Granth 11 Likhat 069: 18 Magh 2018 Bikarmi Shiv Singh de Ghar Jammu

੧੮ ਮਾਘ ੨੦੧੮ ਬਿਕ੍ਰਮੀ ਸ਼ਿਵ ਸਿੰਘ ਦੇ ਘਰ ਜੰਮੂ

ਸਚ ਖ਼ੁਦਾਏ ਤੋਹੇ ਤੋਫ਼ੀਕ, ਤੂੰ ਹੀ ਤੂੰ ਅਲਾਹੀਆ। ਦੂਸਰ ਦਿਸੇ ਨਾ ਕੋਇ ਰਫ਼ੀਕ, ਤਾਰੀਫ਼ ਤੇਰੀ ਨਾ ਕੋਇ ਸੁਣਾਈਆ। ਉਮਤ ਮੇਰੀ ਮੇਰੀ ਬਣੀ ਫ਼ਰੀਕ, ਫਿਰਕਾ ਆਪਣਾ ਆਪ ਵਧਾਈਆ। ਚਾਰੋਂ ਕੁੰਟ ਅੰਧੇਰਾ ਤਾਰੀਕ, ਨੂਰ ਜ਼ਹੂਰ ਨਾ ਕੋਈ ਰੁਸ਼ਨਾਈਆ। ਤੇਰੀ ਧਾਰ ਅਨਡੀਠ ਬਾਰੀਕ, ਬਾਤਨ ਤੇਰੀ ਵਡਿਆਈਆ। ਤੂੰ ਸਾਹਿਬ ਸਦਾ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਤੇਰੀ ਮਹਿਮਾ ਬੇਨਜ਼ੀਰ, ਨਜ਼ਰ ਕੋਇ ਨਾ ਪਾਈਆ। ਤੂੰ ਲੇਖਾ ਜਾਣੇ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰੀ ਚੋਟੀ ਇਕ ਅਖ਼ੀਰ, ਕੋਟਨ ਕੋਟ ਬੈਠੇ ਅਧਵਿਚਕਾਰ ਡੇਰਾ ਲਾਈਆ। ਤੇਰੇ ਬਰਦੇ ਪੀਰ ਫ਼ਕੀਰ, ਫਿਕਰਾ ਤੇਰਾ ਰਹੇ ਗਾਈਆ। ਤੇਰੇ ਦਰ ਮੁਹੰਮਦ ਕੱਢੇ ਲਕੀਰ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਅੰਤ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਮੇਰਾ ਅੰਗ ਅੰਗ ਕਰੇ ਪੀੜ, ਦਰਦੀ ਦਰਦ ਨਾ ਵੰਡ ਕੋਈ ਵੰਡਾਈਆ। ਜਿਧਰ ਵੇਖਾਂ ਦਿਸੇ ਭੀੜ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਜੰਗਲ ਜੂਹ ਉਜਾੜ ਪਹਾੜ ਬਣੀ ਭੀੜ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਆਪਣੇ ਰੰਗ ਰੰਗ ਮਿਹਰਵਾਨ, ਤੇਰੇ ਹੱਥ ਵਡੀ ਵਡਿਆਈਆ। ਨਾਤਾ ਤੋੜ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਰਹਿਣ ਨਾ ਪਾਈਆ। ਏਕਾ ਸਿਦਕ ਤੇਰਾ ਈਮਾਨ, ਏਕਾ ਆਲਮ ਉਲਮਾ ਕਰੇ ਪੜ੍ਹਾਈਆ। ਏਕਾ ਨੁਕਤਾ ਬੇਜਬਾਨ, ਆਪਣਾ ਆਪ ਸੁਣਾਈਆ। ਏਕਾ ਮੰਦਰ ਸਚ ਮਕਾਨ, ਹੱਕ ਹਕ਼ੀਕ਼ਤ ਦਏ ਵਖਾਈਆ। ਏਕਾ ਉਲਫਤ ਦੋ ਜਹਾਨ, ਏਕਾ ਅਲਫ਼ ਕਰ ਪੜ੍ਹਾਈਆ । ਏਕਾ ਮੀਆ ਵਡ ਬਲਵਾਨ, ਆਪਣਾ ਬਲ ਧਰਾਈਆ। ਮੈਂ ਨੀਵਾਂ ਹੋਏ ਫਿਰਾਂ ਵਿਚ ਜਹਾਨ, ਆਪਣਾ ਸਿਰ ਝੁਕਾਈਆ। ਚਾਰ ਕੁੰਟ ਦਿਸੇ ਵੈਰਾਨ, ਬਾਗ਼ਬਾਨ ਰਿਹਾ ਸ਼ਰਮਾਈਆ। ਚੌਦਾਂ ਲੋਕ ਨਾ ਕੋਈ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਰਹੀਮ ਇਕ ਕਮਾਈਆ। ਰਹਿਮਤ ਕਰ ਮੇਰੇ ਮਹਿਬੂਬ, ਇਕੋ ਆਸ ਰਖਾਈਆ। ਤੇਰੀ ਕੋਈ ਨਾ ਜਾਣੇ ਹਦੂਦ, ਪਾਰ ਕਿਨਾਰਾ ਹੱਥ ਕਿਸੇ ਨਾ ਆਈਆ। ਤੇਰਾ ਉਚਾ ਵਡ ਅਰੂਜ, ਅਰਸ਼ ਕੁਰਸ਼ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦਿ ਸਦਾ ਮਹਿਰੂਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਧਨ ਬੰਧ ਨਾ ਕੋਈ ਰਖਾਈਆ। ਮਹਿਰਮ ਮੇਰੇ ਮਿਹਰਵਾਨਾ, ਇਕ ਇਕੱਲਾ ਖੇਲ ਕਰਾਇੰਦਾ। ਮੈਂ ਮਾਸੂਮ ਤੇਰਾ ਬਾਲਾ, ਭੁੱਲ ਭੁੱਲ ਬਖ਼ਸ਼ਾਇੰਦਾ। ਤੂੰ ਵੇਖ ਮੇਰਾ ਹਾਲਾ, ਬੇਹਾਲ ਕੁਰਲਾਇੰਦਾ। ਮੈਂ ਲੱਗਾ ਤੇਰੀ ਚਾਲਾ, ਤੇਰੀ ਚਾਲ ਚਲ ਚਲ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ ਫੇਰੀ ਪਾਇੰਦਾ। ਦਰ ਦਰਵੇਸ ਗਿਆ ਆ, ਅਲਫ਼ੀ ਚੀਰ ਨਾ ਕੋਈ ਰਖਾਈਆ। ਨੰਗੀ ਪੈਰੀ ਫੇਰਾ ਪਾ, ਤਸਬੀ ਹੱਥ ਨਾ ਕੋਈ ਰਖਾਈਆ। ਦਾੜ੍ਹੀ ਮੁਛ ਨਾ ਲਬ ਕਟਾ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੁੱਲੀ ਮੇਰੀ ਉਮਤ ਤੇਰਾ ਨਾਉਂ ਖ਼ੁਦਾਈਆ। ਮੇਰੀ ਉਮਤ ਤੇਰਾ ਸੰਗ, ਤੇਰੇ ਨਾਲ ਬੰਧਾਇਆ। ਤੇਰੀ ਰਹਿਮਤ ਮੇਰਾ ਰੰਗ, ਰਾਮ ਰਹੀਮ ਖ਼ੁਦਾਇਆ। ਤੇਰਾ ਨਾਦ ਤੇਰਾ ਮਰਦੰਗ, ਤੇਰਾ ਬਰਦਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਦਰ ਝੁਕੇ ਸੀਸ, ਸ਼ਰਅ ਸ਼ਰਅ ਵਡਿਆਈਆ। ਤੇਰਾ ਕਲਮਾ ਇਕ ਹਦੀਸ, ਨਬੀ ਰਸੂਲ ਦੇਣ ਗਵਾਹੀਆ। ਤੇਰਾ ਨਾਉਂ ਤੀਸ ਬਤੀਸ, ਬੰਦੀ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਬੰਧਨ ਬੰਧਨ ਅਪਾਰਾ, ਹਰਿ ਸਾਚਾ ਸਚ ਜਣਾਇੰਦਾ। ਪੀਰ ਪੈਗ਼ੰਬਰ ਇਕ ਹੁਲਾਰਾ, ਹਰਿ ਇਕੋ ਇਕ ਉਠਾਇੰਦਾ। ਆਪੇ ਜਾਣੇ ਆਪਣਾ ਬਰਗਾ, ਆਪੇ ਘੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਭਗਵਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਮਹਿਮਾ ਜਾਣੇ ਦੋ ਜਹਾਨ, ਦੋ ਜਹਾਨਾਂ ਸਿਫ਼ਤ ਸਲਾਹੀਆ। ਕਲਜੁਗ ਅੰਤਮ ਹੋ ਮਿਹਰਵਾਨ, ਸਚ ਪਰਧਾਨਗੀ ਰਿਹਾ ਜਣਾਈਆ। ਪਰਗਟ ਹੋ ਕੇ ਆਇਆ ਵਿਚ ਮੈਦਾਨ, ਖਾਲੀ ਹੱਥ ਫੇਰੀ ਪਾਈਆ। ਗੁਰ ਅਵਤਾਰ ਪੀਰ ਵੇਖ ਮਾਰ ਧਿਆਨ, ਸਚ ਅਖਾੜਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਪਰਗਟਾਈਆ। ਇਕ ਧੜੇ ਮੁਹੰਮਦ ਸੂਰਬੀਰ, ਤੇਰਾ ਬਲ ਧਰਾਇਆ। ਦੂਜੇ ਪਾਸੇ ਕਹੇ ਗੋਬਿੰਦ ਤੇਰਾ ਝੱਲੇ ਨਾ ਕੋਇ ਤੀਰ, ਬੇਨਜ਼ੀਰ ਆਪ ਚਲਾਇਆ। ਨਾਨਕ ਕਹੇ ਤੂੰ ਸਭ ਦਾ ਕਰੇਂ ਅਖ਼ੀਰ, ਥਿਰ ਕੋਈ ਰਹਿਣ ਨਾ ਪਾਇਆ। ਪੁਰਖ ਅਕਾਲ ਕਹੇ ਮੈਂ ਕੱਟਾਂ ਸਭ ਦੀ ਭੀੜ, ਜੁਗ ਜੁਗ ਭਗਤਾਂ ਸੇਵ ਕਮਾਇਆ। ਮੁਹੰਮਦ ਕਹੇ ਮੈਂ ਚੋਟੀ ਚੜਿਆ ਅਖ਼ੀਰ, ਚੌਦਾਂ ਤਬਕ ਫੇਰਾ ਪਾਇਆ। ਗੋਬਿੰਦ ਕਹੇ ਮੇਰਾ ਦਾਤਾ ਗੁਣੀ ਗਹੀਰ, ਮੇਰੇ ਅੰਗ ਸੰਗ ਸਮਾਇਆ। ਨਾਨਕ ਕਹੇ ਪ੍ਰਭ ਆਪਣੇ ਹੱਥ ਰੱਖੇ ਇਕ ਸ਼ਮਸ਼ੀਰ, ਆਦਿ ਅੰਤ ਸਭ ਦਾ ਕਰੇ ਸਫ਼ਾਇਆ। ਪਾਰਬ੍ਰਹਮ ਕਹੇ ਮੈਂ ਭਗਤਾਂ ਪਿਆਵਾਂ ਸਾਚਾ ਸੀਰ, ਜੁਗ ਜੁਗ ਆਪਣਾ ਵੇਸ ਵਟਾਇਆ। ਮੁਹੰਮਦ ਕਹੇ ਹਰਿ ਇਕ ਅਮਾਮ, ਕਲਮਾ ਇਕ ਜਣਾਈਆ। ਗੋਬਿੰਦ ਕਹੇ ਮੇਰਾ ਪਿਤਾ ਸ੍ਰੀ ਭਗਵਾਨ, ਸਦ ਆਪਣੀ ਗੋਦ ਬਹਾਈਆ। ਨਾਨਕ ਕਹੇ ਸਭ ਨੂੰ ਕਰੇ ਪਰਵਾਨ, ਸਭ ਦਾ ਪਿਤਾ ਮਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਜਨ ਭਗਤਾਂ ਦੇਵਾਂ ਦਾਨ, ਨਾਮ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਮੁਹੰਮਦ ਕਹੇ ਮੇਰਾ ਖ਼ੁਦਾ, ਮੇਰੇ ਵਿਚ ਸਮਾਇਆ। ਗੋਬਿੰਦ ਕਹੇ ਮੇਰੇ ਨਾਲੋਂ ਨਾ ਹੋਏ ਜ਼ੁਦਾ, ਸਦ ਸਿਰ ਤੇ ਹੱਥ ਰਖਾਇਆ। ਨਾਨਕ ਕਹੇ ਹਰਿ ਸਭ ਤੋਂ ਹੋਏ ਫ਼ਿਦਾ, ਜੋ ਬੈਠੇ ਧਿਆਨ ਲਗਾਇਆ। ਪਾਰਬ੍ਰਹਮ ਪ੍ਰਭ ਕਹੇ ਮੈਂ ਜਨ ਭਗਤ ਮਿਲਾਂ ਸਿੱਧਾ, ਰਾਹ ਵਿਚ ਨਾ ਕੋਈ ਅਟਕਾਇਆ। ਜੇ ਕੋਈ ਪੁਛੇ ਕੇਹੜਾ ਵੱਡਾ, ਕੋਈ ਦੱਸ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਖ਼ੁਸ਼ੀ ਮਨਾਇਆ। ਮੁਹੰਮਦ ਕਹੇ ਮੈਂ ਮੰਗੀ ਮੰਗ, ਚੌਦਾਂ ਤਬਕ ਮੇਰੀ ਸਰਨਾਈਆ। ਗੋਬਿੰਦ ਕਹੇ ਮੇਰੀ ਸੇਜ ਪਲੰਘ, ਪ੍ਰਭ ਗੋਦੀ ਇਕ ਹੰਢਾਈਆ। ਨਾਨਕ ਕਹੇ ਹਰਿ ਕਰੇ ਸਰਬ ਨੂੰ ਭੰਗ, ਸੈਭੰ ਰੂਪ ਸਮਾਈਆ। ਭਗਵਾਨ ਕਹੇ ਮੈਂ ਭਗਤ ਚੜਾਵਾਂ ਸਾਚੇ ਚੰਦ, ਲੋਕਮਾਤ ਰੁਸ਼ਨਾਈਆ। ਗੀਤ ਸੁਣਾਵਾਂ ਇਕੋ ਛੰਦ, ਆਪਣਾ ਢੋਲਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੁਹੰਮਦ ਕਹੇ ਮੇਰੀ ਵੰਡ ਚੌਦਾਂ ਸਦ, ਸਦੀ ਚੌਧਵੀਂ ਨਾਲ ਮਿਲਾਈਆ। ਗੋਬਿੰਦ ਕਹੇ ਤੇਰੀ ਪਾਰ ਕਰਨੀ ਹੱਦ, ਵੇਲਾ ਅੰਤਮ ਗਿਆ ਆਈਆ। ਨਾਨਕ ਕਹੇ ਪੁਰਖ ਅਕਾਲ ਆਪਣੀ ਉਪਜਾਏ ਸਾਚੀ ਯੱਦ, ਬੰਸ ਸਰਬੰਸ ਆਪ ਸੁਹਾਈਆ। ਭਗਤ ਸੁਹੇਲੇ ਲਏ ਸੱਦ, ਆਪ ਆਪਣੇ ਕੋਲ ਬਹਾਈਆ। ਲੱਖ ਚੁਰਾਸੀ ਵਿਚੋਂ ਕਰੇ ਅੱਡ, ਆਪਣੀ ਵੰਡ ਵੰਡਾਈਆ। ਨਾਮ ਚੜ੍ਹਾਏ ਸਾਚੇ ਰਥ, ਬਣ ਰਥਵਾਹੀ ਸੇਵ ਕਮਾਈਆ। ਸੋਹੰ ਅੱਖਰ ਇਕੋ ਦੱਸ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਾਈਆ। ਹਰਿਜਨ ਉਪਮਾ ਕਰੇ ਆਪ, ਆਪਣੀ ਸੇਵਾ ਆਪ ਲਗਾਇੰਦਾ। ਹਰਿਜਨ ਤੇਰਾ ਜਪੇ ਜਾਪ, ਜਪ ਜਪ ਆਪਣਾ ਸੁਖ ਦਰਸਾਇੰਦਾ। ਹਰਿਜਨ ਤੇਰਾ ਮਿਟੇ ਤਾਪ, ਤੀਨੋ ਤਾਪ ਨੇੜ ਨਾ ਆਇੰਦਾ। ਹਰਿਜਨ ਤੇਰਾ ਕੱਟੇ ਪਾਪ, ਬਣ ਅਪਰਾਧੀ ਵੇਸ ਕਮਾਇੰਦਾ। ਹਰਿਜਨ ਤੇਰੀ ਵੇਖੇ ਜਾਤ, ਪਹਿਲੋਂ ਆਪਣੀ ਜ਼ਾਤ ਗਵਾਇੰਦਾ। ਹਰਿਜਨ ਤੇਰੀ ਮਿਟੇ ਰਾਤ, ਜਗਤ ਅੰਧੇਰਾ ਆਪ ਛੁਪਾਇੰਦਾ। ਹਰਿਜਨ ਤੇਰਾ ਦੇਵੇ ਸਾਥ, ਸਗਲਾ ਸੰਗ ਆਪ ਜੁਟਾਇੰਦਾ। ਹਰਿਜਨ ਤੇਰਾ ਲਹਿਣਾ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਹਰਿਜਨ ਤੇਰੀ ਸਾਚੀ ਗਾਥ, ਗਹਿਰ ਗੰਭੀਰ ਆਪ ਸੁਣਾਇੰਦਾ। ਹਰਿਜਨ ਤੇਰਾ ਪੂਜਾ ਪਾਠ, ਹਵਨ ਦੀਪ ਆਪ ਵਖਾਇੰਦਾ। ਹਰਿਜਨ ਤੇਰਾ ਸੱਜਣ ਸਾਕ, ਹਰਿ ਸਤਿਗੁਰ ਆਪ ਹੋ ਆਇੰਦਾ। ਹਰਿਜਨ ਤੇਰਾ ਤਨ ਖ਼ਾਕੀ ਖ਼ਾਕ, ਆਪਣੀ ਖ਼ਾਕ ਨਾਲ ਮਿਲਾਇੰਦਾ। ਹਰਿਜਨ ਤੇਰਾ ਖੋਲ੍ਹੇ ਤਾਕ, ਦੂਈ ਪੜਦਾ ਆਪ ਉਠਾਇੰਦਾ। ਹਰਿਜਨ ਤੇਰਾ ਬੰਨ੍ਹੇ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਹਰਿਜਨ ਤੇਰਾ ਪਿਤਾ ਮਾਤ, ਪੁਰਖ ਅਕਾਲ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਤੇਰਾ ਮੇਲਾ ਸ੍ਰੀ ਭਗਵੰਤ, ਹਰਿ ਭਗਵਨ ਆਪ ਕਰਾਈਆ। ਏਕਾ ਨਾਮ ਮਣੀਆਂ ਮੰਤ, ਮਨ ਆਸਾ ਪੂਰ ਕਰਾਈਆ। ਏਕਾ ਲਹਿਣਾ ਚੁੱਕੇ ਜੀਵ ਜੰਤ, ਜੀਵਣ ਜੁਗਤ ਸਮਝਾਈਆ। ਇਕ ਮਹਿਮਾ ਆਦਿ ਅੰਤ, ਸਦਾ ਸੁਹੇਲਾ ਸੱਚਾ ਮਾਹੀਆ। ਸਰਗੁਣ ਬਣਾਏ ਬਣਤ, ਨਿਰਗੁਣ ਵੇਸ ਵਟਾਈਆ। ਮਿਲ ਸਖੀ ਹਰਿ ਹਰਿ ਕੰਤ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵੇਖੋ ਬਲ ਦਾ ਮਾਣ, ਹਰਿ ਸਾਚਾ ਆਪ ਦਵਾਇੰਦਾ। ਪੀਰ ਪੈਗ਼ੰਬਰ ਸਰਬ ਸ਼ਰਮਾਣ, ਅੱਗੇ ਜ਼ੋਰ ਨਾ ਕੋਈ ਚਲਾਇੰਦਾ। ਜਿਸ ਨੂੰ ਕਰਕੇ ਆਏ ਸਲਾਮ, ਸੋ ਸਾਹਿਬ ਵੇਸ ਵਟਾਇੰਦਾ। ਜਿਸ ਦਾ ਪੜ੍ਹਦੇ ਆਏ ਕਲਮਾ ਕਲਾਮ, ਸੋ ਕਾਇਨਾਤ ਫੇਰਾ ਪਾਇੰਦਾ। ਜਿਸ ਦੇ ਬਣਦੇ ਰਹੇ ਗ਼ੁਲਾਮ, ਸੋ ਬਣ ਗ਼ੁਲਾਮ ਸੇਵ ਕਮਾਇੰਦਾ। ਜਿਸ ਦਾ ਪੀਂਦੇ ਰਹੇ ਜਾਮ, ਸੋ ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤਾਂ ਦੇਵੇ ਇਕ ਸਹਾਰਾ, ਇਕ ਓਟ ਸਰਨਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਨਿਰਾਕਾਰ ਵੇਸ ਵਟਾਈਆ। ਧਾਵਤ ਧਾਵਤ ਪਾਰ ਕਿਨਾਰਾ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਪਾਵਤ ਪਾਵਤ ਗੁਰਮੁਖ ਦੁਆਰਾ, ਗੁਰ ਗੁਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਉਠਿਆ ਉਠ ਬਲ ਧਾਰ, ਬਲ ਬਾਵਨ ਖੇਲ ਕਰਾਇਆ। ਕਿਰਪਾ ਨਿਧ ਡੂੰਘੇ ਸਾਗਰ ਕਰ ਪਿਆਰ ਜੀਵਤ ਜੁਗਤ ਜੁਗਤ ਜਣਾਇਆ। ਮੰਦਰ ਮਹੱਲ ਉਚ ਮਿਨਾਰ, ਭਗਤ ਦੁਆਰਾ ਬੰਕ ਵਡਿਆਇਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਬਿਨ ਤਾਕੀ ਆਪ ਟਿਕਾਇਆ। ਔਖੀ ਘਾਟੀ ਵਿਚ ਸੰਸਾਰ ਕਰ ਕਿਰਪਾ ਦੇਵੇ ਚਾੜ੍ਹ, ਸਿਰ ਆਪਣਾ ਹੱਥ ਟਿਕਾਇਆ। ਕੰਤ ਮਿਲਾਵਾ ਸਾਚੀ ਨਾਰ, ਸੇਜਾ ਸੋਹੇ ਕੰਤ ਭਤਾਰ, ਰਲ ਮਿਲ ਏਕਾ ਰੰਗ ਰੰਗਾਇਆ। ਅੰਗ ਕਰੇ ਅੰਗੀਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਸੰਗ ਨਿਭਾਇਆ। ਰੀ ਸਖੀ ਘਰ ਆਇਉ ਗੋਬਿੰਦ, ਨੇਤਰ ਨੈਣ ਨਿਹਾਲਿਆ। ਮੇਰੀ ਸਗਲੀ ਲੱਥੀ ਚਿੰਦ, ਹਰਿ ਪਾਇਆ ਪੁਰਖ ਅਕਾਲਿਆ। ਨੇਤਰ ਵੇਖਿਆ ਗਹਿਰ ਗੰਭੀਰ ਗੁਣੀ ਗਹਿੰਦ, ਮੇਰਾ ਤੁਟਾ ਜਗਤ ਜੰਜਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵੇਲੇ ਦਰਸ ਦਿਖਾ ਲਿਆ। ਰੀ ਸਖੀ ਮੋਹੇ ਚੜ੍ਹਿਆ ਚਾਅ, ਘਰ ਮਿਲਿਆ ਬਨਵਾਰੀ। ਮੇਰੇ ਨੇਤਰ ਨੈਣ ਗਿਆ ਸੁਹਾ, ਦੇ ਕੇ ਦਰਸ ਦੀਦਾਰੀ। ਮੇਰੀ ਹਰਸ ਗਿਆ ਮਿਟਾ, ਏਕਾ ਦੇ ਕੇ ਨਾਮ ਖ਼ੁਮਾਰੀ। ਏਕਾ ਬੰਧਨ ਗਿਆ ਪਾ, ਨਾਤਾ ਤੋੜ ਜਗਤ ਵਿਭਚਾਰੀ। ਮੈਂ ਬੈਠੀ ਆਸ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰੀ। ਰੇ ਸਖੀ ਉਠ ਗਾਓ ਗੀਤ, ਹਰਿ ਮਾਹੀ ਸੱਚਾ ਆਇਆ। ਜਿਸ ਬਣਾਈ ਮੰਦਰ ਮਸੀਤ, ਸੋ ਡੇਰਾ ਰਿਹਾ ਢਾਹਿਆ। ਅੱਗੇ ਦੱਸੇ ਆਪਣੀ ਰੀਤ, ਸਾਚਾ ਸੋਹਲਾ ਗਾਇਆ । ਨਾਤਾ ਤੋੜੇ ਹਸਤ ਕੀਟ, ਇਕੋ ਰੰਗ ਰੰਗਾਇਆ। ਮੇਰਾ ਸਾਹਿਬ ਸਦਾ ਅਨਡੀਠ, ਅਨਡਿਠੜਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਾਇਆ ਕੀਤੀ ਸੀਤ, ਸੀਤਲ ਧਾਰ ਮੁਖ ਚੁਆਇਆ। ਰੀ ਸਖੀ ਉਠ ਵੇਖ ਗੋਬਿੰਦ, ਘਰ ਘਰ ਫੇਰਾ ਪਾਇੰਦਾ। ਗ਼ਰੀਬ ਨਿਮਾਣੀ ਕੋਝੀ ਕਮਲੀ ਮਿਟੀ ਚਿੰਦ, ਚਿੰਤਾ ਦੁੱਖ ਗਵਾਇੰਦਾ। ਉਹਦੇ ਚਰਨਾਂ ਹੇਠ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਫਿਰਦੇ ਇੰਦ, ਦਰਸ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਰੀ ਸਖੀ ਉਠ ਮਾਰ ਝਾਕੀ, ਹਰਿ ਸੱਜਣ ਸੱਚਾ ਆਇਆ। ਆਪਣੀ ਹੱਥੀਂ ਖੋਲ੍ਹ ਤਾਕੀ, ਤੇਰਾ ਦਰ ਸੁਹਾਇਆ। ਲਹਿਣਾ ਦੇਣਾ ਚੁਕਾਏ ਬਾਕੀ, ਮੂਲ ਰਹੇ ਨਾ ਰਾਇਆ। ਮੈਂ ਕਰਕੇ ਦਰਸ ਖੱਟੀ ਇਕੋ ਖੱਟੀ, ਦੂਜੀ ਹਰਸ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰੀ ਸਖੀ ਉਠ ਮਾਰ ਧਿਆਨ, ਹਰਿ ਜੂ ਫੇਰਾ ਪਾਈਆ। ਤੂੰ ਬਾਲੀ ਨੱਢੀ ਬਾਲ ਅਞਾਣ, ਮਤ ਬੁਧ ਨਾ ਕੋਈ ਚਤੁਰਾਈਆ। ਤੂੰ ਚਰਨੀ ਡਿਗੀ ਆਣ, ਸਿਰ ਚਰਨਾਂ ਉਪਰ ਟਿਕਾਈਆ। ਭੁੱਲੀ ਰੁੱਲੀ ਕਰੇ ਪਰਵਾਨ, ਮੇਰਾ ਸਾਹਿਬ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਠ ਸਖੀ ਰੀ ਵੇਖ, ਹਰਿ ਹਰਿ ਹਰਿ ਖੇਲ ਕਰਾਇੰਦਾ। ਪਿਛਲਾ ਮੇਟਣ ਆਇਆ ਲੇਖ, ਅਗਲਾ ਲੇਖਾ ਆਪ ਜਣਾਇੰਦਾ। ਗ਼ਰੀਬ ਨਿਮਾਣਿਆਂ ਕਰੇ ਹੇਤ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੀ ਸਖੀ ਉਠ ਵੇਖ ਮਹਿਕ, ਹਰਿ ਮਹਿਕ ਮਹਿਕ ਮਹਿਕਾਈਆ। ਮੈਂ ਨਿਮਾਣੀ ਰਹੀ ਪੇਖ, ਨੇਤਰ ਨੈਣ ਧਿਆਨ ਲਗਾਈਆ। ਦਰਸ਼ਨ ਪਾਇਆ ਗਈ ਟਹਿਕ, ਬੁਲਬੁਲ ਏਕਾ ਚਹਿਚਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਰੀ ਸਖੀ ਉਠ ਲਾਗ ਰੰਗ ਹਰਿ ਰੰਗਣ ਆਪ ਜਣਾਇੰਦਾ। ਮਿਲੇ ਮੇਲ ਸੂਰਾ ਸਰਬੰਗ, ਸੂਰਤ ਸਾਖਆਤ ਪਰਗਟਾਇੰਦਾ। ਇਕ ਵਖਾਏ ਸਚ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਭੋਗ ਬਿਲਾਸ ਮੋਹ ਕਰੇ ਖੰਡ, ਕਾਮ ਕਰੋਧ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਇੰਦਾ । ਦੱਸ ਸਖੀ ਹਰਿ ਵਸੇ ਕੇਹੜੇ ਖੇੜੇ, ਕਵਣ ਘਰ ਡੇਰਾ ਲਾਈਆ। ਹਰਿਜਨ ਤਾਰੇ ਕਿਹੜੇ ਕਿਹੜੇ ਜਿਸ ਜਨ ਆਪਣਾ ਦਰਸ ਦਿਖਾਈਆ। ਕਿਸ ਬਿਧ ਬੰਨ੍ਹੇ ਮਾਤ ਬੇੜੇ, ਲੋਕਮਾਤ ਚਲਾਈਆ। ਚਾਰੋਂ ਕੁੰਟ ਪਏ ਝੇੜੇ, ਦੀਨ ਮਜ਼੍ਹਬ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਸੁਣ ਸਖੀ ਮੇਰੀ ਇਕੋ ਬਾਤ, ਪਿਆਰ ਪਿਆਰ ਨਾਲ ਸਮਝਾਈਆ। ਉਠ ਵੇਖ ਮਾਰ ਝਾਤ, ਤੇਰੇ ਨੈਣਾਂ ਦਿਆਂ ਵਖਾਈਆ। ਜਨ ਭਗਤਾਂ ਦੇਵੇ ਸੱਚੀ ਦਾਤ, ਲੋਕਮਾਤ ਫੇਰਾ ਪਾਈਆ। ਤੂੰ ਬਣੀਂ ਰਹੀ ਨਾ ਨਾਰ ਕਮਜਾਤ, ਕੁਲੱਖਣੀ ਆਪਣਾ ਰੰਗ ਵਖਾਈਆ। ਤੇਰਾ ਪ੍ਰਭ ਮੇਲਾਂ ਤੇਰੇ ਸਾਥ, ਤੇਰਾ ਦੁਖੜਾ ਦਏ ਮਿਟਾਈਆ। ਉਹੋ ਗਾਉਂਦਾ ਭਗਤਾਂ ਗਾਥ, ਨਿਤ ਨਿਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ । ਆ ਸਖੀ ਵੇਖ ਹਰਿ, ਵੇਲਾ ਅੰਤਮ ਆਈਆ। ਭਗਤ ਦੁਆਰਾ ਖੁਲ੍ਹਿਆ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜਨਮ ਜਨਮ ਵਿਛੜੇ ਲਏ ਫੜ, ਆਪਣਾ ਬੰਧਨ ਪਾਈਆ। ਗੁਰਮੁਖ ਅੰਦਰ ਗਿਆ ਵੜ, ਸਚ ਸਿੰਘਾਸਣ ਡੇਰਾ ਲਾਈਆ। ਨੇਤਰ ਖੋਲ੍ਹ ਵੇਖ ਸ਼ੇਖ ਸਰ, ਸ਼ੇਖੀ ਸਭ ਦੀ ਰਿਹਾ ਮੁਕਾਈਆ। ਕੰਤ ਸੁਹਾਗ ਇਕੋ ਦਰ, ਜਿਸ ਮਿਲਿਆਂ ਸਰਬ ਦੁੱਖ ਮਿਟ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਨਾਰ ਕੰਤ, ਕੰਤ ਨਾਰ ਬੰਧਨ ਪਾਈਆ।