੧੮ ਮਾਘ ੨੦੧੮ ਬਿਕ੍ਰਮੀ ਗੂੜਾ ਰਾਮ ਦੇ ਘਰ ਸ਼ੇਖ਼ਸਰ ਜੰਮੂ
ਕਲਜੁਗ ਅੰਤਮ ਮੰਗਣ ਦਾਤ, ਪੀਰ ਪੈਗ਼ੰਬਰ ਸੀਸ ਝੁਕਾਈਆ। ਪਰਵਰਦਿਗਾਰ ਅਸੀਂ ਤੇਰੀ ਜ਼ਾਤ, ਤੇਰੇ ਨੂਰ ਵਿਚ ਸਮਾਈਆ। ਤੇਰੇ ਹੁਕਮੇ ਫੜੀ ਕਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਨਾਲ ਰਲਾਈਆ। ਤੇਰਾ ਕਲਮਾ ਲਿਖਿਆ ਤੇਰੀ ਯਾਦ, ਯਾਦਦਾਸ਼ਤ ਮਾਤ ਬਣਾਈਆ। ਤੇਰਾ ਸੰਦੇਸਾ ਕਾਇਨਾਤ, ਹੱਕ ਹੱਕ ਸਮਝਾਈਆ । ਤੇਰਾ ਨੇਤਰ ਖੋਲ੍ਹਿਆ ਖੁਲ੍ਹਾ ਤਾਕ, ਸਾਡੇ ਹੱਥ ਨਾ ਕੋਈ ਵਡਿਆਈਆ। ਤੇਰਾ ਵੇਖਿਆ ਜਗਤ ਘਾਟ, ਬਣ ਬਣ ਪਾਂਧੀ ਰਾਹੀਆ। ਤੇਰੀ ਨਜ਼ਰ ਨਾ ਆਈ ਸਚ ਲੁਗਾਤ, ਜਿਸ ਵਿਚੋਂ ਅਲਫ਼ ਯੇ ਦੇਵੇਂ ਪੜ੍ਹਾਈਆ। ਤੇਰੀ ਬਾਤਨ ਸੁਣ ਸੁਣ ਥੱਕੇ ਬਾਤ, ਭੇਵ ਕੋਇ ਨਾ ਆਈਆ। ਆਲਮੀਨ ਤੇਰਾ ਜਾਣੇ ਕੋਈ ਨਾ ਹਾਲਾਤ, ਹੱਲ ਸੁਵਾਲ ਨਾ ਕੋਇ ਕਰਾਈਆ। ਤੇਰਾ ਬਾਗ ਬਗੀਚਾ ਇਕ ਬਾਗ਼ਾਤ, ਬਾਗਬਾਨ ਵਡ ਵਡਿਆਈਆ। ਬਿਨ ਤੇਰੇ ਅੰਤ ਹੋਏ ਵਫ਼ਾਤ, ਫਤਵਾ, ਸਭ ਤੇ ਸਾਦਰ ਲਾਈਆ। ਕਰ ਕਿਰਪਾ ਸੁਣ ਲੈ ਬਾਤ, ਤੁਧ ਅੱਗੇ ਸੀਸ ਝੁਕਾਈਆ। ਤੇਰਾ ਲੇਖਾ ਕਾਇਨਾਤ, ਸਕੇ ਨਾ ਕੋਇ ਮਿਟਾਈਆ। ਤੇਰਾ ਡੂੰਘਾ ਦਿਸੇ ਖ਼ਾਤ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੇਰਾ ਖੇਲ ਬਹੁ ਬਿਧ ਭਾਂਤ, ਅਨਕ ਕਲ ਤੇਰੀ ਵਡਿਆਈਆ। ਬਿਨ ਤੇਰੇ ਅੰਧੇਰੀ ਰਾਤ, ਚੌਧਵੀਂ ਚੰਦ ਮੁਖ ਸ਼ਰਮਾਈਆ। ਨਾ ਕੋਈ ਨਿਭਾਵੇ ਸੱਚਾ ਸਾਥ, ਸਗਲਾ ਸੰਗ ਤਜਾਈਆ। ਸਾਡਾ ਮਸਤਕ ਵੇਖ ਮਾਥ, ਪੂਰਬ ਲੇਖਾ ਤੇਰੀ ਝੋਲੀ ਪਾਈਆ। ਗਲ ਪੱਲੂ ਮੂੰਹ ਵਿਚ ਘਾਸ, ਸਯਦਾ ਸੀਸ ਝੁਕਾਈਆ। ਸਾਡਾ ਕਲਮਾ ਤੇਰਾ ਸਵਾਸ, ਸਵਾਸ ਸਵਾਸ ਅਲਾਈਆ। ਨਾ ਕੋਈ ਪੁੰਨ ਨਾ ਸਬਾਬ, ਸੋਹਬਤ ਤੇਰੀ ਇਕ ਸਮਝਾਈਆ। ਬਿਨ ਤੁਧ ਮਿਲੇ ਨਾ ਹਯਾਤ ਆਬ, ਆਬੇ ਹਯਾਤ ਨਾ ਕੋਈ ਪਿਆਈਆ। ਸਦੀ ਚੌਧਵੀਂ ਲੰਘੀ ਵਿਚ ਖ਼ੁਵਾਬ, ਖ਼ੁਵਾਜਾ ਖਿਜਰ ਦਏ ਦੁਹਾਈਆ। ਮੇਰੀ ਸੋਹੇ ਨਾ ਸਚ ਮਹਿਰਾਬ, ਮਹਿਬੂਬ ਨਜ਼ਰ ਕੋਇ ਨਾ ਆਈਆ। ਰੋਸ਼ਨ ਹੋਏ ਨਾ ਕੋਈ ਆਫ਼ਤਾਬ, ਨੂਰ ਨੂਰ ਨਾ ਕੋਇ ਦਰਸਾਈਆ। ਸਾਚਾ ਬਣੇ ਨਾ ਕੋਈ ਅਹਿਬਾਬ, ਮਿਲ ਮਿਲ ਆਪਣਾ ਹਾਲ ਸੁਣਾਈਆ। ਤਨ ਵੱਜੇ ਨਾ ਤੱਤ ਰਬਾਬ, ਤਾਰ ਸਿਤਾਰ ਨਾ ਕੋਈ ਹਿਲਾਈਆ। ਤੇਰੇ ਅੱਗੇ ਹੋਏ ਲਾ ਜਵਾਬ, ਨੇਤਰ ਨੈਣ ਨੈਣ ਸ਼ਰਮਾਈਆ। ਤੇਰੀ ਝੱਲ ਨਾ ਸਕੇ ਤਾਬ, ਸਾਡਾ ਬਲ ਨਾ ਬਲ ਵਖਾਈਆ। ਕਿਰਪਾ ਕਰ ਸ਼ਾਹ ਨਵਾਬ, ਸ਼ਹਿਨਸ਼ਾਹ ਤੇਰੀ ਸਰਨਾਈਆ। ਚਰਨ ਘੋੜੇ ਦੇ ਰਕ਼ਾਬ, ਸਚ ਸਿੰਘਾਸਣ ਆਸਣ ਲਾਈਆ। ਦੋ ਜਹਾਨਾਂ ਮਾਰ ਅਵਾਜ਼, ਗਫ਼ਲਤ ਸਭ ਦੀ ਦੇ ਮੁਕਾਈਆ। ਤੇਰੀ ਪੜ੍ਹ ਪੜ੍ਹ ਥੱਕੇ ਨਿਮਾਜ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਜਲਵਾ ਦਿਸੇ ਨਾ ਗ਼ਰੀਬ ਨਿਵਾਜ, ਨੇਤਰ ਨੈਣ ਰਹੇ ਤਰਸਾਈਆ। ਸਾਡਾ ਡੁੱਬਦਾ ਜਾਏ ਜਹਾਜ਼, ਬੇੜਾ ਬੰਨੇ ਨਾ ਕੋਈ ਲਾਈਆ। ਚਾਰੋਂ ਕੁੰਟ ਥੱਕੇ ਭਾਜ, ਬਣ ਬਣ ਪਾਂਧੀ ਰਾਹੀਆ। ਸੱਚਾ ਦਿਸੇ ਨਾ ਕੋਈ ਸਮਾਜ, ਚਾਰ ਕੁੰਟ ਰਹੀ ਕੁਰਲਾਈਆ। ਮੱਕੇ ਕਾਅਬੇ ਨਾ ਕੋਈ ਹਾਜ, ਹਾਜੀ ਹੱਜ ਨਾ ਕੋਈ ਵਖਾਈਆ। ਸਾਡੀ ਕੋਈ ਨਾ ਰੱਖੇ ਲਾਜ, ਸਾਡਾ ਸੰਗ ਨਾ ਕੋਈ ਨਿਭਾਈਆ । ਸਾਡਾ ਖੁੱਲਣ ਲੱਗਾ ਪਾਜ, ਜਗਤ ਮੁਲੱਮਾ ਰਹਿਣ ਨਾ ਪਾਈਆ। ਕੰਨਾਂ ਵਿਚ ਪਾ ਪਾ ਉਂਗਲਾਂ ਮਾਰਦੇ ਅਵਾਜ਼, ਹੂ ਹੂ ਅੱਲਾ ਅੱਲਾ ਹੱਕ ਹੱਕ ਨਾਅਰਾ ਸੁਣਾਈਆ । ਚੌਦਾਂ ਸਦੀਆਂ ਰੱਖ ਕੇ ਬੈਠੇ ਰਹੇ ਤਾਜ, ਸੀਸ ਆਪੇ ਛਤਰ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅੱਗੇ ਸੀਸ ਝੁਕਾਈਆ। ਪੀਰ ਪੈਗ਼ੰਬਰ ਰਹੇ ਕੁਰਲਾ, ਕਰਬਲਾ ਦਏ ਦੁਹਾਈਆ। ਪ੍ਰਭ ਮਿਲੇ ਸਚ ਮਲਾਹ, ਬੇੜਾ ਪਾਰ ਕਰਾਈਆ। ਵੇਲੇ ਅੰਤ ਹੋਣਾ ਫ਼ਨਾਹ, ਨਾ ਸਕੇ ਕੋਈ ਬਚਾਈਆ। ਨਾ ਉਮਤ ਬਖ਼ਸ਼ੇ ਗੁਨਾਹ, ਨਬੀ ਰਸੂਲ ਨਾ ਕੋਇ ਵਡਿਆਈਆ। ਬਿਨ ਰੱਸੀਉਂ ਲੱਗਾ ਫਾਹ, ਗਲ ਫ਼ਾਸੀ ਏਕਾ ਪਾਈਆ। ਬਿਨ ਖਾਵੰਦ ਤੁਟਾ ਨਕ਼ਾਹ, ਮੁੱਖ ਨਕ਼ਾਬ ਨਾ ਕੋਈ ਟਿਕਾਈਆ। ਬਿਨ ਛੁਰੀਉਂ ਹਲਾਲ ਹੋਈ ਗਾਂ, ਜਬਾਂ ਆਪਣਾ ਆਪ ਰਹੇ ਕਰਾਈਆ। ਤੇਰਾ ਕਲਮਾ ਭੁਲਿਆ ਸੱਚਾ ਨਾਂ, ਤੇਰੀ ਰਹਿਮਤ ਨਜ਼ਰ ਕਿਸੇ ਨਾ ਆਈਆ। ਤੂੰ ਇਮਾਮਾ ਸਿਰ ਇਮਾਮ, ਰਸੂਲਾਂ ਸਿਰ ਰਸੂਲ ਸੱਚਾ ਸ਼ਹਿਨਸ਼ਾਹੀਆ। ਅਸੀਂ ਬਰਦੇ ਤੇਰੇ ਗੁਲਾਮ, ਦਰ ਦਰਵੇਸ਼ ਬੈਠੇ ਸੀਸ ਝੁਕਾਈਆ। ਤੋਬਾ ਤੋਬਾ ਕਰ ਸਲਾਮ, ਸਲਾਮਾ ਅਲੈਕਮ ਰਹੇ ਸੁਣਾਈਆ। ਅਸੀਂ ਸੁਣਦੇ ਰਹੇ ਤੇਰਾ ਪੈਗ਼ਾਮ, ਇਕ ਧਿਆਨ ਲਗਾਈਆ। ਤੈਨੂੰ ਸਕੇ ਨਾ ਨੇਤਰ ਪਛਾਣ, ਰੂਪ ਰੰਗ ਤੇਰਾ ਨਜ਼ਰ ਕਿਸੇ ਨਾ ਆਈਆ। ਅਸੀਂ ਭੁੱਲੇ ਬਾਲ ਅਞਾਣ, ਸਾਡੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਸੁਣਿਆ ਤੂੰ ਪਰਗਟ ਹੋਇਉਂ ਸ੍ਰੀ ਭਗਵਾਨ, ਨਿਰਗੁਣ ਆਪਣਾ ਵੇਸ ਵਟਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਏਕਾ ਦੇਵੇਂ ਸੱਚਾ ਦਾਨ, ਬਣ ਦਾਤਾ ਦਾਨੀ ਆਪ ਵਖਾਈਆ। ਅਸੀਂ ਚਰਨੀ ਡਿਗੇ ਆਣ, ਇਕੋ ਓਟ ਤਕਾਈਆ। ਤੇਰੀ ਸਰਨ ਸਾਡਾ ਇਮਾਨ, ਦੂਜੀ ਸ਼ਰਅ ਨਾ ਕੋਈ ਵਖਾਈਆ। ਤੇਰਾ ਕਲਮਾ ਸਚ ਕਲਾਮ, ਏਕਾ ਰਾਗ ਅਲਾਈਆ। ਤੂੰ ਸਾਹਿਬ ਜਾਣੀ ਜਾਣ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਏਕਾ ਏਕ ਸੁਣਾਇਆ। ਤੂੰ ਪਰਗਟ ਹੋਇਉਂ ਪੀਰ ਜ਼ਾਹਰਾ, ਹਜ਼ਰਤ ਤੇਰੀ ਵਡ ਵਡਿਆਈਆ। ਚਾਰ ਜੁਗ ਗੁਰ ਅਵਤਾਰ ਤੇਰੇ ਨਾਉਂ ਦਾ ਕਰਦੇ ਰਹੇ ਮੁਸ਼ਾਇਰਾ, ਖਾਣੀ ਬਾਣੀ ਆਪ ਸੁਣਾਇਆ। ਤੂੰ ਸਭ ਤੋਂ ਵਸਿਆ ਬਾਹਿਰਾ, ਤੇਰਾ ਭੇਵ ਕਿਸੇ ਨਾ ਆਇਆ। ਤੂੰ ਗਹਿਰ ਗੰਭੀਰ ਗਹਿਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹਿਆ। ਲੋਕ ਪਰਲੋਕ ਦੋ ਜਹਾਨ ਚੌਦਾਂ ਤਬਕਾਂ ਬਣ ਕੇ ਨਿਰਗੁਣ ਕਰੇਂ ਸ਼ੈਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਸ਼ੈਰਗਾਹ ਬਣਾਇਆ। ਬਿਨ ਤੁਧ ਹੋਏ ਜਗਤ ਅੰਧੇਰਾ, ਧੂਆਂਧਾਰ ਨਾ ਕੋਇ ਮਿਟਾਇਆ। ਤੇਰੇ ਹੁਕਮੇ ਵਰਤੇ ਕਹਿਰਾ, ਕਹਿਰ ਲਹਿਰ ਇਕ ਵਖਾਇਆ। ਬਿਨ ਤੇਰੇ ਕਲਮੇ ਹੋਇਆ ਬਹਿਰਾ, ਸਾਚਾ ਰਾਗ ਨਾ ਕੋਈ ਸੁਣਾਇਆ। ਚਾਰੋਂ ਕੁੰਟ ਝੂਠਾ ਡੇਰਾ, ਜਗਤ ਅਡੰਬਰ ਵੇਖ ਵਖਾਇਆ। ਜੰਗਲ ਜੂਹ ਉਜਾੜ ਪਹਾੜ ਨੌਂ ਸੱਤ ਨਾ ਕੋਈ ਦਿਸੇ ਸਾਚਾ ਸ਼ੇਰਾ, ਆਪਣੀ ਭਬਕ ਦਏ ਵਖਾਇਆ। ਕੂੜ ਕੁੜਿਆਰਾ ਪਾਇਆ ਘੇਰਾ, ਕਲਜੁਗ ਆਪਣਾ ਬਲ ਧਰਾਇਆ। ਅਸੀਂ ਸੇਵਾ ਕਰੀਂ ਕਰ ਕਰ ਵੱਡਾ ਜ਼ੇਰਾ, ਸਾਡਾ ਜ਼ੋਰ ਰਿਹਾ ਨਾ ਰਾਇਆ। ਸਾਡੇ ਵਿਹੰਦਿਆਂ ਉਜੜਨ ਲੱਗਾ ਸਾਡਾ ਖੇੜਾ, ਨਾ ਸਕੇ ਕੋਈ ਬਚਾਇਆ। ਨਬੀਆਂ ਨਾਲ ਨਬੀਆਂ ਪਾਇਆ ਝੇੜਾ, ਬਣ ਵਿਚੋਲਾ ਨਾ ਕੋਈ ਛੁਡਾਇਆ। ਬਿਨ ਤੁਧ ਬੰਨ੍ਹੇ ਨਾ ਕੋਈ ਬੇੜਾ, ਪਰਵਰਦਿਗਾਰ ਮੇਰੇ ਖ਼ੁਦਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੀਰ ਪੈਗ਼ੰਬਰ ਰਹੇ ਕੁਰਲਾਇਆ। ਪੀਰ ਪੈਗ਼ੰਬਰ ਨੇਤਰ ਨੀਰ, ਨੈਣ ਨੈਣ ਵਹਾਈਆ । ਤੇਰੇ ਹੁਕਮੇ ਸ਼ਰਅ ਜ਼ੰਜੀਰ, ਕੜੀ ਕੜੀ ਨਾਲ ਬੰਧਾਈਆ। ਤੇਰੇ ਹੁਕਮੇ ਪੜ੍ਹੀ ਤਕਬੀਰ, ਤਦਬੀਰ ਤੇਰੀ ਸ਼ਹਿਨਸ਼ਾਹੀਆ। ਤੇਰਾ ਜਲਵਾ ਸਚ ਤਸਵੀਰ, ਤੇਰੀ ਤਸਬੀ ਨਾਲ ਮਿਲਾਈਆ। ਤੇਰੇ ਹੱਥ ਸਾਡੀ ਤਕਦੀਰ, ਜਿਉਂ ਭਾਵੇ ਲਏ ਚਲਾਈਆ। ਈਸਾ ਮੂਸਾ ਮੁਹੰਮਦ ਇਕ ਦੂਜੇ ਦੇ ਛੋਟੇ ਵੀਰ, ਭਾਈ ਭਾਈਆਂ ਵਲ ਵੇਖ ਵਖਾਈਆ। ਸਾਡੀ ਅਲਫ਼ੀ ਲੀਰੋ ਲੀਰ, ਕਾਲੀ ਕਫ਼ਨੀ ਰਹੀ ਕੁਰਲਾਈਆ। ਸਾਡੀ ਹੋਈ ਅੰਤ ਅਖ਼ੀਰ, ਵੇਲਾ ਵਕਤ ਵਹਾਈਆ। ਸਾਡਾ ਆਪਣਾ ਆਪ ਹੋਇਆ ਦਿਲਗੀਰ, ਸਾਂਤਕ ਸਤਿ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਇਕੋ ਹੱਥ ਟਿਕਾਈਆ। ਪੀਰ ਪੈਗ਼ੰਬਰ ਮਾਰਨ ਧਾਹ, ਧਰਤ ਧਵਲ ਹਿਲਾਇਆ। ਤੇਰੇ ਉਤੇ ਕਰੇ ਗੁਨਾਹ, ਖੰਡਾਂ ਖੰਜਰ ਹੱਥ ਚਮਕਾਇਆ। ਛੋਟੇ ਬਾਲੇ ਤੇਰੇ ਅੰਦਰ ਦਏ ਦਬਾ, ਨਿਰਦੋਸ਼ ਦੋਸ਼ ਲਗਾਇਆ। ਤੂੰ ਹੋ ਖਾਮੋਸ਼ ਆਪਣੀ ਗੋਦ ਲੈ ਸੁਵਾਂ, ਤੈਨੂੰ ਤਰਸ ਜ਼ਰਾ ਨਾ ਆਇਆ। ਲੋਕ ਪਰਲੋਕ ਨੇਤਰ ਨੈਣ ਨੀਰ ਰਹੇ ਵਹਾ, ਵਿਸ਼ਨ ਬ੍ਰਹਮਾ ਸ਼ਿਵ ਦਏ ਦੁਹਾਇਆ। ਵੇਖੋ ਪੀਰਾਂ ਨਾਲ ਪੀਰ ਰਹੇ ਟਕਰਾ, ਸ਼ਰਅ ਸ਼ਰਅ ਨਾਲ ਲੜਾਇਆ। ਕਰੇ ਖੇਲ ਆਪ ਖ਼ੁਦਾ, ਅਵਲੱੜੀ ਚਾਲ ਆਪ ਚਲਾਇਆ। ਪਹਿਲੋਂ ਮੁਹੰਮਦ ਕਲਮਾ ਦਿਤਾ ਪੜ੍ਹਾ, ਏਕਾ ਆਇਤ ਸੁਣਾਇਆ। ਫਿਰ ਗੋਬਿੰਦ ਦਿਤਾ ਸਮਝਾ, ਫਤਿਹ ਜੈਕਾਰਾ ਇਕ ਅਲਾਇਆ। ਦੋਹਾਂ ਬਲ ਦਿਤਾ ਵਧਾ, ਆਪ ਆਪਣਾ ਹੁਕਮ ਵਰਤਾਇਆ। ਇਕ ਦੂਜੇ ਹੱਥ ਕੰਡਾ ਦਿਤਾ ਫੜਾ, ਆਪ ਆਪਣਾ ਮੁੱਖ ਛੁਪਾਇਆ। ਕਰਕੇ ਧੋਖਾ ਗੋਬਿੰਦ ਧੜਾ ਦਿਤਾ ਬਣਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਪੀਰ ਪੈਗ਼ੰਬਰ ਕਹਿਣ ਹਉਂ ਖ਼ਾਕੀ ਖ਼ਾਕਾ, ਤਨ ਮਾਟੀ ਖ਼ਾਕ ਖਪਾਈਆ। ਤੂੰ ਬੇਐਬ ਪਰਵਰਦਿਗਾਰ ਬਾਕੀ ਬਾਂਕਾ, ਨੂਰ ਜ਼ਹੂਰ ਇਲਾਹੀਆ। ਆਦਿ ਜੁਗਾਦਿ ਜੁਗੋ ਜੁਗ ਤੂੰ ਬੜਾ ਲੜਾਕਾ, ਘਰ ਘਰ ਛੇੜਾਂ ਰਿਹਾ ਛਿੜਾਈਆ। ਅਛਲ ਅਛੱਲ ਬੇਮੁਹਤਾਜ ਚਲਾਕਾ, ਬੇਅੰਤ ਤੇਰੀ ਵਡਿਆਈਆ। ਤੂੰ ਪਹਿਲੋਂ ਖਿਚੇ ਆਪਣਾ ਖਾਕਾ, ਲਕੀਰ ਲਕੀਰ ਵਿਚ ਮਿਲਾਈਆ। ਫਿਰ ਗੁਰ ਅਵਤਾਰਾਂ ਸੁਣਾਵੇਂ ਸਾਕਾ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਕਿਸੇ ਕਰਾਏਂ ਪੰਜ ਵਕਤ ਨਿਮਾਜਾ, ਕਿਸੇ ਅੰਮ੍ਰਿਤ ਬਾਟਾ ਹੱਥ ਫੜਾਈਆ। ਕਿਸੇ ਕਹੇਂ ਮੈਂ ਤੇਰਾ ਸੱਚਾ ਆਕਾ, ਕਿਸੇ ਕਹੇਂ ਇਕ ਪਾਰਬ੍ਰਹਮ ਸਰਨਾਈਆ । ਨਾਨਕ ਕਹੇ ਤੂੰ ਸਭ ਦਾ ਪੜਦਾ ਢਾਕਾ, ਸਿਰ ਆਪਣਾ ਹੱਥ ਟਿਕਾਈਆ। ਮੁਹੰਮਦ ਕਹੇ ਮੇਰਾ ਪੂਰਾ ਕਰਦੇ ਘਾਟਾ, ਤੇਰੇ ਅੱਗੇ ਆਪਣੀ ਝੋਲੀ ਡਾਹੀਆ। ਗੋਬਿੰਦ ਕਹੇ ਮੈਂ ਵੇਖਾਂ ਤੇਰਾ ਖੇਲ ਤਮਾਸ਼ਾ, ਕਲਜੁਗ ਵੇਲਾ ਅੰਤਮ ਆਈਆ। ਨਾਨਕ ਕਹੇ ਪ੍ਰਭ ਸਭ ਦਾ ਰਾਖਾ, ਘਟ ਘਟ ਰਿਹਾ ਸਮਾਈਆ। ਮੁਹੰਮਦ ਕਹੇ ਪ੍ਰਭ ਦੇ ਦੇ ਦਾਤਾਂ, ਤੇਰੀ ਇਕੋ ਓਟ ਤਕਾਈਆ। ਗੋਬਿੰਦ ਕਹੇ ਤੂੰ ਮੇਰਾ ਪਿਤਾ ਮਾਤਾ, ਤੇਰਾ ਸੰਗ ਵਿਛੜ ਨਾ ਜਾਈਆ। ਨਾਨਕ ਕਹੇ ਪੁਰਖ ਅਕਾਲ ਸਭ ਦਾ ਨਾਤਾ, ਹਰ ਘਟ ਆਪਣਾ ਬੰਧਨ ਪਾਈਆ। ਮੁਹੰਮਦ ਕਹੇ ਮੇਰੀ ਸੱਚੀ ਜਾਤਾ, ਤੇਰੀ ਜ਼ਾਤ ਵਿਚੋਂ ਪਰਗਟਾਈਆ। ਗੋਬਿੰਦ ਕਹੇ ਮੇਰਾ ਤੇਰੇ ਅੰਦਰ ਵਾਸਾ, ਦੂਜੇ ਘਰ ਨਾ ਕੋਈ ਵਡਿਆਈਆ। ਨਾਨਕ ਕਹੇ ਪ੍ਰਭ ਸਰਬ ਭਰਵਾਸਾ, ਸਿਰ ਸਭਨਾ ਹੱਥ ਟਿਕਾਈਆ। ਮੁਹੰਮਦ ਕਹੇ ਮੇਰੀ ਮੁੱਕੀ ਵਾਟਾ, ਅੰਤਮ ਵੇਲਾ ਗਿਆ ਆਈਆ। ਗੋਬਿੰਦ ਕਹੇ ਮੈਂ ਕਰਾਂ ਹਾਸਾ, ਦਰ ਤੇਰੇ ਖ਼ੁਸ਼ੀ ਮਨਾਈਆ। ਨਾਨਕ ਨਿਰਗੁਣ ਕਹੇ ਪੁਰਖ ਅਕਾਲ ਵੇਖੇ ਤਮਾਸ਼ਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀਰ ਪੈਗ਼ੰਬਰ ਗੁਰ ਅਵਤਾਰ ਆਪਣੇ ਰੰਗ ਰਿਹਾ ਵਖਾਈਆ।
