੧੨ ਮਾਘ ੨੦੧੮ ਬਿਕਰਮੀ ਦੀਦਾਰ ਸਿੰਘ ਦੇ ਘਰ ਬਾਬੂ ਪੁਰਾ
ਆਦਿ ਜੁਗਾਦਿ ਮੇਰਾ ਸਤਿ ਵਿਹਾਰਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਸਰਗੁਣ ਖੇਲ ਨਿਆਰਾ, ਨਿਰਾਕਾਰ ਆਪ ਕਰਾਇੰਦਾ। ਮਹੱਲ ਅਟੱਲ ਉਚ ਮਨਾਰਾ, ਸੋਭਾਵੰਤ ਸੁਹਾਇੰਦਾ। ਨੂਰ ਨੁਰਾਨਾ ਪਰਵਰਦਿਗਾਰਾ, ਬੇਐਬ ਵੇਸ ਵਟਾਇੰਦਾ। ਮੁਕਾਮੇ ਹੱਕ ਸਾਂਝਾ ਯਾਰਾ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਦਿ ਜੁਗਾਦਿ ਖੇਲ ਅਵੱਲਾ, ਹਰਿ ਏਕਾ ਏਕ ਜਣਾਈਆ। ਜੁਗ ਜੁਗ ਫੜਾਵਾਂ ਆਪਣਾ ਪੱਲਾ, ਏਕਾ ਬੰਧਨ ਪਾਈਆ। ਸਚ ਸੰਦੇਸ਼ਾ ਹਰਿ ਹਰਿ ਘੱਲਾ, ਨਾਮ ਨਾਮ ਵਡਿਆਈਆ। ਗ੍ਰਹਿ ਗ੍ਰਹਿ ਮੰਦਰ ਆਪੇ ਰਲਾ, ਘਰ ਘਰ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਈਆ। ਆਦਿ ਜੁਗਾਦਿ ਮੇਰੀ ਧਾਰ, ਮੇਰਾ ਰੰਗ ਵਖਾਈਆ। ਸੇਵਾ ਲਾ ਗੁਰ ਅਵਤਾਰ, ਸਾਚੀ ਸੇਵ ਸਮਝਾਈਆ। ਏਕਾ ਨਾਮ ਦੇ ਆਧਾਰ, ਲੋਕਮਾਤ ਪਰਗਟਾਈਆ। ਅੱਠੇ ਪਹਿਰ ਦਰਸ ਦੀਦਾਰ, ਨੂਰ ਨੂਰ ਦਰਸਾਈਆ। ਚਰਨ ਧੂੜੀ ਧੂੜੀ ਛਾਰ, ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਦਿ ਜੁਗਾਦਿ ਖੇਲ ਅਪਾਰਾ, ਜੁਗ ਜੁਗ ਆਪ ਕਰਾਇੰਦਾ। ਜਾਗਰਤ ਜੋਤ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਰੂਪ ਰੰਗ ਨਾ ਕੋਇ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਨਾ ਭੇਵ ਕੋਇ ਜਣਾਇੰਦਾ। ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਸ਼ੁਕਰ ਮਨਾਇੰਦਾ। ਕਰੇ ਕਰਾਏ ਆਪਣੀ ਕਾਰਾ, ਕਰਤਾ ਪੁਰਖ ਆਪਣੀ ਖੇਲ ਕਰਾਇੰਦਾ। ਨਾ ਕੋਈ ਰੱਖੇ ਮਦਦਗਾਰਾ, ਆਪਣਾ ਬਲ ਆਪ ਧਰਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਦੱਸੇ ਕਰਤਾਰ, ਹਰਿ ਸੱਚਾ ਵੱਡਾ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਵੇਸ ਅਨੇਕ ਧਰਾਈਆ। ਕਲਜੁਗ ਮੰਗੀ ਮੰਗ ਭਿਖਾਰ, ਦਰ ਆਪਣੀ ਝੋਲੀ ਡਾਹੀਆ। ਹਰਿ ਜੂ ਦੇਣਾ ਸਚ ਭੰਡਾਰ, ਏਕਾ ਵਸਤ ਵਰਤਾਈਆ। ਮੈਂ ਛੋਟਾ ਬਾਲਾ ਬਾਲੀ ਬੁੱਧ ਤੇਰੀ ਜਾਣਾ ਨਾ ਸਾਰ, ਮੇਰੀ ਚਲੇ ਨਾ ਕੋਇ ਚਤੁਰਾਈਆ। ਆਪਣੀ ਗੋਦੋਂ ਦਿਤਾ ਉਠਾਲ, ਲੋਕਮਾਤ ਬਹਾਈਆ। ਧਰਤ ਮਾਤ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਕਲਜੁਗ ਉਠਿਆ ਛੋਟਾ ਬਾਲਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰਾ ਖੇਲ ਜਗਤ ਨਿਰਾਲਾ, ਮੈਂ ਅਨਜਾਣ ਭੇਵ ਨਾ ਆਇੰਦਾ। ਏਕਾ ਮਾਰਗ ਦੱਸ ਸੁਖਾਲਾ, ਤੇਰਾ ਵਿਛੋੜਾ ਝੱਲਿਆ ਨਾ ਜਾਇੰਦਾ। ਜੁਗ ਜੁਗ ਚਲੀ ਅਵੱਲੜੀ ਚਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚੇ ਸੁਤ ਛੋਟੇ ਬਾਲ, ਬਾਲੀ ਬੁੱਧ ਜਣਾਈਆ। ਮੇਰਾ ਜਲਵਾ ਨੂਰ ਜਲਾਲ, ਨੂਰੋ ਨੂਰ ਰੁਸ਼ਨਾਈਆ। ਖੇਲਾਂ ਖੇਲ ਦੋ ਜਹਾਨ, ਅਵਣ ਗਵਣ ਸਮਾਈਆ। ਤ੍ਰੈਭਵਨ ਦੇਵਾਂ ਏਕਾ ਦਾਨ, ਤ੍ਰੈ ਤ੍ਰੈ ਬੂਝ ਬੁਝਾਈਆ। ਤੇਰਾ ਲੇਖਾ ਨਿਗਹਬਾਨ, ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਈਆ। ਆਪਣਾ ਰਾਹ ਦੱਸੇ ਮੌਲਾ, ਆਪਣੀ ਮਿਹਰ ਕਮਾਇੰਦਾ। ਤੇਰੇ ਨਾਲ ਕੀਤਾ ਕੌਲਾ, ਤੇਰਾ ਦੁੱਖ ਵੰਡਾਇੰਦਾ। ਤੂੰ ਉਪਰ ਜਾਣਾ ਧਰਨੀ ਧਵਲਾ, ਧਰਤ ਤੇਰੀ ਸੇਜ ਸੁਹਾਇੰਦਾ। ਤੂੰ ਉਚੀ ਕੂਕ ਕੂਕ ਰੌਲਾ ਪੌਣਾ, ਏਕਾ ਹੁਕਮ ਮਨਾਇੰਦਾ। ਜੂਠ ਝੂਠ ਢੋਲਾ ਗਾਉਣਾ, ਏਕਾ ਢੰਗ ਸਮਝਾਇੰਦਾ। ਪਹਿਲਾ ਬੋਲਾ ਸਰਬ ਭੁਲਾਉਣਾ, ਹਰਿ ਹਰਿ ਨਾਮ ਹੱਟ ਨਾ ਕਿਸੇ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਕਲਜੁਗ ਉਠ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਮੈਂ ਇਕੱਲਾ ਕੀ ਕਰਾਂ ਵਿਚ ਸੰਸਾਰ, ਮੇਰੀ ਚਲੇ ਨਾ ਕੋਈ ਵਡਿਆਈਆ। ਇਕ ਦੇ ਦੇ ਮਦਦਗਾਰ, ਜਿਸ ਨਾਲ ਮਤਾ ਪਕਾਈਆ । ਤੇਰਾ ਲਹਿਣਾ ਦੇਵਾਂ ਕਰਜ਼ ਉਤਾਰ, ਪ੍ਰਭ ਮੇਰੇ ਸੱਚੇ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਖੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਦਇਆ ਕਮਾਇੰਦਾ। ਕਲਜੁਗ ਤੇਰੇ ਸਿਰ ਤੇ ਏਕਾ ਤਾਜ, ਸਾਚਾ ਹੁਕਮ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਰਚ ਕਾਜ, ਸੱਤਾਂ ਦੀਪਾਂ ਨਾਲ ਮਿਲਾਇੰਦਾ। ਇਕੋ ਇਕ ਮਾਰ ਅਵਾਜ਼, ਕੂੜੀ ਕਿਰਿਆ ਬੰਧਨ ਪਾਇੰਦਾ। ਮਾਇਆ ਮਮਤਾ ਤੇਰਾ ਖਾਜ, ਤੇਰੀ ਤ੍ਰਿਸ਼ਨਾ ਭੁੱਖ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਇੰਦਾ। ਤਾਜ ਰੱਖ ਨਾ ਚੜ੍ਹੇ ਚਾਅ, ਕਲਜੁਗ ਰੋ ਰੋ ਦਏ ਦੁਹਾਈਆ । ਇਕ ਇਕੱਲਾ ਕੀ ਕਰਾਂ ਜਾ, ਬਲ ਆਪਣਾ ਨਾ ਕੋਇ ਵਖਾਈਆ। ਪੁਰਖ ਅਬਿਨਾਸੀ ਹੋ ਸਹਾ, ਏਕਾ ਗੁਣ ਸਮਝਾਈਆ। ਤੇਰਾ ਮਦਦਗਾਰ ਦੇਵਾਂ ਬਣਾ, ਅਥਰਬਣ ਏਕਾ ਅੱਖ ਖੁਲ੍ਹਾਈਆ। ਐੜਾ ਨਾਲੋਂ ਲਵਾਂ ਲਾਹ, ਪਹਿਲਾ ਅੰਕ ਸਮਝਾਈਆ। ਨਿਰਗੁਣ ਸਰਗੁਣ ਖੇਲ ਕਰਾ, ਖੇਲਾਂ ਖੇਲ ਵਡ ਵਡਿਆਈਆ। ਏਕਾ ਨਾਅਰਾ ਦਿਆਂ ਜਣਾ, ਏਕਾ ਢੋਲਾ ਗਾਈਆ। ਆਪਣਾ ਨਾਉਂ ਲਵਾਂ ਵਟਾ, ਅੱਲਾ ਆਲਮੀਨ ਰੁਸ਼ਨਾਈਆ। ਪੰਜ ਤੱਤ ਦੇਵਾਂ ਏਕਾ ਥਾਂ, ਏਕਾ ਘਰ ਵਖਾਈਆ। ਚਾਰੇ ਅੱਖਰ ਮੇਲ ਮਿਲਾ, ਅਹਿਮਦ ਨਾਉਂ ਧਰਾਈਆ। ਅਹਿਮਦ ਮੋੜਾ ਆਪੇ ਪਾ, ਚਾਰੇ ਅੱਖਰ ਵੰਡ ਵੰਡਾਈਆ। ਚੌਥੇ ਜੁਗ ਮੁਹੰਮਦ ਖੇਲ ਕਰਾ, ਚਾਰੇ ਬੰਧਨ ਪਾਈਆ। ਚਾਰੋਂ ਕੁੰਟ ਨੌਬਤ ਦਿਆਂ ਵਜਾ, ਏਕਾ ਨਾਦ ਸੁਣਾਈਆ। ਸਭ ਦੀ ਆਬਰੂ ਦਿਆਂ ਮਿਟਾ, ਇਜ਼ਤ ਕਿਸੇ ਰਹਿਣ ਨਾ ਪਾਈਆ। ਤੇਰਾ ਮੇਲਾ ਸਹਿਜ ਸੁਭਾ, ਘਰ ਸਾਚੇ ਦਿਆਂ ਕਰਾਈਆ। ਇਕ ਦੂਜੇ ਨੂੰ ਮਿਲਣ ਫੜ ਫੜ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੱਗੋਂ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਇਆ। ਕਵਣ ਵੇਲਾ ਚਾੜ੍ਹੇ ਰੰਗ, ਮੇਰਾ ਤਨ ਸੁਹਾਇਆ। ਕਵਣ ਵਕਤ ਵੱਜੇ ਮਰਦੰਗ, ਮੁਹੰਮਦ ਬੰਧਨ ਪਾਇਆ। ਕਵਣ ਵੇਲਾ ਤਰੀਕੀ ਚੰਦ, ਕਲਮਾ ਕਲਾਮ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਰੂਪ ਖੇਲ ਕਰਾਇਆ। ਖੇਲ ਕਰਾਂ ਅਪਰ ਅਪਾਰ, ਹਰਿ ਸਾਚਾ ਸਚ ਜਣਾਈਆ। ਪਹਿਲਾ ਏਕਾ ਕਰ ਤਿਆਰ, ਦੂਜਾ ਤੀਜਾ ਵਿਚ ਛੁਪਾਈਆ। ਏਕਾ ਚੌਕਾ ਕਰ ਪਰਧਾਨ, ਚਾਰ ਚਾਰ ਵੰਡ ਵੰਡਾਈਆ। ਏਕਾ ਚੌਕਾ ਇਕ ਨਿਸ਼ਾਨ, ਦੋਹਾਂ ਮੇਲ ਮਿਲਾਈਆ। ਚੌਦਾਂ ਚੌਦਾਂ ਹੋ ਪਰਧਾਨ, ਦੇਵੇ ਮਾਣ ਵਡਿਆਈਆ। ਮੁਹੰਮਦ ਲੁਕਿਆ ਜ਼ਿਮੀ ਅਸਮਾਨ, ਅੱਧਵਿਚਕਾਰ ਫਿਰਾਈਆ। ਖੇਲੇ ਖੇਲ ਬੀ ਮਹਿਬਾਨ, ਬੀਦੋ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਚੌਦਾਂ ਚੌਦਾਂ ਖੇਲ ਅਪਾਰਾ, ਹਰਿ ਹਰਿ ਆਪ ਜਣਾਇੰਦਾ। ਆਦਿ ਸਿਫ਼ਰਾ ਅੰਤ ਸਿਫ਼ਰਾ ਖੇਲੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਦੋਹਾਂ ਸਿਫ਼ਰਾ ਬਣ ਵਣਜਾਰਾ, ਚੌਦਾਂ ਹੱਟ ਵਿਕਾਇੰਦਾ। ਚੌਦਾਂ ਅੱਗੇ ਰੱਖੇ ਧਾਰਾ, ਸਿਫ਼ਰ ਸਿਫ਼ਰ ਨਾਲ ਮਿਲਾਇੰਦਾ। ਏਕਾ ਚੌਦਸ ਕਰ ਤਿਆਰਾ, ਬਰਸ ਬਰਸ ਵੰਡ ਵੰਡਾਇੰਦਾ। ਅੰਤਮ ਕਰੇ ਪਾਰ ਕਿਨਾਰਾ, ਤੇਰਾ ਲਹਿਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚਾ ਰਾਹ ਵਖਾਇੰਦਾ । ਕਲਜੁਗ ਅੰਤਮ ਚੜ੍ਹਿਆ ਚਾਅ, ਮਨ ਮਨ ਵਿਚ ਵੱਜੀ ਵਧਾਈਆ। ਧੰਨ ਸੁਭਾਗ ਮੇਲਾ ਲਏ ਮਿਲਾ, ਘਰ ਸੱਚੇ ਮੇਰੇ ਮਾਹੀਆ। ਦਰਗਹਿ ਦੀਆ ਸੱਚਾ ਥਾਂ, ਧੁਰਦਰਗਾਹੀ ਸੱਚੇ ਸਾਈਂਆ। ਨੇਤਰ ਨੈਣ ਦਰਸ ਦੇਣਾ ਕਰਾ, ਦੀਦ ਈਦ ਚੰਦ ਚੜ੍ਹਾਈਆ। ਮੈਂ ਤੱਕਾਂ ਤੇਰਾ ਰਾਹ, ਬਣ ਬਣ ਪਾਂਧੀ ਰਾਹੀਆ। ਤੇਰਾ ਹੁਕਮ ਮੰਨਾਂ ਬੇਪਰਵਾਹ, ਭੁੱਲ ਕਦੇ ਨਾ ਜਾਈਆ। ਸ੍ਰਿਸ਼ਟ ਸਬਾਈ ਝੂਠੇ ਧੰਦੇ ਦੇਵਾਂ ਲਾ, ਤੇਰਾ ਨਾਉਂ ਭੁਲਾਈਆ। ਮੂੰਹ ਵਿਚ ਰਖਾਵਾਂ ਸੂਰ ਗਾਂ, ਬਣ ਬਣ ਜਗਤ ਕਸਾਈਆ। ਤੇਰੇ ਜੀਵਾਂ ਉਤੇ ਛੁਰੀ ਬਿਨ ਤੇਰੇ ਦੇਵਾਂ ਫਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡ ਆਪ ਵੰਡਾਈਆ। ਕਲਜੁਗ ਕਹੇ ਦੇਣਾ ਬਲ ਅਪਾਰ, ਬਲਧਾਰੀ ਦਇਆ ਕਮਾਈਆ। ਮੈਂ ਵੇਖਾਂ ਜਾ ਸੰਸਾਰ, ਤੇਰੀ ਮਾਤ ਲੋਕਾਈਆ। ਏਕਾ ਵਸਤ ਵੰਡਾਂ ਆਪਣੀ ਵਾਰ, ਘਰ ਘਰ ਫੇਰਾ ਪਾਈਆ। ਦਰ ਦਰ ਭਰਾਂ ਕੂੜ ਭੰਡਾਰ, ਜੂਠ ਝੂਠ ਨਾਲ ਰਲਾਈਆ। ਆਸਾ ਤ੍ਰਿਸ਼ਨਾ ਦੇ ਆਧਾਰ, ਮਾਇਆ ਮਮਤਾ ਮੋਹ ਵਧਾਈਆ। ਹਉਮੇ ਹੰਗਤਾ ਗੜ੍ਹ ਕਰ ਤਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਵਸਾਈਆ। ਜੀਵ ਜੰਤ ਬਣਾਵਾਂ ਨਾਰ ਵਿਭਚਾਰ, ਸਾਚੀ ਸੇਜ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰਾਉਣਾ ਆਪ, ਮੇਰੇ ਸਾਹਿਬ ਸੱਚੇ ਹਰਿ ਸਾਈਂਆ। ਮੇਰਾ ਵਧਾਉਣਾ ਮਾਤ ਪਰਤਾਪ, ਬੇਪਰਵਾਹ ਮੇਰੇ ਗੋਸਾਈਂਆ। ਮੈਂ ਨੌਂ ਖੰਡ ਪ੍ਰਿਥਮੀ ਕਰਾਵਾਂ ਪਾਪ, ਛੁਰੀਆਂ ਵਖਾਵਾਂ ਹੱਥ ਕਸਾਈਆ। ਨਾਤਾ ਤੋੜਾਂ ਪੂਤ ਬਾਪ, ਮਾਤਾ ਪ੍ਰੇਮ ਨਾ ਕੋਇ ਰਖਾਈਆ। ਸਭ ਨੂੰ ਭੁਲਾਵਾਂ ਤੇਰਾ ਜਾਪ, ਜੂਠ ਝੂਠ ਦੇਣ ਗਵਾਹੀਆ। ਕਾਇਆ ਚੋਲਾ ਸਭ ਦਾ ਜਾਏ ਪਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਏਕਾ ਮੰਗ ਮੰਗਾਈਆ। ਆਪਣਾ ਬਲ ਦੇ ਕਰਤਾਰ, ਬਲਹੀਣ ਮੰਗ ਮੰਗਾਇੰਦਾ। ਮੈਂ ਵੇਖਾਂ ਤੇਰਾ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕੀ ਕੀ ਖੇਲ ਕਰਾਇੰਦਾ। ਹੁਣ ਆਈ ਮੇਰੀ ਵਾਰ, ਮੈਂ ਆਪਣਾ ਰੰਗ ਚੜ੍ਹਾਇੰਦਾ। ਮੈਂ ਆਪਣੀ ਗੋਦੀ ਚੁੱਕਾਂ ਗੁਰ ਅਵਤਾਰ, ਫੜ ਫੜ ਸਾਚਾ ਫਤਵਾ ਲਾਇੰਦਾ । ਜਿਹੜਾ ਤੇਰਾ ਨਾਉਂ ਲਏ ਪੁਕਾਰ, ਉਸ ਦੀ ਪੁੱਠੀ ਖੱਲ ਲੁਹਾਇੰਦਾ। ਜਿਹੜਾ ਮੰਗੇ ਤੇਰਾ ਦੀਦਾਰ, ਉਸ ਨੂੰ ਲੋਹਾਂ ਉਤੇ ਬਹਾਇੰਦਾ। ਜਿਹੜਾ ਕਹੇ ਮੇਰਾ ਯਾਰ, ਉਸ ਦਾ ਸੀਸ ਧੜ ਅੱਡ ਕਰਾਇੰਦਾ। ਜਿਹੜਾ ਕਹੇ ਪੁਰਖ ਅਕਾਲ, ਉਸ ਦੇ ਬੱਚੇ ਨੀਹਾਂ ਹੇਠ ਦਬਾਇੰਦਾ। ਆਪਣਾ ਕਰਾਂ ਹੱਲ ਸਵਾਲ, ਫਿਰ ਤੇਰਾ ਵਾਸਤਾ ਪਾਇੰਦਾ। ਮੈਂ ਘਾਲਣ ਆਵਾਂ ਘਾਲ, ਲੋਕਮਾਤ ਸੇਵ ਕਮਾਇੰਦਾ। ਇਕੋ ਬਣਨਾ ਤੂੰ ਦਲਾਲ, ਮੈਂ ਸਾਚੀ ਮੰਗ ਮੰਗਾਇੰਦਾ। ਮੇਰਾ ਕਰਮ ਵੇਖੀਂ ਹੱਕ ਹਲਾਲ, ਝੂਠ ਝੂਠ ਨਾਲ ਮਿਲਾਇੰਦਾ। ਕਿਸੇ ਪੱਤ ਰਹਿਣ ਨਾ ਦੇਵਾਂ ਡਾਲ, ਸਭ ਦੀ ਜੜ੍ਹ ਉਖੜਾਇੰਦਾ। ਮੈਂ ਨਿੱਕਾ ਤੇਰਾ ਬਾਲ, ਚੌਥੇ ਜੁਗ ਫੇਰੀ ਪਾਇੰਦਾ। ਮੇਰੇ ਨਾਲ ਦੇ ਦੇ ਕਾਲ, ਕਾਲ ਨਗਾਰਾ ਸਭ ਦੇ ਸਿਰ ਤੇ ਆਪ ਵਜਾਇੰਦਾ। ਕੋਈ ਦਿਸੇ ਨਾ ਮਾਤ ਖ਼ੁਸ਼ਹਾਲ, ਰਾਓ ਰੰਕ ਸਰਬ ਰਵਾਇੰਦਾ। ਸਾਧ ਸੰਤ ਕਰਾਂ ਬੇਹਾਲ, ਸੁਰਤੀ ਸੁਰਤ ਭੁਵਾਇੰਦਾ। ਤ੍ਰੈਗੁਣ ਮਾਇਆ ਪਾ ਜੰਜਾਲ, ਲੱਖ ਚੁਰਾਸੀ ਬੰਨ੍ਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਗੁਣ ਸਮਝਾਇੰਦਾ। ਕਲਜੁਗ ਸੁਣ ਬਾਲੇ ਨਿੱਕੇ, ਨਿੱਕੀ ਨਿੱਕੀ ਗੁਫ਼ਤਾਰ ਸੁਣਾਈਆ। ਤੇਰੇ ਹੱਥ ਫੜਾਏ ਝੂਠੇ ਸਿਕੇ, ਲੋਕਮਾਤ ਚਲਾਈਆ। ਰਾਜ ਰਾਜਾਨਾਂ ਲਾਉਣੇ ਟਿੱਕੇ, ਕੂੜੀ ਕਿਰਿਆ ਇਕ ਛਾਹੀਆ। ਰਸ ਕਰਨੇ ਸਾਰੇ ਫਿਕੇ, ਮਿੱਠਾ ਨਜ਼ਰ ਕੋਇ ਨਾ ਆਈਆ। ਕਾਗਜ਼ ਕਾਲੇ ਕਰਨੇ ਚਿੱਟੇ, ਵਾਰਤਾ ਵਾਰਤਲਾਪ ਸਮਝਾਈਆ। ਜੀਵ ਜੰਤ ਸਾਰੇ ਰੋਵਣ ਕੂਕ ਕੂਕ ਸੁਣਾਈਆ। ਨੌਂ ਖੰਡ ਪ੍ਰਿਥਮੀ ਤੇਰੇ ਕਿਤੇ, ਸੱਤ ਦੀਪ ਤੇਰੀ ਸ਼ਰਨਾਈਆ। ਲੱਖ ਚੁਰਾਸੀ ਤੇਰੀ ਚੱਕੀ ਪੀਸੇ, ਪੀਸਨ ਪੀਸ ਸੇਵ ਕਮਾਈਆ। ਸਭ ਦੇ ਕਰਨੇ ਖ਼ਾਲੀ ਖ਼ੀਸੇ, ਨਾਮ ਧੰਨ ਦੌਲਤ ਨਾ ਕੋਇ ਰਖਾਈਆ। ਤੇਰਾ ਵੇਲਾ ਫੇਰ ਛੇਤੀ ਬੀਤੇ, ਹਰਿ ਜੂ ਲਏ ਮਿਲਾਈਆ। ਗੁਰ ਅਵਤਾਰ ਧਰਨ ਅੰਗੀਠੇ, ਕਲਜੁਗ ਅਗਨੀ ਅੱਗ ਲਗਾਈਆ। ਕੋਟਨ ਕੋਟ ਕਾਲ ਪਿਛੇ ਬੀਤੇ, ਅੱਗੇ ਵੇਲਾ ਦਿਆਂ ਸਮਝਾਈਆ। ਆਪ ਚਲਾਵਾਂ ਆਪਣੀ ਰੀਤੇ, ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਣ ਦਲਾਲ ਦਇਆ ਕਮਾਈਆ। ਕਲਜੁਗ ਘਾਲੇ ਆਪਣੀ ਘਾਲ, ਹਰਿ ਸਾਚਾ ਸਚ ਜਣਾਇੰਦਾ। ਹਰਿ ਜੂ ਅੰਤਮ ਵੇਖੇ ਆਣ, ਨਿਰਗੁਣ ਰੂਪ ਵਟਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਆਪਣਾ ਰੰਗ ਰੰਗਾਇੰਦਾ। ਤੇਰਾ ਵੇਖੇ ਝੂਠ ਮਕਾਨ, ਚਾਰੋਂ ਕੁੰਟ ਫੇਰਾ ਪਾਇੰਦਾ। ਏਕਾ ਚੌਕਾ ਕਰ ਪਰਧਾਨ, ਚਾਰ ਚਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਆਪ ਮਿਲਾਇੰਦਾ। ਅੰਤਮ ਮੇਲ ਮਿਲਾਏ ਆਣ, ਮਿਲਣਹਾਰ ਕਰਤਾਰਾ। ਕਰੇ ਖੇਲ ਦੋ ਜਹਾਨ, ਦੋਏ ਦੋਏ ਰੂਪ ਨਿਰਾਕਾਰਾ। ਲੱਖ ਚੁਰਾਸੀ ਵੇਖ ਕੂੜ ਪਰਧਾਨ, ਕੂੜੋ ਕੂੜ ਜਗਤ ਪਸਾਰਾ। ਆਪਣੀ ਵੰਡ ਵੰਡੇ ਆਣ, ਅਲਖ ਅਗੋਚਰ ਅਗੰਮ ਅਪਾਰਾ। ਬਹੱਤਰ ਨਾੜੀ ਦਿਤਾ ਦਾਨ, ਪੰਜ ਤੱਤ ਕਾਇਆ ਵੱਜੇ ਤਾੜਾ। ਬਹੱਤਰ ਭਗਤ ਕਰੇ ਪਰਵਾਨ, ਦੇਵੇ ਨਾਮ ਅਧਾਰਾ। ਸਤਿ ਸਤਿਵਾਦੀ ਨੌਜਵਾਨ, ਸਿਫ਼ਰ ਵਖਾਏ ਸਰਬ ਸੰਸਾਰਾ। ਸੱਤਰਾਂ ਕਰੇ ਆਪ ਕਲਿਆਣ, ਗੁਰ ਗੋਬਿੰਦ ਮੀਤ ਮੁਰਾਰਾ। ਸਾਤਾ ਚੌਕਾ ਇਕ ਨਿਸ਼ਾਨ, ਸਤਿ ਸਤਿਵਾਦੀ ਚੌਥੇ ਘਰ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਸਾਤਾ ਚੌਕਾ ਜੋੜ ਅੰਕ, ਅੰਕ ਨਾਲ ਮਿਲਾਈਆ। ਚੌਹੱਤਰਾਂ ਮੇਲਾ ਏਕਾ ਬੰਕ, ਏਕਾ ਘਰ ਸਮਝਾਈਆ। ਨਾਮ ਨਿਧਾਨਾ ਲਾਏ ਡੰਕ, ਇਕ ਆਵਾਜ਼ ਸੁਣਾਈਆ। ਜਿਸ ਨੇ ਖੇਲ ਰਚਿਆ ਆਦਿ ਸੋ ਵੇਖਣਹਾਰਾ ਅੰਤ, ਬੇਅੰਤ ਬੇਪਰਵਾਹੀਆ। ਆਪਣਾ ਨਾਉਂ ਜਣਾਏ ਏਕਾ ਮੰਤ, ਸੋਹੰ ਸ਼ਬਦ ਸੱਚੀ ਪੜ੍ਹਾਈਆ । ਤੇਰੇ ਅੰਤ ਕਰਨ ਦੀ ਸਾਚੀ ਬੰਤ, ਆਪੇ ਲਏ ਬਣਾਈਆ। ਲੋਕਮਾਤ ਬਣਾਏ ਸਾਚੀ ਸੰਗਤ, ਹਰਿ ਸੰਗਤ ਨਾਉਂ ਰਖਾਈਆ। ਸਚ ਦਰਬਾਰ ਬਣਾਏ ਜਨਤ, ਸਵਰਗ ਜਨਤ ਦੋਵੇਂ ਰਹੇ ਸ਼ਰਮਾਈਆ। ਉਪਰ ਬੈਠੇ ਹਰਿ ਜੂ ਕੰਤ, ਸਚ ਸਿੰਘਾਸਣ ਸੋਭਾ ਪਾਈਆ। ਥੱਲੇ ਰੱਖੇ ਆਪਣੇ ਭਗਤ ਦੇਵੇ ਮਾਣ ਵਡਿਆਈਆ। ਕਲਜੁਗ ਤੇਰੀ ਝੋਲੀ ਪਾਏ ਜਗਤ, ਲੱਖ ਚੁਰਾਸੀ ਵੰਡ ਵੰਡਾਈਆ। ਆਪਣੀ ਕਿਸੇ ਨਾ ਵਖਾਏ ਹਰਕਤ, ਰੂਪ ਰੰਗ ਰੇਖ ਨਾ ਕੋਇ ਧਰਾਈਆ। ਤੇਰੇ ਵਿਚੋਂ ਆਪਣੇ ਭਗਤ ਕੱਢੇ ਤੇਰੀ ਬਰਕਤ, ਤੇਰੀ ਰੱਤ ਨਚੋੜ ਵਖਾਈਆ। ਜਿਨ੍ਹਾਂ ਵਿਚ ਨਾ ਰੱਖੇ ਕੋਈ ਸ਼ਿਰਕਤ, ਲਾਸ਼ਰੀਕ ਇਕ ਖ਼ੁਦਾਈਆ। ਬਾਕੀ ਸਭ ਕੋਲੋਂ ਕਰੇ ਨਫ਼ਰਤ, ਆਪਣਾ ਮੁਖ ਭੁਵਾਈਆ। ਕਲਜੁਗ ਵੇਲੇ ਅੰਤ ਸਭ ਨੂੰ ਪਾਏ ਗ਼ਫ਼ਲਤ, ਗੂੜੀ ਨੀਂਦ ਸਵਾਈਆ। ਕਰੇ ਖੇਲ ਹਾਜ਼ਰ ਹਜ਼ੂਰ ਹਜ਼ਰਤ, ਆਪਣੇ ਭਗਤਾਂ ਹਾਜ਼ਰੀ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਬੰਨ੍ਹੇ ਧੜਤ, ਧੜਵਾਈ ਮੁਹੰਮਦ ਨਾਲ ਰਲਾਈਆ। ਅੰਤਮ ਲੁਟੇ ਦੁਕਾਨ ਕੋਈ ਮਿਲੇ ਨਾ ਆੜਤ, ਵਹੀ ਖਾਤਾ ਸਭ ਦਾ ਦਏ ਗਵਾਈਆ। ਜਿਸ ਨੇ ਘੜਿਆ ਘਾੜਤ, ਸੋ ਭੰਨਣਹਾਰ ਆਈਆ। ਗੁਰਸਿਖ ਹਰਿਜਨ ਹਰਿਭਗਤ ਮੇਰੀ ਅਮਾਨਤ, ਤੇਰੇ ਵਿਚ ਰਖਾਈਆ। ਤੈਨੂੰ ਮਾਤਲੋਕ ਘੱਲਣ ਤੋਂ ਪਹਿਲੋਂ ਦਿਤੀ ਜਮਾਨਤ, ਆਪਣੀ ਜਾਮਨੀ ਆਪ ਰਖਾਈਆ। ਜੇ ਕਰੇਂ ਵਿਚ ਖਿਆਨਤ, ਦੋ ਜਹਾਨ ਨਾ ਦੇਵਾਂ ਥਾਈਂਆ। ਮੇਰਾ ਭਗਤ ਸਦਾ ਸਹੀ ਸਲਾਮਤ, ਸਹੀ ਇਕੋ ਵਾਰ ਪਾਈਆ। ਤੇਰੇ ਵਿਚ ਲੱਗੇ ਨਾ ਕੋਈ ਅਲਾਮਤ, ਮਾਇਆ ਬੰਧਨ ਨਾ ਕੋਇ ਰਖਾਈਆ। ਦੂਜੇ ਦਰ ਨਾ ਹੋਣ ਮੰਗਤ, ਕਿਸੇ ਅੱਗੇ ਨਾ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਕਰ, ਆਪਣਾ ਰੰਗ ਵਖਾਈਆ। ਤੇਰੇ ਭਗਤਾਂ ਦੀ ਕੀ ਪਛਾਣ, ਕਲਜੁਗ ਵਾਸਤਾ ਪਾਇੰਦਾ। ਲੱਖ ਚੁਰਾਸੀ ਜੀਵ ਜਹਾਨ, ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਸੱਚਾ ਦੱਸਾਂ ਇਕ ਨਿਸ਼ਾਨ, ਏਕਾ ਰੰਗ ਚੜ੍ਹਾਇੰਦਾ। ਮੈਂ ਪਰਗਟ ਹੋਵਾਂ ਆਣ, ਨਿਰਗੁਣ ਰੂਪ ਧਰਾਇੰਦਾ। ਫਿਰ ਦੱਸਾਂ ਸਾਚਾ ਗਾਣ, ਸੋਹੰ ਸ਼ਬਦ ਸੁਣਾਇੰਦਾ। ਤੂੰ ਕਲਜੁਗ ਸੁਣਨਾ ਲਾ ਕੇ ਕਾਨ, ਕਵਣ ਦੁਆਰੇ ਗੁਰਮੁਖ ਸੋਭਾ ਪਾਇੰਦਾ। ਜਿਸ ਹਿਰਦੇ ਵਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਮੇਰਾ ਭਗਤ ਅਖਵਾਇੰਦਾ। ਤਿਸ ਦੁਆਰੇ ਜਾ ਕੇ ਕਰੀਂ ਸਲਾਮ, ਸੱਚਾ ਹੁਕਮ ਸੁਣਾਇੰਦਾ। ਮੈਂ ਦੇਵਾਂ ਇਕ ਪੈਗ਼ਾਮ, ਪੀਰ ਪੈਗ਼ੰਬਰ ਉਹਨਾਂ ਦੇ ਚਰਨਾਂ ਹੇਠ ਦਬਾਇੰਦਾ । ਮੈਂ ਫੜਾਇਆ ਆਪਣਾ ਦਾਮ, ਦਾਮਨਗੀਰ ਆਪ ਅਖਵਾਇੰਦਾ। ਮੈਂ ਭਰ ਪਿਆਲਾ ਪਿਆਇਆ ਜਾਮ, ਮਦਿ ਏਕਾ ਰਸ ਵਖਾਇੰਦਾ। ਜਿਸ ਦਾ ਦਰਸ ਕਰਨ ਆਏ ਰਾਮ, ਕ੍ਰਿਸ਼ਨ ਆਪਣਾ ਮੁਕਟ ਲਾਇੰਦਾ। ਈਸਾ ਮੂਸਾ ਕਰੇ ਧਿਆਨ, ਦੂਰ ਦੁਰਾਡਾ ਨੈਣ ਉਠਾਇੰਦਾ। ਮੁਹੰਮਦ ਨੇਤਰ ਨੈਣ ਸ਼ਰਮਾਣ, ਧੂੜੀ ਟਿੱਕਾ ਮਸਤਕ ਚੁੱਕ ਚੁੱਕ ਲਾਇੰਦਾ। ਨਾਨਕ ਗੋਬਿੰਦ ਕਹਿਣ ਵਾਰ ਵਾਰ ਤੇਰੀ ਖੇਲ ਸ੍ਰੀ ਭਗਵਾਨ, ਤੂੰ ਸਾਡੀ ਕੀਤੀ ਘਾਲ ਲੇਖੇ ਪਾਇੰਦਾ। ਸੱਥਰ ਯਾਰੜਾ ਹੰਢਾਇਆ ਵਿਚ ਜਹਾਨ, ਸੂਲਾਂ ਸੇਜ ਸੋਭਾ ਪਾਇੰਦਾ। ਅੰਤਮ ਆਪਣੇ ਗੁਰਸਿਖ ਵੇਖਂੇ ਆਣ, ਮੇਰੀ ਖ਼ਾਲੀ ਝੋਲੀ ਭਰਾਇੰਦਾ। ਨੀਹਾਂ ਹੇਠਾਂ ਦੱਬੇ ਨੌਜਵਾਨ, ਉਤੇ ਭਗਤ ਮਹੱਲ ਸੁਹਾਇੰਦਾ। ਦੂਜੇ ਪਾਸੇ ਵੇਖਿਆ ਮਾਰ ਧਿਆਨ, ਬਲ ਆਪਣਾ ਬਲ ਰਖਾਇੰਦਾ। ਤਿੰਨ ਜੁਗ ਮੈਂ ਕਰਦਾ ਰਿਹਾ ਧਿਆਨ, ਕਵਣ ਵੇਲਾ ਮੇਰਾ ਮੇਲ ਮਿਲਾਇੰਦਾ। ਕਲਜੁਗ ਅੰਤਮ ਨਾਲ ਰੱਖਿਆ ਸਿੰਘ ਗੁਰਦਿਆਲ, ਮੇਰੀ ਪੂਰੀ ਆਸ ਕਰਾਇੰਦਾ। ਮੈਂ ਹੁਣ ਬੈਠਾ ਸੁਰਤ ਸੰਭਾਲ, ਪੰਜਾ ਆਪਣੇ ਨਾਲ ਮਲਾਇੰਦਾ। ਮੈਂ ਜੱਟ ਕਿਸੇ ਦੀ ਗਲਣ ਨਾ ਦੇਣੀ ਦਾਲ, ਮੁਹੰਮਦ ਨੇੜੇ ਰਹਿਣ ਨਾ ਪਾਇੰਦਾ। ਅਨਪੜ੍ਹ ਕਿਸੇ ਦਾ ਕਰੇ ਨਾ ਕੋਈ ਹੱਲ ਸਵਾਲ, ਜਗਤ ਵਿਦਿਆ ਧੱਕਾ ਲਾਇੰਦਾ। ਮੈਂ ਗੋਬਿੰਦ ਗੋਦੀ ਸੁੱਟ ਕੇ ਆਇਆ ਆਪਣਾ ਲਾਲ, ਡੱਲਾ ਝੱਲਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਭਗਤਾਂ ਪੱਲੂ ਨਾ ਕਿਸੇ ਫੜਾਇੰਦਾ। ਬਿਨ ਨਾਤੇ ਜੋੜਿਆ ਜੋੜ, ਏਕਾ ਬੰਧਨ ਪਾਇਆ। ਬਿਨ ਘੋੜਿਉਂ ਚੜ੍ਹਾਇਆ ਘੋੜ, ਸ਼ਬਦੀ ਰੰਗ ਰੰਗਾਇਆ। ਬਿਨ ਤੋੜਿਆਂ ਨਿਭਾਏ ਤੋੜ, ਆਪਣਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਗੋਦ ਬਹਾਇਆ। ਗੁਰਸਿਖ ਨਾ ਹੋਏ ਨਿਰਾਸਾ, ਜਿਸ ਜਨ ਆਪਣੀ ਦਇਆ ਕਮਾਈਆ। ਮਿਲਿਆ ਚਰਨ ਸੱਚਾ ਭਰਵਾਸਾ, ਭੁੱਲੀ ਸਰਬ ਲੋਕਾਈਆ। ਅੰਦਰ ਵੜ ਵੜ ਕੀਤਾ ਵਾਸਾ, ਘਰ ਘਰ ਵਿਚ ਸੋਭਾ ਪਾਈਆ। ਆਪਣਾ ਖੋਲ੍ਹੇ ਆਪ ਖੁਲਾਸਾ, ਭੇਵ ਅਭੇਦ ਜਣਾਈਆ। ਗੁਰਸਿਖ ਸੋਨਾ ਕੰਚਨ ਪਾਸਾ, ਏਕਾ ਰੰਗ ਵਖਾਈਆ। ਪਿਤਾ ਪੂਤ ਦਏ ਦਿਲਾਸਾ, ਸਿਰ ਆਪਣਾ ਹੱਥ ਰਖਾਈਆ। ਗੁਰਸਿਖ ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਭਰਵਾਸਾ, ਏਕਾ ਘਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਸਦਾ ਸੰਗ ਰਖਾਈਆ। ਗੁਰਸਿਖ ਤੇਰਾ ਉਚਾ ਦਰ, ਹਰਿ ਦਰਦੀ ਆਪ ਰਖਾਇਆ। ਜਿਸ ਜਨ ਚਰਨ ਕਵਲ ਉਪਰ ਲਿਆ ਧਰ, ਧਰਨੀ ਧਰਤ ਮਾਣ ਰਖਾਇਆ। ਫੜ ਬਾਹੋਂ ਲਏ ਜੜ੍ਹ, ਆਪ ਆਪਣਾ ਬੰਧਨ ਪਾਇਆ। ਨਾਤਾ ਤੁਟੇ ਜਗਤ ਡਰ, ਜੁਗ ਇਕੋ ਇਕ ਸਮਝਾਇਆ। ਘਰ ਬੈਠਿਆਂ ਮਿਲਿਆ ਦਰ, ਜੰਗਲ ਜੂਹ ਨਾ ਫੇਰਾ ਪਾਇਆ। ਬਿਨ ਸਰੋਵਰ ਨੁਹਾਏ ਸਰ, ਦੁਰਮਤ ਮੈਲ ਧੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਗੁਰ ਗੁਰ ਖੇੜਾ ਇਕ ਵਸਾਇਆ। ਗੁਰ ਗੁਰ ਖੇੜਾ ਗੋਬਿੰਦ ਘਰ, ਹਰਿ ਹਰਿ ਸੇਵ ਕਮਾਈਆ। ਗੁਰਮੁਖ ਡੇਰਾ ਪਹਿਲੇ ਦਰ, ਬੰਕ ਦੁਆਰ ਸੋਭਾ ਪਾਈਆ। ਜਿਸ ਗ੍ਰਹਿ ਸਤਿਗੁਰ ਪੂਰਾ ਜਾਏ ਵੜ, ਫੇਰ ਨਿਕਲ ਕਦੇ ਨਾ ਜਾਈਆ। ਜੇ ਕੋਈ ਕਹੇ ਸਤਿਗੁਰ ਗਿਆ ਮਰ, ਭੁੱਲੀ ਭਰਮ ਲੋਕਾਈਆ। ਜੇ ਕੋਈ ਕਹੇ ਗੋਬਿੰਦ ਗਿਆ ਡਰ, ਥੁੱਕੀਂ ਮੁਖ ਭਰਾਈਆ। ਹਰਿ ਜੂ ਕਹੇ ਮੈਂ ਭਗਤਾਂ ਲਿਆ ਵਰ, ਮੇਰੀ ਹੋਈ ਮਾਤ ਕੁੜਮਾਈਆ। ਇਕੇ ਸੇਜਾ ਬੈਠੇ ਰਲ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਾਜਣ ਕਰਾਏ ਚਰਨ ਧੂੜੀ ਮਜਨ, ਦੁਰਮਤ ਮੈਲ ਮੈਲ ਧੁਆਈਆ। ਪਤਿਤ ਪਾਪੀ ਤੁਟਿਆ ਨਾਤਾ, ਕਰੇ ਪੁਨੀਤ ਦਇਆ ਕਮਾਈਆ। ਸਾਹਿਬ ਸਤਿਗੁਰ ਜਿਸ ਜਨ ਜਾਤਾ, ਤਿਸ ਦੇਵੇ ਮਾਣ ਵਡਿਆਈਆ। ਆਵਣ ਜਾਵਣ ਤੁੱਟਾ ਸਾਕਾ, ਜੂਨ ਜੂਨ ਨਾ ਕੋਇ ਭੁਆਈਆ। ਏਕੋ ਮੇਲਾ ਹਰਿ ਸਮਰਾਥਾ, ਆਪਣਾ ਬੰਧਨ ਪਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਆਪਣਾ ਦਰਸ ਵਖਾਈਆ। ਜੋ ਜਨ ਚਰਨ ਸੀਸ ਨਿਵਾਏ ਮਾਥਾ, ਤਿਸ ਮਸਤਕ ਲੇਖ ਗਵਾਈਆ। ਬਿਧਨਾ ਰੋਵੇ ਹੱਥੋ ਹਾਥਾ, ਪ੍ਰਭ ਕੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਤਤ ਪਾਪੀ ਏਕਾ ਰੰਗ ਰੰਗਾਈਆ। ਪੱਤਤ ਪਾਪੀ ਕੋਈ ਨਾ ਡੇਰਾ, ਜਿਸ ਮਿਲੀ ਸ਼ਰਨ ਸ਼ਰਨਾਈਆ। ਦੁੱਖ ਕੱਟੇ ਹਰਿ ਜੂ ਬੰਧਨ ਤੇਰਾ, ਜਨਮ ਜਨਮ ਦਾ ਦੁੱਖ ਗਵਾਈਆ। ਜਨ ਭਗਤਾਂ ਕਾਰਨ ਮਾਰਿਆ ਫੇਰਾ, ਹੋਰ ਕਿਰਤ ਨਾ ਕੋਈ ਕਮਾਈਆ। ਲੱਖ ਚੁਰਾਸੀ ਵਿਚੋਂ ਗੁਰਸਿਖ ਆਪ ਨਖੇੜਾ, ਵੱਖਰੀ ਚਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਤਤ ਪੁਨੀਤ ਪਵਿਤ ਕਰ ਕਰ, ਘਰ ਘਰ ਆਪਣੇ ਰੰਗ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਰ ਦਰਸ਼ਨ ਦੇਵੇ ਆਣ, ਤਿਸ ਘਰ ਸੁਰ ਨਰ ਮੁਨ ਜਨ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਲੋਕਾਈ ਦਾ ਛੱਡ ਝੇੜਾ, ਸਤਿਗੁਰ ਝੇੜਾ ਆਪ ਮੁਕਾਇੰਦਾ। ਖੇੜੇ ਤੇਰਾ ਵਸੇ ਖੇੜਾ, ਖਿੜੀ ਗੁਲਜ਼ਾਰ ਬਹਾਰ ਲਗਾਇੰਦਾ। ਦੂਰ ਵਸਦਾ ਆਇਆ ਨੇੜਾ, ਆਪਣਾ ਪੰਧ ਮੁਕਾਇੰਦਾ। ਜਿਸ ਨੇ ਦੇਣਾ ਉਲਟਾ ਗੇੜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਤੇਰਾ ਆਪੇ ਬੰਨ੍ਹੇ ਬੇੜਾ, ਰਸਨਾ ਲੋਭ ਵਿਕਾਰ ਗਵਾਇੰਦਾ। ਝੂਠੀ ਸੰਗਤ ਛੱਡ ਝੇੜਾ, ਹਰਿ ਸੰਗਤ ਨਾਲ ਮਿਲਾਇੰਦਾ। ਫਿਰ ਤੂੰ ਕਹੀਂ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਘਰ ਸੁਹਾਇੰਦਾ। ਗੁਰਸਿਖਾਂ ਵਲ ਵੇਖ ਕਰ ਲੈ ਵੱਡਾ ਜੇਰਾ, ਸ਼ਰਾਬ ਮਾਸ ਕਿਸੇ ਕੰਮ ਨਾ ਆਇੰਦਾ। ਅੰਤਮ ਸਾਥੀ ਝੂਠੇ ਹੋਣਾ ਢੇਰੀ ਢੇਰਾ, ਖ਼ਾਕੀ ਖ਼ਾਕ ਮਿਲਾਇੰਦਾ। ਗੁਰਸਿਖ ਤੇਰਾ ਰੰਗ ਸਦਾ ਸੰਞ ਸਵੇਰਾ, ਦੋ ਜਹਾਨ ਨੂਰ ਚਮਕਾਇੰਦਾ। ਕਰੇ ਹਰਿ ਹੱਕ ਨਿਬੇੜਾ, ਕੀਤੀ ਸੇਵਾ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਭੁੱਲ ਬਖ਼ਸ਼ਾਇੰਦਾ । ਇਛਿਆ ਪੂਰਨ ਪੂਰੀ ਆਸ, ਗੁਰ ਪੂਰਾ ਆਪ ਕਰਾਇੰਦਾ। ਜਨਮ ਜਨਮ ਦੀ ਮਿਟੀ ਪਿਆਸ, ਦਰਸੀ ਦਰਸ ਵਖਾਇੰਦਾ। ਮਾਨਸ ਜਨਮ ਆਇਆ ਰਾਸ, ਪੂਰਬ ਲਹਿਣਾ ਲੇਖੇ ਪਾਇੰਦਾ। ਹਰਿ ਭਗਤੀ ਭਗਤਾਂ ਮੇਟੇ ਨਾ ਸ਼ਾਖ਼, ਪਤ ਡਾਲੀ ਆਪ ਮਹਿਕਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਆਪਣੇ ਸੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਇਕ ਵਰ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਫਿਰੇ ਨਿਰਾਸ, ਚਾਰ ਵਰਨ ਕੁਰਲਾਈਆ। ਦਰੋਹੀ ਖ਼ੁਦਾਏ ਪ੍ਰਿਥਮੀ ਆਕਾਸ਼, ਮਖ਼ਲੂਕ ਦਏ ਦੁਹਾਈਆ। ਸਾਧ ਸੰਤ ਸੁੱਤੇ ਵਿਚ ਪਰਭਾਸ, ਗੁਲਸ਼ਨ ਬਹਾਰ ਨਾ ਕੋਇ ਵਖਾਈਆ। ਗੁਰਮੁਖਾਂ ਲੱਗੀ ਇਕ ਪਿਆਸ, ਪ੍ਰਭ ਮਿਲਣ ਦੀ ਓਟ ਤਕਾਈਆ। ਸਤਿਗੁਰ ਪੂਰਾ ਪਰਗਟ ਹੋ ਸਾਖਿਆਤ, ਨਿਰਗੁਣ ਆਪਣਾ ਖੇਲ ਕਰਾਈਆ। ਜਨ ਭਗਤਾਂ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਊਚ ਨੀਚ ਨਾ ਕੋਇ ਵਡਿਆਈਆ। ਸਰਬ ਜੀਆਂ ਦਾ ਬਣ ਮਾਈ ਬਾਪ, ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਦਾਨ ਦਾਨ ਦਾਨ ਮਿਹਰ ਹਰਿ ਨਜ਼ਰ ਨਜ਼ਰੀਆ ਇਕ ਕਰਾਈਆ। ਕੱਖਾਂ ਕੁੱਲੀ ਸੱਚਾ ਰੰਗ, ਰੰਗਤ ਰੰਗ ਅਪਾਰਾ। ਸੋਹਣੀ ਸੇਜ ਸਚ ਪਲੰਘ, ਵਾਹਵਾ ਸੋਹਿਆ ਸਚ ਦੁਆਰਾ। ਕਰੇ ਖੇਲ ਸੂਰਾ ਸਰਬੰਗ, ਮਿਤਰਾਂ ਮਿਲੇ ਮਿੱਤਰ ਪਿਆਰਾ । ਲੇਖਾ ਚੁਕਾਏ ਜਸ਼ੋਦਾ ਨੰਦ, ਕਾਹਨਾ ਕ੍ਰਿਸ਼ਨ ਕ੍ਰਿਸ਼ਨ ਅਧਾਰਾ । ਜਗਤ ਗਵਾਲੇ ਚੁੱਕਾ ਪੰਧ, ਬਿੰਦਰਾਬਨ ਪਾਰ ਕਿਨਾਰਾ। ਫਿਰੇ ਚਾਰ ਕੁੰਟ ਮੰਗੀ ਮੰਗ, ਜੰਗਲ ਜੂਹ ਵਿਚ ਉਜਾੜਾ। ਕਵਣ ਵੇਲਾ ਫੇਰ ਮਿਲੇ ਮੇਰਾ ਮੁਕੰਦ, ਮਨੋਹਰ ਲਖ਼ਮੀ ਨਰਾਇਣ ਗਿਰਵਰ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਤਿਸ ਗਵਾਲੇ ਗਵਾਲ ਪਾਲ, ਗਨੇਸ਼ ਦਏ ਵਡਿਆਈਆ। ਬਣ ਚਲੇ ਵਿਚ ਜਹਾਨ, ਕੋਟਨ ਕੋਟ ਪੂਰ ਪਾਰ ਕਰਾਈਆ। ਤੇਰਾ ਅੰਤਮ ਮੇਲਾ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਆਪ ਕਰਾਈਆ। ਹੁਣ ਗਊਆਂ ਬਛੜੇ ਵੇਖੀਂ ਵਿਚ ਬੀਆਬਾਨ, ਫੇਰ ਹਰਿ ਸੰਗਤ ਦਏ ਵਖਾਈਆ। ਤੇਰਾ ਰੱਖੇ ਘਰ ਸੱਚੇ ਮਾਣ, ਕਾਲੀ ਕੁਲੀਉਂ ਕੱਢ ਅਰਸ਼ ਉਤੇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਜਨਮ ਦਾ ਲਹਿਣਾ ਸਭ ਦਾ ਰਿਹਾ ਮੁਕਾਈਆ । ਟੁੱਟੀ ਗੰਢ ਪਾਵੇ ਗੰਢ, ਗੰਢਣਹਾਰ ਗੋਪਾਲ। ਨਾਮ ਦੇ ਦਾਤਾ ਦੇ ਠੰਡ, ਤੋੜ ਝੂਠ ਜੰਜਾਲ। ਜੀਅ ਜਨਮ ਕਰੇ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਕਰ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਖਾਏ ਆਪਣਾ ਲਾਲ। ਟੁੱਟੀ ਗੰਢੀ ਕਿਰਪਾਨਿਧ, ਆਪਣੀ ਦਇਆ ਕਮਾਈਆ। ਨਾ ਕੋਈ ਜਾਣੇ ਜੀਵਣ ਬਿਧ, ਕਵਣ ਵੇਲਾ ਆਤਮਾ ਨਾਤਾ ਜਾਏ ਛੁਡਾਈਆ। ਹਰਿ ਸੰਗਤ ਮਿਲ ਕੇ ਕਾਰਜ ਹੋਇਆ ਸਿਧ, ਜਨਮ ਜਨਮ ਵਿਚ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਰਿ ਕਿਰਪਾ ਹਰਿ ਪਿਆਰ, ਹਰਿ ਹਰਿ ਨਾਮ ਦ੍ਰਿੜਾਇਆ। ਹਰਿ ਕਿਰਪਾ ਸ਼ਬਦ ਅਧਾਰ, ਗੁਰ ਸ਼ਬਦੀ ਸ਼ਬਦ ਸੁਣਾਇਆ। ਹਰਿ ਕਿਰਪਾ ਸੋਹੇ ਬੰਕ ਦੁਆਰ, ਗ੍ਰਹਿ ਮੰਦਰ ਭਾਗ ਲਗਾਇਆ। ਹਰਿ ਕਿਰਪਾ ਦੂਤ ਦੁਸ਼ਟ ਕਰੇ ਖਵਾਰ, ਨਾਮ ਖੰਡਾ ਇਕ ਚਮਕਾਇਆ। ਹਰਿ ਕਿਰਪਾ ਗੁਰਸਿਖ ਗੁਰ ਸਤਿਗੁਰ ਕਰੇ ਪਿਆਰ, ਮਨ ਮਣਕਾ ਮਨ ਭੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਗਤ ਬਣ ਬਣ ਵਿਚੋਲਾ ਆਪਣਾ ਭੇਵ ਖੁਲ੍ਹਾਇਆ। ਜਨਮ ਜਨਮ ਦੀ ਚੁੱਕੀ ਘਾਲ, ਘਾਲੀ ਘਾਲ ਲੇਖੇ ਪਾਈਆ। ਜਨਮ ਜਨਮ ਦਾ ਚੁਕਿਆ ਕਾਲ, ਕਾਲ ਗਰਾਸ ਨਾ ਫੇਰ ਖਾਈਆ। ਜਨਮ ਜਨਮ ਦਾ ਛੁੱਟਿਆ ਜੰਜਾਲ, ਜੀਵਣ ਜੁਗਤ ਮਿਲੀ ਵਡਿਆਈਆ। ਕਰ ਕਿਰਪਾ ਮਿਲਿਆ ਦੀਨ ਦਿਆਲ, ਦੀਨਨ ਦਇਆ ਕਮਾਈਆ। ਇਕੋ ਵਾਰ ਹੱਲ ਕੀਤਾ ਸਵਾਲ, ਅੱਗੇ ਫੇਰ ਨਾ ਕੋਈ ਪੜ੍ਹਾਈਆ। ਦਰ ਸਾਚੇ ਦਏ ਬਹਾਲ, ਉਠੇ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸੱਚੀ ਸ਼ਹਿਨਸ਼ਾਹੀਆ। ਸਾਚੀ ਚਿੱਠੀ ਨਾਮ ਪਰਵਾਨਾ, ਏਕਾ ਏਕ ਫੜਾਈਆ। ਗੁਰਸਿਖ ਤੇਰਾ ਗੋਬਿੰਦ ਨਿਸ਼ਾਨਾ, ਗੁਰ ਗੁਰ ਆਪ ਚਲਾਈਆ। ਭਗਤ ਭਗਵੰਤ ਬਣਾਇਆ ਸਚ ਮਕਾਨਾ, ਉਚ ਮਹੱਲ ਅਟੱਲ ਰੁਸ਼ਨਾਈਆ। ਸਦਾ ਸਦ ਦਿਸੇ ਸ੍ਰੀ ਭਗਵਾਨਾ, ਬੈਠਾ ਆਸਣ ਲਾਈਆ। ਗੁਰਸਿਖ ਹੋਏ ਨਿਗਹਬਾਨਾ, ਦੂਰ ਦੁਰਾਡੇ ਰਿਹਾ ਤਕਾਈਆ। ਆ ਮਿਲ ਮੇਰੇ ਨੌਜਵਾਨਾ, ਤੇਰੀ ਨਿਤ ਉਡੀਕ ਰਖਾਈਆ। ਗੁਰਸਿਖ ਤੂੰ ਪ੍ਰੇਮ ਸਿਖੀ ਦਾ ਸੱਚਾ ਕਾਹਨਾ, ਤੇਰੀ ਸਿਖੀ ਤੇਰੇ ਬਿਨਾ ਰਹੀ ਕੁਰਲਾਈਆ। ਮੇਰੀ ਆਸ਼ਾ ਤੇਰਾ ਗਾਣਾ, ਗਾ ਗਾ ਮੇਰੀ ਕੁੜਮਾਈਆ। ਤੇਰਾ ਨਾਉਂ ਦੋ ਜਹਾਨਾਂ, ਦੋ ਜਹਾਨ ਤੇਰਾ ਜਸ ਗਾਈਆ। ਤੇਰੇ ਪਿਛੇ ਪਰਗਟ ਹੋ ਕੇ ਆਇਆ ਵਿਸ਼ਨੂੰ ਭਗਵਾਨਾ, ਨਿਹਕਲੰਕ ਨਾਉਂ ਰਖਾਈਆ। ਇਕ ਦੂਜੇ ਨੂੰ ਰਲ ਮਿਲ ਦਿਓ ਮਾਣਾ, ਗੁਰਸਿਖ ਗੁਰ ਗੁਰ ਏਕਾ ਘਰ ਵਡਿਆਈਆ। ਨਾਮ ਨਿਧਾਨ ਗਾਉਣਾ ਸੋਹੰ ਗਾਣਾ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਹਰਿ ਕਾ ਆਉਣਾ ਹੋਇਆ ਪਰਵਾਨਾ, ਗੁਰਮੁਖ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਰੱਖੇ ਮਾਣਾ, ਆਪਣਾ ਮਾਣ ਨਾ ਕੋਇ ਰਖਾਈਆ। ਗੁਰਸਿਖ ਗੁਰ ਗੁਰ ਇਕੋ ਟੇਕ, ਏਕਾ ਓਟ ਜਣਾਈਆ। ਜਿਸ ਲੋਕਮਾਤ ਵਿਚ ਲਿਆ ਵੇਖ, ਲੱਖ ਚੁਰਾਸੀ ਫੋਲ ਫੁਲਾਈਆ। ਫੜ ਬਾਹੋਂ ਕੀਤੀ ਬੁੱਧ ਬਬੇਕ, ਆਪਣੀ ਦਇਆ ਕਮਾਈਆ। ਅੰਤ ਨਾ ਲੱਗੇ ਕੋਈ ਸੇਕ, ਅਗਨੀ ਅੱਗ ਤੱਤ ਬੁਝਾਈਆ। ਤੇਰਾ ਚੇਤਨ ਸਦਾ ਚੇਤ, ਚਤੁਰ ਤੇਰਾ ਰੂਪ ਬਣਾਈਆ। ਜਿਸ ਜਨ ਆਪਣਾ ਖੋਲ੍ਹੇ ਭੇਤ, ਸੋ ਨਿਉਂ ਨਿਉਂ ਲਾਗੇ ਪਾਈਆ। ਗੁਰ ਸਤਿਗੁਰ ਕਰੇ ਹੇਤ, ਪ੍ਰੇਮ ਪਿਆਰ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ। ਗੁਰਸਿਖ ਕਦੇ ਨਾ ਹੋਏ ਇਕੱਲਾ, ਇਕ ਇਕ ਨਾਲ ਮਿਲਾਈਆ। ਗੁਰਸਿਖ ਤੇਰਾ ਸਤਿਗੁਰ ਫੜਿਆ ਪੱਲਾ, ਤੇਰਾ ਸੰਗ ਨਿਭਾਈਆ। ਗੁਰਸਿਖ ਤੇਰੇ ਆਤਮ ਅੰਤਰ ਸਿੰਘਾਸਣ ਮੱਲਾ, ਬੈਠਾ ਸੇਜ ਸੁਹਾਈਆ। ਗੁਰਸਿਖ ਤੇਰੇ ਪ੍ਰੇਮ ਅੰਦਰ ਰਲਾ, ਏਕਾ ਰੰਗ ਵਖਾਈਆ। ਗੁਰਸਿਖ ਤੇਰੇ ਨੂਰ ਬਲਾ, ਜੋਤੀ ਜੋਤ ਨੂਰ ਰੁਸ਼ਨਾਈਆ। ਗੁਰਸਿਖ ਤੇਰਾ ਮੇਟਿਆ ਸੱਲਾ, ਦੂਈ ਦਵੈਤੀ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਗੁਰਮੁਖ ਗੁਰਸਿਖ ਤੇਰੇ ਪਿਛੇ ਫਿਰੇ ਹੋ ਕੇ ਝੱਲਾ, ਝਲਕ ਆਪਣੀ ਆਪ ਵਖਾਈਆ। ਗੁਰਸਿਖ ਤੇਰੀ ਸਦਾ ਤਾਂਘ, ਹਰਿ ਸਤਿਗੁਰ ਆਪ ਰਖਾਈਆ। ਤੇਰੇ ਪ੍ਰੇਮ ਦੀ ਅਨਡਿਠੀ ਕਾਂਘ, ਆਪਣੀ ਧਾਰ ਵਖਾਈਆ। ਨਿਰਗੁਣ ਕਰੇ ਸਵਾਂਗੀ ਸਵਾਂਗ, ਆਪਣਾ ਭੇਖ ਵਟਾਈਆ। ਵਾਹ ਵਾਹ ਘਰ ਘਰ ਵੇਖੇ ਮਹੀਨਾ ਮਾਘ, ਗੁਰਮੁਖ ਰਲ ਮਿਲ ਨੁਹਾਵਣ ਰਹੇ ਨੁਹਾਈਆ। ਦਾਤਾ ਦਾਤਾਰ ਸਦ ਰੱਖੇ ਯਾਦ, ਭੁੱਲ ਕਦੇ ਨਾ ਜਾਈਆ। ਬਿਨ ਗੁਰਮੁਖਾਂ ਸੁਣੇ ਨਾ ਕਿਸੇ ਫਰਿਯਾਦ, ਦੇਵਣਹਾਰ ਸਰਬ ਸਜਾਈਆ। ਜਿਸ ਬਣਾਇਆ ਆਦਿ ਜੁਗਾਦਿ, ਸੋ ਗੁਰਮੁਖਾਂ ਮਿਲਣ ਆਇਆ ਚਾਈਂ ਚਾਈਂਆ। ਰਲ ਮਿਲ ਵਜਾਓ ਸੱਚਾ ਨਾਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ।
