੧੯ ਮਾਘ ੨੦੧੮ ਬਿਕ੍ਰਮੀ ਪੂਰਨ ਚੰਦ ਦੇ ਗ੍ਰਹਿ ਮਲਕ ਕੈਂਪ ਜੰਮੂ
ਸਰਗੁਣ ਤੇਰਾ ਘਾੜਨ ਘੜ, ਹਰਿ ਨਿਰਗੁਣ ਖੇਲ ਖਿਲਾਇਆ। ਨਿਰਗੁਣ ਅੰਦਰ ਬੈਠਾ ਵੜ, ਆਪਣਾ ਮੁਖ ਛੁਪਾਇਆ। ਸਾਚੇ ਪੌੜੇ ਗਿਆ ਚੜ੍ਹ, ਸਾਚਾ ਮੰਦਰ ਇਕ ਸੁਹਾਇਆ। ਨਿਸ਼ਅੱਖਰ ਬਾਣੀ ਰਿਹਾ ਪੜ੍ਹ, ਬੋਧ ਅਗਾਧ ਸਮਝਾਇਆ। ਦਰਸ ਦਿਖਾਏ ਅੱਗੇ ਖੜ, ਨੇਤਰ ਗਿਆਨ ਇਕ ਖੁਲ੍ਹਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਸਰੋਵਰ ਇਕੋ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਖੇਲ ਕਰਾਇਆ। ਸਰਗੁਣ ਤੇਰਾ ਜੋੜ ਜੁੜਾ, ਹਰਿ ਅਚਰਜ ਬਣਤ ਬਣਾਈਆ। ਨਿਰਗੁਣ ਅੰਦਰ ਡੇਰਾ ਲਾ, ਆਪਣਾ ਆਸਣ ਰਿਹਾ ਸੁਹਾਈਆ। ਨਿਰਮਲ ਦੀਪ ਜੋਤ ਜਗਾ, ਮਹੱਲ ਅਟੱਲ ਕਰੇ ਰੁਸ਼ਨਾਈਆ । ਏਕਾ ਨਾਦ ਦਏ ਵਜਾ, ਧੁਨ ਅਨਾਦੀ ਨਾਦ ਸੁਣਾਈਆ। ਸਾਚਾ ਸੋਹਲਾ ਆਪੇ ਗਾ, ਏਕਾ ਕਰੇ ਪੜ੍ਹਾਈਆ। ਆਤਮ ਸੇਜਾ ਦਏ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਵਖਾਈਆ। ਸਰਗੁਣ ਤੇਰਾ ਲੇਖਾ ਪੰਜ ਤੱਤ, ਹਰਿ ਤੱਤਵ ਤੱਤ ਰਖਾਇੰਦਾ। ਤੇਰੇ ਅੰਦਰ ਖੇਲ ਸਮਰਥ, ਹਰਿ ਆਪਣੀ ਖੇਲ ਕਰਾਇੰਦਾ। ਨਾਮ ਅਨਮੁੱਲੀ ਰੱਖੇ ਵੱਥ, ਸਾਚੇ ਹੱਟ ਵਿਕਾਇੰਦਾ। ਘਰ ਸਰੋਵਰ ਵਖਾਏ ਤਟ, ਤਟ ਕਿਨਾਰਾ ਆਪ ਬਣਾਇੰਦਾ। ਘਰ ਦੀਪਕ ਜੋਤ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਘਰ ਨਿਰਗੁਣ ਹੋਏ ਪਰਗਟ, ਸਰਗੁਣ ਮਾਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਮਹੱਲ ਇਕ ਸੁਹਾਇੰਦਾ। ਸਰਗੁਣ ਤੇਰਾ ਸਚ ਮੁਨਾਰਾ, ਹਰਿ ਤੱਤਵ ਤੱਤ ਉਪਾਈਆ। ਅੰਦਰ ਵੜ ਹਰਿ ਨਿਰੰਕਾਰਾ, ਨਿਰਗੁਣ ਵੇਖੇ ਚਾਈਂ ਚਾਈਂਆ । ਖੇਲ ਖੇਲ ਅਗੰਮ ਅਪਾਰਾ, ਖੇਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਦੇ ਸਹਾਰਾ, ਏਕਾ ਓਟ ਜਣਾਈਆ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਭੰਡਾਰਾ ਇਕ ਵਖਾਈਆ। ਸਰਗੁਣ ਤੇਰੇ ਅੰਦਰ ਭੰਡਾਰ, ਨਿਰਗੁਣ ਆਪਣਾ ਆਪ ਟਿਕਾਇੰਦਾ। ਜੁਗ ਜੁਗ ਬਣੇ ਮਾਤ ਵਰਤਾਰ, ਗੁਰ ਗੁਰ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਭੰਡਾਰ ਇਕ ਸਮਝਾਇੰਦਾ। ਸਰਗੁਣ ਤੇਰੇ ਅੰਦਰ ਵਸਤ ਅਨਮੋਲ, ਨਿਰਗੁਣ ਆਪਣੀ ਆਪ ਰਖਾਈਆ। ਆਪਣਾ ਪੜਦਾ ਲੈਣਾ ਖੋਲ੍ਹ, ਘਰ ਵੇਖਣਾ ਚਾਈਂ ਚਾਈਂਆ। ਲੋਕਮਾਤ ਨਾ ਰਹਿਣਾ ਅਨਭੋਲ, ਭੁੱਲ ਰੁੱਲ ਨਾ ਜਨਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਾਇਆ ਚੋਲ, ਚੋਲੀ ਕਾਇਆ ਇਕ ਸਮਝਾਈਆ। ਸਰਗੁਣ ਤੇਰੇ ਅੰਦਰ ਵਸਤ ਅਤੁਟ, ਅਤੋਟ ਹਰਿ ਰਖਾਇੰਦਾ। ਤੂੰ ਆਪਣਾ ਪੜਦਾ ਵੇਖ ਚੁਕ, ਸਤਿਗੁਰ ਸਾਚਾ ਸਚ ਸਮਝਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਨੇਤਰ ਨੈਣਾਂ ਨਾਲ ਮਿਲਾਇੰਦਾ। ਪੰਚ ਵਿਕਾਰਾ ਜੜ੍ਹ ਦੇਵੇ ਪੁੱਟ, ਸਚ ਸੁੱਚ ਇਕ ਜਣਾਇੰਦਾ। ਨਾਮ ਪਿਆਲਾ ਦੇਵੇ ਘੁੱਟ, ਮਧੁਰ ਜਾਮ ਹੱਥ ਰਖਾਇੰਦਾ। ਆਵਣ ਜਾਵਣ ਜਾਏ ਛੁਟ, ਸਰਗੁਣ ਨਿਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਬੰਧਨ ਆਪ ਤੁੜਾਇੰਦਾ। ਸਰਗੁਣ ਤੇਰਾ ਸਚ ਦੁਆਰਾ, ਹਰਿ ਸਾਚਾ ਸੋਭਾ ਪਾਇੰਦਾ। ਜੁਗ ਜੁਗ ਖੇਲ ਕਰੇ ਨਿਰੰਕਾਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਰੂਪ ਅਨੂਪ ਵਖਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਅਗੰਮੀ ਲੈ ਭੰਡਾਰਾ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਸਾਚਾ ਹੱਟ ਖੋਲ੍ਹ ਵਣਜਾਰਾ, ਸਾਚੀ ਵਸਤ ਵਿਚ ਟਿਕਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰਾ, ਪਰੇਮ ਸਿਖਿਆ ਇਕ ਸਮਝਾਇੰਦਾ। ਸੰਤਾਂ ਦੇਵੇ ਇਕ ਹੁਲਾਰਾ, ਸਾਚੀ ਜੋਤੀ ਆਪ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਸਿਖਾਂ ਦੇਵੇ ਦਰਸ ਦੀਦਾਰਾ, ਨਿਝ ਆਤਮ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਹਰਿ ਖ਼ਾਲਕ ਖ਼ਲਕ ਵਖਾਇੰਦਾ। ਬੇਐਬ ਵੇੇਖੇ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਪੰਧ ਮੁਕਾਇੰਦਾ। ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਈਆ। ਏਕਾ ਗੀਤ ਗੌਣਾ ਛੰਦ, ਸੋਹੰ ਰਿਹਾ ਸਮਝਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਦੀਨ ਦਿਆਲ ਠਾਕਰ ਸਦਾ ਬਖ਼ਸ਼ੰਦ, ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਸਰਗੁਣ ਤੇਰੀ ਨੰਗੀ ਨਾ ਹੋਵੇ ਕੰਡ, ਨਿਰਗੁਣ ਆਪਣਾ ਪੜਦਾ ਪਾਈਆ। ਤੇਰਾ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਈਆ। ਤੇਰਾ ਨਾਤਾ ਪਾਰ ਕਰਾਏ ਬ੍ਰਹਿਮੰਡ, ਇੰਡ ਪਿੰਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਰੂਪ ਗੁਰ ਗੁਰ ਧਾਰ, ਪੰਚਮ ਪੰਚ ਸਮਾਇਆ। ਸਰਗੁਣ ਰੂਪ ਭਗਤ ਆਧਾਰ, ਭਗਵਨ ਭਗਤੀ ਏਕਾ ਲਾਇਆ। ਸਰਗੁਣ ਰੂਪ ਸੰਤ ਸੰਸਾਰ, ਨਿਰਗੁਣ ਆਪਣਾ ਰੰਗ ਚੜ੍ਹਾਇਆ। ਸਰਗੁਣ ਗੁਰਮੁਖ ਖੇਲ ਅਪਾਰ, ਕਾਇਆ ਚੋਲੀ ਭੇਵ ਛੁਪਾਇਆ। ਸਰਗੁਣ ਗੁਰਸਿਖ ਕਰ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਤ੍ਰੈਗੁਣ ਅਤੀਤਾ ਮੇਲ ਮਿਲਾਇਆ। ਠਾਂਡਾ ਸੀਤਾ ਇਕ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਤੁੱਟੀ ਗੰਢ ਪੁਵਾਇਆ। ਲੱਖ ਚੁਰਾਸੀ ਪਾਰ ਕਿਨਾਰ, ਰਾਏ ਧਰਮ ਨਾ ਦਏ ਸਜਾਇਆ। ਕਾਲ ਮਹਾਂਕਾਲ ਰੋਵੇ ਨੇਤਰ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਜਿਸ ਮਿਲਿਆ ਆਪ ਨਿਰੰਕਾਰ, ਤਿਸ ਮਾਇਆ ਪੋਹ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਮਿਲਾਇਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਅਗੰਮੀ ਨਾਦ ਸੁਣਾਈਆ। ਪੰਜ ਸ਼ਬਦ ਹੋਏ ਹੈਰਾਨ, ਪ੍ਰਭ ਅਚਰਜ ਖੇਲ ਵਖਾਈਆ। ਸਾਡੀ ਕਰੇ ਨਾ ਕੋਈ ਪਹਿਚਾਨ, ਪੜਦਾ ਸਕੇ ਨਾ ਕੋਈ ਉਠਾਈਆ। ਅਸੀਂ ਬੰਦ ਹੋਏ ਪੰਜ ਤੱਤ ਕਾਇਆ ਮਕਾਨ, ਕਾਇਆ ਮਕਬਰਾ ਇਕ ਬਣਾਈਆ। ਹਰਿਜੂ ਸਚ ਸੰਦੇਸਾ ਲੈ ਕੇ ਆਇਆ ਸਚ ਨਿਸ਼ਾਨ, ਸਚ ਨਿਸ਼ਾਨਾ ਦਏ ਵਖਾਈਆ। ਸਾਡੇ ਉਪਰ ਸੇਜ ਮਹਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਤਮ ਪਰਮਾਤਮ ਵੇਖੇ ਮਾਰ ਧਿਆਨ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸਾਚਾ ਮਾਰਗ ਰਿਹਾ ਚਲਾਇਆ। ਏਕਾ ਵਾਰ ਦੇਵੇ ਬ੍ਰਹਮ ਗਿਆਨ, ਜਿਸ ਜਨ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਸੱਜਣ ਲਏ ਫੜ, ਨਿਰਗੁਣ ਦਾਤਾ ਅੰਦਰ ਵੜ, ਅੰਦਰ ਬਾਹਰ ਭੀਤਰ ਆਪਣਾ ਰੰਗ ਵਖਾਈਆ। ਅੰਦਰ ਬਾਹਰ ਇਕੋ ਰੰਗ, ਨਿਰਗੁਣ ਸਰਗੁਣ ਆਪ ਰੰਗਾਇੰਦਾ। ਗੁਰਮੁਖ ਮੇਲਾ ਸੂਰੇ ਸਰਬੰਗ, ਗੁਰ ਗੁਰ ਗੋਦ ਉਠਾਇੰਦਾ। ਨਾਦ ਅਨਾਦੀ ਇਕ ਮਰਦੰਗ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸਤਿਗੁਰ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਦਵੈਤੀ ਪੜਦਾ ਦਏ ਉਠਾਈਆ। ਨਾਤਾ ਤੁਟੇ ਮਰਨ ਡਰਨ, ਜੀਵਣ ਮੁਕਤ ਕਰਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਵਖਾਏ ਸਾਚੀ ਸਰਨ, ਸਰਨਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣਾ ਸੰਗ ਨਿਭਾਈਆ। ਸਗਲਾ ਸੰਗ ਹਰਿਜੂ ਸਾਥਾ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਸਤਿਗੁਰ ਚੰਦ ਚੜ੍ਹਾਇੰਦਾ। ਚਰਨ ਕਵਲ ਇਕੋ ਨਾਤਾ, ਪੁਰਖ ਬਿਧਾਤਾ ਆਪ ਬੰਧਾਇੰਦਾ। ਕਾਇਆ ਮੰਦਰ ਅੰਦਰ ਬਹਿ ਬਹਿ ਗਾਏ ਗਾਥਾ, ਆਪਣੀ ਸਿਫ਼ਤ ਸੁਣਾਇੰਦਾ। ਸਰਬ ਕਲ ਆਪੇ ਸਮਰਾਥਾ, ਦੂਸਰ ਓਟ ਨਾ ਕੋਇ ਤਕਾਇੰਦਾ। ਨਾ ਕੋਈ ਪੂਜਾ ਨ ਕੋਈ ਪਾਠਾ, ਮਿਹਰ ਨਜ਼ਰ ਇਕ ਟਿਕਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਦਰਸ ਦਿਖਾਇੰਦਾ। ਅੱਗੇ ਨੇੜੇ ਰੱਖੇ ਵਾਟਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਕਲਜੁਗ ਅੰਤ ਵੇਖਣ ਆਇਆ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਇੰਦਾ। ਹਰਿਜਨ ਤੇਰੇ ਦਰਸ ਪਿਆਸਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਨਿਝ ਆਤਮ ਪਰਮਾਤਮ ਕਰ ਕਰ ਵਾਸਾ, ਝੂਠੀ ਵਾਸਨਾ ਬਾਹਰ ਕਢਾਇੰਦਾ। ਲੇਖੇ ਲਾਏ ਪਵਣ ਸਵਾਸਾ, ਸੋਹੰ ਅਜਪਾ ਜਾਪ ਜਪਾਇੰਦਾ। ਚਰਨ ਕਵਲ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਜਨ ਭਗਤਾਂ ਦੇਵੇ ਨਾਮ ਦਿਲਾਸਾ।
