੧੧ ਮਾਘ ੨੦੧੮ ਬਿਕਰਮੀ ਕਰਮ ਸਿੰਘ ਦੇ ਗ੍ਰਹਿ ਸੱਦਾ ਜ਼ਿਲਾ ਗੁਰਦਾਸਪੁਰ
ਨਿਰਧਨ ਸਰਧਨ ਏਕਾ ਮਾਣ, ਏਕਾ ਰੰਗ ਰੰਗਾਇੰਦਾ। ਅੰਦਰ ਬਾਹਰ ਇਕ ਧਿਆਨ, ਘਟ ਘਟ ਵੇਖ ਵਖਾਇੰਦਾ। ਗ੍ਰਹਿ ਗ੍ਰਹਿ ਮੰਦਰ ਇਕ ਮਕਾਨ, ਘਰ ਘਰ ਸੋਭਾ ਪਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਇੰਦਾ। ਆਤਮ ਬ੍ਰਹਮ ਸਚ ਗਿਆਨ, ਸਚ ਸੁੱਚ ਦ੍ਰਿੜਾਇੰਦਾ। ਹਰਿਜਨ ਸਾਚੇ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਤੱਤਵ ਤੱਤ ਨਿਗਹਬਾਨ, ਪੰਚਮ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇੰਦਾ। ਪੰਚਮ ਤੱਤ ਤੱਤ ਪਿਆਰਾ, ਪਰਮ ਪੁਰਖ ਵਡੀ ਵਡਿਆਈਆ। ਹਰਿ ਹਰਿ ਖੇਲ ਅਪਰ ਅਪਾਰਾ, ਆਦਿ ਜੁਗਾਦਿ ਕਰਾਈਆ। ਗੁਰ ਗੁਰ ਰੂਪ ਵਿਚ ਸੰਸਾਰਾ, ਸ਼ਬਦੀ ਸ਼ਬਦ ਸ਼ਬਦ ਪ੍ਰਗਟਾਈਆ। ਨਾਮ ਨਾਮ ਨਾਮ ਜੈਕਾਰਾ, ਜੈ ਜੈ ਕਾਰ ਕਰੇ ਲੋਕਾਈਆ। ਵਾਹਵਾ ਗੋਬਿੰਦ ਸ਼ਬਦ ਮੁਰਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ। ਗੁਰਮੁਖਾਂ ਕਰੇ ਸਦ ਪਿਆਰਾ, ਚਰਨ ਪ੍ਰੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਸਰਧਨ ਨਿਰਧਨ ਏਕਾ ਘਰ ਬਹਾਈਆ। ਨਿਰਧਨ ਸਰਧਨ ਏਕਾ ਰੰਗ, ਇਸ਼ਟ ਗੁਰਦੇਵ ਇਕ ਅਖਵਾਇੰਦਾ। ਸਤਿ ਸਤਿ ਦਾਨੀ ਬੁੱਧ ਬਬੇਕ, ਤ੍ਰੈਗੁਣ ਮਾਇਆ ਨਾ ਲਾਇਆ ਸੇਕ, ਮੇਟਣਹਾਰਾ ਪਹਿਲੀ ਰੇਖ, ਲੇਖਾ ਆਪਣੇ ਹੱਥ ਰਖਾਇੰਦਾ। ਨਿਰਾਕਾਰ ਨਿਰਵੈਰ ਲੇਖਾ ਜਾਣੇ ਆਦਿ ਦਸ਼ਮੇਸ਼, ਦਹਿ ਦਿਸ਼ਾ ਫੇਰਾ ਪਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਸੇਵਾ ਲਾਏ ਵਿਸ਼ਨ ਬ੍ਰਹਮਾ ਮਹੇਸ਼ ਗਨੇਸ਼ ਸੋਭਾ ਪਾਇੰਦਾ। ਲੇਖਾ ਜਾਣੇ ਰਿਖੀਕੇਸ, ਗੋਵਰਧਨ ਧਾਰੀ ਇਕ ਆਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਸਰਧਨ ਨਿਰਧਨ ਸਾਚਾ ਸੰਗ ਨਿਭਾਇੰਦਾ। ਨਿਰਧਨ ਸਰਧਨ ਆਤਮ ਘਰ, ਘਰ ਘਰ ਵਿਚ ਵੇਖ ਵਖਾਇੰਦਾ। ਬੰਦ ਕਵਾੜੀ ਖੋਲ੍ਹ ਦਰ, ਦਰਵਾਜ਼ਾ ਆਪ ਖੁਲ੍ਹਾਇੰਦਾ। ਸਾਚੇ ਹੁਜਰੇ ਆਪੇ ਚੜ੍ਹ, ਮਹੱਲ ਅਟੱਲ ਸੋਭਾ ਪਾਇੰਦਾ। ਨਿਸ਼ਅੱਖਰ ਆਖਰ ਆਪੇ ਪੜ੍ਹ, ਚੌਦਾਂ ਵਿਦਿਆ ਮਾਣ ਗਵਾਇੰਦਾ। ਚੌਦਾਂ ਲੋਕ ਰਹੇ ਡਰ, ਨੇਤਰ ਨੈਣ ਨਾ ਕੋਇ ਉਠਾਇੰਦਾ। ਚੌਦਾਂ ਤਬਕ ਸ਼ਰਨ ਸ਼ਰਨਾਈ ਗਏ ਪੜ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਆਪ ਤਰਾਇੰਦਾ। ਨਿਰਧਨ ਸਰਧਨ ਤਾਰੇ ਗੋਪਾਲ, ਹਰਿ ਗੋਬਿੰਦ ਵੱਡ ਵਡਿਆਈਆ। ਹਰਿਜਨ ਵੇਖੇ ਅਨਮੁਲੜੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਤ੍ਰੈਗੁਣ ਅਤੀਤਾ ਏਕਾ ਠਾਂਡਾ ਸੀਤਾ ਪਾਇਆ ਤੋੜ ਜੰਜਾਲ, ਅਗੰਮ ਅਗੰਮੜਾ ਅਗੰਮੜਾ ਖੇਲ ਕਰਾਈਆ। ਪਤਤ ਪੁਨੀਤਾ ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਸਤਿ ਸਤਿਵਾਦੀ ਆਪ ਵਰਤਾਈਆ। ਨਾਤਾ ਤੋੜ ਜਗਤ ਜੰਜਾਲ, ਜੀਵਣ ਜੁਗਤ ਇਕ ਸਮਝਾਈਆ । ਏਥੇ ਓਥੇ ਚਲੇ ਨਾਲ, ਜਨਮ ਜਨਮ ਮੂਲ ਚੁਕਾਈਆ। ਸਚ ਵਖਾਏ ਸੱਚੀ ਧਰਮਸਾਲ, ਚਾਰ ਦੀਵਾਰ ਨਾ ਕੋਇ ਬਣਾਈਆ। ਨਿਰਗੁਣ ਬੈਠਾ ਪੁਰਖ ਅਕਾਲ, ਸਚ ਸਿੰਘਾਸਣ ਸੋਭਾ ਪਾਈਆ। ਗੁਰ ਅਵਤਾਰ ਕਰਨ ਸਵਾਲ, ਅੱਗੇ ਖ਼ਾਲੀ ਝੋਲੀ ਡਾਹੀਆ। ਕਿਰਪਾ ਕਰ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਨੇਹਕਾਮੀ ਤ੍ਰਲੋਕੀ ਤੇਰੀ ਵਡ ਵਡਿਆਈਆ। ਅੰਤ ਸਭ ਨੂੰ ਖਾਇਆ ਕਾਲ, ਪੰਜ ਤੱਤ ਕਾਇਆ ਚੋਲਾ ਗਏ ਤਜਾਈਆ। ਤੁਧ ਬਿਨ ਹੋਏ ਬੇਹਾਲ, ਬੇਹਬਲ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਧਨ ਸਰਧਨ ਸਰਧਨ ਨਿਰਧਨ ਤੇਰਾ ਬੰਸ ਅਖਵਾਈਆ। ਨਿਰਧਨ ਸਰਧਨ ਤੇਰਾ ਬੰਸ, ਹਰਿ ਜੂ ਆਖ ਸੁਣਾਇੰਦਾ। ਕੋਟਨ ਕੋਟ ਵੇਖਾਂ ਸਹੰਸ, ਸਹੰਸ ਸਹੰਸਰ ਵੇਖ ਵਖਾਇੰਦਾ। ਗੁਰਮੁਖ ਵਿਰਲਾ ਮੇਰੀ ਅੰਸ, ਅੰਗੀਕਾਰ ਆਪ ਕਰਾਇੰਦਾ। ਮਨਮੁਖ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੀ ਗੋਦ ਬਹਾਇੰਦਾ। ਨਿਰਧਨ ਦੇਵੇ ਮਾਣ, ਦਇਆ ਕਮਾਇੰਦਾ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਹੱਥ ਕਿਸੇ ਨਾ ਆਇੰਦਾ। ਜੁਗ ਜੁਗ ਤਿਨ੍ਹਾਂ ਮੇਟੇ ਆਣ, ਭਗਵਨ ਆਪਣੀ ਬੂਝ ਬੁਝਾਇੰਦਾ। ਸਤਿ ਦੁਆਰਾ ਖੋਲ੍ਹ ਦੁਕਾਨ, ਨਾਮ ਵਸਤ ਇਕ ਵਕਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੇ ਦਰ ਬਹਾਇੰਦਾ। ਨਿਰਧਨ ਮੇਲਾ ਏਕੰਕਾਰ, ਹਰਿ ਸਾਚਾ ਸਚ ਕਰਾਈਆ। ਸੋ ਪੁਰਖ ਨਿਰੰਜਣ ਸ਼ਬਦ ਰੂਪ, ਹਰਿ ਪੁਰਖ ਨਿਰੰਜਣ ਵਡੀ ਵਡਿਆਈਆ। ਏਕੰਕਾਰਾ ਇਕ ਅਧਾਰ, ਚਰਨ ਸ਼ਰਨ ਸ਼ਰਨਾਈਆ। ਆਦਿ ਨਿਰੰਜਣ ਕਰ ਪਿਆਰ, ਜੋਤੀ ਜੋਤ ਲਏ ਮਿਲਾਈਆ। ਅਬਿਨਾਸ਼ੀ ਕਰਤਾ ਠਾਂਡਾ ਦਰਬਾਰ, ਸਚਖੰਡ ਦੁਆਰਾ ਇਕ ਸਮਝਾਈਆ। ਸ੍ਰੀ ਭਗਵਾਨ ਬੇੜਾ ਕਰੇ ਪਾਰ, ਸ਼ੌਹ ਦਰਯਾਏ ਨਾ ਕੋਇ ਰੁੜਾਈਆ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਆਤਮ ਪਰਮਾਤਮ ਲਏ ਮਿਲਾਈਆ। ਈਸ਼ ਜੀਵ ਖੇਲ ਨਿਆਰ, ਜਗਦੀਸ਼ ਆਪ ਕਰਾਈਆ। ਕੁਦਰਤ ਕਾਦਰ ਵੇਖੇ ਵੇਖਣਹਾਰ, ਖ਼ਾਲਕ ਖ਼ਲਕ ਗਿਆ ਸਮਾਈਆ। ਨਿਰਧਨ ਸਾਜਣ ਮੇਲ ਮਿਲਾਏ ਆਪ ਗਿਰਧਾਰ, ਗਿਰਵਰ ਆਪਣੀ ਸੇਵ ਕਮਾਈਆ। ਸਰਗੁਣ ਹੋਏ ਆਪ ਪਨਿਹਾਰ, ਬਣ ਬਣ ਚਾਕਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੇ ਘਰ ਵਖਾਈਆ। ਨਿਰਧਨ ਹੋਏ ਸਾਚਾ ਗੁਰਸਿਖ, ਗੁਰ ਗੁਰ ਬੂਝ ਬੁਝਾਇੰਦਾ। ਧੁਰਦਰਗਾਹੀ ਲੇਖਾ ਲਿਖ, ਪੂਰਬ ਲਹਿਣਾ ਆਪ ਮੁਕਾਇੰਦਾ। ਨਾਮ ਸੰਤੋਖੀ ਪਾਏ ਭਿੱਖ, ਧੀਰਜ ਜੱਤ ਸਤ ਦ੍ਰਿੜਾਇੰਦਾ। ਸਤਿ ਸਤਿਵਾਦੀ ਨੇਤਰ ਪੇਖ, ਪੇਖ ਪੇਖ ਖੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਦਰ ਵਖਾਇੰਦਾ। ਗੁਰਸਿਖ ਤੇਰੀ ਨਿਰਧਨ ਧਾਰ, ਨਿਰਾਕਾਰ ਚਲਾਈਆ। ਜੁਗ ਜੁਗ ਕਰੇ ਸਚ ਪਿਆਰ, ਲੋਕਮਾਤ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਨਿਹਕਲੰਕ ਲਏ ਅਵਤਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੁਗ ਜਨਮ ਦੇ ਵਿਛੜੇ ਲਏ ਉਠਾਲ, ਆਪ ਆਪਣੀ ਗੋਦ ਬਹਾਈਆ। ਦੀਨ ਦਿਆਲ ਠਾਕਰ ਕਰੇ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਸਚਖੰਡ ਦੁਆਰਾ ਦੇਵੇ ਸੱਚੀ ਧਰਮਸਾਲ, ਦਰਗਹਿ ਸਾਚੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੀ ਬੂਝ ਬੁਝਾਈਆ। ਨਿਰਧਨ ਬੋਲੇ ਗੁਰ ਵਿਚਾਰ, ਗੁਰਮਤੀ ਹਰਿ ਜਣਾਇੰਦਾ। ਸ਼ਬਦ ਗੁਰ ਇਕ ਸੰਸਾਰ, ਜੁਗ ਜੁਗ ਵੇਸ ਵਟਾਇੰਦਾ। ਪੰਜ ਤੱਤ ਕਾਇਆ ਕਰੇ ਪਿਆਰ, ਕੰਚਨ ਗੜ੍ਹ ਸੁਹਾਇੰਦਾ। ਮਨ ਮਤ ਬੁਧ ਦਏ ਆਧਾਰ, ਸਾਚੀ ਸੁੱਧ ਵਖਾਇੰਦਾ। ਪੰਚ ਵਿਕਾਰਾ ਕਰੇ ਯੁੱਧ ਮਾਰੇ ਮਾਰ, ਨਾਮ ਖੰਡਾ ਹੱਥ ਰਖਾਇੰਦਾ। ਸੂਰਬੀਰ ਪਏ ਕੁੱਦ ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣਾ ਘਰ ਬਣਾਇੰਦਾ। ਨਿਰਧਨ ਬਣਿਆ ਤੇਰਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਲੋਕਮਾਤ ਚੁਕਿਆ ਡਰ, ਵੇਲੇ ਅੰਤ ਨਾ ਕੋਇ ਸਜਾਈਆ। ਸੋ ਸਾਹਿਬ ਘਾੜਨ ਲਿਆ ਘੜ, ਸੋ ਵੇਖੇ ਚਾਈਂ ਚਾਈਂਆ। ਡੂੰਘੀ ਭਵਰੀ ਆਪੇ ਵੜ, ਕਾਇਆ ਕਵਰੀ ਫੋਲ ਫੁਲਾਈਆ। ਆਤਮ ਪਰਮਾਤਮ ਨੁਹਾਏ ਸਾਚੇ ਸਰ, ਕਾਗ ਹੰਸ ਰੂਪ ਵਟਾਈਆ। ਏਕਾ ਸਈਆਂ ਨਾਰੀ ਨਰ, ਨਰ ਨਰਾਇਣ ਆਪ ਸਮਝਾਈਆ। ਲਹਿਣਾ ਦੇਣਾ ਚੁੱਕੇ ਚੋਟੀ ਜੜ੍ਹ, ਹੱਦ ਆਪਣੀ ਖੇਲ ਵਖਾਈਆ। ਗੁਰਸਿਖ ਸੱਜਣ ਆਪੇ ਫੜ, ਆਪਣੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲਾ ਇਕ ਦਾਤਾਰ, ਦਾਤਾ ਦਾਨੀ ਆਪ ਕਰਾਈਆ। ਨਿਰਗੁਣ ਨਿਰਗੁਣ ਨੇਤਰ ਰੋ, ਨਿਰਧਨ ਆਖ ਸੁਣਾਇਆ। ਏਕਾ ਨਾਉਂ ਹਰਿ ਹਰਿ ਸੋ, ਸੋ ਪੁਰਖ ਨਿਰੰਜਣ ਆਪ ਪ੍ਰਗਟਾਇਆ। ਹੰ ਬ੍ਰਹਮ ਏਕਾ ਹੋ, ਦੂਸਰ ਰੂਪ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਏਕਾ ਨਾਮ ਸਮਝਾਇਆ। ਹੰ ਬ੍ਰਹਮ ਹਰਿ ਪਸਾਰਾ, ਚਾਰ ਖਾਣੀ ਵਡਿਆਈਆ। ਸੋ ਪੁਰਖ ਨਿਰੰਜਣ ਸ਼ਾਹ ਸਿਕਦਾਰਾ, ਸਾਚੀ ਕਾਰ ਕਮਾਈਆ। ਹੰ ਬ੍ਰਹਮ ਘਟ ਘਟ ਅਧਾਰਾ, ਪੰਜ ਤੱਤ ਰਥਵਾਹੀਆ। ਸੋ ਪੁਰਖ ਨਿਰੰਜਣ ਮੀਤ ਮੁਰਾਰਾ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਨਿਰਗੁਣ ਦਏ ਸਹਾਰਾ, ਆਤਮ ਪਰਮਾਤਮ ਸੰਗ ਨਿਭਾਈਆ। ਸੋਹੰ ਸਾਚਾ ਸ਼ਬਦ ਜੈਕਾਰਾ, ਚਾਰ ਜੁਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਦੇਵੇ ਨਾਮ ਦਾਤ, ਦਰਸ ਵਖਾਏ ਇਕ ਇਕਾਂਤ, ਰੂਪ ਅਨੂਪ ਦਰਸਾਈਆ। ਸੋਹੰ ਨਾਮ ਸਾਚਾ ਧੰਨ, ਹਰਿ ਸੱਜਣ ਸਚ ਜਣਾਇੰਦਾ। ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਲੇਖ ਵਖਾਇੰਦਾ । ਹਰਿ ਕਾ ਰਾਗ ਏਕਾ ਕੰਨ, ਗੁਰ ਗੁਰ ਸ਼ਬਦ ਅਲਾਇੰਦਾ। ਗੁਰਮੁਖ ਵਿਰਲਾ ਜਾਏ ਮਨ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਆਪ ਵਸਾਏ ਕਾਇਆ ਤਨ, ਅਜਪਾ ਜਾਪ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣਾ ਅੱਖਰ ਪੜ੍ਹਾਇੰਦਾ। ਨਿਰਧਨ ਪੜ੍ਹਣਾ ਏਕਾ ਅੱਖਰ, ਹਰਿ ਹਰਿ ਜੂ ਆਪ ਜਣਾਇਆ। ਜੁਗ ਜੁਗ ਸਭ ਤੋਂ ਰਿਹਾ ਵੱਖਰ, ਤਨ ਮਨ ਨਾ ਕਿਸੇ ਸਮਾਇਆ। ਕੋਈ ਕਹੇ ਵਸੇ ਉਹਲੇ ਬਜ਼ਰ ਕਪਾਟੀ ਪੱਥਰ, ਸਾਚੀ ਸਿਲਾ ਨਾ ਕੋਇ ਹਟਾਇਆ। ਕੋਈ ਕਹੇ ਚੜ੍ਹ ਕੇ ਬੈਠਾ ਸਿਖ਼ਰ, ਨਿਰਗੁਣ ਨੂਰ ਨਜ਼ਰ ਨਾ ਆਇਆ। ਕੋਈ ਕਹੇ ਇਸ ਦਾ ਕੋਈ ਨਹੀਂ ਚਿਤਰ, ਰੂਪ ਰੰਗ ਨਾ ਕੋਇ ਜਣਾਇਆ। ਪਾਰਬ੍ਰਹਮ ਕਹੇ ਮੈਂ ਗੁਰਮੁਖਾਂ ਮਿੱਤਰ, ਜੁਗ ਜੁਗ ਵੇਸ ਵਟਾਇਆ। ਆਦਿ ਜਗਾਦਿ ਮਾਤ ਪਿਤਰ, ਪਿਤਾ ਪੂਤ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਏਕਾ ਜੋਗ ਜਣਾਇਆ। ਨਿਰਧਨ ਤੇਰਾ ਸਾਚਾ ਜੋਗ, ਹਰਿ ਸਾਚਾ ਸਚ ਸੁਹਾਇੰਦਾ। ਆਤਮ ਸੇਜਾ ਹਰਿ ਹਰਿ ਭੋਗ, ਸਭ ਦਾ ਹਰਿ ਹਰਿ ਰੰਗ ਵਖਾਇੰਦਾ। ਜਨਮ ਕਰਮ ਨਾ ਹੋਏ ਵਿਯੋਗ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਏਥੇ ਓਥੇ ਸਚ ਸੰਜੋਗ, ਨਾਰੀ ਕੰਤ ਸੋਭਾ ਪਾਇੰਦਾ। ਦਰਸ ਵਿਖਾਏ ਇਕ ਅਮੋਘ, ਸਵੱਛ ਸਰੂਪੀ ਰੂਪ ਵਟਾਇੰਦਾ। ਲਹਿਣਾ ਦੇਣਾ ਚੁੱਕੇ ਚੌਦਾਂ ਲੋਕ, ਸਚ ਸਲੋਕ ਜਿਸ ਸੁਣਾਇੰਦਾ। ਚਰਨ ਦਰਸ ਮੁਕਤੀ ਮੋਖ, ਗੁਰਸਿਖ ਤੇਰੇ ਚਰਨਾਂ ਹੇਠ ਦਬਾਇੰਦਾ। ਪੁਰਖ ਅਕਾਲ ਇਕੋ ਓਟ, ਅੰਤਮ ਜੋਤੀ ਜੋਤ ਮਿਲਾਇੰਦਾ। ਨਿਰਧਨ ਚੁੱਕੇ ਆਲ੍ਹਣਿਉਂ ਡਿੱਗੇ ਬੋਟ, ਆਪਣੀ ਗੋਦ ਬਹਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜਾਤਾ ਖੇਲ ਖਲਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਓਤ ਪੋਤ, ਬੰਸ ਸਰਬੰਸ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਲੇਖਾ ਜਾਣੇ ਦੋ ਜਹਾਨ, ਜੂਨ ਅਜੂਨੀ ਨਾ ਕੋਇ ਭੁਵਾਇੰਦਾ।
