Granth 11 Likhat 076: 19 Magh 2018 Bikarmi Dhangali Lachhman Singh de Greh Jammu

੧੯ ਮਾਘ ੨੦੧੮ ਬਿਕ੍ਰਮੀ ਧੰਗਾਲੀ ਲਛਮਣ ਸਿੰਘ ਦੇ ਗ੍ਰਹਿ ਜੰਮੂ

ਸਰਗੁਣ ਕਹੇ ਨਿਰਗੁਣ ਕਾਰ, ਨਿਰਗੁਣ ਤੇਰਾ ਭੇਵ ਕੋਇ ਨਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਨੂਰ ਉਜਿਆਰ, ਨੂਰ ਨਜ਼ਰ ਕਿਸੇ ਨਾ ਆਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਸਚਖੰਡ ਦੁਆਰ, ਅੰਦਰ ਵੜ ਦਰਸ ਕੋਇ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਵਡ ਭੰਡਾਰ, ਵਡ ਭੰਡਾਰੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਰਗੁਣ ਕਹੇ ਤੇਰਾ ਭੇਵ ਨਿਆਰਾ, ਅਭੇਦ ਤੇਰੀ ਵਡਿਆਈਆ । ਸਰਗੁਣ ਕਹੇ ਨਿਰਗੁਣ ਤੂੰ ਅਗੰਮ ਠਠਿਆਰਾ, ਘੜਨ ਭੰਨਣਹਾਰ ਅਖਵਾਈਆ। ਸਰਗੁਣ ਕਹੇ ਨਿਰਗੁਣ ਤੇਰਾ ਸਚ ਵਿਹਾਰਾ, ਤੂੰ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦਏਂ ਅਧਾਰਾ, ਆਪਣਾ ਬੰਸ ਸੁਹਾਈਆ। ਸਰਗੁਣ ਕਹੇ ਨਿਰਗੁਣ ਤੂੰ ਸਤਿ ਵਰਤਾਰਾ, ਰਜੋ ਤਮੋ ਸਤੋ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੱਤਵ ਤੱਤ ਨਾਚ ਕਰਾਈਆ। ਸਰਗੁਣ ਕਹੇ ਨਿਰਗੁਣ ਤੇਰਾ ਪਸਾਰਾ, ਲੱਖ ਚੁਰਾਸੀ ਬਣਤ ਬਣਾਈਆ। ਸਰਗੁਣ ਕਹੇ ਨਿਰਗੁਣ ਤੇਰਾ ਜੈਕਾਰਾ, ਚਾਰੇ ਬਾਣੀ ਦਏ ਦੁਹਾਈਆ। ਸਰਗੁਣ ਕਹੇ ਨਿਰਗੁਣ ਤੇਰੀ ਸਿਤਾਰਾ, ਚਾਰੇ ਖਾਣੀ ਤੰਦ ਰਖਾਈਆ। ਸਰਗੁਣ ਕਹੇ ਨਿਰਗੁਣ ਤੇਰਾ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਪਾਈਆ। ਸਰਗੁਣ ਕਹੇ ਨਿਰਗੁਣ ਤੇਰਾ ਨੂਰ, ਨੂਰੋ ਨੂਰ ਸਮਾਇੰਦਾ। ਸਰਗੁਣ ਕਹੇ ਨਿਰਗੁਣ ਸਰਬ ਕਲਾ ਭਰਪੂਰ, ਬੇਅੰਤ ਨਾਉਂ ਧਰਾਇੰਦਾ। ਸਰਗੁਣ ਕਹੇ ਨਿਰਗੁਣ ਆਸਾ ਮਨਸਾ ਪੂਰ, ਨਿਰਾਸ਼ਾ ਰੂਪ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਆਦਿ ਜੁਗਾਦਿ ਸਤਿ ਸਰੂਪ, ਸਚ ਖੁਮਾਰੀ ਇਕ ਰਖਾਇੰਦਾ। ਸਰਗੁਣ ਕਹੇ ਨਿਰਗੁਣ ਤੂੰ ਆਦਿ ਜੁਗਾਦਿ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਰਗੁਣ ਕਹੇ ਨਿਰਗੁਣ ਮੀਤ, ਮਿੱਤਰ ਪਿਆਰੇ ਸੱਚੇ ਮਾਹੀਆ। ਸਰਗੁਣ ਕਹੇ ਨਿਰਗੁਣ ਅਤੀਤ, ਤ੍ਰੈਗੁਣ ਅਤੀਤਾ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਅਨਡੀਠ, ਅਨਡਿਠੜਾ ਧਾਮ ਸੁਹਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਗੀਤ, ਅੱਖਰ ਅੱਖਰ ਕਰ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਸਰਗੁਣ ਕਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਰਗੁਣ ਕਹੇ ਨਿਰਗੁਣ ਸੱਚ, ਘਰ ਸਾਚੇ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਰਚ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜੋਤ ਰਿਹਾ ਮੱਚ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸਰਗੁਣ ਕਹੇ ਨਿਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਾਕਾਰ ਸਮਾਈਆ। ਸਰਗੁਣ ਕਹੇ ਨਿਰਗੁਣ ਦਾਤਾਰ, ਦਾਤਾ ਦਾਨੀ ਵਡ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ, ਬਣ ਭੰਡਾਰੀ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਸਰਗੁਣ ਕਹੇ ਨਿਰਗੁਣ ਜੀਵ ਜੰਤ ਆਧਾਰ, ਘਟ ਘਟ ਰਿਹਾ ਸਮਾਈਆ। ਸਰਗੁਣ ਕਹੇ ਨਿਰਗੁਣ ਨਾਦ ਸ਼ਬਦ ਧੁਨਕਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਇਛਿਆ ਵੇਦ ਚਾਰ, ਸ਼ਾਸਤਰ ਸਿਮਰਤ ਆਪ ਸਾਲਾਹੀਆ। ਸਰਗੁਣ ਕਹੇ ਨਿਰਗੁਣ ਪਰਾਣ ਪਰਾਣੀ ਦਏ ਆਧਾਰ, ਅੱਠ ਦਸ ਮੇਲ ਮਿਲਾਈਆ। ਸਰਗੁਣ ਕਹੇ ਨਿਰਗੁਣ ਸ਼ਬਦ ਨਾਦ ਗਿਆਨ, ਗਿਆਤਾ ਗੀਤਾ ਇਕ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਈਮਾਨ, ਅੰਜ਼ੀਲ ਕੁਰਾਨ ਰਿਹਾ ਸੁਣਾਈਆ। ਸਰਗੁਣ ਕਹੇ ਨਾਨਕ ਨਾਮ ਨਿਸ਼ਾਨ, ਨਾਮ ਸਤਿ ਸਤਿ ਪਰਗਟਾਈਆ। ਸਰਗੁਣ ਕਹੇ ਨਿਰਗੁਣ ਨਿਸ਼ਾਨ, ਗੋਬਿੰਦ ਸੂਰਾ ਰਿਹਾ ਝੁਲਾਈਆ। ਸਰਗੁਣ ਕਹੇ ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇੜਾ ਆਪ ਵਸਾਈਆ। ਸਰਗੁਣ ਕਹੇ ਨਿਰਗੁਣ ਅਧਾਰ, ਦੂਸਰ ਓਟ ਨਾ ਕੋਇ ਤਕਾਈਆ। ਸਰਗੁਣ ਕਹੇ ਨਿਰਗੁਣ ਅਵਤਾਰ, ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਸਿਕਦਾਰ, ਗੁਰ ਗੁਰ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਸਰਗੁਣ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਵਿਹਾਰ, ਬਣ ਵਿਵਹਾਰੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਜੁਗ ਖੇਲ ਕਰਾਈਆ। ਸਰਗੁਣ ਕਹੇ ਨਿਰਗੁਣ ਜੋਗ, ਹਰਿ ਸਾਚਾ ਸਚ ਕਰਾਇੰਦਾ। ਸਰਗੁਣ ਕਹੇ ਨਿਰਗੁਣ ਸੰਜੋਗ, ਸਤਿ ਸਤਿਵਾਦੀ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਭੋਗ, ਸਾਚਾ ਭੋਗੀ ਭੋਗ ਭੁਗਾਇੰਦਾ। ਸਰਗੁਣ ਕਹੇ ਨਿਰਗੁਣ ਹਂੋਦ, ਆਦਿ ਜੁਗਾਦਿ ਨਾ ਕੋਇ ਮਿਟਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਡ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਆਸ, ਆਦਿ ਅੰਤ ਰਖਾਈਆ। ਸਰਗੁਣ ਕਹੇ ਨਿਰਗੁਣ ਬੁਝਾਏ ਪਿਆਸ, ਤ੍ਰਿਸਨਾ ਰੋਗ ਮਿਟਾਈਆ। ਸਰਗੁਣ ਕਹੇ ਨਿਰਗੁਣ ਵਖਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਸਰਗੁਣ ਕਹੇ ਨਿਰਗੁਣ ਕਰੇ ਪਰਕਾਸ਼, ਦੋ ਜਹਾਨ ਜਹਾਨ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਕਰੇ ਬੰਦ ਖੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਸਰਗੁਣ ਕਹੇ ਨਿਰਗੁਣ ਵਸੇ ਪਾਸ, ਆਪ ਆਪਣਾ ਪੰਧ ਮੁਕਾਈਆ। ਸਰਗੁਣ ਕਹੇ ਨਿਰਗੁਣ ਖੇਲ ਤਮਾਸ਼, ਦੀਨ ਦੁਨੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪਣੇ ਵਿਚ ਛੁਪਾਈਆ। ਸਰਗੁਣ ਕਹੇ ਨਿਰਗੁਣ ਜਗਤ, ਜਾਗਰਤ ਜੋਤ ਜਗਾਇੰਦਾ। ਸਰਗੁਣ ਕਹੇ ਨਿਰਗੁਣ ਭਗਤ, ਭਗਵਨ ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਸੰਤ, ਸਤਿ ਸਤਿ ਅੰਦਰ ਧਾਰ ਵਖਾਇੰਦਾ। ਸਰਗੁਣ ਕਹੇ ਨਿਰਗੁਣ ਕੰਤ, ਨਰ ਨਰਾਇਣ ਸਾਚੀ ਸੇਜਾ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਬਣਾਏ ਬਣਤ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਰਹੇ ਜੁਗ ਚਾਰ, ਆਦਿ ਜੁਗਾਦਿ ਦਇਆ ਕਮਾਈਆ। ਸਰਗੁਣ ਕਹੇ ਨਿਰਗੁਣ ਖੇਲੇ ਖੇਲ ਵਿਚ ਸੰਸਾਰ, ਰੂਪ ਅਨੂਪ ਵਟਾਈਆ। ਸਰਗੁਣ ਕਹੇ ਨਿਰਗੁਣ ਹਰ ਘਟ ਪਾਵੇ ਸਾਰ, ਘਟ ਘਟ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਅਕਾਰ, ਸਾਕਾਰ ਨਜ਼ਰੀ ਆਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਈਆ। ਸਰਗੁਣ ਕਹੇ ਨਿਰਗੁਣ ਧਾਰਾ, ਧਰਨੀ ਧਰਤ ਧਵਲ ਚਲਾਇੰਦਾ। ਸਰਗੁਣ ਕਹੇ ਨਿਰਗੁਣ ਪਸਾਰਾ, ਨਿਰਧਨ ਸਰਧਨ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਜੈਕਾਰਾ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਘਰ ਬਾਹਰਾ, ਘਰ ਮੰਦਰ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੀਰਥ ਤਟ ਕਿਨਾਰਾ, ਸਚ ਸਰੋਵਰ ਇਕ ਵਡਿਆਇੰਦਾ। ਸਰਗੁਣ ਕਹੇ ਨਿਰਗੁਣ ਸ਼ਬਦ ਜੈਕਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਸਰਗੁਣ ਕਹੇ ਨਿਰਗੁਣ ਲਿਖਾਰਾ, ਜੁਗ ਜੁਗ ਆਪਣਾ ਲੇਖ ਲਿਖਾਇੰਦਾ। ਸਰਗੁਣ ਕਹੇ ਨਿਰਗੁਣ ਕਰੇ ਆਪਣੀ ਕਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ। ਸਰਗੁਣ ਕਹੇ ਨਿਰਗੁਣ ਉਡੀਕ, ਨਿਤ ਨਿਤ ਆਸ ਰਖਾਈਆ। ਸਰਗੁਣ ਕਹੇ ਨਿਰਗੁਣ ਅਤੀਤ, ਪਾਰਬ੍ਰਹਮ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਸੀਤਲ ਧਾਰਾ ਇਕ ਵਖਾਈਆ। ਸਰਗੁਣ ਕਹੇ ਨਿਰਗੁਣ ਮੰਦਰ ਮਸੀਤ, ਮੱਠ ਸ਼ਿਵਦਵਾਲਾ ਨਾਉਂ ਧਰਾਈਆ। ਸਰਗੁਣ ਕਹੇ ਨਿਰਗੁਣ ਅਜੀਤ, ਜਿਤਿਆ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਨਜ਼ੀਕ, ਜਗਤ ਨੇਤਰ ਨਜ਼ਰ ਨਾ ਆਈਆ। ਸਰਗੁਣ ਕਹੇ ਨਿਰਗੁਣ ਕੋਟਨ ਕੋਟ ਕਾਲ ਵੇਖੇ ਠੀਕ, ਜੁਗ ਜੁਗ ਠੀਕਰਾ ਭੰਨ ਵਖਾਈਆ। ਸਰਗੁਣ ਕਹੇ ਨਿਰਗੁਣ ਬੇਪ੍ਰੀਤ, ਸਾਚੀ ਪ੍ਰੀਤ ਨਾ ਕਿਸੇ ਸਮਝਾਈਆ। ਸਰਗੁਣ ਕਹੇ ਨਿਰਗੁਣ ਜੁਗ ਜੁਗ ਗੁਰ ਅਵਤਾਰਾਂ ਕੋਲੋਂ ਚਲੌਦਾ ਰਿਹਾ ਆਪਣੀ ਰੀਤ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਰਗੁਣ ਕਹੇ ਨਿਰਗੁਣ ਖੇਲ ਕਰਾਇਆ ਧੰਦੇ ਲਾਇਆ ਜੀਵ ਜੰਤ ਮੰਦਰ ਮਸੀਤ, ਮੁੱਲਾਂ ਸ਼ੇਖ਼ ਪੰਡਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਆਪਣਾ ਆਪ ਵਖਾਈਆ। ਸਰਗੁਣ ਕਹੇ ਨਿਰਗੁਣ ਅਭੁੱਲ, ਭੁੱਲ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਅਮੁਲ, ਮੁਲ ਨਾ ਕੋਇ ਚੁਕਾਈਆ। ਸਰਗੁਣ ਕਹੇ ਨਿਰਗੁਣ ਅਤੁਲ, ਤੋਲਿਆਂ ਤੋਲ ਨਾ ਕੋਇ ਤੁਲਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਰੁਲ, ਏਕਾ ਰੰਗ ਸਮਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਹੁਲ, ਆਦਿ ਜੁਗਾਦਿ ਰਿਹਾ ਲਹਿਰਾਈਆ। ਸਰਗੁਣ ਕਹੇ ਨਿਰਗੁਣ ਜਾਏ ਆਪਣੀ ਕੁਲ, ਦੂਸਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਗੁਣ ਬੈਠਾ ਸੀਸ ਝੁਕਾਈਆ। ਸਰਗੁਣ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਕਿਰਪਾ ਕਰ ਸ੍ਰੀ ਭਗਵਾਨ, ਹਉਂ ਏਕਾ ਮੰਗ ਮੰਗਾਇਆ। ਤੂੰ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਸ ਵਟਾਇਆ। ਤੂੰ ਲੱਖ ਚੁਰਾਸੀ ਕਰ ਪਰਧਾਨ, ਘਰ ਘਰ ਜੋਤ ਜਗਾਇਆ। ਤੂੰ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਦਾਨ, ਆਪਣਾ ਨਾਮ ਪੜ੍ਹਾਇਆ। ਤੂੰ ਕਾਇਆ ਮੰਦਰ ਕਰ ਪਰਵਾਨ, ਆਤਮ ਸੇਜਾ ਆਸਣ ਲਾਇਆ। ਤੂੰ ਸ਼ਬਦ ਅਨਾਦੀ ਸਚ ਫ਼ਰਮਾਣ, ਧੁਰਦਰਗਾਹੀ ਆਪ ਸੁਣਾਇਆ। ਹਉਂ ਬਾਲਾ ਬਾਲ ਨਾਦਾਨ, ਤੇਰਾ ਅੰਤ ਕੋਇ ਨਾ ਆਇਆ। ਤੂੰ ਭਾਂਡੇ ਘੜੇਂ ਚਤਰ ਸੁਘੜ ਸੁਜਾਨ, ਵਿਚ ਆਪਣੀ ਵਸਤ ਟਿਕਾਇਆ। ਅੰਤ ਮੇਟੇਂ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਇਆ। ਆਪਣਾ ਦੱਸ ਭੇਵ ਸ੍ਰੀ ਭਗਵਾਨ, ਇਹ ਕੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ। ਘੜਨ ਭੰਨਣ ਦੀ ਮੇਰੀ ਕਾਰ, ਮੈਂ ਆਪਣਾ ਖੇਲ ਖਿਲਾਈਆ। ਕਦੇ ਥਥਵਾ ਫੜ ਬਣਾਂ ਘੁਮਿਆਰ, ਕਦੇ ਠੀਕਰ ਫੋੜ ਵਖਾਈਆ। ਕਦੇ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਕਦੇ ਲੱਖ ਚੁਰਾਸੀ ਕਰ ਉਜਿਆਰ, ਘਟ ਘਟ ਜੋਤ ਜਗਾਈਆ। ਕਦੇ ਗੁਰ ਪੀਰ ਧਰ ਅਵਤਾਰ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਕਦੇ ਭਗਤਨ ਦੇਵਾਂ ਇਕ ਅਧਾਰ, ਸਾਚੀ ਭਗਤੀ ਨਾਮ ਪੜ੍ਹਾਈਆ। ਕਦੇ ਜਲ ਥਲ ਮਹੀਅਲ ਡੂੰਘੀ ਕੰਦਰ ਵੇਖਾਂ ਗਾਰ, ਕਦੇ ਉਚੇ ਟਿੱਲੇ ਪਰਬਤ ਆਸਣ ਲਾਈਆ। ਕਦੇ ਵੰਡਾਂ ਵੰਡ ਜੁਗ ਜੁਗ ਚਾਰ, ਚਾਰ ਚਾਰ ਬੰਧਨ ਪਾਈਆ । ਕਦੇ ਸਭ ਨੂੰ ਕਰਾਂ ਖੁਆਰ, ਆਪਣਾ ਬਲ ਰਖਾਈਆ। ਨਿਰਗੁਣ ਨੂਰ ਨੂਰ ਉਜਿਆਰ, ਦੋ ਜਹਾਨ ਮੇਰੀ ਰੁਸ਼ਨਾਈਆ। ਸਰਗੁਣ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਪਿਛੇ ਆਉਂਦਾ ਰਿਹਾ ਸਰਗੁਣ ਰੂਪ ਜਾਮਾ ਧਾਰ, ਜਗਤ ਨਾਤਾ ਕਰ ਕੁੜਮਾਈਆ। ਕੋਈ ਕਹੇ ਰਾਮ ਅਵਤਾਰ, ਜਨਕ ਸਪੁੱਤਰੀ ਗਿਆ ਪਰਨਾਈਆ । ਕੋਈ ਕਹੇ ਕ੍ਰਿਸ਼ਨ ਮੁਰਾਰ, ਰਾਧਾ ਆਪਣੀ ਗੋਦ ਬਹਾਈਆ। ਕੋਈ ਕਹੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਕੋਈ ਕਹੇ ਨਾਨਕ ਨਿਰਗੁਣ ਧਾਰ, ਪੁੱਤਰ ਧੀਆਂ ਗਿਆ ਤਜਾਈਆ। ਕੋਇ ਕਹੇ ਗੋਬਿੰਦ ਸਰਦਾਰ, ਬਾਲੇ ਨੀਹਾਂ ਹੇਠ ਦਬਾਈਆ। ਕੋਈ ਕਹੇ ਲੇਖਾ ਵੇਦ ਚਾਰ, ਕੋਈ ਕਹੇ ਪੁਰਾਨ ਪੜ੍ਹਾਈਆ। ਕੋਈ ਕਹੇ ਗੀਤਾ ਗਿਆਨ, ਬਿਨ ਗੀਤਾ ਹੱਥ ਕਿਸੇ ਨਾ ਆਈਆ। ਕੋਈ ਕਹੇ ਅੰਜੀਲ ਕੁਰਾਨ, ਆਲਾ ਮਰਤਬਾ ਰਹੇ ਸਮਝਾਈਆ। ਕੋਈ ਕਹੇ ਖਾਣੀ ਬਾਣੀ ਪਰਧਾਨ, ਨਾਨਕ ਅਰਜਨ ਕਰੀ ਪੜ੍ਹਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਦਾ ਮੇਟਾਂ ਨਿਸ਼ਾਨ, ਅੰਤਮ ਆਪਣੇ ਵਿਚ ਸਮਾਈਆ। ਕਲਜੁਗ ਨਿਰਗੁਣ ਹੋ ਕੇ ਆਇਆ ਵਿਚ ਜਹਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਕੋਈ ਨਾਰੀ ਦਿਸੇ ਸੰਤਾਨ, ਪਿਤਾ ਪੂਤ ਨਾ ਕੋਇ ਵਡਿਆਈਆ। ਇਕੋ ਨਾਤਾ ਵਿਚ ਜਹਾਨ, ਜਨ ਭਗਤਾਂ ਨਾਲ ਲਿਆ ਜੁੜਾਈਆ। ਅੰਦਰ ਵੜ ਕੇ ਵਸਾਂ ਸਚ ਮਕਾਨ, ਸਚ ਦੁਆਰੇ ਆਸਣ ਲਾਈਆ। ਦਿਸ ਨਾ ਆਏ ਕਿਸੇ ਸ੍ਰੀ ਭਗਵਾਨ, ਜਗਤ ਲੋਕਾਈ ਰਹੀ ਕੁਰਲਾਈਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਿਰਗੁਣ ਨਿਰਗੁਣ ਰਿਹਾ ਉਠਾਈਆ।