੧੮ ਮਾਘ ੨੦੧੮ ਬਿਕ੍ਰਮੀ ਦੇਵਾ ਸਿੰਘ ਧੰਗਾਲੀ ਜ਼ਿਲਾ ਜੰਮੂ
ਪੀਰ ਪੈਗ਼ੰਬਰ ਤੱਕੀ ਆਸ, ਆਸ ਇਕ ਰਖਾਈਆ। ਤੇਰਾ ਖੇਲ ਪ੍ਰਿਥਮੀ ਅਕਾਸ਼, ਅਕਾਸ਼ ਤੇਰੀ ਵਡਿਆਈਆ। ਅਸੀਂ ਵੇਖਣੀ ਤੇਰੀ ਰਾਸ, ਕਵਣ ਦੁਆਰੇ ਪਾਈਆ। ਕਵਣ ਸਖੀ ਤੇਰੇ ਵਸੇ ਪਾਸ, ਪਰਵਰਦਿਗਾਰ ਸੱਚੇ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ । ਤੇਰੀ ਰਾਸ ਤੱਕਣ ਦਾ ਚਾਅ, ਇਕੋ ਓਟ ਰਖਾਈਆ। ਤੂੰ ਦੇਣੀ ਸਚ ਸਲਾਹ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਅਸੀਂ ਰਹਿਬਰ ਤੇਰੇ ਗਏ ਆ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਤੇਰਾ ਤੱਕਣਾ ਜਲਵਾ ਨੂਰ, ਨੂਰ ਨੂਰਾਨੀ ਮਿਹਰਵਾਨਾ । ਤੇਰਾ ਘਰ ਵੇਖਣਾ ਹਜ਼ੂਰ, ਮੇਰੇ ਹਜ਼ਰਤ ਸ਼ਾਹ ਸੁਲਤਾਨਾ। ਤੂੰ ਸ਼ਹਿਨਸ਼ਾਹ ਗਫ਼ੂਰ, ਮਰਦੇ ਮਰਦ ਮਰਦਾਨਾ। ਤੂੰ ਸਰਬ ਕਲਾ ਭਰਪੂਰ, ਆਦਿ ਜੁਗਾਦਿ ਨੌਜਵਾਨਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੰਡਲ ਕਵਣ ਨਿਸ਼ਾਨਾ। ਕਵਣ ਮੰਡਲ ਤੇਰੀ ਰਾਸ, ਕਵਣ ਘਰ ਵੱਜੇ ਵਧਾਈਆ । ਕਵਣ ਰੂਪ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਿਰਧ ਬਾਲ ਨਾ ਕੋਈ ਬੱਚਾ, ਵੱਡਾ ਛੋਟਾ ਨਾ ਕੋਈ ਅਖਵਾਈਆ। ਜਿਸ ਜਨ ਮਿਲਿਆ ਸਤਿਗੁਰ ਸੱਚਾ, ਏਕਾ ਰੰਗ ਰੰਗਾਈਆ। ਤ੍ਰੈਗੁਣ ਅਗਨ ਕਦੇ ਨਾ ਮੱਚਾ, ਗੁਰਮੁਖ ਵਡੀ ਵਡਿਆਈਆ। ਲੇਖੇ ਲੱਗਾ ਭਾਂਡਾ ਕੱਚਾ, ਕਰਤਾ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਘਰ ਬਹਾਈਆ । ਨਾ ਕੋਈ ਬੱਚਾ ਨਾ ਨਾਦਾਨ, ਬਾਲੀ ਬੁਧ ਨਾ ਕੋਈ ਰਖਾਈਆ। ਗੁਰਮੁਖ ਸੂਰਾ ਚਤਰ ਸੁਜਾਨ, ਮਿਲੀ ਮਾਤ ਵਡਿਆਈਆ। ਜਿਸ ਜਨ ਦਰਸ ਦੇਵੇ ਭਗਵਾਨ, ਸੋ ਜਨ ਸਚ ਦੁਆਰੇ ਸੋਭਾ ਪਾਈਆ। ਨਾਤਾ ਤੁਟੇ ਜਗਤ ਜਹਾਨ, ਜੀਵਣ ਜੁਗਤ ਇਕ ਸਮਝਾਈਆ। ਦੀਨ ਦਿਆਲ ਠਾਕਰ ਸਵਾਮੀ ਵੇਖੇ ਮਾਰ ਧਿਆਨ, ਮਿਹਰਵਾਨ ਨਿਗਹ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਾ ਕੋਈ ਬੱਚਾ ਬਾਲੀ ਬੁਧ, ਬਾਲੀ ਬਾਲ ਨਾ ਕੋਈ ਜਣਾਇੰਦਾ। ਜਨ ਭਗਤਾਂ ਕਰੇ ਕਾਰਜ ਸੁਧ, ਹਰਿ ਸਾਚੀ ਸੇਵ ਕਮਾਇੰਦਾ। ਗੁਰਮੁਖ ਜੋਧਾ ਸੂਰਬੀਰ ਏਕਾ ਉਠ, ਆਪਣਾ ਬਲ ਰਖਾਇੰਦਾ। ਜਿਸ ਉਪਰ ਦੀਨ ਦਿਆਲ ਜਾਏ ਤੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਾ ਕੋਈ ਬੱਚਾ ਮੂਰਖ ਮਤ, ਮੂੜ੍ਹ ਨਜ਼ਰ ਕੋਈ ਨਾ ਆਈਆ। ਸਤਿਗੁਰ ਦੇਵੇ ਸਾਚੀ ਮਤ, ਏਕਾ ਗੁਣ ਸਮਝਾਈਆ। ਘਰ ਘਰ ਅੰਦਰ ਹਰਿ ਹਰਿ ਤੱਤ, ਨਿਕਾ ਵੱਡਾ ਨਾ ਵੰਡ ਵੰਡਾਈਆ। ਸਾਢੇ ਤਿੰਨ ਹੱਥ ਅੰਦਰ ਰਖਿਆ ਢਕ, ਦਿਸ ਕਿਸੇ ਨਾ ਆਈਆ। ਜਿਸ ਭਾਵੇ ਤਿਸ ਪੜਦਾ ਦੇਵੇ ਢਕ, ਆਪਣਾ ਮੁਖ ਵਖਾਈਆ। ਉਹ ਬੋਲੇ ਨਾਅਰਾ ਹੱਕ, ਕੂਕ ਕੂਕ ਸੁਣਾਈਆ । ਪ੍ਰਭ ਸਾਂਈ ਗਿਆ ਲੱਭ, ਘਰ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਗੁਰਮੁਖ ਬੱਚਾ ਸਦਾ ਜਵਾਨ, ਹਰਿ ਸਾਚਾ ਸਚ ਰਖਾਇੰਦਾ। ਆਤਮ ਪਰਮਾਤਮ ਇਕ ਗਿਆਨ, ਏਕਾ ਗੁਰ ਵਖਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਬਹਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਰਸ ਰਸੀਆ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਮੁਖ ਬੱਚਾ ਸੂਰਬੀਰ, ਵਡ ਸੂਰਾ ਨਾਉਂ ਧਰਾਈਆ। ਜਗਤ ਮਾਇਆ ਤੋੜ ਜੰਜੀਰ, ਇਕੋ ਓਟ ਤਕਾਈਆ। ਚੋਟੀ ਚੜ੍ਹ ਬੈਠਾ ਅਖ਼ੀਰ, ਉਤਰ ਕਦੇ ਨਾ ਜਾਈਆ। ਪ੍ਰਭ ਮਿਲਿਆ ਗਹਿਰ ਗੰਭੀਰ, ਗੁਣ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਬੱਚਾ ਸਦਾ ਗੁਣਵੰਤ, ਗੁਣਵੰਤਾ ਆਪ ਬਣਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਨਾਉਂ ਮਣੀਆ ਮੰਤ, ਮਨ ਮਨਸਾ ਦਏ ਖਪਾਈਆ। ਗੜ੍ਹ ਤੋੜ ਹਉਮੇ ਹੰਗਤ, ਗ੍ਰਹਿ ਗ੍ਰਹਿ ਨਾਦ ਸੁਣਾਈਆ। ਰੰਗ ਚਾੜ੍ਹ ਇਕ ਬਸੰਤ, ਕਾਇਆ ਚੀਥੜਾ ਆਪ ਰੰਗਾਈਆ। ਜਿਸ ਜਨ ਬਣਾਈ ਬਣਤ, ਘੜਨ ਭੰਨਣਹਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਜਗਾਈਆ। ਗੁਰਮੁਖ ਬੱਚਾ ਜਾਏ ਜਾਗ, ਪੁਰਖ ਅਬਿਨਾਸ਼ੀ ਆਪ ਜਗਾਈਆ। ਆਪਣੇ ਹੱਥ ਪਕੜੇ ਵਾਗ, ਡੋੇਰੀ ਤੰਦ ਬੰਧਾਈਆ। ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰ ਮਿਟਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਧੁਵਾਈਆ। ਅੰਤਰ ਆਤਮ ਇਕ ਵੈਰਾਗ, ਬਿਰਹੋਂ ਚੋਟ ਲਗਾਈਆ। ਜਗਤ ਤ੍ਰਿਸਨਾ ਬੁਝੇ ਆਗ, ਮਾਇਆ ਮਮਤਾ ਦਏ ਖਪਾਈਆ। ਸ਼ਬਦ ਅਗੰਮੀ ਇਕ ਅਵਾਜ਼, ਛੋਟੇ ਬਾਲੇ ਦਏ ਸੁਣਾਈਆ। ਛੋਟਾ ਬਾਲਾ ਰਚ ਕੇ ਕਾਜ, ਹਰਿ ਸੰਗਤ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਦਏ ਵਡਿਆਈਆ। ਛੋਟੇ ਬਾਲੇ ਤੇਰਾ ਮਾਣ, ਹਰਿ ਸਾਚਾ ਸਚ ਰਖਾਇੰਦਾ। ਛੋਟੀ ਉਮਰੇ ਖੇਲ ਮਹਾਨ, ਲੋਕਮਾਤ ਕਰਾਇੰਦਾ। ਸਿੰਘ ਮਨਜੀਤਾ ਨੌਜਵਾਨ, ਆਪਣੇ ਰੰਗ ਵਖਾਇੰਦਾ। ਬੱਚਿਆਂ ਦੇਵੇ ਪਹਿਲੋਂ ਗਿਆਨ, ਬੁੱਢਿਆਂ ਫਿਰ ਸਮਝਾਇੰਦਾ। ਅੰਦਰ ਵੜ ਸ੍ਰੀ ਭਗਵਾਨ, ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਆਪ ਤਰਾਇੰਦਾ। ਛੋਟਾ ਬਾਲਾ ਵਡ ਪਰਧਾਨਾ, ਸਚ ਪਰਧਾਨਗੀ ਆਪ ਸਮਝਾਈਆ । ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਫਿਰ ਫਿਰ ਖ਼ੁਸ਼ੀ ਮਨਾਈਆ। ਕਰੋੜ ਤੇਤੀਸਾ ਹੋਇਆ ਹੈਰਾਨਾ, ਭੇਵ ਕੋਇ ਨਾ ਪਾਈਆ। ਸੁਰਪਤ ਇੰਦ ਮੁਖ ਸ਼ਰਮਾਨਾ, ਨੇਤਰ ਨੈਣ ਨਾ ਸਕੇ ਉਠਾਈਆ। ਛੋਟਾ ਬਾਲਾ ਬੰਨ੍ਹ ਕੇ ਆਇਆ ਗਾਨਾ, ਸਾਚਾ ਸਗਨ ਮਨਾਈਆ। ਸੋਹੰ ਢੋਲਾ ਗਾਏ ਤਰਾਨਾ, ਏਕਾ ਰਾਗ ਸੁਣਾਈਆ। ਪ੍ਰਭ ਪੁਰਖ ਪਾਇਆ ਇਕ ਮਰਦਾਨਾ, ਵਡ ਮਰਦਾਨਗੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬੱਚੇ ਆਪ ਪਰਗਟਾਈਆ। ਛੋਟੇ ਬੱਚੇ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਸੇਵ ਕਮਾਇੰਦਾ। ਸਾਚੀ ਘਾਲੀ ਘਾਲਣ ਆਪੇ ਘਾਲ, ਨੀਹਾਂ ਹੇਠ ਦਬਾਇੰਦਾ। ਕਰੇ ਖੇਲ ਬੇਮਿਸਾਲ, ਬੇਨਜ਼ੀਰ ਤਕਦੀਰ ਸਰਬ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਾਲੇ ਵੇਖ ਵਖਾਇੰਦਾ। ਛੋਟੇ ਬਾਲੇ ਉਚ ਮਹੱਲਾ, ਏਕਾ ਗੜ੍ਹ ਬਣਾਈਆ। ਵੇਖਣਹਾਰਾ ਇਕ ਇਕੱਲਾ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਬਹੱਤਰਾਂ ਅੰਦਰ ਆਪੇ ਰਲਾ, ਆਪਣਾ ਗੁਣ ਸਮਝਾਈਆ। ਸਚ ਸੰਦੇਸਾ ਏਕਾ ਘੱਲਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਛੋਟੇ ਬਾਲੇ ਨੀਹਾਂ ਹੇਠ ਰੱਖ, ਹਰਿ ਰਾਖੀ ਕਰਨ ਆਇਆ। ਛੋਟੇ ਬੱਚੇ ਕਰ ਪਰਤੱਖ, ਪਰਤੱਖ ਰੂਪ ਧਰਾਇਆ। ਛੋਟੇ ਬਾਲੇ ਕਰ ਕਰ ਵੱਖ, ਹਰਿ ਆਪਣੀ ਵੰਡ ਵੰਡਾਇਆ। ਛੋਟੇ ਬਾਲੇ ਪੜਦਾ ਢਕ, ਸਿਰ ਆਪਣਾ ਹੱਥ ਟਿਕਾਇਆ। ਛੋਟੇ ਬੱਚੇ ਗੋਦੀ ਚੱਕ, ਸਚਖੰਡ ਦੁਆਰ ਬਹਾਇਆ। ਛੋਟੇ ਬਾਲੇ ਰੱਖੇ ਪੱਤ, ਪਤ ਪਤਵੰਤਾ ਹੋਏ ਸਹਾਇਆ। ਛੋਟੇ ਬੱਚੇ ਲੇਖੇ ਲੱਗੇ ਰੱਤ, ਰੱਤੀ ਰੱਤ ਨਾਲ ਰੰਗਾਇਆ। ਛੋਟੇ ਬਾਲੇ ਇਕੋ ਤੱਤ, ਹਰਿ ਤੱਤ ਤੱਤ ਸਮਾਇਆ। ਕਰੇ ਖੇਲ ਪੁਰਖ ਸਮਰਥ, ਭੇਵ ਕਿਸੇ ਨਾ ਆਇਆ। ਸਾਚਾ ਮਾਰਗ ਰਿਹਾ ਦੱਸ, ਬਾਲੇ ਨੀਹਾਂ ਹੇਠ ਧਰਾਇਆ। ਉਤੇ ਤ੍ਰੈਗੁਣ ਮਾਇਆ ਦੇਵੇ ਰੱਖ, ਆਪਣੀ ਹੱਥੀਂ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਕਰਾਇਆ। ਛੋਟੇ ਬਾਲੇ ਉਠੇ ਕੁੱਦ, ਆਪਣਾ ਬਲ ਰਖਾਈਆ। ਨੌਂ ਖੰਡ ਪ੍ਰਿਥਮੀ ਵੇਖਣਾ ਯੱੁਧ, ਸੱਤਾਂ ਦੀਪਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲੀ ਬਾਲੇ ਲਏ ਤਰਾਈਆ। ਛੋਟਾ ਬਾਲਾ ਬਾਲ ਅਞਾਣ, ਏਕਾ ਮਤ ਰਖਾਈਆ। ਕਲਜੁਗ ਅੰਤ ਹੋ ਪਰਧਾਨ, ਸਤਿਜੁਗ ਸਾਚਾ ਰਾਹ ਵਖਾਈਆ। ਸਤਿ ਸਤਿਵਾਦੀ ਮੰਦਰ ਸਚ ਮਕਾਨ, ਸਚਖੰਡ ਨਿਵਾਸੀ ਆਪ ਬਣਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਸਤਿ ਧਰਮ ਦੀ ਸਤਿ ਦੁਕਾਨ, ਸਤਿ ਪੁਰਖ ਨਿਰੰਜਣ ਆਪ ਖੁਲ੍ਹਾਈਆ। ਚਾਰ ਵਰਨਾਂ ਦੇਵੇ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਚਰਨ ਸਰਨ ਸਰਨਾਈਆ। ਤਖ਼ਤ ਨਿਵਾਸੀ ਭੂਪ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਉਠਾਏ ਚਤਰ ਸੁਜਾਨ, ਸਾਚੀ ਸੋਝੀ ਆਪੇ ਪਾਈਆ। ਚਤਰਭੁਜ ਨੌਜਵਾਨ, ਆਪਣੀਆਂ ਭੁਜਾਂ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਹੋਏ ਸਹਾਈਆ। ਛੋਟੇ ਬਾਲੇ ਸਦਾ ਸਹਾਇਕ, ਹਰਿ ਸਾਚੀ ਸੇਵ ਕਮਾਇੰਦਾ। ਛੋਟਾ ਬਾਲਾ ਹੋਇਆ ਲਾਇਕ, ਹਰਿ ਆਪਣੀ ਗੋਦ ਬਹਾਇੰਦਾ। ਕਰੇ ਖੇਲ ਨਰ ਨਰਾਇਣ ਨਾਇਕ, ਨਈਆ ਜਗਤ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਵਰ, ਛੋਟੇ ਬਾਲੇ ਪਾਰ ਕਰਾਇੰਦਾ।
