੧੦ ਮਾਘ ੨੦੧੮ ਬਿਕਰਮੀ ਦਰਸ਼ਨ ਸਿੰਘ ਦੇ ਗ੍ਰਹਿ ਮਹਰਾਜਪੁਰ ਜ਼ਿਲਾ ਗੁਰਦਾਸਪੁਰ
ਆਦਿ ਜੁਗਾਦਿ ਸਤਿਗੁਰ ਧਾਰਾ, ਸਤਿ ਸਤਿਵਾਦੀ ਆਪ ਚਲਾਇੰਦਾ। ਗੁਰ ਗੁਰ ਰੂਪ ਸ਼ਬਦ ਅਪਾਰਾ, ਨਿਰਗੁਣ ਨਿਰਾਕਾਰ ਖੇਲ ਕਰਾਇੰਦਾ। ਭਗਤੀ ਭਗਤ ਨਾਮ ਵਣਜਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਸੰਤਨ ਸਤਿ ਸਤਿ ਸਤਿ ਸਹਾਰਾ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਆਪਣਾ ਪਰਦਾ ਆਪ ਚੁਕਾਇੰਦਾ। ਗੁਰਸਿਖਾਂ ਵਖਾਏ ਇਕ ਦੁਆਰਾ, ਦਰ ਦਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰੰਗ ਵਖਾਇੰਦਾ। ਸਤਿਗੁਰ ਧਾਰ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਗੁਰ ਗੁਰ ਰੂਪ ਨਾ ਮਰੇ ਨਾ ਪਏ ਜੰਮ, ਤੱਤਵ ਤੱਤ ਨਾ ਕੋਇ ਰਖਾਇੰਦਾ। ਭਗਤ ਭਗਵੰਤ ਬੇੜਾ ਬੰਨ੍ਹ, ਜੁਗ ਜੁਗ ਸੇਵ ਕਮਾਇੰਦਾ। ਸੰਤਨ ਦੇਵੇ ਨਾਮ ਧੰਨ, ਜੁਗ ਜੁਗ ਆਪ ਵਰਤਾਇੰਦਾ। ਗੁਰਮੁਖ ਚੜ੍ਹਾਏ ਸਾਚੇ ਚੰਨ, ਅੰਧ ਅੰਧੇਰ ਗਵਾਇੰਦਾ। ਗੁਰਸਿਖਾਂ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣੀ ਕਾਰ ਕਮਾਇੰਦਾ। ਸਤਿਗੁਰ ਸੱਚਾ ਬੇਪਰਵਾਹ, ਪੁਰਖ ਅਕਾਲ ਅਖਵਾਈਆ। ਗੁਰ ਗੁਰ ਰੂਪ ਬਣ ਮਲਾਹ, ਨਿਰਗੁਣ ਸਰਗੁਣ ਸੇਵ ਕਮਾਈਆ। ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਸਮਝਾਈਆ। ਸੰਤ ਸੁਹੇਲੇ ਲਏ ਮਿਲਾ, ਮੇਲ ਮਿਲਾਵਾ ਸਹਿਜ ਸੁਖਦਾਈਆ। ਗੁਰਮੁਖ ਸੱਜਣ ਲਏ ਰਖਾ, ਆਪ ਆਪਣੀ ਬੂਝ ਬੁਝਾਈਆ । ਗੁਰਸਿਖ ਰੰਗ ਦਏ ਰੰਗਾ, ਰੰਗ ਮਜੀਠੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਸ ਵਟਾਈਆ। ਸਤਿਗੁਰ ਪੂਰਾ ਹਰਿ ਸਮਰਥ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਗੁਰ ਗੁਰ ਰੂਪ ਚਲਾਏ ਰਥ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਏਕਾ ਵਥ, ਨਾਮ ਅਮੋਲਕ ਆਪ ਵਰਤਾਇੰਦਾ। ਸੰਤਾਂ ਹਿਰਦੇ ਆਪੇ ਵਸ, ਹਰਿ ਹਰਿ ਆਪਣਾ ਰੂਪ ਜਣਾਇੰਦਾ। ਗੁਰਮੁਖਾਂ ਮਾਰਗ ਏਕਾ ਦੱਸ, ਪਾਂਧੀ ਸਾਚੇ ਪੰਧ ਰਖਾਇੰਦਾ। ਗੁਰਸਿਖਾਂ ਆਤਮ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣਾ ਬੰਧਨ ਆਪੇ ਪਾਇੰਦਾ। ਸਤਿਗੁਰ ਪੂਰਾ ਸਤਿ ਕਰਤਾਰ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਗੁਰ ਰੂਪ ਵਿਚ ਸੰਸਾਰ, ਜੋਤੀ ਜਾਤਾ ਭੇਖ ਵਟਾਈਆ। ਭਗਤਨ ਕਰੇ ਸਚ ਸ਼ਿੰਗਾਰ, ਸਾਚਾ ਬਸਤਰ ਇਕ ਪਹਿਨਾਈਆ। ਸੰਤਨ ਦੇਵੇ ਦਰਸ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਗੁਰਮੁਖਾਂ ਫਿਰੇ ਪਿਛੇ ਅਗਾੜ, ਬਣ ਸੇਵਕ ਸੇਵ ਕਮਾਈਆ। ਗੁਰਸਿਖਾਂ ਕਰੇ ਪ੍ਰਕਾਸ਼ ਬਹੱਤਰ ਨਾੜ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣਾ ਮਾਰਗ ਆਪੇ ਲਾਈਆ। ਸਤਿਗੁਰ ਪੂਰਾ ਸਤਿ ਸਤਿਵਾਦ, ਸੋ ਪੁਰਖ ਨਿਰੰਜਣ ਭੇਵ ਨਾ ਆਇੰਦਾ। ਗੁਰ ਗੁਰ ਰੂਪ ਖੇਲ ਬ੍ਰਹਿਮਾਦ, ਬ੍ਰਹਿਮਾਦੀ ਰੰਗ ਵਖਾਇੰਦਾ। ਭਗਤ ਭਗਵੰਤ ਆਪੇ ਲਾਧ, ਜੁਗ ਜੁਗ ਮੇਲ ਮਿਲਾਇੰਦਾ। ਸੰਤਨ ਦੇਵੇ ਸਾਚੀ ਦਾਦ, ਦਰ ਘਰ ਸਾਚੇ ਆਪ ਵਰਤਾਇੰਦਾ। ਗੁਰਸਿਖ ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਇੰਦਾ। ਗੁਰਸਿਖਾਂ ਕਰੇ ਸਾਚਾ ਲਾਡ, ਪਿਤਾ ਪੂਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਿਆ ਆਪ ਸਮਝਾਇੰਦਾ। ਆਪਣੀ ਕਿਰਿਆ ਹਰਿ ਨਿਰੰਕਾਰ, ਆਦਿ ਜੁਗਾਦਿ ਕਮਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਵਾਸਾ ਪਾਈਆ। ਨਿਰਗੁਣ ਸਰਗੁਣ ਦਏ ਅਧਾਰ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਆਪਣਾ ਭੇਵ ਹਰਿ ਜੂ ਖੋਲ੍ਹ, ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਤੋਲੇ ਸਾਚਾ ਤੋਲ, ਨਾਮ ਖੰਡਾ ਇਕ ਰਖਾਇੰਦਾ। ਜੁਗਾ ਜੁਗੰਤਰ ਰਹੇ ਅਡੋਲ, ਡੁਲ ਕਦੇ ਨਾ ਜਾਇੰਦਾ। ਏਕਾ ਵਸਤ ਰੱਖੇ ਕੋਲ, ਅਤੋਟ ਅਤੁਟ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਸਮਝਾਇੰਦਾ। ਸਾਚਾ ਮਾਰਗ ਹਰਿ ਕਰਤਾਰ, ਆਪਣਾ ਆਪ ਜਣਾਈਆ । ਸ਼ਾਹੋ ਭੂਪ ਵਡ ਸਿਕਦਾਰ, ਹੁਕਮੀ ਹੁਕਮ ਹੁਕਮ ਫਿਰਾਈਆ। ਗੁਰ ਅਵਤਾਰ ਬਣ ਸੇਵਾਦਾਰ, ਲੋਕਮਾਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਬੰਧਨ ਆਪ ਵਖਾਈਆ। ਆਦਿ ਬੰਧਨ ਦਿਤਾ ਪਾ, ਏਕਾ ਹੁਕਮ ਵਰਤਾਇਆ। ਜੁਗਾਦਿ ਲੇਖਾ ਦਏ ਮੁਕਾ, ਦਿਸ ਕਿਸੇ ਨਾ ਆਇਆ। ਨਵ ਨੌਂ ਚਾਰ ਖੇਲ ਖਲਾ, ਸੋ ਪੁਰਖ ਨਿਰੰਜਣ ਰੰਗ ਚੜ੍ਹਾਇਆ। ਬ੍ਰਹਿਮੰਡ ਖੰਡ ਨਾਚ ਨਚਾ, ਨਟੂਆ ਆਪਣਾ ਸਵਾਂਗ ਵਖਾਇਆ। ਬੋਧ ਅਗਾਧ ਸ਼ਬਦ ਜਣਾ, ਗੁਰ ਅਵਤਾਰ ਪੜ੍ਹਾਇਆ। ਨਿਰਗੁਣ ਜੋਤ ਕਰ ਰੁਸ਼ਨਾ, ਨੂਰ ਨੁਰਾਨਾ ਇਕ ਦਰਸਾਇਆ। ਚਰਨ ਚਰਨ ਸਰੋਵਰ ਇਕ ਨੁਹਾ, ਸਰ ਅੰਮ੍ਰਿਤ ਇਕ ਵਖਾਇਆ । ਲੇਖਾ ਜਾਣੇ ਦੋ ਜਹਾਨ, ਭੇਵ ਕਿਸੇ ਨਾ ਆਇਆ। ਅਲੱਖ ਅਗੋਚਰ ਬੇਪਰਵਾਹ, ਕਰਤਾ ਪੁਰਖ ਆਪਣੇ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਿਆ ਆਪ ਸਮਝਾਇਆ। ਆਦਿ ਜੁਗਾਦਿ ਆਪਣਾ ਪਰਦਾ ਆਪ ਚੁਕਾਇਆ। ਪਰਦਾ ਚੁੱਕੇ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਪਰਗਟ ਹੋਏ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਵੇਖੇ ਆਣ, ਜੁਗ ਆਪਣੀ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਨੇਤਰ ਨੈਣ ਨੈਣ ਉਠਾਈਆ। ਕਵਣ ਭੂਮਕਾ ਵਸੇ ਸ੍ਰੀ ਭਗਵਾਨ, ਕਵਣ ਦਰ ਸੋਭਾ ਪਾਈਆ। ਕਵਣ ਮੰਦਰ ਸੁਹਾਏ ਮਕਾਨ, ਕਵਣ ਬੰਸ ਦਏ ਵਡਿਆਈਆ। ਕਵਣ ਕੂਟ ਹੋਏ ਪਰਧਾਨ, ਚਾਰੇ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਏਕਾ ਆਪ ਕਰਾਇੰਦਾ। ਸਚਖੰਡ ਨਿਵਾਸੀ ਵਸਣਹਾਰਾ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਧਾਰ ਆਪੇ ਰਲਾ, ਸਰਗੁਣ ਦਿਸ ਕਿਸੇ ਨਾ ਆਇੰਦਾ। ਸਤਿ ਸਿੰਘਾਸਣ ਏਕਾ ਮੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਆਦਿ ਜੁਗਾਦੀ ਹਰਿ ਹਰਿ ਰੰਗ, ਆਪਣਾ ਆਪ ਰੰਗਾਇਆ। ਜੁਗ ਜੁਗ ਸੇਜ ਹੰਢਾਈ ਪਲੰਘ, ਗੁਰ ਅਵਤਾਰਾਂ ਅੰਦਰ ਡੇਰਾ ਲਾਇਆ। ਏਕਾ ਨਾਮ ਵਜਾ ਮਰਦੰਗ, ਸਾਚਾ ਰਾਗ ਸੁਣਾਇਆ। ਨਵ ਨੌਂ ਚਾਰ ਆਪੇ ਲੰਘ, ਆਪਣਾ ਮੁਖ ਛੁਪਾਇਆ। ਗੀਤ ਸੁਹਾਗੀ ਗਾਇਆ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਇਆ। ਆਪਣਾ ਲੇਖਾ ਜਾਣੇ ਲੇਖ, ਲਿਖਤ ਵਿਚ ਨਾ ਆਇਆ। ਆਦਿ ਜੁਗਾਦਿ ਅਵੱਲੜਾ ਭੇਸ, ਨਿਰਗੁਣ ਨਿਰਗੁਣ ਲਏ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਲਿਆ ਵੇਖ, ਅੰਤਮ ਪੰਧ ਮੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਆਦੇਸ, ਹਰਿ ਸਾਚੇ ਸੀਸ ਨਿਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਗੁਰ ਅਵਤਾਰ ਸੀਸ ਝੁਕਾ, ਆਪਣਾ ਪੰਧ ਗਏ ਮੁਕਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਤੇਰਾ ਭੇਵ ਕੋਇ ਨਾ ਪਾਈਆ। ਕੋਇ ਰਾਮ ਕੋਇ ਕ੍ਰਿਸ਼ਨ ਗਿਆ ਅਖਵਾ, ਈਸਾ ਮੂਸਾ ਕੋਇ ਸਾਲਾਹੀਆ। ਕੋਈ ਮੁਹੰਮਦ ਸੀਸ ਰਿਹਾ ਝੁਕਾ, ਕੋਇ ਕਲਮਾ ਕਲਾਮ ਕਰੇ ਪੜ੍ਹਾਈਆ। ਕੋਈ ਨਾਨਕ ਨਿਰਗੁਣ ਮੰਗੇ ਦਾਨ ਪਨਾਹ, ਕੋਈ ਗੋਬਿੰਦ ਰਿਹਾ ਜਸ ਗਾਈਆ। ਗੋਬਿੰਦ ਕਹੇ ਪੁਰਖ ਅਕਾਲ ਮੇਰਾ ਪਿਤਾ ਮਾਂ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਹਰਿ ਜਣਾਉਣਾ, ਏਕਾ ਏਕ ਪੁਰਖ ਅਕਾਲ। ਨੌਂ ਨੌਂ ਚਾਰ ਪੰਧ ਮੁਕਾਉਣਾ, ਖੇਲੇ ਖੇਲ ਦੀਨ ਦਿਆਲ। ਸਚਖੰਡ ਦੁਆਰ ਲੋਕਮਾਤ ਪਰਗਟੌਣਾ, ਗੁਰਮੁਖ ਵੇਖੇ ਸਾਚੇ ਲਾਲ। ਸਚ ਸਿੰਘਾਸਣ ਸੋਭਾ ਪਾਉਣਾ, ਸ਼ਬਦੀ ਸ਼ਬਦ ਬਣੇ ਦਲਾਲ। ਲੱਖ ਚੁਰਾਸੀ ਫੋਲ ਫੁਲਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਸਚਖੰਡ ਦੁਆਰਾ ਲੋਕਮਾਤ, ਹਰਿ ਸਤਿਗੁਰ ਆਪ ਬਣਾਈਆ। ਗੁਰ ਗੁਰ ਦੇਵੇ ਏਕਾ ਦਾਤ, ਏਕਾ ਵਸਤ ਵਖਾਈਆ। ਭਗਤ ਭਗਵੰਤ ਬੰਨ੍ਹੇ ਨਾਤ, ਚਰਨ ਸ਼ਰਨ ਸ਼ਰਨਾਈਆ। ਸੰਤਾਂ ਦੇਵੇ ਸਾਚੀ ਗਾਥ, ਏਕਾ ਏਕ ਪੜ੍ਹਾਈਆ। ਗੁਰਮੁਖਾਂ ਅੱਗੇ ਮੁੱਕੇ ਵਾਟ, ਦੂਜਾ ਰਾਹ ਨਾ ਕੋਇ ਚਲਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਕਰਤਾ ਕੀਮਤ ਆਪੇ ਪਾਈਆ। ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਪਰਗਟ ਹੋਏ ਪੁਰਖ ਸਮਰਥ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਜਣਾਏ ਮਹਿਮਾ ਅਕੱਥ, ਚਾਰ ਵੇਦ ਭੇਵ ਨਾ ਰਾਈਆ। ਪੁਰਾਨ ਅਠਾਰਾਂ ਜਾਣ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਲਹਿਣਾ ਦੇਣਾ ਚੁੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਦੇਵੇ ਖੋਲ੍ਹ, ਬੇਅੰਤ ਹਰਿ ਨਿਰੰਕਾਰਾ। ਨਾਮ ਅਗੰਮੀ ਵਜਾਏ ਢੋਲ, ਤੇਰਾ ਸ਼ਬਦ ਇਕ ਨਗਾਰਾ। ਜਨ ਭਗਤਾਂ ਵਸੇ ਸਦਾ ਕੋਲ, ਸਾਢੇ ਤਿੰਨ ਹੱਥ ਕਾਇਆ ਮੰਦਰ ਮਨਾਰਾ। ਆਤਮ ਅੰਤਰ ਜਾਏ ਮੌਲ, ਮੌਲਾ ਰੂਪ ਸਿਰਜਣਹਾਰਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਝਿਰੇ ਨਿਆਰਾ। ਦੇਵੇ ਵਡਿਆਈ ਉਪਰ ਧਵਲ, ਇਕ ਕਿਨਾਰਾ। ਨਾ ਕੋਈ ਜਾਣੇ ਪਾਂਧਾ ਰੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰਾ। ਕਲਜੁਗ ਅੰਤਮ ਕਰਨੀ ਕਾਰ, ਕਰਤਾ ਪੁਰਖ ਆਪ ਜਣਾਈਆ। ਨਿਰਗੁਣ ਨੂਰ ਹੋ ਉਜਿਆਰ, ਸਚ ਨਿਸ਼ਾਨ ਸੋਭਾ ਪਾਈਆ। ਲੋਕਮਾਤ ਇਕ ਦਰਬਾਰ, ਸਤਿ ਪੁਰਖ ਨਿਰੰਜਣ ਆਪ ਪ੍ਰਗਟਾਈਆ। ਸਾਚੇ ਭਗਤਾਂ ਕਰੇ ਪਿਆਰ, ਆਪ ਆਪਣੀ ਗੋਦ ਬਹਾਈਆ। ਏਕ ਰੰਗ ਦੇਵੇ ਚਾੜ੍ਹ, ਉਤਰ ਕਦੇ ਨਾ ਜਾਈਆ। ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਈਆ। ਸਚ ਦੁਆਰੇ ਦੇਵੇ ਵਾੜ, ਦਰਗਹਿ ਮਿਲੇ ਮਾਣ ਵਡਿਆਈਆ। ਅਗਨੀ ਨਾ ਲੱਗੇ ਤੱਤੀ ਹਾੜ, ਸਾਂਤਕ ਸਤਿ ਸਤਿ ਕਰਾਈਆ। ਗੁਰਮੁਖ ਬਣਾਏ ਸਾਚੇ ਲਾੜ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਆਪਣਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਗੁਣ ਨੂਰ ਹੋ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਲੋਕਮਾਤ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸਚਖੰਡ ਦੁਆਰਾ ਸਚ ਮਕਾਨ, ਦਰ ਘਰ ਸਾਚੇ ਆਪ ਬਣਾਇੰਦਾ। ਭਗਤ ਭਗਵੰਤ ਕਰ ਪਰਵਾਨ, ਆਪਣਾ ਮੇਲ ਮਿਲਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਾਚੀ ਸਖੀਆਂ ਸੱਚਾ ਕਾਹਨ, ਹਰਿ ਸਤਿਗੁਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਗੋਬਿੰਦ, ਗਹਿਰ ਗੰਭੀਰ ਕਰਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਰੋਗ ਰਹਿਣ ਨਾ ਪਾਈਆ। ਦਰਸ ਵਖਾਏ ਗੁਣੀ ਗਹਿੰਦ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਦਏ ਵਡਿਆਈਆ। ਸਚ ਦੁਆਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਆਪਣੀ ਇਛਿਆ ਆਪਣੇ ਵਿਚੋਂ ਕੱਢ, ਲੋਕਮਾਤ ਪ੍ਰਗਟਾਇੰਦਾ। ਛੱਤੀ ਜੁਗ ਦੀ ਸਾਚੀ ਹੱਦ, ਨਾਨਕ ਲੇਖਾ ਪੂਰ ਕਰਾਇੰਦਾ। ਆਪੇ ਜਾਣੇ ਅੱਡੋ ਅੱਡ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਧਰਮ ਨਿਸ਼ਾਨਾ ਇਕੋ ਗੱਡ, ਦੋ ਜਹਾਨ ਝੁਲਾਇੰਦਾ। ਭਗਤ ਭਗਵੰਤ ਆਪੇ ਸੱਦ, ਆਪਣਾ ਮੇਲ ਮਿਲਾਇੰਦਾ। ਵਿਸ਼ਨੂੰ ਬ੍ਰਹਮੇ ਤੇਰਾ ਬ੍ਰਹਮ ਨਦ, ਪਾਰਬ੍ਰਹਮ ਆਪ ਵਜਾਇੰਦਾ। ਸ਼ੰਕਰ ਤ੍ਰਿਸ਼ੂਲ ਆਪਣਾ ਸੱਟ, ਏਕਾ ਹੁਕਮ ਫ਼ਰਮਾਇੰਦਾ। ਗੁਰਸਿਖ ਮੇਰੇ ਵਿਕੇ ਹੱਟ, ਦੂਸਰ ਹੱਥ ਨਾ ਕੋਇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਬੰਧਾਇੰਦਾ। ਸਚ ਦਰਬਾਰਾ ਸਚਖੰਡ, ਹਰਿ ਸਾਚਾ ਸਚ ਬਣਾਈਆ। ਕਲਜੁਗ ਤੇਰੀ ਅੰਤਮ ਵੰਡ, ਕਰੇ ਬੇਪਰਵਾਹੀਆ। ਨਾਤਾ ਤੋੜ ਨੌਂ ਖੰਡ, ਸਤ ਦੀਪ ਮੁਖ ਭੁਆਈਆ। ਲਹਿਣਾ ਚੁੱਕੇ ਸੂਰਜ ਚੰਦ, ਮੰਡਲ ਮੰਡਪ ਨਾ ਕੋਇ ਵਡਿਆਈਆ। ਗੀਤ ਨਾ ਗਾਏ ਕੋਇ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਹਰਿ ਕਰਨਾ, ਕਲਜੁਗ ਅੰਤਮ ਵੇਸ ਵਟਾਇਆ। ਵੇਖਣਹਾਰਾ ਚਾਰ ਵਰਨਾ ਬਰਨਾ, ਵਰਨ ਬਰਨ ਵਿਚ ਕਦੇ ਨਾ ਆਇਆ। ਜੁਗਾ ਜੁਗੰਤਰ ਤਰਨੀ ਤਰਨਾ, ਹਰਿਜਨ ਸਾਚੇ ਲਏ ਤਰਾਇਆ। ਨਿਰਭੌ ਹੋਏ ਕਦੇ ਨਾ ਡਰਨਾ, ਭੈ ਆਪਣਾ ਸਰਬ ਸਮਝਾਇਆ। ਸਚਖੰਡ ਦੁਆਰੇ ਆਪੇ ਚੜ੍ਹਨਾ, ਥਿਰ ਘਰ ਚਰਨਾਂ ਹੇਠ ਰਖਾਇਆ। ਏਕਾ ਅੱਖਰ ਆਤਮ ਪੜ੍ਹਣਾ, ਪਰਮਾਤਮ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਦਏ ਵਡਿਆਇਆ। ਸਚ ਦਰਬਾਰਾ ਏਕਾ ਵਾਰ, ਹਰਿ ਲੋਕਮਾਤ ਬਣਾਈਆ। ਨਵ ਨੌਂ ਚਾਰ ਹੋਏ ਖੁਵਾਰ, ਕੂਕ ਕੂਕ ਦੇਣ ਦੁਹਾਈਆ। ਛੱਤੀ ਜੁਗ ਤੇਰਾ ਆਧਾਰ, ਨਾਨਕ ਨਿਰਗੁਣ ਸੀਸ ਉਠਾਈਆ। ਗੋਬਿੰਦ ਸੂਰਾ ਕਰ ਪੁਕਾਰ, ਅੰਤਮ ਏਕਾ ਓਟ ਤਕਾਈਆ। ਸਤਿ ਪੁਰਖ ਨਿਰੰਜਣ ਪੁਰਖ ਅਕਾਲ, ਸਿਰ ਮੇਰੇ ਹੱਥ ਰਖਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰ ਘਰ ਸਾਚੇ ਸੋਭਾ ਪਾਈਆ। ਸੇਵਾ ਲਾਏ ਕਾਲ ਮਹਾਂਕਾਲ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਏਥੇ ਓਥੇ ਰਿਹਾ ਸੁਰਤ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਾਨਕ ਗੋਬਿੰਦ ਏਕਾ ਆਸ, ਹਰਿ ਹਰਿ ਓਟ ਰਖਾਈਆ। ਸਚਖੰਡ ਵਸੇ ਪੁਰਖ ਅਬਿਨਾਸ਼, ਸਚ ਸਿੰਘਾਸਣ ਸੋਭਾ ਪਾਈਆ। ਸਰਬ ਗੁਣਾ ਆਪੇ ਗੁਣਤਾਸ਼, ਗੁਣਵੰਤ ਵਡ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਲੋਆਂ ਪੁਰੀਆਂ ਫੋਲ ਫੋਲਾਈਆ। ਆਪੇ ਲਾਇਆ ਪਵਣ ਸਵਾਸ, ਲੱਖ ਚੁਰਾਸੀ ਈਸ਼ ਜੀਵ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਵਡੀ ਵਡਿਆਈਆ। ਨਰ ਨਰਾਇਣ ਦਾਤਾ ਏਕ, ਗੁਣ ਔਗੁਣ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਹਰਿ ਸਾਚੀ ਟੇਕ, ਗੁਰ ਅਵਤਾਰ ਰਖਾਇੰਦਾ। ਨਾਮ ਨਿਧਾਨਾ ਇਕ ਬਬੇਕ, ਲੋਕਮਾਤ ਪ੍ਰਗਟਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤੱਤ ਨਾ ਬੰਧਨ ਪਾਇੰਦਾ। ਵਸਣਹਾਰਾ ਕਾਇਆ ਖੇਤ, ਘਟ ਘਟ ਜੋਤ ਜਗਾਇੰਦਾ। ਆਤਮ ਸੇਜਾ ਰਿਹਾ ਲੇਟ, ਦਿਸ ਕਿਸੇ ਨਾ ਆਇੰਦਾ। ਦਸ ਦਸ ਮਾਸ ਮਾਤ ਗਰਭ ਨਾ ਆਏ ਪੇਟ, ਜੂਨੀ ਜੂਨ ਨਾ ਕੋਇ ਭੁਆਇੰਦਾ। ਜੁਗ ਜੁਗ ਬਣੇ ਖੇਵਟ ਖੇਟ, ਸਾਚਾ ਬੇੜਾ ਆਪ ਚਲਾਇੰਦਾ। ਜਨ ਭਗਤਾਂ ਕਰੇ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਪਹਿਲੀ ਪਹਿਲੀ ਵਾਰੀ ਰੁੱਤ ਬਸੰਤੀ ਚੇਤ, ਆਪਣੀ ਰੁੱਤ ਵਖਾਇੰਦਾ। ਨਵ ਨੌਂ ਚਾਰ ਚੌਕੜੀ ਜੁਗ ਕਿਸੇ ਨਾ ਦਿਤਾ ਭੇਤ, ਆਪਣਾ ਪਰਦਾ ਆਪ ਛੁਪਾਇੰਦਾ। ਕਲਜੁਗ ਅੰਤਮ ਆਪਣੀ ਖੇਲ ਲਏ ਖੇਡ, ਖਿਲਾੜੀ ਵੇਸ ਵਟਾਇੰਦਾ। ਲੱਖ ਚੁਰਾਸੀ ਵੇਖੇ ਕੌੜੇ ਰੇਠ, ਘਰ ਘਰ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਭਗਤ ਭਗਵੰਤ ਆਪਣੇ ਦਰ ਬੁਲਾਇੰਦਾ। ਭਗਤ ਭਗਵਨ ਅੰਤ ਕਲ, ਕਲ ਆਪਣੀ ਆਪ ਧਰਾਈਆ। ਲਹਿਣਾ ਚੁੱਕੇ ਬਾਵਨ ਬਲ, ਬਲਧਾਰੀ ਵੇਖ ਵਖਾਈਆ। ਨਿਰਗੁਣ ਸਰਗੁਣ ਅਛਲ ਅਛੱਲ, ਆਪ ਆਪਣਾ ਭੇਵ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਜਣਾਈਆ। ਆਪਣਾ ਖੇਲ ਹਰਿ ਹਰਿ ਦੱਸ, ਦਹਿ ਦਿਸ਼ਾ ਸਮਝਾਇੰਦਾ। ਸਚਖੰਡ ਦੁਆਰਾ ਜਾਏ ਵਸ, ਲੋਕਮਾਤ ਪ੍ਰਗਟਾਇੰਦਾ। ਰਵਦਾਸ ਚੁਮਾਰਾ ਵੇਖੇ ਹੱਸ ਹੱਸ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਕਬੀਰ ਜੁਲਾਹਾ ਆਏ ਨੱਸ, ਨਿਉਂ ਨਿਉਂ ਸੀਸ ਝੁਕਾਇੰਦਾ। ਭਗਤ ਭਗਵਾਨ ਗਾਇਣ ਜਸ, ਸੋਭਾਵੰਤ ਸਰਬ ਸਾਲਾਹਿੰਦਾ। ਵੇਖੋ ਖੇਲ ਪੁਰਖ ਸਮਰਥ, ਲੋਕਮਾਤ ਆਪ ਕਰਾਇੰਦਾ। ਸਾਡਾ ਖੇੜਾ ਕੀਤਾ ਭੱਠ, ਜਨ ਭਗਤਾਂ ਖੇੜਾ ਆਪ ਵਸਾਇੰਦਾ। ਸਾਨੂੰ ਆਪਣਾ ਨਾਮ ਦੱਸ, ਰਸਨਾ ਜਿਹਵਾ ਦਿਵਸ ਰੈਣ ਛੁਹਾਇੰਦਾ। ਕਲਜੁਗ ਅੰਤਮ ਗੁਰਮੁਖਾਂ ਹੋਇਆ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਅੱਠੇ ਪਹਿਰ ਵਸੇ ਸਾਥ, ਬਣ ਸੰਗੀ ਸੰਗ ਨਿਭਾਇੰਦਾ। ਆਪ ਸੁਣਾਏ ਆਪਣੀ ਗਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸਾਲਾਹਿੰਦਾ। ਸਚ ਦੁਆਰਾ ਵੇਖਣਾ, ਕਬੀਰ ਰਿਹਾ ਸੁਣਾਈਆ। ਜਿਸ ਦਾ ਰੂਪ ਨਾ ਕੋਈ ਰੇਖਨਾ, ਸੋ ਪੁਰਖ ਰਿਹਾ ਬਣਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਨਾ, ਨਾ ਕੋਈ ਮੂੰਡ ਮੁੰਡਾਈਆ। ਨਾਲ ਰਲਾਏ ਗੁਰੂ ਦਸ ਦਸਮੇਸ਼ਨਾ, ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜਾਮਾ ਧਰਿਆ ਭੇਖਨਾ, ਨਜ਼ਰ ਕਿਸੇ ਨਾ ਆਈਆ। ਭੇਵ ਨਾ ਜਾਣੇ ਔਲੀਆ ਪੀਰ ਸ਼ੇਖ਼ਨਾ, ਪੀਰ ਪੈਗ਼ੰਬਰ ਨਾ ਕੋਇ ਚਤੁਰਾਈਆ। ਤਿਸ ਸਾਹਿਬ ਕੋ ਕਰੀਏ ਆਦੇਸ਼ਨਾ, ਜਿਸ ਸਾਡੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਸੋਭਾਵੰਤ, ਲੋਕਮਾਤ ਸੁਹਾਇਆ। ਦਰ ਘਰ ਵਸਿਆ ਹਰਿ ਜੂ ਕੰਤ, ਕੰਤੂਹਲ ਵੇਸ ਵਟਾਇਆ। ਮੇਲ ਮਿਲਾਏ ਭਗਤ ਭਗਵੰਤ, ਭਗਵਨ ਆਪਣੇ ਰੰਗ ਰੰਗਾਇਆ। ਨਾਤਾ ਜੋੜੇ ਸਾਚੇ ਸੰਤ, ਸਤਿ ਸਤਿਗੁਰ ਹੋਏ ਸਹਾਇਆ। ਗੁਰਮੁਖਾਂ ਦੇਵੇ ਨਾਮ ਮਣੀਆ ਮੰਤ, ਮਨ ਕਾ ਮਣਕਾ ਆਪ ਭੁਆਇਆ। ਗੁਰਸਿਖਾਂ ਗੜ੍ਹ ਤੋੜ੍ਹੇ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਜਣਾਇਆ। ਮੇਲ ਮਿਲਾਏ ਸਾਚੀ ਸੰਗਤ, ਸ਼ਰਅ ਸੰਗ ਨਾ ਕੋਇ ਹੰਢਾਇਆ। ਜਿਉਂ ਨਾਨਕ ਲਾਇਆ ਅੰਗ ਅੰਗਦ, ਤਿਉਂ ਗੁਰਮੁਖ ਲਏ ਤਰਾਇਆ। ਇਕ ਬਣਾਏ ਸਾਚੀ ਸੰਗਤ, ਅੰਮ੍ਰਿਤ ਜਾਮ ਪਿਆਇਆ। ਨਾਤਾ ਤੋੜੇ ਭੁੱਖ ਨੰਗਤ, ਸਚ ਭੰਡਾਰਾ ਆਪ ਵਰਤਾਇਆ। ਗੁਰਸਿਖ ਹੋਏ ਨਾ ਫਿਰ ਮੰਗਤ, ਦੂਜੇ ਦਰ ਨਾ ਮੰਗਣ ਜਾਇਆ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਗੁਰ ਸ਼ਬਦ ਗਿਆਨ ਦ੍ਰਿੜਾਇਆ। ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਨਾ ਕੋਇ ਫਿਰਾਇਆ। ਆਪ ਬਣਾਏ ਮਾਨਸ ਬੁੱਤ ਮਾਨਸ ਆਪਣੀ ਗੋਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਬਹਾਇਆ। ਸਚਖੰਡ ਦੁਆਰੇ ਗੁਰਸਿਖ ਬਹਿਣਾ, ਹਰਿ ਸਾਚੇ ਸਚ ਜਣਾਈਆ। ਮਨ ਬਸਤਰ ਪਾਉਣਾ ਏਕਾ ਗਹਿਣਾ, ਏਕਾ ਰੰਗ ਚੜ੍ਹਾਈਆ। ਦਰਸ਼ਨ ਕਰਨਾ ਏਕਾ ਨੈਣਾਂ, ਦੋਏ ਲੋਚਣ ਬੰਦ ਵਖਾਈਆ। ਹਰਿ ਸੰਗਤ ਮੰਨ ਹਰਿ ਜੂ ਕਹਿਣਾ, ਹਰਿ ਸੱਜਣ ਸੰਗ ਰਖਾਈਆ। ਲਾੜੀ ਮੌਤ ਨਾ ਖਾਏ ਡਾਇਣਾ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਆਪਣਾ ਭੇਵ ਜਣਾਏ ਜਨ, ਜਨ ਜਨਨੀ ਵੇਖ ਵਖਾਇੰਦਾ। ਉਠੋ ਰਾਗ ਸੁਣੋ ਕੰਨ, ਹਰਿ ਕੰਤ ਕੰਤੂਹਲ ਮਨਾਇੰਦਾ। ਭਾਂਡਾ ਭਰਮ ਦੇਵੇ ਭੰਨ, ਭੌ ਅਵਰ ਨਾ ਕੋਇ ਵਖਾਇੰਦਾ। ਡੁਬਦਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਯਾਏ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਬਹਾਇੰਦਾ। ਸਚਖੰਡ ਦੁਆਰੇ ਜਾਣਾ ਆ, ਹਰਿ ਸਤਿਗੁਰ ਇਕ ਆਵਾਜ਼ ਲਗਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਕਰੇ ਕਰਾਏ ਸਚ ਨਿਆਂ, ਕਲਜੁਗ ਅੰਤਮ ਫੇਰਾ ਪਾਈਆ। ਸ੍ਰਿਸ਼ਟ ਸਬਾਈ ਆਪ ਭੁਲਾਏ , ਝੂਠੇ ਧੰਦੇ ਲਾਈਆ। ਏਕੋ ਭੁਲਿਆ ਹਰਿ ਕਾ ਨਾਂ, ਚਾਰ ਕੁੰਟ ਰਹੀ ਕੁਰਲਾਈਆ। ਮੂੰਹ ਵਿਚ ਏਕਾ ਸੂਰ ਗਾਂ, ਬੱਤੀ ਦੰਦ ਨਾ ਕੋਇ ਵਡਿਆਈਆ। ਗੁਰ ਅਵਤਾਰ ਗਏ ਮੁਖ ਭੁਆ, ਵੇਲੇ ਅੰਤ ਦੇਵੇ ਨਾ ਕੋਇ ਗਵਾਹੀਆ। ਸਚਖੰਡ ਦਰਬਾਰਾ ਹਰਿ ਜੂ ਰਿਹਾ ਲਗਾ, ਸਚ ਸਿੰਘਾਸਣ ਸੋਭਾ ਪਾਈਆ। ਗੁਰ ਅਵਤਾਰ ਲਏ ਬੁਲਾ, ਧੁਰ ਫ਼ਰਮਾਣਾ ਇਕ ਸੁਣਾਈਆ। ਉਠੋ ਵੇਖੋ ਆਪਣਾ ਰਾਹ, ਲੋਕਮਾਤ ਧਿਆਨ ਲਗਾਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਮਿਲੇ ਨਾ ਕੋਈ ਸੱਚਾ ਥਾਂ, ਥਾਨ ਥਨੰਤਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਆਪ ਮੁਕਾਈਆ। ਗੁਰ ਅਵਤਾਰ ਆਉਣ ਦੁਆਰੇ, ਦਰ ਦੁਆਰੇ ਆਪ ਜਣਾਇੰਦਾ। ਉਠੋ ਵੇਖੋ ਵਿਚ ਸੰਸਾਰੇ, ਕਲ ਕੀ ਖੇਲ ਕਰਾਇੰਦਾ। ਕਿਸੇ ਨਜ਼ਰ ਨਾ ਆਏ ਰਾਮ ਉਜਿਆਰੇ, ਕਾਹਨਾ ਕ੍ਰਿਸ਼ਨ ਨਾ ਕੋਇ ਮਨਾਇੰਦਾ। ਈਸਾ ਮੂਸਾ ਨਾ ਕੋਇ ਚਿਤਾਰੇ, ਕਲਮ ਕਲਾਮ ਨਾ ਕੋਇ ਪੜ੍ਹਾਇੰਦਾ। ਮੁਹੰਮਦ ਨਾਤਾ ਤੁਟਾ ਚਾਰ ਯਾਰੇ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਨਾਮ ਸਤਿ ਨਾ ਕੋਈ ਵੀਚਾਰੇ, ਜੂਠੀ ਝੂਠੀ ਗੰਢ ਪੁਆਇੰਦਾ। ਫਤਹਿ ਡੰਕ ਨਾ ਕੋਇ ਜੈਕਾਰੇ, ਪੁਰਖ ਅਕਾਲ ਨਾ ਨਜ਼ਰੀ ਆਇੰਦਾ। ਗੁਰ ਕਾ ਸ਼ਬਦ ਨਾ ਕੋਇ ਵਿਚਾਰੇ, ਅਗਿਆਨ ਅੰਧੇਰਾ ਛਾਇੰਦਾ। ਗੋਬਿੰਦ ਸੂਰਾ ਮਾਰੇ ਲਲਕਾਰੇ, ਏਕਾ ਬੋਲ ਜਣਾਇੰਦਾ। ਈਸਾ ਰਾਹ ਤੱਕੇ ਆ ਮੇਰੇ ਪਿਤਾ ਮੈਂ ਤੇਰੇ ਸਹਾਰੇ, ਤੇਰੀ ਓਟ ਰਖਾਇੰਦਾ। ਵੇਦ ਵਿਆਸ ਕਰੇ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਇੰਦਾ। ਨਾਨਕ ਨਿਰਗੁਣ ਕਹੇ ਪੁਕਾਰੇ, ਏਕਾ ਓਟ ਜਣਾਇੰਦਾ। ਅੰਤਮ ਕਲ ਮਹਾਂਬਲੀ ਉਤਰੇ ਵਿਚ ਸੰਸਾਰੇ, ਨਿਹਕਲੰਕ ਨਾਉਂ ਰਖਾਇੰਦਾ। ਗੋਬਿੰਦ ਕਹੇ ਦੇਵੇ ਹੁਲਾਰੇ, ਮੋਹਿ ਸਾਚੀ ਗੋਦ ਬਹਾਇੰਦਾ। ਏਕਾ ਨਾਮ ਬੋਲ ਜੈਕਾਰੇ, ਚਾਰ ਵਰਨ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਇੰਦਾ। ਸਾਚਾ ਘਰ ਵਸਾਏ ਏਕ, ਏਕਾ ਹਰਿ ਰਘੁਰਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਵੇਖ, ਨੇਤਰ ਨੈਣ ਉਠਾਇਆ। ਪੁਰਖ ਅਬਿਨਾਸ਼ੀ ਅੱਗੇ ਚਲੇ ਨਾ ਕੋਈ ਪੇਸ਼, ਨੇਤਰ ਨੈਣ ਨੈਣ ਸ਼ਰਮਾਇਆ। ਵਿਸ਼ਨੂੰ ਛੱਡੇ ਆਪਣੀ ਸੇਜ, ਬਾਸ਼ਕ ਤਸ਼ਕ ਅੰਗ ਨਾ ਲਾਇਆ। ਬ੍ਰਹਮਾ ਤੋੜੇ ਆਪਣਾ ਹੇਤ, ਬ੍ਰਹਮ ਬ੍ਰਹਮ ਨਾ ਕੋਇ ਵਡਿਆਇਆ। ਸ਼ੰਕਰ ਸੁੱਟੇ ਤਰਸੂਲ ਵਿਚ ਖੇਤ, ਆਪਣਾ ਮਾਣ ਨਾ ਕੋਇ ਜਣਾਇਆ। ਨੇਤਰ ਰੋਵਣ ਮੁਲਾਂ ਸ਼ੇਖ਼, ਹਾਹਾਕਾਰ ਦਏ ਦੁਹਾਇਆ। ਪੰਡਤ ਪਾਂਧੇ ਨਾ ਪਾਇਆ ਭੇਤ, ਪੜ੍ਹ ਪੜ੍ਹ ਵਿਦਿਆ ਵਾਦ ਵਧਾਇਆ। ਗਰੰਥੀ ਪੰਥੀ ਖੇਡਾਂ ਰਹੇ ਖੇਡ, ਗੋਬਿੰਦ ਨਜ਼ਰ ਕਿਸੇ ਨਾ ਆਇਆ। ਵੇਖੋ ਖੇਲ ਮਹੀਨਾ ਚੇਤ, ਚੇਤਨ ਸਭ ਨੂੰ ਦਏ ਕਰਾਇਆ। ਜਨ ਭਗਤਾਂ ਕਰੇ ਹੇਤ, ਆਪਣਾ ਮੇਲ ਮਿਲਾਇਆ। ਜੁਗ ਜਨਮ ਦੇ ਵਿਛੜੇ ਵੇਖ, ਆਪਣੀ ਗੰਢ ਪੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਤਾਰੇ ਪੁਰਖ ਅਕਾਲ, ਗੁਰ ਅਵਤਾਰ ਦੇਣ ਗਵਾਹੀਆ । ਸਚਖੰਡ ਬਹੇ ਸੱਚੀ ਧਰਮਸਾਲ, ਆਸਣ ਸਿੰਘਾਸਣ ਸੋਭਾ ਪਾਈਆ। ਨਿਰਗੁਣ ਸਰਗੁਣ ਬਣ ਦਲਾਲ, ਅੰਤ ਕੰਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਸੁਹਾਈਆ। ਸਚ ਦੁਆਰਾ ਹਰਿ ਸੁਹਾਉਣਾ, ਕਲਜੁਗ ਤੇਰੀ ਅੰਤਮ ਵਾਰ। ਸਚ ਸਿੰਘਾਸਣ ਆਸਣ ਲਾਉਣਾ, ਨਿਹਕਲੰਕ ਨਰਾਇਣ ਨਰ ਅਵਤਾਰ। ਗੁਰ ਅਵਤਾਰਾਂ ਦਰ ਬੁਲਾਉਣਾ, ਹੁਕਮੀ ਹੁਕਮ ਖੇਲ ਅਪਾਰ। ਪੂਰਬ ਲਹਿਣਾ ਸਰਬ ਚੁਕਾਉਣਾ, ਲੇਖਾ ਰਹੇ ਨਾ ਵਿਚ ਸੰਸਾਰ । ਚਾਰ ਵੇਦਾਂ ਪੰਧ ਮੁਕਾਉਣਾ, ਪੁਰਾਨ ਅਠਾਰਾਂ ਬੇੜਾ ਪਾਰ। ਗੀਤਾ ਗਿਆਨ ਨਾ ਕੋਇ ਦ੍ਰਿੜਾਉਣਾ, ਅੰਜੀਲ ਕੁਰਾਨ ਨਾ ਕੋਇ ਵਿਚਾਰ। ਖਾਣੀ ਬਾਣੀ ਆਪ ਮੁਕਾਉਣਾ, ਕਰੇ ਖੇਲ ਅਗੰਮ ਅਪਾਰ। ਛੱਤੀ ਰਾਗ ਨਾ ਕਿਸੇ ਸੁਨਾਉਣਾ, ਰਾਗ ਸਾਜ ਨਾ ਕੋਇ ਸਤਾਰ, ਦੀਨ ਮਜ਼੍ਹਬ ਨਾ ਕੋਇ ਬਨਾਉਣਾ, ਸ਼ਰਅ ਸ਼ਰੀਅਤ ਨਾ ਕੋਇ ਅਧਾਰ। ਏਕਾ ਬ੍ਰਹਮ ਸਰਬ ਦਰਸਾਉਣਾ, ਆਤਮ ਅੰਤਰ ਇਕ ਅਧਾਰ। ਏਕਾ ਅੱਖਰ ਆਪ ਪੜ੍ਹਾਉਣਾ, ਕਲਜੁਗ ਤੇਰੀ ਅੰਤਮ ਵਾਰ। ਚੌਥੇ ਜੁਗ ਪੰਧ ਮੁਕਾਉਣਾ, ਛੱਤੀ ਛੱਤੀ ਕਰ ਵਿਚਾਰ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਪੜ੍ਹਾਉਣਾ, ਸਚ ਸੰਦੇਸ਼ਾ ਦੇਵੇ ਏਕਾ ਵਾਰ। ਵਿਸ਼ਨ ਬ੍ਰਹਮਾ ਸ਼ਿਵ ਹਰਿ ਜੂ ਗਾਉਣਾ, ਉਚੀ ਬੋਲ ਬੋਲ ਜੈਕਾਰ। ਪੁਰਖ ਅਬਿਨਾਸ਼ੀ ਵੇਖ ਵਖਾਉਣਾ, ਆਪ ਆਪਣਾ ਬਲ ਧਾਰ। ਸਾਚੇ ਭਗਤਾਂ ਮਾਣ ਦੁਆਉਣਾ, ਦੀਨ ਦੁਨੀ ਚੋਂ ਕੱਢੇ ਬਾਹਰ। ਸਚਖੰਡ ਦੁਆਰੇ ਆਪ ਬਹਾਉਣਾ, ਕਰੇ ਕਰਾਏ ਸਚ ਪਿਆਰ। ਗੁਰਸਿਖ ਇਕ ਸਰੋਵਰ ਨੁਹਾਉਣਾ, ਮੈਲ ਰਹੇ ਨਾ ਵਿਚ ਸੰਸਾਰ। ਪੁਰਖ ਅਬਿਨਾਸ਼ੀ ਇਕੋ ਪਾਉਣਾ, ਗੁਰ ਸਤਿਗੁਰ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਰ ਸੱਦੇ ਗੁਰ ਅਵਤਾਰ। ਗੁਰ ਅਵਤਾਰ ਕਰੋ ਤਿਆਰੀ, ਤ੍ਰੈਗੁਣ ਆਪਣਾ ਆਪ ਜਣਾਈਆ। ਵੇਖੋ ਕਲਜੁਗ ਹੁੰਦੀ ਖ਼ੁਵਾਰੀ, ਨਾ ਸਕੇ ਕੋਇ ਬਚਾਈਆ। ਧੀਆਂ ਭੈਣਾਂ ਕਰਨ ਵਣਜ ਵਪਾਰੀ, ਪਿਤਾ ਪੂਤ ਨਾ ਕੋਇ ਵਡਿਆਈਆ । ਕੰਤ ਛੱਡੇ ਏਕੋ ਨਾਰੀ, ਜਗਤ ਵਿਭਚਾਰ ਰਹੀ ਕਮਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰੀ, ਰਸਨਾ ਜਿਹਵਾ ਹਿਲਾਈਆ। ਅਠਸਠ ਕਰ ਕਰ ਥੱਕੇ ਪਾਣੀ, ਦੁਰਮਤ ਮੈਲ ਨਾ ਕੋਇ ਧੁਵਾਈਆ। ਫਿਰ ਫਿਰ ਥੱਕੇ ਚਾਰੇ ਖਾਣੀ, ਲੱਖ ਚੁਰਾਸੀ ਜੂਨ ਵਖਾਈਆ। ਕਿਸੇ ਸੰਗ ਨਾ ਚਲੇ ਰਾਜੇ ਰਾਣੀ, ਅੰਤਮ ਨਾਤਾ ਗਏ ਤੁੜਾਈਆ। ਗੁਰ ਸ਼ਬਦ ਨਾ ਮਿਲਿਆ ਸਾਚਾ ਹਾਣੀ, ਵੇਲੇ ਅੰਤ ਹੋਏ ਸਹਾਈਆ। ਕਰੇ ਖੇਲ ਪੁਰਖ ਸੁਲਤਾਨੀ, ਕਲਜੁਗ ਅੰਤਮ ਵੇਸ ਵਟਾਈਆ। ਚਾਰ ਜੁਗ ਦੀ ਕਹੇ ਕਹਾਣੀ, ਪਹਿਲੀ ਕਥਾ ਨਾ ਕੋਇ ਪੜ੍ਹਾਈਆ। ਤੇਈ ਅਵਤਾਰ ਦੱਸ ਦੱਸ ਗਏ ਨਿਸ਼ਾਨੀ, ਪੀਰ ਪੈਗ਼ੰਬਰ ਨਾਲ ਮਿਲਾਈਆ। ਨਾਨਕ ਗੋਬਿੰਦ ਕਹੇ ਪ੍ਰਭ ਦਿਸੇ ਪਦ ਨਿਰਬਾਣੀ, ਘਰ ਸੱਚੇ ਸੱਚਾ ਮਾਹੀਆ। ਨਿਰਗੁਣ ਜੋਤ ਨੂਰ ਨੁਰਾਨੀ, ਜਲਵਾ ਜਲਾਲ ਇਕ ਵਖਾਈਆ। ਕਲਜੁਗ ਅੰਤਮ ਪਰਗਟ ਹੋਵੇ ਜੋਧਾ ਸੂਰਬੀਰ ਬਲੀ ਬਲਵਾਨੀ, ਆਪਣਾ ਬਲ ਆਪ ਰਖਾਈਆ। ਤੋੜੇ ਗੜ੍ਹ ਮਾਨ ਅਭਿਮਾਨੀ, ਮਾਇਆ ਮਮਤਾ ਮੋਹ ਮਿਟਾਈਆ। ਸਤਿਜੁਗ ਵਖਾਏ ਇਕ ਨਿਸ਼ਾਨੀ, ਸਾਚੇ ਭਗਤ ਲਏ ਪ੍ਰਗਟਾਈਆ। ਆਪੇ ਬਣੇ ਦਾਤਾ ਦਾਨੀ, ਦੇਵਣਹਾਰ ਆਪ ਹੋ ਜਾਈਆ। ਕਰੇ ਖੇਲ ਇਕ ਲਾਸਾਨੀ, ਦਿਸ ਕਿਸੇ ਨਾ ਆਈਆ। ਚਾਰ ਵਰਨਾ ਬਣੇ ਬਾਨੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਲਾਈਆ। ਦੂਸਰ ਸੰਗ ਨਾ ਕੋਇ ਮੇਲ, ਮੇਲ ਮੇਲ ਮਿਲਾਵਾ ਨਾ ਕੋਈ ਵਖਾਇੰਦਾ। ਵਸਣਹਾਰਾ ਧਾਮ ਨਵੇਲ, ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਚੇਲਾ ਬੰਧਨ ਪਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲ, ਸਾਚਾ ਸੰਗ ਨਿਭਾਇੰਦਾ। ਨੌਂ ਖੰਡ ਪ੍ਰਿਥਮੀ ਕਰੇ ਵਿਹਲ, ਜਗਤ ਅਖਾੜਾ ਆਪ ਲਗਾਇੰਦਾ। ਮਨਮੁਖ ਗਏ ਧਰਮ ਰਾਏ ਦੀ ਜੇਲ, ਵੇਲੇ ਅੰਤ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇੰਦਾ। ਸਚਖੰਡ ਦੁਆਰਾ ਵਸੇ ਜਗ, ਹਰਿ ਜਾਗਰਤ ਜੋਤ ਜਗਾਇਆ। ਕਰੇ ਖੇਲ ਸੂਰਾ ਸਰਬੱਗ, ਆਪਣਾ ਬਲ ਰਖਾਇਆ। ਦੀਪਕ ਜੋਤ ਜਾਏ ਜਗ, ਅੰਧ ਅੰਧੇਰ ਮੁਕਾਇਆ। ਆਪੇ ਜਾਣੇ ਪਾਰ ਕਿਨਾਰਾ ਹੱਦ, ਹਦੂਦ ਆਪਣੀ ਆਪ ਬਣਾਇਆ। ਗੁਰੂ ਗੁਰਦੇਵ ਲਏ ਸਭ ਸੱਦ, ਇਸ਼ਟ ਦ੍ਰਿਸ਼ਟ ਦਏ ਜਣਾਇਆ। ਜੁਗ ਜੁਗ ਭੇਜੇ ਅੱਡੋ ਅੱਡ, ਹੁਕਮੀ ਹੁਕਮ ਸੁਣਾਇਆ। ਅੰਤ ਚਰਨਾਂ ਹੇਠਾਂ ਛੱਡੇ ਦੱਬ, ਘਰ ਸਾਚੇ ਆਪ ਟਿਕਾਇਆ। ਕਲਜੁਗ ਅੰਤਮ ਏਕਾ ਵਾਰ ਕਰਾਏ ਹੱਜ, ਸਾਚਾ ਕਾਅਬਾ ਆਪ ਖੁਲ੍ਹਾਇਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਦੀ ਲਾਹੇ ਲਜ, ਦਵੈਤੀ ਪਰਦਾ ਦਏ ਚੁਕਾਇਆ। ਸਿੰਘ ਸ਼ੇਰ ਏਕਾ ਵਾਰ ਪਏ ਗੱਜ, ਦੋ ਜਹਾਨਾਂ ਭਬਕ ਸੁਣਾਇਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਕਹਿਣ ਪ੍ਰਭ ਸਾਡਾ ਪਰਦਾ ਕੱਜ, ਪ੍ਰਭ ਹੱਥ ਤੇਰੇ ਵਡਿਆਇਆ। ਸਾਡੀ ਉਮਤ ਹੋਈ ਨਿਲੱਜ, ਸ਼ਰਅ ਈਮਾਨ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਾਚਾ ਦਰ, ਤੁਧ ਬਿਨ ਅਵਰ ਨਾ ਕੋਇ ਸਹਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਸ਼ਬਦ ਸੁਣਾਈਆ। ਵੇਖੋ ਸਾਰੇ ਕਰੋ ਵਿਚਾਰ, ਚਾਰ ਜੁਗ ਭੇਵ ਚੁਕਾਈਆ। ਕਲਜੁਗ ਅੰਤਮ ਖੇਲ ਨਿਆਰ, ਇਕ ਅਕੱਲਾ ਰਿਹਾ ਕਰਾਈਆ । ਤੁਸਾਂ ਸੇਵਾ ਕੀਤੀ ਬਣ ਬਣ ਖ਼ਿਦਮਤਗਾਰ, ਖ਼ਾਦਮ ਵੇਖੇ ਚਾਈਂ ਚਾਈਂਆ। ਸ਼ਬਦੀ ਨਾਦ ਸੁਣਾਇਆ ਬੋਲ ਜੈਕਾਰ, ਕਲਮਾ ਆਲਮੀਨ ਪੜ੍ਹਾਈਆ। ਲਿਖ ਲਿਖ ਲੇਖ ਦਿਤਾ ਅਧਾਰ, ਜੀਵ ਜੰਤ ਸਮਝਾਈਆ। ਮਾਰਗ ਦੱਸ ਆਏ ਸੰਸਾਰ, ਬਣ ਪਾਂਧੀ ਰਾਹ ਚਲਾਈਆ। ਮੁਕਾਮੇ ਹੱਕ ਵਸੇ ਪਰਵਰਦਿਗਾਰ, ਨੂਰ ਨੁਰਾਨਾ ਨੂਰ ਧਰਾਈਆ। ਲਾਸ਼ਰੀਕ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਰਿਹਾ ਸਮਝਾਈਆ। ਏਕਾ ਵਾਰ ਸੁਣਾਇਆ ਸਤਿ, ਹਰਿ ਸਾਚੇ ਸਚ ਜਣਾਇਆ। ਆਪ ਵੇਖੋ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਇਆ। ਭਰਮੇ ਭੁੱਲੀ ਮਜ਼੍ਹਬ ਜ਼ਾਤ, ਜਮਾਤ ਸਾਚੀ ਨਾ ਕੋਇ ਬਣਾਇਆ। ਮਾਇਆ ਮਮਤਾ ਬਣਿਆ ਖ਼ਾਤ, ਏਕਾ ਹਰਿ ਜੂ ਨਾਮ ਭੁਲਾਇਆ। ਪਿਆਰੀ ਰੱਖੀ ਪੁੱਤਰ ਧੀਆਂ ਦਾਤ, ਵੇਲੇ ਅੰਤ ਨਾ ਕੋਇ ਸਹਾਇਆ। ਨਾਤਾ ਜੁੜਿਆ ਪਿਤਾ ਮਾਤ, ਭੈਣ ਭਈਆ ਮੇਲ ਮਿਲਾਇਆ। ਦੂਰ ਦੁਰਾਡੇ ਤੱਕਣ ਸਾਕ, ਸਗਲਾ ਪੰਧ ਵਖਾਇਆ। ਅੰਤਮ ਕੋਈ ਨਾ ਉਤਰੇ ਪੂਰੇ ਘਾਟ, ਝੂਠਾ ਬੰਧਨ ਏਕਾ ਪਾਇਆ। ਉਠੋ ਗੁਰ ਅਵਤਾਰ ਵੇਖੋ ਆਪਣੇ ਸਾਥੀ ਆਪਣਾ ਸਾਥ, ਹਰਿ ਸਾਚਾ ਰਿਹਾ ਸੁਣਾਇਆ। ਮੰਦਰ ਮਸਜਿਦ ਸ਼ਿਵਦੁਆਲੇ ਮੱਠ ਕਰਦੇ ਪਾਠ, ਪੜ੍ਹ ਪੜ੍ਹ ਆਪਣਾ ਵਕਤ ਲੰਘਾਇਆ। ਫਿਰ ਫਿਰ ਥੱਕੇ ਤੀਰਥ ਤਾਟ, ਅਠਸਠ ਸਰ ਉਪਾਇਆ। ਜੂਠੇ ਝੂਠੇ ਵਿਕੇ ਹਾਟ, ਆਪਣੀ ਕੀਮਤ ਨਾ ਕੋਇ ਰਖਾਇਆ। ਰਸਨਾ ਜਿਹਵਾ ਰਸ ਰਹੇ ਚਾਟ, ਲੋਭੀ ਲੋਭ ਲੋਭ ਹਲਕਾਇਆ। ਕਾਮ ਚੇਸਟਾ ਮੰਗੇ ਖਾਟ, ਕਾਮਨੀ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ, ਗੁਰ ਅਵਤਾਰ ਰਿਹਾ ਵਖਾਇਆ। ਉਠੋ ਵੇਖੋ ਗੁਰ ਅਵਤਾਰ, ਮਾਤ ਕੀ ਕੀ ਖੇਲ ਕਰਾਇੰਦਾ। ਭਾਈ ਭੈਣ ਕਰਨ ਪਿਆਰ, ਅਠਸਠ ਮੁਖ ਸ਼ਰਮਾਇੰਦਾ । ਦੋਏ ਦੋਏ ਨੈਣ ਲਉ ਉਘਾੜ, ਰਾਹ ਸਾਚਾ ਸਚ ਜਣਾਇੰਦਾ। ਗੁਰਦਰ ਮੰਦਰ ਮਸਜਿਦ ਲੱਗਾ ਅਖਾੜ, ਕਲਜੁਗ ਕੂੜਾ ਨਾਚ ਨਚਾਇੰਦਾ। ਵੇਸਵਾ ਰੂਪ ਹੋਏ ਸੰਸਾਰ, ਸਚ ਸ਼ਿੰਗਾਰ ਨਾ ਕੋਇ ਕਰਾਇੰਦਾ। ਚਾਰੋਂ ਕੁੰਟ ਹੋਏ ਖੁਆਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਇਕ ਵਖਾਇੰਦਾ। ਗੁਰ ਅਵਤਾਰ ਲਓ ਤੱਕ, ਹਰਿ ਸਾਚਾ ਸਚ ਜਣਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਕੇ ਕੋਈ ਨਾ ਡੱਕ, ਲਿਖ ਲਿਖ ਲੇਖ ਗਏ ਸਮਝਾਈਆ। ਪੁਰਖ ਅਬਿਨਾਸ਼ੀ ਤੁਹਾਡੀ ਕਰਨੀ ਉਤੇ ਗਿਆ ਅੱਕ, ਸਭ ਦਾ ਲੇਖਾ ਦਏ ਮੁਕਾਈਆ। ਧਰਤ ਮਾਤ ਭਾਰ ਚੁੱਕ ਚੁੱਕ ਗਈ ਥੱਕ, ਅੰਤ ਬੈਠੀ ਸੀਸ ਝੁਕਾਈਆ। ਪਤਿਪਰਮੇਸ਼ਵਰ ਮੇਰੇ ਉਤੇ ਨਾ ਕੋਈ ਕਰੀਂ ਸ਼ੱਕ, ਭੁੱਲੀ ਤੇਰੀ ਲੋਕਾਈਆ। ਲੱਖ ਚੁਰਾਸੀ ਤੁਟੀ ਸੁਹਾਗ ਨੱਥ ਨੱਕ, ਸਾਚਾ ਕੰਤ ਨਾ ਕੋਇ ਹੰਢਾਈਆ । ਜਿਉਂ ਭਾਵੇ ਤਿਉਂ ਪਰਦਾ ਢਕ, ਪੱਤ ਤੇਰੇ ਹੱਥ ਰਖਾਈਆ। ਮੈਂ ਫਿਰ ਕੇ ਆਈ ਮਦੀਨਾ ਮੱਕ, ਉਚੇ ਹੁਜਰੇ ਫੇਰਾ ਪਾਈਆ। ਕਿਸੇ ਦੁਆਰੇ ਦਿਸੇ ਨਾ ਹਕ਼ੀਕ਼ਤ ਹੱਕ, ਹੱਕ ਹੱਕ ਹੱਕ ਨਾ ਕੋਇ ਸੁਣਾਈਆ। ਮੈਂ ਪੈਂਡਾ ਮੁਕਾਇਆ ਨੱਠ ਨੱਠ, ਕਲਜੁਗ ਬਣ ਬਣ ਪਾਂਧੀ ਰਾਹੀਆ। ਮੈਨੂੰ ਦੂਰ ਪਰੇ ਨਾ ਦੇਵੀਂ ਧੱਕ, ਖੁਲੜੇ ਕੇਸ ਰਹੀ ਵਖਾਈਆ। ਮੇਰਾ ਕਾਲਜਾ ਗਿਆ ਫਟ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਸਿਰ ਮੇਰੇ ਹੱਥ ਰੱਖ, ਇਕ ਤੇਰੀ ਓਟ ਤਕਾਈਆ। ਤੂੰ ਸਾਹਿਬ ਪੁਰਖ ਸਮਰਥ, ਆਦਿ ਜੁਗਾਦਿ ਹੋਈਂ ਸਹਾਈਆ। ਮੈਂ ਤੱਕ ਕੇ ਆਈ ਆਸ, ਬੇਆਸ ਮਰਾਂ ਤਿਹਾਈਆ। ਅੱਗੋਂ ਕਹੇ ਪੁਰਖ ਅਬਿਨਾਸ਼, ਧਰਨੀ ਦਏ ਸਮਝਾਈਆ। ਤੂੰ ਜਾਣਾ ਮੇਰੇ ਭਗਤਾਂ ਪਾਸ, ਢਹਿ ਢਹਿ ਚਰਨ ਸ਼ਰਨ ਸੀਸ ਝੁਕਾਈਆ। ਮੈਂ ਓਥੇ ਆਉਣਾ ਖਾਸ, ਪਹਿਲੀ ਚੇਤਰ ਵੇਖ ਵਖਾਈਆ। ਤੇਰੀ ਕਰਾਂ ਬੰਦ ਖ਼ਲਾਸ, ਗੁਰਮੁਖ ਨਾਲ ਰਲਾਈਆ। ਤੂੰ ਕਰਨਾ ਹਾਸ ਬਲਾਸ, ਗੋਬਿੰਦ ਮਿਲੇ ਚਾਈਂ ਚਾਈਂਆ। ਕਲਜੁਗ ਕੂੜਾ ਕਰੇ ਨਾਸ, ਬਾਲੇ ਨੀਹਾਂ ਹੇਠ ਦਬਾਈਆ। ਬਲ ਬਾਵਨ ਵਸੇ ਪਾਸ, ਆਪਣਾ ਸੰਗ ਨਿਭਾਈਆ। ਬ੍ਰਹਮੇ ਮੇਲਾ ਸ਼ਾਹੋ ਸ਼ਾਬਾਸ਼, ਦਰ ਘਰ ਸਾਚੇ ਵੱਜੇ ਵਧਾਈਆ। ਸ਼ੰਕਰ ਹੋਏ ਅੰਤ ਨਿਰਾਸ, ਦਰ ਆਏ ਸੀਸ ਝੁਕਾਈਆ। ਸੁਰਪਤ ਇੰਦ ਰੋਵੇ ਮੇਰੀ ਕਰੋੜ ਤੇਤੀਸਾ ਚੁੱਕੀ ਸ਼ਾਖ਼, ਪਤ ਡਾਲੀ ਰਹਿਣ ਨਾ ਪਾਈਆ। ਮੁਹੰਮਦ ਕਹੇ ਮੇਰਾ ਕਰਨਾ ਘਾਤ, ਸਯਦਾ ਨਿਉਂ ਨਿਉਂ ਸੀਸ ਝੁਕਾਈਆ। ਅੱਲਾ ਰਾਣੀ ਕਹੇ ਮੇਰਾ ਬਸਤਰ ਗਿਆ ਪਾਟ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੇਈ ਅਵਤਾਰ ਕਹਿਣ ਸਾਡਾ ਟੁੱਟਿਆ ਸਾਕ, ਲੋਕਮਾਤ ਰਹਿਣ ਨਾ ਕੁੜਮਾਈਆ। ਨਾਨਕ ਕਹੇ ਤੂੰ ਪਾਕੀ ਪਾਕ, ਨਿਰਗੁਣ ਤੇਰੀ ਵਡ ਵਡਿਆਈਆ। ਗੋਬਿੰਦ ਕਹੇ ਮੇਰੇ ਸਿਖ ਲਗਾਉਣੇ ਆਪਣੇ ਘਾਟ, ਜੋ ਸਰਸੇ ਆਇਆ ਰੁੜਾਈਆ। ਮੈਂ ਤੱਕੀ ਤੇਰੀ ਵਾਟ, ਸੂਲਾਂ ਸੱਥਰ ਸੇਜ ਹੰਢਾਈਆ। ਸੁਨੇਹੁੜਾ ਦੇ ਕੇ ਪੁਛੀਂ ਵਾਤ, ਯਾਰ ਯਾਰੜਾ ਲਈਂ ਮਿਲਾਈਆ। ਤੇਰੇ ਹੁੰਦਿਆਂ ਮੈਨੂੰ ਦਿਸੇ ਨਾ ਅੰਧੇਰੀ ਰਾਤ, ਤੇਰਾ ਨੂਰ ਮੇਰੀ ਰੁਸ਼ਨਾਈਆ। ਤੂੰ ਪਿਤਾ ਤੂੰ ਮੇਰਾ ਬਾਪ, ਪੁਰਖ ਅਕਾਲ ਤੇਰੀ ਸ਼ਰਨਾਈਆ। ਤੇਰੀ ਸੇਜਾ ਸੋਹਵਾਂ ਖਾਟ, ਸਚ ਸਿੰਘਾਸਣ ਦੇਣਾ ਵਿਛਾਈਆ। ਤੇਰਾ ਨੂਰ ਮੇਰੀ ਲਾਟ, ਲਲਾਟ ਦੇਣੀ ਜਗਾਈਆ। ਮੈਂ ਫੇਰ ਨਾ ਆਇਆ ਆਨ ਬਾਟ, ਗੁਜ਼ਰੀ ਕੁੱਖ ਨਾ ਕੋਇ ਸੁਹਾਈਆ। ਏਕਾ ਉਤਰਿਆ ਤੇਰੇ ਘਾਟ, ਆਪਣੇ ਬੇੜੇ ਲੈਣਾ ਚੜ੍ਹਾਈਆ । ਤੂੰ ਅੰਤਮ ਆਇਆ ਲੋਕਮਾਤ, ਨਿਹਕਲੰਕ ਨਾਉਂ ਰਖਾਈਆ। ਤੇਰਾ ਡੂੰਘਾ ਦਿਸੇ ਖਾਤ, ਅਤੋਟ ਅਤੁਟ ਬੇਪਰਵਾਹੀਆ। ਨੇਤਰ ਨੈਣ ਇਕ ਵਾਰ ਵੇਖ ਮਾਰ ਝਾਤ, ਤੇਰੀ ਝਾਕੀ ਮੇਰੀ ਵਡਿਆਈਆ। ਜਨ ਭਗਤਾਂ ਬਣਾਉਣਾ ਸੱਚਾ ਸਾਕ, ਸਗਲਾ ਸੰਗ ਤਜਾਈਆ। ਨਾਤਾ ਤੋੜਨਾ ਜ਼ਾਤ ਪਾਤ, ਸ਼ਰਅ ਬੰਧਨ ਨਾ ਕੋਇ ਰਖਾਈਆ । ਇਕ ਜਪਾਉਣਾ ਆਪਣਾ ਨਾਮ ਪੁਰਖ ਸਮਰਾਥ, ਏਕਾ ਇਸ਼ਟ ਦੇਵ ਵਡਿਆਈਆ। ਇਕ ਚੜ੍ਹਾਉਣਾ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਕੋਟਨ ਕੋਟ ਤੇਰੇ ਚਰਨਾਂ ਥੱਲੇ ਤ੍ਰਲੋਕੀ ਨਾਥ, ਬੈਠੇ ਸੀਸ ਝੁਕਾਈਆ। ਤੇਰਾ ਨਾਉਂ ਪੂਜਾ ਪਾਠ, ਬਿਨ ਤੇਰੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਲੈਣਾ ਮਿਲਾਈਆ। ਅੱਗੋਂ ਕਹੇ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਆਖ ਸੁਣਾਇਆ। ਗੋਬਿੰਦ ਮੇਰਾ ਇਕ ਨਿਸ਼ਾਨ, ਹਰਿ ਭਗਤ ਰੂਪ ਪ੍ਰਗਟਾਇਆ। ਕਲਜੁਗ ਅੰਤਮ ਵੇਖਾਂ ਆਣ, ਨਿਹਕਲੰਕਾ ਜਾਮਾ ਪਾਇਆ। ਸੰਬਲ ਵਸਾਂ ਸਚ ਮਕਾਨ, ਸਾਢੇ ਤਿੰਨ ਹੱਥ ਬੰਕ ਸੁਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਆਪਣੀ ਦਇਆ ਕਮਾਏ ਦਿਆਲ, ਦੀਨਨ ਦਏ ਵਡਿਆਈਆ। ਭਗਤ ਭਗਵੰਤ ਲਏ ਉਠਾਲ, ਆਪਣੀ ਬੂਝ ਬੁਝਾਈਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਨਾਉਂ ਧਰਾਈਆ। ਨਵ ਨੌਂ ਚਾਰ ਚੌਕੜੀ ਜੁਗ ਦੀ ਪੂਰੀ ਕਰੇ ਘਾਲ, ਘਾਲੀ ਘਾਲ ਪਾਏ ਥਾਈਂਆ। ਚਰਨ ਕਵਲ ਵਖਾਏ ਸਚ ਧਰਮਸਾਲ, ਘਰ ਮੰਦਰ ਵੱਜੇ ਵਧਾਈਆ। ਐਥੇ ਓਥੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਸੰਗ ਰਖਾਈਆ। ਭਗਤਾਂ ਸੰਗ ਸਦਾ ਸਹਾਇਕ, ਸਤਿਗੁਰ ਸਾਹਿਬ ਸੁਲਤਾਨ। ਨਿਰਗੁਣ ਸਰਗੁਣ ਮਿਲਿਆ ਨਾਇਕ, ਆਦਿ ਜੁਗਾਦੀ ਨਿਗਹਬਾਨ ਪਵਿਤ ਪੁਨੀਤ ਪਾਕੀ ਪਾਕ, ਨਾਮ ਨਿਧਾਨਾ ਦੇਵੇ ਦਾਨ। ਹਰਿਜਨ ਆਪ ਬਣਾਏ ਆਪਣੇ ਗਾਹਕ, ਲੱਖ ਚੁਰਾਸੀ ਕਰ ਪਛਾਣ। ਬੰਦ ਕਵਾੜੀ ਖੋਲ੍ਹੇ ਤਾਕ, ਇਕ ਵਖਾਏ ਸਚ ਮਕਾਨ। ਫੜ ਉਤਾਰੇ ਆਪਣੇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਚਤੁਰ ਸੁਜਾਨ। ਹਰਿਜਨ ਚਤੁਰ ਸੁਜਾਨਿਆਂ, ਤੇਰੀ ਮਹਿਮਾ ਅਪਰ ਅਪਾਰ। ਤੇਰੇ ਵਸ ਹੋਇਆ ਸ੍ਰੀ ਭਗਵਾਨਿਆਂ, ਦਰ ਦਰ ਫਿਰੇ ਬਣ ਭਿਖਾਰ। ਤੇਰੀ ਵਡਿਆਈ ਗਾਏ ਰਾਗ ਤਰਾਨਿਆਂ, ਆਪਣੀ ਖ਼ੁਸ਼ੀ ਕਰੇ ਵਿਚਾਰ। ਤੂੰ ਮਰਦ ਮਰਦ ਮਰਦਾਨਿਆਂ, ਸਚ ਮਰਦਾਨਗੀ ਨਾਮ ਅਧਾਰ। ਜੋਧਾ ਸੂਰਬੀਰ ਬਲਵਾਨਿਆਂ, ਨਾਤਾ ਤੋੜ ਸਰਬ ਸੰਸਾਰ। ਘਰ ਸਾਚਾ ਇਕ ਪਛਾਨਿਆਂ, ਹਰਿ ਮਿਲਿਆ ਗੁਰ ਕਰਤਾਰ। ਤੁਟਾ ਮਾਣ ਅਭਿਮਾਨਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਤੇਰਾ ਪਿਆਰ ਅਵੱਲੜਾ, ਜਗਤ ਜੁਗਤ ਨਾ ਜਾਣੇ ਰੀਤ। ਪੁਰਖ ਅਬਿਨਾਸ਼ੀ ਜਾਣੇ ਇਕ ਅਕੱਲੜਾ, ਆਦਿ ਜੁਗਾਦੀ ਸਾਚੀ ਰੀਤ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਫੜਾਏ ਪਲੜਾ, ਪਾਰਬ੍ਰਹਮ ਪ੍ਰਭ ਇਕ ਅਤੀਤ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਦਰ ਦਰਵਾਜ਼ੇ ਖਲੜਾ, ਹਰਿਜਨ ਗਾਏ ਤੇਰੇ ਗੀਤ। ਜੋਤੀ ਧਾਰ ਸ਼ਬਦੀ ਰਲੜਾ, ਕਿਸੇ ਹੱਥ ਨਾ ਆਏ ਮੰਦਰ ਮਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਚ ਪ੍ਰੀਤ। ਪ੍ਰੀਤਮ ਪਿਆਰਾ, ਪੀਆ ਪੀਆ ਆਪ ਦ੍ਰਿੜਾਈਆ। ਗੁਰਸਿਖ ਤੇਰਾ ਧਾਮ ਨਿਆਰਾ, ਨਿਹਚਲ ਦਏ ਵਡਿਆਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਥੱਕੀ ਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਗੁਰਮੁਖ ਤੇਰੇ ਚਰਨਾਂ ਸੀਸ ਝੁਕਾਈਆ। ਤੇਰਾ ਮੇਲਾ ਹਰਿ ਨਿਰੰਕਾਰਾ, ਏਕਾ ਘਰ ਦਏ ਵਖਾਈਆ। ਸਭ ਦੀ ਪਾਵੇ ਸਾਰਾ, ਤ੍ਰੈਭਵਨ ਧਨੀ ਵਡ ਵਡਿਆਈਆ। ਚੌਦਾਂ ਲੋਕਾਂ ਪਾਰ ਕਿਨਾਰਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਅੱਗੇ ਸਤਿਗੁਰ ਮਿਲੇ ਪਿਆਰਾ, ਫੜ ਬਾਹੋਂ ਗਲੇ ਲਗਾਈਆ। ਗੁਰਸਿਖ ਆਏ ਮੇਰਾ ਦੁਲਾਰਾ, ਮੈਂ ਵੇਖਾਂ ਚਾਈਂ ਚਾਈਂਆ। ਗੁਰ ਗੋਬਿੰਦ ਦਏ ਹੁਲਾਰਾ, ਸਾਚਾ ਝੂਲਾ ਰਿਹਾ ਝੁਲਾਈਆ। ਵਾਹ ਵਾਹ ਵੱਜਦੀ ਰਹੇ ਸਤਾਰਾ, ਤਨ ਤੰਦਨ ਤਾਰ ਹਲਾਈਆ। ਜਿਸ ਮਿਲਿਆ ਏਕੰਕਾਰਾ, ਲਹਿਣਾ ਦੇਣਾ ਦਏ ਮੁਕਾਈਆ। ਘਰ ਵਖਾਏ ਠਾਂਡਾ ਦਰਬਾਰਾ, ਕਬੀਰ ਜੁਲਾਹਾ ਰਿਹਾ ਜਸ ਗਾਈਆ। ਬਹੱਤਰਾਂ ਭਗਤਾਂ ਇਕ ਮਨਾਰਾ, ਮੋਹਨ ਮਾਧਵ ਆਪ ਬਣਾਈਆ। ਦਿਵਸ ਰੈਣ ਬਣ ਰਖਵਾਰਾ, ਦੂਰ ਦੁਰਾਡੇ ਵੇਖੇ ਚਾਈਂ ਚਾਈਂਆ। ਸੱਤਰਾਂ ਖੇਲ ਕਰੇ ਨਿਆਰਾ, ਸਤਿ ਸਤਿਵਾਦੀ ਗੁਣ ਦਿਆ । ਸਾਤਾ ਚੌਕਾ ਜਗਤ ਵਿਹਾਰਾ, ਚੌਹੱਤਰ ਏਕਾ ਬੰਧਨ ਪਾਈਆ। ਚੌਥੇ ਜੁਗ ਚਾਰ ਵਰਨ ਅਖਾੜਾ, ਚਾਰ ਕੁੰਟ ਵਖਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਸਾਚਾ ਲਾੜਾ, ਸਤਿ ਸਤਿਵਾਦੀ ਵੇਖੇ ਚਾਈਂ ਚਾਈਂਆ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਕਰਾਈਆ। ਏਕਾ ਦਰ ਏਕਾ ਘਰ ਇਕ ਵਣਜਾਰਾ, ਦੂਜੀ ਵਸਤ ਹੱਟ ਖੁਲ੍ਹਾਈਆ। ਤੀਜੇ ਨੈਣ ਨੈਣ ਉਘਾੜਾ, ਚੌਥੇ ਚੌਥੇ ਪਦ ਰਸਾਈਆ । ਪੰਚਮ ਪੰਚਮ ਨਾਦ ਸ਼ਬਦ ਧੁਨਕਾਰਾ, ਗ੍ਰਹਿ ਮੰਦਰ ਵੱਜੇ ਵਧਾਈਆ। ਛੇਵੇਂ ਘਰ ਖੇਲ ਨਿਆਰਾ, ਆਪਣੀ ਛੱਪਰੀ ਆਪੇ ਛਾਈਆ। ਧੰਨਾ ਜੱਟ ਕਰੇ ਪੁਕਾਰਾ, ਮਿਲੇ ਗੁਸਾਈਂ ਮੇਰਾ ਮਾਹੀਆ। ਕਰੇ ਖੇਲ ਆਪ ਨਿਰੰਕਾਰਾ, ਵੇਸ ਅਵੱਲੜਾ ਆਪ ਵਖਾਈਆ। ਕਲਜੁਗ ਅੰਤਮ ਦਏ ਸਹਾਰਾ, ਏਕਾ ਗੁਣ ਗਿਆ ਸਮਝਾਈਆ। ਨਿਹਕਲੰਕ ਆਵੇ ਆਪਣੀ ਵਾਰਾ, ਜੁਗ ਚੌਕੜੀ ਕਾਲ ਬਤਾਈਆ। ਜਨ ਭਗਤਾਂ ਦੇਵੇ ਨਾਮ ਸਹਾਰਾ, ਸੋਹੰ ਅੱਖਰ ਕਰ ਪੜ੍ਹਾਈਆ। ਮੰਦਰ ਬਣਾਏ ਇਕ ਦਰਬਾਰਾ, ਜਗਤ ਡੇਰਾ ਦੇਵੇ ਢਾਈਆ। ਆਪੇ ਕਰੇ ਆਪਣੀ ਕਾਰਾ, ਹਰਿ ਹਰਿ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤਾਂ ਆਪੇ ਲਏ ਮਿਲਾਈਆ। ਕਵਣ ਬਿਧ ਮਿਲਾਏ ਭਗਤ, ਨੇਤਰ ਨੈਣ ਰਹੇ ਉਠਾਈਆ। ਕਵਣ ਵਖਾਏ ਆਪਣੀ ਸ਼ਕਤ, ਸ਼ਰਅ ਬੰਧਨ ਦਏ ਤੁੜਾਈਆ। ਕਵਣ ਰੂਪ ਕਰੇ ਹਰਕਤ, ਨਿਰਗੁਣ ਨੂਰ ਨੂਰ ਧਰਾਈਆ। ਕਵਣ ਦੁਆਰੇ ਹੋਏ ਪ੍ਰਗਟ, ਜੋਤੀ ਜਾਮਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਨਾਨਕ ਕਬੀਰ ਰਿਹਾ ਪੁਕਾਰ, ਏਕਾ ਢੋਲਾ ਗਾਇਆ। ਨਿਰਗੁਣ ਵੇਖੋ ਵਿਚ ਸੰਸਾਰ, ਹਰਿ ਜੂ ਖੇਲ ਕਰਾਇਆ। ਪ੍ਰਗਟ ਹੋਇਆ ਅਗੰਮ ਅਪਾਰ, ਆਪਣਾ ਰਾਹ ਚਲਾਇਆ। ਸਚਖੰਡ ਦੁਆਰਾ ਕਰ ਤਿਆਰ, ਹਰਿਜਨ ਸਾਚੇ ਵਿਚ ਬਹਾਇਆ। ਸ਼ਬਦ ਸੁਨੇਹੁੜਾ ਦਿਤਾ ਏਕਾ ਵਾਰ, ਧੁਰ ਦਰਬਾਰੇ ਆਪ ਸੁਣਾਇਆ। ਗੁਰ ਅਵਤਾਰ ਰਹਿਣਾ ਖ਼ਬਰਦਾਰ, ਪੀਰ ਪੈਗ਼ੰਬਰ ਨਾਲ ਰਲਾਇਆ। ਸਭ ਦਾ ਲਹਿਣਾ ਦੇਣਾ ਰਿਹਾ ਵਿਚਾਰ, ਭੁੱਲ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਇਕ ਨਿਸ਼ਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਅਨਾਦ ਅਨਾਦੀ ਬੋਧ ਅਗਾਧੀ ਦੋ ਜਹਾਨ ਸ੍ਰੀ ਭਗਵਾਨ, ਏਕਾ ਰੰਗ ਵਖਾਇਆ।
