੮ ਮਾਘ ੨੦੧੮ ਬਿਕਰਮੀ ਜਗੀਰ ਸਿੰਘ ਦੇ ਗ੍ਰਹਿ ਸੋਹਲ ਜ਼ਿਲਾ ਗੁਰਦਾਸਪੁਰ
ਸਚਖੰਡ ਨਿਵਾਸੀ ਨਿਰਾਕਾਰ, ਨਿਰਵੈਰ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਸ਼ਾਹੋ ਭੂਪ ਵਡ ਸਿਕਦਾਰ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਆਦਿ ਜੁਗਾਦੀ ਖੇਲ ਨਿਆਰ, ਸ੍ਰੀ ਭਗਵਾਨ ਆਪ ਕਰਾਇੰਦਾ। ਪਾਰਬ੍ਰਹਮ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚਾ ਹੁਕਮ ਆਪ ਵਰਤਾਇੰਦਾ। ਥਿਰ ਘਰ ਏਕਾ ਖੋਲ੍ਹ ਕਵਾੜ, ਸ਼ਬਦੀ ਸੁਤ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਪੁਰਖ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਨਿਰਗੁਣ ਨਿਰਗੁਣ ਹੋ ਤਿਆਰ, ਦਰ ਘਰ ਸਾਚੇ ਸੋਭਾ ਪਾਈਆ। ਭੂਪਤ ਭੂਪ ਬਣ ਸਿਕਦਾਰ, ਰਾਜਨ ਰਾਜ ਨਾਉਂ ਧਰਾਈਆ। ਦਰ ਦਰਵੇਸ਼ ਬਣ ਭਿਖਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਵਸਤ ਅਮੋਲਕ ਏਕਾ ਥਾਰ, ਧੁਰ ਦਰਬਾਰ ਆਪ ਵਰਤਾਈਆ। ਦੇਵਣਹਾਰਾ ਏਕੰਕਾਰ, ਅਕਲ ਕਲ ਬੇਪਰਵਾਹੀਆ। ਸਚਖੰਡ ਦੁਆਰੇ ਖੇਲ ਨਿਆਰ, ਹਰਿ ਖ਼ਾਲਕ ਆਪ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਹਰਿ ਖੇਲ ਅਪਾਰਾ, ਅਪਰੰਪਰ ਧਾਰ ਚਲਾਇੰਦਾ । ਨਿਰਗੁਣ ਨਿਰਗੁਣ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਸਾਚਾ ਆਪ ਬਣਾਇੰਦਾ। ਸ਼ਬਦ ਸੁਤ ਸੁਤ ਦੁਲਾਰਾ, ਪੂਤ ਸਪੂਤਾ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਪਣਾ ਰੂਪ ਆਪੇ ਕਰ, ਹਰਿ ਹਰਿ ਵੇਖ ਵਖਾਇੰਦਾ। ਆਪਣੇ ਮੰਦਰ ਆਪੇ ਵੜ, ਆਪੇ ਸੋਭਾ ਪਾਇੰਦਾ। ਆਪਣੇ ਦਰ ਆਪੇ ਖੜ, ਆਪਣਾ ਦਰਸ ਕਰਾਇੰਦਾ। ਆਪਣਾ ਪੱਲੂ ਆਪੇ ਫੜ, ਆਪੇ ਬੰਧਨ ਪਾਇੰਦਾ। ਕਰੇ ਖੇਲ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਸ੍ਰੀ ਭਗਵੰਤ, ਆਦਿ ਪੁਰਖ ਵਰਤਾਈਆ। ਖੇਲੇ ਖੇਲ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਪੇ ਨਾਉਂ ਆਪੇ ਮੰਤ, ਬੋਧ ਅਗਾਧ ਆਪ ਅਖਵਾਈਆ। ਆਪ ਸੁਹਾਏ ਸਾਚਾ ਧਾਮ ਬੇਅੰਤ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਆਪ ਪ੍ਰਗਟਾਈਆ। ਥਿਰ ਘਰ ਸਾਚਾ ਕਰ ਤਿਆਰ, ਹਰਿ ਸ਼ਬਦੀ ਮਾਣ ਦਿਵਾਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਨਿਰਗੁਣ ਦਾਤਾ ਨਿਰਗੁਣ ਧਾਰ, ਨਿਰਾਕਾਰ ਆਪ ਪ੍ਰਗਟਾਇੰਦਾ। ਮਹੱਲ ਅਟੱਲ ਉਚ ਮਿਨਾਰ, ਸੋਭਾਵੰਤ ਆਪ ਸੁਹਾਇੰਦਾ। ਦੀਵਾ ਬਾਤੀ ਇਕ ਉਜਿਆਰ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਛੱਪਰ ਛੰਨ ਨਾ ਕੋਇ ਵਿਚਾਰ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਏਕਾ ਘਰ ਕਰ ਤਿਆਰ, ਘਰ ਘਰ ਵਿਚ ਆਪ ਸੁਹਾਇੰਦਾ। ਸਾਚੇ ਤਖ਼ਤ ਬੈਠ ਨਿਰੰਕਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਮਹੱਲਾ ਏਕੰਕਾਰ, ਏਕਾ ਘਰ ਸੁਹਾਈਆ। ਦੇਵੇ ਵਰ ਸੱਚੀ ਸਰਕਾਰ, ਵਰ ਦਾਤਾ ਨਾਉਂ ਧਰਾਈਆ। ਅਮੁਲ ਅਤੁਲ ਭਰੇ ਭੰਡਾਰ, ਤੋਲਿਆਂ ਤੋਲ ਨਾ ਕੋਇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਸਾਚੇ ਘਰ, ਕਰਤਾ ਪੁਰਖ ਕਰਾਇੰਦਾ। ਨਿਰਭੌ ਰਖਾਏ ਨਾ ਕੋਇ ਡਰ, ਆਪਣਾ ਭੈ ਸਰਬ ਜਣਾਇੰਦਾ। ਸਾਚੇ ਮੰਦਰ ਆਪੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸੁਤ ਦੁਲਾਰਾ ਆਪੇ ਫੜ, ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਫ਼ਤ ਸਲਾਹ ਏਕਾ ਏਕ ਜਣਾਇੰਦਾ। ਆਪੇ ਸਿਫ਼ਤ ਆਪ ਸਲਾਹ, ਜੈਕਾਰ ਆਪ ਹੋ ਜਾਈਆ। ਆਪੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਤਖ਼ਤ ਨਿਵਾਸੀ ਨਾਉਂ ਧਰਾਈਆ। ਆਪੇ ਆਦਿ ਪੁਰਖ ਬਣ ਮਲਾਹ, ਆਪਣਾ ਬੇੜਾ ਆਪ ਚਲਾਈਆ। ਆਪੇ ਸਚਖੰਡ ਦੁਆਰਾ ਘਾੜਨ ਘੜਤ ਲਿਆ ਘੜਾ, ਆਪੇ ਥਿਰ ਘਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਮਹੱਲਾ ਆਪ ਪ੍ਰਗਟਾਈਆ। ਸਚ ਮਹੱਲਾ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਆਪ ਪ੍ਰਗਟਾਇਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਇਆ। ਏਕੰਕਾਰਾ ਕਰ ਧਿਆਨ, ਆਪ ਆਪਾ ਵੇਖ ਵਖਾਇਆ। ਆਦਿ ਨਿਰੰਜਣ ਨੂਰ ਮਹਾਨ, ਦੀਆ ਬਾਤੀ ਇਕ ਜਗਾਇਆ। ਅਬਿਨਾਸ਼ੀ ਕਰਤਾ ਨਿਗਹਬਾਨ, ਮਿਹਰਵਾਨ ਵੇਸ ਵਟਾਇਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇਆ। ਪਾਰਬ੍ਰਹਮ ਪ੍ਰਭ ਮੰਗੇ ਦਾਨ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਸਚਖੰਡ ਦੁਆਰ ਕਰ ਪਰਵਾਨ, ਹਰਿ ਆਪਣਾ ਆਸਣ ਲਾਇਆ। ਚਰਨ ਕਵਲ ਇਕ ਧਿਆਨ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਥਿਰ ਘਰ ਵੇਖੇ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੇ ਸੁਤ ਆਪ ਸਮਝਾਇਆ। ਸਾਚੇ ਸੁਤ ਬਾਲ ਨਾਦਾਨ, ਸ਼ਬਦੀ ਸ਼ਬਦ ਜਣਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਏਕਾ ਨਾਉਂ ਸਚ ਨਿਸ਼ਾਨ, ਨਿਰੰਕਾਰਾ ਕਰੇ ਪੜ੍ਹਾਈਆ। ਦਰਗਹਿ ਸਾਚੀ ਕਰ ਪਰਵਾਨ, ਸਚ ਪਰਧਾਨਗੀ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਹਰਿ ਕਰਤਾਰ, ਏਕਾ ਏਕ ਸੁਣਾਇੰਦਾ। ਸੁਤ ਦੁਲਾਰੇ ਹੋ ਤਿਆਰ, ਪੁਰਖ ਅਬਿਨਾਸ਼ੀ ਸੇਵਾ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਭੰਡਾਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤੱਤ ਵਣਜ ਵਣਜਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਏਕਾ ਨਾਉਂ ਸ਼ਬਦ ਧੁਨਕਾਰ, ਅਨਾਦੀ ਨਾਦ ਨਾਦ ਅਲਾਇੰਦਾ। ਘਰ ਘਰ ਮੰਦਰ ਕਰ ਤਿਆਰ, ਗ੍ਰਹਿ ਗ੍ਰਹਿ ਸੋਭਾ ਪਾਇੰਦਾ। ਮੇਰਾ ਨੂਰ ਤੇਰਾ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਦੀਆ ਬਾਤੀ ਕਰ ਤਿਆਰ, ਜੋਤ ਨਿਰੰਜਣ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ। ਸਾਚੇ ਮਾਰਗ ਜਾਣਾ ਲੱਗ, ਹਰੀ ਹਰਿ ਹਰਿ ਆਪ ਜਣਾਇੰਦਾ। ਵੇਖਣਹਾਰ ਸੂਰਾ ਸਰਬੱਗ, ਆਪ ਆਪਣਾ ਭੇਵ ਛੁਪਾਇੰਦਾ। ਰਵ ਸਸ ਦੀਪਕ ਜਾਇਣ ਜਗ, ਪ੍ਰਕਾਸ਼ ਪ੍ਰਕਾਸ਼ ਨਾਲ ਕਰਾਇੰਦਾ। ਏਕਾ ਡੋਰੀ ਏਕਾ ਤਗ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਇੰਦਾ। ਸਾਚੀ ਸੇਵਾ ਕਰਨੀ ਮਾਤ, ਲੱਗ ਮਾਤਰ ਨਾ ਕੋਇ ਜਣਾਈਆ। ਲੱਖ ਚੁਰਾਸੀ ਡੂੰਘਾ ਖਾਤ, ਹਰਿ ਤੇਰੀ ਝੋਲੀ ਰਿਹਾ ਭਰਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਜਮਾਤ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਨਿਰਗੁਣ ਨਿਰਗੁਣ ਨਾਤਾ ਇਕ ਇਕਾਂਤ, ਪੁਰਖ ਬਿਧਾਤਾ ਆਪ ਬਣਾਈਆ। ਏਕਾ ਦੇਵੇ ਸਾਚੀ ਦਾਤ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚੀ ਸੇਵਾ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਜਣਾਇੰਦਾ। ਸ਼ਬਦੀ ਸ਼ਬਦ ਹੋ ਉਜਿਆਰ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਸਾਚਾ ਢੋਲਾ ਕਰ ਤਿਆਰ, ਪਰਦਾ ਉਹਲਾ ਆਪ ਚੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਆਲਸ ਨਿੰਦਰਾ ਆਪ ਮਿਟਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਆਪਣੀ ਜੋਤ ਜਗਾਇੰਦਾ। ਆਪਣੀ ਕਿਰਪਾ ਆਪੇ ਧਾਰ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਕਰਤਾ ਆਪ ਕਮਾਈਆ। ਲੱਖ ਚੁਰਾਸੀ ਖੇਲ ਮਹਾਨ, ਈਸ਼ ਜੀਵ ਵਡਿਆਈਆ। ਆਤਮ ਪਰਮਾਤਮ ਦੇਵੇ ਦਾਨ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਏਕਾ ਰਾਗ ਸੁਣਾਏ ਕਾਨ, ਅਨਾਦ ਅਨਾਦੀ ਨਾਦ ਅਲਾਈਆ। ਏਕਾ ਮੰਦਰ ਵੇਖ ਮਕਾਨ, ਬੰਕ ਗੜ੍ਹ ਦਏ ਸੁਹਾਈਆ। ਨਿਰਗੁਣ ਸਰਗੁਣ ਕਰ ਪਰਧਾਨ, ਲੋਕਮਾਤ ਵੇਖ ਵਖਾਈਆ। ਏਕਾ ਪੂਜਾ ਪਾਠ ਜਹਾਨ, ਆਪਣਾ ਨਾਉਂ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਚਰਨ ਕਵਲ ਸਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਏਕਾ ਦਾਤ ਹਰਿ ਹਰਿ ਨਾਉਂ, ਆਪਣੀ ਆਪ ਵਰਤਾਇੰਦਾ। ਕਰੇ ਖੇਲ ਅਗੰਮ ਅਥਾਹੋ, ਅਲਖ ਆਪਣੀ ਆਪ ਜਗਾਇੰਦਾ। ਆਪੇ ਪਿਤਾ ਆਪੇ ਮਾਉਂ, ਬਾਲ ਅਞਾਣੇ ਗੋਦ ਬਹਾਇੰਦਾ। ਆਪੇ ਮਾਰਗ ਪਾਏ ਫੜ ਫੜ ਬਾਹੋਂ, ਸਾਚਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪੁਰਖ ਅਗੰਮ, ਅਗੰਮੜਾ ਆਪ ਕਰਾਈਆ। ਆਪਣੇ ਅੰਤਰ ਆਪੇ ਜੰਮ, ਆਪਣਾ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਖੇਵਟ ਖੇਟਾ ਸੇਵ ਕਮਾਈਆ। ਏਕਾ ਦੇਵੇ ਨਾਮ ਧਨ, ਏਕੰਕਾਰਾ ਸੋਭਾ ਪਾਈਆ। ਕਰੇ ਪ੍ਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਏਕਾ ਨਾਦ ਏਕਾ ਧੁਨ, ਏਕਾ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰੇ ਆਪੇ ਲਾਈਆ। ਸਾਚੀ ਕਾਰ ਲੱਖ ਚੁਰਾਸੀ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਜੁਗ ਚੌਕੜੀ ਕਰ ਪ੍ਰਧਾਨ, ਸਾਚੀ ਵੰਡ ਵੰਡਾਇੰਦਾ। ਨਿਸ਼ਅੱਖਰ ਦੇਵੇ ਇਕ ਗਿਆਨ, ਬ੍ਰਹਮਾ ਵੇਤਾ ਚਾਰੇ ਵੇਦ ਪੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲ ਮਹਾਨ, ਕਲਜੁਗ ਆਪਣੀ ਗੰਢ ਪੁਵਾਇੰਦਾ। ਨੌਂ ਦਰ ਖੋਲ੍ਹ ਜਗਤ ਦੁਕਾਨ, ਜਗਤ ਵਾਸ਼ਨਾ ਮੇਲ ਮਿਲਾਇੰਦਾ। ਅੰਤਰ ਅੰਤਰ ਖੇਲ ਮਹਾਨ, ਘਰ ਘਰ ਵਿਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ । ਸਾਚਾ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਕਰਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਜੁਗ ਜੁਗ ਵੇਖੇ ਚਾਈਂ ਚਾਈਂਆ। ਨਾਉਂ ਰਖਾਏ ਗੁਰ ਅਵਤਾਰ, ਸ਼ਬਦੀ ਸ਼ਬਦ ਡੰਕ ਵਜਾਈਆ। ਭਗਤ ਭਗਵੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਸਾਚੇ ਸੰਤਾਂ ਵਖਾਏ ਸੱਚੀ ਧਰਮਸਾਲ, ਘਰ ਬੈਠਾ ਸਾਚਾ ਮਾਹੀਆ। ਗੁਰਮੁਖਾਂ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਸਿਖਾਂ ਚਰਨ ਪ੍ਰੀਤੀ ਨਿਭੇ ਨਾਲ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿ ਪੁਰਖ ਨਿਰੰਜਣ ਦੀਨ ਦਿਆਲ, ਸਤਿ ਸਤਿਵਾਦੀ ਵੇਸ ਵਟਾਈਆ। ਜੁਗ ਚੌਕੜੀ ਖਾਏ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਈਆ। ਜੁਗ ਚੌਕੜੀ ਉਤਰੇ ਪਾਰ, ਥਿਰ ਕੋਇ ਰਹਿਣ ਨਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਹਰਿ ਕਾ ਭੇਵ ਕਿਸੇ ਨਾ ਆਇਆ। ਗੁਰ ਅਵਤਾਰ ਸੇਵਾਦਾਰ, ਬਣ ਬਣ ਸੇਵਕ ਸੇਵ ਕਮਾਇਆ। ਭਗਤ ਭਗਵੰਤ ਮੰਗਣ ਛਾਰ, ਦੋਏ ਜੋੜ ਸੀਸ ਝੁਕਾਇਆ। ਸੰਤ ਸਾਜਣ ਕਰਨ ਪੁਕਾਰ, ਖ਼ਾਲੀ ਝੋਲੀ ਰਹੇ ਵਖਾਇਆ। ਗੁਰਮੁਖ ਲੱਭਣ ਮੀਤ ਮੁਰਾਰ, ਜਗਤ ਜਹਾਨ ਫੋਲ ਫੁਲਾਇਆ। ਗੁਰਸਿਖ ਮੰਗਣ ਇਕ ਅਧਾਰ, ਚਰਨ ਸ਼ਰਨ ਸੱਚੀ ਸ਼ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇਆ। ਜੁਗ ਜੁਗ ਬੰਧਨ ਆਪਣਾ ਪਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਉਂ ਨਿਰੰਕਾਰਾ ਆਪ ਅਖਵਾ, ਨਰ ਨਰਾਇਣ ਵੇਸ ਵਟਾਇੰਦਾ। ਸ਼ਬਦ ਅਗੰਮੀ ਢੋਲਾ ਗਾ, ਸਾਚਾ ਚੋਲਾ ਆਪ ਬਦਲਾਇੰਦਾ। ਪਰਦਾ ਉਹਲਾ ਆਪ ਰਖਾ, ਡੂੰਘੀ ਭਵਰੀ ਮੁਖ ਛੁਪਾਇੰਦਾ। ਸਾਚਾ ਤੋਲਾ ਬਣ ਸ਼ਹਿਨਸ਼ਾਹ, ਲੱਖ ਚੁਰਾਸੀ ਤੋਲ ਤੁਲਾਇੰਦਾ। ਹਰਿਜਨ ਸਾਚੇ ਲਏ ਜਗਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ । ਆਪਣੀ ਕਰਨੀ ਜੁਗੋ ਜੁਗ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਔਧ ਜਾਏ ਪੁਗ, ਵੇਲਾ ਅੰਤ ਦਏ ਸਮਝਾਈਆ। ਨਿਰਗੁਣ ਸਰਗੁਣ ਅੰਦਰ ਲੁਕ, ਆਪਣਾ ਖੇਲ ਵਖਾਈਆ। ਭਗਤ ਭਗਵੰਤ ਲਏ ਚੁੱਕ, ਸਾਚੇ ਸੰਤ ਲਏ ਉਠਾਈਆ। ਗੁਰਮੁਖਾਂ ਰੱਖੇ ਏਕਾ ਓਟ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੁਰਸਿਖਾਂ ਦੇਵੇ ਨਾਮ ਭੰਡਾਰ ਅਤੋਟ, ਨਿਖੁਟ ਕਦੇ ਨਾ ਜਾਈਆ। ਤਨ ਨਗਾਰੇ ਲੱਗੇ ਚੋਟ, ਨਾਮ ਰਬਾਬ ਆਪ ਵਜਾਈਆ। ਨਿਰਗੁਣ ਨਿਰਮਲ ਜਗਾਏ ਜੋਤ, ਅੰਧ ਅੰਧੇਰ ਮਿਟਾਈਆ। ਮਾਇਆ ਮਮਤਾ ਹਉਮੇ ਹੰਗਤਾ ਕੱਢੇ ਖੋਟ, ਜਗਤ ਤ੍ਰਿਸ਼ਨਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੁਗ ਜੁਗ ਗੇੜਾ ਆਪ ਭੁਵਾਈਆ। ਜੁਗ ਜੁਗ ਗੇੜਾ ਗੇੜਨਹਾਰ, ਕੋਟਨ ਕੋਟੀ ਕਾਲ ਬਿਤਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪੁਕਾਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਗੁਰ ਅਵਤਾਰ, ਜੁਗ ਜੁਗ ਲੋਕਮਾਤ ਫੇਰਾ ਪਾਈਆ। ਕੋਟਨ ਕੋਟ ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਹੋ ਸ਼ਾਹ ਅਸਵਾਰ, ਆਪਣਾ ਡੰਕ ਗਏ ਵਜਾਈਆ। ਥਿਰ ਰਹੇ ਨਾ ਕੋਇ ਸੰਸਾਰ, ਸਭ ਦਾ ਲੇਖਾ ਦਏ ਮੁਕਾਈਆ। ਇਕ ਇਕੱਲਾ ਏਕੰਕਾਰ, ਆਪਣੀ ਕਲ ਆਪ ਵਰਤਾਈਆ। ਲੇਖਾ ਜਾਣੇ ਵੇਦ ਚਾਰ, ਚਾਰੇ ਖਾਣੀ ਬੂਝ ਬੁਝਾਈਆ। ਚਾਰੇ ਬਾਣੀ ਬੰਨ੍ਹੇ ਧਾਰ, ਚਾਰੇ ਵਰਨਾਂ ਕਰੇ ਪੜ੍ਹਾਈਆ। ਚਾਰੇ ਜੁਗ ਪਾਵੇ ਸਾਰ, ਚਾਰ ਯਾਰੀ ਰੰਗ ਵਖਾਈਆ। ਅੰਤਮ ਲਹਿਣਾ ਦੇਣਾ ਸਭ ਦਾ ਦੇਵੇ ਉਤਾਰ, ਬਾਕੀ ਕੋਇ ਰਹਿਣ ਨਾ ਪਾਈਆ। ਨਵ ਨੌਂ ਚਾਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੁਗ ਚੌਕੜੀ ਵਿਚ ਜਹਾਨ, ਰੂਪ ਅਨੂਪ ਵਟਾਇੰਦਾ। ਗੁਰ ਅਵਤਾਰ ਸ਼ਬਦ ਗਿਆਨ, ਅੱਖਰ ਵੱਖਰ ਆਪ ਜਣਾਇੰਦਾ। ਹੁਕਮੀ ਹੁਕਮ ਸਤਿ ਹੁਕਮਰਾਨ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਰੰਗ ਵਖਾਇੰਦਾ। ਆਦਿ ਅੰਤ ਆਪਣਾ ਰੰਗ, ਹਰਿ ਜੂ ਹਰਿ ਜਣਾਇੰਦਾ। ਤਖ਼ਤ ਨਿਵਾਸੀ ਸੇਜ ਪਲੰਘ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਨਿਰਗੁਣ ਅਗੰਮ ਵੱਜੇ ਮਰਦੰਗ, ਤਾਰ ਸਤਾਰ ਨਾ ਕੋਇ ਹਲਾਇੰਦਾ। ਦੂਸਰ ਨਾ ਕੋਈ ਦਿਸੇ ਸੰਗ, ਇਕ ਇਕੱਲਾ ਖੇਲ ਕਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਜੇਰਜ ਅੰਡਾਂ ਆਸਣ ਲਾਇੰਦਾ। ਨਾ ਕੋਈ ਚਿਲਾ ਤੀਰ ਕਮੰਦ, ਸ਼ਮਸ਼ੀਰ ਹੱਥ ਨਾ ਕੋਇ ਉਠਾਇੰਦਾ। ਰਸਨਾ ਜਿਹਵਾ ਨਾ ਕੋਇ ਬੱਤੀ ਦੰਦ, ਅੱਖਰ ਗਿਆਨ ਨਾ ਕੋਇ ਪੜ੍ਹਾਇੰਦਾ। ਦੋ ਜਹਾਨਾਂ ਕੱਟੇ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਜਨ ਭਗਤਾਂ ਦੇਵੇ ਇਕ ਅਨੰਦ, ਆਤਮ ਪਰਮਾਤਮ ਖੇਲ ਕਰਾਇੰਦਾ। ਸਤਿ ਪ੍ਰਕਾਸ਼ ਚੜ੍ਹੇ ਚੰਦ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪਾਰ ਕਰਾਇੰਦਾ। ਜੁਗ ਚੌਕੜੀ ਉਤਰਿਆ ਪੂਰ, ਪੂਰਾ ਸਤਿਗੁਰ ਆਪ ਕਰਾਈਆ। ਸਰਬ ਕਲਾ ਹਰਿ ਭਰਪੂਰ, ਭਰਪੂਰ ਰਿਹਾ ਸਭ ਥਾਈਂਆ। ਵਸਣਹਾਰਾ ਨੇੜੇ ਦੂਰ, ਹਾਜ਼ਰ ਹਜ਼ੂਰ ਵੇਸ ਵਟਾਈਆ। ਜਿਸ ਦਾ ਜਲਵਾ ਤੱਕੇ ਮੂਸਾ ਉਤੇ ਕੋਹਤੂਰ, ਸੋ ਘਰ ਘਰ ਰਿਹਾ ਵਖਾਈਆ। ਜਗਤ ਨਾਤਾ ਕੂੜੋ ਕੂੜ, ਕੂੜੀ ਕਿਰਿਆ ਦਏ ਖਪਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਰੰਗ ਚੜ੍ਹਾਏ ਗੂੜ੍ਹ, ਉਤਰ ਕਦੇ ਨਾ ਜਾਈਆ। ਕਲਜੁਗ ਅੰਤਮ ਕਰੇ ਚੂਰੋ ਚੂਰ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਨਾ ਬਖ਼ਸ਼ੇ ਕਿਸੇ ਕਸੂਰ, ਛੁਪ ਕਰ ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਉਣਾ, ਮੁਕਾਮੇ ਹੱਕ ਜੋਤ ਜਗਾਇੰਦਾ। ਏਕਾ ਮਾਰਗ ਸਾਚਾ ਲਾਉਣਾ, ਦੋ ਜਹਾਨਾਂ ਵੇਖ ਵਖਾਇੰਦਾ। ਚੌਦਾਂ ਲੋਕਾਂ ਡੇਰਾ ਢਾਉਣਾ, ਚੌਦਾਂ ਤਬਕਾਂ ਪਰਦਾ ਲਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਰਖੌਣਾ, ਸਾਚਾ ਰਾਹ ਸਮਝਾਇੰਦਾ। ਕਰੋੜ ਤਤੀਸਾ ਆਪ ਸਮਝੌਣਾ, ਸੁਰਪਤ ਇੰਦ ਨਾਲ ਮਿਲਾਇੰਦਾ। ਗੁਰ ਅਵਤਾਰਾਂ ਦਰ ਬਹੌਣਾ, ਜੁਗ ਜੁਗ ਲੇਖਾ ਮੰਗ ਮੰਗਾਇੰਦਾ। ਭਗਤਾਂ ਨਿਉਂ ਨਿਉਂ ਸੀਸ ਝੁਕਾਉਣਾ, ਜਗਦੀਸ਼ ਸੋਭਾ ਪਾਇੰਦਾ। ਰਾਗ ਛੱਤੀ ਸੇਵ ਲਗਾਉਣਾ, ਏਕ ਏਕਾ ਅੰਕ ਪੜ੍ਹਾਇੰਦਾ। ਚਾਰ ਵੇਦਾਂ ਪੰਧ ਮੁਕਾਉਣਾ, ਪੁਰਾਨ ਅਠਾਰਾਂ ਆਪੇ ਗਾਇੰਦਾ। ਬਰਨ ਅਠਾਰਾਂ ਡੇਰਾ ਢਾਉਣਾ, ਚਾਰ ਵਰਨ ਮੋਹ ਚੁਕਾਇੰਦਾ। ਅੰਜੀਲ ਕੁਰਾਨ ਅੰਤ ਕੁਰਲਾਉਣਾ, ਤੀਸ ਬਤੀਸ ਨਾ ਕੋਇ ਸੁਣਾਇੰਦਾ। ਪੁਰਖ ਅਬਿਨਾਸ਼ੀ ਵੇਸ ਵਟਾਉਣਾ, ਨਿਰਗੁਣ ਨੂਰ ਡਗਮਗਾਇੰਦਾ। ਸਾਚਾ ਤਖ਼ਤ ਇਕ ਸੁਹਾਉਣਾ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਸਚ ਦਰਬਾਰਾ ਇਕ ਲਗਾਉਣਾ, ਲੋਕਮਾਤ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਇ, ਬੇਅੰਤ ਵਡੀ ਵਡਿਆਈਆ। ਕੋਟਨ ਕੋਟ ਦੇ ਦੇ ਗਏ ਢੋਏ, ਹਰਿ ਹਰਿ ਨਾਮ ਸੁਣਾਈਆ। ਅੰਤਮ ਸਭ ਗਏ ਰੋਏ, ਨੇਤਰ ਨੈਣਾਂ ਨੀਰ ਵਹਾਈਆ। ਇਕ ਬਲੋਏ, ਘਟ ਘਟ ਰਿਹਾ ਸਮਾਈਆ। ਲੇਖਾ ਜਾਣੇ ਤ੍ਰੈ ਤ੍ਰੈ ਲੋਏ, ਲੋਚਨ ਏਕਾ ਏਕ ਖੁਲ੍ਹਾਈਆ। ਲੱਖ ਚੁਰਾਸੀ ਬੀਜ ਬੋਏ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਆਪਣੀ ਕਲ ਧਰੇ ਹਰਿ ਕਲ, ਕੁਲਵੰਤ ਖੇਲ ਕਰਾਇੰਦਾ। ਜੁਗ ਚੌਕੜੀ ਕਰਦਾ ਰਿਹਾ ਛਲ, ਅਛਲ ਅਛੱਲ ਵੇਸ ਵਟਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਸਚਖੰਡ ਵਸੇਰਾ ਸੋਭਾ ਪਾਇੰਦਾ। ਕਲਜੁਗ ਅੰਤਮ ਲੋਕਮਾਤ ਆਏ ਚਲ, ਨਿਹਕਲੰਕ ਨਾਉਂ ਰਖਾਇੰਦਾ। ਜੋਤੀ ਸ਼ਬਦੀ ਆਪੇ ਰਲ, ਆਪਣਾ ਡੰਕ ਵਜਾਇੰਦਾ। ਸਚ ਸੰਦੇਸ਼ਾ ਏਕਾ ਘੱਲ, ਗੁਰਮੁਖ ਆਪ ਜਗਾਇੰਦਾ। ਦੀਪਕ ਜੋਤੀ ਜਾਏ ਬਲ, ਅਗਿਆਨ ਅੰਧੇਰ ਮਿਟਾਇੰਦਾ। ਦੂਈ ਦਵੈਤੀ ਮੇਟੇ ਸੱਲ, ਊਚ ਨੀਚ ਨਾ ਕੋਇ ਜਣਾਇੰਦਾ। ਅੰਮ੍ਰਿਤ ਆਤਮ ਪਿਆਏ ਜਲ, ਭਾਂਡਾ ਭਰਮ ਭੌ ਭੰਨਾਇੰਦਾ। ਭਾਗ ਲਗਾਏ ਕਾਇਆ ਮਾਟੀ ਖੱਲ, ਪੰਚਮ ਤੱਤ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲੜਾ, ਕਰਨਹਾਰ ਕਰਤਾਰ। ਨਿਰਗੁਣ ਨਿਰਾਕਾਰ ਇਕ ਅਕੱਲੜਾ, ਵੇਖੇ ਵਿਗਸੇ ਪਾਵੇ ਸਾਰ। ਸਚ ਸਿੰਘਾਸਣ ਏਕਾ ਮਲੜਾ, ਨਿਰਗੁਣ ਸਰਗੁਣ ਅੰਦਰ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਚ ਸਿੰਘਾਸਣ ਸਾਢੇ ਤਿੰਨ ਹੱਥ, ਹਰਿ ਜੂ ਆਪਣਾ ਆਪ ਬਣਾਇੰਦਾ। ਉਪਰ ਬੈਠ ਪੁਰਖ ਸਮਰਥ, ਆਪਣੀ ਖੇਲ ਕਰਾਇੰਦਾ। ਸ਼ਬਦ ਅਗੰਮੀ ਗਾਏ ਗਾਥ, ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਦੀਨਨ ਅਨਾਥਾਂ ਨਾਥ, ਨਾਥੀ ਨਾਥ ਰੂਪ ਵਟਾਇੰਦਾ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਸਤਿਗੁਰ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਏਕਾ ਮੰਡਲ ਏਕਾ ਰਾਸ, ਏਕਾ ਗੋਪੀ ਕਾਹਨ ਨਚਾਇੰਦਾ। ਏਕਾ ਰਾਮ ਦੇਵੇ ਸਾਥ, ਸਾਚੀ ਸੇਵ ਕਮਾਇੰਦਾ। ਏਕਾ ਮੇਲ ਸਗਲ ਵਸੂਰੇ ਜਾਇਣ ਲਾਥ, ਚਿੰਤਾ ਦੁੱਖ ਨਾ ਕੋਇ ਸਤਾਇੰਦਾ। ਇਕ ਉਤਾਰੇ ਆਪਣੇ ਘਾਟ, ਸਾਚਾ ਬੇੜਾ ਮਾਤ ਚਲਾਇੰਦਾ। ਦੋ ਜਹਾਨਾਂ ਤੱਕੇ ਵਾਟ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਰਿਆ ਵਿਚ ਸੰਸਾਰ, ਤਾਰਨਹਾਰਾ ਇਕ ਅਖਵਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਸਰਗੁਣ ਨਿਰਗੁਣ ਬੂਝ ਬੁਝਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਮੰਦਰ ਮਸੀਤਾ ਵਸਿਆ ਬਾਹਰ, ਹੱਥ ਕਿਸੇ ਨਾ ਆਈਆ। ਠਾਂਡਾ ਸੀਤਾ ਇਕਉਂਕਾਰ, ਘਰ ਸਾਚੇ ਸੋਭਾ ਪਾਈਆ। ਪਤਿਤ ਪੁਨੀਤਾ ਪਾਵੇ ਸਾਰ, ਗੁਰਮੁਖ ਸੱਜਣ ਮਾਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਦਏ ਸਮਝਾਈਆ। ਏਕਾ ਨਾਮ ਅੰਤਰ ਰਸ, ਹਰਿ ਹਰਿ ਆਪ ਜਣਾਇੰਦਾ। ਅੰਤਰ ਆਤਮ ਆਪੇ ਵਸ, ਆਪਣਾ ਮੇਲ ਮਿਲਾਇੰਦਾ। ਪੰਜ ਵਿਕਾਰਾ ਦੇਵੇ ਝੱਸ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਇੰਦਾ। ਦਰਸ ਵਖਾਏ ਨੱਸ ਨੱਸ, ਸਵੱਛ ਸਰੂਪੀ ਰੂਪ ਧਰਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸ਼ਾ ਕੋਇ ਨਜ਼ਰ ਨਾ ਆਇੰਦਾ। ਲੇਖੇ ਲਾਏ ਪਵਣ ਸਵਾਸ, ਪਵਣ ਪਵਣੀ ਆਪ ਸਮਾਇੰਦਾ। ਨਾਤਾ ਤੋੜ ਪ੍ਰਿਥਮੀ ਅਕਾਸ਼, ਚਰਨ ਕਵਲ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇੰਦਾ। ਕਲਜੁਗ ਅੰਤਮ ਫੇਰਾ ਪਾ, ਫੇਰੀ ਏਕਾ ਵਾਰ ਵਖਾਈਆ। ਵੇਖਣਹਾਰਾ ਜਲ ਥਲ ਅਸਗਾਹ, ਡੂੰਘੀ ਭਵਰੀ ਫੋਲ ਫੁਲਾਈਆ। ਲੱਖ ਚੁਰਾਸੀ ਭੁੱਲੀ ਹਰਿ ਕਾ ਨਾਉਂ, ਨਾਮ ਵਣਜਾਰਾ ਨਜ਼ਰ ਕੋਇ ਨਾ ਆਈਆ। ਕੋਈ ਖਾਏ ਸੂਰ ਕੋਈ ਖਾਏ ਗਾਂ, ਹੱਕ ਹਲਾਲ ਨਾ ਕੋਇ ਸਮਝਾਈਆ। ਅੰਤ ਗੁਰ ਪੀਰ ਨਾ ਪਕੜੇ ਕੋਈ ਬਾਂਹ, ਪੱਲੂ ਗਏ ਛੁਡਾਈਆ। ਪੁਰਖ ਅਬਿਨਾਸ਼ੀ ਕਰੇ ਨਾਂਹ, ਏਕਾ ਹੁਕਮ ਸੁਣਾਈਆ। ਰਾਏ ਧਰਮ ਦਏ ਸਜਾ, ਪੁੱਠੀ ਖੱਲ ਲੁਹਾਈਆ। ਕਰੇ ਖੇਲ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪ ਧਰਾਈਆ। ਆਪੇ ਜੋਤੀ ਆਪੇ ਧਾਰ, ਆਪੇ ਸ਼ਬਦੀ ਨਾਉਂ ਰਖਾਇੰਦਾ। ਆਪੇ ਗੁਰ ਆਪ ਅਵਤਾਰ, ਪੀਰ ਪੈਗ਼ੰਬਰ ਬਣ ਬਣ ਸੇਵ ਕਮਾਇੰਦਾ। ਆਪੇ ਭਗਤ ਭਗਵੰਤ ਦਏ ਦੀਦਾਰ, ਆਪੇ ਦਰਸੀ ਦਰਸ ਵਖਾਇੰਦਾ । ਆਪੇ ਸੰਤ ਸੁਹੇਲੇ ਲਏ ਉਭਾਰ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਗੁਰਮੁਖ ਸਾਚੇ ਪੌੜ੍ਹੇ ਦੇਵੇ ਚਾੜ੍ਹ, ਮਹੱਲ ਅਟੱਲ ਆਪ ਬਹਾਇੰਦਾ। ਆਪੇ ਗੁਰਸਿਖਾਂ ਚਲੇ ਨਾਲ ਨਾਲ, ਜੁਗ ਜਨਮ ਪੰਧ ਮੁਕਾਇੰਦਾ। ਆਪੇ ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਦਿਸ ਕਿਸੇ ਨਾ ਆਈਆ। ਨਾਨਕ ਨਿਰਗੁਣ ਇਕ ਧਿਆਇਆ, ਗੋਬਿੰਦ ਰੰਗ ਵਖਾਈਆ। ਸੰਬਲ ਸਾਚਾ ਡੇਰਾ ਲਾਇਆ, ਸਾਢੇ ਤਿੰਨ ਹੱਥ ਜੋਤ ਰੁਸ਼ਨਾਈਆ। ਉਚੇ ਟਿੱਲੇ ਪਰਬਤ ਖੇਲ ਅਪਾਰ ਖਿਲਾਇਆ, ਵੇਦ ਵਿਆਸਾ ਖ਼ੁਸ਼ੀ ਮਨਾਈਆ। ਤਖ਼ਤ ਨਿਵਾਸੀ ਤਖ਼ਤ ਸੁਹਾਇਆ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜਗਤ ਕੂੜ ਦਏ ਗੁਵਾਇਆ, ਕੂੜੀ ਕਿਰਿਆ ਰਹਿਣ ਨਾ ਪਾਈਆ । ਸਤਿਜੁਗ ਸਾਚਾ ਲਏ ਉਪਜਾਇਆ, ਧਰਤ ਮਾਤ ਗੋਦ ਸੁਹਾਈਆ। ਬੋਧ ਅਗਾਧ ਗਿਆਨ ਚਲਾਇਆ, ਏਕਾ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿੱਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਇ ਰਹਿਣ ਨਾ ਪਾਇਆ, ਏਕਾ ਹਰਿ ਹਰਿ ਨਜ਼ਰੀ ਆਈਆ। ਏਕਾ ਇਸ਼ਟ ਗੁਰਦੇਵ ਮਨਾਇਆ, ਪੁਰਖ ਅਕਾਲ ਸੱਚਾ ਮਾਹੀਆ। ਏਕਾ ਕਲਮਾ ਦਏ ਪੜ੍ਹਾਇਆ, ਕਾਤਬ ਲਿਖੇ ਨਾ ਕੋਈ ਸ਼ਾਹੀਆ। ਅਠਾਰਾਂ ਬਰਨ ਜਮਾਤ ਇਕ ਬਣਾਇਆ, ਏਕਾ ਪੱਟੀ ਦਏ ਪੜ੍ਹਾਈਆ। ਏਕਾ ਤੋਲਾ ਹਰਿ ਜੂ ਬਣ ਕੇ ਆਇਆ, ਲੱਖ ਚੁਰਾਸੀ ਹੱਟ ਖੁਲ੍ਹਾਈਆ। ਤੀਰਥ ਤੱਟ ਇਕ ਵਖਾਇਆ, ਸਤਿਗੁਰ ਚਰਨ ਸੱਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਆਪ ਲਗਾਈਆ। ਮਨ ਅੰਤਰ ਅਨਕ ਖਿਆਲ, ਛਿੰਨ ਛਿੰਨ ਰੂਪ ਵਟਾਈਆ। ਆਪਣੀ ਸੁਰਤੀ ਨਾ ਸਕੇ ਕੋਇ ਸੰਭਾਲ, ਸੁਰਤੀ ਸੁਰਤ ਗਵਾਈਆ। ਇਕੋ ਅੰਤਮ ਨਾਮ ਦਲਾਲ, ਸਭ ਦਾ ਲੇਖਾ ਦਏ ਮੁਕਾਈਆ। ਮਿਲ ਸਤਿਗੁਰ ਸੱਜਣ ਲਿਆ ਭਾਲ, ਕਾਇਆ ਕਵਰੀ ਫੋਲ ਫੁਲਾਈਆ। ਫਲ ਲੱਗੇ ਪਤ ਡਾਲ, ਪੰਜ ਤੱਤ ਹੋਏ ਰੁਸ਼ਨਾਈਆ। ਮਨ ਵਾਸ਼ਨਾ ਹੋਏ ਕੰਗਾਲ, ਬਲਹੀਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਲ ਵਿਚ ਦਿਲ ਮਿਲਾਈਆ। ਦਿਲ ਅੰਦਰ ਦਿਲ ਦੀ ਧਾਰ, ਦਲੇਰ ਆਖ ਸੁਣਾਇੰਦਾ। ਦਿਲ ਅੰਦਰ ਦਵੈਤੀ ਖ਼ਾਰ, ਕੰਡਾ ਠੋਰ ਵਖਾਇੰਦਾ। ਦਿਲ ਅੰਦਰ ਹਰਿ ਕਾ ਪਿਆਰ, ਹਰਿ ਸਾਚਾ ਆਪ ਜਣਾਇੰਦਾ। ਦਿਲ ਅੰਦਰ ਠੱਗ ਚੋਰ ਯਾਰ, ਮਨ ਵਾਸਨਾ ਨਾਲ ਰਲਾਇੰਦਾ। ਦਿਲ ਅੰਦਰ ਸਾਚਾ ਮੀਤ ਮੁਰਾਰ, ਦਿਸ ਕਿਸੇ ਨਾ ਆਇੰਦਾ। ਦਿਲ ਅੰਦਰ ਮਹਿਮਾ ਜਾਣੇ ਆਪ ਗੁਰ ਅਵਤਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਸਾਚਾ ਰਸਤਾ ਏਕਾ ਵਾਰ, ਮਨ ਮਨੂਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਲ ਅੰਦਰ ਦਿਲ ਵੇਖ ਵਖਾਇੰਦਾ। ਦਿਲ ਅੰਦਰ ਵੜਿਆ ਦਿਲ, ਜਗਤ ਦਲੀਲ ਗਵਾਈਆ। ਛਿਨ ਛਿਨ ਅੰਤਰ ਜਾਏ ਹਿਲ, ਠਹਿਰ ਕਦੇ ਨਾ ਪਾਈਆ। ਜਿਸ ਜਨ ਤੋੜੇ ਬਜ਼ਰ ਕਪਾਟੀ ਸਿਲ, ਸੋ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਵਾਸਨਾ ਦਏ ਸਮਝਾਈਆ। ਮਨ ਵਾਸਨਾ ਅਨਕ ਭਾਂਤ, ਅਨਕ ਕਲ ਅਖਵਾਇੰਦਾ। ਗੁਰਮੁਖ ਵਿਰਲਾ ਇਕ ਇਕਾਂਤ, ਏਕਾ ਮੰਗ ਮੰਗਾਇੰਦਾ। ਇਕੋ ਮਿਲੇ ਨਾਮ ਦਾਤ, ਦੂਜੀ ਇਛਿਆ ਨਾ ਕੋਇ ਜਣਾਇੰਦਾ। ਅੰਦਰ ਮਿਟੇ ਅੰਧੇਰੀ ਰਾਤ, ਭੀਤਰ ਸਾਚਾ ਚੰਦ ਚੜ੍ਹਾਇੰਦਾ। ਮਨ ਮਨੂਆ ਸੁਣੇ ਸਾਚੀ ਗਾਥ, ਦੂਜੀ ਆਸ਼ਾ ਨਾ ਕੋਇ ਰਖਾਇੰਦਾ। ਸਗਲ ਵਸੂਰੇ ਜਾਇਣ ਲਾਥ, ਸੱਥਰ ਹੇਠ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਨਸ਼ਾ ਮਨਸ਼ਾ ਨਾਲ ਮਿਲਾਇੰਦਾ। ਮਨ ਮਨਸ਼ਾ ਆਸ਼ਾ ਹੋਈ ਪੂਰ, ਮਨ ਮਮਤਾ ਮਾਤ ਤਜਾਈਆ। ਨਾਤਾ ਤੁਟੇ ਹਉਮੇ ਹੰਗਤਾ ਗਰੂਰ, ਗੁਰਬਤ ਕੋਇ ਰਹਿਣ ਨਾ ਪਾਈਆ। ਪਿਛਲੇ ਬਖ਼ਸ਼ੇ ਸਰਬ ਕਸੂਰ, ਮਨ ਚੰਚਲ ਮਿਟੇ ਚਤੁਰਾਈਆ। ਅੰਤਰ ਆਤਮ ਮਿਲੇ ਜ਼ਰੂਰ, ਜ਼ਰੂਰਤ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕਾ ਮਾਣ, ਸ਼ਬਦ ਗੁਰ ਧਿਆਨ, ਦਿਲ ਕਾ ਦਾਨ, ਦਿਲ ਜਾਨੀ ਇਕ ਅਖਵਾਈਆ।
