੧੧ ਮਾਘ ੨੦੧੮ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰਾ ਜ਼ਿਲਾ ਗੁਰਦਾਸਪੁਰ
ਧੁਰ ਫ਼ਰਮਾਣਾ ਹਰਿ ਨਿਰੰਕਾਰ, ਹਰਿ ਏਕਾ ਏਕ ਸੁਣਾਇੰਦਾ। ਸੁਤ ਸ਼ਬਦ ਹੋ ਤਿਆਰ, ਤੇਰੀ ਸੇਵਾ ਸਚ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਦਏ ਉਠਾਲ, ਇਕ ਹੁਲਾਰ ਲਗਾਇੰਦਾ। ਪੰਜ ਤੱਤ ਸੁਰਤ ਸੰਭਾਲ, ਆਲਸ ਨਿੰਦਰਾ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਪੁਰਖ ਅਥਾਹ, ਏਕੰਕਾਰ ਸੁਣਾਈਆ। ਸੁਤ ਦੁਲਾਰੇ ਉਠ ਉਠ ਜਾ, ਪ੍ਰਭ ਸਾਚਾ ਹੁਕਮ ਸੁਣਾਈਆ। ਚਾਰੇ ਜੁਗ ਲਏ ਉਠਾ, ਏਕਾ ਹੁਕਮ ਸੁਣਾਈਆ। ਚਾਰੇ ਵੇਦ ਭੇਵ ਖੁਲ੍ਹਾ, ਪਰਦਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸ਼ ਸ੍ਰੀ ਭਗਵਾਨ, ਏਕਾ ਏਕ ਸੁਣਾਇੰਦਾ। ਉਠ ਸੁਤ ਮੇਰੇ ਬਲਵਾਨ, ਸਿਰ ਤੇਰੇ ਹੱਥ ਰਖਾਇੰਦਾ। ਚਾਰੇ ਖਾਣੀ ਬਾਣੀ ਜੇਰਜ ਅੰਡਜ, ਸੇਤਜ ਉਤਭੁਜ ਵੇਖ ਵਖਾਇੰਦਾ। ਚਾਰੇ ਬਾਣੀ ਬਣ ਹੁਕਮਰਾਨ, ਏਕਾ ਆਪਣਾ ਹੁਕਮ ਮਨਾਇੰਦਾ। ਚਾਰੋਂ ਕੁੰਟ ਧਿਆਨ, ਉਤਰ ਪੂਰਬ ਪੱਛਮ ਦੱਖਣ ਵੰਡ ਵੰਡਾਇੰਦਾ। ਦਹਿ ਦਿਸ਼ਾ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਧੁਰ ਸੰਦੇਸ਼ਾ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਉਠ ਸੁਤ ਸ੍ਰਿਸ਼ਟ ਸਬਾਈ ਦੇ ਸਾਚੇ ਕੰਤ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜਿਉਂ ਲਿਆ ਲੱਖ ਚੁਰਾਸੀ ਗਿਆਨ ਤੱਤ, ਘਾੜਤ ਘੜ ਘੜ ਰੂਪ ਵਟਾਈਆ। ਖੇਲ ਖਲਾਇਆ ਆਦਿ ਅੰਤ, ਜੁਗਾ ਜੁਗੰਤ ਵੇਸ ਵਟਾਈਆ। ਨਾਮ ਪ੍ਰਗਟਾਇਆ ਮਣੀਆ ਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਈਆ। ਸਚ ਸੰਦੇਸ਼ਾ ਹਰਿ ਪਰਵਾਨ, ਏਕਾ ਏਕ ਜਣਾਇੰਦਾ। ਉਠ ਸੁਤ ਮੇਰੇ ਬਾਲ ਨਾਦਾਨ, ਪੁਰਖ ਅਬਿਨਾਸ਼ੀ ਆਪ ਜਗਾਇੰਦਾ। ਲੋਆਂ ਪੁਰੀਆਂ ਮਾਰ ਧਿਆਨ, ਬ੍ਰਹਿਮੰਡ ਖੰਡ ਤੇਰੀ ਵੰਡ ਵੰਡਾਇੰਦਾ। ਸੂਰਜ ਚੰਦ ਤੇਰੀ ਆਣ, ਰਵ ਸਸ ਤੇਰੀ ਸ਼ਰਨ ਰਖਾਇੰਦਾ। ਕਰੋੜ ਤਤੀਸਾ ਤੇਰਾ ਫ਼ਰਮਾਣ, ਹੁਕਮੀ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਆਪ ਘਲਾਇੰਦਾ। ਸਚ ਸੁਨੇਹੁੜਾ ਦੇਵੇ ਹਰਿ, ਹਰਿ ਹਰਿ ਵੱਡਾ ਵਡ ਵਡਿਆਈਆ। ਪੂਤ ਸਪੂਤੇ ਜਾਏ ਵਰ, ਦਰ ਵਰ ਆਪ ਸਮਝਾਈਆ। ਇਕ ਉਠਾਉਣਾ ਨਾਰੀ ਨਰ, ਨਰ ਨਰਾਇਣ ਬੂਝ ਬੁਝਾਈਆ। ਡੂੰਘੀ ਭਵਰੀ ਆਪੇ ਵੜ ਵੜ, ਕਾਇਆ ਕਵਰੀ ਫੋਲ ਫੁਲਾਈਆ। ਸੁਰਤ ਸਵਾਣੀ ਆਪੇ ਫੜ ਫੜ, ਆਪਣਾ ਬੰਧਨ ਪਾਈਆ। ਆਪਣਾ ਅੱਖਰ ਆਪੇ ਪੜ੍ਹ ਪੜ੍ਹ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਸਾਚਾ ਹੁਕਮ ਆਦਿ ਪੁਰਖ, ਏਕਾ ਵਾਰ ਜਣਾਇੰਦਾ। ਨਾ ਕੋਈ ਸੋਗ ਨਾ ਕੋਈ ਹਿਰਖ਼, ਚਿੰਤਾ ਚਿਖਾ ਨਾ ਕੋਇ ਜਲਾਇੰਦਾ। ਜੁਗਾ ਜੁਗੰਤਰ ਨਾ ਕਰੇ ਤਰਸ, ਜੋ ਘੜਿਆ ਭੰਨ ਵਖਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕੁਰਾ ਕਾਇਨਾਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਮੰਨ ਲੈ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਜੁਗ ਚੌਕੜੀ ਵੇਖੀ ਰੀਤ, ਨਵ ਨੌਂ ਚਾਰ ਖੇਲ ਕਰਾਈਆ। ਗੁਰ ਗੁਰ ਦੇਵੇ ਨਾਮ ਗੀਤ, ਗੀਤ ਗੋਬਿੰਦ ਗੋਬਿੰਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸਮਝਾਈਆ। ਏਕਾ ਹੁਕਮ ਹਰਿ ਕਰਤਾਰਾ, ਹਰਿ ਜੂ ਆਪ ਜਣਾਇੰਦਾ। ਉਠ ਵੇਖ ਚਲ ਸੰਸਾਰਾ, ਚਾਰੋਂ ਕੁੰਟ ਆਪ ਭੁਵਾਇੰਦਾ। ਏਕਾ ਦਸ ਗੁਰ ਅਵਤਾਰਾ, ਜੁਗ ਜੁਗ ਆਪਣਾ ਆਪ ਛੁਪਾਇੰਦਾ। ਥਿਰ ਘਰ ਖੋਲ੍ਹ ਇਕ ਕਿਵਾੜਾ, ਹਰਿ ਮੰਦਰ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਉਠਾਇੰਦਾ। ਸੁਤ ਦੁਲਾਰਾ ਸ਼ਬਦੀ ਰੰਗ, ਆਪਣੀ ਲਏ ਅੰਗੜਾਈਆ। ਕਿਰਪਾ ਕਰੀ ਸੂਰੇ ਸਰਬੰਗ, ਮੇਰੇ ਘਰ ਵੱਜੀ ਵਧਾਈਆ। ਚਰਨ ਕਵਲ ਦਿਤਾ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਇਕ ਸੁਣਾਇਆ ਸੱਚਾ ਛੰਦ, ਧੁਰ ਫ਼ਰਮਾਣ ਪ੍ਰਗਟਾਈਆ। ਮੇਰਾ ਖ਼ੁਸ਼ੀ ਹੋਇਆ ਬੰਦ ਬੰਦ, ਬੰਦੀਖ਼ਾਨਾ ਨਾ ਕੋਇ ਵਖਾਈਆ। ਮੇਰੀ ਨੰਗੀ ਨਾ ਹੋਵੇ ਕੰਡ, ਸਿਰ ਰੱਖੇ ਹੱਥ ਸ਼ਹਿਨਸ਼ਾਹੀਆ। ਮੈਂ ਵੇਖਾਂ ਖੰਡ ਬ੍ਰਹਿਮੰਡ, ਨਿਰਗੁਣ ਸਰਗੁਣ ਘਰ ਘਰ ਫੋਲ ਫੁਲਾਈਆ। ਮੈਂ ਲਹਿਣਾ ਦੇਣਾ ਚੁਕਾਵਾਂ ਸੂਰਜ ਚੰਦ, ਕਿਰਨ ਕਿਰਨ ਵਿਚ ਸਮਾਈਆ। ਮੈਂ ਫੇਰਾ ਪਾਵਾਂ ਵਿਚ ਬ੍ਰਹਿਮੰਡ, ਬ੍ਰਹਿਮੰਡਾਂ ਖੋਜ ਖੁਜਾਈਆ। ਮੈਂ ਵੇਖਾਂ ਝੂਠ ਪਾਖੰਡ, ਭਰਮੇ ਭੁੱਲੀ ਸਰਬ ਲੋਕਾਈਆ। ਮੈਂ ਵੇਖਾਂ ਬੱਤੀ ਦੰਦ, ਕੌਣ ਹਰਿ ਜੂ ਰਹੇ ਗਾਈਆ। ਮੈਂ ਤੋੜਾਂ ਸਰਬ ਘੁਮੰਡ, ਨਾ ਕੋਇ ਰੱਖੇ ਮਾਣ ਵਡਿਆਈਆ। ਮੈਂ ਕਰਾਂ ਖੰਡ ਖੰਡ, ਏਕਾ ਖੰਡਾ ਨਾਮ ਚਮਕਾਈਆ। ਮੈਂ ਟੁੱਟੀ ਦੇਵਾਂ ਗੰਢ, ਮੇਰੇ ਹੱਥ ਪ੍ਰਭ ਵਡੀ ਵਡਿਆਈਆ। ਮੈਂ ਲੱਖ ਚੁਰਾਸੀ ਕਰਾਂ ਰੰਡ, ਸੀਸ ਕੰਤ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਮੇਰੀ ਸੇਵਾ ਗਈ ਲੱਗ, ਹਰਿ ਸ਼ਬਦ ਉਠ ਲਲਕਾਰਿਆ। ਮੈਂ ਪਰਗਟ ਹੋਵਾਂ ਵਿਚ ਜੱਗ, ਖੇਲਾਂ ਖੇਲ ਅਪਰ ਅਪਾਰਿਆ। ਨਿਰਗੁਣ ਨੂਰ ਦੀਪਕ ਜਾਵਾਂ ਜਗ, ਮੇਟਾਂ ਅੰਧ ਅੰਧਿਆਰਿਆ। ਗੁਰਮੁਖਾਂ ਵੇਖਾਂ ਉਪਰ ਸ਼ਾਹ ਰਗ, ਘਰ ਮੰਦਰ ਚੜ੍ਹ ਚੁਬਾਰਿਆ। ਤ੍ਰੈਗੁਣ ਸਾੜਾਂ ਅਗਨੀ ਅੱਗ, ਤੱਤਵ ਤੱਤ ਇਕ ਅੰਗਿਆਰਿਆ। ਮੈਂ ਜੁਗ ਜੁਗ ਵੇਖਾਂ ਹੱਦੋ ਹੱਦ, ਹੱਦ ਪਾਰ ਕਿਨਾਰਿਆ। ਮੈਂ ਸਚ ਨਿਸ਼ਾਨਾ ਦੇਵਾਂ ਗੱਡ, ਦੋ ਜਹਾਨਾਂ ਹੋ ਉਜਿਆਰਿਆ। ਮੈਂ ਭਗਤਾਂ ਦਰ ਲਵਾਂ ਸੱਦ, ਸਚ ਸੰਦੇਸ਼ਾ ਦੇਵਾਂ ਵਿਚ ਸੰਸਾਰਿਆ। ਮੂਰਖ ਮੁਗਧ ਜਾਵਾਂ ਛੱਡ, ਜੁਗ ਜੁਗ ਖੇਲ ਕਰਾਂ ਅਪਾਰਿਆ। ਮੇਰਾ ਅੰਮ੍ਰਿਤ ਨਾਮ ਮਧ, ਦਿਵਸ ਰੈਣ ਖੁਮਾਰਿਆ । ਮੈਂ ਭਗਤਾਂ ਅੰਦਰ ਜਾਵਾਂ ਬੱਝ, ਦਿਸ ਕਿਸੇ ਨਾ ਆ ਰਿਹਾ। ਮੈਂ ਗੁਰਮੁਖਾਂ ਕੋਲ ਬਹਿਵਾਂ ਸਜ, ਕਰਾਂ ਖੇਲ ਅਗੰਮ ਅਪਾਰਿਆ। ਮੈਂ ਲਾਹਵਾਂ ਇਕ ਲੱਜ, ਸਿਰ ਆਪਣਾ ਹੱਥ ਟਿਕਾ ਰਿਹਾ। ਮੈਂ ਗ਼ਰੀਬਾਂ ਦਰ ਗ਼ਰੀਬ ਨਿਵਾਜ, ਹਰਿਜਨ ਸਾਚੇ ਨਾਲ ਰਲਾ ਲਿਆ। ਮੈਂ ਲੱਖ ਚੁਰਾਸੀ ਸਾਜਣ ਸਾਜ, ਘਟ ਘਟ ਆਪਣਾ ਰੂਪ ਧਰਾ ਰਿਹਾ। ਮੈਂ ਜੁਗ ਜੁਗ ਦੇਵਾਂ ਦਾਜ, ਨਾਮ ਨਿਧਾਨਾ ਝੋਲੀ ਪਾ ਰਿਹਾ। ਮੈਂ ਅਗੰਮ ਅਗੰਮੜੀ ਲਾਵਾਂ ਵਾਜ, ਰਸਨਾ ਜਿਹਵਾ ਨਾ ਕੋਇ ਹਿਲਾ ਰਿਹਾ। ਮੈਂ ਲੱਖ ਚੁਰਾਸੀ ਰਚਾਂ ਕਾਜ, ਨੌਂ ਖੰਡ ਪ੍ਰਿਥਮੀ ਅਖਾੜਾ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸੁਤ ਸ਼ਬਦ ਖ਼ੁਸ਼ੀ ਇਕ ਮਨਾ ਲਿਆ। ਸੁਰਤ ਸ਼ਬਦ ਚੜ੍ਹਿਆ ਚਾਅ, ਘਰ ਆਪਣੇ ਖ਼ੁਸ਼ੀ ਮਨਾਈਆ। ਮੈਂ ਦੋ ਜਹਾਨਾਂ ਵੇਖਾਂ ਆ, ਨਿਰਗੁਣ ਸਰਗੁਣ ਖੇਲ ਕਰਾਈਆ। ਮੈਂ ਵਿਸ਼ਨ ਬ੍ਰਹਮਾ ਸ਼ਿਵ ਲਵਾਂ ਉਠਾ, ਏਕਾ ਹੁਕਮ ਸੁਣਾਈਆ। ਮੈਂ ਤੇਈ ਅਵਤਾਰ ਲਵਾਂ ਜਗਾ, ਨੇਤਰ ਨੈਣਾਂ ਨੀਂਦ ਖੁਲ੍ਹਾਈਆ। ਮੈਂ ਈਸਾ ਮੂਸਾ ਭੇਵ ਦਿਆਂ ਖੁਲ੍ਹਾ, ਆਪਣਾ ਪਰਦਾ ਲਾਹੀਆ। ਮੈਂ ਮੁਹੰਮਦ ਅਹਿਮਦ ਠੋਕਰ ਦਿਆਂ ਲਗਾ, ਠਾਕਰ ਦਿਤੀ ਸਚ ਸ਼ਰਨਾਈਆ। ਮੈਂ ਨਾਨਕ ਨਿਰਗੁਣ ਲਵਾਂ ਮਿਲਾ, ਗੋਬਿੰਦ ਆਪਣੀ ਗੋਦ ਸੁਹਾਈਆ। ਮੈਂ ਡੰਕਾ ਸਚ ਦਿਆਂ ਵਜਾ, ਰਾਉ ਰੰਕਾਂ ਆਪ ਸੁਣਾਈਆ। ਦੁਆਰ ਬੰਕਾ ਦਿਆਂ ਵਡਿਆ, ਜਿਸ ਦੁਆਰੇ ਫੇਰਾ ਪਾਈਆ। ਸਾਚਾ ਧਨੁਸ਼ ਲਵਾਂ ਉਠਾ, ਨਾਮ ਚਿਲਾ ਇਕ ਵਖਾਈਆ। ਪੁੱਠਾ ਗੇੜਾ ਦਿਆਂ ਦੁਆ, ਲੱਖ ਚੁਰਾਸੀ ਆਪ ਭੁਵਾਈਆ। ਜੀਵ ਜੰਤ ਝੇੜਾ ਦਿਆਂ ਮੁਕਾ, ਸਾਧ ਸੰਤ ਰਹੇ ਕੁਰਲਾਈਆ । ਨਾਰ ਕੰਤ ਨਾਤਾ ਦਿਆਂ ਤੁੜਾ, ਘਰ ਘਰ ਨੇਤਰ ਨੀਰ ਵਹਾਈਆ। ਜਨ ਭਗਤਾਂ ਕਾਇਆ ਚੋਲੀ ਰੰਗ ਦਿਆਂ ਚੜ੍ਹਾ, ਆਪ ਆਪਣੀ ਸੇਵ ਕਮਾਈਆ। ਏਕਾ ਨਾਦ ਦਿਆਂ ਸੁਣਾ, ਧੁਨ ਆਤਮਕ ਕਰ ਸ਼ਨਵਾਈਆ। ਏਕਾ ਅੱਖਰ ਦਿਆਂ ਪੜ੍ਹਾ, ਸੋਹੰ ਸ਼ਬਦ ਬੇਪਰਵਾਹੀਆ। ਨਾਨਕ ਨਿਰਗੁਣ ਗਿਆ ਗਾ, ਅੰਤਰ ਅੰਤਰ ਵਿਚ ਰਖਾਈਆ। ਗੋਬਿੰਦ ਲਿਖ ਕੇ ਗਿਆ ਸਮਝਾ, ਸੋਹੰ ਭੱੱਥਾ ਤੀਰ ਕਮਾਨ ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦਿਤਾ ਏਕਾ ਵਰ, ਘਰ ਵੱਜਦੀ ਰਹੇ ਵਧਾਈਆ। ਸੁਤ ਸ਼ਬਦ ਉਠ ਬਲਕਾਰੇ, ਬਲ ਆਪਣਾ ਆਪ ਰਖਾਈਆ। ਮਹੱਲ ਅਟੱਲ ਵੇਖੇ ਉਚ ਮਨਾਰੇ, ਊਚੋ ਊਚ ਬੇਪਰਵਾਹੀਆ। ਮੇਲ ਮਿਲਾਵਾ ਧੁਰ ਦਰਬਾਰੇ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਪਾਇਆ ਪੁਰਖ ਇਕ ਕਰਤਾਰੇ, ਕੁਦਰਤ ਕਾਦਰ ਵੇਖ ਵਖਾਈਆ। ਆਦਿ ਜੁਗਾਦਿ ਮਦਦਗਾਰੇ, ਮੇਰਾ ਸਾਚਾ ਸੰਗ ਨਿਭਾਈਆ। ਜੁਗ ਜੁਗ ਵੱਜਦੇ ਰਹਿਣ ਨਗਾਰੇ, ਗੁਰ ਅਵਤਾਰ ਰਹੇ ਸੁਣਾਈਆ। ਭਗਤ ਵੇਖੇ ਆਪ ਦੁਲਾਰੇ, ਚਾਰ ਜੁਗ ਦੇ ਵਿਛੜੇ ਲਏ ਮਿਲਾਈਆ। ਸੰਤਾਂ ਦੇਵੇ ਨਾਮ ਹੁਲਾਰੇ ਸਚ ਹਲੂਣਾ ਇਕ ਵਖਾਈਆ। ਗੁਰਮੁਖ ਗੋਦ ਆਪ ਬਹਾਲੇ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ। ਗੁਰਸਿਖਾਂ ਪ੍ਰੀਤੀ ਨਿਭੇ ਨਾਲੇ, ਨਾ ਕੋਈ ਤੋੜੇ ਤੋੜ ਤੁੜਾਈਆ। ਮਾਰਗ ਦੱਸੇ ਇਕ ਸੁਖਾਲੇ, ਏਕਾ ਪੂਜਾ ਏਕਾ ਪਾਠ ਏਕਾ ਨਾਮ ਜਣਾਈਆ। ਆਦਿ ਜੁਗਾਦਿ ਸਦਾ ਸਦ ਕਰੇ ਪ੍ਰਿਤਪਾਲੇ, ਪ੍ਰਿਤਪਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਿਤਾ ਵਰ, ਜਨ ਭਗਤਾਂ ਘਾਲ ਆਪੇ ਘਾਲੇ। ਸੁਤ ਸ਼ਬਦ ਘਰ ਹੋ ਤਿਆਰ, ਥਿਰ ਘਰ ਕੁੰਡਾ ਲਾਹਿਆ। ਪਹਿਲੋਂ ਦਰਸ ਕਰੇ ਨਿਰੰਕਾਰ, ਦੋਏ ਜੋੜ ਚਰਨ ਸੀਸ ਝੁਕਾਇਆ। ਤੇਰਾ ਹੁਕਮ ਮੇਰੀ ਸਰਕਾਰ, ਸਿਰ ਆਪਣਾ ਮੈਂ ਟਿਕਾਇਆ। ਮੈਂ ਜਾਵਾਂ ਵਿਚ ਸੰਸਾਰ, ਰੂਪ ਅਨੂਪ ਵਟਾਇਆ। ਲੱਖ ਚੁਰਾਸੀ ਨੌਂ ਖੰਡ ਖੋਲ੍ਹਾਂ ਇਕ ਕਿਵਾੜ, ਆਪਣਾ ਪਰਦਾ ਆਪ ਉਠਾਇਆ। ਖੇਲ ਕਰਾਂ ਅਪਰ ਅਪਾਰ, ਲਿਖਿਆ ਲੇਖ ਨਾ ਕੋਇ ਸਮਝਾਇਆ। ਸਭ ਦਾ ਲਹਿਣਾ ਦੇਣਾ ਲਵਾਂ ਵਿਚਾਰ, ਅਭੁੱਲ ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਇਆ। ਮੇਰੇ ਸਿਰ ਰੱਖ ਹੱਥ, ਏਕਾ ਮੰਗ ਮੰਗਾਈਆ। ਤੂੰ ਪਰਦਾ ਮੇਰਾ ਲੈਣਾ ਢਕ, ਢਾਕਣ ਕੋ ਪਤ ਮੇਰੇ ਸਾਈਂਆ। ਮੈਂ ਦੋ ਜਹਾਨ ਗਾਵਾਂ ਤੇਰਾ ਜਸ, ਤੇਰੇ ਨਾਉਂ ਵਡਿਆਈਆ। ਗੁਰ ਅਵਤਾਰਾਂ ਦੇਵਾਂ ਦੱਸ, ਪ੍ਰਭ ਪਰਗਟ ਹੋਇਆ ਸੱਚਾ ਮਾਹੀਆ। ਕਿਸੇ ਨਾ ਚਲਣਾ ਕੋਈ ਵਸ, ਸਭ ਦਾ ਲੇਖਾ ਦਏ ਮੁਕਾਈਆ। ਉਠੋ ਵੇਖੋ ਨੱਠ ਨੱਠ, ਵੇਲਾ ਗਿਆ ਹੱਥ ਨਾ ਆਈਆ। ਹਰਿ ਸ਼ਰਨਾਈ ਜਾਓ ਢੱਠ, ਜੇ ਹੋਵੇ ਮਿਹਰਵਾਨ ਦਇਆ ਦਏ ਕਮਾਈਆ। ਪਹਿਲਾ ਲੇਖਾ ਦੇਵੇ ਕੱਟ, ਅੱਗੇ ਆਪਣੇ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਤੇਰੀ ਓਟ ਤਕਾਈਆ। ਤੇਰੀ ਓਟ ਰੱਖ ਭਗਵਾਨ, ਏਕਾ ਆਸ ਤਕਾਇੰਦਾ। ਮੈਂ ਦੇਵਾਂ ਘਰ ਘਰ ਫ਼ਰਮਾਣ, ਸੋਇਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਅੰਤਮ ਆਇਆ ਨਿਹਕਲੰਕ ਬਲੀ ਬਲਵਾਨ, ਜਿਸ ਨੂੰ ਨਾਨਕ ਗੋਬਿੰਦ ਗਾਇੰਦਾ। ਸਤਿ ਸਤਿਵਾਦ ਝੁਲਾਏ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਖਾਣੀ ਬਾਣੀ ਲਹਿਣਾ ਚੁੱਕੇ ਜੀਵ ਜਹਾਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਉਠੋ ਬਾਲ ਨਾਦਾਨ, ਹਰਿ ਰਹਿਮਤ ਆਪ ਕਰਾਇੰਦਾ। ਆਦਿ ਜੁਗਾਦੀ ਬਾਗਬਾਨ, ਜਗਤ ਫੁਲਵਾੜੀ ਵੇਖ ਵਖਾਇੰਦਾ। ਸਭ ਦਾ ਕਲਮਾ ਅੰਜੀਲ ਕੁਰਾਨ, ਕਾਤਬ ਲਿਖ ਲਿਖ ਲੇਖ ਵਖਾਇੰਦਾ। ਸੋ ਸਾਹਿਬ ਸੱਚਾ ਸੁਲਤਾਨ, ਲਿਖਤ ਵਿਚ ਕਦੇ ਨਾ ਆਇੰਦਾ। ਉਠੋ ਵੇਖੋ ਨੇਤਰ ਖੋਲ੍ਹੋ ਕਰੋ ਪਛਾਣ, ਪਰਵਰਦਿਗਾਰ ਵੇਸ ਵਟਾਇੰਦਾ। ਮੁਕਾਮੇ ਹੱਕ ਹੋ ਪਰਧਾਨ, ਅਮਾਮ ਅਮਾਮਾ ਇਕ ਨਿਸ਼ਾਨ, ਪਰਗਟ ਹੋਇਆ ਵਿਚ ਜਹਾਨ, ਦਿਸ ਕਿਸੇ ਨਾ ਆਇੰਦਾ। ਮੈਂ ਦੇਵਣ ਆਇਆ ਪੈਗ਼ਾਮ, ਉਠ ਕੇ ਚਲੋ ਕਰੋ ਸਲਾਮ, ਅਸਲਾਮਾਲੈਕਮ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕ ਤੇਰੀ ਓਟ ਤਕਾਇੰਦਾ। ਉਠੋ ਬ੍ਰਹਿਮਣ ਬ੍ਰਹਮ ਗਿਆਨ, ਹਰਿ ਸਾਚਾ ਸਚ ਜਣਾਈਆ। ਚੌਥਾ ਜੁਗ ਅੰਤ ਹੋਇਆ ਪਰਧਾਨ, ਕਲਜੁਗ ਆਪਣਾ ਰੰਗ ਵਖਾਈਆ। ਚਾਰੋਂ ਕੁੰਟ ਹੋਣ ਹੈਰਾਨ, ਸਿੰਮਲ ਰੁੱਖ ਰਿਹਾ ਲਹਿਰਾਈਆ। ਮੰਦਰ ਮਸਜਿਦ ਸ਼ਿਵਦੁਆਲੇ ਮਠ ਬੈਠੇ ਬੇਈਮਾਨ, ਬੇਵਾ ਰੂਪ ਨਜ਼ਰੀ ਆਈਆ। ਹਰਿ ਖਾਵੰਦ ਕਿਸੇ ਨਾ ਮਿਲਿਆ ਆਣ, ਖ਼ਾਲਕ ਖ਼ਲਕ ਰਿਹਾ ਰਵਾਈਆ। ਜਿਸ ਨੂੰ ਲੱਭਦੇ ਬੀਆਬਾਨ, ਜੰਗਲ ਜੂਹ ਉਜਾੜ ਫੇਰਾ ਪਾਈਆ। ਜਿਸ ਦਾ ਉਠ ਉਠ ਕਰਦੇ ਧਿਆਨ, ਨੇਤਰ ਨੈਣ ਨੈਣ ਖੁਲ੍ਹਾਈਆ। ਜਿਸ ਦਾ ਪੜ੍ਹ ਪੜ੍ਹ ਦੇਂਦੇ ਗਿਆਨ, ਰਸਨਾ ਜਿਹਵਾ ਹਲਾਈਆ। ਜਿਸ ਦੀ ਸਿਫ਼ਤ ਕਰੇ ਅੰਜੀਲ ਕੁਰਾਨ, ਮਹਿੰਮਾ ਗੀਤਾ ਗਿਆਨ ਦ੍ਰਿੜਾਈਆ। ਜਿਸ ਦਾ ਵੇਦ ਕਰਨ ਗਿਆਨ, ਪੁਰਾਨ ਅਠਾਰਾਂ ਦੇਣ ਸਾਲਾਹੀਆ। ਜਿਸ ਨੂੰ ਸ਼ਾਸਤਰ ਸਿਮਰਤ ਕਹਿਣ ਪਰਧਾਨ, ਸਚ ਪਰਧਾਨਗੀ ਰਿਹਾ ਕਮਾਈਆ। ਜਿਸ ਨੂੰ ਬਾਣੀ ਕਹੇ ਸ੍ਰੀ ਭਗਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਪਰਗਟ ਹੋਇਆ ਅੰਤਮ ਆਣ, ਵੇਸ ਆਪਣਾ ਆਪ ਕਰਾਈਆ। ਉਠੋ ਵੇਖੋ ਪਾਂਧੀ ਰਾਹੀ ਕਰੇ ਖੇਲ ਮਹਾਨ, ਹਰਿ ਆਪਣੀ ਖੇਲ ਕਰਾਈਆ। ਜਨ ਭਗਤਾਂ ਦੇਵੇ ਅਨਮੰਗਿਆ ਦਾਨ, ਕਰਤਾ ਕੀਮਤ ਕੋਇ ਨਾ ਲਾਈਆ। ਸਰਨ ਸਰਨਾਈ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਕੀਤਾ ਭੁੱਲ ਨਾ ਜਾਈਆ। ਪੁਰਖ ਅਬਿਨਾਸ਼ੀ ਹਰਿ ਅਭੁਲ, ਏਕਾ ਗੁਣ ਜਣਾਇਆ। ਸ਼ਬਦ ਸੁਤ ਤੂੰ ਪਾਉਣਾ ਮੁਲ, ਲੱਖ ਚੁਰਾਸੀ ਤੇਰੇ ਹੱਟ ਵਕਾਇਆ। ਨਾਮ ਕੰਡੇ ਤੋਲਨਾ ਤੋਲ, ਨਾਨਕ ਤੇਰਾਂ ਤੇਰਾਂ ਗਿਆ ਸਮਝਾਇਆ। ਭਾਗ ਲਗਾਉਣਾ ਸਾਚੀ ਕੁਲ, ਕੁਲ ਕੁਲਵੰਤ ਇਹ ਸਮਝਾਇਆ। ਗੁਰਮੁਖ ਵੇਖੀਂ ਸਾਚੇ ਫੁੱਲ, ਪੱਤ ਡਾਲੀ ਨਾਲ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਇਆ। ਸੁਣ ਪੁੱਤ ਮੇਰੇ ਲਾਲ ਦੁਲਾਰੇ, ਹਰਿ ਦੂਹਲਾ ਤੋਹੇ ਬਣਾਇੰਦਾ। ਮੇਰੇ ਭਗਤ ਸਦਾ ਕਵਾਰੇ, ਬਿਨ ਤੇਰੇ ਨਾ ਕੋਇ ਪਰਨਾਇੰਦਾ। ਚਾਰ ਜੁਗ ਮੈਂ ਦੇਂਦਾ ਰਿਹਾ ਲਾਰੇ, ਗੁਰ ਅਵਤਾਰ ਮਾਤ ਘਲਾਇੰਦਾ। ਕੋਈ ਰਾਮ ਕੋਈ ਕ੍ਰਿਸ਼ਨ ਪੁਕਾਰੇ, ਕੋਈ ਈਸਾ ਮੂਸਾ ਸਾਲਾਹਿੰਦਾ। ਕੋਈ ਕਹੇ ਮੁਹੰਮਦ ਮੇਲਾ ਚਾਰ ਯਾਰੇ, ਯਾਰੀ ਯਾਰਾਂ ਨਾਲ ਨਿਭਾਇੰਦਾ । ਨਾਨਕ ਬੋਲੇ ਹਰਿ ਨਿਰੰਕਾਰੇ, ਨਿਰੰਕਾਰ ਨਿਰੰਕਾਰ ਇਕ ਸਾਲਾਹਿੰਦਾ। ਗੋਬਿੰਦ ਕਹੇ ਪੁਰਖ ਅਕਾਲ ਸਦਾ ਜੈਕਾਰੇ, ਜੈ ਜੈ ਕਾਰ ਆਪ ਕਰਾਇੰਦਾ। ਅਸੀਂ ਬਣ ਕੇ ਆਏ ਵਣਜਾਰੇ, ਜਗਤ ਸਾਚਾ ਹੱਟ ਚਲਾਇੰਦਾ। ਆਓ ਰਲ ਕੇ ਸਾਰੇ ਕੱਢੀਏ ਹਾੜੇ, ਦੋਏ ਦੋਏ ਸੀਸ ਝੁਕਾਇੰਦਾ। ਕਿਰਪਾ ਕਰੇ ਪੁਰਖ ਕਰਤਾਰੇ, ਆਪ ਆਪਣੀ ਦਇਆ ਕਮਾਇੰਦਾ। ਮਾਤਲੋਕ ਵਿਚ ਅਸੀਂ ਸਾਰੇ ਹਾਰੇ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਆਪੇ ਅਰਸ਼ ਆਪੇ ਫ਼ਰਸ਼ ਆਪਣੇ ਰਥ ਆਪੇ ਚਾੜ੍ਹੇ, ਜੁਗ ਗੇੜਾ ਆਪ ਭੁਵਾਇੰਦਾ। ਆਪ ਬਣਾਏ ਸਾਚੇ ਲਾੜੇ, ਸਿਹਰਾ ਸੀਸ ਆਪ ਟਿਕਾਇੰਦਾ। ਆਪ ਉਤਾਰੇ ਆਪਣੇ ਖਾਰੇ, ਸਾਚਾ ਸਗਨ ਆਪ ਮਨਾਇੰਦਾ। ਆਪੇ ਸਾਚੇ ਘੋੜੇ ਚਾੜ੍ਹੇ, ਸਾਚੀ ਵਾਗ ਆਪ ਗੁੰਦਾਇੰਦਾ । ਆਪੇ ਖੇਲ ਕਰੇ ਨਿਆਰੇ, ਨਿਰਗੁਣ ਆਪਣਾ ਰੰਗ ਵਖਾਇੰਦਾ। ਆਪੇ ਆਪਣੀ ਜੋਤੀ ਜੋਤ ਸੰਗਾਰੇ, ਸਾਚੀ ਦੁਲਹਨ ਆਪ ਬਣਾਇੰਦਾ। ਆਪੇ ਬਣ ਵਿਚੋਲਾ ਫੇਰੇ ਮਾਰੇ, ਏਥੇ ਓਥੇ ਖੇਲ ਵਖਾਇੰਦਾ। ਕਲਜੁਗ ਅੰਤਮ ਕਿਰਪਾ ਕਰੇ ਆਪ ਨਿਰੰਕਾਰੇ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸੁਣਿਆ ਸੰਦੇਸ਼ਾ ਤੇਰਾ ਭਗਵਾਨ, ਹਉਂ ਬਾਲਕ ਨਾ ਕੋਇ ਚਤੁਰਾਈਆ। ਮੈਂ ਦਰ ਤੇ ਡਿੱਗਾ ਆਣ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਜੁਗ ਚੌਕੜੀ ਕੀਆ ਖੇਲ ਵਿਚ ਜਹਾਨ, ਗੁਰ ਅਵਤਾਰ ਨਾਲ ਰਲਾਈਆ। ਤੇਰਾ ਨਾਉਂ ਬਾਣੀ ਮਾਰਿਆ ਬਾਣ, ਅਨਿਆਲਾ ਤੀਰ ਚਲਾਈਆ। ਤੇਰੇ ਜੀਵ ਤੈਨੂੰ ਨਾ ਸਕੇ ਪਛਾਣ, ਮੇਰੀ ਚਲੀ ਨਾ ਕੋਇ ਚਤੁਰਾਈਆ। ਮੈਂ ਰਚੇ ਵੇਦ ਪੁਰਾਨ, ਮੈਂ ਵੇਦ ਵਿਆਸ ਦਿਤਾ ਦਾਨ, ਮੈਂ ਕ੍ਰਿਸ਼ਨ ਸੁਣਾਇਆ ਏਕਾ ਗਾਨ, ਆਪਣਾ ਰਾਗ ਅਲਾਈਆ। ਮੈਂ ਈਸਾ ਮੂਸਾ ਕਰ ਪਰਧਾਨ, ਮੁਹੰਮਦ ਏਕਾ ਅਲਫ਼ ਵਖਾ ਏਕਾ ਦਰ ਸਮਝਾਈਆ। ਮੈਂ ਨਾਨਕ ਨਿਰਗੁਣ ਦੇ ਦੇ ਮਾਣ, ਗੋਬਿੰਦ ਗੋਬਿੰਦ ਘੋੜ ਚੜ੍ਹਾਈਆ। ਅੰਤਮ ਸਾਰੇ ਤੇਰੀ ਚਰਨ ਡਿੱਗੇ ਆਣ, ਦੋਏ ਜੋੜ ਮੰਗਣ ਸ਼ਰਨਾਈਆ। ਤੇਰੀ ਮਹਿਮਾ ਸ੍ਰੀ ਭਗਵਾਨ, ਕੋਈ ਕਥ ਨਾ ਸਕੇ ਰਾਈਆ। ਮੈਂ ਭਿਖਕ ਮੰਗਾਂ ਦਾਨ, ਤੇਰੇ ਅੱਗੇ ਝੋਲੀ ਡਾਹੀਆ। ਕਲਜੁਗ ਤੇਰਾ ਰੰਗ ਖੇਲ ਮਹਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜਿਉਂ ਭਾਵੇਂ ਤਿਉਂ ਦੇ ਦੇ ਦਾਨ, ਮੇਰੀ ਕੋਈ ਨਾ ਮਾਣ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਆਪਣੀ ਖ਼ੁਸ਼ੀ ਮਨਾਇੰਦਾ। ਸਾਚਾ ਮਾਰਗ ਦੇਵਾਂ ਦੱਸ, ਏਕਾ ਰਾਹ ਚਲਾਇੰਦਾ। ਤੂੰ ਲੋਕਮਾਤ ਜਾਣਾ ਨੱਸ, ਸਾਚਾ ਰਾਹ ਵਖਾਇੰਦਾ। ਮੇਰੇ ਭਗਤਾਂ ਦਾ ਗਾਉਣਾ ਜਸ, ਜਸ ਵੇਦ ਪੁਰਾਨ ਕੰਮ ਕਿਸੇ ਨਾ ਆਇੰਦਾ। ਮੈਂ ਅੰਤਰ ਅੰਤਰ ਜਾਵਾਂ ਵਸ, ਆਪਣਾ ਘਰ ਸੁਹਾਇੰਦਾ। ਜੇ ਕੋਈ ਤੈਨੂੰ ਪਾਵੇ ਸ਼ੱਕ, ਅੱਗੋਂ ਆਪਣਾ ਰੂਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਇਹ ਸਮਝਾਇੰਦਾ। ਸੁਤ ਸ਼ਬਦ ਹੋ ਅਧੀਨ, ਅਦਨਾ ਹੋ ਹੋ ਸੇਵ ਕਮਾਈਆ। ਮੇਰਾ ਰੂਪ ਦਰ ਮਹੀਨ, ਬੇਨਜ਼ੀਰ ਨਜ਼ਰ ਕੋਇ ਨਾ ਪਾਈਆ। ਮੈਂ ਤੇਰਾ ਨੂਰ ਵਖਾਵਾਂ ਸੀਨ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਮੈਂ ਨਾਤਾ ਤੋੜਾਂ ਤ੍ਰੈਗੁਣ ਤੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਪੁਰਖ ਅਬਿਨਾਸ਼ੀ ਅੱਗੋਂ ਬੋਲ, ਏਕਾ ਸ਼ਬਦ ਸੁਣਾਇਆ। ਤੇਰੇ ਨਾਲ ਕਰਾਂ ਕੌਲ, ਕੀਤਾ ਕੌਲ ਭੁੱਲ ਨਾ ਜਾਇਆ। ਪਰਗਟ ਹੋਵਾਂ ਉਪਰ ਧੌਲ, ਧਵਲਾ, ਹੌਲਾ ਭਾਰ ਕਰਾਇਆ। ਸਾਢੇ ਤਿੰਨ ਹੱਥ ਅੰਤਰ ਜਾਵਾਂ ਮੌਲ, ਸੰਬਲ ਆਪਣਾ ਗੜ੍ਹ ਬਣਾਇਆ। ਗੋਬਿੰਦ ਦੇਵਾਂ ਏਕਾ ਪੌਹਲ, ਅੰਮ੍ਰਿਤ ਆਪਣਾ ਆਪ ਪਿਆਇਆ। ਨਿਰਗੁਣ ਹੋ ਕੇ ਵਸਾਂ ਕੋਲ, ਪੁਰਖ ਅਕਾਲ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਅੰਤਮ ਵੇਲਾ ਦੇਵਾਂ ਦਰਸ, ਹਰਿ ਦਰਦੀ ਦਰਦ ਵੰਡਾਈਆ। ਤੇਰੀ ਮੇਟਾਂ ਪਿਛਲੀ ਹਿਰਸ, ਹਵਸ ਨਾ ਕੋਇ ਵਧਾਈਆ। ਕਰ ਕਿਰਪਾ ਕਰਾਂ ਤਰਸ, ਰਹਿਮਤ ਰਹਿਮਾਨ ਕਮਾਈਆ। ਭਾਗ ਲਗਾਵਾਂ ਮਾਟੀ ਫ਼ਰਸ਼, ਖ਼ਾਕੀ ਖ਼ਾਕ ਵਡਿਆਈਆ। ਆਪਣੇ ਬਲ ਆਪਣੇ ਡੌਲੇ ਫਰਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣੇ ਆਉਣ ਦਾ ਦੱਸਾਂ ਵੇਲਾ, ਹਰਿ ਜੂ ਆਖ ਸੁਣਾਇਆ। ਨਾਲ ਰਖਾਵਾਂ ਆਪਣਾ ਚੇਲਾ, ਗੋਬਿੰਦ ਰੰਗ ਰੰਗਾਇਆ। ਦੋ ਜਹਾਨਾਂ ਸੱਜਣ ਸੁਹੇਲਾ, ਨਿਰਗੁਣ ਹੋ ਹੋ ਵੇਸ ਵਟਾਇਆ। ਘਰ ਘਰ ਦਰ ਦਰ ਜਾ ਜਾ ਚਾੜ੍ਹਾ ਤੇਲਾ, ਸਾਚਾ ਸਗਨ ਮਨਾਇਆ। ਗੁਰਮੁਖ ਵੇਖਾਂ ਸਾਚੀ ਵੇਲਾ, ਲੋਕਮਾਤ ਆਪ ਫਿਰਾਇਆ। ਲੱਖ ਚੁਰਾਸੀ ਜੰਗਲ ਜੂਹ ਉਜਾੜ ਪਹਾੜ ਬੇਲਾ, ਡੂੰਘੀ ਕੰਦਰ ਧੀਰ ਨਾ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਅੰਤਮ ਜਾਣਾ ਆ, ਆਲਮਗੀਰ ਆਪ ਸਮਝਾਇੰਦਾ। ਹਰਿਜਨ ਸਾਚੇ ਲਏ ਜਗਾ, ਜਾਗਰਤ ਜੋਤ ਇਕ ਵਖਾਇੰਦਾ। ਹਰਿ ਨਾਮ ਲਵਾਂ ਪੜ੍ਹਾ, ਸੋਹੰ ਅੱਖਰ ਇਕ ਧਿਆਇੰਦਾ। ਆਪਣਾ ਰੂਪ ਲਵਾਂ ਪਰਗਟਾ, ਪਰਗਟ ਆਪਣੀ ਖੇਲ ਕਰਾਇੰਦਾ। ਸਚ ਦੁਲਾਰਾ ਲੋਕਮਾਤ ਲਵਾਂ ਬਣਾ, ਆਪਣੀ ਸੇਵ ਕਮਾਇੰਦਾ। ਸਾਚੇ ਭਗਤ ਦਵਾਂ ਵਿਚ ਟਿਕਾ, ਟਿੱਕਾ ਮਸਤਕ ਏਕਾ ਲਾਇੰਦਾ। ਸਾਚੀ ਚੋਗ ਦਵਾਂ ਚੁਗਾ, ਮਾਣਕ ਮੋਤੀ ਮੁਖ ਸੁਹਾਇੰਦਾ। ਆਪਣੀ ਗੋਦ ਲਵਾਂ ਬਹਾ, ਸਿਰ ਆਪਣਾ ਹੱਥ ਟਿਕਾਇੰਦਾ। ਕਿਲਾ ਕੋਟ ਦਿਆਂ ਵਸਾ, ਚਾਰੋਂ ਕੁੰਟ ਵੇਖ ਵਖਾਇੰਦਾ। ਸਚ ਨਗਾਰਾ ਦਿਆਂ ਵਜਾ, ਨਾਮ ਨੌਬਤ ਹੱਥ ਉਠਾਇੰਦਾ। ਮੈਖ਼ਾਨਾ ਦਿਆਂ ਖੁਲ੍ਹਾ, ਆਬੇਹਯਾਤ ਪਿਆਲਾ ਆਪ ਪਿਆਇੰਦਾ। ਅਹਿਬਾਬ ਰਾਬਾਬ ਦਿਆਂ ਵਜਾ, ਤੰਦੀ ਤੰਦ ਨਾ ਕੋਇ ਵਖਾਇੰਦਾ। ਕਾਗਦ ਕਲਮ ਛਾਹੀ ਲੇਖਾ ਦਿਆਂ ਮੁਕਾ, ਲਿਖ ਲਿਖ ਲੇਖ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਏਕਾ ਮਾਰਗ ਦੇਵਾਂ ਲਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਪੰਡਤ ਪਾਂਧੇ ਮੁਲਾਂ ਸ਼ੇਖ਼ ਮੁਸਾਇਕ ਪੀਰ ਏਕਾ ਘਰ ਲਵਾਂ ਬਹਾ, ਤਸਬੀ ਮਣਕਾ ਨਾ ਕੋਇ ਭੁਵਾਇੰਦਾ। ਧੋਤੀ ਬੋਦੀ ਟਿੱਕਾ ਜੰਜੂ ਸਭ ਦਾ ਦਿਆਂ ਮਿਟਾ, ਏਕਾ ਰੰਗ ਰੰਗਾਇੰਦਾ। ਕਲਮਾ ਕਲਾਮ ਦਿਆਂ ਪੜ੍ਹਾ, ਅੰਗ ਅੰਗ ਨਾ ਕੋਇ ਕਟਾਇੰਦਾ। ਸਾਬਤ ਸੂਰਤ ਦਿਆਂ ਵਖਾ, ਸੋਭਾ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਮੌਕਾ ਦਿਆਂ ਵਖਾ, ਸਾਚਾ ਵਕਤ ਆਪ ਸੁਹਾਇੰਦਾ। ਸੁਤ ਸ਼ਬਦ ਹੋ ਖ਼ੁਸ਼ਹਾਲ, ਪ੍ਰਭ ਅੱਗੇ ਕਰੇ ਅਰਜੋਈਆ। ਸਤਿਗੁਰ ਪੂਰੇ ਹੋ ਦਿਆਲ, ਜਿਉਂ ਮੋਹਨ ਸ਼ਬਦ ਵਕਤ ਦੇਣਾ ਵਖਾਲ, ਮੈਂ ਵੇਖਾਂ ਚਾਈਂ ਚਾਈਂਆ। ਜੁਗ ਚੌਕੜੀ ਘਾਲੀ ਤੇਰੀ ਘਾਲ, ਗੁਰ ਅਵਤਾਰ ਸੇਵ ਕਮਾਈਆ। ਕਲਜੁਗ ਅੰਤਮ ਵੇਖਾਂ ਤੂੰ ਕਿਸ ਬਿਧ ਉਠਾਏ ਆਪਣੇ ਲਾਲ, ਆਪਣੀ ਗੋਦ ਬਹਾਈਆ। ਪੁਰਖ ਅਬਿਨਾਸ਼ੀ ਹੋ ਕਿਰਪਾਲ, ਏਕਾ ਵਾਰ ਸੁਣਾਈਆ। ਦੇਵਾਂ ਮਾਣ ਸਚਖੰਡ ਸੱਚੀ ਧਰਮਸਾਲ, ਧੁਰ ਦਰਬਾਰੇ ਸੋਭਾ ਪਾਈਆ । ਪਹਿਲਾ ਦਰ ਸਿੰਘ ਪਾਲ, ਦੂਜੇ ਸਵਰਨ ਮਿਲੇ ਵਡਿਆਈਆ। ਤੀਜੇ ਜਗਤ ਜਗਦੀਸ਼ਾ ਹੋਏ ਖ਼ੁਸ਼ਹਾਲ, ਚੌਥੇ ਮਨਜੀਤਾ ਵੱਜੇ ਵਧਾਈਆ। ਪੰਚਮ ਗੁਰ ਗੁਰ ਗੁਰਦਿਆਲ ਲਾਲ, ਗੁਰ ਗੁਰ ਗੋਦ ਸੁਹਾਈਆ। ਨਾਨਕ ਲੇਖਾ ਕਰ ਪਰਵਾਨ, ਪੂਰਾ ਦਏ ਕਰਾਈਆ। ਪੰਚਮ ਪਾਵੇ ਏਕਾ ਮਾਣ, ਗੁਰ ਏਕਾ ਇਸ਼ਟ ਵਖਾਈਆ। ਲੋਕਮਾਤ ਹੋ ਪਰਧਾਨ, ਆਪਣੀ ਕਲ ਧਰਾਈਆ। ਸਚਖੰਡ ਦਾ ਸਚ ਮਕਾਨ, ਸਤਿ ਸਤਿਵਾਦੀ ਆਪ ਬਣਾਈਆ। ਆਪਣੇ ਭਗਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸਤਿ ਸਤਿਵਾਦੀ ਇਕੋ ਸਾਤਾ ਦੂਆ ਲਿਖਿਆ ਦੋ ਜਹਾਨ, ਦੋਏ ਦੋਏ ਰੂਪ ਨਿਰਗੁਣ ਸਰਗੁਣ ਆਪ ਕਰਾਈਆ। ਬਹੱਤਰ ਅੰਕ ਇਕ ਵਖਾਣ, ਰਾਓ ਰੰਕ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਸਤਿਜੁਗ ਦਾ ਸਤਿ ਨਿਸ਼ਾਨ, ਆਪ ਚੜ੍ਹਾਏ ਸ੍ਰੀ ਭਗਵਾਨ, ਸਚ ਦੁਆਰੇ ਦਏ ਝੁਲਾਈਆ। ਦੂਜਾ ਹੁਕਮ ਦੇਵੇ ਧੁਰ ਫ਼ਰਮਾਣ, ਤੂੰ ਸੁਣਨਾ ਲਾ ਲਾ ਕਾਨ, ਹਰਿ ਸਾਚਾ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਨਰ, ਨਰ ਹਰਿ ਵਡੀ ਵਡਿਆਈਆ। ਹਰਿ ਵੱਡਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਅਖਵਾਈਆ। ਦੇਵੇ ਇਕ ਸਲਾਹ, ਸਲਾਹਗੀਰ ਆਪ ਹੋ ਜਾਈਆ। ਪੀਰ ਫ਼ਕੀਰ ਦਸਤਗੀਰ ਪੈਗ਼ੰਬਰ ਲਏ ਉਠਾ, ਏਕਾ ਹੁਕਮ ਜਣਾਈਆ। ਪੁਰਖ ਅਬਿਨਾਸ਼ੀ ਲੇਖਾ ਮੰਗੇ ਆਪਣਾ ਆਪਣਾ ਲਉ ਮੁਕਾ, ਵੇਲਾ ਅੰਤਮ ਅੰਤ ਆਈਆ। ਪਾਂਧੀ ਬਣ ਬਣ ਬਿਖੜੇ ਰਾਹ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰੀਤ ਰਿਹਾ ਸੁਣਾਈਆ। ਸਾਚੀ ਰੀਤ ਹਰਿ ਅਨਮੋਲ, ਅਨਮੁਲੜੀ ਕਾਰ ਕਮਾਇੰਦਾ। ਗੁਰ ਅਵਤਾਰੋ ਆਓ ਦੱਸੋ ਕੀ ਕੁਛ ਤੁਹਾਡੇ ਕੋਲ, ਕਵਣ ਵਸਤ ਹੱਥ ਰਖਾਇੰਦਾ। ਸਾਰੇ ਕਹਿਣ ਪ੍ਰਭ ਤੇਰੀ ਸ਼ਰਨ ਹਉਂ ਤੇਰੇ ਚਰਨ ਘੋਲੀ ਘੋਲ, ਆਪਣੀ ਵਸਤ ਨਾ ਕੋਇ ਰਖਾਈਆ। ਤੇਰਾ ਨਾਉਂ ਵਜਾ ਕੇ ਆਏ ਢੋਲ, ਸ੍ਰਿਸ਼ਟ ਸਬਾਈ ਆਖ ਸੁਣਾਈਆ। ਅੰਤਮ ਤੋਲੇ ਹਰਿ ਜੂ ਤੋਲ, ਤੋਲਣਹਾਰਾ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇ ਤਿਉਂ ਚਲ ਰਜਾਈਆ। ਆਪਣੀ ਰਜਾ ਨਾ ਚਲਾਂ ਸਕ, ਸੋ ਪੁਰਖ ਨਿਰੰਜਣ ਆਖ ਸੁਣਾਇਆ। ਮੈਂ ਭਗਤਾਂ ਹੱਥ ਫੜਾਈ ਨੱਥ, ਜਿਉਂ ਚਾਹਣ ਦੇਣ ਭੁਆਇਆ। ਮੈਂ ਭਾਣਾ ਨਾ ਸਕਾਂ ਡੱਕ, ਮੇਰਾ ਨੈਣ ਨੈਣ ਸ਼ਰਮਾਇਆ। ਕਬੀਰ ਚੜ੍ਹ ਕੇ ਬੋਲਿਆ ਹੱਕ, ਹੱਕ ਹੱਕ ਮੇਰਾ ਖ਼ੁਦਾਇਆ। ਕਲਜੁਗ ਜੀਵ ਸਾਰੇ ਕਹਿਣ ਹਰਿ ਕਾ ਨਾਮ ਝੂਠੀ ਸ਼ਕਤ, ਅੱਗੇ ਨਜ਼ਰ ਕੋਇ ਨਾ ਆਇਆ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਗੁਰ ਅਵਤਾਰਾਂ ਦੀ ਮਿਸਲ ਕੀਤੀ ਠੱਪ, ਅੱਗੇ ਅਪੀਲ ਨਾ ਕੋਇ ਰਖਾਇਆ। ਬਹੱਤਰ ਭਗਤਾਂ ਦਿਤਾ ਹੱਕ, ਵਸੀਅਤਨਾਮਾ ਆਪ ਜਣਾਇਆ। ਆਪੇ ਖਾ ਕੇ ਡਿੱਗਾ ਪ੍ਰੇਮ ਫੱਟ, ਗੋਬਿੰਦ ਸੂਰਾ ਆਪਣਾ ਖ਼ੂਨ ਨੀਹਾਂ ਹੇਠ ਦਬਾਇਆ। ਜੋਤੀ ਜੋਤ ਵਿਚੋਂ ਹੋਇਆ ਪ੍ਰਗਟ, ਮਾਤ ਪਿਤ ਨਾ ਕੋਇ ਬਣਾਇਆ। ਪਾਰਬ੍ਰਹਮ ਵਿਕਿਆ ਭਗਤਾਂ ਹੱਟ, ਆਪਣਾ ਚਿਤ ਨਾ ਕੋਇ ਰਖਾਇਆ। ਹੋ ਨਿਮਾਣਾ ਗਿਆ ਢੱਠ, ਆਪਣਾ ਬਲ ਨਾ ਕੋਇ ਜਣਾਇਆ। ਭਗਤ ਦੁਆਰਾ ਮਾਣ ਚੁਕਾਏ ਅਠਸਠ, ਸਰ ਸਰੋਵਰ ਕੋਈ ਰਹਿਣ ਨਾ ਪਾਇਆ। ਨੌਂ ਖੰਡ ਪ੍ਰਿਥਮੀ ਖੇੜਾ ਹੋਇਆ ਭੱਠ, ਸੱਥਰ ਯਾਰੜਾ ਇਕ ਹੰਢਾਇਆ। ਨੇਤਰ ਰੋਵਣ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾਲ ਰਲਾਇਆ। ਇਕ ਮੁਹੰਮਦ ਉਠੇ ਝੱਟ, ਆਪਣਾ ਬਲ ਰਖਾਇਆ। ਚਾਰ ਯਾਰਾਂ ਕਰੇ ਅਕੱਠ, ਏਕਾ ਮਤਾ ਪਕਾਇਆ। ਅੱਲਾ ਰਾਣੀ ਲਏ ਕਰਵਟ, ਆਪਣਾ ਮੁਖ ਭੁਵਾਇਆ। ਚਲੋ ਰਲ ਕੇ ਸਾਰੇ ਪਰਵਰਦਿਗਾਰ ਸ਼ਰਨਾਈ ਜਾਈਏ ਢੱਠ, ਸਾਡਾ ਬੇੜਾ ਦਏ ਤਰਾਇਆ। ਰਲ ਮਿਲ ਲਾਹਾ ਲਈਏ ਖੱਟ, ਚੌਦਾਂ ਲੋਕ ਰਹੇ ਕੁਰਲਾਇਆ। ਨਬੀ ਰਸੂਲਾਂ ਇਕੋ ਮਤ, ਏਕਾ ਤੱਤ ਜਣਾਇਆ। ਦਰ ਜਾਏ ਸੱਥਰ ਬਹੀਏ ਘੱਤ, ਆਪਣਾ ਖਾਵੰਦ ਲਈਏ ਮਨਾਇਆ। ਜਿਸ ਦਾ ਕਲਮਾ ਰਹੇ ਰਟ, ਲਿਖ ਲਿਖ ਲੇਖ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਚਾਰ ਯਾਰ ਮਾਰਨ ਧਾ, ਨੇਤਰ ਨੈਣਾਂ ਨੀਰ ਵਹਾਈਆ। ਸਾਡੇ ਵਿਚ ਨਾ ਕੋਈ ਸਾਹ, ਬਲ ਨਜ਼ਰ ਕੋਇ ਨਾ ਆਈਆ। ਸਾਡੀਆਂ ਭੁਜਾਂ ਦਾ ਤੂੰ ਬਲ ਬਾਂਹ, ਤੀਜਾ ਦੇਵੇ ਨਾ ਕੋਇ ਵਡਿਆਈਆ। ਅਸੀਂ ਸਾਰੇ ਕਰਦੇ ਨਾ, ਤੇਰੇ ਸੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਸਮਝਾਈਆ। ਮੁਹੰਮਦ ਕਹੇ ਅੱਲਾ ਰਾਣੀ ਹੋ ਤਿਆਰ, ਆਪਣੀ ਖਾਹਿਸ਼ ਨਾਲ ਮਿਲਾਈਆ। ਤੇਰੇ ਨਾਲ ਕਰਾਂ ਪਿਆਰ, ਪਿਆਰ ਪਿਆਰ ਵਿਚ ਸਮਾਈਆ। ਚਲ ਕੇ ਕਰੀਏ ਦਰ ਪੁਕਾਰ, ਕੂਕ ਕੂਕ ਸੁਣਾਈਆ। ਮੇਰੀ ਉਮਤ ਗਈ ਹਾਰ, ਉਲਮਾ ਕਰੇ ਨਾ ਕੋਇ ਪੜ੍ਹਾਈਆ। ਝੂਠੀ ਮੁਹੱਬਤ ਫਸਿਆ ਸੰਸਾਰ, ਸੁਹਬਤ ਤੇਰੀ ਨਾ ਕੋਇ ਸੁਣਾਈਆ। ਤਸਬੀ ਮਣਕਾ ਕਰ ਖਵਾਰ, ਐਨਲਹਕ ਨਾਅਰਾ ਨਾ ਕੋਇ ਲਗਾਈਆ। ਉਠ ਚਲ ਕੇ ਕਰੀਏ ਦੀਦਾਰ, ਨੇਤਰ ਨੈਣ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਅੱਲਾ ਰਾਣੀ ਖੋਲ੍ਹੇ ਤਾਕ, ਆਪਣਾ ਘੁੰਗਟ ਰਹੀ ਉਠਾਈਆ। ਮੁਹੰਮਦ ਤੇਰੇ ਨਾਲ ਨਾ ਮੇਰਾ ਕੋਈ ਸਾਕ, ਤੇਰੀ ਸ਼ਰਅ ਬੰਧਨ ਨਾ ਕੋਇ ਰਖਾਈਆ। ਮੇਰਾ ਇਕੋ ਨਾਤਾ ਨਾਲ ਏਕਾ ਪਾਕੀ ਪਾਕ, ਬਣ ਬਰਦੀ ਸੇਵ ਕਮਾਈਆ। ਮੇਰੇ ਨੱਕ ਨਾ ਦਿਸੇ ਨੱਥ ਸੁਹਾਗ, ਸੁਕੀ ਮੀਂਢੀ ਰਹੀ ਵਖਾਈਆ। ਮੈਨੂੰ ਦਰ ਦਵਾਰਿਉਂ ਦਿਤਾ ਕਾਢ, ਏਕਾ ਧੱਕਾ ਲਾਈਆ। ਨਿਤ ਰੋਵਾਂ ਕਰਾਂ ਯਾਦ, ਨੇਤਰ ਨੈਣਾਂ ਨੀਰ ਵਹਾਈਆ । ਮੇਰਾ ਮਾਹੀ ਸੁਣੇ ਫਰਿਯਾਦ, ਮੈਂ ਨਿਤ ਨਿਤ ਖ਼ੁਸ਼ੀ ਮਨਾਈਆ। ਤੇਰੀ ਉਮਤ ਵਿਚ ਫਸਾਦ, ਫਸ ਕੇ ਨਿਕਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਅੱਲਾ ਰਾਣੀ ਖੋਲ੍ਹੇ ਪਲਕ, ਨੈਣ ਨੈਣ ਉਘਾੜਿਆ। ਮੇਰੇ ਖ਼ੁਦਾ ਦੇ ਦੇ ਝਲਕ, ਤੇਰਾ ਵਿਛੋੜਾ ਮੋਹੇ ਸਤਾ ਰਿਹਾ। ਚੌਦਾਂ ਲੋਕ ਨਾ ਜਾਣਾ ਅਟਕ, ਚੌਦਾਂ ਤਬਕ ਨਾ ਕੋਇ ਵਿਚਾਰਿਆ। ਮੈਂ ਬ੍ਰਿਹੋਂ ਮਾਰੀ ਰਹੀ ਭਟਕ, ਕਰ ਤਰਸ ਮੇਰੇ ਪਿਆਰਿਆ। ਚਰਨਾਂ ਕੋਲੋਂ ਨਾ ਦੇਵੀਂ ਹਟਕ, ਮੈਨੂੰ ਤੇਰਾ ਇਕ ਸਹਾਰਿਆ। ਬਿਨ ਕੁਰਵੋਂ ਦੇਣਾ ਝਟਕ, ਤੇਰਾ ਪ੍ਰੇਮ ਇਕ ਰਸਾ ਰਿਹਾ। ਮੈਂ ਅੱਧਵਿਚਕਾਰ ਰਹੀ ਲਟਕ, ਨਾ ਕੋਈ ਦਿਸੇ ਆਰ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਚਰਨ ਸਹਾਰਿਆ। ਮੈਂ ਖੋਲ੍ਹ ਕਾਨ ਸੁੱਤੀ ਬਿਸਾਤ, ਤੇਰਾ ਧਿਆਨ ਲਗਾਈਆ। ਤੂੰ ਸਵਾਂਗੀ ਰਚਿਆ ਸਵਾਂਗ, ਬੇਅੰਤ ਤੇਰੀ ਵਡਿਆਈਆ। ਮੈਂ ਕੋਝੀ ਕਮਲੀ ਰੱਖੀ ਤਾਂਘ, ਨਿਤ ਤੇਰੇ ਦਰਸ ਤਿਹਾਈਆ। ਬਿਨ ਤੇਰੇ ਰੱਖਾਂ ਹੋਰ ਨਾ ਕੋਈ ਸਾਂਝ, ਦੂਜਾ ਅੰਗ ਨਾ ਕੋਇ ਲਗਾਈਆ। ਫੜ ਬਾਹੋਂ ਲੈਣਾ ਕਾਢ, ਦੋਏ ਜੋੜ ਮੰਗਾਂ ਸ਼ਰਨਾਈਆ ਇਕੋ ਕਰਨਾ ਸੱਚਾ ਲਾਡ, ਆਪਣੀ ਗੋਦ ਬਹਾਈਆ। ਚਰਨ ਕਵਲ ਦੇਣੀ ਦਾਦ, ਏਕਾ ਦੁਆਰ ਰਾਗ ਸੁਣਾਈਆ। ਹਜ਼ਾਰਾ ਦਰੂਦ ਨਾ ਕੋਈ ਯਾਦ, ਹਜ਼ਰਤ ਤੇਰੀ ਮੰਗਾਂ ਸ਼ਰਨਾਈਆ। ਮੈਂ ਖ਼ਾਦਮ ਹੋਵਾਂ ਖਾਦ, ਖ਼ਾਲਕ ਤੇਰੀ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਤੇਰੀ ਓਟ ਤਕਾਈਆ। ਮੈਂ ਤੇਰੇ ਦਰ ਦੀ ਬਾਂਦੀ, ਸੇਵਕ ਬਣ ਬਣ ਸੇਵ ਕਮਾਈਆ । ਮੈਂ ਕਲਜੁਗ ਥੱਕੀ ਮਾਂਦੀ, ਦਰ ਤੇਰੇ ਤੇ ਆਈਆ। ਮੈਂ ਗੀਤ ਤੇਰੇ ਗਾਉਂਦੀ, ਢੋਲੇ ਮੇਰੇ ਮਾਹੀਆ। ਮੇਰੀ ਕੱਟ ਵਿਛੋੜੇ ਵਾਲੀ ਫਾਂਦੀ, ਆਪ ਆਪਣਾ ਮੇਲ ਮਿਲਾਈਆ । ਨੌਂ ਖੰਡ ਪ੍ਰਿਥਮੀ ਝੁੱਲੇ ਆਂਧੀ, ਸਾਚਾ ਮੇਘ ਨਾ ਕੋਇ ਬਰਸਾਈਆ। ਮੁਲਾਂ ਸ਼ੇਖ਼ ਮੁਸਾਇਕ ਭੁੱਲੇ ਵੇਖ ਸੋਨਾਂ ਚਾਂਦੀ, ਮਾਇਆ ਮਮਤਾ ਮੋਹ ਵਧਾਈਆ। ਮੈਂ ਬਿਨ ਤੇਰੇ ਦਰਸ ਕੁਛ ਨਾ ਪੀਂਦੀ ਖ਼ਾਂਦੀ, ਦਿਵਸ ਰੈਣ ਰਹਾਂ ਤਿਹਾਈਆ। ਆ ਮਿਲ ਸਾਈਂਆ ਮੈਂ ਵੈਰਾਗਣ ਕੂੰਜ ਕੁਰਲਾਂਦੀ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਹਿਮਤ ਆਪ ਕਮਾਈਆ। ਤੇਰੇ ਉਤੇ ਰਹਿਮਤ ਦਵਾਂ ਕਰਾ, ਹਰਿ ਖ਼ੁਦਾਵੰਦ ਆਪ ਸੁਣਾਇੰਦਾ। ਤੇਰਾ ਵਿਛੋੜਾ ਦਿਆਂ ਗਵਾ, ਸਾਚਾ ਸੰਗ ਨਿਭਾਇੰਦਾ। ਸਾਚਾ ਮਾਰਗ ਦਿਆਂ ਵਖਾ, ਏਕਾ ਰਾਹ ਸਮਝਾਇੰਦਾ। ਮੇਰਿਆਂ ਭਗਤਾਂ ਚਰਨ ਡਿੱਗੀਂ ਜਾ, ਮੇਰਾ ਵਸ ਕੋਇ ਨਾ ਜਾਇੰਦਾ। ਜੇ ਤੈਨੂੰ ਦੇਣ ਪਨਾਹ, ਮੈਂ ਹੱਸ ਹੱਸ ਖ਼ੁਸ਼ੀ ਮਨਾਇੰਦਾ। ਤੇਰਾ ਪਿਛਲਾ ਬਖ਼ਸ਼ਾਂ ਸਰਬ ਗੁਨਾਹ, ਅੱਗੇ ਭਗਤਾਂ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਅੱਲਾ ਰਾਣੀ ਕਰ ਕਬੂਲ, ਲੱਖ ਲੱਖ ਸ਼ੁਕਰ ਮਨਾਇਆ। ਸਾਹਿਬ ਤੇਰਾ ਸੱਚਾ ਅਸੂਲ, ਮੋਹਿ ਨਿਮਾਣੀ ਭਾਇਆ। ਮੈਂ ਤੇਰੇ ਭਗਤਾਂ ਮੰਗਾਂ ਚਰਨ ਧੂੜ, ਆਪਣੇ ਮਸਤਕ ਟਿੱਕਾ ਲਾਇਆ। ਤੂੰ ਜਾਈਂ ਨਾ ਮੈਨੂੰ ਭੂਲ, ਮੈਂ ਭੁਲੜੀ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਅੱਲਾ ਰਾਣੀ ਸੁਣ ਲੈ ਗੱਲ, ਹਰਿ ਸਾਚਾ ਸਚ ਜਣਾਇੰਦਾ। ਪਹਿਲੀ ਚੇਤਰ ਆਉਣਾ ਚਲ, ਚਾਲ ਨਿਰਾਲੀ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਵਲ ਛਲ, ਬਣ ਕਿਰਸਾਣਾ ਹਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਅੱਲਾ ਰਾਣੀ ਨੈਣ ਉਘਾੜ, ਅੱਖ ਅੱਖ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਵਣ ਕੂਟੇ ਦਏਂ ਮਲਾਈਆ। ਮੱਕਾ ਕਾਅਬਾ ਹੋਏ ਖੁਵਾਰ, ਜਗਤ ਹੁਜਰਾ ਨਾ ਕੋਇ ਵਡਿਆਈਆ। ਮਾਤ ਮਹਿਰਾਬ ਹੋਈ ਬੇਜ਼ਾਰ, ਆਪਣੀ ਦੀਦ ਖੁਲ੍ਹਾਈਆ। ਕਵਣ ਘਰ ਤੇਰਾ ਮੁਨਾਰ, ਕਵਣ ਮਲਾਲ ਰੂਪ ਵਟਾਈਆ। ਪੁਰਖ ਅਬਿਨਾਸ਼ੀ ਕਹੇ ਕਰਤਾਰ, ਏਕਾ ਹੁਕਮ ਸੁਣਾਈਆ। ਮੇਰਾ ਸਿਖ ਸੱਚਾ ਸਰਦਾਰ, ਜੋ ਬੈਠਾ ਆਸਣ ਲਾਈਆ। ਮੈਂ ਉਸ ਦਾ ਸੇਵਾਦਾਰ, ਉਤੇ ਚੜ੍ਹ ਕੇ ਸੇਵ ਕਮਾਈਆ। ਦੂਰ ਦੁਰਾਡੇ ਆਉਂਦੇ ਤੱਕਾਂ ਪੁਰਖ ਨਾਰ, ਨੇਤਰ ਨੈਣ ਉਠਾਈਆ। ਅੱਲਾ ਰਾਣੀ ਤੂੰ ਮਟਿਆਰ, ਤੇਰਾ ਜੋਬਨ ਕਵਣ ਹੰਢਾਈਆ। ਦੁੱਖ ਝਲਣਾ ਪਵੇ ਸੰਸਾਰ, ਸਹਿਕ ਸਹਿਕ ਮਿਲੇ ਵਡਿਆਈਆ। ਜਨ ਭਗਤਾਂ ਕੋਲੋਂ ਪੁਛਣ ਆਣ ਸਚ ਦਰਬਾਰ, ਕਵਣ ਵੇਲਾ ਪ੍ਰਭ ਲਏ ਮਿਲਾਈਆ। ਅੱੱਗੋਂ ਸਾਰੇ ਕਹਿਣ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰ, ਤੇਰਾ ਦੁਖੜਾ ਦਏ ਮਿਟਾਈਆ। ਘਰ ਮਿਲੇ ਕੰਤ ਭਤਾਰ, ਨਾਰ ਸੋਭਾਵੰਤ ਵਡਿਆਈਆ। ਤੇਰੀ ਮੁੱਕੇ ਜੁਦਾਈ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਉਧਰ ਸਦ ਰਿਹਾ ਇਕੱਲਾ, ਚਾਰੋਂ ਕੁੰਟ ਵੇਖ ਵਖਾਇੰਦਾ। ਹਾਏ ਹਾਏ ਖ਼ਾਲੀ ਦਿਸੇ ਮਹੱਲਾ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬੌਹੜੀ ਬੌਹੜੀ ਰੁੱਸੀ ਅੱਲਾ, ਰੁੱਸੀ ਨਾਰ ਨਾ ਕੋਇ ਮਨਾਇੰਦਾ। ਦੁਹਾਈ ਦੁਹਾਈ ਪਰਵਰਦਿਗਾਰ ਛੁਡਾਇਆ ਪੱਲਾ, ਪੱਲੂ ਹੱਥ ਨਾ ਕੋਇ ਵਖਾਇੰਦਾ। ਉਠ ਕੇ ਉਮਤ ਦਲ ਆਇਆ ਚਲਾ, ਚਲ ਚਲ ਆਪਣਾ ਪੰਧ ਮੁਕਾਇੰਦਾ। ਅੱਗੇ ਵੇਖੇ ਬੂਟਾ ਹੁੱਲਾ, ਫਲ ਕੋਇ ਨਜ਼ਰ ਨਾ ਆਇੰਦਾ। ਸਭ ਸੁੱਕੇ ਨਾਲ ਬੁਲਾਂ, ਆਬੇਹਯਾਤ ਨਾ ਕੋਇ ਪਿਆਇੰਦਾ। ਮਸਲਾ ਨਾ ਕੋਈ ਸੁਣਾਏ ਮੁਲਾਂ, ਆਇਤ ਸ਼ਰਾਇਤ ਨਾ ਕੋਈ ਪੜ੍ਹਾਇੰਦਾ। ਇਧਰ ਉਧਰ ਵੇਖੇ ਮੈਂ ਭੁੱਲਾ, ਸਾਚਾ ਰਾਹ ਨਜ਼ਰ ਨਾ ਆਇੰਦਾ। ਸਿਰ ਤੇ ਮਾਰੇ ਹੱਥ ਦਿਸੇ ਨਾ ਕੁੱਲਾ, ਕੁੱਲੀ ਕੱਖਾਂ ਨਾ ਕੋਇ ਬਹਾਇੰਦਾ। ਨੇਤਰ ਖੋਲ੍ਹ ਵੇਖੇ ਝੱਲਾ, ਵਿਚ ਅੱਗ ਨਾ ਕੋਇ ਟਿਕਾਇੰਦਾ। ਅੰਤਰ ਵੇਖੇ ਅੰਮ੍ਰਿਤ ਡੁੱਲਾ, ਪਿਆਲਾ ਸਰੂਰ ਨਾ ਕੋਇ ਫੜਾਇੰਦਾ। ਅੱਗੋਂ ਮਿਲੇ ਆਪ ਤਾਨ੍ਹਾ ਮੇਹਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਉਠ ਮੁਹੰਮਦ ਵੇਖ ਤਕਦੀਰ, ਤਦਬੀਰ ਦਿਤੀ ਬਦਲਾਈਆ। ਤੇਰੀ ਉਠੀ ਪੀਰ ਵਹੀਰ, ਚਾਰ ਕੁੰਟ ਨਜ਼ਰੀ ਆਈਆ। ਤੈਨੂੰ ਵੱਜਾ ਸ਼ਰਅ ਜ਼ੰਜੀਰ, ਸ਼ਰਮ ਹਯਾ ਗਵਾਈਆ। ਤੇਰੀ ਮਿਟੇ ਕਲ ਲਕੀਰ, ਫਤਵਾ ਹਰਿ ਜੂ ਦਿਤਾ ਲਾਈਆ। ਤੈਥੋਂ ਰੁਸਿਆ ਤੇਰਾ ਪੀਰ, ਮੁਰਸ਼ਦ ਦੇਵੇ ਨਾ ਕੋਇ ਵਡਿਆਈਆ। ਤੂੰ ਮੰਨ ਜਾ ਅੰਤ ਅਖੀਰ, ਏਕਾ ਮਤ ਸਮਝਾਈਆ । ਦਰ ਜਾਏ ਨੱਕ ਨਾਲ ਕੱਢ ਲਕੀਰ, ਗਿਣਤੀ ਗਣਤ ਨਾ ਕੋਇ ਗਿਣਾਈਆ। ਔਖੀ ਘਾਟੀ ਇਕ ਅਖ਼ੀਰ, ਅਖ਼ੀਰ ਚੜ੍ਹ ਜਾਈਂ ਮਿਲੇ ਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਮੁਹੰਮਦ ਉਠ ਉਠ ਬਲ ਧਾਰੇ, ਆਪਣਾ ਜ਼ੋਰ ਲਗਾਇੰਦਾ। ਵਾਹ ਵਾ ਤੇਰਾ ਖੇਲ ਮੇਰੇ ਪਰਵਰਦਿਗਾਰੇ, ਭੇਵ ਕੋਇ ਨਾ ਆਇੰਦਾ। ਮੈਂ ਆਵਾਂ ਤੇਰੇ ਦੁਆਰੇ, ਬਣ ਦਰਵੇਸ਼ ਸੇਵ ਕਮਾਇੰਦਾ। ਤੂੰ ਦੇ ਕੇ ਆਇਆ ਲਾਰੇ, ਚੌਦਾਂ ਸਦੀਆਂ ਵੰਡ ਵੰਡਾਇੰਦਾ । ਮੈਂ ਕੀਤੇ ਖੇਲ ਅਪਾਰੇ, ਆਪਣਾ ਹੁਕਮ ਸੁਣਾਇੰਦਾ। ਅੰਤਮ ਵੇਲਾ ਆਇਆ ਕਿਨਾਰੇ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਸੀਸ ਝੁਕਾਇੰਦਾ। ਤੇਰੇ ਦਰ ਝੁਕੇ ਸੀਸ, ਸਜਦਾ ਨਿਉਂ ਨਿਉਂ ਸੁਟ ਜਣਾਈਆ। ਕਿਰਪਾ ਕਰ ਹਰਿ ਜਗਦੀਸ਼, ਜੁਗਤ ਤੇਰੇ ਹੱਥ ਵਡਿਆਈਆ। ਮੈਂ ਮੰਨਾਂ ਤੇਰੀ ਹਦੀਸ, ਹਜ਼ਰਤ ਤੇਰੀ ਸ਼ਰਨਾਈਆ। ਮੈਨੂੰ ਵਖਾਲ ਨਾਲ ਸ਼ਬਦੀ ਚੀਸ, ਤੇਰਾ ਦੁੱਖ ਝੱਲਿਆ ਨਾ ਜਾਈਆ। ਸਦੀ ਚੌਧਵੀਂ ਫੜ ਫੜ ਕਹੇ ਨਾ ਲੇਟ, ਗੋਡੇ ਗਿੱਟੇ ਨਾ ਦਏ ਰਗੜਾਈਆ। ਮੇਰੀ ਛਿੱਲੀ ਗਈ ਪੀਠ, ਬੌਹੜੀ ਬੌਹੜੀ ਦਏ ਦੁਹਾਈਆ। ਮੇਰੀ ਵੇਖ ਨਾ ਪਹਿਲੀ ਨੀਤ, ਮੇਰੀ ਭੁੱਲ ਭੁੱਲ ਬਖ਼ਸ਼ਾਈਆ। ਤੋਬਾ ਤੋਬਾ ਮੈਂ ਫੇਰ ਨਾ ਜਾਵਾਂ ਵਿਚ ਮਸੀਤ, ਮੁਲਾਂ ਕੋਇ ਨਾ ਬਾਂਗ ਸੁਣਾਈਆ। ਮੈਨੂੰ ਦੱਸ ਦੇ ਆਪਣੀ ਰੀਤ, ਮੈਂ ਰਹਿਵਾਂ ਨਿਤ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਚਰਨ ਸੱਚੀ ਵਡਿਆਈਆ। ਵੇਖ ਪ੍ਰਭ ਮੈਂ ਗਿਆ ਥੱਕ, ਤੇਰਾ ਪੰਧ ਮੁਕਾਇਆ। ਛੱਡ ਦਿਆਂ ਨੱਕ ਨੱਥ, ਸ਼ਰਅ ਰਹੀ ਭੁਵਾਇਆ। ਮੈਂ ਡਿੱਗਾ ਡੂੰਘੀ ਖੱਡ, ਨਾ ਸਕੇ ਕੋਇ ਉਠਾਇਆ। ਮੇਰੇ ਬੁੱਢੇ ਹੋਏ ਹੱਡ, ਮੇਰਾ ਦੁੱਖ ਨਾ ਕੋਇ ਵੰਡਾਇਆ। ਮੈਂ ਤੇਰੀ ਉਪਜਿਆ ਯਦ, ਤੂੰ ਮੇਰਾ ਹੋ ਸਹਾਇਆ। ਪੁਰਖ ਅਬਿਨਾਸ਼ੀ ਅੱਗੋਂ ਹੋਇਆ ਗਦ ਗਦ, ਹੱਸ ਹੱਸ ਸੁਣਾਇਆ। ਮੈਂ ਸਿੰਘ ਤਾਰਾ ਲਵਾਂ ਸੱਦ, ਤੇਰਾ ਦੁਖੜਾ ਲਵਾਂ ਵੰਡਾਇਆ। ਉਹ ਪਿਛਲਾ ਚੋਰ ਠੱਗ, ਤੇਰੀ ਠੱਗੀ ਦਏ ਭੁਲਾਇਆ। ਕਰਾਂ ਖੇਲ ਆਪਣੀ ਹੱਦ, ਹਰਿਜਨ ਸਾਚੇ ਨਾਲ ਰਲਾਇਆ। ਮੁਹੰਮਦ ਕਹੇ ਮੈਂ ਤੇਰੇ ਚਰਨ ਜਾਵਾਂ ਲੱਗ, ਦੂਜੀ ਓਟ ਨਾ ਕੋਇ ਤਕਾਇਆ। ਧੰਨ ਭਾਗ ਸਿੰਘ ਤਾਰਾ ਵੰਡਾਏ ਮੇਰਾ ਅੱਧ, ਜ਼ਿਕਰ ਜ਼ਿਕਰ ਨਾਲ ਰਲਾਇਆ। ਕੌਣ ਵੇਲਾ ਹਰਿ ਜੂ ਲਵੀਂ ਕੱਢ, ਡੂੰਘੀ ਭਵਰੀ ਆਪ ਰਖਾਇਆ। ਪੁਰਖ ਅਬਿਨਾਸ਼ੀ ਰਿਹਾ ਦੱਸ, ਏਕਾ ਹਾਲ ਸੁਣਾਇਆ। ਪਹਿਲੀ ਚੇਤਰ ਆਉਣਾ ਨੱਸ, ਸਾਚਾ ਸਗਨ ਮਨਾਇਆ। ਉਥੇ ਮੇਰੇ ਭਗਤਾਂ ਦਾ ਹੋਣਾ ਇਕੱਠ, ਇਕੱਠ ਏਕਾ ਵਾਰ ਕਰਾਇਆ। ਉਥੇ ਗੋਬਿੰਦ ਹੋਣਾ ਪਰਤੱਖ, ਹਰਿ ਸਤਿਗੁਰ ਆਪ ਕਰਾਇਆ। ਕਰੇ ਖੇਲ ਪੁਰਖ ਸਮਰਥ, ਸਮਝ ਵਿਚ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਸ ਭਗਤਾਂ ਹੱਥ ਫੜਾਇਆ। ਗੁਰਮੁਖ ਤੇਰਾ ਮੀਤੜਾ, ਹਰਿ ਏਕਾ ਏਕਉਂਕਾਰ। ਕਾਇਆ ਚੋਲੀ ਰੰਗੇ ਚੀਥੜਾ, ਦੇਵੇ ਵਡਿਆਈ ਵਿਚ ਸੰਸਾਰ। ਧਾਮ ਵਖਾਏ ਇਕ ਅਨਡੀਠੜਾ, ਮਹੱਲ ਅਟੱਲ ਉਚ ਮਨਾਰ। ਜਗਤ ਸੁਣਾਏ ਏਕਾ ਗੀਤੜਾ, ਸੋਹੰ ਸ਼ਬਦ ਸ਼ਬਦ ਜੈਕਾਰ। ਨਾਤਾ ਤੁਟਾ ਮੰਦਰ ਮਸੀਤੜਾ, ਹਰਿ ਪਾਇਆ ਇਕ ਦੁਆਰ। ਹੋਇਆ ਪਤਤ ਪੁਨੀਤੜਾ, ਦੁਰਮੱਤ ਮੈਲ ਦਏ ਉਤਾਰ। ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਰਸ ਇਕ ਵਖਾਲ। ਕਲਜੁਗ ਅੰਤਮ ਅੰਤ ਬੀਤੜਾ, ਸਤਿਗੁਰ ਪੂਰਾ ਹੋਏ ਰਖਵਾਲ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਸਾਚੇ ਲਾਲ। ਮੇਰੇ ਲਾਲਨ ਲਾਲ ਪਿਆਰਿਆ, ਗੁਰਸਿਖ ਦਰਸ ਵਖਾ। ਤੇਰੇ ਨਾਮ ਵਣਜਾਰਿਆ, ਸਦਾ ਰੱਖਾਂ ਮਿਲਣ ਦਾ ਚਾਅ। ਮੈਂ ਘਰ ਘਰ ਫੇਰਾ ਮਾਰਿਆ, ਬਣ ਸੇਵਕ ਸੇਵ ਕਮਾ। ਤੂੰ ਆ ਕੇ ਦੇ ਦੀਦਾਰਿਆ, ਫੜ ਲੈ ਮੇਰੀ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋਂ ਮੰਗੇ ਪਨਾਹ। ਗੁਰਮੁਖ ਤੇਰਾ ਸਚ ਸਹਾਰਾ, ਸੋ ਪੁਰਖ ਨਿਰੰਜਣ ਆਪ ਤਕਾਇੰਦਾ। ਤੁਧ ਬਿਨ ਮਿਲੇ ਨਾ ਕੋਈ ਦੁਆਰਾ, ਘਰ ਕੋਇ ਨਜ਼ਰ ਨਾ ਆਇੰਦਾ। ਤੇਰੇ ਨਾਮ ਦਾ ਹਰਿ ਵਣਜਾਰਾ, ਗੁਰਸਿਖ ਤੇਰੇ ਗੀਤ ਗਾਇੰਦਾ। ਕਰ ਕਿਰਪਾ ਦੇ ਪ੍ਰੇਮ ਭੰਡਾਰਾ, ਸਤਿਗੁਰ ਪੂਰਾ ਅੱਗੇ ਝੋਲੀ ਡਾਹਿੰਦਾ। ਕਲਜੁਗ ਅੰਤਮ ਖੇਲ ਕੀਆ ਨਿਆਰਾ, ਆਪਣੀ ਖੇਲ ਵਖਾਇੰਦਾ। ਜਿਸ ਨੂੰ ਲੱਭਦੇ ਰਹੇ ਸਚਖੰਡ ਦੁਆਰਾ, ਸੋ ਸਚਖੰਡ ਨਿਵਾਸੀ ਗੁਰਸਿਖਾਂ ਘਰ ਘਰ ਵੇਖ ਵਖਾਇੰਦਾ। ਰਾਤੀਂ ਸੁਤਿਆਂ ਦੇਵੇ ਪਹਿਰਾ, ਠੱਗ ਚੋਰ ਯਾਰ ਕੋਈ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਮੇਲ ਮਿਲਾਇੰਦਾ। ਗੁਰਸਿਖ ਤੇਰੀ ਮਹਿਮਾ ਅਕੱਥ, ਬ੍ਰਹਮਵੇਤਾ ਕਥ ਨਾ ਸਕੇ ਰਾਈਆ । ਗੁਰਮੁਖ ਤੇਰਾ ਅਗੰਮੀ ਰਥ, ਸਤਿਗੁਰ ਪੂਰਾ ਆਪ ਚਲਾਈਆ। ਗੁਰਮੁਖ ਤੇਰਾ ਨਾਮ ਵਥ, ਵਸਤ ਅਮੋਲਕ ਹਰਿ ਵਰਤਾਈਆ। ਗੁਰਮੁਖ ਤੇਰਾ ਪ੍ਰੇਮ ਰਸ, ਦੋ ਜਹਾਨ ਮਿੱਠਾ ਤੱਤ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰੇ ਹੋਇਆ ਵਸ, ਮੇਰੀ ਚਲੀ ਨਾ ਕੋਇ ਚਤੁਰਾਈਆ। ਸੋਹੰ ਸ਼ਬਦ ਦੱਸ ਕੇ ਗਿਆ ਫਸ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ। ਚਾਰ ਕੁੰਟ ਨਾਂ ਸਕਾ ਨੱਸ, ਤੇਰਾ ਪ੍ਰੇਮ ਘੇਰਾ ਪਾਈਆ। ਅੰਤਮ ਬਹਿ ਗਿਆ ਕਰ ਕੇ ਬਸ, ਝੱਲੀ ਜਾਏ ਨਾ ਤੇਰੀ ਜੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਦਾ ਸੰਗ ਰਖਾਈਆ। ਗੁਰਸਿਖ ਕਹੇ ਮੈਂ ਨਹੀਂ ਮੰਨਦਾ, ਤੂੰ ਅਛਲ ਅਛੱਲ ਅਖਵਾਇਆ। ਜੁਗਾ ਜੁਗੰਤਰ ਸਭ ਨੂੰ ਡੰਨਦਾ, ਜੋ ਘੜਿਆ ਭੰਨ ਵਖਾਇਆ। ਕੋਟਾਂ ਵਿਚੋਂ ਇਕ ਦਾ ਬੇੜਾ ਬੰਨਦਾ, ਧਰੂ ਪ੍ਰਹਿਲਾਦ ਰਿਹਾ ਸੁਣਾਇਆ। ਜੁਗੋ ਜੁਗੰਤ ਆਪਣਾ ਨਾਮ ਸੁਨੇਹੁੜਾ ਘੱਲਦਾ, ਆਪਣਾ ਫੇਰਾ ਕਦੇ ਨਾ ਪਾਇਆ। ਸਦਾ ਸਦਾ ਸਦ ਰਿਹਾ ਛਲਦਾ, ਅਛਲ ਅਛੱਲ ਖੇਲ ਕਰਾਇਆ। ਮੈਂ ਕੀ ਜਾਣਾ ਤੂੰ ਮੇਰੇ ਵਲ ਦਾ, ਮੇਰਾ ਸੰਗ ਨਿਭਾਇਆ। ਪੁਰਖ ਅਬਿਨਾਸ਼ੀ ਕਹੇ ਮੈਂ ਕਰਾਂ ਖੇਲ ਘੜੀ ਘੜੀ ਪਲ ਪਲ ਦਾ, ਆਪਣੀ ਸੇਵ ਕਮਾਇਆ। ਮੈਂ ਰਾਤੀਂ ਸੁਤਿਆਂ ਤੁਹਾਡੇ ਪਾਸੇ ਥੱਲਦਾ, ਆਪਣਾ ਦਰਸ ਵਖਾਇਆ। ਮੈਂ ਤੁਹਾਡੇ ਪ੍ਰੇਮ ਅੰਦਰ ਵਿਚ ਲੋਕਮਾਤ ਪਲਦਾ, ਹੋਰ ਖਾਣਾ ਪੀਣਾ ਮੋਹੇ ਕੁਛ ਨਾ ਭਾਇਆ। ਮੈਂ ਜੋਤੀ ਅੰਦਰ ਜੋਤ ਰਲਦਾ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਦਾ ਸਦ ਸਦ ਵਡਿਆਈਆ।
