੧੭ ਮਾਘ ੨੦੧੮ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਸ਼ੇਖਸਰ ਜੰਮੂ
ਪੁਰਖ ਅਬਿਨਾਸ਼ੀ ਦੇ ਧਰਵਾਸ, ਹਰਿ ਚਰਨ ਸਰਨ ਸਹਾਰਾ। ਮੈਂ ਨੇਤਰ ਖੋਲ੍ਹ ਵੇਖਾਂ ਅਕਾਸ਼, ਉਪਰ ਰੋਵੇ ਸੂਰਜ ਚੰਨ ਸਿਤਾਰਾ। ਕੋਈ ਨਾ ਕਰੇ ਬੰਦ ਖ਼ਲਾਸ, ਅੰਤ ਦਿਸੇ ਨਾ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਅਧਾਰਾ। ਨਾਮ ਅਧਾਰ ਦੇ ਭਗਵਾਨ, ਹੱਥ ਤੇਰੇ ਵਡਿਆਈਆ। ਤੂੰ ਦੇਵਣਹਾਰਾ ਸੱਚਾ ਦਾਨ, ਵਸਤ ਅਮੋਲਕ ਆਪ ਵਰਤਾਈਆ। ਤੇਰਾ ਖੇਲ ਦੋ ਜਹਾਨ, ਦੋਏ ਦੋਏ ਰੂਪ ਸਮਾਈਆ। ਤੇਰਾ ਹੁਕਮ ਸਚ ਫ਼ਰਮਾਣ, ਹੁਕਮੇ ਅੰਦਰ ਸਰਬ ਲੋਕਾਈਆ। ਤੇਰਾ ਮੰਦਰ ਧੁਰ ਮਕਾਨ, ਹਉਂ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੋਣਾ ਅੰਤ ਸਹਾਈਆ। ਅੰਤ ਸਹਾਈ ਹੋਣਾ ਭਗਵਾਨ, ਏਕਾ ਦਰ ਤਕਾਇਆ। ਮੈਂ ਸੇਵਾ ਕਰਾਂ ਮਹਾਨ, ਬਣ ਸੇਵਕ ਰੂਪ ਵਟਾਇਆ। ਲੱਖ ਚੁਰਾਸੀ ਦੇਵਾਂ ਪਕਵਾਨ, ਘਰ ਘਰ ਰਿਜ਼ਕ ਸੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਹਾਲ ਸੁਣਾਇਆ। ਅੱਗੇ ਹਾਲ ਤੇਰੇ ਦੱਸ, ਮੈਂ ਆਪਣੀ ਕਥਾ ਰਹੀ ਸੁਣਾਈਆ। ਲੱਖ ਚੁਰਾਸੀ ਤੇਰੇ ਜੀਵ ਜੰਤ ਮੈਨੂੰ ਚਰਨਾਂ ਹੇਠਾਂ ਰਹੇ ਝੱਸ, ਉਪਰ ਆਪਣਾ ਭਾਰ ਪਾਈਆ। ਤੇਰੇ ਹੁਕਮ ਬੱਧੀ ਕਿਸੇ ਪਾਸੇ ਨਾ ਸਕਾਂ ਨੱਸ, ਨੇਤਰ ਰੋ ਰੋ ਨੀਰ ਵਹਾਈਆ। ਪਾਪੀਆਂ ਭਾਰ ਚੁੱਕ ਚੁੱਕ ਗਈ ਥੱਕ, ਮੇਰੀ ਔਧ ਵਿਹਾਈਆ। ਮੈਂ ਬੁੱਢੜੀ ਮੇਰਾ ਟੁੱਟਾ ਲੱਕ, ਹੱਡੀ ਰੀੜ ਰਹਿਣ ਨਾ ਪਾਈਆ। ਪਾਰਬ੍ਰਹਮ ਕਰ ਕਿਰਪਾ ਆਪਣੀ ਗੋਦੀ ਚੁੱਕ, ਮੈਂ ਦਰ ਦਰ ਦਿਆਂ ਦੁਹਾਈਆ। ਦੁਸ਼ਟਾਂ ਹੰਕਾਰੀਆਂ ਕੋਲੋਂ ਮੇਰਾ ਪੜਦਾ ਢਕ, ਮੰਗੀ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੇਰਾ ਸੀਸ ਵੇਖ ਖੁਲ੍ਹਾ ਝਾਟਾ, ਨੇਤਰ ਨੈਣਾਂ ਨੀਰ ਵਹਾਇਆ। ਮੇਰਾ ਕੋਇ ਨਾ ਕਰੇ ਪੂਰਾ ਘਾਟਾ, ਮੇਰੀ ਝੋਲੀ ਨਾ ਕੋਇ ਭਰਾਇਆ। ਮੈਂ ਤੱਕ ਕੇ ਆਈ ਨੇੜੇ ਵਾਟਾ, ਦਰ ਤੇਰੇ ਪੰਧ ਮੁਕਾਇਆ। ਤੂੰ ਅੰਮ੍ਰਿਤ ਦਿਤਾ ਗੋਬਿੰਦ ਬਾਟਾ, ਏਕਾ ਵਾਰ ਮੁੱਖ ਚੁਆਇਆ। ਇਕ ਖੁਲ੍ਹਾਇਆ ਸੱਚਾ ਹਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮੰਗਾਂ ਸਰਨ ਸਰਨਾਇਆ। ਦਿਸ਼ਾ ਮੇਰੀ ਔਧ ਵੇਖ ਵੇਲਾ ਅੰਤ, ਅੰਤ ਅੰਤ ਕੁਰਲਾਈਆ। ਚਾਰੋਂ ਕੁੰਟ ਕੋਈ ਨਾ ਸੰਗੀ ਜੀਵ ਜੰਤ, ਜੀਵ ਜੰਤ ਦੇਣ ਦੁਹਾਈਆ। ਕੋਈ ਨਾ ਮਿਲਿਆ ਸਾਧ ਸੰਤ, ਸਾਧ ਸੰਤ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਇਕੋ ਆਸ ਪੁਚਾਈਆ। ਮੇਰੀ ਇਕੋ ਆਸ ਖ਼ੁਦਾ, ਵੇਖ ਖ਼ਲਕ ਰਹੀ ਕੁਰਲਾਈਆ। ਮੈਂ ਤੇਰੇ ਉਤੋਂ ਹੋਈ ਫ਼ਿਦਾ, ਆਪਣੀ ਫ਼ਿਤਰਤ ਮਾਤ ਮਿਟਾਈਆ। ਤੇਰਿਆਂ ਪੀਰਾਂ ਪੈਗ਼ੰਬਰਾਂ ਮੇਰਾ ਤਨ ਮਨ ਵਿਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹਾਲ ਵੇਖ ਮੇਰੇ ਮਾਹੀਆ। ਤੇਰੇ ਪੀਰ ਤੇਰੇ ਪੈਗ਼ੰਬਰ, ਤੇਰੀ ਰਹਿਮਤ ਵਿਚ ਸਰਨਾਈਆ। ਰਚ ਕੇ ਗਏ ਜਗਤ ਅਡੰਬਰ, ਅੱਡ ਅੱਡ ਰਾਹ ਚਲਾਈਆ। ਆਪਣਾ ਕਰਕੇ ਗਏ ਸਵੰਬਰ, ਅੱਲਾ ਰਾਣੀ ਨਾਲ ਪਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸੱਜਣ ਸਚ ਗੁਸਾਈਆ। ਪੀਰ ਪੈਗ਼ੰਬਰ ਵੇਖ ਫਕੀਰ, ਫਿਕਰਾ ਇਕੋ ਇਕ ਸੁਣਾਇੰਦੀ। ਹੱਥ ਪੈਰ ਵੱਝਾ ਜੰਜੀਰ, ਸ਼ਰਅ ਤੰਦ ਨਾ ਕੋਇ ਤੁੜਾਇੰਦੀ। ਮੈਂ ਅੰਤ ਹੋਈ ਹਕੀਰ, ਆਪਣਾ ਬਲ ਗੁਵਾਇੰਦੀ। ਤੂੰ ਸਾਹਿਬ ਬੇਨਜ਼ੀਰ, ਤੇਰੇ ਅੱਗੇ ਵਾਸਤਾ ਪਾਇੰਦੀ। ਤੂੰ ਬਦਲ ਮੇਰੀ ਤਕਦੀਰ, ਤਕਸੀਰ ਤੇਰੇ ਹੱਥ ਵਖਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਰਹਿਮਤ ਮੰਗ ਮੰਗਾਇੰਦੀ। ਤੇਰੀ ਰਹਿਮਤ ਮੇਰੇ ਰਹਿਮਾਨ, ਹੱਥ ਤੇਰੇ ਵਡਿਆਈਆ। ਮੇਰੀ ਛਾਤੀ ਚੜ੍ਹੇ ਪੰਜ ਸ਼ੈਤਾਨ, ਨਵ ਖੰਡ ਦੇਣ ਦੁਹਾਈਆ। ਜੂਠੇ ਝੂਠੇ ਢੋਲੇ ਬਹਿ ਬਹਿ ਗਾਣ, ਉਚੀ ਕੂਕ ਕੂਕ ਸੁਣਾਈਆ। ਤੇਰਾ ਭੁੱਲਿਆ ਨਾਉਂ ਸ੍ਰੀ ਭਗਵਾਨ, ਤੇਰੀ ਭਗਤੀ ਹੱਥ ਕਿਸੇ ਨਾ ਆਈਆ। ਮੰਦਰ ਮਸਜਦ ਖੋਲ੍ਹ ਦੁਕਾਨ, ਜਗਤ ਹੱਟ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਅਗਨ ਤੱਤ ਬੁਝਾਈਆ। ਮੇਰਾ ਅਗਨੀ ਤੱਤ ਦੇ ਬੁਝਾ, ਮੈਂ ਏਕਾ ਮੰਗ ਮੰਗਾਈ। ਦੂਈ ਦਵੈਤੀ ਪੜਦਾ ਦੇ ਉਠਾ, ਮੇਰੇ ਸਾਹਿਬ ਸੱਚੇ ਸਾਂਈ। ਜ਼ਾਤ ਪਾਤ ਦੇ ਮਿਟਾ, ਏਕਾ ਰੰਗ ਰੰਗਾਈਂ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਸਮਝਾ, ਏਕਾ ਗੁਣ ਵਖਾਈਂ। ਮੈਂ ਘਟ ਘਟ ਰਿਹਾ ਸਮਾ, ਹਿੰਦੂ ਮੁਸਲਮ ਹਰ ਘਟ ਥਾਈਂ। ਪਿਛਲਾ ਲਹਿਣਾ ਦੇ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਵਡਿਆਈ। ਪੁਰਖ ਅਬਿਨਾਸ਼ੀ ਮਰਦ ਮਰਦਾਨਾ, ਏਕਾ ਗੁਣ ਸਮਝਾਇੰਦਾ। ਚਾਰ ਜੁਗ ਮੇਰਾ ਖੇਲ ਮਹਾਨਾ, ਜੁਗ ਜੁਗ ਆਪ ਕਰਾਇੰਦਾ। ਗੁਰ ਅਵਤਾਰਾਂ ਦੇ ਦੇ ਦਾਨਾ, ਸਚ ਨਿਸ਼ਾਨਾ ਮਾਤ ਰਖਾਇੰਦਾ । ਪੀਰ ਪੈਗ਼ੰਬਰਾਂ ਦੇ ਕਲਾਮਾ, ਕਲਮਾ ਅਮਾਮ ਆਪ ਪੜ੍ਹਾਇੰਦਾ। ਦੀਨ ਮਜ਼੍ਹਬ ਪਰਗਟਾ ਇਸਲਾਮਾ, ਆਪਣਾ ਇਸਮ ਛੁਪਾਇੰਦਾ। ਬਰਦੇ ਬਣਾ ਬਣਾ ਹੁਕਮ ਦਏ ਗ਼ੁਲਾਮਾ, ਸਾਚੀ ਸੇਵਾ ਸਚ ਕਰਾਇੰਦਾ। ਜਗਤ ਨੌਬਤ ਇਕ ਦਮਾਮਾ, ਦਰ ਦਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਕਰੇ ਖੇਲ ਵੰਡੇ ਹਦੂਦ, ਹੱਦ ਆਪਣੀ ਆਪ ਬਣਾਈਆ। ਆਪੇ ਦੱਸੇ ਸਚ ਅਰੂਜ, ਉਲਫਤ ਵਿਚ ਕਦੇ ਨਾ ਆਈਆ। ਕਿਸੇ ਨੂੰ ਕਹੇ ਮੈਂ ਤੇਰਾ ਮਹਿਬੂਬ, ਕਿਸੇ ਰਾਮ ਰਾਮ ਸਮਝਾਈਆ। ਕਿਸੇ ਕਹੇ ਵਸੇ ਬਿਨ ਕਲਬੂਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਚਾਰ ਜੁਗ ਵੰਡ ਅਪਾਰ, ਜੁਗ ਜੁਗ ਕਰਦਾ ਆਇਆ। ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਖੇਲ ਨਿਆਰ, ਹਰਿ ਸੱਜਣ ਆਪ ਖਿਲਾਇਆ। ਹਿੰਦੂ ਮੁਸਲਮ ਵੇਖ ਵਿਚਾਰ, ਈਸਾ ਆਪਣੀ ਗੰਢ ਪੁਵਾਇਆ। ਗੋਬਿੰਦ ਸੂਰਾ ਕਰ ਤਿਆਰ, ਸਾਬਤ ਸੂਰਤ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਆਪਣਾ ਖੇਲ ਕਰੇ ਕਰਤਾਰ, ਭੇਵ ਕੋਇ ਨਾ ਪਾਇੰਦਾ। ਵੰਡਾਂ ਪਾਏ ਵਿਚ ਸੰਸਾਰ, ਵੰਡ ਵੰਡ ਆਪਣੀ ਖ਼ੁਸ਼ੀ ਮਨਾਇੰਦਾ। ਪੀਰਾਂ ਨਾਲ ਪੀਰ ਕਰਾਏ ਤਕਰਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੱਲ ਆਪ ਕਰਾਇੰਦਾ। ਪੈਗ਼ੰਬਰ ਨਾਲ ਪੈਗ਼ੰਬਰ ਲੜਾ, ਲੜ ਆਪਣਾ ਲਏ ਛੁਡਾਈਆ। ਕਿਸੇ ਨੂੰ ਕਹੇ ਇਕ ਖ਼ੁਦਾ, ਏਕਾ ਨੂਰ ਅਲਾਹੀਆ। ਕਿਸੇ ਨੂੰ ਕਹੇ ਵਾਹਿਗੁਰੂ ਬੇਪਰਵਾਹ, ਵਾਹਿਗੁਰੂ ਫਤਹਿ ਗਜਾਈਆ। ਕਿਸੇ ਹੱਥ ਕਲਮਾ ਸ਼ਰਅ ਦਏ ਫੜਾ, ਸ਼ਰੀਅਤ ਵੰਡ ਵੰਡਾਈਆ। ਕਿਸੇ ਹੱਥ ਤਲਵਾਰ ਦਏ ਟਿਕਾ, ਚੰਡ ਪਰਚੰਡ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਿਸੇ ਨੂੰ ਕਹੇ ਖ਼ੁਦਾਵੰਦ ਕਰੀਮ, ਖ਼ੁਦ ਆਪਣੀ ਖੇਲ ਕਰਾਇੰਦਾ। ਕਿਸੇ ਕਹੇ ਸਤਿਨਾਮ ਸੱਚੀ ਤਕਸੀਮ, ਸਚਖੰਡ ਦੁਆਰ ਵਖਾਇੰਦਾ। ਕਿਸੇ ਨੂੰ ਕਹੇ ਅਲਫ਼ ਯੇ ਸੀਨ, ਨੁਕਤਾ ਨੂਨ ਨਾ ਕੋਈ ਜਣਾਇੰਦਾ। ਕਿਸੇ ਨੂੰ ਕਹੇ ਪੈਂਤੀਸ ਅੱਖਰੀ ਹੋਏ ਅਧੀਨ, ਅੱਖਰ ਅੱਖਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਕਿਸੇ ਕਹੇ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਸਮਾਈਆ। ਕਿਸੇ ਕਹੇ ਏਕੰਕਾਰ, ਸਚਖੰਡ ਬੈਠਾ ਆਸਣ ਲਾਈਆ। ਕਿਸੇ ਕਹੇ ਰਾਮ ਰਾਮ ਪਿਆਰ, ਰਮਿਆ ਹਰ ਘਟ ਥਾਈਂਆ। ਕਿਸੇ ਕਹੇ ਕ੍ਰਿਸ਼ਨ ਕ੍ਰਿਸ਼ਨ ਸ਼ੰਗਾਰ, ਮੋਰ ਮੁਕਟ ਸੀਸ ਸੁਹਾਈਆ। ਕਿਸੇ ਕਹੇ ਭਗਤ ਦੁਆਰ, ਹਰਿ ਭਗਵਾਨ ਫੇਰਾ ਪਾਈਆ। ਕਿਸੇ ਕਹੇ ਦੁਸ਼ਟ ਦਮਨ ਸਰਦਾਰ, ਜਿਸ ਮਿਲੀ ਮਾਣ ਵਡਿਆਈਆ। ਕਿਸੇ ਕਹੇ ਵੇਖੇ ਜੁਗ ਚਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਕਿਸੇ ਕਹੇ ਆਦਿ ਜੁਗਾਦਿ ਪਸਾਰ, ਜੁਗ ਜੁਗ ਖੇਲ ਕਰਾਈਆ। ਕਿਸੇ ਕਹੇ ਗੁਰ ਅਵਤਾਰ, ਕਿਸੇ ਨਬੀ ਰਸੂਲ ਵਖਾਈਆ। ਕਿਸੇ ਕਹੇ ਪੜ੍ਹ ਪੜ੍ਹ ਵੇਦ ਚਾਰ, ਕਿਸੇ ਸ਼ਾਸਤਰ ਸਿਮਰਤ ਰਿਹਾ ਸੁਣਾਈਆ । ਕਿਸੇ ਕਹੇ ਗੀਤਾ ਗਿਆਨ ਉਜਿਆਰ, ਕਿਸੇ ਅੰਜ਼ੀਲ ਕੁਰਾਨ ਜਣਾਈਆ। ਕਿਸੇ ਕਹੇ ਸਾਚੀ ਬਾਣੀ ਮਾਰੇ ਬਾਣ, ਬਾਣ ਨਿਰਾਲਾ ਤੀਰ ਚਲਾਈਆ। ਕਿਸੇ ਕਹੇ ਫਤਿਹ ਜੈਕਾਰ, ਫਤਿਹ ਡੰਕਾ ਇਕ ਲਗਾਈਆ। ਕਿਸੇ ਕਹੇ ਰਮਿਆ ਸੰਸਾਰ, ਕਿਸੇ ਕਹੇ ਨਿਰਗੁਣ ਵਸੇ ਧਾਮ ਨਿਆਰ ਸੱਚਾ ਮਾਹੀਆ। ਕਰੇ ਖੇਲ ਅਗੰਮ ਅਪਾਰ, ਆਪਣੀ ਕਾਰ ਆਪ ਕਮਾਈਆ। ਦੀਨ ਮਜ਼੍ਹਬ ਵੇਖ ਸਲਾਮ, ਸ਼ਰਅ ਸ਼ਰੀਅਤ ਖੇਲ ਕਰਾਈਆ। ਨਾਮ ਸਤਿ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਇਕ ਇਕੱਲਾ, ਹਰਿ ਸੱਚਾ ਆਪ ਕਰਾਇੰਦਾ। ਆਪ ਵਸਾਏ ਜਗਤ ਮਹੱਲਾ, ਜੁਗ ਜੁਗ ਵੇਖ ਵਖਾਇੰਦਾ। ਰਾਮ ਕ੍ਰਿਸ਼ਨ ਫੜਾਇਆ ਆਪੇ ਪੱਲਾ, ਈਸਾ ਮੂਸਾ ਉਂਗਲੀ ਲਾਇੰਦਾ। ਮੁਹੰਮਦ ਉਠਾਇਆ ਆਪੇ ਝੱਲਾ, ਆਪਣੀ ਝਲਕ ਜਣਾਇੰਦਾ। ਨਾਨਕ ਨਿਰਗੁਣ ਜੋਤ ਆਪੇ ਰਲਾ, ਜੋਤੀ ਜੋਤ ਸਮਾਇੰਦਾ। ਗੋਬਿੰਦ ਸੰਦੇਸ ਏਕਾ ਘਲਾ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਕਰਾਇੰਦਾ। ਸਾਚੀ ਵੰਡ ਹਰਿ ਸੁਲਤਾਨ, ਨਿਰਗੁਣ ਵੰਡੀ ਵੰਡ ਕਰਾਈਆ। ਦੀਨ ਮਜ਼੍ਹਬ ਮਾਤ ਨਿਸ਼ਾਨ, ਕਲਜੁਗ ਬੰਧਨ ਪਾਈਆ। ਗੁਰ ਅਵਤਾਰ ਕਰ ਬਲਵਾਨ, ਪੀਰ ਪੀਰਾਂ ਨਾਲ ਟਕਰਾਈਆ। ਵੇਖੇ ਖੇਲ ਸ੍ਰੀ ਭਗਵਾਨ, ਆਪਣਾ ਬਲ ਆਪ ਅਜ਼ਮਾਈਆ। ਦੂਰ ਦੁਰਾਡਾ ਨੌਜਵਾਨ, ਵਿਚ ਮੈਦਾਨ ਕਦੇ ਨਾ ਆਈਆ। ਧੁਰ ਫ਼ਰਮਾਣਾ ਦੇ ਫ਼ਰਮਾਣ, ਹੁਕਮੀ ਹੁਕਮ ਸੁਣਾਈਆ। ਰਣ ਭੂਮੀ ਖੇਲ ਮਹਾਨ, ਹਰਿ ਸੱਚਾ ਸੇਵ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਆਪਣਾ ਰੰਗ ਰੰਗੇ ਨਿਰੰਕਾਰਾ, ਏਕਾ ਰੰਗ ਰੰਗਾਇੰਦਾ। ਖੜਗ ਖੰਡਾ ਦੇ ਕਟਾਰਾ, ਤੀਰ ਕਮਾਨ ਚਿੱਲਾ ਹੱਥ ਫੜਾਇੰਦਾ। ਪਰਗਟ ਹੋ ਵਿਚ ਸੰਸਾਰਾ, ਸਰਗੁਣ ਸਰਗੁਣ ਨਾਲ ਟਕਰਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੁਗ ਜੁਗ ਹੌਲਾ ਕਰੇ ਭਾਰਾ, ਦੁਸ਼ਟ ਹੰਕਾਰੀ ਆਪ ਖਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਸ ਧਰਾਇੰਦਾ। ਚਾਰੋਂ ਕੁੰਟ ਕਹੇ ਲਲਕਾਰ, ਊਚੀ ਕੂਕ ਕੂਕ ਸੁਣਾਇੰਦਾ। ਪੀਰ ਪੀਰ ਕਰੇ ਖ਼ੁਵਾਰ, ਦਰ ਦਰ ਦਰ ਫਿਰਾਇੰਦਾ। ਨੀਹਾਂ ਹੇਠਾਂ ਗੋਬਿੰਦ ਬਾਲੇ ਦਏ ਸੁਆਲ, ਤਰਸ ਨਾ ਕੋਇ ਕਮਾਇੰਦਾ। ਮੈਂ ਘਾਲੀ ਪੂਰੀ ਘਾਲ, ਪ੍ਰਭ ਦੀ ਸਾਚੀ ਸੇਵ ਕਮਾਇੰਦਾ। ਮੇਰਾ ਵੱਜੇ ਇਕੋ ਤਾਲ, ਜੂਠ ਝੂਠ ਨਾਚ ਨਚਾਇੰਦਾ। ਮੇਰਾ ਵਿਛਿਆ ਸੱਚਾ ਜਾਲ, ਲੱਖ ਚੁਰਾਸੀ ਵਿਚ ਫਸਾਇੰਦਾ। ਮੇਰਾ ਸੰਗੀ ਬਣਿਆ ਕਾਲ, ਘਰ ਘਰ ਡੌਰੂ ਵਾਹਿੰਦਾ। ਚਾਰੋਂ ਕੁੰਟ ਹੋਣ ਬੇਹਾਲ, ਸਿਰ ਅੰਤਮ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਇੰਦਾ। ਆਪਣੀ ਖੇਲ ਕਰੇ ਗੋਬਿੰਦ, ਮਹਿਮਾ ਆਪਣੇ ਹੱਥ ਰਖਾਇੰਦਾ। ਧਰਨੀ ਤੇਰੀ ਲੱਖ ਚੁਰਾਸੀ ਬਿੰਦ, ਤੇਰੀ ਗੋਦ ਬਹਾਇੰਦਾ। ਨਾਲ ਰਲਾਏ ਸੁਰਪਤ ਇੰਦ, ਕਰੋੜ ਤੇਤੀਸਾ ਸੰਗ ਨਿਭਾਇੰਦਾ। ਸ਼ੰਕਰ ਲੱਥੇ ਅੰਤਮ ਚਿੰਦ, ਸਹਿੰਸਾ ਰੋਗ ਮਿਟਾਇੰਦਾ। ਬ੍ਰਹਮਾ ਕਰੇ ਸਰਬ ਬਖ਼ਸ਼ਿੰਦ, ਬ੍ਰਹਮ ਮੇਰਾ ਇਕ ਬਖ਼ਸ਼ਾਇੰਦਾ। ਵਿਸ਼ਨੂੰ ਕਹੇ ਗੁਣੀ ਗਹਿੰਦ, ਹਰਿ ਆਪਣੀ ਖੇਲ ਕਰਾਇੰਦਾ। ਪਹਿਲੋਂ ਜੀਵ ਜੰਤ ਲਗਾਏ ਨਿੰਦ, ਮੂੰਹ ਥੁੱਕਾਂ ਨਾਲ ਭਰਾਇੰਦਾ। ਫਿਰ ਫੜ ਫੜ ਕੱਢੇ ਜਿੰਦ, ਰਾਏ ਧਰਮ ਆਪ ਉਠਾਇੰਦਾ। ਅੰਤਮ ਖਾਲੀ ਕਰੇ ਜੀਓ ਪਿੰਡ, ਜਗਤ ਖੇੜਾ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਆਪ ਸਮਝਾਇੰਦਾ। ਧਰਨੀ ਸੁਣ ਅੰਤਮ ਬਾਤ, ਹਰਿ ਬਾਤਨ ਆਪ ਜਣਾਈਆ। ਤੇਰੀ ਪੁੱਛਣ ਆਇਆ ਬਾਤ, ਰੂਪ ਅਨੂਪ ਵਟਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਜੂਠ ਝੂਠ ਰਹਿਣ ਨਾ ਪਾਈਆ। ਪੀਰ ਪੀਰਾਂ ਟੁੱਟੇ ਸਾਕ, ਸੱਜਣ ਸੈਣ ਨਾ ਕੋਇ ਬਣਾਈਆ। ਨਾਤਾ ਤੁੱਟੇ ਜਗਤ ਪਾਠ, ਪੂਜਾ ਸੰਧਿਆ ਨਾ ਕੋਈ ਕਰਾਈਆ। ਰਹਿਣ ਨਾ ਪਾਏ ਤੀਰਥ ਤਾਟ, ਤਟ ਕਿਨਾਰਾ ਨਾ ਕੋਇ ਵਡਿਆਈਆ। ਤੇਰੇ ਉਤੇ ਕੋਈ ਨਾ ਦਿਸੇ ਝੂਠਾ ਹਾਟ, ਝੂਠੀ ਵਸਤ ਨਾ ਕੋਈ ਵਕਾਈਆ। ਕੋਇ ਨਾ ਕਰੇ ਤੇਰਾ ਘਾਤ, ਛੁਰੀ ਫੜੇ ਨਾ ਕੋਇ ਕਸਾਈਆ। ਕੋਈ ਨਾ ਪਟੇ ਡੂੰਘਾ ਖਾਤ, ਮਾਇਆ ਲਏ ਦਬਾਈਆ। ਕੋਈ ਨਾ ਵੇਖੇ ਮਾਰ ਝਾਤ, ਨੇਤਰ ਨੈਣ ਉਠਾਈਆ। ਸਭ ਉਤਾਰੇ ਇਕੋ ਘਾਟ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਆਪ ਕਮਾਈਆ। ਤੇਰੀ ਮੈਂਢੀ ਗੁੰਦੇ ਸੀਸ, ਏਕਾ ਏਕ ਜਣਾਇੰਦਾ। ਤੇਰੀ ਰੱਛਿਆ ਕਰੇ ਜਗਦੀਸ, ਬਲ ਆਪਣਾ ਆਪ ਧਰਾਇੰਦਾ। ਜੁਗ ਚੌਕੜੀ ਪੀਸਣ ਲਿਆ ਪੀਸ, ਕੀਤੀ ਘਾਲ ਲੇਖੇ ਪਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦੇਵੇ ਇਕ ਹਦੀਸ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰਦੀ ਦਰਦ ਵੰਡਾਇੰਦਾ। ਤੇਰੀ ਦਰਦ ਮਿਟੇ ਦੁੱਖ, ਹਰਿ ਦੁਖੀਆਂ ਗਲੇ ਲਗਾਈਆ। ਇਕ ਉਪਜਾਵੇ ਸਾਚਾ ਸੁਖ, ਘਰ ਸਾਚੇ ਵੱਜੇ ਵਧਾਈਆ। ਜਨ ਭਗਤਾਂ ਕਰੇ ਉਜਲ ਮੁੱਖ, ਦੇਵੇ ਮਾਣ ਵਡਿਆਈਆ। ਸਿੰਘ ਰੂਪ ਪਏ ਬੁੱਕ, ਏਕਾ ਭਬਕ ਲਗਾਈਆ। ਕੂੜ ਕੁੜਿਆਰਾ ਜਾਏ ਮੁੱਕ, ਆਪਣਾ ਮੁੱਖ ਛੁਪਾਈਆ। ਜੂਠਾ ਝੂਠਾ ਬੂਟਾ ਜਾਏ ਸੁੱਕ, ਹਰਿਆ ਫੇਰ ਨਾ ਕੋਇ ਕਰਾਈਆ। ਮਨਮੁਖਾਂ ਮੁੱਖ ਪਏ ਥੁੱਕ, ਗੁਰਮੁਖਾਂ ਦਏ ਵਡਿਆਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤ, ਤੇਰੀ ਰੁੱਤ ਸੁਹਾਈਆ। ਤੇਰੀ ਫਲਵਾੜੀ ਜਾਏ ਫੁਟ, ਬੂਟਾ ਲੋਕਮਾਤ ਵਖਾਈਆ। ਤੂੰ ਨੇਤਰਾਂ ਵੇਖਣਾ ਉਠ, ਚਾਰੋਂ ਕੁੰਟ ਲਹਿਰ ਲਹਿਰਾਈਆ। ਸਾਹਿਬ ਸਤਿਗੁਰ ਪਿਆ ਤੁਠ, ਤੇਰਾ ਦੁੱਖ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲਾ ਭਾਰ ਆਪ ਕਰਾਈਆ। ਤੇਰੇ ਸਿਰ ਤੋਂ ਲੱਥੇ ਭਾਰ, ਹਰਿ ਸਾਚਾ ਆਪੇ ਲਾਹਿੰਦਾ। ਤੂੰ ਸੇਵਾ ਕਰੀਂ ਜੁਗ ਚਾਰ, ਜੁਗ ਚੌਕੜੀ ਬੰਧਨ ਪਾਇੰਦਾ। ਤੇਰੇ ਦਰ ਰੋਵਣ ਯਾਰ ਚਾਰ, ਮੁਹੰਮਦ ਵਾਸਤਾ ਗਲ ਵਿਚ ਪਾਇੰਦਾ। ਊਚੀ ਕੂਕ ਕੂਕ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਮੇਰੀ ਮਦਦ ਕਰ ਮੇਰੇ ਮਦਦਗਾਰ, ਇਕੋ ਮੰਗ ਮੰਗਾਇੰਦਾ। ਮੇਰੀ ਸਦੀ ਗਈ ਹਾਰ, ਸੱਦਾ ਗੁਰ ਗੁਰ ਆਪ ਸੁਣਾਇੰਦਾ। ਮੇਰੀ ਬੱਧੀ ਛੁੱਟੀ ਵਿਚ ਸੰਸਾਰ, ਮੇਰੀ ਉਮਤ ਗੰਢ ਨਾ ਕੋਈ ਪੁਵਾਇੰਦਾ। ਡੂੰਘੀ ਭਵਰੀ ਡਿਗੀ ਮੂੰਹ ਦੇ ਭਾਰ, ਫੜ ਬਾਂਹੋਂ ਨਾ ਕੋਈ ਉਠਾਇੰਦਾ। ਮੇਰਾ ਦੁਖੜਾ ਸੁਣੇ ਨਾ ਕੋਈ ਮੀਤ ਮੁਰਾਰ, ਮੱਕੇ ਕਾਅਬੇ ਸੰਗ ਨਾ ਕੋਈ ਨਿਭਾਈਆ। ਮੇਰਾ ਹੁਜ਼ਰਾ ਹੋਇਆ ਖ਼ੁਆਰ, ਮੇਰੀ ਮਹਿਰਾਬ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦੁਆਰਾ ਮੰਗੇ ਵਰ, ਖਾਲੀ ਹੱਥ ਵਖਾਇੰਦਾ ਖ਼ਾਲੀ ਹੱਥ ਕੱਟੀ ਲਬ, ਮੁਛ ਦਾੜ੍ਹੀ ਨਜ਼ਰ ਨਾ ਆਈਆ। ਵੱਡਾ ਛੋਟਾ ਨਾ ਕੋਈ ਕੱਦ, ਬੱਲ ਆਪਣਾ ਨਾ ਕੋਈ ਜਣਾਈਆ । ਬੁੱਢਾ ਸ਼ੇਖ਼ ਬੁੱਢੇ ਹੱਡ, ਰੋ ਰੋ ਦਏ ਦੁਹਾਈਆ। ਸਦੀ ਚੌਧਵੀਂ ਗਈ ਲਦ, ਵੇਲਾ ਵਕਤ ਵਹਾਈਆ। ਮੇਰਾ ਮੁੱਕਾ ਪੈਂਡਾ ਨਾ ਕੋਈ ਹੱਦ, ਅੱਗੇ ਰਾਹ ਨਾ ਕੋਈ ਵਖਾਈਆ। ਪੁਰਖ ਅਬਿਨਾਸ਼ੀ ਦਰ ਦੁਆਰਿਉਂ ਦਿਤਾ ਕੱਢ, ਨਾ ਹੋਏ ਕੋਈ ਸਹਾਈਆ। ਸੰਗੀ ਸਾਥੀ ਗਏ ਛੱਡ, ਚਾਰ ਯਾਰੀ ਨਾ ਤੋੜ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਵੇਖ ਧਰਨੀ ਦਰ ਪੁਕਾਰ, ਮੁਹੰਮਦ ਰਿਹਾ ਸੁਣਾਈਆ। ਬੌਹੜੀ ਵਿਛੜੇ ਮੇਰੇ ਯਾਰ, ਯਾਰੀ ਤੋੜ ਨਾ ਕੋਇ ਨਿਭਾਈਆ। ਧਰਨੀ ਦਏ ਨਾ ਕੋਈ ਆਧਾਰ, ਮੈਂ ਆਪਣੀ ਉਮਤ ਏਹਦੀ ਗੋਦ ਬਹਾਈਆ। ਫੜ ਫੜ ਹੱਡੀਆਂ ਖਾ ਗਈ ਵਿਚ ਸੰਸਾਰ, ਰੱਤੀ ਰੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਨਾ ਜਾਣੇ ਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਇਕ ਦੂਜੇ ਆਪ ਜਣਾਇੰਦਾ। ਧਰਨੀ ਦਿਤਾ ਮੁਹੰਮਦ ਸਹਾਰਾ, ਮੁਹੰਮਦ ਉਮਤ ਧਰਤੀ ਵਿਚ ਦਬਾਇੰਦਾ। ਅੰਤ ਦੋਹਾਂ ਮੇਲਾ ਇਕ ਕਿਨਾਰਾ, ਹਰਿ ਜੂ ਆਪਣਾ ਪੱਤਣ ਇਕ ਵਖਾਇੰਦਾ। ਇਕ ਆਵੇ ਇਕ ਜਾਵੇ ਦੋਵੇਂ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਧਰਨੀ ਕਹੇ ਚੁਕਿਆ ਨਾ ਜਾਏ ਭਾਰਾ, ਮੁਹੰਮਦ ਕਹੇ ਮੇਰਾ ਸੀਸ ਨਾ ਭਾਰ ਉਠਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਦੋ ਜਹਾਨ ਵਸੇ ਬਾਹਰਾ, ਆਪਣਾ ਹੁਕਮ ਵਰਤਾਇੰਦਾ। ਇਕ ਦੂਜੇ ਦੀ ਕੱਢੋ ਵਗਾਰਾ, ਸਿਰ ਨਾਲ ਸਿਰ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਇੰਦਾ। ਸੀਸ ਨਾਲ ਸੀਸ ਲਓ ਵਟਾ, ਹਰਿ ਸਾਚੇ ਸਚ ਜਣਾਇਆ। ਮੁਹੰਮਦ ਅੱਗੋਂ ਮਾਰੇ ਧਾ, ਸੁਣ ਮੇਰੇ ਖ਼ੁਦਾ ਖ਼ੁਦਾਵੰਦ ਰਾਇਆ। ਮੈਥੋਂ ਲੱਖ ਚੁਰਾਸੀ ਭਾਰ ਚੁਕਿਆ ਨਾ ਜਾ, ਆਪਣਾ ਬਲ ਨਾ ਕੋਈ ਜਣਾਇਆ। ਮੈਂ ਆਪਣੀ ਉਮਤ ਨਾ ਸਕਿਆ ਉਠਾ, ਅੰਤ ਸੰਗ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਈ ਸਰਨਾਇਆ। ਧਰਨੀ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਤੇਰੀ ਲੱਖ ਚੁਰਾਸੀ ਦਾ ਚੁੱਕਿਆ ਭਾਰ, ਦਰ ਤੇਰੇ ਸੇਵ ਕਮਾਈਆ। ਮੇਰੇ ਉਤੋਂ ਪੱਤਤ ਪਾਪੀ ਦੇਣੇ ਮਾਰ, ਦੁਸ਼ਟ ਹੰਕਾਰੀ ਰਹਿਣ ਨਾ ਪਾਈਆ। ਸਾਚੇ ਭਗਤ ਕਰ ਉਜਿਆਰ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਹੌਲਾ ਹੋ ਜਾਏ ਭਾਰ, ਦੁੱਖ ਰਹੇ ਨਾ ਰਾਈਆ। ਕਲਜੁਗ ਦੇਣਾ ਦਰ ਦੁਰਕਾਰ, ਮੁਹੰਮਦ ਦੇਵੇ ਨਾ ਫੇਰ ਸਲਾਹੀਆ। ਛੋਟਾ ਬਾਲਾ ਲੈਣਾ ਉਠਾਲ, ਸਤਿਜੁਗ ਸਾਚੇ ਜਨਮ ਦੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਖੇਲ ਵੇਖਾਂ ਚਾਈਂ ਚਾਈਂਆ। ਤੇਰੀ ਖੇਲ ਵੇਖਣ ਦਾ ਚਾਉ ਘਨੇਰਾ, ਮੈਂ ਇਕੋ ਓਟ ਤਕਾਈਆ। ਚਾਰ ਜੁਗ ਭੁਲਾਇਆ ਕਰ ਕਰ ਹੇਰਾ ਫੇਰਾ, ਗੁਰੂ ਗੁਰ ਗੁਰ ਸੇਵ ਕਮਾਈਆ। ਅੰਤਮ ਕਲਜੁਗ ਪਾਇਆ ਫੇਰਾ, ਨਿਰਗੁਣ ਆਪਣਾ ਵੇਸ ਵਟਾਈਆ। ਜੁਗ ਚੌਕੜੀ ਢਾਹਿਆ ਢੇਰਾ, ਖ਼ਾਕੀ ਖ਼ਾਕ ਵਖਾਈਆ। ਚਲ ਕੇ ਆਇਉਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਨਾ ਕੋਈ ਸੰਝ ਨਾ ਸਵੇਰਾ, ਏਕਾ ਨੂਰ ਦਰਸਾਈਆ। ਜਨ ਭਗਤਾਂ ਬੱਧਾ ਬੇੜਾ, ਆਪਣੇ ਕੰਧ ਉਠਾਈਆ। ਇਕੋ ਵਸਾਇਆ ਸੱਚਾ ਖੇੜਾ, ਗੁਰਮੁਖ ਆਪਣੀ ਗੋਦ ਬਹਾਈਆ। ਮੈਂ ਪੁੱਛਣ ਆਈ ਕੇਹੜਾ ਕੇਹੜਾ, ਜਿਸ ਦੇਵੇਂ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਕਹੇ ਮੈਂ ਬ੍ਰਹਮ ਵਿਸ਼ਨ ਸ਼ਿਵ ਇੰਦ ਚੁਕਾਇਆ ਝੇੜਾ, ਜਨ ਭਗਤਾਂ ਦੇਵਾਂ ਮਾਣ ਵਡਿਆਈਆ। ਬ੍ਰਹਿਮੰਡ ਵਖਾਵਾਂ ਆਪਣਾ ਵੇਹੜਾ, ਏਕਾ ਕੁੰਡਾ ਲਾਹੀਆ। ਧਰਨੀ ਦੇਵਾਂ ਤੈਨੂੰ ਗੇੜਾ, ਗੇੜਾ ਗੇੜੇ ਵਿਚ ਰਖਾਈਆ। ਕਰਾਂ ਹੱਕ ਹੱਕ ਨਿਬੇੜਾ, ਏਕਾ ਗੁਣ ਸਮਝਾਈਆ। ਤੂੰ ਵੇਖੀਂ ਗੁਰਮੁਖ ਮੇਰਾ, ਏਕਾ ਘਰ ਰਿਹਾ ਵਖਾਈਆ। ਉਥੇ ਚੜ੍ਹੇ ਚਾਓ ਘਨੇਰਾ, ਵੱਜੇ ਇਕ ਵਧਾਈਆ। ਉਥੇ ਬ੍ਰਹਮਾ ਹੋਏ ਢਹਿ ਢੇਰਾ, ਮਾਇਆ ਮਮਤਾ ਮੋਹ ਚੁਕਾਈਆ। ਗੁਰਮੁਖ ਕਹੇ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਰਹੇ ਗਾਈਆ। ਪੁਰਖ ਅਬਿਨਾਸ਼ੀ ਕਰਕੇ ਆਇਆ ਵੱਡਾ ਜ਼ੇਰਾ, ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਜੇ ਕੋਈ ਕਹੇ ਸਿੰਘ ਸ਼ੇਰਾ, ਸ਼ੇਰ ਆਪਣੀ ਭਬਕ ਵਖਾਈਆ। ਇਕੋ ਵਖਾਏ ਸੱਚਾ ਖੇੜਾ, ਜਿਸ ਖੇੜੇ ਵਸਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚਾ ਦਾਨ, ਦੁਖੀਆਂ ਦੁੱਖ ਦਏ ਗਵਾਈਆ।
