੋਇਆ ਜਾਣੀ ਜਾਣ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪੇ ਵਸੇ ਮੰਦਰ ਮਕਾਨ ਆਪੇ ਛੱਪਰ ਛੰਨ ਸੁਹਾਇੰਦਾ। ਆਪੇ ਜੋਤੀ ਨੂਰ ਮਹਾਨ, ਨਿਰਗੁਣ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਾਜਾ ਆਪੇ ਪਰਜਾ, ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਰਾਜਾ ਆਪੇ ਪਰਜਾ, ਸਚਖੰਡ ਖ਼ੁਸ਼ੀ ਮਨਾਈਆ। ਆਪਣਾ ਸਾਜਣ ਆਪੇ ਸਾਜਾ, ਅਨਡਿਠੜੀ ਘੜਤ ਘੜਾਈਆ। ਆਪੇ ਦਰ ਦਰਵੇਸ਼ ਬਹਿ ਬਹਿ ਮਾਰੇ ਵਾਜਾਂ, ਆਪਣਾ ਹੁਕਮ ਸੁਣਾਈਆ। ਆਪੇ ਅੰਦਰ ਬਾਹਰ ਫਿਰੇ ਭਾਜਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਆਪੇ ਰਚਿਆ ਆਪਣਾ ਕਾਜਾ, ਆਪੇ ਬੈਠਾ ਸਗਨ ਮਨਾਈਆ। ਆਪੇ ਰੱਖੇ ਆਪਣੀ ਲਾਜਾ, ਲਾਜਾਵੰਤ ਆਪ ਹੋ ਜਾਈਆ। ਆਪੇ ਨਾਰੀ ਕੰਤ ਬਣ ਬਣ ਨਿਰਗੁਣ ਸਰਗੁਣ ਪਾਈ ਸਾਂਝਾ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਨਾਰੀ ਕੰਤ ਪਾ ਪਾ ਸਾਂਝਾ, ਨੰਦੀ ਨੰਦ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਣਿਆ ਸਾਂਝਾ, ਆਪਣਾ ਰੂਪ ਨਾ ਕੋਇ ਜਣਾਇੰਦਾ। ਇਕੋ ਨਾਦ ਅਗੰਮੀ ਵਾਜਾ, ਏਕਾ ਏਕ ਸੁਣਾਇੰਦਾ। ਏਕਾ ਤਾਰ ਇਕ ਰਬਾਬਾ, ਬਿਨ ਰਹਿਬਾਬ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਦਿ ਭੇਵ ਅਵੱਲੜਾ, ਹਰਿ ਜੂ ਰਿਹਾ ਜਣਾ। ਆਪੇ ਉਪਜਿਆ ਇਕ ਇਕੱਲੜਾ, ਮਾਤ ਪਿਤਾ ਨਾ ਕੋਈ ਭੈਣ ਭਰਾ। ਨਾ ਕਿਸੇ ਦਾ ਫੜਦਾ ਪਲੜਾ, ਨਾ ਨਾਰੀ ਕੰਤ ਲਿਆ ਪਰਨਾ। ਜੋਤੀ ਜੋਤ ਆਪੇ ਰਲੜਾ, ਨਿਰਗੁਣ ਨਿਰਗੁਣ ਵਿਚ ਸਮਾ। ਸਚ ਸਿੰਘਾਸਣ ਇਕੋ ਮਲੜਾ, ਸਚਖੰਡ ਬੈਠਾ ਡੇਰਾ ਲਾ। ਜੋਤੀ ਨੂਰ ਅਗੰਮ ਅਗੰਮੜਾ, ਅਲੱਖ ਨਿਰੰਜਣ ਬੇਪਰਵਾਹ। ਨਾ ਕੋਈ ਅੰਮੀ ਨਾ ਕੋਈ ਅਮੜਾ, ਨਾ ਕੋਈ ਸੱਜਣ ਸੱਚਾ ਸਾਕ ਰਿਹਾ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾ। ਆਪਣਾ ਖੇਲ ਰਚ ਨਿਰੰਕਾਰ, ਆਪਣੀ ਦਇਆ ਕਮਾਈਆ। ਨਿਰਗੁਣ ਕਰੇ ਸਚ ਵਿਹਾਰ, ਸਾਖਿਆਤ ਰੂਪ ਵਟਾਈਆ। ਆਪਣੀ ਭਿਛਿਆ ਭਰ ਭੰਡਾਰ, ਭਿਛਿਆ ਦਏ ਵਰਤਾਈਆ। ਲੇਖਾ ਜਾਣ ਪੁਰਖ ਨਾਰ, ਨਰ ਨਰਾਇਣ ਖ਼ੁਸ਼ੀ ਮਨਾਈਆ। ਏਕਾ ਉਪਜਿਆ ਸੁਤ ਦੁਲਾਰ, ਸ਼ਬਦੀ ਨਾਉਂ ਧਰਾਈਆ। ਥਿਰ ਘਰ ਸਾਚਾ ਕਰ ਤਿਆਰ, ਚਰਨਾਂ ਹੇਠਾਂ ਦਿਤਾ ਦਬਾਈਆ। ਪੂਤ ਸਪੂਤਾ ਅੰਦਰ ਵਾੜ, ਏਕਾ ਹੁਕਮ ਸੁਣਾਈਆ। ਆਦਿ ਜੁਗਾਦਿ ਕਰੀ ਨਿਮਸਕਾਰ, ਚਰਨ ਧਿਆਨ ਲਗਾਈਆ। ਮੇਰਾ ਨਾਉਂ ਇਕ ਨਿਰੰਕਾਰ, ਏਕਾ ਘਰ ਲੈਣਾ ਗਾਈਆ। ਆਦਿ ਜੁਗਾਦਿ ਰਵ੍ਹਾਂ ਨਿਆਰ, ਨਿਰਾਕਾਰ ਰੂਪ ਸਮਾਈਆ। ਤੇਰਾ ਦੱਸਾਂ ਇਕ ਵਿਹਾਰ, ਆਪਣੀ ਸੇਵਾ ਦਿਆਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਦਿਤਾ ਵਰ, ਸਾਚੀ ਵਸਤ ਝੋਲੀ ਪਾਈਆ। ਸੁਣ ਛੋਟੇ ਸੁਤ ਬਾਲ, ਸ਼ਬਦੀ ਹਰਿ ਸੁਣਾਇਆ। ਤੇਰੀ ਕਰਾਂ ਸਦਾ ਪ੍ਰਿਤਪਾਲ, ਸਿਰ ਤੇਰੇ ਹੱਥ ਰਖਾਇਆ। ਤੇਰੇ ਵਸਾਂ ਨਾਲ ਨਾਲ, ਵਿਛੜ ਕਦੇ ਨਾ ਜਾਇਆ। ਤੇਰਾ ਆਪੇ ਪੁਛਾਂ ਹਾਲ, ਘਰ ਤੇਰੇ ਫੇਰੀ ਪਾਇਆ। ਏਕਾ ਦੇਵਾਂ ਸੱਚਾ ਮਾਲ, ਧੰਨ ਆਪਣਾ ਮਾਲ ਲੁਟਾਇਆ। ਤੂੰ ਹੋਵੇਂ ਨਾ ਕਦੇ ਕੰਗਾਲ, ਸ਼ਾਹ ਪਾਤਸ਼ਾਹ ਤੇਰਾ ਇਕ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਸੁਤ ਦੁਲਾਰੇ ਉਠ ਬਲ ਧਾਰ, ਹਰਿ ਸਾਚਾ ਸਚ ਜਣਾਈਆ। ਥਿਰ ਘਰ ਵੇਖ ਤੇਰੀ ਗੁਲਜ਼ਾਰ, ਪੁਰਖ ਅਬਿਨਾਸ਼ੀ ਰਿਹਾ ਲਗਾਈਆ। ਹੁਕਮੀ ਹੁਕਮ ਕਰ ਵਰਤਾਰ, ਧੁਰ ਫ਼ਰਮਾਣਾ ਰਿਹਾ ਸੁਣਾਈਆ। ਕਰਤਾ ਪੁਰਖ ਲਗਾਏ ਸਾਚੀ ਕਾਰ, ਕਰਨੀ ਕਰਤਾ ਇਕ ਸਮਝਾਈਆ। ਤੇਰੇ ਅੰਦਰ ਮੇਰਾ ਵਿਹਾਰ, ਦਿਸ ਕਿਸੇ ਨਾ ਆਈਆ। ਤੂੰ ਬਣ ਮੰਗ ਕੇ ਦਰ ਭਿਖਾਰ, ਦੇਵਾਂ ਤੇਰੀ ਝੋਲੀ ਭਰਾਈਆ। ਤੇਰੀ ਖਿੜੇ ਇਕ ਗੁਲਜ਼ਾਰ, ਗੁਲਸ਼ਨ ਦੇਵਾਂ ਆਪ ਮਹਿਕਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਆਪਣਾ ਪਰਦਾ ਰਿਹਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਈਆ। ਛੋਟਾ ਬਾਲਾ ਉਠਿਆ ਨਾਦਾਨ, ਹਰਿ ਚਰਨ ਸੀਸ ਲਗਾਇਆ। ਪੁਰਖ ਅਬਿਨਾਸ਼ੀ ਏਕਾ ਵਾਰ ਵਖਾਏ ਆਪਣਾ ਮਕਾਨ, ਜਿਸ ਘਰ ਬੈਠਾ ਡੇਰਾ ਲਾਇਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਰਾਜ ਰਾਜਾਨ, ਤਖ਼ਤ ਨਿਵਾਸੀ ਬੇਪਰਵਾਹਿਆ। ਤੇਰਾ ਝੁੱਲੇ ਇਕ ਨਿਸ਼ਾਨ, ਦਰ ਸਾਚੇ ਰਿਹਾ ਉਠਾਇਆ। ਤੇਰੇ ਸੀਸ ਤਾਜ ਮਹਾਨ, ਮੈਂ ਨੇਤਰ ਨੈਣ ਨੈਣ ਲਗਾਇਆ। ਤੂੰ ਸਦਾ ਸਦਾ ਮਿਹਰਵਾਨ, ਬੇਅੰਤ ਤੇਰੀ ਵਡਿਆਇਆ। ਮੈਂ ਮੰਗਾਂ ਫੇਰ ਦਾਨ, ਪਹਿਲੋਂ ਦਰਸ਼ਨ ਤੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਇਆ। ਆਪਣਾ ਪਰਦਾ ਦਿਤਾ ਲਾਹ, ਹਰਿ ਨੂਰ ਨੂਰ ਰੁਸ਼ਨਾਈਆ। ਸਚਖੰਡ ਦੁਆਰਾ ਰਿਹਾ ਵਸਾ, ਨਿਰਾਕਾਰ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਇਕ ਇਕੱਲਾ ਰਿਹਾ ਡਗਮਗਾ, ਦੂਜਾ ਸੰਗ ਨਾ ਕੋਇ ਰਖਾਈਆ। ਸੁਤ ਦੁਲਾਰੇ ਚੜ੍ਹਿਆ ਚਾਅ, ਹਰਿ ਸਾਚੇ ਦਰਸ਼ਨ ਪਾਈਆ। ਤੂੰ ਹੀ ਮਾਤਾ ਤੂੰ ਹੀ ਪਿਤਾ ਕਹਾ, ਸੁਣਾਵਾਂ ਤੇਰਾ ਬਾਲ ਸਖਾਈਆ। ਸਚ ਮੰਗਾਂ ਤੇਰੀ ਪਨਾਹ, ਚਰਨ ਕਵਲ ਸ਼ਰਨਾਈਆ। ਸਿਰ ਦੇਣਾ ਹੱਥ ਟਿਕਾ, ਇਕੋ ਓਟ ਤਕਾਈਆ। ਮੈਂ ਤੇਰਾ ਤੂੰ ਮੇਰਾ ਏਕਾ ਢੋਲਾ ਲਿਆ ਗਾ, ਘਰ ਸਾਚੇ ਵੱਜੇ ਵਧਾਈਆ। ਪਰਦਾ ਉਹਲਾ ਦਏ ਚੁਕਾ, ਏਕਾ ਨੂਰ ਕਰ ਰੁਸ਼ਨਾਈਆ। ਬਰਦਾ ਗੁਰੂ ਲਏ ਮਨਾ, ਦਰ ਤੇਰੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸ਼ਬਦੀ ਆਪ ਜਣਾਈਆ। ਸ਼ਬਦ ਸੁਤ ਮੇਰਾ ਵੇਖ ਦੁਆਰਾ, ਹਰਿ ਜੂ ਆਖ ਸੁਣਾਇੰਦਾ। ਪਹਿਲੇ ਅੰਦਰ ਮੇਰਾ ਨਿਮਾਂ ਨਿਮਾਂ ਝਿਲਕਾਰਾ, ਆਪਣਾ ਰੰਗ ਵਖਾਇੰਦਾ। ਸਚਖੰਡ ਦਾ ਬੈਠ ਕਿਨਾਰਾ, ਉਪਰ ਆਪਣਾ ਚਰਨ ਟਿਕਾਇੰਦਾ। ਦੂਜਾ ਮੇਰਾ ਸਚ ਵਿਹਾਰਾ, ਜਿਸ ਨੇਤਰ ਨੂਰ ਵਖਾਇੰਦਾ। ਤੀਜਾ ਮੇਰਾ ਉਚ ਮਨਾਰਾ, ਕਲਗੀ ਤੋੜਾ ਸੀਸ ਟਿਕਾਇੰਦਾ। ਸਚਖੰਡ ਦਾ ਇਕ ਕਿਨਾਰਾ, ਚਾਰ ਕੁੰਟ ਨਾ ਕੋਇ ਬਣਾਇੰਦਾ। ਵੰਡੇ ਵੰਡ ਅਗੰਮ ਅਪਾਰਾ, ਹੱਦ ਕਿਨਾਰਾ ਨਾ ਕੋਇ ਜਣਾਇੰਦਾ। ਏਕਾ ਏਕ ਨਿਰਗੁਣ ਧਾਰਾ, ਤ੍ਰੈ ਤ੍ਰੈ ਖੇਲ ਕਰਾਇੰਦਾ। ਪਹਿਲਾ ਧਾਮ ਜੋਤੀ ਨੂਰ ਹੋਏ ਉਜਿਆਰਾ, ਦੂਜੀ ਲਾਟ ਲਾਟ ਮਿਲਾਇੰਦਾ। ਆਪਣੀ ਨੋਕ ਉਤੇ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਉਲਟੀ ਕਰੇ ਆਪੇ ਕਾਰਾ, ਚੌਥਾ ਘਰ ਥਿਰ ਘਰ ਬਣਾਇੰਦਾ। ਥਿਰ ਘਰ ਰੱਖੇ ਚਰਨ ਅਪਾਰਾ, ਆਪਣੀ ਦਇਆ ਕਮਾਇੰਦਾ। ਆਪੇ ਬਣ ਬਣ ਨਿਰੰਕਾਰਾ, ਦਾਈ ਦਾਇਆ ਸੇਵ ਕਮਾਇੰਦਾ। ਛੋਟਾ ਬਾਲਾ ਕਰ ਤਿਆਰਾ, ਘਰ ਸਾਚੇ ਆਪ ਬਹਾਇੰਦਾ। ਇਕੋ ਇਕ ਕਰੇ ਪਿਆਰਾ, ਪਰਮ ਪੁਰਖ ਪ੍ਰੀਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਨਾਰਾ ਆਪ ਵਖਾਇੰਦਾ। ਸੁਤ ਦੁਲਾਰਾ ਵੇਖ ਮਨਾਰਾ, ਨਿਉਂ ਨਿਉਂ ਸੀਸ ਝੁਕਾਈਆ। ਇਕ ਮੰਦਰ ਤ੍ਰੈ ਤ੍ਰੈ ਧਾਰਾ, ਭੇਵ ਕੋਇ ਨਾ ਪਾਈਆ। ਮੈਂ ਜਾਣਾ ਤੇਰਾ ਇਕ ਚੁਬਾਰਾ, ਦੂਜੀ ਛੱਤ ਨਾ ਕੋਇ ਬਣਾਈਆ। ਤੂੰ ਕਹੇਂ ਮੈਂ ਬੇਅੰਤ ਮੇਰਾ ਅੰਤ ਨਾ ਪਾਰਾਵਾਰਾ, ਬੇਅੰਤ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਸਮਝਾਈਆ। ਸੁਣ ਸੁਤ ਮੇਰੇ ਛੋਟੇ ਲਾਲ, ਹਰਿ ਨਰਾਇਣ ਆਪ ਜਣਾਇੰਦਾ। ਸਚਖੰਡ ਮੇਰੀ ਧਰਮਸਾਲ, ਉਪਰ ਆਪਣਾ ਆਸਣ ਡਾਹਿੰਦਾ। ਤੀਜੇ ਬਹੇ ਆਪ ਨਿਰੰਕਾਰ, ਨੂਰ ਨੁਰਾਨਾ ਡਗਮਗਾਇੰਦਾ। ਚੌਥੇ ਚਰਨ ਕਵਲ ਸਹਾਰ, ਥਿਰ ਘਰ ਬਣਾਇੰਦਾ। ਇਕੋ ਹਰਿ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਇਕੋ ਜੋਤ ਨੂਰੀ ਧਾਰ, ਹਰਿ ਵੰਡੀ ਵੰਡ ਵੰਡਾਇੰਦਾ। ਏਕਾ ਮੰਦਰ ਇਕ ਦੀਵਾਰ, ਏਕਾ ਏਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਲੈਣਾ ਪੇਖ, ਹਰਿ ਸੱਜਣ ਰਸ ਜਣਾਈਆ। ਮੇਰਾ ਨਾ ਕੋਈ ਰੂਪ ਨਾ ਕੋਈ ਰੇਖ, ਤੱਤਵ ਤੱਤ ਨਾ ਕੋਇ ਰਖਾਈਆ। ਨਾ ਰਾਜਾ ਨਾ ਬਣਾਂ ਦਰਵੇਸ਼, ਆਪਣੀ ਖੇਲ ਆਪ ਵਖਾਈਆ। ਆਦਿ ਜੁਗਾਦਿ ਅਵੱਲੜਾ ਭੇਸ, ਬਣ ਭੇਖੀ ਭੇਖ ਬਣਾਈਆ। ਇਕ ਦੁਵਾਰ ਇਕ ਆਦੇਸ਼, ਏਕਾ ਨਾਉਂ ਸੁਣਾਈਆ। ਸਦਾ ਸਦਾ ਸਦ ਰਹਾਂ ਹਮੇਸ਼, ਨਾ ਮਰਾਂ ਨਾ ਜਾਈਆ। ਮੇਰੇ ਅੱਗੇ ਚਲੇ ਨਾ ਕਿਸੇ ਦੀ ਪੇਸ਼, ਆਪਣਾ ਬਲ ਆਪ ਰਖਾਈਆ। ਪਹਿਲੋਂ ਰਚੀ ਤੇਰੀ ਖੇਡ, ਸੁਤ ਸ਼ਬਦ ਦਿਆਂ ਵਡ ਵਡਿਆਈਆ। ਆਪਣੇ ਵਾਂਗ ਲੈ ਲਪੇਟ, ਕਰ ਪਿਆਰ ਗੋਦ ਬਹਾਈਆ। ਤੂੰ ਮੇਰੇ ਅੰਗਣ ਜਾਣਾ ਲੇਟ, ਮੈਂ ਤੇਰਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆ ਵੇਖ ਮੇਰਾ ਉਚ ਮਹੱਲਾ, ਹਰਿ ਜੂ ਆਖ ਸੁਣਾਇਆ। ਜਿਥੇ ਬੈਠਾ ਇਕ ਇਕੱਲਾ, ਆਪਣਾ ਆਸਣ ਲਾਇਆ। ਸਚ ਸਿੰਘਾਸਣ ਸਾਹਿਬ ਮੱਲਾ, ਦਿਸ ਕਿਸੇ ਨਾ ਆਇਆ। ਤੈਨੂੰ ਫੜਾਇਆ ਆਪਣਾ ਪੱਲਾ, ਪੱਲੂ ਗੰਢ ਪੁਆਇਆ। ਜੋਤੀ ਸ਼ਬਦੀ ਆਪੇ ਰਲਾ, ਧਾਰ ਵਿਚੋਂ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਵਖਾਇਆ। ਵੇਖ ਮੰਦਰ ਚੜ੍ਹਿਆ ਚਾਅ, ਥਿਰ ਘਰ ਖ਼ੁਸ਼ੀ ਮਨਾਈਆ। ਤੂੰ ਦਾਤਾ ਦਾਨੀ ਬੇਪਰਵਾਹ, ਪ੍ਰਭ ਤੇਰੀ ਵਡ ਵਡਿਆਈਆ। ਧੰਨ ਭਾਗ ਤੂੰ ਮੈਨੂੰ ਲਿਆ ਪ੍ਰਗਟਾ, ਦਿਤੀ ਮਾਣ ਵਡਿਆਈਆ। ਆਪਣਿਆਂ ਚਰਨਾਂ ਹੇਠਾਂ ਲਿਆ ਟਿਕਾ, ਆਪਣੀ ਏਕਾ ਗੰਢ ਪੁਆਈਆ। ਆਪਣਾ ਕੋਟ ਕਿਲਾ ਦਿਤਾ ਵਖਾ, ਸਚਖੰਡ ਹੋਏ ਰੁਸ਼ਨਾਈਆ। ਮੈਂ ਤਿੰਨੇ ਰੰਗ ਵੇਖੇ ਆ, ਏਕਾ ਘਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਤੇਰੀ ਓਟ ਤਕਾਈਆ। ਮੇਰੀ ਰੱਖਣੀ ਇਕੋ ਆਸ, ਹਰਿ ਜੂ ਆਖ ਸੁਣਾਇਆ। ਸੁਤ ਸ਼ਬਦ ਤੇਰਾ ਸਾਚਾ ਦਾਸ, ਹਰਿ ਸੇਵਕ ਇਕ ਬਣਾਇਆ। ਆਪਣਾ ਹੁਕਮ ਦੱਸਾਂ ਖ਼ਾਸ, ਭੁੱਲ ਕਦੇ ਨਾ ਜਾਇਆ। ਥਿਰ ਘਰ ਤੇਰੇ ਕਰਾਂ ਵਾਸ, ਤੇਰੀ ਬਣਤ ਬਣਾਇਆ। ਆਪਣੀ ਪੂਰੀ ਕਰਾਂ ਆਸ, ਤੇਰੀ ਖ਼ਾਹਿਸ਼ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੁਆਰਾ ਆਪ ਵਖਾਇਆ। ਆਪਣਾ ਦੁਆਰਾ ਹਰਿ ਵਖਾਲ, ਸ਼ਬਦ ਸੁਤ ਸਮਝਾਇੰਦਾ। ਸੁਣ ਸੁਣ ਮੇਰੇ ਸਾਚੇ ਲਾਲ, ਪ੍ਰਭ ਆਪਣੀ ਦਇਆ ਕਮਾਇੰਦਾ। ਇਕੋ ਇਕ ਧਰਮ ਮੇਰੀ ਸ਼ਾਲ, ਦਰ ਦਰਵਾਜਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਜਣਾਇੰਦਾ। ਸਚ ਨਿਸ਼ਾਨਾ ਕਰ ਧਿਆਨ, ਬਾਲਾ ਸੀਸ ਝੁਕਾਈਆ। ਜਾਚਕ ਬਣ ਕੇ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਤੂੰ ਸ਼ਹਿਨਸ਼ਾਹ ਮੇਰਾ ਹੁਕਮਰਾਨ, ਸਚਖੰਡ ਬੈਠਾ ਆਸਣ ਲਾਈਆ। ਮੈਂ ਸੁਣਿਆ ਤੇਰਾ ਫ਼ਰਮਾਣ, ਧਿਆਨ ਤੇਰੇ ਚਰਨ ਲਗਾਈਆ। ਮੈਂ ਮੰਗ ਮੰਗੀ ਆਣ, ਦੇਦੇ ਮੇਰੇ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਬੈਠਾ ਸੀਸ ਝੁਕਾਈਆ। ਸੀਸ ਝੁਕਾ ਗਿਆ ਝੁਕ, ਬਾਲੇ ਮਾਣ ਰਹੇ ਨਾ ਰਾਈਆ। ਪਾਰਬ੍ਰਹਮ ਪ੍ਰਭ ਜਾਏ ਤੁਠ, ਵਡ ਦਾਤਾ ਬੇਪਰਵਾਹੀਆ। ਫੜ ਕੇ ਬਾਹੋਂ ਗੋਦੀ ਲਏ ਚੁੱਕ, ਆਪਣੇ ਗਲੇ ਲਗਾਈਆ। ਤੇਰੀ ਮੇਰੀ ਇਕੋ ਰੱਤ, ਇਕੋ ਰੰਗ ਵਖਾਈਆ। ਮੈਂ ਪਿਤਾ ਤੂੰ ਮੇਰਾ ਸੁਤ, ਸਚਖੰਡ ਮੇਰੀ ਵੱਜੇ ਵਧਾਈਆ। ਥਿਰ ਘਰ ਬਹਿਣਾ ਤੂੰ ਟਿਕ, ਹਰਿ ਸਾਚਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸੁਤ ਦੁਲਾਰ ਮੰਨ ਕੇ ਕਹਿਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਤੇਰਾ ਸਾਹਿਬ ਭਾਣਾ ਸਹਿਣਾ, ਦੂਜਾ ਹੋਰ ਨਾ ਕੋਈ ਮੋਹੇ ਭਾਇੰਦਾ। ਤੂੰ ਦੇਣਾ ਮੈਂ ਤੈਥੋਂ ਲਹਿਣਾ, ਖ਼ਾਲੀ ਝੋਲੀ ਇਕ ਵਖਾਇੰਦਾ । ਤੇਰਾ ਪਿਆਰ ਮੇਰਾ ਗਹਿਣਾ, ਦੂਜਾ ਓਢਨ ਨਾ ਕੋਇ ਜਣਾਇੰਦਾ। ਤੇਰਾ ਦਰਸ ਮੇਰੇ ਨੈਣਾਂ, ਮੇਰਾ ਨੈਣ ਨੈਣ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇੰਦਾ। ਸੁਣ ਸੁਤ ਮੈਂ ਕਰਾਂ ਪਿਆਰ, ਆਪਣਾ ਆਪ ਸਮਝਾਈਆ। ਤੇਰੇ ਨਾਲ ਮੇਰਾ ਵਿਹਾਰ, ਵਿਵਹਾਰੀ ਲਏ ਕਰਾਈਆ। ਤੇਰੇ ਅੰਦਰ ਨਿਰਗੁਣ ਧਾਰ, ਜੋਤੀ ਜੋਤ ਮੇਰੀ ਰੁਸ਼ਨਾਈਆ। ਸ਼ਬਦੀ ਸ਼ਬਦ ਖੇਲ ਨਿਆਰ, ਹਰਿ ਆਪਣਾ ਆਪ ਜਣਾਈਆ। ਤੇਰੇ ਅੰਦਰੋਂ ਕੱਢਾਂ ਬਾਹਰ, ਆਪਣਾ ਰੂਪ ਲਵਾਂ ਪਰਗਟਾਈਆ। ਵਿਸ਼ਨੂੰ ਹੋ ਹੋਵਾਂ ਉਜਿਆਰ, ਵਿਸ਼ਨੂੰ ਆਪਣਾ ਰੰਗ ਵਖਾਲ, ਚਰਨ ਚਰਨ ਨਾਲ ਰਗੜਾਈਆ। ਥਿਰ ਘਰ ਵੜ ਕੇ ਕਰਾਂ ਖਿਆਲ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਨਾਉਂ ਰੱਖ ਦਿਆਲ, ਦੀਨਨ ਦਇਆ ਕਮਾਈਆ। ਵਿਸ਼ਨੂੰ ਕਰ ਆਪ ਪ੍ਰਿਤਪਾਲ, ਏਕਾ ਬਾਜ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਰਸ, ਤੇਰਾ ਇਕ ਭਰਾਈਆ। ਹਰਿ ਜੂ ਅੰਦਰ ਜਾਏ ਵਸ, ਆਪਣਾ ਖੇਲ ਕਰਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਨੂਰ ਨੂਰ ਕਰੀ ਰੁਸ਼ਨਾਈਆ। ਆਪੇ ਜਾਣੇ ਖੇਲ ਤਮਾਸ਼, ਪਾਰਬ੍ਰਹਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੂਟਾ ਆਪੇ ਲਾਈਆ। ਵਿਸ਼ਨੂੰ ਅੰਦਰ ਹਰਿ ਜੂ ਮੌਲ, ਆਪਣੀ ਖੇਲ ਕਰਾਈਆ। ਆਪੇ ਜਾਣੇ ਆਪਣਾ ਕੌਲ, ਕਵਲ ਆਪਣਾ ਆਪ ਪਰਗਟਾਈਆ। ਆਪੇ ਪਰਦਾ ਆਪੇ ਉਹਲ, ਆਪੇ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਵਿਸ਼ਨੂੰ ਨਾਭੀ ਕਵਲ ਧਾਰ, ਹਰਿ ਹਰਿ ਆਪ ਬਣਾਇੰਦਾ। ਲੇਖਾ ਜਾਣੇ ਅਗੰਮ ਅਪਾਰ, ਭੇਵ ਕੋਇ ਨਾ ਪਾਇੰਦਾ। ਅੰਦਰੇ ਅੰਦਰ ਖਿੜੀ ਗੁਲਜ਼ਾਰ, ਪਤ ਡਾਲੀ ਆਪ ਮਹਿਕਾਇੰਦਾ। ਏਕਾ ਕਵਲਾ ਕਰ ਤਿਆਰ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਏਕਾ ਬ੍ਰਹਮ ਕਰੇ ਵਿਚਾਰ, ਹਰਿ ਸਾਚਾ ਗੁਣ ਸਮਝਾਇੰਦਾ। ਵਿਸ਼ਨ ਬ੍ਰਹਮਾ ਕਰ ਤਿਆਰ, ਤਾਰ ਸਿਤਾਰ ਹਿਲਾਇੰਦਾ। ਬਣ ਨਾਰੀ ਪੁਰਖ ਕਰੇ ਵਿਹਾਰ, ਕਰਤਾ ਪੁਰਖ ਖੇਲ ਕਰਾਇੰਦਾ। ਸੁੰਨ ਅਗੰਮੀ ਧੂਆਂਧਾਰ, ਆਪਣਾ ਸੰਗ ਵਖਾਇੰਦਾ। ਕਰੇ ਖੇਲ ਅਗੰਮ ਅਪਾਰ, ਆਪਣੀ ਇਛਿਆ ਆਪ ਪ੍ਰਗਟਾਇੰਦਾ। ਏਕਾ ਸ਼ੰਕਰ ਲਏ ਉਠਾਲ, ਆਪਣੀ ਸ਼ਾਖ਼ਾ ਆਪ ਬਣਾਇੰਦਾ। ਤਿੰਨਾਂ ਵੇਖਿਆ ਇਕ ਦੁਆਰ, ਹਰਿ ਸਾਚਾ ਸਚ ਸਮਝਾਇੰਦਾ। ਸੁਤ ਸ਼ਬਦ ਤੂੰ ਕਰੀਂ ਪਿਆਰ, ਸਿਰ ਤੇਰੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਜਗਾ, ਤੇਰੀ ਗੋਦ ਸੁਹਾਈਆ। ਏਕਾ ਮਾਰਗ ਆਪੇ ਪਾ, ਆਪਣਾ ਗੁਣ ਦਿਆਂ ਜਣਾਈਆ। ਤਿੰਨਾਂ ਸੁਰਤੀ ਆਪ ਖੁਲ੍ਹਾ, ਨਾਦ ਤੂਰਤੀ ਇਕ ਵਜਾ, ਨਾਨਾ ਰੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸੁਣ ਸੁਤ ਸ਼ਬਦ ਦੁਲਾਰੇ, ਹਰਿ ਜੂ ਆਖ ਸੁਣਾਇੰਦਾ। ਆਪਣੀ ਕਰਨੀ ਕਰਤਾ ਕਰੇ, ਕਿਰਨ ਕਿਰਨ ਨਾਲ ਮਿਲਾਇੰਦਾ। ਆਪੇ ਦੇਵੇ ਆਪਣਾ ਵਰੇ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਜਣਾ, ਜਨ ਜਣੇਦੀ ਮਾਈਆ। ਤਿੰਨੇ ਚੇਲੇ ਸੇਵਾ ਲਾ, ਏਕਾ ਇਛਿਆ ਵੇਖ ਵਖਾਈਆ। ਏਕਾ ਭਿਛਿਆ ਦੇਵੇ ਪਾ, ਪੁਰਖ ਅਬਿਨਾਸ਼ੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਿੰਨਾਂ ਬਣਾਏ ਇਕ ਜਮਾਤ, ਏਕਾ ਗੁਣ ਸਮਝਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਤ, ਰਜੋ ਤਮੋ ਸਤੋ ਆਪ ਉਪਜਾਇੰਦਾ। ਆਪੇ ਬੈਠਾ ਰਹੇ ਇਕ ਇਕਾਂਤ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸ਼ਬਦ ਸੁਤ ਤੇਰੀ ਵੰਡ, ਹਰਿ ਜੂ ਆਪ ਸੁਣਾਇੰਦਾ। ਕੋਟਨ ਕੋਟ ਵਿਚ ਬ੍ਰਹਿਮੰਡ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਤੇਰਾ ਨੂਰ ਸੂਰਜ ਚੰਦ, ਮੰਡਲ ਮੰਡਪ ਆਪ ਬਣਾਇੰਦਾ। ਲੋਆਂ ਪੁਰੀਆਂ ਬੇੜਾ ਬੰਨ੍ਹ, ਏਕਾ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਧੰਨ ਧੰਨ, ਤੇਰਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਸਮਝਾਇੰਦਾ। ਸਾਚਾ ਰਾਹ ਦੱਸੇ ਕਰਤਾਰ, ਨਿਰਗੁਣ ਆਪਣੀ ਦਇਆ ਕਮਾਈਆ। ਵਿਸ਼ਨੂੰ ਲਵੇ ਇਕ ਵਿਹਾਰ, ਹਰਿ ਭੰਡਾਰਾ ਦਏ ਵਰਤਾਈਆ। ਬ੍ਰਹਮੇ ਦੇਵੇ ਇਕ ਸਹਾਰ, ਬ੍ਰਹਮਵੇਤਾ ਵਡ ਵਡਿਆਈਆ। ਸ਼ੰਕਰ ਬਖ਼ਸ਼ੇ ਏਕਾ ਛਾਰ, ਧੂੜੀ ਟਿੱਕਾ ਮਸਤਕ ਲਾਈਆ। ਤ੍ਰੈਗੁਣ ਮਾਇਆ ਕਰੇ ਵਿਚਾਰ, ਪ੍ਰਭ ਅੱਗੇ ਝੋਲੀ ਡਾਹੀਆ। ਸਾਨੂੰ ਦੱਸ ਕੀ ਸਾਡਾ ਵਿਹਾਰ, ਕਿਸ ਕਾਰਨ ਲਿਆ ਉਪਜਾਈਆ। ਪੁਰਖ ਅਬਿਨਾਸ਼ੀ ਦਏ ਅਧਾਰ, ਤਿੰਨਾਂ ਗੁਣ ਜਣਾਈਆ। ਵਿਸ਼ਨ ਬ੍ਰਹਮੇ ਸ਼ਿਵ ਕਰੋ ਪਿਆਰ, ਹੋਏ ਇਕ ਕੁੜਮਾਈਆ। ਤੁਹਾਡੇ ਵਿਚੋਂ ਕੱਢਾਂ ਬਾਹਰ, ਆਪਣਾ ਤੱਤ ਸਮਝਾਈਆ। ਪੰਚਮ ਪੰਚ ਕਰ ਤਿਆਰ, ਏਕਾ ਖੇਲ ਖਲਾਈਆ। ਨਿਰਗੁਣ ਨਿਰਗੁਣ ਕਰ ਵਿਹਾਰ, ਸਰਗੁਣ ਬਣਤ ਬਣਾਈਆ। ਸ਼ਬਦ ਵਿਚੋਲਾ ਬਣੇ ਸੰਸਾਰ, ਹਰਿ ਸਾਚਾ ਹੁਕਮ ਸੁਣਾਈਆ। ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰ, ਆਪਣੀ ਸੇਵਕ ਸੇਵ ਕਮਾਈਆ। ਦਿਸ ਨਾ ਆਏ ਹਰਿ ਘੁਮਿਆਰ, ਕੋਹਲੂ ਚੱਕੀ ਚੱਕ ਰਿਹਾ ਚਲਾਈਆ । ਵਿਸ਼ਨ ਬ੍ਰਹਮਾ ਸ਼ਿਵ ਪਾਣੀ ਭਰਨਹਾਰ, ਤ੍ਰੈਗੁਣ ਰਹੀ ਸੇਵ ਕਮਾਈਆ। ਪੰਜ ਤੱਤ ਲੱਗਾ ਇਕ ਅਖਾੜ, ਹਰਿ ਜੂ ਨਾਚ ਨਚਾਈਆ। ਕਰੇ ਖੇਲ ਅਗੰਮ ਅਪਾਰ, ਪੁਰਖ ਅਬਿਨਾਸ਼ੀ ਦਏ ਸਮਝਾਈਆ। ਨਿਰਗੁਣ ਸਰਗੁਣ ਕਰ ਤਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਮਨ ਮਤ ਬੁਧ ਦਏ ਅਧਾਰ, ਨੌਂ ਦੁਆਰੇ ਖੋਲ੍ਹ ਵਖਾਈਆ। ਘਰ ਵਿਚ ਘਰ ਕਰ ਤਿਆਰ, ਆਪਣਾ ਰੂਪ ਛੁਪਾਈਆ। ਵਿਸ਼ਨੂੰ ਮੰਗੇ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ਼ੰਕਰ ਧੂੜੀ ਮੰਗੇ ਛਾਰ, ਮਸਤਕ ਟਿੱਕਾ ਲਾਈਆ। ਬਿਨ ਤੇਰੀ ਭਿਛਿਆ ਨਾ ਚਲੇ ਸਾਡਾ ਵਿਹਾਰ, ਖ਼ਾਲੀ ਬੁੱਤ ਕੰਮ ਕਿਸੇ ਨਾ ਆਈਆ। ਤੂੰ ਨਿਰਾਕਾਰ ਬਣ ਸਾਕਾਰ, ਆਪਣੀ ਵੰਡ ਵੰਡਾਈਆ। ਤੇਰੀ ਨਿਰਗੁਣ ਸਰਗੁਣ ਅੰਦਰ ਆਵੇ ਧਾਰ, ਪਾਰਬ੍ਰਹਮ ਬ੍ਰਹਮ ਰੂਪ ਵਖਾਈਆ। ਤੂੰ ਈਸ਼ਵਰ ਸੱਜਣ ਮੀਤ ਮੁਰਾਰ, ਜੀਵ ਤੇਰਾ ਬੰਸ ਅਖਵਾਈਆ। ਸੋ ਪੁਰਖ ਨਿਰੰਜਣ ਵਸਿਆ ਧਾਮ ਨਿਆਰ, ਤੇਰੀ ਮਹਿਮਾ ਅਕੱਥ ਕੱਥੀ ਨਾ ਜਾਈਆ। ਰੰਗ ਰੂਪ ਸਰਬ ਸੰਸਾਰ, ਲੱਖ ਚੁਰਾਸੀ ਤੇਰਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਸੁਣਿਆ ਹਾਲ ਧੁਰ ਫ਼ਰਮਾਣਾ, ਸ਼ਬਦੀ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਤੇਰਾ ਭੇਵ ਮੋਹੇ ਨਾ ਆਇਆ। ਲੱਖ ਚੁਰਾਸੀ ਖੇਲ ਖਿਲਾਣਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇਆ। ਨਿਰਗੁਣ ਸਰਗੁਣ ਹੋਏ ਪਰਧਾਨਾ, ਰੂਪ ਅਨੂਪ ਵਟਾਇਆ। ਰਵ ਸਸ ਇਕ ਚਮਕਾਨਾ, ਕਿਰਨ ਕਿਰਨ ਕਿਰਨ ਵਖਾਇਆ। ਮੰਡਲ ਮੰਡਪ ਬੰਕ ਬਣਾਣਾ, ਲੋਆਂ ਪੁਰੀਆਂ ਵੰਡ ਵੰਡਾਇਆ। ਜਲ ਥਲ ਮਹੀਅਲ ਆਪ ਰਖਾਨਾ, ਧਰਨੀ ਧਵਲ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਖੇਲ ਲੋਕਮਾਤ ਆਪਣਾ ਰੰਗ ਵਖਾਇਆ। ਸ਼ਬਦ ਸੁਤ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਬੇਅੰਤ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਅਨੰਦ, ਅਨੰਦ ਅਨੰਦ ਵਿਚ ਮਿਲਾਈਆ। ਤੇਰਾ ਗਾਵਾਂ ਸੱਚਾ ਛੰਦ, ਸੋਹੰ ਢੋਲਾ ਇਕ ਸੁਣਾਈਆ। ਤੂੰ ਵੰਡੀ ਇਕੋ ਵੰਡ, ਵੰਡਣਹਾਰ ਬੇਪਰਵਾਹੀਆ। ਕਰੇ ਖੇਲ ਵਿਚ ਵਰਭੰਡ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਤੇਰੀ ਸੇਵਾ ਕਰਨ ਸੂਰਜ ਚੰਦ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਮੰਗ ਮੰਗਾਈਆ। ਸੁਣ ਬਾਲਕ ਮੇਰੇ ਬਾਲ, ਹਰਿ ਬਾਲੀ ਬੁੱਧ ਜਣਾਇੰਦਾ। ਮੈਂ ਕਰਾਂ ਖੇਲ ਕਮਾਲ, ਆਪਣਾ ਰਾਹ ਚਲਾਇੰਦਾ। ਦੋ ਜਹਾਨਾਂ ਵੱਜੇ ਤਾਲ, ਆਪਣਾ ਨਾਦ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਾਂ ਬਿਠਾਲ, ਹੁਕਮਰਾਨ ਆਪ ਅਖਵਾਇੰਦਾ। ਤ੍ਰੈਗੁਣ ਮਾਇਆ ਵਸੇ ਨਾਲ, ਨਿਝ ਨਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਅਵੱਲੜੀ ਚਾਲ, ਚਾਰੇ ਖਾਣੀ ਵੰਡ ਵੰਡਾਇੰਦਾ। ਚਾਰੇ ਬਾਣੀ ਕਰ ਪਿਆਰ, ਏਕਾ ਰਾਗ ਅਲਾਇੰਦਾ। ਚਾਰੇ ਵੇਦ ਕਰ ਤਿਆਰ, ਏਕਾ ਨਾਦ ਸੁਣਾਇੰਦਾ। ਚਾਰੇ ਜੁਗ ਕਰ ਵਿਹਾਰ, ਜੁਗ ਜੁਗ ਵੇਸ ਵਟਾਇੰਦਾ। ਚਾਰੇ ਕੁੰਟਾਂ ਕਰ ਪਸਾਰ, ਦਹਿ ਦਿਸ਼ਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਲੋਕਮਾਤ ਡਗਮਗਾਇੰਦਾ। ਤੇਰਾ ਨਾਦ ਅਗੰਮੀ ਧਾਰ, ਘਰ ਘਰ ਆਪ ਵਜਾਇੰਦਾ। ਲੱਖ ਚੁਰਾਸੀ ਵਿਚੋਂ ਕਰ ਸਰਦਾਰ, ਮਾਨਸ ਮਨੁੱਖ ਨਾਉਂ ਧਰਾਇੰਦਾ। ਪ੍ਰਗਟ ਹੋ ਕੇ ਜਾਵਾਂ ਵਿਚ ਸੰਸਾਰ, ਜੁਗ ਜੁਗ ਖੇਲ ਕਰਾਇੰਦਾ। ਆਪਣਾ ਨਾਉਂ ਰੱਖ ਗੁਰ ਅਵਤਾਰ, ਛੋਟਾ ਹਿੱਸਾ ਵੰਡ ਵੰਡਾਇੰਦਾ। ਭਗਤਾਂ ਕਰਾਂ ਇਕ ਪਿਆਰ, ਸਾਚੀ ਭਗਤੀ ਨਾਮ ਦ੍ਰਿੜਾਇੰਦਾ। ਸੰਤਾਂ ਖੋਲ੍ਹਾਂ ਬੰਦ ਕਵਾੜ, ਏਕਾ ਨੈਣ ਵਖਾਇੰਦਾ। ਗੁਰਮੁਖਾਂ ਚਰਨ ਕਵਲ ਲਵਾਂ ਬਿਠਾਲ, ਸਚ ਦੁਆਰ ਇਕ ਸਮਝਾਇੰਦਾ। ਗੁਰਸਿਖਾਂ ਚਲਾ ਚਲਾ ਨਾਲ ਨਾਲ, ਜੁਗ ਜੁਗ ਵੇਸ ਵਟਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰਾਂ ਏਕਾ ਮੰਤਰ ਨਾਮ ਸਖਾਲ, ਜੀਵਾਂ ਜੰਤਾਂ ਮਾਤ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਸੁਣ ਹਾਲ, ਗੀਤ ਲੋਕਮਾਤ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੱਜੇ ਤਾਲ, ਤਲਵਾੜਾ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਰੂਪ ਵਟਾਇੰਦਾ। ਪੰਜ ਤੱਤ ਚੋਲਾ ਦਏ ਅਧਾਰ, ਤ੍ਰੈਗੁਣ ਅਤੀਤਾ ਖੇਲ ਖਿਲਾਇੰਦਾ। ਸਾਚਾ ਸੋਹਲਾ ਅਪਰ ਅਪਾਰ, ਅਗੰਮੀ ਢੋਲਾ ਆਪੇ ਗਾਇੰਦਾ। ਪੀਰ ਪੈਗ਼ੰਬਰ ਕਰ ਤਿਆਰ, ਦਸਤਗੀਰ ਹੱਥ ਮਿਲਾਇੰਦਾ। ਕਲਮਾ ਕਲਾਮ ਬੋਲ ਨਾਅਰ, ਹੱਕ ਹਕ਼ੀਕ਼ਤ ਇਕ ਵਖਾਇੰਦਾ। ਜੁਗ ਚੌਕੜੀ ਸੁਣੀ ਕੋਟੀ ਕੋਟ ਵਾਰ, ਗੇੜਾ ਗੇੜੇ ਵਿਚ ਭੁਵਾਇੰਦਾ। ਇਕ ਗੇੜਾ ਖੇਲ ਅਪਾਰ, ਹਰਿ ਜੂ ਸਾਚਾ ਆਪ ਜਣਾਇੰਦਾ। ਸੇਵਾ ਕਰਨ ਤੇਈ ਅਵਤਾਰ, ਭਗਤ ਅਠਾਰਾਂ ਨਾਲ ਮਿਲਾਇੰਦਾ । ਦਸ ਗੁਰ ਬੋਲ ਜੈਕਾਰਾ, ਪੁਰਖ ਅਕਾਲ ਇਕ ਸੁਣਾਇੰਦਾ। ਅੰਤਮ ਸਾਰੇ ਜਾਣ ਹਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਕਰ ਕਰ ਜਾਣ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਕੋਈ ਕਹੇ ਮੁਕਾਮੇ ਹੱਕ ਵਸੇ ਪਰਵਰਦਿਗਾਰ, ਰਾਉ ਰੰਕਾ……….। ਕੋਈ ਕਹੇ ਰਾਮ ਕੋਈ ਕਹੇ ਕਾਹਨਾ ਕ੍ਰਿਸ਼ਨ ਕਰੇ ਸ਼ਿੰਗਾਰ, ਕਵਲ ਨੈਣ ਨੈਣ ਮਟਕਾਇੰਦਾ। ਕੋਈ ਕਹੇ ਈਸਾ ਮੂਸਾ ਸਿਰਜਣਹਾਰ, ਘਰ ਘਰ ਰਿਜਕ ਪੁਚਾਇੰਦਾ। ਕੋਈ ਕਹੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਇੰਦਾ । ਕੋਈ ਕਹੇ ਨਾਨਕ ਨਿਰੰਕਾਰ, ਨਿਰਾਕਾਰ ਖੇਲ ਖਿਲਾਇੰਦਾ। ਕੋਈ ਕਹੇ ਗੋਬਿੰਦ ਸਰਦਾਰ, ਲੋਕਮਾਤ ਬਲ ਧਰਾਇੰਦਾ। ਪੁਰਖ ਅਕਾਲ ਕਹੇ ਮੇਰੀ ਸ਼ਬਦੀ ਧਾਰ, ਜੁਗ ਜੁਗ ਵੇਸ ਵਟਾਇੰਦਾ। ਰੂਪ ਰੰਗ ਤੋਂ ਵਸਿਆ ਬਾਹਰ, ਮੇਰਾ ਭੇਵ ਕੋਇ ਨਾ ਪਾਇੰਦਾ। ਮੇਰੀ ਅਲਖ ਜਗਤ ਜੈਕਾਰ, ਜੋਤ ਨਿਰੰਜਣ ਸੇਵਾ ਲਾਇੰਦਾ। ਆਦਿ ਨਿਰੰਜਣ ਦੇ ਦੀਦਾਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਪਣਾ ਨਾਉਂ ਕਰ ਤਿਆਰ, ਸਾਚਾ ਢੋਲਾ ਆਪ ਸੁਣਾਇੰਦਾ। ਬ੍ਰਹਮੇ ਦਿਤੀ ਨਿੱਕੀ ਜੇਹੀ ਵਿਚਾਰ, ਚਾਰੇ ਵੇਦਾਂ ਮੁਖ ਸਾਲਾਹਿੰਦਾ। ਵੇਦ ਵਿਆਸ ਉਹਲੇ ਹੋ ਸੁਣੀ ਪੁਕਾਰ, ਪੁਰਾਨ ਅਠਾਰਾਂ ਬਹਿ ਬਹਿ ਗਾਇੰਦਾ। ਅਰਜਨ ਦਿਤਾ ਭਗਤ ਸਿਖਾਲ, ਅਠਾਰਾਂ ਗੀਤਾ ਗਿਆਨ ਦ੍ਰਿੜਾਇੰਦਾ। ਈਸਾ ਮੂਸਾ ਦਿਤੀ ਇਕ ਕਲਾਮ, ਆਪਣਾ ਕਲਮਾ ਨਾ ਕਿਸੇ ਪੜ੍ਹਾਇੰਦਾ। ਫੜ ਫੜ ਆਪ ਪਾਏ ਛੋਟੇ ਬਾਲ ਧਾਮ, ਆਪਣਾ ਆਸਣ ਉਪਰ ਡਾਹਿੰਦਾ। ਨਾਨਕ ਨਿਰਗੁਣ ਦੇ ਪੈਗ਼ਾਮ, ਨਾਮ ਸਤਿ ਢੋਲਾ ਗਾਇੰਦਾ। ਗੋਬਿੰਦ ਨਿਉਂ ਨਿਉਂ ਕਰੇ ਪਰਨਾਮ, ਪੁਰਖ ਅਕਾਲ ਇਕ ਮਨਾਇੰਦਾ। ਆਦਿ ਜੁਗਾਦਿ ਜਿਸ ਅੱਗੇ ਸਯਦਾ ਗੁਰ ਪੀਰ ਅਵਤਾਰ ਕਰਨ ਸਲਾਮ, ਸਹੀ ਸਲਾਮਤ ਆਦਿ ਜੁਗਾਦਿ ਸਮਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਆਪਣਾ ਹੁਕਮ ਆਪ ਵਰਤਾਇੰਦਾ । ਇਕੋ ਅੱਖਰ ਦਏ ਗਿਆਨ, ਨਾਨਕ ਨਿਰਗੁਣ ਆਪ ਪੜ੍ਹਾਇੰਦਾ। ਬੇਪਹਿਚਾਣ ਕਰਾਉਣੀ ਪਹਿਚਾਨ, ਪੰਚਮ ਆਪਣਾ ਰਾਗ ਸੁਣਾਇੰਦਾ। ਕਾਇਆ ਮੰਦਰ ਅੰਦਰ ਕਰ ਬੰਦ ਮਕਾਨ, ਚਾਰੋਂ ਕੁੰਟ ਘੇਰਾ ਪਾਇੰਦਾ। ਨਾਲ ਰਖਾਏ ਪੰਜ ਸ਼ੈਤਾਨ, ਦਿਵਸ ਰੈਣ ਜੰਗ ਕਰਾਇੰਦਾ। ਉਪਰ ਚੜ੍ਹ ਕੇ ਵੇਖੋ ਨਿਗਹਬਾਨ, ਦਿਸ ਕਿਸੇ ਨਾ ਆਇੰਦਾ। ਜੁਗ ਚੌਕੜੀ ਖੇਲ ਮਹਾਨ, ਗੁਰ ਅਵਤਾਰ ਸੇਵਾ ਲਾਇੰਦਾ। ਸੁਤ ਸ਼ਬਦ ਤੂੰ ਬਲਵਾਨ, ਤੇਰਾ ਡੰਕਾ ਇਕ ਵਜਾਇੰਦਾ। ਤੇਰੀ ਓਟ ਸਰਬ ਧਿਆਨ, ਸਿਰ ਤੇਰਾ ਹੱਥ ਵਖਾਇੰਦਾ। ਤੂੰ ਸਭਨਾ ਦਾ ਸੱਚਾ ਕਾਹਨ, ਲੱਖ ਚੁਰਾਸੀ ਗੋਪੀ ਤੇਰੀ ਇਕ ਬਣਾਇੰਦਾ। ਜਿਉਂ ਭਾਵੇ ਤਿਉਂ ਕਰਨਾ ਆਣ, ਮੇਰੇ ਹੱਥ ਆਪਣਾ ਹੱਥ ਫੜਾਇੰਦਾ। ਤੂੰ ਜੋਧਾ ਸੂਰਬੀਰ ਵਡ ਬਲਵਾਨ, ਤੇਰਾ ਬਲ ਆਪ ਪ੍ਰਗਟਾਇੰਦਾ। ਤੇਰਾ ਖੰਜ਼ਰ ਇਕ ਮਿਆਨ, ਤਿੱਖਾ ਖੰਡਾ ਨਾਮ ਚਮਕਾਇੰਦਾ। ਤੂੰ ਮੇਰਾ ਮੈਂ ਤੇਰੀ ਕਰੀ ਪਹਿਚਾਨ, ਮੈਂ ਪਹਿਚਾਨ ਵਿਚ ਕਿਸੇ ਨਾ ਆਇੰਦਾ। ਮੈਨੂੰ ਤੇਰਾ ਤੇਰਾ ਮੈਨੂੰ ਮਾਣ, ਆਪ ਆਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਇਕ ਸਮਝਾਇੰਦਾ। ਸੁਤ ਦੁਲਾਰ ਅੱਗੋਂ ਬੋਲੇ, ਪ੍ਰਭ ਅੱਗੇ ਸੀਸ ਝੁਕਾਈਆ। ਲੋਕਮਾਤ ਦੁਆਰਾ ਤੂੰ ਹੀ ਖੋਲ੍ਹੇਂ, ਤੇਰੇ ਹੱਥ ਵਡਿਆਈਆ। ਬਣ ਸਾਚਾ ਤੋਲ ਤੋਲੇ, ਲੱਖ ਚੁਰਾਸੀ ਕੰਡੇ ਨਾਲ ਤੁਲਾਈਆ। ਆਪਣਾ ਨਾਉਂ ਗਾਏਂ ਢੋਲੇ, ਆਪਣਾ ਰਾਗ ਸੁਣਾਈਆ। ਕਾਇਆ ਧਰਤੀ ਆਪੇ ਮੌਲਂੇ, ਮੌਲਾ ਰੂਪ ਵਖਾਈਆ। ਅੰਮ੍ਰਿਤ ਬਰਸ ਆਪੇ ਕਵਲੇ, ਕਵਲ ਨਾਭ ਵਖਾਈਆ। ਆਪੇ ਵਸੇ ਪਰਦੇ ਉਹਲੇ, ਨਿਰਗੁਣ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕਤ ਆਪਣੀ ਵਖਾਈ ਸਾਚੀ ਸ਼ਕਤ, ਸਭ ਦੀ ਸ਼ਕਤੀ ਮਾਤ ਟਿਕਾਈਆ । ਦੱਸ ਪਤਾ ਹਉਂ ਮੰਗਾਂ ਪੂਤ, ਸੁਤ ਸ਼ਬਦੀ ਆਖ ਸੁਣਾਇਆ। ਮੈਂ ਤਾਣਾ ਪੇਟਾ ਇਕੋ ਸੂਤ, ਤੂੰ ਤੰਦੀ ਤੰਦ ਬੰਧਾਇਆ। ਆਦਿ ਜੁਗਾਦੀ ਮੈਂ ਕੀ ਜਾਣਾ ਤੇਰੀ ਰੀਤ, ਨਿਸ਼ਅੱਖਰ ਖੇਲ ਖਲਾਇਆ। ਮੈਂ ਸੁਣਿਆ ਤੂੰ ਬਣਾਉਣੇ ਮੰਦਰ ਮਸੀਤ, ਸ਼ਬਦ ਦੁਲਾਰੇ ਸੁਤ ਨਾਲ ਰਲਾਇਆ। ਗੁਰਦੁਆਰੇ ਗਾਉਣੇ ਤੇਰੇ ਗੀਤ, ਰਸਨਾ ਜਿਹਵਾ ਨਾਲ ਹਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਜਾਣਾ ਬੀਤ, ਤੇਰਾ ਭੇਵ ਕਿਸੇ ਨਾ ਪਾਇਆ। ਕਲਜੁਗ ਅੰਤ ਹੋਏ ਸਰਬ ਪਲੀਤ, ਪਾਕੀ ਪਾਕ ਨਾ ਕੋਇ ਅਖਵਾਇਆ। ਮੈਂ ਉਪਰ ਵੇਖਿਆ ਤੂੰ ਵਸੇਂ ਧਾਮ ਅਨਡੀਠ, ਚਾਰ ਦੀਵਾਰੀ ਅੰਦਰ ਬੰਦ ਨਾ ਕਿਸੇ ਕਰਾਇਆ। ਕਲਜੁਗ ਅੰਤਮ ਸ਼ਰੀਅਤ ਹੋਏ ਡੀਠ, ਦੀਨ ਮਜ਼੍ਹਬ ਪੈਣ ਕੁਰਲਾਇਆ। ਤੂੰ ਸੌਂ ਜਾਈਂ ਕਰ ਕੇ ਹਠ, ਆਪਣੀ ਕਰਵਟ ਨਾ ਬਦਲਾ ਨਾ ਕਿਸੇ ਦਾ ਮੀਤ, ਗੋਬਿੰਦ ਤੂੰ ਵਸੇ ਹਸਤ ਕੀਟ, ਬਿਨ ਨਾਨਕ ਨਜ਼ਰ ਕਿਸੇ ਨਾ ਆਇਆ। ਕਬੀਰ ਜੁਲਾਹਾ ਉਪਰ ਚੜ੍ਹ ਕੇ ਰਿਹਾ ਕੂਕ, ਹਰਿ ਮੰਦਰ ਨਜ਼ਰੀ ਆਇਆ। ਤੂੰ ਤ੍ਰੈਗੁਣ ਅਗਨੀ ਦਿਤੀ ਫੂਕ, ਜਿਸ ਸਿਰ ਹੱਥ ਟਿਕਾਇਆ। ਤੇਰੇ ਉਤੋਂ ਮੈਂ ਘੋਲ ਵਾਰਾਂ ਤੇਰਾ ਪੂਤ, ਤੇਰੇ ਚਰਨਾਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਮੰਗ ਮੰਗਾਇਆ। ਥਿਰ ਘਰ ਬਣਿਆ ਤੇਰਾ ਪੁੱਤ, ਤੂੰ ਦੋ ਜਹਾਨ ਸੇਵ ਲਗਾਈਆ। ਲੋਕਮਾਤ ਕਵਣ ਵੇਲਾ ਸੁਹਾਏ ਰੁੱਤ, ਮੈਂ ਏਕਾ ਮੰਗ ਮੰਗਾਈਆ। ਤੂੰ ਦਿਆਲ ਠਾਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਵਡੀ ਵਡਿਆਈਆ। ਸਚਖੰਡ ਦੁਆਰੇ ਬੈਠਾ ਲੁਕ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੱਲ ਪੱਲੂ ਰਿਹਾ ਪਾਈਆ। ਗੱਲ ਪੱਲੂ ਲਿਆ ਪਾ, ਪ੍ਰਭ ਚਰਨ ਸੀਸ ਝੁਕਾਇਆ। ਨਿਰਗੁਣ ਆਪਣੀ ਦਇਆ ਕਮਾ, ਦਇਆਵਾਨ ਤੂੰ ਅਖਵਾਇਆ। ਮੇਰਾ ਬਣਨਾ ਅੰਤ ਮਲਾਹ, ਵੇਲਾ ਤੇਰੇ ਹੱਥ ਰਖਾਇਆ। ਤੂੰ ਦੇ ਦੇ ਸਚ ਸਲਾਹ, ਆਪਣਾ ਵੇਲਾ ਵਕਤ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਆਪਣਾ ਭੇਵ ਦੇਵੇ ਦੱਸ, ਆਦਿ ਪੁਰਖ ਆਦਿ ਦਇਆ ਕਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੀ ਵੰਡ ਵੰਡਾਈਆ। ਅੰਤਮ ਕਲਜੁਗ ਨਿਰਗੁਣ ਨੂਰ ਕਰ ਪਰਗਟ, ਕਰਾਂ ਖੇਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸੁਣਾਈਆ। ਸ਼ਬਦ ਸੁਤ ਕਰੇ ਨਾਂਹ, ਨੇਤਰ ਨੈਣਾਂ ਨੀਰ ਵਹਾਇੰਦਾ। ਜੇ ਕੱਲਾ ਆਵਾਂ ਮੈਂ ਮੰਨਾਂ ਨਾ, ਤੇਰਾ ਵਿਛੋੜਾ ਮੋਹਿ ਨਾ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਮੰਗ ਮੰਗਾਇੰਦਾ। ਏਕਾ ਵਰ ਦੇ ਕਰਤਾਰ, ਆਦਿ ਮੰਗ ਮੰਗਾਈਆ। ਅੰਤਮ ਮੇਲਾ ਤੇਰਾ ਸੰਸਾਰ, ਘਰ ਸਾਚੇ ਵੱਜੇ ਵਧਾਈਆ। ਪਿਓ ਸੁਤ ਨਾਲ ਕਰੇ ਪਿਆਰ, ਵੇਖੇ ਸਰਬ ਲੋਕਾਈਆ। ਨਾਤਾ ਤੋੜ ਲੱਖ ਚੁਰਾਸੀ ਯਾਰ, ਯਾਰੀ ਯਾਰਾਂ ਨਾਲ ਬੰਧਾਈਆ। ਆਪਣਾ ਦੱਸ ਦੇ ਸਚ ਵਿਹਾਰ, ਕਵਣ ਬਿਧ ਖੇਲ ਖਲਾਈਆ। ਖੇਲ ਕਰੇ ਪੁਰਖ ਨਾਰ, ਨਰ ਨਿਰੰਕਾਰ ਬੇਪਰਵਾਹੀਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤੇਰਾ ਹੁਕਮ ਸਦ ਰਜਾਈਆ। ਜੁਗ ਚੌਕੜੀ ਭੇਵ ਨਿਆਰ, ਕੋਟਨ ਕੋਟ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਪਨਹਾਰ, ਪੀਸਣ ਪੀਸ ਸੇਵ ਕਮਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਭਗਤ ਮੰਗਣ ਇਕ ਦੀਦਾਰ, ਨੇਤਰ ਨੈਣ ਉਠਾਈਆ। ਸੰਤ ਅੰਦਰ ਵੜ ਵੜ ਕੱਢਣ ਹਾੜਾ, ਬੌਹੜੀ ਬੌਹੜੀ ਦੇਣ ਦੁਹਾਈਆ। ਗੁਰਮੁਖ ਰੋਵਣ ਜਾਰੋ ਜਾਰਾ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਮੰਗਣ ਤੇਰਾ ਸਹਾਰਾ, ਬਿਨ ਤੇਰੇ ਹੱਥ ਕਛੂ ਨਾ ਆਈਆ। ਪੁਰਖ ਅਬਿਨਾਸ਼ੀ ਅਗੋਂ ਕਹੇ ਏਕਾ ਸੁਣ ਮੇਰੇ ਬਾਲ ਸਖਾਈ ਮੈਂ ਕਰਾਂ ਖੇਲ ਅਪਾਰਾ, ਲੋਕਮਾਤ ਰਾਹ ਚਲਾਈਆ। ਸ਼ਬਦ ਸੁਨੇਹੁੜਾ ਗੁਰ ਅਵਤਾਰਾਂ, ਜੁਗ ਜੁਗ ਆਪ ਸੁਣਾਈਆ। ਕਲਜੁਗ ਕਰਾਏ ਖੇਲ ਮਹਾਨ, ਰੂਪ ਅਨੂਪ ਰੂਪ ਵਟਾਈਆ। ਨਾਨਕ ਨਿਰਗੁਣ ਇਕ ਨਿਸ਼ਾਨ, ਗੋਬਿੰਦ ਬੂਟਾ ਦੇਵਾਂ ਲਾਈਆ। ਹੇਮ ਕੁੰਟ ਕਰ ਪਰਵਾਨ, ਪੂਰਬ ਲੇਖਾ ਝੋਲੀ ਪਾਈਆ। ਪੂਤ ਸਪੂਤਾ ਵਡ ਬਲਵਾਨ, ਲੋਕਮਾਤ ਦੇਵਾਂ ਪਰਗਟਾਈਆ। ਸਾਚਾ ਖੰਡਾ ਤੇਜ ਕਿਰਪਾਨ, ਏਕਾ ਹੱਥ ਫੜਾਈਆ। ਸੋਹੰ ਚਿਲਾ ਤੀਰ ਕਮਾਨ, ਭੱਥਾ ਏਕਾ ਕੰਡ ਬੰਧਾਈਆ। ਕਲਗੀ ਤੋੜਾ ਨੌਜਵਾਨ, ਉਪਰ ਸੀਸ ਲਏ ਟਿਕਾਈਆ। ਏਕਾ ਵੇਖੇ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਲਏ ਮਿਲਾਈਆ। ਗੋਬਿੰਦ ਬਣ ਨਾ ਚੜ੍ਹੇ ਚਾਅ, ਸ਼ਬਦ ਹਰਿ ਜੂ ਆਖ ਸੁਣਾਇਆ। ਪੰਜ ਤੱਤ ਅੰਦਰ ਫਸਣਾ ਨਾ, ਤੇਰਾ ਪੁੱਤ ਮਲ ਮੂਤਰ ਵਿਚ ਰਹਿਣ ਨਾ ਪਾਇਆ। ਮਾਤਾ ਲਏ ਨਾ ਗੋਦ ਉਠਾ, ਰਕਤ ਬੂੰਦ ਨਾ ਕੋਈ ਜਣਾਇਆ। ਗੁਜਰੀ ਬਣੇ ਨਾ ਮੇਰੀ ਮਾਂ, ਸਿਰ ਹੱਥ ਨਾ ਕੋਈ ਟਿਕਾਇਆ। ਤੂੰ ਪਿਤਾ ਬਣਿਆ ਮੇਰਾ ਸਚਖੰਡ ਥਾਂ, ਕਿਉਂ ਪੱਲੂ ਰਿਹਾ ਛੁਡਾਇਆ।
