੧੪ ਫੱਗਣ ੨੦੧੮ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ
ਪਾਰਬ੍ਰਹਮ ਪੁਰਖ ਸਮਰਥ, ਸਮਰਥ ਵਡ ਵਡਿਆਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਥ, ਕਲਜੁਗ ਅੰਤਮ ਫੇਰਾ ਪਾਈਆ। ਚਾਰ ਵਰਨ ਮਾਰਗ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਏਕਾ ਅੰਮ੍ਰਿਤ ਸਾਚਾ ਰਸ, ਸਰ ਸਰੋਵਰ ਇਕ ਨੁਹਾਈਆ। ਏਕਾ ਜੋਤ ਨੂਰ ਪਰਕਾਸ਼, ਏਕਾ ਬ੍ਰਹਮ ਦਏ ਦਰਸਾਈਆ। ਏਕਾ ਹਰ ਘਟ ਰੱਖੇ ਵਾਸ, ਲੱਖ ਚੁਰਾਸੀ ਡੇਰਾ ਲਾਈਆ। ਏਕਾ ਪੂਰੀ ਕਰੇ ਆਸ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਏਕਾ ਖੇਲੇ ਖੇਲ ਤਮਾਸ਼, ਖ਼ਾਲਕ ਵੇਖੇ ਚਾਈਂ ਚਾਈਂਆ। ਏਕਾ ਪਾਵੇ ਸਾਚੀ ਰਾਸ, ਮੰਡਲ ਮੰਡਪ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਆਪ ਰੰਗਾਈਆ। ਏਕਾ ਰੰਗ ਸ੍ਰੀ ਭਗਵਾਨ, ਜੀਵ ਜੰਤ ਰੰਗਾਇੰਦਾ। ਏਕਾ ਲੇਖਾ ਚਾਰੇ ਵਰਨ, ਅਵਰਨ ਭੇਵ ਮਿਟਾਇੰਦਾ। ਏਕਾ ਬਖ਼ਸ਼ੇ ਸਾਚੀ ਸਰਨ, ਚਰਨ ਸਰਨ ਇਕ ਜਣਾਇੰਦਾ। ਏਕਾ ਖੋਲ੍ਹੇ ਹਰਨ ਫਰਨ, ਨੇਤਰ ਨੈਣ ਪੜਦਾ ਲਾਹਿੰਦਾ। ਏਕਾ ਚੁਕਾਏ ਮਰਨ ਡਰਨ, ਆਵਣ ਜਾਵਣ ਫੰਦ ਕਟਾਇੰਦਾ। ਏਕਾ ਦਾਤਾ ਕਰਨੀ ਕਰਨ, ਕਰਤਾ ਪੁਰਖ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਆਦਿ ਜੁਗਾਦਿ ਏਕਾ ਧਾਰ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਸਰਬ ਜੀਆਂ ਬਣ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਰਾਮਾ ਕ੍ਰਿਸ਼ਨਾ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਧਰਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਲਹਿਣਾ ਦੇਣਾ ਦਏ ਉਤਾਰ, ਲੇਖਾ ਸਭ ਦਾ ਆਪ ਮੁਕਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੁਰਪਤ ਇੰਦ ਨਾਲ ਰਲਾਇੰਦਾ। ਤ੍ਰੈਗੁਣ ਤੋੜੇ ਜਗਤ ਜੰਜਾਲ, ਪੰਜ ਤੱਤ ਆਪਣਾ ਭੇਵ ਖੁਲ੍ਹਾਇੰਦਾ। ਭਗਤਾਂ ਚਲੇ ਨਾਲ ਨਾਲ, ਭਗਵਨ ਸੰਗ ਰਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਭੇਵ ਮਿਟਾਇੰਦਾ। ਸਤਿ ਸਰੂਪੀ ਬਣ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਆਪਣੀ ਖੋਜ ਖੁਜਾਇੰਦਾ। ਲੋਕਮਾਤ ਬਣਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਇਕ ਵਡਿਆਇੰਦਾ। ਦੀਪਕ ਦੀਆ ਏਕਾ ਬਾਲ, ਜੋਤੀ ਜੋਤ ਡਗਮਗਾਇੰਦਾ। ਨਾਤਾ ਤੋੜ ਅੰਤਮ ਕਾਲ, ਮਹਾਂਕਾਲ ਸੰਗ ਰਖਾਇੰਦਾ। ਨਿਰਗੁਣ ਰੂਪ ਦੀਨ ਦਿਆਲ, ਦਇਆਨਿਧ ਵੰਡ ਵੰਡਾਇੰਦਾ। ਚਲੇ ਚਲਾਏ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਹਰਿਜਨ ਘਾਲਣ ਰਹੇ ਘਾਲ, ਘਾਲੀ ਘਾਲ ਲੇਖੇ ਲਾਇੰਦਾ। ਮਸਤਕ ਦੀਪਕ ਵੇਖੇ ਥਾਲ, ਗਗਨ ਗਗਨੰਤਰ ਪੜਦਾ ਲਾਹਿੰਦਾ । ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਪੁਰਖ ਕਰਤਾਰ, ਕੁਦਰਤ ਆਪ ਰੰਗਾਈਆ। ਚਾਰ ਵਰਨ ਕਰੇ ਪਿਆਰ, ਜ਼ਾਤ ਪਾਤ ਨਾ ਕੋਇ ਰਖਾਈਆ। ਏਕਾ ਮੰਦਰ ਖੋਲ੍ਹ ਦੁਆਰ, ਊਚਾਂ ਨੀਚਾਂ ਲਏ ਮਿਲਾਈਆ। ਏਕਾ ਡੰਕਾ ਅਗੰਮ ਅਪਾਰ, ਅਲੱਖ ਅਗੋਚਰ ਆਪ ਸੁਣਾਈਆ। ਏਕਾ ਨਾਦ ਜੈ ਜੈਕਾਰ, ਏਕਾ ਸ਼ਬਦ ਕਰੇ ਪੜ੍ਹਾਈਆ। ਏਕਾ ਇਸ਼ਟ ਗਿਰਵਰ ਗਿਰਧਾਰ, ਰਘਪਤ ਰਘਵੰਸ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸਤਿਜੁਗ ਦੀਪਕ ਜਾਏ ਜਗ, ਕਲਜੁਗ ਅਗਿਆਨ ਅੰਧੇਰ ਗਵਾਇੰਦਾ। ਕਰੇ ਖੇਲ ਸੂਰਾ ਸਰਬੱਗ, ਬਲ ਆਪਣਾ ਆਪ ਧਰਾਇੰਦਾ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਘਰ ਮੰਦਰ ਇਕ ਸੁਹਾਇੰਦਾ। ਸਤਿ ਸੰਤੋਖੀ ਬੰਨ੍ਹੇ ਤਗ, ਜਤ ਸਤਿ ਆਪਣੇ ਹੱਥ ਵਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਬੰਧਨ ਪਾਇੰਦਾ। ਵਿਸ਼ਨੂੰ ਵੇਖੇ ਵਿਸ਼ਵ ਯਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਸੰਸਾਰ, ਸਤਿਗੁਰ ਪੂਰਾ ਆਪ ਚਲਾਈਆ। ਸਤਿਜੁਗ ਸਤਿ ਸਤਿ ਵਰਤਾਰ, ਸਾਂਤਕ ਸਤਿ ਦਏ ਕਰਾਈਆ। ਬ੍ਰਹਮ ਮਤ ਕਰ ਪਸਾਰ, ਮਨ ਮਤ ਦਏ ਗਵਾਈਆ। ਜੀਵ ਜੰਤ ਜੈ ਜੈਕਾਰ, ਨੌਂ ਖੰਡ ਪ੍ਰਿਥਮੀ ਢੋਲਾ ਗਾਈਆ। ਚਾਰ ਵਰਨ ਕਰੇ ਨਿਮਸਕਾਰ, ਇਸ਼ਟ ਦੇਵ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਨਿਰੰਕਾਰ, ਏਕਾ ਏਕ ਲਗਾਇੰਦਾ। ਸਤਿਜੁਗ ਸਾਚਾ ਕਰੇ ਵਿਹਾਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਏਕਾ ਮੰਦਰ ਕਰ ਤਿਆਰ, ਹਰਿ ਮੰਦਰ ਵਡ ਵਡਿਆਇੰਦਾ। ਨਾਰੀ ਪੁਰਖ ਦਏ ਆਧਾਰ, ਪੁਰਖ ਪੁਰਖੋਤਮ ਖੇਲ ਕਰਾਇੰਦਾ। ਏਕਾ ਵਣਜ ਕਰਾਏ ਵਾਪਾਰ, ਹਰਿ ਜੂ ਸਾਚਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਇੰਦਾ। ਸਾਚਾ ਮਾਰਗ ਇਕੋ ਰਾਹ, ਚਾਰ ਵਰਨ ਜਣਾਈਆ। ਊਚਾਂ ਨੀਚਾਂ ਬਣ ਮਲਾਹ, ਰਾਓ ਰੰਕਾਂ ਲਏ ਤਰਾਈਆ। ਏਕਾ ਨਾਮ ਦਏ ਸਲਾਹ, ਸੋਹੰ ਸਾਚਾ ਢੋਲਾ ਗਾਈਆ। ਏਕਾ ਏਕ ਪਕੜੇ ਬਾਂਹ, ਫੜ ਬਾਂਹੋਂ ਪਾਰ ਕਰਾਈਆ। ਇਕ ਵਖਾਏ ਸੱਚਾ ਥਾਂ, ਦਰਗਹਿ ਸਾਚੀ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਈਆ। ਸਤਿਜੁਗ ਪਾਏ ਸਾਚਾ ਬੰਧਨ, ਬੰਦੀ ਛੋੜ ਦਇਆ ਕਮਾਈਆ। ਮਸਤਕ ਟਿੱਕਾ ਲਾਏ ਚੰਦਨ, ਨਿੰਮ ਵਾਸਨਾ ਦਏ ਕਢਾਈਆ। ਕਰੇ ਖੇਲ ਸਰਬ ਬਖ਼ਸ਼ੰਦਨ, ਪੱਤਤ ਪਾਪੀ ਲਏ ਤਰਾਈਆ। ਲੇਖਾ ਜਾਣੇ ਤ੍ਰੈਲੋਕੀ ਨੰਦਨ, ਅਨੰਦ ਅਨੰਦ ਰੂਪ ਵਟਾਈਆ। ਭੇਵ ਖੁਲ੍ਹਾਏ ਬ੍ਰਹਿਮੰਡ ਖੰਡ ਜੇਰਜ ਅੰਡਨ, ਅੰਡਜ ਜੇਰਜ ਵੇਖ ਵਖਾਈਆ। ਦੋ ਜਹਾਨਾਂ ਏਕਾ ਛੰਦਨ, ਸੋਹੰ ਗੀਤ ਗੀਤ ਅਲਾਈਆ। ਭਗਤ ਭਗਵੰਤ ਕਰੇ ਬੰਦਨ, ਦੋਏ ਜੋੜ ਸੀਸ ਝੁਕਾਈਆ। ਜਗਤ ਵਿਕਾਰਾ ਕਰੇ ਖੰਡਨ, ਨਾਮ ਖੰਡਾ ਇਕ ਚਮਕਾਈਆ। ਪਰਗਟ ਹੋ ਵਿਚ ਵਰਭੰਡਨ, ਝੂਠੀ ਭੰਡੀ ਦਏ ਮੁਕਾਈਆ। ਜਨ ਭਗਤਾਂ ਆਪੇ ਆਏ ਸੱਦਨ, ਨਿਰਗੁਣ ਘਰ ਘਰ ਫੇਰਾ ਪਾਈਆ। ਪਾਰ ਕਿਨਾਰਾ ਕਰੇ ਹੱਦਨ, ਹੱਦ ਮਹਿਦੂਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਸਾਚਾ ਸਾਖਆਤ, ਹਰਿ ਲੋਕਮਾਤ ਪਰਗਟਾਇੰਦਾ। ਧਰਨੀ ਧਰਤ ਧਵਲ ਦੇਵੇ ਦਾਤ, ਦਾਤਾ ਦਾਨੀ ਝੋਲੀ ਆਪ ਭਰਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਚਾਰ ਵਰਨ ਸੁਣਾਏ ਏਕਾ ਪੂਜਾ ਪਾਠ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਏਕਾ ਘਾਟ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਮੇਲਾ ਕਮਲਾਪਾਤ, ਕਵਲ ਨੈਣ ਨਜ਼ਰੀ ਆਇੰਦਾ। ਏਕਾ ਬ੍ਰਹਮ ਏਕਾ ਜ਼ਾਤ, ਏਕਾ ਪਾਰਬ੍ਰਹਮ ਵਖਾਇੰਦਾ। ਏਕਾ ਬੈਠਾ ਰਹੇ ਇਕਾਂਤ, ਮਹੱਲ ਅਟੱਲ ਸੋਭਾ ਪਾਇੰਦਾ। ਏਕਾ ਪੁਛਣਹਾਰਾ ਵਾਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਲੇਖਾ ਲਿਖੇ ਬਿਨ ਕਲਮ ਦਵਾਤ, ਲਿਖ ਲਿਖ ਲੇਖ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕ ਆਪ ਵਜਾਇੰਦਾ। ਸਾਚਾ ਡੰਕ ਦਏ ਵਜਾ, ਵਜਾਵਣਹਾਰਾ ਇਕ ਅਖਵਾਈਆ। ਰਾਓ ਰੰਕ ਦਏ ਉਠਾ, ਰਾਜ ਰਾਜਾਨ ਦਏ ਸੁਣਾਈਆ। ਭਗਤ ਭਗਵੰਤ ਲਏ ਜਣਾ, ਭਗਵਨ ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਦਏ ਚੁਕਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਤ ਧਰਾਈਆ। ਸਤਿਜੁਗ ਸਾਚਾ ਮਾਤ ਧਰ, ਧਰ ਧਰ ਖ਼ੁਸ਼ੀ ਮਨਾਇੰਦਾ। ਦੇਵਣਹਾਰਾ ਏਕਾ ਵਰ, ਵਰ ਦਾਤਾ ਦਇਆ ਕਮਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਕਲਜੁਗ ਵੇਖ ਹੰਕਾਰੀ ਗੜ੍ਹ, ਜੂਠਾ ਝੂਠਾ ਡੇਰਾ ਢਾਹਿੰਦਾ। ਜਨ ਭਗਤਾਂ ਫੜਾਏ ਆਪਣਾ ਲੜ, ਸਾਚਾ ਪੱਲੂ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਲੋਕਮਾਤ, ਚਾਰ ਵਰਨ ਵਰਨ ਸਰਨਾਈਆ। ਨਿਰਗੁਣ ਨਿਰਾਕਾਰ ਬੰਧਾਏ ਨਾਤ, ਸਾਕਾਰ ਜੋੜ ਜੁੜਾਈਆ। ਬਣ ਮਲਾਹ ਲਾਏ ਘਾਟ, ਬੇੜਾ ਆਪਣੇ ਕੰਧ ਉਠਾਈਆ। ਆਤਮ ਸੇਜਾ ਵਖਾਏ ਸਾਚੀ ਖਾਟ, ਆਸਣ ਸਿੰਘਾਸਣ ਦਏ ਵਡਿਆਈਆ। ਜੂਠ ਝੂਠ ਮੁੱਕੇ ਵਾਟ, ਸਚ ਸੁੱਚ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਦਏ ਸਰਨਾਈਆ। ਚਾਰ ਵਰਨ ਏਕਾ ਸਰਨਗਤ, ਸਰਨ ਸਰਨਾਈ ਹਰਿ ਰਖਾਇੰਦਾ। ਚਾਰ ਵਰਨ ਏਕਾ ਮਤ, ਮਿੱਤਰ ਪਿਆਰਾ ਆਪ ਸਮਝਾਇੰਦਾ। ਚਾਰ ਵਰਨ ਏਕਾ ਤੱਤ, ਤੱਤਵ ਤੱਤ ਰੂਪ ਧਰਾਇੰਦਾ। ਚਾਰ ਵਰਨ ਏਕਾ ਹੱਟ, ਬਣ ਵਣਜਾਰਾ ਹੱਟ ਖੁਲ੍ਹਾਇੰਦਾ। ਚਾਰ ਵਰਨ ਏਕਾ ਗਾਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਚਾਰ ਵਰਨ ਏਕਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਚਾਰ ਵਰਨ ਏਕਾ ਸਾਕ, ਸੱਜਣ ਸੈਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਡੋਰ ਆਪ ਬੰਧਾਇੰਦਾ। ਸਾਚੀ ਡੋਰ ਬੰਧਨ ਪਾ, ਚਾਰ ਵਰਨ ਕਰੇ ਕੁੜਮਾਈਆ। ਸਾਚਾ ਮੰਦਰ ਦਏ ਵਖਾ, ਬੰਕ ਦੁਆਰਾ ਦਏ ਵਡਿਆਈਆ। ਸਾਚੇ ਅੰਦਰ ਦਏ ਬਹਾ, ਦੂਈ ਦਵੈਤੀ ਪੜਦਾ ਦਏ ਮਿਟਾਈਆ। ਸਾਚਾ ਛੰਦ ਦਏ ਸੁਣਾ, ਬਿਨ ਰਸਨਾ ਜਿਹਵਾ ਗਾਈਆ। ਸਾਚਾ ਅਨੰਦ ਦਏ ਦਰਸਾ, ਅਨੰਦ ਅਨੰਦ ਵਿਚ ਰਖਾਈਆ। ਸਾਚਾ ਚੰਦ ਦਏ ਚੜ੍ਹਾ, ਨੂਰੀ ਜੋਤ ਜੋਤ ਰੁਸ਼ਨਾਈਆ। ਸਾਚਾ ਖੰਡਾ ਦਏ ਚਮਕਾ, ਨਾਮ ਨਿਧਾਨਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਸਾਚਾ ਮਾਰਗ ਵੇਖੇ ਸਤਿਜੁਗ, ਸਤਿ ਸਤਿਵਾਦੀ ਦਇਆ ਕਮਾਇੰਦਾ। ਪੁਰਖ ਅਕਾਲ ਆਪੇ ਉਠ, ਪਾਰਬ੍ਰਹਮ ਖੇਲ ਕਰਾਇੰਦਾ। ਭਗਤਾਂ ਉਪਰ ਆਪੇ ਤੁਠ, ਆਪਣਾ ਸੰਗ ਰਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਏਕਾ ਮੁੱਠ, ਆਪਣੀ ਵੰਡਣ ਆਪ ਵੰਡਾਇੰਦਾ। ਬਾਕੀ ਸਭ ਦਾ ਗਲ ਦੇਵੇ ਘੁੱਟ, ਅੱਗੇ ਹੋ ਨਾ ਕੋਇ ਛੁਡਾਇੰਦਾ। ਦੋ ਜਹਾਨਾਂ ਜੜ ਦੇਵੇ ਪੁੱਟ, ਲੋਕਮਾਤ ਫੇਰ ਨਾ ਕੋਇ ਲਗਾਇੰਦਾ। ਡੂੰਘੇ ਖਾਤੇ ਦੇਵੇ ਸੁੱਟ, ਸ਼ੌਹ ਦਰਿਆ ਆਪ ਰੁੜ੍ਹਾਇੰਦਾ। ਹਰਿਜਨ ਵੇਖੇ ਸਾਚੇ ਸੁਤ, ਸੁਤ ਬਾਲੇ ਆਪ ਜਗਾਇੰਦਾ। ਆਪ ਜਣਾਏ ਆਪਣੀ ਰੁੱਤ, ਰੁੱਤ ਬਸੰਤੀ ਆਪ ਲਹਿਰਾਇੰਦਾ। ਲੇਖਾ ਜਾਣੇ ਕਾਇਆ ਬੁੱਤ, ਪੰਚਮ ਤੱਤ ਜੋੜ ਜੁੜਾਇੰਦਾ। ਆਤਮ ਪਰਮਾਤਮ ਵਿਚੋਂ ਪਏ ਫੁੱਟ, ਪਰਮਾਤਮ ਆਤਮ ਆਪਣਾ ਰੰਗ ਰੰਗਾਇੰਦਾ। ਆਦਿ ਅੰਤ ਕੱਢਣਹਾਰਾ ਝੂਠਾ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਚਾਰ ਵਰਨ ਦੱਸੇ ਏਕਾ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਦੋ ਜਹਾਨਾਂ ਚੌਦਾਂ ਲੋਕਾਂ, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਏਕਾ ਸਤਿਗੁਰ ਬਹੁਤ, ਦੂਜਾ ਗੁਰੂ ਕੰਮ ਕਿਸੇ ਨਾ ਆਇੰਦਾ । ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਕ ਬਣਾਏ ਕਿਲਾ ਕੋਟ, ਕੋਟਨ ਕੋਟ ਬ੍ਰਹਿਮੰਡ ਆਪਣੇ ਚਰਨਾਂ ਹੇਠ ਰਖਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਜਗਾਏ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਗਲ ਆਪੇ ਗਾਇੰਦਾ। ਸਾਚਾ ਮੰਗਲ ਗਾਏ ਗੀਤ, ਗਾਵਣਹਾਰਾ ਇਕ ਅਖਵਾਇੰਦਾ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੱਖ ਚੁਰਾਸੀ ਪਰਖੇ ਨੀਤ, ਘਟ ਘਟ ਆਸਣ ਲਾਇੰਦਾ। ਲੇਖਾ ਜਾਣੇ ਪਤਿਤ ਪੁਨੀਤ, ਪੱਤਤ ਪਾਵਣ ਦਇਆ ਕਮਾਇੰਦਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਨੇਤਰ ਨੈਣ ਨਾ ਕੋਇ ਮਿਲਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਜੋਤ ਰਖਾਇੰਦਾ। ਜਨ ਭਗਤਾਂ ਬਣੇ ਸਾਚਾ ਮੀਤ, ਜੁਗ ਜੁਗ ਆਪਣੇ ਅੰਗ ਲਗਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਕੌੜਾ ਰੀਠਾ ਭੰਨ ਵਖਾਇੰਦਾ। ਨਵ ਨੌਂ ਚਾਰ ਸੁੱਤਾ ਰਿਹਾ ਦੇ ਕਰ ਪੀਠ, ਕਲਜੁਗ ਅੰਤ ਆਪਣੀ ਕਰਵਟ ਆਪ ਬਦਲਾਇੰਦਾ। ਵਸਣਹਾਰਾ ਧਾਮ ਅਨਡੀਠ, ਲੋਕਮਾਤ ਵੇਖ ਵਖਾਇੰਦਾ । ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਆਪ ਸਮਝਾਇੰਦਾ । ਚਾਰ ਵਰਨ ਇਕ ਗਿਆਨ, ਹਰਿ ਸ਼ਬਦੀ ਸ਼ਬਦ ਜਣਾਈਆ। ਚਾਰ ਵਰਨ ਇਕ ਧਿਆਨ, ਇਸ਼ਟ ਦੇਵ ਗੁਰ ਏਕਾ ਨਜ਼ਰੀ ਆਈਆ। ਚਾਰ ਵਰਨ ਏਕਾ ਮਾਣ, ਏਕਾ ਮੰਦਰ ਦਏ ਬਹਾਈਆ। ਚਾਰ ਵਰਨ ਇਕ ਨਿਸ਼ਾਨ, ਸਤਿ ਨਿਸ਼ਾਨਾ ਦਏ ਵਖਾਈਆ। ਚਾਰ ਵਰਨ ਏਕਾ ਕਾਹਨ, ਏਕਾ ਨਾਦ ਦਏ ਵਜਾਈਆ। ਚਾਰ ਵਰਨ ਏਕਾ ਬਾਣ, ਤੀਰ ਨਿਰਾਲਾ ਆਪ ਚਲਾਈਆ। ਚਾਰ ਵਰਨ ਇਕ ਮਹਿਮਾਨ, ਆਪ ਆਪਣਾ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਲੇਖਾ ਆਪ ਜਣਾਈਆ। ਚਾਰ ਵਰਨ ਏਕਾ ਲੇਖਾ, ਲਿਖਣ ਹਾਰ ਆਪ ਹੋ ਜਾਇੰਦਾ। ਚਾਰ ਵਰਨ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ । ਚਾਰ ਵਰਨ ਵੇਖੇ ਰੇਖਾ, ਵੇਖਣਹਾਰਾ ਦਿਸ ਨਾ ਆਇੰਦਾ। ਚਾਰ ਵਰਨ ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸਾ, ਕੇਸਵ ਆਪਣੀ ਖੇਲ ਕਰਾਇੰਦਾ। ਚਾਰ ਵਰਨ ਸੇਵਾ ਕਰੇ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਆਪਣੀ ਧਾਰ ਚਲਾਇੰਦਾ। ਚਾਰ ਵਰਨ ਆਤਮ ਪਰਮਾਤਮ ਪੇਸ਼ਾ, ਸਾਚੀ ਬਣਤ ਆਪ ਸਮਝਾਇੰਦਾ। ਚਾਰ ਵਰਨ ਇਕ ਆਦੇਸਾ, ਨਰ ਨਰੇਸ਼ਾ ਏਕਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਇੰਦਾ। ਚਾਰ ਵਰਨ ਪੜਦਾ ਚੁੱਕ, ਚਾਰ ਕੁੰਟ ਜਣਾਈਆ। ਨਜ਼ਰ ਆਏ ਜੋ ਬੈਠਾ ਲੁਕ, ਆਪਣਾ ਰੂਪ ਦਰਸਾਈਆ। ਨਿਰਗੁਣ ਸ਼ੇਰ ਪਏ ਬੁੱਕ, ਸਾਚੀ ਭਬਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦਏ ਕਰਾਈਆ। ਚਾਰ ਵਰਨ ਕਰੇ ਚੇਤਨ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਲੱਖ ਚੁਰਾਸੀ ਵੇਖੇ ਖੇਤਨ, ਵਡ ਕਿਰਸਾਣਾ ਬੇਪਰਵਾਹੀਆ। ਦੂਰ ਦੁਰਾਡਾ ਵਸੇ ਨੇਤ ਨੇਤਨ, ਨਿਝ ਘਰ ਆਪਣਾ ਆਸਣ ਲਾਈਆ। ਊਚਾਂ ਨੀਚਾਂ ਕਰੇ ਹੇਤਨ, ਰਾਓ ਰੰਕ ਲਏ ਮਿਲਾਈਆ। ਆਪਣਾ ਦੱਸਣ ਆਇਆ ਭੇਤਨ, ਪੜਦਾ ਮਾਤ ਚੁਕਾਈਆ। ਹਰਿਜਨ ਰੱਖੇ ਸਾਇਆ ਹੇਠਨ, ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਅਚਰਜ ਖੇਲ ਰਿਹਾ ਵਰਤਾ, ਹਰਿ ਹਰਿ ਭੇਵ ਕੋਇ ਨਾ ਪਾਇੰਦਾ। ਕਲਜੁਗ ਕੂੜਾ ਰਿਹਾ ਮੁਕਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਪਿਛਲਾ ਲਹਿਣਾ ਰਿਹਾ ਚੁਕਾ, ਅੱਗੇ ਆਪਣਾ ਹੁਕਮ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਸਹਾ, ਸਹਾਇਕ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਆਪ ਅਲਾਇੰਦਾ। ਆਪਣਾ ਰਾਗ ਅਲਾਏ ਰਾਗੀ, ਏਕਾ ਰਾਗ ਜਣਾਈਆ। ਦੋ ਜਹਾਨਾਂ ਬਣ ਤਿਆਗੀ, ਕਰੇ ਖੇਲ ਬੇਪਰਵਾਹੀਆ। ਬਿਰਹੋਂ ਵਿਛੋੜੇ ਬਣ ਵੈਰਾਗੀ, ਜਨ ਭਗਤਾਂ ਰਿਹਾ ਧਿਆਈਆ। ਨਿਰਗੁਣ ਵਰਤੇ ਸੁਵਾਂਗ ਆਪਣਾ ਸੁਵਾਂਗੀ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਰੂਪ ਵਟਾਏ ਏਕੰਕਾਰਾ, ਅਕਥ ਕਲਾ ਵਡਿਆਈਆ। ਸਤਿਜੁਗ ਸਾਚਾ ਕਰੇ ਪਸਾਰਾ, ਲੋਕਮਾਤ ਮਾਤ ਧਰਾਈਆ। ਏਕਾ ਨਾਦ ਸ਼ਬਦ ਜੈਕਾਰਾ, ਜੈ ਜੈਕਾਰ ਦਏ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖ਼ਬਰਦਾਰਾ, ਆਲਸ ਨਿੰਦਰਾ ਦਏ ਗਵਾਈਆ। ਸਾਲਸ ਬਣ ਆਪ ਨਿਰੰਕਾਰਾ, ਸਚ ਸਾਲਸੀ ਲਏ ਕਮਾਈਆ। ਲਹਿਣਾ ਦੇਣਾ ਚੁੱਕੇ ਵਿਚ ਸੰਸਾਰਾ, ਲੋਕ ਪਰਲੋਕ ਵੇਖੇ ਥਾਉਂ ਥਾਈਂਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਲਿਖ ਲਿਖ ਲੇਖਾ ਲਿਖਾਇਆ ਵਿਚ ਸੰਸਾਰਾ, ਬਣ ਬਣ ਕਾਤਬ ਸੱਚਾ ਮਾਹੀਆ। ਅੰਤਮ ਕਰੇ ਪਾਰ ਕਿਨਾਰਾ, ਆਪਣੇ ਘਾਟ ਦਏ ਬਹਾਈਆ। ਇਕੋ ਵਣਜ ਇਕ ਵਣਜਾਰਾ, ਏਕਾ ਹਰਿ ਜੂ ਫੇਰਾ ਪਾਈਆ। ਏਕਾ ਵਸਤ ਰੱਖੇ ਹਰਿ ਥਾਰਾ, ਥਿਰ ਘਰ ਆਪਣੀ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੰਦੀ ਤੰਦ ਹਿਲਾਈਆ। ਏਕਾ ਤੰਦੀ ਏਕਾ ਤੰਦ, ਤਾਰ ਸਿਤਾਰ ਆਪ ਹਿਲਾਇੰਦਾ। ਲੇਖਾ ਜਾਣੇ ਬੱਤੀ ਦੰਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਚਾਰ ਵਰਨ ਦਾ ਇਕੋ ਛੰਦ, ਸੋਹੰ ਸੋਹਲਾ ਆਪ ਸੁਣਾਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਸਾਚੀ ਗੰਢ ਆਪ ਪੁਵਾਇੰਦਾ। ਜਨ ਭਗਤਾਂ ਅੰਤਰ ਪਾਵੇ ਠੰਡ, ਤ੍ਰੈਗੁਣ ਅਗਨੀ ਤੱਤ ਬੁਝਾਇੰਦਾ। ਸੁਰਤ ਸਵਾਣੀ ਨਾਰ ਦੁਹਾਗਣ ਨਾ ਹੋਏ ਰੰਡ, ਹਰਿ ਜੂ ਕੰਤ ਭਗਵੰਤ ਆਪਣੀ ਗੋਦ ਸੁਹਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਦੋ ਜਹਾਨਾਂ ਏਕਾ ਵੰਡ, ਸਾਚੀ ਵਸਤ ਝੋਲੀ ਪਾਇੰਦਾ। ਚਿਲਾ ਤੀਰ ਕਮਾਨ ਉਠਾਏ ਇਕ ਕਮੰਦ, ਬਲਧਾਰੀ ਆਪਣਾ ਬਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਦਇਆ ਕਮਾਏ, ਆਪਣਾ ਪੜਦਾ ਆਪ ਉਠਾਈਆ। ਗੁਰਮੁਖ ਜਗਾਏ ਲਏ ਮਿਲਾਏ, ਆਪ ਆਪਣੇ ਅੰਗ ਲਗਾਈਆ। ਨੈਣ ਖੁਲ੍ਹਾਏ ਦਰਸ ਕਰਾਏ, ਸਵੱਛ ਸਰੂਪੀ ਰੂਪ ਵਟਾਈਆ। ਨਿਹਕਲੰਕ ਅਖਵਾਏ ਡੰਕ ਵਜਾਏ, ਡੌਰੂ ਡੰਕੇ ਸਭ ਦੇ ਬੰਦ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕੁਰਲਾਏ, ਕਰੋੜ ਤੇਤੀਸਾ ਹਾਏ ਹਾਏ, ਦੋਏ ਜੋੜ ਸਰਨਾਈਆ। ਗੁਰ ਅਵਤਾਰ ਰਾਹ ਤਕਾਏ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਏ, ਚਰਨ ਸਰਨ ਸਰਨ ਚਰਨ ਮੰਗਣ ਸਰਨਾਈਆ। ਗੁਰਮੁਖ ਵਿਰਲਾ ਖ਼ੁਸ਼ੀ ਮਨਾਏ, ਲੋਕਮਾਤ ਜਿਸ ਨਜ਼ਰੀ ਆਈਆ। ਲੱਖ ਚੁਰਾਸੀ ਅਗਨ ਤਪਾਏ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਬਿਨਾਸ਼ੀ ਖੇਲ ਕਰਾਏ, ਘਟ ਘਟ ਵਾਸੀ ਫੇਰਾ ਪਾਈਆ। ਸੰਤ ਸੁਹੇਲੇ ਲਏ ਤਰਾਏ, ਤਾਰਨਹਾਰ ਦਇਆ ਕਮਾਈਆ। ਪੂਰਬ ਲਹਿਣਾ ਲਏ ਮੁਕਾਏ, ਭਗਤ ਸਿੰਘ ਭਗਵਾਨ ਏਕਾ ਰੂਪ ਵਖਾਈਆ । ਸੁਤ ਦੁਲਾਰੇ ਨਾਲ ਮਿਲਾਏ, ਬੰਸ ਸਰਬੰਸ ਪਾਰ ਕਰਾਏ, ਸਾਚੀ ਅੰਸ ਆਪ ਬਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਕੋਟਾਂ ਵਿਚੋਂ ਹਰਿਜਨ ਸਾਚੇ ਆਪ ਤਰਾਏ, ਤਾਰਨਹਾਰਾ ਆਪਣੀ ਸੇਵ ਕਮਾਈਆ। ਈੜੀ ਇਸ਼ਟ ਇਕ ਹੋ ਜਾਏ, ਟੈਂਕਾ ਟੱਲ ਨਾਮ ਖੜਕਾਏ, ਰਾਰਾ ਰਾਮ ਰੂਪ ਨਜ਼ਰੀ ਆਏ, ਸੱਸਾ ਸਤਿਗੁਰ ਸੱਚਾ ਫੇਰਾ ਪਾਏ, ਬਿਹਾਰੀ ਨਾਰੀ ਗੋਦ ਬਹਾਏ, ਇਟਾਰਸੀ ਆਪਣਾ ਚਰਨ ਛੁਹਾਈਆ।
