Granth 11 Likhat 063: 16 Magh 2018 Bikarmi Tej Bhan Shekhsar Jammu

੧੬ ਮਾਘ ੨੦੧੮ ਬਿਕ੍ਰਮੀ ਤੇਜ਼ ਭਾਨ ਸ਼ੇਖਸਰ ਜੰਮੂ

ਬਿਨ ਤਾਰੋਂ ਰੱਖੀ ਤੰਦੀ, ਹਰਿ ਸਚ ਸਿਤਾਰ ਵਜਾਇੰਦਾ। ਧਰਤ ਮਾਤ ਮੰਗ ਮੰਗੀ, ਖਾਲੀ ਧਵਲ ਵੇਖ ਵਖਾਇੰਦਾ। ਨੇਤਰ ਰੋਵੇ ਸੁਹਾਗਣ ਰੰਡੀ, ਧੀਰਜ ਧੀਰ ਨਾ ਕੋਈ ਧਰਾਇੰਦਾ। ਚਾਰੋਂ ਕੁੰਟ ਹੋਏ ਵਰਭੰਡੀ, ਸਿਰ ਹੱਥ ਨਾ ਕੋਈ ਰਖਾਇੰਦਾ। ਮੈਂ ਨੇਤਰ ਨੈਣ ਹੋਈ ਅੰਧੀ, ਮਿਹਰ ਨਜ਼ਰ ਨਾ ਕੋਈ ਟਿਕਾਇੰਦਾ। ਮੈਂ ਚਾਰ ਜੁਗ ਪਈ ਖਾਨੇਬੰਦੀ, ਮੇਰੇ ਬੰਦ ਨਾ ਕੋਈ ਤੁੜਾਇੰਦਾ। ਮੇਰੇ ਸੀਨੇ ਪਾਵੇ ਠੰਡੀ, ਤੂੰ ਸਭ ਦੀ ਆਸ ਪੁਚਾਇੰਦਾ। ਮੈਂ ਬਿਰਹੋਂ ਵੈਰਾਗਣ ਭਾਗਾਂ ਮੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਵਰ ਸਾਚਾ ਇਕ ਮੰਗਾਇੰਦਾ। ਬਿਨ ਤਾਰ ਵੱਜੇ ਤੰਦ, ਤੰਦ ਤੰਦ ਨਾਲ ਮਿਲਾਈਆ। ਮੇਰੇ ਸਾਹਿਬ ਸੁਲਤਾਨ ਸਦਾ ਬਖ਼ਸ਼ੰਦ, ਤੇਰੇ ਹੱਥ ਵਡੀ ਵਡਿਆਈਆ। ਤੂੰ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਸਦਾ ਸਮਾਈਆ। ਮੇਰੀ ਮੇਟ ਸਗਲੀ ਚਿੰਦ, ਧਰਤ ਮਾਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਬਿਨ ਤੰਦੀ ਵੱਜੇ ਰਾਗ, ਹਰਿ ਸਾਚਾ ਆਪ ਅਲਾਇੰਦਾ। ਧਰਨੀ ਧਰਤ ਵੈਰਾਗ਼, ਵੈਰਾਗ਼ੀ ਰੂਪ ਵਖਾਇੰਦਾ। ਬਣ ਨਿਮਾਣੀ ਗਈ ਜਾਗ, ਆਲਸ ਨਿੰਦਰਾ ਵੇਖ ਵਖਾਇੰਦਾ। ਤੇਰੀ ਆਸਾ ਹੋਈ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਮੇਰੇ ਸਾਲੂ ਲੱਗਾ ਦਾਗ਼, ਦੁਰਮਤ ਮੈਲ ਨਾ ਕੋਈ ਧਵਾਇੰਦਾ। ਨਾਤਾ ਤੁਟਾ ਕੰਤ ਸੁਹਾਗ, ਬੰਧਨ ਸੀਸ ਨਾ ਕੋਇ ਤੁੜਾਇੰਦਾ। ਚਾਰੋਂ ਕੁੰਟ ਜਾਣਾ ਜਾਗ, ਆਪਣਾ ਡੰਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕ ਸੁਹਾਇੰਦਾ। ਤਾਰ ਸਿਤਾਰ ਏਕਾ ਧਾਰ, ਬਿਨ ਤੰਦੀ ਆਪ ਹਿਲਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਜੁਗ ਜੁਗ ਵੇਸ ਵਟਾਈਆ। ਭਗਤਾਂ ਦੇਵੇ ਭਗਤੀ ਦਾਨ, ਵਸਤ ਅਮੋਲਕ ਝੋਲੀ ਪਾਈਆ। ਸੰਤ ਸੁਹੇਲੇ ਆਪ ਪਛਾਣ, ਦਰ ਸਾਚੇ ਲਏ ਮਿਲਾਈਆ। ਗੁਰਮੁਖਾਂ ਦੇਵੇ ਨਾਮ ਨਿਧਾਨ, ਅਨਮੁਲੜੀ ਦਾਤ ਆਪ ਵਰਤਾਈਆ। ਗੁਰਸਿਖ ਸੱਚੇ ਲਏ ਪਛਾਣ, ਆਤਮ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਬਿਨ ਤੰਦੀ ਨਾਉਂ ਮਰਦੰਗ, ਹਰਿ ਸੱਜਣ ਆਪ ਵਜਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਕੋਇ ਨਾ ਆਇੰਦਾ। ਲੇਖਾ ਜਾਣੇ ਸੂਰਜ ਚੰਦ, ਮੰਡਲ ਮੰਡਪ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਭੇਵ ਜਣਾਇੰਦਾ। ਭੇਵ ਜਣਾਏ ਸ੍ਰੀ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਖੇਲੇ ਖੇਲ ਜੁਗਾਂ ਜਗੰਤ, ਆਦਿ ਜੁਗਾਦਿ ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਵੇਖੇ ਜੰਤ, ਘਟ ਘਟ ਰਿਹਾ ਸਮਾਈਆ। ਗੁਰਮੁਖ ਮੇਲਾ ਨਾਰ ਕੰਤ, ਸੋਭਾਵੰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਰਿਹਾ ਵਰਤਾਈਆ। ਧਰਨੀ ਧਰਤ ਧਵਲ ਰੋ, ਨੇਤਰ ਨੈਣਾਂ ਨੀਰ ਵਹਾਇਆ। ਖੁਲੜੇ ਕੇਸ ਰਹੀ ਖੋਹ, ਬਹਿਬਲ ਆਪਣਾ ਰੂਪ ਵਟਾਇਆ। ਮੇਰਾ ਨਾਤਾ ਤੁਟਾ ਮੋਹ, ਮੇਰਾ ਸੰਗ ਨਾ ਕੋਇ ਰਖਾਇਆ। ਸਾਧ ਸੰਤ ਕਰਨ ਧਰੋਹ, ਧੀਆਂ ਭੈਣਾਂ ਰਹੇ ਤਕਾਇਆ। ਤੁਧ ਬਿਨ ਸਹਾਈ ਨਾ ਕੋ, ਸਿਰ ਮੇਰੇ ਹੱਥ ਨਾ ਕੋਈ ਰਖਾਇਆ। ਮੈਂ ਫਿਰ ਕੇ ਆਈ ਤ੍ਰੈਲੋਅ, ਲੋਕ ਪਰਲੋਕ ਵੇਖ ਵਖਾਇਆ। ਕੋਈ ਨਾ ਦੇਵੇ ਢੋਆ ਢੋਅ, ਸਭ ਧੱਕਾ ਰਹੇ ਲਗਾਇਆ। ਮੇਰੇ ਨਾਲ ਨਾ ਸਕੇ ਕੋਈ ਛੋਹ, ਜਾਤ ਪਾਤ ਵੰਡ ਵੰਡਾਇਆ। ਮੈਂ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਆਈ ਟੋਹ, ਤੇਰਾ ਨੂਰ ਨਜ਼ਰ ਕਿਸੇ ਨਾ ਆਇਆ। ਦੀਨ ਮਜ਼੍ਹਬ ਬਣ ਬਣ ਬੈਠੇ ਗਰੋਹ, ਤੇਰੀ ਝੂਠੀ ਵੰਡ ਵੰਡਾਇਆ। ਹਿੰਦੂ ਮੁਸਲਮ ਸੂਰ ਗਾਂ ਰਹੇ ਕੋਹ, ਛੁਰੀ ਤੇਰੇ ਉਤੇ ਚਲਾਇਆ। ਮੈਂ ਇਸੇ ਕਰਕੇ ਤੇਰੇ ਅੱਗੇ ਰਹੀ ਰੋ, ਦੋਏ ਜੋੜ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਆਸ ਕਰਾਇਆ। ਬਿਨ ਤੰਦੀ ਵੱਜੇ ਤਾਰ, ਸੋ ਪੁਰਖ ਨਿਰੰਜਣ ਆਪ ਵਜਾਈਆ। ਸ਼ਬਦੀ ਸ਼ਬਦ ਬੋਧ ਅਗਾਧ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਏਕੰਕਾਰਾ ਰੱਖੇ ਯਾਦ, ਭੁੱਲ ਕਦੇ ਨਾ ਜਾਈਆ। ਆਦਿ ਨਿਰੰਜਣ ਦੇਵੇ ਦਾਦ, ਜੋਤੀ ਜੋਤ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਮਾਰ ਆਵਾਜ਼, ਏਕਾ ਰਾਗ ਸੁਣਾਈਆ। ਅਬਿਨਾਸ਼ੀ ਕਰਤਾ ਰੱਖੇ ਲਾਜ, ਸਿਰ ਤੇਰੇ ਹੱਥ ਟਿਕਾਈਆ। ਪਾਰਬ੍ਰਹਮ ਸੁਵਾਰੇ ਕਾਜ, ਕਰਤਾ ਪੁਰਖ ਹੋਏ ਸਹਾਈਆ। ਪਰਗਟ ਹੋ ਗ਼ਰੀਬ ਨਿਵਾਜ਼, ਦੀਨਨ ਦਇਆ ਆਪ ਕਮਾਈਆ। ਲੱਖ ਚੁਰਾਸੀ ਵੇਖੇ ਭਾਜ, ਚਾਰੋਂ ਕੁੰਟ ਫੇਰਾ ਪਾਈਆ। ਜਿਸ ਸਾਜਨ ਤੇਰਾ ਲਿਆ ਸਾਜ, ਸੋ ਸਾਹਿਬ ਲਏ ਬਚਾਈਆ। ਤੂੰ ਇਕੋ ਰੱਖਣੀ ਯਾਦ, ਪ੍ਰਭ ਮਿਲੇ ਸੱਚਾ ਮਾਹੀਆ। ਕੂੜੀ ਕਿਰਿਆ ਵਿਚੋਂ ਲਏ ਕਾਢ, ਸਾਚੇ ਮਾਰਗ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਏਕਾ ਗੁਣ ਸਮਝਾਈਆ। ਬਿਨ ਤੰਦੀ ਰਾਗ ਅਵੱਲੜਾ, ਸੱਚਾ ਆਪ ਵਜਾਇੰਦਾ। ਵਸਣਹਾਰਾ ਸਚ ਮਹੱਲੜਾ, ਸਚ ਸਾਚੀ ਕਾਰ ਕਮਾਇੰਦਾ। ਸਚ ਸੰਦੇਸਾ ਏਕਾ ਘਲੜਾ, ਹੁਕਮੀ ਹੁਕਮ ਸੁਣਾਇੰਦਾ। ਨਿਰਗੁਣ ਫੜਾਏ ਆਪਣਾ ਪਲੜਾ, ਦਾਮਨ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਤੰਦੀ ਤਾਰ ਹਿਲਾਇੰਦਾ। ਨਾ ਤੰਦੀ ਨਾ ਕੋਈ ਤਾਰ, ਤਾਲ ਤਲਵਾੜਾ ਨਾ ਕੋਈ ਵਜਾਈਆ। ਆਸਾ ਅੰਦਰ ਇਕ ਪਿਆਰ, ਆਸਾ ਆਸਾ ਵਿਚ ਸਮਾਈਆ। ਗੁਫ਼ਤ ਸ਼ਨੀਦ ਦੀਦ ਨਿਰੰਕਾਰ, ਆਪਣਾ ਰੂਪ ਵਖਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਧਾਰ ਚਲਾਈਆ। ਜੁਗ ਚੌਕੜੀ ਵੇਖੇ ਚਾਰ, ਗੇੜਾ ਆਪ ਭੁਵਾਈਆ। ਲਹਿਣਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵਾ ਲਾਈਆ। ਰਾਤੀ ਰੁੱਤੀ ਥਿਤੀ ਜਾਣੇ ਵਾਰ, ਘੜੀ ਪਲ ਨਾ ਵੰਡ ਵੰਡਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਨ ਉਜਿਆਰ, ਮੰਡਲ ਮੰਡਪ ਬ੍ਰਹਿਮੰਡ ਕਰੇ ਰੁਸ਼ਨਾਈਆ। ਦਾਤਾ ਦਾਨੀ ਦੋ ਜਹਾਨ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਭੰਡਾਰ, ਤ੍ਰੈਗੁਣ ਏਕਾ ਬੰਧਨ ਪਾਈਆ। ਪੰਚ ਤੱਤ ਵੇਖ ਜਗਤ ਅਖਾੜ, ਲੱਖ ਚੁਰਾਸੀ ਨਾਚ ਨਚਾਈਆ। ਨਟੂਆ ਨਟ ਖੇਲ ਅਪਾਰ, ਸਵਾਂਗੀ ਸਵਾਂਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ। ਆਪਣਾ ਖੇਲ ਦੱਸੇ ਹਾਲ, ਹਰਿ ਹਰਿ ਆਪ ਜਣਾਇਆ। ਜੁਗ ਚੌਕੜੀ ਬੀਤੇ ਕਾਲ, ਕੋਟਨ ਕੋਟ ਰੂਪ ਵਟਾਇਆ। ਗੁਰ ਅਵਤਾਰ ਬਣ ਬਣ ਦਲਾਲ, ਲੋਕਮਾਤ ਗਏ ਸਮਝਾਇਆ। ਕਰੇ ਖੇਲ ਦੀਨ ਦਿਆਲ, ਦਇਆਨਿਧ ਬੇਪਰਵਾਹੀਆ। ਅੰਤ ਹੱਲ ਨਾ ਹੋਇਆ ਕਿਸੇ ਕੋਲੋਂ ਸਵਾਲ, ਬੇਅੰਤ ਬੇਅੰਤ ਬੇਅੰਤ ਕਰ ਕਰ ਗਏ ਸੁਣਾਇਆ। ਏਕਾ ਨਾਮ ਨਾਮ ਧੰਨ ਮਾਲ, ਪੁਰਖ ਅਕਾਲ ਖਜ਼ਾਨਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਆਪਣਾ ਖੇਲ ਕਰ ਕਰਤਾਰ, ਬਿਨ ਤੰਦੀ ਤਾਰ ਹਿਲਾਇੰਦਾ। ਘਰ ਘਰ ਬਹਿ ਬਹਿ ਕਰੇ ਵਿਚਾਰ, ਸੋਚਿਆਂ ਸੋਚ ਵਿਚ ਨਾ ਆਇੰਦਾ। ਜੁਗ ਜੁਗ ਲੇਖ ਅਪਰ ਅਪਾਰ, ਲੇਖਾ ਲੇਖੇ ਵਿਚ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਧਰਨੀ ਧਰਤ ਧਵਲ ਦੇ ਸਹਾਰ, ਸਿਰ ਤੇਰੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਧਰਨੀ ਉਠ ਕਰ ਧਿਆਨ, ਹਰਿ ਜੂ ਆਪ ਸੁਣਾਇੰਦਾ। ਚਾਰੋਂ ਕੁੰਟ ਦਿਸੇ ਵੈਰਾਨ, ਸਾਚਾ ਖੇੜਾ ਨਾ ਕੋਈ ਵਸਾਇੰਦਾ। ਭਠ ਹੋਇਆ ਗਿਆਨ ਧਿਆਨ, ਭੇਵ ਅਭੇਦ ਨਾ ਕੋਈ ਜਣਾਇੰਦਾ। ਚਾਰੇ ਵਰਨ ਹੋਏ ਸ਼ੈਤਾਨ, ਸ਼ਰਅ ਸ਼ਰੀਅਤ ਨਾਲ ਮਿਲਾਇੰਦਾ। ਸਾਚਾ ਰਾਗ ਨਾ ਸੁਣੇ ਕੋਈ ਕਾਨ, ਝੂਠਾ ਨਾਦ ਸਰਬ ਵਜਾਇੰਦਾ। ਚਾਰ ਦੀਵਾਰੀ ਮੰਦਰ ਮਕਾਨ, ਇੱਟਾਂ ਗਾਰਾ ਨਾਲ ਰਖਾਇੰਦਾ। ਘਟ ਮੰਦਰ ਨਾ ਵੇਖੇ ਕੋਈ ਮਾਰ ਧਿਆਨ, ਬੰਦ ਤਾਕ ਨਾ ਕੋਈ ਖੁਲ੍ਹਾਇੰਦਾ। ਸਤਿਗੁਰ ਮਿਲੇ ਨਾ ਕਿਸੇ ਆਣ, ਦੁਖੜਾ ਰੋਗ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਆਪ ਜਣਾਇੰਦਾ। ਏਕਾ ਗੁਣ ਸੁਣ ਲੈ ਪੁੱਤਰੀ ਧੀ, ਹਰਿ ਸੱਚੇ ਸਚ ਜਣਾਇਆ। ਤੇਰੀ ਵੰਡੀ ਹਰਿ ਜੂ ਸੀਂ, ਸਾਚੀ ਵੰਡ ਕਰਾਇਆ। ਗੋਬਿੰਦ ਬਾਲੇ ਰੱਖੇ ਹੇਠਾਂ ਨੀਂਹ, ਤੇਰਾ ਦੁਖੜਾ ਦਏ ਗਵਾਇਆ। ਉਤੇ ਬਰਖੇ ਗੁਰਮੁਖ ਮੀਂਹ, ਅੰਮ੍ਰਿਤ ਮੇਘ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਇਆ। ਤੇਰਾ ਦੁਖ ਵੰਡੇ ਦਰਦ, ਬੇਦਰਦੀ ਆਪ ਸਮਝਾਇੰਦਾ। ਸਭ ਦੇ ਸਿਰ ਤੋਂ ਛੁਰੀ ਹਟਾਏ ਕਰਦ, ਜਿਬ੍ਹਾ ਹਲਾਲ ਨਾ ਕੋਈ ਵਖਾਇੰਦਾ। ਪਰਗਟ ਹੋ ਕੇ ਆਵੇ ਇਕੋ ਮਰਦ, ਮਰਦ ਮਰਦਾਨਾ ਨਾਉਂ ਧਰਾਇੰਦਾ। ਤੇਰੇ ਸਿਰ ਤੇ ਦੇਵੇ ਪਰੇਮ ਫਰਦ, ਖੁਲ੍ਹੀ ਗੁੱਤ ਨਾ ਕੋਈ ਵਖਾਇੰਦਾ। ਅੱਗੇ ਹੋਣ ਦਾ ਦੇਵੇ ਹਰਜ਼, ਪਿਛਲਾ ਦੁੱਖ ਗਵਾਇੰਦਾ। ਤੇਰਾ ਲਾਹਵੇ ਆਪੇ ਕਰਜ਼, ਮਕਰੂਜ਼ ਫੇਰੀ ਪਾਇੰਦਾ। ਤੇਰੀ ਸਿਧੀ ਕਰੇ ਨਰਦ, ਨਾਰਦ ਮੁਨ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਹਰਿ ਜੂ ਦੱਸ, ਏਕਾ ਗੁਣ ਜਣਾਇਆ। ਬਾਲੀ ਕੰਨਿਆਂ ਉਠ ਉਠ ਹੱਸ, ਸਿਰ ਤੇਰੇ ਹੱਥ ਟਿਕਾਇਆ। ਤੇਰਾ ਸਾਹਿਬ ਹੋਏ ਵਸ, ਵੇਖੀਂ ਚਾਈਂ ਚਾਇਆ। ਨਿਰਗੁਣ ਲੋਕਮਾਤ ਆਏ ਨੱਸ, ਰੂਪ ਅਨੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੋਏ ਸਹਾਇਆ। ਧਰਤ ਮਾਤ ਕਹੇ ਮੈਂ ਰੰਡੀ, ਚਾਰੋਂ ਕੁੰਟ ਕੂਕ ਸੁਣਾਇਆ। ਮੇਰਾ ਕੋਈ ਨਾ ਸੰਗ ਕਰੇ ਵਰਭੰਡੀ, ਸਾਕ ਸੈਣ ਨਾ ਕੋਈ ਬਣਾਇਆ। ਨੱਕ ਨੱਥ ਸੁਹਾਗ ਨਾ ਕੰਨ ਡੰਡੀ, ਸੀਸ ਸੀਸ ਨਾ ਕੋਈ ਗੁੰਦਾਇਆ। ਮੈਂ ਜਾਏ ਬੈਠੀ ਕੰਢੀ, ਜਿਥੇ ਗੁਰ ਅਵਤਾਰ ਕਿਸੇ ਨਾ ਫੇਰਾ ਪਾਇਆ। ਮੈਂ ਭਾਗਹੀਣ ਭਾਗਾਂ ਮੰਦੀ, ਮੇਰਾ ਦੁਖੜਾ ਨਾ ਕੋਈ ਗਵਾਇਆ। ਚਾਰੋਂ ਕੁੰਟ ਵਾਸਨਾ ਗੰਦੀ, ਸੁਗੰਧੀ ਨਜ਼ਰ ਕੋਇ ਨਾ ਆਇਆ। ਮੈਂ ਬਹੁੜੀ ਫਸ ਗਈ ਫੰਦੀ, ਮੇਰਾ ਫੰਦ ਨਾ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਈ ਸਹਾਇਆ। ਤੇਰੀ ਕੰਢੀ ਲੱਗੇ ਪਿਆਰੀ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਤੇਰੀ ਆਈ ਵਾਰੀ, ਅੰਤਮ ਤੇਰਾ ਲਹਿਣਾ ਮੁਕਾਇੰਦਾ। ਪਰਗਟ ਹੋ ਜੋਤ ਨਿਰੰਕਾਰੀ, ਨਿਰਗੁਣ ਆਪਣਾ ਖੇਲ ਕਰਾਇੰਦਾ। ਲਹਿਣਾ ਚੁਕਾਏ ਕ੍ਰਿਸ਼ਨ ਮੁਰਾਰੀ, ਮੁਕੰਦ ਮਨੋਹਰ ਮੁਕਟ ਆਪਣੇ ਸੀਸ ਟਿਕਾਇੰਦਾ। ਜਿਸ ਹੱਥ ਫੜੀ ਕਟਾਰੀ, ਪੰਜੇ ਪਾਡੋਂ ਸੁਤ ਸੀਸ ਕਟਾਇੰਦਾ। ਅੰਤਮ ਮੰਗੇ ਬਣ ਦਰ ਭਿਖਾਰੀ, ਨਿਉਂ ਨਿਉਂ ਸੀਸ ਝੁਕਾਇੰਦਾ। ਅਸਵਥਾਮਾ ਨੇਤਰ ਰੋਵੇ ਕਰੇ ਗਿਰਿਆਜ਼ਾਰੀ, ਨੈਣ ਨੀਰ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਪੰਡਤ ਮੰਗੇ ਏਕਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਮੈਂ ਭੁੱਲ ਗਿਆ ਭਗਵਾਨ, ਤੇਰਾ ਭੇਵ ਨਾ ਰਾਈਆ। ਮੈਂ ਮਾਰੇ ਬਾਲੇ ਨਾਦਾਨ, ਰੱਤ ਧਰਤ ਮਾਤ ਡੁਲ੍ਹਾਈਆ। ਮੇਰੀ ਬੁੱਧੀ ਹੋਈ ਸਵਾਨ, ਆਸਾ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰੀ ਦੇਣੀ ਭੁੱਲ ਬਖ਼ਸ਼ਾਈਆ। ਅੱਗੋਂ ਧਰਤ ਮਾਤ ਕਰੇ ਪਕਾਰ, ਏਕਾ ਗੁਣ ਜਣਾਇਆ। ਸੋਲਾਂ ਕਲਾ ਕਲ ਅਵਤਾਰ, ਕ੍ਰਿਸ਼ਨਾ ਇਹ ਕੀ ਖੇਲ ਰਚਾਇਆ। ਤੇਰੇ ਹੱਥੋਂ ਹੋਇਆ ਵਿਭਚਾਰ, ਛੋਟੇ ਬਾਲੇ ਸੀਸ ਕਟਾਇਆ। ਹੁਣ ਪੰਡਤ ਕਰੇ ਗਿਰਿਆਜ਼ਾਰ, ਵੇਲਾ ਗਿਆ ਹੱਥ ਨਾ ਆਇਆ। ਮੈਂ ਦਰਦ ਭਰੀ ਕਰਾਂ ਪੁਕਾਰ, ਬਣ ਦਰਦੀ ਦਰਦ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਸਾਚਾ ਖੇਲ ਸ੍ਰੀ ਭਗਵਾਨ, ਏਕਾ ਏਕ ਕਰਾਇੰਦਾ। ਧਰਤ ਮਾਤ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਅਸਵਥਾਮਾ ਦੇਵੇ ਗਿਆਨ, ਏਕਾ ਗੁਣ ਵਖਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਸ੍ਰੀ ਭਗਵਾਨ, ਆਪਣਾ ਖੇਲ ਕਰਾਇੰਦਾ। ਧਰਨੀ ਤੇਰਾ ਪੂਰਾ ਕਰੇ ਦਾਨ, ਦਾਤਾ ਦਾਨੀ ਵੇਸ ਵਟਾਇੰਦਾ। ਤੂੰ ਕੰਢੀ ਡੇਰਾ ਮੱਲੀਂ ਆਣ, ਜਿਥੇ ਫੇਰਾ ਕੋਈ ਨਾ ਪਾਇੰਦਾ। ਕਿਰਪਾ ਕਰੇ ਆਪ ਮਿਹਰਵਾਨ, ਸਾਚੇ ਪ੍ਰੋਹਿਤ ਜਨਮ ਦਵਾਇੰਦਾ। ਆਪ ਹੋਏ ਫੇਰ ਨਿਗਹਬਾਨ, ਨੈਣ ਨੈਣ ਨਾਲ ਮਿਲਾਇੰਦਾ। ਨੂਰੀ ਤੇਜ ਤੇਜ ਭਾਨ, ਭਾਨ ਭਾਨ ਵਿਚ ਪਰਕਾਸ਼ ਵਖਾਇੰਦਾ। ਬਿਨ ਪੜ੍ਹਿਆਂ ਇਕ ਗਿਆਨ, ਬਿਨ ਵਿਦਿਆ ਭੇਵ ਮੁਕਾਇੰਦਾ। ਤੇਰਾ ਨਾਤਾ ਜੋੜੇ ਵਿਚ ਜਹਾਨ, ਸਾਚਾ ਬੰਧਨ ਪਾਇੰਦਾ। ਚਲ ਕੇ ਆਏ ਸ੍ਰੀ ਭਗਵਾਨ, ਤੇਰਾ ਲਹਿਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪਣੇ ਹੱਥ ਰਖਾਇੰਦਾ। ਸਚ ਵਿਹਾਰਾ ਸ਼ਾਹੋ ਭੂਪ, ਹਰਿ ਸਤਿਗੁਰ ਆਪ ਕਰਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਨਜ਼ਰ ਕਿਸੇ ਨਾ ਆਈਆ। ਆਪੇ ਵੰਡੀ ਆਪਣੀ ਕੂਟ, ਆਪੇ ਫੇਰਾ ਪਾਈਆ। ਆਪੇ ਦੇਵੇ ਆਪਣਾ ਸਚ ਸਬੂਤ, ਲਿਖਣ ਪੜ੍ਹਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਤ ਧਵਲ ਤੇਰੀ ਪੂਰੀ ਆਸਾ, ਆਸਾਵੰਤ ਕਰਾਇੰਦਾ। ਜੁਗ ਚੌਕੜੀ ਦੇ ਭਰਵਾਸਾ, ਲਹਿਣਾ ਮੂਲ ਚੁਕਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਧਾਰ ਚਲਾਇੰਦਾ। ਸਦਾ ਸੁਹੇਲਾ ਵਸੇ ਪਾਸਾ, ਵਿਛੜ ਕਦੇ ਨਾ ਜਾਇੰਦਾ। ਰਲ ਮਿਲ ਸਾਰੇ ਕਰੋ ਹਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਰਾਇੰਦਾ। ਸਾਚੀ ਦਇਆ ਦਇਆਵਾਨ, ਹਰਿ ਸਾਚਾ ਸਚ ਜਣਾਈਆ। ਦਰੋਨਾਚਾਰਜ਼ ਜਿਨ੍ਹਾਂ ਨੂੰ ਦਿਤਾ ਗਿਆਨ, ਏਕਾ ਕਰੀ ਪੜ੍ਹਾਈਆ। ਸੋ ਤੇਰੀ ਕੁੱਖੋਂ ਜਨਮ ਲੈਣ ਆਣ, ਉਤੇ ਕੰਢੀ ਡੇਰਾ ਲਾਈਆ। ਤਿਨ੍ਹਾਂ ਅੰਤ ਮਿਲੇ ਭਗਵਾਨ, ਚਾਰੋਂ ਕੁੰਟ ਲਏ ਉਠਾਈਆ। ਸ਼ਬਦ ਸੁਰਤ ਇਕ ਧਿਆਨ, ਏਕਾ ਰਾਗ ਅਲਾਈਆ। ਚਰਨ ਕਵਲ ਬਖ਼ਸ਼ੇ ਮਾਣ, ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖੇਲਾ, ਖੇਲਣਹਾਰ ਭੇਵ ਨਾ ਆਇਆ। ਲੇਖੇ ਲਾਏ ਗੁਰੂ ਗੁਰ ਚੇਲਾ, ਚੇਲਾ ਆਪਣਾ ਨਾਮ ਧਰਾਇਆ। ਹਰਿ ਸੰਗਤ ਹਰਿ ਜੂ ਕਰੇ ਮੇਲਾ, ਪਹਿਲਾ ਦੁੱਖ ਗਵਾਇਆ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਵੇਸ ਵਟਾਇਆ। ਆਦਿ ਜੁਗਾਦਿ ਸੱਜਣ ਸੁਹੇਲਾ, ਜੁਗ ਜੁਗ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪਿਆਰ ਏਕਾ ਘਰ ਵਖਾਇਆ। ਪਰੇਮ ਪਿਆਰ ਪਾਏ ਗੰਢ, ਹਰਿ ਗੰਢਣਹਾਰ ਗੋਪਾਲ। ਆਤਮ ਅੰਤਰ ਰੱਖੇ ਠੰਡ, ਦੀਨਾਂ ਬੰਧਪ ਦੀਨ ਦਿਆਲ। ਦੂਈ ਦਵੈਤੀ ਢਾਹੇ ਕੰਧ, ਇਕ ਵਖਾਏ ਸੱਚੀ ਧਰਮਸਾਲ। ਏਕਾ ਨੂਰ ਏਕਾ ਚੰਦ, ਏਕਾ ਜਲਵਾ ਦਏ ਜਲਾਲ। ਏਕਾ ਤੋੜੇ ਖਾਨਾਬੰਦ, ਏਕਾ ਚਲੇ ਨਾਲ ਨਾਲ। ਇਕ ਵਜਾਏ ਸਚ ਰਬਾਬ ਤੰਦ, ਬਿਨ ਤੰਦੀ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸ੍ਰੀ ਭਗਵਾਨ। ਸ੍ਰੀ ਭਗਵਾਨ ਕੀ ਕਰੇ ਵਿਚਾਰਾ, ਆਪਣਾ ਜੁਗ ਜੁਗ ਮੂਲ ਮੁਕਾਈਆ। ਭਗਤਾਂ ਦਰ ਬਣਿਆ ਰਹੇ ਵਣਜਾਰਾ, ਬਣ ਸੇਵਕ ਸੇਵ ਕਮਾਈਆ। ਆਦਿ ਅੰਤ ਕੱਟਦਾ ਰਹੇ ਵਗਾਰਾ, ਬਣ ਵਗਾਰੀ ਫੇਰਾ ਪਾਈਆ। ਗੁਰਮੁਖਾਂ ਅੱਗੇ ਕੱਢਦਾ ਰਹੇ ਹਾੜਾ, ਜਿਉਂ ਧੰਨੇ ਜੱਟ ਸੀਸ ਨਿਵਾਈਆ। ਆਪੇ ਦੋਏ ਦੋਏ ਜੋੜ ਕਰੇ ਨਿਮਸਕਾਰਾ, ਅੰਦਰ ਵੜ ਵੜ ਸੀਸ ਝੁਕਾਈਆ। ਗੁਰਸਿਖ ਤੇਰਾ ਇਕ ਸਹਾਰਾ, ਦੂਜੀ ਓਟ ਨਾ ਕੋਈ ਤਕਾਈਆ। ਤੇਰਾ ਮੰਦਰ ਮੇਰਾ ਚੁਬਾਰਾ, ਚਾਰ ਕੁੰਟ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਰਾਗੀ ਰਾਗ ਸੁਣਾਈਆ। ਅਨਰਾਗੀ ਗਾਏ ਆਪਣਾ ਰਾਗ, ਰਾਗ ਨਾਦ ਭੇਵ ਨਾ ਰਾਇਆ। ਲੇਖਾ ਜਾਣੇ ਬ੍ਰਹਮ ਬ੍ਰਹਮਾਦਿ, ਪਾਰਬ੍ਰਹਮ ਬੇਪਰਵਾਹਿਆ। ਵੇਸ ਵਟਾਏ ਆਦਿ ਜੁਗਾਦਿ, ਜੁਗ ਜੁਗ ਰੂਪ ਧਰਾਇਆ। ਨਾਮ ਜਣਾਏ ਬੋਧ ਅਗਾਧ, ਸ਼ਬਦੀ ਸ਼ਬਦ ਸੁਣਾਇਆ। ਸੰਤ ਸੁਹੇਲੇ ਆਪੇ ਕਾਢ, ਆਪ ਆਪਣੀ ਗੋਦ ਬਹਾਇਆ। ਨਿਰਗੁਣ ਸਰਗੁਣ ਕਰੇ ਲਾਡ, ਪਰੇਮ ਪਿਆਰ ਇਕ ਵਧਾਇਆ। ਲੇਖਾ ਜਾਣੇ ਮੋਹਣ ਮਾਧਵ ਮਾਧ, ਸ਼ਬਦੀ ਸ਼ਬਦ ਸੁਣਾਇਆ। ਬਿਨ ਤੰਦੀ ਵੱਜੇ ਸਾਜ, ਸਚ ਤੰਬੂਰ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਜਣਾਇਆ। ਜੁਗ ਜੁਗ ਲੇਖਾ ਧਰਤ ਮਾਤ, ਧੁਰ ਦਰਬਾਰੀ ਆਪ ਜਣਾਇੰਦਾ। ਨਾ ਕੋਈ ਕਲਮ ਨਾ ਦਵਾਤ, ਬਿਨ ਸ਼ਾਹੀ ਖੇਲ ਕਰਾਇੰਦਾ। ਸਦਾ ਸੁਹੇਲਾ ਇਕ ਅਕੇਲਾ ਦੇਵਣਹਾਰਾ ਅਨਡਿਠੜੀ ਦਾਤ, ਵਸਤ ਅਮੋਲਕ ਨਾਮ ਵਰਤਾਇੰਦਾ। ਜੁਗ ਜੁਗ ਰੱਖੇ ਡੂੰਘਾ ਖਾਤ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਖੋਲ੍ਹੇ ਤਾਕ, ਬਣ ਬਰਦਾ ਸੇਵ ਕਮਾਇੰਦਾ। ਧਰਤ ਧਵਲ ਤੇਰੀ ਸੁੱਤਾ ਖਾਟ, ਗੁਰਮੁਖ ਆਤਮ ਸੇਜਾ ਇਕ ਹੰਢਾਇੰਦਾ। ਦੋ ਜਹਾਨਾਂ ਕੱਟ ਕੇ ਆਇਆ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਚਰਨ ਸਰਨ ਸਰਨਾਈ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕੂੜੀ ਕਿਰਿਆ ਮੇਟੇ ਨਾਰ ਕਮਜਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਲਹਿਣਾ ਆਪ ਚੁਕਾਇੰਦਾ। ਜੁਗ ਜੁਗ ਲਹਿਣਾ ਚੁਕਾਵਣ ਖਾਤਰ, ਹਰਿ ਜੂ ਆਪਣੀ ਖੇਲ ਕਰਾਈਆ। ਗੁਰ ਅਵਤਾਰਾਂ ਸਨੇਹੁੜਾ ਦੇ ਦੇ ਪਾਤਰ, ਗੁਰ ਗੁਰ ਬਾਣੀ ਨਾਉਂ ਧਰਾਈਆ। ਮਨ ਮਤ ਬੁਧ ਨਾ ਬਣੇ ਚਾਤਰ, ਚਤੁਰਾਈ ਕੋਇ ਨਜ਼ਰ ਨਾ ਆਈਆ। ਜਨ ਭਗਤਾਂ ਦੇਵੇ ਸਾਚਾ ਆਦਰ, ਦਰ ਸਾਚੇ ਆਪ ਬਹਾਈਆ। ਸੰਤ ਸੁਹੇਲੇ ਵੇਖ ਬਹਾਦਰ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਨੁਹਾਏ ਸਾਚੇ ਸਾਗਰ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਆਪ ਮੁਕਾਈਆ। ਪੂਰਬ ਲਹਿਣਾ ਹਰਿਜਨ ਲੈਣਾ, ਦੇਵਣਹਾਰ ਨਿਰੰਕਾਰਾ। ਕਲਜੁਗ ਅੰਤਮ ਵੇਖਣਾ ਨੈਣਾ, ਖੇਲੇ ਖੇਲ ਅਗੰਮ ਅਪਾਰਾ। ਲੱਖ ਚੁਰਾਸੀ ਭਾਣਾ ਸਹਿਣਾ, ਚਾਰੋਂ ਕੁੰਟ ਧੂਆਂਧਾਰਾ। ਧਰਤ ਧਵਲ ਤੇਰੇ ਤਨ ਸਾਚਾ ਗਹਿਣਾ, ਸਤਿਜੁਗ ਸਚ ਕਰੇ ਸ਼ਿੰਗਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਹਰਿ ਸਵਾਮੀ, ਮਹਿਮਾ ਅਗਣਤ ਗਣੀ ਨਾ ਜਾਈਆ। ਆਦਿ ਜੁਗਾਦਿ ਘਟ ਘਟ ਅੰਤਰਜਾਮੀ, ਅੰਤਰ ਆਤਮਾ ਬੂਝ ਬੁਝਾਈਆ। ਨਿਰਵੈਰ ਨਿਰਗੁਣ ਸਦਾ ਨਿਹਕਾਮੀ, ਨਿਹਚਲ ਧਾਮ ਡੇਰਾ ਲਾਈਆ। ਆਪਣੀ ਇਛਿਆ ਗੁਰ ਗੁਰ ਬਾਣੀ, ਗੁਰ ਅਵਤਾਰਾਂ ਆਪ ਸੁਣਾਈਆ। ਸਚਖੰਡ ਦੀ ਸਚ ਕਹਾਣੀ, ਲੋਕਮਾਤ ਪਰਗਟਾਈਆ। ਲੇਖਾ ਜਾਣੇ ਚਾਰ ਖਾਣੀ, ਚਾਰੇ ਬਾਣੀ ਰੂਪ ਵਟਾਈਆ। ਸਤਿਗੁਰ ਮਿਲਾਵਾ ਗੁਰ ਗੁਰ ਹਾਣੀ, ਗੁਰ ਗੁਰ ਗੁਰਮੁਖ ਲਏ ਉਠਾਈਆ। ਦੋਹਾਂ ਵਿਚੋਲਾ ਅੰਮ੍ਰਿਤ ਬਾਣੀ, ਨਿਝਰ ਝਿਰਨਾ ਮੁੱਖ ਝਿਰਾਈਆ। ਆਤਮ ਸੁਰਤੀ ਬਣ ਸਵਾਣੀ, ਹੋ ਨਿਮਾਣੀ ਸੇਵ ਕਮਾਈਆ। ਆਪ ਜਣਾਏ ਧੁਰ ਫ਼ਰਮਾਣੀ, ਸਚ ਸੰਦੇਸਾ ਇਕ ਸੁਣਾਈਆ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਹਰਿ ਸੁਲਤਾਨੀ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰੇਮ ਆਪ ਵਧਾਈਆ। ਪਰੇਮ ਅੰਦਰ ਪਰੇਮ ਰੱਖ, ਹਰਿ ਆਪਣਾ ਆਪ ਛੁਪਾਇਆ। ਪਿਆਰ ਅੰਦਰ ਹੋ ਪਰਤੱਖ, ਪਿਆਰ ਪਿਆਰ ਨਾਲ ਮਿਲਾਇਆ। ਪਰੇਮ ਅੰਦਰ ਪਰੇਮ ਢਕ, ਆਪ ਆਪਣਾ ਪੜਦਾ ਪਾਇਆ। ਪਿਆਰ ਅੰਦਰ ਪਿਆਰ ਕਰ ਪਰਗਟ, ਆਪਣਾ ਮੇਲਾ ਮਿਲਾਇਆ। ਕਰੇ ਖੇਲ ਹਰਿ ਸਮਰਥ, ਸਮਰਥ ਧਾਰ ਚਲਾਇਆ। ਲੇਖਾ ਜਾਣੇ ਅਕੱਥਨਾ ਅਕੱਥ, ਨਾ ਲੇਖ ਕੋਈ ਮਿਟਾਇਆ। ਦੁਆਪਰ ਦਿਤੀ ਏਕਾ ਵੱਥ, ਵਸਤ ਅਮੋਲਕ ਝੋਲੀ ਪਾਇਆ। ਸ਼ਬਦ ਚਲਾਏ ਸਾਚਾ ਰਥ, ਬਣ ਸੇਵਕ ਸੇਵ ਕਮਾਇਆ। ਹਰਿਜਨ ਸਾਚੇ ਕਰ ਇਕੱਠ, ਏਕਾ ਘਰ ਬਹਾਇਆ। ਵਸਤ ਅਮੋਲਕ ਦੇਵੇ ਵਥ, ਏਕਾ ਏਕਾ ਏਕ ਵਰਤਾਇਆ। ਚਾਰ ਜੁਗ ਗਵੌਂਦਾ ਆਇਆ ਆਪਣਾ ਜਸ, ਕਲਜੁਗ ਅੰਤ ਜਸ ਭਗਤਾਂ ਆਪ ਸੁਣਾਈਆ। ਪਰੇਮ ਅੰਦਰ ਗਿਆ ਫਸ, ਪਿਆਰ ਏਕਾ ਬੰਧਨ ਪਾਇਆ। ਨਿਰਗੁਣ ਰੂਪ ਜਾਏ ਨੱਸ, ਸਰਗੁਣ ਆਪਣਾ ਘੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪ ਚੁਕਾਇਆ। ਲਹਿਣਾ ਦੇਣਾ ਚੁਕਾਏ ਮਕਰੂਜ਼, ਕਰਜ਼ਾ ਆਪਣਾ ਆਪੇ ਲਾਹੀਆ। ਕਲਜੁਗ ਅੰਤਮ ਫਸਿਆ ਵਿਚ ਹਦੂਦ, ਹੱਦ ਪਾਰ ਨਾ ਕੀਤੀ ਰਾਈਆ। ਸਖੀਆਂ ਲੱਭਾ ਇਕ ਮਹਿਬੂਬ, ਮਿਹਬਾਨ ਖ਼ੁਸ਼ੀ ਮਨਾਈਆ। ਜਿਸ ਦਾ ਕਲਮਾ ਦੇਵੇ ਸਬੂਤ, ਸੋ ਇਮਾਮ ਫੇਰਾ ਪਾਈਆ। ਕਰੇ ਖੇਲ ਬਿਨ ਰੂਹ ਕਲਬੂਤ, ਪਵਣ ਸਵਾਸ ਨਾ ਕੋਈ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲਾ ਲਹਿਣਾ ਸਰਬ ਮੁਕਾਈਆ। ਸਾਚਾ ਲਹਿਣਾ ਦੇ ਦੇ ਰਾਮ, ਹਰਿ ਭਗਤਾਂ ਆਖ ਸੁਣਾਇਆ। ਜੁਗ ਜੁਗ ਤੇਰਾ ਕਰਦੇ ਆਏ ਕਾਮ, ਨਿਉਂ ਨਿਉਂ ਸੀਸ ਝੁਕਾਇਆ। ਭਗਤੀ ਲਾ ਲਾ ਕਰ ਰੱਖੇ ਗ਼ੁਲਾਮ, ਸਿਰ ਆਪਣਾ ਹੁਕਮ ਵਰਤਾਇਆ। ਚਾਰ ਜੁਗ ਦਾ ਰਿਹਾ ਪੀਣ ਖਾਣ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ। ਫਿਰ ਵੀ ਛੁਪਿਆ ਰਿਹੋਂ ਭਗਵਾਨ, ਆਪਣਾ ਦਰਸ ਨਾ ਕਦੇ ਕਰਾਇਆ। ਇਕ ਵਾਰ ਦੇ ਕੇ ਝਲਕ ਦੱਸ ਨਿਸ਼ਾਨ, ਫਿਰ ਆਪਣਾ ਮੁੱਖ ਛੁਪਾਇਆ। ਸਾਡੀ ਬੰਦ ਹੋਈ ਜ਼ਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡੀ ਇਛਿਆ ਪੂਰ ਕਰਾਇਆ। ਇਛਿਆ ਕਰੇ ਪੂਰ, ਪੂਰ ਗੁਸਾਈਆ। ਸਦਾ ਵਸੇ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇਆ। ਨਿਰਗੁਣ ਸਰਗੁਣ ਰਹੇ ਹਜ਼ੂਰ, ਹਜ਼ਰਤ ਆਪਣਾ ਖੇਲ ਕਰਾਇਆ। ਪਹਿਲਾ ਲਹਿਣਾ ਚੁੱਕੇ ਜ਼ਰੂਰ, ਅੱਗੇ ਦੇਣਾ ਝੋਲੀ ਪਾਇਆ। ਪਿਛਲਾ ਬਖ਼ਸ਼ੇ ਸਰਬ ਕਸੂਰ, ਅੱਗੇ ਭਗਤੀ ਨਾ ਕੋਇ ਲਾਇਆ। ਚਾਰ ਜੁਗ ਹੁੰਦਾ ਰਿਹਾ ਮਜ਼ਬੂਰ, ਗੁਰ ਅਵਤਾਰ ਮਾਤ ਘਲਾਇਆ। ਆਪਣਾ ਦੇ ਦੇ ਛੋਟਾ ਨੂਰ, ਜੋਤੀ ਜੋਤ ਕਰ ਰੁਸ਼ਨਾਇਆ। ਅੰਤਮ ਚਾੜ੍ਹੇ ਆਪਣੇ ਪੂਰ, ਆਪਣਾ ਬੇੜਾ ਆਪ ਉਠਾਇਆ। ਕਲਜੁਗ ਅੰਤਮ ਪਰਗਟ ਹੋ ਕੇ ਆਇਆ ਹਜ਼ੂਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਨਾਮ ਦਏ ਸਰੂਰ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇਆ। ਤ੍ਰੈਗੁਣ ਤਪੇ ਨਾ ਤਨ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣਾ ਦਰਸ ਆਪ ਕਰਾਇਆ। ਹਰਿਜਨ ਸਾਚੇ ਕਰਨਾ ਦਰਸ, ਹਰਿ ਦਰਸੀ ਦਰਸ ਕਰਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਹਿਵਸ ਹਰਸ ਨਾ ਹੋਰ ਵਧਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਪਰਖ, ਪਰਖ ਪਰਖ ਆਪਣੀ ਝੋਲੀ ਪਾਇੰਦਾ। ਲੇਖਾ ਜਾਣੇ ਅਰਸ਼ ਫਰਸ਼, ਫਰਸ਼ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਆਇਆ ਪਰਤ, ਪ੍ਰਤੀਨਿਧ ਆਪਣਾ ਨਾਉਂ ਧਰਾਇੰਦਾ। ਪ੍ਰਤੀਨਿਧ ਹੋਇਆ ਪਰਧਾਨ, ਪੰਚਮ ਮੇਲ ਮਿਲਾਈਆ। ਬਿਨ ਤੰਦੀ ਗਾਏ ਗਾਣ, ਗਾਵਣਹਾਰਾ ਇਕ ਅਖਵਾਈਆ। ਬਿਨ ਰਾਗੋਂ ਕਰੇ ਪਹਿਚਾਨ, ਆਪਣੀ ਬੂਝ ਬੁਝਾਈਆ। ਬਿਨ ਵਿਦਿਆ ਦੇਵੇ ਗਿਆਨ, ਏਕਾ ਅੱਖਰ ਪੜ੍ਹਾਈਆ। ਬਿਨ ਲੱਭਿਆਂ ਮਿਲੇ ਭਗਵਾਨ, ਬਨ ਖੋਜਣ ਕੋਇ ਨਾ ਜਾਈਆ। ਬਿਨ ਮੰਗਿਆਂ ਦੇਵੇ ਦਾਨ, ਸਾਚਾ ਨਾਮ ਝੋਲੀ ਪਾਈਆ। ਬਿਨ ਹੱਥਾਂ ਉਠਾਏ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਬਿਨ ਸ਼ਾਹਾ ਪਾਏ ਆਣ, ਏਕਾ ਹੁਕਮ ਸੁਣਾਈਆ। ਬਿਨ ਨੇਤਰ ਕਰੇ ਧਿਆਨ, ਵੇਖੇ ਥਾਉਂ ਥਾਈਂਆ। ਬਿਨ ਤੀਰ ਮਾਰੇ ਨਿਸ਼ਾਨ, ਚਿੱਲਾ ਹੱਥ ਨਾ ਕੋਇ ਉਠਾਈਆ। ਬਿਨ ਵਸੇ ਮੰਦਰ ਮਕਾਨ, ਸਚਖੰਡ ਸਾਚੇ ਡੇਰਾ ਲਾਈਆ। ਬਿਨ ਦੀਵਾ ਬਾਤੀ ਨੂਰ ਮਹਾਨ, ਜੋਤੀ ਜੋਤ ਕਰੇ ਰੁਸ਼ਨਾਈਆ। ਬਿਨ ਮਾਤ ਮਾਤ ਪਿਤ ਪੂਤ ਜੰਮਿਆ ਬਾਲ ਨਿਧਾਨ, ਗੋਦੀ ਗੋਦ ਨਾ ਕੋਈ ਉਠਾਈਆ। ਬਿਨ ਮੰਤਰੀਆਂ ਹੋਇਆ ਹੁਕਮਰਾਨ, ਸੀਸ ਤਾਜ ਨਾ ਕੋਈ ਟਿਕਾਈਆ। ਬਿਨ ਖਾਧਿਆਂ ਪੀਤਿਆਂ ਹੋਇਆ ਜਵਾਨ, ਆਪਣਾ ਬਲ ਧਰਾਈਆ। ਬਿਨ ਨਾਰੀ ਉਤਪਤ ਕਰੇ ਸੰਤਾਨ, ਵਿਸ਼ਨ ਬ੍ਰਹਮਾ ਸ਼ਿਵ ਬਣਾਈਆ। ਬਿਨ ਸੱਦਿਆਂ ਆਵੇ ਵਿਚ ਜਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭਗਤਨ ਮੇਲਾ ਏਕਾ ਘਰ, ਸਚ ਦੁਆਰਾ ਆਪ ਸੁਹਾਈਆ। ਸਚ ਦੁਆਰਾ ਸੋਭਨੀਕ, ਹਰਿ ਸਾਚੇ ਆਪ ਸੁਹਾਇਆ। ਬਿਨ ਪਰਮਾਤਮਾ ਨਾ ਕੋਈ ਪ੍ਰੀਤ, ਦੂਜਾ ਇਸ਼ਟ ਨਾ ਕੋਈ ਮਨਾਇਆ। ਬਿਨ ਸਤਿਗੁਰ ਨਾ ਕੋਈ ਰੀਤ, ਦੂਜਾ ਰਾਹ ਨਾ ਕੋਈ ਚਲਾਇਆ। ਬਿਨ ਗੁਰਚਰਨ ਨਾ ਕੋਈ ਮੰਦਰ ਮਸੀਤ, ਗੁਰੂਦੁਆਰ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇਆ। ਬਿਨ ਮਿਲਿਆ ਨਾ ਹੋਵੇ ਸਾਤ, ਸਾਂਤਕ ਸਤਿ ਨਾ ਕੋਈ ਵਰਤਾਈਆ। ਬਿਨ ਪਰਕਾਸ਼ ਨਾ ਮਿਟੇ ਰਾਤ, ਅੰਤ ਅੰਧੇਰ ਨਾ ਕੋਈ ਗਵਾਈਆ। ਬਿਨ ਸਤਿਗੁਰ ਨਾ ਦੇਵੇ ਕੋਈ ਦਾਤ, ਨਾਮ ਵਸਤ ਨਾ ਕੋਈ ਵਰਤਾਈਆ। ਬਿਨ ਗੁਰਮੁਖ ਉਤਰੇ ਨਾ ਕੋਈ ਘਾਟ, ਲੱਖ ਚੁਰਾਸੀ ਮੰਝਧਾਰ ਰੁੜ੍ਹਾਈਆ। ਬਿਨ ਗੁਰ ਸ਼ਬਦ ਨਾ ਕੋਈ ਸਾਕ, ਜਗਤ ਸੱਜਣ ਨਾ ਕੋਈ ਬਣਾਈਆ। ਬਿਨ ਕਿਰਪਾ ਗੁਰ ਨਾ ਖੁਲ੍ਹੇ ਤਾਕ, ਬੰਦ ਕਿਵਾੜ ਨਾ ਕੋਈ ਖੁਲ੍ਹਾਈਆ। ਬਿਨ ਨੇਤਰ ਨਜ਼ਰ ਨਾ ਆਏ ਹਾਟ, ਗੁਰ ਸਤਿਗੁਰ ਪੂਰਾ ਰਿਹਾ ਵਖਾਈਆ। ਕਲਜੁਗ ਚੋਲਾ ਰਿਹਾ ਪਾਟ, ਕੰਨੀ ਕੰਨੀ ਕਤਰਾਈਆ। ਧਰਤ ਮਾਤ ਖ਼ੁਸ਼ੀ ਹੋਏ ਮੇਰੀ ਅੰਤ ਮੁੱਕੇ ਵਾਟ, ਕੰਢੀ ਮਿਲਿਆ ਸੱਚਾ ਮਾਹੀਆ। ਮੇਰੀ ਸੁਫ਼ਲ ਕਰੇ ਜ਼ਾਤ, ਆਪਣੀ ਜ਼ਾਤ ਨਾਲ ਮਿਲਾਈਆ। ਮੇਰੀ ਫਿਰ ਹੋਵੇ ਪ੍ਰਭਾਤ, ਸਤਿਜੁਗ ਸਾਚਾ ਲਏ ਅੰਗੜਾਈਆ। ਮੈਂ ਭਗਤਾਂ ਕੋਲੋਂ ਸੁਣਾਂ ਗਾਥ, ਸੋਹੰ ਢੋਲਾ ਚਾਈਂ ਚਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਰੱਖਿਆ ਸਾਥ, ਤਿਨ੍ਹਾਂ ਨਿਉਂ ਨਿਉਂ ਲਾਗਾਂ ਪਾਈਂਆ। ਦੋਏ ਜੋੜ ਟੇਕਾਂ ਮਾਥ, ਢਹਿ ਢਹਿ ਪਵਾਂ ਸਰਨਾਈਆ। ਮੇਰੀ ਦੁਰਮਤ ਮੈਲ ਦਿਤੀ ਕਾਟ, ਗੁਰਮੁਖ ਤੇਰੀ ਵਡ ਵਡਿਆਈਆ। ਤੂੰ ਮੇਰਾ ਸੱਜਣ ਸਾਕ, ਮੈਂ ਤੇਰਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਪਰੇਮ ਆਪਣਾ ਨੇਮ ਜੁਗ ਜੁਗ ਆਪ ਸਮਝਾਈਆ। ਹਰਿ ਹਰਿ ਸਤਿਗੁਰ ਸਾਚਾ ਨੇਮ, ਇਕੋ ਇਕ ਜਣਾਇਆ। ਦੁਸ਼ਟ ਦਮਨ ਬਿਠਾਇਆ ਕੁੰਟ ਹੇਮ, ਚਰਨ ਕਵਲ ਚਿਤ ਲਾਇਆ। ਪਾਰਬ੍ਰਹਮ ਪ੍ਰਭ ਕੀਆ ਪਰੇਮ, ਸਿਰ ਆਪਣਾ ਹੱਥ ਟਿਕਾਇਆ। ਇਕੋ ਦੇਵੇ ਲਹਿਣਾ ਦੇਣ, ਦੇਣਾ ਆਪਣੇ ਹੱਥ ਰਖਾਇਆ। ਉਠ ਬਾਲੇ ਮੰਨ ਲੈ ਕਹਿਣ, ਸਾਚਾ ਹੁਕਮ ਸੁਣਾਇਆ। ਮੂਰਤ ਅਕਾਲ ਵੇਖ ਆਪਣੇ ਨੈਣ, ਪੁਰਖ ਅਕਾਲ ਫੇਰਾ ਪਾਇਆ। ਇਕੋ ਸਾਕ ਇਕੋ ਸੈਣ, ਇਕੋ ਸੱਜਣ ਸੰਗ ਨਿਭਾਇਆ। ਇਕੋ ਮਾਤ ਪਿਤ ਭਾਈ ਭੈਣ, ਇਕੋ ਨਾਰ ਕੰਤ ਰੰਗ ਚੜ੍ਹਾਇਆ। ਇਕੋ ਪੁਰਖ ਦੇਵੇ ਦੇਣ, ਦੇਵਣਹਾਰਾ ਫੇਰਾ ਪਾਇਆ। ਤੇਰਾ ਪਰੇਮ ਆਇਆ ਲੈਣ, ਸਾਚੀ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰੇਮ ਇਕ ਸਮਝਾਇਆ। ਪਰੇਮ ਕੀਤਾ ਦੁਸ਼ਟ ਦਮਨ, ਏਕਾ ਓਟ ਤਕਾਈਆ। ਪਾਰਬ੍ਰਹਮ ਆਪਣੇ ਅੰਤਰ ਕੀਤਾ ਗਬਣ, ਭੇਵ ਅਭੇਦ ਛੁਪਾਈਆ। ਇਕ ਵਖਾਇਆ ਸਾਚਾ ਹਵਨ, ਘਿਰਤ ਦੀਪ ਨਾ ਕੋਈ ਮਿਲਾਈਆ। ਨਾ ਸੁਗੰਧੀ ਕੋਈ ਪਵਣ, ਸਚ ਸੁਗੰਧੀ ਇਕ ਸੁਹਾਈਆ। ਤੇਰਾ ਨੂਰ ਸਾਚਾ ਰਮਨ, ਤੇਰਾ ਜਹੂਰ ਵਡੀ ਵਡਿਆਈਆ। ਤੂੰ ਮੇਰਾ ਲੌਣਾ ਚਮਨ, ਲੋਕਮਾਤ ਫੇਰਾ ਪਾਈਆ। ਮੈਂ ਤੇਰਾ ਹੋਵਾਂ ਜਾਮਨ, ਏਕਾ ਪੱਲੂ ਦਿਆਂ ਫੜਾਈਆ। ਤੂੰ ਪੜ੍ਹੌਣਾ ਸ਼ੂਦਰ ਵੈਸ਼ ਸ਼ੱਤਰੀ ਜਾ ਕੇ ਬ੍ਰਹਮਣ, ਏਕਾ ਇਸ਼ਟ ਵਖਾਈਆ। ਨੇਤਰ ਖੋਲ੍ਹਨਾ ਅੱਖਰ ਬੋਲਣਾ ਏਕਾ ਪੁਰਖ ਅਕਾਲਣ, ਦੂਜੀ ਹੋਰ ਨਾ ਕੋਈ ਸਰਨਾਈਆ। ਮੈਂ ਕਰਾਂ ਤੇਰਾ ਪਾਲਣ, ਗੁਜ਼ਰੀ ਗੋਦ ਸੁਹਾਈਆ। ਤੇਗ ਬਹਾਦਰ ਦਾ ਬਣਨਾ ਲਾਲਨ, ਲਾਲ ਲਾਲ ਰੰਗ ਚੜ੍ਹਾਈਆ। ਮੈਂ ਖੇਲਾਂ ਖੇਲ ਨਿਰਾਲਣ, ਭੇਵ ਕੋਇ ਨਾ ਪਾਈਆ। ਤੇਰਾ ਮੇਲਾ ਜੋਤ ਅਕਾਲਣ, ਵਿਛੜ ਕਦੇ ਨਾ ਜਾਈਆ। ਤੂੰ ਘਾਲੀ ਮੇਰੀ ਘਾਲਣ, ਸਾਚੀ ਸੇਵ ਇਕ ਸਮਝਾਈਆ। ਤੇਗ ਬਹਾਦਰ ਹੱਡੀਆਂ ਵੇਖਣੀਆਂ ਬਾਲਣ, ਤ੍ਰੈਗੁਣ ਅਗਨ ਦੇਣਾ ਜਲਾਈਆ। ਤੂੰ ਕਰਨਾ ਇਕ ਸਵਾਲਣ, ਏਕਾ ਮੰਗ ਮੰਗਾਈਆ। ਮੈਂ ਤੇਰਾ ਰਾਹ ਤੱਕਾਂ ਮੇਰੇ ਭਗਵਾਨਨ, ਨੇਤਰ ਨੈਣ ਉਠਾਈਆ। ਮੈਂ ਬਾਲੇ ਆਇਆ ਤੇਰੀ ਗੋਦ ਸਵਾਲਣ, ਤੇਰੀ ਝੋਲੀ ਪਾਈਆ। ਮੈਂ ਗੁਰਮੁਖ ਆਇਆ ਉਠਾਲਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਅੰਤਮ ਮੰਗਣ ਏਕਾ ਦਾਨਨ, ਸੂਲਾਂ ਸੱਥਰ ਹੇਠ ਵਿਛਾਈਆ। ਤੂੰ ਹਰ ਘਟ ਜਾਣੀ ਜਾਨਣ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰੇਮ ਰਿਹਾ ਸਮਝਾਈਆ। ਇਕੋ ਪਰੇਮ ਦੇਵੇ ਹਰਿ, ਏਕਾ ਵਾਰ ਸੁਣਾਇਆ। ਦੁਸ਼ਟ ਦਮਨ ਚੁੱਕੇ ਡਰ, ਭੈ ਨਾ ਕੋਈ ਜਣਾਇਆ। ਸਰਗੁਣ ਅੰਦਰ ਆਪੇ ਵੜ, ਨਿਰਗੁਣ ਰੂਪ ਵਟਾਇਆ। ਗੋਬਿੰਦ ਸੂਰਾ ਨਾਉਂ ਧਰ, ਸਿੰਘ ਸਿੰਘ ਵਡਿਆਇਆ। ਲੋਕਮਾਤ ਸੇਵਾ ਕਰ, ਲੱਖ ਲੱਖ ਸ਼ੁਕਰ ਮਨਾਇਆ। ਅੰਤਮ ਮੰਗਿਆ ਇਕੋ ਘਰ, ਪ੍ਰਭ ਅੱਗੇ ਝੋਲੀ ਡਾਹਿਆ। ਮੈਂ ਸਰਨ ਸਰਨਾਈ ਜਾਵਾਂ ਪੜ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਮੇਰੀ ਬਾਂਹੋਂ ਲੈਣਾ ਫੜ, ਆਪਣੀ ਗੋਦ ਬਹਾਇਆ। ਮੈਂ ਛਾਤੀ ਉਤੇ ਜਾਵਾਂ ਚੜ੍ਹ, ਆਪਣੀ ਖ਼ੁਸ਼ੀ ਮਨਾਇਆ। ਮੈਂ ਵਸਾਂ ਤੇਰੇ ਘਰ, ਘਰ ਤੇਰਾ ਮੋਹੇ ਭਾਇਆ। ਤੂੰ ਚੁਕਾਇਆ ਮੇਰਾ ਡਰ, ਮੈਂ ਗੁਰਮੁਖਾਂ ਡਰ ਰਿਹਾ ਮੁਕਾਇਆ। ਅੰਤ ਫੜਾਵਾਂ ਤੇਰਾ ਲੜ, ਤੇਰਾ ਤੇਰੀ ਝੋਲੀ ਪਾਇਆ। ਤੇਰਾ ਇਕੋ ਨਿਸ਼ਅੱਖਰ ਜਾਵਾਂ ਪੜ੍ਹ, ਵਾਹ ਵਾ ਤੇਰੀ ਵਡ ਵਡਿਆਇਆ। ਗੁਰ ਗੁਰ ਰੂਪ ਤੂੰ ਹੀ ਨਰ, ਨਰ ਨਰਾਇਣ ਸੱਚੇ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਗੀ ਤੋੜ ਨਿਭਾਇਆ। ਤੇਰੀ ਲੱਗੀ ਨਿਭੇ ਤੋੜ, ਪੁਰਖ ਅਕਾਲ ਆਪ ਜਣਾਇੰਦਾ। ਅੰਤਮ ਨਾਤਾ ਲਿਆ ਜੋੜ, ਘਰ ਸਾਚੇ ਆਪ ਬਹਾਇੰਦਾ। ਕਲਜੁਗ ਵਾਗ ਲੈਣੀ ਮੋੜ, ਏਕਾ ਰਾਹ ਵਖਾਇੰਦਾ। ਸ਼ਬਦ ਸਰੂਪੀ ਸ਼ਬਦ ਘੋੜ, ਤੇਰਾ ਰੂਪ ਵਟਾਇੰਦਾ। ਲੋਕਮਾਤ ਜਾਣਾ ਦੌੜ, ਸਾਚਾ ਖੇਲ ਵਖਾਇੰਦਾ। ਲੱਖ ਚੁਰਾਸੀ ਰੀਠਾ ਵੇਖਣਾ ਮਿੱਠਾ ਕੌੜ, ਏਕਾ ਹੁਕਮ ਵਰਤਾਇੰਦਾ। ਦੋ ਜਹਾਨਾਂ ਲੌਣਾ ਪੌੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ। ਆਪਣੇ ਗੁਰਮੁਖ ਵੇਖਣੇ ਕਰਕੇ ਗੌਰ, ਨਿਗਹ ਨਿਗਹ ਨਾ ਕੋਈ ਬਦਲਾਇੰਦਾ। ਤੇਰਾ ਰਚਿਆ ਕਾਰਜ ਜਾਣਾ ਸੌਰ, ਪਰੇਮ ਪਰੇਮ ਨਾਲ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਤੇਰਾ ਪਰੇਮ ਮੇਰਾ ਰੰਗ, ਦੂਜੀ ਅਵਰ ਨਾ ਕੋਈ ਵਡਿਆਈਆ। ਤੇਰੀ ਸੇਜ ਤੇਰਾ ਪਲੰਘ, ਤੇਰਾ ਆਸਣ ਮੇਰਾ ਸੁਖਦਾਈਆ। ਤੇਰਾ ਨਾਮ ਤੇਰਾ ਮਰਦੰਗ, ਮਰਦੰਗ ਮੇਰੀ ਵਡਿਆਈਆ। ਸਾਹਿਬ ਸੁਲਤਾਨ ਪ੍ਰਭ ਤੇਰਾ ਸੰਗ, ਮੈਂ ਵਿਛੜ ਕਦੇ ਨਾ ਜਾਈਆ। ਇਕੋ ਮੰਗਾਂ ਸਾਚੀ ਮੰਗ, ਤੂੰ ਦੇਣੀ ਚਾਈਂ ਚਾਈਂਆ। ਮੈਂ ਛੱਡਿਆ ਪੁਰੀ ਅਨੰਦ, ਅਨੰਦ ਤੇਰਾ ਇਕ ਮੋਹੇ ਭਾਈਆ। ਮਾਤਲੋਕ ਕਹਿੰਦੇ ਗੁਜ਼ਰੀ ਚੰਦ, ਏਥੇ ਨਾ ਕੋਈ ਪਿਤਾ ਨਾ ਕੋਈ ਮਾਈਆ। ਤੂੰ ਸਾਹਿਬ ਇਕ ਬਖ਼ਸ਼ੰਦ, ਤੇਰੇ ਹੱਥ ਵਡੀ ਵਡਿਆਈਆ। ਤੇਰੇ ਹੁਕਮੇਂ ਅੰਦਰ ਲੋਕਮਾਤ ਜਾਵਾਂ ਵਿਚ ਵਰਭੰਡ, ਨਿਰਗੁਣ ਰੂਪ ਵਟਾਈਆ। ਤੇਰਾ ਮੰਗਾਂ ਸਾਚਾ ਸੰਗ, ਇਕੋ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਲੋਕਮਾਤ ਦੇਵੇ ਸਾਥ, ਪ੍ਰਭ ਤੇਰੀ ਵਡ ਵਡਿਆਈਆ। ਕਵਣ ਕਿਨਾਰਾ ਉਤਰੇ ਘਾਟ, ਕਵਣ ਮੰਦਰ ਵੱਜੇ ਵਧਾਈਆ। ਕਵਣ ਸੱਜਣ ਰੱਖੇ ਸਾਕ, ਆਪਣਾ ਸੰਗ ਨਿਭਾਈਆ। ਕਵਣ ਕਿਵਾੜ ਖੋਲ੍ਹੇ ਤਾਕ, ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇਣਾ ਸਮਝਾਈਆ। ਸਾਚਾ ਗੁਣ ਸ੍ਰੀ ਭਗਵਾਨ, ਏਕਾ ਏਕ ਜਣਾਇਆ। ਤੇਰਾ ਪਰੇਮ ਮੇਰਾ ਨਿਸ਼ਾਨ, ਸਚ ਨਿਸ਼ਾਨਾ ਦਏ ਜਣਾਇਆ। ਤੇਰਾ ਮੰਦਰ ਮੇਰਾ ਮਕਾਨ, ਘਰ ਸਾਚਾ ਸੋਭਾ ਪਾਇਆ। ਤੇਰਾ ਸ਼ਬਦ ਮੇਰਾ ਗਿਆਨ, ਰਾਗ ਅਨਾਦੀ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇਆ। ਆਪਣਾ ਬੰਧਨ ਆਪੇ ਪਾ, ਹਰਿ ਹਰਿ ਖੇਲ ਕਰਾਇਆ। ਕਲਜੁਗ ਅੰਤਮ ਬਣਾਂ ਮਲਾਹ, ਤੇਰਾ ਬੇੜਾ ਮਾਤ ਚਲਾਇਆ। ਤੇਰੀ ਰੱਖਾਂ ਜ਼ਰੂਰ ਸਲਾਹ, ਸਾਲਾਹ ਕਾਰ ਏਕਾ ਗੁਣ ਸਮਝਾਇਆ। ਲੱਖ ਚੁਰਾਸੀ ਜੀਵ ਜੰਤ ਚਾਰ ਵਰਨ ਜਪਾਵਾਂ ਨਾਂ, ਏਕਾ ਮੰਤਰ ਨਾਮ ਦ੍ਰਿੜਾਇਆ। ਚਾਰ ਜੁਗ ਦੇ ਵਿਛੜੇ ਭਗਤ ਸੰਤ ਲਵਾਂ ਮਿਲਾ, ਗੁਰਮੁਖ ਸੱਜਣ ਆਪ ਜਗਾਇਆ। ਤੇਰਾ ਮੇਲਾ ਦਿਆਂ ਮਿਲਾ, ਮਿਲ ਮਿਲ ਸਖੀਆਂ ਖ਼ੁਸ਼ੀ ਮਨਾਇਆ। ਏਕਾ ਚੰਦ ਦਿਆਂ ਚੜ੍ਹਾ, ਨਿਰਗੁਣ ਨੂਰ ਜੋਤ ਰੁਸ਼ਨਾਇਆ। ਏਕਾ ਡੰਕਾ ਦਿਆਂ ਵਜਾ, ਦੋ ਜਹਾਨਾਂ ਆਪ ਸੁਣਾਇਆ। ਵਿਸ਼ਨ ਬ੍ਰਹਮਾ ਸ਼ਿਵ ਦਿਆਂ ਹਿਲਾ, ਸੋਇਆ ਕੋਇ ਰਹਿਣ ਨਾ ਪਾਇਆ। ਜੁਗ ਚੌਕੜੀ ਪੰਧ ਮੁਕਾ, ਕਲਜੁਗ ਖੇੜਾ ਦੇਵਾਂ ਢਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਲਹਿਣਾ ਦੇਣਾ ਦਿਆਂ ਚੁਕਾ, ਖਾਣੀ ਬਾਣੀ ਝੋਲੀ ਪਾਇਆ। ਦਰ ਘਰ ਸਾਚੇ ਬਹਿਣਾ ਦਿਆਂ ਸਮਝਾ, ਏਕਾ ਦੂਜਾ ਭੇਵ ਚੁਕਾਇਆ। ਇਸ਼ਟ ਦੇਵ ਗੁਰ ਇਕ ਵਖਾ, ਪੁਰਖ ਅਕਾਲ ਏਕਾ ਨਜ਼ਰੀ ਆਇਆ। ਏਕਾ ਜਾਪ ਦਿਆਂ ਜਪਾ, ਆਤਮ ਪਰਮਾਤਮ ਰੰਗ ਚੜ੍ਹਾਇਆ। ਸੋਹੰ ਢੋਲਾ ਇਕ ਸੁਣਾ, ਕਾਇਆ ਚੋਲਾ ਆਪ ਰੰਗਾਇਆ। ਪੜਦਾ ਉਹਲਾ ਦਿਆਂ ਉਠਾ, ਉਠ ਉਠ ਆਪਣਾ ਮੁਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿ ਹਰਿ ਸਾਚੇ ਲਏ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰੇਮ ਸਿਤਾਰ ਹਰਿ ਨਿਰੰਕਾਰ, ਬਿਨ ਤੰਦੀ ਤੰਦ ਵਜਾਇਆ।