Granth 11 Likhat 057: 14 Magh 2018 Bikarmi Dev Singh de Greh Shon Jila Gurdaspur

੧੪ ਮਾਘ ੨੦੧੮ ਬਿਕਰਮੀ ਦੇਵ ਸਿੰਘ ਦੇ ਗ੍ਰਹਿ ਸ਼ੋਨ ਜ਼ਿਲਾ ਗੁਰਦਾਸਪੁਰ

ਸਚਖੰਡ ਸੁਹੰਜਣਾ ਹਰਿ ਦਰਬਾਰ, ਆਦਿ ਨਿਰੰਜਣ ਆਪ ਲਗਾਇੰਦਾ। ਦੁੱਖ ਦਰਦ ਭੈ ਭੰਜਣਾ ਸ਼ਾਹ ਸਿਕਦਾਰ, ਭੂਪਤ ਭੂਪ ਆਸਣ ਲਾਇੰਦਾ। ਆਦਿ ਜੁਗਾਦਿ ਸੱਜਣਾ ਏਕੰਕਾਰ, ਅਕਲ ਕਲ ਆਪਣੀ ਖੇਲ ਖਲਾਇੰਦਾ। ਤਖ਼ਤ ਨਿਵਾਸੀ ਸੁਹਾਏ ਬੰਕ ਦੁਆਰ, ਦਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਬਣ ਚੋਬਦਾਰ, ਦਰ ਦਰਵੇਸ਼ ਅਲਖ ਜਗਾਇੰਦਾ। ਹੁਕਮੀ ਹੁਕਮ ਸਤਿ ਵਰਤਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਆਪ ਸਜਾਇੰਦਾ। ਸਚ ਮਹੱਲਾ ਗਿਆ ਸਜ, ਸੋ ਪੁਰਖ ਨਿਰੰਜਣ ਆਪ ਸਜਾਇਆ। ਹਰਿ ਪੁਰਖ ਨਿਰੰਜਣ ਚੜ੍ਹਿਆ ਭੱਜ, ਨਿਰਗੁਣ ਆਪਣਾ ਬਲ ਧਰਾਇਆ। ਏਕੰਕਾਰ ਜੈਕਾਰਾ ਬੋਲੇ ਗੱਜ, ਨਾਉਂ ਨਿਰੰਕਾਰਾ ਆਪ ਪ੍ਰਗਟਾਇਆ। ਆਦਿ ਨਿਰੰਜਣ ਤਾਲ ਜਾਏ ਵੱਜ, ਪੁਰਖ ਅਕਾਲ ਆਪ ਵਜਾਇਆ। ਅਬਿਨਾਸ਼ੀ ਕਰਤਾ ਹੋਏ ਗਦ ਗਦ, ਆਪਣਾ ਰੰਗ ਆਪ ਚੜ੍ਹਾਇਆ। ਸ੍ਰੀ ਭਗਵਾਨ ਇਕ ਨਿਸ਼ਾਨ ਦੇਵੇ ਬੰਨ੍ਹ, ਸਚ ਦੁਆਰੇ ਆਪ ਝੁਲਾਇਆ। ਪਾਰਬ੍ਰਹਮ ਪ੍ਰਭ ਕਹੇ ਧੰਨ ਧੰਨ, ਧੰਨ ਧੰਨ ਮੇਰੀ ਵਡਿਆਇਆ। ਕਰਿਆ ਖੇਲ ਸਚ ਮਕਾਨ, ਸਚਖੰਡ ਦੁਆਰਾ ਸੋਭਾ ਪਾਇਆ। ਨਿਰਗੁਣ ਅੱਗੇ ਨਿਰਗੁਣ ਗਿਆ ਮੰਨ, ਏਕਾ ਦੂਜਾ ਭੌ ਚੁਕਾਇਆ। ਆਪੇ ਬੇੜਾ ਆਪਣਾ ਬੰਨ੍ਹ, ਹਰਿ ਆਪੇ ਖੇਲ ਕਰਾਇਆ। ਕਰੇ ਖੇਲ ਸ੍ਰੀ ਭਗਵਨ, ਰੂਪ ਰੇਖ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇਆ। ਸਚਖੰਡ ਵਸਿਆ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਵਸਾਇੰਦਾ। ਨਿਰਗੁਣ ਨੂਰ ਇਕ ਇਕੱਲਾ, ਅਜੂਨੀ ਰਹਿਤ ਆਸਣ ਲਾਇੰਦਾ। ਦੀਪਕ ਦੀਪ ਆਪੇ ਬਲਾ, ਜੋਤੀ ਜੋਤ ਰੁਸ਼ਨਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕੰਕਾਰ ਹਰਿ ਨਿਰੰਕਾਰ ਆਪੇ ਮੱਲਾ, ਸੋਭਾਵੰਤ ਸ੍ਰੀ ਭਗਵੰਤ ਆਦਿ ਅੰਤ ਏਕਾ ਰੰਗ ਰੰਗਾਇੰਦਾ। ਪੁਰਖ ਬਿਧਾਤਾ ਇਕ ਇਕਾਂਤਾ ਖੇਲੇ ਖੇਲ ਨਾਰੀ ਕੰਤ, ਆਦਿ ਅੰਤ ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ੍ਰੀ ਭਗਵਾਨਾ ਸਚ ਨਿਸ਼ਾਨਾ ਦੋ ਜਹਾਨਾ ਹੋ ਮਿਹਰਵਾਨਾ, ਇਕ ਇਕੱਲਾ ਆਪ ਝੁਲਾਇੰਦਾ। ਧੁਰ ਫ਼ਰਮਾਣਾ ਦੇਵੇ ਦਾਨਾ ਜੀਵ ਜਹਾਨਾ, ਰਾਗ ਅਨਾਦੀ ਨਾਦ ਸੁਣਾਇੰਦਾ। ਸਚਖੰਡ ਸੁਹਾਏ ਸਚ ਮਕਾਨਾ, ਦੀਪਕ ਜੋਤ ਜਗੇ ਮਹਾਨਾ, ਦੀਆ ਬਾਤੀ ਕਮਲਾਪਾਤੀ ਨਾ ਹੋਰ ਵਖਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਏਕਾ ਦੇਵੇ ਧੁਰ ਫ਼ਰਮਾਣਾ, ਸਤਿ ਸੰਦੇਸ਼ਾ ਨਰ ਨਰੇਸ਼ਾ ਪਾਰਬ੍ਰਹਮ ਪਤਿਪਰਮੇਸ਼ਵਰ ਆਪ ਸੁਣਾਇੰਦਾ। ਸਤਿ ਸੰਤੋਖੀ ਬੰਨ੍ਹੇ ਗਾਨਾ, ਕਰੇ ਖੇਲ ਨਿਗਹਬਾਨਾ, ਆਪਣੀ ਧਾਰ ਹਰਿ ਕਰਤਾਰ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲੇ ਆਪੇ ਚੜ੍ਹ ਨਾ ਕੋਈ ਸੀਸ ਨਾ ਕੋਈ ਧੜ, ਨਿਰਾਕਾਰ ਨਿਰਵੈਰ ਆਪਣਾ ਆਸਣ ਲਾਇੰਦਾ। ਹਰਿ ਜੂ ਸਾਚਾ ਆਸਣ ਲਾ, ਤਖ਼ਤ ਨਿਵਾਸੀ ਸੋਭਾ ਪਾਈਆ। ਸਚਖੰਡ ਬੈਠ ਸੱਚਾ ਸ਼ਹਿਨਸ਼ਾਹ, ਆਪਣਾ ਬਲ ਧਰਾਈਆ। ਧੁਰ ਫ਼ਰਮਾਣਾ ਹੁਕਮ ਜਣਾ, ਹੁਕਮੀ ਹੁਕਮ ਖੇਲ ਕਰਾਈਆ। ਸ਼ਬਦੀ ਸੁਤ ਸੇਵਾ ਲਾ, ਵਿਸ਼ਨ ਬ੍ਰਹਮਾ ਸ਼ਿਵ ਕਰੇ ਕੁੜਮਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਘਾੜਤ ਘੜਾ, ਗਗਨ ਮੰਡਲ ਕਰੇ ਰੁਸ਼ਨਾਈਆ। ਸੂਰਜ ਚੰਦ ਚੰਦ ਚਮਕਾ, ਚੰਦ ਚਾਂਦਨੀ ਇਕ ਚਮਕਾਈਆ। ਤ੍ਰੈਗੁਣ ਮੇਲਾ ਸਹਿਜ ਸੁਭਾ, ਪੰਚਮ ਜੋੜ ਜੋੜ ਆਪ ਆਪਣਾ ਬੰਧਨ ਪਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣਾ ਰੰਗ ਆਪ ਵਖਾਈਆ। ਚਾਰੇ ਖਾਣੀ ਖੇਲ ਮਹਾਨੀ, ਸ਼ਬਦੀ ਬਾਣੀ ਧੁਰ ਦੀ ਰਾਣੀ, ਏਕਾ ਰਾਗ ਏਕਾ ਕਾਨ ਏਕਾ ਬ੍ਰਹਮ ਇਕ ਗਿਆਨ, ਇਕ ਭਗਵਾਨ ਏਕਾ ਵਾਰ ਹਰਿ ਨਿਰੰਕਾਰ, ਦੋ ਜਹਾਨ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਆਪੇ ਵੜ, ਸਾਚੇ ਤਖ਼ਤ ਸੋਭਾ ਪਾਈਆ। ਸਾਚੇ ਤਖ਼ਤ ਹਰਿ ਜੂ ਚੜ੍ਹਿਆ, ਇਕ ਇਕੱਲਾ ਏਕੰਕਾਰ। ਸਾਚੇ ਮੰਦਰ ਆਪੇ ਵੜਿਆ, ਨਿਰਗੁਣ ਨੂਰ ਉਜਿਆਰ। ਨਿਰਗੁਣ ਨਿਸ਼ਅੱਖਰ ਆਪੇ ਪੜ੍ਹਿਆ, ਵੇਦ ਕਤੇਬ ਨਾ ਕੋਇ ਸਾਰ। ਵਿਸ਼ਨ ਬ੍ਰਹਮਾ ਸ਼ਿਵ ਪੂਤ ਸਪੂਤਾ ਆਪਣੀ ਗੋਦੀ ਆਪੇ ਧਰਿਆ, ਆਪੇ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਕਰੇ ਖੇਲ ਅਗੰਮ ਅਪਾਰ। ਅਗੰਮ ਅਗੋਚਰ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਨਾ ਕੋਇ ਰਖਾਇੰਦਾ। ਸ਼ਬਦ ਸ਼ਬਦ ਸ਼ਬਦੀ ਧਾਰਾ, ਧਾਰ ਧਾਰ ਵਿਚੋਂ ਪ੍ਰਗਟਾਇੰਦਾ। ਖੇਲ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਇੰਦਾ। ਲੱਖ ਚੁਰਾਸੀ ਬਣ ਠਠਿਆਰਾ, ਘੜ ਘੜ ਭਾਂਡਾ ਅੰਦਰ ਵੜ ਵੜ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਖੇਲ ਨਿਰਗੁਣ ਸਰਗੁਣ ਕਰੇ ਮੇਲ, ਜੋਤੀ ਜਾਤਾ ਸੱਜਣ ਸੁਹੇਲ, ਆਪਣਾ ਬੰਧਨ ਪਾਇੰਦਾ। ਆਪਣਾ ਬੰਧਨ ਹਰਿ ਹਰਿ ਪਾ, ਹਰਿ ਜੂ ਖੇਲ ਕਰਾਈਆ। ਜੁਗ ਚੌਕੜੀ ਵੇਸ ਵਟਾ, ਰੂਪ ਅਨੂਪ ਧਰਾਈਆ। ਨਾਦ ਅਨਾਦੀ ਢੋਲਾ ਗਾ, ਸ਼ਬਦੀ ਸ਼ਬਦ ਸੁਣਾਈਆ। ਅੱਖਰ ਅੱਖਰ ਆਪ ਪੜ੍ਹਾ, ਜਗਤ ਵਿਦਿਆ ਸੰਗ ਰਖਾਈਆ। ਆਪਣਾ ਭੇਵ ਆਪ ਛੁਪਾ, ਪਰਦਾ ਉਹਲਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਣਾ ਆਪਣਾ ਹੁਕਮ ਵਰਤਾਈਆ। ਧੁਰ ਫ਼ਰਮਾਣਾ ਵਰਤੇ ਵਰਤਾਰ, ਹਰਿ ਸੱਜਣ ਆਪ ਵਰਤਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਭੇਵ ਕੋਇ ਨਾ ਆਇੰਦਾ। ਜੁਗ ਚੌਕੜੀ ਵਿਚ ਸੰਸਾਰ, ਲੁਕ ਲੁਕ ਵੇਸ ਵਟਾਇੰਦਾ। ਸਰਗੁਣ ਅੰਦਰ ਡੂੰਘੀ ਗਾਰ, ਨਿਰਗੁਣ ਆਪਣਾ ਆਸਣ ਲਾਇੰਦਾ। ਸ਼ਬਦ ਅਗੰਮੀ ਤਾਰ ਸਿਤਾਰ, ਬਿਨ ਤੰਦੀ ਤਾਰ ਵਜਾਇੰਦਾ। ਰਸਨਾ ਜਿਹਵਾ ਕਰ ਪਿਆਰ, ਜੀਵ ਜੰਤ ਸਮਝਾਇੰਦਾ। ਊਚੀ ਕੂਕ ਕੂਕ ਵਾਜਾਂ ਮਾਰ, ਏਕਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪ ਸੁਹਾਇੰਦਾ। ਸਚਖੰਡ ਦੁਆਰ ਸੁਹਾਵਣਾ, ਸੋਭਾਵੰਤ ਕਰਤਾਰ। ਜੁਗ ਜੁਗ ਵੇਸ ਵਟਾਵਣਾ, ਨਿਰਗੁਣ ਸਰਗੁਣ ਲਏ ਅਵਤਾਰ। ਲੱਖ ਚੁਰਾਸੀ ਬੇੜਾ ਹਰਿ ਚਲਾਵਣਾ, ਮੰਝਧਾਰ ਵੇਖ ਸੰਸਾਰ। ਗੁਰਮੁਖ ਵਿਰਲੇ ਗੋਦ ਬਹਾਵਣਾ, ਜਿਸ ਦੇਵੇ ਦਰਸ ਦੀਦਾਰ। ਆਤਮ ਪਰਮਾਤਮ ਰੰਗ ਚੜ੍ਹਾਵਣਾ, ਰੰਗ ਚਲੂਲ ਏਕਾ ਵਾਰ। ਸਚ ਨਿਸ਼ਾਨ ਇਕ ਵਖਾਵਣਾ, ਆਤਮ ਅੰਤਰ ਖੋਲ੍ਹ ਕਵਾੜ। ਹਰਿ ਹਰਿ ਗੀਤ ਏਕਾ ਗਾਵਣਾ, ਏਕਾ ਮੰਦਰ ਇਕ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਹਰਿ ਨਿਰੰਕਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਏਕੰਕਾਰਾ ਦਏ ਸਹਾਰਾ, ਆਦਿ ਨਿਰੰਜਣ ਮੇਲਾ ਸਹਿਜ ਸੁਭਾਈਆ। ਸ੍ਰੀ ਭਗਵਾਨ ਸਚ ਅਖਾੜਾ, ਅਬਿਨਾਸ਼ੀ ਕਰਤਾ ਬਹੱਤਰ ਨਾੜ ਵਜਾਏ ਤਾੜਾ, ਪਾਰਬ੍ਰਹਮ ਆਪਣਾ ਰਾਗ ਅਲਾਈਆ। ਇਕੋ ਸੋਹੇ ਸਚ ਦੁਆਰਾ, ਨਿਰਮਲ ਜੋਤ ਜਗੇ ਉਜਿਆਰਾ, ਚਾਰ ਦਿਸੇ ਨਾ ਕੋਇ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰਨਹਾਰ ਕਰਤਾਰ। ਸਚਖੰਡ ਦੁਆਰਾ ਏਕਾ ਮਲੜਾ, ਸੋਭਾਵੰਤ ਹਰਿ ਨਿਰੰਕਾਰ। ਸਚ ਸੰਦੇਸ਼ ਏਕਾ ਘਲੜਾ, ਸ਼ਬਦੀ ਸ਼ਬਦ ਧਾਰ। ਗੁਰ ਅਵਤਾਰ ਫੜਾਏ ਪਲੜਾ, ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤਰ ਜੁਗ ਚੌਕੜੀ ਬੰਨ੍ਹੇ ਧਾਰ। ਜੁਗ ਚੌਕੜੀ ਬੰਨ੍ਹੇ ਧਾਰ, ਆਪਣੀ ਬਣਤ ਬਣਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਲੱਖ ਚੁਰਾਸੀ ਖੇਲ ਕਰਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਕਮਲਾਪਾਤੀ ਕਵਲ ਨੈਣ ਖੋਲ੍ਹ ਕਿਵਾੜ, ਸਾਚੀ ਤਾਕੀ ਆਪ ਤੁੜਾਇੰਦਾ। ਸਾਕੀ ਬਣ ਬਣ ਦੇਵੇ ਜਾਮ ਅਪਾਰ, ਮਧੁਰ ਜਾਮ ਇਕ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਏਕਾ ਚੌਕੜ ਨਾ ਕੋਈ ਸਿਹਾਰੀ ਨਾ ਕੋਈ ਅਉਂਕੜ, ਕੰਨਾ ਮੁਕਤਾ ਨਾ ਕੋਇ ਰਖਾਇੰਦਾ। ਕੰਨਾ ਮੁਕਤਾ ਨਾ ਕੋਇ ਬਿੰਦੀ, ਅੱਖਰ ਅੱਖਰ ਨਾ ਕੋਇ ਪੜ੍ਹਾਈਆ। ਦੀਨ ਦਿਆਲ ਸਰਬ ਗੁਣ ਠਾਕਰ ਇਕ ਬਖ਼ਸ਼ੰਦੀ, ਦੀਨਨ ਆਪਣੀ ਦਇਆ ਕਮਾਈਆ। ਉਰਦੂ ਫ਼ਾਰਸੀ ਨਾ ਕੋਇ ਪੜ੍ਹਾਈ ਹਿੰਦੀ, ਲਫ਼ਜ਼ ਲਫ਼ਜ਼ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਚਲਾਈਆ। ਆਪੇ ਦੂਲਾ ਆਪੇ ਦੁਹਲਣ, ਦੋਏ ਦੋਏ ਰੂਪ ਧਰਾਈਆ। ਆਪੇ ਮਾਲਣ ਆਪੇ ਫੂਲਣ, ਆਪੇ ਬਰਖ਼ਾ ਰਿਹਾ ਲਗਾਈਆ। ਆਪੇ ਕੰਤ ਆਪੇ ਕੰਤੂਹਲਣ, ਆਪੇ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ, ਆਪਣਾ ਰੰਗ ਵਖਾਈਆ। ਆਪੇ ਫੂਲਣ ਆਪੇ ਸੇਜ, ਆਪੇ ਸੋਭਾ ਪਾਇੰਦਾ। ਆਪੇ ਜੋਤੀ ਆਪੇ ਤੇਜ, ਆਪੇ ਰੰਗ ਚੜ੍ਹਾਇੰਦਾ। ਆਪਣਾ ਆਪ ਆਪੇ ਵੇਖ, ਆਪੇ ਖ਼ੁਸ਼ੀ ਮਨਾਇੰਦਾ। ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡ ਮੁੰਡਾਇੰਦਾ। ਵਿਸ਼ਨ ਬ੍ਰਹਮਾ ਨਾ ਕੋਇ ਮਹੇਸ਼, ਸੁਰਪਤ ਰੰਗ ਨਾ ਕੋਇ ਰੰਗਾਇੰਦਾ। ਬ੍ਰਹਿਮੰਡ ਖੰਡ ਪੁਰੀਆਂ ਲੋਆਂ ਨਾ ਕੋਇ ਦੇਸ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਡਤ ਪਾਂਧਾ ਨਾ ਕੋਈ ਦਿਸੇ ਮੁਲਾਂ ਸ਼ੇਖ਼, ਤਸਬੀ ਮਾਲਾ ਨਾ ਕੋਇ ਰਖਾਇੰਦਾ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਨਾ ਕੋਈ ਦਿਸੇ ਬਾਲੂ ਰੇਤ, ਸਾਗਰ ਸਰੋਵਰ ਨਾ ਕੋਇ ਜਣਾਇੰਦਾ। ਭਗਤ ਭਗਵੰਤ ਗੁਰਮੁਖ ਗੁਰਸਿਖ ਕਰੇ ਨਾ ਕੋਈ ਹੇਤ, ਪੰਜ ਤੱਤ ਚਰਨ ਨਤ ਨਾਤਾ ਨਾਤਾ ਨਾ ਕੋਇ ਜੁੜਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ ਨਾ ਕੋਈ ਸਰੋਵਰ ਨਾ ਕੋਈ ਤੱਟ, ਨਾ ਕੋਈ ਵਣਜਾਰਾ ਨਾ ਕੋਈ ਹੱਟ, ਵਸਤ ਵਸਤ ਨਾ ਕੋਇ ਵਖਾਇੰਦਾ। ਨਾ ਕੋਈ ਸੰਗੀ ਨਾ ਕੋਈ ਸਾਥ, ਨਾ ਕੋਈ ਦੇਵੇ ਹੱਥੋ ਹੱਥ ਦਾਤ, ਨਾ ਕੋਈ ਦਿਵਸ ਨਾ ਕੋਈ ਰਾਤ, ਪਿਤਾ ਮਾਤ ਨਾ ਕੋਇ ਜਣਾਇੰਦਾ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਨਾਰ ਦਿਸੇ ਕਮਜ਼ਾਤ, ਨਾ ਕੋਈ ਡੂੰਘਾ ਰੱਖੇ ਖਾਤ, ਦੂਸਰ ਸੰਗ ਨਾ ਕੋਇ ਰਲਾਇੰਦਾ। ਇਕ ਇਕੱਲਾ ਪੁਰਖ ਸਮਰਥ, ਆਪਣੀ ਮਹਿਮਾ ਜਾਣੇ ਅਕੱਥ, ਆਪ ਚਲਾਏ ਆਪਣਾ ਰਥ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਆਪਣਾ ਮਾਰਗ ਆਪੇ ਦੱਸ, ਵਿਸ਼ਨ ਬ੍ਰਹਮਾ ਸ਼ਿਵ ਰਾਹ ਚਲਾਇੰਦਾ। ਅੰਤਮ ਪੂਰੀ ਕਰੇ ਆਸ, ਲੇਖਾ ਸਰਬ ਮੁਕਾਇੰਦਾ। ਲੋਕਮਾਤ ਹੋਏ ਉਦਾਸ, ਨੇਤਰ ਨੀਰ ਸਰਬ ਵਹਾਇੰਦਾ। ਨਾਤਾ ਤੁਟਣਾ ਪ੍ਰਿਥਮੀ ਆਕਾਸ਼, ਮੰਡਲ ਮੰਡਪ ਨਾ ਕੋਇ ਵਡਿਆਇੰਦਾ। ਅੰਤਮ ਪੂਰੇ ਹੋਏ ਸਾਸ, ਸਵਾਸ ਪਵਣ ਨਾ ਕੋਇ ਵਧਾਇੰਦਾ। ਘਰ ਘਰ ਬੈਠੇ ਹੋਏ ਨਿਰਾਸ, ਆਸਾ ਪੂਰ ਨਾ ਕੋਇ ਕਰਾਇੰਦਾ। ਜਿਸ ਨੇ ਉਪਜਾਈ ਆਪਣੀ ਸ਼ਾਖ਼, ਸੋ ਆਪਣੀ ਹੱਥੀਂ ਵੱਢ ਵਖਾਇੰਦਾ। ਅੰਤਮ ਕਰਨੀ ਢੇਰੀ ਖਾਕ, ਖ਼ਾਕੀ ਖ਼ਾਕ ਮਿਲਾਇੰਦਾ। ਕੋਈ ਨਾ ਦਿਸੇ ਸੱਜਣ ਸਾਕ, ਵੇਲੇ ਅੰਤ ਛੁਡਾਇੰਦਾ। ਚਾਰੋਂ ਕੁੰਟ ਬੈਠੇ ਝਾਕ, ਨਾਤਾ ਨਜ਼ਰ ਕੋਇ ਨਾ ਆਇੰਦਾ। ਥੱਲੇ ਦਿਸੇ ਨਾ ਕੋਈ ਖਾਟ, ਤੱਕੀਆ ਸੀਸ ਨਾ ਕੋਇ ਟਿਕਾਇੰਦਾ। ਕਾਇਆ ਬਸਤਰ ਗਿਆ ਪਾਟ, ਹੱਥੀਂ ਤੰਦ ਨਾ ਕੋਇ ਲਗਾਇੰਦਾ। ਚਾਰੋਂ ਕੁੰਟ ਆਇਆ ਘਾਟ, ਘਾਟਾ ਪੂਰ ਨਾ ਕੋਇ ਕਰਾਇੰਦਾ। ਕਿਸੇ ਨਜ਼ਰ ਨਾ ਆਏ ਤ੍ਰਲੋਕੀ ਨਾਥ, ਤਿੰਨਾਂ ਲੋਕਾਂ ਮੁਖ ਭੁਆਇੰਦਾ। ਕਿਸੇ ਕੰਮ ਨਾ ਆਏ ਪੂਜਾ ਪਾਠ, ਪੜ੍ਹ ਪੜ੍ਹ ਰਸਨਾ ਜਿਹਵਾ ਸਰਬ ਗਾਇੰਦਾ। ਕਲਜੁਗ ਅੰਤਮ ਖੇਲ ਕਰੇ ਆਪ ਪੁਰਖ ਸਮਰਥ, ਆਪਣੀ ਕਲ ਆਪ ਵਰਤਾਇੰਦਾ। ਚਾਰ ਜੁਗ ਦੀ ਕਿਰਿਆ ਕਰਨੀ ਦੇਵੇ ਮਥ, ਉਪਰ ਆਪਣਾ ਬਲ ਧਰਾਇੰਦਾ। ਅਭਿਮਾਨੀਆਂ ਮਾਣ ਜਾਏ ਢੱਠ, ਮੋਹ ਮਮਤਾ ਨਾ ਕੋਇ ਰਖਾਇੰਦਾ। ਉਲਟੀ ਗੇੜੇ ਆਪੇ ਲੱਠ, ਗੇੜਾ ਗੇੜੇ ਵਿਚ ਰਖਾਇੰਦਾ। ਜਨ ਭਗਤਾਂ ਮਾਰਗ ਏਕਾ ਦੱਸ, ਆਪਣੀ ਬੂਝ ਬੁਝਾਇੰਦਾ। ਸਚਖੰਡ ਨਿਵਾਸੀ ਆਏ ਨੱਠ, ਲੋਕਮਾਤ ਫੇਰਾ ਪਾਇੰਦਾ। ਹਰਿ ਸੰਗਤ ਕਰ ਇਕ ਇਕੱਠ, ਆਪਣਾ ਰੰਗ ਚੜ੍ਹਾਇੰਦਾ। ਨਾਤਾ ਤੁਟਾ ਮੜ੍ਹੀ ਗੌਰ ਮੱਠ, ਸ਼ਿਵਦੁਆਲਾ ਨਜ਼ਰ ਕੋਇ ਨਾ ਆਇੰਦਾ। ਸਾਰੇ ਸੱਥਰ ਬੈਠੇ ਘੱਤ, ਮੰਦਰ ਮਸੀਤ ਸਰਬ ਕੁਰਲਾਇੰਦਾ। ਇਕੋ ਯਾਰੜਾ ਹੋਏ ਪ੍ਰਗਟ, ਗੋਬਿੰਦ ਪੂਰੀ ਆਸ ਕਰਾਇੰਦਾ। ਦੇਵੇ ਏਕਾ ਸਾਚੀ ਵਥ, ਨਾਮ ਖ਼ਜ਼ਾਨਾ ਆਪ ਵਰਤਾਇੰਦਾ। ਲੇਖੇ ਲਾਏ ਰੱਤੀ ਰੱਤ, ਰਤਨ ਅਮੋਲਕ ਆਪਣੀ ਗੋਲਕ ਗੁਰਮੁਖ ਆਪ ਟਿਕਾਇੰਦਾ। ਬੀਜ ਬੀਜੇ ਸਾਚੇ ਵਤ, ਪਤ ਡਾਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਵੇਸ ਆਪ ਧਰਾਇੰਦਾ। ਵਾਹਵਾ ਹਰਿ ਜੂ ਧਰਿਆ ਵੇਸ, ਵਸਤ ਹੱਥ ਨਾ ਕੋਇ ਰਖਾਈਆ। ਜਨ ਭਗਤਾਂ ਵੇਖੇ ਕਾਇਆ ਦੇਸ, ਪ੍ਰਦੇਸੋਂ ਚਲ ਕੇ ਆਇਆ ਮਾਹੀਆ। ਕਿਸੇ ਨਾ ਲੱਭੇ ਰੂਪ ਰੇਖ, ਰੰਗਤ ਰੰਗ ਨਾ ਕੋਇ ਵਖਾਈਆ। ਇਕੋ ਮੇਲਾ ਦਸ ਦਸਮੇਸ਼, ਵਿਛੜਿਆਂ ਲਏ ਮਿਲਾਈਆ। ਅੰਦਰ ਬਾਹਰ ਰਹੇ ਹਮੇਸ਼, ਆਪਣੀ ਗੰਢ ਪੁਆਈਆ। ਨਾਨਕ ਲੇਖੇ ਲਾਈ ਖੂੰਡੀ ਭੂਰੀ ਖੇਸ, ਬਣ ਚਰਵਾਹਾ ਸੇਵ ਕਮਾਈਆ। ਅੰਤਮ ਕਰ ਇਕ ਆਦੇਸ਼, ਏਕਾ ਮੰਗ ਮੰਗਾਈਆ। ਤੂੰ ਸਾਹਿਬ ਸੁਲਤਾਨ ਨਰ ਨਰੇਸ਼, ਸ਼ਹਿਨਸ਼ਾਹ ਵਡੀ ਤੇਰੀ ਵਡਿਆਈਆ। ਆਦਿ ਜੁਗਾਦਿ ਰਹੇਂ ਹਮੇਸ਼, ਨਾ ਮਰੇ ਨਾ ਜਾਈਆ। ਤੇਰਾ ਕੋਇ ਨਾ ਪਾਏ ਭੇਤ, ਤੇਰੀ ਮਹਿਮਾ ਗਣਤ ਗਿਣੀ ਨਾ ਜਾਈਆ। ਤੇਰਾ ਇਕੋ ਸੱਚਾ ਹੇਤ, ਚਰਨ ਸਰਨ ਸੱਚੀ ਸ਼ਰਨਾਈਆ। ਆਪਣੇ ਨੇਤਰ ਮੈਨੂੰ ਵੇਖ, ਮੇਰਾ ਨੇਤਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਹਰਿ ਜੂ ਅੱਗੋਂ ਕਹੇ ਹੱਸ, ਏਕਾ ਸ਼ਬਦ ਸੁਣਾਇਆ। ਨਿਰਗੁਣ ਧਾਰ ਨਿਰਗੁਣ ਦੱਸ, ਨਿਰਗੁਣ ਮੇਲਾ ਮੇਲ ਮਿਲਾਇਆ। ਸਚ ਦੁਆਰੇ ਔਣਾ ਨੱਸ, ਸਚਖੰਡ ਇਕ ਵਖਾਇਆ। ਅੱਗੇ ਵੇਖੇ ਜੋਤ ਪ੍ਰਕਾਸ਼, ਨੂਰ ਨੁਰਾਨਾ ਡਗਮਗਾਇਆ। ਦੋਏ ਜੋੜ ਕਰੇ ਅਰਦਾਸ, ਪ੍ਰਭ ਅੱਗੇ ਬੇਨੰਤੀ ਇਕ ਸੁਣਾਇਆ। ਹਉਂ ਚਾਕਰ ਸੇਵਕ ਤੇਰਾ ਦਾਸ, ਮੈਂ ਸੇਵਕ ਸੇਵ ਕਮਾਇਆ। ਤੇਰੀ ਵਸਤ ਤੇਰੀ ਰਾਸ, ਤੇਰੇ ਹੱਟ ਵਿਕਾਇਆ। ਸਰਬ ਗੁਣਾ ਗੁਣ ਤੂੰ ਹੀ ਤਾਸ, ਹੱਥ ਤੇਰੇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਕਰਾਇੰਦਾ, ਇਕ ਇਕੱਲਾ ਏਕੰਕਾਰ । ਨਾਨਕ ਨਿਰਗੁਣ ਹੁਕਮ ਸੁਣਾਇੰਦਾ, ਹੁਕਮੀ ਹੁਕਮ ਸਤਿ ਵਰਤਾਰ। ਏਕਾ ਵਸਤ ਝੋਲੀ ਪਾਇੰਦਾ, ਨਾਮ ਸਤਿ ਕਰ ਪਿਆਰ। ਜੀਵ ਜੰਤ ਵਰਤਾਇੰਦਾ, ਊਚ ਨੀਚ ਆਧਾਰ। ਰਾਓ ਰੰਕ ਸਮਝਾਇੰਦਾ, ਚਾਰ ਕੁੰਟ ਜੈਕਾਰ। ਚਲ ਚਲ ਆਪਣਾ ਪੰਧ ਮੁਕਾਇੰਦਾ, ਬਣ ਪਾਂਧੀ ਵਿਚ ਸੰਸਾਰਾ। ਹਰਿ ਗੁਣ ਹਰਿ ਆਪੇ ਗਾਇੰਦਾ, ਇਕ ਵਜਾਏ ਰਬਾਬ ਸਿਤਾਰ। ਅੰਤਮ ਇਕੋ ਮੰਗ ਮੰਗਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਤੇਰਾ ਅੰਤ ਕੋਇ ਨਾ ਪਾਇੰਦਾ, ਬੇਐਬ ਪਰਵਰਦਿਗਾਰ। ਕਲਜੁਗ ਅੰਤ ਅੰਧੇਰਾ ਛਾਇੰਦਾ, ਚਾਰੋਂ ਕੁੰਟ ਹੋਏ ਧੂੰਆਂਧਾਰ। ਤੁਧ ਬਿਨ ਕੋਇ ਨਾ ਪਾਰ ਲੰਘਾਇੰਦਾ, ਗੁਰ ਅਵਤਾਰ ਗਏ ਹਾਰ। ਪੀਰ ਪੈਗ਼ੰਬਰ ਖੇਲ ਕਰਾਇੰਦਾ, ਖ਼ਾਲਕ ਖ਼ਲਕ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਕਰ ਏਕਾ ਵਾਰ। ਮਿਹਰ ਨਜ਼ਰ ਕਰੀਂ ਕਰਤਾਰ, ਏਕਾ ਮੰਗ ਮੰਗਾਈਆ। ਕਵਣ ਬਿਧ ਕਲਜੁਗ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਤੇਰੇ ਭਗਤਾਂ ਮਿਲੇ ਤੇਰਾ ਦੁਆਰ, ਸਰਨ ਤੇਰੀ ਸ਼ਰਨਾਈਆ। ਪੁਰਖ ਅਬਿਨਾਸ਼ੀ ਸੁਤ ਦੁਲਾਰ, ਏਕਾ ਗੁਣ ਜਣਾਈਆ। ਤੇਰੀ ਇਛਿਆ ਭਰਾਂ ਭੰਡਾਰ, ਜੋ ਮੰਗੇ ਸੋ ਦੇਵਾਂ ਝੋਲੀ ਪਾਈਆ। ਨਾਨਕ ਨਿਰਗੁਣ ਬੋਲ ਕਹੇ ਪੁਕਾਰ, ਤੂੰ ਨਿਰਗੁਣ ਨਿਹਕਲੰਕ ਤੇਰੀ ਵਡੀ ਵਡ ਵਡਿਆਈਆ। ਤੂੰ ਆਵੀਂ ਵਿਚ ਸੰਸਾਰ, ਆਪਣਾ ਵੇਸ ਵਟਾਈਆ। ਆਪੇ ਵੇਖੀਂ ਆਪਣੀ ਕਾਰ, ਜੋ ਘਟ ਘਟ ਰਿਹਾ ਕਮਾਈਆ। ਆਪੇ ਭਗਤ ਆਪੇ ਲਈਂ ਉਭਾਰ, ਤੇਰੀ ਵੰਡ ਨਾ ਕਿਸੇ ਵੰਡਾਈਆ। ਤੂੰ ਦੀਨ ਮਜ਼੍ਹਬ ਸ਼ਰਅ ਈਮਾਨ ਤੋਂ ਵਸਿਆ ਬਾਹਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਬ੍ਰਹਮ ਜਣਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਏਕਾ ਹੁਕਮ ਸੁਣਾਈਆ। ਕਰਾਂ ਖੇਲ ਅਪਰ ਅਪਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਛੱਤੀ ਜੁਗ ਦਾ ਤੇਰਾ ਉਧਾਰ, ਨਾਨਕ ਗੁਰ ਗੁਰ ਦਿਆਂ ਚੁਕਾਈਆ। ਲੋਕਮਾਤ ਬਣ ਸਿਕਦਾਰ, ਸਚ ਸਿਕਦਾਰੀ ਇਕ ਕਮਾਈਆ। ਸਰਬ ਜੀਆਂ ਦਾ ਇਕ ਮਨਾਰ, ਮਹੱਲ ਅਟੱਲ ਕਰਾਂ ਰੁਸ਼ਨਾਈਆ। ਭਗਤ ਸੁਹੇਲੇ ਅੰਦਰ ਵਾੜ, ਬਾਹਰ ਬਹਿ ਬਹਿ ਖ਼ੁਸ਼ੀ ਮਨਾਈਆ। ਆਓ ਵੇਖੋ ਜਿਸ ਕਰਨਾ ਦੀਦਾਰ, ਬਿਨ ਦੀਦਿਆਂ ਦਿਆਂ ਵਖਾਈਆ। ਜਿਸ ਨੂੰ ਲੱਭਦੇ ਜੰਗਲ ਵਿਚ ਪਹਾੜ, ਕੋਟਨ ਕੋਟ ਧੂਣੀਆਂ ਲਾਈਆ। ਜਿਸ ਦੇ ਪਿਛੇ ਹੋਏ ਖ਼ਵਾਰ, ਘਰ ਘਰ ਫੇਰਾ ਪਾਈਆ। ਸੋ ਸਾਹਿਬ ਸਤਿਗੁਰ ਪ੍ਰਗਟ ਹੋਏ ਪੁਰਖ ਅਕਾਲ, ਆਪਣੀ ਕਲ ਵਰਤਾਈਆ। ਦੇ ਦਰਸ ਕਰੇ ਨਿਹਾਲ, ਕਿਆਮਤ ਇਕੋ ਝੋਲੀ ਪਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲਨ ਆਪਣੇ ਹੱਟ ਵਿਕਾਈਆ। ਨਾਤਾ ਜੋੜ ਜਗਤ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਅੰਤ ਅੰਤ ਨਾ ਖਾਏ ਕਾਲ, ਰਾਏ ਧਰਮ ਨਾ ਦਏ ਸਜਾਈਆ। ਕਰੇ ਆਪ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਹਰਿਸੰਤ ਵੇਖੇ ਹਰਿ ਜੂ ਆਪਣੇ ਲਾਲ, ਮੁਰਸ਼ਦ ਮੁਰੀਦ ਆਸ਼ਕ ਮਾਸ਼ੂਕ ਸ਼ਿਕਵਾ ਸ਼ਾਕੂਕ ਸਭ ਦਾ ਦਏ ਚੁਕਾਈਆ। ਏਕਾ ਆਪਣੀ ਰੱਖ ਤੌਫੀਕ, ਪੀਰਨ ਪੀਰ ਵੇਖੇ ਰਫੀਕ, ਕਰੇ ਖੇਲ ਲਾਸ਼ਰੀਕ, ਕਲਜੁਗ ਮੇਟੇ ਅੰਧੇਰਾ ਤਾਰੀਕ, ਜਿਸ ਦੀ ਮੁਹੰਮਦ ਈਸਾ ਰੱਖ ਕੇ ਗਏ ਉਡੀਕ, ਸੋ ਪ੍ਰਗਟ ਹੋਵੇ ਨਾ ਕੋਇ ਬਣਾਏ ਫ਼ਰੀਕ, ਫ਼ਿਰਕਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਜਨ ਜਨ ਹਰਿ ਆਪਣੇ ਸੰਗ ਰਖਾਈਆ।