Granth 11 Likhat 080: 19 Magh 2018 Bikarmi Malak Camp Bhag Singh de Greh Jammu

੧੯ ਮਾਘ ੨੦੧੮ ਬਿਕ੍ਰਮੀ ਮਲਕ ਕੈਂਪ ਭਾਗ ਸਿੰਘ ਦੇ ਗ੍ਰਹਿ ਜੰਮੂ

ਸਰਗੁਣ ਤੇਰਾ ਸਾਚਾ ਰਾਗ, ਨਿਰਗੁਣ ਨਾਮ ਵਡਿਆਈਆ। ਸਰਗੁਣ ਤੇਰਾ ਸਚ ਸੁਹਾਗ, ਹਰਿ ਕੰਤ ਕੰਤੂਹਲ ਅਖਵਾਈਆ। ਸਰਗੁਣ ਤੇਰਾ ਸਚ ਸਮਾਜ, ਹਰਿ ਸੰਗਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਈਆ। ਸਾਚਾ ਮਾਰਗ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਚਲਾਇੰਦਾ। ਗੁਰਮੁਖ ਸੱਜਣ ਕਰ ਤਿਆਰ, ਆਪਣੀ ਬੂਝ ਬੁਝਾਇੰਦਾ। ਕਾਇਆ ਹੱਟ ਖੋਲ੍ਹ ਕਿਵਾੜ, ਵਸਤ ਅਨਮੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਸਰਗੁਣ ਤੇਰਾ ਸਾਚਾ ਰੂਪ, ਏਕਾ ਏਕ ਜਣਾਈਆ। ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਦੇਵੇ ਨਾਮ ਵਡਿਆਈਆ। ਤੇਰਾ ਨਗਾਰਾ ਜਗਤ ਕੂਟ, ਦਹਿ ਦਿਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਬੰਧਨ ਪਾਈਆ। ਸਰਗੁਣ ਤੇਰਾ ਸੱਚਾ ਰੂਪ, ਗੁਰਮੁਖ ਗੁਰ ਗੁਰ ਆਪ ਸਲਾਹਿੰਦਾ। ਜਨਮ ਜਨਮ ਮਿਟੇ ਦੁੱਖ, ਦਰਦੀ ਦਰਦ ਵੰਡਾਇੰਦਾ। ਆਪ ਉਠਾਏ ਆਪਣੀ ਕੁੱਖ, ਸਾਚੀ ਗੋਦ ਬਹਾਇੰਦਾ। ਝੂਠੀ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ। ਸਰਗੁਣ ਤੇਰਾ ਰੂਪ ਗੁਰਸਿਖ, ਗੁਰ ਗੁਰ ਬੂਝ ਬੁਝਾਈਆ। ਸਚ ਦੁਆਰਿਉਂ ਮਿਲੇ ਭਿਖ, ਸਤਿਗੁਰ ਪੂਰਾ ਆਪ ਵਰਤਾਈਆ। ਪੂਰਬ ਜਨਮ ਦੀ ਮੇਟੇ ਰੇਖ, ਅੱਗੇ ਲੇਖਾ ਦਏ ਸਮਝਾਈਆ। ਨੇਤਰ ਲੋਚਣ ਸਾਚੇ ਵੇਖ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਦੀਨ ਦਿਆਲ ਸਰਬ ਗੁਣਵੰਤ, ਜਨ ਭਗਤਾਂ ਦਇਆ ਕਮਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਵੇਸ ਵਟਾਇੰਦਾ। ਲੱਖ ਚੁਰਾਸੀ ਮਾਇਆ ਬੇਅੰਤ, ਜੀਵ ਜੰਤ ਭੁਲਾਇੰਦਾ। ਹਰਿਜਨ ਮੇਲੇ ਨਾਰੀ ਕੰਤ, ਹਰਿ ਮੰਗਲ ਗੀਤ ਸੁਣਾਇੰਦਾ। ਮਾਨਸ ਜਨਮ ਬਣਾਏ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨੁਖ ਆਪਣੇ ਰੰਗ ਰੰਗਾਇੰਦਾ। ਮਾਨੁਖ ਦੇਹ ਮਾਨਸ ਜ਼ਾਤ, ਮਾਨਵ ਮਾਣ ਰਖਾਇੰਦਾ। ਅੰਤਰ ਆਤਮ ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਇੰਦਾ। ਸਤਿ ਸਤਿਵਾਦੀ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਲਹਿਣਾ ਚੁੱਕੇ ਮਸਤਕ ਮਾਥ, ਪੂਰਬ ਝੋਲੀ ਪਾਇੰਦਾ। ਦਰਸ ਦਿਖਾਏ ਬਹੁ ਬਿਧ ਭਾਂਤ, ਸਵੱਛ ਸਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਰਿਆ ਵਿਚ ਸੰਸਾਰ, ਡੂੰਘੀ ਭਵਰੀ ਪਾਰ ਕਰਾਈਆ। ਇਕ ਵਖਾਏ ਦਰ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਾਚੀ ਖ਼ੁਸ਼ੀਆਂ ਮੰਗਲਾਚਾਰ, ਏਕਾ ਗੀਤ ਅਲਾਈਆ। ਸਾਚੇ ਮੰਦਰ ਨਾਦ ਸ਼ਬਦ ਧੁੰਨਕਾਰ, ਤਾਲ ਤਲਵਾੜਾ ਇਕ ਸੁਣਾਈਆ। ਸਾਚੇ ਗ੍ਰਹਿ ਸ਼ਬਦ ਸੁਰਤ ਕਰੇ ਪਿਆਰ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਵੇਖੇ ਹਰਿ ਨਿਰੰਕਾਰ, ਆਪਣਾ ਨੈਣ ਖੁਲ੍ਹਾਇੰਦਾ। ਭਗਤ ਭਗਵੰਤ ਲਏ ਉਠਾਲ, ਸਾਚੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਸਾਚੀ ਸੇਵ ਕਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਵੱਡਾ ਵਡਿਆਈ ਵਡ, ਹਰਿ ਸਤਿਗੁਰ ਆਪ ਵਡਿਆਇੰਦਾ। ਜੀਵ ਜੰਤ ਵਿਚੋਂ ਕੱਢ, ਏਕਾ ਰੰਗ ਰੰਗਾਇੰਦਾ। ਸਚ ਦੁਆਰੇ ਆਪੇ ਸੱਦ, ਸਾਚੀ ਸਿਖਿਆ ਗੁਰ ਸਮਝਾਇੰਦਾ। ਲੱਖ ਚੁਰਾਸੀ ਪਾਰ ਹੱਦ, ਆਵਣ ਜਾਵਣ ਫੰਦ ਕਟਾਇੰਦਾ। ਇਕ ਪਿਆਏ ਨਾਮ ਮਦਿ, ਸਤਿ ਸਰੂਰ ਚੜ੍ਹਾਇੰਦਾ। ਸਚ ਨਗਾਰਾ ਜਾਏ ਵੱਜ, ਅਨਾਦੀ ਨਾਦ ਅਲਾਇੰਦਾ। ਘਰ ਵਿਚ ਵਖਾਏ ਕਾਅਬਾ ਹੱਜ, ਸਾਚਾ ਹੁਜਰਾ ਆਪ ਸੁਹਾਇੰਦਾ। ਸਾਚੇ ਮੰਦਰ ਬੈਠਾ ਸਜ, ਨਿਰਗੁਣ ਆਪਣਾ ਆਸਣ ਲਾਇੰਦਾ। ਸਰਗੁਣ ਮੇਲਾ ਭੱਜ ਭੱਜ, ਜੁਗ ਜੁਗ ਪੰਧ ਮੁਕਾਇੰਦਾ। ਜਨ ਭਗਤਾਂ ਪਰੇਮ ਅੰਦਰ ਜਾਏ ਬੱਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਬੰਨ੍ਹੇ ਡੋਰੀ ਤੰਦ, ਪਰੇਮ ਪਰੇਮ ਵਖਾਈਆ। ਸਾਹਿਬ ਸੁਲਤਾਨ ਗਾਏ ਛੰਦ, ਗੁਰਮੁਖ ਕਰੇ ਵਡਿਆਈਆ। ਨਿਝ ਘਰ ਦੇਵੇ ਇਕ ਅਨੰਦ, ਆਤਮ ਅਨੰਦ ਦਰਸਾਈਆ। ਅੰਤ ਕੰਤ ਭਗਵੰਤ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਗੁਰਸਿਖ ਚੜ੍ਹਾਏ ਸਾਚੇ ਚੰਦ, ਚੰਦ ਚਾਂਦਨੀ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਖੇਲ ਮਹਾਨ, ਸੋਹੰ ਸ਼ਬਦ ਗੁਣ ਨਿਧਾਨ, ਗੁਣ ਗੁਣ ਆਪਣਾ ਰੂਪ ਜਣਾਈਆ।