੭ ਚੇਤ ੨੦੧੯ ਬਿਕ੍ਰਮੀ ਉਤਮ ਸਿੰਘ ਦੇ ਗ੍ਰਹਿ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਕਰ ਖੇਲ ਪੁਰਖ ਸਮਰਥ, ਨਿਰਗੁਣ ਆਪਣੀ ਧਾਰ ਚਲਾਇੰਦਾ। ਸਚਖੰਡ ਦੁਆਰੇ ਆਪੇ ਵਸ, ਜੋਤੀ ਜੋਤ ਡਗਮਗਾਇੰਦਾ। ਆਪਣੀ ਇਛਿਆ ਆਪੇ ਕਰ ਕਰ ਵੱਖ, ਆਪਣੀ ਵੰਡਣ ਆਪ ਵੰਡਾਇੰਦਾ। ਥਿਰ ਘਰ ਦੁਆਰੇ ਸ਼ਬਦੀ ਰੱਖ, ਸ਼ਾਹ ਸੁਲਤਾਨਾ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਦੇਵੇ ਰਸ, ਰਸ ਰਸੀਆ ਭੇਵ ਨਾ ਆਇੰਦਾ। ਕਿਰਪਾਨਿਧ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਵੇਖਣਹਾਰਾ ਖੇਲ ਤਮਾਸ਼, ਸਾਚੀ ਰਾਸ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਰੂਪ ਆਪ ਧਰਾਇੰਦਾ। ਸ਼ਬਦੀ ਰੂਪ ਪੁਰਖ ਅਗੰਮ, ਅਗੰਮੜੀ ਕਾਰ ਕਮਾਈਆ। ਆਪਣਾ ਨੂਰ ਆਪੇ ਜੰਮ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਨਾਉਂ ਧਰਾਈਆ। ਕਰੇ ਖੇਲ ਸ੍ਰੀ ਭਗਵਾਨ, ਬੇਅੰਤ ਵਡ ਵਡਿਆਈਆ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਈਆ। ਥਿਰ ਘਰ ਦੇਵੇ ਆਪਣਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਆਦਿ ਜੁਗਾਦੀ ਨੌਜਵਾਨ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਏਕੰਕਾਰਾ ਰੰਗ ਚੜ੍ਹਾਈਆ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਵੇਖੇ ਆਣ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਮੰਗੇ ਦਾਨ, ਭਿਖਕ ਆਪਣੀ ਝੋਲੀ ਡਾਹੀਆ। ਪਾਰਬ੍ਰਹਮ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਗੁਣ ਹੁਕਮਰਾਨ, ਹੁਕਮੀ ਹੁਕਮ ਇਕ ਸੁਣਾਈਆ। ਥਿਰ ਘਰ ਵੇਖੇ ਖੋਲ੍ਹ ਦੁਕਾਨ, ਦਰ ਦਰਵਾਜ਼ਾ ਆਪ ਜਣਾਈਆ। ਸ਼ਬਦੀ ਸੁਤ ਦੇਵੇ ਮਾਣ, ਬਾਲ ਨਿਧਾਨੇ ਇਹ ਸਮਝਾਈਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਥਿਰ ਘਰ ਵੇਖੇ ਵੇਖਣਹਾਰ, ਰੂਪ ਰੰਗ ਨਾ ਕੋਇ ਜਣਾਇੰਦਾ। ਸਾਚਾ ਦੀਆ ਕਰ ਉਜਿਆਰ, ਤੇਲ ਬਾਤੀ ਨਾ ਕੋਇ ਪਾਇੰਦਾ। ਕਮਲਾਪਾਤੀ ਖੇਲ ਨਿਆਰ, ਨਰ ਨਿਰੰਕਾਰ ਆਪ ਕਰਾਇੰਦਾ। ਸਾਚੀ ਸਖੀ ਬੋਲ ਜੈਕਾਰ, ਜੈ ਜੈਕਾਰਾ ਆਪ ਸੁਣਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਰਾਹ ਚਲਾਇੰਦਾ। ਸਾਚੀ ਸਿਖਿਆ ਗੁਰ ਵਿਚਾਰ, ਗੁਰ ਗੁਰ ਬੂਝ ਬੁਝਾਇੰਦਾ। ਏਕਾ ਨਾਦ ਏਕਾ ਧੁੰਨਕਾਰ, ਏਕਾ ਏਕ ਸੁਣਾਇੰਦਾ। ਇਕ ਮਹੱਲ ਅਟੱਲ ਮੁਨਾਰ, ਏਕਾ ਆਸਣ ਲਾਇੰਦਾ। ਏਕਾ ਖੇਲ ਕਰੇ ਨਿਰੰਕਾਰ, ਨਰ ਹਰਿ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣੀ ਬਣਤ ਬਣਾਇੰਦਾ। ਥਿਰ ਘਰ ਹਰਿ ਜੂ ਘਾੜਤ ਘੜਿਆ, ਘੜਨਹਾਰ ਆਪ ਨਿਰੰਕਾਰਾ। ਸ਼ਬਦੀ ਸ਼ਬਦ ਅੰਦਰ ਵੜਿਆ, ਉਚੀ ਬੋਲ ਬੋਲ ਜੈਕਾਰਾ। ਆਪਣਾ ਦਰਸ ਆਪੇ ਕਰਿਆ, ਆਪੇ ਮੇਲਣਹਾਰਾ। ਆਪਣਾ ਪੱਲੂ ਆਪੇ ਫੜਿਆ, ਆਪੇ ਬਣੇ ਹਰਿ ਕੰਤ ਭਤਾਰਾ। ਸਾਚੀ ਸੇਜਾ ਆਪੇ ਚੜ੍ਹਿਆ, ਅਲਖ ਅਗੋਚਰ ਬੇਐਬ ਪਰਵਰਦਿਗਾਰਾ। ਸਾਚਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਖੇਲ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਕਰ ਪਸਾਰਾ। ਥਿਰ ਘਰ ਪਸਾਰਾ ਸ਼ਬਦੀ ਰੂਪ, ਅਨਭਵ ਆਪਣੀ ਖੇਲ ਕਰਾਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਪੁਰਖ ਨਿਰੰਜਣ ਵੇਸ ਵਟਾਇੰਦਾ। ਰਾਜ ਰਾਜਾਨ ਸ਼ਾਹੋ ਭੂਪ, ਭੂਪਤ ਆਪਣਾ ਹੁਕਮ ਸੁਣਾਇੰਦਾ। ਵਸਣਹਾਰਾ ਸਾਚੀ ਕੂਟ, ਨਿਹਚਲ ਆਪਣਾ ਧਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਘਰ ਆਪ ਸੁਹਾਇੰਦਾ। ਏਕਾ ਘਰ ਸੋਭਾਵੰਤ, ਥਿਰ ਦਰਬਾਰਾ ਆਪ ਸੁਹਾਈਆ। ਪੁਰਖ ਅਬਿਨਾਸ਼ੀ ਹਰਿ ਬੇਅੰਤ, ਬੇਅੰਤ ਖੇਲ ਵਖਾਈਆ। ਆਪ ਬਣਾਏ ਨਿਰਗੁਣ ਬਣਤ, ਨਿਰਗੁਣ ਵੇਖੇ ਚਾਈਂ ਚਾਈਂਆ। ਸਦਾ ਸੁਹੇਲਾ ਏਕਾ ਕੰਤ, ਕੰਤ ਕੰਤੂਹਲ ਵਡ ਵਡਿਆਈਆ। ਏਕਾ ਨਾਉਂ ਏਕਾ ਮੰਤ, ਏਕਾ ਏਕ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਹਰਿ ਜੂ ਖੜ, ਥਿਰ ਘਰ ਆਪਣੀ ਵੰਡ ਵੰਡਾਈਆ। ਥਿਰ ਘਰ ਵੰਡੇ ਹਰਿ ਕਰਤਾਰਾ, ਆਪਣੀ ਬਣਤ ਆਪ ਬਣਾਇੰਦਾ। ਕਰੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਸਾਚਾ ਨਾਅਰਾ ਏਕਾ ਲਾਇੰਦਾ। ਪਿਤਾ ਮਾਤ ਜੋਤ ਅਧਾਰਾ, ਸ਼ਬਦੀ ਪੂਤ ਗੋਦ ਸੁਹਾਇੰਦਾ। ਹੰ ਹੰ ਏਕਾ ਧਾਰਾ, ਸੋਹੰ ਆਪਣਾ ਰੂਪ ਵਖਾਇੰਦਾ। ਜੋਤੀ ਸ਼ਬਦੀ ਇਕ ਪਿਆਰਾ, ਏਕਾ ਗੰਢ ਪੁਵਾਇੰਦਾ। ਏਕਾ ਮੰਦਰ ਇਕ ਦੁਆਰਾ, ਏਕਾ ਘਰ ਵਸਾਇੰਦਾ। ਏਕਾ ਪੁਰਖ ਏਕਾ ਨਾਰਾ, ਏਕਾ ਕੰਤ ਹੰਢਾਇੰਦਾ। ਏਕਾ ਹੁਕਮ ਇਕ ਵਰਤਾਰਾ, ਹੁਕਮੀ ਹੁਕਮ ਇਕ ਫਿਰਾਇੰਦਾ। ਏਕਾ ਡੰਕਾ ਇਕ ਜੈਕਾਰਾ, ਜੈ ਜੈਕਾਰ ਇਕ ਸੁਣਾਇੰਦਾ। ਏਕਾ ਵਣਜ ਇਕ ਵਪਾਰਾ, ਵਣਜ ਵਪਾਰੀ ਇਕ ਅਖਵਾਇੰਦਾ। ਏਕਾ ਵਸਤ ਇਕ ਭੰਡਾਰਾ, ਹਰਿ ਜੂ ਏਕਾ ਏਕ ਵਰਤਾਇੰਦਾ। ਏਕਾ ਹੋਏ ਦੇਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਥਿਰ ਘਰ ਸਾਚੇ ਆਪ ਕਰਾਈਆ। ਸ਼ਬਦੀ ਸੁਤ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਨਾਮ ਨਿਧਾਨਾ ਗੁਣ ਨਿਧਾਨ, ਗੁਣਵੰਤਾ ਆਪ ਸਮਝਾਈਆ। ਏਕਾ ਰਾਗ ਇਕ ਤਰਾਨ, ਸਚ ਤਰਾਨਾ ਆਪੇ ਗਾਈਆ। ਭੇਵ ਖੁਲ੍ਹਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਗੁਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਆਪ ਪਰਗਟਾਈਆ। ਸ਼ਬਦੀ ਗੁਰ ਸੂਰਬੀਰ, ਬਲਧਾਰੀ ਆਪ ਉਪਾਇੰਦਾ। ਆਪੇ ਚੋਟੀ ਚੜ੍ਹ ਬੈਠ ਅਖ਼ੀਰ, ਆਖਰ ਆਪਣੀ ਖੇਲ ਵਖਾਇੰਦਾ। ਆਪੇ ਲੱਖ ਚੁਰਾਸੀ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਮਾਰ ਜ਼ੰਜੀਰ, ਪੰਚਮ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਇਕ ਸਮਝਾਇੰਦਾ। ਸ਼ਬਦੀ ਗੁਰ ਹਰਿ ਜਣਾ, ਏਕਾ ਗੁਣ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾ, ਤ੍ਰੈਗੁਣ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਘਾੜਨ ਲੈਣਾ ਘੜਾ, ਘੜ ਭਾਂਡੇ ਵੇਖ ਵਖਾਈਆ। ਘਟ ਘਟ ਦੀਪਕ ਜੋਤ ਜਗਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਘਟ ਘਟ ਨਾਦ ਦੇਣਾ ਵਜਾ, ਅਨਹਦ ਨਾਦ ਹਿਲਾਈਆ। ਘਰ ਘਰ ਸੁਨੇਹੜਾ ਦੇਣਾ ਸੁਣਾ, ਸੋ ਪੁਰਖ ਨਿਰੰਜਣ ਰਿਹਾ ਗਾਈਆ। ਬ੍ਰਹਮਾ ਵੇਤਾ ਦੇਣਾ ਪੜ੍ਹਾ, ਚਾਰ ਵੇਦ ਵੇਦ ਪੜ੍ਹਾਈਆ। ਲੋਕਮਾਤ ਮਾਰਗ ਲਾ, ਲੱਖ ਚੁਰਾਸੀ ਵੇਖ ਵਖਾਈਆ। ਜੁਗ ਜੁਗ ਹਰਿ ਹਰਿ ਨਾਉਂ ਪਰਗਟਾ, ਅਨਭਵ ਆਪਣੀ ਧਾਰ ਵਖਾਈਆ। ਪੰਜ ਤੱਤ ਚੋਲਾ ਮਾਣ ਦਿਵਾ, ਕਾਇਆ ਬੰਕ ਬੰਕ ਵਡਿਆਈਆ। ਨਿਰਗੁਣ ਸਰਗੁਣ ਰੰਗ ਚੜ੍ਹਾ, ਰੰਗ ਰੰਗੀਲਾ ਇਕ ਅਖਵਾਈਆ। ਆਤਮ ਪਰਮਾਤਮ ਬੰਧਨ ਪਾ, ਬ੍ਰਹਮ ਪਾਰਬ੍ਰਹਮ ਵਖਾਈਆ। ਈਸ਼ ਜੀਵ ਏਕਾ ਘਰ ਬਹਾ, ਜਗਦੀਸ ਖ਼ੁਸ਼ੀ ਕਰਾਈਆ। ਆਤਮ ਸੇਜਾ ਇਕ ਸੁਹਾ, ਸੁਹੰਜਣੀ ਸੇਜ ਆਪ ਹੰਢਾਈਆ। ਗੁਰ ਸ਼ਬਦ ਸਤਿਗੁਰ ਹੋ ਬੇਪਰਵਾਹ, ਭੇਵ ਅਭੇਦਾ ਆਪ ਖੁਲ੍ਹਾਈਆ। ਜੁਗ ਜੁਗ ਬਣੇ ਮਾਤ ਮਲਾਹ, ਵੇਸ ਅਨੇਕ ਵਟਾਈਆ। ਗੁਰ ਅਵਤਾਰ ਲਏ ਪਰਗਟਾ, ਪ੍ਰਭ ਆਪਣੀ ਬੂਝ ਬੁਝਾਈਆ। ਸਾਚਾ ਮਾਰਗ ਦਏ ਸਮਝਾ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਅਖਵਾਈਆ । ਸ਼ਬਦ ਗੁਰ ਇਕੋ ਦਾਤਾ, ਜੁਗ ਜੁਗ ਦਇਆ ਕਮਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਸਰਗੁਣ ਨਿਰਗੁਣ ਬੱਧਾ ਨਾਤਾ, ਜੋਤੀ ਜਾਤਾ ਜੋੜ ਜੁੜਾਇੰਦਾ। ਬੋਧ ਅਗਾਧ ਸੁਣਾਏ ਗਾਥਾ, ਅੱਖਰ ਅੱਖਰ ਆਪ ਪੜ੍ਹਾਇੰਦਾ। ਆਦਿ ਜੁਗਾਦੀ ਪਿਤਾ ਮਾਤਾ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਆਪਣੀ ਗੋਦ ਬਹਾਇੰਦਾ। ਏਕਾ ਦੇਵੇ ਸਾਚਾ ਸਾਥਾ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਪੂਜਾ ਏਕਾ ਪਾਠਾ, ਇਸ਼ਟ ਦੇਵ ਇਕ ਸਮਝਾਇੰਦਾ। ਏਕਾ ਮੰਦਰ ਏਕਾ ਹਾਟਾ, ਚੌਦਾਂ ਲੋਕ ਖੇਲ ਕਰਾਇੰਦਾ। ਏਕਾ ਤੀਰਥ ਏਕਾ ਤਾਟਾ, ਹਰਿ ਚਰਨ ਸਰੋਵਰ ਇਕ ਬਣਾਇੰਦਾ। ਏਕਾ ਅੰਮ੍ਰਿਤ ਏਕਾ ਬਾਟਾ, ਕਵਲ ਨਾਭੀ ਆਪ ਰਖਾਇੰਦਾ। ਏਕਾ ਮੰਤਰ ਏਕਾ ਗਾਥਾ, ਰਾਮ ਨਾਮ ਇਕ ਸਮਝਾਇੰਦਾ। ਏਕਾ ਪੁਛਣਹਾਰਾ ਵਾਤਾ, ਗੁਰ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਗੁਰ ਗੁਰ ਖੇਲ ਆਦਿ ਜੁਗਾਦਿ ਅਵੱਲਾ, ਜੁਗ ਜੁਗ ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਸਤਿ ਸਤਿਵਾਦੀ ਵੇਸ ਧਰਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਸ਼ਬਦੀ ਡੋਰ ਆਪ ਬੰਧਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਸਚ ਸੰਦੇਸ ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਘੱਲਾ, ਕਲਮਾ ਕਲਾਮ ਆਪ ਪੜ੍ਹਾਇੰਦਾ। ਦੋ ਜਹਾਨ ਸ੍ਰੀ ਭਗਵਾਨ ਨੂਰ ਇਲਾਹੀ ਆਪੇ ਖੱਲਾ, ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਨਿਰਾਕਾਰ ਸਰਗੁਣ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਵੇਸ ਵਟਾਇੰਦਾ। ਸ਼ਬਦ ਗੁਰ ਵੇਸ ਅਨੇਕਾ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਧਰਿਆ ਭੇਖਾ, ਭੇਖਾਧਾਰੀ ਭੇਵ ਨਾ ਰਾਈਆ। ਕਲਜੁਗ ਪੀਰ ਪੈਗ਼ੰਬਰ ਲੇਖਾ ਜਾਣੇ ਮੁੱਲਾਂ ਸ਼ੇਖਾ, ਬਿਸਮਲ ਆਪਣਾ ਖੇਲ ਕਰਾਈਆ। ਨਰ ਨਰੈਣ ਭਗਤ ਭਗਵੰਤ ਨੇਤਰ ਲੋਚਣ ਏਕਾ ਵੇਖਾ, ਆਤਮ ਤਾਕੀ ਬੰਦ ਖੁਲ੍ਹਾਈਆ। ਭੇਵ ਜਣਾਏ ਮੂੰਡ ਮੁੰਡਾਏ ਧਾਰੀ ਕੇਸਾ, ਨਰ ਨਰੇਸ਼ਾ ਬੇਪਰਵਾਹੀਆ। ਜੁਗਾ ਜੁਗੰਤਰ ਜਾਣੇ ਲੇਖਾ, ਅਭੁੱਲ ਭੁੱਲ ਕਦੇ ਨਾ ਜਾਈਆ। ਸ਼ਬਦੀ ਗੁਰ ਖੇਡੇ ਖੇਡਾ, ਜੁਗ ਚੌਕੜੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਏਕਾ ਸ਼ਬਦ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਸਚਖੰਡ ਦੁਆਰੇ ਆਪਣੇ ਵਿਚੋਂ ਕੱਢ, ਥਿਰ ਘਰ ਸਾਚੇ ਆਪ ਬਹਾਇੰਦਾ। ਲੱਖ ਚੁਰਾਸੀ ਜੀਵ ਜੰਤ ਖਾਣੀ ਬਾਣੀ ਲਡਾਏ ਲਡ, ਅੰਡਜ ਜੇਰਜ ਉਤਭੁਜ ਸੇਤਜ ਆਪ ਸਮਾਇੰਦਾ। ਨਾ ਕੋਈ ਜਾਣੇ ਪਾਰ ਕਿਨਾਰਾ ਹੱਦ, ਅਧਵਿਚਕਾਰ ਸਰਬ ਫਿਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਕਾ ਨਾਉਂ ਵਜਾ ਕੇ ਗਏ ਨਾਦ, ਨਾਦ ਅਨਾਦੀ ਨਾਦ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਬੋਧ ਅਗਾਧ, ਬੋਧ ਅਗਾਧਾ ਭੇਵ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹੇ ਅਰਾਧ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਭਗਤ ਭਗਵੰਤ ਆਪੇ ਲਾਧ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਏਕਾ ਅੱਖਰ ਨਾਉਂ ਪੜ੍ਹਾਇੰਦਾ। ਏਥੇ ਓਥੇ ਦੋ ਜਹਾਨ ਸੁਨਣਹਾਰ ਫਰਯਾਦ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸਾਚੀ ਡੋਰੀ ਆਪੇ ਬਾਂਧ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਗੁਰ ਸਾਲਾਹਿੰਦਾ। ਸ਼ਬਦ ਗੁਰ ਸਲਾਹੁਣ ਜੋਗ, ਜੋਗੀ ਜਤੀ ਜੁਗੀਸ਼ਰ ਰਹੇ ਗਾਈਆ। ਸ਼ਬਦ ਗੁਰ ਧੁਰ ਸੰਜੋਗ, ਆਦਿ ਜੁਗਾਦਿ ਮੇਲ ਮਿਲਾਈਆ। ਗੁਰ ਸ਼ਬਦ ਕੱਟੇ ਰੋਗ, ਹਉਮੇ ਹੰਗਤਾ ਰਹਿਣ ਨਾ ਪਾਈਆ। ਗੁਰ ਸ਼ਬਦ ਲੇਖਾ ਚੁਕਾਏ ਚੌਦਾਂ ਲੋਕ, ਲੋਕ ਪਰਲੋਕ ਹੋਏ ਸਹਾਈਆ। ਗੁਰ ਸ਼ਬਦ ਵਖਾਏ ਸਚਖੰਡ ਦੁਆਰਾ ਸਾਚਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਗੁਰ ਸ਼ਬਦ ਮਿਲਾਏ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਦਏ ਵਡਿਆਈਆ। ਏਕਾ ਗੁਰ ਸ਼ਬਦੀ ਰੰਗ, ਰੰਗ ਰੰਗੀਲਾ ਹਰਿ ਬਣਾਇੰਦਾ। ਏਕਾ ਗੁਰ ਸੇਜ ਪਲੰਘ, ਪਾਵਾ ਚੂਲ ਨਾ ਕੋਇ ਰਖਾਇੰਦਾ। ਏਕਾ ਗੁਰ ਵਡ ਤਰੰਗ, ਲੋਆਂ ਪੁਰੀਆਂ ਆਪ ਦੌੜਾਇੰਦਾ। ਏਕਾ ਗੁਰ ਡੂੰਘੀ ਕੰਦਰ ਜਾਏ ਲੰਘ, ਕਾਇਆ ਮੰਦਰ ਅੰਦਰ ਔਂਦਾ ਜਾਂਦਾ ਦਿਸ ਨਾ ਆਇੰਦਾ। ਏਕਾ ਗੁਰ ਅੰਦਰ ਵੜ ਵਜਾਏ ਮਰਦੰਗ, ਅਨਹਦ ਨਾਦੀ ਨਾਦ ਸੁਣਾਇੰਦਾ। ਏਕਾ ਗੁਰ ਸੂਰਾ ਸਰਬੰਗ, ਸੂਰਬੀਰ ਖੇਲ ਕਰਾਇੰਦਾ। ਏਕਾ ਗੁਰ ਆਵਣ ਜਾਵਣ ਲੱਖ ਚੁਰਾਸੀ ਮੁਕਾਏ ਪੰਧ, ਜਨਮ ਮਰਨ ਗੇੜ ਚੁਕਾਇੰਦਾ। ਏਕਾ ਗੁਰ ਨਾਤਾ ਤੋੜੇ ਜੇਰਜ ਅੰਡ, ਉਤਭੁਜ ਸੇਤਜ ਪਾਰ ਕਰਾਇੰਦਾ। ਏਕਾ ਗੁਰ ਸਾਚਾ ਨਾਮ ਦੇਵੇ ਵੰਡ, ਜਗਤ ਹੱਟ ਹੱਥ ਕਿਸੇ ਨਾ ਆਇੰਦਾ। ਏਕਾ ਗੁਰ ਜੁਗ ਜੁਗ ਮੇਟੇ ਭੇਖ ਪਖੰਡ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ। ਏਕਾ ਗੁਰ ਦੂਈ ਦਵੈਤੀ ਭਰਮਾਂ ਢਾਹੇ ਕੰਧ, ਨਿਰਗੁਣ ਜੋਤ ਸਾਚਾ ਚੰਦ ਚੜ੍ਹਾਇੰਦਾ। ਏਕਾ ਗੁਰ ਆਤਮ ਪਰਮਾਤਮ ਦੇਵੇ ਸਚ ਸੁਗੰਧ, ਫੁਲ ਫੁਲਵਾੜੀ ਇਕ ਮਹਿਕਾਇੰਦਾ। ਏਕਾ ਗੁਰ ਸਚ ਅਨੰਦ, ਅਨੰਦ ਮੰਗਲ ਏਕਾ ਗਾਇੰਦਾ। ਏਕਾ ਗੁਰ ਪਰਮਾਨੰਦ, ਪਰਮ ਪੁਰਖ ਖੇਲ ਕਰਾਇੰਦਾ। ਏਕਾ ਗੁਰ ਜੁਗ ਚੌਕੜੀ ਪਾਏ ਬੰਧ, ਬੰਦੀਖਾਨਾ ਆਪਣੇ ਹੱਥ ਰਖਾਇੰਦਾ। ਏਕਾ ਗੁਰ ਟੁੱਟੀ ਦੇਵੇ ਗੰਢ, ਗੰਢਣਹਾਰ ਦਇਆ ਕਮਾਇੰਦਾ। ਏਕਾ ਗੁਰ ਨਾਤਾ ਤੋੜੇ ਜਗਤ ਦੁਹਾਗਣ ਨਾਰ ਰੰਡ, ਹਰਿ ਜੂ ਕੰਤ ਇਕ ਮਿਲਾਇੰਦਾ। ਏਕਾ ਗੁਰ ਆਦਿ ਜੁਗਾਦਿ ਸੁਣਾਏ ਸਾਚਾ ਛੰਦ, ਜੁਗ ਜੁਗ ਢੋਲਾ ਏਕਾ ਗਾਇੰਦਾ। ਏਕਾ ਗੁਰ ਦੂਰ ਦੁਰਾਡਾ ਮੁਕਾਏ ਪੰਧ, ਨੇਰਨ ਨੇਰ ਦਰਸ ਕਰਾਇੰਦਾ। ਏਕਾ ਗੁਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਬਣਾਇੰਦਾ। ਸ਼ਬਦ ਗੁਰ ਹਰਿ ਜੂ ਹਰਿ ਹਰਿ, ਏਕਾ ਏਕ ਬਣਾਈਆ। ਜੁਗ ਚੌਕੜੀ ਖੇਲ ਕਰ ਕਰ, ਨਵ ਨੌਂ ਚਾਰ ਵੇਖ ਵਖਾਈਆ। ਗੁਰ ਅਵਤਾਰ ਹੁਕਮੇ ਅੰਦਰ ਫੜ ਫੜ, ਸਾਚੀ ਸੇਵਾ ਇਕ ਸਮਝਾਈਆ। ਭਗਤ ਭਗਵੰਤ ਚੁਕਾ ਡਰ ਡਰ, ਭੈ ਭੌ ਦਏ ਮੁਕਾਈਆ। ਸੰਤ ਸਾਜਨ ਦਰਸ ਦਿਖਾਏ ਖੜ ਖੜ, ਸਵੱਛ ਸਰੂਪੀ ਰੂਪ ਵਟਾਈਆ। ਗੁਰਮੁਖ ਸੱਜਣ ਲਾਏ ਲੜ ਲੜ, ਆਪ ਆਪਣਾ ਬੰਧਨ ਪਾਈਆ। ਗੁਰਮੁਖ ਵੇਖੇ ਸਾਚੇ ਘਰ ਘਰ, ਘਰ ਮੰਦਰ ਇਕ ਸੁਹਾਈਆ। ਆਦਿ ਜੁਗਾਦੀ ਦੇਵਣਹਾਰਾ ਵਰ ਵਰ, ਵਰ ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਘਾੜਨ ਘੜ ਘੜ, ਅੰਤਮ ਆਪੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਏਕਾ ਸ਼ਬਦ ਸ਼ਬਦ ਜਣਾਈਆ। ਆਦਿ ਗੁਰ ਸ਼ਬਦ ਉਪਦੇਸ਼, ਪੁਰਖ ਪਰਖੋਤਮ ਕਰੇ ਪੜ੍ਹਾਈਆ। ਅੰਤ ਗੁਰ ਸ਼ਬਦ ਨਰੇਸ਼, ਸ਼ਾਹ ਸੁਲਤਾਨ ਵੇਸ ਵਟਾਈਆ। ਪਰਗਟ ਹੋਏ ਆਪਣੇ ਦੇਸ, ਦੇਸ ਦਸੰਤਰ ਭੇਵ ਖੁਲ੍ਹਾਈਆ। ਨਿਰਗੁਣ ਧਾਰੇ ਆਪਣਾ ਵੇਸ, ਪੰਜ ਤੱਤ ਨਾ ਕੋਇ ਰਖਾਈਆ। ਮੁਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਇਆ ਨਜ਼ਰ ਨਾ ਆਈਆ। ਲੱਖ ਚੁਰਾਸੀ ਰਿਹਾ ਵੇਖ, ਘਟ ਘਟ ਡੇਰਾ ਲਾਈਆ। ਭਗਤ ਭਗਵਾਨ ਦੱਸੇ ਭੇਤ, ਅਭੇਵ ਆਪ ਜਣਾਈਆ। ਕਲਜੁਗ ਅੰਤਮ ਕਰੇ ਹੇਤ, ਹਿਤਕਾਰੀ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਗੁਰ ਅਖਵਾਈਆ। ਏਕਾ ਗੁਰ ਇਕ ਅਵਤਾਰਾ, ਗੁਰ ਗੁਰ ਕਹਿਣ ਨਾ ਜਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਜਿਸ ਦੇ ਅੱਗੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸੋ ਪੁਰਖ ਸੁਲਤਾਨ ਕਰੇ ਖੇਲ ਅਪਾਰਾ, ਅਪਰੰਪਰ ਆਪਣੀ ਧਾਰ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਆਦਿ ਬਣਾਏ ਵੇਦ ਪੁਰਾਨ ਸ਼ਾਸਤਰ ਸਿਮਰਤ ਧਾਰਾ, ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਨਾਲ ਰਲਾਈਆ। ਚਾਰੇ ਖਾਣੀ ਕਰੇ ਹਾਹਾਕਾਰਾ, ਚਾਰ ਕੁੰਟ ਕੁਰਲਾਈਆ। ਚਾਰੇ ਬਾਣੀ ਰੋਵੇ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਕਲਮ ਸ਼ਾਹੀ ਕਰੇ ਪੁਕਾਰਾ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਵਡਿਆਈਆ। ਲਿਖ ਲਿਖ ਲੇਖ ਵਖਾਇਆ ਸਰਬ ਸੰਸਾਰਾ, ਸੰਸਾਰ ਸਾਗਰ ਪਾਰ ਨਾ ਕੋਇ ਕਰਾਈਆ। ਕਲਜੁਗ ਹੋਇਆ ਧੂੰਆਂਧਾਰਾ, ਚਾਰੋਂ ਕੁੰਟ ਰੈਣ ਅੰਧੇਰਾ ਛਾਈਆ। ਨਾ ਕੋਈ ਦਿਸੇ ਮੀਤ ਮੁਰਾਰਾ, ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਨਿਭਾਈਆ। ਪਿਤਾ ਪੂਤ ਨਾ ਕੋਇ ਪਿਆਰਾ, ਨਾਰ ਕੰਤ ਨਾ ਕੋਇ ਵਡਿਆਈਆ। ਏਕਾ ਭੁਲਿਆ ਹਰਿ ਨਿਰੰਕਾਰਾ, ਘਰ ਘਰ ਮਾਇਆ ਮਮਤਾ ਹੋਈ ਹਲਕਾਈਆ। ਵਰਨ ਬਰਨ ਹੋਏ ਖੁਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਲੜਾਈਆ। ਅਠਾਰਾਂ ਬਰਨ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਧਰਤ ਮਾਤ ਕੱਢੇ ਹਾੜਾ, ਖੁਲ੍ਹੜੇ ਕੇਸ ਰਹੀ ਵਖਾਈਆ। ਚੋਰਾਂ ਠੱਗਾਂ ਕਲਜੁਗ ਜੀਵਾਂ ਮੇਰੇ ਉਤੇ ਲਾਇਆ ਅਖਾੜਾ, ਵੇਸਵਾ ਨਾਚ ਰਹੇ ਕਰਾਈਆ। ਚਾਰੋਂ ਕੁੰਟ ਅੱਗ ਲੱਗੀ ਤੱਤੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ ਕਿਸੇ ਨਾ ਲੱਭੇ ਸਾਚਾ ਲਾੜਾ, ਲੱਖ ਚੁਰਾਸੀ ਜੀਵ ਜੰਤ ਜਗਤ ਭੋਗ ਬਿਲਾਸ ਕਰਾਈਆ। ਅੰਤਮ ਅੰਤ ਮਾਨਸ ਜਨਮ ਆਏ ਹਾਰਾ, ਲੱਖ ਚੁਰਾਸੀ ਪਾਰ ਨਾ ਕੋਇ ਕਰਾਈਆ। ਨਾ ਕੋਈ ਸਹਾਰਾ ਮੰਦਰ ਮਸਜਦ ਮੱਠ ਸ਼ਿਵਦਵਾਲਾ ਗੁਰਦੁਆਰਾ, ਗੁਰੂ ਗੁਰ ਨਜ਼ਰ ਕਿਸੇ ਨਾ ਆਈਆ। ਪੰਡਤ ਪਾਂਧੇ ਮੁੱਲਾਂ ਸ਼ੇਖ਼ ਗ੍ਰੰਥੀ ਪੰਥੀ ਹਰਿ ਕਾ ਨਾਉਂ ਨਾ ਕਿਸੇ ਵਿਚਾਰਾ, ਪੜ੍ਹ ਪੜ੍ਹ ਰਸਨਾ ਜਿਹਵਾ ਰਹੇ ਗਾਈਆ। ਘਰ ਘਰ ਅੰਦਰ ਪੰਜ ਤੱਤ ਤੱਤ ਵਿਕਾਰਾ, ਸੱਚਾ ਸਤਿਗੁਰ ਨਾ ਕੋਇ ਪਿਆਰਾ, ਗੁਰ ਗੁਰ ਰੂਪ ਨਜ਼ਰ ਨਾ ਆਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਭੇਵ ਕੋਇ ਨਾ ਪਾਈਆ। ਆਦਿ ਸ਼ਬਦ ਗੁਰ ਕਰ ਪਸਾਰਾ, ਮਧ ਆਪਣੀ ਧਾਰ ਚਲਾਈਆ। ਸੇਵਾ ਲਾਏ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਸੰਗ ਮੁਹੰਮਦ ਸੰਦੇਸਾ ਦੇ ਚਾਰ ਯਾਰਾ, ਚਾਰ ਯਾਰੀ ਕਰੇ ਪੜ੍ਹਾਈਆ। ਨਾਨਕ ਨਿਰਗੁਣ ਸਰਗੁਣ ਬੋਲ ਸਤਿਨਾਮ ਜੈਕਾਰਾ, ਜੈ ਜੈਕਾਰ ਗਿਆ ਸੁਣਾਈਆ। ਗੋਬਿੰਦ ਏਕਾ ਫਤਹਿ ਡੰਕਾ ਵੱਜਾ ਵਿਚ ਸੰਸਾਰਾ, ਵਰਨ ਬਰਨ ਊਚ ਨੀਚ ਰਾਓ ਰੰਕ ਗਿਆ ਜਣਾਈਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਭ ਦਾ ਲੇਖਾ ਦਏ ਮੁਕਾਈਆ। ਚਾਰ ਵਰਨ ਦੇਵੇ ਇਕ ਸਹਾਰਾ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਾਰ ਕਿਨਾਰਾ, ਸੁਰਪਤ ਇੰਦ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ਼ਬਦ ਗੁਰ ਇਕ ਰਹਿ ਜਾਈਆ। ਸ਼ਬਦ ਗੁਰ ਇਕੋ ਏਕ, ਏਕਾ ਏਕ ਵਡਿਆਈਆ। ਪੰਜ ਤੱਤ ਗੁਰ ਅਵਤਾਰਾਂ ਦੇਂਦਾ ਰਿਹਾ ਟੇਕ, ਸਿਰ ਆਪਣਾ ਹੱਥ ਰਖਾਈਆ। ਹੁਕਮੇ ਅੰਦਰ ਲਿਖਾਉਂਦਾ ਰਿਹਾ ਲੇਖ, ਧੁਰ ਫ਼ਰਮਾਣਾ ਆਪ ਜਣਾਈਆ। ਬੋਧ ਅਗਾਧਾ ਖੋਲ੍ਹ ਭੇਤ, ਅਨਭਵ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਗੁਰ ਪਰਗਟਾਈਆ। ਸ਼ਬਦ ਗੁਰੂ ਗੁਰ ਪਰਗਟ ਮਾਤ, ਲਗ ਮਾਤਰ ਸਰਬ ਮੁਕਾਇੰਦਾ। ਚਾਰ ਜੁਗ ਦਾ ਵੇਖੇ ਖਾਤ, ਪਿਛਲਾ ਖਾਤਾ ਪੂਰ ਕਰਾਇੰਦਾ । ਚਾਰ ਵਰਨ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਸਰਬ ਜੀਆਂ ਪ੍ਰਭ ਦੇਵੇ ਦਾਤ, ਸੋਹੰ ਅੱਖਰ ਇਕ ਪੜ੍ਹਾਇੰਦਾ। ਦਰਸ ਦਿਖਾਏ ਇਕ ਇਕਾਂਤ, ਘਰ ਘਰ ਆਪਣਾ ਆਸਣ ਲਾਇੰਦਾ। ਭਰਮ ਭੁਲੇਖਾ ਕੱਢੇ ਭਰਾਂਤ, ਮਨ ਕਾ ਭੈ ਭੌ ਗਵਾਇੰਦਾ। ਸ੍ਰਿਸ਼ਟ ਸਬਾਈ ਇਕੋ ਜ਼ਾਤ, ਆਤਮ ਬ੍ਰਹਮ ਆਪਣੀ ਅੰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਧਾਰ ਚਲਾਇੰਦਾ। ਸ਼ਬਦ ਗੁਰ ਵਡ ਬਲਵਾਨ, ਲੇਖਾ ਸਭ ਦਾ ਦਏ ਚੁਕਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਜੁਗ ਚੌਕੜੀ ਮੰਨੇ ਆਣ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਕਾਗਦ ਕਲਮ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਗੁਰ ਪੀਰ ਅਵਤਾਰ ਨਾ ਸਕੇ ਪਛਾਣ, ਬੇਅੰਤ ਬੇਅੰਤ ਕਹਿ ਕਹਿ ਲੋਕਮਾਤ ਗਏ ਜਸ ਗਾਈਆ। ਤੇਰਾ ਹੁਕਮੇ ਅੰਦਰ ਖੇਲ ਮਹਾਨ, ਤੇਰਾ ਹੁਕਮ ਸੱਚੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਆਪੇ ਵੇਖੇ ਆਣ, ਵੇਦ ਵਿਆਸਾ ਰੱਖ ਭਰਵਾਸਾ ਏਕਾ ਓਟ ਤਕਾਈਆ। ਈਸਾ ਕਹੇ ਦਏ ਦਿਲਾਸਾ, ਮੇਰਾ ਖ਼ੁਦਾ ਪਿਤਾ ਰੂਪ ਵਟਾਈਆ। ਮੁਹੰਮਦ ਕਹੇ ਅੰਤ ਮੇਰੇ ਵਸੇ ਪਾਸਾ, ਚੌਦਾਂ ਸਦੀਆਂ ਪੰਧ ਮੁਕਾਈਆ। ਅਮਾਮ ਅਮਾਮਾਂ ਸਿਰ ਪੁਰਖ ਅਬਿਨਾਸ਼ਾ, ਪਰਵਰਦਿਗਾਰ ਮੇਰਾ ਗੁਸਾਈਂਆ। ਨਾਨਕ ਕਹੇ ਨਿਰਗੁਣ ਪੂਰੀ ਕਰੇ ਆਸਾ, ਏਕਾ ਏਕੰਕਾਰ ਓਟ ਰਖਾਈਆ। ਗੋਬਿੰਦ ਕਹੇ ਪੁਰਖ ਅਕਾਲ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਨਿਹਕਲੰਕਾ ਨਾਉਂ ਰਖਾਈਆ। ਜਨ ਭਗਤਾਂ ਕਰੇ ਪੂਰੀ ਆਸਾ, ਜਨਮ ਜਨਮ ਦੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰ ਵਡਿਆਈਆ। ਏਕਾ ਸ਼ਬਦ ਹੋਏ ਪਰਕਾਸ਼, ਹਰਿ ਪਰਕਾਸ਼ੀ ਆਪ ਕਰਾਇੰਦਾ। ਬਾਕੀ ਪਿਛਲਾ ਲਹਿਣਾ ਹੋਏ ਵਿਨਾਸ, ਲੋਕਮਾਤ ਰਹਿਣ ਨਾ ਪਾਇੰਦਾ। ਏਕਾ ਨਾਉਂ ਰਸਨ ਸਵਾਸ, ਅਜੱਪਾ ਜਾਪ ਆਪ ਜਪਾਇੰਦਾ। ਆਤਮ ਪਰਮਾਤਮ ਵਸੇ ਪਾਸ, ਈਸ਼ ਜੀਵ ਭੇਵ ਖੁਲ੍ਹਾਇੰਦਾ। ਏਕਾ ਮੰਦਰ ਪਾਏ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਹਰਿਜਨ ਹਰਿ ਹਰਿ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਬਾਤਨ ਜ਼ਾਹਰ ਪੁੱਛੇ ਵਾਤ, ਜ਼ਾਹਰ ਜ਼ਹੂਰ ਦਇਆ ਕਮਾਇੰਦਾ। ਚਰਨ ਕਵਲ ਸਾਚਾ ਨਾਤ, ਧਰਤ ਧਵਲ ਵਡਿਆਇੰਦਾ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਕੋਇ ਨਾ ਪਾਇੰਦਾ। ਸਰਬ ਜੀਆਂ ਬਣੇ ਪਿਤ ਮਾਤ, ਲੱਖ ਚੁਰਾਸੀ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਟ ਗੁਰਦੇਵ ਇਕ ਵਖਾਇੰਦਾ। ਇਸ਼ਟ ਦੇਵ ਗੁਰ ਏਕਾ ਏਕ ਓਅੰਕਾਰਾ, ਅਕਲ ਕਲਾ ਅਖਵਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਹਕਲੰਕਾ ਨਾਉਂ ਧਰਾਈਆ। ਸਾਚਾ ਡੰਕਾ ਵਿਚ ਸੰਸਾਰਾ, ਨਿਰਗੁਣ ਸਰਗੁਣ ਆਪ ਸੁਣਾਈਆ। ਸਰਬ ਜੀਆਂ ਦਾ ਇਕ ਜੈਕਾਰਾ, ਏਕਾ ਮੰਤਰ ਅੰਤਰ ਕਰੇ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਚੌਥੇ ਜੁਗ ਆਈ ਹਾਰਾ, ਚਾਰ ਯਾਰੀ ਦਏ ਦੁਹਾਈਆ। ਪੰਚਮ ਮੀਤਾ ਇਕ ਪਿਆਰਾ, ਪੰਚਮ ਮੇਲਾ ਸਹਿਜ ਸੁਭਾਈਆ। ਜਗਤ ਜਗਦੀਸ ਪਾਵੇ ਸਾਰਾ, ਸੀਸ ਏਕਾ ਤਾਜ ਸੁਹਾਈਆ। ਰਾਓ ਰੰਕਾਂ ਕਰੇ ਖੁਆਰਾ, ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਬੋਲੇ ਇਕ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ, ਦੂਜਾ ਕੋਇ ਰਹਿਣ ਨਾ ਪਾਈਆ। ਪਹਿਲਾ ਏਕਾ ਏਕ ਏਕੰਕਾਰ, ਅਕਲ ਕਲ ਖੇਲ ਕਰਾਇੰਦਾ। ਦੂਆ ਨਿਰਗੁਣ ਸਰਗੁਣ ਧਾਰ, ਦੋਏ ਦੋਏ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਏਕਾ ਆਠਾ ਕਰ ਤਿਆਰ, ਏਕਾ ਦੂਆ ਆਠਾ ਮੇਲ ਮਿਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਨਾ ਪਾਏ ਸਾਰ, ਬ੍ਰਹਮਾ ਵੇਤਾ ਨਿਉਂ ਨਿਉਂ ਸੀਸ ਝੁਕਾਇੰਦਾ। ਜਗਤ ਮਨਵੰਤਰ ਗਏ ਹਾਰ, ਸਾਤਾ ਏਕਾ ਮੁਖ ਸ਼ਰਮਾਇੰਦਾ। ਪਰਲੇ ਕਰੇ ਕਰਨੇਹਾਰ, ਪਰੇ ਆਪਣਾ ਡੇਰਾ ਲਾਇੰਦਾ। ਜਿਸ ਬੁਝਾਏ ਸੋ ਬੁਝੇ ਵਿਚਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਏਕ ਦੂਆ ਆਠਾ ਅੰਕ ਅੰਕ ਨਾਲ ਕਰਿਆ ਖ਼ਬਰਦਾਰ, ਬੰਕ ਬੰਕ ਆਪ ਸੁਹਾਇੰਦਾ। ਅਠ ਤੱਤ ਰੋਵਣ ਜ਼ਾਰੋ ਜ਼ਾਰ, ਸਰਗੁਣ ਨਿਰਗੁਣ ਆਸ ਤਕਾਇੰਦਾ। ਨਿਰਗੁਣ ਨਿਰਾਕਾਰ ਕਰ ਪਿਆਰ, ਸਰਗੁਣ ਆਪਣਾ ਮੇਲ ਮਿਲਾਇੰਦਾ। ਸਰਗੁਣ ਮੇਲਾ ਪੰਜ ਤੱਤ ਅਧਾਰ, ਤ੍ਰੈਗੁਣ ਬੰਧਨ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਰਲੇ ਏਕਾ ਦੂਆ ਆਠਾ, ਆਠਾ ਦੂਆ ਏਕਾ ਆਪਣੇ ਰੰਗ ਵਖਾਇੰਦਾ। ਨਵ ਨੌਂ ਸਾਚੀ ਧਾਰ, ਚਾਰ ਚਾਰ ਸਮਝਾਈਆ। ਚਾਰ ਚਾਰ ਖੇਲ ਅਪਾਰ, ਬ੍ਰਹਮੇ ਚਾਰੇ ਮੁਖ ਗਾਈਆ। ਚਾਰੇ ਵੇਦ ਕਰ ਵਿਚਾਰ, ਚਾਰੇ ਕੁੰਟ ਕਰ ਰੁਸ਼ਨਾਈਆ। ਚਾਰੇ ਕੁੰਟ ਖ਼ਬਰਦਾਰ, ਉਤਰ ਪੂਰਬ ਪੱਛਮ ਦੱਖਣ ਦੇਣ ਦੁਹਾਈਆ। ਚਾਰੇ ਜੁਗ ਕਰ ਵਿਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਚਾਰੇ ਖਾਣੀ ਬਾਣੀ ਪਸਾਰ, ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਆਪੇ ਸਭ ਤੋਂ ਵਸੇ ਬਾਹਿਰ, ਧੁਰ ਫ਼ਰਮਾਣਾ ਆਪ ਸੁਣਾਈਆ। ਨਵ ਨੌਂ ਹੋ ਉਜਿਆਰ, ਨਵ ਨੌਂ ਆਪਣਾ ਫੇਰਾ ਪਾਈਆ। ਏਕਾ ਨੱਯਾ ਨੌਕਾ ਕਰ ਤਿਆਰ, ਨੱਯਾ ਆਪਣੇ ਨਾਮ ਚਲਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਰਵ ਸਸ ਸੂਰਜ ਚੰਨ ਦੇ ਸਹਾਰ, ਮੰਡਲ ਮੰਡਪ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਆਪਣਾ ਭੇਵ ਚੁਕਾਈਆ। ਨਵ ਨੌਂ ਚਾਰ ਭੇਵ ਕਿਸੇ ਨਾ ਆਇਆ, ਪੜ੍ਹਨ ਲਿਖਣ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਆਪਣਾ ਭੇਵ ਆਪ ਚੁਕਾਇਆ, ਭੇਵ ਜਾਣੇ ਕਲਮ ਨਾ ਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਰ ਬੈਠੇ ਸੀਸ ਝੁਕਾਇਆ, ਨੇਤਰ ਨੈਣ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸ਼ਰਮਾਇਆ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਕਿਸੇ ਤੇਰਾ ਮਨਵੰਤਰ ਵੰਡ ਵੰਡਾਇਆ, ਕਿਸੇ ਚੌਕੜੀ ਬੰਧਨ ਪਾਈਆ। ਕਿਸੇ ਆਪਣੀ ਪਰਲੇ ਦਏ ਸਮਝਾਇਆ, ਮਹਾਂਪਰਲੇ ਆਪਣੀ ਖੇਲ ਰਖਾਈਆ। ਜਿਸ ਨੂੰ ਤੂੰ ਬਣਾਇਆ, ਤਿਸ ਤਰਲੇ ਕਰ ਕਰ ਤੈਨੂੰ ਮਨਾਇਆ, ਤੇਰੇ ਅੱਗੇ ਸੀਸ ਝੁਕਾਈਆ। ਨੌਂ ਨੌਂ ਚਾਰ ਚੌਕੜੀ ਅਗਲਾ ਪੰਧ ਆਪਣੇ ਹੱਥ ਰਖਾਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਪਾਈਆ। ਗੀਤਾ ਗਿਆਨ ਅੰਜੀਲ ਕੁਰਾਨ ਗਾ ਗਾ ਅੰਤ ਨਾ ਪਾਇਆ, ਖਾਣੀ ਬਾਣੀ ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇ ਚੌਕੜੀ ਜੁਗ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ।
