੨੫ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ
ਆਦਿ ਜੁਗਾਦੀ ਬੁੱਢਾ ਨੱਢਾ ਬਲਵਾਨ, ਹਰਿ ਏਕਾ ਰੰਗ ਸਮਾਇੰਦਾ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਇੰਦਾ। ਧੁਰ ਦਰਬਾਰੀ ਏਕਾ ਦੇਵੇ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਕਰੋ ਧਿਆਨ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਭਗਤ ਉਠੋ ਬਾਲ ਨਾਦਾਨ, ਪਾਰਬ੍ਰਹਮ ਆਪ ਸਮਝਾਇੰਦਾ। ਨਵ ਨੌਂ ਚਾਰ ਦੀ ਚੁੱਕੀ ਕਾਣ, ਵੇਲਾ ਅੰਤ ਸਮਝਾਇੰਦਾ। ਨਿਰਗੁਣ ਰੂਪ ਪਰਗਟ ਹੋਏ ਸ੍ਰੀ ਭਗਵਾਨ, ਲੋਕਮਾਤ ਵੇਸ ਵਟਾਇੰਦਾ। ਉਲਟੀ ਦਾਤ ਦੇਵੇ ਗੁਣ ਨਿਧਾਨ, ਜਿਸ ਦਾ ਲੇਖ ਨਾ ਕੋਈ ਵਖਾਇੰਦਾ। ਛੱਬੀ ਪੋਹ ਦਿਵਸ ਮਹਾਨ, ਸ਼ਾਹ ਪਾਤਸ਼ਾਹ ਆਪ ਸੁਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦੋ ਜਹਾਨ ਸਰਬ ਪਛਤਾਣ, ਨੇਤਰ ਨੈਣਾਂ ਨੀਰ ਵਹਾਇੰਦਾ। ਗੁਰਮੁਖ ਵਿਰਲੇ ਚਤੁਰ ਸੁਘੜ ਸੁਜਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਨ ਭਗਤਾਂ ਹੱਥ ਫੜਾਇੰਦਾ। ਹਰਿ ਭਗਤਾਂ ਹਰਿ ਮਾਣ ਦਵਾਉਣਾ, ਬਿਨ ਭਗਤੀ ਦਇਆ ਕਮਾਈਆ। ਨਿਰਗੁਣ ਸ਼ਕਤੀ ਵਿਚ ਟਿਕਾਉਣਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਬੂੰਦ ਰਕਤੀ ਪੰਧ ਮੁਕਾਉਣਾ, ਸੁਣ ਬੇਨੰਤੀ ਹੋਏ ਸਹਾਈਆ। ਸਾਚੀ ਨਾਰੀ ਕੰਤ ਮਿਲਾਉਣਾ, ਵਿਛੜ ਕਦੇ ਨਾ ਜਾਈਆ। ਸਚ ਦੁਆਰੇ ਆਪ ਬਹਾਉਣਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਲੋਕਮਾਤ ਮਾਤ ਪ੍ਰਗਟਾਉਣਾ, ਪ੍ਰਭ ਆਪਣਾ ਖੇਲ ਵਖਾਈਆ। ਸਚ ਸਿੰਘਾਸਣ ਆਸਣ ਲਾਉਣਾ, ਸਤਿ ਸਤਿਵਾਦੀ ਵਡ ਵਡਿਆਈਆ। ਆਪਣਾ ਵਸ ਨਾ ਕਿਛ ਰਖਾਉਣਾ, ਜਨ ਭਗਤਾਂ ਹੋਏ ਸਦਾ ਸਹਾਈਆ। ਹੋਏ ਨਿਮਾਣਾ ਗਲ ਵਿਚ ਪੱਲੂ ਪਾਉਣਾ, ਨਿਉਂ ਨਿਉਂ ਸੀਸ ਝੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੁਗ ਜੁਗ ਗੁਰ ਅਵਤਾਰਾਂ ਰਾਹ ਵਖਾਉਣਾ, ਨੇਤਰ ਨੈਣ ਨੈਣ ਖੁਲ੍ਹਾਈਆ। ਆਪਣਾ ਪਰਦਾ ਆਪ ਚੁਕਾਉਣਾ, ਪਰਦਾਨਸ਼ੀਂ ਹੋਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਤੇਰਾ ਰੱਖੇ ਮਾਣ, ਅਭਿਮਾਨ ਰਹੇ ਨਾ ਰਾਇਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਲੋਕਮਾਤ ਦਏ ਵਡਿਆਇਆ। ਛੱਤੀ ਜੁਗ ਜੋ ਬਣਿਆ ਰਿਹਾ ਬਾਗ਼ਬਾਨ, ਜੁਗ ਜੁਗ ਬੂਟਾ ਲਾਇਆ। ਗੁਰ ਅਵਤਾਰਾਂ ਦੇਂਦਾ ਰਿਹਾ ਜੋ ਗਿਆਨ, ਨਾਮ ਸੰਦੇਸ਼ਾ ਇਕ ਸੁਣਾਇਆ। ਕਲਜੁਗ ਅੰਤਮ ਵੇਖੇ ਆਣ, ਹਰਿਜਨ ਸਾਚੇ ਆਪ ਉਠਾਇਆ। ਚਰਨ ਕਵਲ ਬਖ਼ਸ਼ੇ ਇਕ ਧਿਆਨ, ਧਰਨੀ ਧਰਤ ਧਵਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਇਆ। ਪੂਰਬ ਲਹਿਣਾ ਪਾਏ ਝੋਲੀ, ਝੂਲਾ ਆਪਣਾ ਆਪ ਝੁਲਾਈਆ। ਨਿਰਗੁਣ ਜੋਤ ਬਣੇ ਗੋਲੀ, ਜਨ ਭਗਤਾਂ ਸੇਵ ਕਮਾਈਆ। ਬੇਅੰਤ ਕਹਿ ਕਰ ਜਿਸ ਨੂੰ ਗੁਰ ਅਵਤਾਰ ਮਾਰਦੇ ਰਹੇ ਬੋਲੀ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਭਗਤ ਦੁਆਰਾ ਰਿਹਾ ਖੋਲ੍ਹੀ, ਅੰਤਮ ਸਭ ਨੂੰ ਦਏ ਵਖਾਈਆ। ਉਪਰ ਚੜ੍ਹ ਕੇ ਖੇਲੇ ਹੋਲੀ, ਲੋਕ ਪਰਲੋਕ ਖੇਲ ਕਰਾਈਆ। ਲੱਖ ਚੁਰਾਸੀ ਅੰਦਰੋਂ ਪੋਲੀ, ਚਾਰ ਕੁੰਟ ਰਹੀ ਕੁਰਲਾਈਆ। ਗੁਰਮੁਖ ਨਾਰੀ ਘੋਲ ਘੋਲੀ, ਸੀਸ ਜਗਦੀਸ਼ ਇਕ ਝੁਕਾਈਆ। ਬਿਨ ਤੋਲ ਹਰਿ ਜੂ ਪੂਰੇ ਤੋਲ ਤੋਲੀ, ਅਤੁਲ ਆਪਣੇ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਖਿਲਾਉਣਾ, ਖੇਲੇ ਅਗੰਮ ਅਪਾਰ। ਛੱਬੀ ਪੋਹ ਦਿਵਸ ਸੁਹਾਉਣਾ, ਬੀਸ ਅਠਾਰਾਂ ਕਰ ਪਿਆਰ। ਸਚ ਦੁਆਰਾ ਇਕ ਸੁਹਾਉਣਾ, ਜਨ ਭਗਤਾਂ ਪੈਜ ਸੁਆਰ। ਸੰਤ ਸੁਹੇਲੇ ਰੰਗ ਚੜ੍ਹਾਉਣਾ, ਉਤਰ ਨਾ ਜਾਏ ਵਿਚ ਸੰਸਾਰ। ਗੁਰਮੁਖਾਂ ਆਪਣੀ ਗੋਦ ਬਹਾਉਣਾ, ਕੋਈ ਫੜ ਨਾ ਕੱਢੇ ਬਾਹਰ। ਗੁਰਸਿਖ ਬਾਲਾ ਉਂਗਲੀ ਲਾਉਣਾ, ਚਾਰੋਂ ਕੁੰਟ ਕਰੇ ਉਜਿਆਰ। ਜਨਮ ਜਨਮ ਦਾ ਦੁੱਖ ਮਿਟਾਉਣਾ, ਲੱਖ ਚੁਰਾਸੀ ਗੇੜ ਨਵਾਰ। ਸਾਚਾ ਸੁਖ ਇਕ ਉਪਜਾਉਣਾ, ਆਪ ਆਪਣੀ ਕਿਰਪਾ ਧਾਰ। ਆਪਣਾ ਆਪ ਭਗਤਾਂ ਵਸ ਕਰਾਉਣਾ, ਜਿਸ ਨੂੰ ਕਬੀਰ ਜੁਲਾਹਾ ਕੂਕ ਕੂਕ ਕਰ ਗਿਆ ਪੁਕਾਰ। ਨਾਨਕ ਜਿਸ ਦਰ ਸੀਸ ਝੁਕਾਉਣਾ, ਸੋ ਪਰਗਟ ਹੋਇਆ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਭਗਤਾਂ ਦੇਵੇ ਮਾਣ, ਭਗਤ ਵਡਿਆਈਆ। ਛੱਤੀ ਜੁਗ ਦਾ ਲੇਖ ਪਰਵਾਨ, ਧੁਰ ਫ਼ਰਮਾਣਾ ਦਏ ਸੁਣਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਦੋਏ ਦੋਏ ਵੇਸ ਵਟਾਈਆ। ਬਹੱਤਰ ਜਨ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਈਆ। ਸੱਤਰਾਂ ਮਿਲਿਆ ਏਕਾ ਕਾਹਨ, ਏਕਾ ਕੰਤ ਸੋਭਾ ਪਾਈਆ। ਚੁਹੱਤਰਾਂ ਵੇਖੇ ਇਕ ਮਕਾਨ, ਸੱਤ ਚਾਰ ਖ਼ੁਸ਼ੀ ਮਨਾਈਆ। ਛੱਬੀ ਪੋਹ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਗੁਰ ਅਵਤਾਰ ਕਰ ਧਿਆਨ, ਹਰਿ ਜੂ ਕੀ ਖੇਲ ਰਚਾਈਆ। ਭਗਤ ਸੁਣਨ ਲਾ ਲਾ ਕਾਨ, ਚਾਰ ਜੁਗ ਪਿਛਲੇ ਹਾਲ ਸੁਣਾਈਆ। ਮੁਹੰਮਦ ਚਰਨ ਡਿੱਗੇ ਆਣ, ਗੁਰਮੁਖਾਂ ਅੱਗੇ ਝੋਲੀ ਡਾਹੀਆ । ਮੈਂ ਭੁਲਿਆ ਬਾਲ ਨਾਦਾਨ, ਰਹਿਮਤ ਕਰ ਮੇਰੇ ਖ਼ੁਦਾਈਆ। ਮੇਰੀ ਸਿਫ਼ਤ ਨਾ ਕਰੇ ਜ਼ਬਾਨ, ਬੇਸਿਫ਼ਤ ਤੇਰੀ ਵਡਿਆਈਆ। ਤੂੰ ਸ਼ਰਅ ਮੇਰਾ ਈਮਾਨ, ਮੇਰਾ ਕਲਮਾ ਤੇਰਾ ਨਾਉਂ ਪੜ੍ਹਾਈਆ। ਬਿਨ ਤੇਰੇ ਮੇਰਾ ਕਾਅਬਾ ਹੋਇਆ ਵੈਰਾਨ, ਹੁਜ਼ਰਾ ਕੋਇ ਨਾ ਮਾਤ ਸੁਹਾਈਆ। ਮੈਂ ਸੁਣਿਆਂ ਤੂੰ ਭਗਤਾਂ ਦੇਵੇਂ ਦਾਨ, ਅਨਮੁਲੜੀ ਦਾਤ ਰਿਹਾ ਵਰਤਾਈਆ। ਮੈਂ ਭਗਤ ਦੁਆਰੇ ਡਿੱਗਾ ਆਣ, ਦੋਏ ਜੋੜ ਸੀਸ ਝੁਕਾਈਆ। ਤੀਸ ਬਤੀਸ ਪੁਕਾਰੇ ਮੇਰੀ ਕੁਰਾਨ, ਕੁਰਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਸਾਚਾ ਵਰ, ਮਿਲੇ ਚਰਨ ਤੇਰੇ ਸ਼ਰਨਾਈਆ। ਹਰਿ ਜੂ ਅੱਗੋਂ ਰਿਹਾ ਦੱਸ, ਏਕਾ ਹੁਕਮ ਜਣਾਈਆ। ਮੈਂ ਭਗਤਾਂ ਹੋ ਗਿਆ ਵਸ, ਖ਼ਾਲੀ ਹੱਥ ਰਿਹਾ ਵਖਾਈਆ। ਛੱਬੀ ਪੋਹ ਆਉਣਾ ਨੱਸ, ਏਕਾ ਰੁੱਤ ਸੁਹਾਈਆ। ਮੇਰਿਆਂ ਸਿਖਾਂ ਦੇ ਚਰਨਾਂ ਜਾਣਾ ਢੱਠ, ਜੇ ਲੈਣ ਤੈਨੂੰ ਬਚਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮੈਂ ਬਣਿਆ ਰਿਹਾ ਪੁਰਖ ਸਮਰਥ, ਗੁਰ ਅਵਤਾਰਾਂ ਸੇਵਾ ਲਾਈਆ। ਕਲਜੁਗ ਅੰਤਮ ਭਗਤਾਂ ਕਰਿਆ ਇਕ ਇਕੱਠ, ਏਕਾ ਮਤਾ ਪਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡੇ ਘੇਰੇ ਫਸ, ਨਿਕਲ ਕਿਤੇ ਨਾ ਜਾਈਆ। ਕਬੀਰ ਜੁਲਾਹਾ ਰਿਹਾ ਹੱਸ, ਵਾਹਵਾ ਤੇਰੀ ਵਡ ਵਡਿਆਈਆ । ਮੈਂ ਜਾਣਾਂ ਤੂੰ ਕੀਤੀ ਬਸ, ਸਾਨੂੰ ਤਾਰ ਦੂਜੀ ਨਜ਼ਰ ਨਾ ਕਿਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਬੀਰ ਜੁਲਾਹੇ ਨੇਤਰ ਖੋਲ੍ਹ, ਹਰਿ ਜੂ ਆਖ ਸੁਣਾਇਆ। ਮੈਂ ਇਕੇ ਕੰਡੇ ਤੋਲਿਆ ਤੋਲ, ਗੁਰਮੁਖ ਤੇਰੇ ਨਾਲ ਰਲਾਇਆ। ਦੇਵਾਂ ਵਡਿਆਈ ਉਪਰ ਧਵਲ, ਜਿਸ ਆਪਣਾ ਦਰਸ ਦਿਖਾਇਆ। ਹੋਏ ਬਾਲ ਨਾ ਰਹੀਂ ਅਨਭੋਲ, ਮੇਰਾ ਭੇਵ ਕਿਸੇ ਨਾ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮਾਰ ਕੇ ਆਉਦਾ ਰਿਹਾ ਰੋਲ, ਰੋ ਰੋ ਸਭ ਨੇ ਵਕਤ ਗਵਾਇਆ। ਕਲਜੁਗ ਅੰਤਮ ਚੁਕਾਇਆ ਪਰਦਾ ਓਹਲ, ਏਕਾ ਆਪਣਾ ਡੰਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਰਚਾਇਆ। ਰਚੇ ਖੇਲ ਹਰਿ ਨਿਰੰਕਾਰਾ, ਨਿਰਗੁਣ ਵਡੀ ਵਡਿਆਈਆ। ਛੱਬੀ ਪੋਹ ਸੁਹਾਏ ਦਿਹਾੜਾ, ਦਿਵਸ ਰੈਣ ਨਾ ਕੋਈ ਵਡਿਆਈਆ। ਏਕਾ ਢੱਈਆ ਪਾਰ ਕਿਨਾਰਾ, ਨਈਆ ਮਾਤ ਆਪ ਚਲਾਈਆ। ਸਾਚਾ ਸਈਆ ਸਿਰਜਣਹਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਪਕੜੇ ਬਹੀਆਂ ਵਿਚ ਸੰਸਾਰਾ, ਹਰਿਜਨ ਸਾਚੇ ਆਪ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਕਤ ਦਏ ਜਣਾਈਆ। ਭਗਤ ਭਗਵੰਤ ਸਾਚੀ ਕਾਰ, ਬਣ ਬਣ ਸੱਜਣ ਆਪ ਕਮਾਈਆ। ਆਪਣਾ ਪਾਸਾ ਗਿਆ ਹਾਰ, ਜਨ ਭਗਤਾਂ ਦਏ ਵਡਿਆਈਆ। ਬਿਨ ਭਗਤਾਂ ਨਾ ਹੋਏ ਉਜਿਆਰ, ਹਰਿ ਜੂ ਕੰਮ ਕਿਸੇ ਨਾ ਆਈਆ। ਕਲਜੁਗ ਅੰਤਮ ਕਰ ਵਿਚਾਰ, ਆਪਣੀ ਇਛਿਆ ਲਈ ਪ੍ਰਗਟਾਈਆ। ਜਿਹੜੇ ਕੱਟਦੇ ਰਹੇ ਵਗਾਰ, ਬਣ ਵਗਾਰੀ ਸੇਵ ਕਮਾਈਆ। ਜਿਹੜੇ ਮੇਰੇ ਪਿਛੇ ਖਾਂਦੇ ਰਹੇ ਮਾਰ, ਆਪਣੀ ਖੱਲ ਲੁਹਾਈਆ। ਜਿਹੜੇ ਰੋਂਦੇ ਰਹੇ ਜਾਰੋ ਜਾਰ, ਨੇਤਰ ਨੈਣਾਂ ਨੀਰ ਵਹਾਈਆ। ਜਿਹੜੇ ਪਾਣਾ ਗੰਢਦੇ ਰਹੇ ਚੁਮਿਆਰ, ਬਣ ਬਣ ਸੇਵਕ ਸੇਵ ਕਮਾਈਆ। ਜਿਹੜੇ ਡੁੱਬਦੇ ਰਹੇ ਗੰਗਾ ਧਾਰ, ਜਲ ਜਲ ਦੇਣ ਵਹਾਈਆ। ਜਿਹੜੇ ਜੰਗਲਾਂ ਵਿਚ ਲੈਂਦੇ ਰਹੇ ਮੇਰਾ ਦੀਦਾਰ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜਿਹੜੇ ਲੁਕਦੇ ਰਹੇ ਡੂੰਘੀ ਗਾਰ, ਅੰਦਰੇ ਅੰਦਰ ਵੜ ਵੜ ਧਿਆਨ ਲਗਾਈਆ। ਜਿਹੜੇ ਬੇਅੰਤ ਬੇਅੰਤ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤਿਨ੍ਹਾਂ ਦਾ ਵੰਡਣ ਆਇਆ ਭਾਰ, ਕਲਜੁਗ ਅੰਤਮ ਵੇਸ ਵਟਾਈਆ। ਸਾਰੇ ਇਕੱਠੇ ਕਰੇ ਇਕੋ ਵਾਰ, ਏਕਾ ਘਰ ਵਖਾਈਆ। ਬਿਨ ਨੇਤਰ ਦੇਵੇ ਦੀਦਾਰ, ਦਰਸੀ ਆਪਣਾ ਦਰਸ ਵਿਖਾਈਆ। ਬਣ ਸ਼ਾਹ ਮਕਰੂਜ ਕਰਜ਼ਾ ਦਏ ਉਤਾਰ, ਬਾਕੀ ਕੋਇ ਰਹਿਣ ਨਾ ਪਾਈਆ। ਆਪਣਾ ਸਬੂਤ ਦਏ ਵਿਚ ਸੰਸਾਰ, ਸਾਬਤ ਆਪਣਾ ਰੂਪ ਵਟਾਈਆ। ਨਾ ਕੋਈ ਕਲਬੂਤ ਕਰੇ ਵਿਚਾਰ, ਨਜ਼ਰ ਕਿਸੇ ਨਾ ਆਈਆ। ਰੂਪੋਸ਼ ਹੋਇਆ ਰਿਹਾ ਸਾਚਾ ਯਾਰ, ਮੁਖ ਨਕ਼ਾਬ ਪਰਦਾ ਦਏ ਉਠਾਈਆ। ਮਦਹੋਸ਼ ਕਰੇ ਗਮਖ਼ਾਰ, ਗ਼ਮੀ ਖ਼ੁਸ਼ੀ ਨਾਲ ਮਿਲਾਈਆ। ਖ਼ਾਮੋਸ਼ ਬਣਿਆ ਰਿਹਾ ਜੁਗ ਚਾਰ, ਆਪਣਾ ਨਾਉਂ ਨਾ ਕਿਸੇ ਜਣਾਈਆ। ਰੋਸ ਕਰਦਾ ਰਿਹਾ ਆਪ ਕਰਤਾਰ, ਗੁਰ ਅਵਤਾਰਾਂ ਦੋਸ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਅਪਣੀ ਖੇਲ ਰਚਾਈਆ। ਅਚਰਜ ਖੇਲ ਕਰੇ ਕਰਤਾਰ, ਅਨੁਭਵ ਧਾਰ ਚਲਾਇਆ। ਭਗਤ ਭਗਵੰਤ ਪਾਵੇ ਸਾਰ, ਅਬਚਲ ਨਗਰ ਵਸਾਇਆ। ਦੋ ਜਹਾਨਾਂ ਕਰੇ ਪਿਆਰ, ਲੋਕਮਾਤ ਵਡਿਆਇਆ। ਜੁਗ ਜੁਗ ਲਹਿਣਾ ਦਏ ਉਤਾਰ, ਦੇਵਣਹਾਰ ਆਪ ਅਖਵਾਇਆ। ਮੰਨਿਆ ਕਹਿਣਾ ਗੁਰਮੁਖ ਪਿਆਰ, ਗੁਰ ਗੁਰ ਹੱਟ ਵਟਾਇਆ। ਸਾਚਾ ਸੁਖ ਇਕ ਦਰਬਾਰ, ਦਰ ਦਰਵਾਜ਼ਾ ਹਰਿ ਖੁਲ੍ਹਾਇਆ। ਛੱਤੀ ਜੁਗ ਦਾ ਇਕ ਮਨਾਰ, ਸ਼ਾਹ ਪਾਤਸ਼ਾਹ ਆਪ ਬਣਾਇਆ। ਭਗਤਾਂ ਨਾਲ ਕਰੇ ਪਿਆਰ, ਪ੍ਰੇਮ ਪਿਆਰ ਇਕ ਸਿਖਾਇਆ। ਸੰਤਾਂ ਵਖਾਏ ਇਕ ਕਿਵਾੜ, ਸਾਚਾ ਕੁੰਡਾ ਆਪੇ ਲਾਹਿਆ। ਗੁਰਮੁਖਾਂ ਫਿਰੇ ਪਿੱਛੇ ਅਗਾੜ, ਅੱਗਾ ਪਿੱਛਾ ਆਪ ਸੁਹਾਇਆ। ਗੁਰਸਿਖਾਂ ਚਲੇ ਨਾਲ ਨਾਲ, ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਮਾਰਗ ਆਪ ਲਗਾਇਆ। ਅਗਲਾ ਮਾਰਗ ਜਾਏ ਲੱਗ, ਚਾਰ ਵੇਦ ਨੈਣ ਸ਼ਰਮਾਈਆ। ਗੁਰ ਅਵਤਾਰ ਲੱਭਦੇ ਗਏ ਹੱਦ, ਪਾਰ ਕਿਨਾਰਾ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਨਾਮ ਪੜ੍ਹ ਪੜ੍ਹ ਗਏ ਛੱਡ, ਲੋਕਮਾਤ ਸੁਣਾਈਆ। ਆਪਣਾ ਆਪਣਾ ਨਿਸ਼ਾਨਾ ਗਏ ਗੱਡ, ਜਗਤ ਜੁਗ ਝੁਲਾਈਆ। ਅੰਤਮ ਸਭ ਨੂੰ ਲੋਕਮਾਤ ਵਿਚੋਂ ਦੇਵੇ ਕੱਢ, ਆਪਣੀ ਝੋਲੀ ਆਪਣੀ ਵਸਤ ਆਪੇ ਪਾਈਆ। ਏਕਾ ਆਪਣਾ ਨਾਉਂ ਲਗਾਏ ਸਦ, ਨਾਅਰਾ ਨਿਰੰਕਾਰਾ ਇਕ ਸੁਣਾਈਆ। ਭਗਤ ਸੁਹੇਲੇ ਕਰੇ ਅੱਡ, ਗੁਰ ਚੇਲੇ ਲਏ ਮਿਲਾਈਆ। ਆਪਣੀ ਬਣਾਏ ਸਾਚੀ ਯੱਦ, ਵਿਸ਼ਨੂੰ ਆਪਣਾ ਰੰਗ ਵਖਾਈਆ। ਏਕਾ ਨਾਮ ਪਿਆਏ ਮਦਿ, ਦਿਵਸ ਰੈਣ ਖ਼ੁਮਾਰ ਰਖਾਈਆ। ਕੋਟਨ ਕੋਟ ਗੁਰ ਅਵਤਾਰ ਗਏ ਲੱਦ, ਲੋਕਮਾਤ ਫੇਰਾ ਪਾਈਆ। ਜਿਸ ਭੇਜੇ ਸੋ ਲਏ ਸੱਦ, ਥਿਰ ਕੋਇ ਰਹਿਣ ਨਾ ਪਾਈਆ। ਅੰਤਮ ਪਰਦਾ ਲਏ ਕੱਜ, ਜੋਤੀ ਜੋਤ ਵਿਚ ਮਿਲਾਈਆ। ਕਿਸੇ ਦੇ ਹੁਕਮ ਅੰਦਰ ਨਾ ਜਾਏ ਬੱਝ, ਸਭ ਹੁਕਮੇ ਰਿਹਾ ਫਿਰਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਅੰਦਰ ਬਹੇ ਸਜ, ਜਨ ਭਗਤ ਦੁਆਰਾ ਆਪ ਬਣਾਈਆ। ਬਿਨ ਡੋਰੀਉਂ ਜਾਏ ਬੱਝ, ਪ੍ਰੇਮ ਬੰਧਨ ਏਕਾ ਪਾਈਆ। ਆਪ ਗਵਾਈ ਲੋਕ ਲਾਜ, ਜਨ ਭਗਤਾਂ ਲਾਜ ਲਏ ਰਖਾਈਆ। ਆਪੇ ਮਾਰੇ ਆਪਣੀ ਆਵਾਜ਼, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਆਪੇ ਰਚ ਕੇ ਆਪਣਾ ਕਾਜ, ਕਰਤਾ ਪੁਰਖ ਵੇਖ ਵਖਾਈਆ। ਜਿਸ ਨੂੰ ਕਹਿੰਦੇ ਰਹੇ ਗੁਰੂ ਮਹਾਰਾਜ, ਮਹਾਂਬਲੀ ਬੇਪਰਵਾਹੀਆ। ਸੋ ਗੁਰਮੁਖਾਂ ਦੇ ਸਿਰ ਤੇ ਰੱਖੇ ਤਾਜ, ਦੇਵੇ ਸੱਚੀ ਸ਼ਹਿਨਸ਼ਾਹੀਆ। ਜਿਸ ਨੂੰ ਕਹਿੰਦੇ ਰਹੇ ਗ਼ਰੀਬ ਨਿਵਾਜ਼, ਸੋ ਬਣ ਗ਼ਰੀਬ ਜਨ ਭਗਤਨ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਾਲਾਹੀਆ। ਹਰਿਜਨ ਤੇਰੀ ਸਿਫ਼ਤ ਸਾਲਾਹ, ਸਲਾਹਗੀਰ ਨਾ ਕੋਇ ਜਣਾਇੰਦਾ। ਤੁਧ ਬਿਨ ਲੱਭੇ ਨਾ ਕਿਸੇ ਮੇਰਾ ਰਾਹ, ਕੋਟੀ ਕੋਟ ਠੋਕਰ ਖਾਇੰਦਾ। ਕੋਟੀ ਕੋਟ ਰਹੇ ਗਾ, ਰਸਨਾ ਜਿਹਵਾ ਸਰਬ ਹਲਾਇੰਦਾ। ਕੋਟੀ ਕੋਟ ਰਹੇ ਧਿਆ, ਧਿਆਨ ਨਾਲ ਧਿਆਨ ਮਿਲਾਇੰਦਾ। ਕੋਟੀ ਕੋਟ ਕਹਿਣ ਤੂੰ ਪਿਤਾ ਮਾਂ, ਹਉਂ ਬਾਲਕ ਤੇਰਾ ਕੁਰਲਾਇੰਦਾ। ਬਿਨ ਭਗਤਾਂ ਦੇਵਾਂ ਨਾ ਕਿਸੇ ਥਾਂ, ਚਰਨ ਦੁਆਰ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦੁਆਰਾ ਹਰਿ ਨਿਰੰਕਾਰਾ, ਉਚ ਮਹੱਲਾ ਇਕ ਅਟੱਲਾ ਭਗਤ ਭਗਵਾਨ ਆਪ ਬਣਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਹਰਿ ਜੂ ਆਪ ਬਣਾਇਆ। ਲੱਖ ਚੁਰਾਸੀ ਨਾਲੋਂ ਕਰ ਕਿਨਾਰਾ, ਭਗਤਾਂ ਅੰਦਰ ਡੇਰਾ ਲਾਇਆ । ਉਚੀ ਬੋਲ ਇਕ ਜੈਕਾਰਾ, ਸੋਹੰ ਢੋਲਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਗਦ ਕਲਮ ਤੇਰਾ ਲੇਖਾ ਸਰਬ ਮੁਕਾਇਆ। ਕਾਗਦ ਕਲਮ ਕੀ ਸਕੇ ਗਾ, ਮਹਿਮਾ ਅਕੱਥ ਕਥੀ ਨਾ ਜਾਈਆ। ਗੁਰ ਅਵਤਾਰ ਅੰਤ ਸਕੇ ਨਾ ਪਾ, ਬੇਅੰਤ ਕਹਿ ਕਹਿ ਗਏ ਵਿਚ ਲੋਕਾਈਆ। ਸਾਧ ਸੰਤ ਮੰਗਣ ਚਰਨ ਪਨਾਹ, ਇਕੋ ਆਸ ਰਖਾਈਆ। ਪੀਰ ਪੈਗ਼ੰਬਰ ਦਸਤਗੀਰ ਧਿਆਨ ਰਹੇ ਲਗਾ, ਨੇਤਰ ਨੈਣ ਉਠਾਈਆ। ਕਿਸੇ ਹੱਥ ਨਾ ਆਵੇ ਬੇਪਰਵਾਹ, ਬੇਦਰਦੀ ਦਰਦ ਨਾ ਕੋਇ ਵੰਡਾਈਆ। ਕਲਜੁਗ ਅੰਤਮ ਫੇਰਾ ਪਾ, ਆਪਣੀ ਅਲਖ ਆਪ ਜਗਾਈਆ। ਗੁਰਮੁਖ ਸੱਜਣ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ । ਸਿਰ ਆਪਣਾ ਹਰਿ ਹੱਥ ਟਿਕਾ, ਸਚ ਟਿਕਾਣੇ ਦਏ ਬਹਾਈਆ। ਨਾਮ ਬਬਾਣੇ ਆਪ ਚੜ੍ਹਾ, ਮਾਣ ਨਿਮਾਣੇ ਲਏ ਉਡਾਈਆ। ਸਚ ਦੁਆਰਾ ਆਪ ਸੁਹਾ, ਗੁਰਸਿਖਾਂ ਲਏ ਬਹਾਈਆ। ਬੇਮੁਹਾਣਾ ਹੋਇਆ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਰਾਜਾ ਰਾਣਾ ਤਖ਼ਤੋਂ ਲਾਹ, ਗੁਰਮੁਖ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਨਿਸ਼ਾਨ, ਚਵੀ ਹੱਥ ਕਰ ਪਰਵਾਨ, ਸਾਢੇ ਤਿੰਨ ਹੱਥ ਦੇਵੇ ਦਾਨ, ਅਟਾਰਸੀ ਸੰਗਤ ਕਰ ਪਰਵਾਨ, ਸਚ ਦੁਆਰੇ ਦਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਾਏ ਇਕ ਵਿਧਾਨ, ਵਿਧੀ ਆਪਣੇ ਹੱਥ ਰਖਾਈਆ।
