Granth 11 Likhat 126: 8 Chet 2019 Bikarmi Roorh Singh de Greh Pind Kalla Jila Amritsar

੮ ਚੇਤ ੨੦੧੯ ਬਿਕ੍ਰਮੀ ਰੂੜ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਆਦਿ ਜੁਗਾਦੀ ਹਰਿ ਹਰਿ ਤੋਲਾ, ਬ੍ਰਹਿਮੰਡ ਖੰਡ ਤੋਲ ਤੁਲਾਇੰਦਾ। ਆਦਿ ਜੁਗਾਦਿ ਹਰਿ ਵਿਚੋਲਾ, ਗੁਰ ਸ਼ਬਦੀ ਰੂਪ ਵਟਾਇੰਦਾ। ਆਦਿ ਜੁਗਾਦੀ ਹਰਿ ਹਰਿ ਨਾਉਂ ਸੋਹਲਾ, ਗੀਤ ਗੋਬਿੰਦ ਸੁਣਾਇੰਦਾ। ਆਦਿ ਜੁਗਾਦੀ ਚੁਕਾਏ ਪੜਦਾ ਉਹਲਾ, ਅਨਭਵ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦੀ ਪੂਰ ਕਰਾਏ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਆਦਿ ਜੁਗਾਦੀ ਪਰਗਟ ਹੋਏ ਉਪਰ ਧੌਲਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਆਦਿ ਜੁਗਾਦੀ ਏਕਾ ਰੰਗ, ਹਰਿ ਜੂ ਹਰਿ ਹਰਿ ਆਪ ਚੜ੍ਹਾਇੰਦਾ। ਆਦਿ ਜੁਗਾਦੀ ਇਕ ਅਨੰਦ, ਗ੍ਰਹਿ ਮੰਦਰ ਆਪ ਵਖਾਇੰਦਾ। ਆਦਿ ਜੁਗਾਦੀ ਇਕ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਆਦਿ ਜੁਗਾਦੀ ਏਕਾ ਛੰਦ, ਗੀਤ ਸੁਹਾਗੀ ਏਕਾ ਗਾਇੰਦਾ। ਆਦਿ ਜੁਗਾਦੀ ਏਕਾ ਪੰਧ, ਬਣ ਪਾਂਧੀ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਤ ਆਪ ਕਰਾਇੰਦਾ। ਆਦਿ ਜੁਗਾਦੀ ਕਰਨੀ ਕਰ, ਕਰਤਾ ਪੁਰਖ ਖੇਲ ਕਰਾਈਆ। ਨਿਰਗੁਣ ਸਰਗੁਣ ਵੇਸ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਭਗਤ ਭਗਵੰਤ ਆਪੇ ਫੜ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਤ ਦੁਆਰੇ ਆਪੇ ਵੜ, ਡੂੰਘੀ ਭਵਰੀ ਸੋਭਾ ਪਾਈਆ। ਗੁਰਮੁਖ ਲਗਾਏ ਆਪਣੇ ਲੜ, ਸੁਰਤੀ ਸ਼ਬਦੀ ਬੰਧਨ ਪਾਈਆ। ਗੁਰਸਿਖ ਵੇਖੇ ਆਪੇ ਖੜ, ਮਹੱਲ ਅਟੱਲ ਆਸਣ ਲਾਈਆ। ਜੁਗ ਚੌਕੜੀ ਦੇਵੇ ਵਰ, ਗੁਰ ਅਵਤਾਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰੇ ਬੇਪਰਵਾਹੀਆ। ਗੁਰ ਅਵਤਾਰ ਦੇਵੇ ਗਿਆਨ, ਏਕਾ ਆਪਣਾ ਨਾਉਂ ਦ੍ਰਿੜਾਇੰਦਾ। ਧੁਰਦਰਗਾਹੀ ਸਚ ਨਿਸ਼ਾਨ, ਸਚਖੰਡ ਨਿਵਾਸੀ ਆਪ ਵਖਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਆਪਣਾ ਹੁਕਮ ਵਰਤਾਇੰਦਾ। ਬੋਧ ਅਗਾਧ ਗੁਣ ਨਿਧਾਨ, ਗੁਣ ਆਪਣਾ ਆਪ ਸਮਝਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨ, ਨਰ ਨਰੇਸ਼ਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਤੋਲਾ ਤੋਲੇ ਨਾਉਂ, ਨਾਉਂ ਆਪਣਾ ਆਪ ਉਠਾਈਆ। ਕਰੇ ਖੇਲ ਅਗੰਮ ਅਥਾਹੋ, ਅਲੱਖ ਅਗੰਮ ਬੇਪਰਵਾਹੀਆ। ਦੋ ਜਹਾਨ ਘਟ ਘਟ ਵੇਖੇ ਆਪਣਾ ਥਾਉਂ, ਥਾਨ ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦਏ ਵਡਿਆਈਆ। ਸਾਚਾ ਨਾਮ ਸਚ ਭੰਡਾਰਾ, ਸਤਿਜੁਗ ਤ੍ਰੇਤਾ ਦੁਆਪਰ ਆਪ ਵਰਤਾਇੰਦਾ। ਗੁਰ ਅਵਤਾਰ ਸੇਵਾਦਾਰਾ, ਲੋਕਮਾਤ ਸਾਚੀ ਸੇਵ ਕਮਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਚੌਕੜ ਆਪਣੇ ਹੱਥ ਰਖਾਇੰਦਾ। ਖਾਣੀ ਬਾਣੀ ਭੇਵ ਨਿਆਰਾ, ਭੇਵ ਅਭੇਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਖਰ ਨਾਮ ਸਰਬ ਪੜ੍ਹਾਇੰਦਾ। ਚਾਰ ਜੁਗ ਅੱਖਰ ਗਾਥਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਦੇਵੇ ਸਾਥਾ, ਸਰਗੁਣ ਖੇਲ ਕਰੇ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਸਰਗੁਣ ਅੱਗੇ ਟੇਕੇ ਮਾਥਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਵਰਤਾਈਆ। ਏਕਾ ਨਾਮ ਹਰਿ ਵਰਤੰਤਾ, ਭੇਵ ਕੋਇ ਨਾ ਆਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਮੇਲ ਮਿਲਾਏ ਸਾਚੇ ਸੰਤਾਂ, ਸਤਿਗੁਰ ਆਪਣੀ ਦਇਆ ਕਮਾਇੰਦਾ। ਵੇਖ ਵਖਾਏ ਨਾਰੀ ਕੰਤਾ, ਨਰ ਨਰਾਇਣ ਭੇਵ ਜਣਾਇੰਦਾ। ਕਾਇਆ ਚੋਲੀ ਰੰਗ ਚੜ੍ਹਾਏ ਬਸੰਤਾ, ਉਤਰ ਕਦੇ ਨਾ ਜਾਇੰਦਾ। ਗੜ੍ਹ ਤੋੜੇ ਹਉਮੇ ਹੰਗਤਾ, ਨਿਵਣ ਸੋ ਅੱਖਰ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੁਆਰ ਹੋਇਆ ਰਿਹਾ ਮੰਗਤਾ, ਦਰ ਸਾਚੇ ਖਾਲੀ ਝੋਲੀ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੋਲਾ ਏਕਾ ਤੋਲ ਤੁਲਾਇੰਦਾ। ਸਾਚੇ ਤੋਲੇ ਤੋਲਿਆ ਤੋਲ, ਗੁਰ ਪੀਰ ਅਵਤਾਰ ਆਪਣੇ ਕੰਡੇ ਪਾਈਆ। ਆਪ ਬੈਠਾ ਰਿਹਾ ਅਡੋਲ, ਸਚਖੰਡ ਸੱਚੇ ਸੱਚਾ ਮਾਹੀਆ। ਵੇਲੇ ਅੰਤ ਕਲ ਸਭ ਦੇ ਪੜਦੇ ਦੇਵੇ ਫੋਲ, ਫੋਲਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਕੰਡਾ ਹਰਿ ਕਰਤਾਰ, ਏਕਾ ਏਕ ਉਠਾਇਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਇਆ। ਚਾਰ ਯੁਗ ਦੀ ਪਾਵੇ ਸਾਰ, ਛੱਤੀ ਛੱਤੀ ਮੇਲ ਮਿਲਾਇਆ। ਨਵ ਨੌਂ ਬੇੜਾ ਪਾਰ, ਚਾਰ ਚਾਰ ਰਹੇ ਨਾ ਰਾਇਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੋਲਾ ਇਕ ਅਖਵਾਇਆ। ਤੋਲਾ ਬਣ ਸ੍ਰੀ ਭਗਵਾਨ, ਗੁਰ ਪੀਰ ਅਵਤਾਰ ਤੋਲ ਤੁਲਾਈਆ। ਆਓ ਵੇਖੋ ਮਾਤ ਨਿਸ਼ਾਨ, ਜੋ ਬੂਟਾ ਗਏ ਲਗਾਈਆ । ਹਿੰਦੂ ਮੁਸਲਮ ਸਿੱਖ ਇਸਾਈ ਹੋਏ ਬੇਈਮਾਨ, ਹਕ਼ੀਕ਼ਤ ਹੱਕ ਨਾ ਕੋਇ ਜਣਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਪੜ੍ਹ ਪੜ੍ਹ ਥੱਕੇ ਪੰਡਤ ਪਾਂਧੇ ਵੇਦ ਪੁਰਾਨ, ਸ਼ਾਸਤਰ ਸਿਮਰਤ ਪੜਦਾ ਦਵੈਤ ਨਾ ਕੋਇ ਮਿਟਾਈਆ। ਬਿਸਮਿਲ ਰੂਪ ਕਰੇ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਸਾਚੀ ਸ਼ਰਅ ਨਾ ਕੋਇ ਰਖਾਈਆ। ਉਮਤੀ ਉਮਤ ਨਾ ਕੋਇ ਈਮਾਨ, ਇਬਨੁਲਵਕ਼ਤ ਨਾ ਕੋਇ ਜਣਾਈਆ। ਚਾਰੋਂ ਕੁੰਟ ਹੋਏ ਵੈਰਾਨ, ਸਾਚਾ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੋਲ ਦਏ ਤੁਲਾਈਆ। ਏਕਾ ਤੋਲ ਤੋਲੇ ਤੋਲਣਹਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਾਨਕ ਨਾਮ ਬਣੇ ਵਣਜਾਰਾ, ਬਣ ਵਣਜਾਰਾ ਹੱਟ ਚਲਾਇੰਦਾ। ਤੇਰਾ ਬੋਲੇ ਤੇਰੀ ਧਾਰਾ, ਤੇਰਾਂ ਤੇਰਾਂ ਅਲਾਇੰਦਾ। ਆਦਿ ਜੁਗਾਦੀ ਤੇਰਾ ਨਾਅਰਾ, ਤੇਰੇ ਰੰਗ ਸਮਾਇੰਦਾ। ਬੇਅੰਤ ਬੇਪਰਵਾਹ ਤਖ਼ਤ ਨਿਵਾਸੀ ਏਕੰਕਾਰਾ, ਸੱਚੇ ਸ਼ਹਿਨਸ਼ਾਹ ਤੇਰਾ ਦਰ ਮੋਹੇ ਭਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਤੇਰਾ ਪਸਾਰਾ, ਹਸਤ ਕੀਟ ਵੇਖ ਵਖਾਇੰਦਾ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵਸੇ ਬਾਹਰਾ, ਸ਼ਰਅ ਬੰਧਨ ਨਾ ਕੋਇ ਜਣਾਇੰਦਾ। ਜਿਸ ਜਨ ਵਖਾਏਂ ਆਪਣਾ ਘਰ ਬਾਰਾ, ਤਿਸ ਆਪਣੀ ਬੂਝ ਬੁਝਾਇੰਦਾ। ਸੋ ਜਨ ਬੋਲੇ ਤੇਰਾ ਨਾਅਰਾ, ਨਾਨਕ ਨਿਰਗੁਣ ਨਾਨਕ ਸਰਗੁਣ ਨਾਨਕ ਨੂੰ ਸਮਝਾਇੰਦਾ। ਜੋਤੀ ਜੋਤ ਜੋਤ ਚਮਕਤਕਾਰਾ, ਨੂਰ ਨੁਰਾਨਾ ਡਗਮਗਾਇੰਦਾ । ਪਾਰਬ੍ਰਹਮ ਬ੍ਰਹਮ ਪਸਾਰਾ, ਈਸ਼ ਜੀਵ ਰਚਨ ਰਚਾਇੰਦਾ। ਨਿਰਗੁਣ ਨਿਰਗੁਣ ਹੋ ਨਿਆਰਾ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਿਰਗੁਣ ਜੋਤ ਨਿਰਗੁਣ ਸ਼ਬਦੀ ਧਾਰਾ, ਨਿਰਗੁਣ ਸਚਖੰਡ ਸੋਭਾ ਪਾਇੰਦਾ। ਨਿਰਗੁਣ ਥਿਰ ਘਰ ਖੋਲ੍ਹੇ ਕਿਵਾੜਾ, ਨਿਰਗੁਣ ਆਪਣਾ ਆਸਣ ਲਾਇੰਦਾ। ਨਿਰਗੁਣ ਨਿਰਗੁਣ ਕਰੇ ਪਸਾਰਾ, ਆਪਣੀ ਵੰਡ ਆਪ ਵੰਡਾਇੰਦਾ। ਨਾਨਕ ਸਤਿਗੁਰ ਦਰਗਹਿ ਸਾਚੀ ਸਚਖੰਡ ਦੁਆਰੇ ਹਰਿ ਚਰਨ ਬੋਲੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਤੇਰਾ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਨਿਧ ਦੇਵੇ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਤੇਰਾ ਮੇਰਾ ਰੂਪ ਨਿਆਰਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਾਨਕ ਗਾਉਣਾ ਸੋਹੰ ਇਕ ਜੈਕਾਰਾ, ਜੈ ਜੈਕਾਰ ਦੋ ਜਹਾਨ ਜਣਾਇੰਦਾ। ਆਤਮ ਨਾਮ ਹਰਿ ਵਿਚਾਰਾ, ਅੱਖਰ ਜੋੜ ਨਾ ਕੋਇ ਜੁੜਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਸੋਹੰ ਸ਼ਬਦ ਜਗਤ ਵਣਜਾਰਾ, ਆਦਿ ਜੁਗਾਦਿ ਸਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਆਪਣੀ ਵਾਰਾ, ਅੰਤਰ ਆਤਮ ਹਰਿ ਹਰਿ ਹਰਿ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੰਡਾ ਇਕ ਉਠਾਇੰਦਾ। ਸਾਚਾ ਕੰਡਾ ਨਿਰਗੁਣ ਸਰਗੁਣ ਧਾਰ, ਸੋਹੰ ਹਰਿ ਜੂ ਹਰਿ ਉਠਾਈਆ। ਲੱਖ ਚੁਰਾਸੀ ਤੋਲੇ ਤੋਲਣਹਾਰ, ਏਕਾ ਵਾਰ ਭਾਰ ਵੰਡਾਈਆ। ਭਗਤ ਭਗਵੰਤ ਲਏ ਉਭਾਰ, ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਸੰਤ ਸਾਜਨ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਛੱਡ ਕੇ ਗਏ ਘਰ ਬਾਰ, ਆਪਣਾ ਪੱਲੂ ਬੰਨ੍ਹ ਨਾ ਕਿਸੇ ਫੜਾਈਆ। ਲਿਖ ਲਿਖ ਬਾਣੀ ਬਣ ਬਣ ਗਏ ਲਿਖਾਰ, ਕਾਤਬ ਲੇਖਾ ਇਕ ਜਣਾਈਆ। ਸਰਬ ਜੀਆਂ ਦਾ ਏਕਾ ਯਾਰ, ਪਰਮ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਕਲਜੁਗ ਅੰਤ ਕਰਾਇੰਦਾ। ਚਾਰ ਯੁਗ ਦਾ ਵੇਖ ਨਿਸ਼ਾਨ, ਕੂੜੀ ਕਿਰਿਆ ਮੂਲ ਚੁਕਾਇੰਦਾ। ਚਾਰ ਵਰਨ ਦਾ ਇਕ ਗਿਆਨ, ਆਤਮ ਪਰਮਾਤਮ ਆਪ ਸਮਝਾਇੰਦਾ। ਚਾਰ ਵਰਨ ਦਾ ਏਕਾ ਦਾਨ, ਏਕਾ ਵਾਰ ਝੋਲੀ ਪਾਇੰਦਾ। ਚਾਰ ਵਰਨ ਦਾ ਇਕ ਮਕਾਨ, ਕਾਇਆ ਮੰਦਰ ਆਪ ਵਖਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦਵਾਲੇ ਤਟ ਅੰਤ ਮਿਟ ਜਾਣ, ਥਿਰ ਕੋਇ ਰਹਿਣ ਨਾ ਪਾਇੰਦਾ। ਜੀਵ ਜੰਤ ਸਾਧ ਸੰਤ ਇਕੋ ਢੋਲਾ ਸਾਰੇ ਗਾਣ, ਸਤਿਗੁਰ ਸਾਚਾ ਆਪ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਹਰਿ ਪੁਰਖ ਨਿਰੰਜਣ ਜਾਣੀ ਜਾਣ, ਘਟ ਘਟ ਆਪਣਾ ਆਸਣ ਲਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਘਰ ਘਰ ਦੀਆ ਬਾਤੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵੇਖੇ ਮਾਰ ਧਿਆਨ, ਦੂਈ ਦਵੈਤੀ ਪੜਦਾ ਲਾਹਿੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਸਚ ਨਿਸ਼ਾਨਾ ਹੱਥ ਰਖਾਇੰਦਾ। ਪਾਰਬ੍ਰਹਮ ਅੰਤਮ ਦੇਵੇ ਆਪਣਾ ਆਪ ਬਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਪਣੇ ਸੰਗ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਮੇਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰੂ ਜੋੜ ਜੁੜਾਇੰਦਾ। ਸਤਿਗੁਰ ਸਾਹਿਬ ਸੱਜਣ ਸੁਹੇਲਾ, ਸਾਖਿਆਤ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਤੋਲਾ ਇਕ ਅਖਵਾਇੰਦਾ। ਨਿਰਗੁਣ ਤੋਲੇ ਤੋਲ, ਜੀਵ ਜੰਤ ਉਠਾਈਆ। ਸਚ ਵਸਤ ਨਾ ਕਿਸੇ ਕੋਲ, ਖਾਲੀ ਹੱਥ ਫਿਰੇ ਲੋਕਾਈਆ। ਗੁਰਮੁਖ ਵਿਰਲੇ ਸੋਹੰ ਜੈਕਾਰਾ ਰਹੇ ਬੋਲ, ਆਤਮ ਪਰਮਾਤਮ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਵਿਚ ਮਿਲਾਈਆ। ਹਰਿਜਨ ਮੇਲਾ ਆਤਮ ਘਾਟ, ਤੀਰਥ ਤਟ ਨਾ ਕੋਇ ਵਡਿਆਈਆ। ਹਰਿਜਨ ਮੇਲਾ ਸਾਚੇ ਨਾਥ, ਅਨਾਥਾਂ ਹੋਏ ਸਹਾਈਆ। ਹਰਿਜਨ ਮੇਲਾ ਪੁਰਖ ਸਮਰਾਥ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ, ਨਾਮ ਭੰਡਾਰਾ ਏਕਾ ਵਾਰ ਵਰਤਾਈਆ।