੧੪ ਮਾਘ ੨੦੧੮ ਬਿਕ੍ਰਮੀ ਧਿਰਤਾ ਸਿੰਘ ਦੇ ਗ੍ਰਹਿ ਕਲਾਨੌਰ ਜ਼ਿਲਾ ਗੁਰਦਾਸਪੁਰ
ਸਚਖੰਡ ਸੋਹੇ ਹਰਿ ਦਰਬਾਰ, ਸੋ ਪੁਰਖ ਨਿਰੰਜਣ ਆਸਣ ਲਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰ, ਹਰਿ ਪੁਰਖ ਨਿਰੰਜਣ ਖ਼ੁਸ਼ੀ ਮਨਾਈਆ। ਇਕ ਇਕੱਲਾ ਹੋ ਤਿਆਰ, ਏਕੰਕਾਰਾ ਬਲ ਵਖਾਈਆ। ਆਪੇ ਜਾਣੇ ਆਪਣੀ ਧਾਰ, ਆਦਿ ਨਿਰੰਜਣ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਸੁਹਾਈਆ। ਸਚ ਦਰਬਾਰ ਗਿਆ ਲੱਗ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਜੋਧਾ ਸੂਰਬੀਰ ਸਰਬੱਗ, ਸ਼ਾਹ ਪਾਤਸ਼ਾਹ ਖੇਲ ਕਰਾਇੰਦਾ। ਨਾਮ ਨਗਾਰਾ ਗਿਆ ਵੱਜ, ਅਨਾਦ ਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਵਡਿਆਇੰਦਾ। ਸਚ ਦਰਬਾਰਾ ਸੋਭਾਵੰਤ, ਸਚਖੰਡ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਆਦਿ ਜੁਗਾਦਿ ਬਣਾਏ ਬਣਤ, ਜੁਗ ਜੁਗ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਲਗਾਈਆ। ਸਚ ਦਰਬਾਰਾ ਹਰਿ ਨਿਰੰਕਾਰਾ, ਏਕਾ ਘਰ ਲਗਾਇੰਦਾ। ਏਕਾ ਹੁਕਮ ਇਕ ਵਰਤਾਰਾ, ਸ਼ਾਹ ਪਾਤਸ਼ਾਹ ਇਕ ਸੁਣਾਇੰਦਾ। ਏਕਾ ਮੰਦਰ ਖੋਲ੍ਹ ਕਿਵਾੜਾ, ਏਕਾ ਘਰ ਸੋਭਾ ਪਾਇੰਦਾ। ਏਕਾ ਨਾਮ ਨਾਦ ਜੈਕਾਰਾ, ਏਕਾ ਹੱਕ ਹੱਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਬਣਾਇੰਦਾ। ਸਚ ਦਰਬਾਰਾ ਗਿਆ ਬਣ, ਹਰਿ ਸਾਚਾ ਆਪ ਬਣਾਈਆ। ਕਰੇ ਖੇਲ ਸ੍ਰੀ ਭਗਵਨ, ਮਹੱਲ ਅਟੱਲ ਉਚ ਰੁਸ਼ਨਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਿਰਾਕਾਰ ਆਪਣਾ ਬੇੜਾ ਆਪੇ ਬੰਨ੍ਹ, ਨਿਰਵੈਰ ਰੂਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦਰਬਾਰਾ ਹਰਿ ਕਰਤਾਰ, ਕਰਤਾ ਪੁਰਖ ਆਪ ਲਗਾਇੰਦਾ। ਭੂਪਤ ਭੂਪ ਬਣ ਰਾਜਾਨ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਆਦਿ ਆਦੀ ਇਕ ਫ਼ਰਮਾਣ, ਪੁਰਖ ਅਕਾਲ ਆਪ ਸੁਣਾਇੰਦਾ। ਸਤਿ ਸਤਿਵਾਦੀ ਨੌਜਵਾਨ, ਇਕ ਇਕੱਲਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਆਪੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਤਖ਼ਤ ਨਿਵਾਸੀ ਸੋਹੇ ਤਖ਼ਤ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਾ ਕੋਈ ਜਾਣੇ ਵੇਲਾ ਵਕਤ, ਥਿਤ ਵਾਰ ਨਾ ਕੋਇ ਸਮਝਾਇੰਦਾ। ਨਾ ਕੋਇ ਬੂੰਦ ਨਾ ਕੋਇ ਰਕਤ, ਤੱਤਵ ਤੱਤ ਨਾ ਕੋਇ ਰਖਾਇੰਦਾ। ਆਪ ਬਣਾਏ ਆਪਣੀ ਬਣਤ, ਨਿਰਗੁਣ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਕਰਾਇੰਦਾ। ਸਚਖੰਡ ਹਰਿ ਖੇਲ ਅਵੱਲਾ, ਏਕਾ ਏਕ ਕਰਾਈਆ। ਅਜੂਨੀ ਰਹਿਤ ਵਸੇ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਈਆ। ਮੂਰਤ ਅਕਾਲ ਏਕਾ ਨੂਰ ਜੋਤੀ ਬਲਾ, ਨੂਰ ਨੁਰਾਨਾ ਡਗਮਗਾਈਆ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਵਖਾਈਆ। ਸਚ ਦਰਬਾਰਾ ਸ੍ਰੀ ਭਗਵਾਨ, ਆਦਿ ਪੁਰਖ ਬਣਾਇੰਦਾ। ਏਕਾ ਹੁਕਮ ਏਕਾ ਹੁਕਮਰਾਨ, ਹੁਕਮੀ ਹੁਕਮ ਇਕ ਭੁਆਇੰਦਾ। ਏਕਾ ਏਕ ਵਖਾਏ ਸਤਿ ਨਿਸ਼ਾਨ, ਸ਼ਾਹ ਪਾਤਸ਼ਾਹ ਆਪ ਝੁਲਾਇੰਦਾ। ਏਕਾ ਪਾਏ ਸਾਚੀ ਆਣ, ਸਿਰ ਸਿਰ ਹੁਕਮ ਮਨਾਇੰਦਾ। ਏਕਾ ਖੇਲ ਕਰੇ ਮਹਾਨ, ਭੇਵ ਅਭੇਦ ਰਖਾਇੰਦਾ। ਏਕਾ ਵਸੇ ਸਚ ਮਕਾਨ, ਸਾਚਾ ਮੰਦਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪੇ ਖੜ, ਰੂਪ ਅਨੂਪ ਆਪ ਵਟਾਇੰਦਾ। ਸਚ ਦਰਬਾਰ ਸੁਹਾਇਆ, ਪੁਰਖ ਅਕਾਲ ਅਗੰਮ। ਨਿਰਗੁਣ ਆਸਣ ਲਾਇਆ, ਕਰੇ ਕਰਾਏ ਆਪਣਾ ਕੰਮ। ਸ਼ਬਦੀ ਸੁਤ ਉਠਾਇਆ, ਬਿਨ ਮਾਤਾ ਪਿਤਾ ਜੰਮ। ਸਾਚੀ ਗੋਦ ਸੁਹਾਇਆ, ਕਰੇ ਖੇਲ ਸ੍ਰੀ ਭਗਵਨ। ਏਕਾ ਨਾਉਂ ਵਡਿਆਇਆ, ਨਾਉਂ ਨਿਰੰਕਾਰਾ ਚੜ੍ਹਿਆ ਚੰਨ। ਸਾਚੇ ਮਾਰਗ ਆਪੇ ਲਾਇਆ, ਦੇਵੇ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਹਾਨ। ਖੇਲ ਮਹਾਨਾ ਸ੍ਰੀ ਭਗਵਾਨਾ, ਸਚਖੰਡ ਨਿਵਾਸੀ ਆਪ ਕਰਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਨੌਜਵਾਨਾ ਬਲ ਆਪਣਾ ਆਪ ਰਖਾਈਆ। ਹੁਕਮੀ ਹੁਕਮ ਹੁਕਮ ਹੁਕਮਰਾਨਾ, ਧੁਰ ਫ਼ਰਮਾਣਾ ਏਕਾ ਏਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਹਰਿ ਕਰਤਾਰ, ਏਕਾ ਏਕ ਸੁਣਾਇੰਦਾ। ਸ਼ਬਦ ਸੁਤ ਹੋ ਤਿਆਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੁਗ ਚੌਕੜੀ ਹੋਏ ਪਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਆਈ ਅੰਤਮ ਵਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਹੁਕਮ ਦੇਣਾ ਏਕਾ ਵਾਰ, ਗੁਰ ਅਵਤਾਰ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਕਰੋੜ ਤੇਤੀਸਾ ਦੇ ਹੁਲਾਰ, ਸੁਰਪਤ ਨਾਲ ਮਿਲਾਇੰਦਾ। ਰਵ ਸਸ ਦਏ ਉਠਾਲ, ਨੇਤਰ ਨੈਣ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਬੋਲ ਜੈਕਾਰ, ਏਕਾ ਨਾਦ ਸੁਣਾਇੰਦਾ। ਲੱਖ ਚੁਰਾਸੀ ਕਰ ਵਿਚਾਰ, ਤ੍ਰੈਗੁਣ ਮਾਇਆ ਮੋਹ ਰਖਾਇੰਦਾ। ਪੰਚਮ ਤੱਤ ਵੇਖ ਅਖਾੜ, ਬੂੰਦ ਰਕਤ ਨਾਚ ਨਚਾਇੰਦਾ। ਜੰਗਲ ਜੂਹ ਉਜਾੜ ਪਹਾੜ, ਡੂੰਘੀ ਗਾਰ ਪਰਬਤ ਟਿੱਲੇ ਏਕਾ ਰਾਹ ਜਣਾਇੰਦਾ। ਸਮੁੰਦ ਸਾਗਰ ਵੇਖ ਧਾਰ, ਜਲ ਥਲ ਮਹੀਅਲ ਆਪ ਸਮਝਾਇੰਦਾ। ਵੇਦ ਸ਼ਾਸਤਰ ਖੋਲ੍ਹ ਕਿਵਾੜ, ਸਿਮਰਤ ਪੁਰਾਨ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਉਠ ਬਲ ਧਾਰ, ਹਰਿ ਸਾਚਾ ਸਚ ਜਣਾਈਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਖੇਲ ਵਖਾਈਆ। ਨਿਰਗੁਣ ਨੂਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਨਿਹਕਲੰਕਾ ਲਏ ਅਵਤਾਰ, ਨਾਮ ਡੰਕਾ ਇਕ ਵਜਾਈਆ। ਦੋ ਜਹਾਨਾਂ ਕਰ ਖ਼ਬਰਦਾਰ, ਚੌਦਾਂ ਲੋਕ ਨੈਣ ਖੁਲ੍ਹਾਈਆ। ਚੌਦਾਂ ਤਬਕ ਮਾਰ ਮਾਰ, ਏਕਾ ਨਾਮ ਖੰਡਾ ਹੱਥ ਉਠਾਈਆ। ਜਿਮੀ ਅਸਮਾਨਾ ਦਏ ਹੁਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਈਆ। ਸਾਚੀ ਸੇਵਾ ਕਰ ਸਾਚੇ ਸੁਤ, ਸੋ ਪੁਰਖ ਨਿਰੰਜਣ ਆਪ ਜਣਾਇਆ। ਕਰੇ ਖੇਲ ਅਬਿਨਾਸ਼ੀ ਅਚੁਤ, ਲੋਕਮਾਤ ਵੇਸ ਵਟਾਇਆ। ਕਲਜੁਗ ਔਂਧ ਗਈ ਪੁਗ, ਵੇਲਾ ਅੰਤਮ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪੈਂਡਾ ਗਿਆ ਮੁੱਕ, ਪਾਂਧੀ ਬਣ ਬਣ ਪੰਧ ਮੁਕਾਇਆ। ਲੱਖ ਚੁਰਾਸੀ ਬੂਟਾ ਰਿਹਾ ਸੁੱਕ, ਹਰਿਆ ਨਜ਼ਰ ਕੋਇ ਨਾ ਆਇਆ। ਸਫ਼ਲ ਨਾ ਦਿਸੇ ਮਾਤਾ ਕੁੱਖ, ਜਨ ਜਨਣੀ ਦਏ ਦੁਹਾਇਆ। ਚਾਰੋਂ ਕੁੰਟ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਜੀਵ ਜੰਤ ਉਜਲ ਕਰੇ ਨਾ ਕੋਈ ਮੁਖ, ਨੇਤਰ ਨੈਣ ਸਰਬ ਸ਼ਰਮਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਰਿਹਾ ਬੁੱਕ, ਆਪਣਾ ਬਲ ਧਰਾਇਆ। ਅੰਮ੍ਰਿਤ਼ ਸੋਮਾ ਕਿਸੇ ਨਾ ਪਏ ਫੁਟ, ਨਿਝਰ ਝਿਰਨਾ ਨਾ ਕੋਇ ਝਿਰਾਇਆ। ਨਿਰਮਲ ਜਗੇ ਨਾ ਕੋਈ ਜੋਤ, ਅੰਧ ਅੰਧੇਰਾ ਏਕਾ ਛਾਇਆ। ਨਾਤਾ ਬੱਝਾ ਵਰਨ ਗੋਤ, ਆਤਮ ਪਰਮਾਤਮ ਨਾ ਕੋਇ ਮਿਲਾਇਆ। ਹਰਿ ਜੂ ਮਿਲੇ ਨਾ ਕਾਇਆ ਕੋਟ, ਝੂਠਾ ਗੜ੍ਹ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸਮਝਾਇਆ। ਧੁਰ ਫ਼ਰਮਾਣਾ ਦੇਵੇ ਨਿਰੰਕਾਰ, ਹਰਿ ਸ਼ਬਦੀ ਸੇਵ ਲਗਾਈਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਖੇਲ ਕਰਾਈਆ। ਲਹਿਣਾ ਦੇਣਾ ਵੇਖੇ ਗੁਰ ਅਵਤਾਰ, ਚਾਰ ਜੁਗ ਚੌਂਕੜ ਮੂਲ ਚੁਕਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚਾ ਹੁਕਮ ਸੁਣਾਈਆ। ਚਲ ਆ ਔਣਾ ਵਿਚ ਸੰਸਾਰ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਵਾਰ ਜਣਾਈਆ। ਸਚ ਸੰਦੇਸ਼ਾ ਲਿਆ ਸੁਣ, ਹਰਿ ਸਤਿਗੁਰ ਆਪ ਸੁਣਾਇਆ। ਚਾਰ ਜੁਗ ਦਾ ਵੇਖਣਾ ਗੁਣ, ਅਵਗੁਣ ਨਾਲ ਮਿਲਾਇਆ। ਸਰਬ ਪੁਕਾਰ ਲਏ ਸੁਣ, ਇਕ ਇਕੱਲਾ ਫੇਰਾ ਪਾਇਆ। ਲੇਖਾ ਜਾਣੇ ਰਿਖ ਮੁਨ, ਭੇਵ ਅਭੇਦ ਆਪ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਵਰਤੌਣਾ, ਆਪਣੇ ਹੱਥ ਰੱਖੇ ਵਡਿਆਈਆ। ਸਚ ਦਰਬਾਰ ਇਕ ਸੁਹੌਣਾ, ਸੋਭਾਵੰਤ ਬੇਪਰਵਾਹੀਆ। ਨਿਰਗੁਣ ਉਪਰ ਆਸਣ ਲਾਉਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰ ਅਵਤਾਰ ਦਰ ਮੰਗੌਣਾ, ਲੇਖਾ ਸਭ ਦਾ ਵੇਖੇ ਥਾਉਂ ਥਾਈਂਆ। ਪੀਰ ਪੈਗ਼ੰਬਰ ਦਰ ਦਰਬਾਰ ਬਾਹਰ ਬਹੌਣਾ, ਏਕਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਸ਼ਰਮਾਉਣਾ, ਨੇਤਰ ਸਕੇ ਨਾ ਕੋਇ ਉਠਾਈਆ। ਕਰੋੜ ਤੇਤੀਸਾ ਢੋਲਾ ਗਾਉਣਾ, ਏਕਾ ਨਾਦ ਵਜਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਭ ਨੇ ਪੱਲੂ ਛੁਡਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਦੁਆਰਾ ਅਗੰਮ ਅਪਾਰਾ, ਏਕਾ ਏਕ ਸੁਹਾਈਆ। ਕਲਜੁਗ ਵੇਖੇ ਅੰਤ ਕਿਨਾਰਾ, ਬੇਅੰਤ ਬੇਪਰਵਾਹੀਆ। ਨਿਰਗੁਣ ਨਿਰਾਕਾਰ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਪਾਵੇ ਸਾਰਾ, ਵਰਨ ਬਰਨ ਫੋਲ ਫੁਲਾਈਆ। ਜੀਵ ਜੰਤ ਖੋਲ੍ਹ ਕਿਵਾੜਾ, ਘਟ ਘਟ ਆਸਣ ਲਾਈਆ। ਛੁਪਿਆ ਰਹੇ ਨਾ ਵਿਚ ਸੰਸਾਰਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਅਚਰਜ ਖੇਲ ਕਰਾਇੰਦਾ। ਨਿਰਗੁਣ ਰੂਪ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਸਰਗੁਣ ਦੇਵੇ ਸਚ ਸਲਾਹ, ਏਕਾ ਨਾਮ ਜਣਾਇੰਦਾ। ਗੋਬਿੰਦ ਮੇਲਾ ਸਹਿਜ ਸੁਭਾ, ਪੁਰਖ ਅਕਾਲ ਮਨਾਇੰਦਾ। ਸੰਬਲ ਡੇਰਾ ਏਕਾ ਲਾ, ਸਚ ਤਖ਼ਤ ਵਡਿਆਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਏਕਾ ਵਾਰ ਸੁਣਾਇੰਦਾ। ਖੇਲੇ ਖੇਲ ਦੋ ਜਹਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਇੰਦਾ। ਲੇਖਾ ਜਾਣੇ ਥਾਉਂ ਥਾਂ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰਾ ਖੇਲ ਨਿਆਰਾ, ਨਿਰਗੁਣ ਦਾਤਾ ਆਪ ਕਰਾਇੰਦਾ। ਨਿਰਗੁਣ ਦਾਤਾ ਹਰਿ ਦਾਤਾਰ, ਦਇਆਵਾਨ ਵਡੀ ਵਡਿਆਈਆ। ਲੋਕਮਾਤ ਹੋ ਉਜਿਆਰ, ਸਾਚੀ ਘਾੜਤ ਆਪ ਘੜਾਈਆ। ਚਾਰੇ ਖਾਣੀ ਪਾਵੇ ਸਾਰ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰੇ ਜੁਗ ਬੰਨ੍ਹੇ ਧਾਰ, ਚਾਰੇ ਵੇਦ ਭੇਵ ਚੁਕਾਈਆ। ਚਾਰੇ ਵਰਨਾਂ ਖੋਲ੍ਹ ਕਿਵਾੜ, ਚਾਰ ਯਾਰੀ ਦਏ ਸਮਝਾਈਆ। ਚਾਰੋਂ ਕੁੰਟ ਬੋਲ ਜੈਕਾਰ, ਚੌਥੇ ਪਦ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਕਲਜੁਗ ਵਰਤੇ ਹਰਿ ਜੂ ਕਲ, ਅਕਲ ਕਲਾ ਵਰਤਾਇੰਦਾ। ਜੁਗਾ ਜੁਗੰਤਰ ਅਛਲ ਅਛੱਲ, ਆਪਣਾ ਵੇਸ ਵਟਾਇੰਦਾ। ਆਪ ਆਪਣਾ ਜਾਣੇ ਬਲ, ਕਲਜੁਗ ਪੰਧ ਮੁਕਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਵੇਸ ਵਟਾਇੰਦਾ। ਸਚ ਸਿੰਘਾਸਣ ਏਕਾ ਮਲ, ਸੋਭਾਵੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸਮਝਾਇੰਦਾ। ਸਚ ਦਰਬਾਰਾ ਲਗਾਉਣਾ ਮਾਤ, ਪਾਰਬ੍ਰਹਮ ਜਣਾਇੰਦਾ। ਲੱਖ ਚੁਰਾਸੀ ਵੇਖੇ ਮਾਰ ਝਾਤ, ਨੇਤਰ ਨੈਣ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਤੋੜੇ ਸਾਕ, ਬੰਧਨ ਬੰਧ ਨਾ ਕੋਇ ਰਖਾਇੰਦਾ। ਕਰੋੜ ਤੇਤੀਸਾ ਉਤਰੇ ਆਪਣੇ ਘਾਟ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਸੁੱਤੇ ਡੂੰਘੇ ਖ਼ਾਤ, ਪਾਰ ਕਿਨਾਰਾ ਨਾ ਕੋਇ ਜਣਾਇੰਦਾ। ਧੂਆਂਧਾਰ ਮੇਟੇ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਪੁਛੇ ਆਪੇ ਵਾਤ, ਸੰਤ ਸੁਹੇਲੇ ਆਪ ਮਿਲਾਇੰਦਾ। ਗੁਰਮੁਖਾਂ ਦਰਸ ਦਖਾਏ ਇਕ ਇਕਾਂਤ, ਨੂਰੋ ਨੂਰ ਡਗਮਗਾਇੰਦਾ। ਗੁਰਸਿਖਾਂ ਦੇਵੇ ਸਾਚੀ ਦਾਤ, ਨਾਮ ਭੰਡਾਰ ਆਪ ਵਰਤਾਇੰਦਾ। ਨਾਤਾ ਤੁਟੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਅੰਤਰ ਆਤਮ ਏਕਾ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਕਮਲਾਪਾਤ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰਾ ਆਪ ਬਣਾਇੰਦਾ। ਸਚ ਦਰਬਾਰਾ ਬਣਾਏ ਬਣ਼ਤ, ਘਾੜਤ ਆਪਣੀ ਆਪ ਘੜਾਈਆ। ਆਪੇ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਜੁਗ ਰੂਪ ਧਰਾਈਆ। ਲੇਖਾ ਜਾਣੇ ਸਾਧ ਸੰਤ, ਬੇਅੰਤ ਵਡ ਵਡਿਆਈਆ। ਮਹਿਮਾ ਗਾਏ ਆਪ ਭਗਵੰਤ, ਬੋਧ ਅਗਾਧ ਕਰੇ ਪੜ੍ਹਾਈਆ। ਹਰਿਜਨ ਮੇਲਾ ਸਾਚੇ ਕੰਤ, ਕੰਤ ਕੰਤੂਹਲ ਦਏ ਸ਼ਰਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਮ ਮਣੀਆ ਮੰਤ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਨਿਰਗੁਣ ਸਰਗੁਣ ਪਾਵੇ ਸਾਰ, ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਲੋਕਮਾਤ ਆਪ ਪ੍ਰਗਟਾਈਆ। ਸਤਿ ਸਰੂਪ ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪ ਪ੍ਰਗਟਾਇੰਦਾ। ਖੇਲੇ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪਣਾ ਰੰਗ ਰੰਗਾਇੰਦਾ। ਆਪੇ ਹੋਏ ਆਦਿ ਜੁਗਾਦੀ, ਜੁਗ ਕਰਤਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰ ਇਕ ਵਖਾਇੰਦਾ। ਵੇਖੋ ਹਰਿ ਦਰਬਾਰ, ਹਰਿ ਜੂ ਆਪ ਬਣਾਇਆ। ਲੱਖ ਚੁਰਾਸੀ ਨਾ ਪਾਵੇ ਸਾਰ, ਨੇਤਰ ਨਜ਼ਰ ਕਿਸੇ ਨਾ ਆਇਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਧੀਰਜ ਸਤਿ ਨਾ ਕੋਇ ਰਖਾਇਆ। ਕਲਜੁਗ ਮਾਰੇ ਝੂਠੀ ਮਾਰ, ਏਕਾ ਖੰਡਾ ਹੱਥ ਉਠਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਸੁੱਟੇ ਮੂੰਹ ਦੇ ਭਾਰ, ਕੋਈ ਸਕੇ ਨਾ ਬਲ ਧਰਾਇਆ। ਆਸਾ ਤ੍ਰਿਸ਼ਨਾ ਕਰ ਖੁਵਾਰ, ਮਾਇਆ ਮਮਤਾ ਜੀਵ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰ ਆਪ ਸਜਾਇਆ। ਸਚ ਦਰਬਾਰ ਸਾਹਿਬ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਕਲਜੁਗ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਈਆ। ਲਹਿਣਾ ਦੇਣਾ ਚੁੱਕੇ ਜੀਵ ਜਹਾਨ, ਬਾਕੀ ਕੋਇ ਰਹੇ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁੱਕੇ ਆਣ, ਹਰਿ ਪਾਂਧੀ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸਮਝਾਈਆ। ਸਚ ਦਰਬਾਰ ਇਕ ਸੁਹਾਉਣਾ, ਹਰਿ ਸਾਚਾ ਸਚ ਜਣਾਇੰਦਾ। ਲੋਕਮਾਤ ਆਪ ਲਗੌਣਾ, ਪਹਿਲੀ ਚੇਤਰ ਰੁੱਤ ਸੁਹਾਇੰਦਾ। ਗੋਬਿੰਦ ਸੂਰਾ ਦਰ ਬੁਲਾਉਣਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪਿਛਲਾ ਲੇਖਾ ਸਰਬ ਚੁਕਾਉਣਾ, ਖਾਤਾ ਖਾਤਾ ਆਪ ਭਰਾਇੰਦਾ। ਨੌਂ ਖੰਡ ਪ੍ਰਿਥਮੀ ਵੇਖ ਵਖੌਣਾ, ਸੱਤਾਂ ਦੀਪਾਂ ਪਰਦਾ ਲਾਹਿੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉਣਾ, ਰਾਜਨ ਰਾਜ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਇੰਦਾ। ਸਾਚੀ ਹਰਿ ਜੂ ਵੰਡੇ ਵੰਡ, ਏਕਾ ਬੰਧਨ ਪਾਈਆ। ਕਲਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿਜੁਗ ਸਾਚਾ ਚੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਸਾਚਾ ਬੰਧਨ ਹਰਿ ਪੌਣਾ, ਏਕਾ ਵਾਰ ਜਣਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਮੰਗਾਉਣਾ, ਦਰ ਦਰਵੇਸ਼ ਖੇਲ ਕਰਾਇੰਦਾ। ਧੁਰ ਫ਼ਰਮਾਣਾ ਇਕ ਸੁਣੌਣਾ, ਏਕਾ ਨਾਮ ਦ੍ਰਿੜਾਇੰਦਾ। ਸੋਹੰ ਢੋਲਾ ਸਭ ਨੇ ਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸੋਹੰ ਢੋਲਾ ਗੌਣਾ ਗੀਤ, ਹਰਿ ਸਤਿਗੁਰ ਦਏ ਸਮਝਾਈਆ। ਕਲਜੁਗ ਅੰਤਮ ਗਿਆ ਬੀਤ, ਲੋਕਮਾਤ ਰਹਿਣ ਨਾ ਪਾਈਆ। ਪਾਰਬ੍ਰਹਮ ਪ੍ਰਭ ਸਾਚੀ ਰੀਤ, ਨਿਰਗੁਣ ਸਰਗੁਣ ਦਏ ਸਮਝਾਈਆ। ਪੁਰਖ ਅਕਾਲ ਇਕ ਅਤੀਤ, ਸਚ ਸਿੰਘਾਸਣ ਸੋਭਾ ਪਾਈਆ। ਏਕਾ ਰੰਗ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਏਕਾ ਮੰਦਰ ਇਕ ਮਸੀਤ, ਗੁਰਦੁਆਰ ਇਕ ਵਖਾਈਆ। ਏਕਾ ਨਾਮ ਹਰਿ ਅਨਡੀਠ, ਲਿਖਣ ਪੜ੍ਹਨ ਵਿਚ ਨਾ ਆਈਆ। ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣਾ ਰਸ ਚਖਾਈਆ। ਏਕਾ ਗਾਓ ਗੋਬਿੰਦ ਗੀਤ, ਪੁਰਖ ਅਕਾਲ ਇਕ ਸ਼ਰਨਾਈਆ। ਮਾਨਸ ਮਾਨੁਖ ਜਨਮ ਲੈਣਾ ਜੀਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਸਾਹਿਬ ਸਤਿਗੁਰ ਸੱਚਾ ਮੀਤ, ਮਿੱਤਰ ਪਿਆਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਇਹ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁਲਾਂ ਸ਼ੇਖ਼, ਹਰਿ ਜੂ ਹਰਿ ਹਰਿ ਆਪ ਸਮਝਾਇੰਦਾ। ਕਲਜੁਗ ਅੰਤਮ ਮਿਟੀ ਰੇਖ, ਲੇਖਾ ਹੋਰ ਨਾ ਕੋਇ ਵਖਾਇੰਦਾ। ਲਹਿਣਾ ਦੇਣਾ ਦੇਵੇ ਗੁਰ ਦਸਮੇਸ਼, ਦਹਿ ਦਿਸ਼ਾ ਆਪਣੀ ਵੰਡ ਵੰਡਾਇੰਦਾ। ਦਰ ਬੁਲਾਏ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਏਕਾ ਹੁਕਮ ਜਣਾਇੰਦਾ। ਤਿਸ ਸਾਹਿਬ ਕੋ ਸਦਾ ਆਦੇਸ, ਜੋ ਹੁਕਮੀ ਹੁਕਮ ਫਿਰਾਇੰਦਾ। ਤਿਸ ਅੱਗੇ ਚਲੇ ਨਾ ਕੋਈ ਪੇਸ਼, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਰਨੀ ਆਪੇ ਵੇਖ, ਗੁਰ ਅਵਤਾਰ ਨਾਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਿਆ ਵੇਸ, ਵੇਸ ਅਨੇਕਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਸਮਝਾਇੰਦਾ। ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਆਖਰ ਆਪ ਜਣਾਇੰਦਾ। ਮੁਰਸ਼ਦ ਮੁਰੀਦ ਲਓ ਰੱਖ, ਏਕਾ ਹੁਕਮ ਸੁਣਾਇੰਦਾ। ਮੁਲਾਂ ਸ਼ੇਖ਼ ਕਰੋ ਪੱਖ, ਸਾਚੀ ਵੰਡ ਵੰਡਾਇੰਦਾ। ਅੰਤ ਨਿਬੇੜਾ ਹੱਕੋ ਹੱਕ, ਹੱਕ ਹਕ਼ੀਕ਼ਤ ਆਪ ਜਣਾਇੰਦਾ। ਮੁਕਾਮੇ ਹੱਕ ਹੋ ਪ੍ਰਤੱਖ, ਪਰਵਰਦਿਗਾਰ ਸੋਭਾ ਪਾਇੰਦਾ। ਲਾਸ਼ਰੀਕ ਵਸੇ ਘਟ ਘਟ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਸੁਣਾਇੰਦਾ। ਸਚ ਦਰਬਾਰ ਸੁਣਾਏ ਇਲਾਹੀ ਨੂਰ, ਆਲਮੀਨ ਸਮਝਾਈਆ। ਏਕਾ ਨਾਦ ਏਕਾ ਤੂਰ, ਦੂਰ ਦੁਰਾਡਾ ਆਪ ਜਣਾਈਆ। ਏਕਾ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹੀਆ। ਏਕਾ ਬੰਨ੍ਹੇ ਸਚ ਦਸਤੂਰ, ਕਲਮਾ ਕਲਾਮ ਆਪ ਪੜ੍ਹਾਈਆ। ਧੁਰ ਫ਼ਰਮਾਣਾ ਦੇਵੇ ਨਬੀ ਰਸੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਜਗਾਈਆ। ਪੀਰ ਪੈਗ਼ੰਬਰ ਜਾਣਾ ਜਾਗ, ਕਲਜੁਗ ਵੇਲਾ ਅੰਤਮ ਆਇਆ। ਚੌਦਾਂ ਤਬਕ ਵੇਖੋ ਸਾਕ, ਮੁਹੰਮਦ ਨਾਲ ਰਲਾਇਆ। ਅੱਲਾ ਰਾਣੀ ਵੇਖੋ ਪਾਕ, ਪਾਕੀ ਪਾਕ ਰੂਪ ਧਰਾਇਆ। ਚਾਰੋਂ ਕੁੰਟ ਲੈਣਾ ਝਾਕ, ਕਵਣ ਰਿਹਾ ਸੰਗ ਨਿਭਾਇਆ। ਅੰਤਮ ਸਭ ਨੇ ਹੋਣਾ ਖ਼ਾਕ, ਖ਼ਾਕੀ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਸਾਚਾ ਸਚ ਜਣਾਈਆ। ਕਵਣ ਘਰ ਉਪਜੇ ਗਿਆਨ, ਕਵਣ ਕਰੇ ਸਚ ਪੜ੍ਹਾਈਆ। ਬ੍ਰਹਿਮਣ ਬ੍ਰਹਮ ਨਾ ਸਕੇ ਪਛਾਣ, ਮੁਸਲਮ ਮਸੱਲਾ ਹੱਕ ਨਾ ਕੋਇ ਵਿਛਾਈਆ। ਸਿਖ ਸਿਖਿਆ ਕਰੇ ਨਾ ਕੋਇ ਪਰਵਾਨ, ਨਿਰਗੁਣ ਨਾਨਕ ਮੇਲ ਨਾ ਕੋਇ ਮਿਲਾਈਆ। ਈਸਾ ਦੇਵੇ ਨਾ ਕੋਇ ਪੈਗ਼ਾਮ, ਪੈਗ਼ੰਬਰ ਗੋਦ ਨਾ ਕੋਇ ਉਠਾਈਆ। ਬ੍ਰਹਮ ਕਰੇ ਨਾ ਕੋਇ ਪਰਵਾਨ, ਈਸ਼ ਜੀਵ ਨਾ ਕੋਇ ਜਣਾਈਆ। ਚਾਰੋਂ ਕੁੰਟ ਹੋਈ ਵੈਰਾਨ, ਚਾਰ ਵਰਨ ਪਈ ਲੜਾਈਆ। ਕਿਸੇ ਨਾ ਦਿਸੇ ਸਚ ਈਮਾਨ, ਸ਼ਰਅ ਇਲਮ ਨਾ ਕੋਇ ਪੜ੍ਹਾਈਆ। ਘਰ ਵੜ੍ਹਿਆ ਪੰਜ ਸ਼ੈਤਾਨ, ਅੱਠੇ ਪਹਿਰ ਦੁਖਦਾਈਆ। ਕਿਸੇ ਮਿਲਿਆ ਨਾ ਸੱਚਾ ਕਾਹਨ, ਗੋਪੀ ਰਾਸ ਨਾ ਕੋਇ ਰਚਾਈਆ। ਕਿਸੇ ਪਾਇਆ ਨਾ ਏਕਾ ਰਾਮ, ਸੀਤਾ ਸੁਰਤੀ ਦਏ ਦੁਹਾਈਆ। ਕਿਸੇ ਗਾਇਆ ਨਾ ਸਤਿਨਾਮ, ਨਾਮ ਸਤਿ ਨਾ ਵੱਜੀ ਵਧਾਈਆ। ਕਿਸੇ ਮਿਲਿਆ ਨਾ ਗੋਬਿੰਦ ਆਣ, ਗੁਰ ਗੁਰ ਬੈਠਾ ਮੁਖ ਛੁਪਾਈਆ। ਚਾਰੋਂ ਕੁੰਟ ਦਿਸੇ ਬੀਆਂਬਾਨ, ਸਾਚਾ ਫੁੱਲ ਨਾ ਕੋਇ ਮਹਿਕਾਈਆ। ਕਲਜੁਗ ਕਰੇ ਅੰਤ ਵੈਰਾਨ, ਆਪਣਾ ਬਲ ਧਰਾਈਆ। ਪੁਰਖ ਅਬਿਨਾਸ਼ੀ ਹੁਕਮਰਾਨ, ਸਾਚਾ ਖੇਲ ਕਰਾਈਆ। ਲੇਖਾ ਜਾਣੇ ਜੀਵ ਜਹਾਨ, ਜਗਤ ਜੁਗਤ ਆਪਣੀ ਵੰਡ ਵੰਡਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ, ਜੀਵ ਜੰਤ ਪੜ੍ਹ ਨਾ ਸਕੇ ਵਖਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰੇ ਦਏ ਵਡਿਆਈਆ। ਸਚ ਦਰਬਾਰੇ ਹਰਿ ਜੂ ਚੜ੍ਹਿਆ, ਤਖ਼ਤ ਨਿਵਾਸੀ ਆਸਣ ਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਪੰਡਤ ਪਾਂਧਾ ਆਪੇ ਫੜਿਆ, ਏਕਾ ਨਾਮ ਬੰਧਨ ਪਾਇਆ। ਲੱਖ ਚੁਰਾਸੀ ਬਣ ਠਠਿਆਰ ਭਾਂਡਾ ਘੜਿਆ, ਅੰਤ ਸ੍ਰੀ ਭਗਵੰਤ ਆਪੇ ਭੰਨ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠਾ ਦਰਿਆ, ਪ੍ਰਭ ਅਬਿਨਾਸ਼ੀ ਖੇਲ ਨਿਰਗੁਣ ਕਰਿਆ, ਬੈਠੇ ਸੀਸ ਝੁਕਾਇਆ। ਨਾ ਜੀਵਤ ਨਾ ਮਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹ, ਆਦਿ ਜੁਗਾਦੀ ਬੇਪਰਵਾਹ, ਜੁਗ ਜੁਗ ਬੇੜਾ ਰਿਹਾ ਚਲਾ, ਕਲਜੁਗ ਵੇਖੇ ਆਪਣਾ ਥਾਂ, ਥਾਨ ਥਨੰਤਰ ਆਪ ਸੁਹਾਇਆ। ਥਾਨ ਥਨੰਤਰ ਸੋਹਿਆ, ਹਰਿ ਸਾਚਾ ਆਪ ਸੁਹਾਇੰਦਾ। ਧੁਰਦਰਗਾਹੀ ਲੈ ਕੇ ਆਇਆ ਢੋਆ, ਏਕਾ ਨਾਮ ਆਪ ਵਰਤਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਆ, ਬੇਅੰਤ ਸਰਬ ਗਾਇੰਦਾ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਏਕਾ ਰੰਗ ਸਮਾਇੰਦਾ। ਆਪਣੇ ਜਿਹਾ ਆਪੇ ਹੋਇਆ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਈਆ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਸਤਿ ਸਤਿਵਾਦ ਕਰੇ ਪੜ੍ਹਾਈਆ। ਜਨ ਭਗਤਾਂ ਮੇਲੇ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਏਕਾ ਇਸ਼ਟ ਗੁਰ ਅਵਤਾਰਾ, ਏਕਾ ਦੇਵਾ ਦੇਵ ਸਮਝਾਈਆ। ਏਕਾ ਨਾਮ ਬੋਲ ਜੈਕਾਰਾ, ਕਲਮਾ ਕਲਾਮ ਇਕ ਪੜ੍ਹਾਈਆ। ਏਕਾ ਰਾਮ ਕ੍ਰਿਸ਼ਨ ਸਹਾਰਾ, ਏਕਾ ਈਸਾ ਮੂਸਾ ਰੰਗ ਵਟਾਈਆ। ਇਕ ਮੁਹੰਮਦ ਦਏ ਆਧਾਰਾ, ਏਕਾ ਚਾਰ ਯਾਰ ਮਿਲਾਈਆ। ਏਕਾ ਸਤਿਨਾਮ ਬੰਨੇ ਧਾਰਾ, ਏਕਾ ਨਾਨਕ ਨਿਰਗੁਣ ਸ਼ਰਨਾਈਆ। ਏਕਾ ਫ਼ਤਹਿ ਬੋਲ ਜੈਕਾਰਾ, ਗੋਬਿੰਦ ਡੰਕ ਵਜਾਈਆ। ਏਕਾ ਵਸੇ ਸਭ ਤੋਂ ਬਾਹਿਰਾ, ਦਿਸ ਕਿਸੇ ਨਾ ਆਈਆ। ਏਕਾ ਨਿਰਗੁਣ ਨਿਹਕਲੰਕ ਲਏ ਅਵਤਾਰਾ, ਲੋਕਮਾਤ ਜੋਤ ਪ੍ਰਗਟਾਈਆ। ਏਕਾ ਖੰਡਾ ਇਕ ਕਟਾਰਾ, ਚੰਡ ਪਰਚੰਡ ਇਕ ਚਮਕਾਈਆ। ਏਕਾ ਅੰਮ੍ਰਿਤ ਠੰਡਾ ਠਾਰਾ, ਘਰ ਘਰ ਪਿਆਲਾ ਦਏ ਪਿਆਈਆ। ਏਕਾ ਦੀਆ ਬਾਤੀ ਜੋਤੀ ਕਰ ਉਜਿਆਰਾ, ਅੰਧ ਅੰਧੇਰ ਮਿਟਾਈਆ। ਏਕਾ ਸੱਜਣ ਮੀਤ ਮੁਰਾਰਾ, ਸਗਲਾ ਸੰਗ ਨਿਭਾਈਆ। ਏਕਾ ਪੰਚਮ ਕਰੇ ਪਿਆਰਾ, ਪੰਚਮ ਪੰਚ ਮੁਖ ਸਾਲਾਹੀਆ। ਏਕਾ ਵਸੇ ਧਾਮ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਏਕਾ ਖੋਲ੍ਹੇ ਬੰਦ ਕਿਵਾੜਾ, ਥਿਰ ਘਰ ਤਾਕੀ ਆਪੇ ਲਾਹੀਆ। ਏਕਾ ਵਸੇ ਧੂੰਆਂਧਾਰਾ, ਸੁਨ ਅਗੰਮ ਸਮਾਈਆ। ਏਕਾ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਏਕਾ ਪੰਚਮ ਤੱਤ ਲਗਾਏ ਅਖਾੜਾ, ਏਕਾ ਅਨਹਦ ਨਾਦੀ ਨਾਦ ਵਜਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਜੁਗ ਜੁਗ ਵੇਸ ਵਟਾਈਆ। ਏਕਾ ਵੇਦ ਸ਼ਾਸਤਰ ਸਿਮਰਤ ਕਰੇ ਪਿਆਰਾ, ਏਕਾ ਗੀਤਾ ਗਿਆਨ ਦ੍ਰਿੜਾਈਆ। ਏਕਾ ਅੰਜੀਲ ਕੁਰਾਨਾਂ ਦਏ ਹੁਲਾਰਾ, ਤੀਸ ਬਤੀਸਾ ਏਕਾ ਗਾਈਆ। ਏਕਾ ਖਾਣੀ ਬਾਣੀ ਖੋਲ੍ਹ ਦੁਆਰਾ, ਵਰਨ ਬਰਨ ਕਰੇ ਪੜ੍ਹਾਈਆ। ਏਕਾ ਰਾਗੀ ਨਾਦੀ ਵਸੇ ਬਾਹਿਰਾ, ਛੱਤੀ ਰਾਗ ਭੇਵ ਨਾ ਰਾਈਆ। ਏਕਾ ਅਠਸਠ ਤੀਰਥ ਜਾਣੇ ਤੱਟ ਕਿਨਾਰਾ, ਮੰਦਰ ਮਸੀਤ ਮੱਠ ਗੁਰੂਦੁਆਰਾ ਫੋਲ ਫੁਲਾਈਆ। ਏਕਾ ਹੱਟ ਏਕਾ ਵਣਜਾਰਾ, ਏਕਾ ਵਸਤ ਆਪ ਵਰਤਾਈਆ। ਏਕਾ ਮੰਦਰ ਇਕ ਮਨਾਰਾ, ਅਸਥਲ ਰੂਪ ਇਕ ਸਮਝਾਈਆ। ਆਦਿ ਅੰਤ ਖੇਲ ਅਪਾਰਾ, ਮਧ ਆਪਣੀ ਧਾਰ ਵਿਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਰ ਕਿਨਾਰਾ, ਛੱਤੀ ਛੱਤੀ ਬੰਧਨ ਦਏ ਤੁੜਾਈਆ। ਕਲਜੁਗ ਜੂਠ ਝੂਠ ਕਰ ਖੁਵਾਰਾ, ਕੂੜੀ ਕਿਰਿਆ ਦਏ ਖਪਾਈਆ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਸਤਿ ਪੁਰਖ ਨਿਰੰਜਣ ਆਪਣੇ ਹੱਥ ਰੱਖੇ ਵਡਿਆਈਆ। ਹਰਿ ਭਗਤਾਂ ਮੇਲੇ ਆਪਣੇ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਅੱਠੇ ਪਹਿਰ ਨਾਦ ਧੁਨਕਾਰਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸਰ ਸਰੋਵਰ ਠੰਡਾ ਠਾਰਾ, ਦੁਰਮਤ ਮੈਲ ਧੁਆਈਆ। ਕਾਗੋਂ ਹੰਸ ਹੰਸ ਉਡਾਰਾ, ਸੋਹੰ ਹੰਸਾ ਚੋਗ ਚੁਗਾਈਆ। ਭਗਤਾਂ ਖੋਲ੍ਹੇ ਇਕ ਭੰਡਾਰਾ, ਸਾਚਾ ਨਾਮ ਆਪ ਵਰਤਾਈਆ। ਰਾਜ਼ਕ ਰਿਜ਼ਕ ਰਹੀਮ ਪਰਵਰਦਿਗਾਰਾ, ਬੇਐਬ ਵੇਸ ਵਟਾਈਆ। ਫਰਜ਼ੰਦ ਸੁਤ ਵੇਖੇ ਆਪ ਦੁਲਾਰਾ, ਗੁਰਮੁਖ ਗੁਰਸਿਖ ਮੁਰਸ਼ਦ ਮੁਰੀਦ ਗੁਰ ਚੇਲਾ ਵੇਸ ਵਟਾਈਆ। ਜੀਵਣ ਜੁਗਤ ਜਗਤ ਦਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਲਗਾਈਆ। ਸਚ ਦਰਬਾਰ ਪੁਰਖ ਕਰਤਾਰ, ਅਬਿਨਾਸ਼ੀ ਆਪ ਲਗਾਇੰਦਾ। ਜਨ ਭਗਤਾਂ ਕਰੇ ਇਕ ਪਿਆਰ, ਏਕਾ ਘਰ ਵਖਾਇੰਦਾ। ਨੇਤਰ ਲੋਚਣ ਦਰਸ ਦੀਦਾਰ, ਦੀਦ ਈਦ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਬ੍ਰਹਮਾ ਵੇਤਾ ਭੇਵ ਨਾ ਆਇੰਦਾ। ਵਿਸ਼ਨੂੰ ਰੋਵੇ ਜ਼ਾਰੋ ਜ਼ਾਰ, ਸ਼ੰਕਰ ਆਪਣੀ ਤ੍ਰਸੂਲ ਸੁਟਾਇੰਦਾ। ਬਾਸ਼ਕ ਸੇਜਾ ਨਾ ਕੋਇ ਪਿਆਰ, ਸਾਗੋਂ ਪਾਂਗ ਨਾ ਕੋਇ ਹੰਢਾਇੰਦਾ। ਪੁਰਖ ਅਬਿਨਾਸ਼ੀ ਕਰੇ ਕਾਰ, ਆਪਣੀ ਕਿਰਤ ਆਪ ਕਰਾਇੰਦਾ। ਪਿਛਲਾ ਲੇਖਾ ਰਹੇ ਨਾ ਵਿਚ ਸੰਸਾਰ, ਅਗਲਾ ਪੰਧ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਵਿਚ ਸੰਸਾਰ, ਸਤਿ ਸਤਿਵਾਦੀ ਆਪ ਚਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਰੂਪ ਵਟਾਈਆ। ਦੀਨ ਮਜ਼੍ਹਬ ਕਰ ਖ਼ਵਾਰ, ਜ਼ਾਤ ਪਾਤ ਮੋਹ ਤੁੜਾਈਆ। ਊਚ ਨੀਚ ਨਾ ਕੋਇ ਵਿਚਾਰ, ਏਕਾ ਬ੍ਰਹਮ ਸਮਝਾਈਆ। ਏਕਾ ਗੁਰੂ ਦਏ ਵਖਾਲ, ਸ਼ਬਦੀ ਸ਼ਬਦ ਨਾਉਂ ਧਰਾਈਆ। ਏਕਾ ਇਸ਼ਟ ਪੁਰਖ ਅਕਾਲ, ਗੁਰ ਗੋਬਿੰਦ ਗਿਆ ਸਮਝਾਈਆ। ਆਦਿ ਜੁਗਾਦਿ ਚਲੇ ਨਾਲ ਨਾਲ, ਜਨਮ ਮਰਨ ਵਿਚ ਨਾ ਆਈਆ। ਸੇਵਾ ਲਾਏ ਕਾਲ ਮਹਾਂਕਾਲ, ਰਾਏ ਧਰਮ ਨਾਲ ਮਿਲਾਈਆ। ਚਿਤਰ ਗੁਪਤ ਆਪ ਉਠਾਲ, ਸਾਚੀ ਸਿਖਿਆ ਇਕ ਸਮਝਾਈਆ। ਲਾੜੀ ਮੌਤ ਕਰ ਦਲਾਲ, ਜੀਵ ਜਹਾਨਾਂ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਚਖੰਡ ਸੱਚੀ ਧਰਮਸਾਲ, ਸਚ ਦੁਆਰੇ ਸੋਭਾ ਪਾਈਆ। ਸਚਖੰਡ ਦੁਆਰੇ ਵੰਡੀ ਵੰਡ, ਵੰਡਣਹਾਰ ਗੋਪਾਲਾ। ਕਲਜੁਗ ਅੰਤਮ ਨੰਗੀ ਕਰੇ ਕੰਡ, ਨਾ ਦਿਸੇ ਕੋਇ ਰਖਵਾਲਾ। ਸ੍ਰਿਸ਼ਟ ਸਬਾਈ ਰੋਵੇ ਵਰਭੰਡ, ਲੱਖ ਚੁਰਾਸੀ ਹੋਏ ਬੇਹਾਲਾ। ਕਿਸੇ ਨਜ਼ਰ ਨਾ ਆਏ ਗੁਜ਼ਰੀ ਨੰਦ, ਚਾਰੋਂ ਕੁੰਟ ਅੰਧੇਰਾ ਕਾਲਾ। ਕੋਇ ਨਾ ਗਾਏ ਸਾਚਾ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਾਤ ਨਿਰਾਲਾ। ਕਰੇ ਖੇਲ ਨਿਰਾਲੀ ਜੋਤ, ਅਕਾਲੀ ਭੇਵ ਕੋਇ ਨਾ ਪਾਇੰਦਾ। ਧੁਰਦਰਗਾਹੀ ਸੱਚਾ ਮਾਲੀ, ਸ੍ਰੀ ਭਗਵਾਨ ਆਪਣੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਬਣ ਦਲਾਲੀ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਤਮ ਪਰਮਾਤਮ ਆਪੇ ਭਾਲੀ, ਮਿਲ ਮਿਲ ਸੱਖੀ ਸਾਚਾ ਕਾਹਨ ਆਪਣਾ ਰੰਗ ਵਖਾਇੰਦਾ। ਭਗਤ ਭਗਵੰਤ ਚੜ੍ਹਾਏ ਲਾਲੀ, ਲਾਲ ਗੁਲਾਲਾ ਰੰਗ ਇਕ ਵਖਾਇੰਦਾ। ਦੀਪਕ ਜੋਤ ਵਖਾਏ ਸਾਚੀ ਥਾਲੀ, ਗਗਨ ਮੰਡਲ ਸੋਭਾ ਪਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼ ਗਗਨੰਤਰ ਪਾਤਾਲੀ, ਡੂੰਘੀ ਧਾਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਥਾਹ ਬੇਪਰਵਾਹ ਨਿਰਗੁਣ ਆਪਣਾ ਰੰਗ ਵਟਾਇੰਦਾ। ਨਿਰਗੁਣ ਰੰਗ ਅਨਮੋਲ, ਦਿਸ ਕਿਸੇ ਨਾ ਆਈਆ। ਕਲਜੁਗ ਤੋਲੇ ਆਪਣੇ ਤੋਲ, ਸਾਚਾ ਕੰਡਾ ਹੱਥ ਉਠਾਈਆ। ਜੀਵ ਜੰਤ ਸਾਧ ਸੰਤ ਰਹੇ ਅਨਭੋਲ, ਹਰਿ ਕਾ ਭੇਵ ਕੋਇ ਨਾ ਪਾਈਆ। ਸਚਖੰਡ ਦੁਆਰਾ ਲੋਕਮਾਤ ਦੇਵੇ ਖੋਲ੍ਹ, ਸੇਵਕ ਸੇਵਾ ਆਪ ਕਮਾਈਆ। ਹਰਿਜਨ ਸਾਚੇ ਰੱਖ ਅਡੋਲ, ਲੱਖ ਚੁਰਾਸੀ ਵਿਚੋਂ ਲਏ ਤਰਾਈਆ। ਆਤਮ ਅੰਤਰ ਸ਼ਬਦ ਅਗੰਮੀ ਏਕਾ ਬੋਲ, ਏਕਾ ਅੱਖਰ ਕਰੇ ਪੜ੍ਹਾਈਆ। ਸਰਗੁਣ ਅੰਦਰ ਨਿਰਗੁਣ ਮੌਲ, ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਘਰ ਘਰ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਹਰਿ ਜੀ ਫਿਰਨਾ, ਆਪਣਾ ਬਲ ਰਖਾਇੰਦਾ। ਲੱਖ ਚੁਰਾਸੀ ਅੰਦਰ ਵੜਨਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਗੁਰਸਿਖ ਗੁਰਮੁਖ ਹਰਿ ਸੰਤ ਭਗਤ ਆਪੇ ਫੜਨਾ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਮੜ੍ਹੀ ਗੋਰ ਕਦੇ ਨਾ ਸੜਨਾ, ਤ੍ਰੈਗੁਣ ਅਗਨੀ ਤੱਤ ਨਾ ਕੋਇ ਜਲਾਇੰਦਾ। ਨੇਤਰ ਖੋਲ੍ਹੇ ਹਰਨਾ ਫਰਨਾ, ਰੂਪ ਅਨੂਪ ਆਪ ਸਮਝਾਇੰਦਾ। ਸਾਚਾ ਘਾੜਨ ਹਰਿ ਜੂ ਘੜਨਾ, ਘਾੜਤ ਘੜਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਚਲੇ ਸਾਚੀ ਧਾਰ, ਸਤਿਗੁਰ ਪੂਰਾ ਆਪ ਚਲਾਈਆ। ਚਾਰ ਵਰਨਾਂ ਇਕ ਪਿਆਰ, ਏਕਾ ਘਰ ਬਹਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਧੁਨ ਸੁਣਾਈਆ। ਏਕਾ ਘਰ ਮੰਗਲਾਚਾਰ, ਏਕਾ ਵੱਜੇ ਵਧਾਈਆ। ਏਕਾ ਨਿਰਗੁਣ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ । ਏਕਾ ਬਣਿਆ ਕੰਤ ਭਤਾਰ, ਲੱਖ ਚੁਰਾਸੀ ਸਖੀ ਰਿਹਾ ਹੰਢਾਈਆ। ਏਕਾ ਮੰਦਰ ਇਕ ਦੁਆਰ, ਗੁਰੂ ਇਸ਼ਟ ਇਕ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਾਰਬ੍ਰਹਮ ਬੇਪਰਵਾਹੀਆ। ਜ਼ਾਤ ਪਾਤ ਸ਼ਰਅ ਮਜ਼੍ਹਬ ਤੇ ਵਸਿਆ ਬਾਹਿਰ, ਜੂਠਾ ਝੂਠਾ ਬੰਧਨ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾਲ, ਏਕਾ ਰੱਖੇ ਅੱਗੇ ਸਵਾਲ, ਮਸਲਾ ਹੱਲ ਨਾ ਕੋਇ ਕਰਾਈਆ। ਉਠੋ ਵੇਖੋ ਨੇਤਰ ਖੋਲ੍ਹੋ ਆਪੋ ਆਪਣੇ ਵੇਖੋ ਲਾਲ, ਜੀਵ ਜੰਤ ਜੰਤ ਸਮਝਾਈਆ। ਕਵਣ ਵਸੇ ਧਰਮਸਾਲ, ਕਵਣ ਮੰਦਰ ਬੈਠਾ ਸੁਰਤ ਸੰਭਾਲ, ਕਵਣ ਮਸਜਿਦ ਸਯਦਾ ਸੀਸ ਝੁਕਾਈਆ। ਸਾਰੇ ਵੇਖ ਹੋਏ ਹੈਰਾਨ, ਅੰਦਰ ਕਿਸੇ ਨਾ ਦਿਸੇ ਗਿਆਨ, ਰਸਨਾ ਜਿਹਵਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਨੂੰ ਰਿਹਾ ਸਮਝਾਈਆ। ਸਾਰੇ ਸੁਣੋ ਕਰੋ ਧਿਆਨ, ਹਰਿ ਜੂ ਹਰਿ ਸੁਣਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਿਆ ਗਿਆਨ, ਅਗਿਆਨ ਨਾਲ ਮਿਲਾਇਆ। ਰਸਨਾ ਪੜ੍ਹ ਪੜ੍ਹ ਜਿਹਵਾ ਕਹਿ ਕਹਿ ਕਰ ਵਖਾਨ, ਅੰਦਰ ਵੜ ਦਰਸ ਕਿਸੇ ਨਾ ਪਾਇਆ। ਇਕ ਦੂਜੇ ਨੂੰ ਕਹਿਣ ਸ੍ਰੀ ਭਗਵਾਨ, ਆਪਣੇ ਘਰ ਨਾ ਕਿਸੇ ਬਹਾਇਆ। ਨਾਨਕ ਗੋਬਿੰਦ ਕਹੇ ਵਖਾਨ, ਸ੍ਰਿਸ਼ਟ ਸਬਾਈ ਇਹ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨੂਰ ਨੂਰ ਧਰਾਇਆ। ਨਿਰਗੁਣ ਨੂਰ ਜੋਤੀ ਧਾਰ, ਨਿਹਕਲੰਕ ਵਡਿਆਈਆ। ਮਹਾਂਬਲੀ ਉਤਰੇ ਆਪਣੀ ਵਾਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸੰਬਲ ਵਸਿਆ ਧਾਮ ਨਿਆਰ, ਸਾਚੇ ਬੰਕ ਵਡਿਆਈਆ। ਏਕਾ ਸ਼ਬਦ ਬੋਲ ਜੈਕਾਰ, ਬ੍ਰਹਿਮੰਡ ਖੰਡ ਲਏ ਉਠਾਈਆ। ਏਕਾ ਖੰਡਾ ਤੇਜ਼ ਕਟਾਰ, ਨਾਮ ਚੰਡ ਪ੍ਰਚੰਡ ਚਮਕਾਈਆ। ਜੇਰਜ ਅੰਡ ਮਾਰੇ ਮਾਰ, ਉਤਭੁਜ ਸੇਤਜ ਦਏ ਖਪਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਭੇਵ ਖੁਲ੍ਹਾਈਆ। ਰੰਗ ਚਲੂਲ ਏਕਾ ਚਾੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਰੱਖੇ ਹੱਥ ਸਮਰਥ, ਹਰਿਜਨ ਆਪ ਤਰਾਇਆ। ਕਲਜੁਗ ਵੇਖੀ ਪਿਛਲੀ ਵਥ, ਸਭ ਦਾ ਲਹਿਣਾ ਦਏ ਮੁਕਾਇਆ। ਸਤਿਜੁਗ ਸਾਚਾ ਮਾਰਗ ਦੱਸ, ਹਰਿਜਨ ਸਾਚੇ ਲਏ ਸਮਝਾਇਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇਆ। ਪੰਚ ਵਿਕਾਰਾ ਦੇਵੇ ਝੱਸ, ਪੰਚਮ ਮੋਹ ਮੋਹ ਮਿਟਾਇਆ। ਆਪੇ ਕਰੇ ਪੂਰੀ ਆਸ, ਹਰਿਜਨ ਸਾਚੇ ਲਏ ਤਰਾਇਆ। ਦਰਸ ਵਖਾ ਪੁਰਖ ਅਬਿਨਾਸ਼, ਆਪਣਾ ਭੇਵ ਚੁਕਾਇਆ। ਲਹਿਣਾ ਦੇਣਾ ਮੁਕੇ ਪ੍ਰਿਥਮੀ ਅਕਾਸ਼, ਅਪ ਤੇਜ਼ ਵਾਏ ਨਾ ਰੰਗ ਵਖਾਇਆ। ਮਨ ਮਤ ਬੁਧ ਕਰੇ ਦਾਸ, ਏਕਾ ਸ਼ਬਦੀ ਡੰਕ ਵਜਾਇਆ। ਲੇਖਾ ਜਾਣੇ ਪਵਣ ਸਵਾਸ, ਪਵਣ ਪਵਣੀ ਫੇਰਾ ਪਾਇਆ। ਨਾਤਾ ਤੋੜ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਇਆ। ਹਰਿਜਨ ਤਾਰੇ ਆਪ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਨਾਮ ਭੰਡਾਰਾ ਏਕਾ ਭਰ, ਵਸਤ ਅਮੋਲਕ ਆਪ ਵਰਤਾਈਆ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਵਖਾਈਆ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਆਈਆ। ਕਿਲਾ ਤੋੜ ਹੰਕਾਰੀ ਗੜ੍ਹ, ਜੂਠ ਝੂਠ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਲਏ ਵਰ, ਬਰਨ ਅਠਾਰਾਂ ਪੰਧ ਮੁਕਾਈਆ। ਬਰਨ ਅਠਾਰਾਂ ਮੁੱਕੇ ਪੰਧ, ਕਲਜੁਗ ਅੰਤਮ ਵਾਰ। ਸ੍ਰਿਸ਼ਟ ਸਬਾਈ ਏਕਾ ਛੰਦ, ਗਾਏ ਸਰਬ ਸੰਸਾਰ। ਆਤਮ ਅੰਤਰ ਇਕ ਅਨੰਦ, ਨਿਜਾਨੰਦ ਉਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਤੇਰਾ ਪਾਰ ਕਿਨਾਰਾ, ਸਤਿਗੁਰ ਪੂਰਾ ਆਪ ਵਖਾਈਆ। ਨਾਤਾ ਤੁਟਾ ਜੀਵ ਸੰਸਾਰਾ, ਸ਼ਾਕਤ ਨਿੰਦਕ ਦੁਸ਼ਟ ਦੁਰਾਚਾਰਾ ਸੰਗ ਨਾ ਕੋਇ ਵਖਾਈਆ। ਗੁਰਮੁਖ ਮੇਲ ਇਕ ਦੁਆਰਾ, ਏਕਾ ਘਰ ਵੱਜੇ ਵਧਾਈਆ। ਗ੍ਰਹਿ ਗ੍ਰਹਿ ਮਿਲੇ ਮੀਤ ਮੁਰਾਰਾ, ਗੁਰ ਗੁਰ ਰੂਪ ਵਟਾਈਆ । ਪੰਚਮ ਸਖੀਆਂ ਮੰਗਲਾਚਾਰਾ, ਏਕਾ ਗੀਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸਤਿਜੁਗ ਸਾਚਾ ਰਾਹ ਵਖਾਈਆ। ਨਾਨਕ ਮੇਲਾ ਸੱਚੇ ਗੁਰਸਿਖ, ਜਿਸ ਸਿਖਿਆ ਸਤਿਗੁਰ ਭਾਈਆ। ਅੰਦਰੋਂ ਕੱਢੇ ਝੂਠੀ ਵਿਖ, ਮਾਇਆ ਮੋਹ ਗਵਾਈਆ। ਪੰਚ ਵਿਕਾਰਾ ਛੱਡੇ ਹਿੱਤ, ਕਾਮ ਕਰੋਧ ਨਾ ਕੋਇ ਲੜਾਈਆ। ਸੇਵਕ ਰਹੇ ਨਿਤ ਨਿਤ, ਬਣ ਚਾਕਰ ਸੇਵ ਕਮਾਈਆ। ਨਾਨਕ ਸਤਿਗੁਰ ਨਾ ਦੇਵੇ ਪਿੱਠ, ਜੋ ਗੁਰਸਿਖ ਰਹੇ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੀ ਰੀਤ ਰਿਹਾ ਸਮਝਾਈਆ। ਗੁਰਸਿਖ ਪਹਿਲੋਂ ਕਰ ਤਿਆਰੀ, ਆਤਮ ਅੰਤਰ ਦਏ ਅਧਾਰ। ਪੰਜ ਤੱਤ ਨਾਤਾ ਤੋੜ ਵਿਕਾਰੀ, ਜੂਠਾ ਝੂਠਾ ਮੋਹ ਪਿਆਰ। ਕਾਇਆ ਮਹੱਲ ਵੇਖ ਅਟਾਰੀ, ਉਚੋ ਊਚ ਅਗੰਮ ਅਪਾਰ। ਅੰਦਰ ਲੱਭੇ ਫਿਰ ਜੋਤ ਨਿਰੰਕਾਰੀ, ਜੋ ਗੁਰਸਿਖ ਸਿਖਿਆ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾਨਕ ਨਿਰਗੁਣ ਗੁਰਸਿਖ ਸਾਚੇ ਕਰੇ ਪਿਆਰ। ਸਤਿਗੁਰ ਜਾਣੀ ਜਾਣ, ਨਾਨਕ ਗਿਆ ਸਮਝਾਈਆ। ਪਹਿਲੋਂ ਕਰੇ ਆਪ ਪਹਿਚਾਨ, ਪਹਿਚਾਨ ਵਿਚ ਕਿਸੇ ਨਾ ਆਈਆ। ਮਨ ਅੰਦਰ ਖੇਲ ਮਹਾਨ, ਛਿੰਨ ਛਿੰਨ ਰੂਪ ਵਟਾਈਆ। ਜਿਸ ਸਤਿਗੁਰ ਕਰੇ ਗਿਆਨ, ਅੱਖਰ ਅੱਖਰ ਦਏ ਪੜ੍ਹਾਈਆ। ਤਿਸ ਸਥਿਰ ਰਹੇ ਧਿਆਨ, ਮਨ ਵਾਸਨਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗੁਰਸਿਖਾਂ ਅੰਦਰ ਵੜ ਵੜ ਮਹੱਲੇ ਚੜ੍ਹ ਚੜ੍ਹ ਸੁਰਤੀ ਫੜ ਫੜ, ਬਿਨ ਬੋਲਿਆਂ ਦਏ ਸਮਝਾਈਆ। ਗੋਬਿੰਦ ਸੂਰਾ ਗੁਰਸਿਖ ਮੀਤ, ਇਕੋ ਇਕ ਵਖਾਇੰਦਾ। ਜੋ ਗੁਰ ਕੀ ਜਾਣੇ ਰੀਤ, ਤਿਸ ਸਤਿਗੁਰ ਵੇਖ ਵਖਾਇੰਦਾ। ਅੰਦਰ ਵੇਖੇ ਧਾਮ ਅਨਡੀਠ, ਅਨਡਿਠੜੀ ਕਾਰ ਕਰਾਇੰਦਾ । ਪਹਿਲੋਂ ਮਨ ਨੂੰ ਲੈਣਾ ਜੀਤ, ਮਨ ਵਾਸਨਾ ਸਰਬ ਮਿਟਾਇੰਦਾ। ਫਿਰ ਗੋਬਿੰਦ ਕਰੇ ਪ੍ਰੀਤ, ਅੰਦਰ ਵੜ ਵੜ ਬੂਝ ਬੁਝਾਇੰਦਾ। ਪਰਖਣਹਾਰਾ ਸਾਚੀ ਨੀਤ, ਵਲ ਛਲ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰਗਤ ਆਪ ਜਣਾਇੰਦਾ। ਕਾਇਆ ਅੰਦਰ ਡੂੰਘੀ ਗਾਰ, ਕੋਟਨ ਕੋਟ ਵਾਸਨਾ ਵਿਚ ਭਰਾਈਆ। ਮਨ ਮਨੂਆ ਫਿਰੇ ਵਾਰੋ ਵਾਰ, ਦਹਿ ਦਿਸ਼ਾ ਫੇਰਾ ਪਾਈਆ। ਗੁਰਮੁਖ ਵਿਰਲਾ ਲਏ ਸੁਰਤ ਸੰਭਾਲ, ਮਨ ਬੰਧਨ ਏਕਾ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਗੁਰਸਿਖ ਤੇਰੀ ਕਾਇਆ ਜੇ ਸੁੱਚੀ ਹੋਏ ਧਰਮਸਾਲ, ਫਿਰ ਗੋਬਿੰਦ ਅੰਦਰ ਡੇਰਾ ਲਾਈਆ। ਅੰਦਰੇ ਅੰਦਰ ਹੱਲ ਕਰੇ ਸਵਾਲ, ਬਿਨ ਬੂਝਿਆਂ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਖੇਲ ਹਰਿ, ਹਰਿ ਜੂ ਆਪਣਾ ਆਪ ਵਖਾਈਆ। ਨਾਨਕ ਗੋਬਿੰਦ ਪੌਣਾ ਔਖਾ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਜਗਤ ਵਿਕਾਰ ਦੇਵੇ ਧੋਖਾ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕੋਈ ਨਾ ਵੇਖੇ ਕਾਇਆ ਕੋਠਾ, ਅੰਦਰ ਵੜ ਨਾ ਦਰਸਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰਗਤ ਬ੍ਰਹਮ ਮਤ ਏਕਾ ਤੱਤ, ਬਿਨ ਰੱਤੀ ਰੱਤ ਆਪ ਸਮਝਾਇੰਦਾ। ਅੰਤਰਗਤ ਬ੍ਰਹਮ ਗਿਆਨ, ਨਿਸ਼ਅੱਖਰ ਹਰਿ ਪੜ੍ਹਾਈਆ। ਬਿਨ ਪੁਛਿਆਂ ਪੁਛੇ ਆਣ, ਨਾਨਕ ਗੋਬਿੰਦ ਦਰਸ ਅਜੇ ਨਾ ਪਾਈਆ। ਨੇਤਰ ਰੂਪ ਨਾ ਸਕੇ ਪਛਾਣ, ਨੂਰ ਨੂਰ ਨਾ ਕੋਇ ਵਖਾਈਆ। ਗੀਤ ਸੁਣਿਆ ਨਾ ਅਗੰਮੀ ਕਾਨ, ਨਾਦ ਧੁਨ ਨਾ ਕੋਇ ਸ਼ਨਵਾਈਆ। ਅੰਦਰ ਸੇਜਾ ਹੋਈ ਵੈਰਾਨ, ਸਤਿਗੁਰ ਉਤੇ ਬੈਠਾ ਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਗੁਰਮੁਖ ਵਿਰਲੇ ਆਪ ਮਿਲਾਈਆ।
