ਪਹਿਲੀ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ
ਨਿਰਗੁਣ ਰੂਪ ਪੁਰਖ ਸਮਰਥ, ਇਕ ਇਕੱਲਾ ਬੇਪਰਵਾਹੀਆ। ਆਦਿ ਜੁਗਾਦਿ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸ਼ਬਦ ਅਨਾਦਿ ਅਨਾਦੀ ਗਾਥ, ਸਚ ਦੁਆਰੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੁਭਵ ਆਪਣਾ ਖੇਲ ਖਿਲਾਈਆ। ਅਨੁਭਵ ਖੇਲ ਪੁਰਖ ਅਬਿਨਾਸ਼, ਨਿਰਗੁਣ ਨਿਰਵੈਰ ਆਪ ਕਰਾਇੰਦਾ। ਜੋਤੀ ਜੋਤ ਕਰ ਪ੍ਰਕਾਸ਼, ਨੂਰੋ ਨੂਰ ਡਗਮਗਾਇੰਦਾ। ਆਪੇ ਖੇਲੇ ਖੇਲ ਤਮਾਸ਼, ਖੇਲਣਹਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਦਿ ਪੁਰਖ ਆਪ ਚਲਾਈਆ। ਸਚਖੰਡ ਦੁਆਰਾ ਕਰ ਤਿਆਰ, ਸਚ ਸਿੰਘਾਸਣ ਲਏ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਆਸਣ ਲਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਬਣ ਪਰਧਾਨਾ, ਆਪ ਆਪਣਾ ਹੁਕਮ ਜਣਾਇੰਦਾ। ਏਕੰਕਾਰਾ ਹੋ ਮਿਹਰਵਾਨਾ, ਰੂਪ ਅਨੂਪ ਆਪ ਧਰਾਇੰਦਾ। ਆਦਿ ਨਿਰੰਜਣ ਜੋਤ ਮਹਾਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਸ੍ਰੀ ਭਗਵਾਨ ਉਠਾਏ ਨਿਸ਼ਾਨਾ, ਸਚ ਨਿਸ਼ਾਨਾ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਆਪਣਾ ਆਪ ਖਿਲਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸੀਸ ਜਗਦੀਸ਼ ਤਾਜ ਸੁਹਾਇੰਦਾ। ਸਚਖੰਡ ਦੁਆਰਾ ਕਰ ਪਰਵਾਨਾ, ਸਚ ਸਿੰਘਾਸਣ ਆਸਣ ਲਾਇੰਦਾ। ਸੋਭਾਵੰਤ ਹੋਏ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਏਕਾ ਰਾਗ ਇਕ ਤਰਾਨਾ, ਆਦਿ ਅਨਾਦੀ ਆਪ ਵਜਾਇੰਦਾ। ਸੋਹੇ ਮੰਦਰ ਸਚ ਮਕਾਨਾ, ਮਹੱਲ ਅਟੱਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰਤਾ ਪੁਰਖ, ਆਪਣੀ ਆਪ ਕਮਾਈਆ। ਸਚਖੰਡ ਦੁਆਰੇ ਕਰ ਪਰਖ, ਵੇਸ ਅਵੱਲਾ ਆਪ ਵਟਾਈਆ। ਆਪੇ ਨੂਰ ਆਪੇ ਦਰਸ, ਵੇਖਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪ ਸੁਹਾਈਆ। ਸਚਖੰਡ ਸੁਹਾਏ ਸੋਭਾਵੰਤ, ਇਕ ਇਕੱਲਾ ਏਕੰਕਾਰ। ਨਿਰਗੁਣ ਨੂਰ ਸ੍ਰੀ ਭਗਵੰਤ, ਅਜੂਨੀ ਰਹਿਤ ਹੋ ਉਜਿਆਰ। ਕਰੇ ਖੇਲ ਨਾਰੀ ਕੰਤ, ਹਰਿ ਜੂ ਬਣ ਬਣ ਕੰਤ ਭਤਾਰ। ਆਪੇ ਚਾੜ੍ਹੇ ਰੰਗ ਬਸੰਤ, ਆਪੇ ਹੋਏ ਵੇਖਣਹਾਰ। ਆਪ ਬਣਾਏ ਆਪਣੀ ਬਣਤ, ਸਾਚੇ ਮੰਦਰ ਬੈਠ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਅਵੱਲਾ, ਭੇਵ ਕੋਇ ਨਾ ਪਾਇੰਦਾ। ਸਚਖੰਡ ਵਸਾਏ ਸਚ ਮਹੱਲਾ, ਸਤਿ ਸਤਿਵਾਦੀ ਆਪ ਬਣਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਫੜ ਫੜ ਪੱਲਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਆਪੇ ਰਲਾ, ਨੂਰ ਨੂਰ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਸਚਖੰਡ ਦੁਆਰੇ ਸਾਚੀ ਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਹਰਿ ਪੁਰਖ ਨਿਰੰਜਣ ਲਏ ਮਨਾਈਆ। ਏਕੰਕਾਰਾ ਇਕ ਆਧਾਰ, ਏਕਾ ਗ੍ਰਹਿ ਵੱਜੇ ਵਧਾਈਆ। ਆਦਿ ਨਿਰੰਜਣ ਹੋ ਉਜਿਆਰ, ਨੂਰ ਨੁਰਾਨਾ ਨੂਰ ਦਰਸਾਈਆ। ਸ੍ਰੀ ਭਗਵਾਨ ਖੇਲ ਅਪਾਰ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਬਣ ਭਿਖਾਰ, ਆਪਣੀ ਝੋਲੀ ਆਪਣੇ ਅੱਗੇ ਡਾਹੀਆ। ਆਪੇ ਦੇਵਣਹਾਰ ਦਾਤਾਰ, ਦਾਤਾ ਦਾਨੀ ਆਪ ਹੋ ਜਾਈਆ। ਸਚਖੰਡ ਦੁਆਰੇ ਖੇਲ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਨਾ ਕੋਈ ਹੋਏ ਵੇਖਣਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਖੇਲ ਕਰਾਈਆ। ਦਰ ਘਰ ਸਾਚੇ ਖੇਲ ਕਰਤਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਦਾਤਾ ਦਾਨੀ ਬਣ ਵਰਤਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਦਰ ਦਰਵੇਸ ਬਣ ਭਿਖਾਰਾ, ਆਪਣੀ ਝੋਲੀ ਅੱਗੇ ਡਾਹਿੰਦਾ। ਇਕ ਅਲਖ ਬੋਲ ਜੈਕਾਰਾ, ਅਲੱਖ ਨਿਰੰਜਣ ਨਾਦ ਵਜਾਇੰਦਾ। ਚਾਰੋਂ ਕੁੰਟ ਏਕਾ ਧਾਰਾ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਧਾਰ ਚਲਾਇੰਦਾ। ਸਚਖੰਡ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਈਆ। ਸ਼ਾਹੋ ਭੂਪ ਬਣ ਸੁਲਤਾਨ, ਦਇਆਵਾਨ ਵਡੀ ਵਡਿਆਈਆ। ਨਿਰਗੁਣ ਨਿਰਾਕਾਰ ਨਿਰਵੈਰ ਨਿਗਹਬਾਨ, ਇਕ ਇਕੱਲਾ ਵੇਖ ਵਖਾਈਆ। ਦਰ ਦਰਵੇਸ਼ ਨਰ ਨਰੇਸ਼ ਮੰਗੇ ਦਾਨ, ਭਿਖਕ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਾਤਾ ਭਿਖਾਰੀ ਆਪਣਾ ਰੂਪ ਵਟਾਈਆ। ਆਪੇ ਦਾਤਾ ਆਪ ਭਿਖਾਰੀ, ਹਰਿ ਆਪਣੀ ਮੰਗ ਮੰਗਾਇੰਦਾ। ਆਪੇ ਵਸਤ ਜੋਤ ਨਿਰੰਕਾਰੀ, ਆਪੇ ਸਾਚੇ ਘਰ ਟਿਕਾਇੰਦਾ। ਆਪੇ ਵਣਜ ਆਪ ਵਪਾਰੀ, ਆਪੇ ਸਾਚਾ ਹੱਟ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਫੜਾਇੰਦਾ। ਆਪਣੀ ਵਸਤ ਪੁਰਖ ਸਮਰਥ, ਆਪੇ ਆਪ ਵਰਤਾਈਆ। ਨਿਰਗੁਣ ਅੰਦਰ ਨਿਰਗੁਣ ਰੱਖ, ਨਿਰਗੁਣ ਕਰੀ ਕੁੜਮਾਈਆ। ਨਿਰਗੁਣ ਸੱਜਣ ਨਿਰਗੁਣ ਸਾਕ, ਨਿਰਗੁਣ ਬੰਧਪ ਏਕਾ ਪਾਈਆ। ਨਿਰਗੁਣ ਪਤਿਤ ਨਿਰਗੁਣ ਪਾਕ, ਨਿਰਗੁਣ ਪੁਨੀਤ ਨਾਉਂ ਧਰਾਈਆ। ਨਿਰਗੁਣ ਜੋਤ ਨਿਰਗੁਣ ਜ਼ਾਤ, ਜੋਤੀ ਜਾਤਾ ਨਿਰਗੁਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਵਿਚ ਟਿਕਾਈਆ। ਨਿਰਗੁਣ ਅੰਦਰ ਨਿਰਗੁਣ ਵੜ, ਆਪਣਾ ਖੇਲ ਕਰਾਇਆ। ਸਚਖੰਡ ਮਹੱਲੇ ਆਪੇ ਚੜ੍ਹ, ਆਪਣਾ ਪਰਦਾ ਦਏ ਉਠਾਇਆ। ਆਪਣਾ ਨਾਉਂ ਆਪੇ ਪੜ੍ਹ, ਨਾਉਂ ਨਿਰੰਕਾਰਾ ਆਪ ਸੁਣਾਇਆ। ਆਪਣੇ ਅੱਗੇ ਆਪੇ ਖੜ੍ਹ, ਆਪਣਾ ਦਰਸ ਆਪ ਵਖਾਇਆ। ਆਪਣਾ ਘਾੜਨ ਆਪੇ ਘੜ, ਆਪੇ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਰਚਾਇਆ। ਸਚਖੰਡ ਖੇਲ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਈਆ । ਰੂਪ ਧਰ ਧਰ ਪੁਰਖ ਨਾਰ, ਨਰ ਨਰਾਇਣ ਸੇਜ ਸੁਹਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਭੇਵ ਨਾ ਰਾਈਆ। ਦਾਈ ਦਾਇਆ ਬਣ ਆਪ ਨਿਰੰਕਾਰ, ਆਪਣੀ ਸੇਵਾ ਆਪ ਕਮਾਈਆ। ਜਨਨੀ ਜਨ ਅਗੰਮ ਅਪਾਰ, ਬਣੇ ਧੰਨ ਜਣੇਂਦੀ ਮਾਈਆ। ਸੁਤ ਦੁਲਾਰਾ ਕਰ ਉਜਿਆਰ, ਸ਼ਬਦੀ ਨਾਉਂ ਰਖਾਈਆ। ਏਕਾ ਕਰੇ ਸਚ ਪਿਆਰ, ਸਾਚੀ ਗੋਦ ਸੁਹਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਪਿਤਾ ਪੂਤ ਕਰੇ ਪਿਆਰ, ਪੀਤ ਪੀਤੰਬਰ ਦਏ ਸੁਹਾਈਆ। ਆਪਣਾ ਅਡੰਬਰ ਰਚ ਕਰਤਾਰ, ਆਪੇ ਵੇਖ ਵਖਾਈਆ। ਸਚ ਸਵੰਬਰ ਪੁਰਖ ਨਾਰ, ਨਿਰਗੁਣ ਨਿਰਗੁਣ ਰਿਹਾ ਹੰਢਾਈਆ। ਨਾ ਕੋਈ ਵੇਖੇ ਵਿਗਸੇ ਪਾਵੇ ਸਾਰ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੁਤ ਦੁਲਾਰਾ ਸ਼ਬਦੀ ਬਾਲ, ਹਰਿ ਜੂ ਆਪ ਉਪਾਇਆ। ਸਚਖੰਡ ਦੁਆਰ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਇਆ। ਆਪ ਜਣਾਏ ਆਪਣੀ ਚਾਲ, ਚਾਲ ਅਵਲੜੀ ਇਕ ਪਰਗਟਾਇਆ। ਸੁਤ ਦੁਲਾਰੇ ਸਾਚੀ ਘਾਲਣ ਘਾਲ, ਹਰਿ ਜੂ ਆਖ ਸੁਣਾਇਆ। ਇਕੋ ਬਣਨਾ ਸਤਿ ਦਲਾਲ, ਸਤਿ ਸਤਿਵਾਦੀ ਵੇਖ ਵਖਾਇਆ। ਸੁਤ ਦੁਲਾਰਾ ਕਰੇ ਸਵਾਲ, ਪ੍ਰਭ ਅੱਗੇ ਸੀਸ ਝੁਕਾਇਆ। ਸਚ ਦੁਆਰੇ ਦੇ ਬਠਾਲ, ਗ੍ਰਹਿ ਮੰਦਰ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਰਿਹਾ ਵਖਾਇਆ। ਸੁਤ ਦੁਲਾਰੇ ਬਾਲ ਨਾਦਾਨ, ਹਰਿ ਸ਼ਬਦ ਕਰੇ ਜਣਾਈਆ। ਸਚਖੰਡ ਮੇਰਾ ਸਚ ਨਿਸ਼ਾਨ, ਤੇਰਾ ਮੰਦਰ ਦਿਆਂ ਬਣਾਈਆ। ਥਿਰ ਘਰ ਬਣਾਵਾਂ ਇਕ ਮਕਾਨ, ਤੇਰੀ ਵੰਡ ਵੰਡਾਈਆ। ਕਰ ਕਿਰਪਾ ਦੇਵਾਂ ਦਾਨ, ਬਣ ਦਾਤਾ ਝੋਲੀ ਪਾਈਆ। ਆਦਿ ਜੁਗਾਦਿ ਵੇਖਾਂ ਮਾਰ ਧਿਆਨ, ਭੁੱਲ ਕਦੇ ਨਾ ਜਾਈਆ। ਮੇਰਾ ਨਾਉਂ ਤੇਰਾ ਗਾਣ, ਤੇਰਾ ਗੀਤ ਵਡੀ ਵਡਿਆਈਆ। ਮੇਰਾ ਚਰਨ ਤੇਰਾ ਮਾਣ, ਤੇਰਾ ਮਾਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਸੁਤ ਸ਼ਬਦ ਦਿਤਾ ਸਮਝਾਈਆ। ਸੁਣਿਆ ਸੰਦੇਸ਼ਾ ਸ੍ਰੀ ਭਗਵਾਨ, ਹਰਿ ਸ਼ਬਦੀ ਸੀਸ ਝੁਕਾਇਆ। ਮੈਂ ਬਾਲੀ ਬੁੱਧ ਬਾਲ ਅਞਾਣ, ਤੇਰਾ ਭੇਵ ਕੋਇ ਨਾ ਆਇਆ। ਥਿਰ ਘਰ ਵੇਖਾਂ ਤੇਰਾ ਮਕਾਨ, ਜਿਸ ਧਾਮ ਦਏਂ ਬਹਾਇਆ। ਅੱਠੇ ਪਹਿਰ ਤੇਰੇ ਚਰਨ ਕਵਲ ਧਿਆਨ, ਨੇਤਰ ਨੈਣਾਂ ਰਾਹ ਤਕਾਇਆ। ਤੂੰ ਰਹਿਣਾ ਨਿਗਹਬਾਨ, ਇਕੋ ਓਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਮੰਗ ਮੰਗਾਇਆ। ਮੰਗਾਂ ਦਾਨ ਝੋਲੀ ਡਾਹ, ਮਿਹਰਵਾਨ ਮਿਹਰਵਾਨਾ। ਸਾਚੀ ਭਿਛਿਆ ਦੇਣੀ ਪਾ, ਗੁਣਵੰਤ ਗੁਣ ਨਿਧਾਨਾ। ਸਾਚੀ ਸਿਖਿਆ ਦੇਣੀ ਸਿਖਾ, ਮਾਰਗ ਪੰਥ ਇਕ ਰਖਾਨਾ। ਆਪਣਾ ਲਿਖਿਆ ਲੇਖਾ ਦੇਣਾ ਵਖਾ, ਮੇਰੇ ਸਾਹਿਬ ਸੱਚੇ ਸੁਲਤਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਚਰਨ ਧਿਆਨਾ। ਪੁਰਖ ਅਬਿਨਾਸ਼ੀ ਹੋ ਮਿਹਰਬਾਨ, ਆਪਣੀ ਦਇਆ ਕਮਾਈਆ। ਸਚਖੰਡ ਤੇਰਾ ਇਕ ਮਕਾਨ, ਥਿਰ ਘਰ ਮੇਲਾ ਸਹਿਜ ਸੁਭਾਈਆ। ਆਦਿ ਜੁਗਾਦਿ ਸਚ ਨਿਸ਼ਾਨ, ਤੇਰੇ ਹੱਥ ਫੜਾਈਆ। ਕਰਾਂ ਖੇਲ ਇਕ ਮਹਾਨ, ਅਪਰੰਪਰ ਦਏ ਵਡਿਆਈਆ। ਤੂੰ ਸੁਣਨਾ ਕਰ ਧਿਆਨ, ਸਚ ਸੰਦੇਸ਼ਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਏਕਾ ਗੁਣ ਵਖਾਈਆ। ਏਕਾ ਗੁਣ ਸ੍ਰੀ ਭਗਵੰਤ, ਹਰਿ ਜੂ ਆਪ ਜਣਾਇਆ। ਤੇਰੀ ਬਣਾਈ ਇਕੋ ਬਣਤ, ਦੂਜਾ ਸੰਗ ਨਾ ਕੋਇ ਰਲਾਇਆ। ਮੇਰਾ ਨਾਉਂ ਤੇਰਾ ਮੰਤ, ਨਿਸ਼ਅੱਖਰ ਆਪ ਪੜ੍ਹਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਕੋਇ ਨਾ ਆਇਆ। ਥਿਰ ਘਰ ਤੇਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਇਕੋ ਵਾਰ ਬਣਿਆ ਮੰਗਤ, ਦੂਜੀ ਵਾਰ ਮੰਗਣ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਹੱਥ ਰੱਖ ਕਰਤਾਰ, ਦੇਵੇ ਮਾਣ ਵਡਿਆਈਆ। ਤੇਰਾ ਲੇਖਾ ਲੇਖ ਅਪਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਤੇਰੀ ਰਚਨਾ ਕਰਾਂ ਅਗੰਮ ਅਪਾਰ, ਅਲੱਖ ਅਗੋਚਰ ਖੇਲ ਕਰਾਈਆ। ਤੇਰੀ ਸੇਜਾ ਤੇਰਾ ਰੂਪ ਮਾਣੇ ਬਣ ਭਤਾਰ, ਕੰਤ ਨਾਰ ਆਪ ਹੋ ਜਾਈਆ। ਨਿਰਗੁਣ ਰੂਪ ਨਿਰਾਧਾਰ, ਨਿਰਾਕਾਰ ਵੇਸ ਵਟਾਈਆ। ਥਿਰ ਘਰ ਖੇਲੇ ਖੇਲ ਅਪਾਰ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਪੁਰਖ ਅਕਾਲ, ਆਪਣਾ ਭੇਵ ਖੁਲ੍ਹਾਇੰਦਾ। ਸੁਤ ਦੁਲਾਰੇ ਸਾਚੇ ਲਾਲ, ਸਾਚੀ ਸੇਵਾ ਇਕ ਲਗਾਇੰਦਾ। ਤੇਰੇ ਅੰਤਰ ਖੇਲ ਕਰਾਂ ਕਮਾਲ, ਅਨੁਭਵ ਆਪਣਾ ਨੂਰ ਵਖਾਇੰਦਾ। ਮੇਰਾ ਨੂਰ ਜਲਵਾ ਜਲਾਲ, ਆਦਿ ਜੁਗਾਦਿ ਡਗਮਗਾਇੰਦਾ। ਥਿਰ ਘਰ ਵਸੇ ਤੇਰੀ ਧਰਮਸਾਲ, ਸਚ ਦੁਆਰਾ ਆਪ ਬਣਾਇੰਦਾ। ਆਪੇ ਵੇਖੇ ਤੇਰਾ ਹਾਲ, ਆਪ ਆਪਣਾ ਪੰਧ ਮੁਕਾਇੰਦਾ। ਫਲ ਲਗਾਏ ਤੇਰੇ ਡਾਲ, ਵਿਸ਼ਵ ਤੇਰਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਸੁਣ ਲੈ ਪੂਤ, ਪਿਤਾ ਪੁਰਖ ਕਰੇ ਜਣਾਈਆ। ਮੇਰਾ ਨਾਉਂ ਚਾਰੋਂ ਕੂਟ, ਤੇਰਾ ਡੰਕਾ ਕਰੇ ਸ਼ਨਵਾਈਆ। ਤੇਰਾ ਰੂਪ ਤਾਣਾ ਪੇਟਾ ਸੂਤ, ਸੂਤਰਧਾਰੀ ਵੇਖ ਵਖਾਈਆ। ਵਿਸ਼ਵ ਤੇਰਾ ਹੋਏ ਰੂਪ, ਵਿਸ਼ਨੂੰ ਬ੍ਰਹਮਾ ਲਏ ਜਾਈਆ। ਸ਼ੰਕਰ ਰਹੇ ਸਦਾ ਅਵਧੂਤ, ਹਰਿ ਜੂ ਆਪਣੀ ਬਣਤ ਬਣਾਈਆ। ਪੰਜ ਤੱਤ ਖੇਲ ਕਲਬੂਤ, ਕਾਇਆ ਕਪੜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ। ਸੁਣ ਸ਼ਬਦ ਮੇਰੇ ਸੁਤ ਦੁਲਾਰੇ, ਹਰਿ ਜੂ ਆਖ ਸੁਣਾਇਆ। ਕਰਾਂ ਖੇਲ ਅਪਰ ਅਪਾਰੇ, ਦਰ ਤੇਰੇ ਸੋਭਾ ਪਾਇਆ। ਰਵ ਸਸ ਕਰ ਉਜਿਆਰੇ, ਤੇਰੀ ਕਿਰਨ ਕਿਰਨ ਰੁਸ਼ਨਾਇਆ। ਕੋਟਨ ਕੋਟ ਬ੍ਰਹਿਮੰਡ ਪਸਾਰੇ, ਤੇਰਾ ਬੰਧਨ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਨਿਹਾਰੇ, ਸਾਚੀ ਸੇਵਾ ਇਕ ਲਗਾਇਆ। ਏਕਾ ਹੁਕਮ ਇਕ ਵਰਤਾਰੇ, ਏਕਾ ਮਾਰਗ ਦਿਆਂ ਵਖਾਇਆ। ਏਕਾ ਵਸਤ ਅਮੋਲਕ ਭੰਡਾਰੇ, ਏਕਾ ਵਾਰ ਝੋਲੀ ਪਾਇਆ। ਏਕਾ ਵਾਰ ਕਰਾਂ ਪਸਾਰੇ, ਕੋਟਨ ਕੋਟ ਰੂਪ ਵਟਾਇਆ। ਏਕਾ ਵਾਰ ਕਰਾਂ ਸੰਘਾਰੇ, ਜੋ ਘੜਿਆ ਭੰਨ ਵਖਾਇਆ। ਏਕਾ ਵਾਰ ਬੋਲ ਜੈਕਾਰੇ, ਸ਼ਬਦ ਅਨਾਦੀ ਰਾਗ ਅਲਾਇਆ। ਤੇਰਾ ਖੇਲ ਹੋਏ ਸੰਸਾਰੇ, ਸੋ ਪੁਰਖ ਨਿਰੰਜਣ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਇਆ। ਸ਼ਬਦ ਸੁਤ ਹੋਇਆ ਹੈਰਾਨ, ਹਰਿ ਜੂ ਭੇਵ ਕੋਇ ਨਾ ਆਇਆ। ਕਵਣ ਦੁਆਰ ਦੇਵੇ ਫ਼ਰਮਾਣ, ਆਪਣਾ ਹੁਕਮ ਸੁਣਾਇਆ। ਮੈਂ ਇਕ ਇਕੱਲਾ ਬਾਲ ਅਞਾਣ, ਬ੍ਰਹਿਮੰਡ ਖੰਡ ਖੇੜਾ ਕਿਵੇਂ ਦਿਆਂ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਮਾਰਗ ਆਪ ਵਖਾਇਆ। ਅਨੁਭਵ ਹਰਿ ਜੂ ਮਾਰਗ ਦੱਸ, ਆਪਣਾ ਭੇਵ ਖੁਲ੍ਹਾਇਆ। ਸਤਿ ਸਰੂਪ ਹੋ ਪਰਤੱਖ, ਨਿਰਗੁਣ ਦਰਸ ਦਿਖਾਇਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਅੰਦਰ ਢਕ, ਉਪਰ ਪਰਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਵਖਾਇਆ। ਏਕਾ ਗੁਣ ਦੱਸੇ ਭਗਵਾਨ, ਭਗਵਨ ਦਇਆ ਕਮਾਈਆ। ਸ਼ਬਦੀ ਸੁਤ ਵੱਡ ਬਲਵਾਨ, ਤੇਰਾ ਬਲ ਆਪ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤੇਰੀ ਸੇਵ ਲਗਾਈਆ। ਦਰ ਦਰਵੇਸ਼ ਮੰਗਣ ਦਾਨ, ਬੈਠੇ ਸੀਸ ਝੁਕਾਈਆ। ਏਕਾ ਵਸਤ ਕਰ ਪਰਵਾਨ, ਤ੍ਰੈਗੁਣ ਤੇਰੇ ਹੱਥ ਫੜਾਈਆ। ਪੰਚਮ ਤੱਤ ਬਣਾਏ ਕਾਹਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਈਆ। ਲੱਖ ਚੁਰਾਸੀ ਹੋ ਪਰਧਾਨ, ਨਵ ਨੌਂ ਚਾਰ ਵੰਡ ਵੰਡਾਈਆ। ਏਕਾ ਰਾਗ ਨਾਦ ਧੁਨਕਾਨ, ਧੁਨ ਆਤਮਕ ਕਰੇ ਸ਼ਨਵਾਈਆ। ਵਿਸ਼ਨੂੰ ਕਰੇ ਇਕ ਧਿਆਨ, ਚਰਨ ਕਵਲ ਸੱਚੀ ਸ਼ਰਨਾਈਆ। ਬ੍ਰਹਮਾ ਮੰਗੇ ਸੱਚਾ ਦਾਨ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਚਰਨ ਕਵਲ ਕਰੇ ਧਿਆਨ, ਨੇਤਰ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਉਠ ਸੁਤ ਬਲ ਧਾਰ, ਹਰਿ ਜੂ ਆਪ ਸੁਣਾਇਆ। ਕਰਾਂ ਖੇਲ ਅਪਰ ਅਪਾਰ, ਤੇਰੀ ਸੇਵਾ ਇਕ ਲਗਾਇਆ। ਏਕਾ ਹੁਕਮ ਹੋਏ ਦਾਤਾਰ, ਨਾ ਕੋਈ ਮੇਟੇ ਮੇਟ ਮਿਟਾਇਆ। ਗਗਨ ਮੰਡਲ ਲਾ ਅਖਾੜ, ਰਵ ਸਸ ਨਾਚ ਨਚਾਇਆ। ਤ੍ਰੈਗੁਣ ਮਾਇਆ ਭਰ ਭੰਡਾਰ, ਵਿਸ਼ਨ ਬ੍ਰਹਮਾ ਸੰਗ ਨਿਭਾਇਆ। ਲੱਖ ਚੁਰਾਸੀ ਕਰ ਤਿਆਰ, ਘੜ ਘੜ ਭਾਂਡੇ ਵੇਖ ਵਖਾਇਆ। ਏਕਾ ਨਾਮ ਸਚ ਬ੍ਰਹਮਾ ਵੇਤਾ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਰਿਹਾ ਵਟਾਇਆ। ਸਾਚਾ ਮਾਰਗ ਹਰਿ ਚਲੌਣਾ, ਆਪਣਾ ਭੇਵ ਦਏ ਜਣਾਈਆ। ਵਿਸ਼ਨ ਵਿਸ਼ਨੂੰ ਰੰਗ ਵਖੌਣਾ, ਕਰੇ ਖੇਲ ਬੇਪਰਵਾਹੀਆ। ਬ੍ਰਹਮਾ ਬ੍ਰਹਮ ਰੂਪ ਉਪਜੌਣਾ, ਈਸ਼ ਜੀਵ ਕਰੇ ਕੁੜਮਾਈਆ। ਸ਼ੰਕਰ ਅੰਤਮ ਹੁਕਮ ਵਰਤੌਣਾ, ਥਿਰ ਘਰ ਕੋਇ ਰਹਿਣ ਨਾ ਪਾਈਆ। ਏਕਾ ਰਾਗ ਆਪ ਸੁਨੌਣਾ, ਚਾਰੇ ਵੇਦ ਦਏ ਸਮਝਾਈਆ। ਚਾਰੇ ਜੁਗਾਂ ਵੰਡ ਵੰਡੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰਾਈਆ। ਚਾਰੇ ਬਾਣੀ ਰਾਗ ਅਲੌਣਾ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਚਾਰੇ ਵਰਨਾਂ ਵੰਡ ਵੰਡੌਣਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਕੁੜਮਾਈਆ। ਚਾਰੇ ਕੁੰਟ ਵੇਖ ਵਖੌਣਾ, ਉਤਰ ਪੂਰਬ ਪੱਛਮ ਦੱਖਣ ਖੇਲ ਕਰਾਈਆ। ਚਾਰ ਯਾਰੀ ਬੰਧਨ ਪੌਣਾ, ਨਾ ਸਕੇ ਕੋਈ ਤੁੜਾਈਆ। ਜੁਗ ਜੁਗ ਮਾਤ ਵੇਸ ਵਟੌਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਏਕਾ ਆਪਣਾ ਨਾਉਂ ਪ੍ਰਗਟੌਣਾ, ਨਾਉਂ ਨਿਰੰਕਾਰਾ ਇਕ ਜਣਾਈਆ। ਭਗਤ ਭਗਵੰਤ ਆਪ ਉਠੌਣਾ, ਦੂਈ ਦਵੈਤੀ ਪਰਦਾ ਲਾਹੀਆ। ਨੌਂ ਦੁਆਰੇ ਖੋਜ ਖੁਜੌਣਾ, ਦਰ ਦਰ ਆਪਣੀ ਅਲਖ ਜਗਾਈਆ। ਡੂੰਘੀ ਭਵਰੀ ਫੇਰਾ ਪੌਣਾ, ਕਾਇਆ ਕਵਰੀ ਵਡ ਵਡਿਆਈਆ। ਸੁਖਮਨ ਟੇਡੀ ਬੰਕ ਪੰਧ ਮੁਕੌਣਾ, ਈੜਾ ਪਿੰਗਲ ਡੇਰਾ ਢਾਹੀਆ। ਨਿਰਗੁਣ ਨੂਰ ਚੰਦ ਚਮਕੌਣਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਆਤਮ ਸਰੋਵਰ ਇਕ ਵਖੌਣਾ, ਅੰਮ੍ਰਿਤ ਨਿਝਰ ਝਿਰਨਾ ਆਪ ਝਿਰਾਈਆ। ਸੁਰਤੀ ਸ਼ਬਦੀ ਮੇਲ ਮਿਲੌਣਾ, ਅਕਾਲ ਮੂਰਤ ਵੇਖ ਵਖਾਈਆ। ਅਨਹਦ ਨਾਦੀ ਨਾਦ ਵਜੌਣਾ, ਗ੍ਰਹਿ ਮੰਦਰ ਵੱਜੇ ਵਧਾਈਆ। ਬਜ਼ਰ ਕਪਾਟੀ ਤੋੜ ਤੁੜੌਣਾ, ਏਕਾ ਢੋਲਾ ਸੱਚੇ ਮਾਹੀਆ। ਆਤਮ ਸੇਜਾ ਸਾਚੀ ਸੇਜ ਹੰਢੌਣਾ, ਘਰ ਘਰ ਮੇਲਾ ਮੇਲ ਮਿਲਾਈਆ। ਬ੍ਰਹਮ ਪਾਰਬ੍ਰਹਮ ਏਕਾ ਰੰਗ ਰੰਗੌਣਾ, ਜੁਗ ਜੁਗ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਸਮਝਾਈਆ। ਸੁਤ ਦੁਲਾਰਾ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਵਡ ਅਖਵਾਇੰਦਾ। ਹੁਕਮੀ ਹੁਕਮ ਤੇਰਾ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਵਣ ਰੂਪ ਖੇਲ ਕਰੇ ਵਿਚ ਸੰਸਾਰ, ਹਉਂ ਇਕੋ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਅਲਖ ਅਗੰਮ, ਬੋਧ ਅਗਾਧ ਜਣਾਈਆ। ਆਦਿ ਜੁਗਾਦੀ ਦੱਸੇ ਕੰਮ, ਆਪਣਾ ਭੇਵ ਖੁਲ੍ਹਾਈਆ। ਨਾ ਮਰਾ ਨਾ ਪਵਾਂ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਜੁਗਾ ਜੁਗੰਤਰ ਬੇੜਾ ਬੰਨ੍ਹ, ਲੱਖ ਚੁਰਾਸੀ ਗੇੜ ਭੁਵਾਈਆ। ਸਚਖੰਡ ਵਸਾਂ ਬਿਨ ਛੱਪਰੀ ਛੰਨ, ਚਾਰ ਦੀਵਾਰ ਨਾ ਕੋਈ ਬਣਾਈਆ। ਹੋਏ ਪ੍ਰਕਾਸ਼ ਬਿਨ ਸੂਰਜ ਚੰਨ, ਮੰਡਲ ਮੰਡਪ ਨਾ ਕੋਈ ਵਡਿਆਈਆ। ਨਾ ਕੋਈ ਰਾਗ ਨਾ ਕੋਈ ਕੰਨ, ਤਾਰ ਸਤਾਰ ਨਾ ਕੋਈ ਹਿਲਾਈਆ। ਨਾ ਕੋਈ ਜਨਨੀ ਨਾ ਕੋਈ ਜਨ, ਪਿਤਾ ਪੂਤ ਨਾ ਕੋਈ ਅਖਵਾਈਆ। ਕਰੇ ਖੇਲ ਸ੍ਰੀ ਭਗਵਾਨ, ਆਪਣਾ ਭੇਵ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਗੁਣ ਵਖਾਈਆ। ਆਦਿ ਪੁਰਖ ਭੇਵ ਜਣਾਇਆ, ਨਿਸ਼ਅੱਖਰ ਆਖ਼ਰ ਬੋਲ। ਜੁਗ ਜੁਗ ਆਪਣਾ ਦਏ ਸਮਝਾਇਆ, ਨਿਰਗੁਣ ਤੋਲੇ ਤੋਲ। ਲੱਖ ਚੁਰਾਸੀ ਲਏ ਉਪਜਾਇਆ, ਘਟ ਘਟ ਅੰਤਰ ਆਤਮ ਮੌਲ। ਪੰਜ ਤੱਤ ਕਾਇਆ ਵੇਖ ਵਖਾਇਆ, ਅੱਠ ਤੱਤ ਪੂਰਾ ਕਰੇ ਕੌਲ। ਨੌਂ ਦਵਾਰੇ ਰੰਗ ਚੜ੍ਹਾਇਆ, ਦਸਵੇਂ ਬੈਠਾ ਰਹੇ ਅਡੋਲ। ਜੁਗ ਜੁਗ ਆਪਣਾ ਮਾਰਗ ਲਾਇਆ, ਪਰਗਟ ਹੋਏ ਉਪਰ ਧਰਨੀ ਧਰਤ ਧਵਲ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਾਚਾ ਕੌਲ। ਕਰੇ ਕੌਲ ਹਰਿ ਇਕਰਾਰ, ਇਕੋ ਸਨਦ ਲਿਖਾਈਆ। ਜੁਗ ਜੁਗ ਭੇਜਾਂ ਗੁਰ ਅਵਤਾਰ, ਲੋਕਮਾਤ ਕਰਨ ਪੜ੍ਹਾਈਆ। ਚਾਰੇ ਖਾਣੀ ਕਰ ਪੁਕਾਰ, ਚਾਰੇ ਬਾਣੀ ਕਰਨ ਜਣਾਈਆ। ਚਾਰੋਂ ਕੁੰਟ ਕਰ ਵਿਚਾਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ। ਆਪਣਾ ਖੇਲ ਪੁਰਖ ਅਬਿਨਾਸ਼ਾ, ਏਕਾ ਵਾਰ ਜਣਾਇੰਦਾ। ਜੁਗ ਜੁਗ ਵੇਖਾਂ ਖੇਲ ਤਮਾਸ਼ਾ, ਸਚਖੰਡ ਸਾਚੇ ਸੋਭਾ ਪਾਇੰਦਾ। ਗੁਰ ਅਵਤਾਰਾਂ ਦੇ ਭਰਵਾਸਾ, ਲੋਕਮਾਤ ਘਲਾਇੰਦਾ। ਗ੍ਰਹਿ ਗ੍ਰਹਿ ਮੰਦਰ ਪਾਵੇ ਰਾਸਾ, ਘਟ ਘਟ ਨਾਚ ਨਚਾਇੰਦਾ। ਜਨ ਭਗਤਾਂ ਪੂਰੀ ਕਰੇ ਆਸਾ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਆਪਣਾ ਭੇਵ ਦੱਸਾਂ ਖ਼ੁਲਾਸਾ, ਇਕੋ ਅੱਖਰ ਨਾਮ ਪੜ੍ਹਾਇੰਦਾ। ਦੋ ਜਹਾਨ ਕਰ ਪ੍ਰਕਾਸ਼ਾ, ਲੋਆਂ ਪੁਰੀਆਂ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸਾ, ਸਾਚੀ ਸੇਵਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਸੁਣ ਲੈ ਬਾਤ, ਹਰਿ ਬਾਤਨ ਆਪ ਜਣਾਈਆ। ਜੁਗ ਚੌਕੜੀ ਚਲੇ ਮੇਰੀ ਗਾਥ, ਗੁਰ ਅਵਤਾਰ ਕਰਨ ਪੜ੍ਹਾਈਆ। ਜੁਗ ਜੁਗ ਮੇਟਾਂ ਅੰਧੇਰੀ ਰਾਤ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਸ਼ਬਦ ਸੁਤ ਅੱਗੋਂ ਬੋਲ, ਏਕਾ ਵਾਰ ਜਣਾਇਆ। ਜੁਗ ਚੌਕੜੀ ਤੋਲੇਂ ਤੋਲ, ਆਪਣੀ ਸੇਵ ਕਮਾਇਆ। ਤੂੰ ਸਚਖੰਡ ਬੈਠਾ ਰਹੇਂ ਅਡੋਲ, ਤੇਰਾ ਅੰਤ ਕੋਇ ਨਾ ਆਇਆ। ਕਵਣ ਰੂਪ ਹਰ ਘਟ ਜਾਏਂ ਮੌਲ, ਘਰ ਘਰ ਆਪਣੀ ਜੋਤ ਜਗਾਇਆ। ਕਵਣ ਬਿਧ ਰੱਖੇਂ ਪਰਦਾ ਉਹਲ, ਦਿਸ ਕਿਸੇ ਨਾ ਆਇਆ। ਕਵਣ ਨਾਦ ਦਰ ਦਰ ਪਏਂ ਬੋਲ, ਆਪਣਾ ਨਾਉਂ ਸੁਣਾਇਆ। ਜੁਗ ਚੌਕੜੀ ਕਰ ਕਰ ਵੇਖੇਂ ਘੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਲਏਂ ਮਿਲਾਇਆ। ਹਰਿ ਜੂ ਵੇਲਾ ਅੰਤਮ ਦੱਸੇ, ਏਕਾ ਇਕ ਜਣਾਈਆ। ਜੁਗ ਚੌਕੜੀ ਖੇਲ ਵੇਖ ਵੇਖ ਹੱਸੇ, ਬੇਅੰਤ ਬੇਪਰਵਾਹੀਆ। ਦੋ ਜਹਾਨਾਂ ਨਿਰਗੁਣ ਨੱਸੇ, ਨਿਰਵੈਰ ਫੇਰਾ ਪਾਈਆ। ਗੁਰ ਅਵਤਾਰਾਂ ਅੰਤਰ ਵਸੇ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਅੰਦਰ ਫਸੇ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਜਣਾਈਆ। ਆਪਣਾ ਅੰਤ ਦੱਸੇ ਭਗਵਾਨ, ਏਕਾ ਏਕ ਹੁਕਮ ਜਣਾਇਆ। ਨਵ ਨੌਂ ਚਾਰ ਹੋਏ ਪਰਧਾਨ, ਲੋਕਮਾਤ ਵੇਸ ਵਟਾਇਆ। ਨਾਉਂ ਨਿਧਾਨਾ ਦੇ ਗਿਆਨ, ਈਸ਼ ਜੀਵ ਲਏ ਪੜ੍ਹਾਇਆ। ਗੁਰ ਅਵਤਾਰ ਜੋਤ ਮਹਾਨ, ਜੋਤੀ ਨੂਰ ਕਰੇ ਰੁਸ਼ਨਾਇਆ। ਕਾਇਆ ਮੰਦਰ ਇਕ ਮਕਾਨ, ਸਚਖੰਡ ਦੁਆਰ ਦਏ ਬਣਾਇਆ। ਗ੍ਰਹਿ ਮੰਦਰ ਦੇਵੇ ਧੁਰ ਫ਼ਰਮਾਣ, ਅਨਹਦ ਨਾਦੀ ਨਾਦ ਵਜਾਇਆ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕੇ ਆਣ, ਥਿਰ ਕੋਇ ਰਹਿਣ ਨਾ ਪਾਇਆ। ਵਿਸ਼ਨੂੰ ਮੰਗੇ ਹਰਿ ਜੂ ਅੱਗੇ ਦਾਨ, ਖ਼ਾਲੀ ਝੋਲੀ ਰਿਹਾ ਵਖਾਇਆ। ਬ੍ਰਹਮਾ ਵੇਤਾ ਕਰੇ ਕਲਿਆਣ, ਮੁਖ ਮੁਖੜਾ ਰਿਹਾ ਸਾਲਾਹਿਆ। ਸ਼ੰਕਰ ਵੇਖੇ ਇਕ ਧਿਆਨ, ਧਿਆਨ ਧਿਆਨ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਆਪਣਾ ਭੇਵ ਹਰਿ ਭਗਵੰਤ, ਏਕਾ ਵਾਰ ਜਣਾਈਆ। ਜੁਗ ਚੌਕੜੀ ਬਣੌਣੀ ਬਣਤ, ਕੋਟਨ ਕੋਟ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਬਣੇ ਬਣਤ, ਰਾਮਾ ਕ੍ਰਿਸ਼ਨਾ ਖੇਲ ਖਲਾਈਆ। ਸ਼ਾਸਤਰ ਸਿਮਰਤ ਭੇਵ ਅਨੰਤ, ਪੁਰਾਨ ਅਠਾਰਾਂ ਸਦਾ ਜਸ ਗਾਈਆ। ਗੀਤਾ ਗਿਆਨ ਜਣਾਏ ਕੰਤ, ਕੰਤ ਕੰਤੂਹਲ ਵੇਖ ਵਖਾਈਆ। ਅੰਤ ਕਰੇ ਸਭ ਦਾ ਅੰਤ, ਮੇਟਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਜਾਏ ਬੀਤ, ਹਰਿ ਜੂ ਆਪ ਬਿਤਾਇੰਦਾ। ਭਗਤ ਭਗਵੰਤ ਗਾਏ ਗੀਤ, ਗੋਬਿੰਦ ਅੱਖਰ ਆਪ ਸਾਲਾਹਿੰਦਾ। ਆਦਿ ਜਗਾਦੀ ਸਾਚੀ ਰੀਤ, ਜੁਗ ਕਰਤਾ ਆਪ ਚਲਾਇੰਦਾ। ਭਗਤ ਜਨਾਂ ਬਣ ਇਕੋ ਮੀਤ, ਮਿੱਤਰ ਪਿਆਰਾ ਵੇਖ ਵਖਾਇੰਦਾ। ਧਾਮ ਵਖਾਏ ਇਕ ਅਨਡੀਠ, ਦਰਗਹਿ ਸਾਚੀ ਪਰਦਾ ਲਾਹਿੰਦਾ। ਚੇਤਨ ਹੋ ਕੇ ਵਸੇ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਪਤਤ ਪਾਪੀ ਕਰੇ ਪੁਨੀਤ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਪਰਦਾ ਲਾਹਿੰਦਾ। ਕਲਜੁਗ ਸਤਿਜੁਗ ਤਰੇਤਾ ਦੁਆਪਰ ਜਾਏ ਲੰਘ, ਆਪਣਾ ਪੰਧ ਮੁਕਾਈਆ। ਕਲਜੁਗ ਡਾਹੇ ਸੇਜ ਪਲੰਘ, ਘਰ ਘਰ ਆਪਣਾ ਆਸਣ ਲਾਈਆ। ਜੂਠ ਝੂਠ ਵਜਾਏ ਮਰਦੰਗ, ਕੂੜਾ ਡੌਰੂ ਇਕ ਉਠਾਈਆ। ਮਾਇਆ ਮਮਤਾ ਇਕ ਅਨੰਦ, ਘਰ ਘਰ ਦਏ ਵਖਾਈਆ। ਸਚ ਸੁੱਚ ਨਾ ਕੋਇ ਚੰਦ, ਕੂੜੀ ਰੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਕਲਜੁਗ ਖੇਲ ਹਰਿ ਅਵੱਲਾ, ਇਕੋ ਇਕ ਜਣਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਮੁਕਾਮੇ ਹੱਕ ਸੋਭਾ ਪਾਇੰਦਾ। ਦੀਪਕ ਨੂਰ ਨੂਰ ਨੁਰਾਨਾ ਆਪੇ ਬਲਾ, ਜਲਵਾ ਜਲਾਲ ਆਪ ਹੋ ਜਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਈਸਾ ਮੂਸਾ ਵੇਸ ਵਟਾਇੰਦਾ। ਕਲਮਾ ਕਾਇਨਾਤ ਏਕਾ ਘੱਲਾ, ਇਲਾਹੀ ਕਲਾਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਆਪ ਅਲਾਇੰਦਾ। ਆਪਣਾ ਰਾਗ ਪਰਵਰਦਿਗਾਰ, ਏਕਾ ਏਕ ਅਲਾਈਆ। ਅਹਿਬਾਬ ਰਬਾਬ ਵਜਾਏ ਸਤਾਰ, ਸਦਾ ਸਲਾਮਤ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਵਰਤਾਰ, ਏਕਾ ਅਲਫ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਮੌਲਾ, ਆਪਣੀ ਧਾਰ ਚਲਾਇੰਦਾ। ਆਪੇ ਜਾਣੇ ਆਪਣਾ ਕੌਲਾ, ਕੀਤਾ ਕੌਲ ਪੂਰ ਕਰਾਇੰਦਾ। ਮੁਹੰਮਦ ਉਪਜਾਏ ਉਪਰ ਧੌਲਾ, ਅਹਿਮਦ ਰੰਗ ਵਖਾਇੰਦਾ। ਏਕਾ ਗਾਏ ਸਾਚਾ ਢੋਲਾ, ਨਬੀ ਰਸੂਲਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪ ਉਠਾ, ਭੇਵ ਦਏ ਜਣਾਈਆ। ਨਾਨਕ ਨਿਰਗੁਣ ਜੋਤ ਜਗਾ, ਨਿਰੰਕਾਰ ਕਰੇ ਰੁਸ਼ਨਾਈਆ। ਸਚਖੰਡ ਦੁਆਰਾ ਇਕ ਵਖਾ, ਏਕਾ ਘਰ ਜਣਾਈਆ। ਏਕਾ ਮੰਤਰ ਦਏ ਪੜ੍ਹਾ, ਅੰਤਰ ਇਕ ਲਿਵ ਲਾਈਆ। ਏਕਾ ਬਸਤਰ ਦਏ ਪਹਿਨਾ, ਏਕਾ ਰੰਗ ਚੜ੍ਹਾਈਆ। ਏਕਾ ਸ਼ਮਸ਼ੀਰ ਦਏ ਫੜਾ, ਤਿਖੀ ਧਾਰ ਰਖਾਈਆ। ਬ੍ਰਹਿਮੰਡ ਖੰਡ ਫੇਰਾ ਪਾ, ਲੋਕਮਾਤ ਕਰੇ ਰੁਸ਼ਨਾਈਆ। ਚਾਰ ਵਰਨਾਂ ਦਏ ਜਣਾ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਸਮਝਾਈਆ। ਨਿਰਗੁਣ ਨੂਰ ਨਾਨਕ ਧਾਰ, ਨਿਰੰਕਾਰ ਆਪ ਪਰਗਟਾਇੰਦਾ। ਖੇਲੇ ਖੇਲ ਅਪਰ ਅਪਾਰ, ਅਨੁਭਵ ਆਪਣਾ ਰੰਗ ਵਖਾਇੰਦਾ। ਸ਼ਬਦ ਨਾਦ ਨਾਦ ਧੁਨਕਾਰ, ਬ੍ਰਹਿਮਾਦ ਆਪ ਸੁਣਾਇੰਦਾ। ਅੰਤਮ ਲੇਖਾ ਵਿਚ ਸੰਸਾਰ, ਪੂਤ ਸਪੂਤਾ ਆਪ ਚੁਕਾਇੰਦਾ। ਪੁਰਖ ਅਕਾਲ ਖ਼ਬਰਦਾਰ, ਬੇਖ਼ਬਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸੁਣ ਸ਼ਬਦ ਚਤੁਰ ਸੁਜਾਣ, ਹਰਿ ਸਾਚਾ ਸਚ ਜਣਾਇਆ। ਨਵ ਨੌਂ ਚਾਰ ਮਿਟੇ ਨਿਸ਼ਾਨ, ਕਲਜੁਗ ਅੰਤਮ ਵੇਖ ਵਖਾਇਆ। ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕਿਸੇ ਨਾ ਪਾਇਆ। ਨਾਨਕ ਗੋਬਿੰਦ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਦਏ ਸੁਹਾਇਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਅੰਤ ਦਏ ਜਣਾਈਆ। ਗੁਰ ਅਵਤਾਰਾਂ ਪੰਧ ਮੁਕੌਣਾ, ਬਣ ਬਣ ਪਾਂਧੀ ਫੇਰਾ ਪਾਈਆ। ਭਗਤ ਭਗਵੰਤ ਦਰ ਮੰਗੌਣਾ, ਸਚ ਸੰਦੇਸ਼ਾ ਇਕ ਸੁਣਾਈਆ। ਸੰਤ ਕੰਤ ਗੋਦ ਬਹੌਣਾ, ਏਕਾ ਘਰ ਦਏ ਵਡਿਆਈਆ। ਗੁਰਮੁਖ ਮੁਖ ਮੁਖ ਸਲੌਹਣਾ, ਸਤਿਨਾਮ ਕਰ ਪੜ੍ਹਾਈਆ। ਗੁਰਸਿਖ ਸਿੱਖ ਇਕ ਉਪਜੌਣਾ, ਆਤਮ ਪਰਮਾਤਮ ਮੇਲ ਮਿਲਾਈਆ। ਲੋਕ ਪਰਲੋਕ ਵੇਖ ਵਖਾਉਣਾ, ਅਵਣ ਗਵਣ ਫੇਰਾ ਪਾਈਆ। ਚੌਦਾਂ ਤਬਕਾਂ ਪਰਦਾ ਲੌਹਣਾ, ਚੌਦਾਂ ਲੋਕ ਡੇਰਾ ਢਾਹੀਆ । ਵਿਸ਼ਨ ਬ੍ਰਹਮਾ ਸ਼ਿਵ ਫੜ ਉਠੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਏਕਾ ਡੰਕਾ ਨਾਮ ਵਜੌਣਾ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਰਿਹਾ ਜਣਾਈਆ। ਕਲਜੁਗ ਵੇਲਾ ਅੰਤਮ ਆਏ, ਹਰਿ ਅੰਤ ਦਏ ਕਰਾਇਆ। ਨਿਰਗੁਣ ਰੂਪ ਜਾਮਾ ਪਾਏ, ਨਿਹਕਲੰਕ ਨਾਉਂ ਰਖਾਇਆ। ਵੇਦ ਵਿਆਸ ਗਿਆ ਲਿਖਾਏ, ਈਸਾ ਏਕਾ ਮੰਗ ਮੰਗਾਇਆ। ਨਾਨਕ ਗੋਬਿੰਦ ਡੰਕਾ ਗਏ ਵਜਾਏ, ਸ੍ਰਿਸ਼ਟ ਸਬਾਈ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇਆ। ਆਪਣਾ ਹਰਿ ਜੂ ਦੱਸੇ ਰਾਹ, ਸ਼ਬਦੀ ਸ਼ਬਦ ਜਣਾਇਆ। ਲੇਖਾ ਲਿਖਤ ਵਿਚ ਨਾ ਜਾਏ ਆ, ਲਿਖ ਲਿਖ ਲੇਖ ਨਾ ਕਿਸੇ ਮੁਕਾਇਆ। ਚਾਰੇ ਵੇਦ ਰਹੇ ਸ਼ਰਮਾ, ਹਰਿ ਕਾ ਭੇਵ ਕੋਇ ਨਾ ਪਾਇਆ। ਪੁਰਾਨ ਅਠਾਰਾਂ ਨੇਤਰ ਨੈਣ ਨਾ ਸਕੇ ਉਠਾ, ਪਰਦਾ ਸਕੇ ਨਾ ਕੋਇ ਚੁਕਾਇਆ। ਗੁਰ ਅਵਤਾਰ ਗਏ ਗਾ ਗਾ, ਬੇਅੰਤ ਬੇਅੰਤ ਬੇਅੰਤ ਸਾਲਾਹਿਆ। ਖਾਣੀ ਬਾਣੀ ਕਹੇ ਬੇਪਰਵਾਹ, ਪਰਵਾਹ ਆਪਣਾ ਰਿਹਾ ਚਲਾਇਆ। ਭਗਤ ਮੰਗਣ ਇਕੋ ਨਾਂ, ਪ੍ਰਭ ਅੱਗੇ ਝੋਲੀ ਡਾਹਿਆ। ਸੰਤ ਮੰਗਣ ਸਾਚਾ ਥਾਂ, ਚਰਨ ਕਵਲ ਧਿਆਨ ਲਗਾਇਆ। ਗੁਰਮੁਖ ਧੂੜੀ ਖ਼ਾਕ ਰਹੇ ਰਮਾ, ਮਸਤਕ ਟਿੱਕਾ ਇਕ ਛੁਹਾਇਆ। ਗੁਰਸਿਖ ਰਾਹ ਰਹੇ ਤਕਾ, ਨੇਤਰ ਨੈਣ ਨੈਣ ਉਠਾਇਆ। ਕਵਣ ਵੇਲਾ ਹਰਿ ਜੂ ਫੇਰੀ ਲਏ ਪਾ, ਆਪ ਆਪਣਾ ਪੰਧ ਮੁਕਾਇਆ। ਜੁਗ ਵਿਛੜੇ ਲਏ ਮਿਲਾ, ਆਪ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ । ਕਲਜੁਗ ਅੰਤਮ ਖੇਲ ਕਰਨਾ, ਕਾਦਰ ਕਰੀਮ ਰਿਹਾ ਜਣਾਈਆ। ਜੁਗ ਜਨਮ ਦਾ ਭਗਤ ਵਰਨਾ, ਜੁਗਤ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਚੁਕਾਏ ਮਰਨਾ ਡਰਨਾ, ਰਾਏ ਧਰਮ ਨਾ ਦਏ ਸਜਾਈਆ। ਅਨਸੁਰਤੀ ਏਕਾ ਪੱਲੂ ਫੜਨਾ, ਸੁਰਤੀ ਸੁਰਤ ਦਏ ਭੁਵਾਈਆ। ਡੂੰਘੀ ਕਵਰੀ ਆਪੇ ਵੜਨਾ, ਨਿਰਗੁਣ ਹੋ ਹੋ ਸੇਵ ਕਮਾਈਆ। ਸਚ ਮਹੱਲੇ ਆਪੇ ਚੜ੍ਹਨਾ, ਗੁਰਸਿਖ ਆਤਮ ਸੇਜ ਸੁਹਾਈਆ। ਅੰਦਰ ਵੜ ਵੜ ਸ਼ਬਦ ਪੜ੍ਹਨਾ, ਆਪਣੇ ਨਾਉਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦਏ ਵਡਿਆਈਆ। ਕਲਜੁਗ ਅੰਤਮ ਜਾਏ ਆ, ਆਪਣਾ ਪੰਧ ਮੁਕਾਇਆ। ਪੁਰਖ ਅਬਿਨਾਸ਼ੀ ਪਰਗਟ ਹੋਵੇ ਬੇਪਰਵਾਹ, ਨੂਰ ਕਰ ਰੁਸ਼ਨਾਇਆ। ਇਕ ਜਪਾਏ ਆਪਣਾ ਨਾਂ, ਸੋ ਪੁਰਖ ਨਿਰੰਜਣ ਹੋ ਰੁਸ਼ਨਾਇਆ। ਚਾਰ ਜੁਗ ਦਾ ਲਹਿਣਾ ਦਏ ਮੁਕਾ, ਜੁਗ ਚੌਕੜੀ ਨਾਲ ਮਿਲਾਇਆ। ਨਾਨਕ ਗੋਬਿੰਦ ਕਹਿਣਾ ਪੂਰਾ ਦਏ ਕਰਾ, ਹਰਿ ਜੂ ਆਪਣੀ ਸੇਵ ਕਮਾਇਆ। ਜਨ ਭਗਤਾਂ ਲਹਿਣਾ ਦੇਣਾ ਦਏ ਚੁਕਾ, ਪੂਰਬ ਲੇਖਾ ਆਪ ਮੁਕਾਇਆ। ਸਾਚਾ ਗਹਿਣਾ ਤਨ ਦੇਵੇ ਪਹਿਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਦਏ ਸੁਹਾਇਆ। ਕਲਜੁਗ ਵੇਲਾ ਅੰਤ ਸੁਹੌਣਾ, ਸਵੈ ਜੋਤ ਕਰੇ ਰੁਸ਼ਨਾਈਆ। ਚਾਰ ਵਰਨ ਦਾ ਡੇਰਾ ਢਾਉਣਾ, ਅਠਾਰਾਂ ਬਰਨ ਰਹਿਣ ਨਾ ਪਾਈਆ। ਚਾਰੇ ਖਾਣੀ ਵੇਖ ਵਖੌਣਾ, ਚਾਰੇ ਬਾਣੀ ਬੂਝ ਬੁਝਾਈਆ। ਸਭ ਦਾ ਹਾਣੀ ਇਕ ਮਿਲੌਣਾ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਸਾਨੀ ਕੋਈ ਨਜ਼ਰ ਨਾ ਔਣਾ, ਨੇਤਰ ਨੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਹਰਿ, ਹਰੀ ਦੁਆਰ ਫੇਰਾ ਪਾਇਆ। ਜਿਸ ਕੋਲੋਂ ਮੰਗਦੇ ਰਹੇ ਵਰ, ਵਰ ਦਾਤਾ ਬੇਪਰਵਾਹਿਆ। ਜਿਸ ਨੂੰ ਕਹਿੰਦੇ ਰਹੇ ਨਿਰਭੌ ਨਾ ਕੋਈ ਭੈ ਡਰ, ਭੈ ਸਭ ਦਾ ਰਿਹਾ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇਆ। ਕਲਜੁਗ ਅੰਤਮ ਫੇਰਾ ਪਾ, ਭੇਵ ਦਏ ਖੁਲਾਈਆ। ਕੂੜੀ ਕਿਰਿਆ ਦਏ ਮਿਟਾ, ਜੂਠ ਝੂਠ ਰਹੇ ਨਾ ਰਾਈਆ। ਰਾਜਾ ਪਰਜਾ ਦਏ ਖਪਾ, ਏਕਾ ਖਪਰ ਹੱਥ ਉਠਾਈਆ। ਤ੍ਰੈਗੁਣ ਅਗਨੀ ਦਏ ਤਪਾ, ਜੋਤੀ ਅਗਨੀ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ। ਸਭ ਦਾ ਲੇਖਾ ਜਾਏ ਮੁੱਕ, ਮੁਕੌਣਹਾਰ ਕਰਤਾਰਾ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਵਿਚ ਸੰਸਾਰਾ। ਲੱਖ ਚੁਰਾਸੀ ਭਾਗ ਗਿਆ ਨਿਖੁੱਟ, ਨਾ ਕੋਈ ਕਰਿਆ ਸਚ ਵਣਜ ਵਪਾਰਾ। ਚਾਰੋਂ ਕੁੰਟ ਪੈਣੀ ਲੁੱਟ, ਦਹਿ ਦਿਸ਼ਾ ਧੂਆਂਧਾਰਾ। ਝੂਠਾ ਬੂਟਾ ਦੇਵੇ ਪੁੱਟ, ਲੱਗਾ ਰਹੇ ਨਾ ਅੰਤਮ ਵਾਰਾ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਸੱਚੀ ਸਰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਹਰਿ ਕਾ ਖੇਲ, ਚਾਰ ਵੇਦ ਭੇਵ ਨਾ ਆਈਆ। ਕਰੇ ਪ੍ਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਜੋਤ ਡਗਮਗਾਈਆ। ਜਨ ਭਗਤਾਂ ਸੱਜਣ ਸੁਹੇਲ, ਹਰਿਜਨ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਨਿਸ਼ਾਨਾ ਸ੍ਰੀ ਭਗਵਾਨਾ ਹੋ ਮਿਹਰਵਾਨਾ, ਰਵਦਾਸ ਚੁਮਿਆਰੇ ਹੱਥ ਫੜਾਈਆ। ਰਵਦਾਸ ਚੁਮਿਆਰੇ ਲਿਖਿਆ ਲੇਖ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਸ਼ਾਹ ਪਾਤਸ਼ਾਹ ਮਿਟਦੀ ਜਾਏ ਰੇਖ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਪੂਜਾ ਕਰ ਕਰ ਥੱਕੇ ਗਣਪਤ ਗਣੇਸ਼, ਅਸ਼ਟਭੁਜ ਦੇਵੀ ਦੇਵ ਸ਼ੰਕਰ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਤਾਰ, ਚਤਰਭੁਜ ਵੇਖ ਵਖਾਇੰਦਾ। ਚਾਰ ਜੁਗ ਦੀ ਜਾਣੇ ਕਾਰ, ਤੇਈ ਅਵਤਾਰਾਂ ਆਪ ਉਠਾਇੰਦਾ। ਈਸਾ ਮੂਸਾ ਸੰਗ ਮੁਹੰਮਦ ਖੋਲ੍ਹ ਕਵਾੜ, ਅੱਲਾ ਰਾਣੀ ਮੇਲ ਮਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਨਾਨਕ ਗੋਬਿੰਦ ਕਰ ਪਿਆਰ, ਚਰਨ ਕਵਲ ਇਕ ਵਖਾਇੰਦਾ। ਅਠਾਰਾਂ ਭਗਤਾਂ ਦੇ ਅਧਾਰ, ਅਧਿਆਤਮ ਰੰਗ ਰੰਗਾਇੰਦਾ। ਪਰਮ ਆਤਮ ਹੋ ਉਜਿਆਰ, ਲੋਕਮਾਤ ਫੇਰਾ ਪਾਇੰਦਾ। ਨਿਹਕਲੰਕ ਲੈ ਅਵਤਾਰ, ਜੋਤੀ ਜਾਤਾ ਡਗਮਗਾਇੰਦਾ। ਸੰਬਲ ਨਗਰ ਧਾਮ ਉਜਿਆਰ, ਨੂਰ ਨੁਰਾਨਾ ਆਪ ਉਪਾਇੰਦਾ। ਖੜਗ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ। ਵੰਡੇ ਵੰਡਾਂ ਵਿਚ ਸੰਸਾਰ, ਵੰਡਣਹਾਰਾ ਦਿਸ ਨਾ ਆਇੰਦਾ। ਭੇਖ ਪਖੰਡਾ ਕਰੇ ਖ਼ਵਾਰ, ਸਚ ਸੁੱਚ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਸ੍ਰੀ ਭਗਵੰਤ, ਆਪਣਾ ਆਪ ਚਲਾਈਆ। ਹਰਿਜਨ ਮੇਲ ਨਾਰ ਕੰਤ, ਦਰ ਘਰ ਸਾਚੇ ਲਏ ਮਿਲਾਈਆ। ਲੇਖਾ ਜਾਣੇ ਭਗਤ ਭਗਵੰਤ, ਭਗਵਨ ਆਪਣੀ ਖੇਲ ਕਰਾਈਆ। ਕਲਜੁਗ ਵੇਲਾ ਆਇਆ ਅੰਤ, ਨਿਹਕਲੰਕ ਨਾਉਂ ਰਖਾਈਆ। ਆਪਣੀ ਮਹਿਮਾ ਜਾਣੇ ਅਗਣਤ, ਬੇਅੰਤ ਵਡ ਵਡਿਆਈਆ। ਗੁਰਮੁਖ ਵੇਖੇ ਸਾਚੇ ਸੰਤ, ਲੱਖ ਚੁਰਾਸੀ ਫੋਲ ਫੁਲਾਈਆ। ਏਕਾ ਦੇਵੇ ਨਾਮ ਮੰਤ, ਸੋਹੰ ਅੱਖਰ ਕਰੇ ਪੜ੍ਹਾਈਆ। ਗੜ੍ਹ ਤੋੜ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਮੇਲ ਮਿਲਾਵਾ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਈਆ। ਨਾਤਾ ਤੋੜ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਪੰਚ ਵਿਕਾਰਾ ਕਰੇ ਖੰਡਤ, ਨਾਮ ਖੰਡਾ ਇਕ ਵਖਾਈਆ। ਗੁਰਸਿਖ ਬੋਧ ਅਗਾਧਾ ਪੰਡਤ, ਜਿਸ ਜਨ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਹੋਏ ਸਹਾਈਆ। ਭਗਤਾਂ ਹੋਏ ਰਾਖਾ, ਹਰਿ ਜੂ ਆਪਣੀ ਸੇਵ ਕਮਾਇੰਦਾ। ਸਤਿਜੁਗ ਸਾਚੀ ਗਾਏ ਗਾਥਾ, ਗਾ ਗਾ ਆਪਣਾ ਰੰਗ ਰੰਗਾਇੰਦਾ। ਹਰਿ ਕਾ ਭੇਵ ਨਾ ਪਾਏ ਤ੍ਰਲੋਕੀ ਨਾਥਾ, ਕੋਟਨ ਕੋਟ ਰਾਮ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਆਪਣਾ ਕਰ ਨਾ ਸਕੇ ਪੂਰਾ ਘਾਟਾ, ਸਾਚਾ ਤੋਲ ਨਾ ਕੋਇ ਵਖਾਇੰਦਾ। ਕਰੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਵਰਤਾਇੰਦਾ। ਨਿਰਗੁਣ ਹੋ ਹੋ ਫਿਰੇ ਨਾਠਾ, ਗੁਰਮੁਖ ਸੁਤਿਆਂ ਆਪ ਜਗਾਇੰਦਾ। ਆਓ ਰਲ ਮਿਲ ਕਰੀਏ ਬਾਤਾਂ, ਆਪਣੀ ਕਹਾਣੀ ਆਪ ਸੁਣਾਇੰਦਾ। ਨਾਤਾ ਤੁਟਣਾ ਜ਼ਾਤਾ ਪਾਤਾ, ਇਕੋ ਬ੍ਰਹਮ ਸਰਬ ਸਮਝਾਇੰਦਾ। ਇਕੋ ਤੀਰਥ ਇਕੋ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਇਕੋ ਅੰਮ੍ਰਿਤ ਇਕੋ ਬਾਟਾ, ਦੂਜਾ ਪਿਆਲਾ ਨਾ ਕੋਇ ਬਣਾਇੰਦਾ। ਇਕੋ ਵਣਜ ਇਕੋ ਹਾਟਾ, ਵਸਤ ਹਰਿ ਜੂ ਇਕ ਵਰਤਾਇੰਦਾ। ਇਕ ਕਿਨਾਰਾ ਇਕੋ ਤਾਟਾ, ਇਕੋ ਘਾਟ ਪਾਰ ਵਖਾਇੰਦਾ। ਇਕੋ ਨੂਰ ਇਕੋ ਲਾਟਾ, ਇਕੋ ਜੋਤ ਡਗਮਗਾਇੰਦਾ। ਇਕੋ ਪਿਤਾ ਇਕੋ ਮਾਤਾ, ਪਿਤਾ ਪੂਤ ਇਕ ਉਪਾਇੰਦਾ। ਇਕੋ ਦੀਨ ਇਕੋ ਦਾਤਾ, ਦੇਵਣਹਾਰ ਇਕ ਹੋ ਜਾਇੰਦਾ। ਇਕੋ ਸਾਹਿਬ ਕਮਲਾਪਾਤਾ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਇੰਦਾ। ਜਨ ਭਗਤਾਂ ਹਰਿ ਜਗਾਏ, ਜੁਗ ਜੁਗ ਅਵਲੜੀ ਕਾਰ। ਕਲਜੁਗ ਅੰਤਮ ਵੇਖ ਵਖਾਏ, ਨਿਰਗੁਣ ਨਿਰਗੁਣ ਲਏ ਅਵਤਾਰ। ਜੁਗ ਚੌਕੜੀ ਵਿਛੜੇ ਲਏ ਮਿਲਾਏ, ਪੂਰਬ ਲਹਿਣਾ ਕਰਮ ਵਿਚਾਰ। ਆਪਣਾ ਪਰਦਾ ਦਏ ਚੁਕਾਏ, ਦੇਵੇ ਦਰਸ ਅਗੰਮ ਅਪਾਰ। ਗੋਬਿੰਦ ਬੇੜਾ ਲਏ ਤਰਾਏ, ਨਾ ਕੋਈ ਡੋਬੇ ਵਿਚ ਮੰਝਧਾਰ। ਆਪਣੇ ਕੰਧੇ ਲਏ ਉਠਾਏ, ਗੁਰਮੁਖ ਚਲੇ ਹੌਲੇ ਭਾਰ। ਸਾਚਾ ਮਾਰਗ ਆਪ ਜਣਾਏ, ਦਰਗਹਿ ਸਾਚੀ ਧਾਮ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਵਿਚ ਸੰਸਾਰ। ਸੇਵਾ ਕਰੇ ਠਾਕਰ ਸਵਾਮੀ, ਹਰਿਜਨ ਠੋਕਰ ਨਾਮ ਲਗਾਇੰਦਾ। ਘਟ ਘਟ ਹਰਿ ਜੂ ਅੰਤਰਜਾਮੀ, ਘਰ ਘਰ ਵੇਖ ਵਖਾਇੰਦਾ। ਰਾਤੀਂ ਸੁਤਿਆਂ ਸੁਣਾਏ ਆਪਣੀ ਬਾਣੀ, ਛੱਤੀ ਰਾਗ ਭੇਵ ਨਾ ਆਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਅਠਸਠ ਤੀਰਥ ਨਾ ਕੋਈ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਇੰਦਾ। ਭਗਤ ਸੁਹੇਲਾ ਉਠਿਆ, ਉਠਿਆ ਵਿਚ ਸੰਸਾਰ। ਸਾਹਿਬ ਸਤਿਗੁਰ ਪੂਰਾ ਤੁਠਿਆ, ਦੇਵੇ ਦਰਸ ਦੀਦਾਰ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਰਿਹਾ ਲੁਕਿਆ, ਨਿਰਗੁਣ ਰੂਪ ਨਿਰੰਕਾਰ। ਕਲਜੁਗ ਅੰਤਮ ਸ਼ੇਰ ਹੋ ਕੇ ਬੁੱਕਿਆ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਕਲਜੁਗ ਬੂਟਾ ਜਾਣਾ ਪੁੱਟਿਆ, ਅੰਤ ਰਹੇ ਨਾ ਵਿਚ ਸੰਸਾਰ। ਸ਼ਾਹ ਸੁਲਤਾਨਾਂ ਫੜ ਫੜ ਕੁੱਟਿਆ, ਮਾਰੇ ਸ਼ਬਦੀ ਮਾਰ। ਦਿਨ ਦਿਹਾੜੇ ਜਾਏ ਲੁੱਟਿਆ, ਨਾ ਦਿਸੇ ਕੋਈ ਸਹਾਰ। ਗੁਰਮੁਖ ਵਿਰਲਾ ਗੋਦ ਚੁਕਿਆ, ਜਿਸ ਜਨ ਕਰੇ ਪਿਆਰ। ਉਠ ਗੁਰਮੁਖ ਸਾਜਣ ਸੁਤਿਆ, ਤੇਰੀ ਸਤਿਗੁਰ ਪਾਏ ਸਾਰ। ਸੋਹੇ ਬਸੰਤ ਸਾਚੀ ਰੁੱਤਿਆ, ਖਿੜੇ ਇਕ ਗੁਲਜ਼ਾਰ। ਫਲ ਲੱਗੇ ਡਾਲੀ ਪੱਤਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਪਿਆਰ। ਭਗਤ ਉਧਾਰੀ ਉਠਿਆ, ਇਕ ਇਕੱਲਾ ਏਕੰਕਾਰ। ਰਾਤੀਂ ਸੁਤਿਆਂ ਆਪ ਜਗਾ ਲਿਆ, ਦੇ ਦੇ ਦਰਸ ਦੀਦਾਰ। ਜੁਗ ਜੁਗ ਦੇ ਰੁਸਿਆਂ ਆਪ ਮਨਾ ਲਿਆ, ਕਰ ਕਿਰਪਾ ਅਪਰ ਅਪਾਰ। ਬਿਨ ਪੁਛਿਆਂ ਘਰ ਬਹਾ ਲਿਆ, ਪੂਰਬ ਜਨਮ ਦਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾਰ ਖੇਲ ਕਰ, ਖ਼ਾਲਕ ਦਏ ਵਖਾਈਆ। ਜਨ ਭਗਤਾਂ ਚੁਕਾਏ ਦੂਜਾ ਡਰ, ਭੌ ਅਵਰ ਨਾ ਕੋਈ ਰਖਾਈਆ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਵਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੁ ਅੱਖਰ ਦਏ ਸਮਝਾਈਆ। ਸੋਹੰ ਅੱਖਰ ਜਾਣਾ ਪੜ੍ਹ, ਆਤਮ ਪਰਮਾਤਮ ਲਏ ਮਿਲਾਈਆ। ਆਪਣੇ ਮੰਦਰ ਜਾਣਾ ਚੜ੍ਹ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਸੇਵ ਕਮਾਈਆ। ਸੇਵਕ ਬਣਿਆ ਸ਼ਾਹ ਸੁਲਤਾਨ, ਸਾਚੀ ਸੇਵ ਮਾਤ ਕਮਾਈਆ। ਸਾਚੇ ਭਗਤ ਕਰ ਪਰਵਾਨ, ਅੰਗ ਅੰਗ ਨਾਲ ਮਿਲਾਈਆ। ਸਤਿ ਸਤਿਵਾਦੀ ਸਚ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਸਾਤਾ ਦੂਆ ਖੇਲ ਮਹਾਨ, ਬਹੱਤਰ ਏਕਾ ਰੰਗ ਵਖਾਈਆ। ਤ੍ਰੈ ਤ੍ਰੈ ਲੋਕ ਹੋਣ ਹੈਰਾਨ, ਹਰਿ ਜੂ ਕਵਣ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਚਾਰੇ ਕੁੰਟਾਂ ਨੈਣ ਉਠਾਈਆ। ਸੁਰਪਤ ਇੰਦ ਤੁਟਾ ਮਾਣ, ਨੇਤਰ ਨੈਣਾਂ ਨੀਰ ਵਹਾਈਆ। ਕਰੋੜ ਤਤੀਸਾ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਈਆ। ਕਲਜੁਗ ਪਰਗਟ ਹੋਇਆ ਸ੍ਰੀ ਭਗਵਾਨ, ਨਿਰਗੁਣ ਆਪਣਾ ਨਾਉਂ ਰਖਾਈਆ। ਜਨ ਭਗਤਾਂ ਦੇਵੇ ਮਾਣ, ਸਾਡਾ ਮਾਣ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਖੇਲ ਕਰਾ, ਆਪਣਾ ਰੰਗ ਜਣਾਇੰਦਾ। ਭਗਤ ਦੁਆਰਾ ਮਾਤ ਪਰਗਟਾ, ਪ੍ਰਗਟ ਆਪਣਾ ਆਪ ਸਮਝਾਇੰਦਾ। ਸਚਖੰਡ ਦੁਆਰਾ ਦਏ ਬਣਾ, ਸਚਖੰਡ ਵਾਸੀ ਆਸਣ ਲਾਇੰਦਾ। ਗੁਰ ਅਵਤਾਰ ਦਰ ਲਏ ਬੁਲਾ, ਹੁਕਮੀ ਹੁਕਮ ਆਪ ਜਣਾਇੰਦਾ। ਭਗਤ ਭਗਵੰਤ ਰਾਹ ਦਏ ਵਖਾ, ਬਣ ਰਹਿਬਰ ਖੇਲ ਕਰਾਇੰਦਾ। ਸਚ ਵਿਹਾਰਾ ਕਰਤਾ ਕਾਦਰ ਦਏ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਕਰਾਇੰਦਾ। ਸਚ ਵਿਹਾਰਾ ਕਰਤਾ ਕਾਦਰ ਕਰਤਾਰ, ਭੇਵ ਅਭੇਦ ਜਣਾਈਆ। ਛੱਬੀ ਪੋਹ ਦਿਵਸ ਵਿਚਾਰ, ਲੋਕਮਾਤ ਦਏ ਵਡਿਆਈਆ। ਸਾਚੇ ਤਖ਼ਤ ਬਹਿ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਚਾਰ ਜੁਗ ਦਾ ਲੇਖਾ ਦਏ ਨਿਵਾਰ, ਬਾਕੀ ਕੋਈ ਰਹਿਣ ਨਾ ਪਾਈਆ। ਗੁਰ ਅਵਤਾਰ ਕਰਨ ਵਿਚਾਰ, ਵਿਚਾਰ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਨਾਮ ਵਜਾਈਆ। ਏਕਾ ਡੰਕਾ ਜਾਏ ਵੱਜ, ਵਜਾਵਣਹਾਰ ਆਪ ਨਿਰੰਕਾਰਾ। ਕੂੜੀ ਕਿਰਿਆ ਕਲਜੁਗ ਜਾਏ ਤੱਜ, ਜੂਠਾ ਝੂਠਾ ਉਡੇ ਅੰਧ ਅੰਧਿਆਰਾ। ਸਤਿਜੁਗ ਸਾਚੀ ਸੇਜਾ ਚੜ੍ਹੇ ਭੱਜ, ਧਰਤ ਮਾਤ ਕਰੇ ਪਿਆਰਾ। ਜਨ ਭਗਤਾਂ ਪਰਦਾ ਦੇਵੇ ਕੱਜ, ਬਖ਼ਸ਼ੇ ਚਰਨ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਕਰਾਏ ਸਾਚੀ ਕਾਰਾ। ਸਾਚੀ ਕਾਰ ਹਰਿ ਗੋਬਿੰਦ, ਆਪਣੀ ਆਪ ਕਰਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਅੰਮ੍ਰਿਤ ਆਤਮ ਦੇਵੇ ਸਿੰਧ, ਸਾਗਰ ਆਪਣਾ ਰੂਪ ਵਟਾਈਆ। ਹਰਿਜਨ ਬਣਾਏ ਅਨਾਦੀ ਬਿੰਦ, ਪਿਤਾ ਪੂਤ ਲਏ ਮਿਲਾਈਆ। ਤਖ਼ਤੋਂ ਲਾਹੇ ਸੁਰਪਤ ਰਾਜਾ ਇੰਦ, ਗੁਰਮੁਖ ਦਏ ਵਡਿਆਈਆ। ਸ਼ੰਕਰ ਛੱਡੇ ਆਪਣਾ ਪਿੰਡ, ਪਿੰਡੀ ਫੇਰ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਆਪ ਸਹਾਈਆ। ਸ਼ਿਵ ਸ਼ੰਕਰ ਹੋਏ ਉਦਾਸ, ਉਦਾਸੀ ਕੋਇ ਨਾ ਮਾਤ ਮਿਟਾਇੰਦਾ। ਸਾਚੀ ਵਸਤ ਨਾ ਕੋਈ ਪਾਸ, ਖ਼ਾਲੀ ਹੱਥ ਸਰਬ ਫਿਰਾਇੰਦਾ। ਜੋ ਉਪਜੇ ਸੋ ਹੋਵੇ ਨਾਸ, ਥਿਰ ਕੋਇ ਰਹਿਣ ਨਾ ਪਾਇੰਦਾ। ਸਾਚੇ ਭਗਤ ਕਰ ਪਰਕਾਸ਼, ਹਰਿ ਜੂ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਤੇਰਾ ਪੰਧ ਮੁਕਾਇੰਦਾ। ਬ੍ਰਹਮਾ ਵੇਤਾ ਕਰ ਵਿਚਾਰ, ਆਪ ਆਪਣਾ ਰਿਹਾ ਭੁਲਾਈਆ। ਮੇਰੇ ਮਨਵੰਤਰ ਗਏ ਹਾਰ, ਮਹਿਮਾ ਕੋਈ ਰਹਿਣ ਨਾ ਪਾਈਆ। ਨਵ ਨੌਂ ਬੀਤੇ ਜੁਗ ਚਾਰ, ਆਪਣਾ ਪੰਧ ਮੁਕਾਈਆ। ਅੰਤਮ ਲਹਿਣਾ ਮੰਗੇ ਨਿਰੰਕਾਰ, ਭੁੱਲ ਕਦੇ ਨਾ ਜਾਈਆ। ਪੁਰੀ ਬ੍ਰਹਮ ਨਾ ਰਹੇ ਪਸਾਰ, ਪਾਰਬ੍ਰਹਮ ਕਰੇ ਸਫ਼ਾਈਆ। ਗੁਰਮੁਖ ਸਾਚੇ ਲਏ ਉਭਾਰ, ਲੋਕਮਾਤ ਦਏ ਵਡਿਆਈਆ। ਸਤਿਜੁਗ ਸਾਚੀ ਚਲੇ ਕਾਰ, ਕਰਨੀ ਕਰਤਾ ਆਪ ਕਮਾਈਆ। ਗੁਰਮੁਖ ਸੱਜਣ ਲਏ ਭਾਲ, ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚਰਨ ਕਵਲ ਜਨ ਸਾਚੀ ਓਟ , ਪ੍ਰਭ ਸ਼ਰਨ ਸੱਚੀ ਸ਼ਰਨਾਈਆ। ਆਲ੍ਹਣਿਉਂ ਡਿੱਗੇ ਚੁੱਕ ਬੋਟ, ਆਪ ਆਪਣੀ ਗੋਦ ਬਹਾਈਆ। ਝੂਠੀ ਵਾਸ਼ਨਾ ਕੱਢੇ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾਈਆ। ਨਾਮ ਭੰਡਾਰਾ ਦਏ ਅਤੋਟ, ਨਿਖੁਟ ਕਦੇ ਨਾ ਜਾਈਆ। ਪੰਜ ਤੱਤ ਕਾਇਆ ਵੇਖੇ ਕਿਲਾ ਕੋਟ, ਨੌਂ ਦੁਵਾਰੇ ਖੋਜ ਖੁਜਾਈਆ। ਗ੍ਰਹਿ ਮੰਦਰ ਜਗਾਏ ਨਿਰਮਲ ਜੋਤ, ਘਰ ਘਰ ਵਿਚ ਕਰੇ ਰੁਸ਼ਨਾਈਆ। ਰਾਤੀਂ ਸੁਤਿਆਂ ਖੋਲ੍ਹ ਸੋਤ, ਸਵੱਛ ਸਰੂਪੀ ਦਰਸ ਦਿਖਾਈਆ। ਹਰਿ ਕਾ ਸ਼ਬਦ ਵਰਨ ਗੋਤ, ਜ਼ਾਤ ਪਾਤ ਜੋਤ ਰੁਸ਼ਨਾਈਆ। ਤਨ ਨਗਾਰੇ ਲੱਗੇ ਚੋਟ, ਅਨਹਦ ਸ਼ਬਦ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਸਚ ਸ਼ਰਨਾਈਆ। ਹਰਿ ਸ਼ਰਨਾਈ ਚਰਨ ਧੂੜ, ਧੂੜੀ ਮਸਤਕ ਲਾਇਆ। ਕਾਇਆ ਚੋਲੀ ਰੰਗ ਚੜ੍ਹੇ ਗੂੜ੍ਹ, ਉਤਰ ਕਦੇ ਨਾ ਜਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਜਿਸ ਜਨ ਆਪਣਾ ਨਾਮ ਜਪਾਇਆ। ਘਰ ਉਪਜੇ ਸ਼ਬਦ ਅਨਾਦੀ ਤੂਰ, ਪੰਚਮ ਰਾਗ ਨਾਦ ਸੁਣਾਇਆ। ਸਤਿਗੁਰ ਸੱਚਾ ਹਾਜ਼ਰ ਹਜ਼ੂਰ, ਗੁਰ ਗੋਬਿੰਦ ਮੇਲ ਮਿਲਾਇਆ। ਫੜ ਫੜ ਤਾਰੇ ਸਾਰਾ ਪੂਰ, ਬੇੜਾ ਲੋਕਮਾਤ ਚਲਾਇਆ। ਦਾਤਾ ਦਾਨੀ ਜੋਧਾ ਸੂਰ, ਬੀਰ ਬੀਰਤਾ ਆਪਣੇ ਹੱਥ ਰਖਾਇਆ। ਸਰਬ ਕਲਾ ਭਰਪੂਰ, ਭੰਡਾਰਾ ਭਰਪੂਰ ਦਏ ਵਿਖਾਇਆ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਜੋੜ ਦਏ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਇਕ ਸ਼ਰਨਾਇਆ। ਹਰਿ ਸ਼ਰਨਾਈ ਹੋਏ ਗਤ, ਗਤ ਮਿਤ ਆਪ ਜਣਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਤੱਤੀ ਵਾ ਨਾ ਲਾਗੇ ਰਾਈਆ। ਸਤਿ ਸੰਤੋਖ ਦੇਵੇ ਧੀਰਜ ਜਤ, ਮਨ ਮਤ ਬੁਧ ਦਏ ਗਵਾਈਆ। ਘਰ ਉਪਜਾਏ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਮੇਲ ਮਿਲਾਵਾ ਕਮਲਾਪਤ, ਕਵਲ ਨੈਣ ਦਰਸ ਦਿਖਾਈਆ। ਪੰਚਮ ਵਿਕਾਰਾ ਲਹੇ ਸੱਥ, ਸੱਥਰ ਏਕਾ ਦਏ ਵਿਛਾਈਆ। ਨਜ਼ਰੀ ਆਏ ਘਟ ਘਟ, ਘਟ ਘਟ ਰਵਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਚ ਸ਼ਰਨਾਈਆ । ਸਚ ਸ਼ਰਨਾਈ ਸਤਿਗੁਰ ਚਰਨ, ਇਕੋ ਇਕ ਜਣਾਇੰਦਾ। ਮਿਲੇ ਵਡਿਆਈ ਉਪਰ ਧਵਲ, ਹੌਲਾ ਭਾਰ ਕਰਾਇੰਦਾ। ਉਲਟਾ ਕਰੇ ਨਾਭ ਕਵਲ, ਫੜ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਰਨਾਈ ਇਕ ਵਖਾਇੰਦਾ। ਹਰਿ ਫ਼ਰਮਾਣ ਗੁਰ ਕੀ ਬਾਣੀ, ਗੁਰੂ ਗ੍ਰੰਥ ਗੁਰ ਵਡਿਆਈਆ। ਗੋਬਿੰਦ ਹੋਇਆ ਜਾਣ ਜਾਣੀ, ਸਭ ਨੂੰ ਗਿਆ ਸਮਝਾਈਆ। ਜਿਸ ਜਨ ਪਾਉਣਾ ਪਦ ਨਿਰਬਾਣੀ, ਪੜ੍ਹ ਪੜ੍ਹ ਹਰਿ ਲਿਵ ਲਾਈਆ। ਜੋ ਜਨ ਪੜ੍ਹ ਪੜ੍ਹ ਜਾਣੇ ਜਗਤ ਕਹਾਣੀ, ਤਿਸ ਠੌਰ ਕੋਇ ਨਾ ਪਾਈਆ। ਹਰਿ ਕਾ ਨਾਉਂ ਅੰਮ੍ਰਿਤ ਬਾਣੀ, ਗੁਰ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਰਿਹਾ ਸਮਝਾਈਆ। ਗੁਰੂ ਗ੍ਰੰਥ ਹਰਿ ਕਾ ਉਪਦੇਸ਼, ਨਾਨਕ ਅੰਗਦ ਅੰਗ ਲਗਾਇਆ। ਸਾਹਿਬ ਦਾਤਾ ਨਰ ਨਰੇਸ਼, ਅਮਰਦਾਸ ਰਿਹਾ ਸਮਝਾਇਆ। ਰਾਮਦਾਸ ਕਹੇ ਹਰਿ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਗੁਰ ਅਰਜਨ ਕਰੇ ਆਦੇਸ਼, ਨਿਉਂ ਨਿਉਂ ਸੀਸ ਝੁਕਾਇਆ। ਧੰਨ ਸਾਹਿਬ ਜਿਸ ਤੂੰ ਵਸਿਆ ਦੇਸ਼, ਧੰਨ ਧੰਨ ਤੇਰੀ ਵਡਿਆਇਆ। ਜੁਗ ਜੁਗ ਤੇਰਾ ਲਿਖ ਲਿਖ ਥੱਕੇ ਲੇਖ, ਅੰਤ ਕਿਸੇ ਨਾ ਪਾਇਆ। ਗੋਬਿੰਦ ਲਾ ਕੇ ਗਿਆ ਮੇਖ, ਨਾ ਕੋਈ ਸਕੇ ਉਖੜਾਇਆ। ਹਰਿ ਜੂ ਅੰਤਮ ਆਵੇ ਸੰਬਲ ਦੇਸ਼, ਨਿਹਕਲੰਕਾ ਨਾਉਂ ਰਖਾਇਆ। ਦੋ ਜਹਾਨਾਂ ਲਏ ਵੇਖ, ਆਪਣਾ ਭੇਵ ਨਾ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰੂ ਗ੍ਰੰਥ ਬੋਧ ਅਗਾਧ ਗਿਆਨ, ਜੀਵਾਂ ਜੰਤਾਂ ਕਰੇ ਪੜ੍ਹਾਈਆ। ਸਿਫ਼ਤੀ ਸਿਫ਼ਤ ਸਾਲਾਹਨ, ਪਾਰਬ੍ਰਹਮ ਸਚ ਸ਼ਰਨਾਈਆ। ਭਗਤ ਭਗਵੰਤ ਗੁਰਮੁਖ ਗੁਰਸਿਖ ਇਕੋ ਗਾਇਣ, ਗਾ ਗਾ ਖੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਮੀਤ ਦਏ ਵਡਿਆਈਆ। ਗੁਰੂ ਗ੍ਰੰਥ ਗੁਰ ਸੂਰਾ, ਚਾਰ ਵਰਨ ਜਣਾਇਆ। ਜਿਸ ਧਾਮ ਪ੍ਰਗਟ ਹੋਏ ਹਾਜ਼ਰ ਹਜ਼ੂਰਾ, ਆਪਣਾ ਰੰਗ ਦਏ ਵਖਾਇਆ। ਕਰ ਕਿਰਪਾ ਨੇੜੇ ਆਏ ਜੋ ਦਿਸੇ ਦੂਰਾ, ਦੂਰ ਦੁਰਾਡਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਇਆ। ਗੁਰਸਿਖ ਪਿਆਰ ਹਰਿ ਪ੍ਰਸ਼ਾਦਿ, ਗੁਰ ਕਿਰਪਾ ਆਪ ਵਰਤਾਈਆ। ਮਾਨਸ ਜਨਮ ਮਿਲੀ ਦਾਦ, ਦਾਤਾ ਦਾਨੀ ਆਪ ਦਵਾਈਆ। ਭਗਤ ਭਗਵਾਨ ਸੱਚੀ ਯਾਦ, ਜੁਗਾ ਜੁਗੰਤਰ ਭੁੱਲ ਨਾ ਜਾਈਆ। ਆਦਿ ਅੰਤ ਸੁਣੇ ਫ਼ਰਿਯਾਦ, ਵੇਸ ਅਨੇਕ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣਾ ਬੰਧਨ ਪਾਈਆ। ਬਹੱਤਰ ਨਾੜ ਵੇਖੇ ਤਿੰਨ ਸੌ ਸੱਠ ਹਾਡ, ਰਕਤ ਬੂੰਦ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਬਣਾਈਆ। ਸਤਿ ਪ੍ਰਸਾਦਿ ਹੋਏ ਸੀਤ, ਸੀਤਲ ਧਾਰ ਰਖਾਇੰਦਾ। ਹਰਿਜਨ ਹਰਿ ਜੂ ਸਚ ਪ੍ਰੀਤ, ਪ੍ਰੀਤੀਵਾਨ ਆਪ ਨਿਭਾਇੰਦਾ। ਧਾਮ ਵਖਾਏ ਇਕ ਅਨਡੀਠ, ਅਨਡਿਠੀ ਰੀਤ ਚਲਾਇੰਦਾ। ਸੋਹੰ ਸ਼ਬਦ ਸੁਹਾਗੀ ਗੀਤ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਇੰਦਾ। ਸਤਿ ਪ੍ਰਸਾਦਿ ਸਤਿ ਲੱਗੇ ਭੋਗ, ਹਰਿ ਸਾਚਾ ਆਪ ਲਗਾਇੰਦਾ। ਹਰਿਜਨ ਮੇਲਾ ਧੁਰ ਸੰਜੋਗ, ਹਰਿ ਸੰਜੋਗੀ ਆਪ ਕਰਾਇੰਦਾ। ਜਨਮ ਜਨਮ ਦਾ ਕੱਟੇ ਰੋਗ, ਕਰਮ ਕਰਮ ਦੁੱਖ ਮਿਟਾਇੰਦਾ। ਦੇਵੇ ਦਰਸ ਦਰ ਅਮੋਘ, ਰੂਪ ਅਨੂਪ ਆਪ ਵਖਾਇੰਦਾ। ਇਕ ਸੁਣਾਏ ਸਚ ਸਲੋਕ, ਸਾਚਾ ਸੋਹਲਾ ਆਪੇ ਗਾਇੰਦਾ। ਅੰਤਮ ਚਰਨਾਂ ਹੇਠ ਦੱਬੇ ਮੁਕਤ ਮੋਖ, ਆਪ ਆਪਣੀ ਗੋਦ ਬਹਾਇੰਦਾ। ਮੇਲ ਮਿਲਾਏ ਨਿਰਮਲ ਜੋਤ, ਜੋਤੀ ਜੋਤ ਵਿਚ ਸਮਾਇੰਦਾ। ਸਚਖੰਡ ਬਹਾਏ ਸਾਚੇ ਕੋਟ, ਏਕਾ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਤ ਪ੍ਰਸਾਦਿ ਜਿਸ ਖੁਵਾਇੰਦਾ। ਸੀਤ ਪ੍ਰਸਾਦਿ ਲਾਉਣਾ ਰਸਨਾ, ਰਸਕ ਰਸ ਵਖਾਈਆ। ਹਿਰਦੇ ਅੰਦਰ ਹਰਿ ਜੂ ਵਸਣਾ, ਵਸ ਵਸ ਆਪਣਾ ਭੇਵ ਖੁਲ੍ਹਾਈਆ। ਸਾਚਾ ਮਾਰਗ ਇਕੋ ਦੱਸਣਾ, ਗੁਰ ਗੋਬਿੰਦ ਲਏ ਮਿਲਾਈਆ। ਚਰਨ ਦੁਵਾਰ ਬਹਿ ਬਹਿ ਹੱਸਣਾ, ਏਕਾ ਖ਼ੁਸ਼ੀ ਵਖਾਈਆ। ਕਲਜੁਗ ਵਿਕਾਰ ਕੋਲੋਂ ਨੱਸਣਾ, ਨੱਸ ਨੱਸ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਦਏ ਖੁਵਾਈਆ। ਸਤਿ ਪ੍ਰਸਾਦਿ ਰਸਨਾ ਖਾਣਾ, ਜਿਹਵਾ ਗੁਣ ਜਣਾਇੰਦਾ। ਏਥੇ ਓਥੇ ਮਿਲੇ ਮਾਣਾ, ਨਿਮਾਣਿਆਂ ਰਾਹ ਚਲਾਇੰਦਾ। ਹਰਿ ਭਗਤ ਹਰਿ ਆਪ ਪਹਿਚਾਣਾ, ਪਹਿਚਾਣ ਵਿਚ ਕਿਸੇ ਨਾ ਆਇੰਦਾ। ਗੁਰਮੁਖਾਂ ਹਰਿ ਜੂ ਗਾ ਗਾ ਗਾ ਗਾਣਾ, ਆਪਣਾ ਵਕਤ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਦੇਵੇ ਵੰਡ, ਅੰਤਮ ਆਤਮ ਪਾਏ ਠੰਡ, ਅਗਨੀ ਤੱਤ ਤੱਤ ਸਮਝਾਇੰਦਾ। ਅਗਨੀ ਤੱਤ ਜਾਏ ਬੁੱਝ, ਸਤਿਗੁਰ ਪੂਰਾ ਦਇਆ ਕਮਾਈਆ। ਹਰਿਜਨ ਭੇਵ ਖੁਲ੍ਹਾਏ ਗੁੱਝ, ਦੂਈ ਦਵੈਤੀ ਪਰਦਾ ਲਾਹੀਆ। ਸੁਰਤ ਸ਼ਬਦ ਇਕੋ ਥਾਂ ਜਾਏ ਰੁੱਝ, ਘਰ ਘਰ ਵਿਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਚ ਪ੍ਰਸਾਦਿ ਵਰਤਾਈਆ। ਨਿਰਗੁਣ ਰੂਪ ਨਿਰਾਕਾਰ, ਆਦਿ ਪੁਰਖ ਵਡਿਆਈਆ। ਸਚ ਮਹੱਲਾ ਕਰ ਤਿਆਰ, ਉਚ ਅਟੱਲਾ ਆਪ ਸੁਹਾਈਆ। ਪੁਰਖ ਅਕਾਲ ਭੇਵ ਨਿਆਰ, ਅਜੂਨੀ ਰਹਿਤ ਬੇਪਰਵਾਹੀਆ ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਸਤਿ ਸਤਿਵਾਦੀ ਹੋ ਤਿਆਰ, ਦਰ ਘਰ ਸਾਚਾ ਇਕ ਸੁਹਾਈਆ। ਚਾਰ ਕੁੰਟ ਨਾ ਕੋਈ ਦੀਵਾਰ, ਦੀਵਾ ਬੱਤੀ ਨਾ ਕੋਈ ਰੁਸ਼ਨਾਈਆ। ਨਾਦ ਧੁੰਨ ਨਾ ਕੋਈ ਜੈਕਾਰ, ਰਾਗੀ ਰਾਗ ਨਾ ਕੋਈ ਸੁਣਾਈਆ। ਮੰਡਲ ਮੰਡਪ ਨਾ ਕੋਈ ਸਹਾਰ, ਰਵ ਸਸ ਨਾ ਕੋਈ ਚਮਕਾਈਆ। ਬ੍ਰਹਿਮੰਡ ਖੰਡ ਨਾ ਕੋਈ ਅਖਾੜ, ਰੂਪ ਰੰਗ ਨਾ ਕੋਈ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਈ ਪਿਆਰ, ਤ੍ਰੈ ਮੁਖ ਨਾ ਕੋਈ ਵਖਾਈਆ। ਪੰਜ ਤੱਤ ਨਾ ਕੋਈ ਪਸਾਰ, ਜਲ ਥਲ ਮਹੀਅਲ ਨਾ ਕੋਇ ਵਡਿਆਈਆ। ਜੰਗਲ ਜੂਹ ਨਾ ਕੋਇ ਉਜਾੜ ਪਹਾੜ, ਸਮੁੰਦ ਸਾਗਰ ਨਾ ਕੋਇ ਪਰਗਟਾਈਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਰਖਾਈਆ। ਖਾਣੀ ਬਾਣੀ ਨਾ ਕੋਈ ਵਿਹਾਰ, ਅਵਣ ਗਵਣ ਨਾ ਕੋਇ ਫਿਰਾਈਆ। ਰਾਜਾ ਰਾਣੀ ਨਾ ਕੋਈ ਦੁਵਾਰ, ਰਈਅਤ ਰੂਪ ਨਾ ਕੋਈ ਵਟਾਈਆ। ਹੁਕਮੀ ਹੁਕਮ ਨਾ ਕੋਈ ਹੁਕਮਰਾਨ, ਸ਼ਾਹ ਪਾਤਸ਼ਾਹ ਨਾ ਕੋਈ ਅਖਵਾਈਆ। ਸੂਰਜ ਚੰਦ ਨਾ ਜ਼ਿਮੀ ਅਸਮਾਨ, ਧਰਤ ਧਵਲ ਨਾ ਕੋਈ ਬਣਾਈਆ। ਇਕ ਇਕੱਲਾ ਸ੍ਰੀ ਭਗਵਾਨ, ਸਚਖੰਡ ਸਾਚੇ ਸੋਭਾ ਪਾਈਆ। ਸਾਚਾ ਤਖ਼ਤ ਇਕ ਮਹਾਨ, ਸਤਿ ਸਤਿਵਾਦੀ ਆਪ ਬਣਾਈਆ। ਪਾਵਾ ਚੂਲ ਨਾ ਘੜੇ ਕੋਈ ਤਰਖਾਣ, ਬਣ ਬਾਢੀ ਸੇਵ ਕਮਾਈਆ। ਉਪਰ ਬੈਠ ਸ੍ਰੀ ਭਗਵਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਏ ਵਡਿਆਈਆ। ਸਚਖੰਡ ਸਚ ਦੁਆਰਪਾਲ, ਆਪ ਹੋ ਜਾਇੰਦਾ। ਸਚ ਸਿੰਘਾਸਣ ਹਰਿ ਕਰਤਾਰਾ, ਕਰਤਾ ਆਪ ਕਰਾਇੰਦਾ। ਮਹੱਲ ਅਟੱਲ ਉਚ ਮਨਾਰਾ, ਅਸਥਿਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਉਪਾਇੰਦਾ। ਸਚਖੰਡ ਦੁਆਰਾ ਕਿਲਾ ਕੋਟ, ਹਰਿ ਸਾਚੀ ਬਣਤ ਬਣਾਈਆ। ਨਿਰਮਲ ਜਗਾਏ ਇਕ ਜੋਤ, ਨੂਰ ਨੁਰਾਨਾ ਡਗਮਗਾਈਆ। ਦੂਸਰ ਰੱਖੇ ਨਾ ਕੋਈ ਓਟ, ਪਾਰਬ੍ਰਹਮ ਬੇਅੰਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਈਆ। ਸਚਖੰਡ ਦੁਆਰੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਏਕੰਕਾਰ ਕਰ ਪਸਾਰ, ਆਪ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜੋਤ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਵਸੇ ਠਾਂਡੇ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਨਿਰਗੁਣ ਆਪਣਾ ਰੂਪ ਧਰਾਇੰਦਾ। ਸਚ ਸਿੰਘਾਸਣ ਅਪਰ ਅਪਾਰ, ਸਤਿ ਸਤਿਵਾਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਰੰਗ ਰੰਗਾਇੰਦਾ। ਸਚਖੰਡ ਹਰਿ ਸ਼ੈਲ ਛਬੀਲਾ, ਇਕ ਇਕੱਲਾ ਵਡ ਵਡਿਆਈਆ। ਕੋਈ ਰੰਗ ਨਾ ਜਾਣੇ ਕਾਲਾ ਪੀਲਾ, ਨੀਲਾ ਸੂਹਾ ਵੇਸ ਨਾ ਕੋਇ ਧਰਾਈਆ। ਆਪੇ ਪਰਗਟੇ ਆਪਣਾ ਕਰ ਕਰ ਹੀਲਾ, ਮਾਤ ਪਿਤ ਨਾ ਕੋਇ ਰਖਾਈਆ। ਨਾ ਕੋਇ ਬੰਸ ਨਾ ਕਬੀਲਾ, ਬੰਧਨ ਬੰਧਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਏਕੰਕਾਰ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਆਪਣੀ ਇਛਿਆ ਆਪੇ ਧਾਰ, ਆਪੇ ਵੇਖ ਵਖਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰ, ਨਰ ਨਿਰੰਕਾਰਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਸਾਚਾ ਬੰਕ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਵਟਾਈਆ। ਆਪੇ ਬਣ ਬਣ ਨਾਰੀ ਕੰਤ, ਸਾਚੀ ਸੇਜ ਆਪ ਸੁਹਾਈਆ। ਆਪੇ ਮਣੀਆਂ ਆਪੇ ਮੰਤ, ਗੀਤ ਗੋਬਿੰਦ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦਏ ਵਡਿਆਈਆ। ਸਚਖੰਡ ਦੁਆਰਾ ਵੱਡਾ ਵਡ, ਹਰਿ ਜੂ ਆਪ ਉਪਾਇੰਦਾ। ਆਪ ਲਡਾਏ ਸਾਚਾ ਲਡ, ਆਪਣਾ ਖੇਲ ਆਪ ਕਰਾਇੰਦਾ। ਆਪ ਜਾਣੇ ਆਪਣੀ ਯੱਦ, ਆਪਣਾ ਬੰਸ ਆਪ ਰਖਾਇੰਦਾ। ਆਪੇ ਪੀਏ ਆਪਣੀ ਮਦਿ, ਆਪਣਾ ਰਸ ਆਪਣੇ ਵਿਚ ਟਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰੇ ਹਰਿ ਜੂ ਚੜ੍ਹਿਆ, ਸਚ ਸਿੰਘਾਸਣ ਸੋਭਾ ਪਾਈਆ। ਸਚ ਸੁਲਤਾਨ ਬਣ ਬਣ ਖੜ੍ਹਿਆ, ਸੋਭਾਵੰਤ ਵਡੀ ਵਡਿਆਈਆ। ਨਿਰਗੁਣ ਪੱਲੂ ਨਿਰਗੁਣ ਫੜਿਆ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਵਿਦਿਆ ਨਿਰਗੁਣ ਪੜ੍ਹਿਆ, ਏਕਾ ਏਕ ਕਰੇ ਪੜ੍ਹਾਈਆ । ਆਦਿ ਜੁਗਾਦਿ ਕਦੇ ਨਾ ਮਰਿਆ, ਜਨਮ ਮਰਨ ਵਿਚ ਕਦੇ ਨਾ ਆਈਆ। ਅਗਨੀ ਹਵਨ ਕਦੇ ਨਾ ਸੜਿਆ, ਨਾ ਮਰੇ ਨਾ ਜਾਈਆ। ਨਿਰਭੌ ਕਦੇ ਨਾ ਡਰਿਆ, ਭੈ ਭਿਆਨਕ ਸਰਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਾੜਨ ਆਪੇ ਘੜਿਆ, ਘੜ ਘੜ ਆਪੇ ਵੇਖ ਵਖਾਈਆ। ਆਪਣਾ ਘਾੜਨ ਘੜੇ ਘੜਤ, ਘੜ ਘੜ ਵੇਖ ਵਖਾਇੰਦਾ। ਆਪੇ ਜੜੇ ਆਪਣੀ ਜੜਤ, ਦੂਜਾ ਸੰਗ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣੀ ਕਿਰਤ, ਬਣ ਬਣ ਕਿਰਤੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਸਚਖੰਡ ਅੰਦਰ ਸਾਚੀ ਦਾਤ, ਦਾਤਾ ਦਾਨੀ ਆਪ ਵਰਤਾਈਆ। ਕਰੇ ਖੇਲ ਖੇਲ ਤਮਾਸ਼, ਖੇਲਣਹਾਰਾ ਵੇਖ ਵਖਾਈਆ। ਨਿਰਗੁਣ ਨਿਰਗੁਣ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਆਪਣੀ ਪੂਰੀ ਕਰੇ ਆਪੇ ਆਸ, ਆਪ ਆਪਾ ਨਾਲ ਮਿਲਾਈਆ। ਆਪੇ ਸੋਹੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਯੱਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਰਾਹ ਚਲਾਈਆ। ਸਚਖੰਡ ਸਜੇ ਬੇਪਰਵਾਹ, ਆਪਣੀ ਧਾਰ ਚਲਾਇੰਦਾ। ਏਕਾ ਦੇਵੇ ਸਚ ਸਲਾਹ, ਸਤਿ ਸਤਿਵਾਦੀ ਹੁਕਮ ਵਰਤਾਇੰਦਾ। ਆਪਣਾ ਖੇਲ ਆਪ ਕਰਾ, ਆਪੇ ਵੇਖ ਵਖਾਇੰਦਾ। ਇਕੋ ਘਰ ਧੀ ਜਵਾਈ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਆਪੇ ਵੇਖੇ ਚਾਈਂ ਚਾਈਂ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਆਪੇ ਪਕੜੇ ਉਠ ਉਠ ਬਾਹੀਂ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਗੁਸਾਈਂ, ਗਹਿਰ ਗੰਭੀਰ ਆਪਣਾ ਖੇਲ ਖਲਾਇੰਦਾ। ਗਹਿਰ ਗੰਭੀਰ ਵਸੇ ਸਚਖੰਡ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਪੇ ਵੰਡੇ ਆਪਣੀ ਵੰਡ, ਵੰਡਣਹਾਰ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਆਪੇ ਸੂਰਬੀਰ ਸੂਰਾ ਸਰਬੰਗ, ਸੂਤਰਧਾਰੀ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਆਸਣ ਲਾਇੰਦਾ। ਸਚਖੰਡ ਦੁਆਰੇ ਸਾਚਾ ਆਸਣ, ਹਰਿ ਜੂ ਆਪ ਲਗਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਘਰ ਸਾਚੇ ਵੱਜੇ ਵਧਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼ਨ, ਗਗਨ ਮੰਡਲ ਨਾ ਕੋਇ ਰਖਾਈਆ। ਨਾ ਕੋਈ ਪਵਣ ਨਾ ਸਵਾਸਣ, ਨਾਦ ਅਨਾਦ ਨਾ ਕੋਇ ਸ਼ਨਵਾਈਆ। ਨਾ ਕੋਈ ਭੋਗ ਨਾ ਬਲਾਸਣ, ਭਸਮੜ ਆਪਣਾ ਰੰਗ ਰੰਗਾਈਆ। ਨਿਜ ਘਰ ਕਰੇ ਆਪੇ ਵਾਸਣ, ਸਚਖੰਡ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦਏ ਵਡਿਆਈਆ। ਸਚਖੰਡ ਅੰਦਰ ਥਿਰ ਘਰ, ਘਰ ਘਰ ਵਿਚ ਆਪ ਉਪਾਇੰਦਾ। ਜੁਗਾ ਜੁਗੰਤਰ ਵੇਸ ਕਰ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਹਰਿਜਨ ਸਾਚੇ ਲਏ ਫੜ, ਆਪ ਆਪਣਾ ਬੰਧਨ ਪਾਇੰਦਾ। ਭਗਤਨ ਭਗਵੰਤ ਘਾੜਨ ਘੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਹਰਿ ਖੇਲ ਅਪਾਰਾ, ਲੋਕਮਾਤ ਦਏ ਵਡਿਆਈਆ। ਜੁਗ ਜੁਗ ਲੈ ਅਵਤਾਰ ਵਿਚ ਸੰਸਾਰਾ, ਸੰਸਾਰ ਸਾਗਰ ਫੋਲ ਫੁਲਾਈਆ। ਜਨ ਭਗਤਾਂ ਦੇਵੇ ਇਕ ਅਧਾਰਾ, ਅੰਤਰ ਮੰਤਰ ਕਰੇ ਪੜ੍ਹਾਈਆ। ਗਗਨ ਗਗਨੰਤਰ ਖੋਲ੍ਹ ਕਿਵਾੜਾ, ਦੂਈ ਦਵੈਤੀ ਪਰਦਾ ਲਾਹੀਆ। ਚਰਨ ਕਵਲ ਸਚ ਪਿਆਰਾ, ਬਖ਼ਸ਼ੇ ਸਚ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਡਿਆਈ ਲੋਕਮਾਤ, ਹਰਿ ਸਾਚਾ ਸਚ ਰਖਾਇੰਦਾ। ਏਕਾ ਦੇਵੇ ਨਾਮ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਸ਼ਬਦ ਅਗੰਮੀ ਸੁਣਾਏ ਗਾਥ, ਰਾਗੀ ਰਾਗ ਨਾ ਕੋਇ ਅਲਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਬਾਕੀ ਕੋਇ ਰਹਿਣ ਨਾ ਪਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਨਾਥ ਅਨਾਥਾਂ ਦਇਆ ਕਮਾਇੰਦਾ। ਆਦਿ ਅੰਤ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਿਚੋਲਾ ਸੁਣਾਏ ਢੋਲਾ, ਸਾਚਾ ਸੋਹਲਾ ਆਪ ਜਣਾਇੰਦਾ। ਸਾਚਾ ਸੋਹਲਾ ਹਰਿ ਕਾ ਗੀਤ, ਕਾਇਆ ਮੰਦਰ ਅੰਦਰ ਇਕ ਅਲਾਈਆ। ਅੱਠੇ ਪਹਿਰ ਚਰਨ ਪ੍ਰੀਤ, ਚਰਨ ਭਿਖਾਰੀ ਆਪ ਬਣਾਈਆ। ਨਾਤਾ ਤੋੜ ਮੰਦਰ ਮਸੀਤ, ਦਰ ਘਰ ਸਾਚੇ ਲਏ ਮਿਲਾਈਆ। ਪਤਤ ਪਾਪੀ ਕਰ ਪੁਨੀਤ, ਕਾਇਆ ਠੰਡੀ ਸੀਤ ਵਖਾਈਆ। ਨਾਤਾ ਤੋੜ ਊਚ ਨੀਚ, ਹਸਤ ਕੀਟ ਧਾਮ ਅਨਡੀਠ ਦਏ ਵਖਾਈਆ। ਸਦਾ ਸੁਹੇਲਾ ਵਸੇ ਚੀਤ, ਚੇਤਨ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਏਕੰਕਾਰ, ਅਕਲ ਕਲ ਧਾਰੀਆ। ਜੁਗ ਜੁਗ ਜਨ ਭਗਤਾਂ ਕਰੇ ਪਿਆਰ, ਲੋਕਮਾਤ ਪੈਜ ਸਵਾਰੀਆ। ਡੁੱਬਦੇ ਪਾਥਰ ਲਾਏ ਪਾਰ, ਏਕਾ ਦੇਵੇ ਨਾਮ ਅਧਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰੀਆ। ਅਗੰਮ ਅਥਾਹ ਬੇਪਰਵਾਹ, ਬੇਅੰਤ ਨਾਉਂ ਧਰਾਇੰਦਾ। ਹਰਿਜਨ ਸਾਚੇ ਲਏ ਜਗਾ, ਆਪਣੀ ਬੂਝ ਬੁਝਾਇੰਦਾ। ਤ੍ਰੈਗੁਣ ਮਾਇਆ ਫੰਦ ਕਟਾ, ਏਕਾ ਬੰਧਨ ਪਾਇੰਦਾ। ਗੀਤ ਸੁਹਾਗੀ ਏਕਾ ਸੁਣਾ, ਅਨਹਦ ਨਾਦ ਵਜਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਪਾਰਬ੍ਰਹਮ ਮਿਲਾਇੰਦਾ। ਧੁਰ ਦੀ ਵਾਦੀ ਜਨ ਭਗਤਾਂ ਲਏ ਤਰਾ, ਹਰਿਜਨ ਆਪਣੇ ਸੰਗ ਰਖਾਇੰਦਾ। ਅੰਤਮ ਲਹਿਣਾ ਦੇਣਾ ਦਏ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਉਠਾਇੰਦਾ। ਜਨ ਭਗਤਾਂ ਦੇਵੇ ਏਕਾ ਦਾਨ, ਦਾਤਾ ਦਾਨੀ ਆਪ ਵਰਤਾਈਆ। ਸਾਚਾ ਮੇਲਾ ਗੋਪੀ ਕਾਹਨ, ਸਖੀ ਸਾਹਿਬ ਲਏ ਮਿਲਾਈਆ। ਕਲਜੁਗ ਅੰਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਗੋਹਝ ਗਿਆਨ ਆਪ ਜਣਾਈਆ। ਏਕਾ ਮਾਰੇ ਤੀਰ ਨਿਸ਼ਾਨ, ਅਣਯਾਲਾ ਤੀਰ ਚਲਾਈਆ। ਸਾਚਾ ਮੰਦਰ ਵਖਾਏ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਵੇਖੇ ਚਾਈਂ ਚਾਈਂਆ। ਭਗਤ ਜਨਾਂ ਹਰਿ ਸਾਚਾ ਚਾਓ, ਜੁਗ ਜੁਗ ਆਪ ਰਖਾਇੰਦਾ। ਆਪ ਉਠਾਏ ਫੜ ਫੜ ਬਾਹੋਂ, ਬਣ ਸੇਵਕ ਸੇਵ ਕਮਾਇੰਦਾ। ਏਥੇ ਓਥੇ ਕਰੇ ਨਿਆਉਂ, ਅਦਲ ਆਦਲ ਇਕ ਵਖਾਇੰਦਾ। ਲੇਖਾ ਜਾਣੇ ਅਗੰਮ ਅਥਾਹੋ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਇੰਦਾ। ਹਰਿਜਨ ਅੰਤਮ ਪਕੜੇ ਬਾਂਹ, ਹੱਥ ਹੱਥ ਨਾਲ ਮਿਲਾਈਆ। ਆਪਣੀ ਉਂਗਲੀ ਲਏ ਲਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਸੀਸ ਝੁਕਾ, ਜਿਸ ਦੁਆਰੇ ਗੁਰਮੁਖ ਜਾਈਆ। ਪਾਰਬ੍ਰਹਮ ਪ੍ਰਭ ਹੋਏ ਸਹਾ, ਸਾਹਿਬ ਸੁਲਤਾਨ ਵਡੀ ਵਡਿਆਈਆ। ਸੁੰਨ ਅਗੰਮੀ ਡੇਰਾ ਢਾਹ, ਦੇਵੇ ਪੰਧ ਮੁਕਾਈਆ। ਥਿਰ ਘਰ ਸਾਚੇ ਕੁੰਡਾ ਲਾਹ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸ਼ਬਦੀ ਸ਼ਬਦ ਲਏ ਮਿਲਾ, ਘਰ ਵੱਜਦੀ ਰਹੇ ਵਧਾਈਆ। ਸੰਤ ਭਗਤ ਥਿਰ ਘਰ ਬਹਾ, ਚਰਨ ਕਵਲ ਬਖ਼ਸ਼ੇ ਸ਼ਰਨਾਈਆ। ਸਚਖੰਡ ਵਸੇ ਆਪ ਸ਼ਹਿਨਸ਼ਾਹ, ਸਚ ਸਿੰਘਾਸਣ ਸੋਭਾ ਪਾਈਆ। ਤਖ਼ਤ ਨਿਵਾਸੀ ਸੀਸ ਤਾਜ ਟਿਕਾ, ਪੰਚਮ ਮੁਖ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸਾਚਾ ਹਰਿ, ਥਿਰ ਘਰ ਭਗਤਾਂ ਰਿਹਾ ਬਹਾਈਆ। ਥਿਰ ਘਰ ਵਸੇ ਹਰਿਜਨ, ਹਰਿ ਜੂ ਆਪ ਵਸਾਇਆ। ਨਾਤਾ ਤੋੜੇ ਪੰਜ ਤੱਤ ਤਨ, ਤਨ ਲੇਖਾ ਮੂਲ ਚੁਕਾਇਆ। ਆਤਮ ਪਰਮਾਤਮ ਬੇੜਾ ਬੰਨ੍ਹ, ਏਕਾ ਵਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਸਚ ਦੁਵਾਰ ਸੁਹਾਇਆ। ਸਚਖੰਡ ਵਸੇ ਹਰਿ ਨਿਰੰਕਾਰਾ, ਨਿਰਗੁਣ ਰੂਪ ਰਖਾਈਆ। ਥਿਰ ਘਰ ਦੇਵੇ ਭਗਤ ਦੁਆਰਾ, ਹਰਿਜਨ ਸਾਚੇ ਲਏ ਬਹਾਈਆ। ਇਕੋ ਮੰਦਰ ਇਕੋ ਘਰ ਬਾਹਰਾ, ਘਰ ਘਰ ਵਿਚ ਲਏ ਪਰਗਟਾਈਆ। ਆਦਿ ਅੰਤ ਹਰਿ ਵੇਖਣਹਾਰਾ, ਵੇਖੇ ਵਿਗਸੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਹੋ ਤਿਆਰਾ, ਬਣ ਨਿਰਧਨ ਸੇਵ ਕਮਾਈਆ। ਗੁਰਮੁਖ ਅੰਤਮ ਖੜੇ ਦੁਆਰਾ, ਆਪ ਆਪਣੀ ਗੋਦ ਉਠਾਈਆ। ਸ਼ਬਦ ਬਬਾਣ ਅਗੰਮ ਅਪਾਰਾ, ਲੋਆਂ ਪੁਰੀਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦਰ ਇਕ ਵਖਾਈਆ। ਉਠੋ ਵੇਖੋ ਭਗਤ ਦੁਆਰ, ਹਰਿ ਭਗਵਨ ਆਪ ਬਣਾਇਆ। ਛੱਤੀ ਜੁਗ ਦਾ ਕਰਜ ਉਤਾਰ, ਮਕਰੂਜ ਆਪਣਾ ਫ਼ਰਜ਼ ਨਿਭਾਇਆ। ਤੂਲ ਅਰਜ ਨਾ ਕੋਇ ਵਿਚਾਰ, ਚਾਰੇ ਕੂਟਾਂ ਰੰਗ ਰੰਗਾਇਆ। ਸਾਢੇ ਤਿੰਨ ਹੱਥ ਅੱਗੇ ਮੀਨਾਰ, ਮਿਣ ਮਿਣ ਆਪਣੀ ਵੰਡ ਵੰਡਾਇਆ। ਲਿਖਿਆ ਲੇਖ ਰਵਦਾਸ ਚੁਮਿਆਰ, ਕਾਇਆ ਮਾਟੀ ਚੰਮ ਕੰਮ ਕਿਸੇ ਨਾ ਆਇਆ। ਅੰਦਰ ਵਸੇ ਹਰਿ ਨਿਰੰਕਾਰ, ਘਟ ਘਟ ਆਪਣੀ ਸੇਜ ਹੰਢਾਇਆ। ਤਿੰਨਾਂ ਲੋਕਾਂ ਖੇਲ ਅਪਾਰ, ਸੋਲਾਂ ਦਸ ਦਸ ਵੰਡ ਵਖਾਇਆ। ਆਪੇ ਵਸੇ ਸਭ ਤੋਂ ਬਾਹਿਰ, ਅਭੇਵ ਅਭੇਦ ਛੁਪਾਇਆ। ਜਨ ਭਗਤਾਂ ਰਾਹ ਤੱਕੇ ਮੀਤ ਮੁਰਾਰ, ਨੇਤਰ ਨੈਣ ਨੈਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਵਸਾਏ ਆਪਣੇ ਘਰ, ਘਰ ਘਰ ਵਿਚ ਲਏ ਬਹਾਇਆ। ਘਰ ਠਾਕਰ ਘਰ ਅਬਿਨਾਸ਼ੀ, ਘਰ ਨਿਉਂ ਨਿਉਂ ਸੀਸ ਝੁਕਾਈਆ। ਘਰ ਬ੍ਰਹਮ ਘਰ ਜੋਤ ਪ੍ਰਕਾਸ਼ੀ, ਘਰ ਈਸ਼ ਜੀਵ ਮਿਲਾਈਆ। ਘਰ ਪਵਣ ਘਰ ਸਵਾਸੀ, ਘਰ ਰਸਨਾ ਸੇਵ ਕਮਾਈਆ। ਘਰ ਪੰਡਤ ਘਰ ਕਾਂਸੀ, ਘਰ ਵਿਦਿਆ ਕਰੇ ਪੜ੍ਹਾਈਆ। ਘਰ ਗਗਨ ਮੰਡਲ ਅਕਾਸ਼ੀ, ਘਰ ਬ੍ਰਹਿਮੰਡ ਰਿਹਾ ਜਣਾਈਆ। ਘਰ ਨਛੱਤਰ ਗ੍ਰਹਿ ਰਾਸ਼ੀ, ਘਰ ਮਾਸ ਰੁੱਤ ਥਿਤ ਵੇਖ ਵਖਾਈਆ। ਘਰ ਮੇਲਾ ਸ਼ਾਹੋ ਸ਼ਾਬਾਸ਼ੀ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਲੋਕਮਾਤ ਜਨ ਭਗਤਾਂ ਫੜ, ਆਪਣਾ ਮੇਲਾ ਲਏ ਮਿਲਾਈਆ। ਭਗਤ ਜਨ ਨਾਤਾ ਲੋਕਮਾਤ, ਅੰਤ ਅੰਤ ਤੁੜਾਈਆ। ਜਗਤ ਮੇਟ ਅੰਧੇਰੀ ਰੈਣ ਰਾਤ, ਸਾਚਾ ਚੰਦ ਇਕ ਚਮਕਾਈਆ। ਸਾਹਿਬ ਦਿਆਲ ਠਾਕਰ ਸਵਾਮੀ ਪੁੱਛੇ ਵਾਤ, ਨਿਰਧਨ ਨਿਰਧਨ ਲਏ ਉਠਾਈਆ। ਬੋਧ ਅਗਾਧ ਸੁਣਾਏ ਗਾਥ, ਅੰਤਰ ਆਤਮ ਕਰੇ ਪੜ੍ਹਾਈਆ। ਅੰਤਮ ਵੇਲੇ ਦੇਵੇ ਸਾਥ, ਸਾਚਾ ਸੰਗ ਨਿਭਾਈਆ। ਨਾਤਾ ਤੋੜੇ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾ ਕੋਇ ਚਤੁਰਾਈਆ। ਥਿਰ ਘਰ ਬਹਾਏ ਸਾਚੇ ਘਾਟ, ਪੱਤਨ ਮਿਲੇ ਸੱਚਾ ਮਾਹੀਆ। ਲਹਿਣਾ ਚੁੱਕੇ ਆਣ ਬਾਟ, ਜੂਨੀ ਜੂਨ ਨਾ ਕੋਇ ਭੁਵਾਈਆ। ਸਚਖੰਡ ਨਿਵਾਸੀ ਜਨ ਭਗਤਾਂ ਕੱਟੇ ਵਾਟ, ਲੱਖ ਚੁਰਾਸੀ ਪੰਧ ਮੁਕਾਈਆ। ਆਪੇ ਜਾਣੇ ਆਪਣਾ ਖੇਲ ਤਮਾਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵੰਤ ਇਕ ਦੂਜੇ ਦੇ ਵਸਣ ਪਾਸ, ਵਿਛੜ ਕਦੇ ਨਾ ਜਾਈਆ। ਹਰਿ ਜੂ ਆਪਣਾ ਕੰਮ ਇਕੋ ਰੱਖਿਆ ਖਾਸ, ਖ਼ਾਲਸ ਹਰਿਜਨ ਲਏ ਉਠਾਈਆ। ਸਚਖੰਡ ਦੀ ਸਾਚੀ ਰਾਸ, ਭਗਤ ਭਗਵੰਤ ਦਏ ਵਖਾਈਆ। ਸਿੰਘ ਤਾਰਾ ਕਿਉਂ ਹੋਏ ਨਿਰਾਸ, ਵੇਲੇ ਅੰਤ ਨਾ ਕੋਇ ਜੁਦਾਈਆ। ਕਰ ਕਿਰਪਾ ਕੱਟੀ ਜਮ ਕੀ ਫਾਸ, ਰਾਏ ਧਰਮ ਨਾ ਦਏ ਸਜ਼ਾਈਆ। ਘਰ ਦੀਪਕ ਘਰ ਜੋਤ ਪਰਕਾਸ਼, ਘਰ ਵੱਜਦੀ ਰਹੇ ਵਧਾਈਆ। ਚਲਦਿਆਂ ਫਿਰਦਿਆਂ ਕਾਰਜ ਹੋਇਆ ਰਾਸ, ਕੀਤੀ ਕਿਰਤ ਨਾ ਕੋਇ ਕਮਾਈਆ । ਸਾਹਿਬ ਸਤਿਗੁਰ ਹੋਇਆ ਦਾਸ, ਦਾਸ ਬਣ ਬਣ ਸੇਵ ਕਮਾਈਆ। ਭਗਤ ਭਗਵੰਤ ਦੀ ਸਾਚੀ ਸ਼ਾਖ਼, ਲੋਕਮਾਤ ਰਹੇ ਲਹਿਰਾਈਆ। ਅੰਤਮ ਦਰਸ ਦਿਖਾਏ ਕਮਲਾਪਾਤ, ਕਵਲ ਨੈਣ ਨੈਣ ਮਟਕਾਈਆ। ਗੁਰਮੁਖ ਗੁਰ ਗੁਰ ਇਕੋ ਜ਼ਾਤ, ਜ਼ਾਤ ਅਜ਼ਾਤੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਭਗਤ ਬਹਾਏ ਚਰਨ ਦੁਆਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਰਾਜਨ ਰਾਜਾ, ਸ਼ਾਹੋ ਭੂਪ ਸਤਿ ਸਰੂਪ ਅਨ ਰੰਗ ਰੂਪ ਅਨਕ ਕਲ ਧਾਰੀ ਜੋਤ ਨਿਰੰਕਾਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕ ਟੇਕ ਆਪ ਅਖਵਾਈਆ। ਸਚਖੰਡ ਹਰਿ ਕੀ ਧਾਰ, ਸਚ ਸਚ ਸਮਾਈਆ। ਕੋਟਨ ਕੋਟ ਧਰੂ ਆਏ ਵਾਰੋ ਵਾਰ, ਪੁਰਖ ਅਬਿਨਾਸ਼ੀ ਖੇਲ ਖਲਾਈਆ। ਆਪ ਉਪਜਾਏ ਆਪੇ ਲਏ ਸੰਭਾਲ, ਆਪ ਆਪਣੇ ਵਿਚ ਸਮਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਜੁਗ ਜੁਗ ਜਨ ਭਗਤਾਂ ਦੇਵਣਹਾਰਾ ਦਾਨ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਹਰਿ ਭਗਤ ਬਣਾਏ ਸਾਚੇ ਕਾਹਨ, ਸਚਖੰਡ ਦੁਆਰੇ ਦਏ ਬਹਾਈਆ। ਜੁਗ ਚੌਕੜੀ ਰਹੇ ਨਿਗਹਬਾਨ, ਏਕਾ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰੂ ਆਪਣੇ ਵਿਚ ਛੁਪਾਈਆ। ਟੱਲੀਆਂ ਟੱਲ ਰਹੇ ਖੜਕਾ, ਹਰਿ ਜੂ ਕਾਰੇ ਲਾਇਆ। ਸੰਖ ਅਸੰਖ ਰਹੇ ਵਜਾ, ਰਸਨਾ ਜਿਹਵਾ ਨਾਦ ਸੁਣਾਇਆ। ਅਨਹਦ ਨਾਦ ਨਾ ਲਏ ਕੋਇ ਗਾ, ਬਿਨ ਸਤਿਗੁਰ ਪੂਰੇ ਰਾਜ ਨਾ ਕੋਇ ਖੁਲ੍ਹਾਇਆ। ਕੋਟਨ ਕੋਟ ਸੀਸ ਰਹੇ ਝੁਕਾ, ਕਰ ਕਰ ਸਜਦਾ ਆਪਣਾ ਪੀਰ ਮਨਾਇਆ। ਚਾਰੋਂ ਕੁੰਟ ਖ਼ਾਲੀ ਦਿਸਣ ਥਾਂ, ਬੇਨਜ਼ੀਰ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬੇਨਿਸ਼ਾਂ, ਨਿਸ਼ਾਨਾ ਆਪਣਾ ਰਿਹਾ ਝੁਲਾਇਆ । ਬੇਨਿਸ਼ਾਨ ਝੁਲਾਏ ਨਿਸ਼ਾਨਾ, ਤੀਰ ਅੰਦਾਜ਼ ਵਡ ਵਡਿਆਈਆ। ਕੋਟਨ ਕੋਟ ਗੋਪੀ ਕਾਹਨਾ, ਮੰਡਲ ਰਾਸ ਰਚਾਈਆ। ਕੋਟਨ ਕੋਟ ਈਸਾ ਮੂਸਾ ਮੰਗਣ ਦਾਨਾ, ਪ੍ਰਭ ਅੱਗੇ ਝੋਲੀ ਡਾਹੀਆ। ਕੋਟਨ ਕੋਟ ਕਰਨ ਸਲਾਮਾਂ, ਇਸਲਾਮਾ ਅਲੈਕਮ ਸਭ ਨੂੰ ਰਿਹਾ ਬੁਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਦੋ ਜਹਾਨਾਂ, ਘਟ ਘਟ ਆਪੇ ਵੇਖ ਵਖਾਈਆ। ਜਨ ਭਗਤਾਂ ਵਖਾਏ ਇਕ ਪਦ ਨਿਰਬਾਣਾ, ਥਿਰ ਘਰ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਮਤੰਤਰ ਆਪਣੀ ਰਚਨ ਰਚਾਈਆ। ਨਿਰਗੁਣ ਇਛਿਆ ਬਣੇ ਸਰੀਰ, ਪੰਜ ਤੱਤ ਵੱਜੇ ਵਧਾਈਆ। ਤ੍ਰੈ ਗੁਣ ਮਾਇਆ ਵੱਜੇ ਜੰਜੀਰ, ਕਲਾ ਕਲਾ ਨਾਲ ਮਿਲਾਈਆ। ਅੰਦਰ ਵੜੇ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਹੱਥ ਫੜ ਨਾਮ ਸ਼ਮਸ਼ੀਰ, ਆਪਣਾ ਬਲ ਧਰਾਈਆ। ਆਪੇ ਹੋਇਆ ਤਕਸੀਰ, ਤਕਦੀਰ ਤਦਬੀਰ ਆਪਣੀ ਖੇਲ ਕਰਾਈਆ। ਆਪੇ ਲੱਖ ਚੁਰਾਸੀ ਘੱਤ ਵਹੀਰ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪੰਜ ਤੱਤ ਲਏ ਪਰਗਟਾਈਆ। ਪੰਜ ਤੱਤ ਨਾ ਹਰਿ ਅਧੀਨ, ਕਿਲਾ ਕੋਟ ਨਾ ਕੋਇ ਵਡਿਆਈਆ। ਆਪੇ ਵਸੇ ਪਰਾਚੀਨ, ਚੈਨ ਕਦੇ ਨਾ ਪਾਈਆ। ਪ੍ਰਗਟ ਹੋ ਵਖਾਵੇ ਆਪਣਾ ਸੀਨ, ਸਯਾਹ ਫਾਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਕੋਟਨ ਕੋਟ ਲੱਖ ਚੁਰਾਸੀ ਜੀਵ ਜੰਤ ਰਿਹਾ ਉਪਾਈਆ। ਪੰਜ ਤੱਤ ਸਾਹਿਬ ਨਾ ਰੱਖੇ ਆਸ, ਜਗਤ ਠੀਕਰ ਇਕ ਬਣਾਇਆ। ਜਿਸ ਠੀਕਰ ਅੰਦਰ ਨਿਰਗੁਣ ਨੂਰ ਕਰੇ ਪ੍ਰਕਾਸ਼, ਸੋ ਠੀਕਰ ਮਾਣ ਰਖਾਇਆ। ਨਾਨਕ ਹਰਿ ਕਾ ਹੋਇਆ ਦਾਸ, ਹਰਿ ਜੂ ਨਾਨਕ ਰੰਗ ਚੜ੍ਹਾਇਆ। ਪੰਜ ਤੱਤ ਹੋਇਆ ਪ੍ਰਕਾਸ਼, ਕਾਇਆ ਖੇੜਾ ਇਕ ਵਸਾਇਆ। ਅੰਤਰ ਧੰਨ ਸਵਾਸ ਸਵਾਸ, ਰਸਨਾ ਜਿਹਵਾ ਜਗਤ ਗੁਣ ਗਾਇਆ। ਅੰਤਮ ਪੰਜ ਤੱਤ ਕਾਇਆ ਨਾਸ, ਆਪਣੀ ਅੰਦਰ ਇਛਿਆ ਲਿਆ ਪਰਗਟਾਇਆ। ਸਾਹਿਬ ਸੁਲਤਾਨ ਸ਼ਾਹ ਪਾਤਸ਼ਾਹ ਆਦਿ ਜੁਗਾਦਿ ਖੇਲੇ ਖੇਲ ਤਮਾਸ਼, ਸਾਚਾ ਖੇਲ ਆਪ ਕਰਾਇਆ। ਗੋਬਿੰਦ ਇਛਿਆ ਗੋਬਿੰਦ ਘਰ, ਪੁਰਖ ਅਕਾਲ ਆਪ ਸਮਾਈਆ। ਕਰ ਕੂਕਰ ਨਾ ਫੇਰੀਂ ਦਰ ਦਰ, ਘਰ ਘਰ ਨਾ ਅਲਖ ਜਗਾਈਆ। ਸਾਹਿਬ ਸਤਿਗੁਰ ਪ੍ਰਗਟ ਹੋਵੇ ਇਕੋ ਵਾਰ, ਅਨਕ ਕਲ ਧਰਾਈਆ। ਗੋਬਿੰਦ ਬਣ ਕੇ ਗਿਆ ਲਿਖਾਰ, ਲਿਖ ਲਿਖ ਸ੍ਰਿਸ਼ਟ ਸਮਝਾਈਆ। ਕਲ ਕਲਕੀ ਆਵੇ ਅਵਤਾਰ, ਮੇਰਾ ਲਹਿਣਾ ਦਏ ਚੁਕਾਈਆ। ਲੋਕਮਾਤ ਲਾਏ ਸਚ ਦਰਬਾਰ, ਦੋ ਜਹਾਨਾਂ ਕਰੇ ਸੱਚੀ ਸ਼ਹਿਨਸ਼ਾਹੀਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕੱਢਦੇ ਰਹੇ ਵਗਾਰ, ਬਣ ਸੇਵਕ ਸੇਵ ਕਮਾਈਆ। ਸੋ ਅੰਤਮ ਲਹਿਣਾ ਦੇਣਾ ਸਭ ਦਾ ਦਏ ਉਤਾਰ, ਬਾਕੀ ਨਜ਼ਰ ਕੋਇ ਨਾ ਆਈਆ। ਇਕੋ ਢਈਆ ਸੁੱਤਾ ਰਹੇ ਪੈਰ ਪਸਾਰ, ਲੋਕਮਾਤ ਨਾ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਧਾਰਾ ਗੋਬਿੰਦ ਘਰ, ਘਰ ਸਾਚੇ ਸਦਾ ਸਮਾਈਆ। ਪੰਚ ਸ਼ਬਦ ਸੁਣਿਆ ਧੁਨ ਕਾਨ, ਹਰਿ ਜੂ ਆਪ ਸੁਣਾਇਆ। ਉਪਰ ਚੜ੍ਹ ਨਾ ਵੇਖਿਆ ਮਕਾਨ, ਜਿਸ ਦੁਆਰੇ ਰਿਹਾ ਵਜਾਇਆ। ਘਰ ਵਿਚ ਮਿਲਿਆ ਨੂਰ ਮਹਾਨ, ਅੰਧ ਅੰਧੇਰ ਮਿਟਾਇਆ । ਬੁੱਧੀ ਬਬੇਕ ਹੋਇਆ ਗਿਆਨ, ਅੱਖਰ ਅੱਖਰ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਦ ਸ਼ਬਦ ਧੁਨ ਰਾਗ ਅਲਾਇਆ। ਸੁਣਾਈ ਧੁਨ ਅਨਾਹਦ, ਹਦੂਦ ਅਰਬਾ ਆਪ ਵੰਡਾਈਆ। ਪੈਂਡਾ ਮੁੱਕਿਆ ਥੋੜਾ ਅੱਧ, ਮੰਜ਼ਲ ਮੰਜ਼ਲ ਰਾਹ ਤਕਾਈਆ। ਸੁਣ ਨਾਦ ਹੋਇਆ ਗਦ ਗਦ, ਅੱਗੇ ਆਸ ਨਾ ਕੋਈ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਦਿ ਜਾਮ ਪਿਆਈਆ। ਮਦਿ ਜਾਮ ਜੋ ਪੀਏ ਪਿਆਲਾ, ਪਿਆਵਣਹਾਰ ਪਿਆਇੰਦਾ । ਅੱਗੇ ਮਿਲੇ ਦੀਨ ਦਿਆਲਾ, ਕਰ ਦਇਆ ਗੋਦ ਬਹਾਇੰਦਾ। ਰੰਗ ਚੜ੍ਹਾਏ ਇਕ ਗੁਲਾਲਾ, ਉਤਰ ਕਦੇ ਨਾ ਜਾਇੰਦਾ। ਮਾਰਗ ਦੱਸੇ ਇਕ ਸੁਖਾਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਪਾਰਬ੍ਰਹਮ ਪੰਜ ਤੱਤ ਹੋ ਨਿਰਾਲਾ, ਬ੍ਰਹਮ ਆਪਣੀ ਉਂਗਲੀ ਲਾਇੰਦਾ। ਨਿਰਗੁਣ ਨੂਰ ਕਰ ਉਜਾਲਾ, ਜੋਤ ਨਿਰੰਜਣ ਡਗਮਗਾਇੰਦਾ। ਘਰ ਵਿਚ ਘਰ ਵਖਾਏ ਸਚ ਧਰਮਸਾਲਾ, ਅੰਦਰ ਮੰਦਰ ਕੁੰਡਾ ਲਾਹਿੰਦਾ। ਸਚ ਸਿੰਘਾਸਣ ਬੈਠ ਆਪ ਕਿਰਪਾਲਾ, ਕਰ ਕਿਰਪਾ ਵੇਖ ਵਖਾਇੰਦਾ। ਤਨ ਦਿਸੇ ਨਾ ਕੋਈ ਮਾਲਾ, ਮਨ ਮਣਕਾ ਨਾ ਕੋਈ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਇੰਦਾ। ਅੱਗੇ ਅੱਗੇ ਮੁੱਕੇ ਵਾਟ, ਸਤਿਗੁਰ ਪੂਰਾ ਆਪ ਮੁਕਾਈਆ। ਫੇਰ ਖੋਲ੍ਹੇ ਆਪਣਾ ਤਾਕ, ਪਹਿਲੀ ਤਾਕੀ ਬੰਦ ਕਰਾਈਆ। ਹਰਿਜਨ ਅੱਗੇ ਵੇਖੇ ਮਾਰ ਝਾਤ, ਨੇਤਰ ਨੈਣ ਨੈਣ ਉਠਾਈਆ। ਨਿਰਗੁਣ ਨਜ਼ਰੀ ਆਏ ਕਮਲਾਪਾਤ, ਸਚ ਸਿੰਘਾਸਣ ਸੋਭਾ ਪਾਈਆ। ਗੁਰੂ ਚੇਲਾ ਕਰੇ ਨਾ ਕੋਈ ਬਾਤ, ਰਸਨਾ ਰਸ ਨਾ ਕੋਈ ਵਖਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਇਕੋ ਵੇਖੇ ਖੇਲ ਤਮਾਸ਼, ਪੁਰਖ ਅਬਿਨਾਸ਼ੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਈਆ। ਅੱਗੇ ਹੋ ਕੇ ਜਾਏ ਵਧ, ਜਿਸ ਜਨ ਆਪਣੀ ਦਇਆ ਕਮਾਇੰਦਾ। ਕੋਟਨ ਕੋਟ ਸਾਧ ਸੰਤ ਆਪਣਾ ਭਾਰ ਗਏ ਲੱਧ, ਹੌਲਾ ਭਾਰ ਨਾ ਕੋਈ ਕਰਾਇੰਦਾ। ਕੋਟਨ ਕੋਟ ਬੈਠੇ ਅੱਧ, ਪਾਰ ਕਿਨਾਰਾ ਨਾ ਕੋਈ ਕਰਾਇੰਦਾ। ਕੋਟਨ ਕੋਟ ਡਿੱਗੇ ਡੂੰਘੀ ਖੱਡ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਕੋਟਨ ਕੋਟ ਮਾਰਗ ਗਏ ਛੱਡ, ਹਰਿ ਕਾ ਅੰਤ ਕੋਈ ਨਾ ਪਾਇੰਦਾ। ਜਿਸ ਜਨ ਕਰ ਕਿਰਪਾ ਆਪਣੇ ਘਰ ਲਏ ਸੱਦ, ਸੋ ਜਨ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੱਕਾ ਕਾਅਬਾ ਇਕ ਵਖਾਏ ਸਾਚਾ ਹੱਜ, ਹੁਜਰਾ ਆਪਣਾ ਆਪ ਸੁਹਾਇੰਦਾ।
