Granth 11 Likhat 078: 19 Magh 2018 Bikarmi Nava Chakk Daulat Singh de Greh

੧੯ ਮਾਘ ੨੦੧੮ ਬਿਕ੍ਰਮੀ ਨਵਾਂ ਚੱਕ ਦੌਲਤ ਸਿੰਘ ਦੇ ਗ੍ਰਹਿ

ਨਿਰਗੁਣ ਘਰ ਨਿਰਗੁਣ ਵਾਸਾ, ਸਰਗੁਣ ਬੰਧਨ ਪਾਈਆ। ਨਿਰਗੁਣ ਅੰਦਰ ਨਿਰਗੁਣ ਧਰਵਾਸਾ, ਸਰਗੁਣ ਆਸ ਤਕਾਈਆ। ਨਿਰਗੁਣ ਅੰਦਰ ਨਿਰਗੁਣ ਤਮਾਸ਼ਾ, ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਆਪ ਰਚਾਈਆ। ਨਿਰਗੁਣ ਸਤਿਗੁਰ ਗੁਰ ਗੁਰ ਧਾਰ, ਸਰਗੁਣ ਰੰਗ ਵਟਾਈਆ। ਨੂਰੋ ਨੂਰ ਅਗੰਮ ਅਪਾਰ, ਅਨਭਵ ਪਰਕਾਸ਼ ਕਰਾਈਆ। ਬੋਧ ਅਗਾਧ ਸ਼ਬਦ ਧੁਨਕਾਰ, ਅਨਾਦੀ ਨਾਦ ਸੁਣਾਈਆ। ਨਾਤਾ ਜੋੜ ਗੁਰ ਅਵਤਾਰ, ਲੋਕਮਾਤ ਬੰਧਨ ਪਾਈਆ। ਨੇਤਰ ਲੋਚਨ ਖੋਲ੍ਹ ਕਿਵਾੜ, ਪਰਤੱਖ ਰੂਪ ਦਰਸਾਈਆ। ਘਰ ਮੰਦਰ ਕਰ ਤਿਆਰ, ਸ੍ਰੀ ਭਗਵੰਤ ਸੋਭਾ ਪਾਈਆ। ਆਤਮ ਅੰਤਰ ਦੇ ਦੀਦਾਰ, ਤ੍ਰਿਸਨਾ ਭੁੱਖ ਗੁਵਾਈਆ। ਸਰਗੁਣ ਨਿਰਗੁਣ ਕਰ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਦਾ ਸਦਾ ਹੋਏ ਸਹਾਈਆ। ਨਿਰਗੁਣ ਸਰਗੁਣ ਸਚ ਵਸੇਰਾ, ਘਰ ਘਰ ਵਿਚ ਮੇਲ ਮਿਲਾਇੰਦਾ। ਪੰਧ ਮੁਕਾਏ ਨੇਰਨ ਨੇਰਾ, ਦੂਰ ਦੁਰਾਡਾ ਮੋਹ ਚੁਕਾਇੰਦਾ। ਇਕ ਵਸਾਏ ਸਾਚਾ ਖੇੜਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਖੁਲ੍ਹਾ ਰੱਖੇ ਹਰਿ ਜੂ ਵਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਸੰਗ ਮਿਲਾਇੰਦਾ। ਨਿਰਗੁਣ ਸਤਿਗੁਰ ਮਿਹਰਵਾਨ, ਸਰਗੁਣ ਦਏ ਵਡਿਆਈਆ। ਗੁਰ ਗੁਰ ਰੂਪ ਹੋ ਪਰਧਾਨ, ਤੱਤਵ ਤੱਤ ਸਮਾਈਆ। ਸਤਿ ਸਤਿਵਾਦੀ ਖੋਲ੍ਹ ਦੁਕਾਨ, ਨਾਮ ਹੱਟ ਵਣਜਾਰਾ ਏਕਾ ਏਕ ਵਜਾਈਆ। ਲੋਕਮਾਤ ਹੋ ਪਰਧਾਨ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤਾਂ ਦੇਵੇ ਦਾਨ, ਜੀਵਣ ਜੁਗਤ ਇਕ ਸਮਝਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਨਾਤਾ ਤੋੜ ਪੰਜ ਸ਼ੈਤਾਨ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਸਦਾ ਦਿਆਲ, ਸਰਗੁਣ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਆਪਣਾ ਬੰਧਨ ਪਾਇੰਦਾ। ਪੰਜ ਤੱਤ ਅੰਦਰ ਸੱਚੀ ਧਰਮਸਾਲ, ਘਰ ਵਿਚ ਘਰ ਆਪ ਸੁਹਾਇੰਦਾ। ਦੀਪਕ ਜੋਤੀ ਏਕਾ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਸ਼ਬਦੀ ਸ਼ਬਦੀ ਧੁੰਨ ਉਪਜਾਇੰਦਾ। ਆਤਮ ਪਰਮਾਤਮ ਕਰ ਪਹਿਚਾਨ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਖੇੜਾ ਆਪ ਵਸਾਇੰਦਾ। ਨਿਰਗੁਣ ਦਾਤਾ ਗਹਿਰ ਗੰਭੀਰ, ਸਰਗੁਣ ਦਏ ਵਡਿਆਈਆ। ਪੰਜ ਤੱਤ ਕਾਇਆ ਸਾਂਤ ਸਰੀਰ, ਸਾਂਤਕ ਸਤਿ ਸਤਿ ਵਰਤਾਈਆ। ਸਤਿ ਸੰਤੋਖੀ ਦੇਵੇ ਧੀਰ, ਏਕਾ ਤੱਤ ਜਣਾਈਆ। ਬਜਰ ਕਪਾਟੀ ਪੜਦਾ ਚੀਰ, ਰੂਪ ਅਨੂਪ ਦਰਸਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਸਤਿਗੁਰ ਸੱਚਾ ਪੀਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਗੁਣ ਬੇੜਾ ਬੰਨ੍ਹ ਚਲਾਈਆ। ਨਿਰਗੁਣ ਸਤਿਗੁਰ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਸਰਗੁਣ ਚਲਾਏ ਤੇਰਾ ਰਥ, ਜੁਗ ਜੁਗ ਵੇਸ ਵਟਾਇਆ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਇਆ। ਜਿਸ ਜਨ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਜੋ ਸਰਨ ਸਰਨਾਈ ਜਾਏ ਢੱਠ, ਨਿਉਂ ਨਿਉਂ ਸੀਸ ਝੁਕਾਇਆ । ਲਹਿਣਾ ਦੇਣਾ ਚੁੱਕੇ ਸੀਆ ਸਾਢੇ ਤ੍ਰੈ ਤ੍ਰੈ ਹੱਥ, ਮਾਨਸ ਜਨਮ ਲੇਖੇ ਲਾਇਆ। ਏਥੇ ਓਥੇ ਦੋ ਜਹਾਨਾਂ ਹਰਿਜਨ ਤੇਰਾ ਗਾਏ ਜਸ, ਜਸ ਵੇਦ ਪੁਰਾਨ ਭੇਵ ਨਾ ਆਇਆ । ਜਨ ਭਗਤਾਂ ਪੂਰੀ ਕਰੇ ਆਸ, ਨਿਤ ਨਵਿਤ ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਫੇਰਾ ਪਾਇਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਮਾ ਵੇਸ ਵਟਾਇਆ। ਹਰਿਜਨ ਵਸੇ ਸਦਾ ਪਾਸ, ਸਗਲਾ ਸੰਗ ਨਿਭਾਇਆ। ਗੁਰਮੁਖਾਂ ਬਣ ਬਣ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇਆ । ਕਾਇਆ ਮੰਦਰ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਵਿਛੜੇ ਲਏ ਮਿਲਾਇਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸੀ ਡੇਰਾ ਲਾਇਆ। ਅੰਤਮ ਕਰੇ ਬੰਦ ਖੁਲਾਸ, ਰਾਏ ਧਰਮ ਨਾ ਦਏ ਸਜਾਇਆ। ਨਿਰਗੁਣ ਮੇਲਾ ਸ਼ਾਹੋ ਸ਼ਾਬਾਸ਼, ਸਰਗੁਣ ਆਪਣੇ ਅੰਗ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰ ਚੇਲਾ ਰੂਪ ਵਟਾਇਆ।