Granth 11 Likhat 070: 18 Magh 2018 Bikarmi Firangi Ram de Ghar Jammu

੧੮ ਮਾਘ ੨੦੧੮ ਬਿਕ੍ਰਮੀ ਫਰੰਗੀ ਰਾਮ ਦੇ ਘਰ ਜੰਮੂ

ਸਾਚਾ ਨਾਉਂ ਆਪਣਾ ਜਸ, ਜੁਗ ਜੁਗ ਆਪ ਸੁਣਾਇੰਦਾ। ਭਗਤਾਂ ਮਾਰਗ ਸੱਚਾ ਦੱਸ, ਹਰਿ ਸਾਚੇ ਰਾਹ ਚਲਾਇੰਦਾ। ਸੰਤਨ ਅੰਦਰ ਆਪੇ ਵਸ, ਆਪਣੀ ਬੂਝ ਬੁਝਾਇੰਦਾ। ਗੁਰਮੁਖਾਂ ਪੂਰੀ ਕਰੇ ਆਸ, ਆਸਾ ਮਨਸਾ ਪੂਰ ਕਰਾਇੰਦਾ। ਗੁਰਮੁਖਾਂ ਸਦਾ ਰੱਖੇ ਪਾਸ, ਆਪ ਆਪਣਾ ਬੰਧਨ ਪਾਇੰਦਾ। ਹਰਿ ਦਾ ਸੇਵਕ ਦਾਸੀ ਦਾਸ, ਜੁਗ ਜੁਗ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਖੋਲ੍ਹ ਨਿਰੰਕਾਰ, ਨਿਰਗੁਣ ਮਹਿਮਾ ਸ਼ਬਦ ਜਣਾਈਆ। ਸ਼ਬਦੀ ਸ਼ਬਦ ਕਰ ਪਸਾਰ, ਸ਼ਬਦ ਵੇਖੇ ਚਾਈਂ ਚਾਈਂਆ। ਸ਼ਬਦੀ ਗੁਰ ਰੂਪ ਕਰਤਾਰ, ਸ਼ਬਦ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਿਫ਼ਤ ਆਪ ਸਲਾਹੀਆ। ਏਕਾ ਨਾਮ ਸਿਫ਼ਤ ਸਲਾਹ, ਹਰਿ ਸਾਚਾ ਸਚ ਪਰਗਟਾਇੰਦਾ। ਏਕਾ ਨਾਉਂ ਦੋ ਜਹਾਨ, ਦੋ ਜਹਾਨਾਂ ਖੇਲ ਕਰਾਇੰਦਾ। ਆਪਣਾ ਨਾਉਂ ਦੱਸੇ ਹਰ ਘਟ ਥਾਂ, ਬ੍ਰਹਿਮੰਡ ਖੰਡ ਸਮਾਇੰਦਾ। ਏਕਾ ਨਾਉਂ ਨਿਰਗੁਣ ਸਰਗੁਣ ਲਏ ਧਰਾ, ਸਰਗੁਣ ਆਪਣਾ ਨਾਉਂ ਪਰਗਟਾਇੰਦਾ। ਗੁਰੂ ਗੁਰ ਵੇਸ ਲਏ ਪਰਗਟਾ, ਵੇਸ ਅਵੱਲੜਾ ਆਪ ਕਰਾਇੰਦਾ। ਖਾਣੀ ਬਾਣੀ ਲਏ ਰਚਾ, ਰਚ ਰਚ ਆਪਣੀ ਖੇਲ ਕਰਾਇੰਦਾ । ਵੇਦ ਸ਼ਾਸਤਰ ਸਿਮਰਤ ਲਏ ਬਣਾ, ਵੇਦ ਸ਼ਾਸਤਰ ਸਿਮਰਤ ਆਪਣੀ ਗੰਢ ਪੁਵਾਇੰਦਾ। ਚਾਰੇ ਖਾਣੀ ਚਾਰੇ ਬਾਣੀ, ਚਾਰੇ ਜੁਗ ਲਏ ਸਮਝਾ, ਚਾਰ ਵਰਨ ਭੇਦ ਚੁਕਾਇੰਦਾ। ਲੋਕਮਾਤ ਹੋਏ ਰੁਸ਼ਨਾ, ਅੰਧ ਅੰਧੇਰ ਗਵਾਇੰਦਾ। ਘਰ ਘਰ ਢੋਲਾ ਦਏ ਸੁਣਾ, ਘਟ ਘਟ ਅੰਦਰ ਰਾਗ ਸੁਣਾਇੰਦਾ। ਘਰ ਘਰ ਅੰਮ੍ਰਿਤ ਜਾਮ ਦਏ ਪਿਆ, ਸਾਚਾ ਅੰਮ੍ਰਿਤ ਮੁਖ ਚੁਆਇੰਦਾ। ਜੁਗ ਜੁਗ ਵਿਛੜੇ ਲਏ ਮਿਲਾ, ਆਤਮ ਪਰਮਾਤਮ ਮੇਲ ਕਰਾਇੰਦਾ। ਘਰ ਘਰ ਪਕੜੇ ਬਾਂਹ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਘਰ ਘਰ ਨਿਥਾਵਿਆਂ ਦੇਵੇ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਘਰ ਘਰ ਠੰਡੀ ਦੇਵੇ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਘਰ ਘਰ ਬਣੇ ਪਿਤਾ ਮਾਉਂ, ਪੂਤ ਸਪੂਤਾ ਵੇਖ ਵਖਾਇੰਦਾ। ਘਰ ਘਰ ਕਰੇ ਸਚ ਨਿਆਉਂ, ਜੁਗ ਜੁਗ ਝੇੜਾ ਆਪ ਮੁਕਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਘਰ ਘਰ ਨਿਉਂ ਨਿਉਂ ਲਾਗੇ ਪਾਉਂ, ਨਿਵਣ ਸੁ ਅੱਖਰ ਇਕ ਸਮਝਾਇੰਦਾ। ਏਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਰਗਟਾਇੰਦਾ। ਏਕਾ ਨਾਉਂ ਪਕੜੇ ਬਾਂਹੋਂ ਸੱਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਏਕਾ ਨਾਉਂ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ । ਏਕਾ ਨਾਉਂ ਠੰਡਾ ਸੀਤ, ਅਗਨੀ ਤੱਤ ਨਾ ਕੋਈ ਰਖਾਈਆ। ਏਕਾ ਨਾਉਂ ਸੁਹਾਗੀ ਗੀਤ, ਗੁਰ ਗੁਰ ਆਪ ਅਲਾਈਆ। ਏਕਾ ਨਾਉਂ ਰੱਖੇ ਧਾਮ ਅਨਡੀਠ, ਆਪ ਆਪਣੇ ਵਿਚ ਛੁਪਾਈਆ। ਏਕਾ ਨਾਉਂ ਚਲਾਏ ਸਾਚੀ ਰੀਤ, ਜੁਗ ਜੁਗ ਰਾਹ ਚਲਾਈਆ। ਹਰਿ ਕਾ ਨਾਉਂ ਪਤਿਤ ਪੁਨੀਤ, ਪਾਪੀ ਲਏ ਤਰਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਹਰਿ ਕਾ ਨਾਉਂ ਕਰਾਏ ਸਚ ਪ੍ਰੀਤ, ਪਾਰਬ੍ਰਹਮ ਸਰਨਾਈਆ। ਹਰਿ ਕਾ ਨਾਉਂ ਵਸਾਏ ਖੇੜਾ ਮੰਦਰ ਮਸੀਤ, ਗੁਰਦੁਆਰਾ ਮੱਠ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਪਰਗਟਾਈਆ। ਏਕਾ ਨਾਉਂ ਰਾਜਨ ਰਾਜ, ਭੂਪਤ ਭੂਪ ਖੇਲ ਕਰਾਇੰਦਾ। ਏਕਾ ਨਾਉਂ ਸਾਜਣ ਸਾਜ, ਘੜ ਭਾਂਡੇ ਵੇਖ ਵਖਾਇੰਦਾ। ਹਰਿ ਕਾ ਨਾਉਂ ਅਚਰਜ ਕਾਜ, ਸੁਰਤੀ ਸ਼ਬਦ ਬੰਧਨ ਪਾਇੰਦਾ। ਹਰਿ ਕਾ ਨਾਉਂ ਮਾਰੇ ਵਾਜ਼, ਰਸਨਾ ਜੇਹਵਾ ਨਾ ਕੋਈ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਧਰਾਇੰਦਾ। ਏਕਾ ਨਾਉਂ ਮਹਾਂਬੀਰ, ਬਲ ਆਪਣਾ ਆਪ ਵਖਾਈਆ। ਏਕਾ ਨਾਉਂ ਸਾਚਾ ਤੀਰ, ਤੀਰ ਨਿਰਾਲਾ ਇਕ ਚਲਾਈਆ। ਏਕਾ ਨਾਉਂ ਪੀਰਨ ਪੀਰ, ਦਸਤਗੀਰ ਇਕ ਅਖਵਾਈਆ। ਏਕਾ ਨਾਉਂ ਸੱਚਾ ਫ਼ਕੀਰ, ਫਿਕਰਾ ਹੋਰ ਨਾ ਕੋਈ ਬਣਾਈਆ। ਏਕਾ ਨਾਉਂ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਏਕਾ ਨਾਮ ਦੇਵੇ ਧੀਰ, ਸਤਿ ਸੰਤੋਖ ਵਡ ਵਡਿਆਈਆ। ਏਕਾ ਨਾਮ ਕੱਟੇ ਭੀੜ, ਹਉਮੇ ਰੋਗ ਗਵਾਈਆ। ਏਕਾ ਨਾਮ ਬੰਨ੍ਹੇ ਬੀੜ, ਬੰਨ੍ਹ ਬੇੜਾ ਆਪ ਚਲਾਈਆ। ਏਕਾ ਨਾਮ ਲੱਖ ਚੁਰਾਸੀ ਵੇਲਣੇ ਦੇਵੇ ਪੀੜ, ਏਕਾ ਏਕ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਦਰਸਾਈਆ। ਏਕਾ ਨਾਉਂ ਆਦਿ ਅੰਤ, ਹਰਿ ਸਾਚਾ ਸਚ ਪਰਗਟਾਇੰਦਾ। ਏਕਾ ਨਾਉਂ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਏਕਾ ਨਾਉਂ ਭਗਤ ਭਗਵੰਤ, ਭਗਵਾਨ ਆਪ ਵਰਤਾਇੰਦਾ। ਏਕਾ ਮੇਲਾ ਸਾਜਣ ਸੰਤ, ਸਤਿ ਸਤਿ ਸਮਝਾਇੰਦਾ। ਲੇਖਾ ਜਾਣੇ ਨਾਰੀ ਕੰਤ, ਗ੍ਰਹਿ ਮੰਦਰ ਸੋਭਾ ਪਾਇੰਦਾ। ਏਕਾ ਨਾਉਂ ਮਣੀਆ ਮੰਤ, ਮਨ ਆਸਾ ਪੂਰ ਕਰਾਇੰਦਾ। ਏਕਾ ਨਾਉਂ ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਸਮਝਾਇੰਦਾ। ਏਕਾ ਨਾਉਂ ਗੁਰੂ ਗੁਰਦੇਵ, ਗੁਰ ਗੁਰ ਰੂਪ ਧਰਾਈਆ। ਏਕਾ ਨਾਉਂ ਅਲੱਖ ਅਭੇਦ, ਲਿਖਿਆ ਕਦੇ ਨਾ ਜਾਈਆ। ਏਕਾ ਨਾਉਂ ਕਰੇ ਸਾਚੀ ਸੇਵ, ਜਨ ਭਗਤਾਂ ਸੇਵ ਕਮਾਈਆ। ਏਕਾ ਨਾਉਂ ਸਾਚਾ ਮੇਵ, ਅੰਮ੍ਰਿਤ ਫਲ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਉਂ ਹਰਿ ਕੀ ਧਾਰ, ਹਰਿ ਹਰਿ ਆਪ ਪਰਗਟਾਇੰਦਾ। ਏਕਾ ਨਾਉਂ ਖੇਲ ਅਪਾਰ, ਅਪਰੰਪਰ ਵੇਖ ਵਖਾਇੰਦਾ। ਏਕਾ ਨਾਉਂ ਰਹੇ ਜੁਗ ਚਾਰ, ਜੁਗ ਚੌਕੜੀ ਪੰਧ ਮੁਕਾਇੰਦਾ। ਏਕਾ ਨਾਮ ਵਣਜ ਵਾਪਾਰ, ਲੱਖ ਚੁਰਾਸੀ ਵਣਜ ਕਰਾਇੰਦਾ। ਏਕਾ ਨਾਉਂ ਡੁੱਬਦੇ ਪਾਥਰ ਦੇਵੇ ਤਾਰ, ਪਾਹਨ ਆਪਣੇ ਅੰਗ ਛੁਹਾਇੰਦਾ। ਏਕਾ ਨਾਉਂ ਸਤਿ ਜੈਕਾਰ, ਸਤਿ ਸਤਿਵਾਦੀ ਆਪ ਸੁਣਾਇੰਦਾ। ਏਕਾ ਨਾਉਂ ਧਰਮ ਆਧਾਰ, ਅਧਰਮ ਰੂਪ ਨਾ ਕੋਇ ਵਟਾਇੰਦਾ। ਏਕਾ ਨਾਉਂ ਕਰਮ ਕਾਂਡ ਤੇ ਵਸਿਆ ਬਾਹਿਰ, ਕਿਰਿਆ ਵਿਚ ਕਦੇ ਨਾ ਆਇੰਦਾ। ਏਕਾ ਨਾਉਂ ਸਚ ਭੰਡਾਰ, ਹਰਿ ਸੱਚਾ ਸਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਸਮਝਾਇੰਦਾ। ਏਕਾ ਨਾਉਂ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਏਕਾ ਨਾਉਂ ਸਚ ਨਿਸ਼ਾਨ, ਸਤਿ ਸਤਿਵਾਦੀ ਸਤਿ ਝੁਲਾਈਆ। ਏਕਾ ਨਾਉਂ ਰਾਜ ਰਾਜਾਨ, ਸ਼ਾਹ ਪਾਤਸ਼ਾਹ ਨਾਉਂ ਵਡਿਆਈਆ। ਏਕਾ ਨਾਉਂ ਹੁਕਮਰਾਨ, ਹੁਕਮੀ ਹੁਕਮ ਇਕ ਸੁਣਾਈਆ। ਏਕਾ ਨਾਮ ਹੋਏ ਪਰਧਾਨ, ਦੋ ਜਹਾਨਾਂ ਖੇਲ ਕਰਾਈਆ। ਏਕਾ ਨਾਉਂ ਦੇਵੇ ਦਾਨ, ਆਪਣੀ ਵਸਤ ਆਪ ਵਰਤਾਈਆ। ਏਕਾ ਨਾਮ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਏਕਾ ਨਾਉਂ ਮਰਦ ਮਰਦਾਨ, ਸਚ ਮਰਦਾਨਗੀ ਦਏ ਜਣਾਈਆ। ਏਕਾ ਨਾਉਂ ਬੇਪਹਿਚਾਨ, ਨਜ਼ਰ ਵਿਚ ਕਿਸੇ ਨਾ ਆਈਆ। ਏਕਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਗਾਣ, ਏਕਾ ਰਾਗ ਅਲਾਈਆ। ਏਕਾ ਨਾਉਂ ਬ੍ਰਹਮ ਗਿਆਨ, ਬ੍ਰਹਮ ਗਿਆਨੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਉਪਜਾਈਆ। ਏਕਾ ਨਾਮ ਹਰਿ ਹਰਿ ਅਤੁਟ, ਅਤੁਟ ਅਤੁਟ ਜਣਾਇੰਦਾ। ਹਰਿ ਕਾ ਨਾਉਂ ਸਰਬ ਸ੍ਰਿਸ਼ਟ, ਜੀਵ ਆਤਮ ਮੇਲ ਮਿਲਾਇੰਦਾ। ਹਰਿ ਕਾ ਨਾਮ ਖੋਲ੍ਹੇ ਦ੍ਰਿਸ਼ਟ, ਦੀਰਘ ਰੋਗ ਮਿਟਾਇੰਦਾ। ਏਕਾ ਨਾਉਂ ਮੰਗੇ ਰਾਮਾ ਵਸ਼ਿਸ਼ਟ, ਨੇਤਰ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਧਰਾਇੰਦਾ। ਏਕਾ ਨਾਮ ਸਾਚਾ ਕਾਹਨ, ਹਰਿ ਘਨਈਆ ਆਪ ਜਣਾਈਆ। ਏਕਾ ਨਾਮ ਸੱਚਾ ਰਾਮ, ਰਮਈਆ ਲਏ ਮਿਲਾਈਆ। ਏਕਾ ਨਾਮ ਦਏ ਪੈਗ਼ਾਮ, ਪੀਰ ਪਗ਼ੰਬਰ ਲਏ ਸਮਝਾਈਆ। ਏਕਾ ਨਾਮ ਸਤਿਨਾਮ, ਨਾਨਕ ਨਿਰਗੁਣ ਕਰੇ ਪੜ੍ਹਾਈਆ। ਏਕਾ ਨਾਮ ਗੁਣ ਨਿਧਾਨ, ਗੋਬਿੰਦ ਝੋਲੀ ਪਾਈਆ। ਏਕਾ ਨਾਮ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਵਖਾਈਆ। ਏਕਾ ਨਾਮ ਜੁਗ ਜੁਗ ਹੋਏ ਪਰਧਾਨ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਏਕਾ ਨਾਉਂ ਕਲਜੁਗ ਵੇਖੇ ਆਣ, ਲੋਕਮਾਤ ਵੇਸ ਵਟਾਈਆ। ਏਕਾ ਨਾਉਂ ਪਰਗਟ ਕਰੇ ਸ੍ਰੀ ਭਗਵਾਨ, ਆਪ ਆਪਣੀ ਦਇਆ ਕਮਾਈਆ। ਏਕਾ ਨਾਉਂ ਸੋਹੰ ਸ਼ਬਦ ਜਗਤ ਜੀਵ ਜਹਾਨ, ਜਨਮ ਮਰਨ ਕਟਾਈਆ। ਪਰਗਟ ਕਰੇ ਆਪ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਧਰਾਈਆ। ਕਲਜੁਗ ਅੰਤ ਕਰੇ ਕਲਿਆਣ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਕਾ ਨਾਉਂ ਹਰਿ ਸਮਝਾਈਆ।