੧੯ ਮਾਘ ੨੦੧੮ ਬਿਕ੍ਰਮੀ ਧਰਮ ਚੰਦ ਦੇ ਗ੍ਰਹਿ ਬਾਲੇ ਵਾਲਾ ਜੰਮੂ
ਸਰਗੁਣ ਕਹੇ ਨਿਰਗੁਣ ਮੇਲਾ, ਮੇਲਣਹਾਰ ਆਪ ਨਿਰੰਕਾਰ। ਨਿਰਗੁਣ ਕਹੇ ਸਰਗੁਣ ਚੇਲਾ, ਚੇਲਾ ਗੁਰ ਰੂਪ ਅਵਤਾਰ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲਾ, ਆਦਿ ਜੁਗਾਦੀ ਮੀਤ ਮੁਰਾਰ। ਨਿਰਗੁਣ ਕਹੇ ਸਰਗੁਣ ਸੋਹੇ ਵੇਲਾ, ਥਿਤ ਵਾਰ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਆਪਾਰ। ਨਿਰਗੁਣ ਕਹੇ ਸਰਗੁਣ ਬਲ, ਬਲਧਾਰੀ ਆਪ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤ ਜਾਵਾਂ ਰਲ, ਆਪਾ ਆਪ ਗਵਾਇੰਦਾ। ਨਿਰਗੁਣ ਕਹੇ ਮੈਂ ਆਦਿ ਜੁਗਾਦਿ ਅਛਲ ਅਛੱਲ, ਮੇਰਾ ਭੇਵ ਕੋਇ ਨਾ ਪਾਇੰਦਾ। ਸਰਗੁਣ ਕਹੇ ਮੈਂ ਤੇਰਾ ਦੁਆਰਾ ਲੈਣਾ ਮੱਲ, ਤੁਧ ਬਿਨ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਨਿਰਗੁਣ ਕਹੇ ਸਰਗੁਣ ਸਾਥ, ਸਗਲਾ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਪੂਜਾ ਪਾਠ, ਅੱਖਰ ਵੱਖਰ ਪੜ੍ਹਾਈਆ। ਨਿਰਗੁਣ ਕਹੇ ਮੈਂ ਵਸਾਂ ਹਰ ਘਾਟ, ਘਟ ਘਟ ਡੇਰਾ ਲਾਈਆ। ਸਰਗੁਣ ਕਹੇ ਮੈਨੂੰ ਤੇਰੀ ਆਸ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਸਰਗੁਣ ਕਹੇ ਨਿਰਗੁਣ ਮੀਤ, ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਕਹੇ ਸਰਗੁਣ ਅਨਡੀਠ, ਦਰ ਤੇਰੇ ਸੋਭਾ ਪਾਈਆ। ਆਦਿ ਜੁਗਾਦਿ ਅਵੱਲੜੀ ਰੀਤ, ਹਰਿ ਸਾਚਾ ਸਚ ਚਲਾਈਆ । ਸਰਗੁਣ ਸੁਣਾਏ ਸੁਹਾਗੀ ਗੀਤ, ਨਿਰਗੁਣ ਆਪ ਅਲਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਿਰਗੁਣ ਆਪਣਾ ਭੇਵ ਖੋਲ੍ਹ, ਸਰਗੁਣ ਬੂਝ ਬੁਝਾਇੰਦਾ। ਦੇਵੇ ਦਰਸ ਦਰਸ ਅਨਮੋਲ, ਹਰਿਜਨ ਆਪ ਜਗਾਇੰਦਾ। ਕਾਇਆ ਮੰਦਰ ਅੰਦਰ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਦਿਵਸ ਰੈਣ ਪਰਭਾਤ ਸੰਧਿਆ ਕਰੇ ਚੋਲ੍ਹ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਮਿਹਰ ਆਪ ਕਰਾਇੰਦਾ। ਕਰੇ ਮਿਹਰ ਸ੍ਰੀ ਭਗਵਾਨ, ਭਗਤਨ ਮਾਣ ਰਖਾਈਆ। ਸਾਚੇ ਸੰਤਾਂ ਦੇਵੇ ਨਾਮ ਨਿਧਾਨ, ਨਿਝ ਆਤਮ ਕਰੇ ਰਸਾਈਆ। ਗੁਰਮੁਖ ਸੱਜਣ ਮੇਲੇ ਆਣ, ਜਗਤ ਵਿਛੋੜਾ ਪੰਧ ਮੁਕਾਈਆ। ਹਰਿਜਨ ਮੇਲਾ ਦੋ ਜਹਾਨ, ਏਥੇ ਓਥੇ ਹੋਏ ਸਹਾਈਆ। ਏਕਾ ਨਾਦ ਸ਼ਬਦ ਧੁੰਨਕਾਨ, ਬਣ ਵੈਰਾਗੀ ਆਪ ਸੁਣਾਈਆ। ਗੁਰਸਿਖ ਸੋਹੰ ਢੋਲਾ ਗਾਣ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਮੇਲਾ ਚਾਓ ਚਾਈਂਆ। ਸਰਗੁਣ ਮੇਲਾ ਚਾਓ ਘਨੇਰਾ, ਘਰ ਘਰ ਖੇਲ ਕਰਾਇਆ। ਨਿਰਗੁਣ ਵਸਣਹਾਰਾ ਦੂਰ ਨੇਰਾ, ਨੇਰਨ ਨੇਰਾ ਆਪਣਾ ਪੰਧ ਮੁਕਾਇਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਸਿਰ ਆਪਣੇ ਭਾਰ ਉਠਾਇਆ। ਹਰਿਜਨ ਤੇਰਾ ਵਸੇ ਖੇੜਾ, ਬੰਕ ਦੁਆਰਾ ਆਪ ਸੁਹਾਇਆ । ਅੰਤਮ ਕਰੇ ਹੱਕ ਨਿਬੇੜਾ, ਨਿਰਗੁਣ ਦਾਤਾ ਬੇਪਰਵਾਹਿਆ। ਜਮ ਕੀ ਫਾਸੀ ਕੱਟੇ ਜੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਹੋਏ ਸਹਾਇਆ। ਤੇਰਾ ਸਹਾਈ ਸਦਾ ਪ੍ਰਭ, ਜੁਗ ਜੁਗ ਸੇਵ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੱਭ ਲੱਭ, ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤ ਹੋ ਪਰਗਟ, ਸਾਚੀ ਖੇਲ ਵਖਾਇੰਦਾ। ਭਗਤ ਦੁਆਰਾ ਖੋਲ੍ਹ ਹੱਟ, ਏਕਾ ਵਣਜ ਕਰਾਇੰਦਾ। ਗੁਰਮੁਖ ਲਾਹਾ ਲੈਣ ਖੱਟ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਆਪ ਉਠਾਇੰਦਾ। ਮਾਰੇ ਨਜ਼ਰ ਬੇਨਜ਼ੀਰ, ਨਿਰਗੁਣ ਨੈਣ ਨੈਣ ਉਠਾਈਆ । ਸ਼ਾਹ ਪਾਤਸ਼ਾਹ ਵਡ ਪੀਰਨ ਪੀਰ, ਪੀਤ ਪਤੰਬਰ ਸੀਸ ਸੁਹਾਈਆ। ਹਰਿਜਨ ਵੇਖੇ ਅੰਤ ਅਖ਼ੀਰ, ਆਖ਼ਰ ਆਪਣੀ ਦਇਆ ਕਮਾਈਆ। ਮਾਇਆ ਮਮਤਾ ਕੱਟ ਜ਼ੰਜੀਰ, ਸ਼ਰਅ ਬੰਧਨ ਦਏ ਤੁੜਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਏਕਾ ਰਸ ਚੁਆਈਆ। ਹਉਮੇ ਕੱਢੇ ਝੂਠੀ ਪੀੜ, ਦਵੈਤੀ ਦੁੱਖ ਰਹਿਣ ਨਾ ਪਾਈਆ। ਸਣ ਦੇਹੀ ਬੰਨ੍ਹੇ ਬੀੜ, ਅੰਤ ਕੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਈਆ। ਹਰਿਜਨ ਸਾਚੇ ਇਕੋ ਮਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਜੁਗਾਦੀ ਬ੍ਰਹਮ ਤੱਤ, ਘਟ ਘਟ ਆਸਣ ਲਾਇੰਦਾ। ਪਾਰਬ੍ਰਹਮ ਬੰਧਾਏ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਨਾਮ ਨਿਧਾਨ ਸੁਣਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾ ਨਾਥ ਦੀਨਨ ਦਇਆ ਕਮਾਇੰਦਾ। ਦੀਨ ਦਿਆਲ ਦਇਆ ਨਿਧ ਠਾਕਰ, ਗਹਿਰ ਗੰਭੀਰ ਵਡੀ ਵਡਿਆਈਆ। ਹਰਿਜਨ ਰੱਖੇ ਵਿਚੋਂ ਕਲਜੁਗ ਸਾਗਰ, ਡੂੰਘੀ ਭਵਰੀ ਫੋਲ ਫੁਲਾਈਆ। ਨਿਰਮਲ ਕਰਮ ਕਰੇ ਉਜਾਗਰ, ਦੇਵੇ ਚਰਨ ਸੱਚੀ ਸਰਨਾਈਆ। ਏਕਾ ਵਣਜ ਨਾਮ ਸੁਦਾਗਰ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਣ ਆਪ ਮਿਲਾਈਆ। ਸਾਜਣ ਮਿਲਿਆ ਹਰਿ ਹਰਿ ਧਾਰ, ਮਿਲ ਮਿਲ ਖ਼ੁਸ਼ੀ ਮਨਾਈਆ। ਗੁਰ ਗੁਰ ਸ਼ਬਦ ਕਰੇ ਪਿਆਰ, ਦਰ ਦਰ ਵੱਜੇ ਵਧਾਈਆ। ਗ੍ਰਹਿ ਗ੍ਰਹਿ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਪੁਰਖ ਪਰਖੋਤਮ ਕਰ ਪਿਆਰ, ਪੀਆ ਪ੍ਰੀਤਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਆਪਣੇ ਹੱਥ, ਸਤਿਗੁਰ ਪੂਰਾ ਆਪ ਰਖਾਇੰਦਾ। ਗੁਰਮੁਖ ਵਿਰਲੇ ਮਾਰਗ ਦੱਸ, ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਆਤਮ ਸੱਚਾ ਰਸ, ਪਰੇਮ ਪਿਆਲਾ ਇਕ ਪਿਆਇੰਦਾ । ਹਿਰਦੇ ਅੰਦਰ ਆਪੇ ਵਸ, ਆਪਣਾ ਰੰਗ ਚੜ੍ਹਾਇੰਦਾ। ਜੋਤ ਨੂਰ ਕਰ ਪਰਕਾਸ਼, ਅੰਧ ਅੰਧੇਰ ਗੁਆਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜਗਤ ਤ੍ਰਿਸਨਾ ਬੁਝੇ ਪਿਆਸ, ਸਾਂਤਕ ਸਤਿ ਸਤਿ ਵਰਤਾਇੰਦਾ। ਘਰ ਮੰਦਰ ਵਖਾਏ ਸਾਚੀ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਲਾਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਗੀਤ ਘਰ ਘਰ ਆਪੇ ਗਾਇੰਦਾ।
