੧੬ ਮਾਘ ੨੦੧੮ ਬਿਕ੍ਰਮੀ ਅਮਰੋ ਦੇਵੀ ਦੇ ਗ੍ਰਹਿ ਜੰਮੂ
ਹਰਿ ਸਰਨਾਈ ਸਾਚਾ ਜਾਪ, ਜੀਵਣ ਜੁਗਤ ਦਏ ਵਡਿਆਈਆ। ਕੋਟ ਕੋਟ ਜਨਮ ਉਤਾਰੇ ਪਾਪ, ਪਾਪੀ ਪਤਿਤ ਪੁਨੀਤ ਕਰਾਈਆ। ਭੇਵ ਅਭੇਦ ਚੁਕਾਏ ਆਪਣਾ ਆਪ, ਅਨਭਵ ਆਪਣੀ ਖੇਲ ਕਰਾਈਆ। ਹਰਿਜਨ ਵੇਖੇ ਜਿਉਂ ਬਾਲ ਸਖਾਈ ਪਿਤਾ ਬਾਪ, ਪੂਤ ਸਪੂਤਾ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸੱਚਾ ਨਾਮ ਹਰਿ ਗੁਸਾਈਆ। ਸਾਚਾ ਨਾਮ ਸਤਿਗੁਰ ਸਰਨ, ਹਰਿ ਸੱਜਣ ਸਚ ਜਣਾਇੰਦਾ। ਨਾਤਾ ਤੁਟੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਮੇਟ ਮਿਟਾਏ ਵਰਨ ਬਰਨ, ਜ਼ਾਤ ਅਜ਼ਾਤ ਨਾ ਕੋਇ ਰਖਾਇੰਦਾ। ਕਰਤਾ ਪੁਰਖ ਕਰਨੀ ਕਰਨ, ਸਾਚੀ ਕਿਰਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦ੍ਰਿੜਾਇੰਦਾ। ਸਾਚਾ ਨਾਮ ਹਰਿ ਹਰਿ ਓਟ, ਦੂਸਰ ਅਵਰ ਨਾ ਕੋਇ ਵਡਿਆਈਆ। ਭੈ ਵਿਚ ਕੱਢਣਹਾਰਾ ਖੋਟ, ਮਮਤਾ ਮੋਹ ਚੁਕਾਈਆ। ਨਾਤਾ ਤੋੜ ਵਰਨ ਗੋਤ, ਏਕਾ ਰੰਗ ਰੰਗਾਈਆ। ਮੇਲ ਮਿਲਾਵਾ ਨਿਰਗੁਣ ਜੋਤ, ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਏਕਾ ਰੰਗ, ਹਰਿ ਹਰਿ ਆਪ ਰੰਗਾਇੰਦਾ। ਆਦਿ ਜੁਗਾਦਿ ਸਦਾ ਸਦ ਆਤਮ ਸੇਜਾ ਬੈਠ ਪਲੰਘ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਨਾਦ ਅਨਾਦੀ ਵੱਜੇ ਅਗੰਮ, ਧੁਨੀ ਧੁਨ ਸੁਣਾਇੰਦਾ। ਮਨ ਮਨਸਾ ਮਨ ਮਾਹੇ ਜਾਏ ਮਨ, ਮਨ ਕਾ ਮੋਹ ਮਿਟਾਇੰਦਾ। ਗਿਆਨ ਪਰਕਾਸ਼ ਕਰੇ ਸਾਚਾ ਚੰਨ, ਅੰਧ ਅਗਿਆਨ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਸਤਿਗੁਰ ਧਾਰ, ਸਤਿ ਸਤਿ ਵਡਿਆਈਆ। ਕਰਮ ਕਾਂਡ ਤੇ ਵਸਿਆ ਬਾਹਿਰ, ਕਿਰਿਆ ਵਿਚ ਨਾ ਕੋਇ ਫਸਾਈਆ। ਜਿਸ ਜਨ ਦੇਵੇ ਕਿਰਪਾ ਧਾਰ, ਆਪਣੀ ਤਿਸ ਜਨ ਬੂਝ ਬੁਝਾਈਆ। ਸੋ ਗੁਰਮੁਖ ਚਤਰ ਸੁਜਾਨ, ਤਿਸ ਮਿਲਿਆ ਹਰਿ ਰਘੁਰਾਈਆ। ਅੱਠੇ ਪਹਿਰ ਇਕ ਧਿਆਨ, ਨਿਗਹਬਾਨ ਹੋਏ ਸਹਾਈਆ। ਦਰ ਦਰਬਾਰ ਦੇਵੇ ਮਾਣ, ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਨਾਮ ਸਾਚੀ ਵਸਤ, ਵਸਤ ਅਮੋਲਕ ਆਪ ਵਰਤਾਇੰਦਾ। ਨਾ ਕੋਈ ਕੀਟ ਨਾ ਕੋਈ ਹਸਤ, ਲੱਖ ਚੁਰਾਸੀ ਏਕਾ ਰੰਗ ਵਖਾਇੰਦਾ। ਸ਼ਬਦ ਖੁਮਾਰੀ ਸਦਾ ਮਸਤ, ਮਸਤ ਅਲਮਸਤ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਾਮ ਨਾਮਾ ਝੋਲੀ ਪਾਇੰਦਾ। ਹਰਿ ਕਾ ਨਾਮ ਹਰਿ ਹੀ ਜੇਹਾ, ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰਾਂ ਰਸਨਾ ਕਿਹਾ, ਕਹਿ ਕਹਿ ਸ਼ੁਕਰ ਮਨਾਇੰਦਾ। ਨਿਰਗੁਣ ਸਰਗੁਣ ਲਾਏ ਨੇਂਹਾ, ਸਾਚਾ ਨੇਂਹ ਜਣਾਇੰਦਾ। ਅੰਮ੍ਰਿਤ ਬਰਸੇ ਏਕਾ ਮੇਂਹਾ ਮੇਘਲਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਪਰਗਟਾਇੰਦਾ । ਸਾਚਾ ਨਾਮ ਹਰਿ ਸਰਨਾਗਤ, ਗਤ ਮਿਤ ਆਪਣੀ ਆਪ ਜਣਾਈਆ। ਹਰਿ ਕਾ ਨਾਮ ਸਾਚਾ ਤੱਤ, ਤੱਤਵ ਤੱਤ ਨਾ ਵੰਡ ਵੰਡਾਈਆ। ਹਰਿ ਕਾ ਨਾਮ ਬ੍ਰਹਮ ਮਤ, ਪਾਰਬ੍ਰਹਮ ਸਚ ਪੜ੍ਹਾਈਆ। ਹਰਿ ਕਾ ਨਾਮ ਧੀਰਜ ਸਤਿ, ਸਤਿ ਸੰਤੋਖ ਇਕ ਰਖਾਈਆ। ਹਰਿ ਕਾ ਨਾਮ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਹਰਿ ਕਾ ਨਾਮ ਸਾਚਾ ਰਥ, ਜੁਗ ਜੁਗ ਭਗਤਾਂ ਲਏ ਚੜ੍ਹਾਈਆ। ਹਰਿ ਕਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਜਣਾਈਆ। ਸਾਚਾ ਨਾਮ ਸਾਚਾ ਗੁਣ, ਹਰਿ ਸਤਿਗੁਰ ਆਪ ਜਣਾਇੰਦਾ। ਲੱਖ ਚੁਰਾਸੀ ਛਾਣ ਪੁਣ, ਭਗਤ ਭਗਵੰਤ ਮੇਲ ਮਿਲਾਇੰਦਾ। ਲੇਖਾ ਜਾਣੇ ਗੁਣ ਅਵਗੁਣ, ਭੇਵ ਅਭੇਦ ਖੁਲ੍ਹਾਇੰਦਾ। ਨਾਤਾ ਤੋੜ ਰਿਖ ਮੁਨ, ਸੰਤ ਸੁਹੇਲੇ ਆਪਣੇ ਅੰਗ ਲਗਾਇੰਦਾ। ਹਰਿ ਕਾ ਲੇਖਾ ਜਾਣੇ ਕਵਣ, ਸ਼ਾਸਤਰ ਸਿਮਰਤ ਵੇਦ ਪੁਰਾਨ ਸੀਸ ਝੁਕਾਇੰਦਾ। ਪੰਧ ਨਾ ਮੁੱਕੇ ਉਣੰਜਾ ਪਵਣ, ਪਵਣੀ ਪਵਣ ਭੁਵਾਇੰਦਾ। ਖੇਲੇ ਖੇਲ ਅਵਣ ਗਵਣ, ਤ੍ਰੈਭਵਣ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਚ ਦਰਸਾਇੰਦਾ। ਏਕਾ ਨਾਮ ਏਕਾ ਧਾਰ, ਧਾਰ ਧਾਰ ਵਿਚ ਸਮਾਈਆ। ਏਕਾ ਨਾਮ ਸਤਿਗੁਰ ਪਿਆਰ, ਪਿਆਰ ਪਿਆਰ ਨਾਲ ਮਿਲਾਈਆ। ਏਕਾ ਨਾਮ ਵਣਜ ਵਾਪਾਰ, ਹੱਟ ਹੱਟ ਵਿਚ ਵਖਾਈਆ। ਏਕਾ ਨਾਮ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਏਕਾ ਨਾਮ ਦਏ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਏਕਾ ਨਾਮ ਹਰਿ ਹਰਿ ਸੋ, ਸੋ ਪੁਰਖ ਨਿਰੰਜਣ ਆਪ ਉਪਾਇਆ। ਏਕਾ ਨਾਮ ਹੰ ਬ੍ਰਹਮ ਬੀਜ ਬੋ, ਪੱਤ ਡਾਲੀ ਆਪ ਮਹਿਕਾਇਆ। ਏਕਾ ਨਾਮ ਜਣਾਏ ਸਾਚਾ ਮੋਹ, ਜੂਠਾ ਨਾਤਾ ਤੋੜ ਤੁੜਾਇਆ। ਏਕਾ ਨਾਮ ਦੁਰਮਤ ਮੈਲ ਦੇਵੇ ਧੋ, ਨਿਰਮਲ ਨੀਰ ਸੀਰ ਪਿਆਇਆ। ਏਕਾ ਨਾਮ ਅੰਮ੍ਰਿਤ ਦੇਵੇ ਚੋ, ਮੁਖ ਮੁਖੜਾ ਆਪ ਸੁਹਾਇਆ। ਏਕਾ ਨਾਮ ਢੋਆ ਢੋਅ, ਸਤਿ ਪੁਰਖ ਨਿਰੰਜਣ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਏ ਸਮਝਾਇਆ। ਸਾਚਾ ਨਾਉਂ ਆਦਿ ਪੁਰਖ, ਆਦਿ ਆਦਿ ਉਪਜਾਇਆ। ਆਪੇ ਕਰਕੇ ਆਪਣੀ ਪਰਖ, ਆਪਣੀ ਕੀਮਤ ਆਪੇ ਪਾਇਆ। ਆਪੇ ਮੇਟ ਆਪਣੀ ਹਰਸ, ਸਾਂਤਕ ਸਤਿ ਸਤਿ ਵਰਤਾਇਆ। ਆਪੇ ਦੇ ਆਪਣਾ ਦਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਵਡਿਆਇਆ। ਆਪੇ ਨਾਉਂ ਆਪੇ ਨਿਰੰਕਾਰ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਮੰਦਰ ਆਪ ਮੁਨਾਰ, ਆਪੇ ਬੈਠਾ ਆਸਣ ਲਾਈਆ। ਆਪੇ ਸ਼ਬਦ ਨਾਦ ਧੁੰਨਕਾਰ, ਆਪੇ ਰਾਗੀ ਰਾਗ ਅਲਾਈਆ। ਆਪੇ ਸੁੱਤਾ ਪੈਰ ਪਸਾਰ, ਆਪੇ ਕਰਵਟ ਰਿਹਾ ਬਦਲਾਈਆ। ਆਪੇ ਬੰਨ੍ਹੇ ਹਰਿ ਸਾਚੀ ਧਾਰ, ਆਪੇ ਹੁਕਮੀ ਹੁਕਮ ਵਰਤਾਈਆ। ਆਪੇ ਕਾਗਦ ਕਲਮ ਬਣੇ ਲਿਖਾਰ, ਆਪੇ ਲਿਖ ਲਿਖ ਵੇਖ ਵਖਾਈਆ। ਆਪੇ ਵਸੇ ਸਭ ਤੋਂ ਬਾਹਰ, ਸਮਰਥ ਪੁਰਖ ਵਡੀ ਵਡਿਆਈਆ। ਆਪੇ ਗੁਰੂ ਆਪ ਅਵਤਾਰ, ਆਪੇ ਜੁਗ ਜੁਗ ਵੇਸ ਧਰਾਈਆ। ਆਪੇ ਭਗਤ ਭਗਵੰਤ ਕਰੇ ਪਿਆਰ, ਆਪੇ ਸੰਤ ਲਏ ਉਠਾਈਆ। ਆਪੇ ਗੁਰਮੁਖਾਂ ਨਿਭਾਏ ਨਾਲ, ਆਪਣਾ ਸੰਗ ਰਖਾਈਆ। ਆਪੇ ਗੁਰਸਿਖਾਂ ਕਰੇ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਆਪੇ ਪਰਗਟ ਹੋ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਆਪੇ ਸਾਚਾ ਨਾਮ ਸੱਚੀ ਧਰਮਸਾਲ, ਕਾਇਆ ਮੰਦਰ ਸਰਬ ਟਿਕਾਈਆ। ਤਿਸ ਨਾਮ ਨਾ ਖਾਏ ਕਾਲ, ਮਹਾਂਕਾਲ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਨਾਮ ਰਿਹਾ ਸਮਝਾਈਆ। ਸਾਚਾ ਨਾਮ ਏਕਾ ਸੋ, ਸੋ ਪੁਰਖ ਆਪ ਜਣਾਇੰਦਾ। ਹੰ ਬ੍ਰਹਮ ਢੋਆ ਢੋ, ਬਣ ਵਿਚੋਲਾ ਖੇਲ ਕਰਾਇੰਦਾ। ਸੋਹੰ ਸ਼ਬਦ ਨਵਾਂ ਨਰੋ, ਆਤਮ ਪਰਮਾਤਮ ਬੰਧਨ ਪਾਇੰਦਾ। ਆਦਿ ਜੁਗਾਦਿ ਤ੍ਰੈ ਤ੍ਰੈ ਲੋਅ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਬਿਨ ਸੋਹੰ ਦਿਸੇ ਨਾ ਕੋ, ਲੱਖ ਚੁਰਾਸੀ ਮੌਲ ਕੰਤ ਕੰਤੂਹਲ ਏਕਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਸੋਹੰ ਹੰਸਾ, ਹੰਸ ਮੁਖ ਵਡਿਆਈਆ। ਵਿਸ਼ਨ ਵਿਸ਼ਵ ਏਕਾ ਬੰਸਾ, ਬੰਸਾਵਲੀ ਆਪ ਅਖਵਾਈਆ। ਸਹੰਸਰ ਮੁਖ ਸ਼ੇਸ਼ ਗਾਏ ਸਹੰਸਾ, ਕੋਟਨ ਕੋਟ ਨਾਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਏਕਾ ਰੂਪ ਸਮਝਾਈਆ। ਸੋਹੰ ਰੂਪ ਲੱਖ ਚੁਰਾਸੀ ਨਾਤਾ, ਈਸ਼ ਜੀਵ ਖੇਲ ਕਰਾਇੰਦਾ। ਹੰ ਬ੍ਰਹਮ ਪੰਜ ਤੱਤ ਦਿਤੀ ਦਾਤਾ, ਬ੍ਰਹਮ ਮੇਲਾ ਮੇਲ ਮਿਲਾਇੰਦਾ। ਅੰਦਰ ਵੜ ਪੁਰਖ ਸਮਰਾਥਾ, ਸਮਰਥ ਆਪਣੀ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਪਰਗਟਾਇੰਦਾ। ਸੋਹੰ ਨਾਮ ਕਰ ਪਰਗਟ, ਪਰਗਟ ਆਪਣਾ ਭੇਵ ਚੁਕਾਇੰਦਾ। ਆਦਿ ਜੁਗਾਦੀ ਸਾਚਾ ਹੱਟ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਨਾਮ ਪੜ੍ਹ ਪੜ੍ਹ ਜਾਣ ਰਟ, ਮਨ ਕਾ ਮਣਕਾ ਨਾਲ ਰਖਾਇੰਦਾ। ਏਕਾ ਨਾਮ ਵਸੇ ਘਟ ਘਟ, ਬਾਹਰ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਲਾਹਾ ਲਏ ਖੱਟ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸੋਹੰ ਸ਼ਬਦ ਮਹਿਮਾ ਅਕਥ, ਨਾਨਕ ਨਿਰਗੁਣ ਸਿਫ਼ਤ ਸਾਲਾਹਿੰਦਾ। ਸੋਹੰ ਸ਼ਬਦ ਚਲਾਏ ਰਥ, ਲੱਖ ਚੁਰਾਸੀ ਗੇੜ ਭੁਆਇੰਦਾ। ਸੋਹੰ ਸ਼ਬਦ ਸਾਚੀ ਵਥ, ਘਰ ਸਾਚੇ ਆਪ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੋਹੰ ਰੂਪ ਕਰ ਪਰਤੱਖ, ਹੰ ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਾਮ ਦੇਵੇ ਦੱਸ, ਤਿਸ ਆਪਣੇ ਵਿਚ ਸਮਾਇੰਦਾ। ਸਾਚਾ ਨਾਮ ਪੂਰਨ ਕਾਮ, ਇਛਿਆ ਅਵਰ ਰਹਿਣ ਨਾ ਪਾਈਆ। ਨਿਰਗੁਣ ਮਿਲਿਆ ਹਰਿ ਭਗਵਾਨ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਮਿਲਿਆ ਦਾਨ, ਪਰਮ ਪੁਰਖ ਦਏ ਵਡਿਆਈਆ। ਘਰ ਸੱਜਣ ਮਿਲੇ ਸਾਚਾ ਕਾਹਨ, ਹਰਿ ਮੰਡਲ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਆਪਣਾ ਭੇਵ ਚੁਕਾਈਆ। ਮਿਲਿਆ ਨਾਮ ਚੁੱਕਿਆ ਭੇਵ, ਭੇਵ ਰਹੇ ਨਾ ਰਾਇਆ। ਪਾਰਬ੍ਰਹਮ ਪ੍ਰਭ ਸਾਚੀ ਸੇਵ, ਹੰ ਬ੍ਰਹਮ ਸੇਵ ਕਮਾਇਆ। ਅਲੱਖ ਅਗੋਚਰ ਦੇਵੀ ਦੇਵ, ਦੇਵਤ ਆਪਣਾ ਰੂਪ ਧਰਾਇਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਦਿ ਜੁਗਾਦਿ, ਏਕਾ ਵੱਖਰ ਆਤਮ ਪਰਮਾਤਮ ਬੰਧਨ ਪਾਇਆ। ਆਤਮ ਪਰਮਾਤਮ ਸਾਚਾ ਬੰਧਨ, ਹਰਿ ਸਤਿਗੁਰ ਆਪ ਰਖਾਈਆ। ਜੋਤ ਲਿਲਾਟੀ ਏਕਾ ਚੰਦਨ, ਮਸਤਕ ਟਿੱਕਾ ਲਾਈਆ। ਅੰਤਰ ਅੰਤਰ ਇਕ ਪਰਮਾਨੰਦਨ, ਪਰਮ ਪੁਰਖ ਰਖਾਈਆ। ਗੀਤ ਸੁਹਾਗੀ ਏਕਾ ਛੰਦਨ, ਸੋਹੰ ਸ਼ਬਦ ਕਰੇ ਪੜ੍ਹਾਈਆ। ਨਾਤਾ ਤੁੱਟੇ ਜੇਰਜ ਅੰਡਨ, ਅੰਦਰੇ ਅੰਦਰ ਗੰਢ ਪੁਵਾਈਆ। ਗੁਰਮੁਖ ਮੇਲਾ ਮੁਕੰਦ ਮਨੋਹਰ ਮਕੁੰਦਨ, ਨੇਤਰ ਨੈਣ ਨੈਣ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਖਾਏ ਸਾਚੇ ਘਰ, ਘਰ ਸਾਚਾ ਆਪ ਸੁਹਾਈਆ। ਸਾਚਾ ਘਰ ਗੁਰਮੁਖ ਦਵਾਰ, ਗੁਰ ਗੁਰ ਆਪ ਵਡਿਆਇੰਦਾ। ਕਲਜੁਗ ਅੰਤਮ ਵੇਖ ਵਿਚਾਰ, ਵੇਖਣਹਾਰਾ ਦਇਆ ਕਮਾਇੰਦਾ। ਜੁਗ ਚੌਕੜੀ ਕਰਜ ਉਤਾਰ, ਆਪ ਆਪਣਾ ਮੂਲ ਸਮਝਾਇੰਦਾ। ਹਰਿਜਨ ਸਾਚੇ ਕਰੇ ਪਿਆਰ, ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਕਾ ਨਾਮ ਵਣਜ ਵਾਪਾਰ, ਸਾਚੀ ਹੱਟ ਵਖਾਇੰਦਾ। ਰਸਨਾ ਜੇਹਵਾ ਇਕ ਅਧਾਰ, ਮਨ ਮਨਸਾ ਪੂਰ ਕਰਾਇੰਦਾ। ਸੋਹੰ ਸ਼ਬਦ ਸਚ ਜੈਕਾਰ, ਆਤਮ ਪਰਮਾਤਮ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚਾ ਦਾਨ, ਸਾਚੀ ਵਸਤ ਆਤਮ ਝੋਲੀ ਪਾਇੰਦਾ।
