੧੭ ਮਾਘ ੨੦੧੮ ਬਿਕ੍ਰਮੀ ਸਰਦਾਰੀ ਜੰਮੂ
ਸ਼ਾਹ ਪਾਤਸ਼ਾਹ ਤੇਰੀ ਉਡੀਕ, ਬਣ ਨਿਮਾਣੀ ਮਾਤ ਰਖਾਈਆ। ਮੇਰੇ ਨਾਲ ਜੋ ਪਿਛੇ ਗਈ ਬੀਤ, ਕੀ ਕੁਝ ਦੱਸਾਂ ਦਿਆਂ ਦੁਹਾਈਆ। ਜਿਧਰ ਵੇਖਾਂ ਨਜ਼ਰ ਔਣ ਸ਼ਰੀਕ, ਦੁੱਖ ਦਰਦ ਨਾ ਕੋਇ ਵੰਡਾਈਆ। ਮੇਰੀ ਛਾਤੀ ਉਤੇ ਗੁਰ ਅਵਤਾਰਾਂ ਮਾਰੀ ਲੀਕ, ਪੀਰ ਪੈਗ਼ੰਬਰ ਗਏ ਹੱਦ ਬਣਾਈਆ। ਜਿਉਂ ਭਾਵੇ ਤਿਉਂ ਤੂੰ ਕਰੀਂ ਠੀਕ, ਤੇਰੇ ਹੁਕਮੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਵੰਡ ਮੋਹੇ ਨਾ ਭਾਈਆ। ਤੇਰੀ ਵੰਡ ਅੱਡੋ ਅੱਡ, ਵਰਨ ਬਰਨ ਗੋਤ ਬਣਾਈਆ। ਪੀਰ ਪੈਗ਼ੰਬਰਾਂ ਭੰਨੇ ਮੇਰੇ ਹੱਡ, ਆਪਣਾ ਬਲ ਵਖਾਈਆ। ਅੱਡੋ ਅੱਡ ਨਿਸ਼ਾਨਾ ਗੱਡ, ਆਪਣਾ ਰਾਹ ਗਏ ਚਲਾਈਆ। ਮੈਂ ਜਾਣਾ ਤੂੰ ਵੱਸੇਂ ਪਾਰ ਹੱਦ, ਤੇਰਾ ਕਿਨਾਰਾ ਨਜ਼ਰ ਕਿਸੇ ਨਾ ਆਈਆ। ਆਪਣੀ ਵਡਿਆਈ ਪਿਛੇ ਗਏ ਛੱਡ, ਅੱਗੇ ਸੰਗ ਨਾ ਕੋਇ ਲੈ ਜਾਈਆ। ਜਿਧਰ ਵੇਖਾਂ ਡੂੰਘੀ ਖੱਡ, ਸਚ ਮਹੱਲ ਨਾ ਕੋਇ ਸੁਹਾਈਆ। ਬਿਨ ਭਗਤਾਂ ਤੇਰੀ ਬਣੇ ਨਾ ਕੋਈ ਯੱਦ, ਲੱਖ ਚੁਰਾਸੀ ਰਹੀ ਕੁਰਲਾਈਆ। ਜੁਗ ਚੌਕੜੀ ਮੈਂ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਤੇਰੀ ਸਰਨਾਈ ਗਏ ਢੱਠ, ਤੇਰਾ ਅੰਤ ਕੋਇ ਨਾ ਪਾਈਆ। ਇਕੋ ਕਹਿ ਗਏ ਵਸੇਂ ਘਟ ਘਟ, ਆਦਿ ਅੰਤ ਨਾ ਕੋਇ ਸਮਝਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਪਾ ਪਾ ਵੱਟ, ਆਪਣੇ ਬੰਨੇ ਗਏ ਬਣਾਈਆ। ਕੋਈ ਕਹੇ ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਕੋਈ ਕਹੇ ਜੱਟ, ਕੋਈ ਨੀਚੋ ਨੀਚ ਸਦਵਾਈਆ। ਕੋਈ ਕਹੇ ਮੈਂ ਖੋਲ੍ਹੇ ਚੌਦਾਂ ਹੱਟ, ਕੋਈ ਕਹੇ ਤ੍ਰਿਲੋਕੀ ਮੇਰੀ ਛਾਹੀਆ। ਕੋਈ ਕਹੇ ਪੁਰਖ ਸਮਰਥ, ਕੋਈ ਫਤਿਹ ਡੰਕਾ ਰਿਹਾ ਵਜਾਈਆ। ਸਭ ਤੇਰਾ ਗੌਂਦੇ ਗਏ ਜਸ, ਦਿਵਸ ਰੈਣ ਧਿਆਨ ਲਗਾਈਆ। ਮੇਰੀ ਛਾਤੀ ਗਏ ਵੱਢ, ਉਤੇ ਸ਼ਰਅ ਛੁਰੀ ਚਲਾਈਆ। ਮੇਰੇ ਬੁੱਢੇ ਹੋਏ ਹੱਡ, ਅੰਤ ਬਲ ਨਜ਼ਰ ਕੋਇ ਨਾ ਆਈਆ। ਮੈਂ ਤੇਰੇ ਹੁਕਮ ਅੰਦਰ ਗਈ ਬੱਝ, ਸਭ ਦੇ ਚਰਨਾਂ ਹੇਠਾਂ ਬੈਠੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਜੁਗ ਚੌਕੜੀ ਚੁੱਕਿਆ ਭਾਰ, ਸਾਚੀ ਸੇਵ ਕਮਾਈਆ। ਅੰਤਮ ਕਲਜੁਗ ਗਈ ਹਾਰ, ਮੇਰਾ ਬਲ ਨਾ ਸੰਗ ਨਿਭਾਈਆ। ਪ੍ਰਭ ਤੇਰੇ ਅੱਗੇ ਇਕ ਪੁਕਾਰ, ਮੈਂ ਇਕੋ ਆਸ ਤਕਾਈਆ। ਮੇਰਾ ਪਿਛਲਾ ਦੁੱਖ ਨਿਵਾਰ, ਬਣ ਦਰਦੀ ਦਰਦ ਵੰਡਾਈਆ। ਵਰਨ ਬਰਨ ਕਰ ਖ਼ਵਾਰ, ਜ਼ਾਤ ਪਾਤ ਰਹਿਣ ਨਾ ਪਾਈਆ। ਮਾਨਸ ਦੇ ਇਕ ਅਧਾਰ, ਮਨੁਖ ਏਕਾ ਗੁਣ ਸਮਝਾਈਆ। ਤੇਰੀ ਕਿਰਪਾ ਅੰਦਰ ਵਸੇ ਸਰਬ ਸੰਸਾਰ, ਤੇਰੀ ਮਿਹਰ ਨਾਲ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਮੇਰੀ ਆਸਾ ਪੂਰੀ ਦੇਣੀ ਕਰ, ਮੇਰੇ ਸਾਹਿਬ ਸੱਚੇ ਸੁਲਤਾਨਾ। ਜੁਗ ਚੌਕੜੀ ਲੰਘਾਏ ਡਰ ਡਰ, ਤੇਰਾ ਸੁਣਿਆ ਧੁਰ ਫ਼ਰਮਾਣਾ। ਗੁਰ ਅਵਤਾਰ ਆਪਣੀ ਗੋਦੀ ਧਰ ਧਰ, ਖਲਾਏ ਵਿਚ ਜਹਾਨਾਂ। ਅੰਤਮ ਸਾਰੇ ਗਏ ਛੱਡ ਛੱਡ, ਤੋੜ ਨਿਭਿਆ ਨਾ ਕੋਇ ਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਸ੍ਰੀ ਭਗਵਾਨਾ। ਮਿਹਰਵਾਨ ਹੋ ਦਿਆਲ, ਆਪਣੀ ਦਇਆ ਕਮਾਈਆ। ਤੇਰੀ ਲੱਗੀ ਨਿਭੇ ਨਾਲ, ਏਕਾ ਘਰ ਵਖਾਈਆ। ਜੁਗ ਜੁਗ ਭਗਤ ਭਗਵੰਤ ਬਣ ਦਲਾਲ, ਲੋਕਮਾਤ ਫੇਰਾ ਪਾਈਆ। ਤੂੰ ਜਾ ਕੇ ਗੁਰਮੁਖਾਂ ਅੱਗੇ ਕਰ ਸੁਵਾਲ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚਾ ਲੇਖਾ ਲਿਖ ਲਿਖ ਲੇਖ, ਹਰਿ ਲਿਖਣਹਾਰ ਸਮਝਾਈਆ। ਭਗਤ ਦੁਆਰਾ ਇਕੋ ਟੇਕ, ਮਿਲੇ ਮਾਤ ਸਰਨਾਈਆ। ਪੁਰਖ ਅਬਿਨਾਸ਼ੀ ਆਪਣਾ ਖੋਲ੍ਹਿਆ ਭੇਤ, ਭੇਵ ਆਪ ਚੁਕਾਈਆ। ਸਦਾ ਸੁਹੇਲਾ ਕਰੇ ਹੇਤ, ਕਲਜੁਗ ਅੰਤਮ ਵੇਸ ਵਟਾਈਆ। ਰੁੱਤ ਬਸੰਤੀ ਇਕੋ ਚੇਤ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। ਗੁਰਮੁਖ ਸਾਚਾ ਸਚ ਮਹੱਲਾ, ਹਰਿ ਸੱਜਣ ਆਪ ਵਸਾਇੰਦਾ। ਡੇਰਾ ਰੱਖੇ ਪਾਰ ਜਲਾ ਥਲਾ, ਜਲ ਥਲ ਰਾਹ ਵਿਚ ਨਾ ਕੋਇ ਅਟਕਾਇੰਦਾ। ਓਥੇ ਮਿਲੇ ਇਕ ਇਕੱਲਾ, ਏਕੰਕਾਰ ਫੇਰਾ ਪਾਇੰਦਾ। ਜੋਤੀ ਧਾਰ ਸ਼ਬਦੀ ਰਲਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਅੱਗੇ ਜਾ ਕੇ ਡਾਹਵੀਂ ਪੱਲਾ, ਏਕਾ ਗੁਣ ਸਮਝਾਇੰਦਾ। ਜਨ ਭਗਤਾਂ ਪਿਛੇ ਤੇਰਾ ਕਰ ਜਾਏ ਭਲਾ, ਤੇਰਾ ਦੁੱਖ ਗਵਾਇੰਦਾ। ਜੁਗ ਚੌਕੜੀ ਮੇਟੇ ਸਲਾ, ਸਲ ਦੂਜਾ ਨਾ ਕੋਇ ਜਣਾਇੰਦਾ। ਲੇਖਾ ਚੁੱਕੇ ਰਾਣੀ ਅੱਲਾ, ਮੁਹੰਮਦ ਵੰਡ ਨਾ ਕੋਇ ਵੰਡਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਹੋਏ ਝੱਲਾ, ਜਾਤ ਪਾਤ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਆਪਣੇ ਹੱਥ ਫੜ ਕੇ ਆਇਆ ਭੱਲਾ, ਚਾਰੋਂ ਕੁੰਟ ਫੇਰਾ ਪਾਇੰਦਾ। ਜੁਗ ਜੁਗ ਜੋ ਕਰਦਾ ਰਿਹਾ ਵਲ ਛਲਾ, ਅੰਤਮ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਗੁਰਮੁਖ ਦੁਆਰਾ ਇਕ ਸਮਝਾਇੰਦਾ। ਗੁਰਮੁਖ ਦਰ ਸਚ ਮੁਨਾਰਾ, ਸੋਭਾਵੰਤ ਆਪ ਸੁਹਾਈਆ। ਨਿਰਮਲ ਨੂਰ ਜੋਤ ਉਜਿਆਰਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਸ਼ਬਦ ਨਾਦ ਧੁਨ ਜੈਕਾਰਾ, ਸੋਹੰ ਢੋਲਾ ਗਾਈਆ। ਪੜਦਾ ਉਹਲਾ ਵਿਚ ਸੰਸਾਰਾ, ਭੇਵ ਕੋਇ ਨਾ ਪਾਈਆ। ਕਰੇ ਖੇਲ ਅਗੰਮ ਅਪਾਰਾ, ਅਨਭਵ ਆਪਣੀ ਧਾਰ ਚਲਾਈਆ। ਦੋ ਜਹਾਨਾਂ ਹੋ ਉਜਿਆਰਾ, ਏਕਾ ਡੰਕ ਸੁਣਾਈਆ। ਸਾਚੇ ਸੰਤਾਂ ਦੇ ਸਹਾਰਾ, ਇਕੋ ਓਟ ਰਖਾਈਆ। ਨੇਤਰ ਲੋਚਣ ਨੈਣ ਦਰਸ ਦੀਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸਲਾਹੀਆ। ਗੁਰਮੁਖ ਵਸੇ ਸਾਚੇ ਧਾਮ, ਧਾਮ ਅਵੱਲੜਾ ਆਪ ਬਣਾਇੰਦਾ। ਜਿਥੇ ਵਸੇ ਏਕੋ ਰਾਮ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਥੇ ਹੱਸੇ ਇਕੋ ਸ਼ਾਮ, ਏਕਾ ਖ਼ੁਸ਼ੀ ਮਨਾਇੰਦਾ। ਜਿਥੇ ਦੇਵੇ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਜਿਥੇ ਜਪਾਏ ਸਤਿਨਾਮ, ਨਾਮ ਸਤਿ ਆਪ ਹੋ ਆਇੰਦਾ। ਸੋ ਸਾਹਿਬ ਸ੍ਰੀ ਭਗਵਾਨ, ਆਪ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਗੁਰਮੁਖਾਂ ਮਿਲਿਆ ਆਣ, ਭਗਤ ਭਗਤੀ ਵੇਖ ਵਖਾਇੰਦਾ। ਜੋਤੀ ਜਾਤਾ ਦੋ ਜਹਾਨ, ਕੁੱਲੀ ਕੱਖਾਂ ਅੰਦਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਪਰਗਟਾਇੰਦਾ। ਧਰਨੀ ਕਹੇ ਮੇਰੇ ਭਗਵਾਨ, ਤੇਰੇ ਹੱਥ ਮੇਰੀ ਵਡਿਆਈਆ। ਤੇਰਾ ਭਗਤ ਮੇਰਾ ਨਿਸ਼ਾਨ, ਲੋਕਮਾਤ ਇਕ ਰਖਾਈਆ। ਸੱਚਾ ਦੇਣਾ ਝੋਲੀ ਦਾਨ, ਬਣ ਨਿਮਾਣੀ ਮੰਗ ਮੰਗਾਈਆ। ਕਲਜੁਗ ਨਾਤਾ ਤੁਟੇ ਵਿਚ ਜਹਾਨ, ਜੂਠ ਝੂਠ ਦੇ ਖਪਾਈਆ। ਅੱਗੇ ਗੁਰਮੁਖ ਸੱਜਣ ਮਿਲੇ ਸੁਜਾਨ, ਚਤੁਰ ਤੇਰੀ ਸਰਨਾਈਆ। ਮੈਂ ਵੇਖਾਂ ਦਰਸ਼ਨ ਦਰ ਦਰ ਆਣ, ਘਰ ਘਰ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਤੇਰੇ ਭਗਤ ਮੰਗ ਮੰਗਾਈਆ। ਤੇਰਾ ਭਗਤ ਮੇਰਾ ਪਿਆਰ, ਮੇਰੀ ਟੁੱਟੀ ਗੰਢ ਵਖਾਇੰਦਾ । ਤੂੰ ਕਿਰਪਾ ਕਰ ਆਪ ਕਰਤਾਰ, ਦੇਵਣਹਾਰ ਸਦ ਅਖਵਾਇੰਦਾ। ਮੇਰਾ ਦੁਖੜਾ ਜਾਏ ਜੁਗ ਚਾਰ, ਅਗਲਾ ਸੁਖ ਇਕ ਸੁਹਾਇੰਦਾ। ਮੈਂ ਤੇਰਿਆਂ ਭਗਤਾਂ ਕਰਾਂ ਦਰਸ ਦੀਦਾਰ, ਨੇਤਰ ਆਪਣਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰਾ ਭਗਤ ਮੇਰਾ ਘਰ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੇਰਾ ਖੇਲ ਮਹਾਨ, ਤੇਰੀ ਇਛਿਆ ਸਾਚੀ ਭਿਛਿਆ ਵਸਤ ਦੋ ਜਹਾਨ ਤੂੰ ਹੀ ਵਰਤਾਇੰਦਾ। ਭਗਤਾਂ ਸੰਗ ਹਰਿ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਭਗਤਾਂ ਕੱਟੇ ਹਉਮੇ ਰੋਗ, ਮਮਤਾ ਮੋਹ ਮਿਟਾਇੰਦਾ। ਭਗਤਾਂ ਦੇਵੇ ਸਾਚਾ ਜੋਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਭਗਤਾਂ ਕੱਢੇ ਝੂਠਾ ਖੋਟ, ਜੂਠ ਝੂਠ ਰਹਿਣ ਨਾ ਪਾਇੰਦਾ। ਭਗਤਨ ਦੇਵੇ ਭੰਡਾਰ ਅਤੋਟ, ਭੰਡਾਰ ਹਰਿ ਜੂ ਇਕੋ ਵਾਰ ਵਰਤਾਇੰਦਾ । ਭਗਤਾਂ ਨਾਤਾ ਤੋੜੇ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਭਗਤਾਂ ਜਗਾਏ ਨਿਰਮਲ ਜੋਤ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤਾਂ ਆਪ ਮਿਲਾਇੰਦਾ। ਭਗਤਨ ਅੰਦਰ ਹਰਿ ਕਾ ਵਾਸ, ਹਰ ਘਟ ਵਾਸੀ ਆਪ ਰਖਾਈਆ। ਭਗਤਨ ਅੰਦਰ ਖੇਲ ਤਮਾਸ਼, ਗੋਪੀ ਕਾਹਨ ਨਾਚ ਨਚਾਈਆ। ਭਗਤਨ ਅੰਦਰ ਪੁਰਖ ਅਬਿਨਾਸ਼, ਨਿਰਗੁਣ ਬੈਠਾ ਡੇਰਾ ਲਾਈਆ। ਭਗਤਨ ਅੰਦਰ ਭਗਤੀ ਸਵਾਸ, ਸਵਾਸ ਸਵਾਸ ਆਪਣਾ ਰੰਗ ਚੜ੍ਹਾਈਆ। ਭਗਤਨ ਅੰਦਰ ਹੋ ਹੋ ਦਾਸ, ਬਣ ਦਾਸੀ ਸੇਵ ਕਮਾਈਆ। ਜਨ ਭਗਤਾਂ ਕਰੇ ਬੰਦ ਖੁਲਾਸ, ਏਕਾ ਆਪਣਾ ਬੰਦਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਸੰਗ ਸਹਾਈਆ। ਹੇ ਪ੍ਰਭੂ ਮੇਰੇ ਸਮਰਥ, ਤੂੰ ਵੱਡਾ ਵਡ ਵਡਿਆਈਆ। ਮੈਂ ਸੁਣਿਆਂ ਤੇਰਾ ਜਸ, ਦੋ ਜਹਾਨ ਵੱਜੀ ਵਧਾਈਆ। ਤੂੰ ਭਗਤਾਂ ਮਿਲੇਂ ਹੱਸ ਹੱਸ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਤੂੰ ਪੰਧ ਮੁਕਾਇਆ ਨੱਸ ਨੱਸ, ਲੋਆਂ ਪੁਰੀਆਂ ਪਾਰ ਕਰਾਈਆ। ਤੂੰ ਪਰੇਮ ਪਿਆਰ ਅੰਦਰ ਗਿਆ ਫਸ, ਆਪਣਾ ਬੰਧਨ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਖਾਈਆ। ਹੇ ਪ੍ਰਭੂ ਮੇਰੇ ਠਾਕਰ, ਦੀਨ ਦਿਆਲ ਰਘੁਨਾਥਾ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਬੇਅੰਤ ਬੇਅੰਤ ਬੇਅੰਤ ਤੇਰੀ ਗਾਥਾ। ਦਰ ਆਇਆਂ ਤੂੰ ਦੇਵੇ ਆਦਰ, ਦੀਨਨ ਸਹਾਈ ਤਿਲੋਕੀ ਨਾਥਾ। ਤੂੰ ਸਾਹਿਬ ਸੁਲਤਾਨ ਵੱਡ ਬਹਾਦਰ, ਵਿਸ਼ਨ ਬ੍ਰਹਮਾ ਸ਼ਿਵ ਗੁਰ ਪੀਰ ਅਵਤਾਰ ਤੇਰਾ ਦਾਸੀ ਦਾਸਾ। ਤੂੰ ਆਦਿ ਜੁਗਾਦਿ ਸੱਚਾ ਸੁਦਾਗਰ, ਚਰਨ ਕਵਲ ਦੇਵੇ ਸਚ ਭਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਕਰਨੀ ਆਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਕਲਜੁਗ ਅੰਤਮ ਤੇਰਿਆ ਗੁਰਸਿਖਾਂ ਨਾਲ ਵੇਖਾਂ ਤੇਰਾ ਤਮਾਸ਼ਾ। ਹਰਿ ਤਮਾਸ਼ਾ ਜਿਸ ਵੇਖਣਾ ਜਗ, ਧਰਨੀ ਹਰਿ ਸਮਝਾਇੰਦਾ। ਭਗਤ ਪਿਆਰ ਅੰਦਰ ਜਾਏ ਬੱਝ, ਪ੍ਰੀਤੀ ਪ੍ਰੀਤ ਇਕ ਸਮਝਾਇੰਦਾ। ਪਰੇਮ ਅਗਨ ਵਿਚ ਜਾਏ ਦਝ, ਅਗਨੀ ਤੱਤ ਨਾ ਕੋਇ ਵਖਾਇੰਦਾ। ਜਗਤ ਸ਼ਰਅ ਪਾਰ ਕਰੇ ਹੱਦ, ਏਕਾ ਘਰ ਵਖਾਇੰਦਾ। ਹਰਿ ਸੰਗਤ ਵਿਚ ਬਹੇ ਸਜ, ਸੋ ਜਨ ਹਰਿ ਕਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਪੜਦਾ ਲਏ ਕਜ, ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਤਮਾਸ਼ਾ ਸਾਚੀ ਰਾਸ, ਹਰਿ ਸੱਚਾ ਸਚ ਜਣਾਇੰਦਾ। ਸ਼ੰਕਰ ਵੇਖੇ ਉਤੇ ਕੈਲਾਸ਼, ਭੇਵ ਅਭੇਵ ਚੁਕਾਇੰਦਾ। ਬ੍ਰਹਮਾ ਵੇਖੇ ਬ੍ਰਹਮ ਪਰਕਾਸ਼, ਪਾਰਬ੍ਰਹਮ ਪਰਗਟਾਇੰਦਾ। ਵਿਸ਼ਨੂੰ ਵੇਖ ਕਹੇ ਸ਼ਾਬਾਸ਼, ਤੇਰਾ ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਆਦਿ ਜੁਗਾਦਿ ਮੈਂ ਭਗਤਾਂ ਸਾਥ, ਸਗਲਾ ਸੰਗ ਨਿਭਾਇੰਦਾ। ਏਥੇ ਓਥੇ ਦੋ ਜਹਾਨਾਂ ਹੋਵਾਂ ਦਾਸ, ਬਣ ਸੇਵਕ ਸੇਵ ਕਮਾਇੰਦਾ। ਕਲਜੁਗ ਅੰਤਮ ਵਸਾਂ ਪਾਸ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਪਿਛੇ ਲੋਕਮਾਤ ਕੱਟਾਂ ਆਪ ਬਨਵਾਸ, ਬਿਨ ਜੰਗਲ ਜੂਹ ਫੇਰਾ ਪਾਇੰਦਾ। ਮੇਰਾ ਭਗਤ ਨਾ ਹੋਏ ਉਦਾਸ, ਬਿਨ ਭਗਤੀ ਦਇਆ ਕਮਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਚੌਕੜੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਅਨਡਿਠੜੀ ਡੋਰ ਇਕ ਰਖਾਇੰਦਾ। ਧਰਨੀ ਕਹੇ ਤੇਰਾ ਅਜ਼ਬ ਤਮਾਸ਼ਾ, ਮੈਂ ਵੇਖ ਹੋਈ ਹੈਰਾਨ। ਘਟ ਘਟ ਅੰਦਰ ਤੇਰਾ ਵਾਸਾ, ਮੇਰੇ ਸਾਹਿਬ ਸਚ ਸੁਲਤਾਨ। ਖਾਲੀ ਦਿਸੇ ਨਾ ਕੋਈ ਪਾਸਾ, ਮੇਰੇ ਭਗਤ ਵਛਲ ਭਗਵਾਨ। ਤੂੰ ਗੁਰਮੁਖਾਂ ਕਰੇ ਪੂਰੀ ਆਸਾ, ਦੇਵੇਂ ਦਰਸ ਦਾਨ। ਮੈਂ ਮੰਗਾਂ ਚਰਨ ਭਰਵਾਸਾ, ਬਖ਼ਸ਼ਿਸ਼ ਕਰੀਂ ਮਿਹਰਵਾਨ। ਤੇਰੇ ਦਰ ਨਾ ਜਾਏ ਕੋਈ ਨਿਰਾਸਾ, ਜੋ ਚਰਨੀ ਡਿਗੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਹੋਣਾ ਆਪ ਮਿਹਰਵਾਨ। ਮਿਹਰਵਾਨ ਮੇਰੇ ਦੀਨ ਦਿਆਲ, ਮੈਂ ਤੇਰੀ ਓਟ ਤਕਾਈਆ। ਖ਼ੁਸ਼ ਹੋਈ ਵੇਖ ਤੇਰੇ ਗੁਰਮੁਖ ਲਾਲ, ਘਰ ਘਰ ਵੱਜੇ ਵਧਾਈਆ। ਬਿਨ ਵੇਖਿਉਂ ਹੋਇਉਂ ਦਲਾਲ, ਅਨਡਿਠੜਾ ਰੂਪ ਧਰਾਈਆ। ਤੇਰੀ ਅਵੱਲੜੀ ਵੇਖੀ ਚਾਲ, ਤੇਰੀ ਸਾਰ ਕੋਇ ਨਾ ਆਈਆ। ਤੂੰ ਆਪੇ ਪੁਛਿਆ ਹਾਲ, ਆਪਣਾ ਫੇਰਾ ਪਾਈਆ। ਮੇਰੀ ਬੇਨੰਤੀ ਤੇਰੇ ਅੱਗੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣੇ ਗੁਰਮੁਖਾਂ ਨਾਲ ਮਿਲਾਈਆ। ਹਰਿ ਜੂ ਮੈਂ ਫਿਰਕੇ ਆਈ ਸਭ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਤੈਨੂੰ ਕੋਈ ਨਾ ਸਕੇ ਲੱਭ, ਕਿਉਂ ਬੈਠਾ ਮੁੱਖ ਛੁਪਾਇਆ। ਸਾਧ ਸੰਤ ਕਲਜੁਗ ਸੁੱਟੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਇਆ। ਇਕ ਦੂਜੇ ਦੀਆਂ ਕੰਡਾਂ ਰਹੇ ਵੱਢ, ਛੁਰੀ ਹੰਕਾਰ ਹੱਥ ਉਠਾਇਆ । ਦੀਨ ਮਜ਼੍ਹਬ ਪਾ ਪਾ ਵੰਡ, ਤੇਰਾ ਨਾਉਂ ਰਹੇ ਸਲਾਹਿਆ। ਬਿਨ ਤੇਰੇ ਨਾਮੇ ਹੋਏ ਰੰਡ, ਖਾਲੀ ਬੁੱਤ ਰਹੇ ਕੁਰਲਾਇਆ। ਚਾਰ ਵਰਨ ਵੇਖਿਆ ਭੇਖ ਪਾਖੰਡ, ਪੇਖੀ ਜਗਤ ਨਜ਼ਰੀ ਆਇਆ। ਕੋਈ ਨਾ ਗਾਵੇ ਤੇਰਾ ਇਕੋ ਛੰਦ, ਜਿਸ ਗਾਇਆਂ ਦੁੱਖ ਰਹੇ ਨ ਰਾਇਆ। ਮੈਂ ਤੇਰਿਆਂ ਭਗਤਾਂ ਦੁਆਰੇ ਵੇਖਿਆ ਏਕਾ ਅਨੰਦ, ਅਨੰਦ ਅਨੰਦ ਵਿਚ ਸਮਾਇਆ। ਮੇਰਾ ਖ਼ੁਸ਼ੀ ਹੋਇਆ ਬੰਦ ਬੰਦ, ਮੈਂ ਪਿਛਲਾ ਦੁੱਖ ਭੁਲਾਇਆ। ਮੇਰੇ ਨੇਤਰ ਕਾਲਜੇ ਪਾਈ ਠੰਡ, ਮੇਰਾ ਆਤਮ ਸਾਂਤ ਕਰਾਇਆ। ਧੰਨ ਭਾਗ ਤੂੰ ਗੁਰਮੁਖ ਚਾੜ੍ਹੇ ਚੰਦ, ਕਲਜੁਗ ਅੰਧੇਰਾ ਅੰਤ ਗਵਾਇਆ। ਮੇਰੀ ਇਕੋ ਇਕ ਮੰਗ, ਤੂੰ ਬਖ਼ਸ਼ੀਂ ਸਚ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਦੂਜੀ ਵਸਤ ਨਾ ਕੋਇ ਮੰਗਾਈਆ। ਹਰਿ ਜੂ ਤੇਰੀ ਅਚਰਜ ਰੀਤ, ਅਸਚਰਜ ਤੇਰੀ ਵਡਿਆਈਆ। ਕਿਧਰੇ ਮੰਦਰ ਕਿਧਰ ਮਸੀਤ, ਕਿਧਰੇ ਗੁਰੂਦੁਆਰ ਸੁਹਾਈਆ। ਕਿਧਰੇ ਜਾਣੇ ਜਣਾਏ ਸਾਚੇ ਗੀਤ, ਕਿਧਰੇ ਗੁਰ ਗੁਰ ਕਰੇ ਪੜ੍ਹਾਈਆ। ਕਿਧਰੇ ਵਸੇਂ ਧਾਮ ਅਨਡੀਠ, ਆਪਣਾ ਭੇਵ ਨਾ ਕਿਸੇ ਜਣਾਈਆ। ਬਾਹਰੋਂ ਤੇਰੀ ਕਰਦੇ ਵੇਖੇ ਪ੍ਰੀਤ, ਕਲਜੁਗ ਜੀਵ ਰਸਨਾ ਜਿਹਵਾ ਢੋਲਾ ਗਾਈਆ। ਅੰਦਰੋਂ ਆਤਮ ਕਿਸੇ ਨਾ ਵੇਖੀਂ ਠੰਡੀ ਸੀਤ, ਤ੍ਰੈਗੁਣ ਅਗਨੀ ਰਹੀ ਜਲਾਈਆ। ਮੈਂ ਨੇਤਰ ਖੋਲ੍ਹ ਵੇਖਿਆ ਤੇਰੀ ਨਜ਼ਰੀ ਆਈ ਛੋਟੀ ਝੀਤ, ਦੂਸਰ ਰਾਹ ਨਾ ਕੋਇ ਰਖਾਈਆ। ਤੇਰੀ ਧਾਰਾ ਵੇਖੀ ਬਰੀਕ, ਰੂਪ ਰੰਗ ਨਾ ਕੋਇ ਵਡਿਆਈਆ। ਮੈਂ ਚਲ ਕੇ ਆਈ ਨਜ਼ਦੀਕ, ਆਪਣਾ ਪੰਧ ਮੁਕਾਈਆ। ਅੱਗੇ ਤੇਰਾ ਭਗਤ ਵੇਖਿਆ ਜਿਸ ਦਾ ਦਿਸੇ ਨਾ ਕੋਇ ਸ਼ਰੀਕ, ਏਕਾ ਰੰਗ ਰਿਹਾ ਸਮਾਈਆ। ਸਦਾ ਤੇਰੇ ਮਿਲਣ ਦੀ ਰੱਖੇ ਉਡੀਕ, ਆਤਮ ਸੇਜਾ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖੌਣਾ ਸਾਚਾ ਘਰ, ਜਿਸ ਘਰ ਹਰਿਜਨ ਲਏ ਮਿਲਾਈਆ। ਆ ਵੇਖ ਮਿਲਿਆ ਮੇਲਾ, ਸੋ ਪੁਰਖ ਨਿਰੰਜਣ ਆਪ ਮਿਲਾਇਆ। ਪਹਿਲੋਂ ਵੇਖਿਆ ਇਕੋ ਗੁਰਸਿਖ ਸਿੰਘ ਚੇਲਾ, ਸਿੰਘ ਰੂਪ ਵਟਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦੀਨਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਘਰ ਬਹਾਇਆ। ਹਰਿਜਨ ਵੇਖ ਇਕੋ ਘਰ, ਘਰ ਬਾਹਰੀ ਆਪ ਵਖਾਇੰਦਾ। ਇਕ ਦੂਜੇ ਦਾ ਪੱਲੂ ਫੜ, ਬੰਧਨ ਬੰਧ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸਮਝਾਇੰਦਾ। ਸਾਚਾ ਘਰ ਸਚ ਮਕਾਨ, ਹਰਿ ਸਾਚਾ ਸਚ ਜਣਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਈਆ। ਜਿਸ ਮੰਦਰ ਮਿਲੇ ਧੁਰ ਫ਼ਰਮਾਣ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗ੍ਰਹਿ ਏਕਾ ਮੰਦਰ, ਖੇਲੇ ਖੇਲ ਅੰਦਰੇ ਅੰਦਰ, ਆਤਮ ਪਰਮਾਤਮ ਆਪਣਾ ਰੰਗ ਵਖਾਈਆ।
