Granth 11 Likhat 091: 21 Magh 2018 Bikarmi Angrej Singh de Greh Satwari Jammu

੨੧ ਮਾਘ ੨੦੧੮ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਸਤਵਾਰੀ ਜੰਮੂ

ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦਾਸ, ਲੋਕਮਾਤ ਨਾ ਕੋਇ ਵਡਿਆਈਆ। ਜੁਗ ਜੁਗ ਜਨ ਭਗਤ ਮਿਲਣ ਦੀ ਰੱਖਾਂ ਆਸ, ਸਚਖੰਡ ਬੈਠਾ ਧਿਆਨ ਲਗਾਈਆ। ਮਿਲ ਮਿਲ ਭਗਤ ਬੁਝੇ ਪਿਆਸ, ਤ੍ਰਿਸਨਾ ਤ੍ਰਿਖ ਰਹਿਣ ਨਾ ਪਾਈਆ। ਬਿਨ ਭਗਤ ਮੇਰੀ ਪੂਰੀ ਕਰੇ ਨਾ ਕੋਈ ਆਸ, ਆਸਾ ਪੂਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਸਾਚਾ ਭਗਤ ਸਾਖਆਤ, ਮੇਰਾ ਰੂਪ ਦਰਸਾਇੰਦਾ। ਨਿਰਗੁਣ ਸਰਗੁਣ ਸਾਚਾ ਨਾਤ, ਲੋਕਮਾਤ ਬੰਧਨ ਵਖਾਇੰਦਾ। ਨਾਦ ਅਨਾਦ ਸੁਣਾਏ ਗਾਥ, ਸ਼ਬਦੀ ਸ਼ਬਦ ਪੜ੍ਹਾਇੰਦਾ। ਅੰਦਰ ਬਾਹਰ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਅੰਤ ਵਿਖਾਏ ਏਕਾ ਘਾਟ, ਸਤਿ ਕਿਨਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਇੰਦਾ। ਜਨ ਭਗਤ ਮੇਰਾ ਸੱਚਾ ਮੀਤ, ਲੋਕਮਾਤ ਅਖਵਾਇੰਦਾ। ਆਦਿ ਜੁਗਾਦੀ ਸਾਚੀ ਰੀਤ, ਜੁਗ ਜੁਗ ਧਾਰ ਜਣਾਇੰਦਾ। ਮੇਰਾ ਉਹਦਾ ਇਕੋ ਗੀਤ, ਏਕਾ ਰਾਗ ਅਲਾਇੰਦਾ। ਸਦਾ ਸੁਹੇਲਾ ਠੰਡਾ ਸੀਤ, ਸਾਂਤਕ ਸਤਿ ਸਤਿ ਸਮਝਾਇੰਦਾ। ਸਤਿ ਸਤਿਵਾਦੀ ਸਚ ਪ੍ਰੀਤ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਮੇਲ ਮਿਲਾਵਾ ਧਾਮ ਅਨਡੀਠ, ਅਨਡਿਠੜੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਸਲਾਹਿੰਦਾ। ਬਿਨ ਹਰਿ ਭਗਤ ਨਾ ਮੇਰੀ ਯਾਦ, ਜਗਤ ਜੁਗਤ ਨਾ ਕੋਇ ਵਡਿਆਈਆ। ਹਰਿ ਭਗਤ ਸਾਚੀ ਦਾਦ, ਪਰੇਮ ਵਸਤ ਝੋਲੀ ਪਾਈਆ। ਸੱਜਣ ਸੁਹੇਲਾ ਆਪੇ ਲਾਧ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਦਏ ਵਡਿਆਈਆ। ਸਾਚੇ ਭਗਤ ਤੇਰਾ ਸਤਿ ਸਰੂਪ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਦਰ ਇਕ ਸਬੂਤ ਆਪਣਾ ਆਪ ਵਖਾਇੰਦਾ। ਤੇਰੀ ਕਾਇਆ ਪੰਜ ਤੱਤ ਕਲਬੂਤ, ਅੰਦਰ ਆਪਣਾ ਆਸਣ ਲਾਇੰਦਾ। ਨਾਤਾ ਤੋੜ ਜੂਠ ਝੂਠ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਵਡਿਆਇੰਦਾ। ਭਗਤ ਭਗਵੰਤ ਵੱਡਾ ਵਡ, ਹਰਿ ਦੇਵੇ ਮਾਣ ਵਡਿਆਈਆ। ਆਪਣੀ ਧਾਰ ਆਪਣੇ ਵਿਚੋਂ ਕੱਢ, ਆਪੇ ਲਏ ਪਰਗਟਾਈਆ। ਆਪੇ ਨਾਤਾ ਜੋੜੇ ਹੱਡ ਮਾਸ ਨਾੜੀ ਰੱਤ, ਬੂੰਦ ਰਕਤ ਬੰਧਨ ਪਾਈਆ। ਆਪੇ ਦੇਵੇ ਸਾਚੀ ਵੱਥ, ਆਤਮ ਪਰਮਾਤਮ ਵਡ ਵਡਿਆਈਆ। ਆਪਣੀ ਮਹਿਮਾ ਜਣਾਏ ਅਕੱਥ, ਬੋਧ ਅਗਾਧ ਕਰ ਪੜ੍ਹਾਈਆ। ਆਪ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ। ਬਿਨ ਭਗਤ ਨਾ ਕੋਈ ਰੰਗ, ਰੂਪ ਰੇਖ ਮਾਤ ਨਾ ਕੋਈ ਸਮਝਾਈਆ। ਬਿਨ ਭਗਤ ਨਾ ਸੇਜ ਪਲੰਘ, ਸਚ ਸਿੰਘਾਸਣ ਨਾ ਕੋਈ ਬਹਾਈਆ। ਬਿਨ ਭਗਤ ਨਾ ਕੋਈ ਅਨੰਦ, ਅਨੰਦ ਅਨੰਦ ਨਾ ਕੋਈ ਰਖਾਈਆ। ਬਿਨ ਭਗਤ ਨਾ ਕੋਈ ਛੰਦ, ਰਸਨਾ ਜੇਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪਣਾ ਜ਼ਹੂਰ ਹਰਿ ਭਗਤ ਆਪ ਦਿਖਾਈਆ। ਹਰਿ ਭਗਤ ਸਾਚਾ ਨੂਰ, ਨੂਰ ਨੂਰਾਨਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰ, ਆਪ ਆਪਣਾ ਖੇਲ ਕਰਾਇੰਦਾ। ਵਸਣਹਾਰਾ ਦੂਰਨ ਦੂਰ, ਨੇਰਨ ਨੇਰ ਪੰਧ ਮੁਕਾਇੰਦਾ। ਆਸਾ ਮਨਸਾ ਮਨਸਾ ਆਸਾ ਪੂਰ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਮਿਲੇ ਇਕ ਦੁਆਰ, ਕਲਜੁਗ ਅੰਤ ਮਿਲੀ ਵਡਿਆਈਆ। ਲਹਿਣਾ ਦੇਣਾ ਜੁਗ ਚਾਰ, ਜੁਗ ਚੌਕੜੀ ਬੰਧਨ ਪਾਈਆ। ਵੇਖੇ ਵਿਗਸੇ ਵੇਖਣਹਾਰ, ਨੌਂ ਪ੍ਰਿਥਮੀ ਫੋਲ ਫੁਲਾਈਆ। ਲੱਖ ਚੁਰਾਸੀ ਨੈਣ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਬਿਨ ਭਗਤ ਨਾ ਕੋਈ ਸੰਗ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਨਾਮ ਵਜਾਏ ਨਾ ਕੋਈ ਮਰਦੰਗ, ਸਚ ਮਰਦਾਨਗੀ ਨਾ ਕੋਇ ਜਣਾਇੰਦਾ। ਨਾਮ ਚਿੱਲਾ ਤੀਰ ਕਮਾਨ ਖਿਚੇ ਨਾ ਕੋਈ ਕਮੰਦ, ਬਾਹੂ ਬਲ ਨਾ ਕੋਈ ਰਖਾਇੰਦਾ। ਭਗਤ ਸੁਹਾਗੀ ਗਾਏ ਨਾ ਕੋਈ ਛੰਦ, ਸਹਿੰਸਾ ਰੋਗ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਵਡਿਆਇੰਦਾ। ਭਗਤ ਵਡਿਆਈ ਜੁਗ ਜੁਗ ਚਾਰ, ਜੁਗ ਜੁਗ ਆਪ ਕਰਾਇੰਦਾ। ਕਲਜੁਗ ਅੰਤਮ ਕਰ ਪਿਆਰ, ਏਕਾ ਬੂਝ ਬੁਝਾਇੰਦਾ। ਏਕਾ ਨਾਮ ਸ਼ਬਦ ਧੁੰਨਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਬਣ ਵਿਚੋਲਾ ਆਪ ਓਅੰਕਾਰ, ਸਾਚੀ ਸੇਵ ਕਮਾਇੰਦਾ। ਹੌਲਾ ਹੌਲਾ ਕਰ ਕਰ ਭਾਰ, ਸਾਚੀ ਵੰਡ ਵੰਡਾਇੰਦਾ। ਪੂਰਬ ਜਨਮ ਪਾਵੇ ਸਾਰ, ਲਿਖਤ ਲੇਖਾ ਫੋਲ ਫੁਲਾਇੰਦਾ। ਕਰਮੀ ਕਰਮ ਲਏ ਵਿਚਾਰ, ਨਿਹਕਰਮੀ ਵੇਸ ਵਟਾਇੰਦਾ। ਜਨਮ ਜਨਮ ਦਏ ਸਵਾਰ, ਅਜਨਮਾ ਰੋਗ ਗਵਾਇੰਦਾ। ਵਰਨ ਵਰਨ ਕਰੇ ਖੁਵਾਰ, ਸਾਚੀ ਸਰਨ ਇਕ ਸਮਝਾਇੰਦਾ। ਹਰਨ ਫਰਨ ਖੋਲ੍ਹ ਕਿਵਾੜ, ਰੂਪ ਅਨੂਪ ਦਰਸਾਇੰਦਾ। ਵਾਹ ਨਾ ਲੱਗੇ ਤੱਤੀ ਹਾੜ, ਅਗਨੀ ਤੱਤ ਨਾ ਕੋਈ ਜਲਾਇੰਦਾ। ਦੇਵੇ ਦਰਸ ਅਗੰਮ ਅਪਾਰ, ਰੂਪ ਅਨੂਪ ਵਟਾਇੰਦਾ। ਕਰੇ ਖੇਲ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਭਗਤ ਭਗਵੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਇੰਦਾ। ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਚਰਨ ਪ੍ਰੀਤੀ ਨਿਭੇ ਨਾਲ, ਪੁਰਖ ਅਬਿਨਾਸ਼ੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਤਰਾਇੰਦਾ। ਤਾਰਨਹਾਰਾ ਇਕੋ ਗੁਰ, ਆਦਿ ਅੰਤ ਅਖਵਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ, ਧੁਰ ਲੇਖਾ ਆਪਣੇ ਹੱਥ ਰਖਾਇੰਦਾ। ਭਗਤ ਭਗਵਾਨ ਸੁਣਾਏ ਇਕੋ ਸੁਰ, ਰਾਗ ਅਨਾਦੀ ਨਾਦ ਅਲਾਇੰਦਾ। ਏਕਾ ਮੰਦਰ ਬਹਿਣ ਚੜ੍ਹ, ਜੋਤੀ ਜੋੜਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਰੰਗ ਆਪ ਰੰਗਾਇੰਦਾ। ਭਗਵਨ ਰੰਗ ਰੰਗ ਅਪਾਰਾ, ਜਨ ਭਗਤਾਂ ਆਪ ਚੜ੍ਹਾਈਆ। ਕਲਜੁਗ ਅੰਤਮ ਦੇ ਸਹਾਰਾ, ਸਰਨਗਤ ਇਕ ਸਮਝਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਆਪ ਖੁਲ੍ਹਾਈਆ। ਦਰਸੀ ਦਰਸ ਅਪਰ ਅਪਾਰਾ, ਦਰਸਨ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਆਤਮ ਘਾਟ, ਘਰ ਘਰ ਵਿਚ ਮੇਲ ਮਿਲਾਇੰਦਾ। ਨਾਤਾ ਤੋੜ ਸੱਜਣ ਸਾਕ, ਸਾਚਾ ਬੰਧਨ ਪਾਇੰਦਾ। ਲੇਖਾ ਜਾਣੇ ਭਵਿਖਤ ਵਾਕ, ਅਨਭਵ ਆਪਣਾ ਖੇਲ ਖਿਲਾਇੰਦਾ। ਖੋਲ੍ਹਣਹਾਰਾ ਬੰਦ ਤਾਕ, ਦਰ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ। ਹਰਿਜਨ ਵੇਖੇ ਸਾਚਾ ਧਾਮ, ਏਕਾ ਏਕ ਵਡਿਆਈਆ। ਨਿਰਗੁਣ ਉਥੇ ਵਸੇ ਰਾਮ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸ਼ਾਹੋ ਭੂਪ ਸਚ ਅਮਾਮ, ਬੇਐਬ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਬੇਐਬ ਡੇਰਾ ਆਪਣਾ ਲਾ, ਆਪਣਾ ਖੇਲ ਕਰਾਇੰਦਾ। ਸਾਚਾ ਸਯਦਾ ਸੀਸ ਝੁਕਾ, ਨਿਉਂ ਨਿਉਂ ਵੇਖ ਵਖਾਇੰਦਾ। ਸਾਚਾ ਕਾਅਬਾ ਦਏ ਵਡਿਆ, ਦੋਏ ਦੋਏ ਆਬਾ ਖੇਲ ਕਰਾਇੰਦਾ। ਤਨ ਰਬਾਬਾ ਦਏ ਵਜਾ, ਅਹਿਬਾਬ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਵਡਿਆਇੰਦਾ। ਹਰਿ ਭਗਤ ਤੇਰਾ ਮਾਣ, ਦੋ ਜਹਾਨ ਰਖਾਈਆ। ਕਲਜੁਗ ਅੰਤ ਕਰ ਪਛਾਣ, ਆਪਣਾ ਮੇਲ ਮਿਲਾਈਆ। ਨਾਤਾ ਤੋੜ ਜੀਵ ਜਹਾਨ, ਜੀਵਣ ਜੁਗਤ ਸਮਝਾਈਆ। ਆਤਮ ਅੰਤਰ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਈਸ਼ ਜੀਵ ਕਰ ਪਰਵਾਨ, ਜਗਦੀਸ਼ਰ ਸੋਭਾ ਪਾਈਆ। ਕਾਇਆ ਮੰਦਰ ਵੇਖ ਮਕਾਨ, ਬੈਠਾ ਆਸਣ ਲਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਸੋਹੰ ਢੋਲਾ ਰਿਹਾ ਗਾਈਆ। ਨਰ ਨਰੇਸ਼ਾ ਨੌਜਵਾਨ, ਆਪਣਾ ਬਲ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਨਿਉਂ ਨਿਉਂ ਸੀਸ ਝੁਕਾਈਆ। ਲੇਖਾ ਜਾਣੇ ਦੋ ਜਹਾਨ, ਭੇਵ ਕੋਇ ਨਾ ਪਾਈਆ। ਕਰੋੜ ਤੇਤੀਸਾ ਸਾਰੇ ਗਾਣ, ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬਲ ਆਪਣਾ ਆਪ ਧਰਾਈਆ। ਭਗਤਨ ਮੇਲਾ ਸਚ ਦਰਬਾਰ, ਧੁਰ ਦਰਬਾਰੀ ਆਪ ਕਰਾਇੰਦਾ। ਖੇਲੇ ਖੇਲ ਅਪਰ ਅਪਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਦਰ ਘਰ ਸਾਚੇ ਸੋਭਾ ਪਾਇੰਦਾ। ਵਣਜੀ ਵਣਜ ਵਣਜ ਵਾਪਾਰ, ਸਾਚਾ ਹੱਟ ਚਲਾਇੰਦਾ। ਤੀਰਥ ਤਟ ਪਾਰ ਕਿਨਾਰ, ਅਠ ਸਠ ਭੇਵ ਮੁਕਾਇੰਦਾ। ਭਗਤ ਭਗਵੰਤ ਕਰ ਤਿਆਰ, ਸਾਚਾ ਮਾਰਗ ਲਾਇੰਦਾ। ਸੋਹੰ ਸ਼ਬਦ ਇਕ ਜੈਕਾਰ, ਜੈ ਜੈਕਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ। ਭਗਤਨ ਮੇਲਾ ਏਕੰਕਾਰ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਵੇਖੇ ਵੇਖਣਹਾਰ, ਆਪਣਾ ਰੂਪ ਧਰਾਇੰਦਾ। ਜੁਗ ਜਨਮ ਦੇ ਵਿਛੜੇ ਮੇਲੇ ਯਾਰ, ਆਪਣਾ ਬੰਧਨ ਪਾਇੰਦਾ। ਨਾਤਾ ਤੋੜ ਪੁਰਖ ਨਾਰ, ਏਕਾ ਰੰਗ ਵਖਾਇੰਦਾ। ਬਿਰਧ ਬਾਲ ਜਵਾਨ ਦੇਵੇ ਤਾਰ, ਜਿਸ ਜਨ ਆਪਣਾ ਦਰਸ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸਿਆ ਬਾਹਰ ਅੰਜੀਲ ਕੁਰਾਨ ਭੇਵ ਨਾ ਆਇੰਦਾ। ਰਾਗੀ ਨਾਦੀ ਗਏ ਹਾਰ, ਗਾ ਗਾ ਪੰਧ ਨਾ ਕੋਇ ਮੁਕਾਇੰਦਾ। ਮਹੱਲ ਅਟੱਲ ਉਚ ਮਨਾਰ, ਸੋਭਾਵੰਤ ਡੇਰਾ ਲਾਇੰਦਾ। ਨਿਰਮਲ ਨੂਰ ਜੋਤ ਉਜਿਆਰ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਿਨਾਰ, ਸਤਿ ਸਤਿਵਾਦੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਵਡਿਆਈਆ। ਦੀਪਕ ਜੋਤ ਜਗੇ ਨਿਰੰਜਣਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲ ਸਾਚੇ ਸੱਜਣਾ, ਹਰਿ ਸੱਜਣ ਆਪ ਕਰਾਈਆ। ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰਮੁਖ ਵਿਰਲੇ ਦੇਵੇ ਨੇਤਰ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਸਾਚਾ ਮਜਨਾ, ਦੁਰਮਤ ਮੈਲ ਧੁਵਾਈਆ। ਕਾਲ ਨਗਾਰਾ ਸਿਰ ਤੇ ਵੱਜਣਾ, ਕੂਕੇ ਸਰਬ ਲੋਕਾਈਆ। ਗੁਰਮੁਖ ਗੁਰ ਦਰ ਬਹਿ ਬਹਿ ਸਜਣਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਭਗਤਨ ਵੇਖੇ ਚਾਈਂ ਚਾਈਂਆ। ਭਗਤਨ ਮੇਲਾ ਚਾਓ ਘਨੇਰਾ, ਏਕਾ ਏਕ ਜਣਾਇੰਦਾ। ਨਾਤਾ ਤੁਟੇ ਸੰਝ ਸਵੇਰਾ, ਏਕਾ ਰੰਗ ਵਖਾਇੰਦਾ। ਲੇਖਾ ਚੁੱਕੇ ਮੇਰਾ ਤੇਰਾ, ਤੇਰਾ ਮੇਰਾ ਏਕਾ ਰੂਪ ਪਰਗਟਾਇੰਦਾ। ਪਰਗਟ ਹੋਏ ਸਿੰਘ ਸ਼ੇਰ ਦਲੇਰਾ, ਭਬਕ ਆਪਣੀ ਆਪ ਲਗਾਇੰਦਾ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਘਰ ਘਰ ਖ਼ੁਸ਼ੀ ਮਨਾਇੰਦਾ। ਜੀਵ ਜੰਤ ਦੇਵੇ ਗੇੜਾ, ਗੇੜੇ ਵਿਚ ਭੁਵਾਇੰਦਾ। ਜਨ ਭਗਤਾਂ ਬੰਨ੍ਹੇ ਆਪੇ ਬੇੜਾ, ਸਾਚੀ ਸੇਵ ਕਮਾਇੰਦਾ। ਹਰਿਜਨ ਵਸੇ ਤੇਰਾ ਖੇੜਾ, ਦਰ ਘਰ ਸਾਚਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਇੰਦਾ। ਭਗਤਨ ਰੰਗ ਚੜ੍ਹੇ ਅਮੋਲਾ, ਅਮੁਲ ਆਪ ਚੜ੍ਹਾਈਆ। ਨਿਰਗੁਣ ਸਰਗੁਣ ਹੋਏ ਤੋਲਾ, ਏਕਾ ਕੰਡਾ ਹੱਥ ਉਠਾਈਆ। ਸੋਹੰ ਸੋ ਸਾਚਾ ਬੋਲਾ, ਧਾਰਨ ਨਾਲ ਜਣਾਈਆ। ਲੱਖ ਚੁਰਾਸੀ ਚਾਰ ਕੁੰਟ ਚਾਰ ਵਰਨ ਪਿਆ ਰੌਲਾ, ਹਰਿ ਕਾ ਭੇਵ ਕੋਇ ਨਾ ਪਾਈਆ। ਕੋਈ ਕਹੇ ਮੇਰਾ ਮੌਲਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਕੋਈ ਕਹੇ ਮੇਰੇ ਨਾਲ ਕਰਕੇ ਗਿਆ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਰੱਖਿਆ ਓਹਲਾ, ਆਪਣਾ ਭੇਵ ਨਾ ਕਿਸੇ ਜਣਾਈਆ। ਪੰਜ ਤੱਤ ਕਾਇਆ ਵਸਦਾ ਰਿਹਾ ਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਹੁਕਮ ਫਿਰਾਈਆ। ਕਲਜੁਗ ਅੰਤਮ ਬਣ ਵਿਚੋਲਾ, ਜਨ ਭਗਤਾਂ ਮੇਲ ਮਿਲਾਈਆ। ਭਗਤ ਦੁਆਰਾ ਏਕਾ ਖੋਲ੍ਹਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਪਰਗਟਾਈਆ। ਸਾਚੇ ਭਗਤ ਮਾਤ ਪਰਗਟਾ, ਪਰਗਟ ਆਪਣਾ ਖੇਲ ਜਣਾਈਆ। ਸਾਚਾ ਹੱਟ ਆਪ ਖੁਲ੍ਹਾ, ਵਸਤ ਅਨਡਿਠ ਆਪ ਵਰਤਾਈਆ। ਸਾਚਾ ਤਟ ਆਪ ਜਣਾ, ਤਟ ਕਿਨਾਰੇ ਡੇਰਾ ਲਾਈਆ। ਸਚ ਰਾਗ ਆਪ ਅਲਾ, ਸੋਹੰ ਢੋਲਾ ਰਿਹਾ ਗਾਈਆ। ਸਾਚਾ ਨਾਦ ਆਪ ਵਜਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਉ ਮੇਲਾ ਭਗਤ, ਹਰਿ ਭਗਵਨ ਆਪ ਕਰਾਇੰਦਾ। ਵੇਖ ਲੋਕਾਈ ਦੇਵੇ ਮਾਣ ਜਗਤ, ਜੁਗਤ ਆਪਣੀ ਆਪ ਜਣਾਇੰਦਾ। ਸੇਵਕ ਸੇਵਾ ਆਦਿ ਸ਼ਕਤ, ਸ਼ਕਤੀ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਲੰਘੇ ਪਾਰ ਹੱਦ, ਹਰਿ ਸਤਿਗੁਰ ਆਪ ਲੰਘਾਈਆ। ਕਲਜੁਗ ਕੂੜਾ ਛੱਡੇ ਹਠ, ਪ੍ਰਭ ਅੱਗੇ ਸੀਸ ਝੁਕਾਈਆ। ਬਣ ਨਿਮਾਣਾ ਜਾਏ ਢੱਠ, ਢਹਿ ਢਹਿ ਨੀਰ ਵਹਾਈਆ। ਆਪਣੇ ਘਰੋਂ ਨਾ ਦੇਣਾ ਕੱਢ, ਤੁਧ ਬਿਨ ਹੋਰ ਨਾ ਕੋਇ ਸਰਨਾਈਆ। ਮੇਰੇ ਬੁੱਢੇ ਹੋਏ ਹੱਡ, ਦੁੱਖ ਅਵਰ ਨਾ ਝੱਲਿਆ ਜਾਈਆ। ਕਰ ਕਿਰਪਾ ਮੇਰਾ ਨਿਸ਼ਾਨਾ ਗੱਡ, ਦੋਏ ਜੋੜ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਸੱਚੀ ਸਰਨਾਈਆ। ਸਚ ਸਰਨਾਈ ਦੇਣੀ ਚਰਨ, ਚਰਨ ਕਵਲ ਧਿਆਨ ਲਗਾਈਆ। ਨਾਤਾ ਤੁਟਿਆ ਜਨਮ ਮਰਨ, ਮਰਨ ਜਨਮ ਨਾ ਵੰਡ ਵੰਡਾਈਆ। ਪ੍ਰਭੂ ਮਿਲਿਆ ਘਾੜਤ ਘੜਨ, ਘੜ ਭਾਂਡੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤਨ ਏਕਾ ਰੰਗ ਰੰਗਾਈਆ। ਭਗਤਨ ਰੰਗੇ ਰੰਗ ਮਜੀਠ, ਸਾਚੀ ਭਗਤੀ ਇਕ ਜਣਾਇੰਦਾ। ਸਤਿਜੁਗ ਚਲੇ ਸਾਚੀ ਰੀਤ, ਸਤਿ ਸਤਿਵਾਦੀ ਆਪ ਲਗਾਇੰਦਾ। ਚਾਰ ਵਰਨ ਦਾ ਇਕੋ ਗੀਤ, ਸੋਹੰ ਢੋਲਾ ਇਕੋ ਗਾਇੰਦਾ। ਪੁਰਖ ਅਬਿਨਾਸ਼ੀ ਬਣੇ ਮੀਤ, ਬਣ ਬਣ ਮਿੱਤਰ ਸੇਵ ਕਮਾਇੰਦਾ। ਹਰਿਜਨ ਕਾਇਆ ਕਰੇ ਠੰਡੀ ਸੀਤ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਵੇਖ ਵਖਾਇੰਦਾ। ਹਰਿਜਨ ਹਰਿਜੂ ਆਪੇ ਵੇਖ, ਆਪਣੀ ਖ਼ੁਸ਼ੀ ਮਨਾਈਆ। ਕਰ ਕਿਰਪਾ ਧਾਰੇ ਸਾਚਾ ਭੇਸ, ਵੇਸ ਅਵੱਲੜਾ ਆਪ ਵਟਾਈਆ। ਨਾ ਕੋਈ ਜਾਣੇ ਨਰ ਨਰੇਸ਼, ਸ਼ਾਹ ਪਾਤਸ਼ਾਹ ਭੇਵ ਨਾ ਰਾਈਆ। ਲਿਖਣਹਾਰਾ ਸਾਚੇ ਲੇਖ, ਲਿਖ ਲਿਖ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ । ਭਗਤਨ ਮੇਲਾ ਲੋਕਮਾਤ, ਹਰਿ ਸਾਚਾ ਸਚ ਲਗਾਇੰਦਾ। ਆਪੇ ਵੇਖੇ ਮਾਰ ਝਾਤ, ਨੇਤਰ ਨੈਣ ਆਪ ਉਠਾਇੰਦਾ। ਆਪੇ ਹੋਏ ਸੱਜਣ ਸਾਕ, ਸਾਚਾ ਬੰਧਨ ਆਪੇ ਪਾਇੰਦਾ। ਆਪੇ ਜਾਣੇ ਸਾਚਾ ਘਾਟ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਸੀਆਂ ਸਾਢੇ ਤਿੰਨ ਹੱਥ ਮਾਟ, ਕਾਇਆ ਮਾਟੀ ਫੋਲ ਫੁਲਾਇੰਦਾ । ਆਪ ਉਤਾਰੇ ਸਾਚੇ ਘਾਟ, ਸਾਚਾ ਪੱਤਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਏਕਾ ਦਾਨ, ਸਤਿਗੁਰ ਭਿਛਿਆ ਆਪਣੀ ਇਛਿਆ ਝੋਲੀ ਪਾਇੰਦਾ।