Granth 11 Likhat 050: 12 Magh 2018 Bikarmi Sant Singh de Greh Babu Pura Jila Gurdaspur

੧੨ ਮਾਘ ੨੦੧੮ ਬਿਕਰਮੀ ਸੰਤ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ

ਮਿਹਰਵਾਨ ਦਰ ਬਰਦਾ ਤੇਰਾ ਰਸੂਲ, ਬੇਵਸੀ ਵਿਚ ਰਿਹਾ ਕੁਰਲਾਈਆ। ਮੇਰੀ ਆਰਜ਼ੂ ਕਰ ਕਬੂਲ, ਮੇਰੀ ਖੈਰ ਦਏ ਦੁਹਾਈਆ। ਤੂੰ ਕਾਤਲ ਮੈਂ ਤੇਰਾ ਮਕਤੂਲ, ਮੁਨਤਕਲ ਲਿਖਿਆ ਦਏ ਕਰਾਈਆ। ਆਦਿ ਜੁਗਾਦਿ ਤੇਰਾ ਸਚ ਅਸੂਲ, ਸੁਲਾਹ ਤੇਰੀ ਵਡ ਵਡਿਆਈਆ। ਗੁਨਾਹਗਾਰ ਗਿਆ ਭੂਲ, ਬੇਪਰਵਾਹ ਤੇਰੀ ਪਨਾਹ ਤਕਾਈਆ। ਏਕਾ ਫ਼ਰਮਾਣ ਦੇ ਮਾਕੂਲ, ਮੁਖ਼ਬਰ ਹੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਹਰਿ ਨਜ਼ਰ ਨਜ਼ਰ ਰਹਿਮਾਨਾ, ਰਹਿਮਤ ਏਕਾ ਮੰਗ ਮੰਗਾਈਆ। ਕਲਮਾ ਕੁਲ ਅਮਾਮਾ, ਈਮਾਨਉਲਾ ਤੇਰੀ ਪੜ੍ਹਾਈਆ। ਬਿਸਮਿਲ ਰੂਪ ਤੇਰਾ ਨਿਸ਼ਾਨਾ, ਕਰ ਵਣਜ ਬਣ ਕਸਾਈਆ। ਆਪਣੀ ਹੱਥੀਂ ਦੇ ਜੁਰਮਾਨਾ, ਦੂਜੇ ਹੱਥ ਨਾ ਕਿਸੇ ਫੜਾਈਆ। ਮੇਰਾ ਮਿਟਦਾ ਜਾਏ ਨਿਸ਼ਾਨਾ, ਨੂਰ ਨਜ਼ਰ ਦਿਸ ਨਾ ਆਈਆ। ਤੁਲਬਾ ਤਾਲਬ ਨਾ ਕੋਇ ਪੜ੍ਹਾਣਾ, ਤਾਲੀਮ ਗਨੀਮ ਨਾ ਕੋਇ ਸੁਣਾਈਆ। ਕਾਤਬ ਕਲਾਮ ਨਾ ਕੋਇ ਪੜ੍ਹਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਏਕਾ ਪਾਈਆ। ਮਿਹਰ ਨਜ਼ਰ ਪਾ ਮੇਰੇ ਕਰੀਮ, ਕਰਮ ਕਾਂਡ ਤੇਰਾ ਖੇਲ। ਤੂੰ ਕੁਦਰਤ ਕਾਦਰ ਗਣੀ ਗਨੀਮ, ਏਥੇ ਓਥੇ ਤੇਰਾ ਮੇਲ। ਤੂੰ ਅੰਤਮ ਮੇਰੀ ਕਰੀ ਤਕਸੀਮ, ਆਪ ਵਸਿਆ ਧਾਮ ਨਵੇਲ। ਮੇਰਾ ਲਿਖਿਆ ਅਲਫ਼ ਯੇ ਭੇਵ ਨਾ ਪਾਇਆ ਡੰਡਾ ਮੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣ ਸੱਜਣ ਸੁਹੇਲ। ਅਲਫ਼ ਯੇ ਤੇਰੀ ਧਾਰ, ਤਰਾ ਤਰਾ ਸਮਝਾਈਆ। ਬਕਰ ਰੂਪ ਕਰਤਾਰ, ਬੇਸਬਰ ਤੇਰੀ ਵਡਿਆਈਆ। ਸੁਧ ਅੰਦਰ ਖੇਲ ਕਰੀ ਨਿਆਰ, ਪਰਦਾਨਸ਼ੀਂ ਮੁਖ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵੇਸ਼ ਤੇਰੀ ਆਸ ਤਕਾਈਆ। ਦਰ ਦਰਵੇਸ਼ ਹੋਇਆ ਦਿਲਗੀਰ, ਨੇਤਰ ਨੈਣਾਂ ਨੀਰ ਵਹਾਇਆ। ਤੂੰ ਸਾਹਿਬ ਮੈਂ ਹਕੀਰ, ਤੇਰੀ ਸੇਵ ਕਮਾਇਆ। ਮੇਰਾ ਲਹਿਣਾ ਅੰਤ ਅਖ਼ੀਰ, ਨਿਗਹਬਾਨ ਦਏ ਚੁਕਾਇਆ। ਮੈਂ ਤੇਰਾ ਬਣਾਇਆ ਬਣਿਆ ਪੀਰ, ਮੇਰੀ ਉਲਫ਼ਤ ਨਾ ਕੋਇ ਵਡਿਆਇਆ। ਤੂੰ ਸ਼ਫ਼ਕਤ ਦੇ ਧੀਰ, ਜਸ ਤੇਰਾ ਏਕਾ ਗਾਇਆ। ਮੇਰੇ ਨੇਤਰ ਨੈਣ ਝੱਲਿਆ ਨਾ ਜਾਏ ਨੀਰ, ਤੇਰਾ ਸੀਰ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਮੇਰਾ ਤੁਟਾ ਮਾਨ ਤਕੱਬਰ, ਤਸਬੀ ਮਣਕਾ ਨਾ ਕੋਇ ਭੁਵਾਈਆ। ਅੱਗੇ ਹੋਵੇ ਨਾ ਕੋਇ ਸਬਰ, ਸਬਰ ਸਬੂਰੀ ਨਾ ਕੋਇ ਵਖਾਈਆ। ਚਾਰ ਯਾਰ ਛੁੱਟਾ ਮੇਰਾ ਟੱਬਰ, ਅੱਲਾ ਰਾਣੀ ਨਾ ਸੰਗ ਨਿਭਾਈਆ। ਤੂੰ ਇਕੋ ਉਠਿਆ ਸ਼ਬਦ ਪੀਰ ਬੱਬਰ, ਜੰਗਲ ਜੂਹ ਉਜਾੜ ਪਹਾੜ ਰਹੇ ਕੁਰਲਾਈਆ। ਚੌਦਾਂ ਲੋਕ ਵਸਣ ਪਰ ਹੱਦ, ਬੈਠੇ ਸੀਸ ਝੁਕਾਈਆ । ਦਰੋਹੀ ਮੇਰੀ ਮੇਰੇ ਪਿਛੇ ਨਾ ਕੋਈ ਲੱਗੇ ਮਗਰ, ਮੇਰੀ ਚਲੇ ਨਾ ਕੋਇ ਵਡਿਆਈਆ। ਸਦੀ ਚੌਧਵੀਂ ਪੂਰੀ ਕਰਨੀ ਸੱਧਰ, ਤੂੰ ਸਾਲਾਰ ਸੱਚਾ ਸ਼ਾਹੀਆ। ਦਰ ਆਇਆਂ ਦੇਣਾ ਕਦਰ, ਕੁਦਰਤ ਕਾਦਰ ਵਡ ਵਡਿਆਈਆ। ਮੈਂ ਪੜ੍ਹ ਕੇ ਆਇਆ ਬਦਰ, ਬਿਹਤਰੀਨ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੇਰੇ ਸਿਰ ਰੱਖ ਹੱਥ, ਹੱਥਕੜੀ ਦੇ ਤੁੜਾ। ਚਰਨ ਦੁਆਰੇ ਜਾਵਾਂ ਢੱਠ, ਪਹਿਲੀ ਭੁੱਲ ਬਖ਼ਸ਼ਾ। ਅੱਗੇ ਆਪਣੀ ਦੇਣੀ ਮੱਤ, ਮੇਰੇ ਨਿਰਗੁਣ ਨੂਰ ਖ਼ੁਦਾ। ਮੈਂ ਸਦਾ ਗਾਵਾਂ ਤੇਰਾ ਜਸ, ਪੁਨਹ ਪੁਨਹ ਪੁਨਹ ਮੰਗਾਂ ਪਨਾਹ। ਤੂੰ ਅੱਗੋਂ ਮਿਲੀਂ ਹੱਸ ਹੱਸ, ਮੈਂ ਦੁੱਖੜਾ ਲਵਾਂ ਗਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਮੰਗਾਂ ਇਕ ਦੁਆ। ਦੁਆ ਮੰਗਾਂ ਕਰਾਂ ਸਯਦਾ, ਸੀਸ ਸੀਸ ਝੁਕਾਈਆ। ਪਰਵਰਦਿਗਾਰ ਮੈਂ ਤੇਰਾ ਬਰਦਾ, ਬੰਦੀਖ਼ਾਨਾ ਦੇ ਤੁੜਾਈਆ। ਸਦੀ ਚੌਧਵੀਂ ਫਿਰਾਂ ਡਰਦਾ, ਮੇਰਾ ਵੇਲਾ ਅੰਤ ਗਿਆ ਆਈਆ। ਮੇਰਾ ਪਾਸਾ ਜਾਏ ਹਰਦਾ, ਬਾਹੋਂ ਫੜ ਨਾ ਕੋਇ ਰਖਾਈਆ। ਮੈਂ ਜੀਉਂਦਾ ਤੇਰੇ ਅੱਗੇ ਮਰਦਾ, ਮਰੀ ਮੇਰੀ ਲੋਕਾਈਆ। ਪੀਸਣ ਪੀਸ ਮੈਂ ਤੇਰਾ ਪਾਣੀ ਭਰਦਾ, ਬਣ ਗੋਲੀ ਸੇਵ ਕਮਾਈਆ। ਝਾੜੂ ਦੇਵਾਂ ਤੇਰੇ ਦਰ ਦਰ ਦਾ, ਆਪਣਾ ਮਾਣ ਗਵਾਈਆ। ਮੈਂ ਜਾਣਾ ਤੂੰ ਸਭ ਨੂੰ ਘੜਦਾ, ਮੜੀ ਗੌਰ ਤੂੰ ਸਵਾਈਆ। ਤੇਰੇ ਅੱਗੇ ਕੋਈ ਨਾ ਅੜਦਾ, ਜੋ ਆਇਆ ਸੋ ਉਠ ਉਠ ਚਲ ਜਾਈਆ। ਤੂੰ ਕਰੇਂ ਖੇਲ ਨਰ ਹਰਿ ਦਾ, ਬੇਅੰਤ ਤੇਰੀ ਵਡਿਆਈਆ। ਤੋਬਾ ਤੋਬਾ ਮੈਂ ਕੰਨ ਦੋਵੇਂ ਫੜਦਾ, ਦੋਹਾਂ ਕੰਨਾਂ ਉਤੇ ਹੱਥ ਟਿਕਾਈਆ। ਬੌਹੜੀ ਬੌਹੜੀ ਹਾਏ ਹਾਏ ਕਰਦਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੇਰਾ ਭਾਣਾ ਸਦਾ ਜਰਦਾ, ਤੇਰੇ ਭਾਣੇ ਰਿਹਾ ਸਮਾਈਆ। ਜੇ ਤੂੰ ਮੈਨੂੰ ਮਾਤ ਨਾ ਘੱਲਦਾ, ਕਿਉਂ ਕਰਦਾ ਮਾਤ ਪੜ੍ਹਾਈਆ। ਮੈਂ ਨਹੀਂ ਜਾਣਿਆਂ ਤੂੰ ਸਦਾ ਛਲਦਾ, ਅਛਲ ਅਛੱਲ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਮੇਰੇ ਸਾਹਿਬ ਸੱਚੇ ਸਾਈਂਆ। ਸਾਹਿਬ ਸਾਈਂ ਸੱਚੇ ਮਹਿਬੂਬ, ਮਿਹਰ ਕਰ ਹਰਿ ਮਿਹਰਵਾਨਾ। ਤੇਰੀ ਕਾਇਆ ਤੇਰਾ ਕਲਬੂਤ, ਅੰਦਰ ਤੇਰਾ ਨੂਰ ਨੁਰਾਨਾ। ਪੰਜ ਤੱਤ ਚੋਲਾ ਮੇਰਾ ਅਧਭੂਤ, ਥਿਰ ਰਹੇ ਨਾ ਵਿਚ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੇ ਤੇਰਾ ਪਰਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵੱਡਾ ਮਰਦ ਮਰਦਾਨਾ। ਬਾਹਰੋਂ ਦਿਸੇ ਅੰਦਰੋਂ ਉਹਲੇ, ਪਰਦਾ ਪਰਦੇ ਵਿਚ ਛੁਪਾਈਆ। ਬਣ ਦਈਆ ਆਪਣੇ ਰੰਗ ਮੌਲੇ, ਮੌਲਾ ਆਪਣੀ ਖੇਲ ਕਰਾਈਆ। ਆਪਣੀ ਧਾਰ ਅੰਦਰੋਂ ਸੋਹੰ ਬੋਲੇ, ਗੁਰਸਿਖ ਰਸਨਾ ਬਾਹਰ ਕਢਾਈਆ। ਸਦਾ ਸੁਹੇਲਾ ਵਸੇ ਕੋਲੇ, ਘਰ ਵਿਚ ਆਸਣ ਲਾਈਆ। ਬਾਹਰੋਂ ਕਿਸੇ ਨਜ਼ਰ ਨਾ ਆਵੇ ਵਸਿਆ ਕਾਇਆ ਚੋਲੇ, ਚੋਲਾ ਆਪਣਾ ਆਪ ਬਦਲਾਈਆ। ਬਾਹਰੋਂ ਗੁਰਸਿਖ ਕੋਝੇ ਕਮਲੇ ਭੋਲੇ, ਅੰਦਰ ਬੈਠਾ ਸੱਚਾ ਮਾਹੀਆ। ਬਿਨ ਕੰਡਿਉਂ ਬਿਨ ਵੱਟਿਉਂ ਤੋਲ ਸਾਚਾ ਤੋਲੇ, ਨਾਮ ਖੰਡਾ ਹੱਥ ਉਠਾਈਆ। ਬਿਨ ਕੁਹਾਰਾ ਪਾਏ ਆਪਣੇ ਡੋਲੇ, ਡੋਲੀ ਆਪਣੇ ਕੰਧ ਰਖਾਈਆ। ਥਿਰ ਘਰ ਦਾ ਕੁੰਡਾ ਖੋਲ੍ਹੇ, ਸਚਖੰਡ ਵਸਾਈਆ। ਫੇਰ ਨਿਰਗੁਣ ਹਰਿ ਅੱਗੋਂ ਬੋਲੇ, ਆ ਗੁਰਸਿਖ ਮਿਲ ਚਾਈਂ ਚਾਈਂਆ । ਮੇਰੇ ਘਰ ਤੇਰੇ ਸੋਹਲੇ, ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥੋੜਾ ਭੇਤ ਅਜੇ ਰਖਾਈਆ।