Granth 11 Likhat 043: 9 Magh 2018 Bikarmi Gurbachan Singh de Greh Pind Kattowal Jila Gurdaspur

੯ ਮਾਘ ੨੦੧੮ ਬਿਕਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਕਤੋਵਾਲ ਜ਼ਿਲਾ ਗੁਰਦਾਸਪੁਰ

ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਆਦਿ ਆਦਿ ਵਡੀ ਵਡਿਆਈਆ। ਅਗੰਮ ਅਗੰਮੜਾ ਖੇਲ ਮਹਾਨ, ਅਕਲ ਕਲਾ ਕਰਵਾਈਆ। ਅਲਖ ਅਗੋਚਰ ਨੌਜਵਾਨ, ਬੇਅੰਤ ਵਡੀ ਵਡਿਆਈਆ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਈਆ। ਨਿਰਗੁਣ ਜੋਤ ਨੂਰ ਮਹਾਨ, ਨਿਰਾਕਾਰ ਡਗਮਗਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਸੋ ਪੁਰਖ ਨਿਰੰਜਣ ਖੇਲ ਮਹਾਨ, ਹਰਿ ਪੁਰਖ ਨਿਰੰਜਣ ਆਪ ਕਰਾਈਆ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਆਦਿ ਨਿਰੰਜਣ ਨੂਰ ਮਹਾਨ, ਨੂਰ ਨੁਰਾਨਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਨਿਗਹਬਾਨ, ਨੇਤਰ ਨੈਣ ਆਪ ਖੁਲ੍ਹਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਬਣਾਈਆ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਆਪਣੀ ਆਸਾ ਨਾਲ ਮਿਲਾਈਆ। ਹੁਕਮੀ ਹੁਕਮ ਹੁਕਮਰਾਨ, ਰਾਜਨ ਰਾਜ ਇਕ ਅਖਵਾਈਆ। ਦਰ ਦਰਵੇਸ਼ ਬਣ ਦਰਬਾਨ, ਅਲਖ ਅਲੱਖਣਾ ਅਲਖ ਜਗਾਈਆ। ਅਗੰਮ ਅਗੰਮੜਾ ਇਕ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਦਿ ਆਦਿ, ਆਪਣੀ ਖੇਲ ਆਪ ਕਰਾਈਆ। ਆਦਿ ਪੁਰਖ ਹਰਿ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਸਤਿ ਸਤਿਵਾਦੀ ਵਸੇ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਨੂਰ ਪ੍ਰਕਾਸ਼ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਅੰਕ ਅੰਕ ਆਪੇ ਰਲਾ, ਆਪ ਆਪਣਾ ਮੇਲ ਮਿਲਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਮਨਾਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਨੁਭਵ ਪ੍ਰਕਾਸ਼ ਕਰਾਇੰਦਾ। ਅਨੁਭਵ ਹਰਿ ਪ੍ਰਕਾਸ਼, ਰੂਪ ਰੰਗ ਰੇਖ ਨਾ ਕੋਇ ਜਣਾਈਆ। ਆਪਣੇ ਅੰਦਰ ਕਰ ਕਰ ਵਾਸ, ਆਪ ਆਪਣਾ ਖੇਲ ਵਖਾਈਆ। ਆਪੇ ਸ਼ਾਹੋ ਸ਼ਹਿਨਸ਼ਾਹ ਸ਼ਾਬਾਸ਼, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਆਪੇ ਪਾਵੇ ਸਾਚੀ ਰਾਸ, ਮੰਡਲ ਮੰਡਪ ਆਪ ਸੁਹਾਈਆ। ਆਪੇ ਸੇਵਕ ਦਾਸੀ ਦਾਸ, ਬਣ ਚਾਕਰ ਸੇਵ ਕਮਾਈਆ। ਆਪੇ ਨਾਉਂ ਰੱਖ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣਾ ਖੇਲ ਆਪ ਕਰਾਈਆ। ਆਦਿ ਪੁਰਖ ਏਕਾ ਹਰਿ, ਏਕਾ ਰੰਗ ਸਮਾਇੰਦਾ। ਸਚ ਮਹੱਲੇ ਬੈਠਾ ਚੜ੍ਹ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਭੌ ਹੋਏ ਨਾ ਰੱਖੇ ਡਰ, ਭੌ ਅਵਰ ਨਾ ਕੋਇ ਜਣਾਇੰਦਾ। ਅਜੂਨੀ ਰਹਿਤ ਨਾ ਜਨਮੇ ਨਾ ਜਾਏ ਮਰ, ਮੂਰਤ ਅਕਾਲ ਆਪ ਸਮਾਇੰਦਾ। ਆਪਣਾ ਘਾੜਨ ਆਪੇ ਘੜ, ਹਰਿ ਜੂ ਆਪੇ ਵੇਖ ਵਖਾਇੰਦਾ। ਆਪਣੇ ਮੰਦਰ ਵਸੇ ਸਾਚੇ ਘਰ, ਸਾਚਾ ਮੰਦਰ ਆਪ ਸੁਹਾਇੰਦਾ। ਨਿਰਮਲ ਜੋਤੀ ਦੀਪਕ ਧਰ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦੁਆਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਬੈਠਾ ਕੰਤ, ਨਰ ਨਰਾਇਣ ਸੋਭਾ ਪਾਈਆ। ਭੇਵ ਅਭੇਦ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਏ ਵਡਿਆਈਆ। ਸਚਖੰਡ ਵਡਿਆਈ ਹਰਿ ਨਿਰੰਕਾਰ, ਏਕਾ ਏਕ ਰਖਾਇੰਦਾ। ਅਲਖ ਅਗੰਮ ਹੋ ਤਿਆਰ, ਅਨੁਭਵ ਰੂਪ ਵਟਾਇੰਦਾ। ਭੂਪਤ ਭੂਪ ਬਣ ਸਿਕਦਾਰ, ਹੁਕਮੀ ਹੁਕਮ ਚਲਾਇੰਦਾ। ਦਰ ਦਰਵੇਸ਼ ਬਣ ਭਿਖਾਰ, ਭਿਖਕ ਏਕਾ ਮੰਗ ਮੰਗਾਇੰਦਾ। ਦੇਵਣਹਾਰ ਬਣ ਵਰਤਾਰ, ਵਸਤ ਅਮੋਲਕ ਆਪ ਵਰਤਾਇੰਦਾ। ਚਰਨ ਕਵਲ ਧੂੜੀ ਛਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪੇ ਦਾਤਾ ਬਣ ਭਿਖਾਰੀ, ਸਚਖੰਡ ਖ਼ੁਸ਼ੀ ਮਨਾਈਆ। ਆਪੇ ਭੂਪਤ ਬਣ ਸਿਕਦਾਰੀ, ਆਪੇ ਰੱਯਤ ਵੇਸ ਵਟਾਈਆ। ਆਪੇ ਵਣਜ ਕਰੇ ਵਣਜਾਰੀ, ਸਾਚਾ ਹੱਟ ਆਪ ਖੁਲ੍ਹਾਈਆ। ਆਪੇ ਵੇਖੇ ਵਿਗਸੇ ਕਰੇ ਵਿਚਾਰੀ, ਵੇਖਣਹਾਰ ਆਪ ਹੋ ਜਾਈਆ। ਆਪੇ ਕਰਤਾ ਪੁਰਖ ਕਰੇ ਕਾਰੀ, ਕਰਨਹਾਰ ਵਡ ਵਡਿਆਈਆ। ਆਪੇ ਨਿਰਗੁਣ ਨੂਰ ਜੋਤ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਆਪੇ ਸਚਖੰਡ ਵਸੇ ਸਚ ਅਟਾਰੀ, ਮਹੱਲ ਅਟੱਲ ਦਏ ਵਡਿਆਈਆ। ਆਪੇ ਖੋਲ੍ਹੇ ਬੰਦ ਕਿਵਾੜੀ, ਆਪਣਾ ਪਰਦਾ ਆਪ ਚੁਕਾਈਆ। ਆਪੇ ਪੁਰਖ ਆਪੇ ਨਾਰੀ, ਆਪੇ ਸਾਚੀ ਸੇਜ ਹੰਢਾਈਆ। ਆਪੇ ਦਾਈ ਦਾਇਆ ਬਣ ਬਣ ਕਰੇ ਸੇਵਾ ਅਪਰ ਅਪਾਰੀ, ਸੇਵਕ ਸੇਵਕ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਪਰਗਟਾਈਆ। ਆਪਣੀ ਕਲ ਆਪੇ ਰੱਖ, ਸਚਖੰਡ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਹੋ ਪ੍ਰਤੱਖ, ਵੇਸ ਅਵੱਲਾ ਆਪ ਵਟਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਆਪੇ ਦੇਵੇ ਆਪਣੀ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲ ਕਰਾਇੰਦਾ। ਮਹਿਮਾ ਜਾਣੇ ਅਕੱਥਨਾ ਅਕੱਥ, ਕਥਨੀ ਕੱਥ ਨਾ ਕੋਇ ਸੁਣਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲ ਅਟੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਹਰਿ ਆਪੇ ਚੁੱਕ, ਨਿਰਗੁਣ ਦਇਆ ਕਮਾਈਆ। ਸਚਖੰਡ ਦੁਆਰ ਜੋ ਬੈਠਾ ਲੁਕ, ਪਰਦਾ ਦਏ ਉਠਾਈਆ। ਉਜਲ ਕਰੇ ਸਾਚਾ ਮੁਖ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਆਪੇ ਦਾਨ, ਦੇਵਣਹਾਰ ਅਖਵਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਦਰ ਘਰ ਸਾਚਾ ਆਪ ਸੁਹਾਇੰਦਾ। ਦਾਤਾ ਦਾਨੀ ਦੇਵੇ ਦਾਨ, ਸਚ ਭੰਡਾਰ ਆਪ ਵਰਤਾਇੰਦਾ। ਨਿਰਗੁਣ ਵਸਤ ਵਸਤ ਮਹਾਨ, ਜੋਤੀ ਸ਼ਬਦ ਖੇਲ ਕਰਾਇੰਦਾ। ਸ਼ਬਦੀ ਸ਼ਬਦ ਬਲਵਾਨ, ਬਲਧਾਰੀ ਆਪ ਉਪਜਾਇੰਦਾ। ਕਿਰਪਾਨਿਧ ਵਡ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਨੌਜਵਾਨ, ਹਰਿ ਪੁਰਖ ਨਿਰੰਜਣ ਨਾਲ ਮਿਲਾਇੰਦਾ। ਏਕੰਕਾਰਾ ਕਰ ਧਿਆਨ, ਆਦਿ ਨਿਰੰਜਣ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਦੇਵੇ ਮਾਣ, ਸ੍ਰੀ ਭਗਵਾਨ ਸਿਰ ਹੱਥ ਟਿਕਾਇੰਦਾ। ਪਾਰਬ੍ਰਹਮ ਕਰ ਪਰਧਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਛੋਟੇ ਬਾਲੇ ਬਾਲ ਨਾਦਾਨ, ਸੁਤ ਸ਼ਬਦੀ ਪ੍ਰਭ ਸਾਚੀ ਸੇਵਾ ਲਾਇੰਦਾ। ਤੇਰਾ ਮੰਦਰ ਇਕ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਕੋਇ ਦਿਸੇ ਚਾਰ ਦੀਵਾਰ, ਬਾਡੀ ਬਣਤ ਨਾ ਕੋਇ ਬਣਾਇੰਦਾ। ਸੂਰਜ ਚੰਨ ਨਾ ਕੋਇ ਉਜਿਆਰ, ਰਵ ਸਸ ਨਾ ਕੋਇ ਰੁਸ਼ਨਾਇੰਦਾ। ਏਕਾ ਦੀਪਕ ਦੇਵਾਂ ਬਾਲ, ਜੋਤੀ ਜੋਤ ਡਗਮਗਾਇੰਦਾ। ਨਾਉਂ ਰੱਖ ਥਿਰ ਘਰ ਸੱਚੀ ਧਰਮਸਾਲ, ਤੇਰਾ ਆਸਣ ਲਾਇੰਦਾ। ਤੂੰ ਸੁਤ ਦੁਲਾਰਾ ਛੋਟਾ ਬਾਲ, ਪ੍ਰਭ ਆਪਣੀ ਗੋਦ ਬਹਾਇੰਦਾ। ਆਦਿ ਜੁਗਾਦਿ ਚਲਾਂ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਚਰਨ ਪ੍ਰੀਤੀ ਘਾਲਣ ਸੱਚੀ ਘਾਲ, ਸਚਖੰਡ ਨਿਵਾਸੀ ਏਹ ਸਮਝਾਇੰਦਾ। ਨਿਰਗੁਣ ਨਿਰਗੁਣ ਬਣੇ ਦਲਾਲ, ਸਚ ਵਿਚੋਲਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਆਪਣਾ ਦੀਪਕ ਆਪ ਜਗਾਇੰਦਾ। ਥਿਰ ਘਰ ਸਾਚਾ ਕਰ ਤਿਆਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸਤਿ ਸਤਿਵਾਦੀ ਸਤਿ ਵਿਹਾਰ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦੀ ਸ਼ਬਦ ਕਰ ਉਜਿਆਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਏਕਾ ਦੀਪਕ ਇਕ ਪਸਾਰ, ਏਕਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲੇ ਆਪੇ ਖੜ, ਆਪਣਾ ਦਰਸ ਦਏ ਕਰਾਈਆ। ਸਚ ਮਹੱਲੇ ਹਰਿ ਜੂ ਖੜਿਆ, ਨਿਰਗੁਣ ਨੂਰ ਜੋਤ ਜਗਾ। ਸੁਤ ਸ਼ਬਦ ਚਰਨੀ ਪੜਿਆ, ਪ੍ਰਭ ਅੱਗੇ ਸੀਸ ਝੁਕਾ। ਸਾਹਿਬ ਦਾਤਾਰ ਤੇਰਾ ਪੱਲੂ ਫੜਿਆ, ਛੁਟ ਕਦੇ ਨਾ ਜਾ। ਪੁਰਖ ਅਬਿਨਾਸ਼ੀ ਸਿਰ ਹੱਥ ਧਰਿਆ, ਦੇਵੇ ਇਕ ਪਨਾਹ। ਨਿਰਗੁਣ ਨਿਰਾਕਾਰ ਨਿਸ਼ਅੱਖਰ ਏਕਾ ਪੜ੍ਹਿਆ, ਨਾਉਂ ਨਿਰੰਕਾਰਾ ਦਏ ਸਮਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਬਣਤ ਬਣਾ। ਥਿਰ ਘਰ ਬਣਾਈ ਹਰਿ ਜੂ ਬਣਤ, ਚਰਨ ਕਵਲ ਸ਼ਰਨਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਇਕ ਚੜ੍ਹਾਏ ਸਾਚੀ ਰੰਗਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਵਡਿਆਈਆ। ਸ਼ਬਦ ਸੁਤ ਬਣ ਨਿਮਾਣਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸ਼ਹਿਨਸ਼ਾਹ ਸ਼ਾਹ ਵਡ ਜਰਵਾਣਾ, ਤੇਰਾ ਅੰਤ ਕੋਇ ਨਾ ਪਾਇੰਦਾ। ਆਦਿ ਜੁਗਾਦਿ ਮੰਨਾਂ ਤੇਰਾ ਭਾਣਾ, ਸਦ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਸੇਵ ਤੇਰੀ ਕਮਾਇੰਦਾ। ਕਵਣ ਬਿਧ ਕਮਾਵਾਂ ਸੇਵ, ਸ਼ਬਦੀ ਸੁਤ ਸੀਸ ਝੁਕਾਇਆ। ਤੂੰ ਪਾਰਬ੍ਰਹਮ ਅਲਖ ਅਭੇਵ, ਹਉਂ ਬਾਲਕ ਭੇਵ ਨਾ ਰਾਇਆ। ਤੂੰ ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਸੁਤ ਸ਼ਬਦ ਦਏ ਵਡਿਆਈਆ। ਉਠ ਪੂਤ ਮੇਰੇ ਚਤੁਰ ਸੁਜਾਨ, ਬਾਲ ਬਾਲੇ ਬਾਲ ਸਖਾਈਆ। ਮੇਰਾ ਨਾਉਂ ਤੇਰਾ ਗਿਆਨ, ਏਕਾ ਵਾਰ ਪੜ੍ਹਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਇਕ ਵਖਾਈਆ। ਮੇਰੀ ਰਚਨਾ ਤੇਰਾ ਮਾਣ, ਤੇਰਾ ਮਾਣ ਮੇਰੀ ਵਡਿਆਈਆ। ਮੇਰਾ ਹੁਕਮ ਸਚ ਫ਼ਰਮਾਣ, ਸਤਿ ਸਤਿਵਾਦੀ ਆਪ ਸਮਝਾਈਆ। ਜੋਧਾ ਸੂਰਾ ਬਣ ਬਲਵਾਨ, ਸਿਰ ਤੇਰੇ ਛਤਰ ਝੁਲਾਈਆ। ਤੇਰੀ ਰੱਖਾਂ ਏਕਾ ਆਣ, ਏਕਾ ਘਰ ਬਹਾਈਆ। ਏਕਾ ਚਿੱਲਾ ਤੀਰ ਕਮਾਨ, ਸੱਚਾ ਸ਼ਸਤਰ ਹੱਥ ਫੜਾਈਆ। ਏਕਾ ਵਸਤ ਅਨਮੁਲੜੀ ਦਾਨ, ਦਾਤਾ ਦਾਨੀ ਇਕ ਜਣਾਈਆ। ਤੇਰਾ ਖੇਲ ਸ੍ਰੀ ਭਗਵਾਨ, ਇਕ ਇਕੱਲਾ ਆਪ ਕਰਾਈਆ। ਤੇਰੇ ਅੰਤਰ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਥਿਰ ਘਰ ਤੇਰਾ ਮੰਦਰ ਮਕਾਨ, ਸਚਖੰਡ ਨਿਵਾਸੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦੇਵੇ ਵਰ, ਸੁਤ ਸ਼ਬਦ ਮਾਣ ਰਖਾਈਆ। ਸੁਤ ਸ਼ਬਦ ਸਿਰ ਰੱਖੇ ਹੱਥ, ਪ੍ਰਭ ਅਬਿਨਾਸ਼ੀ ਦਇਆ ਕਮਾਇੰਦਾ। ਤੇਰੇ ਮੰਦਰ ਅਮੋਲਕ ਵੱਥ, ਵਿਸ਼ਨ ਬ੍ਰਹਮਾ ਸ਼ਿਵ ਪਰਗਟਾਇੰਦਾ। ਨਿਰਗੁਣ ਨਿਰਾਕਾਰ ਸਾਚਾ ਮਾਰਗ ਦੱਸ, ਸਾਚੇ ਪੰਧ ਲਗਾਇੰਦਾ। ਇਕ ਇਕੱਲਾ ਪੂਰੀ ਕਰੇ ਆਸ, ਆਸਾ ਆਸਾ ਵਿਚ ਸਮਾਇੰਦਾ । ਤੇਰਾ ਖੇਲ ਬ੍ਰਹਿਮੰਡ ਖੰਡ ਨਿਵਾਸ, ਕੋਟਨ ਕੋਟ ਰੂਪ ਧਰਾਇੰਦਾ। ਤੇਰਾ ਰੂਪ ਪ੍ਰਿਥਮੀ ਅਕਾਸ਼, ਗਗਨ ਮੰਡਲ ਨਾਲ ਮਿਲਾਇੰਦਾ। ਤੇਰੀ ਧਾਰ ਤ੍ਰੈਗੁਣ ਰਾਸ, ਰਜੋ ਤਮੋ ਸਤੋ ਖੇਲ ਖਲਾਇੰਦਾ। ਤੇਰਾ ਸੰਗ ਪੰਜ ਤੱਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਸਾਚਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਸਾਚੀ ਸੇਵਾ ਸਾਚੇ ਸੁਤ, ਹਰਿ ਸਤਿਗੁਰ ਆਪ ਲਗਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਏਕਾ ਰੰਗ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਹਾਏ ਰੁੱਤ, ਤ੍ਰੈ ਪੰਜ ਕਰੇ ਕੁੜਮਾਈਆ। ਨਿਰਗੁਣ ਅੰਦਰ ਨਿਰਗੁਣ ਉਠ, ਸਰਗੁਣ ਵੇਖ ਵਖਾਈਆ। ਪੰਜ ਤੱਤ ਬਣਾਏ ਕਾਇਆ ਕਿਲਾ ਕੋਟ, ਗੜ ਮੰਦਰ ਆਪ ਸੁਹਾਈਆ। ਅੰਦਰ ਰੱਖ ਨਿਰਮਲ ਜੋਤ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਸਮਝਾਈਆ। ਲੱਖ ਚੁਰਾਸੀ ਸੇਵਾ ਅਪਾਰ, ਹਰਿ ਸਾਚਾ ਸਚ ਜਣਾਇੰਦਾ। ਘਾੜਤ ਘੜ ਬਣ ਠਠਿਆਰ, ਘੜਨ ਭੰਨਣਹਾਰ ਖੇਲ ਕਰਾਇੰਦਾ। ਉਤਭੁਜ ਸੇਤਜ ਜੇਰਜ ਅੰਡ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤੱਤ ਤੱਤ ਆਕਾਰ, ਸਾਕਾਰ ਰੂਪ ਵਖਾਇੰਦਾ। ਨੌਂ ਦੁਆਰ ਖੋਲ੍ਹ ਕਿਵਾੜ, ਜਗਤ ਵਾਸ਼ਨਾ ਨਾਲ ਮਿਲਾਇੰਦਾ। ਪੰਚਮ ਪੰਚ ਕਰ ਪ੍ਰਚਾਰ, ਨਾਦ ਸ਼ਬਦ ਧੁਨ ਜਣਾਇੰਦਾ। ਪੰਚਮ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਨਾਲ ਮਿਲਾਇੰਦਾ । ਪੰਜ ਦਸ ਖੇਲ ਕਰਤਾਰ, ਕੁਦਰਤ ਕਾਦਰ ਇਕ ਜਣਾਇੰਦਾ। ਪੰਜ ਪੰਜੀ ਹੋਏ ਪਨਿਹਾਰ, ਬਣ ਬਣ ਸੇਵਕ ਸੇਵ ਕਮਾਇੰਦਾ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਇੰਦਾ। ਹੱਡ ਮਾਸ ਨਾੜੀ ਰੱਤ ਜੋੜ ਸੰਸਾਰ, ਰੂਪ ਅਨੂਪ ਆਪ ਵਖਾਇੰਦਾ। ਮਨ ਮਤ ਬੁਧ ਦੇਵੇ ਧਾਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਘਰ ਵਿਚ ਘਰ ਕਰ ਤਿਆਰ, ਆਪਣਾ ਆਸਣ ਲਾਇੰਦਾ। ਆਪੇ ਕਰੇ ਬੰਦ ਕਿਵਾੜ, ਬਜ਼ਰ ਕਪਾਟੀ ਸੋਭਾ ਪਾਇੰਦਾ। ਆਪੇ ਰੱਖੇ ਅੰਮ੍ਰਿ਼ਤ ਠੰਡਾ ਠਾਰ, ਨਿਝਰ ਝਿਰਨਾ ਆਪ ਰਖਾਇੰਦਾ। ਆਪੇ ਈੜਾ ਪਿੰਗਲ ਕਰ ਸੇਵਾਦਾਰ, ਦਰ ਦੁਆਰੇ ਆਪ ਬਹਾਇੰਦਾ। ਆਪੇ ਖੇਲੇ ਖੇਲ ਸੁਖਮਨ ਟੇਢੀ ਗਾਰ, ਬੰਕ ਆਪਣੇ ਅੰਕ ਲਗਾਇੰਦਾ। ਆਪੇ ਸੁਰਤੀ ਸੁਰਤ ਕਰ ਤਿਆਰ, ਅਕਾਲ ਮੂਰਤੀ ਰੰਗ ਵਖਾਇੰਦਾ। ਆਪੇ ਨਾਦ ਤੂਰਤੀ ਸਤਿ ਜੈਕਾਰ, ਤੁਰੀਆ ਰਾਗ ਆਪ ਅਲਾਇੰਦਾ। ਆਪੇ ਪਰਾ ਪਸੰਤੀ ਮਧਮ ਬੈਖ਼ਰੀ ਦੇਵੇ ਧਾਰ, ਰਾਗੀ ਆਪਣਾ ਰਾਗ ਸੁਣਾਇੰਦਾ। ਆਪੇ ਕਾਇਆ ਮੰਦਰ ਅੰਦਰ ਬਣਾਏ ਸਚੀ ਧਰਮਸਾਲ, ਸੁਤ ਦੁਲਾਰੇ ਨਾਲ ਮਿਲਾਇੰਦਾ। ਸ਼ਬਦੀ ਸ਼ਬਦ ਵੱਜੇ ਤੇਰਾ ਤਾਲ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਆਪੇ ਖੇਲ ਕਰੇ ਭਗਵਾਨ, ਖੇਲਣਹਾਰਾ ਦਿਸ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪੰਜ ਤੱਤ ਅੰਦਰ ਕਰਨ ਕਲਿਆਣ, ਦਰ ਦਰ ਸਾਚੀ ਸੇਵ ਲਗਾਇੰਦਾ। ਨਾਲ ਰਖਾਏ ਕਾਲ ਮਹਾਂਕਾਲ ਵਡ ਬਲਵਾਨ, ਆਪਣਾ ਬਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਹਰਿ ਦੇਵੇ ਵਰ, ਤੇਰੀ ਰਚਨਾ ਆਪ ਸਮਝਾਇੰਦਾ। ਤੇਰੀ ਰਚਨਾ ਸੂਰਜ ਚੰਦ, ਕਿਰਨ ਕਿਰਨ ਵਿਚ ਚਮਕਾਈਆ। ਲੋਆਂ ਪੁਰੀਆਂ ਬੇੜਾ ਬੰਨ੍ਹ, ਬ੍ਰਹਿਮੰਡ ਖੰਡ ਤੇਰੀ ਸ਼ਰਨਾਈਆ। ਮੇਰਾ ਨਾਉਂ ਤੇਰਾ ਧਨ, ਸਚ ਖ਼ਜ਼ਾਨਾ ਤੇਰੀ ਝੋਲੀ ਪਾਈਆ। ਮੇਰਾ ਰਾਗ ਤੇਰਾ ਕੰਨ, ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਦੇਵੇ ਵਰ, ਵਸਤ ਅਨਮੁਲੜੀ ਆਪ ਵਰਤਾਈਆ। ਸੁਤ ਸ਼ਬਦ ਹਰਿ ਚੜ੍ਹਿਆ ਚਾਅ, ਥਿਰ ਘਰ ਸਾਚੇ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਮਿਲਿਆ ਮਲਾਹ, ਬੇੜਾ ਆਪ ਉਠਾਇੰਦਾ। ਮੇਰਾ ਨਾਉਂ ਦਏ ਵਡਿਆ, ਦੋ ਜਹਾਨਾਂ ਖੇਲ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ, ਸੇਵਕ ਸੇਵਾ ਸਚ ਸਮਝਾਇੰਦਾ। ਪੰਜ ਤੱਤ ਬੰਧਨ ਦੇਵੇ ਪਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਘਾੜਨ ਦਏ ਘੜਾ, ਘਟ ਘਟ ਆਪਣਾ ਨੂਰ ਰਖਾਇੰਦਾ। ਗੇੜਾ ਗੇੜੇ ਦੇਵੇ ਲਾ, ਗੇੜਨਹਾਰ ਆਪ ਹੋ ਜਾਇੰਦਾ। ਆਪਣਾ ਨਾਉਂ ਦਏ ਸਮਝਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਪ੍ਰਿਥਮੀ ਅਕਾਸ਼ ਦਏ ਰਚਾ, ਜਲ ਥਲ ਮਹੀਅਲ ਡੇਰਾ ਲਾਇੰਦਾ। ਸੂਰਜ ਚੰਨ ਦਏ ਚੜ੍ਹਾ, ਰਵ ਸਸ ਪ੍ਰਕਾਸ਼ ਕਰਾਇੰਦਾ। ਜੰਗਲ ਜੂਹ ਉਜਾੜ ਪਹਾੜ ਦਏ ਬਣਾ, ਡੂੰਘੀ ਕੰਦਰ ਸੋਭਾ ਪਾਇੰਦਾ। ਆਪਣੀ ਇਛਿਆ ਦਏ ਸਮਝਾ, ਸਾਚੀ ਭਿਛਿਆ ਆਪ ਵਰਤਾਇੰਦਾ। ਵਿਸ਼ਨੂੰ ਏਕਾ ਹੁਕਮ ਦਏ ਸੁਣਾ, ਘਰ ਘਰ ਰਿਜ਼ਕ ਪੁਚਾਇੰਦਾ। ਬ੍ਰਹਮਾ ਬ੍ਰਹਮ ਰੂਪ ਵੰਡ ਵੰਡਾ, ਲੱਖ ਚੁਰਾਸੀ ਡੇਰਾ ਲਾਇੰਦਾ। ਸ਼ੰਕਰ ਡੇਰਾ ਦੇਵੇ ਢਾਹ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਬੇਪਰਵਾਹ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਏਕਾ ਦਿਤੀ ਸਚ ਸਲਾਹ, ਸਾਚੀ ਸਿਖਿਆ ਇਕ ਜਣਾਇੰਦਾ। ਬ੍ਰਹਮਾ ਵੇਤਾ ਲਿਆ ਪੜ੍ਹਾ, ਏਕਾ ਰਾਗ ਅਲਾਇੰਦਾ। ਚਾਰੇ ਵੇਦ ਰਿਹਾ ਸੁਣਾ, ਅੱਖਰ ਅੱਖਰ ਨਾਲ ਮਿਲਾਇੰਦਾ। ਹਰਿ ਕਾ ਭੇਵ ਨਾ ਜਾਣੇ ਰਾ, ਪੁਰਖ ਅਬਿਨਾਸ਼ੀ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸੁਤ ਦੁਲਾਰਾ ਖ਼ੁਸ਼ੀ ਮਨਾਇੰਦਾ। ਸੁਤ ਦੁਲਾਰਾ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤਖ਼ਤ ਨਿਵਾਸੀ ਵਡ ਵਡਿਆਈਆ। ਤੇਰੀ ਸੇਵਾ ਕਰਾਂ ਅਪਰ ਅਪਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਲੱਖ ਚੁਰਾਸੀ ਬਣ ਵਣਜਾਰ, ਸਾਚਾ ਹੱਟ ਚਲਾਈਆ। ਏਕਾ ਦੇਣਾ ਦਰਸ ਦੀਦਾਰ, ਹਉਂ ਭਿਖਕ ਮੰਗ ਮੰਗਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰ, ਦੂਜੀ ਓਟ ਨਾ ਕੋਇ ਤਕਾਈਆ। ਆਦਿ ਜੁਗਾਦੀ ਏਕਾ ਏਕ ਤੂੰ ਨਿਰੰਕਾਰ, ਨਿਰਗੁਣ ਨਿਰਵੈਰ ਬੇਪਰਵਾਹੀਆ। ਦੋ ਜਹਾਨਾਂ ਬਣਨਾ ਸਿਕਦਾਰ, ਸਚ ਸਿਕਦਾਰੀ ਆਪ ਕਮਾਈਆ। ਲੋਆਂ ਪੁਰੀਆਂ ਕਰਨਾ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਮੰਗ ਮੰਗਾਈਆ। ਮੰਗਾਂ ਮੰਗ ਬਣ ਬਣ ਬਾਲ, ਸ਼ਬਦੀ ਸ਼ਬਦ ਨੀਰ ਵਹਾਇੰਦਾ। ਮੇਰਾ ਲੇਖਾ ਕਰੀਂ ਪਰਵਾਨ, ਲੇਖਾ ਤੇਰੀ ਝੋਲੀ ਪਾਇੰਦਾ। ਮੇਰੀ ਆਦੇਸ਼ ਮੇਰੇ ਮਿਹਰਵਾਨ, ਨਿਉਂ ਨਿਉਂ ਸੀਸ ਝੁਕਾਇੰਦਾ। ਤੂੰ ਆਦਿ ਜੁਗਾਦੀ ਸੱਚਾ ਕਾਹਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਏਕਾ ਦੇਣਾ ਸਚ ਨਿਸ਼ਾਨ, ਮੈਂ ਤੇਰਾ ਹੱਥ ਉਠਾਇੰਦਾ। ਲੇਖਾ ਜਾਣਾ ਦੋ ਜਹਾਨ, ਦੋਏ ਦੋਏ ਰੂਪ ਧਰਾਇੰਦਾ। ਲੱਖ ਚੁਰਾਸੀ ਕਰਾਂ ਪਰਵਾਨ, ਕਰ ਕਰ ਖੇਲ ਖਲਾਇੰਦਾ। ਤੇਰਾ ਨਾਉਂ ਕਰਾਂ ਪਰਧਾਨ, ਗ੍ਰਹਿ ਗ੍ਰਹਿ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਵਖਾਇੰਦਾ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਈਆ। ਉਠ ਦੁਲਾਰੇ ਮੇਰੇ ਲਾਲ, ਸਿਰ ਤੇਰੇ ਹੱਥ ਟਿਕਾਈਆ। ਨਿਰਗੁਣ ਸਰਗੁਣ ਬਣ ਦਲਾਲ, ਪੰਜ ਤੱਤ ਕਰ ਕੁੜਮਾਈਆ। ਮੇਰਾ ਜਾ ਸੁਣਾ ਹਾਲ, ਪ੍ਰਭ ਇਕੋ ਸੱਚਾ ਮਾਹੀਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਨਿਤ ਨਿਤ ਸੇਵ ਕਮਾਈਆ। ਸਚਖੰਡ ਵਸੇ ਸੱਚੀ ਧਰਮਸਾਲ, ਧੁਰ ਦਰਬਾਰੇ ਸੋਭਾ ਪਾਈਆ। ਚਰਨ ਪ੍ਰੀਤੀ ਘਾਲਣੀ ਘਾਲ, ਘਾਲੀ ਘਾਲ ਨਾ ਬਿਰਥੀ ਜਾਈਆ। ਤੇਰਾ ਹੱਲ ਕਰਾਂ ਸਵਾਲ, ਬਣ ਸਵਾਲੀ ਮੰਗ ਮੰਗਾਈਆ। ਤੇਰੀ ਸੇਵਾ ਕਾਲ ਮਹਾਂਕਾਲ, ਬੰਧਨ ਏਕਾ ਹੱਥ ਫੜਾਈਆ। ਜੁਗ ਚੌਕੜੀ ਚਲਾਂ ਚਾਲ, ਸਾਚੀ ਵੰਡ ਵੰਡਾਈਆ। ਚਾਰ ਵੇਦ ਕਰ ਪਰਧਾਨ, ਮਹਿਮਾ ਮਾਤ ਸੁਣਾਈਆ। ਚਾਰ ਖਾਣੀ ਕਰ ਗਿਆਨ, ਚਾਰੇ ਬਾਣੀ ਇਕ ਪੜ੍ਹਾਈਆ। ਚਾਰ ਵਰਨ ਦੇਣਾ ਮਾਣ, ਬਰਨ ਅਠਾਰਾਂ ਰੂਪ ਧਰਾਈਆ। ਚਾਰ ਜੁਗ ਇਕ ਨਿਸ਼ਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਗ ਲਗਾਈਆ। ਜੁਗ ਜੁਗ ਗੇੜਾ ਗੇੜੇ ਸ੍ਰੀ ਭਗਵਾਨ, ਕੋਹਲੂ ਚੱਕੀ ਚੱਕ ਭੁਆਈਆ। ਕੋਟਨ ਕੋਟ ਦੇਵੇ ਬੋਧ ਗਿਆਨ, ਅਕਥ ਕਥਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਵਰ ਦੇਵੇ ਸੱਚਾ ਮਾਹੀਆ। ਵਰ ਘਰ ਪਾਇਆ ਏਕਾ ਵਾਰ, ਥਿਰ ਘਰ ਵੱਜੀ ਵਧਾਈਆ। ਨਿਰਗੁਣ ਸਰਗੁਣ ਕਰੇ ਤਿਆਰ, ਸਾਰੰਗ ਧਰ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਬਣ ਬਣ ਚਾਕਰ ਸੇਵ ਕਮਾਈਆ। ਸ਼ਬਦੀ ਸ਼ਬਦ ਬਣ ਵਣਜਾਰ, ਏਕਾ ਹੱਟ ਖੁਲ੍ਹਾਈਆ। ਏਕਾ ਨਾਮ ਕਰ ਜੈਕਾਰ, ਜੈ ਜੈਕਾਰ ਸੁਣਾਈਆ। ਨਿਰਗੁਣ ਸਰਗੁਣ ਕਰੇ ਖ਼ਬਰਦਾਰ, ਏਕਾ ਬੂਝ ਬੁਝਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਅਪਰੰਪਰ ਵੇਸ ਵਟਾਈਆ। ਰਚੇ ਸਵੰਬਰ ਹਰਿ ਕਰਤਾਰ, ਪੁਰਖ ਨਾਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਈਆ। ਆਪਣੀ ਕਾਰ ਕਰਨੇਯੋਗ, ਹਰਿ ਕਰਤਾ ਆਪ ਕਰਾਇੰਦਾ। ਆਪੇ ਭੋਗੇ ਭੋਗੀ ਭੋਗ, ਭਸਮੜ ਆਪਣੀ ਖੇਲ ਕਰਾਇੰਦਾ। ਆਪੇ ਸੰਜੋਗ ਆਪੇ ਵਿਜੋਗ, ਮੇਲ ਵਿਛੋੜਾ ਆਪਣੇ ਹੱਥ ਰਖਾਇੰਦਾ। ਆਪੇ ਵਸੇ ਰੰਗ ਨਵੇਲ, ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਆਪੇ ਲੇਖਾ ਜਾਣੇ ਚੌਦਾਂ ਲੋਕ, ਪਰਲੋਕ ਆਪਣੇ ਚਰਨਾਂ ਹੇਠ ਦਬਾਇੰਦਾ। ਤ੍ਰੈਭਵਨ ਧਨੀ ਸੁਣਾਏ ਇਕ ਸਲੋਕ, ਸਾਚਾ ਢੋਲਾ ਆਪੇ ਗਾਇੰਦਾ। ਆਪੇ ਦੇਵਣਹਾਰਾ ਮੋਖ, ਬੰਧਨ ਬੰਦੀ ਆਪ ਤੁੜਾਇੰਦਾ। ਆਪੇ ਲੱਖ ਚੁਰਾਸੀ ਦੇਵੇ ਝੋਕ, ਗੇੜਾ ਗੇੜੇ ਵਿਚ ਭੁਆਇੰਦਾ। ਆਪੇ ਦੇਵੇ ਸਾਚੀ ਓਟ, ਚਰਨ ਕਵਲ ਦਰਸਾਇੰਦਾ। ਆਪੇ ਵਸੇ ਕਾਇਆ ਕੋਟ, ਘਰ ਘਰ ਵਿਚ ਸੋਭਾ ਪਾਇੰਦਾ। ਆਪ ਜਗਾਏ ਨਿਰਮਲ ਜੋਤ, ਬਿਸਮਲ ਆਪਣੀ ਧਾਰ ਵਖਾਇੰਦਾ। ਆਪੇ ਜਾਣੇ ਆਪਣਾ ਓਤ ਪੋਤ, ਪੁੱਤ ਪੋਤਰੇ ਖੇਲ ਕਰਾਇੰਦਾ। ਆਪੇ ਵਰਨ ਆਪੇ ਗੋਤ, ਆਪੇ ਆਪਣੀ ਵੰਡ ਵੰਡਾਇੰਦਾ। ਆਪੇ ਕੱਢਣਹਾਰਾ ਖੋਟ, ਦੂਈ ਦਵੈਤੀ ਡੇਰਾ ਢਾਹਿੰਦਾ। ਆਪੇ ਫੜ ਫੜ ਚਾੜ੍ਹੇ ਚੋਟ, ਆਪੇ ਖ਼ਾਕੀ ਖ਼ਾਕ ਮਿਲਾਇੰਦਾ। ਆਪੇ ਦਏ ਭੰਡਾਰ ਅਤੋਟ, ਹਰਿ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਿਆ ਆਪ ਕਰਾਇੰਦਾ। ਸਾਚੀ ਕਿਰਿਆ ਕਰਮ ਕਾਂਡ, ਹਰਿ ਕਰਤਾ ਬੰਧਨ ਪਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਂਡ, ਬ੍ਰਹਿਮਾਦ ਵੇਸ ਵਟਾਈਆ। ਵੰਡਣ ਵੰਡੇ ਜੇਰਜ ਅੰਡ, ਉਤਭੁਜ ਸੇਤਜ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸਹਿਜ ਸਹਿਜ ਸਮਝਾਈਆ। ਸੁਣ ਸੁਤ ਮੇਰੇ ਛੋਟੇ ਲਾਲ, ਹਰਿ ਸਚ ਕਰੇ ਜਣਾਈਆ। ਲੱਖ ਚੁਰਾਸੀ ਖਾਏ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਹੋਏ ਬੇਹਾਲ, ਨੇਤਰ ਰੋ ਰੋ ਨੀਰ ਵਹਾਈਆ। ਜੂਠ ਝੂਠ ਵੱਜੇ ਤਾਲ, ਲੋਕਮਾਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਈਆ। ਸੁਤ ਸ਼ਬਦ ਅੱਗੋਂ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਵਣ ਬਿਧ ਤੇਰਾ ਛੁਟੇ ਨਾ ਸੰਗ, ਹੋਏ ਨਾ ਮਾਤ ਜੁਦਾਈਆ। ਕਵਣ ਬਿਧ ਕਾਲ ਨਾ ਲਾਏ ਅੰਗ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਤਿਗੁਰ ਪੂਰਾ ਪੁਰਖ ਕਰਤਾਰ, ਪੂਰਨ ਬ੍ਰਹਮ ਜਣਾਇੰਦਾ। ਖੇਲੇ ਖੇਲ ਖੇਲ ਜੁਗ ਚਾਰ, ਚੌਕੜ ਚੌਕੜੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਲੈ ਆਵੇ ਅਵਤਾਰ, ਗੁਰ ਸਤਿਗੁਰ ਨਾਉਂ ਧਰਾਇੰਦਾ। ਏਕਾ ਨਾਉਂ ਬੋਲ ਜੈਕਾਰ, ਜੀਵ ਜੰਤ ਆਪ ਸਮਝਾਇੰਦਾ। ਸੇਵਾ ਕਰ ਵਿਚ ਸੰਸਾਰ, ਅੰਤ ਆਪਣਾ ਮੂਲ ਚੁਕਾਇੰਦਾ। ਬੇਅੰਤ ਬੇਅੰਤ ਕਹਿ ਕਹਿ ਜਾਣ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਸਮਝਾਇੰਦਾ। ਸਾਚੀ ਸੇਵਾ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਮਾਤ ਕਰਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਪੰਚਮ ਪੰਚ ਦਏ ਵਡਿਆਈਆ। ਭਗਤ ਭਗਵੰਤ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਸੰਤਾਂ ਦੇਵੇ ਏਕਾ ਮਾਣ, ਚਰਨ ਸਰਨ ਸ਼ਰਨਾਈਆ। ਗੁਰਮੁਖ ਵੇਖੇ ਚਤੁਰ ਸੁਜਾਨ, ਸੁਰਤੀ ਸ਼ਬਦ ਮਿਲਾਈਆ । ਗੁਰਸਿਖਾਂ ਦੇਵੇ ਏਕਾ ਨਾਮ ਨਿਧਾਨ, ਨਿਜ ਆਤਮ ਕਰੇ ਰਸਾਈਆ। ਜੁਗ ਚੌਕੜੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਨਵ ਨੌਂ ਚਾਰ ਖੇਲ ਜਹਾਨ, ਦੋ ਜਹਾਨਾਂ ਵਾਲੀ ਵੇਖ ਵਖਾਈਆ। ਲੇਖਾ ਜਾਣ ਰਮੱਯਾ ਰਾਮ, ਰਮਤ ਰਮਤ ਸਮਾਈਆ। ਖੇਲੇ ਖੇਲ ਗੋਪੀ ਕਾਹਨ, ਏਕਾ ਬੰਸਰੀ ਨਾਮ ਵਜਾਈਆ। ਏਕਾ ਕਲਮਾ ਪੜ੍ਹੇ ਕਲਾਮ, ਅਮਾਮ ਅਮਾਮਾ ਆਪ ਸੁਣਾਈਆ। ਮੁਕਾਮੇ ਹੱਕ ਇਕ ਨਿਸ਼ਾਨ, ਸ਼ਾਹ ਸੁਲਤਾਨ ਆਪ ਝੁਲਾਈਆ। ਪਰਵਰਦਿਗਾਰ ਨੌਜਵਾਨ, ਨੂਰ ਨੁਰਾਨਾ ਨੂਰ ਇਲਾਹੀਆ। ਪੰਜ ਤੱਤ ਕਾਇਆ ਦਏ ਅਧਾਰ, ਈਸਾ ਮੂਸਾ ਵੇਸ ਵਟਾਈਆ। ਕਾਲਾ ਸੂਸਾ ਤਨ ਸ਼ਿੰਗਾਰ, ਏਕਾ ਅਲਫ਼ੀ ਲਏ ਹੰਢਾਈਆ। ਏਕਾ ਸੂਫ਼ੀ ਦੇ ਦੀਦਾਰ, ਨੇਤਰ ਲੋਚਣ ਨੈਣ ਨੈਣ ਖੁਲ੍ਹਾਈਆ। ਇਕ ਮੁਹੰਮਦ ਮਿਲਾਵਾ ਯਾਰ ਯਾਰ, ਚੌਥੇ ਜੁਗ ਵੇਖ ਵਖਾਈਆ। ਹੱਕ ਹਕ਼ੀਕ਼ਤ ਖੋਲ੍ਹ ਕਿਵਾੜ, ਲਾਸ਼ਰੀਕ ਵੰਡ ਵੰਡਾਈਆ। ਇਕ ਤੌਫ਼ੀਕ ਖ਼ੁਦਾਏ ਮਦਦਗਾਰ, ਮਿਹਬਾਨ ਬੀਦੋ ਏਕਾ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਆਪਣਾ ਭੇਵ ਦੱਸੇ ਅਵੱਲਾ, ਮੁਕਾਮੇ ਹੱਕ ਹੱਕ ਖ਼ੁਦਾਈਆ। ਨਿਰਗੁਣ ਨੂਰ ਨੂਰ ਅੱਲਾ, ਆਲਮੀਨ ਕਰੇ ਰੁਸ਼ਨਾਈਆ। ਆਪਣੀ ਧਾਰ ਜਣਾਏ ਬਿਸਮਿਲਾ, ਬਿਸਮਿਲ ਆਪਣਾ ਰੰਗ ਵਖਾਈਆ। ਆਪੇ ਕਲਮਾ ਕਲਾਮ ਇਲ ਲਿਲਾ, ਐਨਲਹੱਕ ਹੱਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਵੰਡ ਵੰਡਾਈਆ। ਸ਼ਬਦ ਗੁਰ ਤੇਰਾ ਰੂਪ ਅਪਾਰਾ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਮੇਰਾ ਨੂਰ ਤੇਰੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਮੇਰਾ ਮਹੱਲ ਸਚਖੰਡ ਦੁਆਰਾ, ਤੇਰਾ ਘਰ ਥਿਰ ਘਰ ਨਾਉਂ ਰਖਾਇੰਦਾ। ਤੇਰੇ ਅੰਦਰੋਂ ਨਿਕਲੇ ਗੁਰ ਅਵਤਾਰਾ, ਮਾਤਲੋਕ ਫੇਰਾ ਪਾਇੰਦਾ। ਸੁਨ ਅਗੰਮੀ ਪਾਰ ਕਿਨਾਰਾ, ਧੂਆਂਧਾਰ ਨਾ ਕੋਇ ਵਖਾਇੰਦਾ। ਕਲਜੁਗ ਅੰਤ ਖੇਲ ਨਿਆਰਾ, ਪੰਜ ਤੱਤ ਕਾਇਆ ਸੋਭਾ ਪਾਇੰਦਾ। ਨਾਨਕ ਨਾਨਕ ਨਾਨਕ ਸ਼ਬਦ ਵਣਜਾਰਾ, ਨਾਮ ਵਸਤ ਵਸਤ ਵਰਤਾਇੰਦਾ। ਦਰਸ ਪਾਏ ਦਰ ਦੀਦਾਰਾ, ਦੀਦ ਈਦ ਚੰਦ ਚੜ੍ਹਾਇੰਦਾ। ਗੁਫ਼ਤ ਸ਼ੁਨੀਦ ਖੇਲ ਨਿਆਰਾ, ਮਹਿਬੂਬ ਰੰਗ ਵਖਾਇੰਦਾ। ਏਕਾ ਨਾਦ ਧੁਨ ਜੈਕਾਰਾ, ਰਾਗੀ ਰਾਗ ਅਲਾਇੰਦਾ। ਏਕਾ ਨਾਮ ਸਤਿ ਵਣਜਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਏਕਾ ਬ੍ਰਹਮ ਬ੍ਰਹਮ ਭੰਡਾਰਾ, ਪਾਰਬ੍ਰਹਮ ਵਰਤਾਇੰਦਾ। ਏਕਾ ਜੋਤ ਏਕਾ ਧਾਰਾ, ਏਕਾ ਸ਼ਬਦ ਨਾਦ ਸੁਣਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਘਰ ਬਹਾਇੰਦਾ। ਏਕਾ ਗਾਏ ਮੰਗਲਾਚਾਰਾ, ਪੰਚਮ ਨਾਦ ਪੰਚਮ ਸ਼ਬਦ ਸੇਵ ਕਮਾਇੰਦਾ। ਸਤਿਨਾਮ ਸਤਿ ਵਿਹਾਰਾ, ਸੋਹੰ ਆਤਮ ਪਰਮਾਤਮ ਧਾਰਾ, ਰਾਰੰਕਾਰ ਕਰੇ ਨਿਮਸਕਾਰਾ, ਜੋਤ ਨਿਰੰਜਣ ਇਕ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਓਅੰਕਾਰ ਆਪਣੀ ਧਾਰ ਜਣਾਈਆ। ਓਅੰਕਾਰ ਵੇਖੇ ਸਤਿਨਾਮ, ਨਾਮ ਸਤਿ ਸਤਿ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰਾਂ ਦੇਵੇ ਦਾਨ, ਆਪਣੀ ਵਸਤ ਆਪ ਵਰਤਾਇੰਦਾ। ਲੋਕਮਾਤ ਕਰ ਪਰਧਾਨ, ਪੰਜ ਤੱਤ ਕਾਇਆ ਆਪ ਵਡਿਆਇੰਦਾ। ਘਰ ਵਿਚ ਘਰ ਖੋਲ੍ਹ ਦੁਕਾਨ, ਸਚ ਭੰਡਾਰਾ ਆਪ ਜਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਜਗਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਗੁਰ ਸ਼ਬਦੀ ਦੇਵੇ ਇਕੋ ਵਰ, ਸਿਰ ਤੇਰੇ ਹੱਥ ਟਿਕਾਇੰਦਾ। ਤੇਰੇ ਸਿਰ ਹੱਥ ਰੱਖੇ ਕਰਤਾਰ, ਕੁਦਰਤ ਕਾਦਰ ਖੇਲ ਕਰਾਈਆ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਚਾਕਰੀ ਰਹੇ ਕਮਾਈਆ। ਤੂੰ ਸਾਹਿਬ ਸਭ ਦਾ ਸਿਕਦਾਰ, ਹੁਕਮੀ ਹੁਕਮ ਭੁਵਾਈਆ। ਜੁਗ ਚੌਕੜੀ ਕਰ ਖੁਵਾਰ, ਅੰਤ ਲੇਖਾ ਦਏ ਮੁਕਾਈਆ। ਤੇਰੀ ਮਹਿਮਾ ਰਹੇ ਵਿਚ ਸੰਸਾਰ, ਕੋਟਨ ਕੋਟ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਵ ਨੌਂ ਚਾਰ ਖੇਲ ਕਰਾਈਆ। ਨਵ ਨੌਂ ਚਾਰ ਖੇਲ ਸੰਸਾਰ, ਹਰਿ ਸਤਿਗੁਰ ਆਪ ਜਣਾਇਆ। ਅੰਤਮ ਮੇਲਾ ਅਗੰਮ ਅਪਾਰ, ਅਲਖ ਅਗੋਚਰ ਦਏ ਕਰਾਇਆ। ਲੋਕਮਾਤ ਬਣਾਏ ਸਚ ਦਰਬਾਰ, ਸਚਖੰਡ ਨਿਵਾਸੀ ਫੇਰਾ ਪਾਇਆ। ਮਹਾਂਬਲੀ ਹੋਏ ਆਪ ਨਿਰੰਕਾਰ, ਨਿਰਗੁਣ ਨਿਰਵੈਰ ਵੇਸ ਵਟਾਇਆ । ਨਾਨਕ ਗੋਬਿੰਦ ਕਰ ਪਿਆਰ, ਏਕਾ ਗੋਦ ਲਏ ਬਹਾਇਆ। ਸ਼ਬਦ ਅਗੰਮੀ ਤੇਜ ਕਟਾਰ, ਨਾਮ ਖੰਡਾ ਲਏ ਚਮਕਾਇਆ। ਆਪੇ ਉਤਰੇ ਆਪਣੀ ਵਾਰ, ਧਾਰ ਧਾਰ ਵਿਚੋਂ ਬਦਲਾਇਆ। ਸੰਬਲ ਵੇਖੇ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਇਆ। ਸ਼ਬਦ ਅਗੰਮੀ ਬੋਲ ਜੈਕਾਰ, ਆਤਮ ਪਰਮਾਤਮ ਲਏ ਮਿਲਾਇਆ। ਈਸ਼ ਜੀਵ ਦਏ ਅਧਾਰ, ਜਗਦੀਸ਼ ਰੂਪ ਵਟਾਇਆ। ਜੋਗ ਅਭਿਆਸ ਨਾ ਕੋਈ ਕਾਰ, ਜਿਸ ਜਨ ਆਪਣਾ ਦਰਸ ਦਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਲਏ ਮਿਲਾਇਆ। ਅੰਤਮ ਤੇਰਾ ਮੇਲ ਮਿਲੌਣਾ, ਮਿਲ ਮਿਲ ਖ਼ੁਸ਼ੀ ਮਨਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਪਾਰ ਕਰੌਣਾ, ਪਾਂਧੀ ਬਣ ਬਣ ਫੇਰਾ ਪਾਈਆ। ਜੋਤੀ ਜਾਮਾ ਵੇਸ ਵਟੌਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸ਼ਬਦ ਗੁਰ ਇਕ ਵਖੌਣਾ, ਚਾਰ ਵਰਨ ਕਰੇ ਕੁੜਮਾਈਆ। ਨਿਹਕਲੰਕ ਨਾਉਂ ਧਰੌਣਾ, ਧਰਨੀ ਧਰਤ ਧਵਲ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠੌਣਾ, ਸੁਰਪਤ ਇੰਦ ਨਾਲ ਮਿਲਾਈਆ। ਗਣ ਗੰਧਰਵ ਨੈਣ ਵਖੌਣਾ, ਕਿਨਰ ਜਛਪ ਸਦਾ ਰਹੇ ਜਸ ਗਾਈਆ। ਭਗਤ ਭਗਵੰਤ ਆਪ ਜਗੌਣਾ, ਆਪਣਾ ਪਰਦਾ ਦਏ ਉਠਾਈਆ। ਜਨਮ ਜਨਮ ਦੇ ਵਿਛੜੇ ਮੇਲ ਮਿਲੌਣਾ, ਸੰਤ ਸਾਜਣ ਲਏ ਮਿਲਾਈਆ। ਗੁਰਮੁਖ ਗੋਦੀ ਆਪ ਬਹੌਣਾ, ਚੁੱਕ ਚੁੱਕ ਖੁਸ਼ੀ ਮਨਾਈਆ। ਗੁਰਸਿਖ ਰੰਗ ਇਕ ਚੜ੍ਹੌਣਾ, ਉਤਰ ਕਦੇ ਨਾ ਜਾਈਆ। ਅੰਮ੍ਰਿਤ ਆਤਮ ਜਾਮ ਪਿਆਉਣਾ, ਅਠਸਠ ਤੀਰਥ ਫੇਰਾ ਕੋਇ ਨਾ ਪਾਈਆ। ਅਨਹਦ ਨਾਦੀ ਨਾਦ ਵਜੌਣਾ, ਛੱਤੀ ਰਾਗ ਮੁਖ ਸ਼ਰਮਾਈਆ। ਫੜ ਫੜ ਕਾਗੋਂ ਹੰਸ ਬਣੌਣਾ, ਸੋਹੰ ਹੰਸਾ ਚੋਗ ਚੁਗਾਈਆ । ਬਜ਼ਰ ਕਪਾਟੀ ਕੁੰਡਾ ਲੌਹਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਸੁਰਤੀ ਸ਼ਬਦੀ ਆਪ ਮਿਲੌਣਾ, ਏਕਾ ਬੰਧਨ ਪਾਈਆ। ਆਤਮ ਸੇਜਾ ਸੰਗ ਰਖੌਣਾ, ਨਾਰੀ ਕੰਤ ਰੰਗ ਜਣਾਈਆ। ਸਚ ਮਰਦੰਗਾ ਇਕ ਵਜੌਣਾ, ਮਰਦ ਮਰਦਾਨਗੀ ਆਪਣੇ ਹੱਥ ਵਖਾਈਆ। ਪੰਚ ਵਿਕਾਰਾ ਡੇਰਾ ਢਾਉਣਾ, ਢਹਿ ਢਹਿ ਢੇਰ ਕਰਾਈਆ। ਰਾਤੀਂ ਸੁਤਿਆਂ ਦਰਸ ਦਖੌਣਾ, ਗੁਰਮੁਖ ਆਪਣੇ ਸੰਗ ਰਖਾਈਆ। ਲੱਖ ਚੁਰਾਸੀ ਫੰਦ ਕਟੌਣਾ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਨਾ ਹਿਸਾਬ ਵਖੌਣਾ, ਲਾੜੀ ਮੌਤ ਨਾ ਲਏ ਪਰਨਾਈਆ। ਗੁਰਮੁਖ ਆਪਣੀ ਗੋਦ ਬਹੌਣਾ, ਬਣ ਕੁਹਾਰ ਸੇਵ ਕਮਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰੌਣਾ, ਸੁੰਨ ਅਗੰਮ ਡੇਰਾ ਢਾਹੀਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਤੇਰੇ ਚਰਨਾਂ ਹੇਠ ਦਬੌਣਾ, ਪਾਰਬ੍ਰਹਮ ਦੇਵੇ ਮਾਣ ਵਡਿਆਈਆ। ਥਿਰ ਘਰ ਸਾਚੇ ਕੁੰਡਾ ਆਪੇ ਲੌਹਣਾ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਸ਼ਬਦੀ ਸ਼ਬਦ ਵਿਚ ਮਿਲੌਣਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਦੀਨਨ ਦਇਆ ਆਪ ਕਮੌਣਾ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਜੋਤ ਮਿਲੌਣਾ, ਨਿਰਗੁਣ ਨੂਰ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਗੁਰ ਸ਼ਬਦੀ ਮੇਲ ਮਿਲਾਈਆ। ਗੁਰ ਸ਼ਬਦੀ ਗੁਰ ਹੋਇਆ ਮੇਲਾ, ਘਰ ਘਰ ਵੱਜੇ ਵਧਾਈਆ। ਸਤਿਗੁਰ ਮਿਲਿਆ ਇਕ ਇਕੇਲਾ, ਵਿਛੜ ਕਦੇ ਨਾ ਜਾਈਆ। ਏਕਾ ਰੰਗ ਰੰਗੇ ਗੁਰੂ ਗੁਰ ਚੇਲਾ, ਗੁਰ ਚੇਲਾ ਰੰਗ ਸਮਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਏਥੇ ਓਥੇ ਦੋ ਜਹਾਨ ਸੱਜਣ ਸੁਹੇਲਾ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਕਲਮ ਸ਼ਾਹੀ ਨਾ ਪਾਏ ਸਾਰ, ਲਿਖ ਲਿਖ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਪ੍ਰਭ ਵੱਡਾ ਵਡ ਵਡਿਆਈਆ। ਨਾਮ ਜਪ ਜਪ ਕੱਟ ਕੱਟ ਗਏ ਵਗਾਰ, ਬਣ ਸੇਵਕ ਸੇਵ ਕਮਾਈਆ। ਅੰਤਮ ਓਟ ਰੱਖ ਕੇ ਗਏ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜਿਸ ਦਾ ਪਿਤਾ ਨਾ ਕੋਈ ਮਾਈਆ। ਭੈਣ ਭਾਈ ਨਾ ਕੋਇ ਪਿਆਰ, ਸਾਕ ਸੱਜਣ ਸੈਣ ਨਾ ਕੋਇ ਅਖਵਾਈਆ। ਬਿਨ ਹਰਿ ਭਗਤਾਂ ਦੇਵੇ ਨਾ ਕਿਸੇ ਅਧਾਰ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਘਰ ਘਰ ਵਜਾਏ ਸ਼ਬਦ ਨਗਾਰ, ਪੰਚਮ ਸ਼ਬਦ ਰਹੇ ਜਸ ਗਾਈਆ। ਵਾਹਵਾ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਪਾਇਆ ਪੁਰਖ ਏਕੰਕਾਰ, ਨਾ ਮਰੇ ਨਾ ਜਾਈਆ। ਸੁਰਤ ਸਵਾਣੀ ਹੋਈ ਬੇਦਾਰ, ਗੁਰ ਸ਼ਬਦੀ ਲਿਆ ਜਗਾਈਆ। ਹਾਣੀ ਹਾਣ ਮਿਲਿਆ ਏਕਾ ਵਾਰ, ਘਰ ਵੱਜਦੀ ਰਹੇ ਵਧਾਈਆ। ਕਲਜੁਗ ਜੀਵ ਹੋਣ ਖੁਵਾਰ, ਬਿਨ ਹਰਿ ਸਾਰ ਕੋਇ ਨਾ ਪਾਈਆ। ਪੜ੍ਹ ਪੜ੍ਹ ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਬਾਣੀ ਖਾਣੀ ਗੀਤਾ ਗਿਆਨ ਗਏ ਹਾਰ, ਹਰਿ ਕਾ ਰੂਪ ਨਜ਼ਰ ਨਾ ਆਈਆ। ਅਠਸਠ ਤੀਰਥ ਠਰ ਠਰ ਥੱਕਾ ਨਰ ਨਾਰ, ਅਗਨੀ ਤੱਤ ਨਾ ਕੋਇ ਬੁਝਾਈਆ। ਡੂੰਘੀ ਕੰਦਰ ਵੜ ਵੜ ਜੋਗ ਅਭਿਆਸ, ਕਰ ਕਰ ਰਹੇ ਪੁਕਾਰ, ਨੇਤਰ ਮੂੰਦ ਨਾ ਹੋਇਆ ਦੀਦਾਰ, ਕਵਲ ਨੈਣ ਨਾ ਨਜ਼ਰੀ ਆਈਆ। ਮਣਕਾ ਮਣਕਾ ਫੇਰਨ ਵਾਰੋ ਵਾਰ, ਰਸਨਾ ਜਿਹਵਾ ਕਰਨ ਪੁਕਾਰ, ਹਉਮੇ ਹੰਗਤਾ ਮਾਇਆ ਮਮਤਾ ਸਕੇ ਨਾ ਕੋਇ ਮਾਰ, ਬਿਨ ਸਤਿਗੁਰ ਪੂਰੇ ਦੇਵੇ ਨਾ ਕੋਇ ਸ਼ਰਨਾਈਆ। ਸਤਿਗੁਰ ਪੂਰਾ ਸਿਰਜਣਹਾਰ, ਡੁੱਬਦੇ ਪਾਥਰ ਲਏ ਤਾਰ, ਕੋਟ ਜਨਮ ਦੇ ਪਾਪੀ ਪਤਤ ਪੁਨੀਤ ਕਰੇ ਦੇਵੇ ਦਰਸ ਅਪਾਰ, ਦੀਦ ਦੀਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਜਨ ਹਰਿ ਹਰਿ ਜੂ ਆਪਣੇ ਰੰਗ ਰੰਗਾਈਆ। ਹਰਿ ਰੰਗ ਰਾਤਾ ਪੁਰਖ ਬਿਧਾਤਾ, ਆਪਣੇ ਰੰਗ ਸਮਾਇੰਦਾ। ਆਦਿ ਜੁਗਾਦੀ ਉਤਮ ਜਾਤਾ, ਜ਼ਾਤ ਪਾਤ ਵਿਚ ਕਦੇ ਨਾ ਆਇੰਦਾ। ਸਰਬ ਜੀਆਂ ਦਾ ਪਿਤਾ ਮਾਤਾ, ਲੱਖ ਚੁਰਾਸੀ ਗੋਦ ਬਹਾਇੰਦਾ। ਜਨ ਭਗਤਾਂ ਜੋੜੇ ਸਾਚਾ ਨਾਤਾ, ਆਤਮ ਪਰਮਾਤਮ ਬੰਧਨ ਪਾਇੰਦਾ। ਇਕੋ ਸੁਣਾਏ ਆਪਣੀ ਗਾਥਾ, ਸਾਚਾ ਨਾਮ ਆਪ ਦ੍ਰਿੜਾਇੰਦਾ। ਇਕ ਵਖਾਏ ਸਾਚਾ ਹਾਟਾ, ਹੱਟ ਹਟਵਾਣਾ ਸੋਭਾ ਪਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਘਾਟੀ ਆਪਣੀ ਆਪ ਚੜ੍ਹਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿ ਸਤਿ ਆਪਣਾ ਨਾਮ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਜਨ ਜਾਤਾ, ਜਨ ਜਨਨੀ ਲੇਖੇ ਲਾਇੰਦਾ। ਜੀਵ ਜੰਤ ਤ੍ਰੈਗੁਣ ਮਾਇਆ ਸੁੱਟੇ ਡੂੰਘੇ ਖ਼ਾਤਾ, ਫੜ ਬਾਹੋਂ ਬਾਹਰ ਨਾ ਕੋਇ ਕਢਾਇੰਦਾ। ਧਰਮ ਰਾਏ ਦਾ ਖੁਲ੍ਹਾ ਹਾਤਾ, ਸਾਹਿਬ ਸੁਲਤਾਨ ਆਪ ਬਣਾਇੰਦਾ। ਮਨਮੁਖ ਨਾਰ ਹੋਣ ਕਮਜ਼ਾਤਾ, ਹਰਿ ਕੰਤ ਨਾ ਅੰਗ ਲਗਾਇੰਦਾ। ਜਿਸ ਜਨ ਮਿਲਿਆ ਸਤਿਗੁਰ ਸਮਰਾਥਾ, ਸੋ ਜਨ ਆਪਣਾ ਮੂਲ ਚੁਕਾਇੰਦਾ। ਏਥੇ ਓਥੇ ਦੋ ਜਹਾਨ ਸਗਲਾ ਸਾਥਾ, ਸਿਰ ਆਪਣਾ ਹੱਥ ਟਿਕਾਇੰਦਾ। ਲੇਖੇ ਲੱਗੇ ਪੂਜਾ ਪਾਠਾ, ਜਿਸ ਜਨ ਆਪਣਾ ਦਰਸ ਕਰਾਇੰਦਾ। ਭਗਵਾਨ ਕਿਸੇ ਹੱਥ ਨਾ ਆਏ ਗੱਲਾਂ ਬਾਤਾਂ, ਪੜ੍ਹ ਪੜ੍ਹ ਪੰਧ ਨਾ ਕੋਇ ਮੁਕਾਇੰਦਾ। ਜਨ ਭਗਤਾਂ ਦੇਵੇ ਆਪੇ ਦਾਤਾਂ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਮਲਾਪਾਤਾ, ਕਵਲ ਗੁਰਮੁਖ ਆਪ ਖੁਲਾਇੰਦਾ। ਗੁਰਮੁਖ ਕਵਲ ਖਿਲੇ ਫੁੱਲ, ਫੁਲਵਾੜੀ ਮਾਤ ਮਹਿਕਾਈਆ। ਦੇਵੇ ਵਸਤ ਨਾਮ ਅਤੁੱਲ, ਅਤੋਲ ਨਾ ਤੋਲਿਆ ਜਾਈਆ। ਹਰਿਜਨ ਰੱਖੇ ਸਦਾ ਅਡੁਲ, ਡੋਲੇ ਨਾ ਵਿਚ ਲੋਕਾਈਆ। ਭਾਗ ਲਗਾਏ ਸਾਚੀ ਕੁਲ, ਜਿਸ ਘਰ ਗੁਰਮੁਖ ਫੇਰਾ ਪਾਈਆ। ਗੁਰਸਿਖ ਬੂਟਾ ਮਾਤ ਨਾ ਜਾਏ ਹੁਲ, ਸਤਿਗੁਰ ਪੂਰਾ ਫਲ ਸਾਚਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਐਥੇ ਓਥੇ ਦੋ ਜਹਾਨਾਂ ਪਾਏ ਮੁਲ, ਕਰਤਾ ਕੀਮਤ ਆਪ ਚੁਕਾਈਆ। ਕਰਤਾ ਕੀਮਤ ਦੇਵੇ ਪਾ, ਹਰਿਜਨ ਤੇਰਾ ਭੇਵ ਕੋਇ ਨਾ ਪਾਇੰਦਾ। ਦਰ ਦਰਵੇਸ਼ ਦਰ ਦਰਬਾਨ ਦਰਦੀ ਦਰਦ ਲਏ ਵੰਡਾ, ਦੀਨਾਂ ਨਾਥਾ ਸਿਰ ਆਪਣਾ ਹੱਥ ਟਿਕਾਇੰਦਾ। ਨਾਮ ਅੱਖਰ ਜਗਤ ਅੱਖਰ ਸਾਚੀ ਸਿਖਿਆ ਦਏ ਸਮਝਾ, ਸਾਖਿਆਤ ਰੂਪ ਵਟਾਇੰਦਾ। ਬਜ਼ਰ ਕਪਾਟੀ ਪੰਧ ਦਏ ਤੁੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਆਪ ਸੁਹਾਇੰਦਾ। ਘਰ ਮੇਲਾ ਮਿਲੇ ਜਾ, ਪੇਖਤ ਪੇਖਤ ਪੇਖਤ ਤੁੜਾਈਆ। ਮਿਲੇ ਮੇਲ ਗ਼ਰੀਬ ਨਿਵਾਜਾ, ਗੁਰਬਤ ਕੋਇ ਨਜ਼ਰ ਨਾ ਆਈਆ। ਘਰ ਵਿਚ ਘਰ ਵਖਾਏ ਸੱਚਾ ਹਾਜਾ, ਸਚ ਸਵਾਬੇ ਆਸਣ ਲਾਈਆ। ਆਪੇ ਦੇਵੇ ਆਬੇ ਹਯਾਤ ਆਬਾ, ਆਬ ਹਯਾਤ ਆਬੇ ਹਯਾ ਨੂਰੋ ਨੂਰ ਪ੍ਰਕਾਸ਼ ਹੋਏ ਆਫ਼ਤਾਬਾ, ਕਿਰਨ ਕਿਰਨ ਕਿਰਨ ਚਮਕਾਈਆ। ਮੁਕੰਦ ਮਨੋਹਰ ਮੋਹਨ ਮਾਧਵ ਮਾਧਾ, ਮਧੁਰ ਆਪਣੀ ਧੁਨ ਸੁਣਾਈਆ। ਰਾਮ ਰਾਮ ਰਮੱਈਆ ਇਕੋ ਲਾਧਾ, ਘਰ ਘਰ ਵਿਚ ਖ਼ੁਸ਼ੀ ਰਖਾਈਆ। ਨਾਨਕ ਗੋਬਿੰਦ ਮਾਰੇ ਵਾਜਾਂ, ਸ਼ਬਦੀ ਸ਼ਬਦ ਸੁਣਾਈਆ। ਭਗਤ ਭਗਵੰਤ ਸਾਜਨ ਸਾਜਾ, ਪਿਛੇ ਫਿਰੇ ਵਾਹੋ ਦਾਹੀਆ। ਰਾਗ ਤੰਬੂਰ ਛੱਡਿਆ ਜਗਤ ਸਾਜਾ, ਇਕੋ ਅਨਹਦ ਰਾਗ ਸੁਣਾਈਆ। ਲੱਖ ਚੁਰਾਸੀ ਵਿਚੋਂ ਕਾਢਾ, ਸਤਿਗੁਰ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਤਿਗੁਰ ਚਰਨ ਸਤਿਗੁਰ ਸ਼ਰਨ ਹਰਨ ਫਰਨ ਦਏ ਖੁਲ੍ਹਾਈਆ। ਹਰਨ ਫਰਨ ਖੁਲ੍ਹੇ ਅੱਖ, ਨੇਤਰ ਨੈਣ ਖੁਲ੍ਹਾਈਆ। ਦਰਸ ਦਿਖਾਏ ਹੋ ਪਰਤੱਖ, ਰੂਪ ਅਨੂਪ ਵਟਾਈਆ। ਸਤਿਗੁਰ ਪੂਰਾ ਪੁਰਖ ਸਮਰਥ, ਸਰਬ ਕਲਾ ਭਰਪੂਰ ਹਰ ਘਟ ਰਿਹਾ ਸਮਾਈਆ। ਪਹਿਲੋਂ ਗੁਰਸਿਖਾਂ ਦੁਆਰੇ ਆਪ ਜਾਏ ਢੱਠ, ਫਿਰ ਗੁਰਸਿਖ ਲਏ ਮਨਾਈਆ। ਫਿਰ ਸੁਣਾਏ ਆਪਣਾ ਪਾਠ, ਗੁਰਮੁਖ ਲਏ ਪੜ੍ਹਾਈਆ। ਧੁਰਦਰਗਾਹੀ ਸਾਚੀ ਦਾਤ, ਲੋਕਮਾਤ ਵਰਤਾਈਆ। ਹਰਿ ਭਗਤ ਬਣਾਏ ਇਕ ਜਮਾਤ, ਦਵੈਤੀ ਪੱਟੀ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਦਸਤ ਬਦਸਤ ਵਸਤ ਫੜਾਈਆ। ਦਸਤ ਬਦਸਤ ਦੇਵੇ ਨਾ ਕਰੇ ਉਧਾਰ, ਉਧਾਰਨਹਾਰਾ ਆਇਆ। ਡੁਬਦੇ ਪਾਇਨ ਲਏ ਤਾਰ, ਸਿਰ ਆਪਣਾ ਹੱਥ ਟਿਕਾਇਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਗੁਰ ਅਵਤਾਰ ਕਰਨ ਵਿਚਾਰ, ਪੁਰਖ ਅਬਿਨਾਸ਼ੀ ਖੇਲ ਕਰਾਇਆ। ਪਰਗਟ ਹੋਇਆ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇਆ। ਜੂਠ ਝੂਠ ਕਰੇ ਖੁਵਾਰ, ਮਾਇਆ ਮਮਤਾ ਮੋਹ ਚੁਕਾਇਆ। ਏਕਾ ਨਾਮ ਸ਼ਬਦ ਬੋਲ ਜੈਕਾਰ, ਚਾਰ ਵਰਨਾਂ ਦਏ ਸਮਝਾਇਆ। ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸਾਚੇ ਲਏ ਫੜ, ਏਕਾ ਪੱਲੂ ਹੱਥ ਰਖਾਇਆ। ਏਕਾ ਪੱਲੂ ਨਾਮ ਡੋਰ, ਹਰਿਜਨ ਆਪ ਫੜਾਈਆ। ਸ਼ਬਦ ਵੇਖੇ ਅੰਧਘੋਰ, ਚਾਰੋਂ ਕੁੰਟ ਫੇਰਾ ਪਾਈਆ। ਘਰ ਘਰ ਵੜੇ ਪੰਜ ਚੋਰ, ਦਿਵਸ ਰੈਣ ਕਰਨ ਲੜਾਈਆ। ਆਪਣਾ ਬਲ ਉਸਾਰ ਨਾ ਸਕੇ ਕੋਈ ਜੋੜ, ਸ੍ਰਿਸ਼ਟ ਸਬਾਈ ਰੋਵੇ ਨੇਤਰ ਨੈਣਾਂ ਨੀਰ ਵਹਾਈਆ। ਜਿਸ ਜਨ ਸਤਿਗੁਰ ਪੂਰਾ ਕਰੇ ਪਿਆਰ, ਦੁੱਖ ਦਰਦ ਦਏ ਨਿਵਾਰ, ਦੂਈ ਦਵੈਤੀ ਕਰੇ ਖੁਵਾਰ, ਹਉਮੇ ਹੰਗਤਾ ਗੜ ਤੋੜੇ ਹੰਕਾਰ, ਆਤਮ ਪਰਮਾਤਮ ਬ੍ਰਹਮ ਬ੍ਰਹਮ ਪਾਰਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ।