Granth 11 Likhat 060: 15 Magh 2018 Bikarmi Swaran Singh de Greh Hazatpura Jila Gurdaspur

੧੫ ਮਾਘ ੨੦੧੮ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਹਜ਼ਾਤਪੁਰਾ ਜ਼ਿਲਾ ਗੁਰਦਾਸਪੁਰ

ਸਤਿਗੁਰ ਪੂਰਾ ਸਦਾ ਮਿਹਰਵਾਨ, ਦੀਨਨ ਦਇਆ ਕਮਾਇੰਦਾ। ਜਨ ਭਗਤਾਂ ਦੇਵੇ ਨਾਮ ਦਾਨ, ਅਨਡਿਠੜੀ ਝੋਲੀ ਪਾਇੰਦਾ। ਰਾਖਾ ਹੋਏ ਦੋ ਜਹਾਨ, ਏਥੇ ਓਥੇ ਸੇਵ ਕਮਾਇੰਦਾ। ਜੋ ਜਨ ਨੇਤਰ ਨੈਣ ਦਰਸ਼ਨ ਕਰੇ ਆਣ, ਤਿਸ ਪੂਜਾ ਪਾਠ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਮੰਤਰ ਆਪ ਸਮਝਾਇੰਦਾ। ਸਤਿਗੁਰ ਪੂਰਾ ਸੂਰਬੀਰ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਗੁਰਮੁਖ ਦੇਵੇ ਆਪਣੀ ਧੀਰ, ਸਤਿ ਸੰਤੋਖ ਦ੍ਰਿੜਾਈਆ। ਮਾਇਆ ਮਮਤਾ ਤੋੜ ਜ਼ੰਜੀਰ, ਤ੍ਰੈਗੁਣ ਨਾਤਾ ਦਏ ਤੁੜਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪਣੇ ਹੱਥ ਰਖਾਈਆ। ਏਕਾ ਨਾਮ ਸਾਚੀ ਵਥ, ਹਰਿ ਜੂ ਆਪਣੇ ਹੱਥ ਰਖਾਇੰਦਾ। ਕਰੇ ਖੇਲ ਪੁਰਖ ਸਮਰਥ, ਜੁਗ ਜੁਗ ਵੇਸ ਵਟਾਇੰਦਾ। ਜੁਗਾ ਜੁਗੰਤਰ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਲੱਖ ਚੁਰਾਸੀ ਪਾਏ ਨੱਥ, ਘਟ ਘਟ ਆਪਣਾ ਆਸਣ ਲਾਇੰਦਾ। ਸ਼ਬਦ ਅਗੰਮੀ ਅਕਥਨਾ ਅਕਥ, ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਸਗਲ ਵਸੂਰੇ ਜਾਣ ਲਥ, ਜੋ ਜਨ ਸਤਿਗੁਰ ਪੂਰੇ ਦਰਸ਼ਨ ਪਾਇੰਦਾ। ਨਾਤਾ ਤੁਟੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਕੋਇ ਭੁਆਇੰਦਾ। ਨਿਰਮਲ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਗਵਾਇੰਦਾ। ਨਾਤਾ ਤੋੜ ਦਸ ਦਸ ਮਾਸ, ਮਾਤ ਗਰਭ ਨਾ ਫੇਰ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਜਪਿਆਂ ਜਾਪ, ਆਪਣਾ ਪ੍ਰਤਾਪ ਆਪ ਵਖਾਇੰਦਾ। ਹਰਿ ਕਾ ਨਾਉਂ ਸੱਚਾ ਏਕ, ਘਟ ਘਟ ਰਿਹਾ ਸਮਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਸਕੇ ਵੇਖ, ਭਰਮੇ ਭੁੱਲੀ ਸਰਬ ਲੋਕਾਈਆ। ਜੀਵ ਜੰਤ ਸਾਧ ਸੰਤ ਕੋਟਨ ਕੋਟ ਧਰ ਧਰ ਟੇਕ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਗੁਰਮੁਖ ਵਿਰਲੇ ਕਰੇ ਬੁੱਧ ਬਿਬੇਕ, ਵਿਵੇਕੀ ਆਪਣੀ ਦਇਆ ਕਮਾਈਆ। ਭਾਗ ਲਗਾਏ ਕਾਇਆ ਖੇਤ, ਫੁੱਲ ਫਲਵਾੜੀ ਆਪ ਮਹਿਕਾਈਆ। ਭਗਤ ਭਗਵੰਤ ਕਰੇ ਹੇਤ, ਨਿਤ ਨਵਿਤ ਆਪਣਾ ਦਰਸ ਦਿਖਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਰੂਪ ਸੱਚਾ ਸ਼ਹਿਨਸ਼ਾਹੀਆ। ਨਾ ਕੋਈ ਵਾਰ ਨਾ ਕੋਈ ਥਿਤ, ਸਦਾ ਸੁਹੇਲਾ ਇਕ ਅਕੇਲਾ ਹਰਿਜਨ ਹਰਿ ਹਰਿ ਪਾਰ ਕਰਾਈਆ। ਏਥੇ ਓਥੇ ਦੋ ਜਹਾਨ ਮਾਤ ਪਿਤ, ਪਿਤਾ ਪੂਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦਰਸ ਦੀਦਾਰ, ਦੇਵਣਹਾਰ ਆਪ ਕਰਤਾਰ, ਨਿਰਗੁਣ ਸਰਗੁਣ ਖੇਲ ਅਪਾਰ, ਸਰਗੁਣ ਆਪਣੇ ਰੰਗ ਰੰਗਾਈਆ। ਦੇਵੇ ਨਾਮ ਨਾਮ ਅਨਮੁਲ, ਅਨਮੁਲੜੀ ਦਾਤ ਵਰਤਾਇੰਦਾ। ਭਾਗ ਲਗਾਏ ਕਾਇਆ ਕੁਲ, ਕੁਲਵੰਤਾ ਦਇਆ ਕਮਾਇੰਦਾ। ਤੋਲਣਹਾਰਾ ਸਾਚੇ ਤੋਲ, ਆਪਣੇ ਕੰਡੇ ਆਪ ਚੜ੍ਹਾਇੰਦਾ। ਗੁਰਸਿਖ ਉਠਾਏ ਆਪ ਅਨਭੋਲ, ਸਤਿਗੁਰ ਪੂਰਾ ਵੇਖ ਵਖਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਆਤਮ ਪਰਮਾਤਮ ਏਕਾ ਗੰਢ ਪੁਆਇੰਦਾ। ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਦਿਆ ਜਗਤ ਪਾਠ, ਹਰਿ ਸਤਿਗੁਰ ਆਪ ਜਣਾਈਆ। ਅੰਦਰੇ ਅੰਦਰ ਖੋਲ੍ਹੇ ਬਜ਼ਰ ਕਪਾਟ, ਬੰਦ ਤਾਕੀ ਕੁੰਡਾ ਲਾਹੀਆ। ਅਨਹਦ ਸ਼ਬਦ ਵੇਖੇ ਆਪਣੇ ਘਾਟ, ਨਾਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਏਕਾ ਸ਼ਬਦ ਹਰਿ ਕਾ ਮੰਤਰ, ਗੁਰ ਗੁਰ ਸੇਵ ਕਮਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਦਿਸ ਕਿਸੇ ਨਾ ਆਇੰਦਾ। ਖੇਲੇ ਖੇਲ ਗਗਨ ਗਗਨੰਤਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਚ ਸਮਾਇੰਦਾ। ਜਿਸ ਜਨ ਬਣਾਏ ਆਪੇ ਬਣਤਰ, ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਨਾਮ ਅਨਡੀਠ, ਮਿੱਠਾ ਕਰੇ ਕੌੜਾ ਰੀਠ, ਬਿਨ ਰਸਨਾ ਜਿਹਵਾ ਆਪ ਚਖਾਇੰਦਾ। ਹਰਿ ਕਾ ਨਾਮ ਹਰਿ ਭਗਤ ਲਏ ਚੱਖ, ਦੂਸਰ ਰਸਨ ਨਾ ਕੋਇ ਲਗਾਈਆ। ਆਪੇ ਰੱਖਿਆ ਸਭ ਤੋਂ ਵੱਖ, ਸਾਚੇ ਭਾਂਡੇ ਆਪ ਟਿਕਾਈਆ। ਕਿਰਪਾ ਕਰ ਨਰਾਇਣ ਨਰ ਜਿਸ ਜਨ ਦੇਵੇ ਦੱਸ, ਗ੍ਰਹਿ ਮੰਦਰ ਕਰੇ ਪੜ੍ਹਾਈਆ। ਏਕਾ ਮਕਤਬ ਵਖਾਏ ਸਾਚਾ ਹੱਟ, ਪਾਠਸ਼ਾਲਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਦ ਏਕਾ ਧੁਨ, ਏਕਾ ਸ਼ਬਦ ਸੁਣਾਈਆ। ਸ਼ਬਦ ਨਾਦ ਧੁਨ ਸੱਚੀ ਜੈਕਾਰਾ, ਜੈ ਜੈਕਾਰ ਆਪ ਕਰਾਇੰਦਾ। ਘਰ ਵਿਚ ਘਰ ਖੇਲ ਨਿਆਰਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਰਸਨਾ ਜਿਹਵਾ ਵਸੇ ਬਾਹਿਰਾ, ਮਨ ਮਤ ਬੁਧ ਭੇਵ ਕੋਇ ਨਾ ਪਾਇੰਦਾ। ਸੁਵਾਸ ਸੁਵਾਸ ਨਾ ਕੋਇ ਹੁਲਾਰਾ, ਪਵਣ ਪਵਣ ਨਾ ਕੋਇ ਵਖਾਇੰਦਾ। ਆਪੇ ਜਾਣੇ ਰੱਖਣਹਾਰਾ, ਘਰ ਘਰ ਵਿਚ ਆਪ ਟਿਕਾਇੰਦਾ। ਦੀਆ ਬਾਤੀ ਕਰ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਸਤਿਗੁਰ ਪੂਰਾ ਜਾਏ ਤਾਰ, ਗੁਰ ਸ਼ਬਦ ਵਡੀ ਵਡਿਆਈਆ। ਜਗਤ ਵਿਦਿਆ ਨਾ ਕੋਇ ਵਿਚਾਰ, ਪੜ੍ਹ ਪੜ੍ਹ ਲੇਖ ਨਾ ਕੋਇ ਮੁਕਾਈਆ। ਰਸਨਾ ਜਿਹਵਾ ਗਾ ਗਾ ਥੱਕਾ ਸੰਸਾਰ, ਆਤਮ ਰਸ ਹੱਥ ਕਿਸੇ ਨਾ ਆਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਗ੍ਰੰਥੀ ਹੋਏ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਗੁਰਮੁਖ ਵਿਰਲਾ ਕਰੇ ਪਿਆਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਨਿਰਾਕਾਰ ਨਿਰਵੈਰ ਰਾਗਾਂ ਨਾਦਾਂ ਵਸੇ ਬਾਹਿਰ, ਛੱਤੀ ਰਾਗ ਭੇਵ ਨਾ ਰਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਰੋਵਣ ਜ਼ਾਰੋ ਜ਼ਾਰ, ਅੰਜੀਲ ਕੁਰਾਨ ਦੇਣ ਦੁਹਾਈਆ। ਗੁਰ ਅਵਤਾਰ ਬੇਅੰਤ ਬੇਅੰਤ ਕਹਿਣ ਪੁਕਾਰ, ਪਾਰਬ੍ਰਹਮ ਸੱਚੀ ਸ਼ਰਨਾਈਆ। ਨਾਨਕ ਨਿਰਗੁਣ ਕਹੇ ਸਰਬ ਸੰਸਾਰ, ਪ੍ਰਭ ਵਸਿਆ ਹਰ ਘਟ ਥਾਈਂਆ। ਗ੍ਰਹਿ ਮਿਲੇ ਆਪਣੀ ਧਾਰ, ਨੂਰ ਨੂਰ ਨੂਰ ਦਰਸਾਈਆ। ਪੰਚਮ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਹਰਿ ਕਾ ਨਾਉਂ ਲਿਖਣ ਪੜ੍ਹਣ ਤੋਂ ਬਾਹਰ, ਲੇਖਾ ਲਿਖ ਨਾ ਕੋਇ ਮੁਕਾਈਆ। ਕਾਗਦ ਕਲਮ ਛਾਹੀ ਹੋਈ ਬੇਜ਼ਾਰ, ਆਪਣਾ ਪੰਧ ਨਾ ਕੋਇ ਮੁਕਾਈਆ। ਗੁਰਮੁਖਾਂ ਦੇਵੇ ਆਪ ਭੰਡਾਰ, ਸਚ ਭੰਡਾਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਜਗਤ ਵਿਦਿਆ ਚੁੱਕੇ ਲਹਿਣਾ, ਰਸਨਾ ਜਿਹਵਾ ਨਾ ਕੋਇ ਸਮਝਾਇੰਦਾ। ਜਿਸ ਜਨ ਨੇਤਰ ਦਰਸ ਕਰਾਏ ਨੈਣਾਂ, ਨਿਝ ਆਤਮ ਨੈਣ ਖੁਲ੍ਹਾਇੰਦਾ। ਤਿਸ ਗੁਰਮੁਖ ਸਾਚੇ ਮੰਦਰ ਬਹਿਣਾ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਨਿਸ਼ਅੱਖਰ ਨਾਮ ਆਤਮ ਰਸ, ਰਸ ਰਸੀਆ ਆਪ ਜਣਾਇੰਦਾ। ਹਿਰਦੇ ਅੰਦਰ ਆਪੇ ਵਸ, ਭੇਵ ਅਭੇਦ ਜਣਾਇੰਦਾ। ਸੁਖਮਨ ਟੇਢੀ ਬੰਕ ਮਾਰਗ ਦੱਸ, ਈੜਾ ਪਿੰਗਲ ਡੇਰਾ ਢਾਹਿੰਦਾ। ਜੋਤ ਨਿਰੰਜਣ ਕਰ ਪ੍ਰਕਾਸ਼, ਅੰਧ ਅੰਧੇਰ ਮਿਟਾਇੰਦਾ। ਪੰਚ ਵਿਕਾਰਾ ਕਰ ਕਰ ਨਾਸ, ਹਉਮੇ ਗੜ੍ਹ ਤੁੜ੍ਹਾਇੰਦਾ। ਆਤਮ ਪਰਮਾਤਮ ਖੇਲ ਤਮਾਸ਼, ਆਤਮ ਸੇਜਾ ਸੋਭਾ ਪਾਇੰਦਾ। ਕਰੇ ਕਰਾਏ ਖੇਲ ਹਰਿ ਜਨ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਅੰਤਰ ਨਾਮ ਧਰ, ਸਾਚੇ ਦਰ ਆਪ ਵਸਾਇੰਦਾ। ਗ੍ਰਹਿ ਵਸੇ ਹਰਿ ਕਾ ਮੰਤ, ਸਤਿਗੁਰ ਪੂਰਾ ਆਪ ਜਣਾਈਆ। ਨਾਰੀ ਮਿਲੇ ਸਾਚਾ ਕੰਤ, ਸੁਰਤ ਸ਼ਬਦ ਹੋਏ ਕੁੜਮਾਈਆ । ਲੇਖਾ ਚੁੱਕੇ ਆਦਿ ਅੰਤ, ਮਧ ਆਪਣਾ ਬੰਧਨ ਪਾਈਆ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਮਨ ਵਾਸਨਾ ਹੋਈ ਮੰਤ, ਮਨ ਕਾ ਮਣਕਾ ਆਪ ਭੁਆਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਇਕ ਸਮਝਾਈਆ। ਗੜ੍ਹ ਤੋੜ੍ਹੇ ਹਉਮੇ ਹੰਗਤ ਸਾਚੇ ਮਾਰਗ ਆਪੇ ਲਾਈਆ। ਹਰਿਜਨ ਮੇਲੇ ਸਾਚੀ ਸੰਗਤ, ਸੰਗ ਆਪਣਾ ਆਪ ਵਖਾਈਆ। ਨਾਤਾ ਤੋੜ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਪੜ੍ਹਿਆਂ ਦੇਵੇ ਨਾਮ ਨਿਧਾਨ, ਕਾਇਆ ਮੰਦਰ ਵਿਚ ਮਕਾਨ, ਸਚ ਸਿੰਘਾਸਣ ਬੈਠ ਸ੍ਰੀ ਭਗਵਾਨ, ਏਕਾ ਰੰਗ ਵਖਾਈਆ। ਗੁਰੂ ਗ੍ਰੰਥ ਕਲਜੁਗ ਬਾਣੀ, ਬੋਧ ਗਿਆਨ ਦ੍ਰਿੜਾਇਆ। ਨਾਨਕ ਅੰਗਦ ਮੇਲ ਭਵਾਨੀ, ਅਮਰ ਅਮਰਾਪਦ ਵਖਾਇਆ। ਰਾਮਦਾਸ ਸਚ ਨਿਸ਼ਾਨੀ, ਸਰ ਸਰੋਵਰ ਇਕ ਜਣਾਇਆ। ਗੁਰੂ ਅਰਜਨ ਗਾਏ ਅਕਥ ਕਹਾਣੀ, ਹਰਿ ਸਾਚਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੀਵਾਂ ਜੰਤਾਂ ਸਾਧਾਂ ਸੰਤਾਂ ਆਪਣਾ ਭੇਵ ਆਪ ਸਮਝਾਇਆ। ਸਤਿਜੁਗ ਬਣਾਏ ਵੇਦ ਚਾਰ, ਸ਼ਾਸਤਰ ਸਿਮਰਤ ਨਾਲ ਰਲਾਈਆ। ਪੁਰਾਨ ਅਠਾਰਾਂ ਕਰ ਤਿਆਰ, ਗੀਤਾ ਗਿਆਨ ਆਪ ਸਮਝਾਈਆ। ਅੰਜੀਲ ਕੁਰਾਨਾਂ ਦੇ ਸਹਾਰ, ਤੀਸ ਬਤੀਸਾ ਸਚ ਹਦੀਸਾ ਇਕ ਪੜ੍ਹਾਈਆ। ਚਾਰੇ ਖਾਣੀ ਬਾਣੀ ਚਾਰ ਕਰੇ ਵਿਚਾਰ, ਜੁਗ ਚੌਥੇ ਵੱਜੇ ਵਧਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤ ਰਹਿਣ ਨਾ ਪਾਈਆ। ਅਗਲਾ ਖੇਲ ਜਾਣੇ ਨਿਰੰਕਾਰ, ਜੀਵ ਜੰਤ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਸੋਹੰ ਸ਼ਬਦ ਗਾ ਕੇ ਗਿਆ ਧਾਰ, ਆਤਮ ਪਰਮਾਤਮ ਤੇਰੀ ਵਡਿਆਈਆ। ਗੋਬਿੰਦ ਅੰਤ ਸੋਹੰ ਸ਼ਬਦ ਤੀਰ ਭੱਥਾ ਦੱਸ ਕੇ ਗਿਆ ਕਮਾਨ, ਏਕਾ ਏਕ ਬੂਝ ਬੁਝਾਈਆ। ਨਾਨਕ ਨਿਰਗੁਣ ਮੰਗੇ ਦਾਨ, ਏਕਾ ਵਸਤ ਮੰਗ ਮੰਗਾਈਆ। ਕਲਜੁਗ ਔਣਾ ਸ੍ਰੀ ਭਗਵਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਹਾਂਬਲੀ ਉਤਰੇ ਆਣ, ਮਾਤ ਪਿਤ ਨਾ ਕੋਇ ਬਣਾਈਆ। ਗੋਬਿੰਦ ਗੁਰ ਸੂਰਾ ਕਹੇ ਬਲਵਾਨ, ਨਿਹਕਲੰਕ ਵੱਜੇ ਵਧਾਈਆ। ਸੰਬਲ ਨਗਰੀ ਸਚ ਨਿਸ਼ਾਨ, ਨਿਰਗੁਣ ਨਿਰਵੈਰ ਆਪ ਵਖਾਈਆ। ਡੰਕਾ ਵੱਜੇ ਦੋ ਜਹਾਨ, ਦਰੋਹੀ ਦਰੋਹੀ ਕਰੇ ਖ਼ੁਦਾਈਆ। ਮੁਕਾਮੇ ਹੱਕ ਖੇਲ ਮਹਾਨ, ਬੇਐਬ ਆਪ ਕਰਾਈਆ। ਕਲਜੁਗ ਲਹਿਣਾ ਦੇਣਾ ਚੁਕਾਏ ਵਿਚ ਜਹਾਨ, ਲੋਕਮਾਤ ਨਾਤਾ ਤੋੜ ਤੁੜਾਈਆ। ਸਤਿਜੁਗ ਸਾਚਾ ਹੋਏ ਪਰਧਾਨ, ਸਾਚੀ ਸਿਖਿਆ ਇਕ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਰਹੇ ਕੋਇ ਨਿਸ਼ਾਨ, ਊਚ ਨੀਚ ਨਾ ਕੋਇ ਵਡਿਆਈਆ। ਏਕਾ ਮੰਦਰ ਇਕ ਮਕਾਨ, ਏਕਾ ਗੁਰਦੁਆਰ ਗੁਰ ਗੁਰ ਏਕਾ ਇਸ਼ਟ ਜਣਾਈਆ। ਸ੍ਰਿਸ਼ਟ ਸਬਾਈ ਪੂਜਾ ਕਰੇ ਪੁਰਖ ਅਕਾਲ, ਦੂਸਰ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰ ਗੁਰ ਬਾਣੀ ਆਪਣੀ ਮਹਿਮਾ ਆਪ ਸੁਣਾਈਆ। ਪਿਛਲੀ ਵਾਸਨਾ ਉਠੀ ਬਲਵਾਨ, ਮਨ ਮਨੂਆ ਰਿਹਾ ਜਣਾਈਆ। ਮੇਰਾ ਛੁਟਣ ਲੱਗਾ ਪੀਣ ਖਾਣ, ਜਗਤ ਵਿਥਿਆ ਰਿਹਾ ਸੁਣਾਈਆ। ਮੈਂ ਖੇਲ ਕਰਦਾ ਅੰਦਰ ਮਹਾਨ, ਜਿਉਂ ਭਾਵੇ ਤਿਉਂ ਚਲਾ ਰਜ਼ਾਈਆ। ਮਤ ਮਤਵਾਲੀ ਹੋਈ ਨਿਧਾਨ, ਆਪਣਾ ਨੈਣ ਨਾ ਸਕੇ ਉਠਾਈਆ। ਬੁਧ ਬਾਲੀ ਬਾਲ ਅਞਾਣ, ਬੈਠੀ ਮੁੱਖ ਸ਼ਰਮਾਈਆ । ਮੇਰੀ ਆਸਾ ਜਗਤ ਸ਼ੈਤਾਨ, ਚਾਰ ਕੁੰਟ ਦੌੜਾਈਆ। ਧਰਿਆ ਰੂਪ ਨੌਜਵਾਨ, ਮਨ ਆਪਣਾ ਰੂਪ ਵਟਾਈਆ। ਸਾਚੀ ਸੇਜਾ ਕਰ ਪਰਵਾਨ, ਉਪਰ ਆਇਆ ਚਾਈਂ ਚਾਈਂਆ। ਆਪਣੀ ਹੱਥੀ ਅੰਤਮ ਦੇਵੇ ਦਾਨ, ਝੂਠੀ ਮਾਇਆ ਗਿਰਗਟ ਰੂਪ ਵਖਾਈਆ। ਬੌਹੜੀ ਬੌਹੜੀ ਕਹੇ ਸਿੰਘ ਸਵਰਣ ਨੂੰ ਮਿਲਿਆ ਆਪ ਭਗਵਾਨ, ਪਿਛਲਾ ਲੇਖਾ ਦਏ ਚੁਕਾਈਆ। ਜੋ ਸੰਗਤ ਵਿਚ ਮਿਲਿਆ ਆਣ, ਤਿਸ ਜਮ ਨੇੜ ਨਾ ਆਈਆ। ਅੰਦਰੇ ਅੰਦਰ ਨੂਰ ਮਹਾਨ, ਨੂਰ ਨੂਰਾਨਾ ਦਏ ਵਖਾਈਆ। ਰਾਤੀ ਸੁੱਤਿਆਂ ਦਰਸ਼ਨ ਦੇਵੇ ਆਣ, ਕਰੇ ਮਿਹਰ ਮਿਹਰਵਾਨ ਵਡ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਝੋਲੀ ਪਾਈਆ।