੨੮ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ
ਹਰਿ ਹਰਿ ਖੇਲ ਆਦਿ ਜੁਗਾਦਿ, ਜੁਗ ਜੁਗ ਕਾਰ ਕਮਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹੀਆ। ਸਚਖੰਡ ਨਿਵਾਸੀ ਖੇਲ ਤਮਾਸ਼, ਨਿਰਗੁਣ ਨਿਰਵੈਰ ਆਪ ਕਰਾਈਆ। ਆਪਣਾ ਨਾਉਂ ਸ਼ਬਦ ਧੁਨ ਨਾਦ, ਇਕ ਇਕੱਲਾ ਆਪ ਸੁਣਾਈਆ। ਗੁਰ ਅਵਤਾਰਾਂ ਦੇਵੇ ਦਾਦ, ਨਾਮ ਨਿਧਾਨਾ ਝੋਲੀ ਪਾਈਆ। ਦੋ ਜਹਾਨਾਂ ਕਰੇ ਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬ੍ਰਹਿਮੰਡ ਖੰਡ ਸਾਜਣ ਸਾਜ, ਲੋਆਂ ਪੁਰੀਆਂ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਕਰਤਾਰਾ, ਪੁਰਖ ਅਗੰਮੜਾ ਆਪ ਕਰਾਇੰਦਾ। ਸਚਖੰਡ ਦੁਆਰੇ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਲੱਖ ਚੁਰਾਸੀ ਭਰ ਭੰਡਾਰਾ, ਏਕਾ ਘਰ ਵਖਾਇੰਦਾ। ਜੁਗ ਚੌਕੜੀ ਬੰਨ੍ਹ ਬੰਨ੍ਹ ਧਾਰਾ, ਗੇੜਾ ਗੇੜ ਭੁਵਾਇੰਦਾ। ਲੇਖਾ ਜਾਣੇ ਇਕ ਕਰਤਾਰਾ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਭਗਤ ਦੁਆਰ, ਹਰਿ ਭਗਵਨ ਆਪ ਸੁਹਾਈਆ। ਜੋਤ ਜਗਾਏ ਏਕਾ ਵਾਰ, ਦੀਪਕ ਦੀਆ ਡਗਮਗਾਈਆ। ਸਾਚਾ ਪੀਆ ਹੋਇਆ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਨੀਹਾਂ ਰੱਖੀ ਵਿਚ ਸੰਸਾਰ, ਨਾ ਸਕੇ ਕੋਈ ਉਖੜਾਈਆ। ਵੱਜਦੀ ਰਹੇ ਨਾਮ ਸਤਾਰ, ਬਹੱਤਰ ਬਹੱਤਰ ਹਰਿ ਜਸ ਗਾਈਆ। ਕਰਤਾ ਕਰੀਮ ਕਰੇ ਕਾਰ, ਕੁਦਰਤ ਆਪਣਾ ਖੇਲ ਖਲਾਈਆ। ਸਾਢੇ ਤਿੰਨ ਤਿੰਨ ਇਕ ਮੁਨਾਰ, ਤ੍ਰੈਗੁਣ ਅਤੀਤਾ ਆਪ ਬਣਾਈਆ। ਮੰਦਰ ਮਸੀਤਾ ਕਰ ਖੁਵਾਰ, ਠਾਂਡਾ ਸੀਤਾ ਖ਼ੁਸ਼ੀ ਮਨਾਈਆ। ਹਸਤ ਕੀਟ ਲਏ ਉਧਾਰ, ਬਖ਼ਸ਼ੇ ਸਚ ਸ਼ਰਨਾਈਆ। ਏਕੋ ਮੀਤਾ ਕਰੇ ਪਿਆਰ, ਮਿੱਤਰ ਪਿਆਰਾ ਸੇਜ ਹੰਢਾਈਆ। ਪਤਤ ਪੁਨੀਤਾ ਵਸੇ ਸਚ ਘਰ ਬਾਰ, ਪਾਕੀ ਪਾਕ ਖੇਲ ਖਲਾਈਆ। ਮਸਜਿਦ ਮੱਠ ਛੱਡ ਦੁਆਰ, ਘਰ ਆਪਣਾ ਆਪ ਸੁਹਾਈਆ। ਇਕ ਅਨਡੀਠਾ ਹੋ ਤਿਆਰ, ਜਗਤ ਜਗਦੀਸ਼ਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ । ਹਰਿ ਪੁਰਖ ਨਿਰੰਜਣ ਆਦਿ ਅੰਤ, ਏਕੰਕਾਰਾ ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਦੀਪਕ ਦੀਆ ਡਗਮਗਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਪੁਰਖ ਅਬਿਨਾਸ਼ੀ ਗੋਦ ਸੁਹਾਇੰਦਾ। ਪਾਰਬ੍ਰਹਮ ਪ੍ਰਭ ਬਣਾਏ ਬਣਤ, ਸਾਚਾ ਘਾੜਨ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਈਆ। ਆਪਣਾ ਕਾਢਣ ਆਪੇ ਕੱਢ, ਆਪੇ ਵੇਖ ਵਖਾਈਆ। ਨਿਰਗੁਣ ਨਿਰਵੈਰ ਕਰ ਪ੍ਰਗਟ, ਸਾਚਾ ਧਾਮ ਸੁਹਾਈਆ। ਚਾਰ ਵਰਨ ਦਾ ਇਕੋ ਹੱਟ, ਪੁਰਖ ਅਕਾਲ ਖੁਲ੍ਹਾਈਆ। ਚਾਰ ਜੁਗ ਦਾ ਸਾਚਾ ਤੱਟ, ਤੀਰਥ ਨਾਮ ਧਰਾਈਆ। ਦੂਈ ਦਵੈਤੀ ਮੇਟੇ ਫੱਟ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਆਪ ਬਣਾਈਆ। ਏਕਾ ਮੰਦਰ ਗਿਆ ਬਣ, ਹਰਿ ਹਰਿ ਆਪ ਬਣਾਇਆ। ਏਕਾ ਚੜ੍ਹਿਆ ਸੂਰਜ ਚੰਨ, ਚੰਦ ਚਾਂਦਨੀ ਮੁਖ ਸ਼ਰਮਾਇਆ। ਏਕਾ ਬੇੜਾ ਦੇਵੇ ਬੰਨ੍ਹ, ਬੰਨਣਹਾਰ ਇਕ ਹੋ ਜਾਇਆ। ਏਕਾ ਦੇਵੇ ਨਾਮ ਧਨ, ਸਚ ਖਜੀਨਾ ਇਕ ਵਖਾਇਆ। ਏਕਾ ਰਾਗ ਸੁਣਾਏ ਕੰਨ, ਨਾਦ ਅਨਾਦੀ ਨਾਦ ਵਜਾਇਆ। ਏਕਾ ਘੜੇ ਏਕਾ ਦੇਵੇ ਭੰਨ, ਘੜਨ ਭੰਨਣਹਾਰ ਇਕ ਅਖਵਾਇਆ। ਏਕਾ ਦੇਵਣਹਾਰਾ ਡੰਨ, ਸ਼ਾਹ ਪਾਤਸ਼ਾਹ ਨਾਉਂ ਧਰਾਇਆ। ਏਕਾ ਕਰੇ ਨੇਤਰ ਅੰਨ੍ਹ, ਏਕਾ ਨੈਣ ਨੈਣ ਖੁਲ੍ਹਾਈਆ। ਏਕਾ ਲੇਖਾ ਜਾਣੇ ਕਾਇਆ ਪੰਜ ਤੱਤ ਤਨ, ਏਕਾ ਤ੍ਰੈਗੁਣ ਬੰਧਨ ਪਾਇਆ। ਏਕਾ ਪੁਰਖ ਅਕਾਲ ਗਿਆ ਮੰਨ, ਜਨ ਭਗਤਾਂ ਹੋਏ ਸਹਾਇਆ। ਲੱਖ ਚੁਰਾਸੀ ਕਰੇ ਖੰਨ ਖੰਨ, ਏਕਾ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਚਖੰਡ ਦੁਆਰੇ ਦਿਤੀ ਦਾਦ, ਸਤਿ ਸਤਿਵਾਦ ਦਇਆ ਕਮਾਈਆ। ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਨਾਲ ਨਾ ਲੱਗੀ ਸ਼ਾਹੀਆ। ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਆਪੇ ਖੋਲ੍ਹ ਆਪਣਾ ਤਾਕ, ਦਰ ਦਰਵਾਜਾ ਇਕ ਵਖਾਈਆ। ਅੰਦਰ ਵਸੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਇਕੋ ਇਕ ਸੁਣਾਏ ਅਵਾਜ਼, ਦੂਜਾ ਨਾਉਂ ਨਾ ਕੋਇ ਸੁਣਾਈਆ। ਭਗਤ ਭਗਵੰਤ ਸਾਜਣ ਸਾਜ, ਸਾਚਾ ਰਾਹ ਚਲਾਈਆ। ਖੇਲ ਕਰਾਏ ਦੇਸ ਮਾਝ, ਮਾਝਾ ਆਪਣਾ ਨਾਮ ਪਾਈਆ। ਨਾਰੀ ਕੰਤ ਰਚ ਰਚ ਕਾਜ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਸੌਹਰੇ ਪੇਈਏ ਇਕੋ ਦਾਜ, ਨਾਮ ਧੰਨ ਆਪ ਵਰਤਾਈਆ। ਜਗਤ ਮੁਲੱਮਾ ਲਾਹੇ ਪਾਜ, ਕੰਚਨ ਰੰਗ ਇਕ ਚੜ੍ਹਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਈਆ। ਦਿਨ ਦਿਹਾੜੇ ਕਰੇ ਲਾਡ, ਗੁਰਮੁਖ ਬਾਲੇ ਗੋਦ ਸੁਹਾਈਆ। ਅਬਿਨਾਸ਼ੀ ਕਰਤਾ ਮੋਹਣ ਮਾਧਵ ਮਾਧ, ਮਧੁਰ ਧੁਨ ਇਕ ਸੁਣਾਈਆ। ਰਾਗ ਰਾਗਨੀ ਹੋਏ ਵਿਸਮਾਦ, ਬੈਠੇ ਨੈਣ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੁਆਰੇ ਦਏ ਵਡਿਆਈਆ। ਸਚ ਦੁਆਰਾ ਸਚ ਦਰਗਹਿ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਲੋਕਮਾਤ ਵੇਖ ਵਖਾਇੰਦਾ । ਜਨ ਭਗਤਾਂ ਦੇਵੇ ਇਕ ਸਲਾਹ, ਸਲਾਹਗੀਰ ਨਾਲ ਰਲਾਇੰਦਾ। ਸਾਚੇ ਮੰਦਰ ਦਏ ਬਹਾ, ਬਹਿ ਬਹਿ ਆਪਣੀ ਖ਼ੁਸ਼ੀ ਕਰਾਇੰਦਾ। ਏਕਾ ਦੀਪਕ ਦਏ ਜਗਾ, ਜੋਤੀ ਜੋਤ ਡਗਮਗਾਇੰਦਾ। ਏਕਾ ਰਾਗ ਦਏ ਅਲਾ, ਸੋਹੰ ਢੋਲਾ ਆਪੇ ਗਾਇੰਦਾ। ਇਕ ਵਿਚੋਲਾ ਦਏ ਬਣਾ, ਗੋਬਿੰਦ ਸੰਗ ਨਿਭਾਇੰਦਾ। ਏਕਾ ਹੋਲਾ ਦਏ ਖਲ੍ਹਾ, ਲੱਖ ਚੁਰਾਸੀ ਖੇਲ ਕਰਾਇੰਦਾ। ਏਕਾ ਬੋਲਾ ਲਏ ਪਰਨਾ, ਆਦਿ ਆਪਣਾ ਆਪ ਜਣਾਇੰਦਾ। ਏਕਾ ਓਹਲਾ ਦਏ ਚੁਕਾ, ਦੂਈ ਦਵੈਤੀ ਪਰਦਾ ਉਠਾਇੰਦਾ। ਏਕਾ ਰੌਲਾ ਦੇਵੇ ਪਾ, ਚਾਰੋਂ ਕੁੰਟ ਡੇਰਾ ਢਾਹਿੰਦਾ। ਏਕਾ ਹੌਲਾ ਭਾਰ ਦਏ ਕਰਾ, ਜਨ ਭਗਤਾਂ ਭਾਰ ਆਪ ਉਠਾਇੰਦਾ। ਏਕਾ ਧਵਲਾ ਦਏ ਵਡਿਆ, ਧਰਨੀ ਧਰਤ ਮਾਣ ਦਿਵਾਇੰਦਾ। ਸਾਚਾ ਮੰਦਰ ਰਿਹਾ ਬਣਾ, ਆਪ ਆਪਣੀ ਸੇਵ ਕਮਾਇੰਦਾ। ਗੋਬਿੰਦ ਵੇਖੇ ਚੜ੍ਹਿਆ ਚਾਅ, ਘਰ ਘਰ ਵਿਚ ਖ਼ੁਸ਼ੀ ਮਨਾਇੰਦਾ। ਕਰਿਆ ਖੇਲ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਮੁਰਸ਼ਦ ਮੁਰੀਦ ਦਰ ਸਾਚੇ ਬਹਿ ਕਰਿਆ ਨਕਾਹ, ਮੁਖ ਨਕਾਬ ਪਰਦਾ ਲਾਹਿੰਦਾ। ਆਬਹਯਾਤ ਦੇਵੇ ਪਿਆ, ਬੇਆਬ ਨਾ ਕੋਇ ਤੜਫਾਇੰਦਾ। ਗ਼ੁਫ਼ਤ ਗ਼ੁਫ਼ਤ ਆਪਣੀ ਗ਼ੁਫ਼ਤਾਰ ਦਏ ਸੁਣਾ, ਵੇਲਾ ਵਕਤ ਨਾ ਕੋਇ ਜਣਾਇੰਦਾ। ਮੁਫ਼ਤ ਮੁਫ਼ਤ ਆਪਣਾ ਸੌਦਾ ਰਿਹਾ ਲੁਟਾ, ਕਰਤਾ ਕੀਮਤ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਡਿਆਇੰਦਾ। ਸਚ ਦੁਆਰੇ ਦੇਵੇ ਮਾਣ, ਅਭਿਮਾਣ ਰਹਿਣ ਨਾ ਪਾਈਆ। ਭਗਵਨ ਭਗਤਾਂ ਮਿਲਿਆ ਆਣ, ਭਾਵੀ ਭੈ ਨਾ ਕੋਇ ਵਖਾਈਆ। ਦਰਗਹਿ ਸਾਚੀ ਕਰ ਪਰਵਾਨ, ਘਰ ਸਾਚੇ ਖ਼ੁਸ਼ੀ ਮਨਾਈਆ। ਚੌਕੜੀ ਪੰਧ ਮੁਕਾ ਆਣ, ਗੇੜਾ ਗੇੜ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਕਰੋੜ ਤਤੀਸਾ ਰਿਹਾ ਕੁਰਲਾਈਆ। ਗੁਰ ਅਵਤਾਰ ਕਰਨ ਧਿਆਨ, ਭਗਤ ਸੰਤ ਨੈਣ ਉਠਾਈਆ। ਪੀਰ ਪੈਗ਼ੰਬਰ ਕਰਨ ਪਹਿਚਾਨ, ਦਸਤਗੀਰ ਭੇਵ ਨਾ ਰਾਈਆ। ਕਰਿਆ ਖੇਲ ਨੌਜਵਾਨ, ਬਲ ਆਪਣਾ ਆਪ ਧਰਾਈਆ। ਜਿਸ ਨੇ ਬਣਾਇਆ ਜ਼ਿਮੀ ਅਸਮਾਨ, ਜ਼ਰੇ ਜ਼ਰੇ ਰਿਹਾ ਸਮਾਈਆ। ਜਿਸ ਚੌਦਾਂ ਤਬਕ ਦਿਤਾ ਦਾਨ, ਚੌਦਾਂ ਲੋਕ ਹੱਟ ਖੁਲ੍ਹਾਈਆ। ਜਿਸ ਨੇ ਦਿਤਾ ਸਿਦਕ ਈਮਾਨ, ਜੋ ਕੁਰਾਨ ਰਿਹਾ ਪੜ੍ਹਾਈਆ। ਜਿਸ ਨੇ ਦਿਤਾ ਇਕ ਨਿਸ਼ਾਨ, ਮੁਕਾਮੇ ਹੱਕ ਰਾਹ ਵਖਾਈਆ। ਜਿਸ ਦਾ ਸੁਣਦੇ ਰਹੇ ਪੈਗ਼ਾਮ, ਸੋ ਪੈਗ਼ੰਬਰ ਕੀ ਖੇਲ ਵਰਤਾਈਆ। ਜਿਸ ਦਾ ਪਕੜਦੇ ਰਹੇ ਦਾਮ, ਸੋ ਦਾਮਨਗੀਰ ਵੇਸ ਵਟਾਈਆ। ਜਿਸ ਨੂੰ ਝੁਕ ਝੁਕ ਸਯਦਾ ਕਰਦੇ ਰਹੇ ਸਲਾਮ, ਸੋ ਅਲੈਕਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਖੇਲ ਕਰਾਈਆ। ਵਾਹਵਾ ਮੰਦਰ ਵਾਹਵਾ ਹਰਿ, ਹਰਿ ਭਗਤਾਂ ਦਏ ਵਡਿਆਈਆ। ਕਰਤੇ ਕਰੀਮ ਖੋਲ੍ਹਿਆ ਦਰ, ਕੁਦਰਤ ਰੰਗ ਵਖਾਈਆ। ਨਿਰਭੌ ਚੁਕਾਏ ਭੈ ਡਰ, ਭਾਣਾ ਆਪਣਾ ਆਪ ਵਰਤਾਈਆ। ਤੀਰਥ ਤੱਟ ਸਰੋਵਰ ਕਰ, ਗ੍ਰਹਿ ਮੰਦਰ ਆਪ ਪਰਗਟਾਈਆ। ਨਾਦ ਧੁੰਨ ਬੋਲ ਜੈਕਾਰ, ਜੈ ਜੈਕਾਰ ਕਰੇ ਸ਼ਨਵਾਈਆ। ਨਵ ਨੌਂ ਚਾਰ ਅੰਤਮ ਵਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਦਰ ਦਰਵੇਸ਼ ਗੁਰ ਅਵਤਾਰ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪਣੀ ਕਾਰ ਕਮਾਈਆ। ਜਨ ਭਗਤਾਂ ਦੇਵੇ ਨਿਤ ਦੀਦਾਰ, ਨੈਣ ਨੈਣ ਨਾਲ ਮਿਲਾਈਆ। ਰਾਤੀਂ ਸੁਤਿਆਂ ਲਏ ਉਠਾਲ, ਔਂਦਾ ਜਾਂਦਾ ਥੱਕ ਨਾ ਜਾਈਆ। ਵੇਖੋ ਮੁਰਸ਼ਦ ਕੇਹੜੀ ਚਲੀ ਚਾਲ, ਮੁਰੀਦ ਆਪਣੇ ਨਾਲ ਰਲਾਈਆ। ਜਿਸ ਦੇ ਪਿਛੇ ਛੁਰੀਆਂ ਨਾਲ ਹੋਏ ਹਲਾਲ, ਪੁੱਠੀ ਖੱਲ ਲੁਹਾਈਆ। ਸੋ ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਨਿਰਗੁਣ ਬਣਿਆ ਦਲਾਲ, ਬਣ ਵਿਚੋਲਾ ਸੇਵ ਕਮਾਈਆ। ਆਪਣਾ ਹੱਕ ਜਾਣੇ ਹਲਾਲ, ਹਕ਼ੀਕ਼ਤ ਦਏ ਗਵਾਹੀਆ। ਜਲਵਾ ਨੂਰ ਦਏ ਜਲਾਲ, ਜ਼ਾਲਮ ਦੇਵੇ ਨਾ ਕੋਇ ਸਜ਼ਾਈਆ। ਆਲਮ ਖੇਲ ਕਰੇ ਕਮਾਲ, ਕਾਇਨਾਤ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦੁਆਰਾ ਸੁਹਾਏ ਨਿਰੰਕਾਰ, ਨਿਰਾਕਾਰ ਵਡੀ ਵਡਿਆਇਆ। ਭਗਤਨ ਮੇਲਾ ਅੰਤਮ ਵਾਰ, ਘਰ ਸਾਚੇ ਆਪ ਮਿਲਾਇਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਆਪ ਸਮਝਾਇਆ। ਸੰਤ ਸੁਹੇਲੇ ਕਰ ਉਜਿਆਰ, ਗੁਰ ਚੇਲੇ ਰੰਗ ਚੜ੍ਹਾਇਆ। ਚਾਰ ਜੁਗ ਦਾ ਸਤਿ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਇਆ। ਇਕ ਬਣਾਈ ਯਾਦਗਾਰ, ਪਿਛਲੀ ਯਾਦ ਭੁੱਲ ਨਾ ਜਾਇਆ। ਜਿਸ ਨੂੰ ਉਲਮਾ ਕਿਹਾ ਮੇਰਾ ਮਦਦਗਾਰ, ਮੁਹੰਮਦ ਪੀਰ ਕਹਿ ਕਹਿ ਸ਼ੁਕਰ ਮਨਾਇਆ। ਜਿਸ ਨੂੰ ਨਾਨਕ ਕਿਹਾ ਏਕੰਕਾਰ, ਨਿਰਾਕਾਰ ਵੇਸ ਵਟਾਇਆ। ਜਿਸ ਨੂੰ ਈਸਾ ਕਹੇ ਮੇਰਾ ਬਾਪ ਨਾਲ ਪਿਆਰ, ਸੋ ਪਿਤਾ ਪੂਤ ਗੋਦ ਲਏ ਉਠਾਇਆ। ਜਿਸ ਦੇ ਪਿਛੇ ਮੂਸਾ ਹੋਇਆ ਹਲਾਲ, ਨੂਰੀ ਜਲਵਾ ਇਕ ਤਕਾਇਆ। ਸੋ ਸਾਹਿਬ ਪ੍ਰਗਟ ਹੋਇਆ ਆਣ, ਸਾਚਾ ਮੰਦਰ ਲਏ ਬਣਾਇਆ। ਅੰਦਰ ਵੜ ਸ੍ਰੀ ਭਗਵਾਨ, ਸਚ ਸਿੰਘਾਸਣ ਇਕ ਸੁਹਾਇਆ। ਅੱਗੇ ਵੇਖੇ ਇਕ ਨਿਸ਼ਾਨ, ਛੱਤੀ ਛੱਤੀ ਬੰਧਨ ਪਾਇਆ। ਲੱਖ ਚੁਰਾਸੀ ਹੋਈ ਨਾਦਾਨ, ਹਰਿ ਕਾ ਭੇਵ ਕਿਸੇ ਨਾ ਆਇਆ। ਕੋਈ ਵੇਦ ਕੋਈ ਸ਼ਾਸਤਰ ਕੋਈ ਸਿਮਰਤ ਪੜ੍ਹ ਪੜ੍ਹ ਦਏ ਗਿਆਨ, ਪੁਰਾਨ ਅਠਾਰਾਂ ਕੋਇ ਸੁਣਾਇਆ। ਕੋਈ ਗੀਤਾ ਕਹੇ ਸੱਚਾ ਵਿਧਾਨ, ਅੱਠ ਦਸ ਰੰਗ ਚੜ੍ਹਾਇਆ। ਕੋਈ ਕਹੇ ਅੰਜੀਲ ਕੁਰਾਨ ਈਮਾਨ, ਖ਼ੁਦਾਵੰਦ ਮਸਲਾ ਇਕ ਸੁਣਾਇਆ। ਕੋਈ ਕਹੇ ਸਤਿਨਾਮ, ਕੋਈ ਡੰਕਾ ਫ਼ਤਹਿ ਵਜਾਇਆ। ਪੁਰਖ ਅਬਿਨਾਸ਼ੀ ਕਹੇ ਮੈਂ ਆਦਿ ਜੁਗਾਦਿ ਇਕ ਭਗਵਾਨ, ਜੁਗ ਜੁਗ ਆਪਣਾ ਹੁਕਮ ਵਰਤਾਇਆ। ਗੁਰ ਅਵਤਾਰ ਸੇਵ ਕਮਾਣ, ਪੀਰ ਪੈਗ਼ੰਬਰ ਹੁਕਮ ਫਿਰਾਇਆ। ਅੰਤਮ ਸਭ ਦਾ ਤੋੜਾਂ ਮਾਣ, ਥਿਰ ਕੋਇ ਰਹਿਣ ਨਾ ਪਾਇਆ। ਮੇਰੀ ਚਰਨੀਂ ਡਿੱਗਣ ਆਣ, ਏਕਾ ਓਟ ਰਖਾਇਆ। ਦਰ ਦਰ ਬਹਿ ਬਹਿ ਮੰਗਣ ਦਾਨ, ਖ਼ਾਲੀ ਝੋਲੀ ਅੱਗੇ ਡਾਹਿਆ। ਕਿਰਪਾ ਕਰ ਵਡ ਮਿਹਰਵਾਨ, ਨੇਤਰ ਨੈਣਾਂ ਨੀਰ ਵਹਾਇਆ। ਕੋਈ ਕਹੇ ਮੇਰਾ ਸਾਚਾ ਕਾਹਨ, ਗੋਪੀ ਬਣ ਬਣ ਸੇਵ ਕਮਾਇਆ। ਕੋਈ ਕਹੇ ਮੇਰਾ ਕੰਤ ਨੌਜਵਾਨ, ਨਾ ਮਰੇ ਨਾ ਜਾਇਆ। ਕੋਈ ਕਹੇ ਮੇਰਾ ਸਾਹਿਬ ਵਡ ਬਲਵਾਨ, ਬਲ ਆਪਣਾ ਆਪ ਧਰਾਇਆ। ਵਸਣਹਾਰਾ ਸਚਖੰਡ ਸੱਚੇ ਮਕਾਨ, ਸਚ ਸਿੰਘਾਸਣ ਸੋਭਾ ਪਾਇਆ। ਪੁਰਖ ਅਬਿਨਾਸ਼ੀ ਕਹੇ ਮੇਰਾ ਭਗਤ ਮੇਰਾ ਨਿਸ਼ਾਨ, ਬਿਨ ਭਗਤਾਂ ਮੈਂ ਕੰਮ ਕਿਸੇ ਨਾ ਆਇਆ। ਕਲਜੁਗ ਅੰਤਮ ਖੇਲ ਕਰਾਂ ਮਹਾਨ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇਆ। ਕਲਜੁਗ ਅੰਤਮ ਧਾਰ ਅਵੱਲੀ, ਅਵਲ ਅੱਲਾ ਆਪ ਚਲਾਈਆ। ਆਦਿ ਨਿਰੰਜਣ ਜੋਤ ਇਕੱਲੀ, ਨਿਰਗੁਣ ਨਿਰਾਕਾਰ ਵੇਸ ਵਟਾਈਆ। ਵੇਖੋ ਵਸਤ ਵਿਕਾਏ ਸਵੱਲੀ, ਕੀਮਤ ਆਪਣੀ ਕੋਇ ਨਾ ਪਾਈਆ। ਹਰਿ ਭਗਤ ਫੁਲਵਾੜੀ ਲੋਕਮਾਤ ਫਲੀ, ਪਤ ਡਾਲੀ ਰਿਹਾ ਮਹਿਕਾਈਆ। ਲੱਖ ਚੁਰਾਸੀ ਵਿਚੋਂ ਸਾਚੀ ਕਲੀ, ਬਣ ਮਾਲਣ ਤੋੜ ਤੁੜਾਈਆ । ਹੋਕਾ ਦੇਵੇ ਗਲੀਓ ਗਲੀ, ਘਰ ਘਰ ਦਰ ਦਰ ਫੇਰਾ ਪਾਈਆ। ਗੁਰਮੁਖ ਸਖੀ ਵਿਰਲੀ ਰਲੀ, ਜਿਸ ਆਪਣੀ ਕਥਾ ਕਹਾਣੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚੀ ਸਖੀ ਵੇਖ ਕਾਹਨ, ਨਿਰਗੁਣ ਕੂਕ ਕੂਕ ਸੁਣਾਇੰਦਾ। ਸਾਹਿਬ ਹੋਇਆ ਮਿਹਰਵਾਨ, ਮਿਹਬਾਨ ਵੇਸ ਵਟਾਇੰਦਾ। ਭੱਜਾ ਫਿਰੇ ਗੁਣ ਨਿਧਾਨ, ਔਂਦਾ ਜਾਂਦਾ ਦਿਸ ਨਾ ਆਇੰਦਾ। ਏਕਾ ਵਸੇ ਸਚ ਮਕਾਨ, ਭਗਤ ਦੁਆਰਾ ਇਕ ਵਡਿਆਇੰਦਾ। ਆਓ ਵੇਖੋ ਕਰੋ ਧਿਆਨ, ਦਰਦੀ ਵੰਡ ਵੰਡਾਇੰਦਾ। ਜੋਬਨ ਜਾਏ ਜਗਤ ਰਕਾਨ, ਹਰਿ ਕੰਤ ਨਾ ਕੋਇ ਹੰਢਾਇੰਦਾ। ਲੱਖ ਚੁਰਾਸੀ ਭੁੱਲੀ ਜੀਵ ਅੰਞਾਣ, ਸੁਰਤੀ ਸੁਰਤ ਨਾ ਕੋਈ ਖੁਲ੍ਹਾਇੰਦਾ। ਕਰ ਕਰ ਥੱਕੀ ਜਗਤ ਅਸ਼ਨਾਨ, ਦੁਰਮਤ ਮੈਲ ਨਾ ਕੋਈ ਧੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਉਠ ਨਾਰੀ ਵੇਖ ਕੰਤ, ਨਰ ਨਰਾਇਣ ਫੇਰਾ ਪਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੂਜੀ ਵਾਰ ਉਤਰ ਕਦੇ ਨਾ ਜਾਈਆ। ਚਾਰ ਜੁਗ ਜਿਨ੍ਹਾਂ ਨੂੰ ਲੱਭਦੇ ਰਹੇ ਸਾਧ ਸੰਤ, ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਫੇਰਾ ਪਾਈਆ। ਮੁਲਾਂ ਮੁਸਾਇਕ ਪੀਰ ਦਸਤਗੀਰ ਜਿਸ ਦੇ ਉਤੇ ਕਰਦੇ ਗਏ ਮੰਤ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਵਰ ਗਿਆ ਨਾ ਕੋਈ ਕਰ ਕੇ ਹਿੰਮਤ, ਏਕਾ ਹੌਸਲਾ ਸਾਰੇ ਗਏ ਢਾਈਆ। ਕਲਜੁਗ ਅੰਤਮ ਪ੍ਰਗਟਿਆ ਇਕੋ ਕੰਤ, ਕੰਤ ਕੰਤੂਹਲ ਵੇਸ ਵਟਾਈਆ। ਆਪਣੀ ਇਛਿਆ ਬਣਾਈ ਬਣਤ, ਜਨ ਭਗਤਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਓ ਤੱਕੋ ਵੇਖੋ ਨੈਣ, ਕਵਲ ਨੈਣ ਫੇਰੀ ਪਾਇੰਦਾ। ਜਿਸ ਦਾ ਨਾ ਕੋਈ ਸੱਜਣ ਸਾਕ ਸੈਣ, ਮਾਤ ਪਿਤ ਭਾਈ ਭੈਣ ਨਾ ਕੋਈ ਬਣਾਇੰਦਾ। ਜਿਸ ਦਾ ਨਾਉਂ ਗੁਰ ਅਵਤਾਰ ਕਹਿਣ, ਸੋ ਆਪਣਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਓ ਵੇਖੋ ਹਰਿ ਕਾ ਮੁਖ, ਪੰਚਮ ਮੁਖੀ ਤਾਜ ਸੁਹਾਈਆ। ਜਿਸ ਦੇਖਿਆਂ ਸਭ ਮਿਟਣ ਦੁੱਖ, ਏਕਾ ਘਰ ਵਡਿਆਈਆ। ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਿਸ ਦੀਆਂ ਸੁਖਨਾ ਰਹੇ ਸੁਖ, ਕਵਣ ਕੂਟ ਧਿਆਨ ਲਗਾਈਆ। ਜਿਸ ਦੇ ਕੋਲ ਕੋਈ ਨਾ ਸਕੇ ਪੁਜ, ਏਕਾ ਪੰਧ ਮੁਕਾਈਆ। ਜਿਸ ਦਾ ਭੇਵ ਕੋਈ ਨਾ ਸਕੇ ਲੱਭ, ਨਾਨਕ ਬੇਅੰਤ ਬੇਅੰਤ ਬੇਅੰਤ ਗਿਆ ਸਮਝਾਈਆ। ਜਿਸ ਦੇ ਪਿਛੇ ਗੋਬਿੰਦ ਗਿਆ ਝੂਜ, ਬੰਸ ਸਰਬੰਸ ਮਿਟਾਈਆ। ਜਿਸ ਦੇ ਪਿਛੇ ਮਿਟੌਂਦੇ ਰਹੇ ਦੂਜ, ਦੋਏ ਦੋਏ ਰੂਪ ਧਰਾਈਆ। ਜਿਸ ਦੇ ਪਿਛੇ ਪੱਥਰ ਪਾਹਿਨ ਰਹੇ ਪੂਜ, ਕਾਗਦ ਸ਼ਾਹੀ ਸੀਸ ਝੁਕਾਈਆ। ਸੋ ਸਾਹਿਬ ਉਠਾਏ ਆਪਣੇ ਪੂਤ, ਗੁਰਮੁਖ ਸਾਚੇ ਮਾਤ ਜਗਾਈਆ। ਜਿਸ ਨੇ ਸੇਵਾ ਲਾਇਆ ਸ਼ੰਕਰ ਅਵਧੂਤ, ਏਕਾ ਗੁਣ ਸਮਝਾਈਆ। ਜਿਸ ਨੇ ਬ੍ਰਹਮੇ ਬ੍ਰਹਮ ਦਿਤਾ ਤਾਣਾ ਪੇਟਾ ਸੂਤ, ਸੋ ਸੂਤਰਧਾਰੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਸਣ ਲਾਈਆ। ਸਚ ਦੁਆਰੇ ਆਸਣ ਗਿਆ ਲੱਗ, ਹਰਿ ਲੱਗੀ ਤੋੜ ਨਿਭਾਇੰਦਾ। ਇਕੋ ਦੀਪਕ ਗਿਆ ਜਗ, ਜਾਗਰਤ ਜੋਤ ਡਗਮਗਾਇੰਦਾ। ਇਕੋ ਢੋਲਾ ਵੱਜਾ ਨਦ, ਅਨਾਦੀ ਆਪ ਸੁਣਾਇੰਦਾ। ਇਕੋ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਇਕੋ ਮੱਕਾ ਕਰਾਏ ਹੱਜ, ਮਹਿਬੂਬ ਇਕੋ ਨਜ਼ਰੀ ਆਇੰਦਾ। ਇਕੋ ਰਾਮ ਲਏ ਸੱਦ, ਏਕਾ ਕ੍ਰਿਸ਼ਨ ਅੰਤ ਜਣਾਇੰਦਾ। ਇਕੋ ਨਾਨਕ ਚੜ੍ਹੇ ਜਹਾਜ਼, ਇਕੋ ਗੋਬਿੰਦ ਚੱਪੂ ਲਾਇੰਦਾ। ਇਕੋ ਪੁਰਖ ਅਬਿਨਾਸ਼ੀ ਮਾਰੇ ਅਵਾਜ਼, ਆਪ ਆਪਣੀ ਦਇਆ ਕਮਾਇੰਦਾ। ਇਕੋ ਸ਼ਹਿਨਸ਼ਾਹ ਇਕੋ ਰਾਜ, ਹੁਕਮ ਹਾਕਮ ਇਕ ਸੁਣਾਇੰਦਾ। ਇਕੋ ਸੀਸ ਇਕੋ ਤਾਜ, ਇਕ ਸਿਰ ਟਿਕਾਇੰਦਾ। ਇਕੋ ਸਾਹਿਬ ਗਿਆ ਜਾਗ, ਹਰਿਜਨ ਸਾਚੇ ਆਪ ਜਗਾਇੰਦਾ। ਇਕੋ ਸੇਵਕ ਆਇਆ ਭਾਜ, ਬਣ ਚਾਕਰ ਸੇਵ ਕਮਾਇੰਦਾ। ਇਕੋ ਰੱਖਣਹਾਰ ਲਾਜ, ਚਾਰੋਂ ਕੁੰਟ ਵੇਖ ਵਖਾਇੰਦਾ। ਇਕੋ ਦੇਵਣਹਾਰਾ ਦਾਦ, ਨਾਮ ਧੰਨ ਆਪ ਵਰਤਾਇੰਦਾ। ਇਕੋ ਲੱਖ ਚੁਰਾਸੀ ਵਿਚੋਂ ਲਏ ਕਾਢ, ਆਵਣ ਜਾਵਣ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੁਆਰ ਆਪ ਬਣਾਇੰਦਾ। ਇਕੋ ਦੇਵੇ ਸਾਚੀ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਇਕੋ ਬੰਨੇ ਸਾਚਾ ਨਾਤ, ਚਰਨ ਕਵਲ ਜੋੜ ਜੁੜਾਇੰਦਾ। ਇਕੋ ਸੁਣਾਏ ਸਾਚੀ ਗਾਥ, ਸਾਚਾ ਮੰਤਰ ਢੋਲਾ ਗਾਇੰਦਾ। ਇਕੋ ਵਖਾਏ ਆਪਣੀ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਇਕੋ ਮੇਟੇ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਇਕੋ ਬੈਠਾ ਰਹੇ ਇਕਾਂਤ, ਅਕਲ ਕਲਾ ਅਖਵਾਇੰਦਾ। ਇਕੋ ਖੇਲ ਕਰੇ ਬੌਹ ਬਿਧ ਭਾਂਤ, ਇਕੋ ਜੁਗ ਜੁਗ ਵੇਸ ਵਟਾਇੰਦਾ। ਇਕੋ ਸਾਹਿਬ ਕਮਲਾਪਾਤ, ਇਕੋ ਨਾਰੀ ਪੁਰਖ ਅਖਵਾਇੰਦਾ। ਇਕੋ ਵੇਖੇ ਸਚ ਜਮਾਤ, ਜੁਮਲਾ ਪੱਟੀ ਆਪ ਪੜ੍ਹਾਇੰਦਾ। ਇਕੋ ਖੋਲ੍ਹੇ ਸੱਚਾ ਹਾਟ, ਬਣ ਹਟਵਾਣਾ ਹੱਟ ਚਲਾਇੰਦਾ। ਇਕੋ ਵੇਖੇ ਤੀਰਥ ਤਾਟ, ਤੱਟ ਕਿਨਾਰਾ ਸੋਭਾ ਪਾਇੰਦਾ। ਇਕੋ ਜੋਤ ਨੂਰ ਲਲਾਟ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਖੋਲ੍ਹੇ ਵੱਡਾ ਖਾਤ, ਡੂੰਘਾ ਖਾਤਾ ਆਪ ਰਖਾਇੰਦਾ। ਏਕਾ ਵੇਖੇ ਮਾਰ ਝਾਤ, ਝਾਕੀ ਆਪਣੀ ਨਾ ਕਿਸੇ ਵਖਾਇੰਦਾ। ਏਕਾ ਦਿਸੇ ਸੱਚਾ ਸਾਥ, ਸਗਲਾ ਸੰਗ ਨਿਭਾਇੰਦਾ। ਏਕਾ ਹੋਏ ਪੁਰਖ ਸਮਰਾਥ, ਸਮਰਥ ਆਪਣੀ ਧਾਰ ਰਖਾਇੰਦਾ। ਏਕਾ ਕਰੇ ਪੂਰੀ ਆਸ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਏਕਾ ਵੇਖੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਇੰਦਾ। ਏਕਾ ਰਚਾਏ ਸਾਚੀ ਰਾਸ, ਗੋਪੀ ਕਾਹਨ ਨਚਾਇੰਦਾ। ਏਕਾ ਰਾਮ ਵਸੇ ਪ੍ਰਭਾਸ, ਜੰਗਲ ਜੂਹ ਉਜਾੜ ਵੇਖ ਵਖਾਇੰਦਾ। ਏਕਾ ਬਣਿਆ ਰਹੇ ਦਾਸੀ ਦਾਸ, ਬਣ ਬਣ ਸੇਵਕ ਸੇਵ ਕਮਾਇੰਦਾ। ਏਕਾ ਆਦਿ ਜੁਗਾਦਿ ਨਾ ਹੋਏ ਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਏਕਾ ਲੱਖ ਚੁਰਾਸੀ ਕਰੇ ਪਾਸ਼ ਪਾਸ਼, ਜੋ ਘੜਿਆ ਭੰਨ ਵਖਾਇੰਦਾ। ਏਕਾ ਕਰੇ ਭੋਗ ਬਲਾਸ, ਭਸਮੜ ਆਪਣਾ ਮੂਲ ਚੁਕਾਇੰਦਾ। ਏਕਾ ਬਣਿਆ ਸ਼ਾਹ ਸ਼ਾਬਾਸ਼, ਆਪਣੀ ਸਖ਼ਸੀਅਤ ਆਪ ਜਣਾਇੰਦਾ। ਏਕਾ ਕਾਰਜ ਕਰੇ ਰਾਸ, ਏਕਾ ਆਪਣੀ ਕਾਰ ਕਰਾਇੰਦਾ। ਏਕਾ ਦੇਵੇ ਸਚ ਧਰਵਾਸ, ਧਰਨੀ ਧਰਤ ਧਵਲ ਵਡਿਆਇੰਦਾ। ਏਕਾ ਜਨ ਭਗਤਾਂ ਪੂਰੀ ਕਰੇ ਆਸ, ਕਲਜੁਗ ਅੰਤਮ ਮੇਲ ਮਿਲਾਇੰਦਾ। ਏਕਾ ਗੁਰਮੁਖਾਂ ਅੰਦਰ ਕਰੇ ਵਾਸ, ਸਾਚਾ ਧਾਮ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਕਾਇਆ ਗੜ੍ਹ, ਲੋਕਮਾਤ ਨਿਸ਼ਾਨ ਵਖਾਇੰਦਾ। ਗੁਰਮੁਖ ਤੇਰੀ ਕਾਇਆ ਧਾਰ, ਹਰਿ ਸਾਚੇ ਆਪ ਬਣਾਈਆ। ਬਾਹਰੋਂ ਦਿਸਣ ਨੌਂ ਦੁਆਰ, ਅੰਦਰ ਵੜਿਆ ਸਾਚਾ ਮਾਹੀਆ। ਨੇਤਰ ਦਿਸੇ ਸਾਢੇ ਤਿੰਨ ਹੱਥ ਮਨਾਰ, ਅੰਦਰ ਛੱਤੀ ਰਾਗ ਦਾ ਮਾਣ ਗਵਾਈਆ। ਅੱਠ ਖਿੜਕੀ ਕਰ ਪਿਆਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਤੇਰੀ ਵੇਖੇ ਕਾਇਆ ਅਟਾਰੀ, ਅਟੱਲ ਬੇਪਰਵਾਹਿਆ। ਜਗੇ ਜੋਤ ਇਕ ਨਿਰੰਕਾਰੀ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਕਲਜੁਗ ਕਰੇ ਸਚ ਵਿਹਾਰੀ, ਬਿਵਹਾਰੀ ਆਪਣੀ ਖੇਲ ਖਲਾਇਆ। ਆਦਿ ਆਦਿ ਲਗਾਈ ਯਾਰੀ, ਅੰਤਮ ਮੇਲਾ ਸਹਿਜ ਸੁਭਾਇਆ। ਗੁਰਮੁਖ ਨਾਰ ਨਾ ਰਹੇ ਕਵਾਰੀ, ਹਰਿ ਜੂ ਕੰਤ ਲਏ ਪਰਨਾਇਆ। ਕਰੇ ਖੇਲ ਅਗੰਮ ਅਪਾਰੀ, ਅਲਖ ਅਗੋਚਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਬਹਿ ਬਹਿ ਆਪਣਾ ਰਾਗ ਅਲਾਇਆ। ਸਾਚੇ ਮੰਦਰ ਬੈਠਾ ਰਾਗੀ, ਹਰਿ ਜੂ ਰਾਗ ਸੁਣਾਈਆ। ਆਦਿ ਮਧ ਦੀ ਪਿਛਲੀ ਵਾਦੀ, ਜੁਗਾਦੀ ਭੁੱਲ ਨਾ ਜਾਈਆ। ਹਰਿਜਨ ਲਡਾਏ ਸਾਚਾ ਲਾਡੀ, ਆਪਣੀ ਗੋਦ ਬਹਾਈਆ। ਕਰਿਆ ਖੇਲ ਬਣ ਬਣ ਬਾਢੀ, ਭੇਵ ਕੋਇ ਨਾ ਪਾਈਆ। ਫਾਂਦਕ ਬਣਿਆ ਹਰਿ ਜੂ ਫਾਂਦੀ, ਗੁਰਮੁਖ ਸਾਚੇ ਬੰਨ੍ਹ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਹਰਿ ਸੁਹਾਇਆ, ਲੋਕਮਾਤ ਉਜਿਆਰ। ਬਹਿ ਢੋਲਾ ਇਕੋ ਗਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਸਾਚਾ ਤੋਲਾ ਬਣ ਕੇ ਆਇਆ, ਤੋਲਣਹਾਰ ਸਰਬ ਸੰਸਾਰ। ਗੁਰਮੁਖ ਆਪਣੇ ਕੋਲ ਵਸਾਇਆ, ਆਪਣਾ ਖੋਲ੍ਹ ਕਵਾੜ। ਦੋ ਜਹਾਨ ਵਿਛੋੜਾ ਕਟਾਇਆ, ਕਰ ਕਿਰਪਾ ਆਪ ਨਿਰੰਕਾਰ। ਸਾਚੇ ਘੋੜੇ ਲਏ ਚੜ੍ਹਾਇਆ, ਸੇਵਾ ਕਰੇ ਸ਼ਾਹ ਅਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲਾ ਇਕ ਦਵਾਰ। ਭਗਤ ਭਗਵੰਤ ਮਿਲਿਆ ਮੇਲ, ਮਿਲ ਮਿਲ ਖ਼ੁਸ਼ੀ ਮਨਾਈਆ। ਸਾਹਿਬ ਮਿਲਿਆ ਸੱਜਣ ਸੁਹੇਲ, ਸਾਚਾ ਘਰ ਵਸਾਈਆ। ਨਿਰਗੁਣ ਸਰਗੁਣ ਚੜ੍ਹਾਏ ਤੇਲ, ਬਹਿ ਬਹਿ ਖ਼ੁਸ਼ੀ ਮਨਾਈਆ। ਆਓ ਰਲ ਮਿਲ ਖੇਲ ਲਈਏ ਖੇਲ, ਵੇਖੇ ਸਰਬ ਲੋਕਾਈਆ। ਸ੍ਰਿਸ਼ਟ ਸਬਾਈ ਪੰਜ ਵਿਕਾਰੇ ਫਸੀ ਤੁਹਾਨੂੰ ਮਿਲਿਆ ਵੇਹਲ, ਮਿਲ ਮਿਲ ਖ਼ੁਸ਼ੀ ਮਨਾਈਆ। ਆਂਢੀਆਂ ਗਵਾਂਢੀਆਂ ਜਾਣਾ ਧਰਮ ਰਾਏ ਦੀ ਜੇਲ, ਬੰਦੀ ਬੰਦ ਨਾ ਕੋਇ ਤੁੜਾਈਆ। ਪਿਉ ਪੁਤਰਾਂ ਨੱਕ ਪੈਣੀ ਨਕੇਲ, ਨਵ ਨਵ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਉਠਾਈਆ। ਆਓ ਉਠੋ ਭੱਜ,ੋ ਭੱਜਣ ਵੇਲਾ ਆਇਆ। ਸਚ ਦੁਆਰੇ ਬਹਿ ਕੇ ਸਜੋ, ਸੱਜਣ ਸੱਚਾ ਆਇਆ। ਕਰ ਦਰਸ ਗੁਰਮੁਖ ਰੱਜੋ, ਆਪਣੀ ਤ੍ਰਿਖਾ ਬੁਝਾਇਆ। ਪਾਰਬ੍ਰਹਮ ਬ੍ਰਹਮ ਸ਼ਰਨੀ ਲੱਗੋ, ਮਿਲੇ ਸ਼ਰਨਗਤ ਸ਼ਰਨਾਇਆ। ਪਿਛਲੀ ਵਾਦੀ ਹੁਣ ਛੱਡੋ, ਜੋਗ ਅਭਿਆਸ ਨਾ ਕੋਇ ਕਰਾਇਆ। ਘਰ ਆਇਆ ਬਿਨ ਡੋਰੀਉਂ ਫੱਧੋ, ਚਾਰੋਂ ਕੁੰਟ ਘੇਰਾ ਪਾਇਆ। ਜੇ ਭੱਜੇ ਤਾਂ ਲੱਤਾਂ ਵੱਢੋ, ਬਣ ਸੰਗੀ ਛੱਡ ਕਿਉਂ ਜਾਇਆ। ਜੇ ਲੁਕੇ ਤੇ ਡੂੰਘੀ ਕੰਦਰੋਂ ਕੱਢੋ, ਕਿਉਂ ਆਪਣੇ ਵਿਚ ਛੁਪਾਇਆ। ਜਿੰਨਾਂ ਚਿਰ ਨਾ ਮੰਨੇ ਓਨ੍ਹਾਂ ਚਿਰ ਨਾ ਛੱਡੋ, ਜਿੰਨਾਂ ਚਿਰ ਨਾ ਕਹੇ ਤੂੰ ਮੇਰਾ ਮੈਂ ਤੇਰਾ ਇਕੋ ਘਰ ਬਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਸਿਆ ਪਾਰ ਹੱਦੋਂ, ਹੁਣ ਤੁਹਾਡੀ ਹੱਦ ਅੰਦਰ ਆਇਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਕੱਦੋ, ਕੁਦਰਤ ਕਾਦਰ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਉਠਾਇਆ। ਉਠੋ ਪਾਓ ਘੇਰਾ, ਹਰਿ ਹਰਿ ਆਖ ਸੁਣਾਇੰਦਾ। ਜੁਗ ਚੌਕੜੀ ਜੋ ਬਣਿਆ ਨਾ ਆਪ ਦਲੇਰਾ, ਆਪਣਾ ਬਲ ਧਰਾਇੰਦਾ। ਗੁਰ ਅਵਤਾਰਾਂ ਜੋ ਕਰਦਾ ਰਿਹਾ ਨਬੇੜਾ, ਪੀਰ ਪੈਗ਼ੰਬਰਾਂ ਸੇਵਾ ਲਾਇੰਦਾ। ਬ੍ਰਹਿਮੰਡ ਖੰਡ ਵਸਾਇਆ ਜਿਸ ਖੇੜਾ, ਲੱਖ ਚੁਰਾਸੀ ਖੇਲ ਖਲਾਇੰਦਾ। ਦੂਰ ਦੁਰਾਡਾ ਜੋ ਦਿਸੇ ਕਲਜੁਗ ਅੰਤਮ ਆਇਆ ਨੇੜਾ, ਬਣ ਦਰਵੇਸ਼ ਫੇਰੀ ਪਾਇੰਦਾ। ਤੁਹਾਡੇ ਗ੍ਰਹਿ ਪਾਇਆ ਫੇਰਾ, ਵਿਸ਼ਨ ਬ੍ਰਹਮਾ ਸ਼ਿਵ ਨਾ ਨਾਲ ਰਖਾਇੰਦਾ। ਪਹਿਲੋਂ ਲੋਕੀ ਕਹਿੰਦੇ ਰਹੇ ਸਿੰਘ ਸ਼ੇਰਾ, ਹੁਣ ਨਿਰਗੁਣ ਹੋ ਹੋ ਵੇਸ ਵਟਾਇੰਦਾ। ਹਰਿ ਕਾ ਭੇਵ ਜਾਣੇ ਕਿਹੜਾ, ਭੇਤ ਆਪਣਾ ਨਾ ਕਿਸੇ ਜਣਾਇੰਦਾ। ਸੱਤਰਾਂ ਬਹੱਤਰਾਂ ਵਖਾਇਆ ਇਕੋ ਡੇਰਾ, ਢੇਰੀ ਖ਼ਾਕ ਨਾ ਕੋਇ ਕਰਾਇੰਦਾ। ਬਿਨ ਵੰਞ ਚੱਪੂ ਤਾਰਿਆ ਬੇੜਾ, ਬੇੜਾ ਆਪਣੇ ਕੰਧ ਉਠਾਇੰਦਾ। ਹਰਿ ਭਗਤ ਤੇਰਾ ਖੁਲ੍ਹਾ ਵੇਹੜਾ, ਤੇਰਾ ਦਰਵਾਜਾ ਬੰਦ ਨਾ ਕੋਇ ਕਰਾਇੰਦਾ। ਜੁਗ ਜੁਗ ਜੋ ਕਰਦਾ ਰਿਹਾ ਝੇੜਾ, ਅੰਤ ਗੁਰਸਿਖਾਂ ਝੇੜਾ ਸਰਬ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਆਓ ਸਿਖੋ ਕਰੋ ਦੀਦਾਰ, ਬਿਨ ਨੇਤਰਾਂ ਦਏ ਦਰਸਾਈਆ। ਜਿਸ ਨੂੰ ਕਹਿੰਦੇ ਰਹੇ ਕਰੀਮ ਕਾਦਰ ਯਾਰ, ਕੁਦਰਤ ਵਸੇ ਮਾਹੀਆ। ਜਿਸ ਦਾ ਸਯਦਾ ਕਰਦੇ ਰਹੇ ਜੁਗ ਚਾਰ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦੀ ਗੁਰ ਅਵਤਾਰ ਕੱਢਦੇ ਗਏ ਵਗਾਰ, ਪੰਜ ਤੱਤ ਫੇਰਾ ਪਾਈਆ। ਜਿਸ ਦਾ ਨਾਉਂ ਗਾਉਂਦੇ ਰਹੇ ਬੋਲ ਜੈਕਾਰ, ਰਸਨਾ ਜਿਹਵਾ ਹਲਾਈਆ। ਜਿਸ ਨੂੰ ਮੰਨਦੇ ਗਏ ਪਰਵਰਦਿਗਾਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜਿਸ ਨੂੰ ਕਹਿ ਕਹਿ ਗਏ ਏਕੰਕਾਰ, ਪੁਰਖ ਅਕਾਲ ਸਾਲਾਹੀਆ। ਜਿਸ ਨੂੰ ਕਹਿੰਦੇ ਗਏ ਵਸੇ ਸਚਖੰਡ ਆਪੇ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਈਆ। ਸੋ ਕਲਜੁਗ ਅੰਤਮ ਸਾਚੀ ਸੇਵਾ ਕਰੇ ਅਗੰਮ ਅਪਾਰ, ਭਗਤ ਦੁਆਰਾ ਮਾਤ ਬਣਾਈਆ। ਨਿਰਗੁਣ ਚਲ ਕੇ ਆਏ ਵਿਚ ਸੰਸਾਰ, ਰੂਪ ਅਨੂਪ ਵਟਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਕਰੇ ਬੇਦਾਰ, ਗ਼ਫ਼ਲਤ ਨੀਂਦ ਕੋਇ ਰਹਿਣ ਨਾ ਪਾਈਆ। ਰਹਿਮਤ ਕਰ ਸੱਚੀ ਸਰਕਾਰ, ਹਰਿਜਨ ਸਾਚੇ ਲਏ ਜਗਾਈਆ। ਸਹੀ ਸਲਾਮਤ ਏਕੰਕਾਰ, ਆਪ ਆਪਣੀ ਕਾਰ ਕਮਾਈਆ। ਜਨ ਭਗਤ ਦੁਆਰੇ ਬਣ ਭਿਖਾਰ, ਭਿਖ਼ਕ ਫੇਰੀ ਰਿਹਾ ਪਾਈਆ। ਜੇ ਕੋਈ ਮਿਲੇ ਸੱਜਣ ਯਾਰ, ਆਪਣਾ ਹਾਲ ਦਿਆਂ ਸੁਣਾਈਆ। ਆ ਕੇ ਵੇਖਿਆ ਲੋਕਮਾਤ ਮੇਰਾ ਭੰਡਾਰ, ਸੱਤਰ ਬਹੱਤਰ ਬੈਠੇ ਭੈਣਾਂ ਭਾਈ ਨਾਲ ਮਿਲਾਈਆ। ਹਰਿ ਸੰਗਤ ਹਰਿ ਮਹੱਲ ਉਸਾਰ, ਹਰਿ ਕੀ ਪੌੜੀ ਦਏ ਚੜ੍ਹਾਈਆ। ਜਿਸ ਦਾ ਡੰਡਾ ਨਾ ਲੱਭੇ ਵਿਚ ਸੰਸਾਰ, ਲੁਹਾਰ ਤਰਖਾਣ ਘਾੜਤ ਨਾ ਕੋਇ ਘੜਾਈਆ। ਤਿਸ ਮੰਦਰ ਗੁਰਮੁਖ ਲਏ ਬਹਾਲ, ਸਾਰ ਕਿਸੇ ਨਾ ਆਈਆ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਓਥੇ ਦੋ ਜਹਾਨ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਈਆ। ਗੁਰਮੁਖ ਤੇਰਾ ਕਰਨ ਆਇਆ ਜਮਾਲ, ਆਪਣਾ ਨੂਰ ਦੇਵੇ ਦਰਸਾਈਆ। ਗੋਬਿੰਦ ਸੁਣਾਇਆ ਮੁਰੀਦਾ ਹਾਲ, ਮੁਰਸ਼ਦ ਫੇਰਾ ਆਪੇ ਪਾਈਆ। ਸਰਸੇ ਵਿਛੜੇ ਲਏ ਭਾਲ, ਸੱਤਰਾਂ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸੱਚੀ ਧਰਮਸਾਲ, ਹਰਿ ਭਗਤ ਦੁਆਰਾ ਮਾਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਇਕ ਨਿਸ਼ਾਨ, ਆਪ ਝੁਲਾਏ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ।
