Granth 11 Likhat 042: 9 Magh 2018 Bikarmi Mahinder Singh Gurbachan Singh de Greh Nayia Shala Jila Gurdaspur

੯ ਮਾਘ ੨੦੧੮ ਬਿਕਰਮੀ ਮਹਿੰਦਰ ਸਿੰਘ, ਗੁਰਬਚਨ ਸਿੰਘ ਦੇ ਗ੍ਰਹਿ ਨਇਆ ਸ਼ਾਲਾ ਜ਼ਿਲਾ ਗੁਰਦਾਸਪੁਰ

ਹਰਿ ਭਗਤ ਸਦਾ ਪਰਵਾਨ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਨਾਮ ਨਿਧਾਨਾ ਦੇਵੇ ਦਾਨ, ਅੰਤਰ ਆਤਮ ਆਪ ਜਣਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨ, ਦਰ ਘਰ ਸਾਚੇ ਆਪ ਵਖਾਇੰਦਾ। ਅਨਹਦ ਨਾਦ ਅਨਾਦੀ ਸੱਚੀ ਧੁਨਕਾਨ, ਧੁਨ ਆਤਮਕ ਰਾਗ ਸੁਣਾਇੰਦਾ। ਜੋਤੀ ਨੂਰ ਨੂਰ ਮਹਾਨ, ਦੀਆ ਬਾਤੀ ਡਗਮਗਾਇੰਦਾ। ਸੁਰਤੀ ਸ਼ਬਦੀ ਮੇਲਾ ਕਾਹਨ, ਨਰ ਨਰਾਇਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਜਗਾਇੰਦਾ। ਭਗਤਨ ਮੇਲਾ ਹਰਿ ਭਗਵੰਤ, ਆਦਿ ਜੁਗਾਦਿ ਕਰਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਘਰ ਸੁਹੰਜਣੀ ਸੇਜ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਏਕਾ ਨਾਉਂ ਮਣੀਆ ਮੰਤ, ਮਨ ਕਾ ਮਣਕਾ ਆਪ ਭੁਵਾਇੰਦਾ। ਨਿਸ਼ਅੱਖਰ ਪੜ੍ਹਾਏ ਸਾਚਾ ਅੰਕ, ਲੇਖਾ ਲਿਖਤ ਵਿਚ ਨਾ ਆਇੰਦਾ। ਗੜ੍ਹ ਤੋੜ ਹਉਮੇ ਹੰਗਤ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਤਰਾਇੰਦਾ। ਹਰਿ ਭਗਤਨ ਮੇਲਾ ਹਰਿ ਦਵਾਰ, ਹਰਿ ਸਤਿਗੁਰ ਆਪ ਕਰਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਫੜ ਬਾਹੋਂ ਆਪ ਉਠਾਇੰਦਾ। ਨੇਤਰ ਲੋਚਣ ਦਏ ਦੀਦਾਰ, ਬੰਦ ਕਿਵਾੜਾ ਆਪ ਖੁਲ੍ਹਾਇੰਦਾ। ਸ਼ਬਦ ਅਗੰਮ ਇਕ ਧੁਨਕਾਰ, ਅਗੰਮੜਾ ਰਾਗ ਅਲਾਇੰਦਾ। ਮੇਟ ਮਿਟਾਏ ਅੰਧ ਅੰਧਿਆਰ, ਜੋਤ ਨਿਰੰਜਣ ਡਗਮਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਇਕਾਂਤੀ ਦਰਸ ਦੀਦਾਰ, ਬਹੁਭਾਂਤੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਦਇਆ ਕਮਾਇੰਦਾ। ਹਰਿ ਭਗਤ ਸਾਚਾ ਜਾਏ ਉਠ, ਸ੍ਰੀ ਭਗਵਾਨ ਆਪ ਉਠਾਈਆ। ਪੁਰਖ ਅਬਿਨਾਸ਼ੀ ਆਪੇ ਤੁਠ, ਆਪਣਾ ਰੰਗ ਵਖਾਈਆ। ਏਕਾ ਨਾਮ ਦਏ ਅਤੁਟ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਇਕ ਜਗਾਏ ਨਿਰਮਲ ਜੋਤ, ਬਿਮਲ ਰੂਪ ਸਮਾਈਆ। ਹਉਮੇ ਕੱਢੇ ਕਾਇਆ ਖੋਟ, ਦੁਰਮਤ ਮੈਲ ਧੁਆਈਆ। ਭਾਗ ਲਗਾਏ ਕਿਲਾ ਕੋਟ, ਘਰ ਘਰ ਵਿਚ ਕਰ ਰੁਸ਼ਨਾਈਆ। ਇਕ ਰਖਾਏ ਸਾਚੀ ਓਟ, ਆਤਮ ਪਰਮਾਤਮ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਜੁਗ ਜੁਗ ਭਗਤ ਜਨ ਜਾਏ ਜਾਗ, ਸਤਿਗੁਰ ਪੂਰਾ ਇਕ ਜਗਾਈਆ। ਇਕ ਲਗਾਏ ਸਚ ਵੈਰਾਗ, ਵੈਰਾਗੀ ਆਪਣੀ ਧਾਰ ਬੰਧਾਈਆ। ਇਕ ਕਰਾਏ ਸਤਿ ਤਿਆਗ, ਸਤਿ ਤਿਆਗੀ ਆਪ ਹੋ ਜਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਦੀਪਕ ਜੋਤ ਜਗੇ ਚਿਰਾਗ, ਅੰਧ ਅੰਧੇਰ ਮਿਟਾਈਆ। ਜਨਮ ਜਨਮ ਦਾ ਧੋਵੇ ਦਾਗ, ਪੂਰਬ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਚਰਨ ਬਹਾਈਆ। ਪਿਤਾ ਪੂਤ ਸੰਗ ਕਰੇ ਲਾਡ, ਜਿਉਂ ਬਾਲਕ ਮਾਤ ਸਖਾਈਆ। ਏਕਾ ਦੇਵੇ ਨਾਮ ਦਾਦ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਤਰਾਈਆ। ਸਾਚਾ ਭਗਤ ਜਾਏ ਤਰ, ਤਰਨ ਤਾਰਨਹਾਰ ਆਪ ਅਖਵਾਇੰਦਾ । ਆਦਿ ਜੁਗਾਦਿ ਦੇਵੇ ਵਰ, ਜੁਗ ਜੁਗ ਵੇਖ ਵਖਾਇੰਦਾ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਰਖਾਇੰਦਾ। ਕਾਇਆ ਅੰਦਰ ਆਪੇ ਵੜ, ਆਪਣਾ ਪਰਦਾ ਲਾਹਿੰਦਾ। ਸਾਚੇ ਪੌੜੇ ਜਾਏ ਚੜ੍ਹ, ਡੂੰਘੀ ਭਵਰੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਇਕ ਸਮਝਾਇੰਦਾ। ਭਗਤ ਦੁਆਰਾ ਹਰੀ ਦੁਆਰ, ਹਰਿ ਹਰਿ ਆਪ ਜਣਾਈਆ। ਨਾਤਾ ਤੋੜ ਸਰਬ ਸੰਸਾਰ, ਏਕਾ ਬੰਧਨ ਪਾਈਆ। ਸੁਰਤ ਸ਼ਬਦ ਦਏ ਅਧਾਰ, ਮੂਰਤ ਅਕਾਲ ਸਰਨਾਈਆ। ਨਾਦ ਤੂਰਤ ਇਕ ਜੈਕਾਰ, ਤੁਰੀਆ ਰਾਗ ਅਲਾਈਆ। ਆਸਾ ਪੂਰਤ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਘਰ ਵਿਚ ਘਰ ਦਏ ਵਖਾਲ, ਬੰਦ ਤਾਕੀ ਆਪ ਖੁਲ੍ਹਾਈਆ। ਦੀਪਕ ਦੀਆ ਆਪੇ ਬਾਲ, ਅਨਭਵ ਪ੍ਰਕਾਸ਼ ਕਰਾਈਆ। ਅੰਮ੍ਰਿਤ ਆਤਮ ਆਪ ਪਿਆਲ, ਤ੍ਰਿਸ਼ਨਾ ਭੁੱਖ ਗਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਨ ਜੁਗਤ ਜਣਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਗ੍ਰਹਿ ਮੰਦਰ ਆਪ ਸੁਹਾਈਆ। ਸ਼ਬਦੀ ਸ਼ਬਦ ਵਡ ਬਲਵਾਨ, ਬਲ ਆਪਣਾ ਆਪ ਵਖਾਈਆ। ਦਸਮ ਦੁਆਰੀ ਹੋ ਪ੍ਰਧਾਨ, ਆਪਣਾ ਰੰਗ ਚੜ੍ਹਾਈਆ। ਭਗਤਾਂ ਮੇਲਾ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਆਪ ਕਰਾਈਆ। ਨਾਤਾ ਤੁਟੇ ਆਵਣ ਜਾਣ, ਲੱਖ ਚੁਰਾਸੀ ਰਹਿਣ ਨਾ ਪਾਈਆ। ਏਕਾ ਮੰਦਰ ਇਕ ਮਕਾਨ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਏਕਾ ਸਾਹਿਬ ਇਕ ਸੁਲਤਾਨ, ਏਕਾ ਹੁਕਮ ਰਿਹਾ ਮਨਾਈਆ। ਏਕਾ ਰਾਗ ਏਕਾ ਕਾਨ, ਏਕਾ ਨਾਦ ਧੁਨ ਸ਼ਨਵਾਈਆ। ਏਕਾ ਕੰਤ ਬੈਠਾ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਨਜ਼ਰੀ ਆਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਚਰਨ ਕਵਲ ਕਵਲ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਉਠਾਈਆ। ਸਾਚਾ ਭਗਤ ਜਾਏ ਉਠ, ਲੋਕਮਾਤ ਲਏ ਅੰਗੜਾਈਆ। ਸਾਹਿਬ ਦਿਆਲ ਠਾਕਰ ਸਵਾਮੀ ਜਾਏ ਤੁਠ, ਨਿਹਕਰਮੀ ਕਰਮ ਕਮਾਈਆ। ਤ੍ਰੈਗੁਣ ਬੰਧਨ ਜਾਏ ਟੁੱਟ, ਪੰਜ ਤੱਤ ਨਾ ਕੋਇ ਲੜਾਈਆ। ਦੂਈ ਦਵੈਤੀ ਨਿਕਲੇ ਫੁੱਟ, ਏਕਾ ਰੰਗ ਚੜ੍ਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕੱਢੇ ਕੁੱਟ, ਆਸਾ ਤ੍ਰਿਸ਼ਨਾ ਦਏ ਖਪਾਈਆ। ਨਾਤਾ ਤੋੜੇ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਏਕਾ ਓਟ, ਆਦਿ ਜੁਗਾਦਿ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਚ ਪੜ੍ਹਾਈਆ। ਸਚ ਪੜ੍ਹਾਈ ਏਕੰਕਾਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਰਸਨਾ ਜਿਹਵਾ ਨਾ ਕੋਇ ਵਿਚਾਰ, ਬੱਤੀ ਦੰਦ ਨਾ ਕੋਇ ਸਾਲਾਹਿੰਦਾ। ਹਰਿ ਮੰਤਰ ਮੰਤਰ ਆਪਣੀ ਧਾਰ, ਮੰਤਰ ਨਾਮ ਧਰਾਇੰਦਾ। ਜਗਤ ਬਸੰਤਰ ਕਰ ਖੁਵਾਰ, ਅੰਮ੍ਰਿਤ ਮੇਘ ਬਰਸਾਇੰਦਾ। ਗਗਨ ਗਗਨੰਤਰ ਕਰ ਉਜਿਆਰ, ਬ੍ਰਹਿਮੰਡ ਖੰਡ ਡੇਰਾ ਢਾਹਿੰਦਾ। ਲੋਆਂ ਪੁਰੀਆਂ ਪਾਰ ਕਿਨਾਰ, ਗ੍ਰਹਿ ਮੰਦਰ ਇਕ ਵਖਾਇੰਦਾ। ਥਿਰ ਘਰ ਖੇਲ ਅਗੰਮ ਅਪਾਰ, ਸਾਚੀ ਧਾਰਾ ਸ਼ਬਦ ਚਲਾਇੰਦਾ। ਸਚਖੰਡ ਵਸੇ ਆਪ ਨਿਰੰਕਾਰ, ਨਿਰਗੁਣ ਨਿਰਗੁਣ ਆਸਣ ਲਾਇੰਦਾ। ਆਦਿ ਜੁਗਾਦੀ ਸ਼ਾਹ ਸਿਕਦਾਰ, ਜੁਗ ਜੁਗ ਹੁਕਮ ਚਲਾਇੰਦਾ। ਨਾਮ ਅਮੋਲਾ ਸਤਿ ਭੰਡਾਰ, ਲੋਕਮਾਤ ਵਰਤਾਇੰਦਾ। ਗੁਰ ਅਵਤਾਰ ਸੇਵਾਦਾਰ, ਚਾਕ ਚਾਕਰੀ ਇਕ ਸਮਝਾਇੰਦਾ। ਭਗਤ ਭਗਵੰਤ ਆਪ ਉਠਾਲ, ਆਪਣੀ ਬੂਝ ਬੁਝਾਇੰਦਾ। ਲੱਖ ਚੁਰਾਸੀ ਵਿਚੋਂ ਲਾਲ, ਅਨਮੁਲੜੇ ਆਪ ਜਣਾਇੰਦਾ। ਅੰਤ ਨੇੜ ਨਾ ਆਏ ਕਾਲ, ਮਹਾਂਕਾਲ ਮੁਖ ਸ਼ਰਮਾਇੰਦਾ। ਚਿਤਰ ਗੁਪਤ ਨਾ ਲੇਖਾ ਦਏ ਵਖਾਲ, ਰਾਏ ਧਰਮ ਨਾ ਫੇਰੀ ਪਾਇੰਦਾ। ਪਾਰਬ੍ਰਹਮ ਪ੍ਰਭ ਹੋ ਦਿਆਲ, ਬ੍ਰਹਮ ਆਪਣੇ ਅੰਗ ਲਗਾਇੰਦਾ। ਈਸ਼ ਜੀਵ ਸਦਾ ਕਿਰਪਾਲ, ਕਿਰਪਨ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਇੰਦਾ। ਹਰਿ ਭਗਤ ਹਰਿ ਹਰਿ ਪਿਆਰ, ਆਦਿ ਜੁਗਾਦਿ ਕਰਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਦੋਏ ਦੋਏ ਰੂਪ ਵਟਾਈਆ। ਸਤਿਜੁਗ ਤ੍ਰੇਤਾ ਕਰਿਆ ਪਾਰ, ਦੁਆਪਰ ਪੰਧ ਮੁਕਾਈਆ। ਕਲਜੁਗ ਹੋਇਆ ਆਪ ਬੇਦਾਰ, ਗਫ਼ਲਤ ਵਿਚ ਕਦੇ ਨਾ ਆਈਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਸਤਿਜੁਗ ਤ੍ਰੇਤਾ ਦੁਆਪਰ ਗਿਆ ਲੰਘ, ਜੁਗ ਚੌਕੜੀ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਵਜਾਏ ਮਰਦੰਗ, ਨਾਮ ਮਰਦੰਗਾ ਇਕ ਰਖਾਈਆ। ਕਲਜੁਗ ਅੰਤਮ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪ ਕਰਾਈਆ। ਲੇਖਾ ਜਾਣੇ ਜੀਵ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਲੱਖ ਚੁਰਾਸੀ ਦੇਵੇ ਦੰਡ, ਬਚਿਆ ਕੋਇ ਰਹਿਣ ਨਾ ਪਾਈਆ। ਹਰਿ ਭਗਤ ਉਠਾਏ ਇਕ ਜਣਾਏ ਆਪਣਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜਨਮ ਜੁਗ ਦੀ ਟੁੱਟੀ ਗੰਢ, ਆਪਣਾ ਬੰਧਨ ਪਾਈਆ। ਏਕਾ ਰਾਗ ਸੁਹਾਗੀ ਛੰਦ, ਸੋਹੰ ਕਰੇ ਪੜ੍ਹਾਈਆ। ਕਰੇ ਪ੍ਰਕਾਸ਼ ਬਿਨ ਸੂਰਜ ਚੰਦ, ਅੰਧ ਅੰਧੇਰ ਮਿਟਾਈਆ। ਦੋ ਜਹਾਨਾਂ ਮੁਕੇ ਪੰਧ, ਅਵਣ ਗਵਣ ਨਾ ਕੋਇ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤਾਂ ਆਪ ਮਿਲਾਈਆ। ਹਰਿ ਭਗਤ ਕਰਾਇਆ ਹਰਿ ਜੂ ਮੇਲ, ਮੇਲਣਹਾਰ ਬਨਵਾਰੀ। ਅਲਖ ਅਗੋਚਰ ਅਗੰਮ ਖੇਲ, ਕਰੇ ਕਰਾਏ ਜੋਤ ਨਿਰੰਕਾਰੀ। ਆਦਿ ਜੁਗਾਦਿ ਸੱਜਣ ਸੁਹੇਲ, ਵੇਸ ਅਨੇਕ ਵਟਾਏ ਵਡ ਬਿਵਹਾਰੀ। ਸਾਕ ਸੱਜਣ ਬਣ ਸੁਹੇਲ, ਦੇਵੇ ਦਰਸ ਦੀਦਾਰੀ। ਰਾਏ ਧਰਮ ਦੀ ਕੱਟੇ ਜੇਲ, ਤੋੜੇ ਜਗਤ ਖ਼ੁਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਜ ਸੁਆਰੀ। ਧੰਨ ਵਡਿਆਈ ਭਗਤ ਜਨ, ਜਿਸ ਹਰਿ ਹਰਿ ਸੱਚਾ ਪਾਇਆ। ਧੰਨ ਵਡਿਆਈ ਸੰਤ ਜਨ, ਜਿਨ ਹਿਰਦੇ ਨਾਮ ਧਿਆਇਆ। ਧੰਨ ਵਡਿਆਈ ਭਗਤ ਜਨ, ਜਿਸ ਮਮਤਾ ਮੋਹ ਚੁਕਾਇਆ। ਧੰਨ ਵਡਿਆਈ ਸੰਤ ਜਨ, ਜਿਸ ਇਕੋ ਓਟ ਤਕਾਇਆ। ਦੋਹਾਂ ਵਿਚੋਲਾ ਆਪੇ ਬਣ, ਪ੍ਰਭ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਧੰਨ ਵਡਿਆਈ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ । ਧੰਨ ਵਡਿਆਈ ਗੁਰ ਅਵਤਾਰ, ਜੁਗ ਜੁਗ ਸੇਵ ਕਮਾਈਆ। ਧੰਨ ਵਡਿਆਈ ਭਗਤ ਭੰਡਾਰ, ਹਰਿ ਨਾਮਾ ਨਾਮ ਵਰਤਾਈਆ। ਧੰਨ ਵਡਿਆਈ ਸੰਤ ਦੀਦਾਰ, ਨੇਤਰ ਲੋਚਣ ਨੈਣ ਬਿਗਸਾਈਆ। ਧੰਨ ਵਡਿਆਈ ਗੁਰਮੁਖ ਪਿਆਰ, ਹਰਿ ਘੋਲੀ ਘੋਲ ਘੁਮਾਈਆ। ਧੰਨ ਵਡਿਆਈ ਗੁਰਸਿਖ ਯਾਰ, ਸੱਥਰ ਯਾਰ ਰਹੇ ਹੰਢਾਈਆ। ਧੰਨ ਵਡਿਆਈ ਸ਼ਬਦ ਜੈਕਾਰ, ਆਦਿ ਜੁਗਾਦਿ ਸੁਣਾਈਆ। ਧੰਨ ਵਡਿਆਈ ਨਿਰਾਕਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਲਜੁਗ ਅੰਤਮ ਹੋ ਤਿਆਰ, ਨਿਹਕਲੰਕਾ ਨਾਉਂ ਰਖਾਈਆ। ਉਚੇ ਟਿੱਲੇ ਪਰਬਤ ਪਾਵੇ ਸਾਰ, ਡੂੰਘੀ ਕੰਦਰ ਫੋਲ ਫੁਲਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਸਭ ਤੋਂ ਵਸਿਆ ਬਾਹਰ, ਦਿਸ ਕਿਸੇ ਨਾ ਆਈਆ। ਵੇਦ ਵਿਆਸਾ ਕਰ ਪੁਕਾਰ, ਏਕਾ ਗਿਆ ਜਣਾਈਆ। ਕਰੇ ਖੇਲ ਅਗੰਮ ਅਪਾਰ, ਨਿਰਗੁਣ ਨੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚ ਰਚ ਵੇਖੇ, ਵੇਖਣਹਾਰ ਅਖਵਾਇਆ। ਨਾ ਕੋਈ ਰੂਪ ਰੰਗ ਨਾ ਕੋਈ ਰੇਖ, ਭੇਸ ਅਵੱਲੜਾ ਆਪ ਕਰਾਇਆ। ਨਾਨਕ ਗੋਬਿੰਦ ਕਰ ਆਦੇਸ਼, ਬੈਠੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਆਪਣਾ ਖੇਲ ਕਰੇ ਨਿਰੰਕਾਰਾ, ਨਿਰਗੁਣ ਜੋਤ ਰੁਸ਼ਨਾਈਆ। ਭਗਤ ਬੁਲਾਏ ਸਚ ਦੁਆਰਾ, ਲੋਕਮਾਤ ਦਏ ਵਡਿਆਈਆ। ਆਤਮ ਤਾਕੀ ਖੋਲ੍ਹ ਕਵਾੜਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਅਗਨੀ ਤੱਤੀ ਨਾ ਲੱਗੇ ਹਾੜਾ, ਅੰਮ੍ਰਿਤ ਮੇਘ ਬਰਸਾਈਆ। ਮੇਲ ਮਿਲਾਏ ਸਾਚਾ ਲਾੜਾ, ਧੁਰਦਰਗਾਹੀ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਦਏ ਵਡਿਆਈਆ। ਹਰਿ ਭਗਤਾਂ ਦੇਵੇ ਮਾਣ ਵਡਿਆਈ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਲੱਖ ਚੁਰਾਸੀ ਨਾਲੋਂ ਕਰ ਜੁਦਾਈ, ਆਪਣਾ ਮੇਲ ਮਿਲਾਇੰਦਾ। ਸੁਰਤ ਸ਼ਬਦ ਕਰੇ ਕੁੜਮਾਈ, ਸਾਚਾ ਬੰਧਨ ਪਾਇੰਦਾ। ਏਕਾ ਘਰ ਧੀ ਜਵਾਈ, ਸੌਹਰੇ ਪੇਈਏ ਸੰਗ ਰਖਾਇੰਦਾ। ਏਕਾ ਗ੍ਰਹਿ ਵੱਜੇ ਵਧਾਈ, ਅਨਹਦ ਨਾਦੀ ਨਾਦ ਅਲਾਇੰਦਾ। ਏਕਾ ਮੰਦਰ ਹੋਏ ਰੁਸ਼ਨਾਈ, ਨਿਰਗੁਣ ਜੋਤ ਨੂਰ ਵਖਾਇੰਦਾ। ਏਕਾ ਕੰਤ ਸੁਹਾਗ ਪਕੜੇ ਬਾਹੀਂ, ਘਰ ਘਰ ਵਿਚ ਮੇਲ ਮਿਲਾਇੰਦਾ। ਏਕਾ ਦੇਵੇ ਠੰਡੀ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਮੇਲਾ ਚਾਈਂ ਚਾਈਂ, ਜਨ ਭਗਤਾਂ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਵਡਿਆਇੰਦਾ। ਸਾਚੇ ਭਗਤ ਸਾਚਾ ਮਾਣ, ਹਰਿ ਸਤਿਗੁਰ ਆਪ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਏਥੇ ਓਥੇ ਵੇਖ ਵਖਾਇੰਦਾ। ਲੋਕਮਾਤ ਧੁਰ ਫ਼ਰਮਾਣ, ਸਤਿ ਸੰਦੇਸ਼ਾ ਨਾਮ ਸੁਣਾਇੰਦਾ। ਅੱਗੇ ਜੋਤੀ ਨੂਰ ਮਹਾਨ, ਜੋਤੀ ਜੋਤ ਜੋਤ ਸਮਾਇੰਦਾ। ਨਿਰਗੁਣ ਵਿਚੋਲਾ ਸ੍ਰੀ ਭਗਵਾਨ, ਸਾਚਾ ਢੋਲਾ ਆਪੇ ਗਾਇੰਦਾ। ਨਾਤਾ ਤੋੜ ਪੰਜ ਤੱਤ ਸ਼ੈਤਾਨ, ਏਕਾ ਰੰਗ ਵਖਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਇੰਦਾ। ਬਿਨ ਪੜ੍ਹਿਆਂ ਦੇਵੇ ਇਕ ਗਿਆਨ, ਅੰਤਰ ਆਤਮ ਬੂਝ ਬੁਝਾਇੰਦਾ। ਚੌਦਾਂ ਵਿਦਿਆ ਹੋਏ ਹੈਰਾਨ, ਅੱਖਰ ਅੱਖਰ ਨਾ ਕੋਇ ਸਮਝਾਇੰਦਾ। ਚੌਦਾਂ ਤਬਕ ਟੁੱਟਾ ਮਾਣ, ਚੌਦਾਂ ਲੋਕ ਨੈਣ ਉਠਾਇੰਦਾ। ਚੌਦਾਂ ਗੁਰ ਕਰ ਧਿਆਨ, ਏਕਾ ਹੁਕਮ ਮਨਾਇੰਦਾ। ਸਤਿ ਸਤਿਵਾਦੀ ਹੋ ਮਿਹਰਵਾਨ, ਦੋਏ ਦੋਏ ਆਪਣਾ ਰੰਗ ਜਣਾਇੰਦਾ। ਸਾਤਾ ਦੂਆ ਕਰ ਪਰਵਾਨ, ਅੰਕ ਅੰਕ ਨਾਲ ਮਿਲਾਇੰਦਾ। ਬਹੱਤਰ ਭਗਤ ਸਤਿ ਨਿਸ਼ਾਨ, ਸਤਿਜੁਗ ਰਾਹ ਚਲਾਇੰਦਾ। ਸਤਿ ਸਤਿਵਾਦੀ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਾਤਾ ਸਿਫ਼ਰਾ ਜਗਤ ਨਿਸ਼ਾਨ, ਸੱਤਰ ਸੱਤਰ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਸਾਲਾਹਿੰਦਾ। ਸਾਚੇ ਭਗਤ ਤੇਰੀ ਭਗਤੀ ਸਤਿ, ਸਤਿ ਸਤਿਵਾਦੀ ਆਪ ਕਰਾਇੰਦਾ। ਏਕਾ ਗੁਣ ਬ੍ਰਹਮ ਮਤ, ਪਾਰਬ੍ਰਹਮ ਸਮਝਾਇੰਦਾ। ਨਾਤਾ ਤੋੜ ਜਗਤ ਤੱਤ, ਝੂਠੀ ਕਿਰਿਆ ਮੋਹ ਚੁਕਾਇੰਦਾ। ਇਕ ਬੰਧਾਏ ਚਰਨ ਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਨਿਰਗੁਣ ਪਿਆਰ, ਸਰਗੁਣ ਨਾਲ ਮਿਲਾਈਆ। ਹਵਨ ਧੂਪ ਵਿਚ ਸੰਸਾਰ, ਅਹੂਤੀ ਵੇਖ ਵਖਾਈਆ। ਤਨ ਬਿਭੂਤੀ ਵੇਖੇ ਛਾਰ, ਖ਼ਾਕੀ ਖ਼ਾਕ ਰਮਾਈਆ। ਚਾਰ ਕੁੰਟ ਹੋਈ ਖ਼ੁਵਾਰ, ਇਸ਼ਟ ਦੇਵ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਪੂਰਬ ਲੇਖਾ ਵੇਖੇ ਹਰਿ, ਆਪਣਾ ਖੇਲ ਕਰਾਇਆ। ਬ੍ਰਹਮਾ ਵੇਦ ਆਪੇ ਪੜ੍ਹ, ਆਪਣਾ ਰਾਗ ਅਲਾਇਆ। ਪੁਰਾਨ ਅਠਾਰਾਂ ਅੱਗੇ ਧਰ, ਵੇਦ ਵਿਆਸ ਜਣਾਇਆ। ਗੀਤਾ ਗਿਆਨ ਚੁੱਕੇ ਡਰ, ਗੁਰਮੁਖ ਦਏ ਵਡਿਆਇਆ। ਅੰਜੀਲ ਕੁਰਾਨ ਘਾੜਨ ਘੜ, ਕਲਮਾ ਅਮਾਮ ਆਪ ਸੁਣਾਇਆ। ਨਾਨਕ ਅੱਖਰ ਏਕਾ ਪੜ੍ਹ, ਏਕੰਕਾਰ ਧਿਆਇਆ। ਆਦਿ ਅੰਤ ਖੇਲ ਰਿਹਾ ਕਰ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਭਗਤਾਂ ਦੇਵੇ ਇਕ ਸਹਾਰਾ, ਏਕਾ ਘਰ ਬਹਾਇੰਦਾ। ਕਬੀਰ ਜੁਲਾਹਾ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਮਹੱਲ ਅਟੱਲ ਵਸੇ ਏਕੰਕਾਰਾ, ਜਲ ਥਲ ਮਹੀਅਲ ਖੇਲ ਕਰਾਇੰਦਾ। ਨਾਨਕ ਮੇਲਾ ਪਰਵਰਦਿਗਾਰਾ, ਪਰਮ ਪੁਰਖ ਵੇਖ ਵਖਾਇੰਦਾ। ਏਕਾ ਨਾਦ ਇਕ ਧੁਨਕਾਰਾ, ਏਕਾ ਰਾਗ ਸੁਣਾਇੰਦਾ। ਦੋਏ ਦੋਏ ਜੋੜ ਕਰੇ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਆਦਿ ਅੰਤ ਤੇਰਾ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਮਿਲਾਇੰਦਾ। ਹਰਿ ਭਗਤ ਮਿਲਾਇਆ, ਕਿਰਪਾਨਿਧ ਆਪਣੀ ਦਇਆ ਕਮਾਈਆ। ਕਰਨੀ ਕਰਤਾ ਕਾਰਜ ਕਰੇ ਸਿਧ, ਕਿਰਤ ਕਰਮ ਨਾ ਵੇਖ ਵਖਾਈਆ। ਆਪਣੇ ਮਿਲਣ ਦੀ ਸਾਚੀ ਬਿਧ, ਸੋਹੰ ਅੱਖਰ ਬਣਤ ਬਣਾਈਆ। ਮਾਣ ਗਵਾਏ ਰਿਧ ਸਿਧ, ਨੌਂ ਅਠਾਰਾਂ ਨਾ ਕੋਇ ਵਡਿਆਈਆ। ਲੇਖਾ ਜਾਣੇ ਜੀਉ ਪਿੰਡ, ਇੰਡ ਬ੍ਰਹਿਮੰਡ ਸਹਾਈਆ। ਧਾਰ ਵਹਾਏ ਸਾਗਰ ਸਿੰਧ, ਅੰਮ੍ਰਿਤ ਆਪ ਪਿਆਈਆ। ਹਰਿ ਭਗਤ ਬਣਾਏ ਆਪਣੀ ਬਿੰਦ, ਅਨਾਦੀ ਸੁਤ ਆਪ ਉਪਜਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਭਗਤਾਂ ਆਪ ਤਰਾਈਆ। ਤਰਿਆ ਭਗਤ ਭਗਤ ਦੁਆਰ, ਦਰ ਦਰਵਾਜ਼ਾ ਖੁਲ੍ਹਾਈਆ। ਨਿਰਗੁਣ ਸਰਗੁਣ ਕਰ ਪਿਆਰ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਜੋਤ ਨੂਰ ਉਜਿਆਰ, ਨੂਰ ਨੁਰਾਨਾ ਦਰਸ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣੇ ਚਰਨ ਲਗਾਈਆ।