੧੭ ਮਾਘ ੨੦੧੮ ਬਿਕ੍ਰਮੀ ਤੇਜ਼ ਭਾਨ ਦੇ ਘਰ ਸ਼ੇਖ਼ਸਰ ਜੰਮੂ
ਧਰਨੀ ਚੜ੍ਹਿਆ ਏਕੋ ਚਾਅ, ਧਵਲ ਰਹੀ ਸਮਝਾਈਆ। ਪੁਰਖ ਅਬਿਨਾਸ਼ੀ ਮਿਲਿਆ ਮਲਾਹ, ਖੇਵਟ ਖੇਟਾ ਬੇਪਰਵਾਹੀਆ। ਮੈਂ ਕੋਝੀ ਕਮਲੀ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਜੁਗ ਜੁਗ ਦੇ ਦੁਖੜੇ ਦਏ ਮਿਟਾ, ਮਿਹਰ ਨਜ਼ਰ ਇਕ ਰਖਾਈਆ। ਮੇਰੇ ਵਿਛੜੇ ਸੱਜਣ ਦੇ ਮਿਲਾ, ਜਗਤ ਵਿਛੋੜਾ ਪੰਧ ਮੁਕਾਈਆ। ਮੇਰੇ ਦੁਖੜੇ ਦਰਦ ਦਏ ਮਿਟਾ, ਦੀਨਾਂ ਨਾਥ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਹਿਮਤ ਆਪ ਕਮਾਈਆ। ਧਰਨੀ ਧਵਲ ਕਰੇ ਹਾਸਾ, ਘਰ ਘਰ ਖ਼ੁਸ਼ੀ ਮਨਾਈਆ। ਮਿਲਿਆ ਮੇਲ ਪੁਰਖ ਸਮਰਾਥਾ, ਭੁੱਲੀ ਸਰਬ ਲੋਕਾਈਆ। ਚਲ ਕੇ ਆਇਆ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਮੇਰੀ ਰਹੀ ਨਾ ਕੋਈ ਨਿਰਾਸ਼ਾ, ਨਿਰਧਨ ਦਏ ਵਡਿਆਈਆ। ਖੋਲ੍ਹ ਕੇ ਦੱਸਾਂ ਆਪਣਾ ਖੁਲਾਸਾ, ਪਹਿਲਾ ਹਾਲ ਸੁਣਾਈਆ। ਤੂੰ ਕਰਵਟ ਦੇ ਕੇ ਸੁੱਤਾ ਰਹਿਉਂ ਪਾਸਾ, ਮੇਰੀ ਸਾਰ ਕਦੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ । ਧਰਨੀ ਕਹੇ ਮੈਂ ਦੱਸਾਂ ਹਾਲ, ਅਹਿਵਾਲ ਆਪ ਜਣਾਈਆ। ਜੁਗ ਚੌਕੜੀ ਖੇਲ ਕਮਾਲ, ਤੂੰ ਕਰਤਾ ਰਿਹਾ ਕਮਾਈਆ। ਗੁਰਮੁਖ ਵਿਰਲੇ ਭੇਜੇ ਲਾਲ, ਮੇਰਾ ਸੰਗ ਨਿਭਾਈਆ। ਲੱਖ ਚੁਰਾਸੀ ਤੇਰੀ ਚਾਲ, ਅਵੱਲੜੀ ਚਾਲ ਚਲਾਈਆ। ਤ੍ਰੈਗੁਣ ਮਾਇਆ ਪਾ ਜੰਜ਼ਾਲ, ਏਕਾ ਬੰਦ ਰਖਾਈਆ। ਠੱਗ ਚੋਰ ਯਾਰ ਲੁੱਟਣ ਮੇਰਾ ਧਨ ਮਾਲ, ਮੈਂ ਬੈਠੀ ਮੁੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਈਆ। ਧਰਤ ਮਾਤ ਨੇਤਰ ਖੋਲ੍ਹ, ਨੈਣ ਨੈਣ ਉਠਾਇਆ। ਪੁਰਖ ਅਬਿਨਾਸ਼ੀ ਵਸਿਆ ਕੋਲ, ਮੇਰਾ ਦੁਖੜਾ ਦਰਦ ਗਵਾਇਆ। ਹੌਲੀ ਹੌਲੀ ਰਹੀ ਬੋਲ, ਆਪਣਾ ਦੁਖ ਸੁਣਾਇਆ। ਤੂੰ ਮੇਰੇ ਨਾਲ ਕੀਤਾ ਕੌਲ, ਪੂਰਾ ਕੌਲ ਦੇ ਕਰਾਇਆ। ਮੈਂ ਤੇਰੇ ਉਤੋਂ ਘੋਲੀ ਘੋਲ, ਘੋਲ ਘੋਲੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਆਸ ਰਖਾਇਆ। ਇਕੋ ਰੱਖੀ ਤੇਰੀ ਆਸ, ਪ੍ਰਭ ਮੇਰੇ ਸੱਚੇ ਸਾਂਈਆ। ਤੂੰ ਮੇਰੀ ਬੁਝਾ ਪਿਆਸ, ਦਰ ਤੇਰੇ ਸੀਸ ਝੁਕਾਈਆ। ਤੁਧ ਬਿਨ ਖਾਲੀ ਦਿਸਨ ਸਵਾਸ, ਮੇਰਾ ਜੀਵਣ ਕੰਮ ਕਿਸੇ ਨਾ ਆਈਆ। ਤੂੰ ਸਾਹਿਬ ਪੁਰਖ ਸਮਰਥ, ਹੱਥ ਤੇਰੇ ਵਡਿਆਇਆ। ਕਰ ਕਿਰਪਾ ਅਨਾਥਾ ਨਾਥ, ਦੀਨਨ ਤੇਰੀ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਧਰਨੀ ਧਰਤ ਰਹੀ ਨੱਚ, ਆਪਣੀ ਘੁੰਮਰ ਰਹੀ ਪਾਈਆ। ਵੇਖੋ ਪ੍ਰਭ ਆਇਆ ਸੱਚ, ਸਾਚੀ ਰੀਤ ਚਲਾਈਆ। ਜਿਸ ਦੀ ਅਗਨ ਅੰਦਰ ਗਈ ਮੱਚ, ਬਿਰਹੋਂ ਰੋਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਤੈਨੂੰ ਵੇਖ ਮੇਰਾ ਬਦਲਿਆ ਰੰਗ, ਮੇਰੇ ਪਰੀਤਮ ਸੱਚੇ ਮਾਹੀਆ। ਚੜ੍ਹਿਆ ਚਾਅ ਮੈਂ ਵਸਾਂ ਸੰਗ, ਏਕਾ ਆਸ ਤਕਾਈਆ। ਤੇਰੇ ਚਰਨ ਕਵਲ ਸੱਚਾ ਅਨੰਦ, ਛੁੱਟੀ ਸਰਬ ਲੋਕਾਈਆ। ਤੂੰ ਦੁਖੜਾ ਮੇਰਾ ਕਰਨਾ ਖੰਡ ਖੰਡ, ਏਕਾ ਖੰਡਾ ਨਾਮ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਬੇੜਾ ਪਾਰ ਕਰਾਈਆ। ਮੇਰਾ ਬੇੜਾ ਕਰਦੇ ਪਾਰ, ਤੇਰੀ ਇਕੋ ਓਟ ਰਖਾਈਆ। ਮੈਂ ਕੰਢੀ ਬੈਠੀ ਆਣ, ਆਪਣਾ ਪੰਧ ਮੁਕਾਈਆ। ਅੱਠੇ ਪਹਿਰ ਤੇਰਾ ਧਿਆਨ, ਏਕਾ ਨੈਣ ਉਠਾਈਆ। ਤੂੰ ਸਾਹਿਬ ਹੋ ਮਿਹਰਵਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਬਾਲੀ ਬੁਧ ਅਞਾਣ, ਬਲ ਆਪਣਾ ਨਾ ਕੋਇ ਵਖਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ। ਤੇਰਾ ਹੁਕਮ ਮੈਨੂੰ ਪਰਵਾਨ, ਦੇ ਪਰਵਾਨਾ ਮੇਰੇ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਆਸ ਕਰਾਈਆ। ਮੇਰੀ ਪੂਰੀ ਹੋਏ ਆਸਾ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਓਟ ਤੇਰਾ ਭਰਵਾਸਾ, ਤੇਰੇ ਲੇਖੇ ਲਾਇੰਦਾ। ਤੇਰਾ ਪਰੇਮ ਤੇਰਾ ਦਿਲਾਸਾ, ਤੇਰਾ ਸੰਗ ਨਿਭਾਇੰਦਾ। ਤੇਰੀ ਖੇਲ ਤੇਰਾ ਤਮਾਸ਼ਾ, ਤੇਰੇ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਦਿਸ਼ਾ ਆਪ ਸੁਹਾਇੰਦਾ। ਤੇਰੀ ਦਿਸ਼ਾ ਸੋਭਾਵੰਤ, ਹਰਿ ਸਾਚੇ ਸਚ ਜਣਾਇਆ। ਤੇਰੀ ਮਹਿਮਾ ਗਣਤ ਅਗਣਤ, ਲਿਖ ਲਿਖ ਲੇਖ ਨਾ ਕੋਈ ਸਮਝਾਇਆ। ਤੇਰੀ ਗੋਦੀ ਬੈਠੇ ਸਾਚੇ ਭਗਤ, ਭਗਵਨ ਮੇਲ ਮਿਲਾਇਆ। ਤੇਰੀ ਮਹਿਮਾ ਗੌਣ ਸੰਤ, ਧੰਨ ਧੰਨ ਤੇਰੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਇਆ। ਧਰਨੀ ਅੱਗੋਂ ਖੋਲ੍ਹੇ ਅੱਖ, ਆਪਣੀ ਪਲਕ ਭੁਵਾਈਆ। ਤੂੰ ਸਾਹਿਬ ਨਜ਼ਰੀ ਆਇਆ ਇਕ ਸਮਰਥ, ਚਰਨ ਤੇਰੀ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰਾ ਮਾਣ ਨਾ ਕੋਈ ਵਡਿਆਈਆ। ਤੇਰੀ ਸਰਨੀ ਗਈ ਢੱਠ, ਏਕਾ ਮੰਗ ਮੰਗਾਈਆ। ਸਾਚਾ ਮਾਰਗ ਦੇਣਾ ਦੱਸ, ਮੈਂ ਜਾਵਾਂ ਚਾਈਂ ਚਾਈਂਆ। ਆਪਣਾ ਪੰਧ ਮੁਕਾਵਾਂ ਨੱਸ ਨੱਸ, ਬਣ ਬਣ ਪਾਂਧੀ ਰਾਹੀਆ। ਤੇਰੇ ਭਗਤਾਂ ਗਾਵਾਂ ਜਸ, ਜਿਸ ਦੁਆਰੇ ਫੇਰਾ ਪਾਈਆ । ਵੇਖੀ ਲਾਰਾ ਦੇ ਨਾ ਜਾਵੀ ਨੱਸ, ਜੁਗ ਜੁਗ ਅਛਲ ਅਛੱਲ ਤੇਰੀ ਖੇਲ ਤੇਰਾ ਭੇਤ ਕੋਈ ਨਾ ਪਾਈਆ। ਮੈਂ ਚਾਰ ਜੁਗ ਦੀ ਥੱਕੀ ਮਾਂਦੀ ਕਰਕੇ ਬਹਿ ਗਈ ਬੱਸ, ਅੱਗੇ ਬਲ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਦਇਆ ਕਮਾਈਆ। ਧਰਨੀ ਕੰਢੀ ਤੇਰੇ ਰੋੜੇ, ਪੱਥਰ ਪਾਹਨ ਮਿਲੇ ਵਡਿਆਈਆ। ਕਰ ਕਿਰਪਾ ਜਿਉਂ ਧੰਨੇ ਬੌਹੜੇ, ਨਿਰਗੁਣ ਆਪਣਾ ਰੂਪ ਪਰਗਟਾਈਆ। ਤੇਰੀ ਛਾਤੀ ਉਤੇ ਬਿਠਾਏ ਨਿੱਕੇ ਨਿੱਕੇ ਮੋੜੇ, ਹਰਿਜਨ ਸਾਚੇ ਵਿਚ ਵਸਾਈਆ। ਚਰਨ ਪ੍ਰੀਤੀ ਏਕਾ ਜੋੜੇ, ਆਪਣਾ ਬੰਧਨ ਪਾਈਆ। ਕਲਜੁਗ ਅੰਤਮ ਆਪੇ ਬੌਹੜੇ ਜਗਤ ਵਿਛੋੜਾ ਦਏ ਕਟਾਈਆ। ਚੜ੍ਹ ਕੇ ਆਇਆ ਸਾਚੇ ਘੋੜੇ, ਨਿਰਗੁਣ ਦਾਤਾ ਬੇਪਰਵਾਹੀਆ। ਚਾਰ ਜੁਗ ਦੀ ਮਿਟੇ ਔੜੇ, ਏਕਾ ਅੰਮ੍ਰਿਤ ਮੇਘ ਬਰਸਾਈਆ। ਮਿਠੇ ਕਰਨੇ ਫਲ ਕੌੜੇ, ਆਪਣਾ ਰਸ ਵਖਾਈਆ। ਗੁਰਮੁਖਾਂ ਹਰਿ ਜੂ ਆਪੇ ਬੌਹੜੇ, ਤੇਰਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੇਰਾ ਰੋੜਾ ਪਿਆਰਾ ਪੱਥਰ, ਪਿਆਰ ਪਿਆਰ ਨਾਲ ਟਪਕਾਇੰਦਾ। ਤੇਰੇ ਉਤੇ ਸਾਚਾ ਸੱਥਰ, ਹਰਿ ਯਾਰੜਾ ਆਪ ਵਿਛਾਇੰਦਾ। ਤੇਰਾ ਨੇਤਰ ਪੰੂਝੇ ਅੱਥਰ, ਆਪਣੀ ਗੋਦ ਬਹਾਇੰਦਾ। ਫੜ ਕੇ ਚੋਟੀ ਚਾੜ੍ਹੇ ਸਿਖਰ, ਹਰਿਜਨ ਸਾਚੇ ਨਾਲ ਮਿਲਾਇੰਦਾ। ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਰੱਖੇ ਆਪੇ ਫਿਕਰ, ਬੇਫਿਕਰਾ ਹੋ ਭੁੱਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਗਾਵਣ ਆਇਆ ਜ਼ਿਕਰ, ਜ਼ਾਹਿਰਾ ਆਪਣਾ ਰੂਪ ਧਰਾਇੰਦਾ। ਆਪੇ ਮਾਤ ਆਪੇ ਪਿੱਤਰ, ਪੂਤ ਸਪੂਤਾ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕੰਕਰ ਕੰਕਰ ਲੇਖੇ ਲਾਇੰਦਾ। ਕੰਕਰ ਕੰਕਰ ਵੱਜੇ ਮਰਦੰਗ, ਹਰਿ ਮਰਦੰਗਾ ਆਪ ਵਜਾਇੰਦਾ। ਘਰ ਘਰ ਚੜ੍ਹਾਏ ਸਾਚਾ ਰੰਗ, ਬਣ ਲਲਾਰੀ ਸੇਵ ਕਮਾਇੰਦਾ। ਤੇਰੇ ਅੰਦਰ ਵੜ ਵੜ ਸੂਰਾ ਸਰਬੰਗ, ਮੋਹ ਮਮਤਾ ਆਪ ਚੁਕਾਇੰਦਾ। ਤੇਰੀ ਸਹੋਣੀ ਸੇਜ ਪਲੰਘ, ਪਲੰਘ ਰੰਗੀਲਾ ਆਪ ਵਡਿਆਇੰਦਾ। ਉਤੇ ਬਹਿ ਬਹਿ ਗਾਏ ਛੰਦ, ਛੰਦ ਸੁਹਾਗੀ ਆਪ ਸੁਣਾਇੰਦਾ। ਵਜਾਏ ਸਿਤਾਰ ਬਿਨ ਤੰਦੀ ਤੰਦ, ਬੂੜੀ ਨਾਲ ਨਾ ਕੋਈ ਰਲਾਇੰਦਾ। ਆਪੇ ਤੁਟੀ ਦੇਵੇ ਗੰਢ, ਅੱਗੇ ਆਪਣੀ ਗੰਢ ਪੁਵਾਇੰਦਾ। ਤੇਰਾ ਚੁੱਕੇ ਰੰਡੇਪਾ ਰੰਡ, ਸਾਚਾ ਸੰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕੰਕਰ ਆਪ ਸੁਹਾਇੰਦਾ। ਤੇਰਾ ਕੰਕਰ ਵੇਖਿਆ ਠੀਕਰ, ਹਰਿ ਠੀਕਰ ਭੰਨ ਵਖਾਇਆ। ਤੇਰਾ ਵੈਰਾਗ ਇਕ ਤੀਬਰ, ਤ੍ਰਿਸਨਾ ਭੁੱਖ ਗਵਾਇਆ। ਤੇਰਾ ਜਾਗਿਆ ਬੀਰ ਬੱਬਰ, ਤੇਰਾ ਨਵਿਸ਼ਤਹ ਦਏ ਵਖਾਇਆ। ਗੱੱਲ ਲਾਏ ਭਰੀ ਚਿਕੜ, ਦੁਰਮਤ ਮੈਲ ਧੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਦਰ ਆਪ ਸੁਹਾਇਆ। ਤੇਰੇ ਮੰਦਰ ਅੰਦਰ ਹਰਿ ਭਗਤ, ਭਗਵਾਨ ਆਪ ਬਹਾਇੰਦਾ। ਲੇਖਾ ਜਾਣੇ ਤੇਰਾ ਜੁਗਤ, ਜਗਤ ਜੁਗ ਆਪਣਾ ਖੇਲ ਕਰਾਇੰਦਾ। ਤੇਰਾ ਲਹਿਣਾ ਚੁਕਾਏ ਆਪਣੇ ਵਕਤ, ਵੇਲਾ ਆਪਣਾ ਆਪ ਸੁਹਾਇੰਦਾ। ਤੇਰੇ ਖੇੜੇ ਪਾਏ ਬਰਕਤ, ਨਾਮ ਵਸਤ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਮੇਲ ਮਿਲਾਇੰਦਾ। ਤੇਰਾ ਮੇਲਾ ਗੁਰਸਿਖ ਧਾਰ, ਗੁਰ ਗੁਰ ਦਏ ਵਡਿਆਈਆ। ਤੇਰਾ ਮੇਲਾ ਗੁਰਮੁਖ ਦਰਬਾਰ, ਮੁਖ ਮੁਖ ਆਪ ਸਾਲਾਹੀਆ। ਤੇਰਾ ਮੇਲਾ ਸੰਤ ਦੀਦਾਰ, ਸੰਤ ਸਾਜਨ ਲਏ ਉਠਾਈਆ। ਮੇਰਾ ਖੇਲ ਅਗੰਮ ਅਪਾਰ, ਜੁਗ ਜੁਗ ਵੇਸ ਵਟਾਈਆ। ਡੁੱਬਦੇ ਪਾਥਰ ਦੇਵਾਂ ਤਾਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਆਈ ਤੇਰੀ ਵਾਰ, ਤੇਰਾ ਦੁਖੜਾ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਦਰ ਘਰ ਆਈ ਇਕੋ ਮੰਗਣ, ਭਗਤਨ ਨਾਤਾ ਦੇ ਜੁੜਾ। ਦਰ ਦਰਵੇਸ ਬਣੀ ਮਲੰਗਣ, ਬੈਠੀ ਸੀਸ ਝੁਕਾ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰਿ ਚਾੜ੍ਹ ਇਕੋ ਰੰਗਣ, ਮੇਰਾ ਕਾਲਾ ਮੁਖ ਧੁਵਾ। ਤੂੰ ਆਦਿ ਜੁਗਾਦਿ ਜੁਗ ਜੁਗ ਕੋਟਨ ਕੋਟ ਤ੍ਰਿਲੋਕੀ ਵੇਖੇ ਤ੍ਰਿਲੋਕੀ ਨੰਦਨ, ਲੋਕ ਪਰਲੋਕ ਚਰਨਾਂ ਹੇਠ ਦਬਾ। ਕਰਾਂ ਨਿਮਸਕਾਰ ਦੋਏ ਜੋੜ ਬੰਦਨ, ਬੰਦੀਖਾਨਾ ਦੇ ਤੁੜਾ। ਜੁਗ ਚੌਕੜੀ ਪਾਏ ਫੰਦਨ, ਨਾ ਸਕੇ ਕੋਈ ਬਚਾ। ਤੂੰ ਸਾਹਿਬ ਹਾਰਾ ਟੁੱਟੀ ਗੰਢਣ, ਮੇਰੇ ਉਪਰ ਦਇਆ ਕਮਾ। ਮੈਂ ਨੇਤਰਹੀਣ ਫਿਰਾ ਅੰਧਨ, ਕਰ ਜੋਤ ਨੂਰ ਰੁਸ਼ਨਾ। ਮੈਂ ਤੇਰੇ ਭਗਤਾਂ ਦੀ ਚਰਨ ਧੂੜ ਚੁੱਕੀ ਬਣ ਕੇ ਭੰਗਣ, ਸੀਸ ਖਾਰੀ ਲਵਾਂ ਉਠਾ। ਚਾਰੇ ਕੁੰਟ ਗਾਵਾਂ ਏਕਾ ਛੰਦਨ, ਸੋਹੰ ਢੋਲਾ ਦਿਆਂ ਸੁਣਾ। ਤੂੰ ਵੇਖਣਹਾਰਾ ਜੇਰਜ ਅੰਡਨ, ਉਤਭੁਜ ਸੇਤਜ ਰਿਹਾ ਸਮਾ। ਤੂੰ ਜੁਗ ਜੁਗ ਫੜਿਆ ਚੰਡ ਪਰਚੰਡਣ, ਨਾਮ ਖੰਡਾ ਇਕ ਚਮਕਾ। ਮੈਂ ਸੁਹਾਗੀ ਹੋਣਾਂ ਰੰਡਨ, ਮੇਰਾ ਜਗਤ ਰੰਡੇਪਾ ਦੇ ਕਟਾ। ਮੈਂ ਅੰਤਮ ਆਈ ਕੰਢਣ, ਤੂੰ ਕੰਢੀ ਫੇਰਾ ਪਾ। ਮੈਂ ਵੇਖਾਂ ਖੇਲ ਵਿਚ ਵਰਭੰਡਨ, ਬ੍ਰਹਿਮੰਡਨ ਤੇਰੀ ਰਜ਼ਾ। ਤੇਰੇ ਹੁਕਮੇ ਅੰਦਰ ਸੂਰਜ ਚੰਦਨ, ਮੰਡਲ ਮੰਡਪ ਰਹੇ ਡਗਮਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾ। ਏਕਾ ਵਸਤ ਦੇ ਅਨਮੋਲ, ਤੇਰੇ ਅੱਗੇ ਮੰਗ ਮੰਗਾਈਆ। ਤੇਰੇ ਭਗਤਾਂ ਵਸਾਂ ਕੋਲ, ਵਿਛੜ ਕਦੇ ਨਾ ਜਾਈਆ। ਬਣ ਡੂੰਮਣੀ ਵਜਾਵਾਂ ਢੋਲ, ਤੇਰਾ ਡੰਕਾ ਹੱਥ ਉਠਾਈਆ। ਬਣ ਸੁਵਾਣੀ ਕੁੰਡਾ ਦੇਵੇਂ ਖੋਲ੍ਹ, ਘਰ ਘਰ ਜੋਤ ਜਗਾਈਆ। ਤੂੰ ਸਾਹਿਬ ਮੇਰੇ ਅੰਦਰ ਜਾਣਾ ਮੌਲ, ਤੇਰੀ ਰੁੱਤੜੀ ਮੋਹੇ ਭਾਈਆ। ਤੇਰੇ ਚਰਨ ਕਵਲ ਮੈਂ ਆਪਣੀ ਛਾਤੀ ਉਤੇ ਰੱਖਾਂ ਹੋਏ ਨਿਮਾਣੀ ਧੌਲ, ਧਰਨੀ ਆਪਣਾ ਸੀਸ ਝੁਕਾਈਆ। ਤੂੰ ਆਪਣਾ ਪਰਦਾ ਦੇਣਾ ਖੋਲ੍ਹ, ਮੇਰਾ ਘੁੰਗਟ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਮਿਲਾਂ ਚਾਈਂ ਚਾਈਂਆ। ਤੇਰੇ ਭਗਤ ਮਿਲਣ ਦਾ ਚਾਅ, ਮੈਂ ਨਿਤ ਨਿਤ ਉਡੀਕ ਰਖਾਈਆ। ਚਾਰ ਜੁਗ ਗਏ ਵਿਹਾ, ਚੌਂਕੜ ਚੌਂਕੜ ਪੰਧ ਮੁਕਾਈਆ। ਗੁਰ ਅਵਤਾਰ ਪੀਰ ਦੇ ਦੇ ਗਏ ਸਲਾਹ, ਮੈਨੂੰ ਉਂਗਲਾਂ ਨਾਲ ਸਮਝਾਈਆ। ਅੰਤਮ ਆਵੇ ਇਕ ਖ਼ੁਦਾ, ਬੇਐਬ ਰੂਪ ਵਟਾਈਆ। ਤੈਨੂੰ ਦੇਵੇ ਸਚ ਪਨਾਹ, ਸਿਰ ਆਪਣਾ ਹੱਥ ਰਖਾਈਆ। ਮੇਰੇ ਬਖ਼ਸ਼ੇ ਸਰਬ ਗੁਨਾਹ, ਪੱਤਤ ਪਾਪੀ ਪਾਰ ਕਰਾਈਆ। ਤੂੰ ਚਰਨੀ ਡਿਗੀਂ ਆ, ਏਕਾ ਮਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਹੋਰ ਨਾ ਕੋਈ ਸਹਾਈਆ। ਦੱਸਿਆ ਵੇਲਾ ਆਇਆ ਨੇੜੇ, ਆਪਣਾ ਪੰਧ ਮੁਕਾ। ਮੈਂ ਛੱਡ ਕੇ ਆਈ ਸਾਰੇ ਝੇੜੇ, ਦਰ ਤੇਰੇ ਡਿਗੀ ਆ। ਮੈਂ ਵਸਦੇ ਛੱਡੇ ਖੇੜੇ, ਇਕੋ ਮੰਗੀ ਚਰਨ ਪਨਾਹ। ਤੂੰ ਬੰਨ੍ਹੇ ਮੇਰੇ ਬੇੜੇ, ਮੇਰੇ ਪਿਛਲੇ ਬਖ਼ਸ਼ ਗੁਨਾਹ। ਮੈਨੂੰ ਸਚ ਦੱਸ ਤੇਰੇ ਭਗਤ ਕਿਹੜੇ ਕਿਹੜੇ, ਮੈਂ ਚਰਨੀ ਡਿਗਾਂ ਜਾ। ਮੇਰੇ ਖੁਲ੍ਹੇ ਹੋਏ ਵਿਹੜੇ, ਨੌਂ ਖੰਡ ਪ੍ਰਿਥਮੀ ਵਸਿਆ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਪਕੜੀ ਬਾਂਹ। ਪੁਰਖ ਅਬਿਨਾਸ਼ੀ ਪਿਆ ਹੱਸ, ਆਪਣੀ ਖ਼ੁਸ਼ੀ ਮਨਾਈਆ। ਉਠ ਮਾਰਗ ਦੇਵਾਂ ਦੱਸ, ਏਕਾ ਵਾਰ ਸਮਝਾਈਆ। ਪਿਛੇ ਨਿਉਂ ਨਾ ਵੇਖੀ ਜਾਈ ਨੱਸ, ਆਪਣਾ ਪੰਧ ਮੁਕਾਈਆ। ਕੰਡੀ ਬੈਠਾ ਮੇਰਾ ਗੁਰਸਿਖ ਰਿਹਾ ਵਸ, ਮੇਰੇ ਵਿਚ ਧਿਆਨ ਲਗਾਈਆ। ਤੂੰ ਜਾ ਕੇ ਚਰਨੀ ਢੱਠ, ਮੰਗ ਇਕ ਸਰਨਾਈਆ। ਜੇ ਉਹ ਬਹੇ ਦੜ ਵੱਟ, ਚੁਪ ਚੁਪੀਤਾ ਮੁੱਖ ਭੁਵਾਈਆ। ਤੂੰ ਸਿਰ ਚਰਨਾਂ ਉਤੇ ਸੱਟ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਰਿਹਾ ਵਖਾਈਆ। ਏਕਾ ਰਾਹ ਲੈਣਾ ਤੱਕ, ਹਰਿ ਸੱਚਾ ਸਚ ਜਣਾਇੰਦਾ। ਰਾਹ ਵਿਚ ਨਾ ਜਾਣਾ ਥੱਕ, ਏਕਾ ਮੰਜ਼ਲ ਪੂਰ ਕਰਾਇੰਦਾ। ਉਥੇ ਲੇਖਾ ਹੱਕੋ ਹੱਕ, ਘਾਟਾ ਕੋਇ ਨਜ਼ਰ ਨਾ ਆਇੰਦਾ। ਤੂੰ ਜਾਣਾ ਹੋ ਅਣਝਕ, ਦਰ ਆਇਆਂ ਨਾ ਕੋਇ ਪਰਤਾਇੰਦਾ। ਤੂੰ ਜਾ ਕੇ ਰਗੜੀਂ ਨੱਕ, ਏਕਾ ਗੁਣ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਖੇਲ ਆਪ ਕਰਾਇੰਦਾ। ਕੀ ਕਰਾਂ ਮੈਂ ਕਿਧਰੇ ਜਾਵਾਂ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵੇਖ ਵਖਾਵਾਂ, ਮੇਰਾ ਨੈਣ ਮੇਰਾ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਪਿਆ ਰੌਲਾ ਕਾਗਾਂ ਕਾਵਾਂ, ਹੰਸ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਦੇਣਾ ਦੱਸ, ਦੇਣੀ ਸਚ ਸਲਾਹੀਆ। ਆ ਦੱਸਾਂ ਸਾਚਾ ਭੇਤ, ਹਰਿ ਸੱਜਣ ਸਚ ਸੁਣਾਇਆ। ਭਗਤ ਗੁਰਮੁਖ ਇਕੋ ਵੇਖ, ਹਰਿ ਸਤਿਗੁਰ ਆਪ ਬਣਾਇਆ। ਸਾਚੇ ਵਸਿਆ ਸਾਹਿਬ ਦੇਸ, ਸੋ ਦੇਸ ਰਿਹਾ ਸਮਝਾਇਆ। ਜਿਥੇ ਨਾ ਕੋਈ ਮੁੱਲਾਂ ਨਾ ਕੋਈ ਸ਼ੇਖ਼, ਪੰਡਤ ਪਾਂਧਾ ਨਾ ਕੋਈ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਉਠ ਜਾਹ ਜਾਣਾਂ ਭੱਜ, ਹਰਿ ਸਾਚਾ ਸਚ ਜਣਾਇੰਦਾ। ਗੁਰਮੁਖ ਦੁਆਰੇ ਜਾਣਾ ਸਜ, ਘਰ ਸਾਚਾ ਇਕ ਵਖਾਇੰਦਾ। ਉਹ ਰੱਖੇ ਤੇਰੀ ਲੱਜ, ਸਿਰ ਤੇਰੇ ਹੱਥ ਟਿਕਾਇੰਦਾ। ਪੜਦਾ ਦੇਵੇ ਮਾਤ ਕੱਜ, ਦੂਜੀ ਵਾਰ ਨਾ ਕੋਇ ਉਠਾਇੰਦਾ । ਤੂੰ ਲਾਹੁਣੀ ਲੋਕ ਲਾਜ, ਹਰਿ ਜੂ ਲੱਜਿਆ ਵਿਚ ਕਦੇ ਨਾ ਆਇੰਦਾ। ਜਿਸ ਰਚਿਆ ਆਪਣਾ ਕਾਜ, ਸੋ ਤੇਰਾ ਕਾਜ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਾਚਾ ਰਾਹ, ਨਿਰਗੁਣ ਸ਼ਬਦੀ ਬਣ ਮਲਾਹ, ਆਪਣਾ ਬੇੜਾ ਆਪ ਵਖਾਇੰਦਾ। ਸਾਚਾ ਬੇੜਾ ਹਰਿ ਕਰਤਾਰ, ਭਗਤਨ ਹੱਥ ਵਡਿਆਈਆ। ਜਾਹ ਵੇਖ ਪਹਿਲੀ ਵਾਰ, ਸਤਿਗੁਰ ਪੂਰਾ ਰਿਹਾ ਸਮਝਾਈਆ। ਸੇਵਾ ਕਰਨ ਆਇਆ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਰਿਹਾ ਚਾੜ੍ਹ, ਫੜ ਫੜ ਬਾਂਹੋਂ ਉਪਰ ਬਹਾਈਆ। ਤੂੰ ਭੀ ਭਿਖਿਆ ਮੰਗ ਜਾ ਦੁਆਰ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਸਨ ਦੇਵੇ ਆਣ, ਦਰਸੀ ਦਰਸ ਆਪ ਕਰਾਈਆ।
